.

ਏਕੁ ਸੁਆਨ ਕੈ ਘਰਿ ਗਾਵਣਾ

ਗੁਰੂ ਗ੍ਰੰਥ ਸਾਹਿਬ ਵਿੱਚ ਜੇਹੜੀ ਬਾਣੀ ਰਾਗਾਂ ਵਿੱਚ ਉਚਾਰੀ ਹੋਈ ਹੈ, ਉਸ ਬਾਣੀ ਨੂੰ ਦਰਜ ਕਰਨ ਲਗਿਆਂ (ਜ਼ਿਆਦਾਤਰ) ਪਹਿਲਾਂ ਰਾਗ ਦਾ ਵਰਣਨ ਕੀਤਾ ਹੋਇਆ ਹੈ ਜਿਵੇਂ: ਸਿਰੀ ਰਾਗੁ ਮਹਲਾ 4॥ ਰਾਗੁ ਦਾ ਵਰਣਨ ਕਰਨ ਮਗਰੋਂ ਬਾਣੀ ਦੇ ਰਚਨਹਾਰ ਦੇ ਨਾਮ ਦਾ ਵਰਣਨ ਕੀਤਾ ਗਿਆ ਹੈ। ਜਿਵੇਂ: ਉਪਰ ਸ੍ਰੀਰਾਗੁ ਤੋਂ ਬਾਅਦ ਮਹਲਾ 4 ਲਿਖਿਆ ਹੋਇਆ ਹੈ, ਇਸ ਦਾ ਭਾਵ ਹੈ ਕਿ ਇਹ ਸ਼ਬਦ ਗੁਰੂ ਨਾਨਕ ਜੋਤ ਦੇ ਚੌਥੇ ਪ੍ਰਕਾਸ਼ ਗੁਰੂ ਰਾਮਦਾਸ ਜੀ ਦਾ ਉਚਾਰਣ ਕੀਤਾ ਹੋਇਆ ਹੈ। (ਨੋਟ: ਸਿਰਲੇਖ ਵਿੱਚ ‘ਮਹਲਾ’ ਸ਼ਬਦ ਕੇਵਲ ਗੁਰੂ ਸਾਹਿਬ ਲਈ ਹੀ ਆਇਆ ਹੈ ਭਗਤਾਂ ਆਦਿ ਲਈ ਨਹੀਂ। ਭਗਤ ਬਾਣੀ ਵਿੱਚ ਰਾਗ ਤੋਂ ਬਾਅਦ ਜਿਨ੍ਹਾਂ ਦਾ ਉਹ ਸ਼ਬਦ ਉਚਾਰਿਆ ਹੋਇਆ ਹੈ, ਉਨ੍ਹਾਂ ਦਾ ਨਾਮ ਲਿਖਿਆ ਹੋਇਆ ਹੈ; ਜਿਵੇਂ: ਆਸਾ ਬਾਣੀ ਸ੍ਰੀ ਰਵਿਦਾਸ ਜੀਉ ਕੀ) ਇਸ ਪਿੱਛੋਂ ਫਿਰ ‘ਘਰ’ ਸ਼ਬਦ ਆਇਆ ਹੈ: ਸਿਰੀਰਾਗੁ ਮਹਲਾ 3 ਘਰੁ 1. ਇਸ ਤੋਂ ਇਲਾਵਾ ਸ਼ਬਦ ਦੇ ਪਦਿਆਂ ਆਦਿ ਬਾਰੇ ਵੀ ਸ਼ੁਰੂ ਵਿੱਚ ਹੀ ਸਿਰਲੇਖ ਦੇ ਨਾਲ ਹੀ ਸੂਚਨਾ ਦਿੱਤੀ ਹੋਈ ਹੈ। ਜਿਵੇਂ: ਆਸਾ ਸ੍ਰੀ ਕਬੀਰ ਜੀਉ ਕੇ ਪੰਚਪਦੇ 9 ਦੁਤੁਕੇ 5. ਇਸ ਦਾ ਅਰਥ ਹੈ ਕਿ ਨਿਮਨ ਲਿਖਤ ਸ਼ਬਦ ਰਾਗ ਆਸਾ ਵਿੱਚ ਉਚਾਰਣ ਕੀਤਾ ਹੋਇਆ ਹੈ, ਉਚਾਰਣ ਕਰਤਾ ਕਬੀਰ ਸਾਹਿਬ ਹਨ, ਇਸ ਸ਼ਬਦ ਦੇ ਪੰਚ ‘ਪਦੇ’ ਹਨ, ਪੰਚਪਦੇ ਦੇ ਨਾਲ ਅੰਕ 9 ਇਸ ਗੱਲ ਦਾ ਲਖਾਇਕ ਹੈ ਕਿ ਪੰਚ ‘ਪਦੇ’ ਵਾਲੇ ਸ਼ਬਦਾਂ ਦੀ ਗਿਣਤੀ 9 (ਨੌਂ) ਹੈ; ਸ਼ਬਦਾਂ ਦੀ ਗਿਣਤੀ ਨੌਂ ਹੋਣ ਕਾਰਨ ਹੀ ‘ਪੰਚਪਦਾ’ ਲਿਖਣ ਦੀ ਥਾਂ ‘ਪੰਚਪਦੇ’ ਲਿਖਿਆ ਹੈ। ਇਸ ਤੋਂ ਅੱਗੇ ‘ਦੁਤੁਕੇ’ ਲਿਖ ਕੇ ਫਿਰ ਅੰਕ ‘5’ ਲਿਖਿਆ ਹੋਇਆ ਹੈ। ਇਸ ਤੋਂ ਭਾਵ ਹੈ ਕਿ ‘ਪੰਚਪਦੇ’ ਦੇ 9 ਸ਼ਬਦਾਂ ਮਗਰੋਂ ਦੁਤੁਕੇ ਦੇ ਪੰਜ ਸ਼ਬਦ ਦਰਜ ਹਨ। ਕੁੱਝ ਕੁ ਸ਼ਬਦਾਂ ਦੇ ਸਿਰਲੇਖ ਵਿੱਚ ‘ਘਰੁ’ ਸ਼ਬਦ ਦੀ ਥਾਂ ਦੂਜੇ ਖ਼ਾਸ ਤੌਰ `ਤੇ ਗੁਰੂ ਸਾਹਿਬ ਦੇ ਉਚਾਰਣ ਕੀਤੇ ਹੋਏ ਸ਼ਬਦ ਦੀ ਪਹਿਲੀ ਪੰਗਤੀ ਲਿਖ ਕੇ ਉਸ ‘ਘਰ’ ਵਿੱਚ ਗਾਉਣ ਦੀ ਹਿਦਾਇਤ ਕੀਤੀ ਹੋਈ ਹੈ। ਉਦਾਹਰਣ ਵਜੋਂ ਇਸ ਸਿਰਲੇਖ ਨੂੰ ਦੇਖਿਆ/ਪੜ੍ਹਿਆ ਜਾ ਸਕਦਾ ਹੈ: ਸ੍ਰੀਰਾਗ ਬਾਣੀ ਭਗਤ ਬੇਣੀ ਜੀਉ ਕੀ॥ ਪਹਰਿਆ ਕੈ ਘਰਿ ਗਾਵਣਾ॥ ਇਸੇ ਤਰ੍ਹਾਂ ਕਬੀਰ ਸਾਹਿਬ ਦੇ ਸ੍ਰੀਰਾਗ ਵਿੱਚ ਉਚਾਰਣ ਕੀਤੇ ਹੋਏ ਸ਼ਬਦ ਦਾ ਸਿਰਲੇਖ ਹੈ: ਸਿਰੀ ਰਾਗੁ ਕਬੀਰ ਜੀਉ ਕਾ॥ ਏਕੁ ਸੁਆਨੁ ਕੈ ਘਰਿ ਗਾਵਣਾ॥ (ਪੰਨਾ 91) ਇਸ ਦਾ ਅਰਥ ਹੈ ਕਿ ਕਬੀਰ ਸਾਹਿਬ ਦਾ ਇਹ ਸ਼ਬਦ ਉਸ ਘਰ ਵਿੱਚ ਗਾਉਣਾ ਹੈ ਜੇਹੜਾ ਸ਼ਬਦ “ਏਕੁ ਸੁਆਨ” ਦੇ ਨਾਲ ਸ਼ੁਰੂ ਹੁੰਦਾ ਹੈ। ਇਹ ਪੰਗਤੀ ਗੁਰੂ ਨਾਨਕ ਸਾਹਿਬ ਦੇ ਉਚਾਰਨ ਕੀਤੇ ਹੋਏ ਸ਼ਬਦ ਦੀ ਪਹਿਲੀ ਪੰਗਤੀ ਦਾ ਪਹਿਲਾ ਹਿੱਸਾ ਹੈ ਅਤੇ ਇਹ ਸ਼ਬਦ ਇਸੇ (ਸਿਰੀਰਾਗ) ਰਾਗ ਵਿੱਚ ਹੀ ਗੁਰੂ ਗਰੰਥ ਸਾਹਿਬ ਦੇ ਪੰਨਾ 24 `ਤੇ ਦਰਜ ਹੈ। ਇਸ ਸ਼ਬਦ ਨੂੰ ਘਰ 4 `ਚ ਗਾਉਣ ਦੀ ਹਿਦਾਇਤ ਹੈ। ਸ਼ਬਦ ਦਾ ਸਿਰਲੇਖ ਹੈ, “ਸਿਰੀ ਰਾਗ ਮਹਲਾ 1 ਘਰੁ 4॥ ਜਿਸ ਦਾ ਅਰਥ ਹੈ ਕਿ ਸਿਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਇਹ ਸ਼ਬਦ ਘਰੁ 4 ਵਿੱਚ ਗਾਉਣਾ ਹੈ। ਕਬੀਰ ਸਾਹਿਬ ਦੇ ਸ਼ਬਦ ਦੇ ਸਿਰਲੇਖ ਵਿੱਚ ਇਹ ਆਇਆ ਹੈ “ਸਿਰੀ ਰਾਗ ਕਬੀਰ ਜੀਓ ਕਾ” ਅਤੇ ਫਿਰ ਆਇਆ ਹੈ “ਏਕੁ ਸੁਆਨੁ ਕੈ ਘਰਿ ਗਾਵਣਾ”।

ਕਬੀਰ ਸਾਹਿਬ ਦੇ ਇਸ ਸ਼ਬਦ ਦੇ ਨਾਲ ਘਰੁ 4 ਲਿਖਣ ਦੀ ਬਜਾਇ “ਏਕੁ ਸੁਆਨ ਕੈ ਘਰਿ ਗਾਵਣਾ” ਲਿਖਣ ਦੀ ਕਿਉਂ ਲੋੜ ਪੈ ਗਈ? ਇਸ ਦਾ ਉੱਤਰ ਕਬੀਰ ਸਾਹਿਬ ਦੇ ਇਸ ਸ਼ਬਦ ਨੂੰ ਧਿਆਨ ਨਾਲ ਪੜ੍ਹਿਆਂ ਸਹਿਜੇ ਹੀ ਮਿਲ ਜਾਂਦਾ ਹੈ। ਕਬੀਰ ਸਾਹਿਬ ਦਾ ਇਹ ਸ਼ਬਦ ਇਸ ਤਰ੍ਹਾਂ ਹੈ: ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ॥ ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹ ਜਮਰਾਉ ਹਸੈ॥ 1॥ ਐਸਾ ਤੈਂ ਜਗੁ ਭਰਮਿ ਲਾਇਆ॥ ਕੈਸੇ ਬੂਝੈ ਜਬ ਮੋਹਿਆ ਹੈ ਮਾਇਆ॥ 1॥ ਰਹਾਉ॥ ਕਹਤ ਕਬੀਰ ਛੋਡਿ ਬਿਖਿਆ ਰਸ ਇਤੁ ਸੰਗਤਿ ਨਿਹਚਉ ਮਰਣਾ॥ ਰਮਈਆ ਜਪਹੁ ਪ੍ਰਾਣੀ ਅਨਤ ਜੀਵਣ ਬਾਣੀ ਇਨ ਬਿਧਿ ਭਵ ਸਾਗਰੁ ਤਰਣਾ॥ 2॥ ਜਾਂ ਤਿਸੁ ਭਾਵੈ ਤਾ ਲਾਗੈ ਭਾਉ॥ ਭਰਮੁ ਭੁਲਾਵਾ ਵਿਚਹੁ ਜਾਇ॥ ਉਪਜੈ ਸਹਜੁ ਗਿਆਨ ਮਤਿ ਜਾਗੈ॥ ਗੁਰ ਪ੍ਰਸਾਦਿ ਅੰਤਰਿ ਲਿਵ ਲਾਗੈ॥ 3॥ ਇਤੁ ਸੰਗਤਿ ਨਾਹੀ ਮਰਣਾ॥ ਹੁਕਮੁ ਪਛਾਣਿ ਤਾ ਖਸਮੈ ਮਿਲਣਾ॥ 1॥ ਰਹਾਉ ਦੂਜਾ॥ (ਪੰਨਾ 91) ਅਰਥ: ਮਾਂ ਸਮਝਦੀ ਹੈ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ, ਪਰ ਉਹ ਏਨੀ ਗੱਲ ਨਹੀਂ ਸਮਝਦੀ ਕਿ ਜਿਉਂ ਜਿਉਂ ਦਿਨ ਬੀਤ ਰਹੇ ਹਨ ਇਸ ਦੀ ਉਮਰ ਘਟ ਰਹੀ ਹੈ। ਉਹ ਇਉਂ ਆਖਦੀ ਹੈ “ਇਹ ਮੇਰਾ ਪੁੱਤਰ ਹੈ, ਇਹ ਮੇਰਾ ਪੁੱਤਰ” (ਤੇ ਉਸ ਨਾਲ) ਬੜਾ ਲਾਡ ਕਰਦੀ ਹੈ; (ਮਾਂ ਦੀ ਇਸ ਮਮਤਾ ਨੂੰ) ਵੇਖ ਵੇਖ ਕੇ ਜਮਰਾਜ ਹੱਸਦਾ ਹੈ। 1.

(ਹੇ ਪ੍ਰਭੂ!) ਇਸ ਤਰ੍ਹਾਂ ਤੂੰ ਜਗਤ ਨੂੰ ਭੁਲੇਖੇ ਵਿੱਚ ਪਾਇਆ ਹੋਇਆ ਹੈ। ਮਾਇਆ ਦੇ ਠੱਗੇ ਹੋਏ (ਜੀਵ) ਨੂੰ ਇਹ ਸਮਝ ਹੀ ਨਹੀਂ ਆਉਂਦੀ (ਕਿ ਮੈਂ ਭੁਲੇਖੇ ਵਿੱਚ ਫਸਿਆ ਪਿਆ ਹਾਂ)। 1.

ਕਬੀਰ ਆਖਦਾ ਹੈ—ਹੇ ਪ੍ਰਾਣੀ! ਮਾਇਆ ਦੇ ਚਸਕੇ ਛੱਡ ਦੇਹ, ਇਹਨਾਂ ਰਸਾਂ ਦੇ ਬਹਿਣੇ ਬੈਠਿਆਂ ਜ਼ਰੂਰ ਆਤਮਕ ਮੌਤ ਹੁੰਦੀ ਹੈ (ਭਾਵ, ਆਤਮਾ ਮੁਰਦਾ ਹੋ ਜਾਂਦਾ ਹੈ); (ਪ੍ਰਭੂ ਦੇ ਭਜਨ ਵਾਲੀ ਇਹ) ਬਾਣੀ (ਮਨੁੱਖ ਨੂੰ) ਅਟੱਲ ਜੀਵਨ ਬਖ਼ਸ਼ਦੀ ਹੈ; ਇਸ ਤਰ੍ਹਾਂ ਸੰਸਾਰ-ਸਮੁੰਦਰ ਨੂੰ ਤਰ ਜਾਈਦਾ ਹੈ। 2.

(ਪਰ) ਜੇ ਉਸ ਪ੍ਰਭੂ ਨੂੰ ਭਾਵੇ ਤਾਂ ਹੀ (ਜੀਵ ਦਾ) ਪਿਆਰ ਉਸ ਨਾਲ ਪੈਂਦਾ ਹੈ ਤੇ (ਇਸ ਦੇ) ਮਨ ਵਿਚੋਂ ਭਰਮ ਤੇ ਭੁਲੇਖਾ ਦੂਰ ਹੁੰਦਾ ਹੈ, (ਜੀਵ ਦੇ ਅੰਦਰ) ਅਡੋਲਤਾ ਦੀ ਹਾਲਤ ਪੈਦਾ ਹੁੰਦੀ ਹੈ, ਗਿਆਨ ਵਾਲੀ ਬੁੱਧ ਪਰਗਟ ਹੋ ਜਾਂਦੀ ਹੈ ਅਤੇ ਗੁਰੂ ਦੀ ਮਿਹਰ ਨਾਲ ਇਸ ਦੇ ਹਿਰਦੇ ਵਿੱਚ ਪ੍ਰਭੂ ਨਾਲ ਜੋੜ ਜੁੜ ਜਾਂਦਾ ਹੈ। 3.

ਪ੍ਰਭੂ ਨਾਲ ਚਿੱਤ ਜੋੜਿਆਂ ਆਤਮਕ ਮੌਤ ਨਹੀਂ ਹੁੰਦੀ, (ਕਿਉਂਕਿ ਜਿਉਂ ਜਿਉਂ ਜੀਵ ਪ੍ਰਭੂ ਦੇ) ਹੁਕਮ ਨੂੰ ਪਛਾਣਦਾ ਹੈ, ਤਾਂ ਪ੍ਰਭੂ ਨਾਲ ਇਸ ਦਾ ਮਿਲਾਪ ਹੋ ਜਾਂਦਾ ਹੈ। 1. ਰਹਾਉ ਦੂਜਾ।

ਕਬੀਰ ਸਾਹਿਬ ਇਸ ਸ਼ਬਦ ਵਿੱਚ “ਇਤੁ ਸੰਗਤਿ ਨਿਹਚਉ ਮਰਣਾ” ਭਾਵ, ਹੇ ਪ੍ਰਾਣੀ! ਮਾਇਆ ਦੇ ਚਸਕੇ ਛੱਡ ਦੇਹ, ਇਹਨਾਂ ਰਸਾਂ ਦੇ ਬਹਿਣੇ ਬੈਠਿਆਂ ਜ਼ਰਰੂ ਆਤਮਕ ਮੌਤ ਹੁੰਦੀ ਹੈ (ਭਾਵ, ਆਤਮਾ ਮੁਰਦਾ ਹੋ ਜਾਂਦਾ ਹੈ)। ਕਬੀਰ ਸਾਹਿਬ ਨੇ ਇਸ ਸ਼ਬਦ ਵਿੱਚ ਕਿਨ੍ਹਾਂ ਦੀ ਸੰਗਤ ਵਿੱਚ ਯਕੀਨਨ ਆਤਮਕ ਮੌਤ ਦਾ ਸ਼ਿਕਾਰ ਹੋ ਜਾਈਦਾ ਹੈ? ਇਸ ਸਬੰਧ ਵਿੱਚ ਕੇਵਲ ਇਤਨਾ ਹੀ ਕਿਹਾ ਹੈ ਕਿ ‘ਬਿਖੈ ਰਸ’ ਅਤੇ ‘ਮਾਇਆ ਦੀ ਸੰਗਤ’ ਕਰਨ ਨਾਲ ਅਵੱਸ਼ ਇਸ ਆਤਮਕ ਮੌਤ ਦਾ ਸ਼ਿਕਾਰ ਹੋਈ ਦਾ ਹੈ। ਕਬੀਰ ਜੀ ਨੇ ਇਸ ਸ਼ਬਦ ਵਿੱਚ ਉਹ ‘ਬਿਖੈ ਰਸ’ ਕੇਹੜੇ ਹਨ? ਮਾਇਆ ਦਾ ਕੀ ਸਰੂਪ ਹੈ? ਇਸ ਦਾ ਜ਼ਿਕਰ ਨਹੀਂ ਕੀਤਾ ਹੈ। ਚੂੰਕਿ ਗੁਰੂ ਨਾਨਕ ਸਾਹਿਬ ਜੀ ਦੇ ‘ਏਕੁ ਸੁਆਨ ਦੁਇ ਸੁਆਨੀ ਨਾਲ’ ਵਾਲੇ ਸ਼ਬਦ ਵਿੱਚ ‘ਬਿਖੈ ਰਸ ‘ਅਤੇ ‘ਮਾਇਆ ਦੇ ਸਰੂਪ’ ਦਾ ਵਰਣਨ ਕੀਤਾ ਗਿਆ ਹੈ, ਇਸ ਲਈ ਸਤਿਗੁਰੂ ਜੀ ਨੇ ਕਬੀਰ ਸਾਹਿਬ ਦੇ ਇਸ ਸ਼ਬਦ ਨੂੰ ਉਸ ਘਰ ਵਿੱਚ ਗਾਉਣ ਦੀ ਹਿਦਾਇਤ ਕੀਤੀ ਹੈ। ਜੇਕਰ ਕੇਵਲ ਕਬੀਰ ਸਾਹਿਬ ਦੇ ਇਸ ਸ਼ਬਦ ਨੂੰ ਚੌਥੇ ਘਰ ਵਿੱਚ ਗਾਉਣ ਦਾ ਹੀ ਸਬੰਧ ਹੁੰਦਾ ਤਾਂ ਵੀ ਹਜ਼ੂਰ ਨੂੰ ਇਹ ਲਿਖਣ ਦੀ ਲੋੜ ਨਹੀਂ ਸੀ ਪੈਣੀ। ਪਰੰਤੂ ਚੂੰਕਿ ਗੁਰੂ ਨਾਨਕ ਸਾਹਿਬ ਦੇ ਇਸ ਸ਼ਬਦ ਵਿੱਚ ‘ਬਿਖੈ ਰਸ’ ਅਤੇ ‘ਮਾਇਆ ਦੇ ਰਸ’ ਦਾ ਵਰਣਨ ਕੀਤਾ ਹੋਇਆ ਹੈ, ਇਸ ਲਈ ਮਹਾਰਾਜ ਨੇ ਕਬੀਰ ਸਾਹਿਬ ਦੇ ਸ਼ਬਦ ਦੇ ਸਿਰਲੇਖ ਵਿੱਚ ਉਚੇਤੇ ਤੌਰ `ਤੇ ਇਸ ਤਰ੍ਹਾਂ ਦੀ ਹਿਦਾਇਤ ਕੀਤੀ ਹੈ। ਗੁਰੂ ਨਾਨਕ ਸਾਹਿਬ ਦੇ ਇਸ ਸ਼ਬਦ ਨੂੰ ਧਿਆਨ ਨਾਲ ਪੜ੍ਹਿਆਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਹਜ਼ੂਰ ਦਾ ਇਹ ਸ਼ਬਦ ਇਸ ਪ੍ਰਕਾਰ ਹੈ: ਸਿਰੀ ਰਾਗੁ ਮਹਲਾ 1 ਘਰੁ 4॥ ਏਕੁ ਸੁਆਨੁ ਦੁਇ ਸੁਆਨੀ ਨਾਲਿ॥ ਭਲਕੇ ਭਉਕਹਿ ਸਦਾ ਬਇਆਲਿ॥ ਕੂੜੁ ਛੁਰਾ ਮੁਠਾ ਮੁਰਦਾਰੁ॥ ਧਾਣਕ ਰੂਪਿ ਰਹਾ ਕਰਤਾਰ॥ 1॥ ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ॥ ਹਉ ਬਿਗੜੈ ਰੂਪਿ ਰਹਾ ਬਿਕਰਾਲ॥ ਤੇਰਾ ਏਕੁ ਨਾਮੁ ਤਾਰੇ ਸੰਸਾਰੁ॥ ਮੈ ਏਹਾ ਆਸ ਏਹੋ ਆਧਾਰੁ॥ 1॥ ਰਹਾਉ॥ ਮੁਖਿ ਨਿੰਦਾ ਆਖਾ ਦਿਨੁ ਰਾਤਿ॥ ਪਰ ਘਰੁ ਜੋਹੀ ਨੀਚ ਸਨਾਤਿ॥ ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ॥ ਧਾਣਕ ਰੂਪਿ ਰਹਾ ਕਰਤਾਰ॥ 2॥ ਫਾਹੀ ਸੁਰਤਿ ਮਲੂਕੀ ਵੇਸੁ॥ ਹਉ ਠਗਵਾੜਾ ਠਗੀ ਦੇਸੁ॥ ਖਰਾ ਸਿਆਣਾ ਬਹੁਤਾ ਭਾਰੁ॥ ਧਾਣਕ ਰੂਪਿ ਰਹਾ ਕਰਤਾਰ॥ 3॥ ਮੈ ਕੀਤਾ ਨ ਜਾਤਾ ਹਰਾਮਖੋਰੁ॥ ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ॥ ਨਾਨਕੁ ਨੀਚੁ ਕਹੈ ਬੀਚਾਰੁ॥ ਧਾਣਕ ਰੂਪਿ ਰਹਾ ਕਰਤਾਰ॥ 4॥ (ਪੰਨਾ 24) ਅਰਥ: ਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ ਵਿੱਚ ਰਹਿੰਦਾ ਹਾਂ, ਮੇਰੇ ਨਾਲ ਇੱਕ ਕੁੱਤਾ (ਲੋਭ) ਹੈ, ਦੋ ਕੁੱਤੀਆਂ (ਆਸਾ, ਤ੍ਰਿਸ਼ਨਾ) ਹਨ, (ਮੇਰੇ ਹੱਥ ਵਿਚ) ਝੂਠ ਛੁਰਾ ਹੈ, ਮੈਂ ਮਾਇਆ ਵਿੱਚ ਠੱਗਿਆ ਜਾ ਰਿਹਾ ਹਾਂ (ਤੇ ਪਰਾਇਆ ਹੱਕ) ਮੁਰਦਾਰ (ਖਾਂਦਾ ਹਾਂ)। 1.

ਹੇ ਪਤਿ-ਪ੍ਰਭੂ! ਨਾਹ ਮੈਂ ਤੇਰੀ ਨਸੀਹਤ ਤੇ ਤੁਰਦਾ ਹਾਂ, ਨਾਹ ਮੇਰੀ ਕਰਣੀ ਚੰਗੀ ਹੈ, ਮੈਂ ਸਦਾ ਡਰਾਉਣੇ ਵਿਗੜੇ ਰੂਪ ਵਾਲਾ ਬਣਿਆ ਰਹਿੰਦਾ ਹਾਂ। ਮੈਨੂੰ ਹੁਣ ਸਿਰਫ਼ ਇਹੀ ਆਸ ਹੈ ਇਹੋ ਆਸਰਾ ਹੈ ਕਿ ਤੇਰਾ ਜੇਹੜਾ ਨਾਮ ਸਾਰੇ ਸੰਸਾਰ ਨੂੰ ਪਾਰ ਲੰਘਾਂਦਾ ਹੈ (ਉਹ ਮੈਨੂੰ ਭੀ ਪਾਰ ਲੰਘਾ ਲਏਗਾ)। 1. ਰਹਾਉ।

ਮੈਂ ਦਿਨੇ ਰਾਤ ਮੂੰਹੋਂ (ਦੂਜਿਆਂ ਦੀ) ਨਿੰਦਾ ਕਰਦਾ ਰਹਿੰਦਾ ਹਾਂ, ਮੈਂ ਨੀਚ ਤੇ ਨੀਵੇਂ ਅਸਲੇ ਵਾਲਾ ਹੋ ਗਿਆ ਹਾਂ, ਪਰਾਇਆ ਘਰ ਤੱਕਦਾ ਹਾਂ। ਮੇਰੇ ਸਰੀਰ ਵਿੱਚ ਕਾਮ ਤੇ ਕ੍ਰੋਧ ਚੰਡਾਲ ਵੱਸ ਰਹੇ ਹਨ, ਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ ਵਿੱਚ ਤੁਰਿਆ ਫਿਰਦਾ ਹਾਂ। 2.

ਮੇਰਾ ਧਿਆਨ ਇਸ ਪਾਸੇ ਰਹਿੰਦਾ ਹੈ ਕਿ ਲੋਕਾਂ ਨੂੰ ਕਿਸੇ ਠੱਗੀ ਵਿੱਚ ਫਸਾਵਾਂ, ਪਰ ਮੈਂ ਫ਼ਕੀਰਾਂ ਵਾਲਾ ਲਿਬਾਸ ਪਾਇਆ ਹੋਇਆ ਹੈ, ਮੈਂ ਠੱਗੀ ਦਾ ਅੱਡਾ ਬਣਿਆ ਹੋਇਆ ਹਾਂ, ਦੇਸ ਨੂੰ ਠੱਗ ਰਿਹਾ ਹਾਂ। (ਜਿਉਂ ਜਿਉਂ) ਮੈ ਬਹੁਤਾ  ਸਿਆਣਾ ਬਣਦਾ ਹਾਂ ਪਾਪਾਂ ਦਾ ਹੋਰ ਹੋਰ ਭਾਰ (ਆਪਣੇ ਸਿਰ ਉੱਤੇ ਚੁੱਕਦਾ ਜਾਂਦਾ ਹਾਂ)। ਹੇ ਕਰਤਾਰ! ਮੈਂ ਸਾਂਹਸੀਆਂ ਵਾਲਾ ਰੂਪ ਧਾਰੀ ਬੈਠਾ ਹਾਂ। 3.

ਹੇ ਕਰਤਾਰ! ਮੈਂ ਤੇਰੀਆਂ ਦਾਤਾਂ ਦੀ ਕਦਰ ਨਹੀਂ ਪਛਾਣੀ, ਮੈਂ ਪਰਾਇਆ ਹੱਕ ਖਾਂਦਾ ਹਾਂ। ਮੈਂ ਵਿਕਾਰੀ ਹਾਂ, ਮੈਂ (ਤੇਰਾ) ਚੋਰ ਹਾਂ, ਤੇਰੇ ਸਾਹਮਣੇ ਮੈਂ ਕਿਸ ਮੂੰਹ ਹਾਜ਼ਰ ਹੋਵਾਂਗਾ? ਮੰਦ-ਕਰਮੀ ਨਾਨਕ ਇਹੀ ਗੱਲ ਆਖਦਾ ਹੈ—ਹੇ ਕਰਤਾਰ! ਮੈਂ ਤਾਂ ਸਾਂਹਸੀ-ਰੂਪ ਵਿੱਚ ਜੀਵਨ ਬਤੀਤ ਕਰ ਰਿਹਾ ਹਾਂ। 4.

ਗੁਰੂ ਨਾਨਕ ਦੇਵ ਜੀ ਦੇ ਇਸ ਸ਼ਬਦ ਵਿੱਚ ਸਪਸ਼ਟ ਕੀਤਾ ਹੈ ਕਿ ਸੁਆਨ, ਸੁਆਨੀ, ਕੁੜੂ, ਮੁਰਦਾਰੁ, ਨਿੰਦਾ, ਪਰ ਘਰੁ, ਕਾਮੁ ਕ੍ਰੋਧੁ ਆਦਿਕ ਇਹ ਸਾਰੇ ‘ਬਿਖਿਆ’ ਦੇ ‘ਰਸ’ ਹਨ ਜਿਨ੍ਹਾਂ ਦੀ ਸੰਗਤਿ ਵਿੱਚ ਮਨੁੱਖ ਦੀ ਯਕੀਨਨ ਆਤਮਕ ਮੌਤ ਹੁੰਦੀ ਹੈ, ਕਿਉਂਕਿ ਇਹਨਾਂ ਦੇ ਵੱਸ ਵਿੱਚ ਪਿਆ ਜੀਵ ‘ਧਾਣਕ ਰੂਪ’ ਰਹਿੰਦਾ ਹੈ। ਕਬੀਰ ਜੀ ਨੇ ਆਪਣੇ ਸ਼ਬਦ ਵਿੱਚ ਆਤਮਕ ਮੌਤ ਲਿਆਉਣ ਵਾਲੇ ‘ਬਿਖਿਆ ਰਸ’ ਦਾ ਵਰਣਤ ਤਾਂ ਕੀਤਾ ਹੈ ਪਰੰਤੂ ਇਹ ‘ਬਿਖਿਆ ਰਸ “ਕੇਹੜੇ ਹਨ, ਇਨ੍ਹਾਂ ਦਾ ਵਰਣਨ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਨੇ ਵਿਸਤਾਰ ਨਾਲ ਇਨ੍ਹਾਂ ‘ਬਿਖਿਆ ਦੇ ਰਸਾਂ’ ਦਾ ਆਪਣੇ ਸ਼ਬਦ ਵਿੱਚ ਜ਼ਿਕਰ ਕੀਤਾ ਹੋਇਆ ਹੈ। ਸੋ ਕਬੀਰ ਸਾਹਿਬ ਦੇ ਇਸ ਸ਼ਬਦ ਵਿੱਚ ਦਰਸਾਏ ‘ਬਿਖਿਆ ਦੇ ਰਸ’ ਨੂੰ ਦੇਖਿਆ ਜਾ ਸਕੇ, ਇਸ ਲਈ ਇਸ ਸ਼ਬਦ ਦੇ ਸਿਰਲੇਖ ਵਿੱਚ ਇਸ ਤਰ੍ਹਾਂ ਦੀ ਹਿਦਾਇਤ ਕੀਤੀ ਗਈ ਹੈ।

ਨੋਟ: ਕਈ ਵਿਦਵਾਨ ਇਸ ਸਿਰਲੇਖ ਦਾ ਪਦ ਛੇਦ ਇਸ ਤਰ੍ਹਾਂ ਕਰਦੇ ਹਨ, “ਏਕਸੁ ਆਨ ਕੈ ਘਰਿ ਗਾਵਣਾ” ਅਤੇ ਅਰਥ ਕਰਦੇ ਹਨ “ਏਕਸ ਇੱਕ ਮਾਤ੍ਰ (ਇਕਾਈ) ਆਨ ਸੁਰ ਦੇ ਘਰ ਗੌਣਾ ਚਾਹੀਏ ਅਰਥਾਤ ਇੱਕ ਸੁਰ ਦੇ ਘਰ।” ਪਰੰਤੂ ਸ਼ਬਦਾਂਤਕ ਲਗਾਂ –ਮਾਤਰਾਂ ਦੇ ਨੇਮ ਅਨੁਸਾਰ ‘ਕ’ ਅਤੇ ‘ਸ’ ਨੂੰ ਔਂਕੜ ਲਗਿਆ ਹੋਣ ਕਾਰਨ ਇਸ ਨੂੰ ਇਸ ਤਰ੍ਹਾਂ ਪਦ - ਛੇਦ ਨਹੀਂ ਕੀਤਾ ਜਾ ਸਕਦਾ।

ਅੰਤ ਵਿੱਚ ‘ਘਰ’ ਸ਼ਬਦ ਦੇ ਸਬੰਧ `ਚ ਵਿਦਵਾਨਾਂ ਦੀ ਰਾਏ ਬਾਰੇ ਸੰਖੇਪ ਵਿੱਚ ਚਰਚਾ ਕਰ ਰਹੇ ਹਾਂ। ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਵਿੱਚ ਇਸ ਸਬੰਧ ਵਿੱਚ ਇਉਂ ਲਿਖਿਆ ਹੈ, “ਗੁਰਮਤ ਸੰਗੀਤ ਅਨੁਸਾਰ ਘਰ ਦੇ ਦੋ ਅਰਥ ਹਨ ਇੱਕ ਤਾਲ, ਦੂਜਾ ਸਵਰ ਅਤੇ ਮੂਰਛਨਾ ਦੇ ਭੇਦ ਕਰਕੇ ਇੱਕ ਹੀ ਰਾਗ ਦੇ ਸਰਗਮਪ੍ਰਸਤਾਰ ਅਨੁਸਾਰ ਗਾਉਣ ਦੇ ਪ੍ਰਕਾਰ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 1 ਤੋਂ 17 ਤੀਕ ਘਰ ਲਿਖੇ ਹਨ। ਇਸ ਤੋਂ ਗਵੈਯੇ ਨੂੰ ਸੂਚਨਾ ਹੈ ਕਿ ਇਸ ਸ਼ਬਦ ਨੂੰ ਇਸ ਰਾਗ ਦੇ ਇਤਨਵੇਂ ਨੰਬਰ ਦੇ ਸਵਰਪ੍ਰਸਤਾਰ ਅਨੁਸਾਰ ਗਾਓ।” ਗਿਆਨੀ ਲਾਲ ਸਿੰਘ ਗੁਰਮਤ ਨਿਰਣਯ ਭੰਡਾਰ ਵਿੱਚ ਇਸ ਸਬੰਧ ਵਿੱਚ ਲਿਖਦੇ ਹਨ, “ਘਰ ਤੋਂ ਭਾਵ ਟਿਕਾਣਾ, ਨਿਸ਼ਾਨਾ ਹੈ। ਰਾਗ ਵਿੱਚ ਉਸ ਨੂੰ ਤਾਲ ਯਾ ਤਾਰ ਬੋਲਦੇ ਹਨ। ਘਰ ਦੋ ਤਿੰਨ ਚਾਰ ਆਦਿ ਤੋਂ ਭਾਵ ਹੈ ਕਿ ਅਮਕੇ ਤਾਲ ਵਿੱਚ ਗਾਓ।” (ਸਫ਼ਾ 95)। ਫਿਰ ਆਪ ਸਫ਼ਾ 506 ਦੇ ਲਿਖਦੇ ਹਨ ਕਿ, “ਇਹ ਕੇਵਲ ‘ਉਤਰੀ’ ਚੜ੍ਹੀ ਸੁਰਾਂ ਲਈ ਸੂਚਨਾਵਾਂ ਹਨ …ਅਸਲੋਂ ‘ਘਰ’ ਰਾਗੀਆਂ ਲਈ ਸੂਚਨਾਵਾਂ ਹਨ।” ਡਾਕਟਰ ਰਤਨ ਸਿੰਘ ਜੱਗੀ ਸਿੱਖ ਪੰਥ ਵਿਸ਼ਵਕੋਸ਼ ਵਿੱਚ ਲਿਖਦੇ ਹਨ, “ਇਕ ਮਤ ਅਨੁਸਾਰ ‘ਘਰ’ ਤਾਲ ਦਾ ਸੂਚਕ ਸ਼ਬਦ ਹੈ। ਇਸ ਦੀ ਪੁਸ਼ਟੀ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ‘ਏਕ ਸੁਆਨੁ ਕੈ ਘਰਿ ਗਾਵਣਾ’ ਉਕਤੀ ਤੋਂ ਹੋ ਜਾਂਦੀ ਹੈ। ਦੂਜੇ, ਇਸ ਦੀ ਵਰਤੋਂ ਰਾਗ –ਬੱਧ ਬਾਣੀਆਂ ਦੇ ਪ੍ਰਕਰਣ ਵਿੱਚ ਹੀ ਹੋਈ ਹੈ, ਇਸ ਲਈ ਇਸ ਦਾ ਸਬੰਧ ਤਾਲ ਨਾਲ ਹੈ …ਦੂਜੇ ਮਤ ਅਨੁਸਾਰ ਇਹ ਗ੍ਰਾਮ’ ਸੂਚਕ ਹੈ। ਭਾਈ ਵੀਰ ਸਿੰਘ (ਗੁਰੂ ਗ੍ਰੰਥ ਕੋਸ਼) ਅਨੁਸਾਰ ਸਾਜਾਂ ਵਿੱਚ ਤਿੰਨ ਗ੍ਰਾਮ ਹੁੰਦੇ ਹਨ, ਗ੍ਰਾਮ ਘਰੁ ਤੋਂ ਬਣਦਾ ਹੈ, ਸੋ ਤਿੰਨ ਗ੍ਰਾਮ ਦੀਆਂ ਸੁਰਾਂ ਦੇ ਟਿਕਾਣੇ ਤੋਂ ‘ਘਰ’ ਹਨ। …ਤੀਜੇ ਮਤ ਦਾ ਸੰਬੰਧ ਮਹਾਨ ਕੋਸ਼ਕਾਰ ਭਾਈ ਕਾਨ੍ਹ ਸਿੰਘ ਨਾਲ ਹੈ।” ਡਾਕਟਰ ਰਤਨ ਸਿੰਘ ਜੱਗੀ ਪਿਛਲੇ ਦੋਹਾਂ ਮਤਾਂ ਨਾਲ ਸਹਿਮਤ ਨਹੀਂ ਹਨ। ਅੰਤ ਵਿੱਚ ਆਪ ਲਿਖਦੇ ਹਨ, “ਉਪਰੋਕਤ ਮਤਾਂ ਵਿੱਚ ਅਧਿਕ ਸਵੀਕ੍ਰਿਤ ਮਤ ‘ਘਰ’ ਨੂੰ ਤਾਲ ਲਈ ਵਰਤਿਆ ਗਿਆ ਦਸਣ ਵਾਲਾ ਹੈ।” ਪਰ ਪ੍ਰਿੰਸੀਪਲ ਦਿਆਲ ਸਿੰਘ ਜੀ ਨੇ ‘ਘਰ’ ਦਾ ਅਰਥ ਤਾਲ ਦੀ ਤਾਲੀ ਕੀਤਾ ਹੈ। ਪਾਠਕਾਂ ਦੀ ਜਾਣਕਾਰੀ ਲਈ ਹੇਠਾਂ ਪ੍ਰਿੰਸੀਪਲ ਦਿਆਲ ਸਿੰਘ ਹੁਰਾਂ ਦੀ ਪੁਸਤਕ `ਚੋਂ ‘ਘਰ’ ਸ਼ਬਦ ਦੇ ਸਬੰਧ ਵਿੱਚ ਕੀਤੀ ਵਿਸਤਾਰ ਸਹਿਤ ਚਰਚਾ ਵਿਚੋਂ ਕੁੱਝ ਕੁ ਅੰਸ ਪੇਸ਼ ਹਨ। “ਗੁਰੂ ਗ੍ਰੰਥ ਸਾਹਿਬ ਵਿੱਚ 17 ਘਰ ਤਕ ਦਾ ਵਰਣਨ ਆਇਆ ਹੈ। ਰਾਗ ਆਸਾ ਵਿੱਚ ਜਿਹੜੇ ਇੱਕ ਤੋਂ ਸਤਾਰਾਂ ਨੰਬਰ ਤਕ ‘ਘਰ’ ਲਿਖੇ ਹਨ, ਉਨ੍ਹਾਂ ਦਾ ਮਾਤ੍ਰਾ ਨਾਲ ਵੀ ਕੋਈ ਸਬੰਧ ਨਹੀਂ ਹੈ, ਸਗੋਂ ਤਾਲ ਦੀਆਂ ਤਾਲੀਆਂ ਨਾਲ ਹੈ। ਤਾਲੀਆਂ ਰਾਹੀਂ ਇੱਕ ਤੋਂ ਸਤਾਰਾਂ ਨੰਬਰ ਤਕ ਤਾਲ (ਠੇਕੇ) ਇਸ ਪ੍ਰਕਾਰ ਬਣਨਗੇ:-

ਘਰੁ 1 – ਦਾਦਰਾ ਤਾਲ (ਮਾਤ੍ਰਾ 6 ਤਾਲੀ 1)

ਘਰੁ 2 – ਰੂਪਕ ਤਾਲ (ਮਾਤ੍ਰਾ 7 ਤਾਲੀ 2)

ਘਰੁ 3 – ਤਿੰਨ ਤਾਲ (ਮਾਤ੍ਰਾ 16 ਤਾਲੀ 3)

ਘਰੁ 4 – ਚਾਰ ਤਾਲ (ਮਾਤ੍ਰਾ 12 ਤਾਲੀ 4)

ਘਰੁ 5 –ਪੰਜ ਤਾਲ (ਮਾਤ੍ਰਾ 15 ਤਾਲੀ 5)

ਘਰੁ 6-ਖਟ ਤਾਲ (ਮਾਤ੍ਰਾ 18 ਤਾਲੀ 6)

ਘਰੁ 7-ਮੱਤ ਤਾਲ (ਮਾਤ੍ਰਾ 21 ਤਾਲੀ 7)

ਘਰੁ 8- ਅਸਟ ਮੰਗਲ ਤਾਲ (ਮਾਤ੍ਰਾ 22 ਤਾਲੀ 8)

ਘਰੁ 9- ਮੋਹਿਨੀ ਤਾਲ (ਮਾਤ੍ਰਾ 23 ਤਾਲੀ 9)

ਘਰੁ 10 – ਬ੍ਰਹਮ ਤਾਲ (ਮਾਤ੍ਰਾ 28 ਤਾਲੀ 10)

ਘਰੁ 11 –ਰੁੱਦ੍ਰ ਤਾਲ (ਮਾਤ੍ਰਾ 32 ਤਾਲੀ 11)

ਘਰੁ 12 –ਵਿਸਣ ਤਾਲ (ਮਾਤ੍ਰਾ 36 ਤਾਲੀ 12)

ਘਰੁ 13 –ਮੁਚਕੁੰਦ ਤਾਲ (ਮਾਤ੍ਰਾ 34 ਤਾਲੀ 13)

ਘਰੁ 14- ਮਾਹਾਸ਼ੰਨੀ ਤਾਲ (ਮਾਤ੍ਰਾ 42 ਤਾਲੀ 14)

ਘਰੁ 15- ਮਿਸ਼੍ਰ ਤਾਲ (ਮਾਤ੍ਰਾ 47 ਤਾਲੀ 15)

ਘਰੁ 16- ਕੁੱਲ ਤਾਲ (ਮਾਤ੍ਰਾ 42 ਤਾਲੀ 16)

ਘਰੁ 17- ਚਰੱਚਰੀ ਤਾਲ (ਮਾਤ੍ਰਾ 40 ਤਾਲੀ 17)

(ਗੁਰਮਤ ਸੰਗੀਤ ਸਾਗਰ, ਭਾਗ ਚੌਥਾ।)

ਨੋਟ: ਘਰ ਸ਼ਬਦ ਬਾਰੇ ਹੋਰ ਵਿਸਤਾਰ ਸਹਿਤ ਪ੍ਰਿੰਸੀਪਲ ਦਿਆਲ ਸਿੰਘ ਹੁਰਾਂ ਦੀ ਪੁਸਤਕ `ਚੋਂ ਪੜ੍ਹਿਆ ਜਾ ਸਕਦਾ ਹੈ।

ਜਸਬੀਰ ਸਿੰਘ ਵੈਨਕੂਵਰ




.