.

ਉਸਤਤਿ ਮਨ ਮਹਿ ਕਰਿ ਨਿਰੰਕਾਰ॥

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਉਸਤਤ ਲਫਜ਼ ਦੀ ਵਰਤੋਂ ਬੜੀ ਵਾਰ ਕੀਤੀ ਗਈ ਹੈ। ਉਸਤਤ ਲਫਜ਼ ਦਾ ਅਰਥ ਹੈ ਤਾਰੀਫ਼, ਵਡਿਆਈ ਜਾਂ ਸ਼ਲਾਘਾ। ਆਮ ਹੀ ਸੰਸਾਰ ਵਿੱਚ ਕਿਸੇ ਨੂੰ ਵਡਿਆਉਣਾ ਅਤੇ ਕਿਸੇ ਦੀ ਕਿਸੇ ਕਾਰਨ ਸ਼ਲਾਗਾ ਕਰਨੀ ਮਨੁਖ ਦਾ ਆਮ ਜਿਹਾ ਰੁਝਾਨ ਹੈ। ਜਿਥੋਂ ਤੱਕ ਕਿਸੇ ਦੇ ਨੇਕ ਜਾਂ ਭਲੇ ਕੰਮ ਜਾਂ ਸੁਭਾਅ ਅਥਵਾ ਗੁਣ ਦੀ ਸ਼ਲਾਘਾ ਕਰਨ ਦਾ ਕੰਮ ਹੈ ਇਹ ਹੈ ਤਾਂ ਬਹੁਤ ਵਧੀਆ ਗੱਲ ਤਾਂ ਕਿ ਗੁਣਾਂ ਅਤੇ ਚੰਗਿਆਈਆਂ ਵਿੱਚ ਵਾਧਾ ਹੋਵੇ ਅਤੇ ਬੁਰਾਈ ਨੂੰ ਦੁਰਕਾਰਿਆ ਜਾਵੇ। ਫਿਰ ਇਸ ਤਰਾਂ ਕਰਨ ਨਾਲ ਚੰਗਾ ਕੰਮ ਕਰਨ ਵਾਲ਼ੇ ਨੂੰ ਉਤਸ਼ਾਹ ਵੀ ਮਿਲਦਾ ਹੈ। ਪਰ ਕਈ ਵਾਰ ਮਨੁੱਖ ਕਿਸੇ ਦਬਾਅ, ਲਾਲਚ ਜਾਂ ਪ੍ਰਭਾਵ ਅਧੀਨ ਵੀ ਕਿਸੇ ਦੀ ਉਸਤਤ ਜਾਂ ਵਡਿਆਈ ਕਰਦਾ ਰਹਿੰਦਾ ਹੈ ਭਾਵੇਂ ਜਿਸਦੀ ਉਸਤਤ ਕੀਤੀ ਜਾ ਰਹੀ ਹੈ ਉਸ ਵਿੱਚ ਕੋਈ ਵੀ ਗੁਣ ਨਾ ਹੋਵੇ ਜਾਂ ਉਸਦਾ ਕੋਈ ਭਲਾ ਕੰਮ ਨਾ ਵੀ ਹੋਵੇ। ਅਜਿਹਾ ਕਰਨਾ ਅਉਗਣ ਹੈ। ਕਿਉਂਕਿ ਅਜਿਹਾ ਕਰਦਿਆਂ ਮਨੁੱਖ ਅਉਗਣਾਂ ਨੂੰ ਵਡਿਆ ਕੇ ਗੁਣਾਂ ਨੂੰ ਛੁਟਿਆ ਰਿਹਾ ਹੁੰਦਾ ਹੈ। ਗੁਣ ਤਾਂ ਭਗਤੀ ਹਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ:
ਵਿਣੁ ਗੁਣ ਕੀਤੇ ਭਗਤਿ ਨ ਹੋਇ॥ ਪੰਨਾ 4
ਪ੍ਰਮੇਸਰ ਨੂੰ ਗੁਣੀ ਨਿਧਾਨ ਕਹਿੰਦਿਆਂ ਗੁਰਬਾਣੀ ਵਿੱਚ ਅਕਾਲ ਪੁਰਖ ਜੀ ਕੋਲੋਂ ਗੁਣਾਂ ਦੀ ਹੀ ਮੰਗ ਕੀਤੀ ਗਈ ਹੈ। ਸੋ ਜਿਹੜਾ ਮਨੁੱਖ ਕਿਸੇ ਵੀ ਕਾਰਨ ਅਉਗਣਾਂ ਨੂੰ ਵਡਿਆਉਂਦਾ ਹੈ ਉਹ ਅਸਿੱਧੇ ਰੂਪ ਵਿੱਚ ਗੁਣਾਂ ਨੂੰ ਚੰਗਿਆਈਆਂ ਨੂੰ ਹੀ ਮਾੜਾ ਕਹਿ ਰਿਹਾ ਹੁੰਦਾ ਹੈ। ਗੁਰਬਾਣੀ ਵਿੱਚ ਇਸੇ ਭਾਵ ਨੂੰ ਸਪੱਸ਼ਟ ਕਰਦਿਆਂ ਹੀ ਕਿਹਾ ਗਿਆ ਹੈ।
ਦੁਨੀਆ ਨ ਸਾਲਾਹਿ ਜੋ ਮਰਿ ਵੰਝਸੀ॥
ਲੋਕਾ ਨ ਸਾਲਾਹਿ ਜੋ ਮਰਿ ਖਾਕੁ ਥੀਈ॥ ਪੰਨਾ 755

ਇਕ ਮਾਂ ਜਦੋਂ ਆਪਣੀ ਔਲਾਦ ਦੇ ਮਾੜੇ ਅਤੇ ਨਾ ਚੰਗੇ ਕੰਮ ਨੂੰ ਵੀ ਹੱਸ ਕੇ ਟਾਲ ਦੇਵੇ ਅਤੇ ਉਸ ਨੂੰ ਉਤਸ਼ਾਹਤ ਕਰੇ ਤਾਂ ਇਹ ਭਾਵਨਾ ਵੀ ਝੂਠ ਨੂੰ ਸਲਾਹੁਣ ਵਾਲੀ ਅਤੇ ਸੱਚ ਨੂੰ ਨਿੰਦਣ ਵਾਲੀ ਹੀ ਹੈ। ਅਜਿਹਾ ਸੁਭਾੳ ਪਾਲਣਾ ਹੀ ਅਉਗਣਾਂ ਨੂੰ ਪੂਜਣਾ ਹੈ।
ਇਤਿਹਾਸ ਵਿੱਚ ਪੜਦੇ ਹਾਂ ਕਿ ਰਾਜਿਆਂ, ਮਹਾਰਾਜਿਆਂ, ਅਤੇ ਬਾਦਸ਼ਾਹਾਂ ਦੇ ਦਰਬਾਰਾਂ ਵਿੱਚ ਬੜੇ ਗੁਣੀ ਅਤੇ ਵਿਦਵਾਨ ਲੋਕ ਹੁੰਦੇ ਸਨ ਜਿਨ੍ਹਾਂ ਦੀ ਦੌੜ ਹੁੰਦੀ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਉਹ ਆਪਣੇ ਸਮੇਂ ਦੇ ਹਾਕਮ ਨੂੰ ਖ਼ੁਸ਼ ਕਰਕੇ ਉਸ ਦੀ ਖ਼ੁਸ਼ੀ ਦੇ ਪਾਤਰ ਬਣ ਸਕਣ। ਅਤੇ ਉਹ ਖ਼ੁਸ਼ੀ ਉਨਹਾਂ ਨੂੰ ਚੰਗੇ ਉੱਚੇ ਅਹੁਦੇ ਅਤੇ ਪੈਸੇ ਜਾਂ ਪਦਾਰਥਾਂ ਦੇ ਰੂਪ ਵਿੱਚ ਮਿਲਦੀ ਸੀ। ਇਵੇਂ ਬਹੁਤੇ ਵਿਦਵਾਨ ਅਤੇ ਹੁਨਰਮੰਦ ਲੋਕ ਵੀ ਇੱਕ ਜ਼ਾਹਲ ਅਤੇ ਮੂਰਖ ਹਾਕਮ ਦੇ ਸੋਹਲੇ ਗਾਉਂਦੇ ਤੇ ਖ਼ੁਸ਼ੀਆਂ ਪ੍ਰਾਪਤ ਕਰਦੇ ਸਨ। ਗਾਉਣ ਵਾਲੇ ਸੰਗੀਤ ਵਿਦਿਆ ਦੇ ਹੁਨਰ ਨਾਲ ਅਤੇ ਲਿਖਣ ਵਾਲੇ ਵਿਦਿਆ ਦੇ ਹੁਨਰ ਦਾ ਇਸਤੇਮਾਲ ਕਰਦੇ ਸਨ ਉਥੇ ਗੱਲਾਂ ਬਣਾਉਣ ਵਾਲੇ ਵੀ ਪਿਛੇ ਨਹੀਂ ਸਨ ਰਹਿੰਦੇ ਵੱਡੀਆਂ ਵੱਡੀਆਂ ਗੱਲਾਂ (ਗੱਪਾਂ) ਮਾਰ ਕੇ ਦੂਜੇ ਨੂੰ ਖ਼ੁਸ਼ ਕਰ ਦੇਣਾ ਅਤੇ ਸੁਆਰਥ ਸਿੱਧੀ ਪਰਾਪਤ ਕਰਨੀ ਮਾਨਸਕਿਤਾ ਬਣ ਗਈ ਸੀ ਜੋ ਅੱਜ ਵੀ ਨਿਰੰਤਰ ਜਾਰੀ ਹੈ। ਅੱਜ ਵੀ ਜਦੋਂ ਭਾਰੀ ਗੁਨਾਹ, ਰਿਸ਼ਵਤਾਂ, ਅਤੇ ਬੇਈਮਾਨੀ ਰਾਹੀਂ ਤਾਕਤ ਤੇ ਕਾਬਜ਼ ਹੋਏ ਇਨਸਾਨ ਦੀ ਕੋਈ ਵਡਿਆਈ ਕਰਕੇ ਉਸ ਨੂੰ ਸੰਤ ਸਿਪਾਹੀ ਜਾ ਧਰਮਾਤਮਾ ਦਸਦਾ ਹੈ ਤਾਂ ਉਨ੍ਹਾਂ ਰਾਜਿਆਂ ਮਹਾਰਾਜਿਆਂ ਦੇ ਦਰਬਾਰਾਂ ਵਿਚਲੇ ਭੱਟਾਂ, ਡੂੰਮਾਂ, ਅਤੇ ਭੰਡਾਂ ਅਥਵਾ ਵਿਕਾਊ ਹੁਨਰਮੰਦਾਂ ਦੀ ਯਾਦ ਤਾਜ਼ਾ ਹੋ ਜਾਦੀ ਹੈ।
ਸੁਆਰਥ, ਨਿਜੀ ਹੋਛੀਆਂ ਗ਼ਰਜ਼ਾਂ ਅਤੇ ਵਿਕਾਊ ਮਾਨਸਕਤਾ ਨੂੰ ਗੁਰਮਤਿ ਨੇ ਲਾਹਨਤ ਸਮਾਨ ਹੀ ਮੰਨਿਆਂ ਹੈ। ਤਾਂਹੀਉਂ ਹੀ ਤਾਂ ਸਮਾਜ ਵਿੱਚ ਮਾੜੇ ਤੱਤ ਪ੍ਰਗਟ ਹੁੰਦੇ ਅਤੇ ਸਥਾਪਤ ਹੁੰਦੇ ਹਨ। ਇਸ ਲਈ ਕਿਹਾ ਗਿਆ ਹੈ ਕਿ ਹੇ ਮਨੁੱਖ ਚੰਗਿਆਈਆਂ ਨੂੰ ਸਨਮਾਨ ਦੇਹ ਅਤੇ ਚੰਗਾ ਬਣ। ਚੰਗਿਆਈ ਦਾ ਸਨਮਾਨ ਹੀ ਰੱਬ ਦਾ ਸਨਮਾਨ ਹੈ। ਗੁਣਾਂ ਨੂੰ ਜਿਊਣਾ ਹੀ ਸੱਚੀ ਸਿਫਤ ਹੈ ਅਤੇ ਗੁਣਾਂ ਦਾ ਅਸਲ ਸਨਮਾਨ ਉਨ੍ਹਾਂ ਨੂੰ ਜਿਊਣ ਨਾਲ ਹੀ ਹੁੰਦਾ ਹੈ।
ਪ੍ਰਮੇਸ਼ਰ ਗੁਰੂ ਨੂੰ ਗੁਰਬਾਣੀ ਵਿੱਚ ਸਲਾਹਿਆ ਗਿਆ, ਵਡਿਆਇਆ ਗਿਆ ਅਤੇ ਉਸਨੂੰ ਗੁਣੀ ਨਿਧਾਨ ਕਹਿੰਦਿਆਂ ਉਸਦੀ ਸਲਾਘਾ ਕਈ ਗੁਣਾ ਦੀ ਵਿਆਖਿਆ ਦੇ ਰੂਪ ਵਿੱਚ ਕੀਤੀ ਗਈ ਹੈ। ਅਜਿਹਾ ਇਸ ਕਰਕੇ ਕੀਤਾ ਗਿਆ ਕਿ ਮਨੁੱਖ ਸੱਚੇ ਰੱਬ ਨੂੰ ਮੰਨੇ ਅਤੇ ਉਸ ਨੂੰ ਮੰਨਣ ਦਾ ਅਰਥ ਹੈ ਉਹੋ ਜਿਹੇ ਜੀਵਨ ਢੰਗ ਨੂੰ ਅਪਣਾਵੇ, ਅਤੇ ਉਸਦੇ ਗੁਣਾਂ ਨੂੰ ਜੀਵਨ ਵਿੱਚ ਵਸਾ ਕੇ ਜੀਵਨ ਰਹਿਣੀ ਵਿੱਚ ਸਚਿਆਰਾਪਨ ਪੈਦਾ ਕਰੇ।
ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ॥ ਪੰਨਾ 295
ਸਭ ਹਰਿ ਕੀ ਕਰਹੁ ਉਸਤਤਿ ਜਿਨਿ ਗਰੀਬ ਅਨਾਥ ਰਾਖਿ ਲੀਓਇ॥ ਪੰਨਾ 89
ਉਸਤਤਿ ਮਨ ਮਹਿ ਕਰਿ ਨਿਰੰਕਾਰ॥ ਪੰਨਾ 281
ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ॥ ਪੰਨਾ 261
ਬਰਨਿ ਨ ਸਾਕਉ ਉਸਤਤਿ ਤਾ ਕੀ ਕੀਮਤਿ ਕਹਣੁ ਨ ਜਾਈ॥ ਪੰਨਾ 672
ਉਸਤਤਿ ਕਹਨੁ ਨ ਜਾਇ ਤੁਮਾਰੀ ਕੳਣੁ ਕਹੈ ਤੂ ਕਦ ਕਾ॥ ਪੰਨਾ 1117

ਪਰ ਪ੍ਰਸ਼ਨ ਉਠਦਾ ਹੈ ਕਿ ਉਹ ਪਰਮਾਤਮਾ ਚੰਗਾ ਹੈ ਤਾਂ ਉਸਦੀ ਉਸਤਤ ਕਰਨੀ ਕਿਉਂ ਜ਼ਰੂਰੀ ਹੈ? ਉਸ ਨੂੰ ਚੰਗਾ ਕਹਿਣ ਨਾਲ ਕੀ ਫਰਕ ਪਵੇਗਾ? ਜਦੋਂ ਕਿ ਗੁਰਬਾਣੀ ਵਿੱਚ ਪੁਰਮਾਇਆ ਗਿਆ ਹੈ:-
ਜੇ ਸਭਿ ਮਿਲਿ ਕੈ ਆਖਣ ਪਾਹਿ॥
ਵਡਾ ਨ ਹੋਵੈ ਘਾਟਿ ਨ ਜਾਇ॥ ਪੰਨਾ 9

ਕੀ ਸਾਡੇ ਵਡਿਆਉਣ ਜਾ ਨਾ ਵਡਿਆਉਣ ਨਾਲ ਉਸ ਨੂੰ ਕੋਈ ਫਰਕ ਪੈਂਦਾ ਹੈ ਕੀ ਵਡਿਆਈ ਨਾਲ ਉਹ ਵੱਡਾ ਹੋ ਜਾਂਦਾ ਹੈ ਅਤੇ ਨਾ ਵਡਿਆਉਣ ਨਾਲ ਉਸਦੀ ਹਸਤੀ ਘਟ ਜਾਂਦੀ ਹੈ। ਨਹੀਂ ਅਜਿਹਾ ਨਹੀਂ ਹੈ। ਗੁਰਬਾਣੀ ਵਿੱਚ ਸਮਝਾਇਆ ਗਿਆ ਹੈ ਕਿ ਉਸ ਨੂੰ ਤਾਂ ਤਿਲ ਮਾਤਰ ਵੀ ਤਮ੍ਹਾ ਨਹੀਂ ਨਾ ਹੀ ਵਡਿਆਈ ਦੀ ਭੁੱਖ ਹੈ। ਉਹ ਸਾਡੇ ਵਡਿਆਉਣ ਨਾਲ ਵੱਡਾ ਨਹੀਂ ਬਣਦਾ ਸਗੋਂ ਉਹ ਸੱਚਮੁਚ ਵੱਡਾ ਹੈ ਤਾਂ ਵਡਿਆਈਦਾ ਹੈ। ਫਿਰ ਉਸ ਨੂੰ ਵਡਿਆਉਣਾ ਉਸ ਲਈ ਨਹੀਂ ਸਗੋਂ ਆਪਣੇ ਜੀਵਨ ਦੀ ਭਲਿਆਈ ਲਈ ਹੈ। ਜਦੋਂ ਅਸੀਂ ਉਸ ਦੇ ਗੁਣਾਂ ਨੂੰ ਚਿਤਾਰਾਂਗੇ, ਸਮਝਾਂਗੇ, ਅਤੇ ਧੁਰ ਅੰਦਰੋਂ ਚੰਗਾ ਆਖਾਂਗੇ ਤਾਂ ਸਾਡਾ ਮਨ, ਸਾਡੀ ਬਿਰਤੀ ਗੁਣਾਂ ਵੱਲ ਧਾਵੇਗੀ ਅਉਗਣਾਂ ਤੋਂ ਰੁਕੇਗੀ। ਆਪਣੇ ਆਪ ਨੂੰ ਗੁਣੀ ਬਣਾਉਣ ਲਈ ਉਸਦੇ ਗੁਣਾਂ ਦਾ ਚਿੰਤਨ ਕਰਨਾ ਹੈ।
ਗੁਣ ਕਹਿ ਗੁਣੀ ਸਮਾਵਣਿਆ॥
ਜੇ ਅਸੀਂ ਗੁਰਮਤਿ ਦੇ ਕਹੇ ਅਨੁਸਾਰ ਰੱਬ ਨੂੰ ਮੰਨਣ ਲੱਗ ਪਏ ਤਾਂ ਜੀਵਨ ਉਸ ਗੁਣੀ ਨਿਧਾਨ ਵਾਂਗ ਹੀ ਗੁਣਾਂ ਦੀ ਭਗਤੀ ਵਿੱਚ ਲੀਨ ਹੋ ਜਾਵੇਗਾ। ਫਿਰ ਮਾਲਾ, ਸਮਾਧੀ, ਅਖੌਤੀ ਤਿਆਗ ਅਤੇ ਉਸ ਨੂੰ ਖ਼ੁਸ਼ ਕਰਨ ਦੇ ਬਾਕੀ ਕਰਮਕਾਂਡੀ ਢੰਗ ਤਰੀਕੇ ਸਭ ਵਿਅਰਥ ਦਿੱਸਣਗੇ। ਇਹੀ ਤਾਂ ਉਸ ਦੀ ਉਸਤਤ ਕਰਨ ਦਾ ਲਾਭ ਹੈ।
ਪਰ ਗੁਰਬਾਣੀ ਨੂੰ ਗੁਰੂ ਕਹਿੰਦਿਆਂ ਵੀ ਅਸੀਂ ਸਰੀਰਾਂ ਅਤੇ ਔਗਣਿਆਰਿਆਂ ਨੂੰ ਵਡਿਆਉਣ ਲੱਗੇ ਹੋਏ ਹਾਂ। ਸੱਚੇ ਰੱਬ ਅਤੇ ਗੁਰੂ ਦੀ ਵਡਿਆਈ ਦਾ ਤਿਆਗ ਕਰਕੇ ਅਖੌਤੀ ਬਾਬਿਆਂ ਅਤੇ ਪਦ ਪਦਵੀਆਂ ਦੀ ਮਹਾਨਤਾ ਦੇ ਸੋਹਲੇ ਗਾਏ ਜਾਣੇ ਕਿਵੇਂ ਵੀ ਗੁਰਮਤਿ ਨਹੀਂ ਹੈ। ਕੀ ਸਾਨੂੰ ਇਨ੍ਹਾਂ ਮਨਮੱਤਾਂ ਦਾ ਤਿਆਗ ਕਰਕੇ ਉਸ ਸੱਚੇ ਦੀ ਸਿਫਤ ਨਹੀਂ ਕਰਨੀ ਚਾਹੀਦੀ ਜਿਸ ਬਾਬਤ ਗੁਰਬਾਣੀ ਫੁਰਮਾ ਰਹੀ ਹੈ ਅਤੇ ਸਾਡੇ ਭਲੇ ਦਾ ਮਾਰਗ ਦੱਸ ਰਹੀ ਹੈ।
ਤੇਰੀ ਸਿਫਤਿ ਸੁਆਲਿਉ ਸਰੂਪ ਹੈ ਜਿਨਿ ਕੀਤੀ ਤਿਸੁ ਪਾਰਿ ਲਘਾਈ॥ ਪੰਨਾ 301
ਹਰਜਿੰਦਰ ਸਿੰਘ ‘ਸਭਰਾ’
.