.

ਗੁਰੂ ਗ੍ਰੰਥ ਸਾਹਿਬ ਜੀ ਕੀ ਕੇਵਲ ਸਿੱਖਾਂ ਦੇ ਗੁਰੂ ਹਨ?

ਪ੍ਰੋ: ਸਰਬਜੀਤ ਸਿੰਘ ਧੂੰਦਾ

98555, 98851

ਸੰਸਾਰ ਦੇ ਜਿੰਨੇ ਵੀ ਧਾਰਮਿਕ ਗ੍ਰੰਥ ਹਨ ਉਹਨਾਂ ਦੀ ਵੀਚਾਰਧਾਰਾ ਅਤੇ ਸੰਦੇਸ਼ ਕੁੱਝ ਵਿਅਕਤੀ ਜਾਂ ਫਿਰਕੇ ਤੱਕ ਹੀ ਸੀਮਤ ਹਨ। ਉਹਨਾਂ ਗ੍ਰੰਥਾਂ ਨੂੰ ਉਹਨਾਂ ਦੇ ਫਿਰਕੇ ਦੇ ਲੋਕ ਹੀ ਪੜ੍ਹ ਤੇ ਵੀਚਾਰ ਸਕਦੇ ਹਨ। ਕਹਿਣ ਤੋਂ ਭਾਵ ਉਹ ਗ੍ਰੰਥ ਪੂਰੀ ਮਾਨਵਤਾ ਦੇ ਗ੍ਰੰਥ ਨਹੀ ਬਣ ਸਕੇ। ਇਕੋ ਇੱਕ ਦੁਨੀਆ ਦਾ ਮਹਾਨ ਗ੍ਰੰਥ ਜੋ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ ਜਿਸ ਨੂੰ ਅਸੀਂ ਸਤਿਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਆਖਦੇ ਹਾਂ। ਇਹ ਉਹ ਗ੍ਰੰਥ ਹੈ ਜਿਸ ਵਿੱਚ ਬਿਨਾਂ ਜ਼ਾਤ ਪਾਤ ਅਤੇ ਕਿਸੇ ਮਜ਼੍ਹਬ ਦੇ ਵਿਤਕਰੇ ਤੋਂ ਉੱਪਰ ਉੱਠ ਕੇ, ਚਾਹੇ ਬਾਬਾ ਫਰੀਦ ਜੀ ਮੁਸਲਮਾਨ ਸਨ ਜਾਂ ਭਗਤ ਰਵੀਦਾਸ ਜੀ ਜੁਤੀਆਂ ਗੰਢਣ ਵਾਲੇ ਚੰਮ ਦਾ ਕੰਮ ਕਰਨ ਵਾਲੇ ਸਨ। ਚਾਹੇ ਭਗਤ ਕਬੀਰ ਜੀ ਜ਼ਾਤ ਦਾ ਜੁਲਾਹੇ ਸਨ। ਕਹਿਣ ਤੋਂ ਭਾਵ ਹਰੇਕ ਵਲੋ ਪ੍ਰਚਾਰੀ ਸੱਚੀ ਵਿਚਾਰਧਾਰਾ ਨੂੰ ਅੰਕਿਤ ਕੀਤਾ ਹੈ ਇਹੋ ਹੀ ਗ੍ਰੰਥ ਹੈ ਜਿਹੜਾ ਸਾਨੂੰ ‘ਏਕੁ ਪਿਤਾ ਏਕਸੁ ਕੇ ਬਾਰਿਕ’ ਦਾ ਸੰਦੇਸ਼ ਦਿੰਦਾ ਹੈ। ਇਸ ਦੀ ਬੋਲੀ, ਇਸ ਦਾ ਸੰਦੇਸ਼ ਵਿਚਾਰਧਾਰਾ ਇਤਨੀ ਸਰਲ ਅਤੇ ਸਾਦਾ ਹੈ ਕਿ ਹਰੇਕ ਮਨੁੱਖ ਮਾਤਰ ਇਸ ਨੂੰ ਸਮਝ ਸਕੇ ਤਾਂ ਕਿ ਇਸ ਸੰਸਾਰ ਵਿੱਚ ਜ਼ਿੰਦਗੀ ਜਿਉਂਦਿਆਂ ਹੀ ਅਸਲੀ ਬੈਕੁੰਠ ਦਾ ਵਾਸੀ ਹੁੰਦਾ ਹੈ। ਇਸ ਵਿੱਚ ਸਾਨੂੰ ਸੱਚੀ ਸੁੱਚੀ ਕਿਰਤ ਕਰਨ ਦਾ ਸੰਦੇਸ਼ ਅਤੇ ਉਸ ਕਿਰਤ ਕਰਕੇ ਕੇਵਲ ਆਪਣਾ ਹੀ ਪਰਿਵਾਰ ਪਾਲਣ ਦੀ ਗੱਲ ਹੀ ਨਹੀਂ ਸਗੋਂ ਦੂਜਿਆਂ ਨਾਲ ਵੰਡ ਕੇ ਛੱਕਣ ਦੀ ਪ੍ਰੇਰਣਾ ਦਿੰਦਾ ਹੈ। ਜਿਹੜੇ ਲੋਕ ਵਿਹਲੜ ਦੂਜਿਆਂ ਦੀ ਕਮਾਈ `ਤੇ ਪਲਣ ਵਾਲੇ ਸਨ ਅਤੇ ਆਪਣੇ ਆਪ ਨੂੰ ਧਾਰਮਿਕ ਆਗੂ ਸਮਝ ਬੈਠੇ ਸਨ ਜਿੰਨਾਂ ਵਿੱਚ ਕਾਜ਼ੀ ਬ੍ਰਾਹਮਣ ਅਤੇ ਜੋਗੀ ਲੋਕ ਸਨ ਜਿਹੜੇ ਧਰਮ ਦਾ ਨਾਂ ਲੈ ਕੇ ਮਨੁੱਖੀ ਕਦਰਾਂ ਕੀਮਤਾਂ ਨੂੰ ਭੁਲਾ ਕੇ ਪਰਜਾ ਦਾ ਖੂਨ ਨਿਚੋੜ ਰਹੇ ਸਨ ਪਰ ਗੁਰੂ ਸਾਹਿਬ ਨੇ ਇਹਨਾਂ ਦੇ ਪਾਜ ਨੂੰ ਦੁਨੀਆਂ ਸਾਹਮਣੇ ਉਘੇੜ ਕੇ ਰੱਖ ਦਿੱਤਾ ਅਤੇ ਕਿਹਾ

ਗਿਆਨ ਵਿਹੂਣਾ ਗਾਵੈ ਗੀਤ ॥ ਭੁਖੇ ਮੁਲਾਂ ਘਰੇ ਮਸੀਤਿ ॥

ਮਖਟੂ ਹੋਇ ਕੈ ਕੰਨ ਪੜਾਏ ॥ ਫਕਰੁ ਕਰੇ ਹੋਰੁ ਜਾਤਿ ਗਵਾਏ ॥

ਗੁਰੁ ਪੀਰੁ ਸਦਾਏ ਮੰਗਣ ਜਾਇ ॥ ਤਾ ਕੈ ਮੂਲਿ ਨ ਲਗੀਐ ਪਾਇ ॥

ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥੧॥
ਗੁਰੂ ਜੀ ਨੇ ਤਾਂ ਉਹਨਾਂ ਮਨੁਖਾਂ ਨੂੰ ਹੀ ਗਲ ਨਾਲ ਲਾਇਆ ਹੈ ਜੋ ਕਿਰਤ ਕਰਕੇ ਸਮਾਜ ਦੇ ਲੋੜਵੰਦ ਲੋਕਾਂ ਤੇ ਖਰਚ ਕਰਦੇ ਸਨ।

ਗੁਰੂ ਗ੍ਰੰਥ ਸਾਹਿਬ ਵਿੱਚ ਵਹਿਮਾਂ, ਭਰਮਾਂ, ਕਰਮਕਾਂਡਾਂ, ਅੰਧਵਿਸ਼ਵਾਸਾਂ, ਰੂੜੀਵਾਦੀ ਧਾਰਮਿਕ ਖਿਆਲਾਂ, ਰੱਬ ਦੇ ਨਾਮ `ਤੇ ਪਾਏ ਜਾਂਦੇ ਭਰਮਾਂ ਭੁਲੇਖਿਆਂ, ਅਖੌਤੀ ਧਾਰਮਿਕ ਕਰਮਾਂ ਜਿਵੇਂ ਅਖੋਤੀ ਦਾਨ ਪੁੰਨ, ਬਹੁਦੇਵਵਾਦ ਦੀ ਪੂਜਾ, ਮੂਰਤੀ ਪੂਜਾ, ਗ੍ਰਹਿ ਨਛੱਤਰਾਂ ਦੀ ਪੂਜਾ, ਸ਼ਗਨ ਅਪਸ਼ਗਨ ਦਾ ਵਹਿਮ, ਧਾਰਮਿਕ ਚਿੰਨਾਂ ਦੇ ਬੰਧਾਨ, ਨਜ਼ਰਬੱਟੂਆ ਤੇ ਵਿਸ਼ਵਾਸ, ਵਾਸਤੂ ਸ਼ਾਸਤਰ ਆਦਿ ਜਿਹੇ ਹੋਰ ਕਿਤਨੇ ਹੀ ਭਰਮਾਂ ਦਾ ਭਰਵਾਂ ਖੰਡਣ ਕੀਤਾ ਗਿਆ ਹੈ। ਗੁਰਬਾਣੀ ਤਰਕ, ਦਲੀਲ, ਅਤੇ ਕਾਵਿਕ ਗੁਣਾਂ ਰਾਹੀਂ ਸੱਚ ਦਾ ਉਪਦੇਸ਼ ਦੇਣ ਦਾ ਇੱਕ ਉੱਤਮ ਨਮੂਨਾ ਹੈ। ਸੰਸਾਰ ਦੇ ਜਿੰਨੇ ਮਤਾਂ ਮਤਾਂਦਰਾਂ ਅਤੇ ਹੋਰ ਵਿਚਾਰਧਾਰਾਵਾਂ ਨੇ ਧਰਮ ਪ੍ਰਤੀ ਜੋ ਨਜ਼ਰੀਆ ਅਪਨਾਇਆ ਹੈ। ਗੁਰਮਤਿ ਦਾ ਪੱਖ ਉਹਨਾਂ ਸਭਨਾਂ ਤੋਂ ਵਖਰਾ ਅਤੇ ਨਿਰਾਲਾ ਹੈ।

ਸਰਬ ਧਰਮ ਮਹਿ ਸ੍ਰੇਸਟ ਧਰਮ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥

ਇਸ ਗ੍ਰੰਥ ਦਾ ਜਿੱਥੇ ਵੀ ਪ੍ਰਕਾਸ਼ ਹੁੰਦਾ ਹੈ, ਜਿੱਥੇ ਇਸ ਦਾ ਉਪਦੇਸ਼ ਪੜ੍ਹਾਇਆ ਅਤੇ ਵਿਚਾਰਿਆ ਜਾਂਦਾ ਹੈ। ਪੁਰਾਤਨ ਸਮੇਂ ਵਿੱਚ ਉਸ ਨੂੰ ਧਰਮਸ਼ਾਲਾ ਕਿਹਾ ਜਾਂਦਾ ਸੀ ਉਸ ਨੂੰ ਅਜੋਕੇ ਸਮੇਂ ਵਿੱਚ ਗੁਰਦੁਆਰਾ ਕਿਹਾ ਜਾਂਦਾ ਹੈ। ਜਿੱਥੇ ਦੁਨੀਆ ਦੇ ਹਰੇਕ ਜ਼ਾਤ ਪਾਤ ਮਜ਼੍ਹਬ ਦੇ ਮਨੁੱਖ ਨੂੰ ਆਉਣ ਦੀ ਅਤੇ ਉਪਦੇਸ਼ ਗ੍ਰਹਿਣ ਕਰਨ ਦੀ ਇਜਾਜ਼ਤ ਹੈ। ਇਸ ਗ੍ਰੰਥ ਵਿੱਚ ਧਾਰਮਿਕ ਸਮਾਜਿਕ ਰਾਜਨਿਤਿਕ ਨੈਤਿਕ ਅਤੇ ਆਰਥਕ ਸਮਾਜ ਦੇ ਹਰੇਕ ਪਹਿਲੂ ਦਾ ਸੁਚੱਜਾ ਗਿਆਨ ਮਿਲਦਾ ਹੈ। ਇਸੇ ਲਈ ਇੱਕ ਵਿਦਵਾਨ ਦਾ ਇਹ ਕਥਨ ਬਹੁਤ ਵਾਜਬ ਹੈ ਕਿ ਗੁਰੂ ਗ੍ਰੰਥ ਸਾਹਿਬ ਮਨੁੱਖ ਦੇ ਸਰਵਪੱਖੀ ਵਿਕਾਸ ਦਾ ਇੱਕ ਅਦੁੱਤੀ ਸੋਮਾ ਹੈ।

ਔਰਤ ਜਿਸ ਨੂੰ ਇਥੋਂ ਦੇ ਧਾਰਮਿਕ ਆਗੂਆਂ ਨੇ ਪੈਰ ਦੀ ਜੁੱਤੀ ਤੱਕ ਕਹਿ ਕੇ ਇਸਤਰੀ ਜਾਤੀ ਦਾ ਅਪਮਾਨ ਕੀਤਾ ਸੀ। ਪਰ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਔਰਤ ਨੂੰ ਮਾਣ ਦੇਂਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਜੀ ਨੇ ਫੁਰਮਾਇਆ ਹੈ ਕਿ ਹੇ ਭਾਈ ਉਸ ਔਰਤ ਨੂੰ ਕਿਉ ਨਿੰਦਦੇ ਹੋ ਜਿਸ ਦੀ ਕੁੱਖ ਤੋਂ ਰਾਜੇ ਮਹਾਂਰਾਜੇ ਤੇ ਕ੍ਰਾਤੀਕਾਰੀ ਵੀਚਾਰਧਾਰਾ ਪੈਦਾ ਕਰਨ ਵਾਲੇ ਸੂਰਬੀਰ ਯੋਧੇ ਧਰਤੀ ਤੇ ਆਉਦੇ ਹਨ।

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥

ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥

ਗੁਰੂ ਜੀ ਨੇ ਗੁਰਬਾਣੀ ਉਚਾਰਨ ਸਮੇਂ ਅਕਾਲ ਪੁਰਖ ਨੂੰ ਪਤੀ ਤੇ ਸਮੁੱਚੀ ਲੋਕਾਈ ਨੂੰ ਔਰਤ ਆਖਕੇ ਇਸ਼ਤਰੀ ਜ਼ਾਤੀ ਨੂੰ ਮਾਣ ਦਿੱਤਾ ਹੈ।

ਸੰਸਾਰ ਤੇ ਗ੍ਰੰਥਾਂ ਦੀ ਕਮੀ ਨਹੀ ਗ੍ਰੰਥ ਤੇ ਬਹੁਤ ਹਨ ਪਰ ਉਹ੍ਹਨਾਂ ਗ੍ਰੰਥਾਂ ਨੂੰ ਆਂਮ ਵਰਗ ਤੇ ਪੜਨ ਦੀ ਪਾਬੰਦੀ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਸਾਰ ਦੇ ਹਰ ਧਰਮ ਦੇ ਇਨਸਾਨ ਪੜ, ਵੀਚਾਰ ਤੇ ਸਮਝ ਸਕਦੇ ਹਨ। ਸੰਸਾਰ ਦੇ ਬਹੁਤਾਤ ਗ੍ਰੰਥਾਂ ਵਿੱਚ ਘਰੇਲੂ ਲੜਾਈਆਂ ਦਾ ਹੀ ਜਿਕਰ ਕੀਤਾ ਗਿਆ ਹੈ, ਜਿੰਨਾਂ ਵਿੱਚੋਂ ਸਾਨੂੰ ਕੋਈ ਜੀਵਨ ਜਾਚ ਪ੍ਰਾਪਤ ਨਹੀ ਹੁੰਦੀ ਅਤੇ ਉਹਨਾਂ ਗ੍ਰੰਥਾਂ ਵਿੱਚ ਰਾਜਿਆਂ ਨੂੰ ਹੀ ਰੱਬ ਕਹਿਕੇ ਉਹਨਾਂ ਦੀ ਝੂਠੀ ਵਡਿਆਈ ਕੀਤੀ ਗਈ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਲਖਣਤਾ ਹੀ ਇਸ ਗੱਲ ਵਿੱਚ ਹੈ ਕਿ ਇਸ ਅੰਦਰ ਕੇਵਲ ਇੱਕ ਅਕਾਲ ਪੁਰਖ ਦੀ ਹੀ ਵਡਿਆਈ ਕੀਤੀ ਹੈ। ਸਗੋਂ ਗੁਰੂ ਜੀ ਨੇ ਗੁਰਬਾਣੀ ਉਚਾਰਨ ਸਮੇਂ ਖੁਦ ਗੁਣਾਂ ਦੇ ਮਾਲਕ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਧਾਣਕ, ਨੀਚ, ਨਿਰਗੁਣਆਰੇ ਤੱਕ ਕਿਹਾ ਹੈ। ਪਰ ਅਫਸੋਸ ਨਾਲ ਕਹਿਣਾਂ ਪੈਦਾਂ ਹੈ ਕਿ ਕਿਥੇ ਤੇ ਅਸੀ ਇਸ ਮਹਾਨ ਗ੍ਰੰਥ ਦੀ ਵਿਚਾਰਧਾਰਾ ਦਾ ਪ੍ਰਚਾਰ ਸਾਰੇ ਸੰਸਾਰ ਵਿੱਚ ਕਰਨਾਂ ਸੀ ਪਰ ਬਦਕਿਸਮਤੀ ਨਾਲ ਇਸ ਦੀ ਵਿਚਾਰਧਾਰਾ ਨਾਂ ਆਪ ਸਮਝੀ ਅਤੇ ਨਾ ਦੂਜਿਆ ਨੂੰ ਹੀ ਸਮਝਾ ਸਕੇ ਹਾਂ। ਸਮੁਚੇ ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਨੂੰ ਸਨਿਮਰ ਬੇਨਤੀ ਆਓ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਾਰੇ ਸੰਸਾਰ ਵਿੱਚ ਪ੍ਰਚਾਰਨ ਲਈ ਯਤਨਸੀਲ ਹੋਈਏ ਅਤੇ ਆਪਣੇ ਫਰਜ ਦੀ ਪਹਿਚਾਣ ਕਰੀਏ।
.