.

ਗਿਆਨੀ ਵੇਦਾਂਤੀ ਨੂੰ ਟੀਕਾਕਰਨ ਕਮੇਟੀ ਦਾ ਚੇਅਰਮੈਨ ਕਿਉਂ ਲਗਾਇਆ ਗਿਆ?

ਜਿਥੇ ਦੁਨੀਆਂ ਭਰ ਵਿੱਚ ਵਸਦੇ ਸਿੱਖ ਇਹਨਾਂ ਦਿਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ 405ਵਾਂ ਪ੍ਰਕਾਸ਼ ਦਿਵਸ ਮਨਾ ਰਹੇ ਹਨ, ਉਥੇ ਇਹਨਾਂ ਸਮਾਗਮਾਂ ਦੀ ਆੜ ਵਿੱਚ ਇੱਕ ਬਹੁਤ ਹੀ ਸੰਵੇਦਨਸ਼ੀਲ ਮਾਮਲੇ ਸਬੰਧੀ ਸ੍ਰੀ ਅੰਮ੍ਰਿਤਸਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾਕਰਨ ਦਾ ਕੰਮ ਵੀ ਚੁੱਪ ਚੁਪੀਤੇ ਸ਼ੁਰੂ ਕਰ ਦਿੱਤਾ ਗਿਆ ਹੈ। 31 ਅਗਸਤ ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਵਿੱਚ ਅਰਦਾਸ ਕਰਕੇ ਇਸ ਕੰਮ ਲਈ ਕਥਿਤ ਖੋਜ ਕੇਂਦਰ ਦੇ ਚੇਅਰਮੈਨ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਲਗਾਇਆ ਗਿਆ ਹੈ।
ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾਕਰਨ ਕੋਈ ਮਾੜੀ ਗੱਲ ਨਹੀਂ। ਅਜਿਹੇ ਕਾਰਜਾਂ ਵਿੱਚ ਕੰਮ ਹਮੇਸ਼ਾ ਜਾਰੀ ਰਹਿਣੇ ਚਾਹੀਦੇ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਅਜਿਹੇ ਵੱਡੇ ਕੰਮ ਕਰਨ ਦੇ ਸਮਰੱਥ ਹੈ। ਪ੍ਰੰਤੂ ਜਿਸ ਤਰ੍ਹਾਂ ਇਹ ਵੱਡੇ ਕਾਰਜ ਨੂੰ ਬਿਨਾਂ ਕਿਸੇ ਪੰਥਕ ਵਿਚਾਰਾਂ ਦੇ ਆਰੰਭ ਕੀਤਾ ਗਿਆ ਉਸ ਤੋਂ ਇਸ ਕਾਰਜ ਤੋਂ ਨਿਕਲਣ ਵਾਲੇ ਸਿੱਟਿਆਂ ਦਾ ਪਹਿਲਾਂ ਹੀ ਭਲੀ ਭਾਂਤ ਅੰਦਾਜ਼ਾ ਲੱਗ ਸਕਦਾ ਹੈ। ਭਾਵੇਂ ਅਜੇ ਇਹ ਵੱਡੇ ਕੰਮ ਨੂੰ ਸ਼ੁਰੂ ਹੀ ਕੀਤਾ ਗਿਆ ਹੈ, ਪ੍ਰੰਤੂ ਹੁਣ ਤੋਂ ਹੀ ਇਸ ਟੀਕੇ ਨੂੰ ਪ੍ਰਮਾਣਿਤ ਟੀਕਾ ਘੋਸ਼ਿਤ ਕਰਨਾ ਆਪਣੇ ਆਪ ਵਿੱਚ ਸ਼ੱਕੀ ਕਾਰਵਾਈ ਹੈ, ਕਿਉਂਕਿ ਇਹ ਵੱਡੇ ਕਾਰਜ ਲਈ ਪਹਿਲਾਂ ਪ੍ਰਮੁੱਖ ਸਿੱਖ ਜਥੇਬੰਦੀਆਂ, ਯੂਨੀਵਰਸਿਟੀਆਂ ਅਤੇ ਸਭਾ ਸੁਸਾਇਟੀਆਂ ਵਿੱਚ ਪ੍ਰਸਤਾਵਿਤ ਟੀਕੇ ਬਾਰੇ ਇੱਕ ਰਾਇ ਪੈਦਾ ਕੀਤੀ ਜਾਣੀ ਜ਼ਰੂਰੀ ਸੀ ਜਿਨ੍ਹਾਂ ਵਿਚਾਰਾਂ ਤੋਂ ਉਪਜੀ ਰਾਇ ਤਹਿਤ ਵਿਦਵਾਨਾਂ ਦਾ ਪੈਨਲ ਬਣਾ ਕੇ ਹੀ ਸਾਰਥਿਕ ਸਿੱਟੇ ਪ੍ਰਾਪਤ ਹੋ ਸਕਦੇ ਸਨ ਅਤੇ ਫਿਰ ਹੀ ਇਸ ਟੀਕੇ ਨੂੰ ਪ੍ਰਮਾਣਿਤ ਟੀਕੇ ਦਾ ਨਾਮ ਦਿੱਤਾ ਜਾ ਸਕਦਾ ਸੀ। ਇਸ ਟੀਕੇ ਵਾਲੇ ਕਾਰਜਾਂ ਵਿੱਚ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦਾ ਚੇਅਰਮੈਨ ਲਾਇਆ ਜਾਣਾ ਆਪਣੇ ਆਪ ਵਿੱਚ ਹੀ ਮੰਦਭਾਗਾ ਫੈਸਲਾ ਹੈ ਕਿਉਂਕਿ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਦੇ ਕਾਰਜਕਾਲ ਦੌਰਾਨ ਗਿਆਨੀ ਵੇਦਾਂਤੀ ਹਮੇਸ਼ਾ ਵਿਵਾਦਾਂ ਵਿੱਚ ਉਲਝੇ ਰਹੇ ਹਨ ਅਤੇ ਕਰੀਬ ਅੱਸੀ ਫੀਸਦੀ ਸਿੱਖ ਸੰਗਤ ਇਹਨਾਂ ਦੇ ਕੰਮਾਂ ਤੋਂ ਉਸ ਸਮੇਂ ਵੀ ਖਫ਼ਾ ਹੀ ਰਹੀ ਹੈ। ਆਪਣੇ ਕਾਰਜਕਾਲ ਦੌਰਾਨ ਹੀ ਉਹਨਾਂ ਦੇ ਇੱਕ ਚੰਗੇ ਧਾਰਮਿਕ ਮੁੱਖੀ ਹੋਣ ਦੀ ਥਾਂ ਅਕਾਲੀ ਦਲ ਦੇ ਪਿਛਲੱਗ ਬਣ ਕੇ ਕਈ ਅਜਿਹੇ ਫੈਸਲੇ ਕੀਤੇ ਸਨ ਜਿਨ੍ਹਾਂ ਕਰਕੇ ਕੌਮੀ ਇਤਿਹਾਸ ਵਿੱਚ ਉਹਨਾਂ ਦਾ ਨਾਮ ਪੱਕੇ ਤੌਰ `ਤੇ ਇੱਕ ਮਾੜੇ ਅਕਸ਼ ਵਾਲਾ ਬਣ ਚੁੱਕਾ ਹੈ। ਉਂਝ ਵੀ ਗਿਆਨੀ ਵੇਦਾਂਤੀ ਨੂੰ ਸਿੱਖ ਸੰਗਤ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜਥੇਦਾਰ ਵੱਧ ਮੰਨਦੀ ਹੈ। ਆਪਣੇ ਕਾਰਜਕਾਲ ਦੌਰਾਨ ਹੀ ਉਸ ਇਸ ਸਿਆਸੀ ਆਗੂ ਵੱਲੋਂ ਕਈ ਸਿੱਖ ਵਿਦਵਾਨਾਂ ਨੂੰ ਪੰਥ ਵਿਚੋਂ ਛੇਕ ਦੇਣ ਦੇ ਹੁਕਮਨਾਮੇ ਵੀ ਜਾਰੀ ਕੀਤੇ ਸਨ ਜਿਨ੍ਹਾਂ ਦਾ ਪੰਥ ਵਿੱਚ ਬਹੁਤ ਵਿਰੋਧ ਪੈਦਾ ਹੋ ਗਿਆ ਸੀ ਜੋ ਅੱਜ ਤੱਕ ਠੀਕ ਨਹੀਂ ਕੀਤਾ ਜਾ ਸਕਿਆ।
ਗਿਆਨੀ ਵੇਦਾਂਤੀ ਦੀ ਆਰ. ਐਸ. ਐਸ. ਨਾਲ ਸਾਂਝ ਵੀ ਕਿਸੇ ਕੋਲੋਂ ਲੁਕੀ ਛੁਪੀ ਨਹੀਂ ਹੈ। ਆਰ. ਐਸ. ਐਸ. ਦੀ ਇੱਕ ਸ਼ਾਖਾ ਰਾਸ਼ਟਰੀ ਸਿੱਖ ਸੰਗਤ ਦੇ ਪੰਜਾਬ ਇਕਾਈ ਦੇ ਪ੍ਰਧਾਨ ਰੁਲਦਾ ਸਿੰਘ (ਜਿਨ੍ਹਾਂ ਦੀ ਕੁੱਝ ਦਿਨ ਪਹਿਲਾਂ ਮੌਤ ਹੋ ਚੁੱਕੀ ਹੈ) ਨਾਲ ਯਾਰੀ ਦੀਆਂ ਗੱਲਾਂ ਜੱਗ ਜ਼ਾਹਿਰ ਹਨ ਅਤੇ ਕਈ ਸਮਾਗਮਾਂ ਵਿੱਚ ਉਹ ਉਨ੍ਹਾਂ ਇਕ-ਦੂਜੇ ਨੂੰ ਸੰਗਤੀ ਰੂਪ ਵਿੱਚ ਸਨਮਾਨ ਵੀ ਕੀਤਾ ਹੈ। ਅਕਾਲ ਤਖ਼ਤ ਦੇ ਸੇਵਾਕਾਲ ਦੌਰਾਨ ਆਰ. ਐਸ. ਐਸ. ਨੇ ਇਹ ਐਲਾਨ ਵੀ ਕੀਤਾ ਸੀ ਕਿ ਤਖ਼ਤਾਂ ਦੇ ਜਥੇਦਾਰਾਂ ਨੂੰ ਉਹ ਬਕਾਇਦਾ ਤਨਖਾਹ ਵੀ ਦਿੰਦੀ ਹੈ, ਜਿਸ ਦਾ ਕਿਸੇ ਵੀ ਜਥੇਦਾਰ ਨੇ ਅੱਜ ਤੱਕ ਖੰਡਨ ਨਹੀਂ ਕੀਤਾ। ਆਪਣੇ ਕਾਰਜਕਾਲ ਦੌਰਾਨ ਹੀ ਉਹਨਾਂ ਦਿੱਲੀ ਦੀਆਂ 1984 ਵਿੱਚ ਵਿਧਵਾ ਹੋਈਆਂ ਸਿੱਖ ਬੀਬੀਆਂ ਨੂੰ ‘ਖੇਖਣਹਾਰੀਆਂ’ ਕਹਿ ਕੇ ਆਪਣੇ ਅੰਦਰਲੇ ਛੁਪੇ ਸੱਚ ਨੂੰ ਜੱਗ ਜ਼ਾਹਿਰ ਕੀਤਾ ਸੀ। ਇਹ ਗੱਲ ਵੀ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਇਸ ਸਮੇਂ ਦੌਰਾਨ ਦਰਬਾਰ ਸਾਹਿਬ ਸਮੂਹ ਸਮੇਤ ਅਕਾਲ ਤਖ਼ਤ ਉਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕਬਜ਼ਾ ਹੈ, ਜਿਸ ਸਿਆਸੀ ਪਾਰਟੀ ਦੀ ਭਾਜਪਾ ਜਿਹੀ ਸਿੱਖ ਵਿਰੋਧੀ ਪਾਰਟੀ ਨਾਲ ਸਿਆਸੀ ਸਾਂਝ ਹੈ, ਆਰ. ਐਸ. ਐਸ. ਨੂੰ ਭਾਜਪਾ ਦੀ ਮਾਂ ਪਾਰਟੀ ਵੀ ਆਖਿਆ ਜਾਂਦਾ ਹੈ। ਇਸ ਤਰ੍ਹਾਂ ਇਸ ਸਮੇਂ ਦੌਰਾਨ ਅਕਾਲ ਤਖ਼ਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਫੈਸਲਿਆਂ ਵਿੱਚ ਆਰ. ਐਸ. ਐਸ. ਦਾ ਅਸਿੱਧਾ ਹੱਥ ਜ਼ਰੂਰ ਹੁੰਦਾ ਹੈ। ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਅਕਾਲ ਤਖ਼ਤ ਦੀ ਜਥੇਦਾਰੀ ਤੋਂ ਵਿਹਲਾ ਕਰਨ ਦੀ ਘਟਨਾ ਵੀ ਦਿਲਚਸਪ ਹੈ। ਸਿੱਖ ਸੰਗਤਾਂ ਦੇ ਸੱਦੇ `ਤੇ ਵਿਦੇਸ਼ ਪਹੁੰਚੇ ਗਿਆਨੀ ਵੇਦਾਂਤੀ ਨੇ ਇੱਕ ਧਾਰਮਿਕ ਸਟੇਜ਼ ਤੋਂ ਮਲਵੀਂ ਜੀਭ ਨਾਲ ਸਿੱਖਾਂ ਦੇ ਵੱਖਰੇ ਸਿੱਖ ਰਾਜ ਦੀ ਮੰਗ ਕਰ ਦਿੱਤੀ ਇਹ ਗੱਲ ਅਕਾਲੀ ਦਲ ਗੱਠਜੋੜ ਵਾਲੀ ਭਾਜਪਾ ਨੂੰ ਕਿਵੇਂ ਰਾਸ ਆ ਸਕਦੀ ਸੀ? ਉਸ ਨੇ ਤੁਰੰਤ ਇਸ ਗੱਲ ਦਾ ਐਕਸ਼ਨ ਲੈ ਕੇ ਉਸ ਸਮੇਂ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ `ਤੇ ਦਬਾਅ ਬਣਾ ਲਿਆ ਕਿ ਅਕਾਲ ਤਖ਼ਤ ਦੇ ਜਥੇਦਾਰ ਨੂੰ ਤੁਰੰਤ ਇਸ ਸੇਵਾ ਤੋਂ ਵਿਹਲਾ ਕੀਤਾ ਜਾਵੇ ਜਦੋਂ ਸ੍ਰ: ਬਾਦਲ ਨੇ ਸਬੰਧਤ ਮਾਮਲੇ ਵਿੱਚ ਗਿਆਨੀ ਵੇਦਾਂਤੀ ਨੂੰ ਤਾੜਨਾਂ ਕੀਤੀ ਤਾਂ ਉਹਨਾਂ ਅੰਦਰ ਸਿੱਖ ਸਪਿਰਟ ਜਾਗ ਪਈ ਤੇ ਇੱਕ ਨਵਾਂ ਬਿਆਨ ਜਾਰੀ ਕਰ ਦਿੱਤਾ ਕਿ ਅਕਾਲੀ ਦਲ ਕਿਉਂਕਿ ਹੁਣ ਪੰਜਾਬੀ ਪਾਰਟੀ ਬਣ ਗਿਆ ਹੈ, ਇਸ ਲਈ ਹੁਣ ਇਸ ਪਾਰਟੀ ਨੂੰ ਆਪਣੇ ਨਾਮ ਨਾਲੋਂ ਅਕਾਲੀ ਸ਼ਬਦ ਹਟਾ ਦੇਣਾ ਚਾਹੀਦਾ ਹੈ। ਇਸ ਸਮੇਂ ਦੌਰਾਨ ਹੀ ਪੰਜਾਬ ਵਿੱਚ ਸਰਸਾ ਡੇਰੇ ਦਾ ਮਾਮਲਾ ਜ਼ੋਰ ਫੜ੍ਹ ਗਿਆ ਜਿਸ ਸਬੰਧੀ ਅਕਾਲੀ ਸੁਪਰੀਮੋਂ ਸ੍ਰ: ਬਾਦਲ ਦੀ ਇੱਛਾ ਦੇ ਉਲਟ ਅਕਾਲ ਤਖ਼ਤ ਤੋਂ ਸਰਸਾ ਡੇਰੇ ਦੇ ਸ਼ਰਧਾਲੂਆਂ ਖਿਲਾਫ਼ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ। ਇਹ ਤਿੰਨੋਂ ਮਾਮਲਿਆਂ ਕਰਕੇ ਅਕਾਲ ਦਲ ਦੇ ਪ੍ਰਧਾਨ ਅਤੇ ਅਕਾਲ ਤਖ਼ਤ ਦੇ ਜਥੇਦਾਰ ਖਿਲਾਫ਼ ਖਿਚੋਤਾਣ ਇੰਨੀ ਵਧ ਗਈ ਕਿ ਗਿਆਨੀ ਵੇਦਾਂਤੀ ਨੂੰ ਅਕਾਲ ਤਖ਼ਤ ਦੀ ਜਥੇਦਾਰੀ ਤੋਂ ਫਾਰਗ ਕਰ ਦਿੱਤਾ ਗਿਆ ਅਤੇ ਗਿਆਨੀ ਵੇਦਾਂਤੀ ਦੇ ਕਿਸੇ ਸੁਭਾਵੀ ਭੇਦ ਖੋਲ੍ਹਣ ਦੇ ਡਰੋ ਉਹਨਾਂ ਦੇ ਹੀ ਰਿਸ਼ਤੇ ਵਿਚੋਂ ਕੁੜਮ ਲੱਗਦੇ ਜਥੇਦਾਰ ਗੁਰਬਚਨ ਸਿੰਘ ਨੂੰ ਅਕਾਲ ਤਖ਼ਤ ਦੀ ਜਥੇਦਾਰੀ ਦੇ ਦਿੱਤੀ ਗਈ। ਆਪਣੀ ਜਥੇਦਾਰ ਖੁੱਸ ਜਾਣ ਦੇ ਰੋਸ ਵਜੋਂ ਇੱਕ ਵਾਰ ਫਿਰ ਗਿਆਨੀ ਵੇਦਾਂਤੀ ਨੇ ਐਲਾਨ ਕਰ ਦਿੱਤਾ ਕਿ ਅਕਾਲ ਤਖ਼ਤ ਪੂਰੀ ਤਰ੍ਹਾਂ ਸਿਆਸੀ ਪ੍ਰਭਾਵ ਅਧੀਨ ਹੈ, ਜਿਸ ਨੂੰ ਮੁਕਤ ਕਰਵਾਉਣ ਲਈ ਉਹ ਅਗਵਾਈ ਕਰਨਗੇ। ਕਿਉਂਕਿ ਗਿਆਨੀ ਵੇਦਾਂਤੀ ਕੋਲ ਅਕਾਲ ਤਖ਼ਤ ਅਤੇ ਅਕਾਲੀ ਦਲ ਦੇ ਬਹੁਤ ਸਾਰੇ ਗੁੱਝੇ ਭੇਦ ਹਨ, ਉਹਨਾਂ ਦੇ ਖੁੱਲ੍ਹ ਜਾਣ ਦੇ ਡਰੋਂ ਉਸ ਸਮੇਂ ਗਿਆਨੀ ਵੇਦਾਂਤੀ ਨੂੰ ਵੱਡੇ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕਰਨ ਦੀ ਸਲਾਹ ਦਿੱਤੀ ਸੀ ਜਿਸ ਨੂੰ ਹੁਣ ਅਮਲ ਵਿੱਚ ਲਿਆਂਦਾ ਗਿਆ ਹੈ। ਇਸ ਤਰ੍ਹਾਂ ਕਰਨ ਨਾਲ ਗੁਰੂ ਗ੍ਰੰਥ ਸਾਹਿਬ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਟੀਕੇ ਦੀ ਮੋਹਰ ਲੱਗ ਜਾਵੇਗੀ ਅਤੇ ਉਸ ਦੇ ਅਰਥ ਸਿੱਖ ਸੋਚ ਵਾਲੇ ਨਾ ਹੋ ਕੇ ‘ਵੇਦਾਂਤ ਸਾਸਤਰ” ਅਨੁਸਾਰ ਹੀ ਹੋਣਗੇ, ਪ੍ਰੰਤੂ ਅਕਾਲੀ ਦਲ ਆਪਣੇ ਭੇਦ ਢਕੇ ਰੱਖਣ ਵਿੱਚ ਕਾਮਯਾਬ ਹੋ ਜਾਵੇਗਾ।
-ਗੁਰਸੇਵਕ ਸਿੰਘ ਧੌਲਾ
ਮੋਬਾਇਲ. 94632-16267
.