.

ਮਨੁੱਖ ਦੀ ਜੀਵਨ ਯਾਤ੍ਰਾ

ਜੀਵਨ ਸਫ਼ਰ ਹੈ; ਅਤੇ ਮਨੁੱਖ ਇੱਕ ਮੁਸਾਫ਼ਿਰ। ਜਨਮ ਤੋਂ ਲੈ ਕੇ ਮਰਨ ਤਕ ਮਨੁੱਖ ਤਿੰਨ ਮੰਜ਼ਿਲਾਂ - ਬਾਲਪਣ, ਜਵਾਨੀ, ਅਤੇ ਬੁਢੇਪਾ - ਤੈਅ ਕਰਦਾ ਹੈ। ਮਰਨ ਉਪਰੰਤ ਚੌਥੀ ਤੇ ਆਖ਼ਰੀ ਮੰਜ਼ਿਲ ਹੈ ਜਿਸ ਤੋਂ ਮਨੁੱਖ ਅਗਿਆਤ ਅਤੇ ਅਣਜਾਣ ਰਹਿੰਦਾ ਹੈ।

ਮਨੁੱਖ ਦੀ ਹੋਂਦ ਦੇ ਚਾਰ ਮੁੱਖ ਅੰਗ ਹਨ: ਦੇਹ, ਬੁੱਧੀ, ਮਨ, ਅਤੇ ਆਤਮਾ। (ਕਈ ਫ਼ਿਲਾਸਫ਼ਰਾਂ ਨੇਂ ਮਨ ਤੇ ਆਤਮਾ ਨੂੰ ਇੱਕ ਹੀ ਦੱਸਿਆ ਹੈ)। ਪ੍ਰਾਣ ਪ੍ਰਾਪਤ ਕਰਣ ਤੋਂ ਲੈ ਕੇ ਪ੍ਰਾਣ ਤਿਆਗਣ ਤਕ ਮਨੁੱਖ ਦੀ ਦੇਹ ਅਤੇ ਬੁੱਧੀ ਵਿਕਾਸ ਕਰਦੇ ਰਹਿੰਦੇ ਹਨ। (ਦੇਹ ਦਾ ਅਰਥ ਵਿਕਾਸ ਕਰਨਾਂ ਹੀ ਹੈ)। ਇਸ ਵਿਕਾਸ ਦਾ ਆਧਾਰ ਪ੍ਰਾਕ੍ਰਿਤੀ ਦੇ ਪੰਜ ਤੱਤ (ਮਿੱਟੀ, ਹਵਾ, ਅੱਗ, ਪਾਣੀ, ਤੇ ਆਕਾਸ਼), ਪਦਾਰਥਕ ਜਗਤ ਦੇ ਬਹੁਰੰਗੇ ਪਦਾਰਥ, ਅਤੇ ਇਹਨਾ ਪ੍ਰਤਿ ਖਿੱਚ ਹੈ। ਮਨੁੱਖ ਆਪਣੇ ਪਰਵਾਰ ਅਤੇ ਆਲੇ ਦੁਆਲੇ ਦੇ ਪ੍ਰਭਾਵਾਧੀਨ, ਆਪਣੀ ਰੁਚੀ ਅਨੁਸਾਰ ਇਸ ਜਗਤ ਵਿੱਚ ਆਪਣਾ ਜੀਵਨ-ਲਕਸ਼ ਨਿਰਧਾਰਤ ਕਰਦਾ ਹੈ। ਅਤੇ ਫੇਰ ਸਾਰੀ ਉਮਰ ਇਸ ਲਕਸ਼ ਦੀ ਪੂਰਤੀ ਲਈ ਸੰਘਰਸ਼ ਕਰਦਾ ਰਹਿੰਦਾ ਹੈ। ਉਹ ਮਿਥੇ ਨਿਸ਼ਾਨੇਂ ਦੇ ਜਿਤਨਾਂ ਨੇੜੇ ਹੁੰਦਾ ਹੈ, ਉਤਨਾਂ ਹੀ ਉਸ ਨੂੰ ਸਫ਼ਲ ਸਮਝਿਆ ਜਾਂਦਾ ਹੈ। ਇਸ ਸਫ਼ਲਤਾ ਸਦਕਾ ਮਨੁੱਖ ਨੂੰ ਦੁਨਿਆਵੀ ਖ਼ੁਸ਼ੀਆਂ ਅਤੇ ਸੰਸਾਰਕ ਸੋਭਾ ਵੀ ਮਿਲਦੀ ਹੈ। ਜ਼ਿੰਦਗੀ ਦੀ ਭਗਦੌੜ ਵਿੱਚ ਬਹੁਤੇ ਲੋਕ ਅਸਫ਼ਲ ਰਹਿੰਦੇ ਹਨ। ਸੰਸਾਰਕ ਸਫ਼ਲਤਾ ਵਿੱਚ ਅੰਨ੍ਹਾਂ ਹੋਇਆ ਅਤੇ ਅਸਫ਼ਲਤਾ ਕਾਰਣ ਨਿਰਾਸ਼ ਮਨੁੱਖ ਆਪਣੀ ਹੋਂਦ ਦੇ ਸਭ ਤੋਂ ਮਹੱਤਵਪੂਰਨ ਅੰਗ - ਆਤਮਾ - ਵੱਲੋਂ ਅਵੇਸਲਾ ਰਹਿੰਦਾ ਹੈ। ਫ਼ਲਸ੍ਵਰੂਪ, ਸਫ਼ਰ ਦੀ ਚੌਥੀ ਅਗਿਆਤ ਅਵਸਥਾ ਮਨੁੱਖ ਦੀ ਆਤਮਾ ਲਈ ਦੁੱਖਦਾਇਕ ਬਣ ਜਾਂਦੀ ਹੈ। ਗੁਰਮਤਿ ਮਨੁੱਖ ਨੂੰ ਇਸ ਅਵੇਸਲੇਪਣ ਤੋਂ ਜਗਾ ਕੇ ਆਤਮ-ਵਿਕਾਸ ਦੇ ਰਾਹ ਚੱਲਣ ਲਈ ਪ੍ਰੇਰਦੀ ਹੈ।

ਗੁਰਮਤਿ ਅਨੁਸਾਰ, ਮਨੁੱਖ ਦਾ ਆਪਣੀ ਆਤਮਾ ਦੀ ਪੁਨਰ-ਸਜੀਵਤਾ ਲਈ ਨਿਰੰਤਰ ਯਤਨ ਹੀ ਅਸਲੀ ਅਤੇ ਸਾਰਥਕ ਜੀਵਨ-ਯਾਤ੍ਰਾ ਹੈ।

ਜਗਤ ਦੇ ਅਦੁੱਤੀ ਦਾਰਸ਼ਨਿਕ ਨਾਨਕ ਦੇਵ ਜੀ ਨੇਂ ਆਪਣੀ ਸ਼੍ਰੋਮਣੀ ਬਾਣੀ ਜਪੁ’ ਦੀਆਂ ਚਾਰ ਪਉੜੀਆਂ (ਨੰ: ੩੪ ਤੋਂ ੩੭) ਵਿੱਚ ਆਤਮਾ ਦੀ ਇਸ ਯਾਤ੍ਰਾ ਨੂੰ ਹੇਠ ਲਿਖੇ ਪੰਜ ਖੰਡਾਂ ਵਿੱਚ ਵੰਡਿਆ ਹੈ:

(1) ਧਰਮ ਖੰਡ, (2) ਗਿਆਨ ਖੰਡ, (3) ਸਰਮ ਖੰਡ (4) ਕਰਮ ਖੰਡ, ਅਤੇ, (5) ਸਚ ਖੰਡ।

ਧਰਮ ਖੰਡ:- ਧਰਮ ਦਾ ਅਰਥ ਹੈ ਕਰਤੱਵ, ਫ਼ਰਜ਼, ਡਿਯੁਟੀ (duty)। ਇਹ ਖੰਡ ਪਹਿਲੀ ਆਤਮਿਕ ਅਵਸਥਾ ਹੈ ਜਿਸ ਵਿੱਚ ਬੰਦਾ ਪ੍ਰਭੂ ਦੀ ਕ੍ਰਿਪਾ-ਦ੍ਰਿਸ਼ਟੀ ਸਦਕਾ ਮਾਇਆ-ਜਾਲ ਦੇ ਜਮਘੱਟੇ ਤੋਂ ਬਾਹਰ ਝਾਕ ਕੇ ਆਪਣੇ ਜੀਵਨ ਦੇ ਅਸਲੀ ਧਰਮ/ਫ਼ਰਜ਼ ਨੂੰ ਪਹਿਚਾਣਦਾ ਹੈ। ਉਸ ਨੂੰ ਇਹ ਸੂਝ ਆਉਂਦੀ ਹੈ ਕਿ ਮਨੁੱਖ ਦਾ ਇਸ ਧਰਤੀ ਤੇ ਆਉਣ ਦਾ ਮਕਸਦ ਪਸ਼ੂਆਂ ਵਾਂਗ ਖਾਣਾ, ਤਨ ਹੰਢਾਣਾਂ ਤੇ ਝੂਠੀ ਮਾਇਆ ਇਕੱਠੀ ਕਰਨਾਂ ਨਹੀਂ; ਸਗੋਂ, ਮਨ/ਆਤਮਾ ਦੀ ਸਚਿਆਰਤਾ ਕਮਾ ਕੇ ਆਪਣੇ ਅਸਲੇ ਸੱਚ-ਰੂਪ ਪਰਮਾਤਮਾ ਨਾਲ ਸਦੀਵੀ ਸਾਂਝ ਪਾਉਣੀ ਹੈ। ਫ਼ਰਮਾਨ ਹੈ:

“ਰਾਤੀ ਰੁਤੀ ਥਿਤੀ ਵਾਰ॥ ਪਵਣ ਪਾਣੀ ਅਗਨੀ ਪਾਤਾਲ॥

ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮਸਾਲ॥

ਤਿਸੁ ਵਿਚਿ, ਜੀਅ ਜੁਗਤਿ, ਕੇ ਰੰਗ॥ ਤਿਨ ਕੇ ਨਾਮ ਅਨੇਕ ਅਨੰਤ॥

ਕਰਮੀ ਕਰਮੀ ਹੋਇ ਵਿਚਾਰੁ॥ ਸਚਾ ਆਪਿ ਸਚਾ ਦਰਬਾਰੁ॥

ਤਿਥੈ ਸੋਹਨਿ ਪੰਚ ਪਰਵਾਣੁ॥ ਨਦਰੀ ਕਰਮਿ ਪਵੈ ਨੀਸਾਣੁ॥

ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ॥ ੩੪॥” ਜਪੁ

ਭਾਵ: ਕਰਤਾਪੁਰਖ ਨੇ ਵਿਸ਼ਵ ਦੇ ਆਧਾਰ ਪੰਜ ਤੱਤਾਂ - ਮਿੱਟੀ, ਹਵਾ, ਅੱਗ, ਪਾਣੀ, ਤੇ ਆਕਾਸ਼ - ਨੂੰ, – ਰਾਤਾਂ, ਰੁੱਤਾਂ, ਦਿਨ ਦਿਹਾੜਿਆਂ ਆਦਿ ਸਮੇਤ, ਹੋਂਦ ਵਿੱਚ ਲਿਆਂਦਾ ਹੈ। ਅਸੀਮ ਸ੍ਰਿਸ਼ਟੀ ਵਿੱਚ, ਜੀਵਾਂ ਦੇ ਵਿਚਰਣ ਅਤੇ ਧਰਮ ਕਮਾਉਣ ਲਈ, ਧਰਤੀ ਦੀ ਸਿਰਜਨਾਂ ਕੀਤੀ ਹੈ। ਧਰਤੀ ਤੇ ਅਨੇਕ ਰੰਗਾਂ ਢੰਗਾਂ ਦੇ ਅਣਗਿਣਤ ਜੀਵ ਹਨ ਜਿਨ੍ਹਾਂ ਦੇ ਰਹਿਣ ਸਹਨ ਦੇ ਢੰਗ (ਰਹਿਤਾਂ) ਵੀ, ਕੁਦਰਤਨ, ਅਨੇਕ ਹਨ। ਸੱਚ-ਰੂਪ ਪਰਮਾਤਮਾ ਅਤੇ ਉਸ ਦੀ ਸੱਚੀ ਕਚਹਿਰੀ ਵਿੱਚ ਮਨੁੱਖ ਦੀ ਕਰਣੀ ਤੇ ਨਿਰਪੱਖ ਵਿਚਾਰ ਕੀਤੀ ਜਾਂਦੀ ਹੈ। ਬਖ਼ਸ਼ਣਹਾਰ ਪ੍ਰਭੂ ਜਿਨ੍ਹਾਂ ਚੰਗੀ ਕਰਣੀ ਵਾਲਿਆਂ ਤੇ ਬਖ਼ਸ਼ਿਸ਼ ਕਰਦਾ ਹੈ, ਉਹ ਓਸ ਦੇ ਘਰਿ ਪ੍ਰਵਾਣ ਹੁੰਦੇ ਹਨ। ਮਨੁੱਖ ਲਈ ਸੰਸਾਰਕ ਮਾਨ/ਅਪਮਾਨ ਝੂਠਾ ਅਤੇ ਨਿਰਾਰਥਕ ਹੈ। ਖੋਟੇ ਖਰੇ ਦੀ ਅਸਲੀ ਪਰਖ ਓਸ ਦੇ ਦਰਬਾਰ ਵਿੱਚ ਜਾ ਕੇ ਹੀ ਹੁੰਦੀ ਹੈ।

“ਧਰਮ ਖੰਡ ਕਾ ਏਹੋ ਧਰਮੁ}

ਗਿਆਨ ਖੰਡ ਕਾ ਆਖਹੁ ਕਰਮੁ॥”

ਭਾਵ: ਆਤਮ-ਯਾਤਰਾ ਦੇ ਧਰਮ ਖੰਡ ਦੀ ਅਵਸਥਾ ਵਿੱਚ ਮਨੁੱਖ ਨੇ ਮਾਨਵ-ਜੀਵਨ ਦੇ ਅਧਿਆਤਮਿਕ ਮਨੋਰਥ ਲਈ ਸੁਚੇਤ ਹੋਣਾ ਹੈ। ਹੁਣ ਦੂਸਰੀ ਅਵਸਥਾ ਗਿਆਨ ਖੰਡ ਵਿੱਚ ਮਨੁੱਖ ਦੇ ਕਰਤੱਵ ਬਾਰੇ ਆਖਿਆ ਜਾਵੇ।

ਗਿਅਨ ਖੰਡ:- ਯਾਤਰਾ ਦਾ ਇਹ ਖੰਡ ਅਤਮ-ਪ੍ਰਗਾਸ ਦੀ ਅਵਸਥਾ ਹੈ। ਧਰਮ/ਫ਼ਰਜ਼ ਦੀ ਪਹਿਚਾਣ ਉਪਰੰਤ ਮਨੁੱਖ ਵਿੱਚ ਅਧਿਆਤਮਿਕ ਰਾਹ ਤੇ ਹੋਰ ਅੱਗੇ ਵਧਣ ਦੀ ਖਿੱਚ ਪੈਦਾ ਹੁੰਦੀ ਹੈ। ਹਿਰਦੇ ਵਿੱਚ ਕਾਦਰ ਅਤੇ ਉਸ ਦੀ ਵਿਸ਼ਾਲ ਕੁਦਰਤ ਦੇ ਚਮਤਕਾਰੀ ਨਿਯਮਾ ਨੂੰ ਜਾਣਨ ਲਈ ਮਿੱਠੀ ਤੜਪ ਪੈਦਾ ਹੁੰਦੀ ਹੈ। ਉਹ ਸੁਆਰਥ ਅਤੇ ਅਗਿਆਨਤਾ ਦੇ ਅੰਨ੍ਹੇ ਖੂਹ ਵਿੱਚੋਂ ਨਿਕਲ ਕੇ ਪਰਮਾਰਥ ਅਤੇ ਆਤਮ-ਗਿਆਨ ਦੇ ਵਿਸ਼ਾਲ ਸਾਗਰ ਵਿੱਚ ਵਿਚਰਣਾ ਲੋਚਦਾ ਹੈ। ਉਹ ਸੁਆਰਥੀ/ਸ੍ਵੈ-ਕੇਂਦ੍ਰਿਤ ਨਹੀਂ ਰਹਿੰਦਾ। ਬਿਬੇਕ ਬੁੱਧਿ ਸਦਕਾ ਉਸ ਨੂੰ ਗਿਆਨ-ਰੂਪ ਹਰਿ ਅਤੇ ਉਸ ਦਾ ਰਚਿਆ ਅਸੀਮ ਪਸਾਰਾ ਨਜ਼ਰੀਂ ਆਉਣ ਲੱਗ ਜਾਂਦਾ ਹੈ। ਹਿਰਦੇ ਵਿੱਚ ਇਹ ਸੱਚ ਰੌਸ਼ਣ ਹੁੰਦਾ ਹੈ ਕਿ ਘਾੜੇ ਕਰਤਾਰ ਦੀ ਤਰ੍ਹਾਂ ਉਸ ਦੀ ਘੜੀ ਕੁਦਰਤ ਵੀ ਬੇਅੰਤ ਹੈ। ਦ੍ਰਿਸ਼ਟਮਾਨ ਹੋਂਦਾਂ ਤੋਂ ਬਿਨਾਂ ਅਜਿਹੀਆਂ ਹੋਰ ਹੋਂਦਾਂ ਵੀ ਹਨ ਜੋ ਆਤਮ-ਗਿਆਨ ਦੀ ਦ੍ਰਿਸ਼ਟੀ ਨਾਲ ਹੀ ਦੇਖੀਆਂ ਜਾ ਸਕਦੀਆਂ ਹਨ। ਗੁਰ-ਵਿਚਾਰ ਹੈ:

“ਕੇਤੇ ਪਵਣ ਪਾਣੀ ਵੈਸੰਤਰ, ਕੇਤੇ ਕਾਨ ਮਹੇਸ॥

ਕੇਤੇ ਬਰਮੇ ਘਾੜਤਿ ਘੜੀਅਹਿ, ਰੂਪ ਰੰਗ ਕੇ ਵੇਸ॥

ਕੇਤੀਆ ਕਰਮ ਭੂਮੀ, ਮੇਰ ਕੇਤੇ, ਕੇਤੇ ਧੂ ਉਪਦੇਸ॥

ਕੇਤੇ ਇੰਦ ਚੰਦ, ਸੂਰ ਕੇਤੇ, ਕੇਤੇ ਮੰਡਲ ਦੇਸ॥

ਕੇਤੇ ਸਿਧ ਬੁਧ, ਨਾਥ ਕੇਤੇ, ਕੇਤੇ ਦੇਵੀ ਵੇਸ॥

ਕੇਤੇ ਦੇਵ ਦਾਨਵ, ਮੁਨਿ ਕੇਤੇ, ਕੇਤੇ ਰਤਨ ਸਮੁੰਦ॥

ਕੇਤੀਆ ਖਾਣੀ, ਕੇਤੀਆ ਬਾਣੀ, ਕੇਤੇ ਪਾਤ ਨਰਿੰਦ॥

ਕੇਤੀਆ ਸੁਰਤੀ, ਸੇਵਕ ਕੇਤੇ, ਨਾਨਕ, ਅੰਤੁ ਨ ਅੰਤੁ॥ ੩੫॥” ਜਪੁ

ਭਾਵ: (ਗਿਆਨ/ਕਰਮ ਇੰਦ੍ਰੀਆਂ ਦੁਆਰਾ ਦੇਖੇ/ਜਾਣੇ/ਅਨੁਭਵ ਕੀਤੇ ਜਾਣ ਵਾਲੇ ਦ੍ਰਿਸ਼ਟਮਾਨ ਸੰਸਾਰ ਤੋਂ ਬਿਨਾਂ ਸ੍ਰਿਸ਼ਟੀ ਵਿੱਚ) ਹਵਾ, ਪਾਣੀ, ਅੱਗ ਵਰਗੇ ਅਨੇਕ ਤੱਤ੍ਵ ਮੌਜੂਦ ਹਨ। ਕਈ ਤਰ੍ਹਾਂ ਦੇ ਕਾਲਪਣਿਕ ਕ੍ਹਾਨ ਕਨ੍ਹਅੀਏ (ਅਵਤਾਰ), ਅਤੇ ਕਈ ਰੰਗਾਂ ਢੰਗਾਂ ਸੂਰਤਾਂ ਵਾਲੇ ਸ਼ਿਵ ਤੇ ਬ੍ਰਹਮਾ ਵਰਗੇ ਮਿਥਿਹਾਸਕ ਦੇਵਤੇ ਬਣਾਏ/ਢਾਹੇ ਜਾਂਦੇ ਹਨ। ਅਨੇਕ ਹਨ ਧਰਤੀਆਂ (ਧਰਮ-ਸ਼ਾਲਾਵਾਂ) ਜਿਨ੍ਹਾਂ ਉੱਤੇ ਕਿੰਨੇ ਹੀ (ਮੇਰ ਪਰਬਤ) ਵਰਗੇ ਪਹਾੜ, ਕਿਤਨੇ ਹੀ ਇੰਦ੍ਰ ਜਿਹੇ ਦੇਵਤੇ, ਅਤੇ ਧ੍ਰੂ ਵਰਗੇ ਭਗਤ ਅਤੇ ਉਹਨਾਂ ਦੇ ਧਰਮ-ਉਪਦੇਸ਼ ਹਨ। ਅਨੇਕ ਸੂਰਜ-ਮੰਡਲ (solar systems) ਹਨ। ਕਿਤਨੇ ਹੀ ਹਨ ਸਿਧ, ਬੁੱਧ, ਨਾਥ ਅਤੇ ਉਹਨਾਂ ਦੇ ਚਲਾਏ ਪੰਥ! ਅਤੇ, ਅਨੇਕ ਹਨ ਕਈ ਪਹਿਨਾਵਿਆਂ ਵਾਲੀਆਂ ਦੇਵੀਆਂ! (ਕਾਦਰ ਦੀ ਵਿਸ਼ਾਲ ਕੁਦਰਤ ਵਿੱਚ) ਉਤਪਤੀ ਦੀਆਂ (ਚਾਰ ਪ੍ਰਮਾਣਿਤ: ਅੰਡਜ, ਜੇਰਜ, ਸੇਤਜ, ਤੇ ਉਤਭੁਜ ਤੋਂ ਬਿਨਾਂ) ਅਨੇਕ ਖ਼ਾਂਨਾਂ ਹਨ। ਅਤੇ ਜੀਵਾਂ ਦੀਆਂ (ਚਾਰ ਨਹੀਂ) ਅਣਗਿਣਤ ਬੋਲੀਆਂ ਹਨ। ਕਈ (ਨਾਸ਼ਵਾਨ/ਆਏ ਗਏ) ਰਾਜੇ/ਮਹਾਂਰਾਜੇ ਹਨ। ਭਾਂਤ ਭਾਂਤ ਦੀਆਂ ਲਿਵਾਂ ਜੋੜਣ ਵਾਲੇ ਸ਼੍ਰੱਧਾਲੂ ਹਨ। ਨਾਨਕ ਬਿਨਤੀ ਕਰਦਾ ਹੈ ਕਿ ਅਨੰਤ ਕਰਤਾਰ ਦਾ ਅੰਤ ਨਹੀਂ ਕਲਪਿਆ/ਜਾਣਿਆਂ ਜਾ ਸਕਦਾ! !

“ਗਿਆਨ ਖੰਡ ਮਹਿ ਗਿਆਨੁ ਪਰਚੰਡੁ॥

ਤਿਥੈ, ਨਾਦ ਬਿਨੋਦ ਕੋਡ ਅਨੰਦੁ॥”

ਭਾਵ: ਗਿਆਨ ਦੀ ਅਵਸਥਾ ਵਿੱਚ ਆਤਮ-ਗਿਆਨ ਪ੍ਰਬਲ ਹੁੰਦਾ ਹੈ। ਇਸ ਗਿਆਨ ਸਦਕਾ ਮਨੁੱਖ ਨੂੰ ਦੈਵੀ, ਅਨਹੱਤ ਨਾਦਾਂ/ਰਾਗਾਂ, ਕੁਦਰਤ ਦੇ ਅਸਚਰਜ ਰੰਗ ਤਾਮਾਸ਼ਿਆਂ, ਅਤੇ ਚਮਤਕਾਰਾਂ ਦਾ ਆਨੰਦ ਆਉਣ ਲੱਗ ਜਾਂਦਾ ਹੈ।

ਸਰਮ ਖੰਡ: ਸਰਮ (ਸ਼੍ਰਮ) ਦਾ ਅਰਥ ਹੈ: ਮੁਸ਼ੱਕਤ, ਉਦੱਮ, ਘਾਲਣਾ ਆਦਿ। ਇਹ ਖੰਡ ਤਨ, ਮਨ, ਅਤੇ ਆਤਮਾ ਨਾਲ ਕੀਤੀ ਪੁਰਸ਼ਾਰਥੀ, ਪਰਮਾਰਥਕ ਅਤੇ ਨਿਸ਼ਕਾਮ ਘਾਲਣਾ ਲਈ ਨਿਰਧਾਰਿਤ ਕੀਤਾ ਵੇਲਾ ਹੈ। ਫ਼ਰਜ਼ ਦੀ ਪਛਾਣ (ਧਰਮ ਖੰਡ), ਅਤੇ ਆਤਮ-ਗਿਆਨ (ਗਿਆਨ ਖੰਡ) ਦੇ ਆਤਮਿਕ ਗੁਣਾਂ ਨੂੰ ਅਮਲੀ ਰੂਪ ਦੇਣ ਦੀ ਅਵਸਥਾ ਹੈ। ਇਸ ਮੰਤਵ ਦੀ ਪੂਰਤੀ ਲਈ ਆਤਮ-ਮਾਰਗ ਦੇ ਯਾਤ੍ਰੀ ਨੇਂ ਸਿਰੜਤਾ ਨਾਲ ਸਖ਼ਤ ਤੇ ਅਣਥੱਕ ਮਿਹਨਤ ਕਰਨੀਂ ਹੈ। ਇਸ ਹਾਰਦਿਕ ਅਤੇ ਰੂਹਾਨੀ ਮਿਹਨਤ ਦਾ ਮਿਹਨਤਾਨਾ, ਇਲਾਹੀ ਕਰਮ ਸਦਕਾ ਮਨੁੱਖ ਦੀ ਸੂਖਸ਼ਮ ਸ਼ਖ਼ਸੀਅਤ ਨੂੰ ਮਿਲੀ ਰੱਬੀ ਰੌਣਕ ਹੈ। ਜਗਤ-ਗੁਰੂ ਨਾਨਕ ਦੇਵ ਜੀ ਵਿਚਾਰ ਕਰਦੇ ਹਨ:

“ਸਰਮ ਖੰਡ ਕੀ ਬਾਣੀ ਰੂਪੁ॥

ਤਿਥੈ ਘਾੜਤਿ ਘੜੀਐ, ਬਹੁਤੁ ਅਨੂਪੁ॥

ਤਾ ਕੀਆ ਗਲਾ, ਕਥੀਆ ਨ ਜਾਹਿ॥

ਜੇ ਕੋ ਕਹੈ, ਪਿਛੈ ਪਛੁਤਾਇ॥

ਤਿਥੈ ਘੜੀਐ, ਸੁਰਤਿ ਮਤਿ ਮਨਿ ਬੁਧਿ॥

ਤਿਥੈ ਘੜੀਐ, ਸੁਰਾ ਸਿਧਾ ਕੀ ਸੁੱਿਧ॥ ੩੬॥” ਜਪੁ

ਭਾਵ: ਉੱਦਮ (ਸਰਮ) ਦੀ ਮੰਜ਼ਿਲ ਵਿੱਚ ਉੱਦਮੀ ਮਨੁੱਖ ਦਾ ਅੰਤਹਕਰਣ ਸੁੰਦਰਤਮ ਹੋ ਜਾਂਦਾ ਹੈ। (ਸ਼੍ਰਮ ਸਦਕਾ) ਮਨੁੱਖ ਦਾ ਸੂਖ਼ਸ਼ਮ ਆਪਾ ਇਤਨਾ ਖ਼ੂਬਸੂਰਤ ਤਰਾਸ਼ਿਆ ਜਾਂਦਾ ਹੈ ਕਿ ਉਸ ਦੀ ਕਿਸੇ ਹੋਰ ਸੁੰਦਰਤਾ ਨਾਲ ਤੁੱਲਣਾ ਨਹੀਂ ਕੀਤੀ ਜਾ ਸਕਦੀ। ਇਹ ਅਨੂਪਮ ਸੁੰਦਰਤਾ ਬਿਆਨ ਨਹੀਂ ਕੀਤੀ ਜਾ ਸਕਦੀ; ਪਰ ਜੋ ਕੋਈ ਇਉਂ ਕਰਨ ਦਾ ਯਤਨ ਕਰਦਾ ਹੈ, ਤਾਂ ਉਹ ਪਿੱਛੋਂ ਪਛੁਤਉਂਦਾ ਹੈ। (ਕਿਉਂਕਿ ਉਸ ਦਾ ਯਤਨ ਅਧੂਰਾ ਹੁੰਦਾ ਹੈ)। (ਸਰਮ ਖੰਡ ਵਾਲੀ ਅਵਸਥਾ ਵਿੱਚ) ਅੰਤਹਕਰਣ ਦੇ ਮਹਾਰਤ ਨਾਲ ਤਰਾਸ਼ੇ ਜਾਣ ਕਰਕੇ ਯਾਤ੍ਰੀ ਦੇ ਸੁਰਤਿ, ਮਤਿ, ਮਨਿ, ਅਤੇ ਬੁੱਧਿ ਦਾ ਪੂਰਣ ਵਿਕਾਸ ਹੋ ਜਾਂਦਾ ਹੈ; ਅਤੇ ਪੁੱਗੇ ਹੋਏ ਸਿਧਾਂ ਤੇ ਦੇਵਤਿਆਂ ਵਾਲੀ ਸੂਝ ਬੂਝ ਬਣਦੀ ਹੈ।

ਕਰਮ ਖੰਡ: ਕਰਮ ਅਰਬੀ ਬੋਲੀ ਦਾ ਲਫ਼ਜ਼ ਹੈ, ਜਿਸ ਦੇ ਅਰਥ ਹਨ: ਮਿਹਰ, ਬਖ਼ਸ਼ਿਸ਼, ਕ੍ਰਿਪਾ ਆਦਿ। ਸਫ਼ਰ ਦੀ ਇਹ ਮੰਜ਼ਿਲ ਸੱਚੀ ਸੁੱਚੀ ਕਰਣੀ ਦੇ ਫ਼ਲ ਦੀ ਪ੍ਰਾਪਤੀ ਦੀ ਹੈ। ਤਨ, ਮਨ, ਤੇ ਆਤਮਾ ਨਾਲ ਕੀਤੀ ਘਾਲਿ ਕਮਾਈ ਸਦਕਾ ਮਨੁੱਖ ਪਰਿਪੂਰਨ ਸਚਿਆਰਤਾ ਦੀ ਪਦਵੀ ਤਕ ਪਹੁੰਚ ਜਾਂਦਾ ਹੈ; ਜਿੱਥੇ ਪਹੁੰਚ ਕੇ ਉਸ ਦੀ ਸੰਜਮ-ਸ਼ਕਤੀ ਤੇ ਸੰਕਲਪ-ਬਲ ਇਤਨਾ ਪ੍ਰਬਲ ਹੁੰਦਾ ਹੈ ਕਿ ਉਹ ਅਕਾਲਪੁਰਖ ਦੀ ਕ੍ਰਿਪਾਦ੍ਰਿਸ਼ਟੀ ਦਾ ਹੱਕਦਾਰ ਬਣ ਜਾਂਦਾ ਹੈ। ਆਤਮ-ਮਾਰਗ ਦਾ ਯਾਤ੍ਰੀ, ਪਪੀਹੇ ਦੀ ਤਰ੍ਹਾਂ, ਪ੍ਰਭੂ ਦੀ ਕ੍ਰਿਪਾ-ਦ੍ਰਿਸ਼ਟੀ ਰੂਪੀ ਸ੍ਵਾਂਤ-ਬੂੰਦ ਦਾ ਨਿਮਾਣਾ ਜਿਹਾ ਜਾਚਿਕ ਬਣਕੇ ਬਖ਼ਸ਼ਿਸ਼-ਬੂੰਦ ਲਈ ਬਿਹਬਲ ਹੋ ਉਠੱਦਾ ਹੈ, ਸੱਚ ਖੰਡ ਵਿੱਚ ਦਾਖ਼ਲੇ ਦੀ ਭੀਖ ਮੰਗਦਾ ਹੈ। ਗੁਰੂ ਜੀ ਕਥਨ ਕਰਦੇ ਹਨ:

“ਕਰਮ ਖੰਡ ਕੀ ਬਾਣੀ ਜੋਰੁ॥

ਤਿਥੈ, ਹੋਰੁ ਨ ਕੋਈ ਹੋਰੁ॥

ਤਿਥੈ, ਜੋਧ ਮਹਾਬਲ ਸੂਰ॥

ਤਿਨ ਮਹਿ, ਰਾਮੁ ਰਹਿਆ ਭਰਪੂਰ॥

ਤਿਥੈ, ਸੀਤੋ ਸੀਤਾ, ਮਹਿਮਾ ਮਾਹਿ॥

ਤਾ ਕੇ ਰੂਪ, ਨ ਕਥਨੇ ਜਾਹਿ॥

ਨਾ ਓਹਿ ਮਰਹਿ, ਨ ਠਾਗੇ ਜਾਹਿ॥

ਜਿਨ ਕੈ, ਰਾਮੁ ਵਸੈ, ਮਨ ਮਾਹਿ॥

ਤਿਥੈ ਭਗਤ ਵਸਹਿ, ਕੇ ਲੋਅ॥

ਕਰਹਿ ਅਨੰਦੁ, ਸਚਾ ਮਨਿ ਸੋਇ॥” … ਜਪੁ

ਭਾਵ: ਮਿਹਰ ਦੀ ਮੰਜ਼ਿਲ ਵਿੱਚ ਮਨੁੱਖ ਦੀ ਆਤਮ ਸ਼ਕਤੀ ਦੀ ਬਨਤ ਬਣਦੀ ਹੈ। ਇਸ ਅਵਸਥਾ ਵਿੱਚ ਅਭਿਲਾਸ਼ੀ ਦੇ ਰੋਮ ਰੋਮ ਵਿੱਚ ਹਰਿ ਦੀ ਹੋਂਦ ਤੋਂ ਬਿਨਾਂ ਹੋਰ ਕੋਈ (ਮਾਇਆ ਅਤੇ ਇਸ ਕਾਰਣ ਉਪਜਦੇ ਵਿਕਾਰਾਂ ਦੇ ਪ੍ਰਭਾਵ ਆਦਿ) ਨਹੀਂ ਰਹਿ ਜਾਂਦਾ। ਆਤਮਿਕ-ਸ਼ਕਤੀ ਸਦਕਾ ਮਨੁੱਖ ਅੰਦਰ ਵਿਕਾਰਾਂ ਨਾਲ ਯੁੱਧ ਕਰਕੇ ਫ਼ਤਹਿ ਪਾਉਣ ਵਾਲੇ ਯੋਧਿਆਂ, ਬਲੀਆਂ, ਅਤੇ ਸੂਰਮਿਆਂ ਵਾਲੀ ਸ਼ਕਤੀ ਆ ਜਾਂਦੀ ਹੈ। ਪ੍ਰਭੂ ਦੀ ਉਦਾਰਤਾ ਵਾਲੀ ਇਸ ਮੰਜ਼ਿਲ ਵਿੱਚ ਮਨੁੱਖ ਦਾ ਮਨ ਅਕਾਲਪੁਰਖ ਦੀ ਸਿਫ਼ਤਸਾਲਾਹ ਨਾਲ ਵਿੰਨ੍ਹਿਆਂ ਜਾਂਦਾ ਹੈ। ਅਜਿਹੇ ਮਨੁੱਖਾਂ ਦਾ ਮਾਨਸਿਕ ਅਤੇ ਆਤਮਿਕ ਸਰੂਪ ਕਥਨ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਯਾਤ੍ਰੀਆਂ ਦੇ ਮਨ ਵਿੱਚ ਰਾਮ ਦਾ ਸਦੀਵੀ ਵਾਸਾ ਹੈ, ਉਹ ਇਸ ਜੀਵਨ ਵਿੱਚ ਆਤਮਿਕ ਮੌਤੇ ਨਹੀਂ ਮਰਦੇ, ਅਤੇ ਨਾਂ ਹੀ ਠਗਉਰੀ ਮਾਇਆ ਉਹਨਾਂ ਨੂੰ ਠੱਗ ਸਕਦੀ ਹੈ। ਇਸ ਅਵਸਥਾ ਵਿੱਚ ‘ਮੈ’ ਨੂੰ ਮਾਰ ਕੇ ਉਹ ਇਹ ਸਮਝ ਲੈਂਦਾ ਹੈ ਕਿ ਇਸ ਧਰਤੀ ਤੋਂ ਬਿਨਾਂ ਹੋਰ ਅਨੇਕ ਲੋਕਾਂ/ਭਵਨਾਂ ਦੇ ਭਗਤ ਜਨ ਹਨ ਜੋ ਹਿਰਦੇ ਵਿੱਚ ਕੇਵਲ ਇੱਕ ਅਕਾਲਪੁਰਖ ਦੀ ਹੀ ਯਾਦ ਰੱਖਣ ਕਾਰਣ ਸਦਾ ਚੜ੍ਹਦੀਆਂ ਕਲਾਂ ਵਿੱਚ ਵਿਚਰਦੇ ਹਨ।

ਸੱਚ ਖੰਡ: ਇਹ ਖੰਡ ਆਤਮਾ ਦੇ ਆਪਣੇ ਸ੍ਰੋਤ ਪਰਮਾਤਮਾ ਨਾਲ ਪੁਨਰ-ਮਿਲਨ ਦੀ ਸਰਵਉੱਚ ਪਦਵੀ ਹੈ। ਰੂਹਾਨੀ ਰਾਹ ਦਾ ਰਾਹੀ ਰੱਬ ਦਾ ਰੂਪ ਹੀ ਹੋ ਜਾਂਦਾ ਹੈ। ਦੁਰਲੱਭ ਮਾਨਸ ਜਨਮ ਸਫ਼ਲ ਹੋ ਜਾਂਦਾ ਹੈ। ਜਨਮ ਮਰਨ ਦੇ ਘਿਣਾਉਣੇ ਤੇ ਦੁੱਖਦਾਈ ਚੱਕਰ ਵਿੱਚੋਂ ਨਿਕਲ ਕੇ ਸਚਿਆਰ ਆਤਮਾ ਸੱਚ-ਰੂਪ ਪਰਮਾਤਮਾ ਵਿੱਚ ਵਿਲੀਨ ਹੋ ਜਾਂਦੀ ਹੈ। ਇਹੋ ਹੈ ਮਨੁੱਖ ਦੀ ਆਤਮ-ਜੀਵਨ-ਯਾਤ੍ਰਾ ਦਾ ਆਖ਼ਰੀ ਪੜਾਅ! ! ! ਗੁਰੂ ਜੀ ਵਖਿਆਣ ਕਰਦੇ ਹਨ:

“ਸਚਿ ਖੰਡਿ ਵਸੈ ਨਿਰੰਕਾਰੁ॥

ਕਰਿ ਕਰਿ ਵੇਖੈ, ਨਦਰਿ ਨਿਹਾਲ॥

ਤਿਥੈ, ਖੰਡ ਮੰਡਲ ਵਰਭੰਡ॥

ਜੇ ਕੋ ਕਥੈ, ਤ ਅੰਤ ਨ ਅੰਤ॥

ਤਿਥੈ, ਲੋਅ ਲੋਅ, ਆਕਾਰ॥

ਜਿਵ ਜਿਵ ਹੁਕਮੁ ਤਿਵੈ ਤਿਵ ਕਾਰ॥

ਵੇਖੈ ਵਿਗਸੈ, ਕਰਿ ਵੀਚਾਰੁ॥

ਨਾਨਕ, ਕਥਨਾ ਕਰੜਾ ਸਾਰੁ॥ ੩੭॥” ਜਪੁ

ਭਾਵ: ਇਸ ਪਦਵੀ ਤੇ ਅਪੜੇ ਜਗਿਆਸੂ ਦੇ ਮਨ-ਮੰਦਿਰ ਅੰਦਰ ਓਹ ਅਕਾਲਪੁਰਖ ਆ ਵੱਸਦਾ ਹੈ ਜੋ ਵਿਸ਼ਵ ਦੀ ਰਚਨਾਂ ਕਰਕੇ ਆਪਣੀ ਕ੍ਰਿਪਾ-ਦ੍ਰਿਸ਼ਟੀ ਨਾਲ ਉਸ ਦੀ ਸੰਭਾਲ ਕਰਦਾ ਹੈ। ਪ੍ਰਭੂ ਨਾਲ ਅਭੇਦਤਾ ਦੀ ਇਸ ਉਚੱਤਮ ਆਤਮਿਕ ਅਵਸਥਾ ਵਿੱਚ ਇਹ ਸੋਝੀ ਆ ਜਾਂਦੀ ਹੈ ਕਿ ਸ੍ਰਿਸ਼ਟੀ ਵਿੱਚ ਕਈ ਦੇਸ, ਸੂਰਜ-ਮੰਡਲ (solar systems) ਅਤੇ ਅਨੇਕ ਬ੍ਰਹਮਾਂਡ ਹਨ। ਇਹਨਾ ਦਾ ਬਿਆਨ ਅਕਥਨੀਯ ਹੈ। ਵਿਲੀਨਤਾ ਦੀ ਅਵਸਥਾ ਵਿੱਚ ਜਗਿਆਸੂ ਨੂੰ ਰੱਬੀ ਗਿਆਨ ਦੀ ਸੂਖ਼ਸ਼ਮ ਦ੍ਰਿਸ਼ਟੀ ਨਾਲ ਵਿਸ਼ਵ ਵਿੱਚ ਵਿਆਪਕ ਅਨੇਕ ਲੋਕ, ਭਵਨ, ਅਤੇ ਵਜੂਦ ਨਜ਼ਰ ਆਉਂਦੇ ਹਨ। ਇਹ ਸਾਰੇ ਰਚਣਹਾਰ ਹਰਿ ਦੇ ਹੁਕਮ-ਬੱਧ ਹਨ। ਪਾਲਣਹਾਰ ਪਰਮਾਤਮਾ ਸ੍ਰਿਸ਼ਟੀ ਅਤੇ ਇਸ ਦੀਆਂ ਸਾਰੀਆਂ ਹੋਂਦਾਂ ਦੀ ਵਿਚਾਰਪੂਰਵਕ, ਬੇਨੁਕਸ ਸੰਭਾਲ ਕਰਦਾ ਹੈ; ਅਤੇ, ਰਚਨਾਂ ਨੂੰ ਵੇਖਿ ਵਿਗਸਦਾ ਹੈ। (ਪ੍ਰਭੂ ਵਿੱਚ ਅਭੇਦਤਾ ਦੀ) ਇਸ ਅਵਸਥਾ ਨੂੰ ਅੰਤਰ ਆਤਮੇ ਮਹਿਸੂਸ ਹੀ ਕੀਤਾ ਜਾ ਸਕਦਾ ਹੈ; ਇਸ ਦਾ ਬਿਆਨ ਔਖਾ/ਅਸੰਭਵ ਹੈ।

ਗੁਰੂ ਨਾਨਕ ਦੇਵ ਜੀ ਦੁਆਰਾ ਸੁਝਾਈ ਉਪ੍ਰੋਕਤ ਆਤਮ-ਯਾਤ੍ਰਾ ਹੀ ਅਸਲੀ ਸਿੱਖੀ ਹੈ। ਇਸ ਸਿੱਖੀ ਦਾ ਦੁਨਿਆਵੀ ਦਿਖਾਵੇ ਦੇ ਧਰਮਾਂ, ਰਹਿਤਾਂ, ਮਰਯਾਦਾਵਾਂ, ਭੇਖਾਂ ਆਦਿ ਨਾਲ ਕੋਈ ਦੂਰ ਦਾ ਵੀ ਸੰਬੰਧ ਨਹੀਂ। ਸਿੱਖ/ਮਨੁੱਖ ਦਾ ਧਾਰਮਿਕ ਵਾਸਤਾ ਨਿਰੋਲ, ਨਿਰੋਲ, ਨਿਰੋਲ ਮਨ/ਅਤਮਾ ਦੀ ਸਾਧਨਾਂ ਨਾਲ ਹੈ! ! ! !

ਭੁੱਲ ਚੁਕ ਲਈ ਖਿਮਾ ਦਾ ਜਾਚਕ

ਦਾਸ,

ਗੁਰਇੰਦਰ ਸਿੰਘ ਪਾਲ

ਸਤੰਬਰ 11, 2009.

(ਨੋਟ:- ‘ਜਪੁ’ ਦੀ ੩੮ਵੀਂ ਪਉੜੀ ‘ਜਤੁ ਪਾਹਾਰਾ….’ ਤੇ ਵਿਚਾਰ ਅਗਲੇ ਲੇਖ ਵਿੱਚ ਕੀਤੀ ਜਾਵੇਗੀ।)




.