ਕੈਸਾ ਜੀਵਨੁ ਹੋਇ ਹਮਾਰਾ
ਅੱਜ ਸੰਸਾਰ ਭਰ ਦੀ ਮਨੁੱਖਤਾ ਦਾ ਜ਼ਿਆਦਾ ਹਿੱਸਾ ਧਾਰਮਿਕ ਅਗਿਆਨਤਾ ਕਾਰਨ
ਇੰਨਸਾਨੀ ਜ਼ਿੰਦਗੀ ਦੇ ਅਸਲ ਮਨੋਰਥ ਤੋਂ ਇਸ ਤਰਾਂ ਨਾਵਾਕਿਫ ਹੈ ਜਿਵੇਂ ਗਧੇ ਦੇ ਸਿਰ ਤੋਂ ਸਿੰਗ।
ਪੂਰੀ ਦੁਨੀਆਂ ਵਿੱਚ ਇੰਨਸਾਨੀਅਤ ਮੋਹ ਮਾਇਆਂ ਦੇ ਜਾਲ੍ਹ ਵਿੱਚ ਕਿਵੇਂ ਗ੍ਰਸੀ ਪਈ ਹੈ ਇਹ ਦੇਖ ਕੇ
ਤਾਂ ਇਹੀ ਪ੍ਰਭਾਵ ਪੈਂਦਾ ਹੈ। ਇਸ ਲੇਖ ਦੀ ਵਿਚਾਰ ਹੁਣ ਸਿੱਖ ਪ੍ਰੀਪੇਖ ਵਿੱਚ ਹੀ ਵੀਚਾਰਾਂਗੇ। ਇਹ
ਸਿਰਫ ਉਹਨਾਂ ਸਿੱਖਾਂ ਬਾਰੇ ਹੈ ਜੋ ਇਸ ਜ਼ਿੰਦਗੀ ਦੇ ਬਖਸ਼ਣਹਾਰ ਨੂੰ ਵਿਸਾਰ ਚੁੱਕੇ ਹਨ ਜਾਂ ਕੇਵਲ
ਰਸਮੀ ਤੌਰ ਉੱਪਰ ਧਰਮ ਦਾ ਵਿਖਾਵਾ ਕਰਦੇ ਹਨ। ਐਸੇ ਸਿੱਖ ਅਸਲ ਵਿੱਚ ਸਿਰਫ ਮਾਇਆ ਵਿੱਚ ਏਨੇ ਗ਼ਲਤਾਨ
ਹੋ ਜਾਂਦੇ ਹਨ ਕਿ ਸ਼ਾਨੋ-ਸ਼ੌਕਤ, ਵਿਖਾਵੇ ਅਤੇ ਐਸ਼ੋ-ਇਸ਼ਰਤ ਨੂੰ ਹੀ ਜ਼ਿੰਦਗੀ ਦਾ ਮੁੱਖ ਮਕਸਦ ਸਮਝ
ਬੈਠਦੇ ਹਨ। ਉਹ ਇਹ ਬਿਲਕੁਲ ਭੁਲ ਜਾਂਦੇ ਹਨ ਕਿ ਸਿਰਫ ਰੱਬ ਦਾ ਨਾਮ ਹੀ ਮਨੁੱਖ ਨੂੰ ਮੋਹ ਮਾਇਆ ਤੋਂ
ਛੁਟਕਾਰਾ ਦਿਵਾ ਕੇ ਸਹੀ ਜ਼ਿਦਗੀ ਜਿਊਣ ਦਾ ਰਸਤਾ ਵਿਖਾ ਸਕਦਾ ਹੈ ਕਿਉਂ ਕਿ ਹੋਰ ਸਾਧਨ ਹੈ ਹੀ ਨਹੀਂ
(ਰਾਮ ਸਮਾਨ ਨ ਦੇਖਉ ਆਨ –
ਪੰਨਾ ੩੨੯)। ਐਸੇ ਮਨੁੱਖ ਹਮੇਸ਼ਾਂ ਅੰਦਰੂਨੀਂ ਤੌਰ
ਤੇ ਉੱਖੜੇ ਉੱਖੜੇ ਹੀ ਰਹਿੰਦੇ ਹਨ ਅਤੇ ਇਸ ਤੋਂ ਛੁਟਕਾਰਾ ਪਾਉਣ ਲਈ ਨਸ਼ਿਆਂ ਦਾ ਸਹਾਰਾ ਲੈ ਕੇ ਆਪਣਾ
ਜੀਵਨ ਔਝੜੇ ਪਾ ਕੇ ਗੁਰੂ ਸਿੱਖਿਆ ਤੋਂ ਕਿਨਾਰਾ ਕਰ ਲੈਂਦੇ ਹਨ। ਇਸ ਤੋਂ ਉਲਟ ਇਸ ਧਰਤੀ ਉੱਪਰ ਉਹ
ਇੰਨਸਾਨ ਭੀ ਹਨ ਜੋ ਜੀਵਨ ਦੇ ਮੂਲ੍ਹ ਨਾਲ ਹਮੇਸ਼ਾਂ ਜੁੜੇ ਹੋਏ ਆਪਣੀ ਜ਼ਿੰਦਗੀ ਪ੍ਰਮਾਤਮਾਂ ਦੀ ਰਜ਼ਾ
ਵਿੱਚ ਵਿਚਰਦੇ ਹੱਥ ਕਾਰ ਵਲ ਤੇ ਚਿਤ ਕਰਤਾਰ ਵਿੱਚ ਲੀਨ ਰੱਖਦੇ ਹੋਏ ਬਤੀਤ ਕਰਦੇ ਹਨ। ਇਸ ਤਰਾਂ
ਆਪਣੇ ਮਨ ਨੂੰ ਪ੍ਰਭੂ ਨਾਲ ਜੋੜ ਕੇ ਸੰਤੁਸ਼ਟ ਅਤੇ ਸ਼ਾਂਤ ਚਿੱਤ ਰਹਿੰਦੇ ਹਨ।
ਸਵਾਲ ਪੈਦਾ ਹੁੰਦਾ ਹੈ ਕਿ ਜ਼ਿੰਦਗੀ ਦੇ ਮਕਸਦ ਦਾ ਪਤਾ ਕਿਵੇਂ ਲੱਗੇ! ਇਸ
ਬਾਰੇ ਸਾਨੂੰ ਗੁਰਬਾਣੀ ਸੇਧ ਦਿੰਦੀ ਹੈ
ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ
ਮਿਲਣ ਕੀ ਇਹ ਤੇਰੀ ਬਰੀਆ (ਪੰਨਾ ੧੨) ਹੇ ਭਾਈ ਇਸ
ਸੋਹਣੇ ਮਨੁੱਖੀ ਸਰੀਰ ਦੀ ਬਖਸ਼ਿਸ਼ ਤੈਨੂੰ ਪ੍ਰਮਾਤਮਾਂ ਨਾਲ ਮਿਲਾਪ ਲਈ ਹੀ ਇਹ ਮੌਕਾ ਮਿਲਿਆ ਹੈ। ਇਸ
ਵਾਸਤੇ ਤੈਨੂੰ ਇਸਦਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ। ਗੁਰਬਾਣੀ ਕਿਉਂ ਕਿ ਅਮ੍ਰਿਤ ਰੂਪੀ ਨਾਮ ਦਾ
ਖ਼ਜਾਨਾ ਹੈ (ਅੰਮ੍ਰਿਤੁ ਨਾਮੁ
ਨਿਧਾਨੁ ਹੈ -ਪੰਨਾ ੩੧੮) ਇਹ ਧੁਰੋਂ ਹੋਇਆ ਰੱਬੀ
ਫੁਰਮਾਣ (ਧੁਰ ਕੀ ਬਾਣੀ ਆਈ -
ਪੰਨਾ ੬੨੮) ਨਾਮ ਦਾ ਸਮੁੰਦਰ ਹੈ ਅਤੇ ਨਿਰਾ ਗੁਣਾ
ਦਾ ਖ਼ਜ਼ਾਨਾ (ਤੂ ਸਾਹਿਬ ਗੁਣੀ
ਨਿਧਾਨਾ (ਪੰਨਾ ੭੩੫) ਹੈ। ਜਿਵੇਂ ਜਿਵੇਂ ਅਸੀਂ
ਆਪਣੇ ਜੀਵਨ ਵਿੱਚ ਰੱਬੀ ਗੁਣ ਅਪਣਾਉਂਦੇ ਜਾਵਾਂਗੇ ਸਾਡੇ ਜੀਵਨ ਦੀ ਨੁਹਾਰ ਵਿੱਚ ਸਹਿਜ, ਧੀਰਜ ਅਤੇ
ਠਹਿਰਾਅ ਆਉਂਦਾ ਜਾਵੇਗਾ।
ਯਾਦ ਰਹੇ ਕਿ ਗੁਰਬਾਣੀ ਨੂੰ ਅਕਲ ਨਾਲ, ਬੁੱਧੀ ਦੀ ਵਰਤੋਂ ਕਰਦੇ ਹੋਏ,
ਵਿਚਾਰ ਕੇ ਪੜਨ ਦਾ ਵਿਧਾਨ ਹੈ ਕਿਉਂ ਕਿ ਗੁਰਬਾਣੀ ਕੋਈ ਮੰਤਰ ਨਹੀਂ ਹੈ। ਇਸ ਤਰਾਂ ਸਮਝ ਨਾਲ
ਗੁਰਬਾਣੀ ਪੜ੍ਹਨ ਨਾਲ ਹੀ ਸਾਡੇ ਅੰਦਰ ਰੱਬੀ ਗੁਣਾਂ ਦਾ ਭੰਡਾਰ ਵਧੇਗਾ। ਬੁੱਧੀ ਪ੍ਰਮਾਤਮਾਂ ਦੀ
ਬਖਸ਼ਿਸ਼ ਹੈ ਅਤੇ ਬੁੱਧੀ ਦੀ ਵਰਤੋਂ ਨਾਲ ਹੀ ਵਿਦਿਆ ਦੀ ਪ੍ਰਾਪਤੀ ਹੁੰਦੀ ਹੈ। ਇਸੇ ਕਰਕੇ ਬੁੱਧੀਮਾਨ
ਹੀ ਕਦਰ ਦਾ ਹੱਕਦਾਰ ਹੈ ਪਰ ਬੁੱਧੀ ਹੀਣ ਵਿਦਵਾਨ
ਪੜਿ ਪੜਿ ਗਡੀ (ਪੰਨਾ ੪੬੭)
ਲਦਣ ਵਾਲੇ ਪਾਂਡੇ ਵਾਂਗ ਨਿਰਾ ਮੂਰਖ। ਇਸੇ ਕਰਕੇ ਗੁਰਬਾਣੀ
ਨੂੰ ਸਿਰਫ ਪੜ੍ਹਨਾਂ, ਜਿਵੇਂ ਅੱਜ ਕੱਲ ਪੈਸੇ ਦੇ ਲੈ ਕੇ ਪੜ੍ਹਿਆ ਜਾ ਰਿਹਾ ਹੈ, ਕੋਈ ਲਾਹੇਵੰਦ
ਨਹੀਂ। ਨਿਸਚਿਤ ਰਕਮ ਦੇ ਲੈ ਕੇ ਭਾਂਤ ਭਾਂਤ ਦੇ ਪਾਠ ਕਰਾਉਣਾ ਅਤੇ ਕਰਨਾ ਨਿਰਸੰਦੇਹ ਬਾਣੀ ਦਾ
ਵਿਉਪਾਰ ਕਰਨ ਤੁੱਲ ਹੈ ਜੋ ਸਰਾਸਰ ਗੁਰਬਾਣੀ ਦੀ ਨਿਰਾਦਰੀ ਹੈ। ਗੁਰਬਾਣੀ ਨੂੰ ਪੜ੍ਹ ਕੇ ਨਾਲ ਨਾਲ
ਉਸਦੀ ਵਿਚਾਰ ਕਰਦੇ ਰਹਿਣਾ ਹੀ ਅਸਲ ਵਿੱਚ ਲਾਭਕਾਰੀ ਹੈ ਤਾਂ ਕਿ ਇਸ ਵਿੱਚੋਂ ਰੱਬੀ ਗੁਣ ਲਭ ਲਭ ਕੇ
ਜੀਵਨ ਰੁਸ਼ਨਾਉਣ ਲਈ ਮੌਕੇ ਮੁਤਾਬਿਕ ਵਰਤੇ ਜਾ ਸਕਣ।
ਸੋ ਇਹ ਸਭ ਤੋਂ ਪਹਿਲਾ ਕਦਮ ਹੈ ਪਰ ਉਹ ਭੀ ਸਮਝ ਸਮਝ ਕੇ ਗੁਰਬਾਣੀ ਪੜ੍ਹਨਾ
ਤਾਂ ਕਿ ਇਸ ਵਿੱਚ ਲਿਖੇ ਹੋਏ ਸੱਚੇ ਸੁੱਚੇ ਗੁਣਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਹੋ ਸਕੇ ਅਤੇ
ਇਹਨਾਂ ਗੁਣਾਂ ਨੂੰ ਆਪਣੀ ਰੋਜ਼ਾਨਾਂ ਜ਼ਿੰਦਗੀ ਦਾ ਹਿੱਸਾ ਬਾਣਾਉਦੇ ਹੋਏ ਹਰ ਕੰਮ ਕਰਨ ਵੇਲੇ ਇਹਨਾਂ
ਨੂੰ ਅਮਲੀ ਤੌਰ ਤੇ ਵਰਤਣਾ ਹੈ। ਪ੍ਰਮਾਤਮਾਂ ਦੀ ਯਾਦ ਜਾਣੀਂ ਨਾਮ ਸਿਮਰਨ ਰਾਹੀਂ ਇਸ ਤਰਾਂ ਇੱਕ ਇੱਕ
ਕਰਕੇ ਜਦੋਂ ਅਸੀਂ ਰੱਬੀ ਗੁਣਾਂ ਨੂੰ ਧਾਰਨ ਕਰਦੇ ਜਾਵਾਂਗੇ ਤਾਂ ਹੌਲ੍ਹੀ ਹੌਲ੍ਹੀ ਸਾਡੀ ਜੀਵਨ ਜਾਚ
ਗੁਰਮਤਿ ਅਨੁਸਾਰ ਢਲਦੀ ਜਾਵੇਗੀ। ਜਦੋਂ ਅਸੀਂ ਅਕਾਲ ਪੁਰਖ ਦੇ ਨਾਮ (ਹੋਂਦ) ਨੂੰ ਮਨ ਵਿੱਚ ਹਰ ਵੇਲੇ
ਵਸਾ ਕੇ ਰੱਖਾਂਗੇ ਤਾਂ ਅਸੀਂ ਹਰ ਕੰਮ (ਕਨੂੰਨਨ) ਸਹੀ ਕਰਾਂਗੇ, ਜਿਸ ਕਾਰਨ ਸਾਨੂੰ ਕੋਈ ਚਿੰਤਾ
ਨਹੀਂ ਹੋਵੇਗੀ ਇਸ ਤਰਾਂ ਸਾਡੀ ਪ੍ਰਮਾਤਮਾਂ ਪ੍ਰਤੀ ਇਕਾਗਰਤਾ ਵਿੱਚ ਵਾਧਾ ਹੁੰਦਾ ਜਾਵੇਗਾ। ਗੁਰਬਾਣੀ
ਪੜ੍ਹਨ ਸੁਣਨ ਵੇਲੇ ਸਾਡੇ ਮਨ ਦੀ ਇਕਾਗਰਤਾ ਹੋਣ ਕਾਰਨ ਗੁਰਬਾਣੀ ਵਿੱਚਲੇ ਭਾਵ ਅਰਥ ਭੀ ਸਹੀ ਅਰਥਾਂ
ਵਿੱਚ ਸਮਝ ਆਉਣਗੇ। ਇਸ ਤਰਾਂ ਸਾਨੂੰ ਗੁਰਬਾਣੀ ਨਾਲ ਲਗਾਅ ਵਧਦਾ ਹੀ ਜਾਵੇਗਾ ਅਤੇ ਇੱਕ ਤਰਾਂ ਦਾ ਰਸ
ਜਾਂ ਕਹਿ ਲਵੋ ਮਿਠਾਸ ਦਾ ਅਹਿਸਾਸ ਪ੍ਰਤੀਤ ਹੋਵੇਗਾ। ਅਸੀਂ ਜਿਸ ਵੀ ਪ੍ਰਸਥਿਤੀ ਵਿੱਚ ਹੋਈਏ ਅਕਾਲ
ਪੁਰਖ ਦੀ ਰਜ਼ਾ ਵਿੱਚ ਰਹਿੰਦੇ ਹੋਏ ਓਸ ਦੇ ਹੁਕਮ ਵਿੱਚ ਵਰਤ ਰਹੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਦੀ
ਆਦਤ ਦੇ ਜਦ ਆਦੀ ਬਣ ਜਾਵਾਂਗੇ ਤਾਂ ਆਮੁਹਾਰੇ ਹੀ ਅਕਾਲ ਪੁਰਖ ਜੀ ਦੀ ਸਿਫਤ ਸਲਾਹ ਨਾਲ ਸਾਡੀ ਰਸਨਾ
ਸਰਸ਼ਾਰ ਹੁੰਦੀ ਰਹੇਗੀ। ਦੁਨਿਆਵੀ ਉਦ੍ਹਾਰਣ ਹੈ ਜੇ ਕਰ ਔਲਾਦ ਆਪਣੇ ਮਾਤਾ-ਪਿਤਾ ਦੇ ਆਖੇ ਲੱਗਦੀ ਰਹੇ
ਤਾਂ ਆਪਸੀ ਰਿਸ਼ਤੇ ਵਿੱਚ ਪਿਆਰ ਬਣਿਆ ਰਹੇਗਾ ਅਤੇ ਦੋਹਾਂ ਧਿਰਾਂ ਦੀ ਸੋਭਾ ਭੀ ਵਧੇਗੀ ਪਰ ਜੇ ਆਖੇ
ਨਾਂਹ ਲੱਗਣ ਤਾਂ ਦੂਰੀ ਪੈਂਦੀ ਜਾਵੇਗੀ ਅਤੇ ਬਦਨਾਮੀਂ ਵੱਖਰੀ ਹੋਵੇਗੀ। ਬਿਲਕੁਲ ਇਸੇ ਤਰਾਂ ਰੱਬੀ
ਹੁਕਮ ਅੰਦਰ ਵਿਚਰਦੇ ਹੋਏ ਅਸੀਂ ਅਕਾਲ ਪੁਰਖ ਦੇ ਪਿਆਰ ਦੇ ਪਾਤਰ ਬਣੇ ਰਹਿ ਸਕਦੇ ਹਾਂ ਇੱਸ ਤਰਾਂ
ਆਤਮਿਕ ਆਨੰਦ ਦਾ ਅਨੁਭਵ ਮਹਿਸੂਸ ਕਰਾਂਗੇ ਅਤੇ ਵਿਕਾਰਾਂ (ਹਉਮੈ, ਕਾਮ, ਕਰੋਧ, ਲੋਭ, ਮੌਹ, ਤੇ
ਅਹੰਕਾਰ) ਉੱਪਰ ਕਾਬੂ ਪੌਣ ਦੇ ਸਮਰੱਥ ਵੀ ਹੋ ਜਾਵਾਂਗੇ
(ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ
ਨ ਕੋਇ – ਪੰਨਾ ੧)।
ਗੁਰਬਾਣੀ ਦੀ ਸਮਝ ਆਉਣ ਉਪ੍ਰੰਤ ਸਾਨੂੰ ਇਹ ਪਤਾ ਲੱਗੇਗਾ ਕਿ ਅਸੀਂ ਦਸਾਂ
ਨੌਂਹਾਂ ਦੀ ਦਿਆਨਤਦਾਰੀ ਨਾਲ ਕਿਰਤ ਕਮਾਈ ਕਰਨੀ ਹੈ ਅਤੇ ਉਸ ਵਿੱਚੋਂ ਕੁੱਝ ਬਚਾ ਕੇ ਕਿਸੇ ਲੋੜਵੰਦ
ਦੀ ਸੇਵਾ ਭਲਾਈ ਵਾਸਤੇ ਮਦਦ ਵੀ ਕਰਨੀ ਹੈ ਜੋ ਜ਼ਿੰਦਗੀ ਦੇ ਸਹੀ ਰਸਤੇ ਦੀ ਪਛਾਣ ਹੈ।
ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ
ਰਾਹੁ ਪਛਾਣਹਿ ਸੇਇ॥ (ਪੰਨਾ ੧੨੪੫)।
ਆਪੂੰ ਵੇਹਲੇ ਰਹਿ ਕੇ ਕਿਸੇ ਕਿਰਤ ਕਰਨ ਵਾਲੇ ਕੋਲੋਂ ਮੰਗ ਕੇ ਜੀਵਨ ਨਿਰਬਾਹ
ਕਰਨੇ ਨੂੰ ਗੁਰਮਤਿ ਪ੍ਰਵਾਨਗੀ ਨਹੀਂ ਦਿੰਦੀ। ਇਸ ਕਰਕੇ ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਵੇਹਲੜ
ਅਤੇ ਚਿਮਟਾ ਕੁਟ ਗੁਰਬਾਣੀ ਦੀ ਕਾਂਟ-ਸ਼ਾਂਟ ਕਰਨ ਵਾਲੇ ਸਾਧ ਲਾਣੇ ਨੂੰ ਕਿਉਂ ਚੜ੍ਹਾਵੇ ਚੜ੍ਹਾ
ਚੜ੍ਹਾ ਕੇ ਗੁਰਮਤਿ ਦੀ ਹੋ ਰਹੀ ਨਿਰਾਦਰੀ ਦੇ
ਭਾਗੀ ਬਣ ਰਹੇ ਹਾਂ। ਇਹਨਾਂ ਸਾਧਾਂ ਨੂੰ ਗੁਰਬਾਣੀ ਬਾਰੇ ਕੋਈ ਸੋਝੀ ਨਹੀਂ ਹੁੰਦੀ, ਨਾਂਹ ਇਹਨਾਂ ਦੀ
ਬੁੱਧੀ ਕੰਮ ਕਰਦੀ ਹੈ ਕਿਉਂ ਕਿ ਇਹ ਹਰਾਂਮ ਦੀ ਕਮਾਈ (ਪੂਜਾ ਦਾ ਧਾਨ) ਖਾਂਦੇ ਹਨ। ਇਸ ਤਰਾਂ ਦੇ
ਨਿਖੱਟੂਆਂ ਦੇ ਤਾਂ ਮੂੰਹ ਮੱਥੇ ਵੀ ਨਹੀਂ ਲਗਣਾ ਚਾਹੀਦਾ ਪੈਰੀਂ ਪੈਣਾ ਤਾਂ ਬਹੁਤ ਦੂਰ ਦੀ ਗਲ।
ਇਹਨਾਂ ਵੇਲ੍ਹੜਾਂ ਦੀ ਗਿਣਤੀ ਦਾ ਅੰਦਾਜ਼ਾ ਇਸ ਕਹਾਵਤ ਤੋਂ ਲਗਾਇਆ ਜਾ ਸਕਦਾ ਹੈ ਜੋ ਗਿਆਨੀ ਗੁਰਦਿਤ
ਸਿੰਘ ਜੀ ਨੇ ਆਪਣੀ ਕਿਤਾਬ ਮੇਰਾ ਪਿੰਡ ਵਿੱਚ ਲਿਖੀ ਸੀ ਕੋਈ ੧੯੬੦-੭੦ ਦੇ ਕਰੀਬ ਪਰ ਹੁਣ ੨੦੦੯ ਚਲ
ਰਿਹਾ ਹੈ ਏਸ ਕਰਕੇ ਗਿਣਤੀ ਦਾ ਅੰਦਾਜ਼ਾ ਸਹੀਏ ਹੀ ਲਗਾਇਆ ਜਾ ਸਕਦਾ ਹੈ:
ਸਾਧਾਂ ਦੇ ਵਗ ਫਿਰਦੇ, ਮੈਂ ਕਿਹਦੇ
ਕਿਹਦੇ ਗੋਡੀਂ ਹੱਥ ਲਾਵਾਂ।
ਦੂਸਰੀ ਧਿਆਨ ਦੇਣ ਯੋਗ ਗਲ ਇਹ ਹੈ ਕਿ ਇਹ ਦੇਹਧਾਰੀ ਆਪਣੇ ਸ਼ਰਧਾਲੂਆਂ ਨੂੰ
ਵੱਖਰੀ ਰਹਿਤ ਮਰਿਯਾਦਾ ਅਪਨੌਣ ਲਈ ਮਜਬੂਰ ਕਰਕੇ ਸਿੱਖੀ ਵਿੱਚ ਵੰਡੀਆਂ ਪਾ ਰਹੇ ਹਨ। ਅਖੌਤੀ ਸਾਰੇ
ਦਾ ਸਾਰਾ ਸਾਧ ਲਾਣਾ ਗੁਰਮਤਿ ਤੋਂ ਪੱਕਾ ਅਣਜਾਣ ਹੋਣ ਕਰਕੇ ਜਾਂ ਸ਼ੈਤਾਨੀਅਤ ਵਸ ਮਨੋਂ ਅੰਨ੍ਹੇ ਘੁੱਪ
ਲਾਲਚ ਬਿਰਤੀ ਵਾਲੇ ਜਾਣੀਂ ਅਤਿ ਦਰਜੇ ਦੇ ਮੂਰਖ ਸਿੱਖਾਂ ਦੀ ਕਿਰਤ ਕਮਾਈ ਡਕਾਰ ਰਿਹਾ ਹੈ। ਅਣਭੋਲ
ਤੇ ਅੰਨ੍ਹੇ ਸ਼ਰਧਾਵਾਨਾਂ ਨੂੰ ਇਹ ਕਿਸੇ ਸ਼ਬਦ ਦਾ ਇੰਨੀ ਵਾਰੀ (ਗਿਣਤੀ ਦਸਕੇ) ਮੰਤਰ ਵਜੋਂ ਪਾਠ ਕਰਨ
ਲਈ ਆਖਦੇ ਹਨ ਤੇ ਇਸ ਤਰਾਂ ਕਰਨ ਨਾਲ (ਤੁਹਾਡੀ) ਕਮਾਈ ਦਾ ਦੁਗਣਾ ਚੌਗਣਾਂ ਗੁਣਾਂ ਵਧਣ ਦਾ ਲਾਲਚ
ਦਿੰਦੇ ਹਨ ਜਿਸ ਕਾਰਨ ਲਾਲਚ ਵਸ (ਅਗਿਆਨੀ) ਸਿੱਖ ਲੁੱਟੇ ਜਾਂਦੇ ਹਨ। ਸੋ ਜ਼ਰੂਰਤ ਹੈ ਇਹਨਾਂ ਅਣਭੋਲ
ਵੀਰਾਂ ਨੂੰ ਗੁਰਮਤਿ ਬਾਰੇ ਜਾਗਰਿਤ ਕਰਨ ਦੀ ਤਾਂ ਕਿ ਇਹ ਜੀਵਨ ਦਾ ਅਸਲ ਮਨੋਰਥ ਸਮਝ ਸਕਣ। ਜਿਸ ਦਿਨ
ਇਹਨਾਂ ਸਾਰੇ ਸਿੱਖਾਂ ਨੂੰ ਗੁਰਮਤਿ ਦੀ ਸੋਝੀ ਹੋ ਗਈ ਉਸ ਦਿਨ ਵੇਹਲੜ ਸਾਧਾਂ ਦੀਆਂ ਧਾੜਾਂ ਨੂੰ
ਨੱਠਦਿਆਂ ਰਾਹ ਨਹੀਂ ਲਭਣਾ। ਅਰਦਾਸ ਹੈ ਗੁਰੂ ਕਰਤਾਰ ਐਸਾ ਭਾਣਾ ਛੇਤੀ ਤੋਂ ਛੇਤੀ ਵਰਤਾਉਣ ਤਾਂ ਕਿ
ਗੁਰਮਤਿ ਸਿਧਾਂਤ ਆਪਣੇ ਅਸਲ ਰੂਪ ਵਿੱਚ ਫਲ੍ਹੇ ਫੁਲੇ…।
ਨਿਰਭੈ ਸਿੰਘ