ਮੇਰਾ ਸਵਰਗ
ਇਕ ਕਹਾਣੀ ਹੈ ਕਿ ਇੱਕ ਪੰਡਤ ਜੀ
ਕਿਸੇ ਅਮੀਰ ਬੰਦੇ ਦੇ ਘਰ ਉਸ ਨੂੰ ਮਿਲਣ ਗਏ। ਮਿਲਣ ਵਾਲਾ ਹਾਲੇ ਤਿਆਰ ਨਹੀ ਸੀ ਪੰਡਤ ਜੀ ਉਸ ਦੀ
ਉਡੀਕ ਕਰਦੇ ਉਸਦੇ ਗੇਮ ਖੇਡਦੇ ਬੇਟੇ ਕੋਲੇ ਬੈਠ ਗਏ ਅਤੇ ਐਵੇਂ ਦਿਲ ਪ੍ਰਚਾਵੇ ਲਈ ਉਸ ਨੂੰ ਪੁੱਛਣ
ਲਗੇ ਕਿ ਬੇਟਾ ਭਗਵਾਨ ਦਾ ਨਾਮ ਲੈਦੇ ਹੁੰਦੇ ਹੋ? ਛੋਟਾ ਬੱਚਾ ਪੁੱਛਣ ਲੱਗਾ ਕਿ ਅੰਕਲ ਭਗਵਾਨ ਦਾ
ਨਾਮ ਲੈਣ ਨਾਲ ਕੀ ਹੁੰਦਾ? ਪੰਡਤ ਜੀ ਕਹਿਣ ਲੱਗੇ ਕਿ ਭਗਵਾਨ ਦਾ ਨਾਮ ਲੈਣ ਨਾਲ ਸਵਰਗ ਮਿਲਦਾ! ਬੱਚਾ
ਪੁੱਛਣ ਲੱਗਾ ਕਿ ਅੰਕਲ ਜੀ ਸਵਰਗ ਵਿੱਚ ਗੇਮ ਮਿਲ ਜਾਏਗੀ? ਪੰਡਤ ਜੀ ਨਾਹ ਵਿੱਚ ਸਿਰ ਮਾਰਿਆ। ਬੱਚਾ
ਫਿਰ ਪੁੱਛਦਾ ਹੈ, ਆਈਸਕ੍ਰੀਮ, ਪੀਜਾ, ਚਾਕਲੇਟ, ਕੈਂਡੀ, ਕੋਕ ਤਾਂ ਪੰਡਤ ਜੀ ਜਦ ਸਿਰ ਮਾਰਦੇ ਹਨ
ਤਾਂ ਬੱਚਾ ਕਹਿਣ ਲੱਗਾ ਕਿ ਅੰਕਲ ਪਲੀਜ ਮੈਨੂੰ ‘ਡਿਸਟਰਬ’ ਨਾ ਕਰੋ ਮੈ ਨਹੀ ਜਾਣਾ ਸਵਰਗ ਵਿਚ!
ਪਹਿਲਾਂ ਸਵਰਗ ਭੇਜਣ ਵਾਲਿਆਂ ਨੂੰ ਮੱਨੁਖ ਦੀਆਂ ਬਹੁਤ ਸੀਮਤ ਜਿਹੀਆਂ ਲੋੜਾਂ ਦਾ ਲਾਲਚ ਦਿੱਤਾ
ਜਾਂਦਾ ਸੀ। ਜਿਵੇਂ, ਖਾਣ ਲਈ ਪੇਟ ਭਰ ਕੇ ਭੋਜਨ, ਪੀਣ ਲਈ ਠੰਡੇ ਪਾਣੀ ਦੇ ਚਸ਼ਮੇ, ਅੰਗੂਰਾਂ ਦੀ
ਸ਼ਰਾਬ, ਭੋਗਣ ਲਈ ਹੂਰਾਂ, ਸ਼ਹਿਦ, ਸ਼ੱਕਰ ਜਾਂ ਵੱਧ ਤੋਂ ਵੱਧ ਸੱਤੂ ਹੋਣਗੇ। ਹੁਣ ਵਿਕਸਤ ਮੁਲਖਾਂ
ਵਿੱਚ ਇਹ ਚੀਜਾਂ ਆਮ ਹਨ ਸਵਰਗ ਵਾਲਿਆਂ ਨੂੰ ਹੁਣ ਨਵੇ ਜੁੱਗ ਦੀਆਂ ਚੀਜਾਂ ‘ਐਡ’ ਕਰਨੀਆਂ ਪੈਣਗੀਆਂ
ਜਿਵੇਂ, ਹੋਮ ਥੇਟਰ, ਕੰਪਿਊਟਰ, ਗੇਮ-ਬੁਆਏ, ਕਸੀਨੋ, ਮਰਸੀਡੀ ਜਾਂ ਹੰਬਰ, ਖਾਣ ਲਈ ਪੀਜਾ,
ਮੈਕਡੋਨਲ, ਬਰਗਰ ਆਦਿ।
ਬ੍ਰਹਮਣ ਨੇ ਬਨਾਰਸ ਵਿੱਚ ਕਰਵਤ ਨਾਂ ਦਾ ਆਰਾ ਰੱਖਿਆ ਹੁੰਦਾ ਸੀ ਕਿ ਧੰਨ ਦੌਲਤ ਸਭ ਦਾਨ ਕਰਕੇ ਆਰੇ
ਹੇਠ ਸਿਰ ਦਿਓ ਤੇ ਚਲੋ ਸਿੱਧੇ ਸਵਰਗ! ਇੱਕ ਬੋਹੜ ਦੀ ਖੋੜ ਵਿੱਚ ਵੜੋ ਅੱਗ ਲਾ ਕੇ ਫੂਕੇ ਜਾਓ ਤੇ
ਚਲੋ ਸਵਰਗ ਵਿਚ! ਇਹ ਬ੍ਰਹਮਣ ਹੀ ਨਹੀ ਕ੍ਰੈਸਚਨੈਲਟੀ ਵਿੱਚ ਵੀ ਹੁੰਦਾ ਰਹਿਆ ਹੈ। ਉਹ ਸਮੇਤ ਘਰ ਦੇ
ਸਮਾਨ ਦੇ ਸਮੁੰਦਰ ਵਿੱਚ ਛਾਲਾਂ ਮਰਵਾ ਦਿੰਦੇ ਸਨ ਬੰਦੇ ਮਰੇ ਤੋਂ ਸਮਾਨ ਕੱਢ ਲੈਂਦੇ ਤੇ ਬੰਦਾ
ਮੱਛੀਆਂ ਦੇ ਭੋਜਨ ਲਈ ਛੱਡ ਦਿੰਦੇ। ਮਰਨ ਵਾਲਾ ਤਾ ਪਤਾ ਨਹੀ ਕਿਥੇ ਗਿਆ ਪਰ ਪੁਜਾਰੀ ਦਾ ਸਵਰਗ ਖਰਾ!
ਜੋਗੀ-ਸਿੱਧ ਵੀ ਸਿਰ ਵਿੱਚ ਸਵਾਹਾਂ ਪਾਈ ਕੱਠਨ ਤੱਪ ਕਰਦੇ ਸਨ। ਕਾਹਦੇ ਲਈ? ਰੱਬ ਨੂੰ ਪਾਉਂਣ ਲਈ?
ਨਹੀ! ਸਿੱਧੇ ਰੂਪ ਵਿੱਚ ਸਵਰਗ ਵਿੱਚ ਥਾਂ ਬਨਾਉਣ ਲਈ। ਪਰ ਇਸ ਧਰਤੀ ਉਪਰਲੀ ਜਿੰਦਗੀ ਉਨ੍ਹਾਂ ਦੀ
ਇੰਨੀ ਗਲੀਚ ਹੁੰਦੀ ਕਿ ਸੋਚ ਕੇ ਧੁਣਧੁਣੀ ਆਉਂਦੀ ਹੈ। ਸਿਰ ਵਿੱਚ ਸਵਾਹ, ਪਿੰਡਿਆਂ ਤੇ ਸਵਾਹ,
ਸੁੱਕੇ ਸੜੇ ਸਰੀਰ, ਕੱਠਨ ਤੱਪਾਂ ਨਾਲ ਸੁੱਕੇ ਮੂੰਹ, ਬਾਹਰ ਨੂੰ ਆਈਆਂ ਅੱਖਾਂ। ਤੇ ਜੈਨੀ? ਉਹ ਤਾਂ
ਅਪਣਾ ਹੱਗਿਆ ਹੋਇਆ ਗੰਦ ਵੀ ਫਰੋਲਦੇ ਕਿ ਕੋਈ ਜੀਅ ਨਾ ਮਰ ਜਾਏ ਇਸ ਵਿਚ! ਪਰ ਕਾਹਦੇ ਲਈ? ਅਗੇ ਜਾ
ਕੇ ਸਵਰਗ ਪਾਉਂਣ ਲਈ. . ?
ਬੋਧੀ ‘ਹੁਣ ਦੁੱਖ ਆਗੇ ਸੁੱਖ’ ਕਹਿ ਸਵਾਹ ਪਾ ਪਾ ਇਕ-ਇਕ ਸਿਰ ਦਾ ਵਾਲ ਖੋਹ ਛੱਡਦੇ ਕਿ ਮੁੜ ਨਾ
ਉਗੱਣ। ਕਾਹਦੇ ਲਈ?
ਸਿੱਖਾਂ ਵਿੱਚ ਵੀ ਅਜਿਹੇ ਲੋਕਾਂ ਦੀ ਘਾਟ ਨਹੀ ਰਹੀ, ਠਰੇ ਪਾਣੀਆਂ ਵਿੱਚ ਖੜੋ ਕੇ ਤੱਪ ਸਾਧਣ ਵਾਲੇ,
ਕਿੱਲੀਆਂ ਨਾਲ ਕੇਸ ਬੰਨਕੇ ਰਾਤਾਂ ਨੂੰ ਜਾਗਣ ਵਾਲੇ, ਇੱਕ ਜੌਂ ਤੇ ਪਾਣੀ ਦੀ ਘੁੱਟ ਪੀ ਕੇ ਭੁੱਖੇ
ਰਹਿਕੇ ਢਿੱਡ ਨੂੰ ਸਾੜਨ ਵਾਲੇ ਅਤੇ ਪੁੱਠੇ ਸਿੱਧੇ ਲਮਕਣ ਵਾਲੇ।
ਹੁਣ ਅਸੀਂ ਵੇਖੀਏ ਦੂਜਾ ਪੱਖ। ਇੱਕ ਉਹ ਸਨ ਜਿਹੜੇ ਕੇਵਲ ਆਪ ਸਵਰਗ ਵਿੱਚ ਪਹੁੰਚਣ ਲਈ ਸਿਰ ਵਿੱਚ
ਸਵਾਹਾਂ ਪਾਈ ਫਿਰਦੇ ਤੇ ਪੁੱਠੇ ਲਮਕਦੇ ਰਹੇ ਦੂਜੇ ਉਹ ਜਿਹੜੇ ਸਾਰੀ ਮਨੁੱਖਤਾ ਦਾ ਹੀ ਧਰਤੀ ਉਪਰਲਾ
ਸਵਰਗ ਬਣਾਈ ਰੱਖਣ ਲਈ ਅਪਣੇ ਸਰੀਰਾਂ ਦੀਆਂ ਅਹੂਤੀਆਂ ਦਿੰਦੇ ਅਤੇ ਆਰਿਆਂ ਹੇਠ ਚਿਰਦੇ ਰਹੇ! ਦੋਹਾਂ
ਦਾ ਫਰਕ ਸਮਝਣਾ ਜਰੂਰੀ ਹੈ। ਇੱਕ ਕਿਸੇ ਅਗਲੀ ਦੁਨੀਆਂ ਦੇ ਸਵਰਗ ਦੀ ਆਸ ਵਿੱਚ ਮਰੀ ਹੋਈ ਜਿੰਦਗੀ ਜੀ
ਰਿਹਾ ਸੜੀ ਸੁੱਕੀ ਲਾਸ਼ ਧੂਹੀ ਫਿਰ ਰਿਹਾ ਹੈ। ਇੱਕ ਇਸੇ ਧਰਤੀ ਦੇ ਸਵਰਗ ਨੂੰ ਕਾਇਮ ਰੱਖਣ ਲਈ ਚਰਖੜੀ
ਤੇ ਚੜ੍ਹਦਾ ਹੋਇਆ ਵੀ ਚੜ੍ਹਦੀ ਕਲਾ ਵਿੱਚ ਰਹਿ ਰਿਹਾ ਹੈ। ਜੋਗੀ-ਸਿੱਧ ਜਾਂ ਸਾਧ ਕਹਿ ਰਿਹਾ ਕਿ
ਦੌੜੌ ਦੁਨੀਆਂ ਤੋਂ ਇਹ ਨਰਕ ਘੋਰ ਕਾ ਦੁਆਰ ਹੈ, ਵੜ ਜੋ ਭੋਰਿਆਂ ਵਿਚ, ਭੱਜੋ ਜੰਗਲਾਂ ਨੂੰ, ਔਰਤ
ਨੂੰ ਛੱਡ ਦਿਓ ਇਸ ਦੇ ਮੱਥੇ ਲੱਗਣਾ ਵੀ ਪਾਪ ਹੈ, ਸਰੀਰ ਨੂੰ ਤਾਓ ਤੇ ਅਗੇ ਜਾ ਕੇ ਸਵਰਗ ਭੋਗੋ!
ਗੁਰੂ ਕਾ ਸਿੱਖ ਕਹਿ ਰਿਹਾ ਨਹੀ! ਇਹ ਧਰਤੀ ਧਰਮਸਾਲ ਹੈ, ਇਹੀ ਧਰਤੀ ਸਵਰਗ ਹੈ, ਏਸ ਸਵਰਗ ਦੀ ਅਜਾਦੀ
ਵਾਸਤੇ ਸਾਨੂੰ ਘੋੜਿਆਂ ਦੀਆਂ ਕਾਠੀਆਂ ਤੇ ਸੌਣਾਂ ਵੀ ਮਨਜੂਰ, ਸੂਲੀਆਂ ਤੇ ਚੜ੍ਹਨਾ ਪ੍ਰਵਾਨ ਪਰ
ਜਿਹੜਾ ਇਸ ਸਵਰਗ ਵਾਸੀਆਂ ਨਾਲ ਧੱਕਾ ਤੇ ਧੌਂਸ ਕਰੇਗਾ ਅਸੀਂ ਹਿੱਕ ਡਾਹ ਕੇ ਖੜਾਂਗੇ। ਕੌਣ ਕਹਿੰਦਾ
ਔਰਤ ਦੇ ਮੱਥੇ ਨਾ ਲਗੱਣਾ ਸੰਤਤਾਈ ਹੈ। ਔਰਤ ਨਾ ਹੁੰਦੀ ਤਾਂ ਮੱਥੇ ਨਾ ਲੱਗਣ ਵਾਲਾ ਕਿਥੇ ਹੁੰਦਾ?
ਇਹ ਧਰਤੀ ਸਵਰਗ ਬਣ ਹੀ ਨਹੀ ਸੀ ਸਕਦੀ ਔਰਤ ਬਿਨਾ। ਕੀ ਉਹ ਘਰ ਸਵਰਗ ਹਨ ਜਿਥੇ ਔਰਤ ਨਹੀ? ਬੱਚੇ ਲਈ
ਮਾਂ ਦੀ ਗੋਦ ਕੀ ਸਵਰਗ ਨਹੀ?
ਸਿੱਖ ਕਾਹਦੇ ਲਈ ਲੜਿਆ? ਨਰਕ ਨਹੀ ਸੀ ਉਨ੍ਹਾਂ ਲਈ ਇਹ ਧਰਤੀ ਜੀਹਨਾ ਨੂੰ ਅਪਣਾ ਮੂੰਹ ਮੁਗਲਾਂ ਅੱਗੇ
ਥੁੱਕਣ ਲਈ ਕਰਨਾ ਪੈਂਦਾ ਸੀ? ਕਿੱਦਾਂ ਦਾ ਨਰਕ ਸੀ ਇਹ ਧਰਤੀ ਉਨ੍ਹਾਂ ਲਈ ਜੀਹਨਾ ਦੀਆਂ ਬਹੂ-ਬੇਟੀਆਂ
ਦੀ ਸ਼ਿੰਗਾਰ ਕੇ ਮੰਡੀ ਲਾਈ ਜਾਂਦੀ ਸੀ ਤੇ ਜਿਹੜੀ ਪਸੰਦ ਆਈ ਉਹ ਤੋਰਨੀ ਪੈਂਦੀ ਸੀ। ਕਿਹੜਾ ਹੋਰ ਨਰਕ
ਚਾਹੀਦਾ ਸੀ ਉਨ੍ਹਾਂ ਬੀਬੀਆਂ ਨੂੰ ਜੀਹਨਾ ਨੂੰ ਨੱਥਾਂ ਪਾ ਕੇ ਗਜਨੀ ਵਿੱਚ ਪਸ਼ੂਆਂ ਵਾਂਗ ਵੇਚਿਆ
ਜਾਂਦਾ ਸੀ। ਸ਼ੂਦਰ ਲਈ ਹੋਰ ਕਿਹੜਾ ਵੱਡਾ ਨਰਕ ਸੀ ਕਿ ਉਸ ਨੂੰ ਹਰੇਕ ਥਾਂ ਜਲੀਲ ਕੀਤਾ ਜਾਂਦਾ,
ਕੁੱਤੇ ਨਾਲੋਂ ਭੈੜਾ ਸਲੂਕ ਬ੍ਰਹਾਮਣ ਵਲੋਂ ਕੀਤਾ ਜਾਂਦਾ ਅਤੇ ਅਪਣੇ ਖੂਹ ਦੀ ਮੌਣ ਨਹੀ ਸੀ ਚੜ੍ਹਨ
ਦਿੱਤਾ ਜਾਂਦਾ। ਤੇ ਸਿੱਖ ਧਰਤੀ ਉਪਰ ਵਾਪਰ ਰਹੇ ਇਸ ਨਰਕ ਨੂੰ ਸਵਰਗ ਵਿੱਚ ਬਦਲਣ ਲਈ ਜਾਨ ਤੋੜ ਕੇ
ਲੜਿਆ। ਬ੍ਰਹਾਮਣ ਖਿਲਾਫ ਵੀ ਅਤੇ ਮੁਗਲਾਂ ਖਿਲਾਫ ਵੀ। ਪਰ ਉਹ ਕੇਵਲ ਅਪਣੇ ਸਵਰਗ ਲਈ ਨਹੀ ਤੇ ਨਾ ਹੀ
ਕਿਸੇ ਅਗਲੇ ਜਨਮ ਦੇ ਸਵਰਗ ਲਈ! ਇਤਿਹਾਸ ਵਿਚੋਂ ਇੱਕ ਵੀ ਮਿਸਾਲ ਮਿਲਦੀ ਹੋਵੇ ਕਿ ਸਿੱਖ ਦੀ ਲੜਾਈ
ਅਤੇ ਸ਼ਹਾਦਤਾਂ ਕਿਸੇ ਅਗੇ ਵਾਲੇ ਸਵਰਗ ਲਈ ਸਨ। ਧੰਨ ਗੁਰੂ ਅਰਜਨ ਪਾਤਸ਼ਾਹ ਤੱਤੀ ਲੋਹ ਉਪਰ ਬੈਠੇ,
ਕਾਹਦੇ ਲਈ? ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸੀਸ ਦਿੱਤਾ, ਕਾਹਦੇ ਲਈ? ਕੀ ਉਹ ਜਹਾਂਗੀਰ ਜਾਂ
ਅਰੰਗਜੇਬ ਕੋਲੋਂ ਕੋਈ ਅਗਲਾ ਸਵਰਗ ਖੋਹਣਾ ਚਾਹੁੰਦੇ ਸਨ? ਨਹੀ! ਉਹ ਮਨੁੱਖਤਾ ਨੂੰ ਏਸ ਧਰਤੀ ਉਪਰਲੇ
ਵਾਪਰ ਰਹੇ ਗੁਲਾਮੀ ਦੇ ਨਰਕ ਤੋਂ ਛੁਡਾਉਂਣਾ ਚਾਹੁੰਦੇ ਸਨ। ਮੇਰੇ ਪਾਤਸ਼ਾਹ ਲੜੇ, ਸ਼ਹੀਦ ਹੋਏ,
ਉਨ੍ਹਾਂ ਦੇ ਛੋਟੇ ਛੋਟੇ ਮਸੂਮਾਂ ਨੇ ਠਰੀਆਂ ਇੱਟਾਂ ਨਾਲ ਅਪਣੇ ਸਿਰ ਭੰਨਵਾਏ, ਕਿਉਂ? ਮੇਰੇ ਏਸ
ਧਰਤੀ ਦੇ ਸਵਰਗ ਲਈ! ਜੇ ਅੱਜ ਮੈ ਸ਼ਾਨ ਨਾਲ ਰਹਿ ਰਿਹਾ ਹਾਂ ਤਾਂ ਗੁਰੂ ਸਾਹਿਬਾਨਾ ਦੀ ਬਖਸ਼ਸ਼ ਸਦਕਾ!
ਉਨ੍ਹਾਂ ਦੀਆਂ ਘਾਲਣਾਵਾਂ ਸਦਕਾ, ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ।
ਮੇਰੀ ਬਦਕਿਸਮਤੀ ਪਰ ਇਹ ਕਿ ਮੈਨੂੰ ਭੁਲੇਖਾ ਪੈ ਗਿਆ ਤੇ ਮੈ ਸਮਝਣ ਲਗ ਪਿਆ ਕਿ ‘ਪੰਜਾਬੀਆਂ ਦੀ ਸ਼ਾਨ
ਵੱਖਰੀ’! ਕਿਹੜੇ ਪੰਜਾਬੀਆਂ ਦੀ? ਜੀਹਨਾ ਦੇ ਮੁਗਲ ਮੂੰਹਾਂ ਵਿੱਚ ਥੁੱਕਦੇ ਸਨ? ਓਏ ਭਲਿਆ ਜੇ ਮੇਰਾ
ਗੁਰੂ ਵਿੱਚ ਨਾ ਆਉਂਦਾ ਤਾਂ ਮੈ ਕੀ ਹੁੰਦਾ? ਮੇਰੀ ਪੰਜਾਬੀਅਤ ਨੂੰ ਕਿਸੇ ਬੇਰਾਂ ਵੱਟੇ ਨਹੀ ਸੀ
ਪੁੱਛਣਾ। ਮੈ ਓਸ ਗੁਰੂ ਦਾ ਅਖਵਾਉਂਣ ਤੋਂ ਬੱਚਣ ਲਈ ਕੀ ਇਹ ਨਵਾਂ ਰਾਹ ਨਹੀ ਕੱਢਿਆ? ਮੇਰੇ ਬੱਚੇ
ਬੱਚੇ ਨੂੰ, ਮੇਰੇ ਹਰੇਕ ਬਜ਼ੁਰਗ ਨੂੰ, ਮੇਰੀ ਮਾਂ ਨੂੰ, ਮੇਰੀ ਭੈਣ ਨੂੰ ਮਾਣ ਹੋਣਾ ਚਾਹੀਦਾ ਸੀ ਕਿ
ਸ਼ੁਕਰ ਹੈ ਮੈ ਅਣਖੀਲੇ ਇਤਿਹਾਸ ਦੀ/ਦਾ ਵਾਰਸ ਹੁੰਦਾ ਹੋਇਆ ਸਿੱਖ ਹਾਂ, ਸਿੰਘ ਹਾਂ, ਖਾਲਸਾ ਹਾਂ ਪਰ
ਮੈ ਕੀ ਹਾਂ! ਪੰਜਾਬੀ? ਪੰਜਾਬੀ ਮੈ ਹੋਵਾਂ, ਜੀ ਸਦਕੇ ਹੋਵਾਂ, ਪਰ ਪਹਿਲਾਂ ਮੈ ਓਸਦਾ ਕਿਉਂ ਨਾ
ਹੋਵਾਂ ਜਿਸ ਮੇਰੇ ਸਵਰਗ ਲਈ ਸਭ ਕੁੱਝ ਦਾਅ ਤੇ ਲਾ ਦਿੱਤਾ। ਘਰ-ਬਾਰ ਪਿਉ, ਪੁੱਤਰ ਮਾਂ ਰਿਸ਼ਤੇਦਾਰ।
ਕੁੱਝ ਹੈ ਜੋ ਓਸ ਬਚਾ ਕੇ ਰੱਖ ਲਿਆ?
ਮੇਰੇ ਗੁਰੂ ਨੇ, ਭਗਤਾਂ ਨੇ, ਗੁਰਸਿੱਖਾਂ ਨੇ ਮੈਨੂੰ ਸਵਰਗ ਲੈ ਕੇ ਦਿੱਤਾ ਪਰ ਮੈ ਉਨ੍ਹਾਂ ਆਖੇ ਲੱਗ
ਪੰਜਾਬੀ ਹੋਣ ਤੇ ਚੌੜਾ ਹੋਈ ਜਾ ਰਿਹਾ ਹਾਂ ਜੀਹਨਾਂ ਮੇਰੀ ਜਿੰਦਗੀ ਨਰਕ ਕਰ ਛੱਡੀ. . ? ਕੀਤੀ ਨਹੀ?
ਮੇਰੀਆਂ ਭੈਣਾਂ-ਮਤਾਵਾਂ ਦੀ ਕੀ ਉਹੀ ਦੁਰਦਸ਼ਾ ਨਹੀ ਬ੍ਰਹਮਾਣ ਨੇ ਕੀਤੀ ਜਿਹੜੀ ਉਸਦੀ ਖੁਦ ਦੀ
ਅਰੰਗਜੇਬ ਕਰਦਾ ਸੀ? ਉਂਝ ਹੀ ਉਸ ਮੇਰੇ ਮੂੰਹਾਂ ਵਿੱਚ ਥੁੱਕਿਆ ਨਹੀ ਜਿਵੇਂ ਮੁਗਲ ਉਸਦੇ ਮੂੰਹਾਂ
ਵਿੱਚ ਥੁੱਕਦੇ ਰਹੇ ਸਨ? ਮੇਰੀ ਸ਼ਾਨ ਵੱਖਰੀ ਫਿਰ ਵੀ ਪੰਜਾਬੀ ਹੋਣ ਕਰਕੇ? ਕੀ ਉਸ ਮੈਨੂੰ ਪੰਜਾਬੀ
ਹੋਣ ਕਰਕੇ ਕੁੱਟਿਆ? ਮੇਰਾ ਸਵਰਗ ਕਿਵੇਂ ਬੱਚੇਗਾ? ਕਬੂਤਰ ਵਾਂਗ ਕੀ ਅੱਖਾਂ ਮੀਚਣ ਨਾਲ? ਭੋਰੇ ਵਿੱਚ
ਦੜ ਵਟ ਬੈਠਣ ਨਾਲ? ਦੜ ਵੱਟੂ ਗੁਰੂ ਨੇ ਬਣਾਇਆ ਕੀ ਮੈਨੂੰ? ਉਸ ਮੈਨੂੰ ਸਵਰਗ ਦਿੱਤਾ। ਪਰ ਜਿਸ ਬੰਦੇ
ਦੀ ਅਣਖ, ਗੈਰਤ, ਸਵੈਮਾਨ ਮਰ ਜਾਏ ਉਸ ਲਾਸ਼ ਨੂੰ ਕੀ ਗੁਰੂ ਨੇ ਪ੍ਰਵਾਨ ਕੀਤਾ? ਜੋਗੀਆਂ-ਸਿੱਧਾਂ ਨੂੰ
ਗੁਰੂ ਨੇ ਕੋਈ ਥਾਂ ਦਿੱਤੀ? ਜੇ ਗੁਰੂ ਨੂੰ ਪ੍ਰਵਾਨ ਨਹੀ ਤਾਂ ਅਜਿਹਾ ਮਨੁੱਖ ਭਾਵੇਂ ਕਿਸੇ ਸਵਰਗ ਦੇ
ਵੀ ਸਵਰਗ ਵਿੱਚ ਚਲਾ ਜਾਏ ਪਰ ਦੁਹਾਈ ਰੱਬ ਦੀ ਉਸਦਾ ਸਿੱਖ ਨਾਲ ਕੋਈ ਰਿਸ਼ਤਾ ਨਹੀ। ਕਿਉਂਕਿ ਮੇਰਾ
ਸਵਰਗ ਮੇਰੇ ਗੁਰੂ ਦੇ ਬੱਚਨਾ ਵਿੱਚ ਹੈ, ਗੁਰੂ ਦੇ ਹੁਕਮ ਵਿੱਚ ਹੈ, ਗੁਰੂ ਦੀ ਰਜਾ ਵਿੱਚ ਹੈ ਮੈ
ਹੋਰ ਕਿਸੇ ਸੜੇ ਸਵਰਗ ਨੂੰ ਨਹੀ ਜਾਣਦਾ ਤੇ ਨਾ ਮੈਨੂੰ ਲੋੜ ਹੈ।
ਜਿਸ ਦਿਨ ਏਸ ਧਰਤੀ ਉਪਰਲੇ ਸਵਰਗ ਦੀ ਮੈਨੂੰ ਸਮਝ ਆ ਗਈ ਮੇਰਾ ਦੁੱਧ ਪੀਣੇ ਮਜਨੂੰਆਂ ਤੋਂ ਛੁਟਕਾਰਾ
ਹੋ ਜਾਏਗਾ ਜਿਹੜੇ ਕਿਸੇ ਹੋਰ ਸਵਰਗ ਦੇ ਲਾਰੇ ਤੇ ਮੱਨੁਖਤਾ ਨੂੰ ਲੁੱਟ ਰਹੇ ਹਨ।
ਗੁਰਦੇਵ ਸਿੰਘ ਸੱਧੇਵਾਲੀਆ