.

ਗੁਰਚਰਨਜੀਤ ਸਿੰਘ ਲਾਂਬਾ ਦੇ ਲੇਖ ਦੀ ਪੜਚੋਲ

-ਹਰਨੇਕ ਸਿੰਘ ਨਿਊਜੀਲੈਂਡ

ਗੁਰਚਰਨਜੀਤ ਸਿੰਘ ਲਾਂਬਾ ਦੇ ਲੇਖ “ਸ੍ਰੀ ਦਸਮ ਗ੍ਰੰਥ ਸਾਹਿਬ-ਪ੍ਰਿੰਸੀਪਲ ਹਰਭਜਨ ਸਿੰਘ ਜੀ ਦੀ ਜਬਾਨੀ” ਦੀ ਪੜਚੋਲ

ਪਿੱਛਲੇ ਦਿਨੀਂ ‘ਸੰਤ ਸਿਪਾਹੀ’ ਮਾਸਕ ਪੱਤਰ ਦੀ ਵੈੱਬਸਾਈਟ ਤੇ ਇੱਕ ਲੇਖ ਪੜਿਆ, ਜਿਸ ਦਾ ਸਿਰਲੇਖ ਸੀ “ਸ੍ਰੀ ਦਸਮ ਗ੍ਰੰਥ ਸਾਹਿਬ-ਪ੍ਰਿੰਸੀਪਲ ਹਰਭਜਨ ਸਿੰਘ ਜੀ ਦੀ ਜਬਾਨੀ”। ਇਹ ਲੇਖ ਗੁਰਚਰਨਜੀਤ ਸਿੰਘ ਲਾਂਬਾ, ਐਡੀਟਰ ਮਾਸਕ ਪੱਤਰ ਸੰਤ ਸਿਪਾਹੀ, ਦੁਆਰਾ ਲਿਖਿਆ ਗਿਆ ਹੈ। ਲੇਖ ਨੂੰ ਪੜ੍ਹ ਕੇ ਮਨ ਵਿਚ ਦੋ ਬਹੁਤ ਹੀ ਅਹਿਮ ਸਵਾਲ ਉੱਠੇ। ਪਹਿਲਾ ਸਵਾਲ ਹੈ, ਪ੍ਰਿੰਸੀਪਲ ਹਰਭਜਨ ਸਿੰਘ ਜੀ ਨਾਲ ਸਬੰਧਤ ਤੇ ਦੂਜਾ ਹੈ, ਸਿੱਖ ਰਹਿਤ ਮਰਿਆਦਾ ਦੇ ਬਾਰੇ । ਮੈਨੂੰ ਲੱਗਾ ਹੈ ਕਿ ਲੇਖਕ ਨੇ ਇਨਾਂ ਦੋਹਾਂ ਨਾਲ ਹੀ ਅਨਿਆਂ ਕੀਤਾ ਹੈ ਇਸ ਲਈ ਇਸ ਬਾਰੇ ਵਿਚਾਰ-ਚਰਚਾ ਕਰਨੀ ਜ਼ਰੂਰੀ ਲਗਦੀ ਹੈ। ਵੈਸੇ ਵੀ ਸਿੱਖ ਰਹਿਤ ਮਰਿਆਦਾ ਤਾਂ ਹਰ ਘਰ ਵਿਚ ਹੁੰਦੀ ਹੀ ਹੈ, ਸੋ ਮੇਰੇ ਕੋਲ ਵੀ ਹੈ। ਚੰਗੇ ਭਾਗਾਂ ਨਾਲ ਪ੍ਰਿੰਸੀਪਲ ਹਰਭਜਨ ਸਿੰਘ ਜੀ ਦੀਆਂ ਕਿਤਾਬਾਂ ਵੀ ਮੇਰੇ ਕੋਲ ਹਨ, ਜਿਸ ਕਰਕੇ ਮੇਰਾ ਇਹ ਕੰਮ ਸੌਖਾ ਹੋ ਗਿਆ।

 ਆਉ ! ਪਹਿਲਾਂ ਪ੍ਰਿੰਸੀਪਲ ਜੀ ਦੇ ਬਾਰੇ ਵਿਚ, ਸਬੰਧਤ ਲੇਖ ਦੇ ਆਧਾਰ ’ਤੇ ਵਿਚਾਰ ਕਰੀਏ। ਲੇਖਕ ਨੇ ਸ਼ੁਰੂ ਵਿਚ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰਿੰਸੀਪਲ ਜੀ ਦੀ ਜਾਣ ਪਹਿਚਾਣ ਕਰਵਾਈ ਹੈ ਪਰ ਫਿਰ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਮਹਾਨ ਸ਼ਖਸੀਅਤ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਮੰਨਦੀ ਸੀ। ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਹੈ, ਮੇਰੇ ਕੋਲ ਪ੍ਰਿੰਸੀਪਲ ਜੀ ਦੀ ਕਿਤਾਬ, “ਦਸਮ ਗ੍ਰੰਥ ਬਾਰੇ ਚੋਣਵੇਂ ਲੇਖ” ਹੈ, ਅਤੇ ਮੈਂ ਇਸ ਨੂੰ ਪੜਿਆ ਹੈ। ਇਸ ਕਿਤਾਬ ਨੂੰ ਪੜ੍ਹ ਕੇ ਥੋੜੀ ਜਿੰਨੀ ਵੀ ਸਮਝ ਰੱਖਣ ਵਾਲੇ ਇਨਸਾਨ ਨੂੰ ਸੌਖਿਆਂ ਹੀ ਸਮਝ ਆ ਸਕਦਾ ਹੈ ਕਿ ਦਸਮ ਗ੍ਰੰਥ ਦੇ ਬਾਰੇ ਵਿਚ, ਪ੍ਰਿੰਸੀਪਲ ਜੀ ਦੇ ਵਿਚਾਰ ਕਿਹੋ ਜਿਹੇ ਸਨ।

ਪਤਾ ਨਹੀਂ ਕਿਉਂ ਇਹ ਲੋਕ ਇੰਨੇ ਸਮਝਦਾਰ ਹੁੰਦੇ ਹੋਏ ਵੀ, ਕਦੇ ਪੰਥ ਪ੍ਰਵਾਨਤ ਸ਼ਖਸੀਅਤਾਂ ਦਾ ਨਾਂ ਵਰਤ ਕੇ, ਕਦੇ ਅੰਮ੍ਰਿਤ ਅਤੇ ਕਦੇ ਨਿੱਤਨੇਮ ਦੀਆਂ ਬਾਣੀਆਂ ਦੀ ਆੜ ਲੈ ਕੇ ਜਨ-ਸਧਾਰਨ ਕਿਰਤੀ ਸਿੱਖ ਨੂੰ ਦੁਬਿਧਾ ਵਿਚ ਪਾਉਣ ’ਤੇ ਤੁਲੇ ਹੋਏ ਹਨ।

 ਪ੍ਰਿੰਸੀਪਲ ਜੀ ਨੇ ਕਿਤਾਬ ਦੇ ਸ਼ੁਰੂ ਵਿਚ ਹੀ ਪੰਨਾ 9 ਤੇ ਲਿਖਿਆ ਹੈ ਕਿ ਦਸਮ ਗ੍ਰੰਥ ਵਿਚ 70 ਕੁ ਪੰਨੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਤੇ ਪੂਰੇ ਉੱਤਰਦੇ ਹਨ “ਬਾਕੀ ਸਭ ਰਚਨਾਵਾਂ ਕਾਲਪਨਿਕ ਮਿਥਿਹਾਸ ਹਨ। ਗੁਰਬਾਣੀ ਨਾਲ ਤਾਂ ਕੀ ਆਪਸ ਵਿਚ ਵੀ ਇਹ ਨਹੀਂ ਮਿਲਦੀਆਂ। ਚਲਾਕ ਸਾਕਤ ਕਵੀਆਂ, ਖਾਸ ਕਰਕੇ ਸ਼ਿਆਮ ਨੇ, ਸ੍ਰੀ ਮੁਖ ਬਾਣੀ ਅਥਵਾ ਜਿਸ ਨੂੰ ਚਾਲਾਕੀ ਨਾਲ ਸ਼੍ਰੀ ਦਸ਼ਮੇਸ਼ ਬਾਣੀ ਜਣਾ ਕੇ ਆਪਣੇ ਇਸ਼ਟ ਦਾ ਪ੍ਰਚਾਰ ਕਰਨਾ ਚਾਹਿਆ”।

 ਅੱਗੇ ਚਲ ਕੇ, ਦਸਮ ਗ੍ਰੰਥ ਦੇ ਵਿਵਾਦ ਬਾਰੇ ਪ੍ਰਿੰਸੀਪਲ ਜੀ ਲਿਖਦੇ ਹਨ। “ਸੋ ਇਹ ਵਿਵਾਦ ਇੱਕੋ ਤਰੀਕੇ ਨਾਲ ਮੁੱਕ ਸਕਦਾ ਹੈ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੀ ਬਾਣੀ ਦੀ ਕਸਵੱਟੀ  ਤੇ ਪਰਖ ਕਰੀਏ ਅਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੀਏ”, ਤੇ ਤਰਲਾ ਕਰਦੇ ਹੋਏ ਲਿਖਦੇ ਹਨ “ਆਸ ਹੈ ਕਿ ਇਸ ਦਾਸਰੇ ਵਲੋਂ ਲ਼ਿਆ ਗਿਆ ਤਰਲਾ ਪੰਥ ਦੀ ਯਕਜਹਿਤੀ ਤੇ ਚੜ੍ਹਦੀ ਕਲਾ ਲਈ ਪ੍ਰਵਾਨ ਕਰ ਲਿਆ ਜਾਵੇਗਾ,ਵਰਨਾ ਬਿਪਰਨ ਕੀ ਰੀਤਾਂ ਤੇ ਮਨੌਤਾਂ ਨੇ ਸਾਨੂੰ ਕਿਸੇ ਪਾਸੇ ਜੋਗਾ ਵੀ ਨਹੀਂ ਛੱਡਣਾ”। ਇਸੇ ਤਰ੍ਹਾਂ ਬਾਕੀ ਸਾਰੀ ਕਿਤਾਬ ਪੜ੍ਹ ਕੇ ਆਪ ਤੁਸੀਂ ਨਿਰਣਾ ਕਰ ਸਕਦੇ ਹੋ ਕਿ ਦਸਮ ਗ੍ਰੰਥ ਬਾਰੇ ਪ੍ਰਿੰਸੀਪਲ ਸਾਹਿਬ ਜੀ ਦੇ ਕੀ ਵਿਚਾਰ ਸਨ।

ਕਿਤਾਬ ਦੇ ਅਖੀਰ ਵਿਚ, ਅੰਤਿਕਾ-4 ਵਿਚ “ਕੁਝ ਚਰਿਤ੍ਰੋਪਾਖਿਯਾਨ ਬਾਰੇ” ਪੰਨਾ 165 ਤੋਂ 167 ’ਤੇ ਪ੍ਰਿੰਸੀਪਲ ਸਾਹਿਬ ਨੇ ਇਨਾਂ ਲੋਕਾਂ ਦੇ ਸਾਰੇ ਸਵਾਲਾਂ ਦਾ ਜਵਾਬ ਬੜੇ ਥੋੜੇ ਸ਼ਬਦਾਂ ਵਿਚ ਦੇ ਦਿੱਤਾ ਹੈ। (ਚਲੋ ਇਕ ਗੱਲ ਤਾਂ ਠੀਕ ਹੈ ਕਿ ਇਨਾਂ ਨੇ ਪ੍ਰਿੰਸੀਪਲ ਸਾਹਿਬ ਨੂੰ ਵਧੀਆ ਵਿਦਵਾਨ ਲਿਖਿਆ ਹੈ, ਬੇਨਤੀ ਹੈ ਕਿ ਵੀਰ ਜੀਓ! ਪ੍ਰਿੰਸੀਪਲ ਹਰਭਜਨ ਸਿੰਘ ਦਾ ਹੀ ਸੁਝਾਅ ਮੰਨ ਲਉ।) ਪੰਨਾ 165 ਤੇ ਇਕ ਸਵਾਲ ਦਾ ਜਵਾਬ, (ਜੋ ਕਿ ਸ਼੍ਰੋ. ਗੁ. ਪ੍ਰ. ਕਮੇਟੀ ਦੇ ਮੀਤ ਸਕੱਤਰ ਸ੍ਰ. ਗੁਰਬਖਸ਼ ਸਿੰਘ ਵਲੋਂ 3 ਅਗਸਤ 1973 ਨੂੰ ਦਿੱਤਾ ਗਿਆ), ਅੰਕਿਤ ਕੀਤਾ ਹੈ, ਜੋ ਇਸ ਤਰਾਂ ਹੈ “ਚਰਿਤ੍ਰੋਪਾਖਿਯਾਨ, ਜੋ ਦਸਮ ਗ੍ਰੰਥ ਵਿਚ ਅੰਕਿਤ ਹੈ, ਇਹ ਦਸਮੇਸ਼ ਬਾਣੀ ਨਹੀਂ। ਇਹ ਪੁਰਾਤਨ ਹਿੰਦੂ ਮਿਥਿਹਾਸਕ ਸਾਖੀਆਂ ਦਾ ਉਤਾਰਾ ਹੈ”।

 ਆਪਣੀ ਕਿਤਾਬ ਦੀ ਸਮਾਪਤੀ ਕਰਦਿਆਂ ਪ੍ਰਿੰਸੀਪਲ ਸਾਹਿਬ ਨੇ ਇਕ ਨੋਟ ਲਿਖਿਆ ਹੈ। ਪੰਨਾ 167- “ਨੋਟ-2.- ਜਦ ਕੋਈ ਵੀਰ ਦਸਮ ਗ੍ਰੰਥ ਉਤੇ ਬਹਿਸ ਕਰਨ ਦਾ ਹਠ ਕਰੇ ਤਾਂ ਮੈਂ ਉਸਨੂੰ ਇਕ ਹੀ ਬੇਨਤੀ ਕਰਿਆ ਕਰਦਾ ਹਾਂ ਕਿ ਉਹ ਮਾਈਆਂ, ਬੀਬੀਆਂ, ਮਰਦਾਂ ਦੀ ਸਾਂਝੀ ਸੰਗਤ ਵਿਚ ਪੰਜ-ਦਸ ਚਰਿਤ੍ਰਾਂ ਦਾ ਸੰਗਤ ਨੂੰ ਸਮਝਾ ਕੇ ਪਾਠ ਕਰ ਦੇਣ, ਤਾਂ ਮੈਂ ਉਨਾਂ ਦੇ ਵਿਚਾਰਾਂ ਦਾ ਹਾਮੀ ਹੋ ਜਾਵਾਂਗਾ। ਉਹ ਇਸ ਸ਼ਰਤ ਤੇ ਨੱਠ ਜਾਂਦਾ ਹੈ ਤੇ ਹਾਰ ਮੰਨ ਲੈਂਦਾ, ਜਾਂ ਚੁੱਪ ਕਰ ਕੇ ਉੱਠ ਕੇ ਚਲਾ ਜਾਂਦਾ। ਜਿਸ ਰਚਨਾ ਦਾ ਪਾਠ ਤੁਸੀਂ ਸਾਂਝੀ ਸੰਗਤ ਵਿਚ ਨਹੀਂ ਕਰ ਸਕਦੇ, ਉਸਨੂੰ ਨਾਨਕ-ਰੂਪ,ਗੋਬਿੰਦ-ਰੂਪ, ਕਲਗੀਆਂ ਵਾਲੇ, ਪਾਤਸ਼ਾਹਾਂ ਦੇ ਪਾਤਸ਼ਾਹ ਦੇ ਨਾਂ ਨਾਲ ਕਿਉਂ ਜੋੜਦੇ ਹੋ, ਤੇ ਸਾਰਾ ਦਸਮ ਗ੍ਰੰਥ ਉਨਾਂ ਦੀ ਰਚਨਾ ਦੱਸ ਕੇ ਉਨਾਂ ਦੇ ਮੂੰਹ ਪਾਉਣ ਦਾ ਅਨਰਥ, ਪਾਪ ਕਿਉਂ ਕਰਦੇ ਹੋ ? ਵਾਹ ! ਕੈਸਾ ਸਿਲਾ ਤੇ ਕ੍ਰਿਤਗਿਅਤਾ ਹੈ, ਉਨਾਂ ਦੇ ਅਦੁੱਤੀ ਉਪਕਾਰਾਂ ਦੀ? ਵਾਹਿਗੁਰੂ ਸੁਮੱਤ ਬਖਸ਼ੇ”!

ਇਨਾਂ ਸ਼ਬਦਾਂ ਨਾਲ ਪ੍ਰਿੰਸੀਪਲ ਹਰਭਜਨ ਸਿੰਘ ਜੀ ਨੇ ਆਪਣੀ ਕਿਤਾਬ ਦੀ ਸਮਾਪਤੀ ਕੀਤੀ ਹੈ। ਲੇਖ ਦੇ ਅਖੀਰ ’ਤੇ ਫੋਨ ਨੰਬਰ ਦਿੱਤਾ ਗਿਆ ਹੈ, ਜੇ ਕਿਸੇ ਵੀਰ ਨੇ ਵੀ ਵਿਚਾਰ ਕਰਨੀ ਹੋਵੇ ਤਾਂ ਸਾਨੂੰ ਖੁਸ਼ੀ ਹੋਵੇਗੀ। ਹੋ ਸਕਦਾ ਹੈ ਕਿ ਮੈਨੂੰ ਕਿਸੇ ਗੱਲ ਦੀ ਸਮਝ ਨਾ ਆਈ ਹੋਵੇ ਤੇ ਆਪ ਜੀ ਨੂੰ ਬੇਨਤੀ ਕਿ ਸਮਝਾਉਣ ਦੀ ਕ੍ਰਿਪਾਲਤਾ ਕਰਨੀ ਜੀ।
 ਆਓ ਹੁਣ ਵਿਚਾਰ ਕਰੀਏ ਸਿੱਖ ਰਹਿਤ ਮਰਿਆਦਾ ਦੀ। ਗੁਰਚਰਨਜੀਤ ਸਿੰਘ ਲਾਂਬਾ ਜੀ ਨੇ ਆਪਣੇ ਲੇਖ ਵਿਚ ਅੰਮ੍ਰਿਤ ਛਕਾਉਣ ਬਾਰੇ,ਨਿੱਤਨੇਮ ਦੀਆਂ ਬਾਣੀਆਂ ਅਤੇ ਸਿੱਖ ਦੀ ਪਰਿਭਾਸ਼ਾ ਦੇ ਸਬੰਧ ਵਿਚ ਸਿੱਖ ਰਹਿਤ ਮਰਿਆਦਾ ਦਾ ਹਵਾਲਾ ਦਿੱਤਾ ਹੈ। ਸਵਾਲ ਉੱਠਦਾ ਹੈ ਕਿ ਇਹ ਲੋਕ ਕਿਸੇ ਵੀ ਗੁਰਦੁਆਰੇ ਜਾਂ ਡੇਰੇ ਵਿਚ ਸਿੱਖ ਰਹਿਤ ਮਰਿਆਦਾ ਲਾਗੂ ਨਹੀਂ ਹੋਣ ਦਿੰਦੇ। ਜਦੋਂ ਵੀ ਅੰਮ੍ਰਿਤ ਸੰਚਾਰ ਕਰਦੇ ਹਨ ਤਾਂ ਆਪੋ-ਆਪਣੀ ਜਥੇਬੰਦੀ ਦੀ ਬਣਾਈ ਹੋਈ ਮਰਿਆਦਾ ਅਨੁਸਾਰ ਹੀ ਕਰਦੇ ਹਨ, ਨਾ ਕਿ ਪੰਥਕ ਏਕਤਾ ਨੂੰ ਮੁੱਖ ਰੱਖਕੇ ਸਿੱਖ ਰਹਿਤ ਮਰਿਆਦਾ ਨੂੰ ਪਹਿਲ ਦੇਣ। ਅਖੰਡ ਪਾਠ ਹੋਣਾ ਹੋਵੇ, ਬੱਚੇ ਦਾ ਨਾਮ-ਕਰਣ ਹੋਵੇ ਜਾਂ ਮਿਰਤਕ ਸੰਸਕਾਰ, ਗੱਲ ਕੀ ਹਰ ਕੰਮ ਪ੍ਰਵਾਨਤ ਰਹਿਤ ਮਰਿਆਦਾ ਦੇ ਉਲਟ ਕਰਦੇ ਹਨ ਪਰ ਦਸਮ ਗ੍ਰੰਥ ਨੂੰ ਸਿੱਖ ਕੌਮ ਤੇ ਠੋਸਣ ਦੀ ਜਿਦ ਪੂਰੀ ਕਰਨ ਲੱਗਿਆਂ, ਕਿਉਂ ਸਿੱਖ ਰਹਿਤ ਮਰਿਆਦਾ ਦਾ ਸਹਾਰਾ ਲੈਂਦੇ ਹਨ ?

 ਇਕ ਹੋਰ ਜ਼ਰੂਰੀ ਗੱਲ ਉਸੇ ਹੀ ਮਰਿਆਦਾ ਵਿਚ ਪੰਨਾ 13 ’ਤੇ ਬੜੇ ਹੀ ਸਪਸ਼ਟ ਸ਼ਬਦਾਂ ਵਿਚ ਲਿਖਿਆ ਹੈ,

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ(ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਜੇ ਇਹ ਲੋਕ ਇਮਾਨਦਾਰ ਹਨ ਤਾਂ ਕਿਉਂ ਨਹੀਂ ਇਨ੍ਹਾਂ ਨੂੰ ਮਰਿਆਦਾ ਦਾ ਚੇਤਾ ਆਉਂਦਾ, ਜਦੋਂ ਡੇਰਿਆਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਹੁੰਦਾ ਹੈ?  ਚਲੋ ਜੇ ਤੁਸੀਂ ਵਾਕਿਆ ਹੀ ਸਿੱਖ ਰਹਿਤ ਮਰਿਆਦਾ ਪ੍ਰਤੀ ਸੁਹਿਰਦ ਹੋ ਤਾਂ ਸਾਰੇ ਗੁਰਦੁਆਰਿਆਂ ਅਤੇ ਡੇਰਿਆਂ ਵਿਚ ਪੰਥ ਪ੍ਰਵਾਨਤ ਰਹਿਤ ਮਰਿਆਦਾ ਨੂੰ ਲਾਗੂ ਕਰਵਾਉਣ ਲਈ ਵੀ ਆਵਾਜ ਉਠਾਓ।

ਸਿੱਖ ਰਹਿਤ ਮਰਿਆਦਾ ਦੇ ਪੰਨਾ 15 ਤੇ, ਕੀਰਤਨ ਸਿਰਲੇਖ ਦੇ ਭਾਗ (ੲ) ਵਿਚ ਇਸ ਤਰ੍ਹਾਂ ਲਿਖਿਆ ਹੈ “ਸੰਗਤ ਵਿਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ”। ਇਨਾਂ ਪੰਕਤੀਆਂ ਤੋਂ ਮੈਨੂੰ ਤਾਂ ਇਹੀ ਸਪਸ਼ਟ ਸਮਝ ਆਉਂਦੀ ਹੈ ਕਿ ਸੰਗਤ ਵਿਚ ਦਸਮ ਗ੍ਰੰਥ ਦਾ ਕੀਰਤਨ ਨਹੀਂ ਹੋ ਸਕਦਾ।

ਅੱਗੇ ਚੱਲ ਕੇ ਲੇਖਕ ਨੇ ਰਹਿਤ ਮਰਿਆਦਾ ਵਿਚ ਦਿੱਤੀ ਹੋਈ ਸਿੱਖ ਦੀ ਪਰਿਭਾਸ਼ਾ ਵਿਚੋਂ ਦਸ ਗੁਰੂ ਸਹਿਬਾਨ ਦੀ ਬਾਣੀ ਤੇ ਸਿੱਖਿਆ, ਇਨ੍ਹਾਂ ਸ਼ਬਦਾਂ ਦਾ ਸਹਾਰਾ ਲੈ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਰਹਿਤ ਮਰਿਆਦਾ ਅਨੁਸਾਰ ਸਿੱਖ ਉਹ ਹੈ ਜੋ ਦਸ ਗੁਰੁ ਸਹਿਬਾਨ ਦੀ ਬਾਣੀ ਤੇ ਨਿਸ਼ਚਾ ਰੱਖਦਾ ਹੈ, ਇਸ ਲਈ ਜੋ ਲੋਕ ਦਸਮ ਗ੍ਰੰਥ ਤੇ ਨਿਸ਼ਚਾ ਨਹੀਂ ਰੱਖਦੇ ਉਹ ਸਿੱਖ ਨਹੀਂ ਹੋ ਸਕਦੇ। ਪਤਾ ਨਹੀਂ ਇਹੋ ਜਿਹੀਆਂ ਬੇਥਵੀਆਂ ਜਾਣ ਬੁੱਝ ਕੇ ਕਿਸੇ ਸਾਜਿਸ਼ ਅਧੀਨ ਮਾਰਦੇ ਹਨ ਜਾਂ ਪਰਮਾਤਮਾ ਨੇ ਉਹ ਸਮਝ ਦਾ ਖਾਨਾ ਹੀ ਬੰਦ ਕਰ ਦਿੱਤਾ ਹੈ। ਰਹਿਤ ਮਰਿਆਦਾ ਵਿਚ ਦਿੱਤੀ ਗਈ ਸਿੱਖ ਦੀ ਪਰਿਭਾਸ਼ਾ ਨੂੰ ਕੋਈ ਜਿੰਨਾ ਮਰਜੀ ਚਾਹੇ ਆਪਣੇ ਪਾਸੇ ਨੂੰ ਖਿੱਚ ਲਵੇ, ਸਾਰੀ ਉਮਰ ਲਾ ਕੇ ਵੀ ਇਹ ਸਾਬਤ ਨਹੀਂ ਕਰ ਸਕਦਾ ਕਿ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਹੈ। ਮੈਂ ਆਪਣਾ ਪੂਰਾ ਜੋਰ ਲਾ ਕੇ ਦੇਖ ਲਿਆ, ਇਕੱਲਾ ਬੈਠ ਕੇ ਵੀ ਕੋਸ਼ਿਸ਼ ਕੀਤੀ, ਆਪਣੇ ਆਪ ਨਾਲ ਅਨਿਆਂ ਕਰਨ ਦੀ ਕੋਸ਼ਿਸ਼ ਵੀ ਕਰੀ, ਕਈ ਤਰ੍ਹਾਂ ਦੇ ਫ਼ਰਜ਼ ਕਰ ਕੇ ਵੀ ਦੇਖੇ, ਗੱਲ ਕੀ ਹਰ ਹੀਲਾ ਵਰਤ ਕੇ ਦੇਖਿਆ, ਕਿਸੇ ਵੀ ਤਰ੍ਹਾਂ ਇਹ ਸਾਬਤ ਨਹੀਂ ਹੋ ਸਕਿਆ ਕਿ ਸਿੱਖ ਦੀ ਪਰਿਭਾਸ਼ਾ ਤੋਂ ਇਹ ਸਿੱਧ ਹੋ ਸਕਦਾ ਹੋਵੇ ਕਿ ਦਸਮ ਗ੍ਰੰਥ ਕਿਹਾ ਜਾਣ ਵਾਲਾ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ।

ਇਹੋ ਜਿਹੀਆਂ ਗੱਲਾਂ ਤੋਂ ਲਗਦਾ ਹੈ ਕਿ ਇਹ ਸਭ ਕੁਝ ਕਿਸੇ ਸਾਜਿਸ਼ ਅਧੀਨ ਹੋ ਰਿਹਾ ਹੈ।ਆਪਣੇ ਆਪ ਨੂੰ ਵਿਦਵਾਨ ਅਖਵਾਉਣ ਵਾਲਿਆਂ ਦੀ ਸਮਝ ਦਾ ਇਹ ਹਾਲ ਹੈ ਤਾਂ ਜਿਹੜਾ ਵਿਚਾਰਾ ਸਧਾਰਨ ਕਿਰਤੀ ਸਿੱਖ ਹੈ (ਜਿਸਨੂੰ ਵਰਗਲਾਇਆ ਜਾ ਰਿਹਾ ਹੈ) ਉਸਦਾ ਤਾਂ ਪਰਮਾਤਮਾ ਹੀ ਰਾਖਾ ਹੈ। ਅਸੀਂ ਸਮੂਹ ਜਾਗਰੂਕ ਸਿੱਖਾਂ ਦੇ ਚਰਨਾਂ ਵਿਚ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਆਓ, ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜੀਏ ਤੇ ਵਿਚਾਰੀਏ ਤਾਂ ਕਿ ਸਿਧਾਂਤ ਦੀ ਸੋਝੀ ਆ ਸਕੇ।

ਗੁਰੂ ਭਲੀ ਕਰੇ।

ਹਰਨੇਕ ਸਿੰਘ ਨਿਊਜੀਲੈਂਡ




.