.

ਦੇਸ਼ ਭਗਤੀ – ਬਨਾਮ ਦਹਿਸ਼ਤਗਰਦੀ

ਰਾਮ ਸਿੰਘ, ਗ੍ਰੇਵਜ਼ੈਂਡ

ਦੇਸ਼ ਭਗਤੀ ਅਤੇ ਦਹਿਸ਼ਤਗਰਦੀ ਐਸੇ ਵਿਸ਼ੇ ਹਨ ਜੋ ਦੋਨੋਂ ਇੱਕ ਦੂਜੇ ਤੋਂ ਹਰ ਪੱਖੋਂ ਲੱਖਾਂ ਕੋਹਾਂ ਦੂਰ ਦਾ ਮਤਲਬ ਰੱਖਦੇ ਹਨ। ਪਰ ਕਿਵੇਂ ਦੇਸ਼ ਭਗਤਾਂ ਨੂੰ ਦਹਿਸ਼ਤਗਰਦ ਕਰਕੇ ਬਦਨਾਮ ਕਰ ਦਿੱਤਾ ਜਾਂਦਾ ਹੈ ਤੇ ਕਿਵੇਂ ਦਹਿਸ਼ਤਗਰਦ ਤੇ ਦੇਸ਼ ਧਰੋਹੀ ਦੇਸ਼ ਭਗਤ ਬਣ ਬੈਠਦੇ ਹਨ ਇਸ ਲੇਖ ਦਾ ਖਾਸ ਮੰਤਵ ਹੈ। ਇਸ ਅਜੀਬ ਕੰਮ ਵਿੱਚ ਭਾਰਤ ਦੇ ਖਾਸ ਬੰਦੇ ਖਾਸ ਕਰਕੇ ਮਾਹਰ ਤੇ ਮਸ਼ਹੂਰ ਹਨ।
ਸਭ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਦੇਸ਼ ਦੇ ਸਾਰੇ ਬੰਦੇ (ਮਰਦ ਤੇ ਔਰਤ) ਹਰ ਤਰਾਂ ਦੇ ਸਮਾਜਿਕ, ਧਾਰਮਿਕ, ਆਰਥਿਕ ਆਦਿ ਹੱਕ ਸਾਂਝੇ ਰੂਪ ਵਿੱਚ ਮਾਣਦੇ ਹਨ ਜਾ ਨਹੀਂ। ਜੇ ਨਹੀਂ ਤਾਂ ਕਿਉ ਅਤੇ ਉਹ ਕਿਹੜੀ ਸ਼ਕਤੀ ਹੈ ਜਾ ਉਹ ਕੌਣ ਹੈ ਜੋ ਕੁੱਛ ਲੋਕਾਂ ਨੂੰ ਇਹ ਹੱਕ ਮਾਨਣ ਤੋਂ ਵਾਂਝੇ ਰਹਿਣ ਲਈ ਮਜਬੂਰ ਕਰਦਾ ਹੈ?
ਭਾਰਤ ਦੇਸ਼ ਦੀ ਹੈਰਾਨਕੁਨ ਕਾਢ ਨੇ ਭਾਰਤ ਵਾਸੀਆਂ ਨੂੰ ਬੜਾ ਕੁਛ ਹੰਢਾਣ ਲਈ ਬੜੇ ਸੂਖਸ਼ਮ ਢੰਗ ਨਾਲ ਤਿਆਰ ਕੀਤਾ। ਕੋਈ ਪੱਛੇ ਉਹ ਕੀ? ਉਹ ਇਹ ਕਿ ਵੇਦਾਚਾਰੀ (ਵਿਦਵਾਨ ਭਾਵ ਪੜ੍ਹਿਆ ਲਿਖਿਆ ਹੋਣ ਕਰਕੇ ਅਪਣੇ ਵਲੋਂ ਕਲਪੀ ਕਹਾਣੀ ਦੁਆਰਾ ਅਪਣੇ ਆਪ ਨੂੰ ਪ੍ਰਮਾਤਮਾ ਵਲੋਂ, ਕਲਪਤ ਦੇਵਤੇ ਬ੍ਰਹਮਾ ਦੇ ਮੂੰਹ ਵਿਚੋਂ ਪੈਦਾ ਹੋਏ ਹੋਣ ਕਰਕੇ, ਬਣੇ ਬ੍ਰਾਹਮਣ) ਨੇ ਮਨੁੱਖ ਸ੍ਰੇਣੀ ਨੂੰ ਚੌਂਹ ਵਰਨਾਂ ਵਿੱਚ ਵੰਡ ਦਿੱਤਾ। ਅਪਣੇ ਆਪ ਨੂੰ ਬ੍ਰਹਮਾ ਦਾ ਪੁੱਤਰ ਹੋਣ ਕਰਕੇ ਪੜ੍ਹਨ ਲਿਖਣ ਤੇ ਪੂਜਾ ਪਾਠ ਆਦਿ ਦਾ ਕੰਮ ਆਪ ਸੰਭਾਲ ਲਿਆ। ਬਾਕੀ ਦੇ ਕਸ਼ਤਰੀ, ਵੈਸ਼ ਤੇ ਸ਼ੂਦਰ ਆਦਿ ਨੂੰ ਅਪਣੇ ਸੇਵਕ ਥਾਪ ਲਿਆ। ਯੋਗਤਾ ਦੇ ਅਧਾਰ ਤੇ ਭੀ ਤੀਜੇ ਚੌਥੇ ਵਰਨ ਵਾਲੇ ਉਪਰਲੇ ਵਰਨਾਂ ਵਿੱਚ ਪ੍ਰਵੇਸ਼ ਨਹੀਂ ਸਨ ਕਰ ਸਕਦੇ (ਦੇਖੋ ਮਨੂੰ ਸਿਮ੍ਰਤੀ 10/99-100)। ਇਸ ਦੁਆਰਾ ਹੇਠਲੇ ਦੋਹਾਂ ਵਰਨਾਂ ਨੂੰ ਉਨ੍ਹਾਂ ਦੇ ਮਨੁੱਖੀ ਹੱਕਾਂ ਤੋਂ ਵਾਂਝੇ ਰੱਖਣਾ ਹੀ ਨਹੀਂ ਸੀ, ਸਗੋਂ ਇਹ ਦਹਿਸ਼ਤਗਰਦੀ ਦਾ ਜਨਮ ਸੀ, ਜਿਸ ਰਾਹੀਂ ਦੋਹਾਂ ਵਰਨਾਂ ਲਈ ਤਰੱਕੀ ਦੇ ਦਰ ਬੰਦ ਕਰ ਦਿੱਤੇ ਗਏ ਸਨ।
ਪਰ ਇਸ ਭੱਦਰ ਪੁਰਸ਼ ਨੇ ਇਸ ਨੂੰ ਦੇਸ਼ ਭਗਤੀ ਸਮਝਿਆ ਭਾਵ ਇਸ ਰਾਹੀਂ ਮੁਲਕ ਵਿੱਚ ਆਪਸੀ ਫੁੱਟ ਤੇ ਨਾਇਤਫਾਕੀ ਦੇ ਸਿੱਟੇ ਵਜੋਂ ਦੇਸ ਵਾਸੀਆਂ ਨੂੰ ਹਜ਼ਾਰ ਸਾਲ ਤੋਂ ਭੀ ਵੱਧ ਬਦੇਸ਼ੀ ਗੁਲਾਮੀ ਦਾ ਸੰਤਾਪ ਭੁਗਤਣਾ ਪਿਆ। ਉਸ ਨੂੰ ਫਿਰ ਭੁਲਾ ਕੇ ਉਸ ਨਾਲੋਂ ਭੀ ਵੱਧ ਖਤਰਨਾਕ ਤਰੀਕੇ ਨਾਲ ਜੋ ਹੁਣ ਇਹ ਵੇਦਾਚਾਰੀ (ਵਿਦਵਾਨ ਤੇ ਉਸਦੇ ਪੈਰੋਕਾਰ) ਕਰ ਰਹੇ ਹਨ, ਉਹ ਕਾਫੀ ਦਿਲ-ਕੰਬਾਊ ਹੈ। ਕੁਛ ਸਾਲ ਪਹਿਲਾਂ ਕੱਟੜ ਪੰਥੀ ਹਿੰਦੂ ਸੰਸਥਾ ਆਰ. ਐਸ. ਐਸ. ਵਲੋਂ 32 ਮੱਦਾਂ ਵਾਲਾ ਇੱਕ ਗੁਪਤ ਪੱਤਰ ਅਪਣੇ ਕਾਰਕੁਨਾਂ ਨੂੰ ਭੇਜਿਆ ਗਿਆ। ਉਸ ਵਿੱਚ ਵੱਧ ਤੋਂ ਵੱਧ ਦੇਸ਼ ਘਾਤਕ ਤਰੀਕੇ ਵਰਤਕੇ ਘੱਟ ਗਿਣਤੀਆਂ, ਦਲਿਤਾਂ, ਬੋਧੀਆਂ, ਜੈਨੀਆਂ, ਸਿੱਖਾਂ, ਮੁਸਲਮਾਨਾਂ, ਕਮਊਨਿਸਟਾਂ ਨੂੰ ਖਤਮ ਕਰਨ ਲਈ ਹੁਕਮ ਕੀਤੇ ਗਏ ਹਨ। ਜਿਵੇਂ ਇਨ੍ਹਾਂ ਸ੍ਰੇਣਿਆਂ ਦੇ ਨਵ ਜਨਮੇਂ ਬੱਚਿਆਂ ਨੂੰ ਅਪਾਹਜ ਬਨਾਉਣ ਦੇ ਟੀਕੇ ਲਗਾਉਣਾ, ਮਿਆਦ ਮੁੱਕੀਆਂ ਦਵਾਈਆਂ ਦੇਣਾ, ਜਾਇਜ਼, ਨਜਾਇਜ ਸ਼ਰਾਬ, ਨਸ਼ੀਲੇ ਪਦਾਰਥ, ਜੂਆ, ਲਾਟਰੀ ਆਦਿ ਦੇ ਆਦੀ ਬਨਾਉਣਾ ਤੇ ਗੰਦਾ ਸਾਹਿਤ ਵੰਡਣਾ, ਅਪਣੇ ਇਤਿਹਾਸ ਨੂੰ ਮੁੜ ਅਪਣੇ ਹੱਕ ਵਿੱਚ ਲਿਖਣਾ ੳਤੇ ਹੋਰਨਾਂ ਦੇ ਇਤਿਹਾਸ ਨੂੰ ਬਿਲਕੁਲ ਗਲਤ ਲਿਖਣਾ ਅਤੇ ਹੋਰ ਬਹੁਤ ਕੁਛ। ਹੈ ਕਿਸੇ ਹੋਰ ਦੇਸ਼ ਵਿੱਚ ਅਪਣੇ ਦੇਸ ਵਾਸੀਆਂ (ਜਿਹੜੇ ਅਖੌਤੀ ਨੀਵੀਂ ਜਾਤੀ ਦੇ ਹੁੰਦਿਆਂ ਸਤ੍ਹਾਰਵੀਂ ਸਦੀ ਤੋਂ ਬੜੇ ਬੜੇ ਕਾਰਨਾਮੇ ਕਰਦੇ ਆ ਰਹੇ ਹਨ) ਨੂੰ ਇਸ ਤਰਾਂ ਨਿਕੰਮੇ ਕਰਕੇ ਦੇਸ਼ ਦੀ ਸ਼ਕਤੀ ਨੂੰ ਇਸ ਤਰਾਂ ਸੱਟ ਮਾਰਦੇ ਤੇ ਕਮਜ਼ੋਰ ਕਰਦੇ ਹਨ? ਕੀ ਇਹ ਦੇਸ਼ ਭਗਤੀ ਹੈ ਜਾ ਦਹਿਸ਼ਤਗਰਦੀ? ਪਰ ਜਿਹ ਅਪਣੀ ਦਾਨ ਦੀ ਹਵਸ ਖਾਤਰ ਮਨੁੱਖਾਂ ਨੂੰ ਆਰੇ ਨਾਲ ਚੀਰੇ ਜਾਣ ਲਈ ਤਿਆਰ ਅਤੇ ਵਿਧਵਾਵਾਂ ਨੂੰ ਪਤੀ ਦੀ ਚਿਖਾ ਵਿੱਚ ਸੜ ਮਰਨ ਲਈ ਮਜਬੂਰ ਕਰ ਸਕਦੇ ਹੋਣ ਉਨ੍ਹਾਂ ਲਈ ਹੋਰ ਸਭ ਕੁਛ ਮਾਮੂਲੀ ਹੀ ਹਨ।
ਖੈਰ ਇਸ ਦੇਸ ਘਾਤਕ ਵਰਨ ਵੰਡ ਦੇ ਕੋਹੜ ਨੂੰ ਦੂਰ ਕਰਨ ਲਈ ਬੁੱਧ ਮੱਤ ਨੇ ਬੜਾ ਸੁਚੱਜਾ ਉਪਰਾਲਾ ਕੀਤਾ ਸੀ। ਪਰ ਜਿਨ੍ਹਾਂ ਦੇ ਹੱਡਾਂ ਵਿੱਚ ਦਹਿਸ਼ਤਗਰਦੀ ਵਸ ਚੁੱਕੀ ਹੋਵੇ, ਉਹ ਦੇਸ ਜਾ ਦੇਸ ਵਾਸੀਆਂ ਦਾ ਨਹੀਂ ਸੋਚਦੇ। ਉਨ੍ਹਾਂ ਨੂੰ ਤਾਂ ਅਪਣੀ ਸ੍ਰਦਾਰੀ ਕਾਇਮ ਰੱਖਣਾ ਅਤੇ ਅਪਣੇ ਲਾਲਚ ਦੇ ਵਿਕਰਾਲ ਰੂਪ ਜਜ਼ਬੇ ਨੂੰ ਹੋਰ ਚੰਡਾਲ ਰੂਪ ਵਿੱਚ ਵਰਤਣ ਦਾ ਹੀ ਖਿਆਲ ਹੁੰਦਾ ਹੈ। ਇਸੇ ਬਿਨਾ ਤੇ ਸ਼ੰਕਰ ਅਚਾਰੀਆ ਨੇ ਗੁੰਡਿਆਂ ਅਤੇ ਰਾਜ ਸ਼ਕਤੀ ਰਾਹੀਂ ਬੋਧੀਆਂ ਨੂੰ ਐਸੀ ਮਾਰ ਮਾਰੀ ਕਿ ਉਨ੍ਹਾਂ ਦੇ ਧਰਮ ਅਸਥਾਨ ਢਹਿ ਢੇਰੀ ਕੀਤੇ, ਸਾਹਿਤ ਜਲਾਇਆ ਗਿਆ ਅਤੇ ਲੱਖਾਂ ਬੋਧੀ ਕਤਲ ਕਰ ਦਿੱਤੇ ਗਏ। ਬਹੁਤ ਸਾਰੇ ਬੋਧੀ ਡਰ ਦੇ ਮਾਰੇ ਦੇਸ ਛਡ ਕੇ ਹੋਰਨਾਂ ਦੇਸਾਂ ਨੂੰ ਭਜ ਨਿਕਲੇ। ਇਹ ਬੋਧੀਆਂ ਵਾਸਤੇ ਉਨ੍ਹਾਂ ਤੇ ਦਹਿਸ਼ਤਗਰਦੀ ਸੀ ਪਰ ਇਨ੍ਹਾਂ ਭੱਦਰ ਪੁਰਸ਼ਾਂ ਲਈ ੲਹ ਦੇਸ ਭਗਤੀ ਸੀ। ਕਿਹੜੀ ਦੇਸ਼ਭਗਤੀ? ਵਰਨ ਵੰਡ ਦੇ ਭਿਆਨਕ ਦੈਂਤ ਨੂੰ ਬਚਾਉਣ ਲਈ। ਪਰ ਇਸ ਵਰਨ ਵੰਡ ਦੇ ਦੈਂਤ ਨੇ ਦੇਸ਼ ਦੀ ਅੱਧੋ ਵੱਧ ਅਬਾਦੀ (ਦੋਨੋਂ ਨੀਵੇਂ ਵਰਨ ਤੇ ਇਸਤਰੀ ਜਾਤੀ) ਨੂੰ ਸਦਾ ਗੁਲਾਮੀ ਦਾ ਜੀਵਨ ਜੀਊਨ ਲਈ ਮਜਬੂਰ ਕਰੀ ਰੱਖਿਆ। ਕੁਛ ਸਤਿਕਾਰਯੋਗ ਭਗਤ ਜਨਾਂ ਨੇ ਵਰਨ ਵੰਡ ਦੇ ਖੰਮ੍ਹ ਪੰਡਤ ਨੂੰ ਕਾਫੀ ਤਿੱਖੀਆਂ ਸੁਣਾਈਆਂ ਪਰ ਕਿਸੇ ਤਰਾਂ ਦਾ ਵਿਉਂਤ ਵੱਧ ਤੇ ਜਥੇਬੰਧਕ ਉਪਰਾਲਾ ਨਾ ਹੋਣ ਕਰਕੇ ਉਸ ਦਾ ਕੁਛ ਨਾ ਵਿਗੜ ਸਕਿਆ।
ਜਿਵੇਂ ਦੇਸ਼ ਭਗਤੀ (ਭਾਵ ਸਾਰੇ ਦੇਸ ਵਾਸੀਆਂ ਲਈ ਪਿਆਰ) ਦੇ ਜਜ਼ਬੇ ਨਾਲ ਬੁੱਧ ਧਰਮ ਨੇ ਦੇਸ ਵਾਸੀਆਂ ਲਈ ਸਾਂਝੇ ਰੂਪ ਵਿੱਚ ਹਰ ਤਰਾਂ ਦੇ ਹੱਕ ਮਾਣੇ ਜਾਣ ਲਈ ਉਪਰਾਲਾ ਕੀਤਾ ਸੀ ਪਰ ਉਸ ਦੇ ਬਹੁਤ ਦੇਰ ਦੇਸ਼ ਵਿੱਚ ਪੈਰ ਨਾ ਲੱਗਣ ਦਿੱਤੇ, ਉਸ ਨਾਲੋਂ ਭੀ ਵੱਧ ਪ੍ਰੇਮ ਪਿਆਰ ਦੇ ਭਾਵ ਨਾਲ ਗੁਰੂ ਨਾਨਕ ਸਾਹਿਬ ਨੇ ਅਨੰਤ ਕਲਾ ਦੈਵੀ ਸ਼ਕਤੀ ਰਾਹੀਂ ਦੇਸ਼ ਭਗਤੀ ਦਾ ਕਾਰਜ ਅਰੰਭਿਆ। ਅਖੌਤੀ ਉੱਚੀ ਜਾਤ ਦਾ ਗੁਮਾਨ ਭੀ ਮਨ ਵਿੱਚ ਨਾ ਰੱਖਕੇ ਤੇ ਵਰਨ ਵੰਡ ਨੂੰ ਧਿਕਾਰ ਕੇ ਤਕੜੇ ਤੇ ਮਜ਼ਬੂਤ ਹੱਥਾਂ ਅਤੇ ਨਰੋਏ ਜਿਸਮ ਵਾਲੀ ਅਖੌਤੀ ਨੀਵੀਂ ਜਾਤੀ ਨੂੰ ਅਖੌਤੀ ਉੱਚੀ ਜਾਤ ਵਾਲਿਆਂ ਨਾਲੋਂ ਸਿਰ ਕੱਢ ਬਨਾਉਣ ਲਈ ਵਿਉਂਤ-ਵਧ ਲਹਿਰ ਸ਼ੁਰੂ ਕਰ ਦਿੱਤੀ। ਜਿੱਥੇ ਬਾਬਰ ਦੀ ਬੁਰਸ਼ਾਗਰਦੀ, ਅਤਿਆਚਾਰ, ਦਹਿਸ਼ਤਗਰਦੀ ਤੇ ਜ਼ੁਲਮ ਦੀ ਨਿਖੇਪੀ ਕੀਤੀ ਤੇ ਫਿਟਕਾਰ ਪਾਈ, ਉਥੇ ਉਸ ਦੇ ਹਮਲੇ ਸਮੇਂ ਦੇਸ਼ ਦੇ ਰਾਖਿਆਂ ਤੇ ਕਰਮਕਾਂਡੀ ਤਾਂਤ੍ਰਕ ਧਾਰਮਿਕ ਆਗੂਆਂ ਨੂੰ ਦੇਸ਼ ਦੀ ਰਾਖੀ ਨਾ ਕਰ ਸਕਣ ਦੀ ਫਿਟਕਾਰ ਪਾਈ। ਇਹ ਹੀ ਨਹੀਂ ਬਾਬਰ ਦੀ ਜੇਲ੍ਹ ਵਿਚੋਂ ਸਭ ਨੂੰ ਛੁੜਾ ਕੇ ਬੰਦੀ-ਛੋੜ ਦੀ ਨੀਂਹ ਰੱਖਕੇ ਦੇਸ਼ ਭਗਤੀ ਦਾ ਉਹ ਸਬੂਤ ਦਿੱਤਾ ਜੋ ਦੇਸ ਵਾਸੀਆਂ ਨੇ ਕਦੇ ਸੁਣਿਆ ਤਕ ਨਹੀਂ ਸੀ। ਕਿੱਥੇ ਤਾਂ ਦੇਸ਼ ਵਾਸੀਆਂ ਨੂੰ ਘਰਾਂ ਵਿੱਚ ਹੀ ਗੁਲਾਮ (ਛੂਤ ਛਾਤ ਰਾਹੀਂ) ਰੱਖਣਾ ਅਤੇ ਅੱਜਕਲ ਦੇ ਸਭਿਆਚਾਰ ਯੁਗ ਵਿੱਚ ਦੇਸ ਵਾਸੀਆਂ ਦੇ ਬੱਚਿਆਂ ਨੂੰ ਜ਼ਹਿਰ ਦੇ ਟੀਕੇ ਲਗਾ ਕੇ ਅਪਾਹਜ ਬਨਾਉਣਾ, ਤੇ ਕਿੱਥੇ ਜ਼ਾਲਮ ਦੀ ਜਿਹਲ ਵਿਚੋ ਦੇਸ ਵਾਸੀਆਂ ਨੂੰ ਛੁਡਾਉਣਾ। ਕਿਹੜੀ ਦੇਸ਼ ਭਗਤੀ ਹੈ ਤੇ ਕਿਹੜੀ ਦਹਿਸ਼ਤਗਰਦੀ? ਪਾਠਕ ਆਪ ਨਿਰਣਾ ਕਰ ਲੈਣ। ਵਰਨ ਵੰਡ ਦੀ ਜ਼ਹਿਰ ਨੇ ਦੇਸ਼ ਵਾਸੀਆਂ ਨੂੰ ਕਿਸ ਤਰਾਂ ਕਈ ਤਰਾਂ ਦੇ ਤਸ਼ਦੱਦ ਦਾ ਸ਼ਿਕਾਰ ਬਣਾਈ ਰੱਖਿਆ ਹੈ, ਬੜੀ ਲੰਬੀ ਦਾਸਤਾਨ ਹੈ। ਇਹ ਹੀ ਕਾਰਨ ਸੀ ਕਿ ਬਹੁਤ ਸਾਰੇ ਲੋਕਾਂ ਨੂੰ ਬੋਧੀ, ਫਿਰ ਮੁਸਲਮਾਨ ਤੇ ਈਸਾਈ ਬਣਨ ਲਈ ਮਜਬੂਰ ਕੀਤਾ। ਇਹ ਸਾਰੇ ਕੋਈ ਬਾਹਰੋਂ ਨਹੀਂ ਆਏ ਹੋਏ, ਦੇਸ ਦੇ ਅਸਲੀ ਵਾਸੀ ਹਨ ਜੋ ਵਰਨ ਵੰਡ ਰਾਹੀਂ ਢਾਹੇ ਜਾ ਰਹੇ ਜ਼ੁਲਮ ਦੇ ਕਾਰਨ ਧਰਮ ਬਦਲਣ ਲਈ ਮਜਬੂਰ ਹੋਏ ਸਨ।
ਇਸ ਸਭ ਤਰਾਂ ਦੀ ਕਿਰਿਆ ਨੇ ਸਭ ਨੂੰ ਲੀਹਾਂ ਤੋਂ ਲਾਹ ਰੱਖਿਆ ਸੀ। ਸਭ ਦੁਬਿਧਾ ਵਿੱਚ ਫਸੇ ਪਏ ਸਨ। ਸੋ ਗੁਰੂ ਨਾਨਕ ਸਾਹਿਬ ਨੇ ਸਭ ਨੂੰ ‘ਇਕ ਪ੍ਰਭੂ ਪਿਤਾ ਦੇ ਬੱਚੇ’ (ਪੰ. 611) ਹੋਣ ਦਾ ਸਬਕ ਦੇ ਕੇ ਇਕੋ ਮਨੁੱਖ ਜਾਤੀ ਵਜੋਂ ਆਪਸ ਵਿੱਚ ਭੈਣ ਭਰਾ ਦੇ ਰੂਪ ਵਿੱਚ ਸਤਿਕਾਰੇ ਜਾਣ ਦੀ ਲਹਿਰ ਚਲਾਈ, ਜੋ ਕਿ ਕਿਸੇ ਲਾਲਚ ਜਾ ਸੁਆਰਥ ਲਈ ਨਹੀਂ, ਸਰਬੱਤ ਦੇ ਭਲੇ ਲਈ ਸੀ ਜਿਸ ਰਾਹੀਂ ਦੇਸ ਤਰੱਕੀ ਕਰ ਸਕੇ ਤੇ ਸਾਰੇ ਸੁਚੱਜਾ ਜੀਵਨ ਜੀ ਸਕਣ ਤੇ ਆਖਰ ਖਰੇ ਸਿੱਕੇ ਦੇ ਰੂਪ ਵਿੱਚ ਰੱਬੀ ਦਰਗਾਹ ਵਿੱਚ ਪ੍ਰਵਾਨ ਚੜ੍ਹ ਸਕਣ। ਸੋ ਇਸ ਲਹਿਰ ਨੇ ਬੜੀਆਂ ਮੱਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਸਭ ਦੇ ਊਚ ਨੀਚ ਦਾ ਵਿਤਕਰਾ ਮਿਟਾ ਕੇ ਸਕੇ ਭੈਣ ਭਰਾਵਾਂ ਵਾਂਗ ਇੱਕ ਥਾਂ ਬੈਠ ਕੇ ਰੱਬ ਜੀ ਦੀ ਸਿਫਤ ਸਲਾਹ ਕਰਨ ਤੇ ਇੱਕ ਥਾਂ ਬੈਠ ਕੇ ਖਾਣਾ ਖਾਣ ਦੀ ਕਿਰਿਆ ਨੇ ਜੀਵਨ ਵਿੱਚ ਰਸ ਭਰ ਦਿੱਤਾ ਤੇ ਨਫਰਤ ਦਾ ਨਾਂ ਨਿਸ਼ਾਨ ਮਿਟ ਗਿਆ। ਇਸ ਵਿੱਚ ਤਾਂ ਰਾਜਾ ਪਰਜਾ ਭੀ ਸ਼ਾਮਲ ਹੋ ਗਏ। ਮਾਨੋ ਸਵਰਗ ਜ਼ਮੀਨ ਤੇ ਉਤਰ ਆਇਆ। ਇਹ ਸੀ ਮਨੁੱਖੀ ਪਿਆਰ ਰਾਹੀਂ ਦੇਸ਼ ਨੂੰ ਉਨਤੀ ਤੇ ਸਮੁੱਚੇ ਸਮਾਜ ਨੂੰ ਦੇਸ ਪਿਆਰ ਤੇ ਦੇਸ਼ ਭਗਤੀ ਦੀਆਂ ਲੀਹਾਂ ਤੇ ਤੋਰਨ ਦੀ ਉਹ ਪ੍ਰਕਿਰਿਆ ਜਿਸਨੇ ਕਿਸੇ ਵੇਲੇ ਦੇਸ਼ ਕੌਮ ਲਈ ਮਰ ਮਿਟਨ ਤੇ ਹਮਲਾ ਆਵਰਾਂ ਦੇ ਮੂੰਹ ਮੋੜਨ ਦਾ ਮਹਾਨ ਫਰਜ਼ ਨਿਭਾਉਣਾ ਸੀ। ਇਸ ਲਹਿਰ ਨੂੰ ਜਾਰੀ ਰੱਖਣ ਲਈ ਹੁਣ ਔਕੜਾਂ ਦਾ ਸਾਮਣਾ ਕਰਨ ਦਾ ਸਮਾਂ ਆ ਗਿਆ-ਅਸਲੀ ਦਹਿਸ਼ਤਗਰਦੀ ਦਾ! ਫਿਰਕਾ ਪ੍ਰਸਤ ਤੇ ਕੱਟੜ ਪੰਥੀ ਬੀਰਬਲ, ਚੰਦੂ, ਕਾਜ਼ੀ, ਮੁੱਲਾਂ ਤੇ ਜਹਾਂਗੀਰ ਅਸਹਿ ਤੇ ਅਕਹਿ ਤਸੀਹੇ ਦੇ ਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਕੇ ਇਸ ਦੇਸ ਪਿਆਰ ਦੀ ਲਹਿਰ ਨੂੰ ਖਤਮ ਕਰਨਾ ਚਾਹੁੰਦੇ ਸਨ। ਪਰ ਇਸ ਲਹਿਰ ਨੇ ਇਸ ਸ਼ਹੀਦੀ ਮਗਰੋਂ ਹੋਰ ਭੀ ਪ੍ਰਚੰਡ ਰੂਪ ਧਾਰ ਲਿਆ ਤਾਕਿ ਦੇਸ ਪਿਆਰ ਲਈ ਇਸ ਤਰਾਂ ਦੇ ਹੋਰ ਸੂਰਵੀਰ ਪੈਦਾ ਕੀਤੇ ਜਾ ਸਕਣ।
ਸ੍ਰੀ ਗੁਰੂ ਹਰਿ ਗੋਬਿੰਦ ਜੀ ਨੇ ਪਿਤਾ ਗੁਰੂ ਦੇ ਹੁਕਮ ਅਨੁਸਾਰ ਜ਼ਾਲਮ ਹੁਕਮਰਾਂਨ ਨੂੰ ਸਮਾਂ ਪੈਣ ਤੇ ਜਿੱਥੇ ਦੋ ਦੋ ਹੱਥ ਕਰਨ ਦਾ ਸਬਕ ਸਿਖਾਇਆ, ਉਥੇ ਆਦਿ ਗੁਰੂ, ਗੁਰੂ ਨਾਨਕ ਸਾਹਿਬ ਵਲੋਂ ਪਾਈ ਬੰਦੀ-ਛੋੜ ਦੀ ਪਿਰਤ ਨੂੰ ਬੜੇ ਨਿਰਾਲੇ ਢੰਗ ਨਾਲ ਹਿੰਦੋਸਤਾਨੀ ਲੋਕਾਂ ਦੇ ਸਾਮੁਣੇ ਲਿਆਂਦਾ, ਜਦ ਦੇਸ਼ਭਗਤੀ ਦੇ ਅਸਲੀ ਜਜ਼ਬੇ ਨੂੰ ਅਸਲੀ ਰੂਪ ਵਿੱਚ ਲਿਆ ਕੇ ਜ਼ਾਲਮ ਦੀ ਜੇਲ੍ਹ ਵਿਚੋਂ ਨਿਜੀ ਰਿਹਾਈ ਸਵੀਕਾਰ ਨਾ ਕੀਤੀ ਜਦ ਤੱਕ ਦੇਸ਼ ਦੇ ਕਈ ਰਾਜਾਂ ਤੋਂ ਫੜ ਕੇ ਕੈਦ ਕੀਤੇ ਰਾਜੇ ਰਿਹਾ ਨਹੀਂ ਕੀਤੇ ਜਾਂਦੇ। ਦੇਸ ਦੇ ਵੱਖ ਵੱਖ ਰਾਜਿਆਂ ਨੂੰ ਇਸ ਤਰਾਂ ਰਿਹਾ ਕਰਵਾਉਣਾ ਕਿੱਡੀ ਮਹਾਨ ਦੇਸ਼ ਭਗਤੀ ਦਾ ਸਬੂਤ ਹੈ। ਅਸਲ ਵਿੱਚ ਗੁਰੂ ਨਾਨਕ ਸਾਹਿਬ ਵਲੋਂ ਚਲਾਈ ਸਿੱਖ ਲਹਿਰ ਧਰਮ (ਭਾਵ ਸੱਚ, ਇਨਸਾਫ ਅਤੇ ਅਜ਼ਾਦੀ) ਦੇ ਅਧਾਰ ਤੇ ਚਲਾਈ ਦੇਸ਼ ਭਗਤੀ ਦੀ ਉਹ ਲਹਿਰ ਸੀ (ਤੇ ਹੁਣ ਭੀ ਹੈ) ਜਿਸ ਨੂੰ ਉਸ ਵੇਲੇ ਦੇ ਨਾਂ ਹੁਕਮਨਾਮਾਂ ਅਤੇ ਨਾਂ ਹੀ ਧਾਰਮਿਕ ਆਗੂਆਂ ਨੇ ਸਮਝਿਆ ਅਤੇ ਹੁਣ ਭੀ ਨਹੀਂ ਸਮਝੀ ਜਾ ਰਹੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਇਹ ਲਹਿਰ ਇਸ ਹੱਦ ਤੱਕ ਮਜ਼ਬੂਤ ਹੋ ਗਈ ਕਿ ਇਸ ਨੇ ਦੇਸ਼ ਭਗਤੀ ਦੀ ਉਹ ਹੱਦ ਭੀ ਦਿਖਾ ਦਿੱਤੀ ਜਿਥੇ ਕਿਸੇ ਮਜ਼ਲੂਮ (ਭਾਵੇਂ ਉਹ ਕਿਸੇ ਧਰਮ ਦਾ ਭੀ ਹੋਵੇ) ਲਈ ਹਰ ਤਰਾਂ ਦੀ ਭਾਵ ਤਨ ਮਨ ਧਨ ਦੀ ਕੁਰਬਾਨੀ ਅਤੇ ਭਾਈ ਘਨਈਆ ਜੀ ਦਾ ਅਪਣਿਆਂ ਤੇ ਦੁਸ਼ਮਣਾਂ ਦੇ ਜ਼ਖਮੀਆਂ ਨੂੰ ਇੱਕ ਮਨੁੱਖ ਜਾਤੀ ਦੇ ਸਮਝ ਕੇ ਪਾਣੀ ਪਿਲਾਉਣਾ ਤੇ ਮੱਲਮ ਪੱਟੀ ਕਰਨਾ ਅਮਲੀ ਰੂਪ ਵਿੱਚ ਦੇਸ਼ ਭਗਤੀ ਦੇ ਨਮੂਨੇ ਹਨ।
ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਬੇ ਸਰੋ ਸਾਮਾਨ ਹੁੰਦੇ ਹੋਏ ਇੱਕ ਬੜੀ ਤਾਕਤਵਰ ਪਰ ਜ਼ਾਲਮ ਮੁਗਲ ਹਕੂਮਤ ਦੇ ਪੈਰ ਹਿਲਾ ਕੇ ਰੱਖ ਦਿੱਤੇ ਜਦ ਕਿ ਦੇਸ ਵਿੱਚ ਕਈ ਰਾਜੇ ਸਿਰਫ ਅਪਣੇ ਅਪਣੇ ਰਾਜ ਨੂੰ ਕਾਇਮ ਰੱਖਣ ਲਈ ਲੜ ਰਹੇ ਸਨ ਤੇ ਉਨ੍ਹਾਂ ਵਿਚੋਂ ਕਈ ਰਾਜੇ ਅਪਣੀਆਂ ਧੀਆਂ ਭੈਣਾਂ ਦੇ ਡੋਲੇ ਤੱਕ ਜ਼ਾਲਮ ਹੁਕਮਰਾਨਾਂ ਨੂੰ ਦੇ ਰਹੇ ਸਨ। ਦੇਸ ਦੇ ਸਾਰੇ ਇਤਿਹਾਸ ਵਿੱਚ ਸਾਰੇ ਦੇਸ ਦੇ ਹਿਤ ਵਿੱਚ ਕਿਸੇ ਭੀ ਰਾਜੇ, ਇੱਥੋਂ ਤੱਕ ਕਿ ਅਵਤਾਰੀ ਰਾਜੇ ਵਲੋਂ ਭੀ ਐਸੀ ਮਿਸਾਲ ਨਹੀਂ ਮਿਲਦੀ। ਖੈਰ ਗੁਰੂ ਸਾਹਿਬਾਨ ਵਲੋਂ ਦਿੱਤੀ ਜਾ ਰਹੀ ਸਿੱਖਿਆ ਅਤੇ ਆਖਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖਾਲਸਾ ਰੂਪ ਵਿੱਚ ਸਾਜੇ ਪੰਥ ਨੇ ਉਹ ਦੇਸ਼ ਭਗਤ ਪੈਦਾ ਕਰ ਦਿੱਤੇ ਜਿਨ੍ਹਾਂ ਨੇ ਜਿੱਥੇ ਬਦੇਸ਼ੀ ਹਮਲਾ ਆਵਰਾਂ ਹੱਥੋਂ ਦੇਸ਼ ਦੀ ਇਜ਼ੱਤ (ਹਜ਼ਾਰਾਂ ਦੀ ਗਿਣਤੀ ਵਿੱਚ ਮਾਸੂਮ ਬੀਬੀਆਂ) ਲੁੱਟ ਦੇ ਮਾਲ ਵਜੋਂ ਲੈ ਕੇ ਜਾਂਦੇ ਜਰਵਾਣਿਆਂ ਕੋਲੋਂ ਬਚਾਈ, ਉੱਥੇ ਉਨ੍ਹਾਂ ਹਮਲਾ ਆਵਰਾਂ ਨੂੰ ਹਿੰਦੋਸਤਾਨ ਵਲ ਨਿਗਾਹ ਕਰਨ ਤੋਂ ਭੀ ਰੋਕ ਦਿੱਤਾ। ਤਾਂ ਹੀ ਤਾਂ ਮਹਾਨ ਵਦਵਾਨ ਤੇ ਇਤਿਹਾਸਕਾਰ ਕਹਿੰਦੇ ਹਨ ਕਿ ਪੰਜਾਬ ਸਿੱਖਾਂ ਵਲੋਂ ਹਿੰਦੋਸਤਾਨ ਨੂੰ ਲੈ ਕੇ ਦਿੱਤਾ ਇੱਕ ਤੋਹਫਾ ਹੈ। ਜੋ ਬਿਲਕੁਲ ਠੀਕ ਹੈ। ਹੈ ਨਾ ਦੇਸ਼ ਭਗਤੀ ਦੀ ਅਦੁੱਤੀ ਮਿਸਾਲ!
ਗੁਰੂ ਸਾਹਿਬਾਨ ਵਲੋਂ ਬਖਸ਼ੇ ਦੇਸ਼ ਭਗਤੀ ਦੇ ਇਸ ਮਹਾਨ ਜਜ਼ਬੇ ਨੇ ਖਾਲਸੇ ਵਲੋਂ ਹਜ਼ਾਰਾਂ ਹੀ ਕੁਰਬਾਨੀਆਂ ਦੇ ਕੇ ਕਾਇਮ ਕੀਤੇ ਰਾਜ ਵਿੱਚ ਸਭ ਨੂੰ ਸਾਂਝੀਵਾਲ ਬਣਾਇਆ ਜਿਸ ਨਾਲ ਕਈ ਸੌ ਸਾਲ ਬਾਅਦ ਸਾਰੇ ਲੋਕਾਂ (ਹਿੰਦੂ, ਮੁਸਲਮਾਨ, ਸਿੱਖ) ਨੂੰ ਸੁਖ ਦਾ ਸਾਹ ਲੈਣਾ ਨਸੀਬ ਹੋਇਆ। ਦੇਸ਼ ਧਰੋਹੀਆਂ ਨੇ ਉਹ ਰਾਜ ਭੀ ਨਾ ਰਹਿਣ ਦਿੱਤਾ। ਦੇਸ ਧਰੋਹੀ ਦੀ ਇਸ ਦੁਖਦਾਈ ਘਟਨਾ ਨੂੰ ਭੀ ਭੁਲਾ ਕੇ ਦੇਸ਼ ਦੇ ਹਿਤ ਨੂੰ ਮੁਖ ਰਖ ਕੇ ਖੁੱਸੇ ਪੰਜਾਬ ਨੁੰ ਹੀ ਨਹੀਂ ਸਮੁੱਚੇ ਦੇਸ਼ ਹਿੰਦੋਸਤਾਨ ਨੂੰ ਬਦੇਸ਼ੀ ਰਾਜ ਤੋਂ ਅਜ਼ਾਦ ਕਰਵਾਉਣ ਲਈ ਬਿਗਲ ਵਜਾ ਦਿੱਤਾ ਤੇ ਦੇਸ਼ ਦੀ ਅਜ਼ਾਦੀ ਲਈ ਬਦੇਸ਼ਾਂ ਤੋਂ ਭੀ ਵਾਪਸ ਪਰਤ ਕੇ ਆਣ ਹਿੱਸਾ ਪਾਇਆ। ਦੇਸ਼ ਦੀ ਅਜ਼ਾਦੀ ਲਈ ਕੁਰਬਾਨੀਆਂ ਦਾ 85 ਫੀਸਦੀ ਤੋਂ ਭੀ ਵੱਧ ਪਾ ਕੇ ਅਤੇ ਕਿਸੇ ਨੂੰ ਇਸ ਬਾਰੇ ਜਣਾਏ ਤੋਂ ਬਿਨਾਂ ਦੇਸ਼ ਨੂੰ ਅਜ਼ਾਦ ਕਰਵਾ ਦਿੱਤਾ। ਪਰ ਇਨ੍ਹਾਂ ਦੇਸ਼ ਭਗਤ ਅਜ਼ਾਦੀ ਦੇ ਪ੍ਰਵਾਨਿਆਂ ਨੂੰ ਦਹਿਸ਼ਤਗਰਦ ਕਹਿਣ ਵਾਲੇ ਚਰਖਾ ਕੱਤਣ ਤੇ ਸਸਤਾ (ਦੁਸ਼ਮਣ ਦੀ ਸਹਾਇਤਾ ਵਾਲਾ) ਸਤਿਆਗਰਹਿ ਕਰਨ ਵਾਲੇ ਚਲਾਕ ਭੱਦਰ ਪੁਰਸ਼ ਨੇ ਅਜ਼ਾਦੀ ਦਾ ਸਿਹਰਾ ਅਪਣੇ ਸਿਰ ਬੰਨ੍ਹ ਲਿਆ। ਕਦੇ ਚਰਖਾ ਕੱਤਣ ਤੇ ਸਤਿਆਗਰਹਾਂ ਨਾਲ ਭੀ ਕਿਸੇ ਨੂੰ ਅਜ਼ਾਦੀ ਮਿਲੀ ਹੈ? ਪਰ ਮੱਕਾਰੀ ਭਰਿਆ ਪ੍ਰਚਾਰ ਤੇ ਬਹੁ ਗਿਣਤੀ ਦਾ ਫਤਵਾ ਤਾਂ ਇੱਕ ਮਾਸੂਮ ਨੂੰ ਅਪਰਾਧੀ, ਚੋਰ ਨੂੰ ਸਾਧ (ਜਿਵੇਂ ਝੂਠੇ ਸੌਦੇ ਵਾਲਾ ਸਾਧ) ਸਾਧ ਨੂੰ ਚੋਰ ਤੇ ਦੇਸ਼ ਭਗਤ ਨੂੰ ਦਹਿਸ਼ਤਗਰਦ ਬਣਾ ਸਕਦਾ ਹੈ। ਇਹ ਹੀ ਤਰੀਕਾ ਉਸ ਸਮੇਂ ਤੋਂ ਲੈ ਕੇ ਸਿੱਖਾਂ (ਜੋ ਦਿਲੋਂ ਲਾ ਕੇ ਦੇਸ਼ ਭਗਤ ਹਨ) ਲਈ ਵਰਤਿਆ ਜਾ ਰਿਹਾ ਹੈ। ਕਿਉਂਕਿ 1947 ਦੀ ਵੰਡ ਸਮੇਂ ਸਿੱਖਾਂ ਨੂੰ ਧੋਖੇ ਵਿੱਚ ਰੱਖ ਕੇ ਭਾਈਵਾਲ ਬਣਨ ਲਈ ਵਰਗਲਾ ਲਿਆ ਸੀ।
ਇਹ ਸਭ ਵਿਸਾਹਘਾਤ ਹੋਣ ਤੋਂ ਬਾਅਦ ਭੀ ਸਿੱਖਾਂ ਨੇ ਦੇਸ਼ ਭਗਤੀ ਤੋਂ ਮੂੰਹ ਨਹੀਂ ਮੋੜਿਆ। ਹਰ ਤਰਾਂ ਦਾ ਜ਼ੁਲਮ ਸਹਿ ਕੇ ਭੀ ਸਿਰਫ ਜ਼ਾਲਮ ਨੂੰ ਹੀ ਸੋਧਿਆ, ਕਦੇ ਕਿਸੇ ਮਸੂਮਾਂ ਦੀ ਜਾਨ ਜਾ ਮਾਲ ਦਾ ਨੁਕਸਾਨ (ਸਾੜ ਫੂਕ, ਤੋੜ ਭੰਨ੍ਹ) ਨਹੀਂ ਕੀਤਾ। ਜੰਗਾਂ ਵਿੱਚ ਸਿੱਖ ਗਭਰੂਆਂ ਨੇ ਹਰ ਤਰਾਂ ਦੀ ਬਹਾਦਰੀ ਦਿਖਾਈ। ਸੰਕਟ ਸਮੇਂ (ਉੜੀਸਾ ਵਿੱਚ ਤੂਫਾਨ, ਗੁਜਰਾਤ ਵਿੱਚ ਭੁਚਾਲ ਆਦਿ) ਹਰ ਤਰਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ। ਹੁਣ ਤਾਜ਼ਾ ਮਿਸਾਲ ਬੰਬਈ ਵਿੱਚ ਹੋਏ ਹਮਲੇ ਵਿੱਚ ਜ਼ਖਮੀਆਂ ਤੇ ਦਹਿਸ਼ਤਗਰਦਾਂ ਨਾਲ ਲੜ ਰਹੇ ਫੌਜੀ ਜਵਾਨਾਂ ਦੀ ਔਖੇ ਹੋ ਕੇ ਭੀ ਲੰਗਰ ਪੁਜਾ ਕੇ ਸੇਵਾ ਕੀਤੀ। ਪਰ ਦੂਸਰੇ ਪਾਸੇ 1984 ਦੇ ਦਰਬਾਰ ਸਾਹਿਬ ਤੋਂ ਫੜੇ ਬੇਕਸੂਰ ਨੌਜਵਾਨ ਤਾਂ ਇੱਕ ਪਾਸੇ ਛੋਟੇ ਛੋਟੇ ਬੱਚਿਆਂ ਨੂੰ ਭੀ ਹਾਲੇ ਤੱਕ ਨਹੀਂ ਛਡਿਆ ਗਿਆ। ਅਤੇ ਦਿੱਲੀ ਵਿੱਚ ਸਿੱਖ ਕਤਲੇ ਆਮ ਕਰਵਾਉਣ ਵਾਲਿਆਂ ਨੂੰ ਸਜ਼ਾ ਤਾਂ ਕੀ ਫੜਿਆ ਭੀ ਨਹੀਂ ਗਿਆ। ਹੋਰ ਬਹੁਤ ਕੁੱਛ ਲਿਖਿਆ ਜਾ ਸਕਦਾ ਜੋ ਸਾਬਤ ਕਰਦਾ ਹੈ ਕਿ ਸਿੱਖਾਂ ਨੂੰ ਦੇਸ਼ ਵਿੱਚ ਇਨਸਾਫ ਕਿਸੇ ਭੀ ਕੀਮਤ? ਤੇ ਨਹੀਂ ਮਿਲ ਸਕਦਾ ਭਾਵੇਂ ਕਿੰਨੀ ਭੀ ਦੇਸ਼ ਭਗਤੀ ਦੇ ਜੌਹਰ ਦਿਖਾਈ ਜਾਣ। ਉਲਟਾ ਦਹਿਸ਼ਤਗਰਦਾਂ ਦੀ ਡਿਗਰੀ ਅਸਾਨੀ ਨਾਲ ਮਿਲ ਸਕਦੀ ਹੈ ਤੇ ਮਿਲ ਰਹੀ ਹੈ। ਇਹ ਕਿਉ? ਇਸ ਲਈ ਕਿ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਜਾ ਸਕੇ। ਉਹ ਕਿਵੇਂ? ਸਿੱਖਾਂ ਨਾਲ ਸੱਚੇ ਦਲੋਂ ਪੰਜਾਬ ਤੇ ਸਿਖਾਂ ਦੇ ਜਾਇਜ਼ ਹੱਕਾਂ ਸੰਬੰਦੀ ਗਲ ਬਾਤ ਕਰਨ ਦੀ ਥਾਂ ਸਿੱਖਾਂ ਨੂੰ ਹੱਕਾਂ ਦੀ ਪ੍ਰਾਪਤੀ ਲਈ ਧਰਮ ਯੁਧ ਮੋਰਚਾ ਲਾਉਣ ਲਈ ਮਜਬੂਰ ਕੀਤਾ। ਸ੍ਰੀ ਅਕਾਲ ਤਖਤ ਤੋਂ ਮੋਰਚਾ ਚਲਾ ਰਹੇ ਸਿੱਖਾਂ ਨੂੰ ਭੰਡੀ ਪ੍ਰਚਾਰ ਰਾਹੀਂ ਦਹਿਸ਼ਤਗਰਦ ਕਹਿ ਕੇ ਦਰਬਾਰ ਸਾਹਿਬ ਸਮੂਹ ਨੂੰ ਘੇਰ ਕੇ ਤੇ ਹਮਲਾ ਕਰਕੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾ ਦਾ ਘਾਣ ਕਰਨਾ ਕੀ ਹੁਣੇ ਹੁਣੇ ਹੋਏ ਮੰਬਈ ਬੰਬ ਕਾਂਡ ਵਾਲੀ ਦਹਿਸ਼ਤਗਰਦੀ ਨਹੀਂ ਸੀ? ਪਰ ਗੱਲ ਤਾਂ ਜਿਸਦੀ ਲਾਠੀ ਉਸਦੀ ਭੈਂਸ ਵਾਲੀ ਬਣ ਚੁੱਕੀ ਹੈ! ਕਦੇ ਇਹ ਅਖੌਤੀ ਦੇਸ਼ ਭਗਤ ਤੇ ਦੇਸ਼ ਦੇ ਸ਼ੁਭ ਚਿੰਤਕ ਸਿੱਖਾਂ ਨੂੰ ਹਿੰਦੂਆਂ ਵਿਚੋਂ ਬਣੇ ਹਿੰਦੂ ਕਹਿੰਦੇ ਹਨ, ਕਦੇ ਇਹ ਸਿੱਖ ਸਮਝ ਕੇ ਦਹਿਸ਼ਤਗਰਦ ਕਹਿ ਦਿੰਦੇ ਹਨ। ਸਿੱਖਾਂ ਨੂੰ ਦਿਹਸ਼ਤਗਰਦ ਕਿਹਾ ਹੀ ਨਹੀਂ ਗਿਆ, ਉਨ੍ਹਾਂ ਵਲੋਂ ਜਾਇਜ਼ ਹੱਕ ਮੰਗਦੇ ਰਹਿਣ ਤੇ ਉਨ੍ਹਾਂ ਵਿਰੁਧ ਐਸਾ ਭੰਡੀ ਪ੍ਰਚਾਰ ਕੀਤਾ ਗਿਆ ਕਿ ਉਨ੍ਹਾਂ ਨੂੰ ਦਹਿਸ਼ਤਗਰਦ ਤੇ ਦੇਸ਼ ਧਰੋਹੀ ਕਹਿ ਕੇ ਉਨ੍ਹਾਂ ਮਗਰ ਹਥਿਆਰਬੰਦ ਪੁਲਿਸ ਐਸੀ ਲਾਈ ਗਈ ਕਿ ਬਹੁਤ ਸਾਰਿਆਂ ਨੂੰ ਰਾਜ ਦੀ ਸ੍ਰਕਾਰ ਦੀ ਸ਼ਹਿ ਤੇ ਫਰਜ਼ੀ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਗਿਆ ਅਤੇ ਬਹੁਤ ਸਾਰੇ ਦੇਸ਼ ਛੱਡਣ ਲਈ ਮਜਬੂਰ ਹੋਏ। ਉਸ ਸਮੇਂ ਰਾਜ ਦੇ ਮੁੱਖ ਮੰਤਰੀ, ਪੁਲਿਸ ਜਨਰਲ ਡਾਇਰੈਕਟਰ ਤੇ ਪੁਲਿਸ ਵਲੋਂ ਤਸ਼ੱਦਦ ਰਾਹੀਂ ਜ਼ੁਲਮ, ਸਿਖ ਨੌਜਵਾਨਾਂ ਲਈ ਨਾਜ਼ੀ ਜਰਮਨੀ ਵਲੋਂ ਯਹੂਦਿਆਂ ਵਾਲੀ ਨਸਲ ਕੁਸ਼ੀ ਦੀ ਸੂਰਤ ਅਖਤਿਆਰ ਕਰ ਗਿਆ। ਪਰ ਸਿੱਖ ਉਸ ਹੀ ਤਰਾਂ ਨਿਰੋਲ ਤੇ ਨਿਆਰੇ ਸਿੱਖ ਹਨ (ਜੋ ਧਾਰਮਿਕ ਤੌਰ ਤੇ ਹਿੰਦੂਆਂ ਵਾਲੇ ਪੂਜਾ ਪਾਠ ਦੇ ਢੰਗ ਆਦਿ ਨਹੀਂ ਅਪਨਾਉਂਦੇ), ਜਿਸ ਤਰਾਂ ਹਿੰਦੂਆਂ ਵਿਚੋਂ ਬਣੇ ਬੋਧੀ, ਬੋਧੀ ਹਨ, ਮੁਸਲਮਾਨ ਮੁਸਲਮਾਨ ਹਨ ਤੇ ਈਸਾਈ ਈਸਾਈ ਹਨ। ਸੋ ਚਾਹੀਦਾ ਤਾਂ ਇਹ ਹੈ ਕਿ ਸਿੱਖਾਂ ਵਰਗੀ ਮਹਾਨ ਦੇਸ਼ਭਗਤ ਕੌਮ ਨੂੰ ਇਸ ਦੇਸ਼ ਵਿੱਚ ਪੂਰਾ ਪੂਰਾ ਇਨਸਾਫ ਮਿਲੇ ਅਤੇ ਹਰ ਤਰਾਂ ਦੇ ਮਨੁੱਖੀ ਹੱਕ ਬਾਕੀ ਸਭ ਦੇਸ਼ਵਾਸੀਆਂ ਵਾਂਗ ਖੁਲ੍ਹ ਖੇਲ੍ਹ ਨਾਲ ਮਾਨਣ। ਕੀ ਸਿੱਖਾਂ ਦੀ ਨਸਲਕੁਸ਼ੀ ਕਰਨ ਤੇ ਤੁਲੀ ਸੰਸਥਾ ਆਰ. ਐਸ. ਐਸ. ਇਸ ਵੱਲੋਂ ਛਾਪੇ ਗੁਪਤ ਪੱਤਰ ਦੇ ਮੱਦਾਂ ਤੇ ਸਿੱਖਾਂ ਅਤੇ ਹੋਰਨਾਂ ਵਿਰੁਧ ਅਮਲ ਕਰਨ ਤੋਂ ਗੁਰੇਜ਼ ਕਰੇਗੀ। ਜੇ ਨਹੀਂ (ਤੇ ਲਗਦਾ ਭੀ ਹੈ ਕਿ ਇਹ ਗੁਰੇਜ਼ ਨਹੀਂ ਕਰੇਗੀ) ਤਾਂ ਇਹ ਹੈ ਅਸਲੀ ਦਹਿਸ਼ਤਗਰਦੀ, ਨਾ ਕਿ ਇਨ੍ਹਾਂ ਭੱਦਰ ਪੁਰਸ਼ਾਂ ਵੱਲੋਂ ਸਮਝੀ ਦੇਸ਼ਭਗਤੀ। ਇਸ ਤਰਾਂ ਦੇ ਇਨ੍ਹਾਂ ਦੇ ਵਤੀਰੇ ਨੇ ਪਾਕਿਸਤਾਨ ਬਣਾਇਆ ਸੀ ਅਤੇ ਸਿੱਖ ਮਾਨਸਿਕਤਾ ਨੂੰ ਅਜ਼ਾਦ ਦੇਸ਼ ਦੀ ਮੰਗ ਲਈ ਮਜਬੂਰ ਕੀਤਾ ਹੋਇਆ ਹੈ! ਜਿਸ ਵਾਸਤੇ ਇਹ ਕੱਟੜਪੰਥੀ ਜ਼ੁੰਮੇਵਾਰ ਹਨ ਨਾ ਕਿ ਸਿੱਖ।
ਇੱਕ ਹੋਰ ਖਾਸ ਨੁਕਤਾ ਇਹ ਕਿ ਹਿੰਦੂ ਫਲਸਫਾ ਕਰਮਾਂ (ਸ਼ੁਭ ਤੇ ਅਸ਼ੁਭ ਅਮਲਾਂ) ਵਿੱਚ ਵਿਸ਼ਵਾਸ ਕਰਦਾ ਹੈ, ਸਿੱਖ ਫਲਸਫਾ ਭੀ। ਭਾਵ ਚੰਗੇ ਮੰਦੇ ਕੰਮਾਂ ਅਨੁਸਾਰ ਬੰਦੇ ਨੂੰ ਸਜ਼ਾ ਜਾਂ ਬਖਸ਼ਿਸ਼ ਮਿਲਦੀ ਹੈ। ਜਾਂ ਇਹ ਕਹਿ ਲਵੋ ਕਿ ਨੇਕ ਕੰਮਾਂ ਲਈ ਸਵਰਗ ਤੇ ਮੰਦੇ ਕੰਮਾਂ ਲਈ ਨਰਕ, ਭਾਵ ਨੀਵੀਆਂ ਜੂਨਾਂ ਵਿੱਚ ਜਨਮ ਮਿਲੇਗਾ। ਕਿਸੇ ਕੌਮ ਦੀ ਨਸਲਕੁਸ਼ੀ ਕਰਨੀ ਤੇ ਗੁਪਤ ਪੱਤਰ ਵਿੱਚ ਛਾਪੇ ਗਏ ਸਾਰੇ ਮੱਦ ਮੰਦੇ ਤੋਂ ਭੀ ਮੰਦੇ ਕੰਮ ਹੀ ਤਾਂ ਹਨ। ਗੁਰੂ ਸਾਹਿਬ ਭੀ ਕਹਿੰਦੇ ਹਨ ਕਿ ਕਿਸੇ ਦਾ ਬੁਰਾ ਕਰਨਾ ਤਾਂ ਇੱਕ ਪਾਸੇ, ਕਿਸੇ ਦਾ ਬੁਰਾ ਕਰਨ ਲਈ ਸੋਚਣ ਵਾਲੇ ਦਾ ਕਦੇ ਭਲਾ ਨਹੀਂ ਹੁੰਦਾ। ਬੁੱਧ ਮੱਤ ਦਾ ਬੁਰਾ ਕਰਕੇ ਉਸ ਦੀ ਸਜ਼ਾ ਵਜੋਂ ਇਨ੍ਹਾਂ ਭੱਦਰ ਪੁਰਸ਼ਾਂ ਦੇ ਵਡੇਰਿਆਂ ਤੇ ਸਾਰੇ ਦੇਸ਼ ਨੂੰ ਹਜ਼ਾਰ ਸਾਲ ਦੀ ਬਦੇਸ਼ੀ ਗੁਲਾਮੀ ਕੱਟਣੀ ਪਈ। ਇਹ ਮਿਸਾਲ ਸਾਮ੍ਹਣੇ ਹੁੰਦੇ ਹੋਏ ਭੀ ਜੇ ਮੁੜ ਉਹ ਕੁਛ ਹੀ ਕਰਨ ਦੀ ਠਾਣੀ ਹੋਈ ਹੈ ਤਾਂ ਸਿੱਟੇ ਵਜੋਂ ਇਸ ਤੋਂ ਭੀ ਵੱਧ ਦੋਹਰੀ ਤੇਹਰੀ ਸਜ਼ਾ ਪ੍ਰਮਾਤਮਾ ਵੱਲੋਂ ਹੋਵੇਗੀ। ਸੋ ਬੁਰਾਈ ਕਰਨ ਤੋਂ ਗੁਰੇਜ਼ ਕਰਕੇ ਅਸਲੀ ਦੇਸ਼ਭਗਤਾਂ ਦਾ ਨੁਕਸਾਨ ਕਰਨ ਦੀ ਥਾਂ ਆਪ ਭੀ ਅਸਲੀ ਦੇਸ਼ਭਗਤ ਬਣਨ ਦੀ ਪ੍ਰਤਿਗਿਆ ਕਰਨੀ ਹੀ ਲਾਹੇਵੰਦ ਹੋ ਸਕਦੀ ਹੈ। ਕੀ ਇਨ੍ਹਾਂ ਭੱਦਰ ਪੁਰਸ਼ਾਂ ਪਾਸੋਂ ਇਹ ਆਸ ਰੱਖੀ ਜਾ ਸਕਦੀ ਹੈ?




.