.

ਮਨੁ ਕੁੰਚਰੁ ਕਾਇਆ ਉਦਿਆਨੈ॥ ….

ਗੁਰਬਾਣੀ ਵਿੱਚ ਮਨ ਨੂੰ ਅਨੇਕਾਂ ਨਾਵਾਂ ਨਾਲ ਸੰਬੋਧਤ ਕੀਤਾ ਗਿਆ ਹੈ। ਜਿਵੇਂ, ਕਰਹਲਾ, ਜੋਤ ਸਰੂਪ, ਚੰਚਲ, ਖੁਟਹਰ, ਪੰਖੀ, ਬੈਲ, ਹਾਥੀ ਆਦਿ। ਮਨ ਦੀਆਂ ਬਿਰਤੀਆਂ ਮੁਤਾਬਕ ਗੁਰਬਾਣੀ ਵਿੱਚ ਇਸ ਪ੍ਰਤੀ ਉਹੋ ਜਿਹੇ ਲਫਜ਼ਾਂ ਦੀ ਵਰਤੋਂ ਕੀਤੀ ਗਈ ਤਾਂ ਕਿ ਮਨੁੱਖ ਨੂੰ ਮਨ ਦੀ ਦਸ਼ਾ ਅਤੇ ਇਸਦੇ ਸੁਭਾਵਾਂ ਬਾਰੇ ਜਾਗਰੂਕ ਕਰਕੇ ‘ਗਿਆਨ ਕਾ ਬਧਾ ਮਨ ਰਹੈ’ ਦੀ ਜੀਵਨ ਰਹਿਣੀ ਅਧੀਨ ਲਿਆਂਦਾ ਜਾ ਸਕੇ। ਸਤਿਗੁਰੂ ਜੀ ਕਹਿੰਦੇ ਹਨ ਜਿਵੇਂ ਇੱਕ ਜੰਗਲ ਵਿੱਚ ਹਾਥੀ ਜੋ ਆਪਣੀ ਤਾਕਤ ਅਤੇ ਕਾਮ ਦੇ ਨਸ਼ੇ ਵਿੱਚ ਮਸਤ ਹੋਇਆ ਇਧਰ ਉਧਰ ਘੁੰਮਦਾ ਹੈ ਇਵੇਂ ਹੀ ਮਨੁੱਖੀ ਸਰੀਰ ਨੂੰ ਜੰਗਲ ਸਮਾਨ ਜਾਣੋਂ ਅਤੇ ਮਨ ਨੂੰ ਹਾਥੀ ਵਤ ਸਮਝੋ ਜੋ ਵਿਕਾਰਾਂ ਦੇ ਬਿਖੈ ਰਸ ਵਿੱਚ ਅਤੇ ਹੰਕਾਰ ਵਿੱਚ ਖੀਵਾ ਹੋਇਆ ਦਸੀਂ ਪਾਸੀਂ ਭਾਉਂਦਾ ਹੈ।

ਮਨੁ ਕੁੰਚਰੁ ਕਾਇਆ ਉਦਿਆਨੈ॥ ਮ: 1 ਪੰਨਾ 221

ਕਾਇਆਂ ਬਨ ਜੰਗਲ ਵਿੱਚ ਮਨ ਹੰਕਾਰ ਬਿਰਤੀ ਹਾਥੀ ਸਮਾਨ ਨਾਲ ਵੱਸਦਾ ਹੈ ਪਰ ਇਸ ਨੂੰ ਕੰਟਰੋਲ ਵਿੱਚ ਕੌਣ ਰੱਖ ਸਕਦਾ ਹੈ? ਇਹ ਕਿਵੇਂ ਵੱਸ ਵਿੱਚ ਰਹਿ ਸਕਦਾ ਹੈ? ਉਨ੍ਹਾਂ ਖੂੰਖਾਰ ਹਾਥੀਆਂ ਨੂੰ ਪਕੜ ਕੇ ਜਦੋਂ ਉਨ੍ਹਾਂ ਤੋਂ ਕੰਮ ਲੈਣ ਲਈ ਮਨੁੱਖ ਉਸਨੂੰ ਆਪਣੇ ਅਧੀਨ ਕਰਦਾ ਹੈ ਤਾਂ ਫਿਰ ਇੱਕ ਆਦਮੀ ਜਿਸ ਨੂੰ ਮਹਾਵਤ ਕਹਿੰਦੇ ਹਨ ਹਾਥੀ ਉੱਪਰ ਬੈਠ ਕੇ ਹੱਥ ਵਿੱਚ ਪਕੜੇ ਹੋਏ ਲੋਹੇ ਦੇ ਕੁੰਡੇ ਜਿਸਨੂੰ ਅੰਕਸ਼ ਕਹਿੰਦੇ ਹਨ ਦੀ ਟਕੋਰ ਹਾਥੀ ਦੇ ਸਿਰ ਵਿੱਚ ਮਾਰਦਾ ਹੈ ਇਵੇਂ ਹਾਥੀ ਜੋ ਬੇਅੰਤ ਤਾਕਤ ਦਾ ਮਾਲਕ ਹੈ ਇੱਕ ਮਹਾਵਤ ਦੇ ਕੁੰਡੇ ਅਧੀਨ ਵਿਚਰਦਾ ਹੈ। ਉਹ ਮਹਾਵਤ ਇਸ ਕਲਾ ਨਾਲ ਤਾਕਵਰ ਹਾਥੀ ਕੋਲੋਂ ਕਈ ਕੰਮ ਲੈਂਦਾ ਹੈ ਅਤੇ ਭਾਰੇ ਭਾਰੇ ਵਜ਼ਨ ਉਠਵਾਉਂਦਾ ਹੈ। ਮਨ ਅਸੀਮ ਤਾਕਤ ਦਾ ਸੋਮਾ ਹੈ ਮਨੁੱਖੀ ਜੀਵਨ ਦੀ ਤਾਕਤ ਦਾ ਸੋਮਾ ਮਨ ਹੀ ਹੈ। ਪਰ ਆਪਣੀ ਤਾਕਤ ਨੂੰ ਦਿਸ਼ਾ ਹੀਣ ਹੋ ਕੇ ਅਗਿਆਨਤਾ ਵਿੱਚ ਆਪਣੇ ਅਤੇ ਦੂਜਿਆਂ ਦੇ ਨੁਕਸਾਨ ਵਿੱਚ ਹੀ ਵਰਤਦਾ ਹੈ ਪਰ ਜਦੋਂ ਗਿਆਨ ਦਾ ਅੰਕੁਸ਼ ਇਸ ਦੇ ਸਿਰ ਤੇ ਹੁੰਦਾ ਹੈ ਤਾਂ ਇਹੀ ਮਨ ਆਪਣੀ ਦਿਸ਼ਾ ਬਦਲ ਲੈਂਦਾ ਹੈ ਫਿਰ ਇਸਦੀ ਤਾਕਤ ਸੰਸਾਰਕ ਭਲਾਈ ਲਈ ਲਗਦੀ ਹੈ।

ਕਬੀਰ ਕਾਇਆ ਕਜਲੀ ਬਨੁ ਭਇਆ ਮਨੁ ਕੁੰਚਰੁ ਮਯ ਮੰਤੁ॥

ਅੰਕਸੁ ਗਯਾਨੁ ਰਤਨੁ ਹੈ ਖੇਵਟੁ ਬਿਰਲਾ ਸੰਤੁ॥ ਕਬੀਰ ਜੀ ਪੰਨਾ 1376

ਅਰਥ:- ਇਹ ਮਨੁੱਖਾ ਸਰੀਰ, ਮਾਨੋ, ‘ਕਜਲੀ ਬਨੁ’ ਬਣ ਜਾਂਦਾ ਹੈ ਜਿਸ ਵਿੱਚ ਮਨ ਹਾਥੀ ਆਪਣੇ ਮਦ ਵਿੱਚ ਮੱਤਾ ਹੋਇਆ ਫਿਰਦਾ ਹੈ। ਇਸ ਹਾਥੀ ਨੂੰ ਕਾਬੂ ਵਿੱਚ ਰੱਖਣ ਲਈ ਗੁਰੂ ਦਾ ਸ੍ਰੇਸ਼ਟ ਗਿਆਨ ਹੀ ਕੁੰਡਾ ਬਣ ਸਕਦਾ ਹੈ, ਕੋਈ ਭਾਗਾਂ ਵਾਲਾ ਗੁਰਮੁਖਿ (ਇਸ ਗਿਆਨ ਕੁੰਡੇ ਨੂੰ ਵਰਤ ਕੇ ਮਨ ਹਾਥੀ ਨੂੰ) ਚਲਾਣ ਜੋਗਾ ਹੁੰਦਾ ਹੈ॥

ਮਨੁ ਕੁੰਚਰੁ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ॥

ਨਾਨਕ ਹਸਤੀ ਕੁੰਡੇ ਬਾਹਰਾ ਫਿਰਿ ਫਿਰਿ ਉਝੜਿ ਪਾਇ॥ ਮ: 3 ਪੰਨਾ 516

ਅਰਥ:- ਮਨ (ਮਾਨੋ) ਹਾਥੀ ਹੈ; (ਜੇ) ਸਤਿਗੁਰੂ (ਇਸ ਦਾ) ਮਹਾਵਤ (ਬਣੇ, ਤੇ) ਗੁਰੂ ਦੀ ਦਿੱਤੀ ਮਤਿ (ਇਸ ਦੇ ਸਿਰ ਤੇ) ਕੁੰਡਾ ਹੋਵੇ, ਤਾਂ ਇਹ ਮਨ ਓਧਰ ਜਾਂਦਾ ਹੈ ਜਿਧਰ ਗੁਰੂ ਤੋਰਦਾ ਹੈ। ਪਰ, ਹੇ ਨਾਨਕ! ਕੁੰਡੇ ਤੋਂ ਬਿਨਾ ਹਾਥੀ ਮੁੜ ਮੁੜ ਕੁਰਾਹੇ ਪੈਂਦਾ ਹੈ॥

ਮਨ ਹੀ ਜੀਵਨ ਦੀ ਮੂਲ ਤਾਕਤ ਹੈ ਜਿਸ ਆਧਾਰ ਤੇ ਮਨੁੱਖ ਜੀਵਨ ਵਿੱਚ ਚੰਗਾ ਜਾਂ ਮਾੜਾ ਬਣਦਾ ਹੈ। ਚੰਗਿਆਈ ਜਾਂ ਬੁਰਿਆਈ ਕਮਾਉਣ ਦਾ ਸੋਮਾ ਮਨ ਹੀ ਹੈ। ਮਨ ਦੇ ਖ਼ਿਆਲਾਂ ਤੇ ਸੋਚਾਂ ਦੀ ਉੱਚੀ ਉਡਾਰੀ ਅਤੇ ਨੀਵੀਂ ਵੀਚਾਰ ਹੀ ਹੈ ਜੋ ਮਨੁੱਖ ਨੂੰ ਧਰਮੀ ਜਾਂ ਅਧਰਮੀ ਬਣਾਉਂਦੀ ਹੈ। ਤਾਕਤ ਉਹੀ ਰਹੇਗੀ ਪਰ ਵਰਤੋਂ ਦਾ ਤਰੀਕਾ ਬਦਲ ਜਾਵੇਗਾ ਜਿਵੇਂ ਹਾਥੀ ਉਹੀ ਹੈ ਪਰ ਮਹਾਵਤ ਕੋਲ ਉਸਦੀ ਤਾਕਤ ਕਿਸੇ ਕੰਮ ਲਈ ਲੱਗ ਰਹੀ ਹੈ ਜੋ ਪਹਿਲਾਂ ਕੰਮ ਨਹੀਂ ਸੀ ਆ ਰਹੀ।

ਗੁਰੁ ਅੰਕਸੁ ਸਚੁ ਸਬਦੁ ਨੀਸਾਨੈ॥ ਮ: 1 ਪੰਨਾ 221

ਇਹੀ ਤਾਕਤ ਗਿਆਨ ਗੁਰੂ ਦੇ ਅੰਕਸ਼ ਹੇਠ ਅਧਰਮ ਤੋਂ ਧਰਮ ਵੱਲ ਪਰਤਦੀ ਹੈ ਅਤੇ ਮਨਮੁਖਤਾਈ ਤੋਂ ਗੁਰਮੁਖਤਾਈ ਦਾ ਸਫਰ ਤੈਅ ਕਰਦੀ ਹੈ।

ਗੁਰਬਣੀ ਵਿੱਚ ਮਨ ਦਾ ਹੋਰ ਸੁਭਾਅ ਬਿਆਨਦਿਆਂ ਅਤੇ ਹਾਥੀ ਨਾਲ ਤੁਲਨਾ ਦਿੰਦਿਆਂ ਕਿਹਾ ਹੈ ਕਿ ਜਿਵੇਂ ਹਾਥੀ ਕਾਮ ਰਸ ਦਾ ਸ਼ਿਕਾਰ ਹੋ ਕੇ ਸ਼ਿਕਾਰੀ ਦੀ ਜਕੜ ਵਿੱਚ ਆ ਜਾਂਦਾ ਹੈ। ਹਾਥੀ ਨੂੰ ਫੜ੍ਹਨ ਲਈ ਇੱਕ ਡੂੰਘਾ ਟੋਆ ਪੁੱਟ ਕੇ ਉਪਰ ਆਰਜੀ ਛੱਤ ਪਾਈ ਜਾਂਦੀ ਹੈ ਅਤੇ ਨਕਲੀ ਹਥਣੀ ਬਣਾ ਕੇ ਉਸ ਉਪਰ ਟਿਕਾਈ ਜਾਦੀ ਹੈ। ਕਾਮ ਰਸ ਵਿੱਚ ਮਸਤ ਹਾਥੀ ਉਸ ਨਕਲੀ ਹਥਣੀ ਵੱਲ ਦੌੜਦਾ ਹੈ ਅਤੇ ਟੋਏ ਵਿੱਚ ਡਿੱਗ ਪੈਂਦਾ ਹੈ ਜਿਥੋਂ ਉਸ ਨੂੰ ਕਾਬੂ ਕਰ ਲਿਆ ਜਾਂਦਾ ਹੈ। ਇਉਂ ਆਜ਼ਾਦ ਹਸਤੀ ਨਾਲ ਵਿਚਰਨ ਵਾਲਾ ਜੰਗਲ ਦੀ ਖੁੱਲ ਮਾਨਣ ਵਾਲਾ ਤਾਕਵਰ ਹਾਥੀ ਪਰ ਵਸ ਹੋ ਜਾਂਦਾ ਹੈ ਅਤੇ ਮਹਾਵਤ ਦੇ ਅਧੀਨ ਰਹਿ ਕੇ ਵੇਗਾਰ ਕੱਢਣ ਲਈ ਮਜ਼ਬੂਰ ਹੁੰਦਾ ਹੈ। “ਕਾਮ ਮਾਇਆ ਕੁੰਚਰ ਕਉ ਬਿਆਪੈ॥” ਕਾਮ ਰਸ ਅਤੇ ਵਿਸ਼ੇ ਵਿਕਾਰਾਂ ਵਿੱਚ ਮਸਤ ਮਨ ਵੀ ਵਿਕਾਰਾਂ ਦੇ ਚਸਕੇ ਪੂਰੇ ਕਰਨ ਲਈ ਦਸੀਂ ਪਾਸੀਂ ਦੌੜਦਾ ਹੈ ਅਤੇ ਬੁਰਾਈ ਕਰ ਕਰ ਕੇ ਬੁਰੇ ਕੰਮਾਂ ਦਾ ਸ਼ਿਕਾਰ ਹੋ ਜਾਂਦਾ ਹੈ ਇਵੇਂ ਬੁਰਾਈ ਦਾ ਸੁਭਾਅ ਜਿਸ ਨੂੰ ਬਾਰ ਬਾਰ ਕਰਮ ਰਾਹੀਂ ਪ੍ਰਗਟ ਕਰ ਕੇ ਆਪਣੇ ਸੰਸਕਾਰ ਬਣਾ ਲੈਂਦਾ ਹੈ ਸਾਰੀ ਉਮਰ ਮਨੁੱਖ ਇਸ ਤਰ੍ਹਾਂ ਬੁਰਾਈ ਦੀ ਬਿਰਤੀ ਅਧੀਨ ਵੇਗਾਰ ਕੱਢਦਾ ਹੈ। ਇਹ ਜਾਣਦਿਆਂ ਵੀ ਕਿ ਇਹ ਕੰਮ ਗ਼ਲਤ ਹੈ ਮਨੁੱਖ ਫਿਰ ਵੀ ਉਹੀ ਕੰਮ ਕਰਦਾ ਹੈ ਤਾਂ ਕਾਰਣ ਹੁੰਦਾ ਹੈ ਬਣੇ ਸੰਸਕਾਰ। ਜਿਨ੍ਹਾਂ ਦਾ ਮਨੁੱਖ ਬੋਝ ਢੌਦਾ ਰਹਿੰਦਾ ਹੈ। ਗੁਰਬਾਣੀ ਵਿੱਚ ਕਿਹਾ ਗਿਆ ਹੈ:-

ਕਾਮ ਹੇਤਿ ਕੁੰਚਰੁ ਲੈ ਫਾਂਕਿਓ ਓਹੁ ਪਰ ਵਸਿ ਭਇਓ ਬਿਚਾਰਾ॥ ਮ: 5 ਪੰਨਾ 671

ਅਰਥ:- ਹੇ ਭਾਈ! ਕਾਮ ਵਾਸਨਾ ਦੀ ਖ਼ਾਤਰ ਹਾਥੀ ਫਸ ਗਿਆ, ਉਹ ਵਿਚਾਰਾ ਪਰ ਅਧੀਨ ਹੋ ਗਿਆ।

ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ॥

ਕਾਮ ਸੁਆਇ ਗਜ ਬਸਿ ਪਰੇ ਮਨ ਬਉਰਾ ਰੇ ਅੰਕਸੁ ਸਹਿਓ ਸੀਸ॥ ਕਬੀਰ ਜੀ ਪੰਨਾ 335

ਅਰਥ:- ਹੇ ਕਮਲੇ ਮਨਾ! (ਇਹ ਜਗਤ) ਪਰਮਾਤਮਾ ਨੇ (ਜੀਵਾਂ ਨੂੰ ਰੁੱਝੇ ਰੱਖਣ ਲਈ) ਇੱਕ ਖੇਡ ਬਣਾਈ ਹੈ ਜਿਵੇਂ (ਲੋਕ ਹਾਥੀ ਨੂੰ ਫੜਨ ਲਈ) ਕਲਬੂਤ ਦੀ ਹਥਣੀ (ਬਣਾਉਂਦੇ ਹਨ); (ਉਸ ਹਥਣੀ ਨੂੰ ਵੇਖ ਕੇ) ਕਾਮ ਦੀ ਵਾਸ਼ਨਾ ਦੇ ਕਾਰਨ ਹਾਥੀ ਫੜਿਆ ਜਾਂਦਾ ਹੈ ਤੇ ਆਪਣੇ ਸਿਰ ਉੱਤੇ (ਸਦਾ ਮਹਾਉਤ ਦਾ) ਅੰਕਸ ਸਹਾਰਦਾ ਹੈ (ਤਿਵੇਂ) ਹੇ ਝੱਲੇ ਮਨ! (ਤੂੰ ਭੀ ਮਨ ਮੋਹਨੀ ਮਾਇਆ ਵਿੱਚ ਫਸਾ ਕੇ ਦੁੱਖ ਸਹਾਰਦਾ ਹੈਂ)॥

ਹਾਥੀ ਦਾ ਇੱਕ ਹੋਰ ਬੜਾ ਮਾੜਾ ਸੁਭਾਅ ਮੰਨਿਆਂ ਗਿਆ ਹੈ ਕਿ ਜਦੋਂ ਉਹ ਕਿਸੇ ਨਦੀ ਵਿੱਚ ਨਹਾਉਂਦਾ ਹੈ ਤਾਂ ਸਾਰੇ ਸਰੀਰ ਨੂੰ ਪਾਣੀਂ ਨਾਲ ਨਹਿਲਾਉਂਦਾ ਹੈ ਪਰ ਜਦੋਂ ਬਾਹਰ ਨਿਕਲਣ ਲੱਗਦਾ ਹੈ ਤਾਂ ਆਪਣੀ ਸੁੰਡ ਨੂੰ ਚਿੱਕੜ ਅਤੇ ਗਾਰੇ ਨਾਲ ਭਰ ਕੇ ਆਪਣੇ ਉਪਰ ਸੁੱਟ ਲੈਂਦਾ ਹੈ ਇਵੇਂ ਪਾਣੀ ਵਿੱਚ ਨਹਾਉਣ ਤੋਂ ਬਾਅਦ ਵੀ ਚਿੱਕੜ ਨਾਲ ਲਿਬੜ ਜਾਂਦਾ ਹੈ। ਇਵੇਂ ਹੀ ਚੰਗਾ ਕੰਮ ਕਰਕੇ ਜਾਂ ਬਾਹਰੀ ਤੌਰ ਤੇ ਧਰਮ ਕਰਮ ਕਰਕੇ ਜਦੋਂ ਮਨੁੱਖ ਅਹੰਕਾਰ ਦੀ ਬੁੱਧੀ ਵਧਾਉਂਦਾ ਹੈ ਤਾਂ ਗੁਰੂ ਸਾਹਿਬ ਜੀ ਉਦਾਹਰਣ ਸਹਿਤ ਮਨੁੱਖੀ ਜੀਵਨ ਦੀ ਤੁਲਨਾ ਹਾਥੀ ਦੀ ਅਜਿਹੀ ਰਹਿਣੀ ਨਾਲ ਕਰਦਿਆ ਕਹਿੰਦੇ ਹਨ:-

ਤੀਰਥ ਬਰਤ ੳਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ॥

ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ॥ ਮ: 9 ਪੰਨਾ 1428

ਅਰਥ:- ਹੇ ਨਾਨਕ! (ਆਖ, ਹੇ ਭਾਈ! ਪਰਮਾਤਮਾ ਦਾ ਭਜਨ ਛੱਡ ਕੇ ਮਨੁੱਖ) ਤੀਰਥ ਇਸ਼ਨਾਨ ਕਰ ਕੇ ਵਰਤ ਰੱਖ ਕੇ, ਦਾਨ ਪੁੰਨ ਕਰ ਕੇ (ਆਪਣੇ) ਮਨ ਵਿੱਚ ਅਹੰਕਾਰ ਕਰਦਾ ਹੈ (ਕਿ ਮੈਂ ਧਰਮੀ ਬਣ ਗਿਆ ਹਾਂ, ਪਰ) ਉਸ ਦੇ (ਇਹ ਸਾਰੇ ਕੀਤੇ ਹੋਏ ਕਰਮ ਇਉਂ) ਵਿਅਰਥ (ਚਲੇ ਜਾਂਦੇ ਹਨ) ਜਿਵੇਂ ਹਾਥੀ ਦਾ (ਦਾ ਕੀਤਾ ਹੋਇਆ) ਇਸ਼ਨਾਨ।

ਧਰਮ ਅਸਥਾਨਾਂ `ਤੇ ਲੱਗੇ ਪੱਥਰ ਜਿਸ ਉਪਰ ਦਾਨੀ ਸੱਜਣਾਂ ਦੀ ਸੂਚੀ ਲੱਗੀ ਹੈ। ਧਰਮ ਅਸਥਾਨਾਂ ਅਤੇ ਸਾਂਝੀਆਂ ਚੀਜ਼ਾਂ ਉੱਪਰ ਹਰ ਮਨੁੱਖ ਦਾ ਲਿਖਿਆ ਨਾਂ ਤੇ ਪਤਾ ਸੂਖ਼ਮ ਹਉਮੈ ਦਾ ਪ੍ਰਗਟਾਵਾ ਹੀ ਤਾਂ ਹੈ। ਦਾਨੀ ਅਖਵਾਉਣ ਹਿਤ ਦਾਨ ਕਰਨਾ ਪੁੰਨੀ ਅਖਵਾਉਣ ਹਿਤ ਪੁੰਨ ਕਰਨਾ ਦਾਨ ਪੁੰਨ ਦੀਆਂ ਅਜਿਹੀਆਂ ਭਾਵਨਾ ਜਨਮ ਹੀ ਸੂਖ਼ਮ ਰੂਪ ਵਿੱਚ ਹਉਮੈ ਵਿਚੋਂ ਲੈਂਦੀਆਂ ਹਨ। ਸਿਖ ਨੇ ਦਾਨੀ ਨਹੀਂ ਜਾਂ ਗਿਣਤੀ ਮਿਣਤੀ ਦੇ ਪੁੰਨ ਕਰਕੇ ਕਰਮਕਾਂਡੀ ਨਹੀਂ ਬਣਨਾ ਸਗੋਂ ਵੰਡ ਛਕਣਾ ਹੈ। ਵੰਡ ਛਕਣ ਵਾਲਾ ਬਰਾਬਰਤਾ ਦੀ ਭਾਵਨਾ ਦਾ ਅਹਿਸਾਸ ਕਰੇ ਤਾਂ ਹਾਥੀ ਬਿਰਤੀ ਤੋਂ ਬਚ ਸਕਦਾ ਹੈ ਉਹ ਨੇਕ ਬਣ ਕੇ ਨੇਕੀ ਕਮਾ ਕੇ ਵੀ ਹਉਮੈ ਦੇ ਚਿੱਕੜ ਵਿੱਚ ਗੰਦਾ ਨਹੀਂ ਹੁੰਦਾ। ਰੱਬ ਦੇ ਨਾਂ ਤੇ, ਧਰਮ ਦੇ ਨਾਂ ਤੇ ਦਾਨ ਕਰਨ ਵਾਲੇ ਕਰਮਕਾਂਡੀ ਦਾਨੀ ਤੇ ਪੁੰਨੀ ਲੋਕ ਵੀ ਰੱਬ ਸਾਹਵੇਂ ਦਾਨੀ ਤੇ ਧਰਮ ਕਰਮ ਕਰਦਿਆਂ ਆਪਣੀ ਹਉਮੈ ਨੂੰ ਚਮਕਾਉਣ ਵਿੱਚ ਰੁਝੇ ਰਹਿੰਦੇ ਹਨ। ਅਜਿਹਾ ਵੰਡ ਛਕਣ ਵਾਲਾ ਨਹੀਂ ਕਰਦਾ ਕਿਉਂਕਿ ਉਸਦਾ ਮਕਸਦ ਕਿਸੇ ਦੀ ਮਦਦ ਕਰਨਾ ਹੈ ਕੋਈ ਵਿਖਾਵਾ, ਨਾਮ ਜਾਂ ਚੌਧਰ ਪ੍ਰਾਪਤ ਕਰਨਾ ਨਹੀਂ। ਉਸਦੀ ਵੰਡ ਛਕਣ ਦੀ ਭਾਵਨਾ ਕਿਸੇ ਬਹਾਨੇ ਜਾਂ ਸਮੇਂ ਸਥਾਨ ਦੀ ਮੁਥਾਜ ਵੀ ਨਹੀਂ ਹੁੰਦੀ। ਇਵੇਂ ਉਹ ਹੰਕਾਰੀ ਹਾਥੀ ਦੀ ਪਕੜ ਤੋਂ ਬਚ ਜਾਂਦਾ ਹੈ।

ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ॥

ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ॥

ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ॥ ਮ: 3 ਪੰਨਾ 647

ਅਰਥ:- ਜਿਵੇਂ ਹਾਥੀ ਦੇ ਸਿਰ ਤੇ ਕੁੰਡਾ ਹੈ ਤੇ ਜਿਵੇਂ ਅਹਰਣ (ਵਦਾਨ ਹੇਠਾਂ) ਸਿਰ ਦੇਂਦੀ ਹੈ, ਤਿਵੇਂ ਸਰੀਰ ਤੇ ਮਨ (ਸਤਿਗੁਰੂ ਨੂੰ) ਅਰਪਣ ਕਰ ਕੇ ਸਾਵਧਾਨ ਹੋ ਕੇ ਸੇਵਾ ਕਰੋ; ਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਇਸ ਤਰ੍ਹਾਂ ਆਪਾ ਭਾਵ ਗਵਾਂਦਾ ਹੈ ਤੇ, ਮਾਨੋ, ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੈਂਦਾ ਹੈ।

ਜੇ ਕਰ ਮਨੁੱਖ ਬਾਹਰੋਂ ਸਰੀਰ ਨੂੰ ਸੁੱਚਾ ਰੱਖਣ ਦੇ ਭਰਮ ਹੇਠ ਤੀਰਥਾਂ ਦੇ ਚੱਕਰ ਕੱਟਦਾ ਹੈ ਜਾਂ ਫਿਰ ਪਾਪ ਲਾਹੁਣ ਦੀ ਭਾਵਨਾ ਨਾਲ ਕਰਮ ਕਰਦਾ ਹੈ, ਸੰਜਮ ਰੱਖਦਾ ਹੈ ਅਤੇ ਮਨਘੜਤ ਅਤੇ ਕਰਮਕਾਂਡੀ ਮਰਯਾਦਾਵਾਂ ਦੀ ਪਾਲਣਾ ਕਰਦਾ ਹੈ ਪਰ ਅੰਦਰੋਂ ਮਨ ਦੀ ਮੈਲ਼ ਨੂੰ ਭਾਵ ਮਾੜੇ ਖਿਆਲਾਂ, ਦੁਰਮਤਿ ਆਦਿ ਨੂੰ ਗੁਰੂ ਉਪਦੇਸ਼ ਰਾਹੀਂ ਦੂਰ ਕਰਨ ਦਾ ਯਤਨ ਨਹੀਂ ਕਰਦਾ ਤਾਂ ਉਸਦੇ ਇਹ ਸਾਰੇ ਕਰਮ ਹਾਥੀ ਦੇ ਨਹਾਉਣ ਵਾਂਗ ਹਨ ਜਿਵੇਂ ਉਹ ਨਹਾ ਕੇ ਵੀ ਗੰਦਾ ਹੋ ਜਾਂਦਾ ਹੈ ਇਵੇਂ ਅਜਿਹਾ ਮਨੁੱਖ ਸਾਰੇ ਕਰਮ ਕਰਦਿਆ ਵੀ ਪਲੀਤ ਹੀ ਰਹਿੰਦਾ ਹੈ। ਗੁਰਬਾਣੀ ਫੁਰਮਾਨ ਹੈ:-

ਬਾਹਰੁ ਅੁਦਕਿ ਪਖਾਰੀਐ ਘਟ ਭੀਤਰਿ ਬਿਬਿਧਿ ਬਿਕਾਰ॥

ਸੁਧ ਕਵਨ ਪਰ ਹੋਇਬੋ ਸੁਚ ਕੁੰਚਰ ਬਿਧਿ ਬਿਉਹਾਰ॥ ਭਗਤ ਰਵਿਦਾਸ ਜੀ ਪੰਨਾ 346

ਪੁਰਾਣੇ ਸਮੇਂ ਵਿੱਚ ਮਨੁੱਖ ਜਦੋਂ ਪ੍ਰਭੁਤਾ ਵਡਿਆਈ ਜਾਂ ਦੁਨਿਆਵੀ ਵੱਡੇ ਰੁਤਬਿਆਂ ਦਾ ਮਾਲਕ ਬਣਦਾ ਸੀ ਤਾਂ ਉਸ ਕੋਲ ਉਸ ਸਮੇਂ ਦੇ ਸਾਧਨ ਹੁੰਦੇ ਸਨ ਜਿਵੇਂ ਘੋੜੇ ਹਾਥੀ ਰਥ ਛਤਰ ਨੌਕਰਾਂ ਤੇ ਦਾਸਾਂ ਦੀ ਭੀੜ ਆਦਿ। ਹਾਥੀ ਤੇ ਸਵਾਰ ਸਿਰ ਤੇ ਛਤਰ ਨੂੰ ਝੁਲਾ ਕੇ ਜਦੋਂ ਕੋਈ ਨਿਕਲਦਾ ਤਾਂ ਇਸ ਪ੍ਰਭੁਤਾ ਦੀ ਹਉਮੈ ਵਿੱਚ ਗ੍ਰਸਿਆ ਮਨੁੱਖ ਇਹ ਮੰਗ ਕਰਦਾ ਕਿ ਜਿਧਰ ਦੀ ਉਹ ਲੰਘੇ ਲੋਕ ਉਸਦੇ ਰਾਹ ਵਿੱਚ ਝੁਕ ਕੇ ਖਲੋਣ ਅਤੇ ਉਸ ਨੂੰ ਸਲਾਮਾਂ ਕਰਨ। ਇਵੇਂ ਪ੍ਰਭੁਤਾ ਵਡਿਆਈ ਦੇ ਹੰਕਾਰ ਦੇ ਪ੍ਰਤੀਕ ਵਿੱਚ ਵੀ ਹਾਥੀ ਦੀ ਉਦਾਹਰਣ ਬਾਣੀ ਵਿੱਚ ਦਿਤੀ ਗਈ ਹੈ।

ਤਲੈ ਕੁੰਚਰੀਆ ਸਿਰਿ ਕਨਿਕ ਛਤਰੀਆ॥

ਹਰਿ ਭਗਤਿ ਬਿਨਾ ਲੇ ਧਰਨਿ ਗਡਲੀਆ॥ ਮ: 5 ਪੰਨਾ 385

ਅਰਥ:- (ਹੇ ਭਾਈ! ਮਨੁੱਖ ਨੂੰ ਜੇ ਸਵਾਰੀ ਕਰਨ ਵਾਸਤੇ ਆਪਣੇ) ਹੇਠ ਹਾਥੀ (ਭੀ ਮਿਲਿਆ ਹੋਇਆ ਹੈ, ਤੇ ਉਸ ਦੇ) ਸਿਰ ਉਤੇ ਸੋਨੇ ਦਾ ਛਤਰ ਝੁੱਲ ਰਿਹਾ ਹੈ (ਤਾਂ ਭੀ ਸਰੀਰ ਆਖ਼ਿਰ) ਧਰਤੀ ਵਿੱਚ ਹੀ ਮਿਲਾਇਆ ਜਾਂਦਾ ਹੈ (ਇਹਨਾਂ ਪਦਾਰਥਾਂ ਦੇ ਮਾਣ ਵਿੱਚ ਮਨੁੱਖ) ਪਰਮਾਤਮਾ ਦੀ ਭਗਤੀ ਤੋਂ ਵਾਂਝਿਆ ਹੀ ਰਹਿ ਜਾਂਦਾ ਹੈ॥

ਸੰਸਾਰਕ ਵਡਿਆਈ, ਮਾਣ, ਪਦ ਪਦਵੀਆਂ, ਅਤੇ ਪਦਾਰਥਕ ਤਾਕਤ ਵਿੱਚ ਜਦੋਂ ਮਨੁੱਖ ਹੰਕਾਰੀ ਹੋ ਕੇ ਜੀਵਨ ਵਿੱਚ ਵਿਚਰਦਾ ਹੈ ਤਾਂ ਮਨੁੱਖ ਨੂੰ ਮਨੁੱਖ ਸਮਝਣ ਵਾਲੀ ਭਾਵਨਾ ਤੋਂ ਵਿਰਵਾ ਹੋ ਜਾਂਦਾ ਹੈ। ਆਪਣਾ ਸੁਖ ਦੁਖ ਨਜ਼ਰ ਆਉਂਦਾ ਹੈ ਦੂਜੇ ਦਾ ਨਹੀਂ। ਆਪਣੇ ਆਪ ਨੂੰ ਧਰਤੀ ਦਾ ਰੱਬ ਸਮਝ ਕੇ ਹੁਕਮ ਚਲਾਉਂਦਾ ਹੈ ਅਤੇ ਜ਼ੁਲਮ, ਅਨਿਆਂ, ਧੱਕਾ ਅਤੇ ਜ਼ਬਰਦਸਤੀ ਕਰਨੀ ਉਸਦਾ ਸੁਭਾਅ ਬਣ ਜਾਂਦਾ ਹੈ। ਪੁਰਾਣੇ ਇਤਿਹਾਸ ਵਿੱਚ ਵੀ ਅਜਿਹੇ ਹੰਕਾਰੀ ਪ੍ਰਭੁਤਾਵਾਦੀਆਂ ਦੀਆਂ ਬੇਅੰਤ ਉਦਾਹਰਣਾਂ ਹਨ ਤਾਂ ਅਜੋਕੇ ਵਡਿਆਈ ਦੇ ਨਸ਼ੇ ਵਿੱਚ ਮਦਹੋਸ਼ ਲੋਕ ਵੀ ਉਹੀ ਜੀਵਨ ਜਿਊ ਰਹੇ ਹਨ। ਕਤਲੋਗ਼ਾਰਤ, ਬੇਇਨਸਾਫੀ ਅਤੇ ਧੱਕਾ ਭਾਵੇਂ ਉਹ ਧਰਮ ਦੀ ਤਾਕਤ ਵਰਤ ਕੇ ਜਾਂ ਰਾਜਸੀ ਤਾਕਤ ਵਰਤ ਕੇ ਕੀਤਾ ਜਾ ਰਿਹਾ ਹੋਵੇ ਗੁਰਮਤਿ ਅਨੁਸਾਰ ਦੋਵੇਂ ਹੀ ਜ਼ੁਲਮ ਹਨ। ਇਵੇਂ ਉਹ ਲੋਕ ਪ੍ਰਭੁਤਾ ਦੇ ਹਾਥੀ ਤੇ ਸਵਾਰ ਹਨ ਅਤੇ ਉਚੇ ਹੋਣ ਦਾ ਦਮ ਭਰਦੇ ਹਨ ਪਰ ਗੁਰਬਾਣੀ ਸਮਝਾਉਂਦੀ ਹੈ:-

ਰਥ ਨ ਅਸ੍ਵ ਨ ਗਜ ਸਿੰਘਾਸਨ ਛਿਨ ਮਹਿ ਤਿਆਗਤ ਨਾਂਗ ਸਿਧਾਰਹੁ॥ ਮ: 5 ਪੰਨਾ 1388

ਅਰਥ:- ਰਥ, ਘੋੜੇ, ਹਾਥੀ, ਤਖ਼ਤ (ਇਹਨਾਂ ਵਿਚੋਂ ਕੋਈ ਭੀ ਨਾਲ) ਨਹੀਂ (ਨਿਭਣਾ), ਇਹਨਾਂ ਨੂੰ ਇੱਕ ਖਿਨ ਵਿੱਚ ਛੱਡ ਕੇ ਨੰਗਾ (ਹੀ ਇਥੋਂ) ਤੁਰ ਜਾਹਿਂਗਾ। ਅੱਖਾਂ ਨਾਲ ਵੇਖ, ਨਾਹ ਸੂਰਮੇ, ਨਾਹ ਜੋਧੇ, ਨਾਹ ਮੀਰ, ਨਾਹ ਸਿਰਦਾਰ, ਕੋਈ ਭੀ ਸਾਥੀ ਨਹੀਂ (ਬਣਨੇ)।

ਪੁਰਾਤਨ ਪੌਰਾਣਕ ਉਦਾਹਰਣ ਹੈ ਕਿ ਹਾਥੀ ਸਰੋਵਰ ਵਿੱਚ ਇਸ਼ਨਾਨ ਕਰਦਾ ਸੀ ਜਿਸ ਨੂੰ ਇੱਕ ਤੰਦੂਆ ਜਕੜ ਲੈਂਦਾ ਹੈ। ਇਸ ਫਾਹੀ ਵਿੱਚ ਪਿਆ ਹਾਥੀ ਆਪਣੇ ਇਸ਼ਟ ਨੂੰ ਉਸੇ ਸਰੋਵਰ ਵਿਚੋਂ ਇੱਕ ਕਮਲ ਫੁੱਲ ਭੇਟ ਕਰਦਾ ਹੈ ਜਿਸ ਕਰਕੇ ਉਸਦਾ ਇਸ਼ਟ ਉਸ ਉੱਪਰ ਤਰਸ ਕਰਦਾ ਹੈ ਤੇ ਉਸ ਦੀ ਉਸ ਫਾਹੀ ਤੋਂ ਖਲਾਸੀ ਹੋ ਜਾਂਦੀ ਹੈ। ਗੁਰਬਾਣੀ ਦੀ ਵੀਚਾਰ ਅਨੁਸਾਰ ਇਹ ਕਹਾਣੀ ਸੱਚ ਨਹੀਂ ਸਗੋਂ ਸੱਚ ਇਹ ਹੈ ਕਿ ਮਨੁੱਖ ਹਾਥੀ ਦੀ ਤਰ੍ਹਾਂ ਸੰਸਾਰ ਸਰੋਵਰ “ਤਿਤੁ ਸਰਵਰੜੈ ਭਈਲੇ ਨਿਵਾਸਾ” ਵਿੱਚ ਵਿਕਾਰਾਂ ਦੇ ਚਿੱਕੜ “ਪੰਕੁ ਜੁ ਮੋਹ” ਵਿੱਚ ਖੁਭਿਆ ਪਿਆ ਹੈ ਜਿਸ ਵਿੱਚ ਵਿਕਾਰ ਤੰਦੂਏ ਵਾਂਗ ਇਸ ਨੂੰ ਜਕੜੀ ਬੈਠੇ ਹਨ। ਕੀ ਇਹ ਆਪਣੀ ਇਸ ਖਲਾਸੀ ਲਈ ਅਕਾਲ ਪੁਰਖ ਸੱਚ ਰੱਬ ਅੱਗੇ ਅਹਿਸਾਸ ਰੂਪੀ ਵੇਦਨਾ ਪ੍ਰਗਟ ਕਰੇਗਾ? ਉਸੇ ਸੰਸਾਰ ਸਰੋਵਰ ਵਿਚੋਂ ਸੁਗੰਧੀ ਅਤੇ ਦੂਜਿਆਂ ਨੂੰ ਖੇੜਾ ਦੇਣ ਵਾਲੇ ਕਮਲ ਫੁੱਲ ਵਤ ਕੋਈ ਚੰਗੇ ਕੰਮਾਂ ਦਾ ਅਭਿਆਸ ਕਰੇਗਾ ਜੋ ਸੱਚੇ ਰੱਬ ਦੇ ਸਾਹਮਣੇ ਅਸਲੀ ਭੇਟਾ ਹੋਵੇਗੀ? ਬੱਸ ਇਹੀ ਇਸਦੀ ਖਲਾਸੀ ਦਾ ਰਾਹ ਹੈ।

ਮਾਇਆ ਫਾਸ ਬੰਧ ਬਹੁ ਬੰਧੇ ਹਰਿ ਜਪਿਓ ਖੁਲ ਖੁਲਨੇ॥

ਜਿਉ ਜਲ ਕੁੰਚਰੁ ਤਦੂਐ ਬਾਂਧਿਓ ਹਰਿ ਚੇਤਿਓ ਮੋਖ ਮੁਖਨੇ॥ ਮ: 4 ਪੰਨਾ 976

ਅਰਥ:- ਹੇ ਮੇਰੇ ਮਨ! ਜੀਵ ਮਾਇਆ ਦੇ ਮੋਹ ਦੀਆਂ ਫਾਹੀਆਂ, ਮਾਇਆ ਦੇ ਮੋਹ ਦੇ ਬੰਧਨਾਂ ਵਿੱਚ ਬਹੁਤ ਬੱਝੇ ਰਹਿੰਦੇ ਹਨ। ਹੇ ਮਨ! ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਦੇ ਬੰਧਨ ਖੁਲ੍ਹ ਗਏ; ਜਿਵੇਂ ਤੰਦੂਏ ਨੇ ਹਾਥੀ ਨੂੰ ਪਾਣੀ ਵਿੱਚ (ਆਪਣਂੀਆਂ ਤਾਰਾਂ ਨਾਲ) ਬੰਨ੍ਹ ਲਿਆ ਸੀ (ਹਾਥੀ ਨੇ) ਪਰਮਾਤਮਾ ਨੂੰ ਯਾਦ ਕੀਤਾ (ਤੰਦੂਏ ਤੋਂ) ਉਸ ਦੀ ਖ਼ਲਾਸੀ ਹੋ ਗਈ॥

ਰਾਮ ਗੁਰ ਸਰਨਿ ਪ੍ਰਭੂ ਰਖਵਾਰੇ॥

ਜਿਉ ਕੁੰਚਰੁ ਤਦੂਐ ਪਕਰਿ ਚਲਾਇਓ ਕਰਿ ਊਪਰੁ ਕਢਿ ਨਿਸਤਾਰੇ॥ ਮ: 4 ਪੰਨਾ 982

ਅਰਥ:- ਹੇ ਮੇਰੇ ਰਾਮ! ਹੇ ਮੇਰੇ ਪ੍ਰਭੂ! (ਜਿਸ ਉੱਤੇ ਭੀ ਮਿਹਰ ਕਰਦਾ ਹੈਂ ਉਸ ਨੂੰ) ਗੁਰੂ ਦੀ ਸਰਨੀ ਪਾ ਕੇ (ਵਿਕਾਰਾਂ ਵਲੋਂ ਉਸ ਦਾ) ਰਾਖਾ ਬਣਦਾ ਹੈਂ, ਜਿਵੇਂ ਜਦੋਂ ਤੰਦੂਏ ਨੇ ਗਜ ਨੂੰ ਫੜ ਕੇ ਖਿਚ ਲਿਆ ਸੀ, ਤਾਂ ਤੂੰ ਉਸ ਨੂੰ ਉੱਚਾ ਕਰ ਕੇ ਕੱਢ ਕੇ (ਤੰਦੂਏ ਦੀ ਫਾਹੀ ਤੋਂ) ਬਚਾ ਲਿਆ ਸੀ।

ਇਤਿਹਾਸਕ ਘਟਨਾ ਮੁਤਾਬਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਹਾੜੀ ਰਾਜਿਆਂ ਦੀ ਫੌਜ ਨਾਲ ਟੱਕਰ ਲੈ ਰਹੇ ਹਨ ਇੱਕ ਪਾਸੇ ਵਡਿਆਈਆਂ, ਜ਼ਾਤਾਂ, ਅਮੀਰੀਆਂ ਦਾ ਗ਼ਰੂਰ ਹੈ ਇੱਕ ਪਾਸੇ ਗੁਰਮਤਿ ਗ਼ਰੀਬੀ ਦਾ ਪ੍ਰਮਾਣ ਗੁਰੂ ਜੀ ਅਤੇ ਸਿਖ ਹਨ। ਗੁਰੂ ਸਾਹਿਬ ਜੀ ਦੇ ਸਿਖਾਂ ਦੀ ਗਿਣਤੀ ਘੱਟ ਹੈ ਇਸ ਲਈ ਇੱਕ ਕਿਲ੍ਹੇ ਵਿਚੋਂ ਮੁਕਾਬਲਾ ਕੀਤਾ ਜਾ ਰਿਹਾ ਹੈ। ਪਹਾੜੀ ਰਾਜੇ ਵਿਉਂਤ ਕਰਦੇ ਹਨ ਕਿ ਸਵੇਰ ਹੁੰਦਿਆਂ ਇੱਕ ਹਾਥੀ ਲਿਆ ਕੇ ਉਸ ਨੂੰ ਨਸ਼ਾ ਪਿਆ ਕੇ ਅਤੇ ਉਸ ਦੇ ਮੱਥੇ ਤੇ ਲੋਹੇ ਦੇ ਤਵੇ ਬੰਨ੍ਹ ਕੇ ਉਸ ਨੂੰ ਕਿਲ੍ਹੇ ਵੱਲ ਨੂੰ ਤੋਰਿਆ ਜਾਵੇਗਾ ਇਵੇਂ ਹਾਥੀ ਦੀਆਂ ਟੱਕਰਾਂ ਨਾਲ ਕਿਲ੍ਹੇ ਦਾ ਦਰਵਾਜ਼ਾ ਟੁੱਟਦਿਆਂ ਹੀ ਪਹਾੜੀ ਫੌਜਾਂ ਕਿਲ੍ਹੇ ਤੇ ਧਾਵਾ ਬੋਲ ਦੇਣਗੀਆਂ। ਸੂਹੀਏ ਨੇ ਇਹ ਖ਼ਬਰ ਗੁਰੂ ਸਾਹਿਬ ਜੀ ਨੂੰ ਦਿੱਤੀ ਸਵੇਰ ਹੁੰਦਿਆਂ ਪਹਾੜੀ ਰਾਜਿਆਂ ਨੇ ਮਿਥੇ ਅਨੁਸਾਰ ਕੰਮ ਕੀਤਾ ਇਧਰੋਂ ਖੁਨੀ ਹਾਥੀ ਉਧਰੋਂ ਗੁਰੂ ਜੀ ਦਾ ਸਿੱਖ ਨਾਗਣੀ ਬਰਛਾ ਲੈ ਕੇ ਹਾਥੀ ਦਾ ਮੁਕਾਬਲਾ ਕਰਨ ਆਉਂਦਾ ਹੈ। ਨਾਗਣੀ ਬਰਛਾ ਮੱਥੇ ਵਿੱਚ ਵਜਦਿਆਂ ਹੀ ਹਾਥੀ ਚਿੰਗਾੜਦਾ ਹੋਇਆ ਪਿਛਾਂਹ ਨੂੰ ਰੁਖ਼ ਕਰ ਲੈਂਦਾ ਹੈ ਅਤੇ ਉਲਟਾ ਨੁਕਸਾਨ ਪਹਾੜੀਆਂ ਦਾ ਹੀ ਹੋ ਜਾਂਦਾ ਹੈ। ਹਾਥੀ ਦੀ ਅਸੀਮ ਤਾਕਤ ਨਾਲ ਇੱਕ ਸਿਖ ਲੋਹਾ ਲੈ ਰਿਹਾ ਹੈ ਕਿਉਂਕਿ ਉਸ ਕੋਲ਼ ਗੁਰੂ ਜੀ ਦਾ ਬਖ਼ਸ਼ਿਆ ਹੋਇਆ ਭਾਲਾ ਹੈ। ਜ਼ਰਾ ਜੀਵਨ ਦੀ ਗਹਿਰਾਈ ਵਿੱਚ ਉੱਤਰ ਕੇ ਮਨੁੱਖੀ ਮਨ ਦੀ ਕਾਰਜਸ਼ੈਲੀ ਨੂੰ ਵੀਚਾਰੀਏ।

ਮਨੁ ਮੈ ਮਤੁ ਮੈਗਲ ਮਿਕਦਾਰਾ॥ ਮ: 3 ਪੰਨਾ 159

ਅਰਥ:- ਮਨ ਹਉਮੈ ਵਿੱਚ ਮਸਤ ਰਹਿੰਦਾ ਹੈ ਜਿਵੇਂ ਕੋਈ ਹਾਥੀ ਸ਼ਰਾਬ ਵਿੱਚ ਮਸਤ ਹੋਵੇ।

ਮਨ ਹੰਕਾਰ ਦੀ ਸ਼ਰਾਬ ਵਿੱਚ ਮਸਤ ਹੋੲਆ ਗੁਰਮਤਿ ਸੱਚ ਦਾ ਵਿਰੋਧ ਕਰਨ ਲਈ ਸਦਾ ਉਤਾਵਲਾ ਰਹਿੰਦਾ ਹੈ ਅਤੇ ਕੂੜ ਦਾ ਹਿਮਾਇਤੀ ਹੋ ਕੇ ਸਦਾ ਸਚਿਆਰਿਆਂ ਅਤੇ ਧਰਮੀਆਂ ਦਾ ਵਿਰੋਧ ਕਰਦਾ ਹੈ ਇਸ ਸਮੇਂ ਗਿਆਨ ਖੜਗ ਜੋ ਗੁਰੂ ਉਪਦੇਸ਼ ਰਾਹੀਂ ਪ੍ਰਾਪਤ ਹੁੰਦੀ ਹੈ ਨਾਲ ਮਨ ਨਾਲ ਜੰਗ ਹੋਣੀ ਬੜੀ ਜ਼ਰੂਰੀ ਹੈ ਤਾਂ ਕਿ ਇਸਦਾ ਮੂੰਹ ਜੋ ਸੱਚ ਨੂੰ ਢਾਹ ਲਾਉਣ ਵੱਲ ਹੋਇਆ ਹੈ ਕੂੜ ਪਸਾਰੇ ਨੂੰ ਖ਼ਤਮ ਕਰਨ ਵੱਲ ਮੋੜਆ ਜਾ ਸਕੇ।

ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ॥ ਮ: 1 ਪੰਨਾ 1022

ਹਰਜਿੰਦਰ ਸਿੰਘ ‘ਸਭਰਾ’




.