.

ਭੂਮਿਕਾ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤੀ ਇਤਿਹਾਸ ਦੇ ਮੱਧਕਾਲੀਨ ਭਗਤੀ ਅੰਦੋਲਨ ਦੌਰਾਨ ਪੰਜਾਬ ਵਿੱਚ ਗੁਰਮਤਿ ਵਿਚਾਰਧਾਰਾ ਦਾ ਜਨਮ ਤੇ ਵਿਕਾਸ ਭਾਰਤੀ ਅਧਿਆਤਮਕ ਚਿੰਤਨ ਦੇ ਖੇਤਰਾਂ `ਚ ਇੱਕ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਹੈ ਪਰ ਇਹ ਵਿਚਾਰਧਾਰਾ ਵੀ ਸ਼ਾਇਦ ਤਾਕਤਵਰ ਨਾ ਹੋ ਸਕਦੀ ਜੇਕਰ ਇਸ ਦੇ ਪ੍ਰਮੁੱਖ ਪ੍ਰਤੀਕ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਦੀ ਸੰਪਾਦਨਾ ਸ੍ਰੀ ਗੁਰੂ ਅਰਜੁਨ ਦੇਵ ਜੀ ਦੁਆਰਾ ਨਾ ਹੁੰਦੀ। ਇਸ ਵਿਚਾਰਧਾਰਾ ਦੇ ਮਹਾਨ ਕ੍ਰਾਂਤੀਕਾਰੀ ਗੁਰੂ ਨਾਨਕ ਦੇਵ ਜੀ ਇੱਕ ਉੱਤਮ ਪ੍ਰਤਿਭਾ ਤੇ ਅਧਿਆਤਮਕ ਸ਼ਕਤੀ ਦੇ ਮਾਲਕ ਸਨ। ਉਨ੍ਹਾਂ ਨੇ ਆਪਣੇ ਪੂਰਵ ਅਤੇ ਸਮਕਾਲੀਨ ਸੰਤਾਂ ਦੀ ਬਾਣੀ ਨੂੰ ਇਕੱਤਰ ਕਰਨ ਦਾ ਕਾਰਜ ਆਪਣੇ ਜੀਵਨ ਕਾਲ `ਚ ਹੀ ਸ਼ੁਰੂ ਕਰ ਦਿੱਤਾ ਸੀ। ਪਰ ਪਹਿਲਾ ਸੰਪੂਰਨ ਸੰਪਾਦਨ ਪੰਜਵੀਂ ਪਾਤਸ਼ਾਹੀ ਗੁਰੂ ਅਰਜੁਨ ਦੇਵ ਜੀ ਵਲੋਂ 1604 ਈ. `ਚ ਮੁਕੰਮਲ ਹੋਇਆ। ਇਸ ਪਵਿੱਤਰ ਗ੍ਰੰਥ ਦਾ ਪ੍ਰਕਾਸ਼ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿਖੇ ਗੁਰਦੁਆਰਾ ਹਰਿਮੰਦਰ ਸਾਹਿਬ `ਚ ਹੋਇਆ। ਇਸ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ। ਇਸ ਉਪਰੰਤ ਸੰਨ 1706 ਈ. `ਚ ਦਸਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਵਿੱਚ ਆਪਣੇ ਪੂਜਨੀਕ ਪਿਤਾ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਸ਼ਾਮਲ ਕਰਨ ਉਪਰੰਤ ਇਸ ਨੂੰ ਵਰਤਮਾਨ ਸੰਪਾਦਨਾ ਦਾ ਰੂਪ ਪ੍ਰਦਾਨ ਕੀਤਾ। ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ 1708 ਈ. `ਚ ਉਹਨਾਂ ਨੇ ਇਸ ਗ੍ਰੰਥ ਨੂੰ ਗੁਰੂ ਦਾ ਦਰਜਾ ਪ੍ਰਦਾਨ ਕੀਤਾ।

ਮਹਾਨ ਅਧਿਆਤਮਕ ਕਦਰਾਂ ਕੀਮਤਾਂ ਅਤੇ ਮਾਨਵੀ ਏਕਤਾ ਦੇ ਪ੍ਰਤੀਕ ਇਸ ਪਾਵਨ ਗ੍ਰੰਥ ਵਿੱਚ 6 ਗੁਰੂ ਸਾਹਿਬਾਨ, ਪੰਦਰਾਂ ਸੰਤਾਂ/ਭਗਤਾਂ, ਗਿਆਰਾਂ ਭੱਟਾਂ ਅਤੇ ਗੁਰੂ ਸਾਹਿਬਾਨ ਦੇ ਚਾਰ ਸੇਵਕਾਂ ਦੀ ਬਾਣੀ ਵੀ ਸ਼ਾਮਲ ਕੀਤੀ ਗਈ ਹੈ। ਗੁਰੂ ਸਾਹਿਬਾਨ ਤੋਂ ਇਲਾਵਾ ਬਾਣੀ ਦੇ ਸਾਰੇ ਰਚਨਹਾਰੇ ਸਾਰੇ ਵੰਸ਼ਾਂ, ਵੱਖ-ਵੱਖ ਜਾਤਾਂ ਅਤੇ ਭਾਰਤ ਦੇ ਹੋਰਨਾਂ ਪ੍ਰਦੇਸਾਂ ਨਾਲ ਸੰਬੰਧਤ ਸਨ। ਇਸ ਗ੍ਰੰਥ `ਚ ਸ਼ਾਮਲ ਬਾਣੀ ਦਾ ਪ੍ਰਮੁੱਖ ਵਿਸ਼ਾ ਇੱਕ ਈਸ਼ਵਰ, ਅਧਿਆਤਮਕ ਚਿੰਤਨ, ਸਾਧਨਾਂ ਅਤੇ ਵਿਸ਼ਵ ਮਾਨਵੀ ਏਕਤਾ ਹੈ। ਇਸ ਬਾਣੀ ਦਾ ਮੁੱਖ ਉਦੇਸ਼ ਵਿਸ਼ਵ ਭਾਈਚਾਰਾ ਅਤੇ ਸਾਰੇ ਧਰਮਾਂ ਪ੍ਰਤੀ ਇੱਕ ਸਾਰ ਭਾਵਨਾ ਦਾ ਪ੍ਰਚਾਰ ਕਰਨਾ ਹੈ।

ਸਾਰੇ ਧਰਮਾਂ ਅਤੇ ਪ੍ਰਦੇਸਾਂ ਦੇ ਸੰਤਾਂ, ਫਕੀਰਾਂ ਅਤੇ ਭਗਤਾਂ ਦੀ ਬਾਣੀ ਨੂੰ ਬਰਾਬਰ ਸਥਾਨ ਦੇ ਕੇ ਉਹਨਾਂ ਦੀ ਬਾਣੀ ਨੂੰ ਗੁਰੂ ਦਾ ਦਰਜਾ ਪ੍ਰਦਾਨ ਕਰਨਾ ਵਿਸ਼ਵ ਭਰ ਦੀ ਧਰਮ ਸਾਧਨਾ ਲਈ ਇੱਕ ਮਹਾਨ ਆਦਰਸ਼ ਪ੍ਰਸਤੁਤ ਕਰਦਾ ਹੈ। ਇਸ ਗ੍ਰੰਥ `ਚ ਸ਼ਾਮਲ ਬਾਣੀ `ਚ ਪੇਸ਼ ਵੱਖ-ਵੱਖ ਭਾਰਤੀ ਭਾਸ਼ਾਵਾਂ/ਉੱਪ-ਭਾਸ਼ਾਵਾਂ ਦੇ ਪ੍ਰਯੋਗ ਕਾਰਨ ਭਾਸ਼ਾ ਵਿਗਿਆਨਕ ਦ੍ਰਿਸ਼ਟੀ ਤੋਂ ਵੀ ਇਸ ਨੂੰ ਇੱਕ ਵਿਲੱਖਣ ਰਚਨਾ ਕਿਹਾ ਜਾ ਸਕਦਾ ਹੈ। ਅਧਿਆਤਮਕ ਗਿਆਨ ਅਤੇ ਚਿੰਤਨ ਦੇ ਵਿਸ਼ਾਲ ਸਾਗਰ `ਚੋਂ ਮੋਤੀ ਕੱਢ ਕੇ ਇੱਕ ਸੂਤਰ `ਚ ਪਰੋਣਾ ਨਿਰਸੰਦੇਹ ਇੱਕ ਮਹਾਨ ਕਾਰਜ ਹੈ। ਇਹਨਾਂ ਸਾਰੀਆਂ ਗੱਲਾਂ ਤੋਂ ਇਲਾਵਾ ਇਸ ਗ੍ਰੰਥ ਦੀ ਸੰਪਾਦਨਾ ਵਿਆਕਰਨ ਅਤੇ ਸੰਗੀਤ ਦੇ ਨਿਯਮਾਂ ਅਨੁਸਾਰ ਕਰਨਾ ਗੁਰੂ ਅਰਜੁਨ ਦੇਵ ਜੀ ਦੀ ਵਿਲੱਖਣ ਬੌਧਿਕਤਾ ਅਤੇ ਸੰਪਾਦਨ ਕਲਾ `ਚ ਨਿਪੁੰਨਤਾ ਦਾ ਲਖਾਇਕ ਹੈ।

ਮੈਨੂੰ ਇਹ ਕਹਿਣ ਵਿੱਚ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਸ ਮਹਾਨ ਰਚਨਾ ਦੀ ਸੰਪੂਰਨ ਜਾਣਕਾਰੀ ਮੁਹੱਈਆ ਕਰਾਉਣ ਵਾਸਤੇ ਇਹ ਪੁਸਤਕ ਲਿਖ ਕੇ ਮਹਿੰਦਰ ਸਿੰਘ ਡਿੱਡਨ ਨੇ ਆਮ ਪਾਠਕਾਂ ਅਤੇ ਖ਼ਾਸ ਕਰਕੇ ਸਿੱਖ ਸੰਗਤ ਲਈ ਮਹਾਨ ਉਪਕਾਰ ਕੀਤਾ ਹੈ। ਮਹਾਨ ਗ੍ਰੰਥ ਦੇ ਵਿਸ਼ਾ ਵਸਤੂ ਅਤੇ ਉਸ ਵਿੱਚ ਸ਼ਾਮਲ ਬਾਣੀ ਦਾ ਇਤਿਹਾਸ ਇੱਕ ਛੋਟੀ ਜਿਹੀ ਪੁਸਤਕ `ਚ ਲਿਖ ਕੇ ਸ੍ਰੀ ਡਿੱਡਨ ਨੇ ਗਾਗਰ `ਚ ਸਾਗਰ ਭਰਨ ਦਾ ਉਪਰਾਲਾ ਕੀਤਾ ਹੈ।

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਪ੍ਰਚਾਰ ਪੁਸਤਕ ਜੋ ਹਿੰਦੀ ਤੋਂ ਪੰਜਾਬੀ `ਚ ਅਨੁਵਾਦ ਕੀਤੀ ਗਈ ਹੈ, ਨੂੰ ਲਿਖਣ ਦਾ ਮਕਸਦ ਸਿਰਫ਼ ਭਾਰਤ ਵਾਸੀਆਂ ਲਈ ਹੀ ਨਹੀਂ ਬਲਕਿ ਪਰਵਾਸੀ ਭਾਰਤੀਆਂ ਅਤੇ ਵਿਦੇਸ਼ੀ ਪਾਠਕਾਂ ਲਈ ਅਤਿਅੰਤ ਗਿਆਨ ਪ੍ਰਦਾਨ ਕਰਨਾ ਵੀ ਹੈ। ਸ੍ਰੀ ਡਿੱਡਨ ਜੋ ਕਿ ਤਕਨੀਕੀ ਪੇਸ਼ੇ ਨਾਲ ਸੰਬੰਧਤ ਵਿਅਕਤੀ ਹਨ, ਵਲੋਂ ਇਸ ਪੁਸਤਕ ਦੀ ਰਚਨਾ ਕਰਨਾ ਇੱਕ ਅਦਭੁੱਤ ਅਤੇ ਵਿਲੱਖਣ ਕਾਰਜ ਕਿਹਾ ਜਾ ਸਕਦਾ ਹੈ, ਇਸ ਲਈ ਉਹ ਵਧਾਈ ਅਤੇ ਪ੍ਰਸੰਸਾ ਦੇ ਹੱਕਦਾਰ ਹਨ। ਇਸ ਤੋਂ ਪਹਿਲਾਂ ਵੀ ਉਹ ਗੁਰੂ ਗ੍ਰੰਥ ਸਾਹਿਬ ਦੇ ਦਾਰਸ਼ਨਿਕ ਚਿੰਤਨ ਨਾਲ ਸੰਬੰਧਤ ਵੱਖ-ਵੱਖ ਵਿਸ਼ਿਆਂ `ਤੇ ਆਪਣੀਆਂ ਕਈ ਪ੍ਰਚਾਰ ਪੁਸਤਕਾਂ ਪ੍ਰਕਾਸ਼ਿਤ ਕਰ ਚੁੱਕੇ ਹਨ।

ਆਸ ਹੈ ਕਿ ਪਾਠਕ ਇਸ ਪੁਸਤਕ ਦਾ ਭਰਪੂਰ ਸੁਆਗਤ ਕਰਨਗੇ। ਮੈਂ ਇਸ ਪੁਸਤਕ ਦੀ ਲਿਖਾਈ ਤੇ ਭਾਸ਼ਾ ਸੰਬੰਧੀ ਸਹਿਯੋਗ ਦੇ ਕੇ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ।

ਓਮ ਪ੍ਰਕਾਸ਼ ਆਨੰਦ

(2) ਸਾਬਕਾ ਕਨਵੀਨਰ (1) ਸਾਬਕਾ ਮੈਂਬਰ, ਸਲਾਹਕਾਰ ਸਮਿਤੀ,

ਕੇ. ਕੇ. ਬਿਰਲਾ ਫਾਊਂਡੇਸ਼ਨ ਭਾਰਤੀ ਸਾਹਿਤ ਅਕਾਦਮੀ ਅਤੇ

ਨਵੀਂ ਦਿੱਲੀ ਭਾਸ਼ਾ ਵਿਭਾਗ, ਪੰਜਾਬ

ਫੋਨ: 25120519

ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ ਦਾ ਇਤਿਹਾਸ, ਤਕਨੀਕ ਅਤੇ ਭਾਸ਼ਾਈ ਅਧਿਐਨ

ਗੁਰੂ ਨਾਨਕ ਜੀ ਨੇ ਜਿਸ ਬਾਣੀ ਦੀ ਰਚਨਾ ਕੀਤੀ ਉਸ ਨੂੰ ਗੁਰਬਾਣੀ ਦੇ ਨਾਂ ਨਾਲ ਜਾਣਿਆ ਗਿਆ ਪਰ ਉਹਨਾਂ ਦੀ ਨਕਲ ਕਰਕੇ ਉਹਨਾਂ ਦੇ ਜੀਵਨ ਕਾਲ ਦੌਰਾਨ ਹੀ ਕੁੱਝ ਸੰਤਾਂ ਅਤੇ ਕਵੀਆਂ ਨੇ ਆਪਣੇ ਨਾਂ ਨਾਲ ਜਾਂ ਕੁੱਝ ਨੇ ਤਾਂ ਗੁਰੂ ਨਾਨਕ ਜੀ ਦੇ ਨਾਂ ਨਾਲ ਹੀ ਬਾਣੀ ਦੀ ਰਚਨਾ ਕੀਤੀ। ਉਸ ਨੂੰ ਕੱਚੀ ਬਾਣੀ ਦਾ ਨਾਂ ਦਿੱਤਾ ਗਿਆ। ਇਹ ਤਾਂ ਪ੍ਰਮਾਣਿਕ ਸੱਚ ਹੈ ਕਿ ਗੁਰੂ ਨਾਨਕ ਜੀ ਦੇ ਜੀਵਨ ਕਾਲ `ਚ ਹੀ ਉਹਨਾਂ ਦੇ ਨਾਂ ਨਾਲ ਕੱਚੀ ਬਾਣੀ ਦੀ ਰਚਨਾ ਸ਼ੁਰੂ ਹੋ ਗਈ ਸੀ। ਇਸ ਹਾਲਤ ਬਾਰੇ ਗੁਰੂ ਅਮਰਦਾਸ ਜੀ ਨੇ ਲੋਕਾਂ ਨੂੰ ਭਲੀ-ਭਾਂਤ ਜਾਣੂ ਕਰਵਾ ਦਿੱਤਾ ਸੀ। ਪਰ ਉਸ ਮਗਰੋਂ ਗੁਰੂ ਰਾਮਦਾਸ ਜੀ ਨੇ ਕੇਵਲ ਗੁਰੂ ਸਾਹਿਬਾਨ ਦੀ ਰਚਨਾ ਨੂੰ ਹੀ ਪ੍ਰਮਾਣਿਕ ਮੰਨਦੇ ਹੋਏ ਬਾਕੀ ਸਾਰੀ ਬਾਣੀ ਨੂੰ ਕੱਚੀ ਬਾਣੀ ਐਲਾਨ ਦਿੱਤਾ ਸੀ। ਗੁਰੂ ਰਾਮ ਦਾਸ ਜੀ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ

v ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ।। (ਗੁ. ਗ੍ਰੰ. ਸਾ. , ਅੰਕ: 304)

v ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ।। (ਗੁ. ਗ੍ਰੰ. ਸਾ. , ਅੰਕ: 920)

ਇਸ ਤਰ੍ਹਾਂ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਕਿਸੇ ਅਪ੍ਰਮਾਣਿਕ ਜਾਂ ਝੂਠੀ ਰਚਨਾ ਨੂੰ ਗੁਰਬਾਣੀ ਨਹੀਂ ਮੰਨਿਆ ਜਾ ਸਕਦਾ। ਕਿਉਂਕਿ ਇਹਨਾਂ ਪ੍ਰਸਥਿਤੀਆਂ `ਚ ਗੁਰੂ ਰਾਮ ਦਾਸ ਜੀ ਦੇ ਸਪੁੱਤਰ ਪ੍ਰਿਥੀ ਚੰਦ ਨੇ ਗੁਰ ਗੱਦੀ ਪ੍ਰਾਪਤ ਕਰਨ ਦੇ ਲਾਲਚ ਹੇਠ ਗੁਰੂ ਅਰਜੁਨ ਦੇਵ ਜੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਦੂਜਿਆਂ ਦੀ ਨਕਲ ਨਾਲ ਆਪਣੀ ਬਾਣੀ ਦੀ ਰਚਨਾ ਵੀ ਸ਼ੁਰੂ ਕਰ ਦਿੱਤੀ ਸੀ। ਪਰ ਉਹਨਾਂ ਦੀ ਬਾਣੀ `ਚੋਂ ਲਾਲਚ ਤੇ ਹੰਕਾਰ ਦੀ ਬੋਅ ਆਉਂਦੀ ਸੀ। ਇਸ ਲਈ ਉਹ ਬਾਣੀ ਬਾਕੀ ਗੁਰੂ ਸਾਹਿਬਾਨ ਦੀ ਬਾਣੀ ਤੋਂ ਬਹੁਤ ਹਲਕੀ ਅਤੇ ਹੇਠਲੀ ਪੱਧਰ ਦੀ ਸੀ। ਇਸੇ ਕਰਕੇ ਭਾਈ ਗੁਰਦਾਸ ਜੀ ਨੇ ਪ੍ਰਿਥੀ ਚੰਦ ਨੂੰ ਮੀਣੇ ਦੀ ਉਪਾਧੀ ਦਿੱਤੀ ਸੀ। ਪਰ ਪ੍ਰਿਥੀ ਚੰਦ ਦੇ ਸਪੁੱਤਰ, ਜਿਸ ਦਾ ਨਾਂ ਮਿਹਰਬਾਨ ਸੀ, ਨੇ ਤਾਂ ਸਾਰੀਆਂ ਹੱਦਾਂ ਤੋੜ ਕੇ ‘ਨਾਨਕ’ ਪਦ ਦਾ ਦੁਰਉਪਯੋਗ ਸ਼ੁਰੂ ਕਰ ਦਿੱਤਾ। ਉਹਨਾਂ ਨੇ ਨਾਨਕ ਦੇ ਨਾਂ ਨਾਲ ਬਾਣੀ ਰਚ ਕੇ ਉਸ ਨੂੰ ਗੁਰੂ ਚੇਲਿਆਂ `ਚ ਪ੍ਰਚਲਿਤ ਵੀ ਕਰਨਾ ਸ਼ੁਰੂ ਕਰ ਦਿੱਤਾ। ਇੱਕ ਤਾਂ ਉਹ ਗੁਰੂ ਵੰਸ਼ `ਚ ਪੈਦਾ ਹੋਇਆ ਸੀ ਅਤੇ ਦੂਜਾ ਉਹ ਗੁਰੂ ਅਰਜੁਨ ਦੇਵ ਜੀ ਦੀ ਸੰਗਤ ਵਿੱਚ ਬਹੁਤ ਸਮਾਂ ਰਿਹਾ। ਇਸ ਕਰਕੇ ਉਹ ਗੁਰੂ ਬਾਣੀ ਦੀ ਸ਼ਬਦਾਵਲੀ ਤੋਂ ਚੰਗੀ ਤਰ੍ਹਾਂ ਜਾਣੂ ਸੀ। ਇਸੇ ਲਈ ਉਸ ਦੀ ਰਚਨਾ ਲੋਕਾਂ ਨੂੰ ਭਰਮ `ਚ ਪਾਉਂਦੀ ਸੀ। ਪਰ ਉਹ ਗੁਰੂਆਂ ਦੀ ਬਾਣੀ ਦੀ ਪੱਧਰ ਦੀ ਬਿਲਕੁਲ ਨਹੀਂ ਸੀ। ਇਹ ਹੀ ਉਹ ਮੁੱਖ ਕਾਰਨ ਸਨ, ਜਿਨ੍ਹਾਂ ਨੇ ਗੁਰੂ ਅਰਜੁਨ ਦੇਵ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਲਈ ਮਜਬੂਰ, ਪ੍ਰੇਰਿਤ ਅਤੇ ਉਤਸ਼ਾਹਿਤ ਕੀਤਾ। ਕੱਚੀ ਬਾਣੀ ਨੂੰ ਸੱਚੀ ਬਾਣੀ ਤੋਂ ਨਿਖੇੜਨਾ ਅਤੇ ਕੁੱਝ ਹੋਰ ਸੰਤਾਂ, ਭਗਤਾਂ ਅਤੇ ਸੂਫ਼ੀ ਫਕੀਰਾਂ ਦੀ ਵੀ ਬਾਣੀ ਨੂੰ ਇਕੱਤਰ ਕਰਨ ਦੀ ਇਹ ਇੱਕ ਸਫਲ ਕੋਸ਼ਿਸ਼ ਸੀ। ਕੇਸਰ ਸਿੰਘ ਛਿੱਬਰ ਦੁਆਰਾ ਰਚਿਤ ਪੁਸਤਕ “ਬੰਸਾਵਲੀ ਨਾਮਾ ਪਾਤਸ਼ਾਹੀਆਂ ਦਸਾਂ ਕਾ” ਪੰਨਾ 50-51 ਅਨੁਸਾਰ, “ਆਦਿ ਗ੍ਰੰਥ ਦੀ ਸੰਪਾਦਨਾ ਦਾ ਮੁੱਖ ਕਾਰਨ ਪਰਿਵਾਰਕ ਝਗੜਾ ਹੀ ਸੀ।” ਪ੍ਰਿਥੀ ਚੰਦ `ਤੇ ਮਿਹਰਬਾਨ ਵਲੋਂ ਬਾਣੀ ਰਚਨਾ ਅਤੇ ਗੁਰੂ ਗੱਦੀ ਹਾਸਲ ਕਰਨ ਲਈ ਗੁਰੂ ਅਰਜਨ ਦੇਵ ਜੀ ਨਾਲ ਵੈਰ ਵਿਰੋਧ ਰੱਖਣਾ ਇਸ ਤੱਥ ਦਾ ਪ੍ਰਤੱਖ ਪ੍ਰਮਾਣ ਹੈ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਨਾਲ ਗੁਰੂ ਅਰਜਨ ਦੇਵ ਜੀ ਨੇ ਭਾਰਤੀ ਧਰਮ ਸਾਹਿਤ ਨੂੰ ਇਕੱਤਰ ਕਰਕੇ ਭਾਰਤ `ਚ ਸੰਪਾਦਨ ਕਲਾ ਦੇ ਖੇਤਰ `ਚ ਵਿਕਾਸ ਦਾ ਇੱਕ ਅਹਿਮ ਕੰਮ ਕੀਤਾ। ਇਸ ਤਰ੍ਹਾਂ ਗੁਰੂ ਅਰਜੁਨ ਦੇਵ ਜੀ ਨੇ ਇੱਕ ਅਦੁਤੀ ਧਾਰਮਿਕ ਸੰਸਥਾ ਦੀ ਨੀਂਹ ਰੱਖੀ। ਅਜਿਹਾ ਕਰਕੇ ਉਹਨਾਂ ਨੇ ਸਿੱਖ ਧਰਮ ਨੂੰ ਅਦਭੁਤ ਗੌਰਵ ਅਤੇ ਮਾਣ ਦਾ ਅਹਿਸਾਸ ਕਰਾਇਆ, ਕਿਉਂਕਿ ਇਹ ਇੱਕ ਪ੍ਰਮਾਣਿਕ ਸੱਚ ਹੈ ਕਿ ਜਿਸ ਧਰਮ ਕੋਲ ਆਪਣੀ ਭਾਸ਼ਾ ਅਤੇ ਆਪਣਾ ਗ੍ਰੰਥ ਹੋਵੇ ਉਹ ਧਰਮ ਕਦੇ ਸਮਾਪਤ ਨਹੀਂ ਹੋ ਸਕਦਾ।

ਇਸ 974 ਸਫਿਆਂ ਵਾਲੀ ਪੋਥੀ (ਪੋਥੀ ਪਰਮੇਸ਼ਰ ਦਾ ਥਾਨ) ਦੀ ਸੰਪਾਦਨਾ 1604 ਈ `ਚ ਹੋ ਗਈ ਸੀ। ਇਸ ਗ੍ਰੰਥ ਦਾ ਪ੍ਰਕਾਸ਼ ਪਹਿਲੀ ਵਾਰ ਅੰਮ੍ਰਿਤਸਰ `ਚ ਗੁਰਦੁਆਰਾ ਹਰਿਮੰਦਰ ਸਾਹਿਬ `ਚ ਹੋਇਆ ਜਿਸ ਦਾ ਪਹਿਲਾ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ। ਪਰ ਇਸ ਗ੍ਰੰਥ ਨੂੰ ਗੁਰੂ ਦੀ ਪਦਵੀ ਗੁਰੂ ਗੋਬਿੰਦ ਸਿੰਘ ਜੀ ਨੇ 1708 ਈ. `ਚ ਦਿੱਤੀ। ਉਹਨਾਂ ਨੇ ਇਸ ਗ੍ਰੰਥ ਨੂੰ ਭਾਈ ਮਨੀ ਸਿੰਘ ਤੋਂ ਦੁਬਾਰਾ ਲਿਖਵਾਇਆ ਅਤੇ ਆਪਣੇ ਪਿਤਾ ਗੁਰੂ ਤੇਗ ਬਹਾਦੁਰ ਜੀ ਦੁਆਰਾ ਰਾਗ ਜੈਜਾਵੰਤੀ (ਗੁ. ਗ੍ਰੰ. ਸਾ. ਜੀ ਦਾ 31ਵਾਂ ਰਾਗ) `ਚ ਰਚੀ ਬਾਣੀ ਵੀ ਇਸ `ਚ ਸ਼ਾਮਲ ਕਰ ਦਿੱਤੀ। ਇਸ ਗ੍ਰੰਥ ਦੇ 1430 ਸਫ਼ੇ ਹਨ। ਛੇਵੇਂ, ਸੱਤਵੇਂ ਅਤੇ ਅੱਠਵੇਂ ਗੁਰੂ ਸਾਹਿਬਾਨ ਨੇ ਆਪਣੀ ਕਿਸੇ ਬਾਣੀ ਦੀ ਰਚਨਾ ਨਹੀਂ ਕੀਤੀ।

ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਕਰਤਾਰਪੁਰ (ਜ਼ਿਲ੍ਹਾ ਜਲੰਧਰ) ਛੱਡ ਕੇ ਕੀਰਤਪੁਰ (ਜ਼ਿਲ੍ਹਾ ਰੋਪੜ) ਗਏ ਤਾਂ ਆਦਿ ਗ੍ਰੰਥ ਨੂੰ ਉਹਨਾਂ ਦੇ ਪੋਤਰੇ ਧੀਰਮੱਲ ਨੇ ਹਥਿਆ ਲਿਆ। ਉਸ ਨੇ ਗੁਰਗੱਦੀ ਪ੍ਰਾਪਤ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ। ਪਰ ਅਯੋਗਤਾ ਕਾਰਨ ਗੱਦੀ ਪ੍ਰਾਪਤ ਕਰਨ `ਚ ਨਾਕਾਮ ਰਿਹਾ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਜੀ ਦੀ ਬਾਣੀ ਉਸ ਗ੍ਰੰਥ `ਚ ਸ਼ਾਮਲ ਕਰਨ ਲਈ ਆਦਿ ਗ੍ਰੰਥ ਦਮਦਮਾ ਸਾਹਿਬ `ਚ ਲਿਆਉਣ ਦੇ ਮਕਸਦ ਨਾਲ ਜੁਲਾਈ, 1705 ਈ. `ਚ 25 ਸੇਵਾਦਾਰਾਂ ਦਾ ਇੱਕ ਜੱਥਾ ਥੀਰਮੱਲ ਕੋਲ ਭੇਜਿਆ। ਪਰ ਧੀਰਮੱਲ ਨੇ ਉਹਨਾਂ ਨੂੰ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ, “ਤੁਹਾਡੇ ਗੁਰੂ ਨੂੰ ਤਾਂ ਸਾਰੀ ਬਾਣੀ ਜ਼ੁਬਾਨੀ ਯਾਦ ਹੈ, ਉਹਨਾਂ ਨੂੰ ਕਹੋ ਕਿ ਉਹ ਆਪਣਾ ਸਾਰਾ ਗ੍ਰੰਥ ਦੁਬਾਰਾ ਲਿਖਵਾ ਲੈਣ।” ਇਹ ਸੁਣਕੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ, ਜੋ ਕਿ ਗੁਰੂ ਜੀ ਦੇ ਸ਼ਰਧਾਲੂ ਸਿੱਖ ਸਨ, ਨੂੰ ਆਪਣੇ ਕੋਲ ਬਿਠਾਇਆ ਅਤੇ ਕਿਹਾ ਕਿ ਜੋ ਮੈਂ ਬੋਲਦਾ ਜਾ ਰਿਹਾ ਹਾਂ, ਤੁਸੀਂ ਲਿਖਦੇ ਰਹਿਣਾ। ਆਪ ਸਮਾਧੀ ਵਿੱਚ ਲੀਨ ਹੋ ਕੇ ਪੂਰਾ ਗ੍ਰੰਥ ਸ਼ੁਰੂ ਤੋਂ ਯਾਨੀ ੴ ਤੋਂ ਲੈ ਕੇ ਅਖੀਰ ਤੱਕ ਲਿਖਵਾ ਦਿੱਤਾ। ਇਸ ਤਰ੍ਹਾਂ ਇਹ 1430 ਸਫ਼ਿਆਂ ਵਾਲੀ ਨਵੀਂ ਪੋਥੀ ਤਿਆਰ ਹੋਈ। ਨਾਂਦੇੜ `ਚ ਗੁਰਦੁਆਰਾ ਦਮਦਮਾ ਸਾਹਿਬ `ਚ ਇਸ ਦਾ ਪ੍ਰਕਾਸ਼ ਕੀਤਾ ਗਿਆ।

ਇਹ ਕਾਰਜ ਅਗਸਤ, 1706 ਈ. `ਚ ਮੁਕੰਮਲ ਹੋਇਆ। ਗਿਆਨੀ ਗਿਆਨ ਸਿੰਘ ਦੇ ਪ੍ਰਥ ਪ੍ਰਕਾਸ਼ `ਚ ਲਿਖੇ ਅਨੁਸਾਰ ਦਮਦਮਾ ਸਾਹਿਬ ਵਾਲਾ ਗ੍ਰੰਥ ਬੁੱਢਾ ਦਲ ਕੋਲ ਰਹਿ ਗਿਆ ਸੀ ਜਿਸ ਨੂੰ ਵੱਡੇ ਘੱਲੂਘਾਰੇ ਸਮੇਂ ਦੁਰਾਨੀ ਲੈ ਗਏ ਸਨ। ਹੁਣ ਇਹ ਕਾਬੁਲ ਵਾਲੀ ਵੱਡੀ ਧਰਮਸ਼ਾਲਾ `ਚ ਸੁਰੱਖਿਅਤ ਹੈ। ਪਰ ਕੁੱਝ ਹੋਰ ਜਾਣਕਾਰਾਂ ਅਨੁਸਾਰ ਇਹ ਗ੍ਰੰਥ ਪਟਿਆਲਾ ਵਿਖੇ ਬਾਬਾ ਆਲਾ ਸਿੰਘ ਜੀ ਦੇ ਬੁਰਜ ਵਿੱਚ ਰੱਖਿਆ ਹੋਇਆ ਹੈ।

ਇਸ ਤਰ੍ਹਾਂ 1708 ਈ. `ਚ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਦੇਹਧਾਰੀ ਗੁਰੂ ਦੀ ਪ੍ਰਥਾ ਖਤਮ ਕਰਕੇ ਇਸ ਗ੍ਰੰਥ ਨੂੰ ਗੁਰੂ ਦੀ ਉਪਾਧੀ ਨਾਲ ਨਿਵਾਜ਼ਿਆ। ਇਹ ਆਪਣੇ ਆਪ `ਚ ਇੱਕ ਅਦਭੁੱਤ ਕਾਰਜ ਸੀ।

ਇਹ ਤਾਂ ਸਭ ਜਾਣਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਵਰਤਮਾਨ ਗੁਰੂ ਹਨ। ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜੁਨ ਦੇਵ ਜੀ ਨੇ ਇਸ ਦਾ ਸੰਪਾਦਨ ਕੀਤਾ ਹੈ। ਪਰ ਸਵਾਲ ਇਹ ਉੱਠਦਾ ਹੈ ਕਿ ਗੁਰੂ ਅਰਜੁਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਲਈ ਗੁਰੂ ਸਾਹਿਬਾਨ ਅਤੇ ਭਗਤਾਂ ਦੀ ਬਾਣੀ ਇਕੱਤਰ ਕਿਵੇਂ ਕੀਤੀ? ਇਸ ਪ੍ਰਸ਼ਨ ਦੇ ਉੱਤਰ ਲਈ ਸਾਨੂੰ ਭਾਈ ਵੀਰ ਸਿੰਘ ਜੀ ਦੁਆਰਾ ਰਚਿਤ ‘ਪੁਰਾਤਨ ਜਨਮ ਸਾਖੀ’ ਦੇ ਕੁੱਝ ਸਫ਼ਿਆਂ ਨੂੰ ਪਲਟਣਾ ਤੇ ਖੰਘਾਲਣਾ ਹੋਏਗਾ। ਉਹਨਾਂ ਸਾਖੀਆਂ ਨੂੰ ਪੜ੍ਹਨਾ ਪਵੇਗਾ ਜੋ ਸਮਕਾਲੀ ਲੇਖਕਾਂ ਜਾਂ ਇਤਿਹਾਸਕਾਰਾਂ ਨੇ ਲਿਖੀਆਂ ਹਨ। ਇਸ ਪੁਰਾਤਨ ਜਨਮਸਾਖੀ ਦੇ ਸਫ਼ਾ ਨੰ. 50 ਤੋਂ 210 ਤੱਕ ਇਸ ਗੱਲ ਦਾ ਸੰਕੇਤ ਮਿਲਦਾ ਹੈ ਕਿ ਦੱਖਣ ਦੀ ਉਦਾਸੀ (ਧਰਮ ਪ੍ਰਚਾਰ ਲਈ ਯਾਤਰਾ) ਸਮੇਂ ਘੋਹੇ ਜਾਤੀ ਦੇ ਸੈਦੋਂ ਨਾਂ ਦੇ ਵਿਅਕਤੀ ਦਾ ਉਹਨਾਂ ਨਾਲ ਹੋਣ ਦਾ ਪ੍ਰਮਾਣ ਮਿਲਦਾ ਹੈ। ਉਸ ਉਦਾਸੀ ਦੌਰਾਨ ਜੋ ਵਿਚਾਰ ਵਟਾਂਦਰਾ ‘ਅਨਭੀ ਸਰੇਵੜੇ’ ਨਾਮੀ ਵਿਅਕਤੀ ਨਾਲ ਹੋਇਆ ਅਤੇ ਉਸ ਸਮੇਂ ਗੁਰੂ ਜੀ ਨੇ ਜੋ ਬਾਣੀ ਉਚਾਰਣ ਕੀਤੀ, ਉਸ ਨੂੰ ਸੈਦੋਂ ਨੇ ਉਸੀ ਸਮੇਂ ਲਿਖ ਲਿਆ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਸੈਦੋਂ ਨੂੰ ਗੁਰੂ ਜੀ ਨੇ ਇਸੇ ਕਾਰਜ ਲਈ ਆਪਣੇ ਨਾਲ ਰੱਖਿਆ ਸੀ। ਇਸੇ ਤਰ੍ਹਾਂ ਉੱਤਰ ਦੀ ਉਦਾਸੀ ਸਮੇਂ ‘ਹਸੂ ਲੁਹਾਰ’ ਅਤੇ ‘ਸੀਹਾ ਛੀਂਬਾ’ ਨਾਮੀ ਦੋ ਵਿਅਕਤੀ ਗੁਰੂ ਜੀ ਦੀ ਬਾਣੀ ਲਿਖਣ ਲਈ ਉਹਨਾਂ ਦੇ ਨਾਲ ਗਏ ਸਨ। ਇਸ ਤਰ੍ਹਾਂ ਗੁਰੂ ਜੀ ਨਾਲ ਹੋਰ ਵੀ ਲਿਖਾਰੀ ਰਹਿੰਦੇ ਸਨ, ਜਿਹਨਾਂ `ਚੋਂ ‘ਝਾੜੂ ਕਲਾਲ’ ਤੇ ‘ਮਨਸੁਖ ਬਾਣੀਆਂ’ ਜ਼ਿਕਰਯੋਗ ਹਨ। ਪੁਰਾਤਨ ਜਨਮਸਾਖੀ ਅਨੁਸਾਰ ਜਿਹੜੀ ਵੀ ਬਾਣੀ ਗੁਰੂ ਜੀ ਉਚਾਰਦੇ ਸਨ, ਉਸ ਨੂੰ ਲਿਖਤ ਰੂਪ `ਚ ਗੁਰੂ ਜੀ ਨੂੰ ਸੌਂਪ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਇਕੱਤਰ ਕੀਤੀ ਹੋਈ ਬਾਣੀ, ਜੋ ਗੁਰੂ ਨਾਨਕ ਦੇਵ ਜੀ ਕੋਲ ਪੋਥੀ ਦੇ ਰੂਪ `ਚ ਸੀ, ਉਹ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਗੱਦੀ ਸੌਂਪਦਿਆਂ ਹੀ ਦੇ ਦਿੱਤੀ।

ਇਸ ਤਰ੍ਹਾਂ ਜੇਕਰ ਅਸੀਂ ਪ੍ਰੋ. ਸਾਹਿਬ ਸਿੰਘ ਜੀ, ਜੋ ਸਿੱਖ ਜਗਤ ਦੇ ਮਹਾਨ ਵਿਦਵਾਨ, ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਵਿਆਖਿਆਕਾਰ, ਟੀਕਾਕਾਰ, ਦਾਰਸ਼ਨਿਕ ਤੇ ਸਾਹਿਤਕਾਰ ਮੰਨੇ ਜਾਂਦੇ ਹਨ ਅਤੇ ਜਿਨ੍ਹਾਂ ਨੇ ਗੁਰਬਾਣੀ ਵਿਆਕਰਨ ਦੀ ਰਚਨਾ ਵੀ ਕੀਤੀ ਹੈ, ਉਹਨਾਂ ਦੀਆਂ ‘ਆਦਿ ਬੀੜ ਬਾਰੇ’, ਤੇ ‘ਗੁਰੂ ਨਾਨਕ ਬਾਣੀ’ ਨਾਮੀ ਪੁਸਤਕਾਂ ਦਾ ਅਧਿਐਨ ਕਰੀਏ ਤਾਂ ਇਹ ਸਿੱਧ ਹੁੰਦਾ ਹੈ ਕਿ ਗੁਰੂ ਨਾਨਕ ਜੀ ਆਪਣੀ ਬਾਣੀ ਆਪ ਲਿਖ ਲੈਂਦੇ ਸਨ। ਸ਼ਰਧਾਲੂ ਤੇ ਸਾਥੀ ਵੀ ਨਾਲੋ ਨਾਲ ਲਿਖਦੇ ਰਹਿੰਦੇ ਸਨ। ਉਦੋਂ ਤੋਂ ਹੀ ਉਹਨਾਂ ਦੀ ਬਾਣੀ ਦਾ ਇਕੱਤ੍ਰੀਕਰਨ ਅਤੇ ਪ੍ਰਚਾਰ ਹੋਣਾ ਸ਼ੁਰੂ ਹੋ ਗਿਆ ਸੀ। ਇਸੇ ਨੂੰ ਪ੍ਰਮਾਣਿਤ ਕਰਨ ਲਈ ਉਹਨਾਂ ਨੇ ‘ਪੁਰਾਤਨ ਜਨਮ ਸਾਖੀ’ ਵਿਚੋਂ ਕੁੱਝ ਸਾਖੀਆਂ ਜਿਵੇਂ ਖੇਤੀ, ਵਣਜ, ਸੈਦਪੁਰ ਦੀ ਬੰਦ, ਸੌਦਾਗਰੀ ਦੀਆਂ ਕੁੱਝ ਉਦਾਹਰਣਾਂ ਵੀ ਦਿੱਤੀਆਂ ਹਨ।

ਉਪਰੋਕਤ ਸਾਰੀਆਂ ਉਦਾਹਰਣਾਂ ਅਤੇ ਤੱਥਾਂ ਤੋਂ ਇਹ ਭਲੀ ਭਾਂਤ ਸਪੱਸ਼ਟ ਹੋ ਜਾਂਦਾ ਹੈ ਕਿ ਗੁਰੂ ਨਾਨਕ ਜੀ ਦੀ ਬਾਣੀ ਉਹਨਾਂ ਦੇ ਜੀਵਨ ਕਾਲ ਦੌਰਾਨ ਹੀ ਪੋਥੀ ਦੀ ਸ਼ਕਲ ਵਿੱਚ ਇਕੱਤਰ ਹੋਣੀ ਸ਼ੁਰੂ ਹੋ ਗਈ ਸੀ। ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ ਉਹਨਾਂ ਨੇ ਇਹ ਪੋਥੀ ਲਹਿਣਾ ਜੀ (ਜੋ ਮਗਰੋਂ ਗੁਰੂ ਅੰਗਦ ਦੇਵ ਬਣੇ) ਨੂੰ ਸੌਂਪ ਦਿੱਤੀ ਸੀ। ਗੁਰੂ ਨਾਨਕ ਬਾਣੀ ਗੁਰੂ ਅੰਗਦ ਦੇਵ ਜੀ ਕੋਲ ਹੋਣ ਦਾ ਇੱਕ ਪ੍ਰਤੱਖ ਪ੍ਰਮਾਣ ਇਹ ਵੀ ਹੈ ਕਿ ਜਦੋਂ ਅਸੀਂ ਗੁਰੂ ਅੰਗਦ ਦੇਵ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ ਤਾਂ ਉਸ ਉੱਪਰ ਨਾਨਕ ਬਾਣੀ ਦਾ ਪ੍ਰਭਾਵ ਸਪਸ਼ਟ ਦਿਖਾਈ ਦਿੰਦਾ ਹੈ। ਉਦਾਹਰਨ ਦੇ ਤੌਰ `ਤੇ ਗੁਰੂ ਨਾਨਕ ‘ਜਪੁਜੀ’ `ਚ ਲਿਖਦੇ ਹਨ “ਭੁਖਿਆਂ ਭੁਖ ਨਾ ਉੱਤਰੀ ਜੇ ਬੰਨ੍ਹਾਂ ਪੁਰੀਆ ਭਾਰ’ (ਗੁ. ਗ੍ਰੰ. ਸਾ. , ਅੰਕ: 1) ਹੁਣ ਇਸੇ ਦੀ ਤੁਲਨਾ ਵਿੱਚ ਗੁਰੂ ਅੰਗਦ ਦੇਵ ਜੀ ਦੀ ਬਾਣੀ ਵਿਚਾਰੋ “ਭੁਖਿਆਂ ਭੁਖ ਨਾ ਉਤਰੈ ਗਲੀਂ ਭੁਖ ਨਾ ਜਾਇ, ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ” (ਗੁ. ਗ੍ਰੰ. ਸਾ. , ਅੰਕ: 147)

ਗੁਰੂ ਗ੍ਰੰਥ ਸਾਹਿਬ `ਚੋਂ ਅਜਿਹੀਆਂ ਹੋਰ ਕਈ ਉਦਾਹਰਨਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ ਜਿਹਨਾਂ ਦੇ ਆਧਾਰ `ਤੇ ਅਸੀਂ ਨਿਸ਼ਚਿਤ ਰੂਪ `ਚ ਕਹਿ ਸਕਦੇ ਹਾਂ ਗੁਰੂ ਅੰਗਦ ਦੇਵ ਜੀ ਕੋਲ ਗੁਰੂ ਬਾਣੀ ਦੀ ਪੋਥੀ ਸੀ। ਇਸ ਤਰ੍ਹਾਂ ਇਹ ਪੋਥੀ ਜਿਸ ਵਿੱਚ ਗੁਰੂ ਨਾਨਕ ਦੇਵ ਅਤੇ ਗੁਰੂ ਅੰਗਦ ਦੇਵ ਜੀ ਦੀ ਬਾਣੀ ਦੇ ਨਾਲ-ਨਾਲ ਹੋਰਨਾਂ ਸੰਤਾਂ, ਭਗਤਾਂ ਅਤੇ ਸੂਫੀ ਫਕੀਰਾਂ ਦੀ ਬਾਣੀ ਵੀ ਇਕੱਤਰ ਹੋ ਗਈ ਸੀ, ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤੀ ਗਈ ਸੀ। ਇਸ ਤੋਂ ਬਾਅਦ ਕ੍ਰਮਵਾਰ ਇਹ ਪੋਥੀ ਗੁਰਗੱਦੀ ਸਹਿਤ ਗੁਰੂ ਅਮਰਦਾਸ ਜੀ ਤੋਂ ਗੁਰੂ ਰਾਮ ਦਾਸ ਜੀ ਕੋਲ ਆਈ ਤੇ ਅਖੀਰ `ਚ ਜਦੋਂ ਇਹ ਗੁਰੂ ਅਰਜੁਨ ਦੇਵ ਜੀ ਨੂੰ ਪ੍ਰਾਪਤ ਹੋਈ ਤਾਂ ਇਸ ਵਿੱਚ ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਜੀ ਦੀ ਬਾਣੀ ਦਰਜ ਹੋ ਚੁੱਕੀ ਸੀ। ਹੁਣ ਇਸ ਪੋਥੀ ਵਿੱਚ ਗੁਰੂ ਅਰਜੁਨ ਦੇਵ ਜੀ ਵਲੋਂ ਆਪਣੇ ਜੀਵਨ ਕਾਲ ਦੌਰਾਨ 30 ਰਾਗਾਂ `ਚ ਰਚੀ ਬਾਣੀ ਵੀ ਸ਼ਾਮਲ ਹੋ ਗਈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਤੁਲਨਾਤਮਕ ਅਧਿਐਨ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਉਤਰਾਅਧਿਕਾਰੀ ਗੁਰੂ ਸਾਹਿਬਾਨ ਦੀ ਬਾਣੀ ਦਾ ਆਧਾਰ ਉਹਨਾਂ ਦੇ ਪੂਰਵਜ ਗੁਰੂ ਸਾਹਿਬਾਨ ਦੀ ਬਾਣੀ ਹੀ ਸੀ। ਕਈ ਥਾਵਾਂ ਉੱਪਰ ਤਾਂ ਗੁਰੂ ਸਾਹਿਬਾਨ ਦੀ ਬਾਣੀ ਉੱਪਰ ਭਗਤਾਂ ਅਤੇ ਸੂਫੀ ਸੰਤਾਂ ਦੀ ਬਾਣੀ ਦਾ ਪ੍ਰਭਾਵ ਵੀ ਦੇਖਣ ਨੂੰ ਮਿਲਦਾ ਹੈ। ਉਦਾਹਰਣ ਵਜੋਂ ਬਾਬਾ ਫਰੀਦ ਜਿਹਨਾਂ ਦਾ ਜੀਵਨ ਕਾਲ 1173 ਤੋਂ 1266 ਈਸਵੀ ਦੱਸਿਆ ਜਾਂਦਾ ਹੈ, ਦੀ ਬਾਣੀ ਇਸ ਪ੍ਰਕਾਰ ਹੈ:- ‘ਤਨੁ ਤਪੈ ਤਨੂਰ ਜਿਉਂ ਬਾਲਣੁ ਹਡ ਬਲੰਨਿ, ਪੈਰੀ ਥਕਾ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨਿ। (ਗੁ. ਗ੍ਰੰ. ਸਾ. , ਅੰਕ: 1384) ਜੇਕਰ ਇਸ ਦੀ ਤੁਲਨਾ `ਚ ਗੁਰੂ ਨਾਨਕ ਦੀ ਬਾਣੀ ਵੇਖੀਏ ਤਾਂ ਇਉਂ ਜਾਪਦਾ ਹੈ ਜਿਵੇਂ ਗੁਰੂ ਨਾਨਕ ਬਾਬਾ ਫਰੀਦ ਦੇ ਸੁਆਲ ਦਾ ਜੁਆਬ ਦੇ ਰਹੇ ਹੋਣ, “ਤਨੁ ਨਾ ਤਪਾਇ ਤਨੂਰ ਜਿਉਂ ਬਾਲਣੁ ਹੱਡ ਨਾ ਬਾਲਿ, ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ” (ਗੁ. ਗ੍ਰੰ. ਸਾ. , ਅੰਕ: 1384)।

ਅਜਿਹੀ ਸਮਾਨਤਾ ਗੁਰੂ ਨਾਨਕ ਅਤੇ ਭਗਤ ਕਬੀਰ ਦੀ ਬਾਣੀ `ਚ ਵੀ ਵੇਖੀ ਜਾ ਸਕਦੀ ਹੈ। ਉਦਾਹਰਨ ਵਜੋਂ ਕਬੀਰ ਦਾ ਇਹ ਸ਼ਬਦ ਵੇਖੋ “ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ, ਭਾਠੀ ਭਵਨੁ ਪ੍ਰੇਮ ਕਾ ਪੌਚਾ ਇਤੁ ਰਸਿ ਅਮੀਉ ਚੁਆਈਐ” (ਗੁ. ਗ੍ਰੰ. ਸਾ. , ਅੰਕ: 360)

ਅਜਿਹੀ ਸਮਾਨਤਾ ਭਗਤ ਨਾਮ ਦੇਵ ਅਤੇ ਗੁਰੂ ਨਾਨਕ ਦੇਵ ਦੀ ਬਾਣੀ `ਚ ਵੀ ਵੇਖੀ ਜਾ ਸਕਦੀ ਹੈ। ਭਗਤ ਨਾਮ ਦੇਵ ਜੀ ਕਹਿੰਦੇ ਹਨ:- ਜਬ ਦੇਖਾ ਤਬ ਗਾਵਾ, ਤਉ ਜਨ ਧੀਰਜ ਪਾਵਾ। ਨਾਦਿ ਸਮਾਇਲੋ ਰੇ ਸਤਗੁਰ ਭੇਟਿ ਲੇ ਦੇਵਾ। (ਗੁ. ਗ੍ਰੰ. ਸਾ. , ਅੰਕ: 656) ਹੁਣ ਗੁਰੂ ਨਾਨਕ ਦੇਵ ਦਾ ਇਹ ਸ਼ਬਦ ਦੇਖੋ:- ਜਾ ਤਿਸ ਭਾਵਾ ਤਦ ਹੀ ਗਾਵਾ।। ਤਾ ਗਾਵੇ ਕਾ ਫਲੁ ਪਾਵਾ।। ਗਾਵੇ ਕਾ ਫਲੁ ਹੋਈ।। ਜਾ ਆਪੇ ਦੇਵੈ ਸੋਈ।। (ਗੁ. ਗ੍ਰੰ. ਸਾ. , ਅੰਕ: 599)

ਇਹ ਸਮਾਨਤਾ ਭਗਤ ਬੈਣੀ ਅਤੇ ਗੁਰੂ ਨਾਨਕ ਦੇਵ ਦੀ ਬਾਣੀ `ਚ ਵੀ ਮਿਲਦੀ ਹੈ। ਪਹਿਲਾਂ ਭਗਤ ਬੈਣੀ ਜੀ ਦੇ ਵਿਚਾਰ ਵੇਖੋ:- ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇੱਕ ਠਾਈ, ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜੁਨ ਕਰੇ ਤਿਥਾਈ। (ਗੁ. ਗ੍ਰੰ. ਸਾ. , ਅੰਕ: 974) ਇਸ ਦੀ ਤੁਲਨਾ `ਚ ਗੁਰੂ ਨਾਨਕ ਦੀ ਬਾਣੀ ਵੇਖੀ ਜਾ ਸਕਦੀ ਹੈ:- ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ, ਨਾਨਕ ਤਿਹੁ ਤੇ ਉਪਰਿ ਸਾਚਾ ਸਤਗੁਰ ਸ਼ਬਦਿ ਸਮਾਏ। (ਗੁ. ਗ੍ਰੰ. ਸਾ. , ਅੰਕ: 944)

ਇਹਨਾਂ ਸਾਰੇ ਭਗਤਾਂ, ਫਕੀਰਾਂ ਅਤੇ ਗੁਰੂ ਨਾਨਕ ਬਾਣੀ ਦੀ ਜੇਕਰ ਤੁਲਨਾ ਕਰੀਏ ਤਾਂ ਉਸ ਵਿੱਚ ਵਿਸ਼ਾ, ਵਿਚਾਰ ਜਾਂ ਸ਼ਬਦਾਂ ਦੀ ਪੱਧਰ `ਤੇ ਗੰਭੀਰ ਸਮਾਨਤਾ ਦਾ ਪਤਾ ਚੱਲਦਾ ਹੈ। ਇੰਨਾ ਹੀ ਨਹੀਂ ਇਸ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪ ਇਹਨਾਂ ਸੰਤਾਂ ਤੇ ਭਗਤਾਂ ਦੀ ਬਾਣੀ ਨੂੰ ਇਕੱਤਰ ਕੀਤਾ ਸੀ। ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਇਹ ਅਨੁਭਵ ਕੀਤਾ ਕਿ ਭਗਤਾਂ ਦੇ ਵਿਚਾਰਾਂ ਨੂੰ ਹੋਰ ਸਪੱਸ਼ਟਤਾ ਦੀ ਲੋੜ ਹੈ ਉਥੇ, ਜਾਂ ਫਿਰ ਦ੍ਰਿਸ਼ਟੀਕੋਣ ਦੀ ਕੋਈ ਅਸਮਾਨਤਾ ਨਜ਼ਰ ਆਈ ਉਥੇ ਉਹਨਾਂ ਆਪਣੀ ਬਾਣੀ ਵੀ ਦਰਜ ਕਰਕੇ ਵਿਸ਼ੇ ਨੂੰ ਹੋਰ ਸਪੱਸ਼ਟ ਕਰ ਦਿੱਤਾ। ਇਹਨਾਂ ਸਾਰੇ ਤੱਥਾਂ ਦਾ ਗਹਿਨ ਅਧਿਐਨ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਪਹਿਲੀ ਪਾਤਸ਼ਾਹੀ ਨੇ ਸਿਰਫ ਆਪਣੀ ਬਾਣੀ ਲਿਖ ਕੇ ਹੀ ਨਹੀਂ ਸੰਭਾਲੀ ਬਲਕਿ ਭਵਿੱਖ ਦੀ ਜ਼ਰੂਰਤ ਅਨੁਸਾਰ ਆਪਣੇ ਪੂਰਵਜ ਸੂਫੀ, ਸੰਤਾਂ, ਭਗਤਾਂ ਅਤੇ ਮਹਾਪੁਰਸ਼ਾਂ ਦੀ ਬਾਣੀ ਵੀ ਇਕੱਤਰ ਕਰ ਲਈ ਸੀ। ਇਹਨਾਂ ਮਹਾਪੁਰਸ਼ਾਂ `ਚੋਂ ਪ੍ਰਮੁੱਖ ਹਨ - ਬਾਬਾ ਫਰੀਦ ਜੀ, ਭਗਤ ਕਬੀਰ ਜੀ, ਜੈ ਦੇਵ ਜੀ, ਬੇਣੀ ਜੀ, ਰਾਮਾਨੰਦ ਜੀ ਅਤੇ ਨਾਮਦੇਵ ਜੀ ਆਦਿ। ਇਸ ਤਰ੍ਹਾਂ ਹੌਲੀ-ਹੌਲੀ ਉਹ ਸਾਰੀ ਬਾਣੀ ਗੁਰੂ ਅਰਜੁਨ ਦੇਵ ਜੀ ਨੂੰ ਆਪਣੇ ਵੱਖੋ-ਵੱਖਰੇ ਸ੍ਰੋਤਾਂ ਤੇ ਸਾਧਨਾਂ ਰਾਹੀਂ ਹਾਸਲ ਹੋਈ। ਇਥੇ ਸਰੋਤਾਂ ਅਤੇ ਸਾਧਨਾਂ ਵਰਗੇ ਸ਼ਬਦਾਂ ਦਾ ਇਸਤੇਮਾਲ ਇਸ ਲਈ ਕਰਨਾ ਪੈ ਰਿਹਾ ਹੈ ਕਿਉਂਕਿ ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਗੁਰੂ ਅਰਜੁਨ ਦੇਵ ਜੀ ਨੂੰ ਇਹ ਪੋਥੀ ਅਸਾਨੀ ਨਾਲ ਪ੍ਰਾਪਤ ਨਹੀਂ ਸੀ ਹੋਈ। ਭਾਈ ਸੰਤੋਖ ਸਿੰਘ ਆਪਣੇ ਗ੍ਰੰਥ ‘ਗੁਰ ਪ੍ਰਤਾਪ ਸੂਰਜ’ ਸਫਾ 1023 ਅਤੇ ਮੈਕਾਲਿਫ ਆਪਣੀ ਪੁਸਤਕ ‘ਦੀ ਸਿੱਖ ਰਿਲੀਜਨ’ (ਵੋਲ. III) ਦੇ ਸਫਾ 55-58 ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਲਿਖਦੇ ਹਨ ਕਿ ਗੁਰੂ ਅਮਰਦਾਸ ਜੀ ਦੇ ਵੱਡੇ ਬੇਟੇ ਬਾਬਾ ਮੋਹਨ ਕੋਲ ਬਾਣੀ ਦੀ ਪੋਥੀ ਸੰਭਾਲ ਕੇ ਰੱਖੀ ਹੋਈ ਸੀ। ਜਦੋਂ ਗੁਰੂ ਸਾਹਿਬਾਨ, ਸੰਤਾਂ ਅਤੇ ਭਗਤਾਂ ਦੀ ਬਾਣੀ ਵਾਲੀਆਂ ਪੋਥੀਆਂ ਗੁਰੂ ਅਮਰਦਾਸ ਜੀ ਕੋਲ ਪਹੁੰਚੀਆਂ ਤਾਂ ਉਹਨਾਂ ਨੇ ਇਹ ਸਾਰੀਆਂ ਪੋਥੀਆਂ ਆਪਣੇ ਪੋਤਰੇ ਸਹੰਸਰਾਮ ਨੂੰ ਸੌਂਪ ਦਿੱਤੀਆਂ ਅਤੇ ਉਹ ਸਾਰੀ ਬਾਣੀ ਇੱਕ ਥਾਂ ਇਕੱਠੀ ਕਰਨ ਲਈ ਕਿਹਾ। ਸਹੰਸਰਾਮ ਨੇ ਉਸ ਸਾਰੀ ਬਾਣੀ ਨੂੰ ਦੋ ਪੋਥੀਆਂ `ਚ ਇਕੱਤਰ ਕਰ ਦਿੱਤਾ। ਇਹਨਾਂ ਨੂੰ ‘ਗੋਇੰਦਵਾਲ ਵਾਲੀਆਂ ਸੈਂਚੀਆਂ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਲਈ ਗੁਰੂ ਅਰਜੁਨ ਦੇਵ ਜੀ ਨੂੰ ਬਾਬਾ ਮੋਹਨ ਕੋਲੋਂ ਸੰਕਲਿਤ ਬਾਣੀ ਦੀਆਂ ਪੋਥੀਆਂ ਹਾਸਲ ਕਰਨ ਲਈ ਗੋਇੰਦਵਾਲ ਜਾਣਾ ਪਿਆ। ਬਹੁਤ ਸਾਰੀਆਂ ਮਿੰਨਤਾਂ ਅਤੇ ਬੇਨਤੀ ਕਰਨ ਉਪਰੰਤ ਇਹ ਪੋਥੀਆਂ ਪ੍ਰਾਪਤ ਹੋ ਸਕੀਆਂ। ਇਸ ਤਰਕ `ਚ ਕਿੰਨੀ ਕੁ ਸੱਚਾਈ ਹੈ ਇਹ ਕਹਿਣਾ ਤਾਂ ਮੁਸ਼ਕਲ ਹੈ ਪਰ ਇਤਿਹਾਸਕ ਤੱਥਾਂ ਨੂੰ ਵਿਚਾਰਨਾ ਵੀ ਜ਼ਰੂਰੀ ਹੁੰਦਾ ਹੈ, ਜਦ ਕਿ ਪ੍ਰੋ. ਸਾਹਿਬ ਸਿੰਘ ਜੀ ਇਸ ਤਰਕ ਨਾਲ ਸਹਿਮਤ ਨਹੀਂ ਹਨ।

ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਮੂਲ ਕਾਰਨ ਭਾਵੇਂ ਪਰਿਵਾਰਕ ਝਗੜਾ ਹੋਵੇ ਜਾਂ ਕੱਚੀ ਬਾਣੀ ਦੇ ਰਲੇਵੇਂ ਦਾ ਅੰਦੇਸ਼ਾ ਪਰ ਇਹ ਸਭ ਵਿਸ਼ਵ ਅਤੇ ਸਮੁੱਚੀ ਮਾਨਵ ਜਾਤੀ ਦੇ ਭਲੇ ਲਈ ਹੋਇਆ। ਇਹ ਅਜਿਹਾ ਸਰਬ ਧਰਮ ਗ੍ਰੰਥ (ਧਰਮ ਨਿਰਪੱਖ) ਤਿਆਰ ਹੋਇਆ ਜਿਸ ਦੀ ਉਦਾਹਰਣ ਸਮੁੱਚੇ ਵਿਸ਼ਵ `ਚੋਂ ਲੱਭਣੀ ਅਸੰਭਵ ਹੈ। ਇਸ ਵਿੱਚ ਸਾਰੇ ਧਰਮਾਂ ਦੇ ਸੰਤਾਂ ਅਤੇ ਫਕੀਰਾਂ ਦੀ ਬਾਣੀ ਨੂੰ ਬਰਾਬਰ ਸਥਾਨ ਅਤੇ ਸਨਮਾਨ ਪ੍ਰਦਾਨ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜਾਤ ਪਾਤ, ਮੂਰਤੀ ਪੂਜਾ ਤੇ ਅੰਧ-ਵਿਸ਼ਵਾਸ ਦਾ ਖੰਡਨ ਕੀਤਾ ਗਿਆ ਹੈ। ਔਰਤ ਜਾਤੀ ਦੇ ਵਿਕਾਸ ਅਤੇ ਗੌਰਵ ਦੀ ਗੱਲ `ਤੇ ਜ਼ੋਰ ਦਿੱਤਾ ਗਿਆ ਹੈ। ਵਿਅਕਤੀ ਨੂੰ ਇੱਕ ਚੰਗਾ ਤੇ ਨੇਕ ਇਨਸਾਨ ਬਣਨ ਦੀ ਪ੍ਰੇਰਨਾ ਦਿੱਤੀ ਗਈ ਹੈ। ਇਸ ਵਿੱਚ ਸਭ ਤੋਂ ਪੁਰਾਣੀ ਰਚਨਾ ਬਾਬਾ ਫਰੀਦ ਜੀ ਦੀ ਹੈ। ਉਹਨਾਂ ਦਾ ਜੀਵਨ-ਕਾਲ 1173-1266 ਈ. ਹੈ। ਇਸ ਕਾਲ ਦੀ ਸਭ ਤੋਂ ਨਵੀਨ ਰਚਨਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦੁਰ ਜੀ ਦੀ ਹੈ, ਜਿਨ੍ਹਾਂ ਦਾ ਜੀਵਨ ਕਾਲ 1621-1675 ਈ. ਤੱਕ ਦਾ ਸੀ, ਜਿਨ੍ਹਾਂ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਨੇ 1706 `ਚ ਗੁਰੂ ਗ੍ਰੰਥ ਸਾਹਿਬ `ਚ ਦਰਜ ਕਰਾਈ। ਸੋ ਇਹ 12ਵੀਂ ਸਦੀ ਤੋਂ 17ਵੀਂ ਸਦੀ ਤੱਕ ਦੇ ਭਾਰਤ ਦੇ ਪ੍ਰਸਿੱਧ ਮਹਾਪੁਰਸ਼ਾਂ ਦੀ ਪਵਿੱਤਰ ਬਾਣੀ ਦਾ ਪਾਵਨ ਗ੍ਰੰਥ ਹੈ। ਗੁਰੂ ਅਰਜੁਨ ਦੇਵ ਜੀ ਨੇ ਆਪਣੀ ਅਤੇ ਹੋਰਨਾਂ ਸਰੋਤਾਂ ਅਤੇ ਸਾਧਨਾ ਰਾਹੀਂ ਇਕੱਤਰ ਕੀਤੀ ਬਾਣੀ ਨੂੰ ਇੱਕ ਗ੍ਰੰਥ ਦਾ ਰੂਪ ਦੇਣ ਦੀ ਸਕੀਮ ਬਣਾਈ। ਇਸ ਕਾਰਜ ਲਈ ਉਹਨਾਂ ਨੇ ਸਭ ਤੋਂ ਪਹਿਲਾਂ ਬੜੀ ਕੁਸ਼ਲਤਾ ਅਤੇ ਨਿਪੁੰਨਤਾ ਨਾਲ ਸਾਰੀ ਬਾਣੀ ਦੀ ਧਿਆਨ ਨਾਲ ਚੋਣ ਕੀਤੀ। ਇਸ ਸਾਰੇ ਕਾਰਜ ਵਾਸਤੇ ਉਹਨਾਂ ਨੇ (ਪੁਰਾਤਨ ਜਨਮ ਸਾਖੀ ਅਨੁਸਾਰ) ਚਾਰ ਲਿਖਾਰੀ ਨਿਯੁਕਤ ਕੀਤੇ। ਇਹਨਾਂ ਦੇ ਨਾਂ ਸਨ - ਸੰਤ ਦਾਸ, ਸੁੱਖਾ, ਹਰੀਆ ਤੇ ਮੰਸਾ ਰਾਮ। ਗੁਰੂ ਸਾਹਿਬ ਦੇ ਆਦੇਸ਼ ਅਨੁਸਾਰ ਇਹ ਚਾਰੇ ਲਿਖਾਰੀ ਸਾਰੀ ਬਾਣੀ ਨੂੰ ਇੱਕ ਥਾਂ ਲਿਖਦੇ ਰਹੇ। ਇਕੱਤਰ ਕੀਤੀ ਗਈ ਇਸ ਸਾਰੀ ਬਾਣੀ `ਚ ਗੁਰੂ ਸਾਹਿਬਾਨ, ਭਗਤਾਂ, ਸੂਫੀ ਸੰਤਾਂ ਅਤੇ ਫਕੀਰਾਂ ਦੀ ਬਾਣੀ ਵੀ ਸ਼ਾਮਲ ਕੀਤੀ ਗਈ। ਇਸ ਉਪਰੰਤ ਗੁਰੂ ਸਾਹਿਬ ਨੇ ਆਪ ਉਸ ਸਾਰੀ ਹੱਥ ਲਿਖਤ ਬਾਣੀ ਦਾ ਪੁਨਰ ਜਾਇਜ਼ੇ ਦਾ ਕੰਮ ਸ਼ੁਰੂ ਕੀਤਾ। ਇਸ ਕਾਰਜ ਹਿੱਤ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਗਿਆ ਕਿ ਸੰਤਾਂ ਅਤੇ ਭਗਤਾਂ ਦੀ ਬਾਣੀ `ਚ ਗੁਰੂ ਸਾਹਿਬਾਨ ਦੀ ਬਾਣੀ ਨਾਲ ਸਿਧਾਂਤਕ ਮੱਤਭੇਦ ਨਾ ਹੋਵੇ। ਇਸ ਤਰ੍ਹਾਂ ਕਰਦਿਆਂ ਜਿੱਥੇ ਉਹਨਾਂ ਨੂੰ ਜ਼ਰੂਰੀ ਜਾਪਿਆ ਉਹਨਾਂ ਨੇ ਭਗਤਾਂ ਤੇ ਸੰਤਾਂ ਦੀ ਬਾਣੀ ਦੇ ਸਪੱਸ਼ਟੀਕਰਨ ਲਈ ਕਿਸੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਸਹਿ ਬਾਣੀ ਦੇ ਤੌਰ `ਤੇ ਜੋੜ ਦਿੱਤਾ। ਸੋ ਵੱਖ-ਵੱਖ ਜਾਤੀ, ਧਰਮ, ਫਿਰਕੇ ਅਤੇ ਸੂਬੇ ਦੇ ਭਗਤਾਂ, ਸੰਤਾਂ, ਸੂਫੀ-ਫਕੀਰਾਂ ਤੇ ਭੱਟਾਂ ਦੀ ਬਾਣੀ ਸ਼ਾਮਲ ਕਰਕੇ ਗੁਰੂ ਸਾਹਿਬ ਨੇ ਧਰਮ-ਨਿਰਪੱਖਤਾ (ਸਰਵ ਧਰਮ ਸਮਾਨ) ਅਤੇ ਆਪਣੇ ਉਦਾਰ ਚਿੱਤ ਆਚਰਣ ਦਾ ਸਬੂਤ ਪੇਸ਼ ਕੀਤਾ।

ਇਸ ਤਰ੍ਹਾਂ ਕਰਨ ਨਾਲ ਵੱਖ-ਵੱਖ ਜਾਤੀ, ਧਰਮ ਅਤੇ ਫਿਰਕੇ ਦੇ ਸੰਤਾਂ-ਭਗਤਾਂ ਦੀ ਬਾਣੀ ਵੀ ਗੁਰੂ ਸਾਹਿਬਾਨ ਦੀ ਬਾਣੀ ਵਾਂਗ ਪੂਜਣਯੋਗ ਬਣ ਗਈ। ਇਹਨਾਂ `ਚ ਫਰੀਦ - ਸੂਫ਼ੀ ਮੁਸਲਮਾਨ, ਨਾਮਦੇਵ - ਛੀਂਬਾ, ਕਬੀਰ - ਜੁਲਾਹਾ, ਰਵੀਦਾਸ - ਕਾਂਸ਼ੀ ਦਾ ਚਮਿਆਰ, ਸਦਨਾ - ਕਸਾਈ, ਧੰਨਾ - ਜੱਟ ਅਤੇ ਰਾਮਾਨੰਦ - ਬ੍ਰਾਹਮਣ ਵੀ ਕਸ਼ੱਤਰੀ ਵੰਸ਼ੀ ਗੁਰੂ ਸਾਹਿਬਾਨ ਵਾਂਗ ਹੀ ਪੂਜਣਯੋਗ ਬਣ ਗਏ। ਜਦੋਂ ਕੋਈ ਸ਼ਰਧਾਲੂ ਗੁਰੂ ਗ੍ਰੰਥ ਸਾਹਿਬ ਸਾਹਮਣੇ ਮੱਥਾ ਟੇਕਦਾ ਹੈ ਤਾਂ ਉਹ ਇਹਨਾਂ ਸਭਨਾਂ ਅੱਗੇ ਵੀ ਸਿਰ ਝੁਕਾਉਂਦਾ ਹੈ। ਇਹਨਾਂ ਭਗਤਾਂ ਤੇ ਸੰਤਾਂ, ਫਕੀਰਾਂ ਦੀ ਬਾਣੀ ਦਾ ਕੀਰਤਨ ਵੀ ਗੁਰਬਾਣੀ ਵਾਂਗ ਆਦਰ-ਸਨਮਾਨ ਨਾਲ ਹੀ ਕੀਤਾ ਜਾਂਦਾ ਹੈ। ਕੋਈ ਭੇਦ-ਭਾਵ ਨਹੀਂ ਹੈ। ਇਸ ਗ੍ਰੰਥ ਵਿੱਚ ਕਿਸੇ ਵੀ ਗੁਰੂ ਸਾਹਿਬਾਨ ਨੇ ਇਹ ਕਿਧਰੇ ਵੀ ਨਹੀਂ ਕਿਹਾ ਕਿ ਸਾਰੀ ਦੁਨੀਆ ਸਿੱਖ ਮੱਤ ਧਾਰਨ ਕਰ ਲਵੇ। ਸਿਰਫ ਇੱਕ ਬ੍ਰਾਹਮਣ ਨੂੰ ਚੰਗਾ ਤੇ ਸੱਚਾ ਬ੍ਰਾਹਮਣ, ਇੱਕ ਮੁਸਲਮਾਨ ਨੂੰ ਸੱਚਾ ਮੁਸਲਮਾਨ ਅਤੇ ਮਨੁੱਖ ਨੂੰ ਚੰਗਾ ਮਨੁੱਖ ਬਣਨ ਦੀ ਪ੍ਰੇਰਨਾ ਦਿੱਤੀ ਗਈ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਸਮੁੱਚੀ ਬਾਣੀ ਤਿੰਨ ਭਾਗਾਂ ਵਿੱਚ ਵੰਡੀ ਗਈ ਹੈ। ਪਹਿਲੇ ਭਾਗ ਵਿੱਚ ਤਿੰਨ ਬਾਣੀਆਂ ਹਨ, ਜਿਨ੍ਹਾਂ ਨਾਲ ਕੋਈ ਰਾਗ ਨਹੀਂ। ਉਹ ਹਨ ਜਪ, ਸੌਦਰ ਅਤੇ ਸੋਹਿਲਾ। ਇਹਨਾਂ ਨੂੰ ਨਿੱਤਨੇਮ ਦੀ ਬਾਣੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਦੂਜੇ ਭਾਗ `ਚ ਬਾਣੀ ਰਾਗਾਂ ਦੇ ਆਧਾਰ `ਤੇ ਦਰਜ ਹੈ। ਇਹਨਾਂ ਰਾਗਾਂ ਦੀ ਗਿਣਤੀ 31 ਹੈ। ਇਹ ਰਾਗ ਇਸ ਪ੍ਰਕਾਰ ਹਨ - ਸਿਰੀ ਰਾਗ, ਮਾਝ, ਗਾਉੜੀ, ਆਸਾ, ਗੁਜਰੀ, ਦੇਵ ਗੰਧਾਰੀ, ਬਿਹਾਗੜਾ, ਵਡਹੰਸ, ਸੋਰਠ, ਧਨਾਸਰੀ, ਜੈਤਸਿਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟਨਾਰਾਇਣ, ਮਾਲੀ ਗਾਉੜਾ, ਮਾਰੂ, ਤੁਖਾਰੀ, ਮਲਹਾਰ, ਸਾਰੰਗ, ਕਾਨੜਾ, ਬਸੰਤ, ਕੇਦਾਰਾ, ਭੈਰੋਂ, ਕਲਿਆਣ, ਪ੍ਰਭਾਤੀ ਅਤੇ ਜੈਜਾਵੰਤੀ।

ਤੀਜੇ ਭਾਗ `ਚ ਰਾਗ ਮੁਕਤ ਬਾਣੀ ਨੂੰ ਸਥਾਨ ਦਿੱਤਾ ਹੈ। ਇਹਨਾਂ ਦਾ ਕ੍ਰਮ ਇਸ ਪ੍ਰਕਾਰ ਹੈ - (1) ਸਲੋਕ ਸਹਿਸੰਕਰਤੀ ਮਹੱਲਾ ੧, (2) ਸਲੋਕ ਸਹਿਸਕਰਿਤੀ ਮ: ੪, (3) ਗਾਥਾ ਮ: ੫, (4) ਫੁਨਹੇ ਮ: ੫, (5) ਚਉ ਬੋਲੇ ਮ: ੫ (6) ਸਲੋਕ ਭਗਤ ਕਬੀਰ (7) ਸਲੋਕ ਸ਼ੇਖ਼ ਫ਼ਰੀਦ (8) ਸਵਈਏ ਮੁੱਖਵਾਕ (9) ਸਲੋਕ ਵਾਰਾਂ ਤੇ ਵਧੀਕ (10) ਸਲੋਕ ਮ: ੧ (11) ਮੁੰਦਾਵਣੀ ਮ: ੫ (12) ਸਲੋਕ ਮ: ੫ (13) ਰਾਗ ਮਾਲਾ। ਕਈ ਵਿਦਵਾਨਾਂ ਦਾ ਮੰਨਣਾ ਹੈ ਕਿ ਗੁਰੂ ਅਰਜੁਨ ਦੇਵ ਜੀ ਨੇ ਤਾਂ “ਤਨ ਮਨ ਥੀਵੇ ਹਰਿਆ’ ਨਾਲ ਇਸ ਗ੍ਰੰਥ ਦੀ ਸਮਾਪਤੀ ਕਰ ਦਿੱਤੀ ਸੀ, ਰਾਗ ਮਾਲਾ ਮਗਰੋਂ ਕਿਸੇ ਨੇ ਸ਼ਾਮਲ ਕੀਤੀ ਹੈ। ਭਾਈ ਕਾਹਨ ਸਿੰਘ ਨਾਭਾ ਕ੍ਰਿਤ ਖੋਜ ਭਰਪੂਰ ਪੁਸਤਕ “ਗੁਰਮਤਿ ਸੁਧਾਕਰ” ਵੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ “ਰਾਗ ਮਾਲਾ ਗੁਰਬਾਣੀ ਨਹੀਂ ਇਹ ਆਲਮ ਕਵੀ ਨੇ ਬਾਦਸ਼ਾਹ ਅਕਬਰ ਦੇ ਵੇਲੇ 991 ਹਿਜ਼ਰੀ (ਬਿ 1641) ਵਿੱਚ ਗੁਰੂ ਗ੍ਰੰਥ ਦੀ ਬੀੜ ਬਝਣ ਤੋਂ ਵੀਹ ਵਰ੍ਹੇ ਪਹਿਲਾਂ ਬਣਾਈ ਹੈ, ਜਿਹਾ ਕਿ ਆਲਮ ਦੇ ਸੰਗੀਤ ਤੋਂ ਮਲੂਮ ਹੁੰਦਾ ਹੈ।” ਗੁਰਬਾਣੀ ਨਾ ਹੋਣ ਤੋਂ ਭਿਨ ਰਾਗਮਾਲਾ ਗੁਰਮਤਿ ਵਿਰੁੱਧ ਹੈ, ਕਿਉਂਕਿ ਇਸ ਵਿੱਚ ਕਰਤਾਰ ਦਾ ਨਾਮ ਭਗਤੀ ਗਿਆਨ ਆਦਿ ਦਾ ਜ਼ਿਕਰ ਨਹੀਂ ਹੈ।

ਇਹ ਕਵੀ ਆਲਮ ਦੀ “ਮਾਧਵਾਨਲ ਕਾਮਕੰਦਲਾ” ਨਾਮੀ ਰਚਨਾ ਦਾ ਇੱਕ ਹਿੱਸਾ ਹੈ।

ਬੜੋਦਾ ਯੂਨੀਵਰਸਿਟੀ ਦੇ ਪ੍ਰੋ. ਡਾ. ਮਜੂਮਦਾਰ ਦੀ ਥੀਸਸ ਵਿਚੋਂ ਵੀ ਇਹ ਸੱਚਾਈ ਉੱਭਰ ਕੇ ਸਾਹਮਣੇ ਆਉਂਦੀ ਹੈ। “ਮਾਧਵਾਨਲ ਕਾਮਕੰਦਲਾ ਨਾਮੀ ਰਚਨਾ ਅਕਬਰ ਦੇ ਸਮਕਾਲੀ ਕਵੀ ਆਲਮ ਦੀ ਕ੍ਰਿਤ ਹੈ, ਜੋ 1584 ਈ. ਵਿੱਚ ਲਿਖੀ ਗਈ ਸੀ ਅਤੇ ਅਕਬਰ ਦੇ ਦਰਬਾਰ `ਚੋਂ ਸਨਮਾਨ ਪ੍ਰਾਪਤ ਕਰਕੇ ਜਗਤ ਪ੍ਰਸਿੱਧ ਹੋਈ। ਗੁਰੂ ਗ੍ਰੰਥ ਸਾਹਿਬ ਵਾਲੀ ਰਾਗਮਾਲਾ ਵੀ ਇਸੇ ਵਿਚੋਂ ਹੀ ਲਈ ਗਈ ਹੈ।”

ਰਾਗ ਅਧੀਨ ਜਿੰਨੀ ਵੀ ਬਾਣੀ ਸੀ, ਉਸ ਨੂੰ ਗੁਰੂ ਸਾਹਿਬ ਨੇ ਬੜੀ ਕੁਸ਼ਲਤਾ ਨਾਲ ਕ੍ਰਮਬੱਧ ਕੀਤਾ ਹੈ। ਇਹਨਾਂ `ਚ ਸ਼ਬਦ, ਅਸ਼ਟਪਦੀਆਂ, ਛੰਦ, ਵਾਰਾਂ, ਸੰਤਾਂ ਅਤੇ ਭਗਤਾਂ ਦੀ ਬਾਣੀ ਹੈ। ਇਹ ਸਾਰੀ ਬਾਣੀ ਗੁਰੂ ਕ੍ਰਮ ਅਨੁਸਾਰ ਹੀ ਲਿਖੀ ਗਈ ਹੈ। ਗੁਰੂ ਅੰਗਦ ਦੇਵ ਨੇ ਸ਼ਬਦਾਂ ਦੀ ਰਚਨਾ ਨਹੀਂ ਕੀਤੀ। ਉਹਨਾਂ ਨੇ ਕੇਵਲ ਸ਼ਲੋਕਾਂ ਦੀ ਹੀ ਰਚਨਾ ਕੀਤੀ ਹੈ ਜੋ ਕਿ ਕਈ ਵਾਰਾਂ ਤੇ ਪੌੜੀਆਂ ਨਾਲ ਦਰਜ ਹਨ। ਪੂਰੇ ਗੁਰੂ ਗ੍ਰੰਥ ਸਾਹਿਬ `ਚ 22 ਵਾਰਾਂ ਹਨ (ਵਾਰਾਂ ਪੰਜਾਬ ਦੇ ਲੋਕ ਗੀਤਾਂ ਦਾ ਇੱਕ ਵਿਸ਼ੇਸ਼ ਰੂਪ ਹੈ)। ਇਹਨਾਂ `ਚੋਂ 21 ਗੁਰੂ ਸਾਹਿਬਾਨ ਦੀਆਂ ਅਤੇ ਇੱਕ ਭੱਟਾਂ ਯਾਨੀ ਸੱਤਾ ਤੇ ਬਲਵੰਡ ਦੀ ਹੈ। ਵਾਰਾਂ ਦਾ ਕ੍ਰਮ ਇਸ ਪ੍ਰਕਾਰ ਹੈ: ਗੁਰੂ ਨਾਨਕ ਦੇਵ ਜੀ ਦੀਆਂ ਤਿੰਨ ਵਾਰਾਂ ਹਨ; ਰਾਗ ਮਾਝ, ਰਾਗ ਆਸਾ ਅਤੇ ਰਾਗ ਮਲਾਰ। ਗੁਰੂ ਅਮਰਦਾਸ ਜੀ ਦੀਆਂ ਚਾਰ ਵਾਰਾਂ ਹਨ; ਰਾਗ ਗੁਜਰੀ, ਸੂਹੀ, ਰਾਮਕਲੀ ਤੇ ਰਾਗ ਮਾਰੂ। ਗੁਰੂ ਰਾਮਦਾਸ ਦੀਆਂ ਅੱਠ ਵਾਰਾਂ ਹਨ; ਸਿਰੀ ਰਾਗ, ਗਾਉੜੀ, ਬਿਹਾਗੜਾ, ਵਡਹੰਸ, ਸੋਰਠ, ਬਿਲਾਵਲ, ਸਾਰੰਗ ਅਤੇ ਕਾਨੜਾ ਰਾਗ। ਗੁਰੂ ਅਰਜੁਨ ਦੇਵ ਜੀ ਨੇ ਗਾਉੜੀ, ਗੁਜਰੀ, ਜੈਤਸਿਰੀ, ਰਾਮਕਲੀ, ਮਾਰੂ ਅਤੇ ਬਸੰਤ ਨਾਮੀ ਛੇ ਰਾਗਾਂ `ਚ ਵਾਰਾਂ ਦੀ ਰਚਨਾ ਕੀਤੀ। ਅਖੀਰ `ਚ ਸੱਤੇ ਅਤੇ ਬਲਵੰਡ ਦੀ ਇੱਕ ਵਾਰ ਦਰਜ ਹੈ ਜੋ ਕਿ ਰਾਗ ਰਾਮਕਲੀ `ਚ ਹੈ। ਕਈ ਵਾਰਾਂ ਨਾਲ ਉਹਨਾਂ ਨੂੰ ਗਾਉਣ ਦੀ ਧੁਨ ਵੀ ਨਿਸ਼ਚਿਤ ਕਰ ਦਿੱਤੀ ਗਈ ਹੈ।

ਵਾਰਾਂ ਤੋਂ ਬਾਅਦ ਭਗਤਾਂ ਦੀ ਵਾਰੀ ਆਉਂਦੀ ਹੈ। ਪੰਦਰਾਂ ਭਗਤਾਂ ਦੇ 349 ਸ਼ਬਦ ਹਨ ਜੋ ਕਿ 22 ਰਾਗਾਂ `ਚ ਹਨ। ਇਸ ਭਗਤ ਬਾਣੀ `ਚ ਤਿੰਨ ਸ਼ਬਦ ਗੁਰੂ ਅਰਜੁਨ ਦੇਵ ਦੇ ਵੀ ਸ਼ਾਮਲ ਕੀਤੇ ਗਏ ਹਨ। ਇਸ ਤਰ੍ਹਾਂ ਭਗਤ ਬਾਣੀ `ਚ ਕੁੱਲ 352 ਸ਼ਬਦ ਹਨ। ਇਹਨਾਂ ਦਾ ਬਿਉਰਾ ਇਸ ਪ੍ਰਕਾਰ ਹੈ:- ਕਬੀਰ ਦੇ 224, ਨਾਮਦੇਵ ਦੇ 61, ਰਵੀਦਾਸ ਦੇ 40, ਤ੍ਰਿਲੋਚਣ ਦੇ 4, ਫਰੀਦ ਦੇ 4, ਬੈਣੀ ਦੇ 3, ਧੰਨੇ ਦੇ 3, ਜੈਦੇਵ ਦੇ 2, ਭੀਖਣ ਦੇ 2, ਪਰਮਾਨੰਦ ਦਾ 1, ਸੈਣ ਦਾ 1, ਪੀਪਾ ਦਾ 1, ਸਦਨਾ ਦਾ 1, ਰਾਮਾਨੰਦ ਦਾ 1, ਸੂਰਦਾਸ ਦਾ 1 ਅਤੇ ਗੁਰੂ ਅਰਜੁਨ ਦੇਵ ਦੇ ਤਿੰਨ ਸ਼ਬਦ। ਸੋ ਇਹ ਸਭ ਮਿਲਾ ਕੇ 352 ਸ਼ਬਦ ਹਨ। ਸ਼ਬਦਾਂ ਤੋਂ ਇਲਾਵਾ ਕਬੀਰ ਜੀ ਦੀਆਂ ਤਿੰਨ ਬਾਣੀਆਂ ਹੋਰ ਵੀ ਹਨ। ਇਹ ਹਨ - ਬਾਵਨ ਅੱਖਰੀ, ਪੰਦਰਾਂ ਥਿਤੀ ਅਤੇ ਸਤਵਾਰਾ। ਇਸ ਦੇ ਨਾਲ ਨਾਲ ਭਾਈ ਮਰਦਾਨੇ ਦੇ ਤਿੰਨ ਸ਼ਬਦ, ਸੱਤਾ ਦੀਆਂ ਤਿੰਨ ਪੌੜੀਆਂ, ਬਲਵੰਡ ਦੀਆਂ ਪੰਜ ਪੌੜੀਆਂ ਅਤੇ ਬਾਬਾ ਸੁੰਦਰ ਦੇ ਛੇ ਛੰਦ ਵੀ ਦਰਜ ਹਨ। ਸੱਤਾ ਅਤੇ ਬਲਵੰਡ ਜੀ ਦੀਆਂ ਪੌੜੀਆਂ ਨੂੰ ਵਾਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਭਾਈ ਸੁੰਦਰ ਜੀ ਦੇ ਬੰਦ ਸਦ ਵਜੋਂ ਜਾਣੇ ਜਾਂਦੇ ਹਨ।

ਇਸ ਉਪਰੰਤ ਗਿਆਰਾਂ ਭੱਟਾਂ ਦੀ ਬਾਣੀ ਹੈ। ਇਹਨਾਂ ਦੇ ਨਾਂ ਇਸ ਪ੍ਰਕਾਰ ਹਨ - ਭੱਟ ਕਲਸਹਾਰ, ਭੱਟ ਗਿਅੰਦ, ਭੱਟ ਭੀਖਾ, ਭੱਟ ਕੀਰਤ, ਭੱਟ ਮਥੁਰਾ, ਭੱਟ ਸੱਲ, ਭੱਟ ਮੱਲ, ਭੱਟ ਹਰਿਬੰਸ ਭੱਟ ਨੱਲ, ਭੱਟ ਬੱਲ ਅਤੇ ਭੱਟ ਜਾਲਪ।

ਗੁਰੂ ਗ੍ਰੰਥ ਸਾਹਿਬ `ਚ ਜਿੰਨੀ ਵੀ ਗੁਰਬਾਣੀ ਸ਼ਾਮਲ ਹੈ, ਉਹ ਸਾਰੀ ਨਾਨਕ ਪਦ ਦੇ ਅੰਤਰਗਤ ਹੀ ਦਰਜ ਹੈ। ਇਸ ਤੋਂ ਇਹ ਗੱਲ ਦ੍ਰਿੜ ਹੋ ਜਾਂਦੀ ਹੈ ਕਿ ਸਾਰੇ ਗੁਰੂ ਸਾਹਿਬਾਨ ਗੁਰੂ ਨਾਨਕ ਦੀ ਹੀ ਜੋਤ ਸਨ, ਭਾਵੇਂ ਸਰੀਰ ਵੱਖ-ਵੱਖ ਸਨ। ਫਿਰ ਵੀ ਪਛਾਣ ਵਸਤੇ ਬਾਣੀ ਦੇ ਆਰੰਭ `ਚ ਜਿੱਥੇ ਰਾਗ ਅਤੇ ਤਾਲ ਨਿਸ਼ਚਿਤ ਕਰ ਦਿੱਤੇ ਗਏ ਹਨ, ਉਥੇ ਮਹਲਾ ੧, ਮਹਲਾ ੨, ਮਹਲਾ ੩, ਮਹਲਾ ੪, ਮਹਲਾ ੫ ਅਤੇ ਮਹਲਾ 9 ਲਿਖ ਦਿੱਤਾ ਗਿਆ ਹੈ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਅਮੁਕ ਸ਼ਬਦ, ਵਾਰ ਜਾਂ ਪੌੜੀ ਅਮੁੱਕ ਗੁਰੂ ਦੀ ਰਚਨਾ ਹੈ। ਸ਼ਬਦ ਮਹਲਾ ਦਾ ਅਰਥ ਹੈ ਸਰੀਰ। ਉਦਾਹਰਣ ਵਜੋਂ ਜਦੋਂ ਕਿਸੇ ਸ਼ਬਦ ਦੇ ਆਰੰਭ `ਚ ਇਹ ਅੰਕਿਤ ਹੈ “ਰਾਗ ਬਿਲਾਵਲ ਮਹਲਾ ੩, ਘਰ ੪”, ਇਸ ਨੂੰ ਇਉਂ ਪੜ੍ਹਨਾ ਹੋਵੇਗਾ - ਰਾਗ ਬਿਲਾਵਲ ਮਹਲਾ ਤੀਜਾ ਘਰ ਚੌਥਾ। ਇਸ ਦਾ ਅਰਥ ਇਹ ਹੋਇਆ ਕਿ ਇਹ ਸ਼ਬਦ ਰਾਗ ਬਿਲਾਵਲ ਦਾ ਹੈ। ਰਾਗ ਬਿਲਾਵਲ `ਚ ਹੀ ਇਸ ਦਾ ਗਾਇਨ ਕਰਨਾ ਹੈ। ਤੀਜੇ ਗੁਰੂ ਨਾਨਕ ਭਾਵ ਗੁਰੂ ਅਮਰ ਦਾਸ ਦੀ ਰਚਨਾ ਹੈ। ਇਸ ਦੀ ਥਾਪ ਜਾਂ ਤਾਲ ਚੌਥੀ ਹੈ। ਇਹ ਤਾਲ 1 ਤੋਂ ਲੈ ਕੇ 17 ਤੱਕ ਹੈ। ਯਾਨੀ ਘਰ ਪਹਿਲਾ ਤੋਂ ਘਰ ਸਤਾਰਾਂ ਤੱਕ (ਵਿਸਤਾਰ ਲਈ ਵੇਖੋ ਗ੍ਰੰਥ “ਰਾਗ ਰਤਨਾਕਰ” )। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਇਹ ਬਾਣੀ ਸਿਰਫ ਪਾਠ ਕਰਨ ਲਈ ਹੀ ਨਹੀਂ ਬਲਕਿ ਗਾਉਣ ਲਈ ਵੀ ਰਚੀ ਗਈ ਹੈ। ਗਾਇਨ ਪ੍ਰਣਾਲੀ ਵੀ ਸੁਨਿਸ਼ਚਿਤ ਕਰ ਦਿੱਤੀ ਗਈ ਹੈ।

ਲਗਭਗ ਹਰ ਸ਼ਬਦ ਵਿੱਚ ਇੱਕ ਜਾਂ ਕਈ ਥਾਵਾਂ `ਤੇ ਇੱਕ ਤੋਂ ਵੀ ਵੱਧ ਚਾਰ ਤੱਕ ਰਹਾਓ ਦੀਆਂ ਪੰਕਤੀਆਂ ਹਨ। ਇਹ ‘ਰਹਾਓ’ ਦੀਆਂ ਪੰਕਤੀਆਂ ਹੀ ਉਸ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। (ਰਹਾਓ ਦਾ ਅਰਥ ਹੈ ਟੇਕ ਜਾਂ ਠਹਿਰਾਉ। ਭਾਵ ਇਥੇ ਰੁਕਣਾ ਅਤੇ ਵਿਚਾਰ ਕਰਨਾ ਹੈ।) ਇਹ ਸਾਰਾ ਸ਼ਬਦ ਉਸ ਰਹਾਓ ਦਾ ਹੀ ਵਿਸਤਾਰ ਰੂਪ ਹੁੰਦਾ ਹੈ। ਗਾਉਣ ਦੀ ਪੱਧਤੀ `ਚ ਰਹਾਓ ਦੀਆਂ ਪੰਕਤੀਆਂ ਨੂੰ ਸਥਾਈ ਜਾਂ ਟੇਕ ਬਣਾ ਕੇ ਗਾਇਆ ਜਾਂਦਾ ਹੈ। ਸਥਾਈ ਜਾਂ ਟੇਕ ਦੀਆਂ ਇਹ ਪੰਕਤੀਆਂ ਹਰ ਅੰਤਰੇ ਦੀਆਂ ਪੰਕਤੀਆਂ ਤੋਂ ਮਗਰੋਂ ਦੁਹਰਾਈਆਂ ਜਾਂਦੀਆਂ ਹਨ। ਉਦਾਹਰਣ ਵਜੋਂ ਇੱਕ ਸ਼ਬਦ ਹੈ “ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ।।” (ਗੁ. ਗ੍ਰੰ. ਸਾ. , ਅੰਕ: 44) ਇਸ ਸ਼ਬਦ ਦੀਆਂ ਰਹਾਓ ਦੀਆਂ ਪੰਕਤੀਆਂ ਇਸ ਪ੍ਰਕਾਰ ਹਨ, “ਮੇਰੇ ਮਨ ਏਕਸ ਸਿਉਂ ਚਿਤੁ ਲਾਇ, ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ।” ਹੁਣ ਜੇਕਰ ਪਹਿਲੀ ਪੰਕਤੀ ਨੂੰ ਸਥਾਈ ਬਣਾ ਕੇ ਗਾਈਏ ਤਾਂ ਇਸ ਪੂਰੇ ਸ਼ਬਦ ਦਾ ਭਾਵ ਅਰਥ ਹੀ ਬਦਲ ਜਾਂਦਾ ਹੈ ਜੋ ਕਿ ਗ਼ਲਤ ਹੈ। ਸਹੀ ਭਾਵ ਤੇ ਅਰਥ ਉਸ ਸਮੇਂ ਹੀ ਪਤਾ ਲੱਗਦੇ ਹਨ ਜਦੋਂ ਰਹਾਉ ਦੀ ਪੰਕਤੀ ਨੂੰ ਸਥਾਈ ਜਾਂ ਟੇਕ ਬਣਾ ਕੇ ਗਾਇਆ ਜਾਵੇਗਾ। ਇਸ ਤਰ੍ਹਾਂ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਰਾਗ ਬੱਧ ਬਾਣੀ ਦੀ ਗਾਇਨ ਪ੍ਰਣਾਲੀ ਸੁਨਿਸ਼ਚਿਤ ਕਰ ਦਿੱਤੀ ਗਈ ਹੈ। ਗਾਇਕ ਨੂੰ ਕੋਈ ਛੋਟ ਨਹੀਂ ਦਿੱਤੀ ਗਈ ਕਿ ਉਹ ਆਪਣੀ ਮਰਜ਼ੀ ਨਾਲ ਸੁਰ-ਤਾਲ, ਰਾਗ ਜਾਂ ਸਥਾਈ ਨੂੰ ਫੜ ਕੇ ਗਾਉਣ ਲੱਗ ਜਾਵੇ। ਪਰ ਅੱਜ-ਕੱਲ੍ਹ ਜਿਨ੍ਹਾਂ ਗਾਇਕਾਂ ਨੂੰ ਸੁਰ-ਤਾਲ ਦਾ ਗਿਆਨ ਨਹੀਂ ਹੈ, ਉਹ ਇਸ ਨੂੰ ਕਿਸੇ ਵੀ ਸੁਰ `ਚ ਅਤੇ ਕਿਸੇ ਵੀ ਤਰ੍ਹਾਂ ਗਾਉਣ ਲੱਗ ਗਏ ਹਨ, ਇੱਕ ਗੀਤ ਵਾਂਗ। ਜਦਕਿ ਕਬੀਰ ਨੇ ਕਿਹਾ ਹੈ ‘ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ।।” (ਗੁ. ਗ੍ਰੰ. ਸਾ. , ਅੰਕ: 335)

ਗੁਰੂ ਸਾਹਿਬ ਨੇ ਪੂਰੇ ਗੁਰੂ ਗ੍ਰੰਥ ਸਾਹਿਬ `ਚ ਹਰ ਸ਼ਬਦ ਉੱਪਰ ਅੰਕਾਂ ਦਾ ਅੰਕੁਸ਼ ਲਾ ਦਿੱਤਾ ਕਿਉਂਕਿ ਇਸ `ਚ ਮਿਲਾਵਟ ਦਾ ਤੌਖਲਾ ਤਾਂ ਪਹਿਲਾਂ ਤੋਂ ਹੀ ਸੀ ਅਤੇ ਕੋਸ਼ਿਸ਼ਾਂ ਵੀ ਲਗਾਤਾਰ ਹੋ ਰਹੀਆਂ ਸਨ। ਉਦਾਹਰਣ ਵਜੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੰਕ ਨੰ. 380 ਨੂੰ ਵੇਖੀਏ ਤਾਂ ਇਸ `ਚ ਬਾਣੀ ਇਉਂ ਆਰੰਭ ਹੁੰਦੀ ਹੈ -

ੴ ਸਤਿਗੁਰ ਪ੍ਰਸਾਦਿ।।

ਰਾਗ ਆਸਾ ਘਰ ੬ ਮਹਲਾ ੫।। ਜੋ ਤੁਧ …. ।। ਕਰਣ ਕਾਰਣ …. ।। ੧।। ਤੇਰੇ ਜਨ …. . ।। ਮਸਲਤ …. . ।। ੧।। ਰਹਾਉ।। ਅੰਮ੍ਰਿਤ ਨਾਮ …. . ।। ਤ੍ਰਿਪਤ …. . ।। ੨।। ਜਾ ਕਉ …. ।। ਜਾਂ ਕਉ …. . ।। ੩।। ਭਰਮ ਮੋਹ …. . ।। ਵਰਤਣ … …. ।। ੪।। ੧।। ੪0. ।

ਥਾਂ-ਥਾਂ `ਤੇ ਇਹ ਜੋ ਅੰਕ ਲਿਖੇ ਗਏ ਹਨ, ਉਹਨਾਂ ਦਾ ਆਪਣਾ ਅਰਥ ਹੈ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਇਹ ਬਾਣੀ ਆਸਾ ਰਾਗ ਦੀ ਹੈ। ਇਸ ਦਾ ਛੇਵੇਂ ਘਰ `ਚ ਗਾਇਨ ਕਰਨਾ ਹੈ। ਭਾਵ ਸੰਗੀਤ ਵਿਧਾ ਦੇ ਜੋ ਤਾਲ ਹਨ ਇਹ ਉਹਨਾਂ `ਚੋਂ ਛੇਵਾਂ ਹੈ। ਇਹ ਬਾਣੀ ਪੰਜਵੇਂ ਗੁਰੂ, ਗੁਰੂ ਅਰਜੁਨ ਦੇਵ ਜੀ ਦੀ ਹੈ। ਜੋ ਤੁਧ …।। ੧।। ਇਥੇ ਪਹਿਲੀ ਪੰਕਤੀ ਜਿਸ ਨੂੰ ਪੰਜਾਬੀ `ਚ ‘ਤੁਕ’ ਕਿਹਾ ਜਾਂਦਾ ਹੈ ਖਤਮ ਹੁੰਦੀ ਹੈ। ਇਸ ਤੋਂ ਮਗਰੋਂ ਫਿਰ ਤੇਰੇ ਜਨ! ! …. ।। ੧।। ‘ਰਹਾਉ’ ਹੈ ਅਰਥ ਇਹ ਪੰਕਤੀ ਰਹਾਉ ਦੀ ਹੈ। ਇਸ ਪੰਕਤੀ `ਚ ਇਸ ਪੂਰੇ ਸ਼ਬਦ ਦਾ ਸਿਧਾਂਤ ਲੁਕਿਆ ਹੈ। ਹੁਣ ਅਗਲੀ ਸਤਰ ਅੰਮ੍ਰਿਤ ਨਾਮ …. ।। ੨।। ਇਸ ਦਾ ਅਰਥ ਹੈ ਇਥੇ ਦੋ ਪੰਕਤੀਆਂ ਸੰਪੂਰਨ ਹੋਈਆਂ ਹਨ। ਇਸੇ ਤਰ੍ਹਾਂ ਤੀਜੀ ਅਤੇ ਚੌਥੀ। ਪਰ ਚੌਥੀ ਪੰਕਤੀ ਦੇ ਅਖੀਰ `ਚ ਗਿਣਤੀ ਇਸ ਪ੍ਰਕਾਰ ਹੈ।। ੪।। ੧।। ੪0. । ਇਸ ਦਾ ਅਰਥ ਇਹ ਹੋਇਆ ਕਿ ਇਥੇ ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਦੇ ਆਸਾ ਰਾਗ ਦੇ ਛੇਵੇਂ ਘਰ ਦੇ ਸ਼ਬਦ ਦੀਆਂ ਚਾਰ ਸਤਰਾਂ ਪੂਰੀਆਂ ਹੋਈਆਂ। ਇਸ ਨਾਲ ਇਹ ਸ਼ਬਦ ਵੀ ਸੰਪੂਰਨ ਹੋਇਆ ਅਤੇ ਇਹ ਇਸ ਰਾਗ ਅਤੇ ਤਾਲ ਦਾ ਪਹਿਲਾ ਸ਼ਬਦ ਹੈ। ਕੁੱਲ ਮਿਲਾ ਕੇ ਇਥੇ ਪੰਜਵੇਂ ਗੁਰੂ ਦੇ ਆਸਾ ਰਾਗ ਦੇ ਚਾਲੀ ਸ਼ਬਦ ਹੋ ਗਏ। ਇਸ ਤੋਂ ਪਹਿਲਾਂ ਆਸਾ ਰਾਗ ਦੇ ਵੱਖ-ਵੱਖ ਘਰ ਦੇ 39 ਸ਼ਬਦ ਆ ਚੁੱਕੇ ਹਨ। ਇਸ ਤਰ੍ਹਾਂ ਪੂਰੇ ਗੁਰੂ ਗ੍ਰੰਥ ਸਾਹਿਬ `ਚ ਇਹ ਅੰਕਾਂ ਦਾ ਅੰਕੁਸ਼ ਲਗਾ ਦਿੱਤਾ ਗਿਆ ਹੈ ਤਾਂ ਜੋ ਕੋਈ ਸਾਰੇ ਗੁਰੂ ਗ੍ਰੰਥ ਸਾਹਿਬ `ਚੋਂ ਕੋਈ ਕੁੱਝ ਘਟਾ ਵਧਾ ਨਾ ਸਕੇ ਅਤੇ ਨਾ ਹੀ ਮਿਲਾਵਟ ਕਰ ਸਕੇ। ਸੰਪਾਦਨ ਕਲਾ ਦੀ ਇਹ ਇੱਕ ਅਦਭੁਤ ਉਦਾਹਰਣ ਹੈ।

ਗੁਰੂ ਸਾਹਿਬ ਨੂੰ ਜਿੱਥੇ ਵੱਖ-ਵੱਖ ਭਾਸ਼ਾਵਾਂ, ਰਾਗਾਂ ਅਤੇ ਸੰਗੀਤ ਦਾ ਗਿਆਨ ਸੀ, ਉਥੇ ਸਾਹਿਤ ਦਾ ਵੀ ਪੂਰਾ ਗਿਆਨ ਸੀ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਲਈ ਪਹਿਲਾਂ ਗੁਰਬਾਣੀ ਦੀ ਵਿਆਕਰਣ ਨਿਰਧਾਰਿਤ ਕੀਤੀ ਜੋ ਸਿਰਫ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉੱਪਰ ਹੀ ਲਾਗੂ ਹੁੰਦੀ ਹੈ। ਇਹ ਪੰਜਾਬੀ ਭਾਸ਼ਾ/ਕਾਵਿ ਰਚਨਾ ਦੀ ਵਿਆਕਰਣ ਨਾਲੋਂ ਬਿਲਕੁਲ ਵੱਖਰੀ ਹੈ। ਗੁਰਬਾਣੀ `ਚ ਕੁੱਝ ਮਾਤਰਾਵਾਂ ਅਜਿਹੀਆਂ ਹਨ, ਜਿਹਨਾਂ ਦਾ ਉਚਾਰਣ ਨਹੀਂ ਕੀਤਾ ਜਾਂਦਾ। ਪਰ ਸਿਰਫ਼ ਉਸ ਸ਼ਬਦ ਦਾ ਅਰਥ ਬਦਲ ਦਿੰਦੀ ਹੈ ਜਿਸ ਨਾਲ ਇਹ ਲੱਗੀ ਹੁੰਦੀ ਹੈ। ਉਦਾਹਰਣ ਦੇ ਤੌਰ `ਤੇ ਜਿਸ ਸੰਗਿਆ ਦੇ ਆਖਰੀ ਸ਼ਬਦ ਦੇ ਹੇਠਾਂ ਮਾਤਰਾ ਔਕੜ (ੁ) ਲੱਗੀ ਹੁੰਦੀ ਹੈ ਉਹ ਉਸ ਸੰਗਿਆ ਨੂੰ ਇੱਕ ਵਚਨ ਤੇ ਪੁਲਿੰਗ ਹੋਣ ਦਾ ਸੰਕੇਤ ਦਿੰਦੀ ਹੈ। ਜਿਵੇਂ ਕਿ ਪੰਡਿਤੁ, ਨੇਹੁ, ਪਾਤਿਸ਼ਾਹੁ, ਇਹਨਾਂ ਦਾ ਉਚਾਰਣ ਤਾਂ ਪੰਡਿਤ, ਨੇਹ, ਪਾਤਿਸ਼ਾਹ ਹੋਵੇਗਾ ਪਰ ਇਹਨਾਂ ਦਾ ਅਰਥ ਬਦਲ ਜਾਵੇਗਾ। ਪੰਡਿਤ ਤਾਂ ਬਹੁਵਚਨ ਹੋ ਸਕਦਾ ਹੈ ਪਰ ਔਕੜ ਲੱਗਣ ਮਗਰੋਂ ਇੱਕ ਵਚਨ ਹੋ ਜਾਂਦਾ ਹੈ। ਇਸ ਤਰ੍ਹਾਂ ਜੇਕਰ ਕਿਸੇ ਸੰਗਿਆ ਦੇ ਆਖਰੀ ਅੱਖਰ ਦੇ ਨਾਲ ਸਿਹਾਰੀ (ਿ) ਦੀ ਮਾਤਰਾ ਲੱਗੀ ਹੋਵੇ ਤਾਂ ਉਸ ਦਾ ਉਚਾਰਣ ਤਾਂ ਨਹੀਂ ਹੋਵੇਗਾ ਪਰ ਅਰਥ ਜ਼ਰੂਰ ਬਦਲ ਜਾਣਗੇ। ਜਿਵੇਂ ਪੰਡਿਤਿ, ਨਾਨਕਿ, ਪਾਤਸ਼ਾਹਿ। ਇਹਨਾਂ ਦਾ ਉਚਾਰਣ ਹੋਵੇਗਾ, ਪੰਡਿਤ, ਨਾਨਕ, ਪਾਤਿਸ਼ਾਹ ਪਰ ਅਰਥ ਹੋਵੇਗਾ ਪੰਡਿਤ ਨੇ, ਨਾਨਕ ਦੁਆਰਾ, ਪਾਤਿਸ਼ਾਹ ਦੁਆਰਾ ਆਦਿ। ਇਸ ਛੋਟੇ ਜਿਹੇ ਲੇਖ ਵਿੱਚ ਸਮੁੱਚੀ ਗੁਰਬਾਣੀ ਵਿਆਕਰਣ ਨੂੰ ਵਿਸਤਾਰ ਨਾਲ ਲਿਖਣਾ ਤਾਂ ਅਸੰਭਵ ਹੈ। ਇਹ ਵੱਖਰੇ ਤੌਰ `ਤੇ ਇੱਕ ਪੂਰੀ ਪੁਸਤਕ ਦਾ ਵਿਸ਼ਾ ਹੈ। ਵਧੇਰੇ ਜਾਣਕਾਰੀ ਲਈ ਪ੍ਰੋ. ਸਾਹਿਬ ਸਿੰਘ ਦੁਆਰਾ ਰਚਿਤ ਪੁਸਤਕ ‘ਗੁਰਬਾਣੀ ਵਿਆਕਰਣ’ ਪੜ੍ਹੀ ਜਾ ਸਕਦੀ ਹੈ। ਕਈ ਸ਼ਬਦਾਂ `ਚ ਤਾਂ ਉਹਨਾਂ ਦੇ ਪਹਿਲੇ ਅੱਖਰ ਨਾਲ ਦੋ ਮਾਤਰਾਵਾਂ ਲੱਗੀਆਂ ਹਨ ਜਿਵੇਂ ਸ+ਹਾਗਣਿ, ਜ+ਆਨੀ, ਗ+ਵਿੰਦ। ਇਹਨਾਂ ਦਾ ਉਚਾਰਣ ਹੈ ਸੁਹਾਗਣ, ਜੁਆਨੀ, ਗੋਵਿੰਦ। ਇਹਨਾਂ ਦੋਵਾਂ ਮਾਤਰਾਵਾਂ `ਚੋਂ ਇੱਕ ਦਾ ਉਚਾਰਣ ਹੁੰਦਾ ਹੈ ਅਤੇ ਦੂਜੀ ਮਾਤ੍ਰਾ ਕਾਵਿ ਵਿੱਚ ਮਾਤਰਾਵਾਂ ਦਾ ਵਜਨ ਪੂਰਾ ਕਰਨ ਲਈ ਹੁੰਦੀ ਹੈ।

ਹੁਣ ਜੇਕਰ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਉੱਪਰ ਨਜ਼ਰ ਮਾਰੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਸ `ਚ ਕਿਸੇ ਇੱਕ ਵਿਅਕਤੀ, ਕਾਲ ਜਾਂ ਖੇਤਰ ਦੀ ਭਾਸ਼ਾ ਦਾ ਇਸਤੇਮਾਲ ਨਹੀਂ ਕੀਤਾ ਗਿਆ ਬਲਕਿ 12ਵੀਂ ਸਦੀ ਤੋਂ ਲੈ ਕੇ 17ਵੀਂ ਸਦੀ ਤੱਕ ਦੀਆਂ ਅਨੇਕ ਭਾਸ਼ਾਵਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਵਿੱਚ ਜਿਨ੍ਹਾਂ ਮਹਾਪੁਰਸ਼ਾਂ ਦੀ ਬਾਣੀ ਹੈ, ਉਸ `ਚ ਗੁਰੂ ਸਾਹਿਬਾਨ ਤੋਂ ਇਲਾਵਾ ਪੱਛਮ `ਚ ਸਿੰਧ ਤੋਂ ਪੂਰਬ `ਚ ਬੰਗਾਲ ਅਤੇ ਦੱਖਣ `ਚ ਮਹਾਰਾਸ਼ਟਰ ਤੱਕ ਦੇ ਖੇਤਰਾਂ ਦੀ ਭਾਸ਼ਾ ਮਿਲਦੀ ਹੈ। ਇਸ `ਚ ਸਭ ਤੋਂ ਪੁਰਾਣੀ ਰਚਨਾ ਬਾਬਾ ਫ਼ਰੀਦ ਦੀ (1173 ਈ. ਤੋਂ 1266 ਈ) ਅਤੇ ਸਭ ਤੋਂ ਬਾਅਦ ਦੀ ਗੁਰੂ ਤੇਗ਼ ਬਹਾਦੁਰ (1621 ਈ. ਤੋਂ 1675 ਈ.) ਤੱਕ ਦੀ ਮਿਲਦੀ ਹੈ।

ਗੁਰੂ ਗ੍ਰੰਥ ਸਾਹਿਬ ਦਾ ਅਨੁਵਾਦ ਕਈ ਵਿਦਵਾਨਾਂ ਨੇ ਵੱਖ-ਵੱਖ ਭਾਸ਼ਾਵਾਂ `ਚ ਕੀਤਾ ਹੈ। ਇਹਨਾਂ `ਚੋਂ ਇੱਕ ਅਨੁਵਾਦ ਟਰੰਪ ਦਾ ਹੈ। ਇਸ ਅਨੁਵਾਦ ਨੂੰ ਵਧੇਰੇ ਮਾਨਤਾ ਤਾਂ ਨਹੀਂ ਮਿਲ ਸਕੀ ਪਰ ਉਹਨਾਂ ਨੇ ਇਸ ਗ੍ਰੰਥ ਦੀਆਂ ਭਾਸ਼ਾਵਾਂ ਦੀ ਵੱਖਰਤਾ ਦੇ ਸੰਦਰਭ `ਚ ਜੋ ਲਿਖਿਆ ਹੈ ਉਹ ਜ਼ਿਕਰਯੋਗ ਹੈ। ਉਹਨਾਂ ਦਾ ਕਹਿਣਾ ਹੈ:-

"It is a real treasure of old HINDVI dialects specimens of which have been preserved therin which are not to be found any where else. The Granth contains sufficient materials which will enable us to investigate those old and new obsolete dialects...."

(ਪੰਜਾਬੀ ਅਨੁਵਾਦ) “ਇਹ (ਗੁਰੂ ਗ੍ਰੰਥ ਸਾਹਿਬ) ਪੁਰਾਣੀਆਂ ਭਾਰਤੀ ਉਪ-ਭਾਸ਼ਾਵਾਂ (ਹਿੰਦਵੀ) ਦਾ ਇੱਕ ਖ਼ਜ਼ਾਨਾ ਹੈ। ਇਹਨਾਂ ਭਾਸ਼ਾਵਾਂ ਦੇ ਨਮੂਨੇ ਜੋ ਇਥੇ ਇਕੱਤਰ ਕੀਤੇ ਗਏ ਹਨ, ਕਿਧਰੇ ਹੋਰ ਵੇਖਣ ਨੂੰ ਨਹੀਂ ਮਿਲਦੇ। ਇਸ ਗ੍ਰੰਥ ਵਿੱਚ ਅਜਿਹੀ ਸਮੱਗਰੀ ਉਪਲਬਧ ਹੈ ਜਿਸ ਦੇ ਆਧਾਰ `ਤੇ ਅਸੀਂ ਉਹਨਾਂ ਪੁਰਾਣੀਆਂ ਤੇ ਨਵੀਆਂ ਉਪ-ਭਾਸ਼ਾਵਾਂ ਦਾ ਸ਼ੋਧ ਕਾਰਜ ਕਰ ਸਕਦੇ ਹਾਂ, ਜਿਹਨਾਂ ਦਾ ਇਸਤੇਮਾਲ ਅੱਜ ਕੱਲ੍ਹ ਨਹੀਂ ਹੁੰਦਾ।”

ਗੁਰੂ ਗ੍ਰੰਥ ਸਾਹਿਬ `ਚ ਜ਼ਿਆਦਾਤਰ ਸਾਧ ਭਾਸ਼ਾ ਜਾਂ ਸੰਤ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਇਸ ਨੂੰ ਸਧੂਕੜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਗੁਰੂ ਸਾਹਿਬਾਨ ਨੇ ਵਧੇਰੇ ਇਸੇ ਭਾਸ਼ਾ ਦਾ ਹੀ ਪ੍ਰਯੋਗ ਕੀਤਾ ਹੈ। ਅੱਜ ਵੀ ਇਹ ਭਾਸ਼ਾ ਰਮਤੇ ਜੋਗੀਆਂ ਵਲੋਂ ਅਤੇ ਸਾਧਾਂ ਦੇ ਡੇਰਿਆਂ `ਚ ਬੋਲੀ ਜਾਂਦੀ ਹੈ। ਉਦਾਸੀਆਂ ਅਤੇ ਨਿਰਮਲੇ ਸੰਤਾਂ ਦੇ ਡੇਰਿਆਂ `ਚ ਵੀ ਇਹ ਭਾਸ਼ਾ ਬੋਲੀ ਜਾਂਦੀ ਹੈ। ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਨੇ ਪੰਜਾਬੀ ਅਤੇ ਸਾਧ ਭਾਸ਼ਾ ਦੀ ਮੁੱਖ ਤੌਰ `ਤੇ ਵਰਤੋਂ ਕੀਤੀ ਹੈ। ਬਲਕਿ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਨਾਨਕ ਦੇਵ ਜੀ ਤਾਂ ਭਾਸ਼ਾਵਾਂ ਦੇ ਸਮਰਾਟ ਹਨ। ਉਹਨਾਂ ਨੇ ਕਈ ਭਾਸ਼ਾਵਾਂ `ਚ ਆਪਣੀ ਬਾਣੀ ਦੀ ਰਚਨਾ ਕੀਤੀ ਹੈ। ਇਹਨਾਂ `ਚ ਕੇਂਦਰੀ ਪੰਜਾਬੀ, ਲਹਿੰਦੀ, ਸਾਧ ਭਾਸ਼ਾ, ਫਾਰਸੀ, ਸੰਸਕ੍ਰਿਤ, ਬ੍ਰਿਜ ਆਦਿ ਭਾਸ਼ਾਵਾਂ ਦੀ ਭਰਪੂਰ ਵਰਤੋਂ ਦੇਖਣ ਨੂੰ ਮਿਲਦੀ ਹੈ। ਸ਼ੇਖ਼ ਫ਼ਰੀਦ ਦੀ ਸਾਰੀ ਰਚਨਾ ਮੁਲਤਾਨੀ `ਚ ਹੈ। ਗੁਰੂ ਤੇਗ਼ ਬਹਾਦੁਰ ਜੀ ਦੀ ਸਾਰੀ ਰਚਨਾ ਬ੍ਰਿਜ ਭਾਸ਼ਾ `ਚ ਹੈ। ਭੱਟਾਂ ਦੀ ਬਾਣੀ ਜੋ ਕਿ ਹਿੰਦੀ `ਚ ਹੈ, ਆਮ ਸਾਹਿਤ ਦੀ ਹਿੰਦੀ ਨਹੀਂ ਹੈ। ਇਹ ਹਿੰਦੀ ਤੇ ਸਾਧ ਭਾਸ਼ਾ ਦੋਵਾਂ ਦਾ ਮਿਸ਼ਰਣ ਹੈ। ਇਹ ਭੱਟਾਂ ਦੀ ਪਰੰਪਰਕ ਭਾਸ਼ਾ ਸੀ।

ਇਹ ਤਾਂ ਅਸੀਂ ਭਲੀ ਭਾਂਤ ਜਾਣ ਚੁੱਕੇ ਹਾਂ ਕਿ ਗੁਰੂ ਗ੍ਰੰਥ ਸਾਹਿਬ `ਚ ਕਿਸੇ ਇੱਕ ਭਾਸ਼ਾ ਦੀ ਬਜਾਏ ਕਈ ਭਾਸ਼ਾਵਾਂ ਦੀ ਵਰਤੋਂ ਕੀਤੀ ਗਈ ਹੈ। ਇਸ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਦੇ ਹੁੰਦੇ ਹੋਏ ਵੀ ਇਹਨਾਂ ਭਾਸ਼ਾਵਾਂ `ਚ ਸਮਾਨਤਾ ਹੈ। ਜਿਵੇਂ ਕਿ ਵਿਸ਼ੇ ਦੀ ਸਮਾਨਤਾ ਸਾਰੀ ਬਾਣੀ ਅਧਿਆਤਮਕ ਹੈ ਅਤੇ ਸ਼ਬਦਾਵਲੀ, ਸ਼ੈਲੀ, ਮੁਹਾਵਰੇ ਅਤੇ ਅਭਿਵਿਅਕਤੀ ਪੂਰੀ ਦੀ ਪੂਰੀ ਅਧਿਆਤਮਕ ਹੈ।

ਇਹ ਬਾਣੀ ਕਿਸੇ ਇੱਕ ਧਾਰਮਿਕ ਪਰੰਪਰਾ ਨਾਲ ਸੰਬੰਧਤ ਨਹੀਂ ਹੈ। ਇਸ ਵਿੱਚ ਬੁੱਧ ਮੱਤ, ਇਸਲਾਮ, ਵੈਦਿਕ ਧਰਮ, ਯੋਗ ਮੱਤ, ਵੇਦਾਂਤ ਆਦਿ ਕਈ ਪਰੰਪਰਾਵਾਂ ਦਾ ਜ਼ਿਕਰ ਹੈ। ਇਸ ਵਾਸਤੇ ਇਸ ਗ੍ਰੰਥ ਨੂੰ ਸਮਝਣ ਅਤੇ ਵਿਚਾਰਨ ਲਈ ਕਈ ਭਾਸ਼ਾਵਾਂ ਅਤੇ ਧਰਮਾਂ ਦਾ ਗਿਆਨ ਹੋਣਾ ਜ਼ਰੂਰੀ ਹੈ।

ਦੂਜੀ ਸਮਾਨਤਾ ਹੈ ਕਾਵਿ-ਸ਼ੈਲੀ ਦੀ। ਇਹ ਸਮੁੱਚਾ ਗ੍ਰੰਥ ਕਵਿਤਾ `ਚ ਲਿਖਿਆ ਗਿਆ ਹੈ ਤੇ ਕਵਿਤਾ ਪ੍ਰੇਮ ਪਿਆਰ ਤੋਂ ਉਪਜਦੀ ਹੈ। ਪਿਆਰ ਇੱਕ ਅਨੁਭਵ ਹੈ, ਇੱਕ ਅਹਿਸਾਸ ਹੈ। ਇਹ ਕੋਈ ਦਰਸ਼ਨ (ਫ਼ਲਸਫ਼ਾ) ਨਹੀਂ ਹੈ ਅਤੇ ਨਾ ਹੀ ਕਿਸੇ ਦਾਰਸ਼ਨਿਕ ਚਿੰਤਨ ਦੀ ਉਮੀਦ ਰੱਖਦਾ ਹੈ। ਇਹ ਤਾਂ ਆਪ ਜਿਸ ਦਾਰਸ਼ਨਿਕ ਚਿੰਤਨ ਨਾਲ ਜੁੜ ਜਾਂਦਾ ਹੈ। ਉਸ ਨੂੰ ਕਾਵਿਮਈ ਬਣਾ ਦਿੰਦਾ ਹੈ। ਇਹ ਹੀ ਇੱਕ ਕਾਰਨ ਹੈ ਕਿ ਜਦੋਂ ਵੀ ਕਿਸੇ ਪੀਰ ਪੈਗ਼ੰਬਰ, ਸੰਤ ਜਾਂ ਕਿਸੇ ਅਵਤਾਰ ਨੇ ਇਸ ਨਾਸ਼ਵਾਨ ਸੰਸਾਰ ਨੂੰ ਕੋਈ ਦੈਵੀ ਗਿਆਨ ਦੇਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕਵਿਤਾ ਵਿੱਚ ਹੀ ਦਿੱਤਾ। ਅਧਿਆਤਮਕ ਮੰਡਲ ਦੀ ਭਾਸ਼ਾ ਹੋਣ ਕਾਰਨ ਇਹ ਆਮ ਬੋਲ ਚਾਲ ਦੀ ਭਾਸ਼ਾ ਤੋਂ ਕੁੱਝ ਭਿੰਨ ਤਾਂ ਹੈ ਪਰ ਸਰਲ ਹੈ। ਇਹ ਬਾਣੀ ਵਿਦਵਾਨਾਂ, ਪੰਡਿਤਾਂ ਜਾਂ ਗਿਆਨੀ ਲੋਕਾਂ ਲਈ ਨਹੀਂ ਰਚੀ ਗਈ ਬਲਕਿ ਇਸ ਦੀ ਰਚਨਾ ਤਾਂ ਸਾਧਾਰਨ ਮਨੁੱਖ ਲਈ ਕੀਤੀ ਗਈ ਹੈ। ਇਸ ਦਾ ਵਿਸ਼ਾ ਗੰਭੀਰ ਅਧਿਆਤਮਕ ਹੁੰਦਿਆਂ ਵੀ ਆਮ ਲੋਕਾਂ ਦੀ ਸਮਝ ਤੋਂ ਪਰ੍ਹੇ ਨਹੀਂ ਹੈ।

ਆਦਿ ਗ੍ਰੰਥ ਦਾ ਪ੍ਰਥਮ ਸੰਕਲਨ ਹੁਣ ਕਰਤਾਰਪੁਰ `ਚ ਸੋਢੀਆਂ ਕੋਲ ਸੁਰੱਖਿਅਤ ਹੈ। ਹਾਂ ਇਸ ਦੀ ਪ੍ਰਮਾਣਿਕਤਾ ਬਾਰੇ ਵਿਦਵਾਨਾਂ `ਚ ਅਸਹਿਮਤੀ ਜ਼ਰੂਰ ਹੈ।

ਗੁਰੂ ਅਰਜੁਨ ਦੇਵ ਜੀ ਵਲੋਂ ਸੰਪਾਦਿਤ ਆਦਿ ਗ੍ਰੰਥ ਦੀਆਂ ਪਾਂਡੂਲਿਪੀਆਂ ਅਤੇ ਪ੍ਰਤੀਲਿਪੀਆਂ (ਨਕਲਾਂ ਅਤੇ ਹੱਥ ਲਿਖਤ ਉਤਾਰੇ) ਲਿਖਣ ਤੇ ਲਿਖਵਾਉਣ ਦਾ ਕਾਰਜ ਉਹਨਾਂ ਦਿਨਾਂ `ਚ ਸ਼ੁਰੂ ਹੋ ਗਿਆ ਸੀ। ਇਸ `ਚ ਸਭ ਤੋਂ ਪਹਿਲਾ ਉਪਰਾਲਾ ਭਾਈ ਬੇਨੋ ਦੁਆਰ ਹੋਇਆ। ਉਸ ਨੂੰ ਪਹਿਲੇ ਸੰਕਲਨ ਦੀ ਜਿਲਦ ਬਨਾਉਣ ਲਈ ਲਾਹੌਰ ਭੇਜਿਆ ਸੀ। ਉਸ ਨੇ ਆਪਣੀ ਇਸ ਯਾਤਰਾ ਦੌਰਾਨ ਕਈ ਲਿਖਾਰੀ ਲਗਾ ਕੇ ਇਸ ਗ੍ਰੰਥ ਦੀ ਇੱਕ ਨਕਲ (ਕਾਪੀ) ਹੋਰ ਤਿਆਰ ਕਰਵਾ ਲਈ ਸੀ। ਇਸ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਕੁੱਝ ਅਜਿਹੀ ਬਾਣੀ ਦਰਜ ਹੈ ਜੋ ਕਿ ਅਸਲੀ ਜਾਂ ਪ੍ਰਥਮ ਗ੍ਰੰਥ `ਚ ਸ਼ਾਮਲ ਨਹੀਂ ਹੈ। ਹੁਣ ਇਹ ਗ੍ਰੰਥ ਬਨੋਆੜੀਆਂ (ਬਨੋ ਦੇ ਉਤਰਾਧਿਕਾਰੀਆਂ) ਕੋਲ ਬੜੌਤ, ਜ਼ਿਲ੍ਹਾ ਮੇਰਠ `ਚ ਸੁਰੱਖਿਅਤ ਹੈ। ਇਸ ਨਕਲ ਦੀ ਇੱਕ ਹੋਰ ਨਕਲ ਜਿਸ ਉੱਪਰ ਤਾਰੀਖ ਵੀ ਅੰਕਿਤ ਹੈ (ਸਾਮੰਤ 1710 ਬਿਕਰਮੀ) ਭਾਈ ਰਾਮ ਕ੍ਰਿਸ਼ਨ ਅੱਡਣਸ਼ਾਹੀ ਦੇ ਗੁਰਦੁਆਰੇ `ਚ ਪਟਿਆਲਾ `ਚ ਟੀ. ਬੀ. ਹਸਪਤਾਲ ਕੋਲ ਸੁਰੱਖਿਅਤ ਹੈ। ਇਸ ਵਿੱਚ ਵੀ ਉਹ ਹੀ ਵਾਧੂ ਬਾਣੀ ਸ਼ਾਮਲ ਹੈ।

ਕਈ ਲੋਕ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾ ਜਾਣ ਤੋਂ ਕਈ ਸਾਲ ਮਗਰੋਂ ਭਾਈ ਮਨੀ ਸਿੰਘ ਦੂਜੇ (ਇਹ ਉਹ ਮਨੀ ਸਿੰਘ ਨਹੀਂ ਸਨ, ਜਿਹਨਾਂ ਨੇ ਪਹਿਲਾ ਗ੍ਰੰਥ ਲਿਖਿਆ ਸੀ) ਨੇ ਇੱਕ ਹੋਰ ਪੋਥੀ ਤਿਆਰ ਕਰਵਾਈ। ਜਿਸ ਵਿੱਚ ਦਸਮ ਗ੍ਰੰਥ ਦੀ ਕੁੱਝ ਰਚਨਾ ਨੂੰ ਵੀ ਸ਼ਾਮਲ ਕਰ ਲਿਆ ਗਿਆ ਜੋ ਕਿ ਅੱਠ ਪੰਨਿਆਂ `ਚ ਹੈ। ਇਸ ਵਿੱਚ ਕਿਹੜੀਆਂ-ਕਿਹੜੀਆਂ ਰਚਨਾਵਾਂ ਸ਼ਾਮਲ ਹਨ, ਇਹ ਤਾਂ ਮੈਨੂੰ ਪਤਾ ਨਹੀਂ ਪਰ ਜੋ 1428 ਸਫ਼ਿਆਂ ਦੀ ਪੋਥੀ ਦਸਮ ਗ੍ਰੰਥ ਦੇ ਨਾਂ ਨਾਲ ਪ੍ਰਚਲਿਤ ਹੈ ਉਹ ਤਾਂ ਵਾਦ-ਵਿਵਾਦ ਅਤੇ ਅਸ਼ਲੀਲਤਾ ਦਾ ਵਿਸ਼ਾ ਹੈ) ਸਾਰੇ ਵਿਦਵਾਨ ਇਸ ਗੱਲ ਨਾਲ ਅਸਹਿਮਤ ਹਨ ਕਿ ਦਸਮ ਗ੍ਰੰਥ ਦੀ ਰਚਨਾ ਗੁਰੂ ਗੋਬਿੰਦ ਸਿੰਘ ਦੁਆਰਾ ਹੋਈ ਹੈ। ਇਸ ਦੇ ਸਫ਼ਾ ਨੰ. 504 ਤੋਂ 1388 ਤੱਕ ਸਾਰੀ ਰਚਨਾ ਇਤਰਾਜ਼ਯੋਗ ਹੈ, ਪਰ 809 ਤੋਂ 1388 ਤੱਕ ਨੂੰ ਪੜ੍ਹਨ ਵਾਲਾ ਸ਼ਰਮਸਾਰ ਹੋ ਜਾਂਦਾ ਹੈ। ਹੋਰ ਤਾਂ ਹੋਰ ਪਰਿਵਾਰ `ਚ ਬੈਠ ਕੇ ਤਾਂ ਇਸ ਨੂੰ ਪੜ੍ਹ ਵੀ ਨਹੀਂ ਸਕਦੇ। ਇਸ ਪੋਥੀ (ਦਸਮ ਗ੍ਰੰਥ) `ਚੋਂ ਕੋਈ ਅਜਿਹਾ ਸੰਕੇਤ ਨਹੀਂ ਮਿਲਦਾ ਜਿਸ ਨਾਲ ਇਸ ਦੇ ਇਕੱਤਰਕਰਤਾ ਜਾਂ ਇਕੱਤਰੀਕਰਨ ਦੇ ਸਮੇਂ ਨੂੰ ਨਿਸ਼ਚਿਤ ਕੀਤਾ ਜਾ ਸਕੇ। ਇੱਕ ਪੋਥੀ ਜੋ ਹੁਣ ਸਵਰਗੀ ਰਾਜਾ ਗੁਲਾਬ ਸਿੰਘ ਦੇ ਘਰ 47, ਹਨੂੰਮਾਨ ਰੋਡ, ਨਵੀਂ ਦਿੱਲੀ ਵਿਖੇ ਸੁਰੱਖਿਅਤ ਹੈ, ਦਾ ਸੰਬੰਧ ਇਸ ਉਪਰੋਕਤ ਪੋਥੀ ਨਾਲ ਜੋੜਿਆ ਜਾਂਦਾ ਹੈ। ਪਰ ਇਹ ਖੋਜ ਦਾ ਵਿਸ਼ਾ ਹੈ ਕਿ ਇਸ ਦਾ ਇਕੱਤਰਕਰਤਾ ਜਾਂ ਸਮਾਂ ਕੀ ਹੈ ਅਤੇ ਅਜਿਹਾ ਕਰਨ ਪਿੱਛੇ ਮਕਸਦ ਕੀ ਹੋ ਸਕਦਾ ਹੈ। ਉਂਝ ਇਸ ਦੀ ਰਚਨਾ 1772 ਤੋਂ 1782 ਦੌਰਾਨ ਹੋਈ ਦੱਸੀ ਜਾਂਦੀ ਹੈ। ਇਹ ਅਜਿਹਾ ਪਹਿਲਾ ਉਪਰਾਲਾ ਹੈ। ਕਿਹਾ ਜਾਂਦਾ ਹੈ ਕਿ ਦੂਜੀ ਪੋਥੀ ਬਾਬਾ ਦੀਪ ਸਿੰਘ ‘ਸ਼ਹੀਦ’ ਨੇ 1804 `ਚ ਆਪ ਆਪਣੇ ਹੱਥਾਂ ਨਾਲ ਲਿਖ ਕੇ ਤਿਆਰ ਕੀਤੀ, ਜਿਸ `ਚ ਦਸਮ ਗ੍ਰੰਥ ਦੀ ਬਾਣੀ ਦਾ ਕੋਈ ਜ਼ਿਕਰ ਨਹੀਂ ਹੈ। ਤੀਜੀ ਅਜਿਹੀ ਕੋਸ਼ਿਸ਼ 1832 `ਚ ਭਾਈ ਸੁੱਖਾ ਸਿੰਘ ਨੇ ਕੀਤੀ। ਚੌਥੀ ਕੋਸ਼ਿਸ਼ ਭਾਈ ਚੜ੍ਹਤ ਸਿੰਘ ਨੇ ਕੀਤੀ, ਜਿਸ `ਚ ਬਹੁਤ ਸਾਰੀ ਵਾਧੂ ਰਚਨਾ ਸ਼ਾਮਲ ਹੈ। ਪੰਜਵੀਂ ਕੋਸ਼ਿਸ਼ ਪਟਨਾ ਦੇ ਇੱਕ ਵਿਅਕਤੀ ਭਾਈ ਸੁੱਖਾ ਸਿੰਘ ਵਲੋਂ ਹੋਈ, ਜਿਸ ਵਿੱਚ ਕਾਫ਼ੀ ਰਚਨਾ ਮੁੱਖ ਗ੍ਰੰਥ ਦੀ ਤੁਲਨਾ `ਚ ਅੱਗੇ ਪਿੱਛੇ ਹੈ ਅਤੇ ਕਈ ਫਾਲਤੂ ਰਚਨਾਵਾਂ ਵੀ ਹਨ। ਇਸ ਤਰ੍ਹਾਂ ਸਮੇਂ-ਸਮੇਂ ਸਿਰ ਇਸ ਗ੍ਰੰਥ ਨੂੰ ਵਿਗਾੜਨ ਦੀਆਂ ਕਈ ਨਾਕਾਮ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ।

ਇਸ ਛੋਟੇ ਜਿਹੇ ਲੇਖ `ਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਦਾ ਇਤਿਹਾਸ, ਵਿਆਕਰਣ, ਤਕਨੀਕ, ਰਾਗ ਵਿਧਾ ਅਤੇ ਭਾਸ਼ਾ ਸੰਬੰਧੀ ਅਧਿਐਨ ਦੀ ਥੋੜੀ-ਥੋੜੀ ਜਾਣਕਾਰੀ ਹੀ ਦਿੱਤੀ ਜਾ ਸਕੀ ਹੈ। ਇਸ ਵਿਸ਼ੇ ਨਾਲ ਸੰਬੰਧਤ ਪੂਰੇ ਵਿਸਥਾਰ ਅਤੇ ਵਿਸ਼ਲੇਸ਼ਣ ਦੀ ਜਾਣਕਾਰੀ ਲਈ ਡੂੰਘੀ ਖੋਜ ਅਧਿਐਨ ਅਤੇ ਯੋਗ ਵਿਦਵਾਨਾਂ ਵਲੋਂ ਮਿਹਨਤ ਅਤੇ ਮੁਸ਼ੱਕਤ ਦੀ ਡਾਢੀ ਲੋੜ ਹੈ ਕਿਉਂਕਿ ਖੋਜ ਕਦੇ ਵੀ ਆਖ਼ਰੀ ਨਹੀਂ ਹੁੰਦੀ।

--ਦਾਸ

ਮਹਿੰਦਰ ਸਿੰਘ ਡਿੱਡਨ

ਫੋਨ: 9811526843

ਨਵੀ ਦਿੱਲੀ,

India

ਮੈਂ ਇਸ ਪੁਸਤਕ ਦੇ ਹਿੰਦੀ ਤੋਂ ਪੰਜਾਬੀ ਅਨੁਰੂਪ ਲਈ ਜੋ ਕਿ ਅਤਿ ਸਰਲ ਭਾਸ਼ਾ ਵਿੱਚ ਕੀਤਾ ਗਿਆ ਹੈ, ਡਾ. ਪ੍ਰਿਥਵੀ ਰਾਜ ਥਾਪਰ, ਦਿਆਲ ਸਿੰਘ ਕਾਲਜ, ਨਵੀਂ ਦਿੱਲੀ ਅਤੇ ਡਾ. ਮਨਜੀਤ ਸਿੰਘ, ਮੁਖੀ ਪੰਜਾਬੀ ਭਾਸ਼ਾ ਵਿਭਾਗ, ਦਿੱਲੀ ਯੂਨੀਵਰਸਿਟੀ, ਦੇ ਸਹਿਯੋਗ ਦਾ ਧੰਨਵਾਦੀ ਹਾਂ।

ਮਹਿੰਦਰ ਸਿੰਘ ਡਿੱਡਨ

(ਸੰਪਾਦਕੀ ਨੋਟ:- ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦੇ ਦਮਦਮੇ ਸਾਹਿਬ ਵਿਖੇ ਹੀ ਦਰਜ਼ ਕਰਵਾ ਦਿੱਤੀ ਸੀ। ਉਹਨਾ ਨੂੰ ਸਾਰੀ ਬਾਣੀ ਜ਼ਬਾਨੀ ਉਚਾਰ ਕੇ ਲਿਖਵਾਉਣ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਹੋਰ ਬਹੁਤ ਸਾਰੀਆਂ ਹੱਥ ਲਿਖਤ ਬੀੜਾਂ ਉਸ ਸਮੇਂ ਮੌਜੂਦ ਸਨ। ਇਸ ਵਿਸ਼ੇ ਬਾਰੇ ਹੋਰ ਜਾਣਕਾਰੀ ਪ੍ਰਿੰ: ਹਰਿਭਜਨ ਸਿੰਘ ਜੀ ਦੀ ਪੁਸਤਕ ਗੁਰਬਾਣੀ ਸੰਪਾਦਨ ਨਿਰਣੈ ਤੋਂ ਲਈ ਜਾ ਸਕਦੀ ਹੈ। ਭਾਈ ਮਰਦਾਨੇ ਦੀ ਕੋਈ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਨਹੀਂ। ਮਰਦਾਨੇ ਦੇ ਨਾਮ ਤੇ ਸਲੋਕ ਗੁਰੂ ਨਾਨਕ ਪਾਤਸ਼ਾਹ ਦੇ ਹਨ। ਕਈਆਂ ਦਾ ਤਾਂ ਇਹ ਵੀ ਵਿਚਾਰ ਹੈ ਕਿ ਮਰਦਾਨਾ ਦਾ ਮਤਲਬ ਭਾਈ ਮਰਦਾਨਾ ਨਹੀਂ ਕਿਉਂਕਿ ਇਹ ਨਾਮ ਪੰਨਾ 1084 ਤੇ ਵੀ ਵਰਤਿਆ ਹੈ ਅਤੇ ਉਹ ਪੰਗਤੀਆਂ ਹਨ: ਮੁਸਲਮਾਣੁ ਮੋਮ ਦਿਲਿ ਹੋਵੈ॥ ਅੰਤਰ ਕੀ ਮਲੁ ਦਿਲ ਤੇ ਧੋਵੈ॥ ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮੁ ਪਾਟੁ ਘਿਉ ਪਾਕੁ ਹਰਾ॥ 13॥ ਜਾ ਕਉ ਮਿਹਰ ਮਿਹਰ ਮਿਹਰਵਾਨਾ॥ ਸੋਈ ਮਰਦੁ ਮਰਦੁ ਮਰਦਾਨਾ॥ ਸੋਈ ਸੇਖੁ ਮਸਾਇਕੁ ਹਾਜੀ ਸੋ ਬੰਦਾ ਜਿਸੁ ਨਜਰਿ ਨਰਾ॥ 14॥ ਕੁਦਰਤਿ ਕਾਦਰ ਕਰਣ ਕਰੀਮਾ॥ ਸਿਫਤਿ ਮੁਹਬਤਿ ਅਥਾਹ ਰਹੀਮਾ॥ ਹਕੁ ਹੁਕਮੁ ਸਚੁ ਖੁਦਾਇਆ ਬੁਝਿ ਨਾਨਕ ਬੰਦਿ ਖਲਾਸ ਤਰਾ॥ 15॥ 3॥ 12॥)




.