.

ਗੁਰਮਤਿ ਪ੍ਰਚਾਰ ਦੇ ਰਾਹ ਵਿੱਚ ਰੁਕਾਵਟ ਪਾਉਣ ਵਾਲੇ ਅਸਲ ਲੋਕ ਕੌਣ?

(ਭਾਗ-੨)

ਅੱਜ ਸਿੱਖ ਕੋਮ ਨੂੰ ਖਤਰਾ ਸੋਦਾ ਸਾਧ, ਨੂਰਮਹਿਲੀਏ, ਭਨਿਆਰੇ ਜਾਂ ਇਨ੍ਹਾਂ ਵਰਗੇ ਹੋਰ ਬਹੁਤ ਸਾਰਿਆਂ ਤੋਂ ਘੱਟ, ਸਿੱਖ ਧਰਮ ਵਿੱਚ ਘੁਸਪੈਠ ਕਰ ਕੇ ਸਿੱਖੀ ਦਾ ਹੀ ਅੰਗ ਬਣ ਚੁੱਕੇ ਡੇਰੇਦਾਰਾਂ ਅਤੇ ਗੁਰੂ ਘਰਾਂ ਉਤੇ ਕਾਬਜ ਹੋ ਚੁੱਕੇ ਭ੍ਰਿਸ਼ਟ ਪ੍ਰਬੰਧਕਾਂ ਤੇ ਅਗਿਆਨੀ ਪ੍ਰਚਾਰਕਾਂ ਤੋਂ ਕਿਤੇ ਜ਼ਿਆਦਾ ਹੈ। ਜਿਹੜੇ ਸਿੱਖੀ ਭੇਖ ਵਿੱਚ ਵਿਚਰਦਿਆਂ ਸਿੱਖੀ ਦਾ ਨਾ ਪੂਰਿਆ ਜਾਣ ਵਾਲਾ ਸਿਧਾਂਤਕ ਨੁਕਸਾਨ ਕਰ ਰਹੇ ਹਨ। ਇਨ੍ਹਾਂ ਤੋਂ ਬਚਣ ਲਈ ਕੌਮ ਨੂੰ ਬਹੁਤ ਹੀ ਸੁਚੇਤ ਹੋਣ ਦੇ ਨਾਲ-ਨਾਲ ਇਨ੍ਹਾਂ ਅਤੇ ਇਨ੍ਹਾਂ ਵਲੋਂ ਕੀਤੇ ਕਾਰਜਾਂ ਉੱਪਰ ਨਜ਼ਰ ਰੱਖਣ ਲਈ ਪ੍ਰਚਲਿਤ ‘ਸਿੱਖ ਰਹਿਤ ਮਰਿਆਦਾ’ ਵਿੱਚ ਅੰਕਿਤ ਕੀਤੇ ਗੁਰਮਤਿ ਅਨੁਸਾਰ ਇਤਰਾਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਇਨ੍ਹਾਂ `ਤੇ ਗੁਰਮਤਿ ਦਾ ਅਕੁੰਸ਼ ਲਗਾਉਣਾ ਪਵੇਗਾ। ਆਉ ਵਿਚਾਰੀਏ ਕਿ ਕਿਸ ਤਰਾਂ ਸਾਡੇ ਕਹੇ ਜਾਂਦੇ ਪ੍ਰਚਾਰਕ/ਪ੍ਰਬੰਧਕ ਕਿਵੇਂ ਗੁਰਮਤਿ ਦੇ ਰਾਹ ਵਿੱਚ ਰੁਕਾਵਟ ਬਣ ਖਲੋਂਦੇ ਹਨ।

1. ਮੋਜੂਦਾ ‘ਸਿੱਖ ਰਹਿਤ ਮਰਿਆਦਾ’ ਦੇ ਗੁਰਦੁਆਰੇ ਸਿਰਲੇਖ ਦੇ ਭਾਗ ‘ਸ’ ਵਿੱਚ ਅੰਕਿਤ ਹੈ “ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤਾਂ ਜਗਾਉਣੀਆਂ, ਟੱਲ ਖੜਕਾਉਣੇ ਆਦਿ ਗੁਰਮਤਿ ਅਨੁਸਾਰ ਨਹੀਂ।” ਪਰ ਰਹਿਤ ਮਰਿਆਦਾ ਦੀ ਇਸ ਮਦ ਦਾ ਖੁਲ੍ਹੇ ਆਮ ਮਜ਼ਾਕ ਉਡਾਉਂਦਾ ਗੁਰਦੁਆਰਾ ਨਾਂਦੇੜ ਬੋਰਡ ਅਤੇ ਹੋਰ ਬੇਅੰਤ ਡੇਰੇਦਾਰ, ਉਪਰੋਕਤ ਮੱਦ ਦੀ ਖੁੱਲੇਆਮ ਉਲੱਘਣਾ ਕਰਦੇ ਹੋਏ ਵੀ ਸਿੱਖ ਸਮਾਜ ਵਿੱਚ ਸਤਿਕਾਰੇ ਜਾਂਦੇ ਹਨ ਅਤੇ ਸਾਡੇ ਸਿੱਖੀ ਦੇ ਰਖਵਾਲੇ ਬਣੇ ਇਹ ਜੱਥੇਦਾਰ ਪਤਾ ਨਹੀਂ ਕਿਸ ਮਜਬੂਰੀ ਵੱਸ ਉਨ੍ਹਾਂ ਨੂੰ ਰੋਕਣ ਵਿੱਚ ਕਿਉਂ ਅਸਫਲ ਹੋ ਰਹੇ ਹਨ? ਇਸ ਸਬੰਧ ਵਿੱਚ ਭਾਈ ਕ੍ਹਾਨ ਸਿੰਘ ਜੀ ਨਾਭਾ ਵਲੋਂ ਗੁਰਮਤਿ ਮਾਰਤੰਡ ਦੇ ਪੰਨਾ ੭੦ ਉੱਤੇ ਕੀਤੀ ਟਿੱਪਣੀ ਅਜੋਕੇ ਸਮੇਂ ਅੰਦਰ ਗੁਰਦੁਆਰਾ ਪ੍ਰਬੰਧ ਵਿੱਚ ਆਈ ਗਿਰਾਵਟ ਨੂੰ ਸਮਝਣ ਅਤੇ ਉਸਦੇ ਸੁਧਾਰ ਲਈ ਕਾਫੀ ਅਹਿਮਿਅਤ ਰਖਦੀ ਹੈ “ਸਿੱਖ ਨਿਯਮਾਂ ਤੋਂ ਅਗਿਆਤ ਕਈ ਸਿੱਖ ਭਾਈ, ਦੀਵੇ ਮਚਾ ਕੇ ਆਰਤੀ ਕਰਦੇ ਅਤੇ `ਚੰਡੀ ਚਰਿੱਤ’ ਦਾ ਸਵੈਯਾ:- “ਸੰਖਨ ਕੀ ਧੁਨਿ ਘੰਟਨ ਕੀ ਕਰਿ ਫੂਲਨ ਕੀ ਬਰਖਾ ਬਰਖਾਵੈ” ਪੜ੍ਹ ਕੇ ਸੰਖ ਵਜਾਉਦੇ, ਘੰਟੇ ਖੜਕਾਉਦੇ ਹੋਏ (ਘੰਟੇ ਵਜਾਉਣ ਦੀ ਰੀਤਿ ਸਭ ਤੋਂ ਪਹਿਲਾਂ ਅਬਿਚਲ ਨਗਰ ਦੇ ਗੁਰਦੁਆਰੇ ਉਦਾਸੀਆਂ ਪੁਜਾਰੀਆਂ ਨੇ ਚਲਾਈ, ਜੋ ਹੁਣ ਤਕ ਪ੍ਰਚਲਿਤ ਹੈ) ਫੁੱਲ ਬਰਸਾਉਦੇ ਹਨ, ਜੋ ਦੇਵਤਿਆਂ ਵਲੋਂ ਕੀਤੀ ਗਈ ਆਰਤੀ ਦੀ ਨਕਲ ਹੈ। ਅਸਾਡੇ ਵਿੱਚ ਆਰਤੀ ਦਾ ਪ੍ਰਚਾਰ ਕਿਵੇਂ ਹੋਇਆ? ਇਸ ਦਾ ਕਾਰਨ ਇਹ ਹੈ:- ਸ੍ਰੀ ਗੁਰੁ ਗੋਬਿੰਦ ਸਿੰਘ ਸਵਾਮੀ ਦੇ ਜੋਤੀ ਜੋਤਿ ਸਮਾਉਣ ਪਿੱਛੋਂ, ਪ੍ਰਸਿੱਧ ਸਿੱਖ ਮੰਦਰਾਂ ਵਿੱਚ ਸਿੰਘ ਪੁਜਾਰੀ ਗ੍ਰੰਥੀ, ਸ਼ਾਤੀ ਨਾਲ ਨਹੀਂ ਰਹਿ ਸਕਦੇ, ਕਯੋਕਿ ਉਸ ਵੇਲੇ ਦੇ ਅਨਯਾਈ ਹਾਕਮ ਸਿੰਘਾਂ ਪੁਰ ਭਾਰੀ ਸਖਤੀ ਕਰਦੇ ਸਨ, ਬਹੁਤ ਗੁਰਦੁਆਰਿਆਂ ਦੀ ਸੇਵਾ ਉਸ ਸਮੇਂ ਉਦਾਸੀ ਸਾਧੂਆਂ ਨੇ ਸਾਂਭ ਲਈ ਸੀ, ਜਿਨ੍ਹਾਂ ਨੇ ਪੜੌਸੀ ਹਿੰਦੂਆਂ ਨੂੰ ਪ੍ਰਸੰਨ ਕਰ ਕੇ ਭੇਟਾ ਲੈਣ ਲਈ ਸਤਿਗੁਰੂ ਨਾਨਕ ਦੇਵ ਦੇ ਸਿਧਾਂਤਾਂ ਤੋਂ ਵਿਰੁੱਧ, ਹਿੰਦੂ ਪੂਜਾ ਸਿੱਖ ਮੰਦਰਾਂ ਵਿੱਚ ਪ੍ਰਚੱਲਿਤ ਕਰ ਦਿੱਤੀ। ਇਸ ਪਿਛੋਂ, ਮਹਾਰਾਜਾ ਰਣਜੀਤ ਸਿੰਘ ਜੀ ਦੇ ਪ੍ਰਧਾਨ ਕਰਮਚਾਰੀ ਡੋਗਰੇ ਅਰ ਬ੍ਰਾਹਮਣਾਂ ਨੇ ਉਸ ਦੀ ਹੋਰ ਭੀ ਪੁਸ਼ਟੀ ਕਰ ਕੇ ਬੇਅੰਤ ਕੁਰੀਤੀਆਂ ਦਾ ਪ੍ਰਚਾਰ ਕਰ ਦਿੱਤਾ, ਜੈਸੇ ਕਿ ਦੀਵੇ ਮਚਾ ਕੇ ਆਰਤੀ ਕਰਨੀ, ਟਿੱਕੇ ਲਾਉਣੇ, ਕਿਵਾੜ ਬੰਦ ਜਾਂ ਪੜਦਾ ਕਰ ਕੇ ਪ੍ਰਸ਼ਾਦ ਦਾ ਭੋਗ ਲਾਉਣਾ, ਨਗਾਰੇ ਦੀ ਥਾਂ ਘੰਟਿਆਂ ਦੀ ਘਨਘੋਰ ਲਾਉਣੀ, ਗੁਰੂ ਸਾਹਿਬਾਨ ਦੇ ਜਨਮ ਦਿਨਾਂ ਪਰ ਬਾਲ ਭੋਗ (ਟਿੱਕੀ) ਪ੍ਰਸ਼ਾਦ ਬਣਾਉਣਾ, ਇਤਯਾਦਿਕ। ਅਸੀਂ ਹੈਰਾਨ ਹਾਂ, ਉਨ੍ਹਾਂ ਭਾਈਆ ਦੀ ਬੁੱਧਿ ਪਰ, ਜੋ ਮੰਹੋਂ ਦੀਵਿਆਂ ਦੀ ਆਰਤੀ ਦੇ ਖੰਡਨ ਰੂਪ ਸ਼ਬਦ ਪੜ੍ਹਦੇ ਹਨ ਅਤੇ ਹੱਥਾਂ ਨਾਲ ਦੀਵੇ ਅਰਥਾਤ ਗੁਰੁ-ਸ਼ਬਦ ਵਿਰੁੱਧ ਕ੍ਰਿਆ ਕਰਦੇ ਹਨ”। ਜਿੱਥੇ ਇੱਨੀਆ ਸਪਸ਼ਟ ਉਪਰੋਕਤ ਮਨਮਤਾਂ ਹੁੰਦੀਆ ਹੋਣ ਕੀ ਉਨ੍ਹਾਂ ਨੂੰ ਵੀ ਗੁਰਦੁਆਰੇ ਕਿਹਾ ਜਾ ਸਕਦਾ ਹੈ? ਭੋਗ ਲਾਉਣ ਦੀ ਪ੍ਰਥਾ ਨੂੰ ਸਿੱਖੀ ਵਿੱਚ ਪ੍ਰਚਲਤ ਹੀ ਡੇਰੇਦਾਰਾਂ ਨੇ, ਪੂਜਾਰੀ ਦੀ ਨਕਲ ਨਾਲ ਕੀਤਾ ਇਸ ਲਈ ਇਸ ਨੂੰ ਸਮਝਣ ਲਈ ਪੁਜਾਰੀ ਦੀ ਭਾਵਨਾ ਸਮਝਣਾਂ ਲਾਹੇਵੰਦ ਰਹੇਗਾ। ਪੂਜਾਰੀ ਨੂੰ ਬਿਨਾਂ ਕਿਸੇ ਕਿਰਤ ਕੀਤਿਆਂ ਜਦੋਂ ਮਾਇਆ ਦਾ ਖੁੱਲਾ ਚੜ੍ਹਾਵਾ ਆਉਂਣਾ ਸ਼ੁਰੂ ਹੋ ਗਿਆ ਤਾਂ ਮਾਸ ਸ਼ਰਾਬ ਦੀ ਲਾਲਸਾ ਉਸ ਦੇ ਮਨ ਵਿੱਚ ਜਾਗਦਿਆਂ ਹੀ ਪੂਜਾਰੀ ਸੋਚਾਂ ਵਿੱਚ ਪੈ ਗਿਆ ਕਿ ਜਿਸ ਮਾਸ ਸ਼ਰਾਬ ਨੂੰ ਅੱਜ ਤੱਕ ਰਾਖਸ਼ਸ਼ਾਂ ਦਾ ਖਾਈਆ ਦਸਦਿਆਂ ਮਨ ਦੇ ਵਿਕਾਰੀ ਅਤੇ ਬੁੱਧੀ ਭਰਿਸ਼ਟ ਹੋਣ ਦੇ ਨਾਲ- ਨਾਲ ਧੰਨ ਦੀ ਬਰਬਾਦੀ ਅਤੇ ਦੇਵਤਿਆਂ ਦੇ ਸ਼ਰਾਪ ਤੋਂ, ਜਿਨ੍ਹਾਂ ਭੋਲੇ ਭਾਲੇ ਲੋਕਾਂ ਨੂੰ ਡਰਾਇਆ ਸੀ ਉਹ ਕਿੱਤੇ ਗੱਲ ਹੀ ਨਾ ਆ ਪੈਣ, ਅਤੇ ਸਮਾਜ ਵਿੱਚ ਬਣੀ ਮੇਰੀ ਪ੍ਰਤਿਭਾ ਕਿਤੇ ਮਿੱਟੀ ਵਿੱਚ ਹੀ ਨਾ ਰੁੱਲ ਜਾਏ, ਐਸੇ ਵਿਚਾਰਾਂ ਦਾ ਮਨ ਵਿੱਚ ਉਪਜਣਾ ਸੁਭਾਵਿੱਕ ਸੀ ਪਰ ਮਨ ਦੀ ਲਾਲਸਾ ਨੂੰ ਪੂਰਾ ਕਰਨ ਲਈ ਜੇ ਕਿਤੇ ਇਹ ਮਾਸ ਸ਼ਰਾਬ ਦੇਵ ਭੋਜਨ ਬਣਾਂ ਦਿੱਤਾ ਜਾਏ ਤਾਂ ਇਸ ਬਹਾਨੇ ਮਨ ਦੀ ਲਾਲਸਾ ਵੀ ਪੂਰੀ ਹੋ ਸਕਦੀ ਹੈ। ਇੱਕ ਅਕਾਲ ਪੁਰਖ ਤੋਂ ਬਿਨਾਂ ਜਿਨ੍ਹਾਂ ਦੇਵੀ ਦੇਵਤਿਆਂ ਨੂੰ ਸਭ ਸ਼ਕਤੀਆਂ ਦੇ ਮਾਲਕ, ਜੀਵਾਂ ਦੇ ਦੁਖ ਸੁਖ, ਜਨਮ ਮਰਨ ਅਤੇ ਲੋਕ ਪ੍ਰਲੋਕ ਵਿੱਚ ਸਹਾਈ ਹੋਣ ਵਾਲੇ ਦੱਸਦਿਆਂ ਭਗਵਾਨ ਹੋਣ ਦਾ, ਮਾਣ ਬਖਸ਼ਣ ਦੇ ਨਾਲ ਹੀ ਇਨ੍ਹਾਂ ਸਭ ਨੂੰ ਮਾਸ, ਸ਼ਰਾਬ, ਭੰਗ, ਅਫੀਮ ਆਦਿ ਦਾ ਸੇਵਨ ਕਰਨ ਵਾਲੇ ਦਰਸਾ ਕੇ ਧਰਮ ਗ੍ਰੰਥਾਂ ਵਿੱਚ ਦਰਜ ਕਰ ਦਿੱਤਾ। ਰਿਗ ਵੇਦ ਮੰਡਲ ੧੫, ਸੂਤਕ ੯੬, ਮੰਤ੍ਰ ੧੩-੬੪ ਦੇ ਪੰਜਾਬੀ ਉਲਥੇ ਵਿੱਚ ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ ਨੇ, ਸਫਾ ੧੫-੧੬ ਤੇ ਇਸ ਪ੍ਰਕਾਰ ਲਿਖਿਆ ਹੈ: ਬਿਰਖਾ ਕਪਾਈ ਨੇ ਕਿਹਾ ਹੈ, “ਹੇ ਧਨਵਾਨ ਸੁੰਦਰ ਪੁੱਤਰਾਂ ਵਾਲੀ ਇੰਦਰਾਣੀ, ਤੇਰਾ ਪਤੀ ਇੰਦਰ ਸਾਂਡਾਂ ਦਾ ਮਾਸ ਪਸੰਦ ਕਰਦਾ ਹੈ, ਤੁਸੀਂ ਉਸ ਮਾਸ ਨੂੰ ਰਿੰਨੋ”। ਇੰਦਰਾਣੀ ਦਾ ਉਤੱਰ ਸੀ, “ਏਸੇ ਕਰਕੇ ਮੇਰਾ ਪਤੀ ਦੇਵਰਾਜ ਇੰਦਰ ਸਾਰੇ ਪੁਰਸ਼ਾਂ ਤੋਂ ਬਲ, ਰੂਪ ਤੇ ਬੁੱਧੀ ਵਿੱਚ ਉੱਚਾ ਹੈ”। ਇੰਦਰ ਨੇ ਕਿਹਾ, “ਮੇਰੀ ਪਤਨੀ ਮੇਰੇ ਲਈ ਪੰਦਰਾਂ ਸਾਂਢਾਂ ਦਾ ਮਾਸ ਰਿੰਨਦੀ ਹੈ, ਮੈ ਮਾਸ ਖਾਂਦਾ ਹਾਂ, ਤਾਹਿੳਂ ਮੈਂ ਸਾਂਢਾਂ ਜਿੰਨਾ ਨਿਗਰ ਹਾਂ, ਮੇਰੀਆਂ ਕੁੱਖਾਂ ਸ਼ਰਾਬ ਨਾਲ ਡੱਕੀਆਂ ਰਹਿੰਦੀਆਂ ਹਨ”। ਇੱਸੇ ਪੁਸਤਕ ਦੇ ਪੰਨਾ ੧੮ ਤੇ ਇਉ ਲਿਖਦੇ ਹਨ: ਮਨੁ ਸਿੰਮ੍ਰਿਤੀ, ਅਧਿਆਇ ੫, ਸ਼ਲੋਕ ੧੮, ਸ਼ਿਵਾਵਿਦੰ-੦, ਅਜਿਹੇ ਬਚਨਾਂ ਵਿੱਚ ਸੰਕੇਤ ਹੈ ਕਿ ਪੰਜ ਨਹੁੰਦ੍ਰੈ ਪਸੂਆਂ ਵਿਚੋਂ, ਸੇਹ ਸ਼ਾਹੀ ਗੋਹ, ਗੈਂਡੇ, ਕਛੂ ਤੇ ਖਰਗੋਸ਼ ਖਾਣੇ ਉਚਿਤ ਹਨ। ੳਂੂਠ ਤੋਂ ਬਿਨਾਂ ਇਕਹਰੇ ਦੰਦਾਂ ਵਾਲੇ ਡੰਗਰ ਖਾਣ ਦਾ ਕੋਈ ਹਰਜ਼ ਨਹੀਂ ਅਧਿਆਇ ੫, ਸਲੋਕ ੨੭, ਪ੍ਰੌਖਿਤਤੰ ੩੨, ਕੂਤਵਾ-੦ ਅਤੇ ਇਸਦੇ ਹੀ ਸਲੋਕ ੩੫ ਆਦਿਕ ਸਲੋਕਾਂ ਵਿੱਚ ਸਲਾਹ ਦਿੱਤੀ ਗਈ ਹੈ ਕਿ ਮੰਤ੍ਰਾਂ ਨਾਲ ਮਾਸ ਪਵਿਤ੍ਰ ਕਰਕੇ ਜਾਂ ਬ੍ਰਾਹਮਣਾਂ ਨੂੰ ਛਕਾ ਕੇ ਖਾ ਲੈਣਾ ਚਾਹੀਦਾ ਹੈ, ਮੁੱਲ ਖਰੀਦ ਕੇ, ਆਪ ਸ਼ਿਕਾਰ ਕਰਕੇ ਜਾਂ ਦੂਜੇ ਵਲੋਂ ਭੇਂਟ ਕੀਤੇ ਮਾਸ ਨੂੰ ਦੇਵਤਿਆਂ ਜਾਂ ਬਿੱਪ੍ਰਾਂ ਦੇ ਅਰਪਣ ਕਰਕੇ ਖਾਣ ਵਾਲੇ ਮਨੁੱਖ ਨੂੰ ਪਾਪ ਨਹੀ ਲਗਦਾ। ਇਹ ਵੀ ਫੈਸਲਾ ਦਿੱਤਾ ਗਿਆ ਹੈ ਕਿ ਯੱਗ ਆਦਿ ਕਰਨ ਸਮੇਂ ਜਿਹੜਾ ਕੋਈ ਮਾਸ ਨਹੀਂ ਖਾਂਦਾ, ਉਹ ਮਰਨ ਉਪਰੰਤ ੨੧ ਜਨਮ ਪਸੂ ਬਣਦਾ ਹੈ”। ਇਸੇ ਪੁਸਤਕ ਦੇ ਪੰਨਾ ੧੯ ਤੇ ਇਸ ਪ੍ਰਕਾਰ ਅੰਕਿਤ ਹੈ “ਸ਼ੈਵ ਤੇ ਸ਼ਾਤਕ ਤੰਤ੍ਰਾਂ ਅਨੁਸਾਰ ਤੰਤਰ ਵਿਸ਼ਵਾਸੀ ਲੋਕਾਂ ਦਾ ਭਰੋਸਾ ਹੈ ਕਿ ਸ਼ਿਵਜੀ ਤੇ ਉਸਦੀ (ਪਤਨੀ) ਸ਼ਕਤੀ ਦੋਂਵੇਂ ਮਾਸ ਤੇ ਮਦਿਰਾ ਤੋਂ ਬਿਨਾਂ ਪ੍ਰਸੰਨ ਨਹੀਂ ਹੋ ਸਕਦੇ, ਇਸ ਲਈ ਇਨ੍ਹਾਂ ਦੇ ਮੰਦਰਾਂ ਵਿੱਚ ਸ਼ਰਾਬ ਤੇ ਮਾਸ ਦਾ ਭੋਗ ਲੱਗਦਾ ਹੈ”। ਇਸੇ ਪੁਸਤਕ ਦੇ ਪੰਨਾ ੩੮ ਤੇ ਲਿਖਿਆ ਹੈ ਕਿ ਮਹਾਂ-ਗੋ ਹਤਿਆਰਾ ਚੰਡਾਲ ਬ੍ਰਾਹਮਣ ਮਧੂਪਰਕ ਸਮੇਂ ਗਊ ਨੂੰ ਕਤਲ ਹੋਣ ਲਈ ਦੇਵਤੇ ਦੇ ਅੱਗੇ ਖੜੀ ਦੇਖਣਾ ਚਾਹੁੰਦਾ ਹੈ ਇਸ ਨੇ ੨੯ ਵੇਂ ਸੂਤਰ ਰਾਹੀਂ ਕਿਹਾ ਹੈ ਕਿ ਗਊ ਮਾਸ ਤੋਂ ਬਿਨਾਂ ਮਸ਼ੂਪਰਕ ਨਹੀਂ ਹੁੰਦਾ, ਤੇ ੩੦ ਵੇਂ ਸੂਤਰ ਚ ਕਿਹਾ ਹੈ ਕਿ ਯੱਗ ਤੇ ਵਿਆਹ ਚ ਗਊ ਬੱਧ ਲਾਜ਼ਮੀ ਹੈ। ੩੧ ਵੇਂ ਸੂਤਰ ਚ ਆਦੇਸ਼ ਦਿੱਤਾ ਹੈ ਕਿ ਹੇ ਯੱਗ ਕਰਾਉਣ ਵਾਲੇ ਬ੍ਰਾਹਮਣੋ, ਹਰ ਸੋਮ ਯੱਗ ਚ ਜਦੋਂ ਤੀਕ ਜਜਮਾਨ ਤੁਹਾਨੂੰ ਦਹੀਂ, ਘੀ ਤੇ ਸ਼ਹਿਦ ਮਿਲਾ ਕੇ ਨਾ ਪਿਲਾਵੇ ਤੇ ਗਊ ਮਾਰ ਕੇ ਉਸਦਾ ਮਾਸ ਨਾ ਖੁਆਵੇ, ਉਦੋਂ ਤੀਕ ਤੁਸੀਂ ਉਸ ਜਜਮਾਨ ਦਾ ਯੱਗ ਨਾ ਕਰਵਾਉਣਾ-ਇਹ ਹੈ ਆਗਿਆ ਵੇਦ ਦੀ, ਭਾਵ ਤੁਹਾਨੂੰ ਵੇਦ ਦੀ ਆਗਿਆ ਦਾ ਪਾਲਨ ਕਰਨਾ ਚਾਹੀਦਾ ਹੈ”। ਮਾਸ ਖਾਣ ਦੀ ਲਾਲਸਾ ਵਿੱਚ ਗ੍ਰਸਿਆ ਪੂਜਾਰੀ ਗਊ ਦੇ ਮਾਸ ਖਾਣ ਨੂੰ ਵੀ ਵੇਦਾਂ ਦਾ ਹੁਕਮ ਕਹਿਦਿਆਂ ਗਊਮੇਧ ਯੱਗਾ ਸਮੇਂ ਗਊਆਂ ਮਾਰ ਕੇ ਖਾਣ ਦੀ ਗਵਾਹੀ ਵੀ ਇਸ ਦੇ ਆਪਣੇ ਲਿਖੇ ਧਰਮ ਗ੍ਰੰਥ ਦੇਣ ਲਗੇ ਅਤੇ ਸਭ ਕੁੱਝ ਧਰਮ ਦਾ ਹੀ ਅੰਗ ਬਣਦਾ ਗਿਆ, ਭੋਲੀ ਅਤੇ ਅਨਪੜ੍ਹ ਲੋਕਾਈ ਨੇ ਕਿੰਤੂ ਕਿਸ ਉਪਰ ਕਰਨਾ ਸੀ? ਹੁਣ ਇਸ ਵਿਦਵਾਨ ਪੂਜਾਰੀ ਨੇ ਪੱਥਰ ਦੀ ਮੂਰਤੀ ਜਿਸਨੂੰ ਇਸਨੇ ਆਪ ਹੀ ਘੜਵਾਇਆ ਸੀ, ਮੂਰਤੀ ਨੂੰ ਭੋਗ ਲਾਉਣ ਦੀ ਯੋਜਨਾ ਤਿਆਰ ਕਰ ਸ਼ਰਧਾਲੂਆਂ ਨੂੰ ਸਮਝਾ ਲਿਆ ਕਿ ਦੇਵਤਾ ਜੀ ਨੂੰ ਅਰਪਣ ਕਰਨ ਵਾਲੇ ਪਦਾਰਥਾਂ ਵਿੱਚ (ਮਾਸ ਸ਼ਰਾਬ ਆਦਿ ਹਰ ਚੀਜ) ਦੀ ਤਿਆਰੀ ਕਰਨ ਵਾਲੇ ਨੇ ਵਸਤ੍ਰਾਂ ਸਮੇਤ ਇਸ਼ਨਾਨ ਕਰਦਿਆਂ ਚੁੱਲਾ ਅਤੇ ਰਸੋਈ ਗਊ ਗੋਬਰ ਨਾਲ ਪਵਿੱਤ੍ਰ ਕਰਨ ਦੇ ਨਾਲ ਹੀ ਭਾਂਡਿਆਂ ਦੀ ਚੰਗੀ ਤਰ੍ਹਾਂ ਸਫਾਈ ਕਰਕੇ ਉਸ ਵਿੱਚ ਤਿਆਰ ਭੋਜਨ ਪਰੋਸ ਕੇ ਸਾਫ-ਸੁਥਰੇ ਕਪੜੇ ਨਾਲ ਢੱਕਕੇ ਦੇਵਤੇ ਦੇ ਭੋਗ ਲਈ ਲਿਆਉਂਦੇ ਸਮੇਂ ਪ੍ਰਸ਼ਾਦ ਦੇ ਅਗੇ-ਅਗੇ ਇੱਕ ਮਨੁੱਖ ਜਿਸਨੇ ਇਸ਼ਨਾਨ ਕੀਤਾ ਹੋਵੇ ਜਲ ਦੇ ਛਿੱਟੇ ਮਾਰਦਾ ਹੋਇਆ ਮੰਦਰ ਤੱਕ ਲਿਆ ਕੇ ਪੂਜਾਰੀ ਨੂੰ ਸੂਚਿਤ ਕਰੇ। ਪ੍ਰਸ਼ਾਦ ਦੇਵਤਾ ਜੀ ਦੀ ਮੂਰਤੀ ਅਗੇ ਭੇਟਾ ਹੋਣ ਉਪਰੰਤ ਪੂਜਾਰੀ ਵਿਧੀਵਤ ਡੰਡੋਤ ਕਰਣ ਤੋਂ ਬਾਦ ਚੁਣੇ ਹੋਏ ਖਾਸ ਵੇਦ ਮੰਤਰਾਂ ਦੇ ਉੱਚਾਰਣ ਸਹਿਤ ਭਰਮਾਊ ਢੰਗ ਨਾਲ ਸ਼ਰਧਾਲੂਆਂ ਵਲੋਂ ਅਰਪਣ ਕੀਤੀ ਦਕਸ਼ਣਾ/ਭੇਟਾ ਨੂੰ ਭੋਗ ਲਾਉਣ ਦੇ ਨਾਲ-ਨਾਲ ਉਸਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਲਈ ਬੇਨਤੀਆਂ ਕਰਦਾ। ਲੋਕਾਈ ਦੇ ਮਨਾਂ ਅੰਦਰ ਭੋਗ ਲਾਉਣ ਦੇ ਭਰਮ ਨੂੰ ਪੱਕਾ ਕਰਨ ਲਈ ਤਾਂਤਰਿਕ ਵਿਦਿਆ ਰਾਹੀਂ ਅਰਪਿਤ ਪ੍ਰਸ਼ਾਦ ਨਾਲ ਜਰੂਰਤ ਅਨੁਸਾਰ ਛੇੜ ਛਾੜ ਕਰ ਲੈਣੀ ਅਤੇ ਅਰਦਾਸ ਦੇ ਬੋਲਾਂ ਨਾਲ ਲੋਗਾਂ ਨੂੰ ਵਿਸ਼ਵਾਸ ਦਿਵਾਕੇ ਭਰਮਾ ਲਿਆਂ ਕਿ ਦੇਵਤਾ ਜੀ ਪੂਜਾਰੀ ਦੇ ਸ਼ਰੀਰ ਵਿਚੋਂ ਹੀ ਰੱਜ ਪ੍ਰਾਪਤ ਕਰਨ ਉਪਰੰਤ ਹੀ ਕੋਈ ਵਰ ਪੂਜਾਰੀ ਦੀ ਜ਼ੁਬਾਨ ਤੇ ਬੈਠਕੇ ਦਿੰਦੇ ਹਨ। ਲੋਕਾਂ ਨੇ ਪੂਜਾਰੀ ਦੀਆਂ ਮਿੰਨਤਾਂ ਕਰਨੀਆਂ ਕਿ ਮਾਸ ਸ਼ਰਾਬ ਨਾਲ ਰੱਜ ਕੇ ਉਹ ਸ਼ਰਧਾਲੂਆਂ ਨੂੰ ਦੇਵਤੇ ਦੀਆਂ ਖੁਸ਼ੀਆਂ ਲੈਕੇ ਦੇਵੇ। ਮਾਸ ਸ਼ਰਾਬ ਨਾਲ ਰੱਜ ਖਰਮਸਤੀਆਂ ਕਰਦਾ ਪੂਜਾਰੀ ਖਰੂਦ ਪਉਣ ਲਗਾ, ਇਸ ਰਾਸ ਲੀਲ੍ਹਾ ਵਿੱਚ ਸ਼ਾਮਿਲ ਹੋਣ ਤੇ ਜਦੋਂ ਬੀਬੀਆਂ ਸ਼ਰਮਾਈਆਂ ਤਾਂ ਪੂਜਾਰੀ ਨੇ ਕਾਲੀ ਦੇਵੀ ਅਤੇ ਸ਼ਕਤੀ ਦੇਵੀ ਆਦਿ ਇਸਤ੍ਰੀਆਂ ਨੂੰ ਮਾਸ ਸ਼ਰਾਬ ਦੀਆਂ ਸ਼ੋਕੀਨ ਵਰਨਨ ਕਰ ਉਨ੍ਹਾਂ ਦੀਆਂ ਮੂਰਤੀਆਂ ਨੂੰ ਵੀ ਮੰਦਰਾਂ ਵਿੱਚ ਸਥਾਪਿਤ ਕਰ ਬੀਬੀਆਂ ਕੋਲੋ ਮਾਸ ਸ਼ਰਾਬ ਭੇਟਾ ਕਰਵਾ ਬੀਬੀਆ ਨੂੰ ਵੀ ਸ਼ਰਾਬੀਆਂ ਦੀ ਇਸ ਰਾਸ ਲੀਲ੍ਹਾ ਦਾ ਹਿੱਸਾ ਬਨਣ ਲਈ ਪਰੇਰ ਲਿਆ। ਇਸ ਤੋਂ ਉਪਰੰਤ ਖੁਲ੍ਹੀ ਕਾਮ ਲੀਲ੍ਹਾ ਨੂੰ ਵੀ ਧਰਮ ਦਾ ਅੰਗ ਬਣਾਉਣ ਲਈ ਮੂਰਤੀ ਦੀ ਸ਼ਾਦੀ ਦੇ ਬਹਾਨੇ ਇਨ੍ਹਾਂ ਪੂਜਾਰੀਆਂ ਨੇ ਮੰਦਰਾਂ ਵਿੱਚ ਦੁਰਾਚਾਰ ਲਿਆ ਦਾਖਲ ਕੀਤਾ ਅਜੇਹੇ ਨੀਚ ਵਿਚਾਰਾਂ ਦੀ ਜਨਮਦਾਤੀ ਹੈ ਇਹ ਭੋਗ ਲਾਉਣ ਦੀ ਮਰਿਆਦਾ ਅਤੇ ਇਸਦਾ ਪਿਛੋਕੜ। ਇਸ ਭੋਗ ਲਾਉਣ ਦੀ ਮਰਿਆਦਾ ਨੂੰ ਨਿਰਮਲਿਆਂ ਅਤੇ ਉਦਾਸਿਆਂ ਰਾਹੀਂ ਸਿੱਖ ਪੰਥ ਦੇ ਵਿਹੜੇ ਵਿੱਚ ਪੱਕੇ ਤੌਰ ਤੇ ਸਥਾਪਿਤ ਕਰਨ ਲਈ ਯਤਨਸ਼ੀਲ ਹਨ ਇਹ ਡੇਰੇਦਾਰ ਸੰਤ ਬਾਬੇ। ਕੀ ਉਪਰੋਕਤ ਸਭ ਕੁੱਝ ਪੜ੍ਹਨ ਸਮਝਣ ਤੋਂ ਬਾਦ ਵੀ ਕੋਈ ਸੱਚਾ ਸਿੱਖ ਇਸ ਭੋਗ ਲਾਉਣ ਦੀ ਮਰਿਆਦਾ ਨੂੰ ਗੁਰੁ ਘਰ ਵਿੱਚ ਸਹਿਨ ਕਰਨਾ ਪਸੰਦ ਕਰੇਗਾ? ਅਤੇ ਐਸੀ ਮਰਿਆਦਾ ਨੂੰ ਗੁਰੂ ਘਰਾਂ ਵਿੱਚ ਪ੍ਰਚਲਿਤ ਕਰਨ ਵਾਲਿਆਂ ਨੂੰ ਸੰਤ ਜਾਂ (ਅਖੋਤੀ) ਬ੍ਰਹਮ ਗਿਆਨੀ ਕਹਿਣ ਜਾਂ ਮੰਨਣ ਦੀ ਹਿਮਾਕਤ ਕਰੇਗਾ? ਕੀ ਐਸੇ ਗੁਰਦੁਆਰਿਆਂ ਨੂੰ ਗੁਰੂ ਦੀ ਮੱਤ ਅਨੁਸਾਰੀ ਕਿਹਾ ਜਾ ਸਕਦਾ ਹੈ? ਤੇ ਜੇ ਐਸੀਆਂ ਗੁਰਮਤਿ ਵਿਰੋਧੀ ਗੱਲਾਂ ਸਿਖਾਂ ਦੇ ਕਹੇ ਜਾਂਦੇ ਤਖਤਾਂ ਉਪਰ ਵੀ ਹੋਣ ਲੱਗ ਜਾਣ ਤਾਂ ਫਿਰ ਆਮ ਜਗਿਆਸੂ ਦਾ ਗੁਮਰਾਹ ਹੋਣਾ ਸੁਭਾਵਿੱਕ ਹੈ। ਪਰ ਦੁੱਖ ਇਸ ਗੱਲ ਦਾ ਹੈ ਜਦੋਂ ਕਿਤੇ ਆਮ ਸ਼ਹਿਰਾਂ ਜਾਂ ਮੁੱਹਲਿਆਂ ਵਿੱਚ ਡੇਰੇਦਾਰਾਂ/ਬਾਬਿਆਂ ਦੇ ਪ੍ਰਭਾਵ ਅਧੀਨ ਸਾਡੇ ਗ੍ਰੰਥੀ, ਪ੍ਰਚਾਰਕ ਜਾਂ ਆਪੂੰ ਬਣੇ ਅਖੌਤੀ ਨਿਸ਼ਕਾਮ ਪ੍ਰਚਾਰਕ, ਸਿੰਘ ਸਭਾ ਗੁਰਦੁਆਰਿਆਂ ਜਾਂ ਗ੍ਰਹਿਸਤੀ ਸਿਖਾਂ ਦੇ ਘਰ ਕੀਤੇ ਜਾਣ ਵਾਲੇ ਪਾਠਾਂ ਮੌਕੇ ਉਪਰੋਕਤ ਮਨਮਤਾਂ ਨੂੰ ਅਮਲੀ ਅੰਜ਼ਾਮ ਦੇਣ ਲੱਗ ਜਾਂਦੇ ਹਨ ਤੇ ਗੁਰਬਾਣੀ ਵਿਚਾਰ ਰਾਂਹੀਂ ਸਮਝਾਉਣ ਦੇ ਬਾਵਜੂਦ ਵੀ ਇਹ ਮੰਨਣ ਨੂੰ ਬਿਲਕੁਲ ਵੀ ਤਿਆਰ ਨਾ ਹੁੰਦੇ ਹੋਏ ਉਪਰੋਕਤ ਤਖਤਾਂ ਦਾ ਉਦਾਹਰਣ ਦਿੰਦੇ ਹਨ, ਕਿ ਕੀ ਉੱਥੇ ਇਹ (ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣਾ, ਜੋਤਾਂ ਜਗਾਉਣੀਆਂ, ਟੱਲ ਖੜਕਾਉਣੇ ਆਦਿ) ਸਭ ਕੁੱਝ ਨਹੀਂ ਹੁੰਦਾ ਅਤੇ ਜੇ ਹੁੰਦਾ ਹੈ ਤੇ ਕੀ ਉਹ ਗਲਤ ਹੋ ਰਿਹਾ ਹੈ ਤੇ ਜੇ ਗਲਤ ਹੋ ਰਿਹਾ ਹੈ ਤਾਂ ਫਿਰ ਸਾਡੇ ਇਹ ਜੱਥੇਦਾਰ ਕੋਈ ਕਾਰਵਾਈ ਕਿਉਂ ਨਹੀਂ ਕਰਦੇ? ਕਾਸ਼ ਸਾਡੇ ਇਹ ਪ੍ਰਬੰਧਕ/ਜਥੇਦਾਰ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਉਪਰੋਕਤ ਮਨਮਤਾਂ ਨੂੰ ਰੋਕਣ ਲਈ ਕੋਈ ਠੋਸ ਪ੍ਰੋਗਰਾਮ ਉਲੀਕਦੇ ਪਰ ਇਹਨਾਂ ਦਾ ਉੱਥੇ ਜਾ ਕੇ ਹਾਜ਼ਰੀ ਭਰਨਾ ਹੀ ਉੱਥੇ ਹੁੰਦੀਆਂ ਗੁਰਮਤਿ ਵਿਰੋਧੀ ਗਲਾਂ ਉਪਰ ਮੋਹਰ ਲਗਾ ਕੇ ਉਸ ਨੂੰ ਗੁਰਮਤਿ ਅਨੁਸਾਰੀ ਕਹਿਣ ਦੇ ਬਰਾਬਰ ਹੈ। ਜੇ ਕਰ ਉੱਥੇ ਜਾ ਕੇ ਇਹ ਧਾਰਮਿਕ ਆਗੂ ਉਨ੍ਹਾਂ ਨੂੰ ਗੁਰਮਤਿ ਸਮਝਾਉਣ ਵਿੱਚ ਸਫਲ ਨਹੀਂ ਹੁੰਦੇ ਤਾਂ ਫਿਰ ਇਸ ਪਦਵੀ ਤੇ ਬੈਠਣ ਦਾ ਇਨ੍ਹਾਂ ਨੂੰ ਕੀ ਹੱਕ ਹੈ?

2. ਇਸੇ ਸਿਰਲੇਖ ਦੇ ਅਗਲੇ ਭਾਗ ‘ਹ’ ਵਿੱਚ ਅੰਕਿਤ ਹੈ “ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਗੁਰਦੁਆਰੇ ਵਿੱਚ ਕੋਈ ਮੂਰਤੀ-ਪੂਜਾ ਜਾਂ ਹੋਰ ਗੁਰਮਤਿ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤ ਦਾ ਤਿਉਹਾਰ ਮਨਾਇਆ ਜਾਵੇ।” ਪਰ ਸਾਡੇ ਉਪਰੋਕਤ ਤੱਖਤ ਅਤੇ ਸਮੁਚੇ ਡੇਰੇਦਾਰ ਰਹਿਤ ਮਰਿਆਦਾ ਦੀ ਇਸ ਮੱਦ ਦੇ ਵਿਰੁੱਧ ਗੁਰੁ ਗ੍ਰੰਥ ਸਾਹਿਬ ਜੀ ਦੇ ਤੁੱਲ ਬਚਿੱਤਰ ਨਾਟਕ ਜਾਂ ਕਹੇ ਜਾਂਦੇ ਦਸਮ ਗ੍ਰੰਥ ਦਾ ਅਸਥਾਪਨ ਕਰਨ ਅਤੇ ਕਰਵਾਉਣ ਵਿੱਚ ਪੱਬਾਂ ਭਾਰ ਹੋਏ ਫਿਰਦੇ ਹਨ ਅਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਨਮਾਨ ਨੂੰ ਬਰਕਰਾਰ ਰੱਖਣ ਵਾਲੇ ਗੁਰਸਿਖਾਂ ਨੂੰ ਡਰਾਉਣ ਅਤੇ ਧਮਕਾਉਣ ਦੀ ਵੀ ਹਿੰਮਤ ਕਰਨ ਲਗ ਗਏ ਹਨ। ਸੰਨ ੨੦੦੨ ਵਿੱਚ ਪਿੰਡ ਭਾਈਕਾ ਦਿਆਲਪੁਰਾ (ਬਠਿੰਡਾ) ਵਿੱਚ ਇਨ੍ਹਾਂ ਹੀ ਆਗੂਆਂ ਦੀ ਛੱਤਰ ਛਾਇਆ ਹੇਠ ਸਮੂਹ ਡੇਰੇਦਾਰਾਂ ਨੇ ਰੱਲ ਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਚਿੱਤਰ ਨਾਟਕ ਦਾ ਅਖੰਡ ਪਾਠ ਕਰਵਾਇਆ। ਉਸ ਦਿਨ ਤੋਂ ਅੱਜ ਤਕ ਗੁਰਸਿਖ ਇਸ ਦਿਨ ਨੂੰ ਰੋਸ ਵਜੋਂ ਕਾਲੇ ਦਿਵਸ ਦੇਂ ਰੂਪ ਵਿੱਚ ਮਨਾਉਂਦੇ ਆ ਰਹੇ ਹਨ। ਪਰ ਕੀ ਮਜ਼ਾਕ ਹੈ ਕਿ ਇਨ੍ਹਾਂ ਨੂੰ ਆਪਣੀਆਂ ਕੀਤੀਆਂ ਭੁੱਲਾਂ ਦਾ ਕਦੇ ਅਹਿਸਾਸ ਵੀ ਹੋਇਆ ਹੋਵੇ, ਭਾਵੇਂ ‘ਸਿੱਖ ਇਤਿਹਾਸ’ ਜਾਂ ਗੁਰ ਬਿਲਾਸ ਪਾਤਸ਼ਾਹੀ ੬ ਵੀਂ ਨਾਮੀ ਪੁਸਤਕਾਂ ਦਾ ਮਸਲਾ ਹੋਵੇ, ਭਾਵੇਂ ਸੋਦਾ ਸਾਧ ਦਾ ਮਸਲਾ ਹੋਵੇ, ਭਾਵੇਂ ਦਰਬਾਰ ਸਾਹਿਬ ਦੀ ਨਕਲ, ਜਾਂ ਦਰਵਾਜਿਆਂ ਦਾ ਮਸਲਾ ਹੋਵੇ, ਭਾਵੇ ਵਿਆਨਾ ਕਾਂਡ ਵਾਲਾ ਮਸਲਾ ਹੋਵੇ। ਅੱਜ ਸਭ ਨੂੰ ਸਮਝ ਆ ਚੁੱਕੀ ਹੈ ਕਿ ਇਸ ਕੌਮ ਦੇ ਸਿਆਸੀ ਅਤੇ ਧਾਰਮਿਕ ਆਗੂ ਕਹੇ ਜਾਂਦੇ ਇਹ ਜੱਥੇਦਾਰ ਸਭ ਬਿਕਾਊ ਬਿਰਤੀ, ਅਤੇ ਮਰੀ ਹੋਈ ਜ਼ਮੀਰ ਦੇ ਮਾਲਕ ਹਨ। ਕੁੱਝ ਕੀਮਤ ਦੇ ਬਦਲੇ ਇਹ ਆਪਣੇ ਗੁਰੂ ਅਤੇ ਕੌਮ ਨੂੰ ਵੇਚਣ ਅਤੇ ਕਲੰਕਿਤ ਕਰਨ ਲਗਿਆਂ ਇੱਕ ਮਿੰਟ ਵੀ ਨਹੀਂ ਲਗਾਉਂਦੇ, ਇਸੇ ਲਈ ਅੱਜਕਲ ਅਖਬਾਰਾਂ ਵਿੱਚ ਸ੍ਰੀ ਗੁਰੁ ਗੰਥ ਸਾਹਿਬ ਜੀ ਦੇ ਸਤਿਕਾਰ ਨੂੰ ਠੇਸ ਪਹੰਚਾਉਦੀ ਕੋਈ ਨਾ ਕੋਈ ਖਬਰ ਹਰ ਰੋਜ਼ ਹੀ ਲੱਗੀ ਹੁੰਦੀ ਹੈ। ਇੱਕ ਗੱਲ ਹੋਰ ਜੋ ਵਿਸ਼ੇਸ਼ ਧਿਆਨ ਮੰਗਦੀ ਹੈ, ਉਹ ਇਹ ਕਿ ਅਜੱਕਲ ਜਦੋਂ ਦੀ ਪੰਜਾਬ ਵਿੱਚ ‘ਕਾਲੀਆਂ’ (ਅਕਾਲੀਆਂ) ਦੀ ਭਾਜਪਾ ਨਾਲ ਪਤੀ-ਪਤਨੀ ਵਾਲੇ ਰਿਸ਼ਤੇ ਅਧੀਨ ਸਰਕਾਰ ਕਾਇਮ ਹੋਈ ਹੈ ਉਦੋਂ ਤੋਂ ਹੀ ਤਕਰੀਬਨ ਹਰ ਰੋਜ਼ ਅਖਬਾਰਾਂ ਵਿੱਚ ਆਉਂਣ ਲਗ ਪਿਆ ਹੈ ਕਿ ਬਿਜਲੀ ਦੇ ਸ਼ਾਰਟ ਸਰਕਟ ਨਾਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਂਟ ਹੋ ਗਏ ਹਨ। ਇਹ ਬਿਜਲੀ ਦੇ ਸ਼ਾਰਟ ਸਰਕਟ ਕੇਵਲ ਗੁਰਦੁਆਰਿਆ ਵਿੱਚ ਹੀ ਕਿਉਂ ਹੋਣ ਲਗ ਗਏ ਹਨ ਕਿੱਤੇ ਹੋਰ, ਮੰਦਿਰ, ਮਸਜ਼ਿਦ ਜਾਂ ਚਰਚ ਵਿੱਚ ਕਿਉ ਨਹੀ ਹੁੰਦੇ? ਕਿੱਤੇ ਇਹ ਕਿਸੀ ਸ਼ਾਜਿਸ਼ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਖਤਮ ਤਾਂ ਨਹੀਂ ਕੀਤਾ ਜਾ ਰਿਹਾ? ਪਰ ਜੋ ਕੌਮ ਆਪਣੇ ਘਰ ਦੀ ਵਾਗਡੋਰ ਕਿਸੇ ਐਸੇ ਧਾਰਮਿਕ ਆਗੂਆਂ ਜਾਂ ਅਖੌਤੀ ਬ੍ਰਹਮ ਗਿਆਨੀਆਂ ਨੂੰ ਹੀ ਸੋਂਪ ਕੇ ਘੂਕ ਨੀਂਦ ਵਿੱਚ ਸੌਂ ਜਾਵੇ ਅਤੇ ਇਹ ਉਪਰੋਕਤ ਆਗੂ ਕਾਰ ਸੇਵਾ ਦੇ ਨਾਮ ਥੱਲੇ ਇਤਿਹਾਸਕ ਵਸਤੂਆਂ ਦਾ ਖੂਰਾ ਖੋਜ ਹੀ ਮਿਟਾਉਣ ਵਿੱਚ ਹੀ ਲੱਗ ਜਾਣ, ਜਿਨ੍ਹਾਂ ਉਤੇ ਕੌਮ ਮਾਣ ਕਰਦੀ ਹੋਵੇ। ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਵਡਮੁੱਲੇ, ਕਹੇ ਜਾਂਦੇ ਬਿਰਧ ਸਰੂਪਾਂ ਨੂੰ ਸਪੈਸ਼ਲ ਹਵਾਈ ਜਹਾਜਾਂ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਲੱਖਾਂ ਕਰੋੜਾਂ ਰੁਪਏ ਬਟੋਰ ਕੇ ਹਿੰਦੁਸਤਾਨ ਵਿੱਚ ਲੱਖਾਂ ਕਰੋੜਾਂ ਦੀ ਕੀਮਤ ਨਾਲ ਉਸਾਰੇ ਗਏ ਅੰਗੀਠਿਆਂ ਵਿੱਚ ਬਿਰਧ ਸਰੂਪਾਂ ਦਾ ਨਾਂ ਦੇ ਕੇ ਅਗਨ ਭੇਟ ਕਰ ਦੇਣਾ ਕਿਸੇ ਵੱਡੀ ਸ਼ਾਜਿਸ਼ ਵੱਲ ਇਸ਼ਾਰਾ ਕਰਦਾ ਹੈ। ਕਿੱਤੇ ਇਹ ਸੰਤ ਦੇ ਭੇਖ ਵਿੱਚ ਲੁੱਟਣ ਵਾਲੇ ਲੁਟੇਰੇ ਤਾਂ ਨਹੀਂ? ਇੱਕ ਪਾਸੇ ਇਨ੍ਹਾਂ ਨੇ ਇਤਿਹਾਸਕ ਗ੍ਰੰਥਾਂ ਨੂੰ ਅਗਨ ਭੇਟ ਕਰਨ ਦਾ ਬੀੜਾ ਚੁੱਕਣ ਦੇ ਨਾਲ-ਨਾਲ ਇਤਿਹਾਸਕ ਇਮਾਰਤਾਂ ਨੂੰ ਵੀ ਚਿੱਟੇ ਸੰਗਮਰਮਰ ਵਿੱਚ ਦਫਨ ਕਰਨ ਦਾ ਅਹਿਦ ਕਰ ਲਿਆ ਲਗਦਾ ਹੈ। ਐ ਸਿਖਾ, ਤੈਨੂੰ ਵਾਸਤਾ ਹੈ ਬਾਬਾ ਨਾਨਕ ਦੀ ਸਿਖੀ ਦਾ, ਤੂੰ ਘੂਕ ਨੀਂਦ ਵਿੱਚੋ ਉਠ ਕੇ ਦੇਖ ਅੱਜ ਕਿੱਥੇ ਹੈ ਚਮਕੋਰ ਦੀ ਕੱਚੀ ਗੜ੍ਹੀ, ਜਿੱਥੋ ਦਸਵੇਂ ਜਾਮੇਂ ਵਿੱਚ ਕੇਵਲ ੪੦ ਸਿੰਘਾਂ ਨੇ ਲਖਾਂ ਦੀ ਫੋਜ ਨਾਲ ਜੰਗ ਲੜੀ ਸੀ, ਕਿੱਥੇ ਹੈ ਉਹ ਠੰਡਾ ਬੁਰਜ਼ ਜਿਥੇ ਮਾਤਾ ਗੂਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਕੀਤਾ ਗਿਆ ਸੀ ਅਤੇ ਜਿੱਥੇ ਮਾਤਾ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਸੀ, ਕਿੱਥੇ ਹੈ ਉਹ ਸਰਹਿੰਦ ਦੀ ਦੀਵਾਰ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਇੱਟਾਂ ਵਿੱਚ ਚਿੰਣ ਦਿੱਤਾ ਗਿਆ ਸੀ। ਕਿੱਥੇ ਹੈ ਉਹ ਘਰ ਜਿੱਥੇ ਭੈਣ ਨਾਨਕੀ ਆਪਣੇ ਵੀਰ ਨਾਨਕ ਨੂੰ ਰੋਟੀ ਖਵਾਉਂਦੀ ਸੀ। ਇਹ ਸੱਭ ਭੇਖਧਾਰੀਆਂ ਨੇ ਪੱਥਰ ਦੇ ਸੰਗਮਰਮਰ ਵਿੱਚ ਦਫਨ ਕਰਨ ਦੇ ਨਾਲ-ਨਾਲ ਅੱਜ ਤੇਰੇ ਧਾਰਮਿਕ ਇਤਿਹਾਸਕ ਸਥਾਨਾਂ ਦੀ ਕੀਤੀ ਜਾ ਰਹੀ ਨਕਲ ਵੀ ਕਿਸੇ ਡੂੰਗੀ ਸ਼ਾਜਿਸ਼ ਵੱਲ ਇਸਾਰਾ ਕਰਦੀ ਹੋਈ ਤੇਰੇ ਕਹੇ ਜਾਂਦੇ ਜੱਥੇਦਾਰਾਂ ਨੂੰ ਵੀ ਇਸ ਵਿੱਚ ਮਿਲੀਭੁਗਤ ਦਾ ਸਵਾਲ ਪੁਛਦੀ ਹੈ ਕਿ, ਇਹ ਸੱਭ ਕੁੱਝ ਦੇਖਣ, ਸੁਣਨ ਅਤੇ ਸਮਝਣ ਦੇ ਬਾਵਜੂਦ ਤੁਸੀਂ ਕੋਈ ਕਾਰਵਾਈ ਕਿਉਂ ਨਹੀ ਕਰਦੇ? ਨਹੀਂ-ਨਹੀਂ ਤੁਸੀ ਕਾਰਵਾਈ ਤਾਂ ਜਰੂਰ ਕਰਦੇ ਹੋ ਪਰ ਪੰਥ ਦਰਦੀਆਂ ਦੇ ਖਿਲਾਫ। ਹੇ ਸਤਿਗੁਰੂ ਕਦੇ ਇਨ੍ਹਾਂ ਦੀ ਆਤਮਾ ਵੀ ਜਾਗੇਗੀ?

3. ਇਸੇ ਸਿਰਲੇਖ ਦੇ ਭਾਗ ‘ਕ’ ਵਿੱਚ ਅੰਕਿਤ ਹੈ “ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪੰਘੂੜੇ ਦੇ ਪਾਵਿਆਂ ਨੂੰ ਮੁਠੀਆਂ ਭਰਨੀਆਂ, ਕੰਧਾਂ ਜਾਂ ਥੜ੍ਹਿਆਂ ਤੇ ਨੱਕ ਰਗੜਨਾ, ਮੰਜੀ ਸਾਹਿਬ ਹੇਠਾਂ ਪਾਣੀ ਰੱਖਣਾਂ, ਗੁਰਦੁਆਰਿਆਂ ਵਿੱਚ ਮੂਰਤੀਆਂ (ਬੁੱਤ) ਬਨਾਣੀਆਂ ਜਾਂ ਰੱਖਣੀਆਂ, ਗੁਰੁ ਸਾਹਿਬਾਨ ਜਾਂ ਸਿੱਖ ਬਜ਼ੁਰਗਾਂ ਦੀਆਂ ਤਸਵੀਰਾਂ ਅੱਗੇ ਮੱਥੇ ਟੇਕਣੇ, ਇਹੋ ਜਿਹੇ ਕਰਮ ਮਨਮੱਤ ਹਨ”। ਅਕੱਸਰ ਹੀ ਸਵੇਰ ਵੇਲੇ ਬੀਬੀਆਂ ਨੂੰ ਗੁਰਦੁਆਰਿਆਂ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪੰਘੂੜੇ/ਪੀੜ੍ਹੇ ਦੇ ਪਾਵਿਆਂ ਨੂੰ ਮੁਠੀਆਂ ਭਰਦਿਆਂ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸੁਖਆਸਨ ਵਾਲੇ ਕਮਰੇ ਦੀ ਦੀਵਾਰ ਅਤੇ ਨਿਸ਼ਾਨ (ਸਾਹਿਬ) ਦੇ ਥੱੜੇ ਉੱਪਰ ਨੱਕ ਰਗੜਦਿਆਂ ਦੇਖਿਆ ਜਾ ਸਕਦਾ ਹੈ। ਪਰ ਵਾਰੇ ਜਾਈਏ ਆਪਣੇ ਇਨ੍ਹਾਂ ਪ੍ਰਬੰਧਕਾਂ, ਆਗੂਆਂ ਅਤੇ ਪ੍ਰਚਾਰਕਾਂ ਉੱਤੇ, ਜੇ ਕਦੇ ਇਨ੍ਹਾਂ ਨੇ ਕਿਸੇ ਨੂੰ ਇੱਸ ਸੰਬਧੀ ਰੋਕਣ ਜਾਂ ਸਮਝਾਉਣ ਦਾ ਯੱਤਨ ਕੀਤਾ ਹੋਵੇ। ਬਲਕਿ ੨੭ ਅਗਸਤ ੨੦੦੯ ਦੇ ਰੋਜ਼ਾਨਾ ਸਪੋਕਸਮੈਨ ਵਿੱਚ “ਗਿਆਨੀ ਇਕਬਾਲ ਸਿੰਘ ਵਲੋਂ ਡੇਰਾ ਕਰਤਾਰ ਦਾਸ ਨੂੰ ਕਲੀਨ ਚਿੱਟ” ਦੇ ਸਿਰਲੇਖ ਹੇਠ ਛਪੀ ਖਬਰ ਮੁਤਾਬਕ ਕਿ ਕਿਵੇਂ ਮਨਮੱਤਾਂ ਕਰਨ ਵਾਲਿਆਂ ਨੂੰ (ਸਪੈਸ਼ਲ) ਚਿੱਠੀ ਰਾਹੀਂ ਮੂਰਤੀਆਂ ਸਥਾਪਿਤ ਹਾਲ ਕਮਰੇ ਵਿੱਚ, ਧੁਖਦੇ ਧੂਣਿਆਂ ਦੀ ਮੌਜੂਦਗੀ ਵਿੱਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੀ ਇਜ਼ਾਜ਼ਤ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ, ਡੇਰਾ ਕਰਤਾਰ ਦਾਸ ਨੂੰ ਦਿੱਤੀ ਗਈ? ਅਤੇ ਜਦੋਂ ਗੁਰਸਿਖਾਂ ਨੇ ਸਿੱਖ ਰਹਿਤ ਮਰਿਆਦਾ ਦੀ ਉਪਰੋਕਤ ਮੱਦ ਅਧੀਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹੋਣ ਵਾਲੀ ਬੇਅਦਬੀ ਦੇ ਡਰੋਂ ਸਰੂਪ ਨੂੰ ਉਥੋਂ ਚੁੱਕਕੇ ਸਥਾਨਕ ਗੁਰਦੁਆਰਾ ਸਾਹਿਬ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਡੇਰੇ ਵਾਲਿਆਂ ਨੇ ਉਨ੍ਹਾਂ ਉਪਰ ਹਮਲਾ ਕਰਕੇ ਉਨ੍ਹਾਂ ਨੂੰ ਮਾਰਿਆ ਕੁਟਿਆ, ਜਿਸ ਦੀ ਖਬਰ ਅਕਾਲ ਤਖਤ ਸਾਹਿਬ ਤੇ ਪੁਜਦਿਆਂ ਹੀ ਗਿਆਨੀ ਇਕਬਾਲ ਸਿੰਘ ਜੀ ਨੇ (ਗਿਆਨੀ ਗੁਰਬਚਨ ਸਿੰਘ ਜੀ ਵਿਦੇਸ਼ ਯਾਤਰਾ ਤੇ ਗਏ ਹੋਣ ਕਰਕੇ) ਮੌਕਾ-ਏ-ਵਾਰਦਾਤ ਉਪਰ ਗੁਰਸਿਖਾਂ ਨੂੰ ਹੀ ਕਸੂਰਵਾਰ ਠਹਿਰਾਉਦਿਆਂ ਡੇਰਾ ਕਰਤਾਰ ਦਾਸ ਨੂੰ ਕਲੀਨ ਚਿੱਟ ਦੇ ਦਿੱਤੀ ਕਿ ਪੰਥਕ ਜਥੇਬੰਦੀਆਂ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸਰੂਪ ਨੂੰ ਚੁੱਕ ਕੇ ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣਾਂ ਕੀਤੀ ਹੈ ਕਿਉਂਕਿ ਕਹੇ ਜਾਂਦੇ ‘ਸਿੰਘ ਸਹਿਬਾਨ’ ਮੁਤਾਬਿਕ ਧੂਣਾਂ ਅਤੇ ਮੂਰਤੀਆਂ ਅਲੱਗ ਕਮਰੇ ਵਿੱਚ ਹੋਣ ਕਰਕੇ ਉਥੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ/ ਪ੍ਰਕਾਸ਼ ਕੀਤਾ ਜਾ ਸਕਦਾ ਹੈ। ਤੇ ਜੇ ਕਰ ਇਸ ਤਰਾਂ ਕੀਤਾ ਹੀ ਜਾ ਸਕਦਾ ਹੈ ਤਾਂ ਫਿਰ ਕਹੀ ਜਾਂਦੀ ਪੰਥਕ ਪਾਰਟੀ ਦੀ ਭਾਈਵਾਲ, ਭਾਰਤੀ ਜਨਤਾ ਪਾਰਟੀ ਦੇ ਕਾਰਕੁਨਾਂ ਨੂੰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਰੂਪ ਮੰਦਿਰਾਂ ਵਿੱਚ ਲਿਜਾਕੇ ਸ਼ਤਾਬਦੀ ਜਸ਼ਨ ਮਨਾਉਣ ਤੋਂ ਰੋਕਣ ਦਾ ਪੰਥਕ ਫੈਸਲਾ ਕਿਉਂ ਤੇ ਕਿਸ ਨੇ ਦਿੱਤਾ? ਇੱਥੇ ਹੀ ਬਸ ਨਹੀਂ ੨੧ ਅਗਸਤ ੨੦੦੯ ਦੇ ਅਖਬਾਰ ਵਿੱਚ ਵੀ “ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਬਰਾਬਰ ਸਜਾਈ ਸੁਆਮੀ ਸ਼ੰਕਰਾਪੁਰੀ ਦੀ ਪਾਲਕੀ” ਦੇ ਸਿਰਲੇਖ ਅਧੀਨ ਛੱਪੀ ਖਬਰ ਦੇ ਮੁਤਾਬਕ ਸਮਾਧੀ ਕਮੇਟੀ, ਪਿੰਡ ਸੰਤ ਵਾਲਾ ਜ਼ੀਰਾ ਵਲੋਂ ਇੱਕ ਨਗਰ ਕੀਰਤਨ ਦਾ ਆਯੋਜਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸਜਾਇਆ ਗਿਆ, ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਨਗਰ ਕੀਰਤਨ ਨਾਲ ਹੀ ਇੱਕ ਵੱਖਰੀ ਟਰਾਲੀ ਨੂੰ ਸੱਜਾਕੇ ਸੁਆਮੀ “੧੦੦੮” ਸ਼ੰਕਰਾਪੁਰੀ ਦੀ ਤਸਵੀਰ ਵੀ ਰੱਖੀ ਗਈ, ਜਿਸ ਵਿੱਚ ਸੁਆਮੀ ਕਮਲਾਪੁਰੀ ਜੀ ਬੈਠੇ ਮੱਥਾ ਟੇਕਣ ਵਾਲੀਆਂ ਸੰਗਤਾਂ ਨੂੰ ਪ੍ਰਸ਼ਾਦ ਦੇ ਰਹੇ ਸਨ ਅਤੇ ਨਗਰ ਕੀਰਤਨ ਨਾਲ ਸਮਾਧੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਪਤਵੰਤੇ ਸਜਣ ਵੀ ਮੋਜੂਦ ਸਨ। ਸਮਾਧੀ ਅੰਦਰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਪ੍ਰਕਾਸ਼ ਨਾ ਕਰਣ ਸਬੰਧੀ ਅਕਾਲ ਤਖਤ ਤੋਂ ਦਿੱਤੀ ਹੋਈ ਹਿਦਾਇਤ ਦੇ ਬਾਵਜੂਦ ਵੀ ਨਾ ਸਿਰਫ ਸਮਾਧੀ ਕਮੇਟੀ ਵਲੋਂ ਨਗਰ ਕੀਰਤਨ ਦਾ ਆਯੋਜਨ ਹੀ ਕੀਤਾ ਗਿਆ ਬਲਕਿ ‘ਸਿਖ ਰਹਿਤ ਮਰਿਆਦਾ’ ਦੀਆਂ ਸ਼ਰੇਆਮ ਧੱਜੀਆਂ ਉਡਾਉਦੇ ਹੋਏ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸਜੀ ਪਾਲਕੀ ਦੇ ਬਰਾਬਰ ਸੁਆਮੀ ਸ਼ੰਕਰਾਪੁਰੀ ਦੀ ਤਸਵੀਰ ਨੂੰ ਇੱਕ ਟਰਾਲੀ ਵਿੱਚ ਸਜਾ ਕੇ ਬਰਾਬਰੀ ਵੀ ਦਿੱਤੀ ਗਈ। ਐਨਾ ਸਭ ਕੁੱਝ ਹੋਣ ਦੇ ਬਾਵਜੂਦ ਵੀ, ਕੀ ਮੇਰੇ ਪੰਥਕ ਆਗੂਆਂ ਨੇ ਕਿਸੇ ਕਸੂਰਵਾਰ ਦੇ ਖਿਲਾਫ ਕੋਈ ਕਾਰਵਾਈ ਕੀਤੀ? ਇਨ੍ਹਾਂ ਡੇਰੇਦਾਰਾਂ ਦੇ ਪ੍ਰਭਾਵ ਅਧੀਨ ਹੀ ਕੁੱਝ ਗੁਰਦੁਆਰਿਆਂ ਦੇ ਦੀਵਾਨ ਹਾਲ ਅੰਦਰ ਅਗਿਆਨਤਾ ਵੱਸ ਵੱਡ ਅਕਾਰੀ ਕਾਲਪਨਿਕ ਗੁਰੂ ਤਸਵੀਰਾਂ ਲਗਾਉਣ ਦਾ ਰੁਝਾਨ ਵੀ ਦੇਖਣ ਨੂੰ ਮਿਲਦਾ ਹੈ ਅਤੇ ਜੇ ਇਸ ਸਬੰਧੀ ਕਿਸੇ ਗੁਰਦੁਆਰੇ ਦੇ ਪ੍ਰਬੰਧਕ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਜਾਏ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ ਕਲੇਰਾਂ ਵਾਲੇ ਸੰਤ, ਅਤੇ ਅਜੇਹੇ ਹੀ ਹੋਰ ਮਹਾਂਪੁਰਸ਼ ਕੋਈ ਮੂਰਖ ਸਨ? ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਦਰਸ਼ਨ ਦੇ ਕੇ ਇਹ ਤਸਵੀਰਾਂ ਬਣਵਾ ਕੇ ਉਨ੍ਹਾਂ ਕੋਲੋ ਮੱਥੇ ਟਿਕਵਾਏ, ਅਤੇ ਉਨ੍ਹਾਂ ਸੰਤਾਂ ਅਨੁਸਾਰ ਗੁਰੂ ਦੀ ਮੂਰਤ ਤੋਂ ਬਿਨਾਂ ਤਾਂ ਗੁਰੂ ਨੂੰ ਮਨ ਵਿੱਚ ਵਸਾਇਆ ਹੀ ਨਹੀਂ ਜਾ ਸਕਦਾ। ਐਸੇ ਪ੍ਰਬੰਧਕਾਂ ਦੇ ਹੁੰਦਿਆਂ ਕੀ ਗੁਰਮਤਿ ਦਾ ਪ੍ਰਚਾਰ ਹੋ ਸਕਦਾ ਹੈ? ਅਤੇ ਐਸੇ ਪ੍ਰਬੰਧਕ ਅਕਸਰ ਹੀ ਕਿਸੇ ਮਿਰਤਕ ਪ੍ਰਾਣੀ ਦੀ ਅੰਤਿਮ ਅਰਦਾਸ ਵਿੱਚ ਗੁਰਦੁਆਰਾ ਸਾਹਿਬ ਅੰਦਰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਨਮੁਖ ਚਲਾਣਾ ਕਰ ਗਏ ਮੱਨੂਖ ਦੀ ਤਸਵੀਰ ਨੂੰ ਵੀ ਮੱਥੇ ਟਿਕਵਾਈ ਜਾਂਦੇ ਹਨ। ਉਨ੍ਹਾਂ ਨੂੰ ਕੀ ਲੈਣਾ-ਦੇਣਾ ਹੈ ਗੁਰ ਮਰਿਆਦਾ ਨਾਲ? ਹਾਂ ਇਸ ਸਬੰਧੀ ਕੁੱਝ ਕੁ ਮਿਸ਼ਨਰੀ ਵੀਰਾਂ ਦੀ ਭੂਮਿਕਾ ਸਲਾਹੁਣ ਯੋਗ ਹੈ।

4. ‘ਸਿੱਖ ਰਹਿਤ ਮਰਿਆਦਾ’ ਦੇ ਅਖੰਡ ਪਾਠ ਸਿਰਲੇਖ ਦੇ ਭਾਗ ‘ੲ’ ਵਿੱਚ ਅੰਕਿਤ ਹੈ ਕਿ “ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਲੀਏਰ ਆਦਿ ਰਖਣਾ ਜਾਂ ਨਾਲ-ਨਾਲ ਜਾਂ ਵਿੱਚ-ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰਖਣਾ ਮਨਮੱਤ ਹੈ” ਇਸ ਸਬੰਧੀ ਮਹਾਨ ਕੋਸ਼ ਦੇ ਪੰਨਾ ੧੬੨ ਉਪਰ ਭਾਈ ਕਾਨ੍ਹ ਸਿੰਘ ਜੀ ਨਾਭਾ ਦਾ ਇਹ ਨੋਟ ਧਿਆਨ ਦੇਣ ਯੋਗ ਹੈ, “ਉਹ ਪਾਠ ਜੋ ਨਿਰੰਤਰ ਹੋਵੇ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪਾਠ, ਜੋ ਤੇਰਾਂ ਪਹਿਰ ਵਿੱਚ ਸਮਾਪਤ ਕੀਤਾ ਜਾਂਦਾ ਹੈ ਚਾਰ ਅਥਵਾ ਪੰਜ ਪਾਠੀਏ ਯਥਾਕ੍ਰਮ ਬਦਲਦੇ ਰਹਿਦੇ ਹਨ, ਅਤੇ ਪਾਠ ਨਿਰੰਤਰ ਹੁੰਦਾ ਰਹਿੰਦਾ ਹੈ ਪਾਠ ਦੀ ਇਹ ਰੀਤ ਪੰਥ ਵਿੱਚ ਬੁੱਡੇ ਦਲ ਨੇ ਚਲਾਈ ਹੈ ਸਤਿਗੁਰਾਂ ਦੇ ਸਮੇਂ ਅਖੰਡ ਪਾਠ ਨਹੀਂ ਹੋਇਆ ਕਰਦਾ ਸੀ ਬਹੁਤ ਲੋਕ ਦਿਨ ਰਾਤ ਅਖੰਡ ਦੀਵਾ ਮਚਾਉਂਦੇ ਹਨ, ਜਲ ਦਾ ਘੜਾ ਅਤੇ ਨਾਰਿਏਲ ਆਦਿਕ ਰਖਦੇ ਹਨ, ਪਰ ਇਹ ਮਰਿਆਦਾ ਅਤਿ ਆਰੰਭਕਾ ਤੋਂ ਨਹੀਂ ਚੱਲੀ”। ਉਪਰੋਕਤ ਤੋਂ ਬਿਨਾਂ ਮਹਾਨ ਕੋਸ਼ ਦੇ ਪੰਨਾ ੨੦੩ ਉਪਰ ਇੱਕ ਹੋਰ “ਅਤਿ ਅਖੰਡ ਪਾਠ” ਦਾ ਜਿਕਰ ਹੈ ਜੋ ਕਿ ਇਸ ਪ੍ਰਕਾਰ ਹੈ, “ਉਹ ਪਾਠ ਜਿਸਨੂੰ ਇਕੱਲਾ ਪਾਠੀਆ ਇੱਕੇ ਆਸਨ ਬੈਠਕੇ ਸਮਾਪਤ ਕਰੇ, ਅਤੇ ਭੋਗ ਪੈਣ ਤੀਕ ਜਲ ਅੰਨ ਆਦਿ ਕੁੱਝ ਨਾ ਵਰਤੇ, ਇਹ ਪਾਠ ਨੋਂ ਪਹਿਰ ਵਿੱਚ ਹੋਇਆ ਕਰਦਾ ਹੈ” ਇਹ ਪਾਠ ਨਾਰਾਯਣ ਸਿੰਘ ਬਾਬਾ ਨੇ ਤਿੰਨ ਵਾਰ ਕੀਤਾ, ਜਿਸ ਵਿੱਚੋਂ ਇੱਕ ਪਾਠ ਮਹਾਰਾਜਾ ਹੀਰਾ ਸਿੰਘ ਨਾਭਾਪਤੀ ਨੇ ਪ੍ਰੇਮ ਭਾਵ ਨਾਲ ਸੁਣਿ ਕੇ, ਭੋਗ ਤੇ ਭੇਟਾ ਵਜੌਂ ਜਗੀਰ ਦੇਣ ਦੀ ਇਛਾ ਪ੍ਰਗਟ ਕੀਤੀ ਜਿਸਨੂੰ ਬਾਬਾ ਜੀ ਨੇ ਅੰਗੀਕਾਰ ਨਾ ਕੀਤਾ। (ਮਹਾਨ ਕੋਸ਼ ਪੰਨਾ-੨੨੮੯)। ਇਥੇ ਇੱਕ ਗੱਲ ਉਚੇਚਾ ਧਿਆਨ ਮੰਗਦੀ ਹੈ ਕਿ ਸਤਿਗੁਰਾਂ ਦੇ ਸਮੇਂ ਵਿੱਚ ਅਖੰਡ ਪਾਠ ਨਹੀਂ ਹੋਇਆ ਕਰਦਾ ਸੀ ਅਤੇ ਗੁਰਬਾਣੀ ਨੂੰ ਸਹਿਜ ਨਾਲ ਪੜ੍ਹ, ਵਿਚਾਰ ਕੇ ਅਮਲੀ ਜੀਵਨ ਵਿੱਚ ਅਪਨਾਉਣ ਦੀ ਹਿਦਾਇਤ ਸੀ। ਸਿਖ ਪੰਥ ਵਿੱਚ ਇਸ ਪਾਠ ਦੀ ਰੀਤ ਸਤਿਗੁਰਾਂ ਤੋਂ ਬਾਦ ਬੁੱਢੇ ਦਲ ਨੇ ਚਲਾਈ ਹੈ ਅਤੇ ਸਿੱਖਾਂ ਨੂੰ ਭਰਮਾਉਣ ਲਈ ਬਹੁਤੇ ਡੇਰੇਦਾਰਾਂ ਨੇ ਅਖੰਡ ਜਾਂ ਸੰਪਟ ਪਾਠਾਂ ਵੇਲੇ ਕੁੰਭ ਆਦਿ ਰੱਖਣ ਦੇ ਨਾਲ ਹੋਣ ਵਾਲੀਆਂ ਕਰਾਮਾਤਾਂ ਦਾ ਸਿੱਖ ਮਾਨਸਿਕਤਾ ਤੇ ਡੂੰਘਾ ਅਸਰ ਪਾਉਣ ਲਈ “ਗੁਰਬਾਣੀ ਪਾਠ ਦਰਸ਼ਨ” ਨਾਮੀ ਪੁਸਤਕ ਦੇ ਪੰਨਾ ੧੯੫ ਤੇ ਲਿਖਿਆ ਹੈ (ਜੋ ਕਿ ਗੁਰਮਤਿ ਸਿਧਾਂਤਾਂ ਦੀ ਘੋਰ ਉਲੰਘਣਾ ਹੈ) ਕਿ “ਪਾਠ ਹੋਣ ਕਰਕੇ ਪਾਣੀ ਪਵਿੱਤ੍ਰ ਤੇ ਅੰਮ੍ਰਿਤ ਰੂਪ ਹੋ ਜਾਂਦਾ ਹੈ। ਜਿਹੜੀ ਪਾਣੀ ਵਿੱਚ ਸ਼ੁਧਤਾ ਹੁੰਦੀ ਹੈ ਉਹ ਪਾਣੀ ਵਿਗੜਦਾ ਨਹੀਂ ਹੈ ਪਵਿਤ੍ਰ ਰਹਿੰਦਾ ਹੈ ਤੇ ਉਸ ਨੂੰ ਅੰਮ੍ਰਿਤ ਤਿਆਰ ਕਰਨ ਵਾਸਤੇ ਵੀ ਵਰਤਿਆ ਜਾਂਦਾ ਹੈ। ਇਸ ਅੰਮ੍ਰਿਤ ਰੂਪ ਜਲ ਦੇ ਛਕਣ ਕਰ ਕੇ ਰੋਗ ਕਸ਼ਟ ਆਦਿ ਦੂਰ ਹੁੰਦੇ ਹਨ, ਜਿਵੇਂ ਸ੍ਰੀ ਹਰਿਮੰਦਰ ਸਾਹਿਬ ਅੱਠ ਪਹਿਰ ਕੀਰਤਨ ਬਾਣੀ ਕਰ ਕੇ ਸਾਰਾ ਸਰੋਵਰ ਹੀ ਅੰਮ੍ਰਿਤ ਰੂਪ ਹੋ ਗਿਆ ਹੈ। ਇਸ਼ਨਾਨ ਕਰਨ ਕਰਕੇ ਰੋਗ, ਕਸ਼ਟ, ਕੋਹੜ, ਵਿਘਨ ਆਦਿ ਸਭ ਮਿਟ ਜਾਂਦੇ ਹਨ। ਪਰ ਅੰਮ੍ਰਿਤ ਸਰੋਵਰ ਦਾ ਅੰਮ੍ਰਿਤ ਜਲ ਹਰ ਜਗ੍ਹਾ ਹਰ ਵਕਤ ਮਿਲ ਨਹੀਂ ਸਕਦਾ। ਸੋ ਇਸ ਅੰਮ੍ਰਿਤ ਰੂਪ ਜਲ ਸ੍ਰੀ ਅਖੰਡ ਪਾਠ ਵਾਲੇ ਅੰਮ੍ਰਿਤ ਦੀ ਪ੍ਰਾਪਤੀ ਕਰ ਕੇ ਛੋਟੇ ਛੋਟੇ ਕਾਰਜ ਰਾਸ ਹੋ ਜਾਂਦੇ ਹਨ ਪਰ ਜੇਕਰ ਪਾਠੀ ਸ਼ੁਧ ਪਾਠ ਕਰਨ ਤੇ ਰਹਿਤ ਵਾਲੇ ਹੋਣ। ਕੁੰਭ ਭੀ ਸੁੱਚਾ ਹੋਵੇ, ਕੁੰਭ ਭਰਨ ਵੇਲੇ ਨਵਾਂ ਘੜਾ ਲਿਆਵੇ ਤੇ ਸਿੰਘ ਕੇਸੀ ਇਸ਼ਨਾਨ ਕਰਕੇ ਸ਼ੁੱਧ ਹੋਕੇ, ਸੁੱਚੇ ਰੇਤੇ ਨਾਲ ਬਰਤਨ ਮਾਂਜ ਕੇ ਖੂਹ ਦੇ ਸੁੱਚੇ ਪਾਣੀ ਨਾਲ ਧੋਵੇ, ਬਰਤਨ ਸਰਬ ਲੋਹ ਦੇ ਹੋਣੇ ਚਾਹੀਦੇ ਹਨ ਤੇ ਨਵੇਂ ਘੜੇ ਵਿੱਚ ਪਾਣੀ ਪੁਣ ਕੇ ਪਾਕੇ ਮਹਾਰਾਜ ਜੀ ਦੇ ਹਜ਼ੂਰ ਰੱਖਣ, ਥੱਲੇ ਰੇਤਾ ਪਾਕੇ ਉਪਰ ਕਪੜਾ ਲਪੇਟ ਦੇਣਾ, ਕਿਤੋਂ ਨੰਗਾ ਨਾ ਹੋਵੇ। ਤਾਂ ਕੇ ਕਿਸੇ ਦਾ ਜੂਠਾ ਹੱਥ ਨਾ ਲੱਗ ਜਾਏ। ਉਸ ਦੇ ਉਪਰ ਇੱਕ ਨਾਰੀਅਲ ਨੂੰ ਖੱਟੇ ਸੁੱਚੇ ਨਵੇਂ ਕੱਪੜੇ ਵਿੱਚ ਲਪੇਟ ਕੇ ਰੱਖੋ”। ਉਪਰੋਕਤ ਕੁੰਭ ਦੇ ਜਲ ਦੀਆਂ ਕਰਾਮਾਤੀ ਗੱਲਾਂ (ਕੀ ਉਪਰ ਵਰਣਤ ਪੂਜਾਰੀ ਦੀ ਭੋਗ ਲਗਾਉਣ ਦੀ ਮਰਿਆਦਾ ਦੀ ਨਕਲ ਨਹੀਂ?) ਨੇ ਸਿੱਖ ਰਹਿਤ ਮਰਿਆਦਾ ਦੀ ਇਸ ਮੱਦ ਨੂੰ ਮੂਲੋਂ ਹੀ ਰੱਦ ਕਰਦਿਆਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਿਧਾਂਤ ਨੂੰ ਸਮਝਣ ਦੀ ਲੋੜ ਹੀ ਮੁੱਕਾ ਦਿੱਤੀ ਹੈ ਕੀ ਡੇਰੇਦਾਰਾਂ ਦੀਆਂ ਐਸੀਆਂ ਗੁਰਮਤਿ ਸਿਧਾਂਤ ਵਿਰੋਧੀ ਗੱਲਾਂ ਤੋਂ ਸੁਚੇਤ ਰਹਿਣ ਲਈ ਇਨ੍ਹਾਂ ਆਗੂਆਂ/ਪ੍ਰਬੰਧਕਾਂ ਨੇ ਕਦੀ ਕੌਮ ਨੂੰ ਆਗਾਹ ਕਰਨ ਦਾ ਕੋਈ ਉਪਰਾਲਾ ਕੀਤਾ ਹੈ? ਜਾਂ ਐਸੇ ਡੇਰੇਦਾਰਾਂ ਦੇ ਖਿਲਾਫ ਕਦੇ ਕੋਈ ਕਾਰਵਾਈ ਕੀਤੀ ਹੈ? (ਚਲਦਾ)

ਮਨਜੀਤ ਸਿੰਘ ਖ਼ਾਲਸਾ




.