.

ਧਨੁ ਧੰਨੁ ਸੁਹਾਵਾ ਸੋ ਸਰੀਰੁ ਥਾਨੁ ਹੈ……

ਜਿਥੇ ਕਿਸੇ ਦਾ ਵਸੇਬਾ ਹੋਵੇ ਉਹ ਵੱਸਣ ਵਾਲੀ ਰੌਣਕ ਭਰੀ ਥਾਂ ਬੜੀ ਸੁਹਾਵਣੀ ਲਗਦੀ ਹੈ। ਭਾਵੇਂ ਕਿਸੇ ਥਾਂ ਮਨੁੱਖ ਨਾ ਵੀ ਰਹਿੰਦਾ ਹੋਵੇ ਰੁਖਾਂ ਦਾ ਗਣਾ ਝੁੰਡ ਅਤੇ ਪੰਛੀਆਂ ਦੀ ਚਹਿਕ ਵੀ ਥਾਂ ਨੂੰ ਸੁਹਾਵਣਾ ਵਾਤਾਵਰਨ ਪ੍ਰਦਾਨ ਕਰਦੀ ਹੈ। ਪਰ ਅਜਿਹੀ ਥਾਂ ਜਿਥੇ ਕਦੀ ਕੋਈ ਵੱਸਦਾ ਸੀ ਪਰ ਹੁਣ ਨਹੀਂ ਰਹਿੰਦਾ ਉਹ ਢੱਠੇ ਘਰ ਅਤੇ ਮਲਬੇ ਦੇ ਢੇਰ ਅਤੇ ਉਨ੍ਹਾਂ ਵਿੱਚ ਬੋਲਦੇ ਉੱਲੂ ਅਤੇ ਕਾਂ ਕਿਹੋ ਜਿਹਾ ਵਰਤਾਰਾ ਪੇਸ਼ ਕਰਦੇ ਹਨ ਅਜਿਹੀ ਥਾਂ ਨੂੰ ਸਹੀ ਅਰਥਾਂ ਵਿੱਚ ਉਜਾੜ ਹੀ ਕਿਹਾ ਜਾਂਦਾ ਹੈ। ਰੌਣਕ ਤੋਂ ਹੀਣੀ ਅਤੇ ਮਨੁੱਖੀ ਮਨ ਨੂੰ ਬਾਹਰੀ ਤੌਰ ਤੇ ਨਾ ਭਾਉਣ ਵਾਲੀ ਅਜਿਹੀ ਥਾਂ ਨੂੰ ਮਨੁੱਖ ਨੇ ਉਜਾੜ ਕਹਿ ਦਿੱਤਾ। ਉਜਾੜ ਬੀਆਬਾਨ ਲਫਜ਼ ਵੀ ਅਸੀਂ ਵਰਤਦੇ ਹਾਂ ਭਾਵ ਜਿਥੇ ਕੋਈ ਮਨੁੱਖ ਆਦਿ ਰੌਣਕ ਵਸੇਬਾ ਨਜ਼ਰ ਨਹੀਂ ਆਉਂਦਾ। ਵੱਸਣ ਵਾਲੀਆਂ ਥਾਵਾਂ ਤੇ ਮਨੁੱਖ ਜਿਥੇ ਰਹਿੰਦਾ ਹੈ ਕੋਸ਼ਿਸ਼ ਕਰਦਾ ਹੈ ਉਸ ਨੂੰ ਸਾਫ ਸੁਥਰਾ ਅਤੇ ਸਵਾਰ ਸਿੰਗਾਰ ਕੇ ਰੱਖੇ। ਇਸ ਖ਼ਾਹਿਸ਼ ਵਿਚੋਂ ਹੀ ਕਲਾਵਾਂ ਤੇ ਹੁਨਰ ਜਨਮ ਲੈਂਦੇ ਨੇ। ਇਸ ਭਾਵਨਾ ਅਧੀਨ ਹੀ ਮਨੁੱਖ ਆਪਣੇ ਘਰ ਜਿਥੇ ਉਹ ਰਹਿੰਦਾ ਹੈ ਉਸ ਨੂੰ ਸੰਵਾਰਨ ਅਤੇ ਸ਼ਿੰਗਾਰਨ ਵਿੱਚ ਉਮਰ ਭਰ ਦੀ ਕਮਾਈ ਖ਼ਰਚ ਕਰ ਦਿੰਦਾ ਹੈ ਅਤੇ ਉਸ ਦੀ ਡੈਕੋਰੇਸ਼ਨ ਸਜਾਵਟ ਤੇ ਬੇਅੰਤ ਧਨ ਖ਼ਰਚ ਕਰਦਾ ਹੈ। ਬੱਸ ਵਸੇਬੇ ਦੀਆਂ ਇਹੀ ਮੁਢਲੀਆਂ ਗੱਲਾਂ ਨੇ ਕਿ ਨਾ ਵਸੇਬੇ ਵਾਲੀਆਂ ਥਾਵਾਂ ਤੇ ਇਨ੍ਹਾਂ ਚੀਜ਼ਾਂ ਦੀ ਅਣਹੋਂਦ ਹੁੰਦੀ ਹੈ ਤਾਂਹੀਉਂ ਮਨੁੱਖ ਉਸ ਨੂੰ ਉਜਾੜ ਕਹਿੰਦਾ ਹੈ। ਗੁਰਬਾਣੀ ਖ਼ੂਬਸੂਰਤੀ ਦੀ ਮੁਦਈ ਹੈ ਪਰ ਕੇਵਲ ਬਾਹਰੀ ਚੀਜ਼ਾਂ ਦੀ ਸਜਾਵਟ ਜਾਂ ਚਮੜੀ ਦੀ ਸੁੰਦਰਤਾ ਦੀ ਨਹੀਂ ਮਨ ਅਤੇ ਆਚਰਨ ਦੀ ਸੁੰਦਰਤਾ ਦੀ। ਬਾਣੀ ਰਚੈਤਾ ਮਹਾਂਪੁਰਖਾਂ ਨੇ ਇੱਕ ਜੀਵਨ ਅਜਿਹਾ ਹੈ ਜਿਸਨੂੰ ਉਜੜੇ ਥਾਂ ਨਾਲ ਤੁਲਨਾ ਦਿੱਤੀ ਹੈ ਅਤੇ ਇੱਕ ਜੀਵਨ ਅਜਿਹਾ ਹੈ ਜਿਸ ਨੂੰ ਸੁਹਾਵਾ ਥਾਂ ਵੀ ਕਿਹਾ ਹੈ। ਸਰੀਰ ਦੀ ਮਨੁੱਖ ਕਿੰਨੀ ਵੀ ਸਜਾਵਟ ਕਰ ਲਵੇ ਕਿੰਨਾ ਸੋਹਣਾ ਖਾਣ ਪੀਣ ਅਤੇ ਪਹਿਨਣ ਦਾ ਸਾਮਾਨ ਇਕੱਠਾ ਕਰੇ ਅਤੇ ਵਰਤੇ ਪਰ ਗੁਰੂ ਨਾਨਕ ਸਾਹਿਬ ਜੀ ਬੜੀ ਕੀਮਤੀ ਉਦਾਹਰਣ ਨਾਲ ਜੀਵਨ ਜਿਊਣ ਦਾ ਅਸਲ ਰਾਜ਼ ਬਿਆਨਦੇ ਹਨ:-
ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ॥
ਢਠੀਆ ਕੰਮਿ ਨ ਆਵਨੀ ਵਿਚਹੁ ਸਖਣੀਆਹਾ॥ ਮ: 1 ਪੰਨਾ 729

ਭਾਵ: ਜਿਵੇਂ ਸੋਹਣੀਆਂ ਬਿਲਡਿੰਗਾਂ ਬਾਹਰੋਂ ਚਿਤਰੀਆਂ ਸਵਾਰੀਆਂ ਹਰ ਅੱਖ ਨੂੰ ਭਾਉਂਦੀਆਂ ਹਨ ਪਰ ਜੇ ਉਨ੍ਹਾਂ ਅੰਦਰ ਕਿਸੇ ਦਾ ਵਸੇਬਾ ਨਹੀਂ ਤਾਂ ਸੇਵਾ ਸੰਭਾਲ ਤੋਂ ਵਾਂਝੀਆਂ ਉਹ ਮੰਡਪ ਮਾੜੀਆਂ ਅੰਦਰੋਂ ਕਈ ਅਲਾਮਤਾਂ ਦੀਆਂ ਸ਼ਿਕਾਰ ਹੋ ਕੇ ਢਹਿਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਮਨੁੱਖੀ ਸਰੀਰ ਵੀ ਤਾਂ ਇੱਕ ਸੋਹਣਾ ਮਹਿਲ ਹੈ ਜਿਸ ਨੂੰ ਕਰਤੇ ਨੇ ਕਿਆ ਸੋਹਣਾ ਸ਼ਿੰਗਾਰਿਆ ਹੈ। ਪਰ ਇਸ ਸਰੀਰ ਘਰ ਨੂੰ ਮਨੁੱਖ ਬਾਹਰੀ ਕੀਮਤੀ ਤੋਂ ਕੀਮਤੀ ਸਾਜ਼ੋ ਸਮਾਨਾ ਨਾਲ ਸ਼ਿੰਗਾਰਨ ਦੀ ਤਾਂ ਹੁਬ ਰੱਖਦਾ ਹੈ ਪਰ ਇਸ ਨੂੰ ਅੰਦਰੋਂ ਅਗਿਆਨਤਾ ਦੇ ਵਰਤਣ ਵਾਲੇਵੇ ਕਾਰਨ ਖੋਖਲਾ ਹੀ ਬਣਾਈ ਰਖਦਾ ਹੈ। ਅੰਦਰੋਂ ਖੋਖਲਾ ਜੀਵਨ ਹੀ ਮੰਦੀਆਂ ਥਾਵਾਂ ਅਤੇ ਕੁਕਰਮਾਂ ਦੀ ਖੱਡ ਵਿੱਚ ਢਹਿ ਪੈਂਦਾ ਹੈ। ਉਜੜੇ ਘਰ ਵਿੱਚ ਜਿਵੇਂ ਉੱਲੂ ਅਤੇ ਕਾਂ ਬੋਲਦੇ ਸੁਣੀਂਦੇ ਹਨ ਇਵੇਂ ਹੀ ਇਸ ਦੇ ਹਿਰਦੇ ਘਰ ਵਿੱਚ ਵੀ ਵਿਕਾਰਾਂ ਦੀ ਡੰਝ ਹੀ ਪੈਂਦੀ ਹੈ। ਉਦਾਸੀ ਨਿੰਝੂਣਤਾ ਅਤੇ ਗਹਿਰੀ ਅਗਿਆਨਤਾ ਦੀ ਨੀਂਦ ਅੰਦਰ ਵਾਪਰਦੀ ਉਹ ਸੁੰਝ ਹੈ ਜਿਹੜੀ ਉਜਾੜ ਥਾਂਵਾਂ ਤੇ ਹੁੰਦੀ ਹੈ। ਆਖ਼ਰ ਕੀ ਕਾਰਨ ਹੈ ਇਸ ਬਾਹਰੋਂ ਚਿਤਰੇ ਸਵਾਰੇ ਸੋਹਣੇ ਘਰ ਦੇ ਉੱਜੜ ਜਾਣ ਦਾ ਅਤੇ ਇਥੇ ਆਤਮਕ ਮੌਤ ਦੀ ਉਦਾਸੀ ਅਤੇ ਵਿਕਾਰਾਂ ਦੀਆਂ ਡਰਾਉਣੀਆਂ ਆਵਾਜ਼ਾਂ ਆਉਣ ਦਾ। ਗੁਰਬਾਣੀ ਦਾ ਕਥਨ ਹੈ:
ਜਿਥੈ ਨਾਮੁ ਜਪੀਐ ਪ੍ਰਭ ਪਿਆਰੇ॥
ਸੇ ਅਸਥਲ ਸੋਇਨ ਚਉਬਾਰੇ॥
ਜਿਥੈ ਨਾਮੁ ਨ ਜਪੀਐ ਮੇਰੇ ਗੋਇਦਾ ਸੇਈ ਨਗਰ ਉਜਾੜੀ ਜੀਉ॥ ਮ: 5 ਪੰਨਾ 105

ਅਰਥ:- (ਹੇ ਭਾਈ!) ਜਿਸ ਥਾਂ ਤੇ ਪਿਆਰੇ ਪ੍ਰਭੂ ਦਾ ਨਾਮ ਸਿਮਰਦੇ ਰਹੀਏ, ਉਹ ਰੜੇ ਥਾਂ ਭੀ (ਮਾਨੋ) ਸੋਨੇ ਦੇ ਚੁਬਾਰੇ ਹਨ। ਪਰ, ਹੇ ਮੇਰੇ ਗੋਬਿੰਦ! ਜਿਸ ਥਾਂ ਤੇਰਾ ਨਾਮ ਨਾਹ ਜਪਿਆ ਜਾਏ, ਉਹ (ਵੱਸਦੇ) ਸ਼ਹਿਰ ਭੀ ਉਜਾੜ (ਸਮਾਨ) ਹਨ।
ਉਹ ਜੀਵਨ ਜੋ ਗੁਰਮਤਿ ਜੀਵਨ ਜਾਚ ਤੋਂ ਵਿਰਵੇ ਹਨ ਉਵੇਂ ਹੀ ਹਨ ਜਿਵੇਂ ਉਜੜੀ ਥਾਂ। ਅਤੇ ਸੋਹਣੇ ਘੁੱਗ ਵੱਸਦੇ ਸ਼ਹਿਰ ਵਾਂਗ ਉਹ ਜੀਵਨ ਹਨ ਜਿਨ੍ਹਾਂ ਵਿੱਚ ਗੁਰਮਤਿ ਗੁਣਾਂ ਦਾ ਵਾਸਾ ਹੈ। ਦਇਆ, ਸੇਵਾ, ਪਰਉਪਕਾਰ, ਨਿਮਰਤਾ, ਹਲੇਮੀ, ਪਿਆਰ, ਮਿੱਠਤ, ਸਿਦਕ, ਸਬਰ ਆਦਿ ਗੁਣਾਂ ਦਾ ਵਸੇਬਾ ਜਿਸ ਹਿਰਦੇ ਘਰ ਵਿੱਚ ਹੈ ਉਹ ਕਦੇ ਢਹਿੰਦੇ ਨਹੀਂ ਸਗੋਂ ਅਡੋਲ ਰਹਿੰਦੇ ਹਨ। ਅੰਦਰੋਂ ਸੰਵਰੇ ਉਹ ਜੀਵਨ ਘਰ ਵਾਕਿਆ ਹੀ ਸੁੰਦਰਤਾ ਦੀ ਮਿਸਾਲ ਹੋ ਜਾਂਦੇ ਹਨ।
ਕਉਤਕ ਕੋਡ ਤਮਾਸਿਆ ਚਿਤਿ ਨ ਆਵਸੁ ਨਾਉ॥
ਨਾਨਕ ਕੋੜੀ ਨਰਕ ਬਰਾਬਰੇ ਉਜੜੁ ਸੋਈ ਥਾਉ॥ ਮ: 5 ਪੰਨਾ 707

ਅਰਥ:- ਜਗਤ ਦੇ ਕ੍ਰੋੜਾਂ ਚੋਜ ਤਮਾਸ਼ਿਆਂ ਦੇ ਕਾਰਨ ਜੇ ਪ੍ਰਭੂ ਦਾ ਨਾਮ ਚਿੱਤ ਵਿੱਚ (ਯਾਦ) ਨਾਹ ਰਹੇ, ਤਾਂ ਹੇ ਨਾਨਕ! ਉਹ ਥਾਂ ਉਜਾੜ ਸਮਝੋ, ਉਹ ਥਾਂ ਭਿਆਨਕ ਨਰਕ ਦੇ ਬਰਾਬਰ ਹੈ॥
ਅਨੰਦਪੁਰ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਕੱਚੀ ਹਵੇਲੀ ਵਿੱਚ ਰੁਕਦੇ ਹਨ ਅਤੇ ਇਹੀ ਥਾਂ ਹਕੂਮਤੀ ਫੌਜਾਂ ਦੇ ਘੇਰਾ ਪਾਉਣ ਨਾਲ ਜੰਗ ਦਾ ਮੈਦਾਨ ਬਣ ਜਾਦੀ ਹੈ। ਹਵੇਲੀਆਂ ਤੇ ਹੋਰ ਵੀ ਅਮੀਰਾਂ ਦੀਆਂ ਬੜੀਆਂ ਪੱਕੀਆਂ ਤੇ ਸੋਹਣੀਆਂ ਹੋਣਗੀਆਂ। ਪਰ ਇਸ ਕੱਚੀ ਹਵੇਲੀ ਵਿੱਚ ਹੱਕ ਇਨਸਾਫ ਅਤੇ ਮਾਨਵਤਾ ਦੇ ਰਾਖੇ ਜਾਂਬਾਜ਼ ਜੁਝਾਰੂ ਆ ਰੁਕੇ ਤੇ ਦੁਨੀਆਂ ਦੇ ਇਤਿਹਾਸ ਵਿੱਚ ਮਹਾਨ ਅਸਾਵੀਂ ਲੜਾਈ ਲੜ ਕੇ ਸੱਚ ਦਾ ਝੰਡਾ ਬੁਲੰਦ ਰੱਖਦਿਆਂ ਮਰਜੀਵੜਿਆਂ ਨੇ ਕੁਰਬਾਨੀਆਂ ਦਿੱਤੀਆਂ। ਅੱਲਾ ਯਾਰ ਖ਼ਾਂ ਯੋਗੀ ਜੀ ਲਿਖਦੇ ਹਨ:
ਯਹ ਵੁਹ ਜਾਂ ਹੈ ਜਹਾਂ ਚਾਲੀਸ ਤਨ ਸ਼ਹੀਦ ਹੂਏ।
ਖ਼ਿਤਾਬ ਸਰਵਰੀ ਸਿੰਘੋਂ ਨੇ ਸਰ ਕਟਾ ਕੇ ਲੀਏ।
ਦਿਲਾਈ ਪੰਥ ਕੋ ਸਰਬਾਜ਼ੀਓਂ ਸੇ ਸਰਦਾਰੀ।
ਬਰਾਏ ਕੌਮ ਨੇ ਯਹ ਰੁਤਬੇ ਲਹੂ ਬਹਾ ਕੇ ਲੀਏ।
ਬਸ ਹਿੰਦ ਮੇ ਏਕ ਤੀਰਥ ਹੈ ਯਾਤਰਾ ਕੇ ਲੀਏ।
ਕਟਾਏ ਬਾਪ ਨੇ ਬੱਚੇ ਯਹਾਂ ਖ਼ੁਦਾ ਕੇ ਲੀਏ।
ਭਟਕਤੇ ਫਿਰਤੇ ਹੈਂ ਕਿਉਂ ਹੱਜ ਕਰੇਂ ਯਹਾਂ ਆਕਰ।
ਯਹ ਕਾਬਾ ਪਾਸ ਹੈ ਹਰ ਇੱਕ ਖ਼ਾਲਸਾ ਕੇ ਲੀਏ। (ਗੰਜ਼ਿ ਸ਼ਹੀਦਾਂ)
ਮਿੱਟੀ ਦੀ ਉਸਰੀ ਕੱਚੀ ਹਵੇਲੀ ਤਾਰੀਖ਼ ਵਿੱਚ ਸਨਮਾਨ ਦੀ ਪਾਤਰ ਬਣ ਗਈ। ਪਰ ਜੇਕਰ ਸਰੀਰ ਦੀ ਇਸ ਕੱਚੀ ਹਵੇਲੀ ਵਿੱਚ ਵੀ ਬਿਬੇਕ ਗੁਰੂ ਗਿਆਨ ਦਾ ਵਾਸ ਹੋ ਜਾਵੇ ਤਾਂ ਇਹ ਕਿੰਨੀ ਦੁਰਲਭ ਅਤੇ ਸੋਭਾਦਾਇਕ ਬਣ ਜਾਂਦੀ ਹੈ।
ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ॥ ਮ: 4 ਪੰਨਾ 440
ਜਦੋਨ ਗਿਆਨ ਗੁਰੂ ਹਿਰਦੇ ਦੇ ਥਾਨ ਤੇ ਸੱਜਦਾ ਹੈ ਤਾਂ ਇਹ ਸਰੀਰ ਘਰ ਵੀ ਉਵੇਂ ਹੀ ਸਚਿਆਰੇਪਨ ਰਾਹੀਂ ਸੋਭਾ ਦਾ ਪਾਤਰ ਬਣ ਜਾਂਦਾ ਹੈ। ਇਸ ਸਰੀਰ ਨੂੰ ਬਾਣੀ ਵਿੱਚ ਹਰਿਮੰਦਰ ਵੀ ਕਿਹਾ ਹੈ ਅਤੇ ਇਸ ਅੰਦਰ ਸੱਜੇ ਹਿਰਦੇ ਦੇ ਤਖ਼ਤ ਤੇ ਸੱਚ ਰੱਬ ਦੇ ਬਿਰਾਜਮਾਨ ਹੋਣ ਦੀ ਵੀਚਾਰ ਵੀ ਬਾਣੀ ਨੇ ਮਨੁੱਖ ਦੇ ਸਨਮੁਖ ਰੱਖੀ ਹੈ।
ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥ ਮ: 3 ਪੰਨਾ 1346
ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ॥ ਮ: 3 ਪੰਨਾ 1092

ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ॥ ਮ: 5 ਪੰਨਾ 783
ਅਰਥ: ਹੇ ਭਾਈ! (ਪਰਮਾਤਮਾ ਦੀ ਮਿਹਰ ਨਾਲ ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ) ਆਤਮਕ ਜੀਵਨ ਦੇਣ ਵਾਲਾ ਨਾਮ ਜਲ ਆਪਣਾ ਪੂਰਾ ਪ੍ਰਭਾਵ ਪਾ ਲੈਂਦਾ ਹੈ, ਉਸ ਮਨੁੱਖ ਦੀ (ਕਾਂਇਆਂ) ਧਰਤੀ ਸੋਹਣਂੀ ਬਣ ਜਾਂਦੀ ਹੈ, ਉਸ ਮਨੁੱਖ ਦਾ (ਹਿਰਦਾ) ਤਲਾਬ ਸੋਹਣਾ ਹੋ ਜਾਂਦਾ ਹੈ।
ਗੁਰੂ ਨਾਨਕ ਸਾਹਿਬ ਜੀ ਜਦੋ ਸੈਦਪੁਰ (ਐਮਨਾਬਾਦ) ਵਿੱਚ ਬਾਬਰ ਦੇ ਹਮਲੇ ਨੂੰ ਪ੍ਰਤੀਕ ਰੂਪ ਵਿੱਚ ਵਰਤਦਿਆਂ ਜ਼ੁਲਮ ਕਰਨ ਅਤੇ ਜ਼ੁਲਮ ਸਹਿਣ ਵਾਲਿਆਂ ਦੀ ਦਾਸਤਾਨ ਬਿਆਨਦੇ ਹਨ ਤਾਂ ਬਾਬਰ ਦੇ ਹਮਲੇ ਨਾਲ ਤਬਾਹ ਹੋਈਆਂ ਸ਼ਹਿਰ ਦੀਆਂ ਉੱਚੀਆਂ ਅਟਾਰੀਆਂ ਅਤੇ ਮੰਡਪ ਮਾੜੀਆਂ ਅਤੇ ਉਨ੍ਹਾ ਵਿੱਚ ਰਹਿਣ ਵਾਲੇ ਰਾਜਕੁਮਾਰਾਂ ਦੀ ਕਤਲੇਆਮ ਦਾ ਜ਼ਿਕਰ ਕਰਦਿਆਂ ਕਹਿੰਦੇ ਹਨ।
ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ॥ ਮ: 1 ਪੰਨਾ 418
ਜਦੋਂ ਸਰੀਰ ਘਰ ਤੇ ਵਿਕਾਰਾਂ ਦਾ ਹੱਲਾ ਵਾਪਰਦਾ ਹੈ ਤਾਂ ਸ਼ੁਭ ਗੁਣ ਕਿਵੇਂ ਜੀਵਨ ਵਿਚੋਂ ਗ਼ਾਇਬ ਹੋ ਜਾਂਦੇ ਹਨ ‘ਹਰਿ ਬਿਸਰਤ ਤੇਰੇ ਗੁਣ ਗਲਿਆ’ ਅਤੇ ਕਿਵੇਂ ਇਹ ਜੀਵਨ “ਜੀਉ ਤਪਤ ਹੈ ਬਾਰੋ ਬਾਰ’ ਦੀ ਦਸ਼ਾ ਤੱਕ ਪਹੁੰਚ ਜਾਂਦਾ ਹੈ।
ਲਾਹੌਰ ਦਾ ਨਗਰ ਜੋ ਉਸ ਸਮੇਂ ਸਰਕਾਰੀ ਤੌਰ ਤੇ ਪੰਜਾਬ ਦੀ ਰਾਜਧਾਨੀ ਸੀ ਇਥੇ ਅਮੀਰਾਂ ਰਾਈਸਾਂ ਅਤੇ ਰਾਜਸੀ ਪਦ ਪਦਵੀਆਂ ਤੇ ਸੱਜੇ ਲੋਕਾਂ ਦਾ ਗੜ੍ਹ ਸੀ। ਪਰ ਇਸ ਮਾਇਆਵੀ ਚਕਾਚੌਂਧ ਵਿੱਚ ਅਤੇ ਪਦਵੀਆਂ ਦੇ ਰੋਹਬ ਦਾਅਬ ਹੇਠ ਮਨੁੱਖੀ ਗੁਣਾਂ ਨੂੰ ਭੁਲਾ ਕੇ ਕਿਵੇਂ ਐਸ਼ ਪ੍ਰਸਤੀ ਅਤੇ ਸਰੀਰਕ ਸੁਖ ਸਹੂਲਤਾਂ ਨੂੰ ਹੀ ਈਮਾਨ ਬਣਾ ਲਿਆ ਗਿਆ ਸੀ। ਸਰੀਰਕ ਮਾਇਆਵੀ ਭੋਗ ਅਤੇ ਚਸਕੇ ਜੀਵਨ ਦੀ ਕਮਜ਼ੋਰੀ ਬਣ ਗਏ ਸਨ। ਨਿਆਂ, ਈਮਾਨਦਾਰੀ, ਖ਼ੁਦਾਪ੍ਰਸਤੀ ਕਿਧਰੇ ਗ਼ਾਇਬ ਹੋ ਗਈ ਜਾਪਦੀ ਸੀ। ਇਸ ਹਾਲਾਤ ਨੂੰ ਗੁਰਬਾਣੀ ਵਿੱਚ ਪਰਤੀਕ ਵਰਤਦਿਆਂ ਗੁਰੂ ਜੀ ਨੇ ਫੁਰਮਾਇਆ।
ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ॥ ਮ: 1 ਪੰਨਾ 1412
ਲਾਹੌਰ ਤਾਂ ਪਰਤੀਕ ਹੈ। ਦਰਅਸਲ ਜਦੋਂ ਜੀਵਨ ਵਿੱਚ ਵੀ ਵਿਕਾਰੀ ਅਤੇ ਮਾਇਆਵੀ ਜ਼ਹਰ ਵਸਦਾ ਹੈ ਤਾਂ ਅੰਮ੍ਰਿਤ ਵੇਲੇ ਸਮਾਨ ਇਸ ਜੀਵਨ ਵਿੱਚ ਕਹਿਰ ਦਾ ਵਰਤਾਵਾ ਹੀ ਜਾਰੀ ਰਹਿੰਦਾ ਹੈ। ਜੀਵਨ ਵਿਚੋਂ ਨਿਆਂ, ਈਮਾਨ, ਅਤੇ ਰੱਬੀ ਗੁਣ ਵਿਸਰ ਜਾਂਦੇ ਹਨ। ‘ਅੰਮ੍ਰਿਤ ਛੋਡਿ ਬਿਖਿਆ ਲੋਭਾਣੇ’ ਜਿਹਾ ਕਿਰਦਾਰ ਹੀ ਬੋਝ ਬਣ ਜਾਂਦਾ ਹੈ ਜਿਸਨੂੰ ਮਨੁੱਖ ਸਾਰੀ ਉਮਰ ਢੋਂਦਾ ਹੈ। ਪਰ ਇਹ ਜ਼ਜਰ ਕਹਰ ਸਮਾਨ ਜੀਵਨ ਸ਼ਹਰ ਉਸ ਵੇਲੇ ਅੰਮ੍ਰਿਤਸਰ ਅੰਮ੍ਰਿਤ ਦਾ ਸਰੋਵਰ ਵੀ ਬਣ ਜਾਂਦਾ ਹੈ ਜਦੋਂ ਇਸ ਵਿੱਚ ਸਿਫਤਾਂ ਦਾ ਘਰ ਸੱਚਾ ਅਕਾਲ ਪੁਰਖ ਵੱਸ ਜਾਂਦਾ ਹੈ।
ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ॥ ਮ: 3 ਪੰਨਾ 1214
ਹਰਜਿੰਦਰ ਸਿੰਘ ‘ਸਭਰਾ’




.