.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਨਿਊਜ਼ੀਲੈਂਡ ਵਿਖੇ ਸ਼ਬਦ ਵਿਚਾਰ

(ਕਿਸ਼ਤ ਪਹਿਲੀ)

ਮਿਤੀ ੫ ਜੁਲਾਈ ਤੋ ੧੨ ਜੁਲਾਈ ੨੦੦੯ ਤੀਕ ਪਹਿਲਾ ਹਫਤਾ

ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕੀਤੀ ਹੋਈ ਕਥਾ ਦਾ ਭਾਵ-ਅਰਥ---

੫-੭-੯ ਦਿਨ ਐਤਵਾਰ--

ਗੁਰਦੁਆਰਾ ਸਿਰੀ ਗੁਰੂ ਸਿੰਘ ਸਭਾ ਸ਼ੈਰਲੀ ਰੋਡ ਵਿਖੇ ਗੁਰੂ ਹਰਿ ਗਬਿੰਦ ਸਾਹਿਬ ਜੀ ਦਾ ਆਗਮਨ ਪੁਰਬ ਮਨਾਉਂਦਿਆਂ ਹੋਇਆਂ ਇੱਕ ਸਲੋਕ “ਪੁਤੀਂ ਗੰਢੁ ਪਵੈ ਸੰਸਾਰਿ” ਤੇ ਇੱਕ ਸ਼ਬਦ— “ਲੰਕਾ ਸਾ ਕੋਟੁ, ਸਮੁੰਦ ਸੀ ਖਾਈ”॥ ਦੀ ਵਿਚਾਰ ਕਰਦਿਆਂ ਦੱਸਿਆ ਗਿਆ ਕਿ ਸੰਸਾਰ ਵਿੱਚ ਇਹ ਜ਼ਰੂਰੀ ਨਹੀਂ ਕਿ ਪੁਤਾਂ ਨਾਲ ਹੀ ਪੀੜ੍ਹੀ ਅਗਾਂਹ ਚੱਲਦੀ ਹੈ। “ਪੁਤੀ ਗੰਢ ਪਵੈ ਸੰਸਾਰਿ” ਦੇ ਸਲੋਕ ਵਿੱਚ ਟੁੱਟੀਆਂ ਚੀਜ਼ਾਂ ਨੂੰ ਮੁੜ ਜੋੜਨ ਦਾ ਢੰਗ ਤਰੀਕਾ ਦੱਸਿਆ ਹੈ। ਪਰਵਾਰਕ ਅਣਬਣ ਪਰਵਾਰਕ ਜੀਆਂ ਰਾਂਹੀ ਸੌਖੀ ਹੱਲ ਹੋ ਸਕਦੀ ਹੈ। ਜੇ ਪੁੱਤਰਾਂ ਨਾਲ ਹੀ ਪਰਵਾਰਾਂ ਵਿੱਚ ਵਾਧਾ ਹੁੰਦਾ ਹੈ ਤਾਂ ਹਿੰਦੂ ਮਿੱਥਹਾਸ ਅਨੁਸਾਰ ਰਾਵਣ ਵਰਗੇ ਵੱਡ-ਆਕਰੀ ਪਰਵਾਰ ਵਾਲੇ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ। ਸ਼ਬਦ ਵਿੱਚ ਇਹ ਦ੍ਰਿੜ ਕਰਾਇਆ ਗਿਆ ਹੈ ਕਿ ਮੈਂ ਪਰਮਾਤਮਾ ਪਾਸੋਂ ਕੀ ਮੰਗਾਂ ਸੰਸਾਰ ਵਿੱਚ ਤਾਂ ਕੁੱਝ ਵੀ ਥਿਰ ਰਹਿਣ ਵਾਲਾ ਨਹੀਂ ਹੈ।

ਸਪੱਸ਼ਟ ਸ਼ਬਦਾਂ ਵਿੱਚ ਦੱਸਿਆ ਗਿਆ ਕਿ ਬਾਬਾ ਬੁੱਢਾ ਸਾਹਿਬ ਜੀ ਤੋਂ ਮਾਤਾ ਗੰਗਾ ਜੀ ਦੇ ਪੁੱਤਰ ਦਾ ਵਰ ਲੈਣ ਵਾਲੀ ਘਟਨਾ ਕਿਸੇ ਤਰ੍ਹਾਂ ਵੀ ਸਿੱਖੀ ਸਿਧਾਂਤ ਦੇ ਨੇੜੇ ਨਹੀਂ ਢੁੱਕਦੀ ਹੈ। ਵਰ ਤੇ ਸਰਾਪ ਨੂੰ ਸਿੱਖੀ ਵਿੱਚ ਕੋਈ ਥਾਂ ਨਹੀਂ ਹੈ। ਸਿੱਖੀ ਤਾਂ ਇਹ ਦ੍ਰਿੜ ਕਰਾਉਂਦੀ ਕਿ ਪਰਮਾਤਮਾ ਦੇ ਹੁਕਮ ਵਿੱਚ ਤੁਰਿਆਂ ਹੀ ਜ਼ਿੰਦਗੀ ਵਿੱਚ ਅਨੰਦ ਆ ਸਕਦਾ ਹੈ। ਗੁਰ-ਨਿੰਦਿਆ ਵਾਲੀ ਪੁਸਤਕ ਗੁਰ-ਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਗੰਢੇ ਭੰਨਣ ਤੇ ਵਰ ਵਾਲੀ ਘਟਨਾ ਦੀ ਕਥਾ ਤਾਂ ਬਹੁਤ ਹੋਈ ਹੈ ਪਰ ਗੁਰ-ਸ਼ਬਦ ਦੀ ਵਿਚਾਰ ਅਸਾਂ ਨਹੀਂ ਕੀਤੀ। ਜਿਸ ਕਰਕੇ ਅਜੇਹੇ ਮੁਗਾਲਤੇ ਖੜੇ ਹੋ ਰਹੇ ਹਨ, ਕਿ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਪੁੱਤਰ ਹੋਣ ਦਾ ਵਰ ਦਿੱਤਾ ਸੀ ਤਾਂ ਗੁਰੂ ਜੀ ਦਾ ਆਗਮਨ ਹੋਇਆ ਹੈ। ਗੁਰਬਾਣੀ ਸਿਧਾਂਤ ਦੇ ਉਲਟ ਵਰ ਵਾਲੀ ਘਟਨਾ ਨੂੰ ਪੱਕਿਆਂ ਕਰਨ ਲਈ ਪੱਕੇ ਸੰਗਮਰਮਰ ਦੇ ਗੁਰਦੁਆਰੇ ਬਣ ਗਏ ਹਨ। ਕੌਮ ਨੂੰ ਧਿਆਨ ਦੇਣ ਦੀ ਲੋੜ ਹੈ ਕੀ ਇਹ ਵਰ ਗੁਰਬਾਣੀ ਅਨੁਸਾਰ ਹੈ?

ਸ਼ਾਮ ਦਾ ਦੀਵਾਨ ੦੫-੦੭-੦੯ ਨੂੰ ਟੌਰੰਗਾ ਸ਼ਹਿਰ ਵਿਖੇ-

ਗੁਰੁਦੁਆਰਾ ਸਿਰੀ ਸਿੰਘ ਸਭਾ ਸ਼ੈਰਲੀ ਰੋਡ ਪੱਪਾਟੋਏਟੋਏ ਤੋਂ ਲਗ-ਪਗ ੨੦੦ ਮੀਲ ਦੀ ਦੂਰੀ ਤੇ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰਦਿਆਂ ਗੁਰਦੁਆਰਾ ਟੌਰੰਗਾ ਵਿਖੇ ਜਪੁ ਬਾਣੀ ਦੀ ਅਠੱਤਵੀਂ ਪਉੜੀ ਤੇ “ਕਬੀਰ ਕੀਚੜਿ ਆਟਾ ਗਿਰਿ ਪਰਿਆ, ਕਿਛੂ ਨ ਆਇਓ ਹਾਥ” ਕਬੀਰ ਸਾਹਿਬ ਜੀ ਦੇ ਇੱਕ ਸਲੋਕ ਦੀ ਵਿਚਾਰ ਕਰਦਿਆਂ ਦੱਸਿਆ ਗਿਆ ਕਿ ਕ੍ਰਿਤ-ਵਿਹਾਰ ਕਰਦਿਆਂ ਜੇ ਥੋੜਾ ਸਮਾਂ ਵੀ ਗੁਰਦੁਆਰਾ ਸਾਹਿਬ ਵਿਖੇ ਬੈਠ ਕੇ ਸ਼ਬਦ ਦੀ ਵਿਚਾਰ ਨੂੰ ਸਮਝ ਲਈਏ ਤਾਂ ਸਾਡਾ ਜੀਵਨ ਬਦਲ ਸਕਦਾ ਹੈ। ਅਸੀਂ ਈਰਖਾ ਵਰਗੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਨੌਜਵਾਨ ਵੀਰਾਂ ਨੂੰ ਬੇਨਤੀ ਕੀਤੀ ਕਿ ਘੱਟੋ-ਘੱਟ ਹਫਤੇ ਬਾਅਦ ਹੀ ਗੁਰਦੁਆਰਾ ਵਿਖੇ ਆਉਣ ਲੱਗਿਆਂ ਦਸਤਾਰ ਸਜਾ ਕੇ ਆਈਏ ਤਾਂ ਕਿ ਕਿਤੇ ਸਾਨੂੰ ਦਸਤਾਰ ਬੰਨਣ ਦੀ ਜਾਚ ਹੀ ਨਾ ਭੁੱਲ ਜਾਏ। ਇੱਕ ਸੁਆਲ ਵੀ ਪੁੱਛਿਆ ਗਿਆ ਕਿ ਜੰਡ ਥੱਲੇ ਕੀ ਹੋਇਆ ਸੀ? ਇੱਕ ਵੀਰ ਨੇ ਉੱਤਰ ਦਿੱਤਾ ਕਿ ਜੰਡ ਥੱਲੇ ਮਿਰਜ਼ਾ ਵੱਢਿਆ ਗਿਆ ਸੀ। ਮੈਂ ਕਿਹਾ ਦੇਖੋ ਸਾਨੂੰ ਮਿਰਜ਼ਾ ਯਾਦ ਹੈ ਪਰ ਜੰਡ ਥੱਲੇ ਭਾਈ ਲਛੱਮਣ ਸਿੰਘ ਜੀ ਨੂੰ ਨਨਕਾਣਾ ਸਾਹਿਬ ਵਿਖੇ ਜ਼ਿਉਂਦਿਆਂ ਹੀ ਸਾੜ ਦਿੱਤਾ ਸੀ ਸਾਨੂੰ ਯਾਦ ਨਹੀਂ ਹੈ।

ਰੋਜ਼ਾਨਾ ਸ਼ਾਮ ਨੂੰ ਸੱਤ ਤੋਂ ਅੱਠ ਦਿਨ ਸੋਮਵਾਰ ਮਿਤੀ ੦੬-੦੭-੦੯ ਨੂੰ

ਗੁਰਦੁਆਰਾ ਸਿਰੀ ਗੁਰੂ ਸਿੰਘ ਸਭਾ ਸ਼ੈਰਲੀ ਰੋਡ—ਨਿਊਜ਼ੀਲੈਂਡ—

ਫ਼ਰੀਦ ਜੀ ਦੇ ਦੋ ਸਲੋਕ---ਫਰੀਦਾ ਜੋ ਤੈ ਮਾਰਨਿ ਮੁਕੀਆਂ, ਤਿਨਾੑ ਨ ਮਾਰੇ ਘੁੰਮਿ॥ ਆਪਨੜੈ ਘਰਿ ਜਾਈਐ, ਪੈਰ ਤਿਨਾੑ ਦੇ ਚੁੰਮਿ॥ ਤੇ ਦੂਸਰਾ ਫਰੀਦਾ ਜੇ ਤੂ ਅਕਲਿ ਲਤੀਫੁ, ਕਾਲੇ ਲਿਖੁ ਨ ਲੇਖ॥ ਆਪਨੜੇ ਗਿਰੀਵਾਨ ਮਹਿ, ਸਿਰੁ ਨੀਵਾਂ ਕਰਿ ਦੇਖੁ॥

ਦੀ ਵਿਚਾਰ ਕਰਦਿਆਂ ਇਹ ਸਮਝਣ ਦਾ ਯਤਨ ਕੀਤਾ ਕਿ ਸਾਡੇ ਮਨ ਵਿੱਚ ਰੱਬ ਜੀ ਦੇ ਜੋ ਗੁਣ ਹਨ ਅਸੀਂ ਉਹਨਾਂ ਨੂੰ ਕਿਉਂ ਨਹੀਂ ਵਰਤ ਰਹੇ। ਸਿੱਖ ਦੀ ਤਾਰੀਫ਼ ਤੇ ਸ਼ਖ਼ਸ਼ੀ ਰਹਿਣੀ ਸਬੰਧੀ ਸਟੇਜ ਤੋਂ ਸੰਗਤਾਂ ਨਾਲ ਸੁਆਲ ਜੁਆਬ ਕੀਤੇ ਗਏ। ਮਾਝ ਮਹਲਾ ੫ ਪੰਨਾ ੧੦੧ ਤੇ ਅੰਕਤ ਵਾਕ “ਕਾਟਿ ਸਿਲਕ ਪ੍ਰਭਿ ਸੇਵਾ ਲਾਇਆ॥ ਹੁਕਮੁ ਸਾਹਿਬ ਕਾ ਸੇਵਕ ਮਨਿ ਭਾਇਆ॥ ਸੋਈ ਕਮਾਵੈ ਜੋ ਸਾਹਿਬ ਭਾਵੈ ਸੇਵਕੁ ਅੰਤਰਿ ਬਾਹਰਿ ਮਾਹਰੁ ਜੀਉ”॥ ਦੀ ਵਿਚਾਰ ਕਰਦਿਆਂ ਗੁਰਮਤ ਦੇ ਕੁੱਝ ਨੁਕਤਿਆਂ ਨੂੰ ਸਾਂਝਾ ਕੀਤਾ ਕਿ ਜਿਸ ਨੂੰ ਸ਼ਬਦ ਦੀ ਸੋਝੀ ਆ ਜਾਂਦੀ ਹੈ ਉਹ ਦੁਨੀਆਂ ਦੇ ਮੋਹ ਦੀ ਫਾਹੀ ਕੱਟ ਕੇ ਨਿਸ਼ਕਾਮ ਹੋ ਕੇ ਸੇਵਾ ਕਰਦਾ ਹੈ। ਭਗਤ ਪੂਰਨ ਸਿੰਘ ਦੀ ਸੇਵਾ ਦੀ ਮਿਸਾਲ ਦਿੱਤੀ ਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਕਿੰਨੀ ਮਹਾਨ ਘਾਲਣਾ ਘਾਲੀ ਹੈ। ਸ਼ਬਦ ਦੇ ਪਹਿਲੇ ਬੰਦ ਵਿੱਚ ਨਿਸ਼ਕਾਮ ਸੇਵਕ ਪ੍ਰਭੂ ਦੇ ਗੁਣਾਂ ਵਿੱਚ ਇੰਜ ਪਰੁੱਚ ਜਾਂਦਾ ਹੈ ਜਿਵੇਂ ਤਾਣਾ ਤੇ ਪੇਟਾ ਹੋਵੇ। ਤੀਸਰੇ ਬੰਦ ਵਿੱਚ ਐਸਾ ਸੇਵਕ ਅੰਦਰੋਂ ਬਾਹਰੋਂ ਇਕੋ ਜੇਹਾ ਹੋ ਕੇ ਅਨੰਦ ਮਾਣਦਾ ਹੈ। ਅਖ਼ੀਰਲੇ ਬੰਦ ਵਿੱਚ ਗੁਰੂ ਸਾਹਿਬ ਜੀ ਇਹ ਸਮਝਾ ਰਹੇ ਹਨ ਕਿ ਫਿਰ ਵਿਕਾਰ ਜਾਂ ਮਾੜੀ ਮੱਤ ਵਾਲੇ ਵਿਚਾਰ ਅਜੇਹੇ ਸੇਵਕ ਤੇ ਕੋਈ ਵੀ ਅਸਰ ਨਹੀਂ ਪਾ ਸਕਦੇ। ਭਾਵ ‘ਸਚਿਆਰ’ ਦੀ ਮੁਕੰਮਲਤਾ ਵਲ ਨੂੰ ਵੱਧ ਜਾਂਦਾ ਹੈ। ਗੁਰੂ ਸਾਗਿਬ ਜੀ ਕਹਿੰਦੇ ਹਨ ਐਸੇ ਸੇਵਕ ਤੋਂ ਸਦਕੇ ਹੋਣਾ ਚਾਹੀਦਾ ਹੈ।

ਦਿਨ ਮੰਗਲ਼ਵਾਰ ਮਿਤੀ ੦੭-੦੭-੦੯-

ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ ੧੦੩ ਮਾਝ ਰਾਗ ਦੇ “ਸਭ ਕਿਛੁ ਘਰ ਮਹਿ ਬਾਹਰਿ ਨਾਹੀ॥ ਬਾਹਰਿ ਟੋਲੈ ਸੋ ਭਰਮਿ ਭੁਲਾਹੀ॥ ਗੁਰ ਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ”॥ ਦੀ ਵਿਚਾਰ ਕਰਦਿਆਂ ਇਸ ਵਿਚਾਰ ਨੂੰ ਸਮਝਣ ਦਾ ਯਤਨ ਕੀਤਾ ਕਿ ਪਰਮਾਤਮਾ ਬਾਹਰ ਕਿਤੇ ਜੰਗਲ਼ਾਂ ਜਾਂ ਡੇਰਿਆਂ ਵਿੱਚ ਨਹੀਂ ਰਹਿੰਦਾ। ਰੱਬੀ ਸ਼ੁਭ ਗੁਣਾਂ ਦੇ ਰੂਪ ਵਿੱਚ ਸਾਡੇ ਹਿਰਦੇ ਵਿੱਚ ਹੀ ਰਹਿੰਦਾ ਹੈ। ਪਰ ਇਹ ਗੁਣਾਂ ਦੀ ਸਮਝ ਸ਼ਬਦ ਦੀ ਵਿਚਾਰ ਦੁਆਰਾ ਹੀ ਹੋ ਸਕਦੀ ਹੈ। ਸ਼ਬਦ ਦੇ ਦੂਸਰੇ ਬੰਦ ਵਿੱਚ ਗੁਰੂ ਸਾਹਿਬ ਜੀ ਨੇ ਫਰਮਾਇਆ ਹੈ ਕਿ ਜਿਸ ਤਰ੍ਹਾਂ ਹੌਲ਼ੀ ਹੌਲ਼ੀ ਬਰਸਾਤ ਹੁੰਦੀ ਹੈ ਏਸੇ ਤਰ੍ਹਾਂ ਹੀ ਸ਼ਬਦ ਦੀ ਵਿਚਾਰ ਸੁਣ ਕੇ ਆਤਮਕ ਅਨੰਦ ਆਉਂਦਾ ਹੈ। ਤੀਸਰੇ ਬੰਦ ਵਿੱਚ ਅਸੀਂ ਆਪਣੀਆਂ ਤ੍ਰਿਸ਼ਨਾ ਦੀਆਂ ਸੋਚਾਂ ਵਿੱਚ ਘੜੀ ਜੰਮਦੇ ਹਾਂ। ਅਜੇਹੀ ਤ੍ਰਿਸ਼ਨਾ ਦੀ ਤੋਂ ਬਚਿਆ ਜਾ ਸਕਦਾ ਹੈ ਜੇ ਗੁਰੂ ਨਾਲ ਸਾਂਝ ਪਾ ਲਈਏ। ਐਸੇ ਪਿਆਰੇ ਗੁਰੂ ਦੇ ਸਨਮੁਖ ਬੈਠਿਆਂ ਸਾਡਾ ਸੁੱਕਾ ਹੋਇਆ ਮਨ ਹਰਿਆ ਹੋ ਸਕਦਾ ਹੈ। ਸ਼ਬਦ ਦੇ ਚੌਥੇ ਬੰਦ ਵਿੱਚ ਪਾਣੀ ਤੇ ਉਸ ਦੀਆਂ ਲਹਿਰਾਂ ਦੀ ਉਦਾਹਰਣ ਦੇਂਦਿਆਂ ਸਮਝਾਇਆ ਗਿਆ ਹੈ ਕਿ ਜਿਸ ਤਰ੍ਹਾਂ ਪਾਣੀ ਤੇ ਉਸ ਦੀਆਂ ਲਹਿਰਾਂ ਦੇਖਣ ਨੂੰ ਦੋ ਲੱਗਦੀਆਂ ਹਨ ਪਰ ਪਾਣੀ ਤੇ ਲਹਿਰਾਂ ਇਕੋ ਹੀ ਹਨ। ਅਜੇਹੀ ਅਵਸਥਾ ਉਦੋਂ ਹੀ ਹੋਣੀ ਹੈ ਜਦੋਂ ਭਰਮ ਦੇ ਪਰਦੇ ਸਾਰੇ ਹੀ ਖ਼ਤਮ ਹੋ ਜਾਣਗੇ।

ਦਿਨ ਬੁੱਧਵਾਰ ਮਿਤੀ ੦੮-੦੭-੦੯—

ਲੜੀਵਾਰ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਪੰਨਾ ੫੯੩ `ਤੇ ਅੰਕਤ ਪਉੜੀ “ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜੋ ਸਤਿਗੁਰ ਚਰਣੀ ਜਾਇ ਪਇਆ॥ ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਹਰਿ ਨਾਮਾ ਮੁਖਿ ਰਾਮੁ ਕਹਿਆ”॥ ਦੀ ਵਿਚਾਰ ਕਰਦਿਆਂ ਗੁਰਸਿੱਖ ਦੀ ਮਹਾਨਤਾ ਸਬੰਧੀ ਵਿਚਾਰ ਕੀਤੇ। ਸਹੀ ਅਰਥਾਂ ਵਿੱਚ ਗੁਰਸਿੱਖ ਗੁਰੂ ਪਾਸੋਂ ਮਤ ਲੈ ਕੇ ਅਨੰਦ ਮਈ ਜੀਵਨ ਜਿਉਂਦਾ ਹੈ। ਅਜੇਹੇ ਸੇਵਕ ਨੂੰ ਗੁਰੂ ਸਾਹਿਬ ਜੀ ਕਹਿੰਦੇ ਹਨ ਨਮਸਕਾਰ ਕਰਨੀ ਬਣਦੀ ਹੈ। ਲੜੀਵਾਰ ਪਾਠ “ਤਿਸੁ ਕੁਰਬਾਣੀ ਜਿਨਿ ਤੂੰ ਸੁਣਿਆ॥ ਤਿਸੁ ਬਲਿਹਾਰੀ ਜਿਨਿ ਰਸਨਾ ਭਣਿਆ॥ ਵਾਰਿ ਵਾਰਿ ਜਾਈ ਤਿਸੁ ਵਿਟਹੁ ਜੋ ਮਨਿ ਤਨਿ ਤੁਧੁ ਆਰਾਧੇ ਜੀਉ” ਜੋ ਕਿ ਪੰਨਾ ਨੰਬਰ ੧੦੨ ਉੱਤੇ ਅੰਕਤ ਹੈ ਦੀ ਵਿਚਾਰ ਕਰਦਿਆਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਕਿ ਪਹਿਲੇ ਬੰਦ ਵਿੱਚ ਤਿੰਨ ਵਿਚਾਰਾਂ ਦੀ ਵਿਸ਼ੇਸ ਚਰਚਾ ਕੀਤੀ ਗਈ ਹੈ। ਪਹਿਲਾ, ਜਿੰਨ੍ਹਾਂ ਨੇ ਧਿਆਨ ਨਾਲ ਸੁਣਿਆ ਦੂਸਰਾ ਫਿਰ ਉਸ ਵਿਚਾਰ ਨੂੰ ਆਪਣੀ ਜ਼ਬਾਨ `ਤੇ ਲਿਆ ਕੇ ਵਰਤੋਂ ਕੀਤੀ, ਤੀਸਰਾ ਉਹ ਮਨੁੱਖ ਫਿਰ ਅੰਦਰੋਂ ਬਾਹਰੋਂ ਇਕੋ ਜੇਹਾ ਹੋ ਜਾਂਦਾ ਹੈ। ਏਸੇ ਲੜੀਵਾਰ ਪਾਠ ਦੇ ਦੂਸਰੇ ਬੰਦ ਵਿੱਚ ਅਜੇਹੇ ਚੰਗੇ ਮਨੁੱਖ ਦੀ ਉਪਮਾ ਕੀਤੀ ਗਈ ਹੈ। ਕਿਉਂਕਿ ਉਹਨਾਂ ਨੇ ਆਪਣਾ ਮਨ ਗੁਰੂ ਨੂੰ ਅਰਪ ਕੇ ਗੁਣਾਂ ਰੂਪੀ ਰੱਬ ਜੀ ਨੂੰ ਸਮਝ ਲਿਆ ਹੈ। ਤੀਸਰੇ ਬੰਦ ਵਿੱਚ ਗੁਰੂ ਜੀ ਨਾਲ ਮਿਲ ਕੇ ਸੰਸਾਰ ਰੂਪੀ ਭਵਸਾਗਰ ਨੂੰ ਤਰਨਾ ਵਲ਼ ਸਿੱਖ ਲਿਆ ਹੈ। ਪਰਮਾਤਮਾ ਸਾਰਿਆਂ ਜੀਵਾਂ ਵਿੱਚ ਰਹਿੰਦਾ ਹੋਇਆ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਹੈ। ਤਾਂ ਫਿਰ ਸਾਨੂੰ ਵੀ ਵਾਸ਼ਨਾ ਤੋਂ ਰਹਿਤ ਹੋਣ ਦੀ ਪ੍ਰੇਰਨਾ ਮਿਲਦੀ ਹੈ। ਸ਼ਬਦ ਦੇ ਚੌਥੇ ਤੇ ਅਖ਼ੀਰਲੇ ਬੰਦ ਵਿੱਚ ਇੱਕ ਤਾਗ਼ੀਦ ਕੀਤੀ ਗਈ ਹੈ ਕਿ ਦੁਨੀਆਂ ਦੇ ਮਾਣ ਨੂੰ ਛੱਡਦਿਆਂ ਹੋਇਆਂ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਜਿਹੜਿਆ ਮਨੁੱਖਾਂ ਨੇ ਇਸ ਰਮਜ਼ ਨੂੰ ਸਮਝ ਲਿਆ ਹੈ, ਸੰਸਾਰ ਵਿੱਚ ਉਹਨਾਂ ਦਾ ਹੀ ਜੀਵਨ ਸਫਲ ਗਿਣਿਆ ਗਿਆ ਹੈ।

ਵੀਰਵਾਰ ਮਿਤੀ ੦੯-੦੭-੦੯—

ਇੱਕ ਬੱਚੀ ਨੇ “ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ॥ ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ”॥ ਵਾਲੀ ਪਉੜੀ ਦਾ ਗਾਇਨ ਕੀਤਾ ਸੀ ਤੇ ਏੱਥੋਂ ਹੀ ਸ਼ਬਦ ਦੀ ਵਿਚਾਰ ਸ਼ੁਰੂ ਕੀਤੀ ਕਿ ਸਾਡੀ ਸ਼ਰਧਾ ਪੂਰੀ ਹੋਣੀ ਚਾਹੀਦੀ ਹੈ, ਕਦੋਂ, ਜਦੋਂ ਅਸੀਂ ਸਤਿਗੁਰ ਜੀ ਦੀ ਦਇਆਲਤਾ ਦੇ ਪਾਤਰ ਬਣ ਜਾਵਾਂਗੇ। ਭਾਈ ਲਹਿਣੇ ਨੂੰ ਸਤਿਗੁਰ ਦੀ ਦਇਆਲਤਾ ਲੈਣ ਲਈ ਸੱਤ ਸਾਲ ਦਾ ਕੋਰਸ ਕਰਨਾ ਪਿਆ। ਸਾਡੀ ਸ਼ੁਭ ਗੁਣਾਂ ਦੀ ਸ਼ਰਧਾ ਪੂਰੀ ਹੋਏਗੀ ਜਦੋਂ ਅਸੀ ਸਤਿਗੁਰ ਆਨੁਸਾਰੀ ਹੋ ਜਾਂਵਾਂਗੇ। ਲੜੀਵਾਰ ਸ਼ਬਦ “ਤੂੰ ਪੇਡੁ ਸਾਖ ਤੇਰੀ ਫੂਲੀ॥ ਤੂੰ ਸੂਖਮੁ ਹੋਆ ਅਸਥੂਲੀ॥ ਤੂੰ ਜਲਨਿਧਿ ਤੂੰ ਫੇਨੁ ਬੁਦਬੁਦਾ ਤੁਧੁ ਬਿਨੁ ਅਵਰੁ ਨ ਭਾਲੀਐ ਜੀਉ”॥ ਦੀ ਵਿਚਾਰ ਕਰਦਿਆਂ ਪਰਮਾਤਮਾ ਦੀ ਵਿਸ਼ਾਲਤਾ ਦਾ ਜ਼ਿਕਰ ਕਰਦਿਆਂ ਉਸ ਸਬੰਧੀ ਵਿਚਾਰਿਆ ਗਿਆ ਕਿ ਦਿਸਦਾ ਤੇ ਅਣ-ਦਿਸਦਾ ਸੰਸਾਰ ਸਭ ਓਸੇ ਦੀ ਹੀ ਕਿਰਤ ਤੇ ਵਿਸਥਾਰ ਹੈ। ਜਿਸ ਤਰ੍ਹਾਂ ਬੋਹੜ ਦਾ ਬੀਜ ਦੇਖਣ ਨੂੰ ਬਹੁਤ ਹੀ ਸੂਖ਼ਸ਼ਮ ਜੇਹਾ ਲੱਗਦਾ ਹੈ ਪਰ ਜਦੋਂ ਅਸੀਂ ਅਸੀਂ ਉਸ ਨੂੰ ਜ਼ਮੀਨ ਵਿੱਚ ਬੀਜ ਦੇਂਦੇ ਹਾਂ ਤਾਂ ਉਸ ਦਾ ਖਿਲਾਰਾ ਬਹੁਤ ਵੱਡਾ ਹੋ ਜਾਂਦਾ ਹੈ। ਦੇਖਣ ਨੂੰ ਸਮੁੰਦਰ ਦੇ ਉਸ ਦੀਆਂ ਲਹਿਰਾਂ ਦੋ ਲੱਗਦੀਆਂ ਹਨ ਪਰ ਹੈਣ ਪਾਣੀ ਹੀ। ਏਸੇ ਤਰ੍ਹਾਂ ਪਰਮਾਤਮਾ ਆਪਣੀ ਕਿਰਤ ਨਾਲੋਂ ਵੱਖਰਾ ਨਹੀਂ ਹੈ। ਪਰਮਾਤਮਾ ਨੇ ਆਪਣੇ ਸਿਸਟਮ ਵਿੱਚ ਸਾਰਾ ਕੁੱਝ ਬੰਨ ਕੇ ਰੱਖਿਆ ਹੋਇਆ ਹੈ। ਜਿਸ ਤਰ੍ਹਾਂ ਮਾਲਾ ਦੇ ਮਣਕਿਆਂ ਨੂੰ ਇੱਕ ਧਾਗੇ ਨੇ ਆਪਸ ਵਿੱਚ ਬੰਨ ਕੇ ਰੱਖਿਆ ਹੋਇਆ ਹੈ। ਏਸੇ ਤਰ੍ਹਾਂ ਸਾਰੀ ਕਾਇਨਾਤ ਇੱਕ ਬੱਝਵੇਂ ਨਿਯਮ ਵਿੱਚ ਚੱਲ ਰਹੀ ਹੈ। ਸ਼ਬਦ ਦੇ ਤੀਸਰੇ ਬੰਦ ਵਿੱਚ ਇਸ ਗੱਲ ਨੂੰ ਸਮਝਾਇਆ ਗਿਆ ਹੈ ਕਿ ਜੇ ਪਰਮਾਤਮਾ ਦਾ ਹੀ ਸਾਰਾ ਪਾਸਾਰਾ ਹੈ ਤਾਂ ਫਿਰ ਸਭ ਕੁੱਝ ਭੋਗਣ ਵਾਲਾ ਵੀ ਉਹ ਆਪ ਹੀ ਹੈ। ਸੰਸਾਰ ਦੇ ਜੀਵਾਂ ਰਾਂਹੀ ਭੋਗ ਭੋਗਦਾ ਹੋਇਆ ਵੀ ਉਹ ਵਾਸ਼ਨਾ ਤੋਂ ਰਹਿਤ ਹੈ। ਸ਼ਬਦ ਦੇ ਚੌਥੇ ਬੰਦ ਵਿੱਚ ਪਰਮਾਤਮਾ ਸਾਰੇ ਸੰਸਾਰ ਵਿੱਚ ਲੁਕਿਆ ਹੋਇਆ ਹੋਣ ਦੇ ਬਾਵਜੂਦ ਵੀ ਉਸ ਦਾ ਖਿਲਾਰਾ ਪਰਤੱਖ ਦਿੱਸ ਰਿਹਾ ਹੈ। ਬੀਜ ਵਿੱਚ ਉਸ ਪੌਦੇ ਦਾ ਅਕਾਰ ਲੁਕਿਆ ਹੁੰਦਾ ਹੈ ਜੋ ਬੀਜਣ ਉਪਰੰਤ ਦਿੱਸਦਾ ਹੈ। ਏੱਥੇ ਆਸਾ ਦੀ “ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ”॥ ਵਾਰ ਕੀ ਪਉੜੀ ਦੀ ਵੀ ਵਿਚਾਰ ਕੀਤੀ ਗਈ ਕਿ ਪਰਮਾਤਮਾ ਨੇ ਆਪਣੇ ਆਪ ਨੂੰ ਹੀ ਸਾਜਿਆ ਹੈ ਤੇ ਸਾਨੂੰ ਵੀ ਇਹ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਅਸੀਂ ਵੀ ਆਪਣੇ ਆਪ ਨੂੰ ਸਾਜਣ ਦੇ ਹਮੇਸ਼ਾਂ ਯਤਨ ਵਿੱਚ ਰਹੀਏ। ਨਿਰਾ ਕੀਰਤਨ ਕਰਨ ਨਾਲ ਸਾਡਾ ਨਹੀਂ ਸਰਨਾ ਜਿੰਨਾਂ ਚਿਰ ਅਸੀਂ ਗੁਰਬਾਣੀ ਦੇ ਮਹਾਨ ਫਲਸਫੇ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਨਹੀਂ ਢਾਲਦੇ।

ਦਿਨ ਸ਼ੁੱਕਰਵਾਰ ਮਿਤੀ ੧੦—੭—੦੯—

ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ ੧੦੩ ਤੇ ਅੰਕਤ “ਸਫਲੁ ਸੁ ਬਾਣੀ ਜਿਤੁ ਨਾਮੁ ਵਖਾਣੀ॥ ਗੁਰ ਪਰਸਾਦਿ ਕਿਨੈ ਵਿਰਲੈ ਜਾਣੀ॥ ਧੰਨੁ ਸੁ ਵੇਲਾ ਜਿਤੁ ਹਰਿ ਗਾਵਤ ਸੁਨਣਾ ਆਏ ਤੇ ਪਰਵਾਨਾ ਜੀਉ” ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਭਾਈ ਗੁਰਦਾਸ ਜੀ ਦੇ ਇੱਕ ਕਬਿੱਤ ਦੀ ਵਿਆਖਿਆ ਕੀਤੀ ਕਿ ਪਿਤਾ ਦਾ ਪਿਆਰ ਗਵਾਂਢੀਆਂ ਤੋਂ ਨਹੀਂ ਮਿਲ ਸਕਦਾ। ਪੱਕਿਆਂ ਅੰਬਾਂ ਦਾ ਸਵਾਦ ਕੱਚਿਆਂ ਵਿਚੋਂ ਨਹੀਂ ਮਿਲ ਸਕਦਾ। ਸਾਗਰ ਦੀਆਂ ਕੀਮਤੀ ਵਸਤੂਆਂ ਪਿੰਡਾਂ ਦਿਆਂ ਛੱਪੜਾਂ ਵਿਚੋਂ ਨਹੀਂ ਮਿਲ ਸਕਦੀਆਂ। ਸਿੱਖਰ ਦੁਪਹਿਰੇ ਚੜ੍ਹੇ ਹੋਏ ਸੂਰਜ ਦਾ ਮੁਕਾਬਲਾ ਮਮੂਲੀ ਦੀਵਾ ਨਹੀਂ ਕਰ ਸਕਦਾ। ਖੂਹ ਦਾ ਪਾਣੀ ਮੋਲ਼ੇਧਾਰ ਮੀਂਹ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਜਦੋਂ ਕਿ ਚੰਦਨ ਦੀ ਸੁਗੰਧੀ ਛਿੱਛਰਿਆਂ ਅੱਕਾਂ ਵਿਚੋਂ ਨਹੀਂ ਆ ਸਕਦੀ। ਏਸੇ ਤਰ੍ਹਾਂ ਹੀ ਗੁਰੂ ਦੇ ਗਿਆਨ ਦਾ ਮੁਕਾਬਲਾ ਕੋਈ ਦੇਵੀ ਦੇਵਤਾ ਨਹੀਂ ਕਰ ਸਕਦਾ। ਗੁਰਬਾਣੀ ਨੂੰ ਵਿਚਾਰਨ ਨਾਲ ਸਾਨੂੰ ਪਰਮਾਤਮਾ ਦੇ ਰੱਬੀ ਗੁਣਾਂ ਬਾਰੇ ਜਾਣ ਕਾਰੀ ਮਿਲਦੀ ਹੈ, ਤੇ ਉਸ ਜਾਣਕਾਰੀ ਨੂੰ ਅਸੀਂ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਹੈ, ਤਾਂ ਕਿ ਏਸੇ ਜੀਵਨ ਵਿੱਚ ਹੀ ਅਸੀਂ ਰੱਬ ਦਾ ਰੂਪ ਬਣ ਸਕੀਏ। ਸ਼ਬਦ ਦੇ ਦੂਸਰੇ ਬੰਦ ਵਿੱਚ ਇਸ ਵਿਚਾਰ ਨੂੰ ਦ੍ਰਿੜ ਕਰਾਇਆ ਗਿਆ ਹੈ ਕਿ ਰੱਬੀ ਗੁਣਾਂ ਦੀ ਪ੍ਰਗਟਤਾ ਸਾਡੇ ਗਿਆਨ ਇੰਦਰਿਆਂ ਰਾਂਹੀ ਪ੍ਰਗਟ ਹੁੰਦੀ ਹੈ। ਸ਼ਬਦ ਦੇ ਤੀਸਰੇ ਬੰਦ ਇਸ ਵਿਚਾਰ ਦੀ ਪਰਪੱਕਤਾ ਕਰਾਈ ਗਈ ਹੈ ਕਿ ਗੁਰੂ ਦੀ ਸੰਗਤ ਕੀਤਿਆਂ ਮਨ ਦੀ ਮਲੀਨਤਾ ਤੋਂ ਛੁੱਟਕਾਰਾ ਮਿਲਦਾ ਹੈ। ਵਿਕਾਰਾਂ ਵਿੱਚ ਡੁੱਬ ਰਿਹਾ ਕਠੋਰ ਮਨ ਸੰਸਾਰ ਰੂਪੀ ਸਮੁੰਦਰ ਵਿਚੋਂ ਤਰ ਸਕਦਾ ਹੈ। ਆਸਾ ਕੀ ਵਾਰ ਦੇ ਇੱਕ ਸਲੋਕ ਦੀ ਨਾਲ ਵਿਚਾਰ ਕੀਤੀ ਕਿ ਗੁਰ-ਗਿਆਨ ਸਾਨੂੰ ਮਨੁੱਖ ਤੋਂ ਦੈਵੀ ਗੁਣਾਂ ਵਾਲੇ ਦੇਵਤੇ ਬਣਾ ਦੇਂਦਾ ਹੈ--- “ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥ ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ”॥

ਦਿਨ ਸ਼ਨੀਚਰਵਾਰ ਮਿਤੀ ੧੧--੦੭—੦੯—

ਅੰਮ੍ਰਿਤ ਬਾਣੀ ਹਰਿ ਹਰਿ ਤੇਰੀ॥ ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ॥ ਜਲਨਿ ਬੁਝੀ ਸੀਤਲੁ ਹੋਇ ਮਨੂਆ ਸਤਿਗੁਰ ਕਾ ਦਰਸਨੁ ਪਾਏ ਜੀਉ” ਦੇ ਸ਼ਬਦ ਦੀ ਵਿਚਾਰ ਕਰਨ ਤੋਂ ਕਬੀਰ ਸਾਹਿਬ ਜੀ ਦੇ “ਏਕ ਜੋਤਿ ਏਕਾ ਮਿਲੀ ਕਿੰਬਾ ਹੋਇ ਮਹੋਇ॥ ਜਿਤੁ ਘਟਿ ਨਾਮੁ ਨ ਊਪਜੈ, ਫੂਟਿ ਮਰੈ ਜਨੁ ਸੋਇ”॥ ਸ਼ਬਦ ਦੀ ਵਿਚਾਰ ਕਰਦਿਆਂ ਇਸ ਗੱਲ ਨੂੰ ਸਮਝਣ ਦਾ ਯਤਨ ਕੀਤਾ ਗਿਆ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦਸ ਜਾਮਿਆਂ ਰਾਂਹੀ ਹੁੰਦੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੌਜੂਦ ਹੈ। ਇਸ ਗਿਆਨ ਨੂੰ ਠੰਡ ਗਰਮੀ ਆਦਕ ਦਾ ਕੋਈ ਡਰ ਨਹੀਂ ਹੈ ਤੇ ਨਾ ਹੀ ਇਹ ਜੋਤ ਭੋਜਨ ਛੱਕਦੀ ਹੈ। ਪਰ ਅਖੋਤੀ ਸਾਧ-ਲਾਣਾ ਅੱਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਜਨ ਛੱਕਾ ਰਿਹਾ ਹੈ। ਕਬੀਰ ਸਾਹਿਬ ਜੀ ਆਪਣਾ ਤਜਰਬਾ ਦੱਸਦੇ ਹੋਏ ਕਹਿ ਰਹੇ ਹਨ ਇਹ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਹੈ ਨਾ ਕੇ ਕੋਈ ਆਮ ਗੀਤ ਹੈ। ਲੜੀਵਾਰ ਸ਼ਬਦ ਦੇ ਪਹਿਲੇ ਬੰਦ ਵਿੱਚ ਇਸ ਗੱਲ ਨੂੰ ਸਮਝਾਇਆ ਗਿਆ ਹੈ ਕਿ ਜੇ ਧਿਆਨ ਨਾਲ ਆਤਮਕ ਜੀਵਨ ਦੇਣ ਵਾਲੀ ਬਾਣੀ ਨੂੰ ਸੁਣਿਆ ਜਾਏ ਤਾਂ ਜ਼ਿੰਦਗੀ ਜਿਉਣ ਦੀ ਪਦਵੀ ਪ੍ਰਾਪਤ ਹੋ ਸਕਦੀ ਹੈ। ਜਿਸ ਤਰ੍ਹਾਂ ਫੁੱਲਾਂ ਨੂੰ ਬੀਜਿਆ ਜਾਂਦਾ ਹੈ ਇਸ ਆਸ ਨਾਲ ਕਿ ਇਹਨਾਂ ਵਿਚੋਂ ਸੁੰਦਰ ਫੁੱਲ ਦੇਖੇ ਜਾਣਗੇ। ਜੇ ਫੁੱਲਾਂ ਦਿਆਂ ਬੂਟਿਆਂ ਨੂੰ ਫੁੱਲ ਨਾ ਲੱਗਣ ਤਾਂ ਉਹ ਬੂਟੇ ਕਿਸੇ ਕੰਮ ਦੇ ਨਹੀਂ ਹੁੰਦੇ। ਗੁਰਬਾਣੀ ਨੂੰ ਸੁਣਿਆਂ ਧਿਆਨ ਨਾਲ ਨਾ ਸੁਣਿਆ ਜਾਏ ਤਾਂ ਸ਼ੁਭ ਗੁਣਾਂ ਦੇ ਫੁੱਲ ਨਹੀਂ ਦਿਸਣਗੇ। ਪਰ ਜੇ ਗੁਰਬਾਣੀ ਦੇ ਸ਼ਬਦ ਨੂੰ ਸੁਰਤੀ ਨਾਲ ਸੁਣਿਆ ਜਾਏ ਤਾਂ ਸਭ ਤੋਂ ਪਹਿਲੋਂ ਸਾਡੇ ਮਨ ਵਿਚੋਂ ਈਰਖਾ ਦੀ ਅੱਗ ਬੁਝਦੀ ਨਜ਼ਰ ਆਉਂਦੀ ਹੈ। ਮਨ ਵਿੱਚ ਠੰਡੀ ਹਵਾ ਰੁਮਕਦੀ ਦਿਸਦੀ ਹੈ। ਸ਼ਬਦ ਦੇ ਦੂਸਰੇ ਬੰਦ ਵਿੱਚ ਬਰਸਾਤ ਦਾ ਪ੍ਰਤੀਕ ਲੈ ਇਸ ਵਿਚਾਰ ਨੂੰ ਹੋਰ ਵਿਸਥਾਰ ਦਿਤਾ ਹੈ ਕਿ ਜਿਸ ਤਰ੍ਹਾਂ ਬਰਸਾਤ ਨਾਲ ਸਾਰੇ ਟੋਏ ਪਾਣੀ ਨਾਲ ਨੱਕੋ ਨੱਕ ਭਰ ਜਾਂਦੇ। ਏਸੇ ਤਰ੍ਹਾਂ ਹੀ ਗੁਰ-ਉਪਦੇਸ਼ ਨਾਲ ਸਾਡੇ ਸਾਰੇ ਗਿਆਨ ਵੀ ਸ਼ੁਭ ਗੁਣਾਂ ਨਾਲ ਨੱਕੋ-ਨੱਕ ਭਰ ਜਾਂਦੇ ਹਨ। ਪਰਮਾਤਮਾ ਨੇ ਸਾਰੇ ਸੰਸਾਰ ਦੀ ਵਿਉਂਤ ਬੰਦੀ ਕੀਤੀ ਹੋਈ ਹੈ ਪਰ ਅਸੀਂ ਉਸ ਵਿਉਂਤ ਨੂੰ ਤੋੜ ਕੇ ਸੁੱਖ ਦੀ ਭਾਲ ਕਰਦੇ ਹਾਂ ਜੋ ਹੋ ਨਹੀਂ ਸਕਦੀ। ਵਰਖਾ ਨਾਲ ਸਾਰਾ ਵਣ-ਤਿਣ ਹਰਿਆ ਹੋ ਜਾਂਦਾ ਹੈ ਤੇ ਗੁਰੂ ਦੇ ਸਾਨਮੁੱਖ ਬੈਠਣ ਨਾਲ ਭਾਵ ਗੁਰ-ਉਪਦੇਸ਼ ਨੂੰ ਮਨ ਵਿੱਚ ਵਸਾਉਣ ਨਾਲ ਸਾਡਾ ਹਿਰਦਾ ਵੀ ਰਬੀ ਗੁਣਾਂ ਨਾਲ ਭਰਪੂਰ ਹੋ ਜਾਂਦਾ ਹੈ।

ਦਿਨ ਸ਼ਨੀਚਰਵਾਰ ਮਿਤੀ ੧੧-੦੭-੦੯ ਨੂੰ ਰੇਡੀਓ ਤਰਾਨਾ `ਤੇ

ਸਿਰੀ ਗੁਰੂ ਸਿੰਘ ਸਭਾ ਸ਼ੈਰਲੀਰੋਡ ਨਿਊਜ਼ੀਲੈਂਡ ਵਲੋਂ ਭਾਈ ਕੁਲਵੰਤ ਸਿੰਘ ਨਾਲ ਮਿਲ ਕੇ ਰੇਡੀਓ ਤਰਾਨਾ `ਤੇ ਮਾਪਿਆਂ ਤੇ ਬੱਚਿਆਂ ਪ੍ਰਤੀ ਆਪਣੇ ਫ਼ਰਜ਼ਾਂ ਦੀ ਜ਼ਿੰਮੇਵਾਰੀ ਦੀ ਵਿਸਥਾਰ-ਪੂਰਵਕ ਵਿਚਾਰ ਕਰਦਿਆਂ ਇਹ ਕਿਹਾ ਗਿਆ ਕਿ ਆਓ ਆਪੋ-ਆਪਣੇ ਪਿੰਡ ਸੰਭਾਲਣ ਦਾ ਯਤਨ ਕਰੀਏ। ਸਿਰੀ ਗੁਰੂ ਸਿੰਘ ਸਭਾ ਇੰਟਰਨੈਸ਼ਨਲ ਕਨੇਡਾ ਵਲੋਂ ਤੇ ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਸਾਂਝੇ ਤੌਰ `ਤੇ ਇੱਕ ਉਦਮ ਅਰੰਭਿਆ ਗਿਆ ਹੈ ਕਿ ਪਿੰਡਾਂ ਦਿਆਂ ਬੱਚਿਆਂ ਨੂੰ ਗੁਰਬਾਣੀ, ਪੰਥ ਪਰਵਾਨਤ ਸਿੱਖ ਰਹਿਤ ਮਰਯਾਦਾ ਤੇ ਸਿਧਾਂਤਕ ਢੰਗ ਨਾਲ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਦਿੱਤੀ ਜਾਏ। ਜਨੀ ਕਿ ਇੱਕ ਪਰਚਾਰਕ ਦਾ ਖਰਚਾ ਬਾਹਰਲੇ ਮੁਲਕਾਂ ਵਿੱਚ ਰਹਿ ਰਹੇ ਵੀਰ ਉਠਾਉਣ। ਇਹ ਸਾਰਾ ਪ੍ਰਬੰਧ ਸਿੰਘ ਸਭਾ ਕਨੇਡਾ ਵਾਲੇ ਕਰ ਰਹੇ ਹਨ ਜਦੋਂ ਕਿ ਪਰਚਾਰਕ ਤਿਆਰ ਕਰਨ ਦੀ ਜ਼ਿੰਮੇਵਾਰੀ ਗੁਰਮਤ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਾਲਿਆਂ ਦੀ ਹੈ। ਨਾਲ ਹੀ ਸਿੰਘ ਸਭਾ ਕਨੇਡਾ ਡਾਟ ਕਾਮ, ਸਿੱਖ ਮਾਰਗ, ਸਿੱਖ ਵਿਰਸਾ, ਲਿਵਿੰਗ ਟਰੀਅਰ, ਇੰਡੀਆ ਅਵੇਰਨੈੱਸ ਨੂੰ ਇੰਟਰਨੈੱਟ ਤੋਂ ਪੜ੍ਹਨ ਲਈ ਉਚੇਚੇ ਤੌਰ ਤੇ ਕਿਹਾ ਗਿਆ। ਤਰਾਨਾ ਰੇਡੀਓ ਤੋਂ ਪੰਜਾਬ ਦੇ ਹਲਾਤਾਂ ਸਬੰਧੀ ਵਿਚਾਰ ਕਰਦਿਆਂ ਅਜੋਕੇ ਸਾਧ-ਲਾਣੇ ਸੰਬੰਧੀ ਦੱਸਿਆ ਗਿਆ ਕਿ ਇੰਜ ਲੱਗਦਾ ਹੈ ਕਿ ਜਿਵੇਂ ਹਰ ਚੌਥੇ ਘਰ ਇੱਕ ਸਾਧ ਪੈਦਾ ਹੋ ਗਿਆ ਹੋਵੇ। ਇਹਨਾਂ ਅਖੌਤੀ ਸਾਧਾਂ ਨੇ ਸਿੱਖੀ ਸਿਧਾਂਤ ਨੂੰ ਫਿਰ ਬ੍ਰਹਾਮਣੀ ਕਰਮ-ਕਾਂਡ ਵਿੱਚ ਲਿਬੇੜ ਕੇ ਰੱਖ ਦਿੱਤਾ ਹੈ। ਇਹਨਾਂ ਵਿਹਲੜ ਸਾਧਾਂ ਤੋਂ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ।

ਦਿਨ ਐਤਵਾਰ ਮਿਤੀ ੧੨-੦੭—੦੯—

ਗੁਰਦੁਆਰਾ ਸਿਰੀ ਗੁਰੂ ਸਿੰਘ ਸਭਾ ਸ਼ੈਰਲੀ ਰੋਡ ਨਿਊਜ਼ੀਲੈਂਡ ਵਿਖੈ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਨ ਮਨਾਉਂਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ ੩੩ `ਤੇ— “ਭਾਈ ਰੇ, ਗੁਰਮੁਖਿ ਬੂਝੇ ਕੋਇ॥ ਬਿਨੁ ਬੂਝੇ ਕਰਮ ਕਮਾਵਣੇ ਜਨਮੁ ਪਦਾਰਥੁ ਖੋਇ”॥ 1॥ ਰਹਾਉ। ਵਾਲੀਆਂ ਤੁਕਾਂ ਲੈ ਕੇ ਸਿੱਖੀ ਵਿਚਾਰਧਾਰਾ ਦੀ ਵਿਚਾਰ ਕੀਤੀ। ਸ਼ਬਦ ਦੀਆਂ ਰਹਾਉ ਵਾਲੀਆਂ ਤੁਕਾਂ ਵਿੱਚ ਜ਼ਿੰਦਗੀ ਦੀ ਸਹੀ ਜੀਵਨ ਜਾਚ ਗੁਰੂ ਦੇ ਰਾਂਹੀਂ ਹੀ ਪਤਾ ਲੱਗਦਾ ਹੈ। ਬਿਨਾ ਸਮਝ ਦੇ ਧਾਰਮਕ-ਕਰਮ ਕਰਨ ਨਾਲ ਸਾਡਾ ਜੀਵਨ ਵਿਆਰਥ ਵਿੱਚ ਹੀ ਗਵਾਚ ਜਾਂਦਾ ਹੈ। ਸ਼ਬਦ ਦੇ ਪਹਿਲੇ ਬੰਦ ਵਿੱਚ ਪਰਮਾਤਮਾ ਹੀ ਸਾਰਿਆਂ ਗੁਣਾਂ ਦਾ ਖ਼ਜ਼ਾਨਾ ਹੈ। ਨਿਰਾ ਗੱਲਾਂ ਬਾਤਾਂ ਨਾਲ ਏਸ ਖ਼ਜ਼ਾਨੇ ਦੀ ਪ੍ਰਾਪਤੀ ਨਹੀਂ ਮੰਨੀ ਗਈ। ਇਹ ਤੇ ਸਤਿਗੁਰ ਦੇ ਉਪਦੇਸ਼ ਨਾਲ ਹੀ ਸਮਝ ਆ ਸਕਦੀ ਹੈ। ਸ਼ਬਦ ਦੇ ਦੂਸਰੇ ਬੰਦ ਵਿੱਚ ਚੱਖਣ ਦੀ ਮਿਸਾਲ ਦੇ ਕੇ ਅੰਲਾਕਾਰਕ ਢੰਗ ਨਾਲ ਦੱਸਿਆ ਗਿਆ ਹੈ ਜਿਸ ਤਰ੍ਹਾਂ ਅਸੀਂ ਕਿਸੇ ਚੀਜ਼ ਨੂੰ ਚੱਖ ਕੇ ਉਸ ਦਾ ਸੁਵਾਦ ਦੱਸ ਦੇਂਦੇ ਹਾਂ ਕੁੱਝ ਏਸੇ ਤਰ੍ਹਾਂ ਹੀ ਗੁਰ ਸ਼ਬਦ ਦੀ ਵਿਚਾਰ ਨੂੰ ਸਮਝ ਵਿੱਚ ਲਿਆ ਕੇ ਹੀ ਆਤਮਕ ਅਨੰਦ ਮਾਣਿਆ ਜਾ ਸਕਦਾ ਹੈ। ਸ਼ਬਦ ਦੇ ਤੀਸਰੇ ਬੰਦ ਵਿੱਚ ਜੇਹੋ ਜੇਹੇ ਅਸੀਂ ਕਰਮ ਕਰਦੇ ਹਾਂ ਉਹ ਜੇਹੇ ਹੀ ਫਲ਼ਾਂ ਦੀ ਸਾਨੂੰ ਪ੍ਰਾਪਤੀ ਹੋਏਗੀ। ਸ਼ੁਭ ਕਰਮਾਂ ਕਰਨ ਦੀ ਪ੍ਰੇਰਨਾ ਗੁਰੂ ਪਾਸੋਂ ਸੌਖੀ ਮਿਲ ਸਕਦੀ ਹੈ। ਸ਼ਬਦ ਦੇ ਅਖ਼ੀਰਲੀ ਤੇ ਚੌਥੇ ਬੰਦ ਵਿੱਚ ਅਖੌਤੀ ਜਪ, ਤਪ, ਸੰਜਮ ਦੀ ਥਾਂ `ਤੇ ਨਾਮ ਦੀ ਅਵਸਥਾ ਰੱਖੀ ਗਈ ਹੈ। ਜਿਸ ਦਾ ਅਧਾਰ ਕੇਵਲ ਗੁਰ-ਗਿਆਨ ਹੀ ਹੈ ਜਿਸ ਨੂੰ ਨਾਮ ਦੀ ਸੰਗਿਆ ਦਿਤੀ ਗਈ ਹੈ ਜੋ ਸ਼ਬਦ ਦੀ ਵਿਚਾਰ ਵਿਚੋਂ ਪ੍ਰਗਟ ਹੁੰਦੀ ਹੈ। ਨਾਲ ਹੀ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਦੀ ਸ਼ਹੀਦੀ ਕਿਸੇ ਸਰਾਪ ਨਾਲ ਨਹੀਂ ਹੋਈ। ਉਹਨਾਂ ਦੀ ਸ਼ਹਾਦਤ ਸੱਚ ਦੀਆਂ ਕਦਰਾਂ ਕੀਮਤਾਂ ਨੂੰ ਕਾਇਮ ਰੱਖਦਿਆਂ ਸਰਕਾਰੀ ਜ਼ੁਲਮ ਦੇ ਵਿਰੋਧ ਵਿੱਚ ਹੋਈ ਹੈ। ਮੌਜੂਦਾ ਦੌਰ ਵਿੱਚ ਸਿੱਖ ਆਗੂਆਂ ਵਲੋਂ ਸਿੱਖੀ ਸਿਧਾਂਤ ਨੂੰ ਛੱਡਦਿਆਂ ਹੋਇਆਂ ਆਪਣਿਆਂ ਲਾਭਾਂ ਦੀ ਖ਼ਾਤਰ ਮੌਕਾ ਪ੍ਰਸਤ ਰਾਜਨੀਤੀ ਦੀ ਖੇਡੀ ਜਾ ਰਹੀ ਹੈ। ਲਾ-ਮਿਸਾਲ ਸ਼ਹੀਦੀ ਨੂੰ ਵੀ ਬ੍ਰਾਹਮਣੀ ਗ੍ਰਹਿਣ ਲੌਣ ਦਾ ਪੂਰਾ ਯਤਨ ਕੀਤਾ ਗਿਆ ਹੈ।

ਦਿਨ ਐਤਵਾਰ ਮਿਤੀ ੧੨-੦੭-੦੯—

ਗੁਰਦੁਆਰਾ ਟੌਰੰਗਾ

ਲਗ-ਪਗ ਦੋ ਸੌ ਮੀਲ ਦੀ ਦੂਰੀ `ਤੇ ਵੀਰ ਹਰਨੇਕ ਸਿੰਘ, ਵੀਰ ਗੁਰਪ੍ਰੀਤ ਸਿੰਘ, ਵੀਰ ਬਲਜਿੰਦਰ ਸਿੰਘ ਹੁਰਾਂ ਨੇ ਗੁਰਦੁਆਰਾ ਸਿਰੀ ਗੁਰੂ ਸਿੰਘ ਸਭਾ ਸ਼ੈਰਲੀ ਰੋਡ ਦੇ ਦੀਵਾਨ ਦੀ ਸਮਾਪਤੀ ਉਪਰੰਤ ਗੁਰਦੁਆਰਾ ਟੌਰੰਗਾ ਵਿਖੇ ਸ਼ਾਮ ਦੇ ਦੀਵਾਨ ਵਿੱਚ ਗੁਰ ਸ਼ਬਦ ਦੀ ਵਿਚਾਰ ਕਰਨ ਲਈ ਲੈ ਕੇ ਗਏ। ਪਿੱਛਲੇ ਹਫਤੇ ਜਪੁ ਨੀਸਾਣ ਦੀ ੩੮ ਪਉੜੀ ਦੀ ਵਿਚਾਰ ਸ਼ੁਰੂ ਕੀਤੀ ਗਈ ਸੀ ਇਸ ਦੀਵਾਨ ਵਿੱਚ ਉਸ ਪਉੜੀ ਦੀ ਵਿਚਾਰ ਸਮਾਪਤ ਕਰਦਿਆਂ ਦੱਸਿਆ ਗਿਆ ਕਿ ਇਸ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਸੱਤ ਨੁਕਤਿਆਂ ਨੂੰ ਸਮਝਣ ਲਈ ਕਿਹਾ ਹੈ। ਪਹਿਲਾ ਨੁਕਤਾ ਜਤ ਤੋਂ ਸੰਜਮ, ਦੂਜਾ ਧੀਰਜ, ਤੀਜਾ ਅਹਿਰਣ ਤੋਂ ਸਮਰਪਤ, ਚੌਥਾ ਵੇਦ ਤੋਂ ਗੁਰ-ਗਿਆਨ, ਪੰਜਵਾਂ ਭਉ ਤੋਂ ਅਦਬ-ਸਤਕਾਰ, ਛੇਵਾਂ ਅਗਨ ਤੋਂ ਉਦਮ, ਸਤਵਾਂ ਭਾਂਡਾ ਤੋਂ ਪਿਅਰ ਦੇ ਨੁਕਤਿਆਂ ਦੀ ਵਿਚਾਰ ਕਰਦਿਆਂ ਇਹ ਸਮਝਿਆ ਗਿਆ, ਕਿ ਇਹਨਾਂ ਸਤ ਨੁਕਤਿਆਂ ਨੂੰ ਆਪਨਾਇਆਂ ਹੀ ਸਾਡੇ ਕਿਰਦਾਰ ਦੀ ਬਣਤਰ ਘੜੀ ਜਾਣੀ ਹੈ ਜੋ ਸਚਿਆਰ ਮਨੁੱਖ ਦੀ ਸਿੱਖਰ ਹੋ ਨਿਬੜਦੀ ਹੈ। ਜੇ ਗਹੁ ਨਾਲ ਦੇਖਿਆ ਜਾਏ ਤਾਂ ਭਾਈ ਮਨੀ ਸਿੰਘ ਜੀ ਨੇ ਇਹਨਾਂ ਨੁਕਤਿਆਂ ਦੇ ਅਧਾਰਤ ਆਪਣੇ ਜੀਵਨ ਨੂੰ ਘੜਿਆ ਸੀ। ਅੱਜ ਸਾਡੇ ਰਾਜਨੀਤਿਕ ਤਥਾ ਜੱਥੇਦਾਰਾਂ ਨੂੰ ਵੀ ਇਹ ਸਤ ਨੁਕਤਿਆਂ ਨੂ ਆਪਣੇ ਜੀਵਨ ਵਿੱਚ ਅਪਨਾ ਕੇ ਸਚਿਆਰ ਸਿੱਖ ਬਣਨ ਦਾ ਯਤਨ ਕਰਨਾ ਚਾਹੀਦਾ ਹੈ।
.