.

ਗੁਰੂ ਸਾਹਿਬਾਨਾਂ ਦੀ ਵਡਿਆਈ ਕਿ ਦੋ ਤੇ ਦੋ ਪੰਜ?

ਜੇ ਧਿਆਨ ਨਾਲ ਵੇਖੀਏ ਤਾਂ ਪਤਾ ਲਗਦਾ ਹੈ ਕਿ ਪੰਜਾਬੀਆਂ ਦਾ ਸੁਭਾਅ ਬੜਾ ਹੀ ਉਲਾਰੂ ਬਿਰਤੀ ਦਾ ਹੁੰਦਾ ਹੈ, ਇਹ ਜਿਸ ਪਾਸੇ ਵਲ ਸੋਚਣ ਲਗਦੇ ਹਨ ਉਸ ਪਾਸੇ ਐਨਾ ਝੁਕ ਜਾਂਦੇ ਹਨ ਕਿ ਅਸਲੀਅਤ ਤੋਂ ਕੋਹਾਂ ਦੂਰ ਚਲੇ ਜਾਂਦੇ ਹਨ। ਇਸੇ ਉਲਾਰੂ ਸੁਭਾਅ ਦਾ ਸਦਕਾ ਹੀ ਅਸੀ ਆਪਣੇ ਗੁਰੂ ਸਾਹਿਬਾਨਾਂ ਅਤੇ ਸਿੱਖਾਂ ਦਾ ਜੀਵਨ ਸਟੇਜਾਂ ਉਪਰ ਸੁਣਾਇਆ ਹੈ।
ਵਿਦਵਾਨਾਂ ਦਾ ਬਹੁਤ ਸੋਹਣਾ ਵਿਚਾਰ ਹੈ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਜਰੂਰ ਹੈ ਪਰ ਲਿਖਿਆ ਨਹੀਂ, ਇਸੇ ਕਰਕੇ ਜਦੋਂ ਅਸੀਂ ਆਪਣੇ ਗੁਰੂਆਂ ਅਤੇ ਸਿੱਖਾਂ ਦੀ ਵਡਿਆਈ ਕਰਨ ਲਗਦੇ ਹਾਂ ਤਾਂ ਇੰਨੇ ਉਲਾਰੂ ਹੋ ਜਾਂਦੇ ਹਾਂ ਕਿ ਅਸਲੀਅਤ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ, ਉਸ ਤੋਂ ਕੋਹਾਂ ਦੂਰ ਚਲੇ ਜਾਂਦੇ ਹਾਂ। ਅਸੀ ਆਪਣੇ ਗੁਰੂ ਸਾਹਿਬਾਨਾਂ ਅਤੇ ਸਿੱਖਾਂ ਦੀ ਵਡਿਆਈ ਜ਼ਜਬਾਤੀ ਹੋ ਕੇ ਦੋ ਤੇ ਦੋ ਪੰਜ ਕਰੀ ਜਾਂਦੇ ਹਾਂ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੇ ਪੂਰੀ ਨਹੀਂ ਉਤਰਦੀ।
ਜਦ ਮੈ ਛੋਟਾ ਹੁੰਦਾ ਸੀ ਤਾਂ ਗੁਰਦੁਆਰਾ ਸਾਹਿਬ ਦੀਆਂ ਸਟੇਜਾਂ ਤੋਂ ਪਰਚਾਰਕਾਂ ਪਾਸੋਂ ਗੁਰੂ ਸਾਹਿਬਾਨਾਂ ਬਾਰੇ ਚਮਤਕਾਰੀ ਸਾਖੀਆਂ ਅਕਸਰ ਸੁਣਿਆ ਕਰਦਾ ਸੀ, ਜੋ ਕਿ ਬੜੀਆਂ ਮਨਘੜਤ ਜਿਹੀਆਂ ਜਾਪਦੀਆਂ ਸਨ, ਪਰ ਸ਼ਰਧਾ ਵਸ ਹੋ ਕੇ ਸੁਣੀ ਜਾਣਾ, ਕੋਈ ਤਰਕ ਜਾਂ ਕਿੰਤੂ ਨਾ ਕਰਨਾ। ਪਰ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੁੰ ਸਮਝ ਕੇ ਅਤੇ ਵਿਦਵਾਨਾਂ ਪਾਸ ਬੈਠ ਕੇ ਇਹ ਪਤਾ ਲਗਾ ਕਿ ਸਾਰੀਆਂ ਚਮਤਕਾਰੀ ਸਾਖੀਆਂ ਗੁਰੂ ਸਾਹਿਬਾਨਾਂ ਦੇ ਜੀਵਨ ਨਾਲ ਧੱਕੇ ਨਾਲ ਜੋੜ ਕੇ ਉਹਨਾਂ ਦੀ ਵਡਿਆਈ, ਦੋ ਤੇ ਦੋ ਪੰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਵੇਂ ਇਹ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੇ ਉਲਟ ਹੀ ਕਿਉ ਨਾ ਹੋਵੇ।
ਧਿਆਨ ਦੇਣ ਦੀ ਲੋੜ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਗੁਰੂ ਸਾਹਿਬਾਨਾਂ ਨੇ ਆਪ ਲਿਖੀ ਹੈ ਜਦਕਿ ਇਤਿਹਾਸ ਗੁਰੂ ਸਾਹਿਬਾਨਾਂ ਦੇ ਜਾਣ ਤੋਂ ਬਹੁਤ ਚਿਰ ਬਾਦ ਲਿਖਿਆ ਗਿਆ ਹੈ। ਸਾਖੀਆਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਸਮਝਣ ਵਾਸਤੇ ਵਰਤੀਆਂ ਜਾਂਦੀਆਂ ਹਨ ਨਾਂ ਕਿ ਸਾਖੀਆਂ ਤੋਂ ਕੋਈ ਸਿਧਾਂਤ ਬਣਾਇਆ ਜਾ ਸਕਦਾ ਹੈ। ਸਾਖੀਆਂ ਸੱਚ ਹਨ ਕਿ ਝੂਠ ਇਹ ਤਾਂ ਪਰਮਾਤਮਾ ਜਾਣੇ ਪਰ ਜਿਹੜੀਆਂ ਸਾਖੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨਾਲ ਮੇਲ ਨਹੀਂ ਖਾਂਦੀਆਂ ਉਹਨਾਂ ਨੁੰ ਰੱਖਣ ਦਾ ਕੀ ਲਾਭ।
ਹੁਣ ਕੁੱਝ ਉਹਨਾਂ ਸਾਖਿਆਂ ਵਲ ਨਿਗਾਹ ਮਾਰੀਏ-
ਇਕ ਦਿਨ ਗੁਰੂ ਨਾਨਕ ਪਾਤਸ਼ਾਹ ਮੱਝਾਂ ਚਾਰਨ ਗਏ ਤੇ ਉਹਨਾਂ ਦੀ ਉਥੇ ਸਮਾਧੀ ਲਗ ਗਈ ਮੱਝਾਂ ਨੇ ਸਾਰੇ ਖੇਤ ਉਜਾੜ ਸੁਟੇ ਲੋਕਾਂ ਨੇ ਰਾਯ ਬੁਲਾਰ ਪਾਸ ਸ਼ਿਕਾਇਤ ਕੀਤੀ ਪਰ ਬਾਦ ਵਿੱਚ ਸਾਰੇ ਖੇਤ ਸਹੀ ਸਲਾਮਤ ਨਿਕਲੇ। ਸਾਨੂੰ ਇਸ ਸਾਖੀ ਤੋਂ ਕੀ ਸਿਖਿਆ ਮਿਲਦੀ ਹੈ, ਕਿ ਆਪਣੀ ਕਿਰਤ ਕਰਨ ਲਗਿਆਂ ਆਪਣੀ ਜਿੰਮੇਵਾਰੀ ਤੋਂ ਅਵੇਸਲੇ ਹੋ ਜਾਈਏ।
ਇਸੇ ਤਰਾਂ ਗੁਰੂ ਨਾਨਕ ਜੀ ਨੇ ਮੋਦੀ ਦੀ ਕਾਰ ਕਰਦਿਆਂ ਤੇਰਾਂ-ਤੇਰਾਂ ਕਰਦਿਆਂ ਸਾਰਾ ਮੋਦੀਖਾਨਾ ਲੁਟਾ ਦਿਤਾ ਪਰ ਬਾਦ ਵਿੱਚ ਹਿਸਾਬ ਕਰਨ ਉਪਰ ਗੁਰੂ ਸਾਹਿਬ ਦੇ ਪੈਸੇ ਵੱਧ ਨਿਕਲੇ, ਕੀ ਤੁਸੀਂ ਇਸ ਸਿਧਾਂਤ ਨੂੰ ਆਪਣੇ ਵਪਾਰ ਉਪਰ ਲਾਗੂ ਕਰ ਸਕਦੇ ਹੋ? ਕਦੇ ਵੀ ਨਹੀਂ, ਸਗੋਂ ਗੁਰੂ ਰਾਮਦਾਸ ਜੀ ਨੇ ਤਾਂ ਵਧੀਆ ਵਪਾਰ ਕਰਨ ਵਾਸਤੇ ਅੰਮ੍ਰਿਤਸਰ ਸ਼ਹਿਰ ਵਸਾਇਆ ਸੀ।
ਕਈ ਨਾਸਮਝ ਲਿਖਾਰੀਆਂ ਨੇ ਗੁਰੂ ਨਾਨਕ ਪਾਤਸ਼ਾਹ ਉਤੇ ਸ਼ੇਸ਼ ਨਾਗ ਦੀ ਛਾਂ ਕਰਕੇ ਗੁਰੂ ਸਾਹਿਬ ਨੂੰ ਕ੍ਰਿਸ਼ਨ ਭਗਵਾਨ ਦੇ ਬਰਾਬਰ ਲਿਆਉਣ ਦਾ ਯਤਨ ਕੀਤਾ ਅਤੇ ਕਿਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਕਿਸ਼ੋਰ ਅਵਸਥਾ ਵਿੱਚ ਕੁੜੀਆਂ ਦੀਆਂ ਪਾਣੀ ਵਾਲੀਆਂ ਗਾਗਰਾਂ ਭਨਾ ਕੇ ਕ੍ਰਿਸ਼ਨ ਦੀਆਂ ਗੋਪੀਆਂ ਦੀਆਂ ਮਟਕੀਆਂ ਭੰਣਨ ਵਾਲੀ ਸਾਖੀ ਨਾਲ ਜੋੜ ਦਿੱਤਾ, ਸ਼ਾਇਦ ਇਨਾਂ ਲੇਖਕਾਂ ਦੇ ਮਨਾ ਅੰਦਰ ਇਹ ਸੀ ਕਿ ਸਿੱਖ ਗੁਰੂ ਕਿਤੇ ਹਿੰਦੂ ਅਵਤਾਰਾਂ ਤੋਂ ਪਿੱਛੇ ਨਾ ਰਹਿ ਜਾਣ।
ਕਈ ਥਾਂਈ ਤਾਂ ਇਹਨਾਂ ਲਿਖਾਰੀਆਂ ਨੇ ਹੱਦ ਹੀ ਕਰ ਦਿੱਤੀ, ਇਹਨਾਂ ਨੇ ਗੁਰੂ ਨਾਨਕ ਜੀ ਦੇ ਚੋਲਾ ਛੱਡਣ ਤੋਂ ਬਾਦ ਉਹਨਾਂ ਦੀ ਦੇਹ ਦੇ ਫੁੱਲ ਬਣਾ ਦਿਤੇ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਘੋੜੇ ਉਪਰ ਬਿਠਾ ਕੇ ਚਿਖਾ ਵਿਚੋਂ ਕੱਢ ਕੇ ਸਨਦੇਹੀ ਪਰਲੋਕ ਭੇਜ ਦਿੱਤਾ। ਪਰ ਜੇ ਗੁਰੂ ਸਾਹਿਬਾਨਾਂ ਦਾ ਜੀਵਨ ਵੇਖੀਏ ਤਾਂ ਪਤਾ ਚਲਦਾ ਹੈ ਕਿ ਉਹਨਾਂ ਨੇ ਕੋਈ ਵੀ ਕੰਮ ਕੁਦਰਤ ਦੇ ਨਿਯਮਾਂ ਤੋਂ ਉਲਟ ਨਹੀਂ ਕੀਤਾ ਜਿਸਨੂੰ ਗੁਰੂ ਸਾਹਿਬ ਨੇ ਭਾਣੇ ਵਿੱਚ ਰਹਿਣਾ ਦੱਸਿਆ ਹੈ।
ਅੱਜ ਆਪਾਂ ਸਾਰਿਆਂ ਨੂੰ ਲੋੜ ਹੈ ਸਾਰੇ ਇਤਿਹਾਸ ਅਤੇ ਇਹਨਾਂ ਸਾਖੀਆਂ ਨੂੰ ਪੜਚੋਲਣ ਦੀ। ਜੇ ਇਹ ਸਾਰੀਆਂ ਲਿਖਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਉੱਪਰ ਪੂਰੀਆਂ ਨਹੀਂ ਉੱਤਰਦੀਆਂ ਤਾਂ ਉਹਨਾਂ ਨੂੰ ਸੋਧ ਕੇ ਲਿਖਣ ਦੀ ਲੋੜ ਹੈ ਤਾਂ ਜੋ ਗੁਰੂ ਸਾਹਿਬਾਨਾਂ ਦੀ ਵਡਿਆਈ, ਦੋ ਤੇ ਦੋ ਚਾਰ ਕਰਕੇ ਸਾਰੇ ਸਵਾਲਾਂ ਨੂੰ ਹੱਲ ਕੀਤਾ ਜਾ ਸਕੇ।
ਬਲਜਿੰਦਰ ਸਿੰਘ ਨਿਊਜੀਲੈਂਡ
ਸ੍ਰੀ ਗੁਰੂ ਸਿੰਘ ਸਭਾ ਸ਼ਰਲੀ ਰੋਡ
ਆਕਲੈਂਡ

Ph.0064211893679
.