.

ਮਰਨਾ ਕੀ ਹੈ?

ਜਿੰਦਗੀ ਹਵਾ ਦੇ ਬੁਲਿਆਂ ਵਿੱਚ ਜਗਦਾ ਹੋਇਆ ਉਹ ਦੀਵਾ ਹੈ ਜਿਹੜਾ ਸਾਰੀ ਉਮਰ ਥਰਥਰਾਉਂਦਾ ਰਹਿੰਦਾ ਹੈ। ਛੋਟੇ-ਵੱਡੇ ਦੁਖਾਂ ਦੇ, ਪ੍ਰੇਸ਼ਾਨੀਆਂ ਦੇ, ਦੁਸ਼ਵਾਰੀਆਂ ਦੇ, ਚਿੰਤਾਵਾਂ ਦੇ ਬੁੱਲੇ ਇਸ ਦੀਵੇ ਦੀ ਲਾਟ ਨੂੰ ਸਥਿਰ ਨਹੀ ਰਹਿਣ ਦਿੰਦੇ ਅਤੇ ਇਹ ਇੰਝ ਹੀ ਹਵਾ ਦੇ ਬੁੱਲਿਆਂ ਤੋਂ ਬੱਚਦਾ-ਬੱਚਦਾ ਆਖਰ ਕਿਸੇ ਵੱਡੇ ਬੁੱਲੇ ਨਾਲ ਹਮੇਸ਼ਾਂ ਲਈ ਬੁਝ ਜਾਂਦਾ ਹੈ। ਦੀਵਾ ਜਦ ਜਗਦਾ ਕਿਸੇ ਨਹੀ ਪਤਾ ਕੀਤਾ ਲਾਟ ਕਿਥੋਂ ਆਈ, ਬੁਝ ਗਿਆ ਤਾਂ ਕਿਸੇ ਨੂੰ ਨਹੀ ਪਤਾ ਲਾਟ ਕਿਥੇ ਗਈ। ਇਸ ਗੱਲ ਨੂੰ ਗੁਰੂ ਸਾਹਿਬਾਨ ਨੇ ਵੀ ਖੋਲ੍ਹਿਆ ਹੈ ਕਿ, “ਕਹ ਤੇ ਉਪਜੈ ਕਹ ਰਹੈ ਕਹ ਮਾਹਿ ਸਮਾਵੈ’॥ । ਭਾਵ ਜਗਦਾ ਹੈ ਤੇ ਬੁਝ ਜਾਂਦਾ ਹੈ। ਪੈਦਾ ਹੋਇਆ ਮਰ ਗਿਆ। ਦੇਖਣ ਵਾਲੇ ਕਹਿੰਦੇ ਲੈ ਹਾਲੇ ਤਾਂ ਕੱਲ ਮੇਰੇ ਕੋਲੋਂ ਚੰਗਾ ਭਲਾ ਗਿਆ! ਚੰਗਾ ਭਲਾ ਉਹ ਇੱਕਲੀ ਮਿੱਟੀ ਨਾਲ ਨਹੀ ਸੀ ਜੇ ਮਿੱਟੀ ਨਾਲ ਹੀ ਹੁੰਦਾ ਤਾਂ ਮਿੱਟੀ ਤਾਂ ਉਸਦੀ ਹੁਣ ਵੀ ਮੇਰੇ ਸਾਹਵੇਂ ਹੈ। ਸਭ ਕੁੱਝ ਉਂਝ ਦਾ ਉਂਝ। ਹੱਥ-ਪੈਰ ਅੱਖਾਂ ਲੱਤਾਂ ਪਰ ਹੁਣ ਇਹ ਹਿੱਲਦਾ ਕਿਉਂ ਨਹੀ। ਕਿਉਂਕਿ ਇਸ ਨਾਲ ਲਫਜ ਮੌਤ ਜੁੜ ਗਿਆ।
ਰਾਤ ਦੇ ਸੁੱਤੇ ਬੰਦੇ ਨੂੰ ਕੁੱਝ ਪਤਾ ਨਹੀ ਦੁਨੀਆਂ ਤੇ ਕੀ ਵਾਪਰ ਰਿਹਾ। ਦੁਨੀਆਂ ਤਾਂ ਕੀ ਉਸ ਨੂੰ ਖੁਦ ਨਾਲ ਕੁੱਝ ਵਾਪਰੇ ਦਾ ਪਤਾ ਨਹੀ ਚਲਦਾ। ਮੌਤ ਵੱਡੀ ਨੀਂਦ ਹੈ ਅਤੇ ਨੀਂਦ ਛੋਟੀ ਮੌਤ ਹੈ। ਕੀਰਤਨ ਸੋਹਲਾ ਕਿਉਂ ਮਰਨ ਅਤੇ ਸਾਉਂਣ ਵੇਲੇ ਪੜਿਆ ਜਾਂਦਾ ਹੈ। ਅਸੀ ਮਰਨ ਤੋਂ ਬਚ ਗਏ ਬੰਦੇ ਲਈ ਆਮ ਲਫਜ ਵਰਤਦੇ ਹਾਂ ਜੋ ਵੈਸੇ ਗਲਤ ਹੈ ਕਿ ‘ਫਲਾਣੇ ਦਾ ਕੀਰਤਨ ਸੋਹਿਲਾ ਪੜਿਆ ਚਲਿਆ ਸੀ’। ਪਰ ਜੇ ਅਸੀਂ ਸਾਉਂਣ ਅਤੇ ਮਰਨ ਸਮੇ ਇਕੇ ਬਾਣੀ ਦਾ ਪਾਠ ਕਰਦੇ ਹਾਂ ਤਾਂ ਇਸਦਾ ਮੱਤਲਬ ਸਾਫ ਹੈ ਕਿ ਮੌਤ ਅਤੇ ਨੀਦ ਵਿੱਚ ਕੋਈ ਫਰਕ ਨਹੀ। ਨੀਦ ਤੋਂ ਅਸੀਂ ਤਾਂ ਨਹੀ ਡਰਦੇ ਕਿ ਸਾਨੂੰ ਮੁੜ ਆਉਂਣ ਦੀ ਉਮੀਦ ਹੁੰਦੀ ਹੈ ਜਦ ਕਿ ਮੌਤ ਤੋਂ ਕੋਈ ਅਜਿਹੀ ਉਮੀਦ ਨਹੀ ਹੂੰਦੀ। ਪਰ ਨੀਦ ਅਤੇ ਮੌਤ ਵਿੱਚ ਫਰਕ ਕੋਈ ਨਹੀ। ਜਦ ਇਹ ਗੱਲ ਮੇਰੀ ਸਮਝ ਆ ਗਈ ਮੌਤ ਦਾ ਡਰ ਭਓ ਦੂਰ ਹੋ ਜਾਂਦਾ ਹੈ। ਜਿੰਦਗੀ ਜਿੰਨੀਆਂ ਤਲਖੀਆਂ, ਦੁਸ਼ਵਾਰੀਆਂ, ਚਿੰਤਾਵਾਂ, ਮੁਸ਼ਕਲਾਂ ਆਦਿ ਮੌਤ ਵਿੱਚ ਨਹੀ ਪਰ ਮੌਤ ਤੋਂ ਫਿਰ ਵੀ ਡਰ ਹੈ। ਜਿੰਦਗੀ ਜਿੰਨਾ ਭਾਰ ਮੌਤ ਦਾ ਨਹੀ। ਅੱਖਾਂ ਮਿਚੀਆ ਤੇ ਬੱਅਸ! ਕੁੱਝ ਵਿਰਲੇ ਕੇਸਾਂ ਨੂੰ ਛੱਡ ਦੱਸੋ ਕਿੰਨੇ ਪਲ ਹੁੰਦੇ ਹਨ ਮੌਤ ਦੇ? ਅੱਖਾਂ ਮੀਚੀਆਂ ਤੇ ਗਏ। ਪਰ ਜਿੰਦਗੀ ਕੀ ਇੰਨੀ ਸੌਖੀ ਹੈ ਕਿ ਅੱਖਾਂ ਮੀਚੀਆਂ ਤੇ ਗੁਜਰ ਗਈ? ਜਿੰਦਗੀ ਬੇਸ਼ੱਕ ਬੜੀ ਕੀਮਤੀ ਹੈ ਜਿੰਦਗੀ ਜਿੰਨੀਆਂ ਤਲਖੀਆਂ ਮੌਤ ਵਿੱਚ ਨਹੀ। ਜਿੰਦਗੀ ਲਈ ਜਿੰਨਾ ਅਸੀਂ ਘੁਲਦੇ ਹਾਂ ਮੌਤ ਲਈ ਨਹੀ ਘੁਲਣਾ ਪੈਂਦਾ। ਪਰ ਫਿਰ ਵੀ ਮੌਤ ਦਾ ਡਰ ਕਿਉਂ?
ਮੌਤ ਕਿਉਂਕਿ ਮੇਰੀ ਮਿੱਟੀ ਦੀ ਸਿਰਜੀ ਹੋਈ ਲੰਕਾ ਢਾਹੁਦੀ ਹੈ ਜਦ ਕਿ ਨੀਂਦ ਉਸਨੂੰ ਹੋਰ ਉਸਾਰਨ ਲਈ ਮੈਨੂੰ ਅਗਲੇ ਦਿਨ ਲਈ ਤਰੋ-ਤਾਜਾ ਕਰਦੀ ਹੈ। ਇਹੀ ਫਰਕ ਹੈ। ਜੇ ਮੈਨੂੰ ਜਾਪੇ ਕਿ ਨੀਂਦ ਵਿੱਚ ਵੀ ਮੇਰੀ ਲੰਕਾ ਉਜੜ ਸਕਦੀ ਹੈ ਤਾਂ ਮੈ ਸਾਉਂਣ ਲਗਾ ਵੀ ਮਰਨ ਵਾਂਗ ਹੀ ਡਰਾਂ। ਅਜਿਹੇ ਬਹੁਤ ਲੋਕ ਹਨ ਜਿਹੜੇ ਗੋਲੀਆਂ ਖਾਣ ਤੋਂ ਬਿਨਾ ਸਉਂ ਨਹੀ ਸਕਦੇ। ਉਹ ਇਸੇ ਪ੍ਰੇਸ਼ਾਨੀ ਵਿੱਚ ਹਨ ਕਿ ਮੇਰੇ ਸੁੱਤਿਆਂ ਕਿਤੇ ਮੇਰੀ ਲੰਕਾ ਉੱਜੜ ਨਾ ਜਾਏ। ਜਿੰਨੀ ਕਿਸੇ ਦੀ ਲੰਕਾ ਵੱਡੀ ਉਨੀ ਨੀਦ ਘੱਟ। ਯਾਨੀ ਜਿੰਨਾ ਵੱਡਾ ਸਿਰ ਉਨੀ ਵੱਡੀ ਸਿਰ ਪੀੜ। ਮਾਈਕਲ ਜੈਕਸਨ ਦੀ ਹਾਲੇ ਕੱਲ ਦੀ ਮਿਸਾਲ ਸਾਡੇ ਸਾਹਮਣੇ ਹੈ। ਉਹ ਨੀਂਦ ਲਈ ਤਰਸ ਰਿਹਾ ਸੀ। ਇੱਕ ਟੀਕਾ ਲਾਇਆ ਨਹੀ ਆਈ, ਦੂਜੇ ਨਾਲ ਨਹੀ ਆਈ, ਤੀਜੇ ਨਾਲ ਵੀ ਨੀ ਆਈ ਤੇ ਆਖਰ ਜਿਸ ਦਵਾਈ ਨਾਲ ਨੀਂਦ ਆਈ ਉਹ ਜਾਗ ਹੀ ਨਹੀ ਸਕਿਆ। ਤੁਸੀਂ ਸੋਚ ਸਕਦੇ ਹੋ ਉਸ ਦੀ ਵੇਦਨਾ ਬਾਰੇ? ਪੈਸਾ ਸੀ ਉਸ ਕੋਲ, ਸਾਰੇ ਸਾਧਨ-ਸਹੂਲਤਾਂ ਸਨ ਪਰ ਨੀਂਦ ਨਹੀ ਸੀ! ਉਹ ਰੋਜ ਤਰਸਦਾ ਹੋਵੇਗਾ ਨੀਂਦ ਲਈ ਪਰ ਮੌਤ ਨੇ ਪਲਾਂ ਵਿੱਚ ਹੀ ਉਸ ਦਾ ਤਰਸੇਵਾਂ ਦੂਰ ਕਰ ਦਿੱਤਾ।
ਜਿੰਦਗੀ ਬਹੁਤ ਕੀਮਤੀ ਹੈ ਪਰ ਇਸ ਜਿੰਦਗੀ ਦੀ ਕੀਮਤ ਵੀ ਮੌਤ ਕਰਕੇ ਹੈ। ਤੁਸੀਂ ਕਦੇ ਉਸ ਟਰੇਨ ਵਿੱਚ ਚੜੇ ਹੋ ਜਿਸ ਨਾਲ ਇੰਝਣ ਹੀ ਨਾ ਹੋਵੇ ਤੇ ਜਿਸ ਕਿਤੇ ਵੀ ਨਾ ਜਾਣਾ ਹੋਵੇ! 2-4-5-7 ਸੌ ਸਾਲ ਤੁਹਾਨੂੰ ਕੋਈ ਪੁੱਛੇ ਹੀ ਨਾ ਮੌਤ ਬਾਰੇ ਤੁਸੀਂ ਸੋਚ ਸਕਦੇ ਹੋ ਕਿ ਤੁਹਾਡੀ ਕੀ ਹਾਲਤ ਹੋਵੇਗੀ? ਜਿੰਦਗੀ ਵਿਚੋਂ ਮੌਤ ਲਫਜ ਕੱਢ ਦਿਓ ਦੁਨੀਆਂ ਕੁੱਝ ਹੀ ਸਾਲਾਂ ਵਿੱਚ ਦੁਹਾਈਆਂ ਪਾ ਉਠੇਗੀ ਅਤੇ ਮੌਤ ਲਈ ਇੰਝ ਤਰਸੇਗੀ ਜਿਵੇਂ ਮਾਈਕਲ ਜੈਕਸਨ ਨੀਂਦ ਲਈ ਤਰਸਦਾ ਸੀ। ਬੰਦਾ ਮਰੇ ਹੀ ਨਾ ਇਹ ਜਿੰਦਗੀ ਨਹੀ ਸਜਾ ਹੈ। ਜਿੰਦਗੀ ਨੂੰ ਅਸੀਂ ਮੁੱਹਬਤ ਹੀ ਤਾਂ ਕਰਦੇ ਹਾਂ ਕਿਉਂਕਿ ਇਸ ਨਾਲ ਮੌਤ ਜੁੜੀ ਹੈ। ਸੱਚ ਨੂੰ ਕੌਣ ਪੁੱਛੇ ਜੇ ਝੂਠ ਨਾ ਹੋਵੇ। ਦਿਨ ਦੀ ਕੌਣ ਕਦਰ ਕਰੇ ਜੇ ਕਾਲੀ ਰਾਤ ਨਾ ਹੋਵੇ। ਆਮ ਹਾਲਤਾਂ ਵਿੱਚ ਮੌਤ ਤੋਂ ਬੰਦਾ ਇਸ ਕਰਕੇ ਨਹੀ ਡਰਦਾ ਕਿ ਮੌਤ ਆਉਂਣੀ ਹੈ ਬਲਕਿ ਬਹੁ ਗਿਣਤੀ ਇਸ ਕਰਕੇ ਡਰਦੀ ਹੈ ਕਿ ਮੌਤ ਤੋਂ ਬਾਅਦ ਕੀ ਹੋਵੇਗਾ? ਜਦ ਮੌਤ ਤੋਂ ਬਾਅਦ ਵਾਲਾ ਭੁਲੇਖਾ ਮੇਰਾ ਲੱਥ ਗਿਆ ਉਸ ਦਿਨ ਜਿੰਦਗੀ ਅਤੇ ਮੌਤ ਵਿੱਚ ਬਾਹਲਾ ਫਰਕ ਨਹੀ ਜਾਪੇਗਾ ਕਿਉਂਕਿ ਮੇਰਾ ਕੰਮ ਕੇਵਲ ਇਸ ਜਿੰਦਗੀ ਨੂੰ ਬੰਦਿਆਂ ਵਾਂਗ ਜੀਣਾ ਹੈ ਨਾ ਕਿ ਮੌਤ ਤੋਂ ਬਾਅਦ ਦੇ ਡਰ ਨਾਲ ਲਹੂ ਸੁਕਾਈ ਜਾਣਾ।
ਦੂਜਾ ਪੱਖ ਮੌਤ ਦਾ ਇਹ ਹੈ ਕਿ ਜੇ ਇਹ ਨਾ ਹੋਵੇ ਤਾਂ ਸਾਡੇ ਦਾਦੇ ਪੜਦਾਦੇ ਲੱਕੜਦਾਦੇ ਤੇ ਪਤਾ ਨਹੀ ਕਿੰਨਾ ਕੁੱਝ ਹਾਲੇ ਇਸ ਧਰਤੀ ਉਪਰ ਹੀ ਹੋਣਾ ਸੀ ਤੇ ਤੁਸੀਂ ਸੋਚ ਸਕਦੇ ਹੋ ਕਿ ਅੱਜ ਸਾਡਾ ਕੀ ਹਾਲ ਹੋਣਾ ਸੀ। ਦੁਨੀਆਂ ਖਹਿ ਖਹਿ ਮਰ ਜਾਂਦੀ, ਰੋਟੀ ਦੇ ਟੁਕੜੇ ਟੁਕੜੇ ਪਿੱਛੇ ਮਨੁੱਖ ਮਨੁੱਖ ਦੇ ਟੁਕੜੇ ਕਰ ਮਾਰਦਾ, ਕੋਈ ਕਨੂੰਨ, ਕੌਈ ਰੂਲ ਇਸ ਧਰਤੀ ਤੇ ਨਾ ਹੁੰਦਾ ਅਤੇ ਇਹ ਧਰਤੀ ਯਕੀਨਨ ਮਨੁੱਖਾਂ ਦੀ ਨਹੀ ਪੱਸ਼ੂਆਂ ਦੀ ਹੀ ਹੁੰਦੀ।
ਗੁਰਬਾਣੀ ਮੈਨੂੰ ਬਾਰ-ਬਾਰ ਇਹੀ ਸਮਝਾਉਂਦੀ ਹੈ ਕਿ ਮੌਤ ਤੋਂ ਨਾ ਡਰ ਇਹ ਤਾਂ ਕੁਦਰਤ ਦੇ ਨਿਯਮਾਂ ਹੇਠ ਆਉਂਣੀ ਹੀ ਆਉਂਣੀ ਜੇ ਬੱਚਣਾ ਹੈ ਤਾਂ ਓਸ ਮੌਤ ਤੋਂ ਬੱਚ ਜੋ ਤੇਰੇ ਜਿਉਂਦਿਆਂ ਤੇਰੇ ਤੇ ਵਾਪਰਦੀ ਹੈ, ਤੇਰਾ ਆਪਾ ਮਾਰ ਦਿੰਦੀ ਹੈ, ਤੈਨੂੰ ਜ਼ਲੀਲ ਜਿੰਦਗੀ ਜਿਉਂਣ ਲਈ ਮਜਬੂਰ ਹੋਣਾ ਪੈਂਦਾ ਹੈ, ਲੁਕਾਈ ਦੀਆਂ ਲਾਹਨਤਾਂ ਨਿੱਤ ਤੇਰੇ ਉਪਰ ਪੈਂਦੀਆਂ ਹਨ, ਐਥੋਂ ਤੱਕ ਕਿ ਤੇਰੇ ਮਰੇ ਤੇ ਵੀ ਲੋਕ ਥੁੱਕਦੇ ਹਨ! ਤੇਰੀਆਂ ਕੱਬਰਾਂ ਤੱਕ ਨੂੰ ਲੋਕ ਠੁੱਡੇ ਮਾਰਦੇ ਹਨ। ਜੇ ਬੱਚਣਾ ਹੈ ਤਾਂ ਇਸ ਮੌਤ ਕੋਲੋਂ ਬੱਚ। ਜੇ ਕੋਈ ਕੁਸ਼ਤਾ ਖਾਣਾ ਹੈ ਤਾਂ ਇਸ ਜਿੰਦਗੀ ਨੂੰ ਬਚਾਉਂਣ ਦਾ ਖਾਹ। ਜੇ ਕੋਈ ਖੁਰਾਕ ਲੈਣੀ ਹੈ ਤਾਂ ਇਸ ਜਿੰਦਗੀ ਲਈ ਲੈ। ਇਹ ਮਰ ਗਈ ਤਾਂ ਦੇਹ ਨੂੰ ਕਿਸੇ ਕੀ ਕਰਨਾ। ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵੀਦਾਸ ਜੀ, ਗੁਰੁ ਸਹਿਬਾਨ ਅਤੇ ਹੋਰ ਗੁਰਸਿੱਖਾਂ ਨੂੰ ਕੀ ਅਸੀਂ ਦੇਹ ਕਰਕੇ ਯਾਦ ਕਰਦੇ ਹਾਂ? ਦੇਹਾਂ ਤਾਂ ਹੋਰ ਬਥੇਰੀਆਂ ਸਾਹ ਲੈ ਰਹੀਆਂ ਸਨ ਇਸ ਧਰਤੀ ਉਪਰ ਉਨ੍ਹਾ ਵੇਲੇ! ਵਧੀਆ, ਲਿੰਬੀਆਂ-ਪੋਚੀਆਂ ਦੇਹਾਂ, ਰਾਜਿਆਂ ਮਹਾਂਰਾਜਿਆਂ ਦੀਆਂ ਦੇਹਾਂ! ਦੇਹ ਦੇ ਹਿਸਾਬ ਕਿਥੇ ਭਗਤ ਨਾਮ ਦੇਵ ਕਬੀਰ ਜੀ ਵਰਗੇ ਤੇ ਕਿਥੇ ਓਸ ਵੇਲੇ ਦੇ ਰਾਜੇ ਮਹਾਰਾਜੇ! ਪਰ ਮਰਿਆ ਕੌਣ?
ਦਰਅਸਲ ਜਿਸ ਨੂੰ ਮੈ ਮੌਤ ਸਮਝਿਆ ਇਹ ਮੌਤ ਨਹੀ ਹੈ। ਤੁਸੀਂ ਅੱਖਾਂ ਮੀਟੀਆਂ ਤੇ ਗਏ। ਉਂਝ ਹੀ ਜਿਵੇਂ ਸਾਰੀਆਂ ਬੱਤੀਆਂ ਇੱਕ ਦਮ ਬੰਦ ਕਰ ਦਿੱਤੀਆਂ ਜਾਣ ਤੇ ਖਤਮ! ਤੁਹਾਨੂੰ ਕੁੱਝ ਪਤਾ ਨਹੀ ਹੋਵੇਗਾ ਤੁਸੀਂ ਕਿਥੇ ਹੋਵੋਂਗੇ। ਵੈਸੇ ਵੀ ਇਹ ਮੇਰੇ ਸੋਚਣ ਦਾ ਵਿਸ਼ਾ ਨਹੀ ਕਿ ਮੈ ਕਿਥੇ ਹੋਵਾਂਗਾ ਤੇ ਕਿਵੇਂ ਹੋਵਾਂਗਾ। ਮੇਰੇ ਮਹਿਸੂਸ ਕਰਨ ਵਾਲੇ ਸਾਰੇ ਇੰਦਰੇ ਅੱਗ ਨੇ ਫੂਕ ਦੇਣ ਹਨ, ਅੱਖਾਂ, ਸਿਰ, ਕੰਨ ਨੱਕ, ਕੰਨ ਹੱਥ ਸਭ। ਗੁਰਬਾਣੀ ਮੈਨੂੰ ਸਾਰੇ ਗੁਰ ਇਸ ਧਰਤੀ ਉਪਰ ਰਹਿਣ ਦੇ ਦੱਸਦੀ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਮੇਰੇ ਏਸ ਜੀਵਨ ਵਿੱਚ ਵਾਪਰਨ ਵਾਲੀਆਂ ਘਟਨਾਵਾ ਹਨ ਨਾ ਕਿ ਮਰਨ ਤੋਂ ਬਾਅਦ! ਜੇ ਗੁਰੂ ਮੈਨੂੰ ਕਾਮ ਤੋਂ ਬੱਚਣ ਲਈ ਕਹਿ ਰਹੇ ਹਨ ਤਾਂ ਏਸ ਜੀਵਨ ਵਿੱਚ ਤਾਂ ਕਿ ਮੈ ਜਿਉਂਦਾ ਹੋਇਆ ਨਾ ਮਰਾਂ। ਮੋਹ ਤੋਂ ਮੈਨੂੰ ਵਰਜਦੇ ਹਨ ਤਾਂ ਕਿ ਉਲਾਦ ਦੇ ਮੋਹ ਹੱਥੋਂ ਮੈ ਜ਼ਲੀਲ ਨਾ ਹੋਵਾਂ। ਲੋਭ ਤੋਂ ਸਾਵਧਾਨ ਕਰਦੇ ਹਨ ਅਤੇ ਲੋਭ ਨੂੰ ਹਰਕਾਏ ਕੁੱਤੇ ਨਾਲ ਤੁਲਨਾ ਦਿੰਦੇ ਸਮਝਾਉਂਦੇ ਹਨ ਕਿ ਬੱਅਚ! ਇਹ ਤੈਨੂੰ ਹਰਕਾਏ ਕੁੱਤੇ ਵਾਂਗ ਜ਼ਲੀਲ ਕਰ-ਕਰ ਮਾਰੇਗਾ। ਯਾਨੀ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸਾਰਾ ਗਿਆਨ ਮੇਰੀ ਇਥੋਂ ਦੀ ਜਿੰਦਗੀ ਤੋਂ ਸਾਵਧਾਨ ਕਰਕੇ ਮੈਨੂੰ ਮੌਤ ਤੋਂ ਬਚਾਉਂਦਾ ਹੈ। ‘ਨ ਉਹ ਮਰੇ ਨ ਠਾਗੇ ਜਾਹਿ’ ਦਾ ਕੀ ਮੱਤਲਬ ਹੋਇਆ? ਕਿ ਉਸਦੀ ਦੇਹ ਕਦੇ ਨਹੀ ਮਰੇਗੀ? ਨਹੀ! ਦੇਹ ਤਾਂ ਖੁਦ ਗੁਰੁ ਸਾਹਿਬਾਨਾ ਭਗਤਾਂ ਦੀ ਵੀ ਨਹੀ ਰਹੀ ਪਰ ਗੁਰੁ ਸਾਹਿਬ ਇਥੇ ਮੱਤ ਮੈਨੂੰ ਇਹ ਦੇ ਰਹੇ ਹਨ ਜਿੰਨਾ ਦੇ ਹਿਰਦੇ ਵਿੱਚ ਪ੍ਰਮਾਤਮਾ ਵਸ ਗਿਆ ਉਹ ਅੰਦਰੋਂ ਮਰਦੇ ਨਹੀ। ਨਾ ਉਨ੍ਹਾ ਨੂੰ ਕਾਮ ਮਾਰ ਸਕਦਾ, ਕ੍ਰੋਧ, ਹੰਕਾਰ ਕਿਸੇ ਤੋਂ ਉਹ ਮਰਦਾ ਨਹੀ। ਜਦ ਕਿ ਆਮ ਮਨੁੱਖ ਰੋਜ ਮਰਦਾ ਹੈ, ਪਲ ਪਲ ਮਰਦਾ ਹੈ, ਕਦੇ ਕਾਮ ਇਸ ਦੀਆਂ ਗੋਡੀਆਂ ਲਵਾ ਦਿੰਦਾ ਹੈ, ਕਦੇ ਕ੍ਰੋਧ ਨੇ ਇਸ ਨੂੰ ਮੂੰਹ ਪਰਨੇ ਡੇਗਿਆ ਹੁੰਦਾ ਹੈ, ਕਦੇ ਹੰਕਾਰ ਤੇ ਕਦੇ ਲੋਭ ਮੋਹ ਇਸ ਮਗਰ ਟੋਕਾ ਚੁੱਕੀ ਰੱਖਦੇ ਹਨ ਇਸ ਨੂੰ ਹਲਾਲ ਕਰਨ ਨੂੰ।
ਧਰਮ ਦੀ ਦੁਨੀਆਂ ਵਿੱਚ ਮਾਲਾ ਇਸ ਕਰਕੇ ਗੇੜੀ ਜਾ ਰਹੀ, ਪੁੰਨ ਕਰਮ ਇਸ ਕਰਕੇ ਕੀਤੇ ਜਾ ਰਹੇ ਕਿ ਮੈ ਮੌਤ ਤੋਂ ਬੱਚ ਸਕਾਂ ਜਾਂ ਮੌਤ ਤੋਂ ਬਾਅਦ ਵਾਲੇ ਜਮਾ ਦੀ ਮਾਰ ਤੋਂ ਬੱਚ ਸਕਾਂ। ਜਦ ਕਿ ਗੁਰੂ ਸਾਹਿਬ ਦਾ ਸਾਰਾ ਉਪਦੇਸ਼ ਮੈਨੂੰ ਹੁਣ ਵਾਲੀ ਜਿੰਦਗੀ ਨੂੰ ਘੇਰੀ ਫਿਰਦੇ ਜਮਾਂ ਤੋਂ ਬਚਾਉਂਣ ਦਾ ਹੈ, ਹੁਣ ਵਾਲੀ ਮੋਤ ਤੋਂ ਬਚਾਉਂਣ ਦਾ ਹੈ। ਬ੍ਰਹਮਾਣ ਦੇ ਤੰਦੂਏ ਜਾਲ ਵਿੱਚ ਫਸੀ ਮਨੁੱਖਤਾ ਲਈ ਇਹ ਉਲਟਾ ਗੇੜ ਹੈ ਕਿ ਹੁਣ ਮੈ ਜੋ ਮਰਜੀ ਕਰਾਂ ਪਰ ਕੁੱਝ ਪੁੰਨ ਕਰਮ ਕਰਕੇ ਅਗੇ ਜਾ ਕੇ ਬੱਚ ਜਾਵਾਂ! ਜਦ ਕਿ ਅਗੇ ਵਾਲੀ ਫਿਕਰ ਬ੍ਰਹਮਾਣ ਨੂੰ ਬਿੱਲਕੁਲ ਨਹੀ। ਨਾਂ ਸਾਡੇ ਧਾਰਮਿਕ ਲਾਣੇ ਨੂੰ, ਨਾ ਕਿਸੇ ਸਾਧ ਸੰਤ ਨੂੰ!
ਹਾਂ! ਇੱਕ ਮੌਤ ਹੈ ਜਿਹੜੀ ਜੀਂਦੇ ਜੀਅ ਗੁਰੂ ਮੈਨੂੰ ਮਰਨ ਨੂੰ ਕਹਿ ਰਹੇ ਹਨ ਉਹ ਮੇਰੀ ਹਉਂ ਦੀ ਮੌਤ। ਉਹ ਮੌਤ ਤਾਂ ਮੈ ਕਦੇ ਸਾਰਾ ਜੀਵਨ ਹੀ ਨਹੀ ਮਰ ਕੇ ਦੇਖਿਆ ਪਰ ਜਿਹੜੀ ਮੌਤ ਤੋਂ ਗੁਰੁ ਮੈਨੂੰ ਬਚਣ ਨੂੰ ਕਹਿ ਰਹੇ ਹਨ ਉਹ ਮੈ ਪਲ ਪਲ ਮਰਦਾ ਅਤੇ ਖੁਆਰ ਹੁੰਦਾ ਹਾਂ ਤੇ ਦੇਹ ਦੀ ਮੌਤ ਮੈਨੂੰ ਨਿਤ ਫਿਕਰਾਂ ਵਿੱਚ ਪਾਈ ਰੱਖਦੀ ਹੈ। ਭਗਤ ਕਬੀਰ ਜੀ ਨੇ ਮੌਤ ਅਤੇ ਜਿੰਦਗੀ ਦਾ ਬਾਖੂਬ ਨਕਸ਼ਾ ਇਸ ਤਰ੍ਹਾਂ ਖਿੱਚਿਆ ਹੈ,
ਗਉੜੀ ਕਬੀਰ ਜੀ॥
ਜਿਹ ਮਰਨੈ ਸਭੁ ਜਗਤੁ ਤਰਾਸਿਆ॥ ਸੋ ਮਰਨਾ ਗੁਰ ਸਬਦਿ ਪ੍ਰਗਾਸਿਆ॥ 1॥ ਅਬ ਕੈਸੇ ਮਰਉ, ਮਰਨਿ ਮਨੁ ਮਾਨਿਆ॥ ਮਰਿ ਮਰਿ ਜਾਤੇ, ਜਿਨ ਰਾਮੁ ਨ ਜਾਨਿਆ॥ 1॥ ਰਹਾਉ॥ ਮਰਨੋ ਮਰਨੁ ਕਹੈ ਸਭੁ ਕੋਈ॥ ਸਹਜੇ ਮਰੈ, ਅਮਰੁ ਹੋਇ ਸੋਈ॥ 2॥ ਕਹੁ ਕਬੀਰ ਮਨਿ ਭਇਆ ਅਨੰਦਾ॥ ਗਇਆ ਭਰਮੁ, ਰਹਿਆ ਪਰਮਾਨੰਦਾ॥ 3॥ 20॥ {ਪੰਨਾ 327}

ਅਰਥ : —ਜਿਸ ਮੌਤ ਨੇ ਸਾਰਾ ਸੰਸਾਰ ਡਰਾ ਦਿੱਤਾ ਹੋਇਆ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਨੂੰ ਸਮਝ ਆ ਗਈ ਹੈ ਕਿ ਉਹ ਮੌਤ ਅਸਲ ਵਿੱਚ ਕੀਹ ਚੀਜ਼ ਹੈ। 1.
ਹੁਣ ਮੈਂ ਜਨਮ ਮਰਨ ਵਿੱਚ ਕਿਉਂ ਪਵਾਂਗਾ ? (ਭਾਵ, ਨਹੀਂ ਪਵਾਂਗਾ) (ਕਿਉਂਕਿ) ਮੇਰਾ ਮਨ ਆਪਾ-ਭਾਵ ਦੀ ਮੌਤ ਵਿੱਚ ਪਤੀਜ ਗਿਆ ਹੈ। (ਕੇਵਲ) ਉਹ ਮਨੁੱਖ ਸਦਾ ਜੰਮਦੇ ਮਰਦੇ ਰਹਿੰਦੇ ਹਨ ਜਿਨ੍ਹਾਂ ਨੇ ਪ੍ਰਭੂ ਨੂੰ ਨਹੀਂ ਪਛਾਣਿਆ (ਪ੍ਰਭੂ ਨਾਲ ਸਾਂਝ ਨਹੀਂ ਪਾਈ)। 1. ਰਹਾਉ।
(ਦੁਨੀਆ ਵਿਚ) ਹਰੇਕ ਜੀਵ ‘ਮੌਤ, ਮੌਤ’ ਆਖ ਰਿਹਾ ਹੈ (ਭਾਵ, ਹਰੇਕ ਜੀਵ ਮੌਤ ਤੋਂ ਘਾਬਰ ਰਿਹਾ ਹੈ), (ਪਰ ਜੋ ਮਨੁੱਖ) ਅਡੋਲਤਾ ਵਿੱਚ (ਰਹਿ ਕੇ) ਦੁਨੀਆ ਦੀਆਂ ਖ਼ਾਹਸ਼ਾਂ ਤੋਂ ਬੇਪਰਵਾਹ ਹੋ ਜਾਂਦਾ ਹੈ ਉਹ ਅਮਰ ਹੋ ਜਾਂਦਾ ਹੈ (ਉਸ ਨੂੰ ਮੌਤ ਡਰਾ ਨਹੀਂ ਸਕਦੀ)। 2.
ਹੇ ਕਬੀਰ ! ਆਖ— (ਗੁਰੂ ਦੀ ਕਿਰਪਾ ਨਾਲ ਮੇਰੇ) ਮਨ ਵਿੱਚ ਅਨੰਦ ਪੈਦਾ ਹੋ ਗਿਆ ਹੈ, ਮੇਰਾ ਭੁਲੇਖਾ ਦੂਰ ਹੋ ਚੁਕਾ ਹੈ, ਤੇ ਪਰਮ ਸੁਖ (ਮੇਰੇ ਹਿਰਦੇ ਵਿਚ) ਟਿਕ ਗਿਆ ਹੈ। 3. 20.
ਗੁਰਦੇਵ ਸਿੰਘ ਸੱਧੇਵਾਲੀਆ




.