.

ਗੁਰਬਾਣੀ-ਵਿਚਾਰ ਤੇ ਸੋਝੀ ਦੇ ਚਾਰ ਪੱਖ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਉਂਝ ਤਾਂ ਗੁਰਬਾਣੀ ਦੀ ਵਿਚਾਰ-ਸੋਝੀ ਦੇ ਬੇਅੰਤ ਪੱਖ ਹਨ। ਫ਼ਿਰ ਵੀ ਗੁਰਬਾਣੀ ਦਾ ਮੂਲ ਪੱਖ ਹੈ, ਸਿਧਾਂਤਕ ਪੱਖ। ਉਪ੍ਰੰਤ ਗੁਰਬਾਣੀ ਦਾ ਸ਼ਬਦਾਵਲੀ ਪੱਖ, ਵਿਆਕਰਣਕ ਪੱਖ, ਮਨੋਵਿਗਿਆਨਕ ਪੱਖ, ਵਿਗਿਆਨਕ ਪੱਖ, ਮਿਥਿਹਾਸਕ ਪੱਖ ਤੇ ਇਸੇ ਤਰ੍ਹਾਂ ਬੇਅੰਤ ਪੱਖ। ਇਸ ਸਾਰੇ ਦੇ ਬਾਵਜੂਦ ਇਥੇ ਜਿਹੜੇ ਚਾਰ ਪੱਖਾਂ ਦੀ ਗੱਲ ਕਰ ਰਹੇ ਹਾਂ ਉਹ ਹਨ ੧. ਸਿਧਾਂਤਕ ਪੱਖ ੨. ਸਦੀਵੀ ਮਿਸਾਲਾਂ ੩. ਮਿਥਿਹਾਸਿਕ ਮਿਸਾਲਾਂ ੪. ਸਮੇਂ ਸਮੇਂ ਦੇ ਸਮਾਜਕ ਚਲਣ-ਰਹਿਣੀ ਨਾਲ ਸਬੰਧਤ ਮਿਸਾਲਾਂ।

ਦਰਅਸਲ ਨੰਬਰ ੪ ਨਾਲ ਸਬੰਧਤ ਮਿਸਾਲਾਂ ਉਹ ਹੁੰਦੀਆਂ ਹਨ ਜੋ ਸਮੇਂ ਤੇ ਸਥਾਨ ਨਾਲ ਸਦਾ ਬਦਲਦੀਆਂ ਹਨ, ਸਦੀਵੀ ਨਹੀਂ ਹੁੰਦੀਆਂ। ਜਦਕਿ ਸਿਧਾਂਤਕ ਪੱਖ ਮਨੁੱਖਾ ਜੀਵਨ ਦਾ ਉਹ ਪੱਖ ਹੈ ਜਿਸ `ਚ ਸਮੇਂ-ਸਥਾਨ, ਰਹਿਣੀ ਤੇ ਚਲਣ ਦੀਆਂ ਤਬਦੀਲੀਆਂ ਕਾਰਨ ਵੀ ਜੁਗਾਂ-ਜੁਗਾਂ ਤੀਕ ਤਬਦੀਲੀ ਨਹੀਂ ਆਉਂਦੀ ਤੇ ਸਦਾ ਉਹੀ ਰਹਿੰਦੇ ਹਨ। ਜੀਵਨ `ਚ ਸਿਧਾਂਤਕ ਪੱਖੋਂ ਲਾਪਰਵਾਹੀ ਤੇ ਅਗਿਆਨਤਾ ਹੀ, ਮਨੁੱਖ ਨੂੰ ਸੱਚਾ-ਸੁੱਚਾ ਮਨੁੱਖ ਬਨਣ ਲਈ ਸਭ ਤੋਂ ਵੱਡੀ ਰੁਕਾਵਟ ਤੇ ਜੀਵਨ `ਚ ਅਉਗੁਣਾ, ਵਿਕਾਰਾਂ, ਕਮਜ਼ੋਰੀਆਂ ਬਲਕਿ ਮਨੁੱਖਾ ਜੀਵਨ ਦੀ ਬਰਬਾਦੀ ਨੂੰ ਵੀ ਖੁੱਲਾ ਸੱਦਾ ਹੁੰਦੀ ਹੈ।

ਬੇਸ਼ਕ ਹੱਥਲੇ ਗੁਰਮਤਿ ਪਾਠ `ਚ ਇਹਨਾ ਚੋਹਾਂ ਹੀ ਪੱਖਾਂ `ਤੇ ਨੰਬਰਵਾਰ ਵਿਚਾਰ ਕਰਾਂਗੇ। ਫ਼ਿਰ ਵੀ ਇਸ ਸਾਰੇ ਵਿਸ਼ੇ ਸਬੰਧੀ ਗੱਲ ਆਰੰਭ ਕਰਣ ਤੋਂ ਪਹਿਲਾਂ ਅਸਾਂ ਇੱਕ ਗੱਲ ਭਲੀ ਭਾਂਤ ਸਮਝਣੀ ਹੈ ਕਿ ਮਨੁੱਖਾ ਜੀਵਨ `ਚ ਸਿਧਾਂਤਕ ਪੱਖ ਹੀ ਹੁੰਦਾ ਹੈ ਜੋ ਸਦੀਵੀ, ਅ-ਬਦਲਵਾਂ ਤੇ ਜੁਗੋ ਜੁਗ ਅਟੱਲ ਹੁੰਦਾ ਹੈ। ਸਹੀ ਅਰਥਾਂ `ਚ ‘ਸੱਚਾ-ਸੁੱਚਾ ਮਨੁੱਖ ਹੋਣ ਲਈ ਜੀਵਨ ਦੇ ਕੁੱਝ ਮੂਲ ਤੇ ਇਲਾਹੀ ਸਿਧਾਂਤ ਹੁੰਦੇ ਹਨ। ਫ਼ਿਰ ਮਨੁੱਖ ਚਾਹੇ ਕਿਸੇ ਵੀ ਦੇਸ਼, ਰੰਗ, ਨਸਲ, ਕੁਲ `ਚ ਪੈਦਾ ਹੋਇਆ ਹੋਵੇ ਬਿਨਾ ਵਿਤਕਰਾ ਨਰ-ਮਾਦਾ, ਬੱਚਾ-ਬਿਰਧ ਹਰੇਕ ਨੂੰ ‘ਸੱਚ ਧਰਮ’ ਲਈ ਇਕੋ ਜਹੀ ਲੋੜ ਹੁੰਦੀ ਹੈ। ਅਜਿਹੇ ਜੀਵਨ ਵਾਲੇ ਨੂੰ ਹੀ ਗੁਰਬਾਣੀ `ਚ ‘ਗੁਰਮੁਖ’ ਕਿਹਾ ਹੈ। ਦੂਜੇ, ਸਿਧਾਂਤਕ ਪੱਖ ਅਥਵਾ ‘ਸੱਚ ਧਰਮ’ ਤੋਂ ਅਨਜਾਣ, ਮਨੁਖਾ ਜਨਮ ਲੈ ਕੇ ਵੀ, ਕੁਰਾਹੇ ਪਏ ਜਨਮ ਬਤੀਤ ਤੇ ਜ਼ਾਇਆ ਕਰ ਦਿੰਦੇ ਹਨ। ਜਨਮ ਜ਼ਾਇਆ ਕਰਣ ਦਾ ਅਰਥ ਹੈ ਪ੍ਰਭੂ ਵਲੋਂ ਮੁੜ ਜੂਨਾਂ `ਚ ਪਾ ਦੇਣਾ, ਜਨਮ ਦਾ ਸਫ਼ਲ ਨਾ ਹੋਣਾ। ਅਜਿਹੇ ਜੀਵਨ ਨੂੰ ਗੁਰਬਾਣੀ `ਚ ‘ਮਨਮੁਖ’ ਕਿਹਾ ਹੈ। ਅਜਿਹੇ ਜੀਵਨ ਲਈ ਹੀ “ਕਰਤੂਤਿ ਪਸੂ ਕੀ ਮਾਨਸ ਜਾਤਿ॥ ਲੋਕ ਪਚਾਰਾ ਕਰੈ ਦਿਨੁ ਰਾਤਿ” (ਪੰ: ੨੬੭) ਆਦਿ ਅਨੇਕਾਂ ਫ਼ੁਰਮਾਨ ਹਨ। ਮਨੁੱਖਾ ਜਨਮ ਦੇ ਸੱਚੇ ਤੇ ਸਦੀਵੀ ਸਿਧਾਂਤਾਂ ਤੋਂ ਖੁੰਜਿਆ ਮਨੁੱਖ ਜ਼ਾਹਿਰਾ ਧਰਮੀ ਹੋਵੇ ਭਾਵੇਂ ਨਾਸਤਿਕ; ਹਉਮੈ, ਵਿਕਾਰਾਂ ਤੋਂ ਨਹੀਂ ਬੱਚ ਸਕਦਾ। ਉਪ੍ਰੰਤ ਜੇ ਹੋਵੇ ਹੀ ਜ਼ਾਲਿਮ, ਧੋਖੇ ਬਾਜ਼, ਲੁਟੇਰਾ, ਸਮਗਲਰ ਆਦਿ ਤਾਂ ਬਾਕੀ ਰਹਿੰਦੀ ਕਸਰ ਵੀ ਪੂਰੀ ਹੋ ਜਾਂਦੀ ਹੈ।

ਦਰਅਸਲ ਮਨੁੱਖਾ ਜਨਮ ਦੇ ਸਿਧਾਂਤਕ ਪੱਖ ਦਾ ਹੀ ਪ੍ਰਗਟਾਵਾ ਹਨ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ”। ਇਹੀ ਕਾਰਨ ਹੈ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਸਦੀਵੀ ਤੇ ਜੁਗੋ ਜੁਗ ਅਟੱਲ ‘ਗੁਰੂ’ ਹਨ। ਮਨੁੱਖਾ ਜੀਵਨ ਦੀ ਸਦੀਵਕਾਲ ਲਈ ਰਾਹਦਾਰੀ ਕਰਣ ਵਾਲੇ ਤੇ ਮਨੁੱਖ ਨੂੰ ਜੀਵਨ ਦੀ ਉੱਚਤਮ ਅਵਸਥਾ `ਚ ਪੁਚਾ ਕੇ ਕਰਤੇ ਅਕਾਲਪੁਰਖ ਨਾਲ ਇੱਕ ਮਿਕ ਕਰਣ ਵਾਲੇ। ਇਸ ਤੋਂ ਬਾਅਦ ਆਉਂਦੇ ਹਨ ਗੁਰਬਾਣੀ `ਚ ਮਿਸਾਲਾਂ ਦੇ ਤਿੰਨ ਪੱਖ। ਉਹਨਾਂ `ਚੋਂ ਵੀ ਇੱਕ ਹਨ ਸਦੀਵੀ ਮਿਸਾਲਾਂ। ਦੂਜਾ ਮਿਥਹਾਸਕ ਤੇ ਤੀਜਾ ਸਮੇਂ ਸਥਾਨ ਨਾਲ ਸਦਾ ਬਦਲਣ ਵਾਲੀਆਂ ਮਿਸਾਲਾਂ। ਗੁਰਬਾਣੀ ਵਿਚਲੇ ਇਹੀ ਦੋ ਪੱਖ ਹਨ ਜਿਥੋਂ ਗੁਰਬਾਣੀ ਗਿਆਨ ਪੱਖੋਂ ਕੱਚੇ ਸੱਜਨ ਨੰ: ੩ ਅਨੁਸਾਰ ਇਹ ਟੱਪਲਾ ਖਾ ਜਾਂਦੇ ਹਨ ਕਿ ਗੁਰਬਾਣੀ ਸ਼ਾਇਦ ਹਰੇਕ ਮਿਥਿਹਾਸਿਕ ਘਟਣਾ ਦੀ ਪ੍ਰੋੜਤਾ ਕਰ ਰਹੀ ਹੈ ਤੇ ਉਸ ਨੂੰ ਸੱਚਾ ਦੱਸ ਰਹੀ ਹੈ। ਉਪ੍ਰੰਤ ਨੰ: ੪ ਤੋਂ ਭੁਲੇਖਾ ਖਾ ਕੇ ਕਹਿਣਾ ਅਰੰਭ ਕਰ ਦਿੰਦੇ ਹਨ ਕਿ ਸਮੇਂ ਨਾਲ ਗੁਰਬਾਣੀ ਦੀ ਵੀ ਹਰੇਕ ਗੱਲ ਸੱਚ ਨਹੀਂ। ਉਪ੍ਰੰਤ ਗੁਰਬਾਣੀ ਵਿਚਲਾ ਇਹ ਚੌਥਾ ਪੱਖ ਹੀ ਹੈ ਜਿਸ ਦੀ ਟੇਕ ਲੈ ਕੇ ਸ਼ਾਤਿਰ ਲੋਕ ਭੋਲੀਆਂ ਭਾਲੀਆਂ ਸੰਗਤਾਂ ਦਾ ਗੁਰਬਾਣੀ ਤੋਂ ਵਿਸ਼ਵਾਸ ਕਮਜ਼ੋਰ ਕਰਣ ਲਈ ਵਰਤਦੇ ਹਨ। ਤਾਂ ਤੇ ਗੁਰਬਾਣੀ ਵਿਚਲੇ ਇਹਨਾ ਪੱਖਾਂ `ਤੇ ਵਿਚਾਰ ਕਰਣੀ ਜ਼ਰੂਰੀ ਭਾਸਦੀ ਹੈ।

੧. ਗੁਰਬਾਣੀ ਦਾ ਸਿਧਾਂਤਕ ਪੱਖ - ਗੁਰਬਾਣੀ ਦਾ ਸਰਬ ਪ੍ਰਥਮ ਤੇ ਪ੍ਰਮੁਖ ਪੱਖ ਹੈ ਗੁਰਬਾਣੀ ਦਾ ‘ਸਿਧਾਂਤਕ ਪੱਖ’ ਤੇ ਇਸੇ ਪੱਖ ਲਈ ਗੁਰਬਾਣੀ `ਚ ਹੀ ਗੁਰਦੇਵ ਦਾ ਫ਼ੈਸਲਾ ਹੈ “ਸਚੁ ਪੁਰਾਣਾ ਨਾ ਥੀਐ, ਨਾਮੁ ਨ ਮੈਲਾ ਹੋਇ” (ਪੰ: ੧੨੪੮)। ਦਰਅਸਲ ਗੁਰਬਾਣੀ ਸੰਸਾਰ ਭਰ ਦੇ ਮਨੁੱਖ ਮਾਤ੍ਰ ਲਈ ਜੀਵਨ ਜਾਚ ਤੇ ਸਮੁਚੇ ਸੰਸਾਰ ਦਾ ਇਕੋ ਇੱਕ ‘ਗੁਰੂ’ ਹੈ। ਜਗਿਆਸੂ ਲਈ ਗੁਰਬਾਣੀ ਦਾ ‘ਸਿਧਾਂਤਕ ਪੱਖ’ ਨਿਖਰਦਾ ਵੀ ਉਦੋਂ ਹੀ ਹੈ ਜਦੋ ਉਸ ਨੂੰ ਸਮਝ ਆ ਜਾਵੇ ਕਿ ਗੁਰਬਾਣੀ ਉਹਨਾਂ ਸਿਧਾਂਤਾਂ ਨਾਲ ਓਤ-ਪ੍ਰੋਤ ਹੈ ਜਿਹੜੇ ਮਨੁੱਖਾ ਜੀਵਨ ਦੇ ‘ਸੱਚ ਧਰਮ’ ਨਾਲ ਸਬੰਧਤ ਹਨ। ਕੇਵਲ ਤੇ ਕੇਵਲ ਮਨੁੱਖਾ ਜੀਵਨ ਦੇ ਸੱਚ ਨੂੰ ਹੀ ਪ੍ਰਗਟ ਕਰਦੇ ਹਨ। ਗੁਰਬਾਣੀ ਜੀਵਨ ਜਾਚ ਅਜਿਹਾ ਸੱਚ ਹੈ ਜੋ ਮਨੁੱਖਾ ਜੀਵਨ ਅੰਦਰ ਰੱਬੀ ਗੁਣਾਂ ਨੂੰ ਉਜਾਗਰ ਕਰਦਾ ਹੈ ਤੇ ਮਨੁੱਖ ਨੂੰ ਅਉਗੁਣਾ ਤੋਂ ਛੁਟਕਾਰਾ ਦੇਣ ਦੇ ਸਮਰਥ ਹੈ। ਗੁਰਬਾਣੀ ਰਾਹੀਂ ਪ੍ਰਗਟ ਜੀਵਨ ਸਿਧਾਂਤ ਉਹ ਹਨ, ਜਿਨ੍ਹਾਂ ਦੀ ਸੋਝੀ-ਵਰਤੋਂ ਬਿਨਾ ਮਨੁੱਖਾ ਜੀਵਨ ਦੀ ਸਚਾਈ ਤੇ ਹੋਂਦ ਹੀ ਸਮਝ `ਚ ਨਹੀਂ ਆ ਸਕਦੀ। ਗੁਰਬਾਣੀ ਜੀਵਨ ਜਾਚ ਤੋਂ ਬਿਨਾ ਮਨੁੱਖ ਸਾਰੀ ਉਮਰ ਅਗਿਆਨਤਾ ਦੇ ਹਨੇਰੇ `ਚ ਹੀ ਠੋਕਰਾਂ ਖਾਂਦਾ ਅਮੁਲੇ ਜਨਮ ਨੂੰ ਵਿਅਰਥ ਕਰ ਜਾਂਦਾ ਹੈ।

ਨਕਲੀ ਜੀਵਨ `ਚ ਵਿਚਰਦਾ ਰਹਿ ਕੇ, ਅਮੁੱਲਾ ਜਨਮ ਬਰਬਾਦ ਕਰ ਲੈਂਦਾ ਹੈ ਤੇ ਮੁੜ ਜਨਮ ਮਰਨ ਦੇ ਗੇੜ `ਚ ਪਾ ਦਿੱਤਾ ਜਾਂਦਾ ਹੈ। ਸਾਰੀ ਉਮਰ ਮਨੁੱਖਾ ਜਨਮ ਦੀ ਅਸਲੀਅਤ ਨਾਲ ਜੁੜਣਾ ਤਾਂ ਦੂਰ, ਸੱਚੇ ਜੀਵਨ ਦੀ ਪਛਾਣ ਤੀਕ ਨਹੀਂ ਕਰ ਪਾਂਦਾ। ਗੁਰਬਾਣੀ ਦੇ ਸਦਾ ਥਿਰ ਰੱਬੀ ਗਿਆਨ-ਸੋਝੀ- ਜੀਵਨ-ਜਾਚ ਬਿਨਾ ਮਨੁਖਾ ਜੀਵਨ ਆਸ਼ਾਵਾਂ, ਤ੍ਰਿਸ਼ਨਾਵਾਂ, ਭਟਕਣਾ, ਮਾਨਸਿਕ ਤਨਾਵ, ਚਿੰਤਾਵਾਂ, ਡਰ-ਸਹਿਮਾਂ `ਚ ਹੀ ਵਿਅਰਥ ਹੋ ਜਾਂਦਾ ਹੈ। ਜੀਵਨ ਅੰਦਰ ਕਰਮਕਾਂਡ, ਠਗੀਆਂ ਹੇਰਾ ਫ਼ੇਰੀਆਂ, ਸੰਸਾਰ ਭਰ ਦੇ ਵੱਡੇ ਤੋਂ ਵੱਡੇ ਅਉਗੁਣ ਤੇ ਜੁਰਮ ਵੀ ਆਪਣੀ ਜਗ੍ਹਾ ਬਣਾ ਲੈਾਂਦੇ ਹਨ।

ਮਨੁੱਖ ਆਪ ਮਿਥੇ ਲੱਖਾਂ ਧਰਮ ਕਰਮ ਕਰ ਕੇ ਵੀ ਜੀਵਨ ਭਰ ਸੱਚ ਧਰਮ ਦੇ ਨੇੜੇ ਨਹੀਂ ਪੁੱਜ ਸਕਦਾ। ਮਨੁੱਖ ਦੇ ਇਸੇ ਅਸਲੀ ਤੇ ਨਕਲੀ ਜੀਵਨ ਵਾਲੀ ਖੇਡ ਨੂੰ ਕਬੀਰ ਸਾਹਿਬ ਇਸ ਤਰ੍ਹਾਂ ਬਿਆਨਦੇ ਹਨ, “ਬਿਦਿਆ ਨ ਪਰਉ, ਬਾਦੁ ਨਹੀਂ ਜਾਨਉ॥ ਹਰਿ ਗੁਨ ਕਥਤ ਸੁਨਤ ਬਉਰਾਨੋ॥ ੧॥ ਮੇਰੇ ਬਾਬਾ, ਮੈ ਬਉਰਾ, ਸਭ ਖਲਕ ਸੈਆਨੀ, ਮੈ ਬਉਰਾ॥ ਮੈ ਬਿਗਰਿਓ, ਬਿਗਰੈ ਮਤਿ ਅਉਰਾ॥ ੧॥ ਰਹਾਉ॥ ਆਪਿ ਨ ਬਉਰਾ, ਰਾਮ ਕੀਓ ਬਉਰਾ॥ ਸਤਿਗੁਰੁ ਜਾਰਿ ਗਇਓ ਭ੍ਰਮੁ ਮੋਰਾ॥ ੨॥ ਮੈ ਬਿਗਰੇ ਅਪਨੀ ਮਤਿ ਖੋਈ॥ ਮੇਰੇ ਭਰਮਿ ਭੂਲਉ ਮਤਿ ਕੋਈ॥ ੩॥ ਸੋ ਬਉਰਾ, ਜੋ ਆਪੁ ਨ ਪਛਾਨੈ॥ ਆਪੁ ਪਛਾਨੈ, ਤ ਏਕੈ ਜਾਨੈ॥ ੪॥ ਅਬਹਿ ਨ ਮਾਤਾ, ਸੁ ਕਬਹੁ ਨ ਮਾਤਾ॥ ਕਹਿ ਕਬੀਰ ਰਾਮੈ ਰੰਗਿ ਰਾਤਾ” (ਪੰ: ੮੫੫) ਬਲਕਿ ਇਥੋਂ ਤੀਕ ਚੇਤਾਵਨੀ ਦਿੰਦੇ ਹਨ ਕਿ ਮਨੁੱਖਾ ਜਨਮ ਲੈ ਕੇ ਵੀ ਜਿਹੜੇ ਇਸ ਜਨਮ ਦੇ ਸੱਚ ਨੂੰ ਨਹੀਂ ਪਛਾਣਦੇ “ਅਬਹਿ ਨ ਮਾਤਾ, ਸੁ ਕਬਹੁ ਨ ਮਾਤਾ” ਅਨੁਸਾਰ ਆਪਣਾ ਜਨਮ ਬਿਰਥਾ ਕਰਕੇ ਜਾਂਦੇ ਹਨ।

ਗੁਰਦੇਵ ਨੇ ਗੁਰਬਾਣੀ `ਚ ਜੋ ਵੀ ਮਨੁੱਖਾ ਜੀਵਨ ਲਈ ਸੱਚ ਤੇ ਜੀਵਨ ਸਿਧਾਂਤ ਪ੍ਰਗਟ ਕੀਤੇ ਹਨ “ਸਚੁ ਪੁਰਾਣਾ ਹੋਵੈ ਨਾਹੀ” (ਪੰ: ੯੫੫) ਅਨੁਸਾਰ ਸਦੀਆਂ ਬੀਤ ਜਾਣ ਤੋਂ ਬਾਅਦ ਅੱਜ ਵੀ ਗੁਰਬਾਣੀ ਰਾਹੀਂ ਬਖਸ਼ੇ ਜੀਵਨ ਸਿਧਾਂਤ ਉਤਨੇ ਹੀ ਸੱਚ ਹਨ ਜਿਨੇਂ ਸਦੀਆਂ ਪਹਿਲਾਂ ਸਨ। ਜਦਕਿ ਇਸ ਦੌਰਾਨ ਸੰਸਾਰ ਸੁੰਘੜ ਕੇ ਇੱਕ ਛੋਟੇ ਜਿਹੇ ਪ੍ਰਵਾਰ ਦਾ ਰੂਪ ਲੈ ਚੁੱਕਾ ਹੈ, ਵਿਗਿਆਨ ਪਲਾਂਘਾ ਪੁੱਟ ਕੇ ਦੂਜੇ ਗ੍ਰਿਹਾਂ ਤੇ ਕਦਮ ਰਖ ਚੁੱਕਾ ਹੈ। ਸੰਸਾਰ `ਚ ਵੱਡੇ ਵੱਡੇ ਵਿਚਾਰਵਾਨ, ਦਰਸ਼ਨ ਵੇਤਾ, ਧਾਰਮਿਕ ਆਗੂ, ਸਮਾਜ ਸੁਧਾਰਕ ਵੀ ਪੈਦਾ ਹੋਏ ਹਨ ਪਰ ਗੁਰਬਾਣੀ ਦੇ ਸੱਚ ਵੱਲ ਕੋਈ ਉਂਗਲੀ ਵੀ ਨਹੀਂ ਕਰ ਸਕਿਆ। ਸਦੀਆਂ ਬੀਤ ਜਾਣ ਬਾਅਦ ਵੀ ਗੁਰਬਾਣੀ ਰਾਹੀਂ ਪ੍ਰਗਟ ‘ਸੱਚ ਧਰਮ ਦੇ ਜੀਵਨ ਸਿਧਾਂਤਾਂ `ਤੇ ਕੋਈ ਵਿਰੋਧੀ ਵੀ ਕਿਉਂ ਕਿੰਤੂ ਨਹੀਂ ਕਰ ਸਕਿਆ।

ਗੁਰਬਾਣੀ ਦਾ ਸੱਚ ਤੇ ਗੁਰੂਡੰਮ- ਗੁਰਬਾਣੀ ਦੇ ਜੁਗੋ ਜੁਗ ਅਟੱਲ ਸਿਧਾਂਤਕ ਪੱਖ ਨੂੰ ਇੱਕ ਪੱਖੋਂ ਹੋਰ ਵੀ ਵੇਖਿਆ-ਪਛਾਣਿਆ ਜਾ ਸਕਦਾ ਹੈ। ਅਜੋਕੇ ਸਮੇਂ, ਜਿਹੜੇ ਠੱਗ ਬਿਰਤੀ ਲੋਕ, ਮਨੁੱਖਾ ਜਨਮ ਦੀ ਅਮੁਲਤਾ ਨੂੰ ਤਾਂ ਪਛਾਣਦੇ ਨਹੀਂ, ਪਰ ਰਾਲਾਂ ਟਪਕ ਰਹੀਆਂ ਹੁੰਦੀਆਂ ਹਨ ਕਿਵੇਂ ਲੋਕਾਈ ਨੂੰ ਵੱਧ ਤੋਂ ਵੱਧ ਲੁਟਿਆ-ਠਗਿਆ ਜਾ ਸਕੇ। ਅਜੋਕੇ ਪੜ੍ਹਾਈ-ਲਿਖਾਈ ਤੇ ਵਿਗਿਆਨ ਦੇ ਜੁੱਗ `ਚ ਤਾਂ ਇਹਨਾ ਠੱਗਾਂ ਪਾਖੰਡੀਆਂ `ਚ ਬੜੇ ਬੜੇ ਪੜ੍ਹੇ ਲਿਖੇ, ਡਿਗਰੀਆਂ-ਡਿਪਲੋਮੇ ਹੋਲਡਰ, ਸ਼ਾਤਰ ਦਿਮਾਗ਼ ਵੀ ਹਨ। ਇਹਨਾ ਸਾਰਿਆਂ ਦਾ ਨਿਸ਼ਾਨਾ ਇਕੋ ਹੀ ਹੁੰਦਾ ਹੈ, ਕਿਵੇਂ ਲੋਕਾਂ ਨੂੰ ਵੱਧ ਤੋਂ ਵੱਧ ਗੁਮਰਾਹ ਕੀਤਾ ਤੇ ਲੁੱਟਿਆ ਜਾਵੇ। ਖੂਬੀ ਇਹ ਕਿ ਇਹਨਾ ਸਾਰਿਆਂ ਨੂੰ ਸੰਸਾਰ ਭਰ `ਚੋਂ ਪੰਜਾਬ ਤੇ ‘ਗੁਰਬਾਣੀ ਸੱਚ’ ਦੀ ਕੁਵਰਤੋਂ ਹੀ ਨਜ਼ਰ ਆਉਂਦੀ ਹੈ। ਫ਼ਿਰ ਭਾਵੇਂ ਉਹ ਗੋਲ ਪੱਗਾਂ ਵਾਲਾ ਜਾਂ ਕੋਈ ਵੀ ਭੇਖ ਧਾਰਨ ਕਰ ਲੈਣ। ਉਹਨਾਂ ਸਾਰਿਆਂ ਕੋਲ ਰਸਤਾ ਤੇ ਨਿਸ਼ਾਨਾ ਪੰਜਾਬ ਤੇ ਗੁਰਬਾਣੀ ਦੀ ਕੁਵਰਤੋਂ ਹੀ ਹੁੰਦਾ ਹੈ, ਦੂਜਾ ਨਹੀਂ। ਇਹ ਠੱਗ, ਗੁਰਬਾਣੀ ਦੀਆਂ ਟੂਕਾਂ ਤੇ ਪੰਕਤੀਆਂ ਨੂੰ ਖੁਲਮ-ਖੁੱਲਾ ਗੁਰਬਾਣੀ ਸਿਧਾਂਤਾਂ ਵਿਰੁਧ ਤੇ ਮਨ-ਮਰਜ਼ੀ ਦੇ ਅਰਥ ਕਰ ਕੇ ਵਰਤਦੇ ਹਨ। ਆਪਣੀਆਂ ਦੁਕਾਨਾਂ ਚਲਾਉਣ ਲਈ, ਇਹ ਸ਼ਾਤਿਰ ਦਿਮਾਗ਼, ਲੋਕਾਈ ਦੇ ਬਹੁਮੁਲੇ ਮਨੁੱਖਾ ਜਨਮ ਨਾਲ ਖਿਲਣਾੜ ਕਰਦੇ ਤੇ ਉਹਨਾਂ ਦਾ ਸ਼ੋਸ਼ਣ ਕਰਦੇ ਹਨ।

ਹਿਸਾਬ ਲਗਾਉ! ਸੰਸਾਰ ਭਰ `ਚ ਨਾ ਧਰਮਾਂ ਦਾ ਘਾਟਾ ਹੈ, ਨਾ ਧਰਮ ਗ੍ਰੰਥਾਂ ਦਾ, ਫ਼ਿਰ ਵੀ ਇਹਨਾ ਸਾਰਿਆਂ ਕੋਲ ਗੁਰਬਾਣੀ ਦੀ ਕੁਵਰਤੋਂ ਵਾਲਾ ਹੀ ਰਸਤਾ ਹੁੰਦਾ ਹੈ ਤਾਂ ਕਿਉਂ? ਇਹ ਬਹੁਤ ਵੱਡਾ ਸਬੂਤ ਹੈ ਕਿ ਗੁਰਬਾਣੀ ਵਾਲੇ ਸੱਚ ਦੀ ਕੁਵਰਤੋਂ ਕਰਣ ਬਿਨਾ ਇਹਨਾ ਨੂੰ ਸੰਸਾਰ ਭਰ ਦੇ ਧਰਮ ਗ੍ਰੰਥਾਂ ਤੇ ਇਲਕਿਆਂ ਚੋਂ ਕਿਧਰੇ ਵੀ ਆਪਣੀ ਦੁਕਾਨ ਚਲਦੀ ਨਜ਼ਰ ਨਹੀਂ ਆਉਂਦੀ। ਜਿਥੇ ਵੀ ਇਹਨਾ ਪਾਖੰਡੀਆਂ ਦੀਆਂ ਦੁਕਾਨਾਂ ਤੇ ਉਥੇ ਹੀ ਉਹਨਾਂ ਦੁਕਾਨਾ `ਤੇ ਸੰਗਤਾਂ ਦੀਆਂ ਕਤਾਰਾਂ। ਗਹਰੀ ਨਜ਼ਰ ਮਾਰੋ, ਦੋ ਹੀ ਗੱਲਾਂ `ਚ ਸਾਂਝ ਮਿਲੇਗੀ। ਪਹਿਲਾ, ਪਾਖੰਡੀਆਂ ਕੋਲ ਗੁਰਬਾਣੀ ਤੁੱਕਾਂ, ਪੰਕਤੀਆਂ ਦੀ ਕੁਵਰਤੋ ਤੇ ਦੂਜੇ ਪਾਸੇ ਗੁਰੂ ਕੀਆਂ ਸੰਗਤਾਂ ਵਿਚਾਲੇ ਗੁਰਬਾਣੀ ਵਿਚਾਰ-ਸੋਝੀ ਪੱਖੋਂ ਦਿਵਾਲਾ, ਅਗਿਆਨਤਾ ਦਾ ਹਨੇਰਾ। ਇਹ ਪਾਖੰਡੀ ਦੰਭੀ, ਸੰਗਤਾਂ ਦੇ ਮਨਾਂ `ਚ ਵੱਧ ਤੋਂ ਵੱਧ ਅਗਿਆਨਤਾ, ਪਾਖੰਡ ਤੇ ਵਹਿਮ-ਭਰਮ-ਸਹਿਮ ਭਰ ਕੇ ਉਹਨਾਂ ਦੇ ਜੀਵਨ ਤੇ ਰਹਿਨੀ ਅੰਦਰ ਮੰਗਾਂ-ਆਸ਼ਾਵਾਂ-ਤ੍ਰਿਸ਼ਨਾਵਾਂ ਵਾਲਾ ਭਾਂਬੜ ਬਾਲ ਕੇ ਉਹਨਾਂ ਨੂੰ ਕੁਰਾਹੇ ਪਾਂਦੇ ਤੇ ਲੁਟਦੇ ਹਨ।

ਕਿਤਨਾ ਫ਼ਰਕ ਹੈ- ਸ਼ੱਕ ਨਹੀਂ, ਅਜਿਹੀਆਂ ਦੰਭ-ਪਖੰਡ ਦੀਆਂ ਦੁਕਾਨਾਂ, ਦਸਾਂ ਜਾਮਿਆਂ ਸਮੇਂ ਵੀ ਖੁਲਦੀਆਂ ਰਹੀਆਂ ਪਰ ਇੱਕ ਵੀ ਸਫ਼ਲ ਨਾ ਹੋਈ। ਕਾਰਨ ਇਕੋ ਸੀ, ਦਸਾਂ ਪਾਤਸ਼ਾਹੀਆਂ ਤੀਕ ਗੁਰਬਾਣੀ-ਅਰਥ, ਵਿਚਾਰ, ਪ੍ਰਚਾਰ, ਪ੍ਰਸਾਰ ਉਪਰ ਗੁਰਦੇਵ ਦਾ ਕੁੰਡਾ ਇਨਾਂ ਮਜ਼ਬੂਤ ਸੀ ਕਿ ਅਣਪੜ੍ਹ ਨੂੰ ਵੀ ਗੁਰਬਾਣੀ ਜੀਵਨ-ਜਾਚ ਪ੍ਰਤੱਖ ਹੋ ਜਾਂਦੀ ਸੀ। ਉਪ੍ਰੰਤ ਅੱਜ ਵਾਂਗ ਗੁਰਬਾਣੀ ਚੋਂ ਪੰਕਤੀਆਂ-ਟੂਕਾਂ ਚੁਰਾ ਕੇ ਸੰਗਤਾਂ ਨੂੰ ਗੁਮਰਾਹ ਕਰਣਾ ਜਾਂ ਸੰਗਤਾਂ ਦਾ ਸ਼ੋਸ਼ਣ ਤਾਂ ਦੂਰ; ਉਦੋਂ ਇਹ ਸ਼ਾਤਿਰ ਲੋਕ, ਖੁਲਮਖੁਲਾ ਨਾਨਕ ਪਦ ਤੇ ਭਗਤਾਂ ਦੇ ਨਾਵਾਂ ਨਾਲ ਨਕਲੀ ਬਾਣੀਆਂ ਰਚ ਕੇ ਅਤੇ ਗੁਰਬਾਣੀ ਵਾਲਾ ਚੋਲਾ ਪਾ ਕੇ ਵੀ ਸੰਗਤਾਂ ਨੂੰ ਗੁਮਰਾਹ ਨਹੀਂ ਸਨ ਕਰ ਸਕੇ। ਜਦਕਿ ਉਦੋਂ ਇਹ ਦੁਕਾਨਾਂ ਬਾਹਰੋਂ ਨਹੀਂ ਬਲਕਿ ਗੁਰੂ ਪ੍ਰਵਾਰਾਂ ਚੋਂ ਹੀ ਖੁਲਦੀਆਂ ਰਹੀਆਂ।

ਇਸ ਦੇ ਉਲਟ ਅੱਜ ਜੇ ਕੋਈ ਬਿਹਾਰ ਤੋਂ ਚਲਾ ਆਵੇ ਜਾਂ ਆਪਣੇ ਆਪ ਨੂੰ ਕਿਸੇ ਗੁਰੂ ਜਾਮੇ ਦੀ ਅਠਾਰਵੀਂ-ਵੀਹਵੀਂ ਪੀੜ੍ਹੀ ਤੀਕ ਦੱਸ ਦੇਵੇ; ਕਿਸੇ ਗੁਰੂ ਜਾਮੇ ਸਮੇਂ ਆਪਣੇ ਪੂਰਵਜਾਂ ਨੂੰ ਗੁਰੂ ਸਾਹਿਬ ਵਲੋਂ ਬਖਸ਼ੀ ਕਿਸੇ ਗੱਦੀ ਦਾ ਰਾਗ ਅਲਾਪ ਦੇਵੇ, ਸੰਗਤਾਂ ਕਤਾਰਾਂ ਲਗਾ ਦਿੰਦੀਆਂ ਹਨ। ਹੋਰ ਤਾਂ ਹੋਰ ਜੇਕਰ ਕੋਈ ਪਾਖੰਡੀ, ਕਿਸੇ ਮੜ੍ਹੀ ਕਬਰ `ਤੇ ਜਾਂ ਉਂਜ ਹੀ “ਗੁਰੂ ਗ੍ਰੰਥ ਸਾਹਿਬ ਜੀ” ਦਾ ਪ੍ਰਕਾਸ਼ ਕਰਕੇ ਬੈਠ ਜਾਵੇ ਫ਼ਿਰ ਭਾਵੇਂ ਰੱਜ ਕੇ ਗੁਰਮਤਿ ਵਿਰੁਧ ਜਿਨੇਂ ਮਰਜ਼ੀ ਕੰਮ ਕਰੇ, ਜਾਂ ਪਾਖੰਡ ਪ੍ਰਚਾਰ ਕਰੇ, ਕੋਈ ਪੁਛਣ ਵਾਲਾ ਨਹੀਂ ਅਤੇ ਸੰਗਤਾਂ ਦੀਆਂ ਕਤਾਰਾਂ ਉਥੇ ਵੀ ਹਨ।

ਦਰਅਸਲ ਇਹ ਵੀ ਗੁਰੂ ਕਾਲ ਤੋਂ ਸੰਗਤਾਂ ਦੇ ਮਨਾਂ `ਤੇ ਗੁਰਬਾਣੀ ਦੇ ਸਦੀਵੀ ਸੱਚ ਵਾਲੇ ਪ੍ਰਭਾਵ ਹੀ ਹਨ ਜਿਨ੍ਹਾਂ ਸਦਕਾ ਅੱਜ ਗੁਰਬਾਣੀ ਸੋਝੀ ਵਿਚਾਰ ਤੇ ਜੀਵਨ-ਜਾਚ ਤੋਂ ਖਾਲੀ ਹੋ ਚੁੱਕੀਆਂ ਸੰਗਤਾਂ ਕੇਵਲ ਗੁਰਬਾਣੀ ਦੀ ਵਰਤੋਂ ਵਾਲਾ ਭੁਲੇਖਾ ਖਾ ਕੇ ਹੀ, ਆਪਣਾ ਆਪ ਪਾਖੰਡੀਆਂ ਦੀਆਂ ਕੁਚਾਲਾਂ ਤੋਂ ਨਿਛਾਵਰ ਕਰ ਦਿੰਦੀਆਂ ਹਨ, ਠੀਕ ਉਸੇ ਤਰ੍ਹਾਂ ਜਿਵੇਂ ਪਤੰਗੇ ਲੋਅ ਤੋਂ। ਸਮਝਣਾ ਹੈ ਕਿ ਜਿਸ ਗੁਰਬਾਣੀ ਦੀ ਖੁਸ਼ਬੂ `ਚ ਹੀ ਇਨੀਂ ਖਿੱਚ ਹੈ, ਜੇਕਰ ਅੱਜ ਵੀ ਗੁਰਬਾਣੀ ਵਾਲਾ ਸੱਚ ਆਪਣੇ ਸ਼ੁਧ ਸਰੂਪ `ਚ ਸੰਗਤਾਂ ਤੀਕ ਪੁੱਜੇ ਤਾਂ ਗੁਰਬਾਣੀ ਦਾ ਸਦੀਵੀ ਤੇ “ਜੁਗੋ ਜੁਗ ਅਟੱਲ” ਹੋਣਾ ਜਾਂ ਪਾਤਸ਼ਾਹ ਰਾਹੀਂ ਆਪਣੇ ਦਸ ਜਾਮਿਆਂ `ਚ ਪ੍ਰਗਟ ਕੀਤਾ ਸਿੱਖ ਧਰਮ, ਅੱਜ ਵੀ ਸੰਸਾਰ ਪੱਧਰ ਦਾ ਸਨਮਾਨਿਤ ਧਰਮ ਬਣ ਸਕਦਾ ਹੈ।

ਗੁਰਬਾਣੀ ਦਾ ਸਿਧਾਂਤਕ ਚਾਨਣ-ਗੁਰਬਾਣੀ ਫ਼ੁਰਮਾਨ ਹੈ “ਸਚੁ ਪੁਰਾਣਾ ਨਾ ਥੀਐ ਨਾਮੁ ਨ ਮੈਲਾ ਹੋਇ” (ਪੰ: ੧੨੪੮) ਭਾਵ ਜੀਵਨ `ਚ ਜੇਕਰ ਪ੍ਰਭੂ ਦੀ ਸਿਫ਼ਤ ਸਲਾਹ ਵੱਸ ਜਾਵੇ ਤਾਂ ਸੰਸਾਰ ਦੀ ਕੋਈ ਵੀ ਮਲੀਨਤਾ, ਵਿਕਾਰ ਮਨੁੱਖ `ਤੇ ਹਾਵੀ ਨਹੀਂ ਹੋ ਸਕਦੇ। ਮਨੁੱਖ ਦੇ ਜੀਵਨ `ਚ ਕਿਸੇ ਪ੍ਰਕਾਰ ਦੀ ਖੋਟ ਤੇ ਅਉਗੁਣ ਨਹੀਂ ਰਹਿੰਦੇ। ਇਸੇ ਲਈ ਗੁਰਸਿੱਖ ਦੇ ਜੀਵਨ ਲਈ ਝਾਲਾਗੇ ਦਾ ਜਾਗਣਾ, ਇਸ਼ਨਾਨ ਪਾਣੀ, ਸਾਧਸੰਗਤ ਤੇ ਨਾਮ-ਬਾਣੀ ਤੋਂ ਬਾਅਦ ਹੀ ਕਿਸੇ ਸੰਸਾਰਕ ਕਾਰ ਵਿਹਾਰ ਵਲ ਵਧਣਾ “ਜੁਗੋ ਜੁਗ ਅਟੱਲ ਗੁਰਬਾਣੀ” ਤੋਂ ਪ੍ਰਗਟ ਸਿਧਾਂਤ ਤੇ ਆਦੇਸ਼ ਹੈ। ਇਸ ਤਰ੍ਹਾਂ ਗੁਰਬਾਣੀ ਤੋਂ ਹੀ ਪ੍ਰਗਟ ਕੁੱਝ ਸਦੀਵੀ ਫ਼ੈਸਲੇ ਤੇ ਸਿਧਾਂਤ (੧) ਸਾਰੀ ਰਚਨਾ ਕੇਵਲ ੴ ਦਾ ਹੀ ਪਸਾਰਾ ਤੇ ਉਸੇ ਦਾ ਸਰਗੁਣ ਸਰੂਪ ਹੈ। (੨) ੴ ਹੀ ਸਦੀਵੀ ਹੈ ਜਦਕਿ ੴ ਭਾਵ ਅਕਾਲਪੁਖ ਬਿਨਾ ਕੁੱਝ ਵੀ ਸਦੀਵੀ ਨਹੀਂ। (੩) ਪੁਰਾਤਨ ਸਮੇਂ ਤੋਂ ਦਿੱਤਾ ਜਾ ਰਿਹਾ ਵਿਸ਼ਵਾਸ, ਨਿਰਗੁਣ-ਸਰਗੁਣ ਅੱਡ ਅੱਡ ਹਨ, ਠੀਕ ਨਹੀਂ। ਨਿਰਗੁਣ-ਸਰਗੁਣ ਦੋ ਨਹੀਂ, ਅਕਾਲਪੁਰਖ ਦੇ ਹੀ ਦੋ ਨਿਜ ਗੁਣ ਤੇ ਪ੍ਰਗਟਾਵੇ ਹਨ। (੪) ਮੂਲ ਸਰੂਪ `ਚ ਰੂਪ ਰੇਖ ਰੰਗ ਤੋਂ ਨਿਆਰਾ ਹੋਣ ਕਰਕੇ ਪ੍ਰਭੂ ਆਪਣੇ ਨਿਰਗੁਨ ਸਰੂਪ `ਚ ਹੁੰਦਾ ਹੈ। ਜਦਕਿ ਮਨੁੱਖਾ ਸਰੀਰ ਸਮੇਤ ਸਮਸਤ ਰਚਨਾ ਪ੍ਰਭੂ ਦੀ ਹੋਂਦ ਤੇ ਉਸੇ ਦਾ ਸਰਗੁਣ ਪ੍ਰਗਟਾਵਾ ਹੈ। ਇਸੇ ਲਈ ਗੁਰਬਾਣੀ `ਚ ਪ੍ਰਭੂ ਨੂੰ ਜਗਜੀਵਨ ਦਾਤਾ ਤੇ ‘ਪ੍ਰਾਣ ਆਧਾਰ’, ‘ਪ੍ਰਾਣ ਨਾਥ’ ਆਦਿ ਵੀ ਕਿਹਾ ਹੈ। (੫) ਇਸੇ ਨਿਰਗੁਨ- ਸਰਗੁਨ ਵਾਲੇ ਸਪਸ਼ਟੀਕਰਣ ਲਈ, ਇਸ ਨੂੰ ਇਸ ਤਰ੍ਹਾਂ ਵੀ ਸਮਝ ਸਕਦੇ ਹਾਂ ਜਿਵੇਂ ਸਾਡੇ ਸਰੀਰ ਨੂੰ ਪ੍ਰਭੂ ਦੇ ਨੂਰ ਦੀ ਲੋੜ ਹੈ। ਪ੍ਰਭੂ ਦੇ ਨੂਰ ਤੋਂ ਬਿਨਾ ਸਾਡਾ ਵਜੂਦ ਨਹੀਂ ਰਹਿੰਦਾ। ਜੇ ਕਰ ਸਾਡੇ ਸਰੀਰ ਤੋਂ ਪ੍ਰਭੂ ਦਾ ਨੂਰ ਅੱਡ ਹੋ ਜਾਏ ਤਾਂ ਚਲਦਾ-ਫ਼ਿਰਦਾ ਸਰੀਰ ਵੀ ਮਿੱਟੀ ਦਾ ਢੇਰ ਹੋ ਕੇ ਹੀ ਰਹਿ ਜਾਂਦਾ ਹੈ। ਜਦਕਿ ਪ੍ਰਭੂ ਸਾਡੇ ਸਰੀਰਾਂ ਦੇ ਬਿਨਸਨ ਬਾਅਦ ਵੀ ਉਸੇ ਤਰ੍ਹਾਂ ਕਾਇਮ ਰਹਿੰਦਾ ਹੈ, ਬਿਨਸਦਾ ਨਹੀਂ। ਠੀਕ ਇਹੀ ਨਿਯਮ ਪ੍ਰਭੂ ਦੀ ਸਾਰੀ ਰਚਨਾ `ਤੇ ਲਾਗੂ ਹੁੰਦਾ ਹੈ। ਜਦ ਤੀਕ ਰਚਨਾ ਅੰਦਰ ਕਰਤੇ ਦਾ ਨੂਰ ਹੈ ਤਦ ਤੀਕ ਕਾਇਮ ਹੈ, ਨਹੀਂ ਤਾਂ ਪ੍ਰਭੂ ਆਪ ਹੀ ਆਪ ਹੈ, ਉਸ ਦਾ ਅੰਤ ਨਹੀਂ ਹੁੰਦਾ। (੬) ਗੁਰਬਾਣੀ ਰਾਹੀਂ ਪ੍ਰਗਟ ਰਜ਼ਾ-ਭਾਣੇ ਵਾਲਾ ਜੀਵਨ ਹੀ ਸਾਰੀਆਂ ਸੰਸਾਰਕ ਤੇ ਮਨੁੱਖ ਦੀਆਂ ਸਮਸਿਆਵਾਂ ਦਾ ਹੱਲ ਹੈ। (੭) ਅਕਾਲਪੁਰਖ ਇੱਕ ਹੈ ਅਤੇ ਸੰਸਾਰ ਦੇ ਜ਼ਰੇ ਜ਼ਰੇ ਤੇ ਜੀਵ ਜੀਵ `ਚ ਉਸੇ ਦਾ ਵਾਸਾ ਹੈ। (੮) ਕਰਤਾ ਸਾਰੀ ਰਚਨਾ `ਚ ਇੱਕ ਰਸ ਵਿਆਪਕ ਹੈ। ਕਰਤੇ ਨੂੰ ਵਿਸਾਰ ਕੇ ਲੱਖਾਂ-ਕਰੋੜਾਂ ਇਸ਼ਟ ਤੇ ਉਹਨਾਂ ਦੀ ਅਰਚਾ-ਪੂਜਾ, ਅਗਿਆਨਤਾ ਦੀ ਉਪਜ ਹਨ।

(੯) ਪ੍ਰਭੂ ਦੀ ਰਚਨਾ ਬੇਅੰਤ ਤੇ ਅਨੰਤ ਖੰਡਾ-ਬ੍ਰਿਹਮੰਡਾਂ `ਚ ਫੈਲੀ ਹੋਈ ਹੈ। ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। (੧੦) ਮਨੁੱਖਾ ਜੀਵਨ ਦੀ ਅਸਲੀਅਤ ਨੂੰ ਪ੍ਰਾਪਤ ਕਰਣ ਦਾ ਇਕੋ ਹੀ ਢੰਗ ਹੈ ਤੇ ਉਹ ਹੈ ਪ੍ਰਭੂ ਦੇ ਨਿਰਮਲ ਭਉ `ਚ ਰਹਿੰਦੇ, ਸਾਰੇ ਕਾਰ-ਵਿਹਾਰ ਤੇ ਦੁਨੀਆਦਾਰੀ। ਇਸ ਤਰ੍ਹਾਂ ਮਨੁੱਖ ਦੀ ਕਰਣੀ `ਚ ਅਉਗੁਣ ਤੇ ਵਿਕਾਰ ਪ੍ਰਵੇਸ਼ ਹੀ ਨਹੀਂ ਕਰ ਸਕਦੇ (੧੧) ਝਾਲਾਗੇ ਜਾਗਣਾ ਤੇ ਹਰੀ ਰਸ `ਚ ਜੁੜਣਾ ਹੀ ਮਨੁੱਖਾ ਜੀਵਨ ਲਈ ਸਰਬ ਉੱਤਮ ਖ਼ੁਰਾਕ ਵੀ ਹੈ ਤੇ ਗੁਣ ਵੀ। ਇਸ ਨਾਲ ਸਰੀਰਕ ਹੀ ਨਹੀਂ ਮਾਨਸਿਕ ਰੋਗਾਂ ਤੋਂ ਵੀ ਛੁਟਕਾਰਾ ਮਿਲਦਾ ਹੈ। ਜੀਵਨ `ਚ ਇਲਾਹੀ ਗੁਣਾਂ ਦਾ ਪ੍ਰਗਾਸ ਹੁੰਦਾ ਹੈ ਤੇ ਅਉਗੁਣਾ ਦਾ ਨਾਸ ਹੁੰਦਾ ਹੈ (੧੨) ੮੪ ਲਖ ਜੂਨਾਂ, ਤਿੰਨ ਖਾਣੀਆਂ, ਸੰਸਾਰ ਰਚਨਾ ਕਦੋਂ ਤੇ ਕਿਵੇਂ ਹੋਈ? ਆਦਿ ਇਸ ਤਰ੍ਹਾਂ ਪ੍ਰਭੂ ਰਚਨਾ ਦੇ ਕਿਸੇ ਵੀ ਅੰਗ `ਤੇ ਗਿਣਤੀਆਂ ਮਿਣਤੀਆਂ ਜਾਂ ਅੰਤ ਦੀਆਂ ਲਕੀਰਾਂ ਲਗਾਉਨੀਆਂ ਨਿਰੋਲ ਅਗਿਆਨਤਾ, ਮੁਰਖਤਾ ਤੇ ਲੋਕਾਈ ਨੂੰ ਧੋਖਾ ਦੇਣਾ ਹੈ। (੧੩) ਕਰਤਾ, ਅਵਤਾਰ ਧਾਰ-ਧਾਰ ਕੇ ਨਹੀਂ ਆਉਂਦਾ ਜਿਵੇਂ ਰਾਮ ਜਾਂ ਕ੍ਰਿਸ਼ਨ ਜੀ ਆਦਿ ਬਾਰੇ ਪ੍ਰਚਾਰਿਆ ਜਾਂਦਾ ਹੈ। ਪ੍ਰਭੂ ਅਜੂਨੀ ਵੀ ਹੈ ਤੇ ਸੈਭੰ ਵੀ; ਉਹ ਜਨਮ ਮਰਨ ਤੋਂ ਬਾਹਿਰ ਤੇ ਹਰ ਸਮੇਂ ਜ਼ਰੇ ਜ਼ਰੇ `ਚ ਮੌਜੂਦ ਹੈ।

(੧੪) ਸੰਪੂਰਨ ਮਨੁੱਖ ਜਾਤੀ ਦਾ ‘ਗੁਰੂ’ ਇਕੋ ਹੈ ਜੋ ਸਦੀਵੀ ਤੇ ਪ੍ਰਭੁ ਦਾ ਹੀ ਨਿਜ ਗੁਣ ਹੈ। ਜੀਵਨ ਅੰਦਰ ‘ਸ਼ਬਦ ਗੁਰੂ’ ਦੇ ਪ੍ਰਗਟਾਵੇ ਬਿਨਾ, ਮਨੁੱਖ ਨੂੰ ਆਪਣੇ ਅਸਲੇ ਅਕਾਲਪੁਰਖ ਦੀ ਸਮਝ ਹੀ ਨਹੀਂ ਆ ਸਕਦੀ। (੧੫) ਗੁਰਬਾਣੀ ਅਨੁਸਾਰ ‘ਗੁਰੂ’ ਸਰੀਰ ਨਹੀਂ ਤੇ ਨਾ ਹੀ ‘ਗੁਰੂ’ ਭਿੰਨ ਭਿੰਨ ਹੁੰਦੇ ਹਨ (੧੬) ਸੰਸਾਰ ਭਰ ਦੇ ਜੀਵਾਂ ਨੂੰ ਜਨਮ, ਦਾਤਾਂ ਦੇਣ ਵਾਲਾ ਤੇ ਸੰਘਾਰ ਸ਼ਕਤੀ, ਪ੍ਰਭੂ ਆਪ ਹੈ। ਮੰਨੇ ਜਾਂਦੇ ਬ੍ਰਹਮਾ, ਬਿਸ਼ਨ, ਮਹੇਸ਼ ਨਹੀਂ। (੧੭) ਮਨੁੱਖ ਕਦੇ ਵੀ ਦਾਨੀ ਜਾਂ ਦਾਤਾ ਨਹੀਂ ਹੋ ਸਕਦਾ। ਰਿਜ਼ਕ ਤੇ ਦਾਤਾਂ ਦੇਣ ਵਾਲਾ ਪ੍ਰਭੂ ਹੀ ਹੈ। ਉਸ ਦੇ ਭੰਡਾਰੇ ਅਤੁੱਟ ਹਨ ਤੇ ਮੁਕਦੇ ਨਹੀਂ। (੧੮) ਸੰਸਾਰ ਭਰ ਦੇ ਮਨੁੱਖਾਂ ਦਾ ਭਾਈਚਾਰਾ ਇਕੋ ਹੈ। ਜਾਤ-ਪਾਤ, ਉਚ-ਨੀਚ, ਵਰਣ ਵੰਡ ਵਾਲੇ ਵਿਤਕਰੇ ਮਨੁੱਖੀ ਮਨ ਦੀ ਉਪਜ ਹਨ ਅਤੇ ਮਨੁੱਖ-ਮਨੁੱਖ ਵਿਚਾਲੇ ਵੰਡੀਆਂ, ਵਿਰੋਧ, ਖੁਨ-ਖਰਾਬੇ ਤੇ ਦਿਵਾਰਾਂ ਦਾ ਮੂਲ ਹਨ। (੧੯) ਮੋਹ-ਮਾਇਆ ਦੀ ਪੱਕੜ, ਤ੍ਰਿਸ਼ਨਾ ਆਦਿ ਵਿਕਾਰਾਂ ਨੂੰ ਜਨਮ ਦਿੰਦੇ ਹਨ ਤੇ ਮਨੁੱਖ ਕੁਰਾਹੇ ਪਿਆ ਰਹਿੰਦਾ ਹੈ। (੨੦) ਨਸ਼ੇ-ਵਿਭਚਾਰ ਮਨੁੱਖਾ ਨਸਲ ਦੀ ਸਲਾਮਤੀ ਲਈ ਖਤਰੇ ਦੀ ਘੰਟੀ ਹਨ। ਮਨੁੱਖ ਦੀਆਂ ਆਉਣ ਵਾਲੀਆਂ ਇੱਕ ਤੋਂ ਬਾਅਦ ਦੂਜੀ ਨਸਲ ਨਾਲ ਧ੍ਰੋਹ-ਧੱਕਾ ਤੇ ਉਹਨਾਂ ਲਈ ਜਨਮ ਤੋਂ ਹੀ ਲਾ-ਇਲਾਜ ਰੋਗਾਂ ਦਾ ਮੂਲ ਹਨ। (੨੧) ਸੱਚ ਧਰਮ ਹੀ ਪ੍ਰਭੂ ਵਲੋਂ ਮਨੁੱਖ ਲਈ ਇਕੋ ਇੱਕ ਧਰਮ ਹੈ। (੨੧) ਸੰਸਾਰ `ਚ ਹਜ਼ਾਰਾਂ ਧਰਮ, ਵਿਚਾਰਧਾਰਾਵਾਂ ਦੇ ਅੰਤਰ, ਪ੍ਰਭੂ ਬਾਰੇ ਅਗਿਆਨਤਾ, ਬਹੁਤਾ ਕਰਕੇ ਸੁਆਰਥੀ ਤਤਵਾਂ ਦੀ ਉਪਜ ਹਨ। (੨੨) ਸੁੱਚ-ਭਿਟ, ਛੂਆ-ਛੂਤ ਮਨੁੱਖ ਸਮਾਜ ਲਈ ਅਭਿਸ਼ਾਪ ਤੇ ਬਿਮਾਰ ਦਿਮਾਗ਼ ਦੀ ਉਪਜ ਹਨ। (੨੩) ਮਨੁੱਖਾ ਸਰੀਰ ਦਾ ਸਾਫ਼-ਸੁਥਰਾ ਪਣ ਤੇ ਵਾਤਾਵਰਣ ਦਾ ਹਵਾਦਾਰ ਹੋਣਾ ਜ਼ਰੂਰੀ ਹੈ। (੨੪) ਸਾਫ਼-ਸਫ਼ਾਈ ਪੱਖੋਂ ਸਦੀਆਂ ਬਾਅਦ ਅੱਜ ਡਾਕਟਰੀ ਵਿਗਿਆਨ ਜਿਥੇ ਪੁੱਜਾ ਤੇ ਅਨੇਕਾਂ ਕੀਟਾਣੂ ਨਾਸ਼ਕ (Anticeptic & Anti Germs) ਤੇਲ, ਸਾਬਨ ਆਦਿ ਉਪਲਬਧ ਕੀਤੇ ਜਾ ਰਹੇ ਹਣ। ਗੁਰਬਾਣੀ ਨੇ ਸਦੀਆਂ ਪਹਿਲਾਂ ਮਨੁੱਖ ਦੀਆਂ ਇਹਨਾ ਲੋੜਾਂ ਵੱਲ ਧਿਆਨ ਦਿੱਤਾ ਤੇ ਸੁੱਚ-ਭਿੱਟ ਵਾਲੇ ਖੋਖਲੇ ਵਿਸ਼ਵਾਸਾਂ ਨੂੰ ਨਕਾਰਿਆ। (੨੪) “ਨਾਮ ਜਪੋ, ਕਿਰਤ ਕਰੋ ਵੰਡ ਛਕੋ” ਵਾਲਾ ਸਿਧਾਂਤ ਹੀ ਮਨੁੱਖ ਦੀਆਂ ਸਮਾਜਕ ਸਮਸਿਆਵਾਂ ਦਾ ਇਕੋ ਇੱਕ ਹੱਲ ਹੈ। ਇਸੇ ਪੱਖੋਂ ਗੁਰੂ ਦਰ `ਤੇ ‘ਦਸਵੰਧ’ ਵਾਲਾ ਨਿਯਮ ਵੀ ਵਿਸ਼ੇਸ਼ ਹੈ ਪੁਰਾਤਨ ਦਾਨ ਨਹੀਂ। ਇਹ ਕੁੱਝ ਵੰਣਗੀਆਂ ਹਨ ਤੇ ਹਰੇਕ ਵੰਣਗੀ ਪਿਛੇ ਗੁਰਬਾਣੀ `ਚ ਵੇਰਵਾ ਮਿਲ ਜਾਵੇਗਾ।

ਇਹੀ ਨਹੀਂ ਗੁਰਬਾਣੀ ਦੇ ਸੈਂਕੜੇ ਸੱਚ ਹਨ ਜਿਨ੍ਹਾਂ ਦੀ ਮਨੁੱਖ ਨੂੰ ਸਹੀ ਅਰਥਾਂ `ਚ ਮਨੁੱਖ ਬਨਣ ਲਈ ਅੱਜ ਵੀ ਉਨੀਂ ਲੋੜ ਹੈ, ਜਿਨੀਂ ਹਜ਼ਾਰਾਂ ਸਾਲ ਪਹਿਲਾਂ ਸੀ। ਮਨੁੱਖ ਦੀ ਨਸਲ ਚਾਹੇ ਕਿਸੇ ਵੀ ਧਰਤੀ `ਤੇ ਹੋਵੇ, ਲੱਖਾਂ ਸਾਲ ਬਾਅਦ ਵੀ ਮਨੁੱਖ ਨੂੰ, ਗੁਰਬਾਣੀ ਰਾਹੀਂ ਪਾਤਸ਼ਾਹ ਦੇ ਬਖ਼ਸ਼ੇ ਇਹਨਾ ਜੀਵਨ ਸਿਧਾਂਤਾਂ ਦੀ ਇਨੀਂ ਹੀ ਲੋੜ ਰਵੇਗੀ। ਗੁਰਬਾਣੀ ਦਾ ਇਹੀ ਮੂਲ ਪੱਖ ਹੈ ਜਿਸ ਲਈ ਸ਼ਬਦਾਵਲੀ ਵਰਤੀ ਜਾਂਦੀ ਹੈ ‘ਜੁਗੋ ਜੁਗ ਅਟੱਲ’। ਗੁਰਬਾਣੀ ਦਾ ਇਹੀ ਸਿਧਾਂਤਕ ਪੱਖ ਹੈ ਜਿਸ `ਤੇ ਸਮੇਂ, ਸਥਾਨ, ਦੇਸ਼, ਭਾਸ਼ਾ, ਉਮਰ, ਲਿੰਗ ਦਾ ਪ੍ਰਭਾਵ ਨਹੀਂ ਪੈ ਸਕਦਾ। ਅਜਿਹਾ ਸਰਬ ਕਾਲੀ ਸੱਚ ਸੰਸਾਰ ਭਰ ਦੀ ਕਿਸੇ ਵੀ ਧਾਰਮਿਕ ਰਚਨਾ `ਚ ਨਹੀਂ ਮਿਲੇਗਾ। ਦੂਜੇ ਪਾਸੇ ਇਹਨਾ ਸਚਾਈਆਂ ਦੀ ਜੀਵਨ `ਚ ਅਣਹੋਂਦ ਕਾਰਨ ਹੀ ਮਨੁੱਖ ਨਕਲੀ, ਬਨਾਵਟੀ ਤੇ ਗੁਣਾਹਾਂ ਭਰਪੂਰ; ਜੇ ਨਹੀਂ ਤਾਂ ਘਟੋ ਘਟ ਆਸ਼ਾ-ਤ੍ਰਿਸ਼ਨਾ, ਭਟਕਣਾ, ਮੰਗਾਂ, ਚਿੰਤਾਂਵਾਂ, ਵਿਤਕਰੇ, ਹੇਰਾ ਫ਼ੇਰੀਆਂ ਤੇ ਮਨ ਦੇ ਉਖਾੜ-ਬੇਸੁਆਦਾਪਣ (ਨਿਰਸਤਾ) ਨਾਲ ਭਰਪੂਰ ਜ਼ਿੰਦਗੀ ਬਤੀਤ ਕਰ ਰਿਹਾ ਹੁੰਦਾ ਹੈ।

ਬਾਕੀ ਤਿੰਨ ਪੱਖਾਂ ਬਾਰੇ- ਗੁਰਬਾਣੀ ਵਿਚਾਰ-ਸੋਝੀ ਲਈ ਇਸ ਗੁਰਮਤਿ ਪਾਠ `ਚ ਜਿਹੜੇ ਬਾਕੀ ਤਿੰਨ ਪੱਖ ਹਨ, ਇਹ ਗੁਰਬਾਣੀ `ਚ ਮਿਸਾਲਾਂ ਦੀਆਂ ਹੀ ਤਿੰਨ ਵੰਣਗੀਆਂ ਹਨ। ਸ਼ੱਕ ਨਹੀਂ, ਅਜੋਕੇ ਸਮੇਂ ਗੁਰੂ ਕੀਆਂ ਸੰਗਤਾਂ, ਗੁਰਬਾਣੀ ਵਿਚਾਰਧਾਰਾ, ਜੀਵਨ-ਜਾਚ ਤੋਂ ਕੋਹਾਂ ਦੂਰ ਹਨ। ਇਸ ਲਈ ਇਹ ਅਗਿਆਨਤਾ ਹੀ ਕਈ ਵਾਰੀ ਜਗਿਆਸੂ ਨੂੰ ਗੁਰਬਾਣੀ ਅਰਥ-ਵਿਚਾਰ ਤੋਂ ਕੁਰਾਹੇ ਪਾ ਦਿੰਦੀ ਹੈ। ਕਈ ਵਾਰੀ “ਗੁਰਬਾਣੀ ਦੇ ਜੁਗੋ ਜੁਗ ਅਟੱਲ ਤੇ ਸਦੀਵੀ ਸੱਚ” ਸਬੰਧੀ ਵਿਚਾਰ ਚਲਦੀ ਹੋਵੇ ਤਾਂ ਕੁੱਝ ਸੱਜਨ ਗੁਰਬਾਣੀ `ਚੋਂ ਹੀ ਪੰਕਤੀ ਚੁੱਕ ਲਿਆਉਂਦੇ ਹਨ। ਜੇ ਕਰ ਮਿਸਾਲ ਮਿਥਿਹਾਸਕ ਹੋਵੇ ਤਾਂ ਕਹਿਣ ਗੇ “ਦੇਖੋ ਜੀ! ਤਾਂ ਤੇ ਗੁਰੂ ਸਾਹਿਬ ਵੀ ਇਸ ਗੱਲ ਦੀ ਗਵਾਹੀ ਭਰ ਰਹੇ ਹਨ” “ਇਸ ਨੂੰ ਠੀਕ ਕਹਿ ਰਹੇ ਹਨ”। ਦੂਜਾ-ਜੇਕਰ ਮਿਸਾਲ ਹੋਵੇ ਜੀਵਨ ਰਹਿਣੀ ਨਾਲ ਸੰਬੰਧਤ ਤਾਂ ਕਹਿੰਦੇ ਹਨ, “ਦੇਖੋ ਜੀ! ਆਹ ਚੀਜ਼ ਜਿਹੜੀ ਗੁਰਬਾਣੀ `ਚ ਲਿਖੀ ਹੈ ਅਜਕਲ ਕਿਥੇ ਹੈ ਜਾਂ ਕਿਥੇ ਹੋ ਰਹੀ ਹੈ?” ਜਾਂ “ਅਮੁਕੀ ਚੀਜ਼ ਦਾ ਨਾਮ “ਗੁਰੂ ਗ੍ਰੰਥ ਸਾਹਿਬ” ਅੰਦਰ ਹੈ ਹੀ ਨਹੀਂ ਆਦਿ” ; ਤਾਂ ਗੁਰਬਾਣੀ “ਜੁਗੋ ਜੁਗ ਅਟੱਲ” ਤੇ ‘ਸਰਬਕਾਲੀ’ ਕਿਵੇਂ?

ਗੁਰਬਾਣੀ “ਜੁਗੋ ਜੁਗ ਅਟੱਲ” ਕਿਵੇਂ ਹੈ ਇਸ ਨੂੰ ਸਿਧਾਂਤਕ ਪੱਖ `ਚ ਵਿਚਾਰ ਚੁੱਕੇ ਹਾਂ। ਬਾਕੀ ਹੁੰਦੇ ਹਨ ਗੁਰਬਾਣੀ ਦੇ ਮਿਸਾਲਾਂ ਵਾਲੇ ਪੱਖ। ਦਰਅਸਲ ਅਜਿਹੀਆਂ ਗੱਲਾਂ ਕਰਣ ਵਾਲੇ ਦੋ ਹੀ ਕਿਸਮ ਦੇ ਲੋਕ ਹੁੰਦੇ ਹਨ। ਕੁੱਝ ਉਹ ਜੋ ਸਚਮੁਚ ਗੁਰਬਾਣੀ ਰਚਨਾ ਸ਼ੈਲੀ ਤੋਂ ਅਨਜਾਣ ਹੁੰਦੇ ਹਨ। ਦੂਜੇ ਸ਼ਰਾਰਤੀ ਦਿਮਾਗ਼, ਜਿਨ੍ਹਾਂ ਦਾ ਮਕਸਦ ਹੀ ਭੋਲੀਆਂ ਭਾਲੀਆਂ ਸੰਗਤਾਂ ਨੂੰ ਉਲਝਾਣਾ ਤੇ ਉਹਨਾਂ ਦੇ ਗੁਰਬਾਣੀ ਵਾਲੇ ਵਿਸ਼ਵਾਸ ਨੂੰ ਕਮਜ਼ੋਰ ਕਰਨਾ ਹੁੰਦਾ ਹੈ। ਇਨਾਂ ਹੀ ਨਹੀਂ, ਅਜਿਹੇ ਸੁਆਲਾਂ ਦੀਆਂ ਵੀ ਦੋ ਕਿਸਮਾਂ ਹੁੰਦੀਆਂ ਹਨ। ਇੱਕ ਹੁੰਦੇ ਹਨ ਗੁਰਬਾਣੀ `ਚ ਮਿਥਿਹਾਸਕ ਮਿਸਾਲਾਂ ਤੇ ਹਵਾਲੇ। ਦੂਜਾ-ਮਨੁੱਖ ਦੀ ਸਮੇਂ ਸਮੇਂ ਦੀ ਰਹਿਣੀ ਜਾਂ ਚਾਲ ਨਾਲ ਸਬੰਧਤ ਮਿਸਾਲਾਂ।

ਚੇਤੇ ਰਹੇ! ਮਿਸਾਲ ਹਮੇਸ਼ਾਂ ਵਿਸ਼ੇ ਨੂੰ ਸੌਖਾ ਕਰਕੇ ਸਮਝਾਉਣ ਲਈ ਹੁੰਦੀ ਹੈ ਨਾ ਕਿ ਹੋਰ ਔਖਾ ਕਰਣ ਲਈ। ਇਸ ਤਰ੍ਹਾਂ ਜੋ ਮਿਸਾਲਾਂ ਕੁਦਰਤ ਨਾਲ ਸਬੰਧਤ ਹੋਣ, ਉਹ ਮਿਸਾਲਾਂ ਵੀ ਸਦੀਵੀ ਹੁੰਦੀਆਂ ਹਨ। ਉਪ੍ਰੰਤ ਜੋ ਮਿਸਾਲਾਂ ਮਨੁੱਖ ਦੇ ਚਲਣ ਜਾਂ ਰਹਿਣੀ ਨਾਲ ਸਬੰਧਤ ਹੋਣ, ਉਹਨਾਂ ਦਾ ਸਮੇਂ-ਸਥਾਨ ਨਾਲ ਬਦਲ ਜਾਣਾ ਕੁਦਰਤੀ ਹੈ। ਤੀਜਾ, ਜੋ ਮਿਸਾਲਾਂ ਪੁਰਾਤਣ ਘਟਨਾਵਾਂ ਜਾਂ ਮੂੰਹਚੜ੍ਹੀਆਂ ਨਾਲ ਸਬੰਧਤ ਹੋਣ, ਲਿਖਾਰੀ ਦਾ ਕੰਮ ਉਨ੍ਹੑਾਂ ਮੂੰਹ ਚੜ੍ਹੀਆਂ ਜਾਂ ਪ੍ਰਚਲਣਾਂ ਨੂੰ ਆਧਾਰ ਬਣਾ ਕੇ, ਆਪਣੀ ਗੱਲ ਨੂੰ ਸਮਝਾਉਣਾ ਹੀ ਹੁੰਦਾ ਹੈ। ਉਸ ਮੂੰਹਚੜ੍ਹੀ, ਘਟਣਾ ਜਾਂ ਪ੍ਰਚਲਣ ਦੀ ਪ੍ਰੌੜਤਾ ਜਾਂ ਤਸਦੀਕ ਕਰਣਾ ਨਹੀਂ ਹੁੰਦਾ।

੨. ਸਦੀਵੀ ਮਿਸਾਲਾਂ ਵਾਲਾ ਪੱਖ- ਗੁਰਬਾਣੀ `ਚ ਅਨੇਕਾਂ ਮਿਸਾਲਾਂ ਕੁਦਰਤ ਤੇ ਪ੍ਰਭੂ ਦੀ ਕਰਣੀ ਨਾਲ ਸਬੰਧਤ ਹਨ ਜੋ ਸਮੇਂ ਨਾਲ ਵੀ ਨਹੀਂ ਬਦਲਦੀਆਂ ਜਿਵੇਂ “ਚਕਵੀ ਸੂਰ ਸਨੇਹੁ ਚਿਤਵੈ ਆਸ ਘਣੀ, ਕਦਿ ਦਿਨੀਅਰੁ ਦੇਖੀਐ॥ ਕੋਕਿਲ ਅੰਬ ਪਰੀਤਿ ਚਵੈ ਸੁਹਾਵੀਆ, ਮਨ ਹਰਿ ਰੰਗੁ ਕੀਜੀਐ” (ਪੰ: ੪੫੫) ਹੋਰ “ਗੁੜੁ ਮਿਠਾ ਮਾਇਆ ਪਸਰਿਆ, ਮਨਮੁਖੁ ਲਗਿ ਮਾਖੀ ਪਚੈ ਪਚਾਇ” (ਪੰ: ੪੧) ਜਾਂ “ਕਊਆ ਕਹਾ ਕਪੂਰ ਚਰਾਏ॥ ਕਹ ਬਿਸੀਅਰ ਕਉ ਦੂਧੁ ਪੀਆਏ” (ਪੰ: ੪੮੧) ਹੋਰ “ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਮਛੁਲੀ ਨੀਰ” (ਪੰ: ੬੦) ਪੁਨਾ “ਸਤਸੰਗਤਿ ਮਿਲਿ ਰਹੀਐ ਮਾਧਉ, ਜੈਸੇ ਮਧੁਪ ਮਖੀਰਾ” (ਪੰ: ੪੮੭) ਇਸ ਤਰ੍ਹਾਂ ਬੇਅੰਤ।

੩. ਮਿਥਿਹਾਸ ਤੇ ਮੂੰਹਚੜ੍ਹੀਆਂ ਨਾਲ ਸਬੰਧਤ ਮਿਸਾਲਾਂ- ਮਿਸਾਲ ਵਜੋਂ “ਮੇਰੀ ਮੇਰੀ ਕੈਰਉ ਕਰਤੇ, ਦੁਰਜੋਧਨ ਸੇ ਭਾਈ॥ ਬਾਰਹ ਜੋਜਨ ਛਤ੍ਰੁ ਚਲੈ ਥਾ, ਦੇਹੀ ਗਿਰਝਨ ਖਾਈ॥ ੨॥ ਸਰਬ ਸ+ਇਨ ਕੀ ਲੰਕਾ ਹੋਤੀ ਰਾਵਨ ਸੇ ਅਧਿਕਾਈ॥ ਕਹਾ ਭਇਓ ਦਰਿ ਬਾਂਧੇ ਹਾਥੀ, ਖਿਨ ਮਹਿ ਭਈ ਪਰਾਈ॥ ੩॥ ਦੁਰਬਾਸਾ ਸਿਉ ਕਰਤ ਠਗਉਰੀ, ਜਾਦਵ ਏ ਫਲ ਪਾਏ॥ ਕ੍ਰਿਪਾ ਕਰੀ ਜਨ ਅਪੁਨੇ ਊਪਰ, ਨਾਮਦੇਉ ਹਰਿ ਗੁਨ ਗਾਏ” (ਪੰ: ੬੯੨) ਜਾਂ “ਇਕੁ ਲਖੁ ਪੂਤ ਸਵਾ ਲਖੁ ਨਾਤੀ॥ ਤਿਹ ਰਾਵਨ ਘਰ ਦੀਆ ਨ ਬਾਤੀ” (ਪੰ: ੪੮੧) ਜਾਂ “ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ, ਹਰਨਾਖਸੁ ਨਖ ਬਿਦਰਿਓ” (ਪੰ: ੮੫੬) ਮੂਲ ਵਿਸ਼ਾ ਹੈ, ਸੰਸਾਰਕ ਤੌਰ `ਤੇ ਬੰਦਾ ਕਿਨੀਆਂ ਵੀ ਤਾਕਤਾਂ ਦਾ ਮਾਲਿਕ ਹੋ ਜਾਵੇ ਪਰ ਹੰਕਾਰ ਨਾ ਕਰੇ। ਬਲਕਿ ਇਹਨਾ ਦਾਤਾਂ ਰਾਹੀਂ ਜੇਕਰ ਦਾਤੇ ਦੀ ਪਛਾਣ ਕਰ ਲਵੇਗਾ ਤਾਂ ਨਾ ਹੰਕਾਰਿਆ ਜਾਵੇਗਾ ਤੇ ਨਾ ਇਹਨਾ ਦੀ ਕੁਵਰਤੋਂ ਕਰੇਗਾ।

ਇਸ ਤਰ੍ਹ੍ਰਾਂ ਇਥੇ ਵੀ ਭਗਤ ਜੀ ਤਸਦੀਕ ਨਹੀਂ ਕਰ ਰਹੇ ਕਿ ਰਾਵਣ ਦੇ ਇੱਕ ਲੱਖ ਪੁਤਰ ਤੇ ਸਵਾ ਲੱਖ ਦੋਹਤੇ-ਪੋਤੇ ਸਨ। ਉਹ ਤਾਂ ਬਣਿਆ-ਬਣਾਇਆ ਪ੍ਰਚਲਣ ਵਰਤ ਕੇ ਕਹਿ ਰਹੇ ਹਨ, ‘ਰਾਵਨ ਬ੍ਰਾਹਮਣ ਸੀ ਤੇ ਵੱਡੇ ਪ੍ਰਵਾਰ ਵਾਲਾ ਹੁੰਦੇ ਹੋਏ ਵੀ ਮਰਨੋਬਾਦ ਉਸ ਦੀ ਦੀਵਾ ਵੱਟੀ ਤੀਕ ਕਰਣ ਵਾਲਾ ਕੋਈ ਨਾ ਬਚਿਆ। ਜਦਕਿ ਬ੍ਰਾਹਮਣੀ ਵਿਸ਼ਵਾਸਾਂ `ਚ ਜਦ ਤੀਕ ਪੁੱਤਰਾਂ-ਪੌਤਿਆਂ ਰਾਹੀਂ ਦੀਵਾ ਵੱਟੀ ਨਾ ਹੋਵੇ, ਜੀਵ ਦੀ ਸਦਗਤੀ ਨਹੀਂ ਹੁੰਦੀ”। ਇਸੇ ਤਰ੍ਹਾਂ ਜਿਹੜੇ ਪ੍ਰਭੂ ਪਿਆਰੇ ਪ੍ਰਭੂ `ਤੇ ਦ੍ਰਿੜ ਵਿਸ਼ਵਾਸ ਰਖਦੇ ਹਨ। ਦੁਸ਼ਟਾਂ-ਜ਼ਾਲਮਾ ਦੇ ਡਰ `ਚ ਆ ਕੇ ਵੀ ਸੱਚ ਧਰਮ ਨੂੰ ਨਹੀਂ ਤਿਆਗਦੇ। ਪ੍ਰਭੂ ਆਪਣੇ ਭਗਤਾਂ ਦੀ ਬਹੁੜੀ ਆਪ ਕਰਦਾ ਤੇ ਹੰਕਾਰੀਆਂ-ਦੁਸ਼ਟਾਂ ਨੂੰ ਕੀਤੇ ਦੀ ਸਜ਼ਾ ਦਿੰਦਾ ਹੈ। ਇਥੇ ਪ੍ਰਹਿਲਾਦ ਤੇ ਹਰਨਾਖਸ਼ ਵਾਲੀ ਪ੍ਰਚਲਤ ਘਟਣਾ ਕੇਵਲ ਰੱਬੀ ਸੱਚ ਨੂੰ ਸਮਝਾਉਣ ਲਈ ਹੀ ਹੈ। ਬਾਣੀ `ਚ ਅਜਿਹੇ ਬੇਅੰਤ ਪ੍ਰਚਲਣ ਹਨ ਪਰ ਕੇਵਲ ਮਿਸਾਲ ਵਜੋਂ। ਇੱਕ ਜਗ੍ਹਾ ਵੀ ਤਸਦੀਕ ਜਾਂ ਪ੍ਰੌੜਤਾ ਨਹੀਂ ਕਿ ਅਮੁੱਕੀ ਘਟਣਾ ਸਚਮੁਚ ਵਾਪਰੀ ਵੀ ਹੈ।

੪. ਸਮੇਂ ਸਮੇਂ ਦੇ ਸਮਾਜਕ ਚਲਣ ਤੇ ਰਹਿਣੀ ਨਾਲ ਸਬੰਧਤ ਮਿਸਾਲਾਂ- ਇਸੇ ਤਰ੍ਹਾਂ ਗੁਰਬਾਣੀ `ਚ ਮਿਸਾਲਾਂ ਦਾ ਇੱਕ ਹੋਰ ਪੱਖ ਵੀ ਹੈ ਜਿਸ ਦਾ ਸਬੰਧ ਇਨਸਾਨ ਦੇ ਰੋਜ਼ਮਰ੍ਹਾ ਦੀ ਜ਼ਿੰਦਗੀ ਨਾਲ ਹੈ। ਮਿਸਾਲ ਵਜੋਂ (ੳ) “ਕੋ ਰਹੈ ਨ ਭਰੀਐ ਪਾਈਐ” (ਪੰ: ੪੬੫) (ਅ) “ਕੋਲੂ ਚਰਖਾ ਚਕੀ ਚਕੁ” (ਪੰ: ੪੬੫) (ੲ) “ਕੁੰਭੇ ਬਧਾ ਜਲੁ ਰਹੈ, ਜਲ ਬਿਨੁ ਕੁੰਭੁ ਨ ਹੋਇ” (ਪੰ: ੪੬੯) (ਸ) “ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ” (ਪੰ: ੪੭੨) (ਹ) “ਗਊ ਭੈਸ ਮਗਉ ਲਾਵੇਰੀ॥ ਇੱਕ ਤਾਜਨਿ ਤੁਰੀ ਚੰਗੇਰੀ” (ਪੰ: ੬੯੫) (ਕ) “ਜੈਸੇ ਹਰਹਟ ਕੀ ਮਾਲਾ, ਟਿੰਡ ਲਗਤ ਹੈ, ਇੱਕ ਸਖਨੀ ਹੋਰ ਫੇਰ ਭਰੀਅਤ ਹੈ (ਪੰ: ੧੩੨੯) (ਖ) “ਆਨੀਲੇ ਦੂਧੁ ਰੀਧਾਈਲੇ ਖੀਰੰ, ਠਾਕੁਰ ਕਉ ਨੈਵੇਦੁ ਕਰਉ॥ ਪਹਿਲੇ ਦੂਧੁ ਬਿਟਾਰਿਓ ਬਛਰੈ, ਬੀਠਲੁ ਭੈਲਾ ਕਾਇ ਕਰਉ” (ਪੰ: ੪੮੫) (ਗ) “ਮਨੁ ਮੇਰੋ ਗਜੁ ਜਿਹਬਾ ਮੇਰੀ ਕਾਤੀ” (ਪੰ: ੪੮੫) (ਘ) “ਕਬਹੂ ਖਾਟ ਸੁਪੇਦੀ ਸੁਵਾਵੈ॥ ਕਬਹੂ ਭੂਮਿ ਪੈਆਰੁ ਨ ਪਾਵੈ” (ਪੰ: ੧੧੬੪) (ਙ) “ਖਾਟ ਮਾਂਗਉ ਚਉਪਾਈ॥ ਸਿਰਹਾਨਾ ਅਵਰ ਤੁਲਾਈ” (ਪੰ: ੬੫੬) ਹੁਣ ਨੰਬਰਵਾਰ ਦੇਖਣਾ ਹੈ:-

(ੳ) ‘ਕੁਪਾ, ਪੜੋਪੀ, ਪਾਈ’ ਸਮੇਂ ਦੇ ਨਾਪ ਤੋਲ ਦੇ ਢੰਗ ਸਨ ਜੋ ਅੱਜ ਕਿਲੋ, ਕਿਲੋਮੀਟਰ `ਚ ਹਨ (ਅ) ਸਮੇਂ ਦੇ ਮੁਖ ਸਾਧਨ ਸਨ ਪਰ ਸਮੇਂ ਨਾਲ ਅੱਜ ਨਾ ਕੋਲੂ ਹਨ ਨ ਚਰਖੇ ਤੇ ਨਾ ਆਟਾ ਆਦਿ ਪੀਸਣ ਵਾਲੀਆਂ ਉਹ ਚੱਕੀਆਂ (ੲ) ਹਰੇਕ ਘਰ `ਚ ਮਿੱਟੀ ਦਾ ਘੜਾ (ਕੁੰਭ) ਹੁੰਦਾ ਸੀ ਜੋ ਸਮੇਂ ਨਾਲ ਕਿਧਰੇ ਕਿਧਰੇ ਰਹਿ ਚੁੱਕਾ ਹੈ ਤੇ ਉਹਨਾਂ ਦੀ ਜਗ੍ਹਾ ਫ਼ਰਿਜ ਆਦਿ ਲੈ ਚੁੱਕੇ ਹਨ। (ਸ, ਹ) ਉਸ ਸਮੇਂ ਆਵਾ ਜਾਈ ਬਲਕਿ ਯੁੱਧ ਭੂਮੀ ਦਾ ਵੀ ਸਭ ਤੋਂ ਵਧੀਆ ਸਾਧਨ ਹਾਥੀ, ਘੋੜੇ ਹੀ ਸਨ। ਸਮੇਂ ਨਾਲ ਇਹਨਾ ਦੀ ਜਗ੍ਹਾ ਕਾਰਾਂ, ਗਡੀਆਂ, ਜਹਾਜ਼ਾਂ, ਰਾਕਿਟਾਂ ਨੇ ਲੈ ਲਈ ਹੈ। (ਕ) ਸਮੇਂ ਨਾਲ ਹਰਹਰਟ ਦੀ ਮਾਲ, ਟਿੰਡਾਂ ਤਾਂ ਕਿਸਾਨਾ ਦੇ ਬਚਿਆਂ ਨੂੰ ਵੀ ਭੁਲ ਚੁੱਕੀਆਂ ਹਨ। ਉਸ ਦੀ ਜਗ੍ਹਾ ਬਿਜਲੀ ਦੀਆਂ ਮੋਟਰਾਂ ਲੈ ਚੁਕੀਆਂ ਹਨ। (ਖ) ਦੁਧ ਚੋਣ ਤੋਂ ਪਹਿਲਾਂ ਪਸ਼ੂ ਦੇ ਥਨ ਪਹਿਲਾਂ ਉਸ ਦੇ ਬਛੜੇ ਦੇ ਮੂੰਹ `ਚ ਪਾਏ ਜਾਂਦੇ ਸਨ। ਬੇਸ਼ਕ ਇਹ ਢੰਗ ਅਜੇ ਵੀ ਪਿੰਡਾਂ ਥਾਵਾਂ `ਚ ਮਿਲ ਜਾਵੇਗਾ ਜਦਕਿ ਹੁਣ ਦੁਧ ਵੀ ਮਸ਼ੀਨਾ ਨਾਲ ਚੋਇਆ ਜਾਂਦਾ ਹੈ। (ਗ) ਗਜ, ਗਿਰਹ, ਇੰਚ ਕੁੱਝ ਸਮਾਂ ਪਹਿਲਾਂ ਤੀਕ ਵੀ ਕਪੜਾ, ਜ਼ਮੀਨ ਆਦਿ ਨਾਪਣ ਦੇ ਢੰਗ ਸਨ ਅੱਜ ਮਿਲੀ ਮੀਟਰ, ਮੀਟਰ, ਕਿਲੋ ਮੀਟਰ ਆ ਚੁੱਕੇ ਹਨ (ਙ) ਖਾਟ (ਮੰਜੀਆਂ) ਅੱਜ ਵੀੋ ਹੋ ਸਕਦਾ ਹੈ ਪਿੰਡਾਂ ਥਾਵਾਂ `ਚ ਨਜ਼ਰ ਆ ਜਾਣ ਪਰ ਸਮੇਂ ਨਾਲ ਬੈਡ ਤੇ ਡਬਲ ਬੈਡ ਆਦਿ ਆ ਚੁੱਕੇ ਹਨ।

ਇਸ ਤਰ੍ਹਾਂ ਗੁਰਬਾਣੀ `ਚ ਬੇਅੰਤ ਮਿਸਾਲਾਂ ਹਨ ਜੋ ਨਿੱਤ ਦੇ ਚਲਣ ਤੇ ਰਹਿਨੀ ਨਾਲ ਸੰਬਧਤ ਹਨ। ਅਜਿਹੀਆਂ ਮਿਸਾਲਾਂ ਸਮੇਂ ਤੇ ਸਥਾਨ ਨਾਲ ਸਦਾ ਬਦਲਵੀਆਂ ਹੁੰਦੀਆਂ ਹਨ। ਇਸੇ ਆਧਾਰ `ਤੇ ਚਾਲ ਤੇ ਰਹਿਣੀ `ਚ ਵੀ, ਸਮੇਂ ਤੇ ਸਥਾਨ ਨਾਲ ਤਬਦੀਲੀਆਂ ਉਸੇ ਤਰ੍ਹਾਂ ਆਉਂਦੀਆਂ ਹਨ। ਅਜਿਹੀਆਂ ਮਿਸਾਲਾਂ ਨੂੰ ਆਧਾਰ ਬਣਾ ਕੇ ਜੇ ਕੋਈ ਸੱਜਨ ਗੁਰਬਾਣੀ ਦੇ ‘ਜੁਗੋ ਜੁਗ ਅਟੱਲ’ ਹੋਣ ਵਾਲੇ ਪੱਖ `ਤੇ ਉਂਗਲੀ ਜਾਂ ਕਿਉਂ ਕਿੰਤੂ ਕਰੇ ਤਾਂ ਮੰਨਣਾ ਪਵੇਗਾ ਕਿ ਉਸ ਅੰਦਰ ਗੁਰਬਾਣੀ ਗਿਆਨ ਦੀ ਕਮੀ ਹੈ ਤਾਂ ਅਜਿਹੇ ਸੱਜਨ ਲਈ ਹੱਥਲਾ ਗੁਰਮਤਿ ਪਾਠ ਸਹਾਈ ਹੋ ਸਕਦਾ ਹੈ।

ਖਤਰਨਾਕ ਖੇਡ- ਇਸ ਦੇ ਨਾਲ ਹੀ ਅੱਜ ਕੁੱਝ ਅਜਿਹੇ ਲੋਕ ਵੀ ਇਸ ਕੌਮ `ਤੇ ਛਾਏ ਹਨ, ਜਿਨ੍ਹਾਂ ਨੂੰ ਵਿਰੋਧੀ ਤਾਕਤਾਂ ਵਰਤ ਰਹੀਆਂ ਹਨ। ਅਜਿਹੇ ਸ਼ਾਤਿਰ ਲੋਕ ਮਿਲਣ ਗੇ ਤਾਂ ਸਿੱਖੀ ਸਰੂਪ `ਚ ਪਰ ਉਹਨਾਂ ਦਾ ਇੱਕ ਮਾਤ੍ਰ ਨਿਸ਼ਾਨਾ ਗੁਰਬਾਣੀ ਸਬੰਧੀ ਕਿਉਂ ਕਿੰਤੂ ਪੈਦਾ ਕਰਕੇ ਭੋਲੀਆਂ ਭਾਲੀਆਂ ਸੰਗਤਾਂ ਦੇ ਵਿਸ਼ਵਾਸ ਨੂੰ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਤੋਂ ਡੋਲਾਣਾ ਹੁੰਦਾ ਹੈ। ਕਦੇ ਕਹਿਣ ਗੇ ਗੁਰਬਾਣੀ `ਚ ਕੜੇ ਦਾ ਜ਼ਿਕਰ ਕਿੱਥੇ ਹੈ? ਕਛਿਹਰੇ ਦਾ ਜ਼ਿਕਰ ਕਿੱਥੇ ਹੈ? ਉਥੇ ਖੰਡੇ ਦੀ ਪਾਹੁਲ ਦਾ ਜ਼ਿਕਰ ਨਹੀਂ। ਅਜਿਹੇ ਸੱਜਨ ਦਸਣ ਕਿ ਇਸ ਤਰ੍ਹਾਂ ਚਲਣ, ਪਹਿਰਾਵੇ ਤੇ ਰਹਿਣੀ ਨਾਲ ਸਬੰਧਤ ਹਜ਼ਾਰਾਂ ਚੀਜ਼ਾਂ ਹਨ ਜਿਨ੍ਹਾਂ ਦਾ ਗੁਰਬਾਣੀ `ਚ ਜ਼ਿਕਰ ਨਹੀਂ ਜਿਵੇਂ ਪੈਂਟ, ਟਾਈ, ਜੀਨ, ਟੈਲੀ ਤੇ ਮੋਬਾਈਲ ਫ਼ੋਨ, ਕਾਰਾਂ, ਗੱਡੀਆਂ, ਰਾਕੇਟ, ਈ-ਮੇਲ, ਇਨਟਰਨੈਟ, ਫ਼ੈਕਸ, ਟੈਲੀਫ਼ੈਕਸ, ਖਾਣ ਪੀਣ ਦੇ ਢੰਗ। ਜਦਕਿ ਇਹ ਸਾਰਾ ਵਿਸ਼ਾ ਨੰ: ਚਾਰ `ਚ ਦਿੱਤਾ ਜਾ ਚੁੱਕਾ ਹੈ। ਲੋੜ ਹੈ ਤਾਂ ਅਜਿਹੇ ਪੰਥਕ ਦੋਖੀ ਸ਼ਾਤਿਰ ਬਿਰਤੀ ਲੋਕਾਂ ਕੋਲੋਂ ਹੋਸ਼ਿਆਰ ਰਹਿਣ ਦੀ। #174s09.02s09#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮਤਿ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਨਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 174

ਗੁਰਬਾਣੀ-ਵਿਚਾਰ ਤੇ ਸੋਝੀ ਦੇ ਚਾਰ ਪੱਖ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org




.