ਕੂੜ ਮਿਠਾ ਕੂੜ ਮਾਖਿਓ…
……ਕੂੜ ਡੋਬੇ ਪੂਰ॥ ਬੜੀ ਪੁਰਾਣੀ
ਅਤੇ ਪ੍ਰਚਲਤ ਕਹਾਣੀ ਹੈ ਕਿ ਬੱਕਰੀਆਂ ਚਾਰਦੇ ਕਿਸੇ ਭਾਈ ਨੂੰ ਸ਼ਰਾਰਤ ਸੁੱਝੀ ਤੇ ਉਸ ਸ਼ੇਰ ਸ਼ੇਰ ਦਾ
ਰੌਲਾ ਪਾਇਆ। ਲੋਕ ਡਾਗਾਂ ਫੜੀ ਦੌੜੇ ਪਰ ਉਥੇ ਕੁੱਝ ਵੀ ਨਹੀ ਸੀ। ਉਸ ਨੂੰ ਇਹ ਝੂਠ ਬੜਾ ਮਿੱਠਾ
ਲੱਗਾ ਉਸ ਦੂਜੀ ਵਾਰ ਫਿਰ ਬੋਲਿਆ ਫਿਰ ਲੋਕ ਆਏ ਪਰ ਮੁੜ ਗਏ ਤੀਜੀ ਵਾਰ ਉਸ ਝੂਠ ਨਹੀ ਸੀ ਬੋਲਿਆ ਪਰ
ਲੋਕ ਨਹੀ ਆਏ ਤੇ ਉਹ ਮਾਰਿਆ ਗਿਆ। ਇਸ ਦਾ ਮੱਤਲਬ ਕਿ ਝੂਠ ਨੇ ਉਸ ਦੇ ਮਨ ਨੂੰ ਕਿੰਨਾ ਸਕੂਨ ਦਿੱਤਾ
ਕਿ ਉਸ ਦਾ ਵਾਰ ਵਾਰ ਬੋਲਣ ਨੂੰ ਚਿੱਤ ਕੀਤਾ। ਦੋ ਵਾਰ ਉਸ ਦੇ ਝੂਠ ਬੋਲਣ ਨੇ ਤੀਜੀ ਵਾਰ ਉਸ ਦੇ ਸੱਚ
ਨੂੰ ਵੀ ਝੂਠ ਵਿੱਚ ਬਦਲ ਦਿੱਤਾ ਤੇ ਅਪਣਾ ਪੂਰ ਉਹ ਡੋਬ ਬੈਠਾ।
ਗੁਰੂ ਸਾਹਿਬ ਮੈਨੂੰ ਇਹੀ ਗੱਲ ਮੁੜ-ਮੁੜ ਸਮਝਾਉਂਣ ਦਾ ਯਤਨ ਕਰਦੇ ਹਨ ਕਿ ਕੂੜ ਬੇਸ਼ਕ ਬੋਲਣ ਲੱਗਿਆਂ
ਮਾਖਿਓ ਵਰਗਾ ਮਿੱਠਾ ਜਾਪਦਾ ਹੈ ਪਰ ਫਲ ਇਸ ਦਾ ਮਿੱਠਾ ਨਹੀ। ਕਨੇਡਾ ਰਹਿੰਦੇ ਮੇਰੇ ਮਿੱਤਰ ਨੇ ਇੱਕ
ਕਹਾਣੀ ਸੁਣਾਈ ਕਿ ਉਨ੍ਹਾ ਦਾ ਇੱਕ ਗੁਆਂਢੀ ਹੁੰਦਾ ਸੀ ਭਲੇ ਸਮਿਆਂ ਵਿੱਚ ਉਸ ਕੋਲੇ ਇੱਕ ਜੀਪ ਅਤੇ
ਫੀਅਟ ਕਾਰ ਹੋਇਆ ਕਰਦੀ ਸੀ। ਸਾਰਾ ਪਿੰਡ ਉਸ ਦੀ ‘ਕਿਸਮਤ’ ਉਪਰ ਰਸ਼ਕ ਕਰਦਾ ਸੀ। ਔਰਤਾਂ ਉਨਾਂ ਦੀਆਂ
ਦੇ ਟੌਹਰ ਵੇਖ ਵੇਖ ਪਿੰਡ ਦੀਆਂ ਕੁੜੀਆਂ ਬੁੜੀਆਂ ਹੌਉਂਕੇ ਲੈਂਦੀਆਂ ਸਨ। ਬੰਦਿਆਂ ਦੇ ਚਿੱਟੇ ਚਾਦਰੇ
ਅਤੇ ਚੀਕਦੀਆਂ ਜੁੱਤੀਆਂ ਪਿੰਡ ਦੀ ਸਾਫ ਤੇ ਖਮੋਸ਼ ਹਵਾ ਵਿੱਚ ਗੜਬੜ ਕਰਦੀਆਂ ਲੰਘਦੀਆਂ ਸਨ। ਉਨ੍ਹਾਂ
ਦੇ ਇਸ ਮਾਖਿਓ ਵਰਗੇ ਮਿੱਠੇ ਕੂੜ ਨੂੰ ਪਿੰਡ ਤਰਸਦਾ ਸੀ। ਪਰ ਇਹ ਸੁਪਨਈ ਦੁਨੀਆਂ ਦਾ ਮਿੱਠਾ ਸੁਪਨਾ
ਉਸ ਦਿਨ ਟੁੱਟਿਆ ਜਿਸ ਦਿਨ ਉਨ੍ਹਾਂ ਦੇ ਬੰਦੇ ਹੱਥਕੜੀਆਂ ਵਿੱਚ ਬੱਝੇ ਸਾਰੇ ਪਿੰਡ ਦੇ ਅੱਗੋਂ ਦੀ
ਲੰਘੇ। ਪਿੰਡ ਜੀਹਨਾ ਨੂੰ ਦੇਖ ਨੀਵੀ ਪਾ ਜਾਂਦਾ ਸੀ ਅੱਜ ਉਹ ਪਿੰਡ ਵਲ ਵੇਖ ਨੀਵੀ ਪਾ ਰਹੇ ਸਨ।
ਇੱਕੋ ਝਟਕੇ ਨਾਲ ਸੋਨੇ ਦੀ ਲੰਕਾ ਉਜੜ ਗਈ ਤੇ ਇਸੇ ਨਮੋਸ਼ੀ ਵਿੱਚ ਹੀ ਘਰ ਦੇ ਦੋ ਜੀਅ ਇਸ ਫਾਨੀ
ਦੁਨੀਆਂ ਤੋਂ ਕੂਚ ਕਰ ਗਏ ਤੇ ਇੱਕ ਦੀ ਸ਼ੂਗਰ ਨਾਲ ਲੱਤ ਵੱਢ ਹੋ ਗਈ। ਔਰਤਾਂ ਦਿਹਾੜੀ ਕਰਨ ਤੇ ਮਜਬੂਰ
ਹੋਈਆਂ। ਯਾਨੀ ਕੂੜ ਦੀ ਇਸ ਮਾਖਿਓ ਨੇ ਸਾਰਾ ਪੂਰ ਹੀ ਡੋਬ ਦਿੱਤਾ।
ਇਹ ਹਲਾਤ ਅਸੀਂ ਕਨੇਡਾ ਵਿੱਚ ਵੀ ਦੇਖ ਸਕਦੇ ਹਾਂ ਕਿ ਕੂੜ ਨੂੰ ਮਿੱਠਾ ਮੰਨ ਕੇ ਚਲਣ ਵਾਲੇ ਮਨੁੱਖਾਂ
ਲਈ ਇਹ ਮਿੱਠਾ ਮਾਖਿਓ ਕਿੰਝ ਜ਼ਹਿਰ ਬਣ ਕੇ ਜਿੰਦਗੀ ਵਿੱਚ ਉਤਰਦਾ ਹੈ। ਇਹੀ ਜ਼ਹਿਰ ਜਦ ਅਗਲੀ ਨਸਲ ਦੀ
ਜਿੰਦਗੀ ਵਿੱਚ ‘ਕਨਵਰਟ’ ਹੁੰਦਾ ਹੈ ਤਾਂ ਮਨੁੱਖ ਦੇਖਦਾ ਹੈ ਕਿ ਕਿਵੇਂ ਉਸ ਦੇ ਪੂਰਾਂ ਦੇ ਪੂਰ ਰੁੜ
ਰਹੇ ਹਨ। ਪੂਰ ਡੁਬਣ ਦਾ ਮੱਤਲਬ ਕਿ ਨਸਲ ਤੋ ਨਸਲ ਇਹ ਕੂੜ ਜਿੰਦਗੀਆਂ ਵਿੱਚ ਬਦਲਦਾ ਜਾਂਦਾ ਹੈ ਇਸ
ਦੀ ਕੋਈ ਰੋਕ ਥਾਮ ਨਹੀ। ਸਿਆਂਣੇ ਆਂਹਦੇ ਹਨ ਮਨੁੱਖ ਦਾ ਸਭ ਤੋਂ ਪਹਿਲਾ ਸਵਰਗ ਉਸ ਦੇ ਮਾਂ ਬਾਪ ਹਨ,
ਦੂਜਾ ਪਤਨੀ ਅਤੇ ਤੀਜਾ ਉਲਾਦ। ਮਾ ਬਾਪ ਪਹਿਲੇ ਸਵਰਗ ਕਿਉਂ ਹਨ? ਕਿਉਂਕਿ ਮੇਰੀ ਜਿੰਦਗੀ ਵਿੱਚ ਸਭ
ਤੋਂ ਪਹਿਲਾਂ ਉਨ੍ਹਾਂ ਉਤਰਨਾ ਹੈ।
ਇੱਕ ਸ਼ਰਾਬੀ ਤੇ ਡਰੱਗੀ ਬਾਪ ਦੱਸੋ ਅਪਣੇ ਬੱਚੇ ਨੂੰ ਕੀ ਦੇਵੇਗਾ ਗੁੜਤੀ ਵਿਚ। ਇਥੇ ਗੁਰੂ ਕਹਿ ਰਹੇ
ਹਨ ਕਿ “ਬੀਜੇ ਬਿਖ ਮੰਗੇ ਅੰਮ੍ਰਤਿ॥ ? । ਬਾਪ ਬਿਖ ਬੀਜ ਰਿਹਾ ਪਰ ਉਲਾਦ ਤੋਂ ਅੰਮ੍ਰਤਿ ਦੀ ਆਸ?
ਗੁਰੂ ਕਹਿੰਦੇ ਇਹ ਕਿਧਰ ਦਾ ਨਿਆਓ ਹੈ। ਫਿਰ ਮੈ ਕਿਉ ਕਹਾਂ ਕਿ ਰੱਬ ਨੇ ਮੈਨੂੰ ਗੰਦੀ ਉਲਾਦ ਦੇ
ਦਿੱਤੀ? ਇਹ ਕੀ ਨਿਆਓ ਹੈ ਕਿ ਰੱਬ ਨੇ ਦਿੱਤੀ? ਰੱਬ ਨੇ ਤਾਂ ਮੈਨੂੰ ਇੱਕ ਚਿੱਟਾ ਕੋਰਾ ਕਾਗਜ
ਦਿੱਤਾ। ਸਭ ਤੋਂ ਪਹਿਲਾਂ ਗਲਤ ਝਰੀਟਾਂ ਉਸ ਉਪਰ ਮੈ ਖੁਦ ਪਾਈਆਂ! ਇਹ ਤਾਂ ਉਦੋਂ ਹੀ ਪੈਣੀਆਂ ਸ਼ੁਰੂ
ਹੋ ਗਈਆਂ ਸਨ ਜਦ ਮੈ ਨਸ਼ਾ ਖਾ ਕੇ ਜਾਂ ਸ਼ਰਾਬ ਪੀ ਕੇ ਅਪਣੀ ਪਤਨੀ ਦੇ ਨੇੜੇ ਗਿਆ। ਫਿਰ ਇਹ ਹੋਰ
ਪੈਂਦੀਆਂ ਗਈਆਂ ਜਦ ਮਾਂ ਦੇ ਪੇਟ ਵਿੱਚ ਪਲ ਰਹੇ ਬੱਚੇ ਦੇ ਹੁੰਦਿਆਂ ਸ਼ਰਾਬ ਵਰਗੀ ਗੰਦੀ ਹਵਾੜ ਨਾਲ
ਪਤਨੀ ਅਪਣੀ ਦੀ ਕੁੱਖ ਨੂੰ ਪ੍ਰਦੂਸ਼ਤ ਕੀਤਾ। ਇਸ ਕੂੜ ਨੂੰ ਮੈ ਮਿੱਠਾ ਕਰਕੇ ਮੰਨਿਆ ਤਾਂ ਇਹ ਪੂਰ ਵੀ
ਹੁਣ ਮੇਰੇ ਹੀ ਡੁੱਬਣੇ ਸਨ ਜਾਂ ਕਿਸੇ ਹੋਰ ਦੇ? ਕਿੰਨੀ ਨੌਜਵਾਨ ਪੀਹੜੀ ਹੈ ਜਿਹੜੀ ਨਸ਼ਿਆਂ ਅਤੇ
ਡਰੱਗ ਦੇ ਧੰਦਿਆਂ ਵਿੱਚ ਡੁੱਬ-ਡੁੱਬ ਮਰ ਰਹੀ ਹੈ ਇਸ ਦੇ ਕਾਰਨ ਲੱਭੋ, ਇਸ ਦੀ ਜੜ ਵਿੱਚ ਜਾਓ। ਉਹ
ਕੀ ਨਾਲ ਹੀ ਲੈ ਕੇ ਆਏ ਸਨ ਸਭ ਕੁਝ? ਉਨ੍ਹਾਂ ਘਰ ਵਿਚੋਂ ਸਮਾਜ ਵਿਚੋਂ ਇਹ ਸਭ ਕੁੱਝ ਲਿਆ। ਸਮਾਜ
ਕੋਈ ਹੋਰ ਨਹੀ ਬਲਕਿ ਮੈ ਹੀ ਹਾਂ। ਮੇਰੇ ਹੀ ਮਾਮੇ, ਫੁਫੜ, ਚਾਚੇ, ਤਾਏ, ਦਾਦੇ, ਨਾਨੇ, ਮਿੱਤਰ,
ਦੋਸਤ, ਰਿਸਤੇਦਾਰ ਹਨ।
ਇਹ ਕਿੰਨੀ ਕੁ ਵਡਿਆਈ ਦੀ ਗੱਲ ਹੈ ਕਿ ਇੱਕ ਬਾਬਾ ਅਪਣੇ ਕੁਛੜ ਚੁੱਕੇ ਪੋਤੇ ਦੇ ਬੁੱਲਾਂ ਨੂੰ ਸ਼ਰਾਬ
ਦੀ ਛਿੱਟ ਲਾ ਰਿਹਾ ਹੈ। ਉਸ ਨੂੰ ਕੀ ਪਤਾ ਨਹੀ ਕਿ ਉਹ ਕਿੰਨੀ ਖਤਰਨਾਕ ਖੇਡ, ਖੇਡ ਰਿਹਾ ਹੈ? ਇਹ
ਕਿੰਨਾ ਮੇਰਾ ਫੁਕਰਾਪਨ ਹੈ ਕਿ ਅਜਿਹੀ ਜ਼ਹਿਰ ਦੀਆਂ ਬੋਤਲਾਂ ਮੈ ਸੀਸ਼ੇ ਦੀਆਂ ਬਾਰੀਆਂ ਵਿੱਚ ਚਿਣ-ਚਿਣ
ਫੈਮਲੀਰੂਮ ਵਿੱਚ ਸਜਾ ਰਿਹਾ ਹਾਂ। ਇਹ ਦੱਸਣ ਵਾਸਤੇ ਕਿ ਦੇਖੋ ਲੋਕੋ ਮੈ ਸ਼ਰਾਬੀ ਹਾਂ, ਨਸ਼ਈ ਹਾਂ?
ਸ਼ਰਾਬੀ ਜਾਂ ਨਸ਼ਈ ਹੋਣਾ ਕੀ ਵਡਿਆਈ ਹੈ? ਕਦੇ ਮੈ ਅਪਣੇ ਘਰ ਵਿੱਚ ਤੱਖਤੀ ਤੇ ‘ਮੌਤ’ ਲਿਖ ਕੇ ਉਸ ਨੂੰ
ਸਜਾਇਆ ਹੈ ਕਿ ਆਏ ਗਏ ਮਹਿਮਾਨ ਨੂੰ ਦਿਖਾਇਆ ਜਾਵੇਗਾ? ਪਰ ਇਹਨਾ ਬੋਤਲਾਂ ਵਿੱਚ ਬੰਦ ਕੀ ਹੈ?
ਜਿੰਦਗੀ ਜਾਂ ਮੌਤ? ਇਹ ਕੂੜ ਮੈਨੂੰ ਮਿੱਠਾ-ਮਾਖਿਓ ਕਿਉਂ ਜਾਪ ਰਿਹਾ ਹੈ। ਇਸ ਮਿੱਠੇ ਕੂੜ ਦਾ ਫਲ
ਭੁਗਤਣ ਲਗਾ ਫਿਰ ਮੈ ਚੀਖਾਂ ਕਿਉਂ ਮਾਰਦਾ ਹਾਂ? ਫਿਰ ਕਿਉਂ ਮੈ ਬਹੁੜੀਆਂ ਪਾਉਂਦਾ ਹਾਂ ਜਦ ਇਸ ਦੇ
ਨਤੀਜੇ ਮੇਰੇ ਸਾਹਮਣੇ ਆਉਂਦੇ ਹਨ? ਇਹ ਮੇਰੇ ਹੀ ਬੀਜੇ ਕੂੜ ਦੇ ਨਤੀਜੇ ਹੁੰਦੇ ਜਦ ਮੇਰੀਆਂ ਉਲਾਦਾਂ
ਦੇਰ ਰਾਤਾਂ ਨੂੰ ਝੱਖ ਮਾਰਦੀਆਂ ‘ਟੱਲੀ’ ਹੋਈਆਂ ਘਰਾਂ ਦੇ ਦਰਵਾਜੇ ਭੰਨਦੀਆਂ। ਨਹੀ?
ਮੇਰੀ ਹਾਲਤ ਤੇ ਤਰਸ ਕਰਨਾ ਬਣਦਾ ਹੈ ਜਦ ਮੈ ਬੜੇ ਮਾਣ ਨਾਲ ਅਪਣੀ ਗੱਡੀ ਪਿੱਛੇ, ‘ਵੈਲੀ ਪੁੱਤ
ਸਰਦਾਰਾਂ ਦੇ’ ਲਿਖਾ ਕੇ ਚੌੜਾ ਹੋਇਆ ਗੱਡੀ ਵਿਚੋਂ ਉਤਰਦਾ ਅਤੇ ਮੂਰਖਾਂ ਵਾਂਗ ਆਲੇ-ਦੁਆਲੇ ਦੇਖਦਾ
ਹਾਂ ਕਿ ਕਿਸੇ ਮੈਨੂੰ ‘ਵੈਲੀ’ ਨੂੰ ਦੇਖਿਆ ਹੈ ਕਿ ਨਹੀ! ਮੈਨੂੰ ਕੀ ਪਤਾ ਨਹੀ ਕਿ ਸਰਦਾਰ ਕੌਣ ਸਨ?
ਅਬਦਾਲੀ-ਨਾਦਰਾਂ ਦੇ ਮੂੰਹ ਮੋੜਨ ਵਾਲੇ ਸਰਦਾਰ ਕੀ ਵੈਲੀ ਸਨ? ਖ਼ੈਬਰਾਂ ਤੀਕ ਗੁਰੂ ਗੋਬਿੰਦ ਸਿੰਘ ਜੀ
ਦੇ ਨਾਂ ਦੀਆਂ ਧਾਕਾਂ ਪਾਉਂਣ ਵਾਲੇ ਸਰਦਾਰ ਕੀ ਵੈਲੀ ਸਨ? ਚਰਖੜੀਆਂ ਆਂਰਿਆਂ ਹੇਠ ਦਿੱਤੇ ਜਾਣ ਵਾਲੇ
ਸਰਦਾਰ ਕੀ ਵੈਲੀ ਸਨ? ਮੈ ਹੋਰ ਜੋ ਮਰਜੀ ਕੂੜਾ-ਕੱਚਰਾ ਤਾਂ ਹੋ ਸਕਦਾਂ ਪਰ ਵੈਲੀ ਦੇ ਨਾਲ ਸਰਦਾਰ
ਨਹੀ ਹੋ ਸਕਦਾ। ਕਿਉਂ ਏਸ ਮਿੱਠੇ ਕੂੜ ਨੇ ਮੇਰੀ ਮੱਤ ਉਪਰ ਪਰਦਾ ਪਾ ਰੱਖਿਆ ਹੈ ਕਿ ਮੈ ਸਰਦਾਰ ਨੂੰ
ਵੈਲੀ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਗਾਉਂਣ ਵਾਲਿਆਂ ਨਚਾਰਾਂ ਨੂੰ ਪੁੱਛੋ ਕਿ ਵੈਲੀ
ਹੋਣਾ ਕਿੰਨੀ ਕੁ ਵਡਿਆਈ ਦੀ ਗੱਲ ਹੈ ਕਿ ਉਹ ਕਿੱਲ੍ਹ ਕਿੱਲ੍ਹ ਕੇ ਵੈਲੀ ਨੂੰ ਨੌਜਵਾਨ ਪੀਹੜੀ ਦੇ
ਸਿਰਾਂ ਅੰਦਰ ਵਾੜ ਕੇ ਸਮਾਜ ਨੂੰ ਪ੍ਰਦੂਸ਼ਤ ਕਰ ਰਹੇ ਹਨ। ਕੀ ਉਨ੍ਹਾਂ ਨੂੰ ਪਤਾ ਨਹੀ ਕਿ ਇਸ ਮਾਖਿਓ
ਨੇ ਸਮਾਜ ਦੇ ਪੂਰਾਂ ਦੇ ਪੂਰ ਪਹਿਲਾਂ ਹੀ ਰੋੜ ਛੱਡੇ ਹਨ ਤੇ ਪਤਾ ਨਹੀ ਹਾਲੇ ਇਹ ਗੱਲ ਕਿਥੇ ਮੁੱਕਣੀ
ਹੈ। ਉਸ ਮਾਂ ਨੂੰ ਪੁੱਛੋ ਵੈਲੀ ਦੇ ਅਰਥ ਜਿਸ ਦੇ ਸਾਹਵੇਂ ਡਰੱਗਾਂ ਨਾਲ ਮੋਏ ਪੁੱਤਰ ਦੀ ਲਾਸ਼ ਉੱਠਦੀ
ਹੈ।
ਕੂੜ ਜੇ ਮਿੱਠਾ ਨਾ ਲੱਗੇ ਤਾਂ ਕੋਈ ਕਾਰਨ ਨਹੀ ਕਿ
ਗੁਰੂ ਸਾਹਿਬ ਆਸਾ ਜੀ ਦੀ ਵਾਰ ਵਿੱਚ ਮੈਨੂੰ ਇਹੀ ਸਮਝਾਉਂਣਾ ਚਾਹੁੰਦੇ ਹਨ ਕਿ ਕੂੜ ਬੇਸ਼ਕ ਤੈਨੂੰ
ਮਿੱਠਾ ਮਾਖਿਓ ਵਰਗਾ ਜਾਪਦਾ ਹੈ ਪਰ ਯਾਦ ਰੱਖ ਇਹ ਤੇਰੇ ਪੂਰਾਂ ਦੇ ਪੂਰ ਯਾਨੀ ਨਸਲਾਂ ਦੀਆਂ ਨਸਲਾਂ
ਤੇਰੀਆਂ ਡੋਬ ਦੇਵੇਗਾ ਭਾਵ ਤਬਾਹ ਕਰ ਦੇਵੇਗਾ ਤੇਰਾ ਰਸਤਾ ਇਕੋ ਹੈ ਕਿ ਤੂੰ ਉਸ ਨਾਲ ਸਾਂਝ ਪਾ ਜਿਸ
ਬਾਰੇ ਗੁਰੂ ਕਹਿ ਰਹੇ ਹਨ ਕਿ “ਨਾਨਕ ਵਖਾਣੈ ਬੇਨਤੀ ਤੁਧ ਬਾਝ ਕੂੜੋ ਕੂੜ॥
ਮਹਿੰਗੇ ਸੇਬ
ਬਾਬਾ ਫੌਜਾ ਸਿੰਘ ਅਪਣੇ ਇੱਕ
ਬੱਚਪਨ ਦੇ ਪੁਰਾਣੇ ਮਿਤਰ ਨੂੰ ਮਿਲਨ ਗਿਆ ਜਿਹੜਾ ਹੁਣ ਬਹੁਤ ਵੱਡਾ ‘ਸੰਤ’ ਬਣ ਚੁੱਕਾ ਹੋਇਆ ਸੀ। ਉਸ
ਬਾਬੇ ਨੂੰ ਕਈ ਵਾਰ ਸੁਨੇਹਾ ਭੇਜਿਆ ਸੀ ਕਿ ਉਹ ਪੰਜਾਬ ਆਵੇ ਉਸ ਨੂੰ ਮਿਲ ਕੇ ਜਾਵੇ। ਇੱਕ ਤਾਂ ਸਮਾ
ਥੋੜਾ ਹੁੰਦਾ ਦੂਜਾ ਬਾਬਾ ਸੋਚਦਾ ਸੀ ਕਿ ਉਸ ਸਾਧ ਕੋਲੇ ਜਾ ਕੇ ਕਰਨ ਵੀ ਕੀ ਏ ਪਰ ਕਦੇ ਕਦੇ ਬਾਬੇ
ਅੰਦਰਲੀ ਬੱਚਪਨ ਦੀ ਮਿੱਤਰਤਾ ਉਬਾਲਾ ਮਾਰ ਉੱਠਦੀ ਕਿ ਚਲੋ ਉਸ ਨੂੰ ਮਿਲਿਆ ਤਾਂ ਉਸ ਕਿਹੜਾ ਮੈਨੂੰ
ਕੋਲੇ ਰੱਖ ਲੈਣ ਲੱਗਾ।
ਇਸ ਵਾਰੀ ਕਿਸੇ ਰਿਸ਼ਤੇਦਾਰ ਦੇ ਅਗਾਂਹ ਰਿਸ਼ਤੇਦਾਰ ਕਾਰਨ ਬਾਬੇ ਦਾ ਗੇੜਾ ਓਸ ਇਲਾਕੇ ਵਲ ਵਜਾ ਜਿਧਰ
ਉਸ ਦਾ ਮਹਿਲ ਨੁਮਾ ਡੇਰਾ ਸੀ। ਬਾਬਾ ਫੌਜਾ ਸਿੰਘ ਜਦ ਗਿਆ ਤਾਂ ‘ਸੰਤ’ ਇੱਕ ਖੁਲੀ ਥਾਂ ਹਰੇ ਹਰੇ
ਘਾਹ ਵਿੱਚ ਬੈਠਾ ਮਿਲ ਗਿਆ। ਇੱਕ ਸੇਵਕ ਪੱਖਾ ਕਰ ਰਿਹਾ ਸੀ। ਇੱਕ ਲਾਗੇ ਗੜਵਾ ਅਤੇ ਤੌਲੀਆ ਲੈ ਕੇ
ਹਾਜਰ ਖੜਾ ਸੀ। ਇੱਕ ਹੋਰ ਆਈ ਸੰਗਤ ਵਲੋਂ ਲਿਆਂਦੇ ਪ੍ਰਸਾਦ ਨੂੰ ਬਾਬਾ ਜੀ ਦੇ ਹੱਥ ਛੁਹਾ ਕੇ ਕੁੱਝ
ਕੁ ਰੱਖ ਬਾਕੀ ਵਾਪਸ ਸੰਗਤ ਨੂੰ ਦੇ ਰਿਹਾ ਸੀ। ਸ਼ਾਮ ਜਿਹੀ ਦਾ ਸਮਾ ਸੀ ਬਾਬਾ ਫੌਜਾ ਸਿੰਘ ਤੇ ਉਸ
ਨਾਲ ਪੰਜਾਬੋਂ ਹੀ ਇੱਕ ਹੋਰ ਸਾਥੀ ਤੇ ਡਰਾਈਵਰ ਬਾਹਰ ਦੇ ਮਿੱਟੀ ਘੱਟੇ ਅਤੇ ਗਰਮੀ ਤੋਂ ਬੁਰੀ
ਤਰ੍ਹਾਂ ਬੁਖਲਾਏ ਗਏ ਸਨ। ਡੇਰੇ ਵੜਦਿਆਂ ਉਨ੍ਹਾਂ ਨੂੰ ਜਾਪਿਆ ਜਿਵੇਂ ਇੱਕ ਦਮ ਉਹ ਕਿਸੇ ਸਵਰਗ ਵਿੱਚ
ਉਤਰ ਆਏ ਹੋਣ। ਭਾਂਤ ਭਾਂਤ ਦੇ ਦੁਆਲੇ ਖਿੜੇ ਹੋਏ ਫੁੱਲ, ਬਾਬਾ ਜੀ ਲਈ ਬਣੇ ਹੋਏ ਪਾਰਕ ਵਿੱਚ ਈਰਾਨੀ
ਗੱਦੇ ਵਰਗਾ ਮੱਖਮਲੀ ਹਰਾ ਹਰਾ ਘਾਹ, ਰਾਤ ਦੀਆਂ ਰਾਣੀਆਂ ਦੀਆਂ ਦੁਆਲੇ ਵਾੜਾਂ। ਬਾਬੇ ਨੂੰ ਜਾਪਿਆ
ਜਿਵੇਂ ਉਹ ਕਨੇਡਾ ਦੇ ਹੀ ਕਿਸੇ ਪਾਰਕ ਵਿੱਚ ਆਣ ਵੜਿਆ ਹੋਵੇ। ‘ਸੰਤ’ ਨੇ ਵੇਖਿਆ ਕਿ ਬਾਬਾ ਫੌਜਾ
ਸਿੰਘ ਆ ਰਿਹਾ ਹੈ ਉਸ ਸੇਵਕ ਨੂੰ ਅੱਖ ਦਾ ਇਸ਼ਾਰਾ ਕੀਤਾ ਤੇ ਉਸ ਬੈਠੀ ਸੰਗਤ ਨੂੰ ਇਹ ਕਹਿ ਉਠਾ
ਦਿੱਤਾ ਕਿ ਬਾਬਾ ਜੀ ਨੇ ਨਿੱਤਨੇਮ ਵਿੱਚ ਜਾਣਾ ਹੈ ਤੁਸੀਂ ਹੁਣ ਚਾਹ ਪਾਣੀ ਛੱਕੋ ਤੇ ਦੀਵਾਨ ਦੀਆਂ
ਹਾਜਰੀਆਂ ਭਰੋ। ਸੰਗਤ ਨੇ ਗੋਡਿਆਂ ਭਾਰ ਹੋ ਕੇ ਮੱਥਾ ਟੇਕਿਆ ਤੇ ਸਤਨਾਮ ਵਾਹਿਗੁਰੂ ਅਤੇ ਧੰਨ ਬਾਬਾ
ਜੀ ਕਰਦੀਆਂ ਅੱਧ ਮੀਚੀਆਂ ਅੱਖਾਂ ਨਾਲ ਦੀਵਾਨ ਹਾਲ ਵਲ ਤੁਰ ਪਈਆਂ ਜਿਥੇ ਬਾਬਿਆਂ ਦੇ ਰਾਗੀ ਜਥੇ
‘ਰੱਬ ਮਿਲਦਾ ਸੰਤਾ ਦਾ ਸੰਗ ਕਰਕੇ, ਐਵੇਂ ਫਿਰੇ ਭੁੱਲੀ ਦੁਨੀਆਂ’ ਦੀ ਧਾਰਨਾ ਨਾਲ ‘ਕੀਰਤਨ’ ਕਰ ਰਹੇ
ਸਨ।
‘ਸੰਤ’ ਬਾਬੇ ਦੇ ਪਹੁੰਚਣ ਤੋਂ ਪਹਿਲਾਂ ਹੀ ਕਮਰੇ ਵਿੱਚ ਜਾ ਵੜਿਆ ਸੀ। ਸੇਵਕ ਬਾਬੇ ਫੌਜਾ ਸਿੰਘ ਤੇ
ਸਾਥੀਆਂ ਨੂੰ ਮਗਰੇ ਕਮਰੇ ਵਿੱਚ ਲੈ ਗਏ। ਅੰਦਰ ਏਅਰਕੰਡੀਸ਼ਨ ਦੀ ਠੰਡੀ ਹਵਾ ਦੀਆਂ ਘੂਕਾਂ ਜਨਤ ਦੇ
ਹੁਲਾਰੇ ਵਾਂਗ ਜਾਪ ਰਹੀਆਂ ਸਨ। ਰਿਉਕੌੜੇ ਦੀ ਭਿੰਨੀ ਭਿੰਨੀ ਸੁਗੰਧ ਨਾਲ ਲੰਮੇ ਲੰਮੇ ਸਾਹ ਲੈਣ ਨੂੰ
ਆਪੇ ਜੀਅ ਕਰ ਰਿਹਾ ਸੀ। ‘ਸੰਤ’ ਦੇ ਰੇਸ਼ਮੀ ਕੱਪੜੇ ਅਤੇ ਹੇਠਾਂ ਵਿਛੇ ਦੌਰਾਨੀ ਗਲੀਚੇ ਕਿਸੇ
ਮਹਾਰਾਜੇ ਦੇ ਦਰਬਾਰ ਦੀ ਝਲਕ ਪੇਸ਼ ਕਰ ਰਹੇ ਸਨ। ਬਾਬਾ ਫੌਜਾ ਸਿੰਘ ਅਪਣੇ ਬੱਚਪਨ ਦੇ ਯਾਰ
‘ਮਹਿਰਿਆਂ’ ਦੇ ਰੁਲਦੂ ਨੂੰ ਲੱਭ ਰਿਹਾ ਸੀ ਪਰ ਇਥੇ ਤਾਂ 1008 ਸੰਤ ਬ੍ਰਹਮਗਿਆਨੀ ਸ੍ਰੀ ਮਾਨ ਸੰਤ
ਬਾਬਾ…ਸਿੰਘ ਜੀ ਸਨ। ਬਾਬਾ ਫੌਜਾ ਸਿੰਘ ਸਿੱਧਾ ‘ਸੰਤ’ ਦੀ ਹਿੱਕ ਵਿੱਚ ਠਾਹ ਦੇਣੀ ਵੱਜਾ। ਯਾਨੀ
ਮੱਥਾ ਟੇਕਣ ਦੀ ਬਜਾਇ ਮਿੱਤਰਾਂ ਵਾਂਗ ਜੱਫੀ ਪਾ ਕੇ ਮਿਲਿਆ ਤੇ ‘ਸੰਤ’ ਦੇ ਨਾਲ ਹੀ ਆਸਣ ਤੇ ਬੈਠ
ਗਿਆ। ਕੋਲ ਖੜੇ ਸੇਵਕ ਦੇ ਮੱਥੇ ਤੇ ਤਿਉੜੀਆਂ ਚੜ ਆਈਆਂ। ਉਸ ਬਾਬੇ ਨੂੰ ਟੋਕਿਆ ਕਿ ਭਾਈ ਸਾਹਬ
ਤੁਸੀਂ ਬਾਬਾ ਜੀ ਦੇ ਆਸਣ ਤੇ ਨਹੀ ਬੈਠ ਸਕਦੇ। ਪਰ ਇਸ ਤੋਂ ਪਹਿਲਾਂ ਕਿ ਬਾਬਾ ਕੁੱਝ ਬੋਲਦਾ ‘ਸੰਤ’
ਜੀ ਆਪ ਹੀ ਬੋਲ ਪਏ ਕਿ ਸਿੰਘਾ! ਇਹ ਸੇਵਕ ਨਹੀ ਇਹ ਮੇਰਾ ਆੜੀ ਹੈ ਤੁੰ ਇਨ੍ਹਾ ਲਈ ਚਾਹ ਪਾਣੀ ਦਾ
ਪ੍ਰਬੰਧ ਕਰ। ਸੇਵਕ ਇਸ਼ਾਰਾ ਸਮਝ ਗਿਆ ਤੇ ਅਗਲੇ ਹੀ ਪਲ ਠੰਡੇ ਠਾਰ ਨਿੰਬੂ ਨਚੋੜੇ ਲਿਮਕੇ ਆਣ ਹਾਜਰ
ਹੋਏ।
ਬਾਬੇ ਨੇ ‘ਸੰਤ’ ਵਲ ਵੇਖਿਆ। ਸਾਧਾ! ਕੀ ਕਰਾਮਾਤ ਈ ਤੇਰੀ ਸਾਲਿਆ ਲਿੱਦੜਾਂ ਦਿਆ ਮਰਗੇ ਅਸੀਂ ਬਾਹਰ
ਟਰੱਕ ਚਲਾਉਂਦੇ ਤੇ ਫੈਕਟਰੀਆਂ ਵਿੱਚ ਝੱਖ ਮਾਰਦੇ ਪਰ ਫਿਰ ਵੀ ਆਹ ਕੁੱਝ ਨਸੀਬ ਨਹੀ ਹੋਇਆ। ਚਾਹ ਦਾ
ਕੱਪ ਵੀ ਮੰਗੀਏ ਤਾਂ ਘਰ ਵਾਲੀ ਕਹਿੰਦੀ ਆਪੇ ਬਣਾ ਤੇ ਪੀ ਮੇਰੇ ਹੋਰ ਸਿਆਪੇ ਬਥੇਰੇ ਨੇ ਪਰ ਤੇਰੇ
ਇਸ਼ਾਰੇ ਤੇ ਹੀ ਆਹ ਲਗੌੜ ਇੰਝ ਫਿਰਦੇ ਜਿਵੇਂ ਕਿਸੇ ਲੀਡਰ ਆਏ ਤੇ ਚਿਮਚੇ ਫਿਰਦੇ।
‘ਸੰਤ’ ਬਾਬੇ ਨੂੰ ਪੁਰਾਣਾ ਜਾਣਦਾ ਸੀ। ਉਸ ਨੂੰ ਪਤਾ ਸੀ ਇਸ ਦੀ ‘ਕਾਲੀ ਜੁਬਾਨ’ ਹੈ ਜੇ ਬੋਲਿਆ ਤਾਂ
ਕੋਈ ਹੋਰ ਜੱਭ ਪਾਊ। ਉਸ ਸੇਵਕ ਨੂੰ ਇਸ਼ਾਰਾ ਕੀਤਾ ਕਿ ਬਾਬੇ ਫੌਜਾ ਸਿੰਘ ਦੇ ਨਾਲ ਵਾਲਿਆਂ ਨੂੰ ਬਾਹਰ
ਦੀਵਾਨ ਹਾਲ ਦੇ ਦਰਸ਼ਨ ਕਰਾ ਲਿਆਵੇ ਅਸੀਂ ਕੁੱਝ ਬੱਚਨ ਕਰਨੇ ਨੇ।
ਸਾਰਿਆਂ ਨੂੰ ਬਾਹਰ ਕੱਢਕੇ ਉਹ ਬਾਬੇ ਵਲ ਨੂੰ ਸਿੱਧਾ ਹੋਇਆ! “ਮੂੰਹ ਨਹੀ ਚੰਗਾ ਗੱਲ ਹੀ ਚੰਗੀ ਕੱਢ
ਲਿਆ ਕਰ ਆਹ ਕੁੱਝ ਲੱਗਦਿਆਂ ਦੇ ਸਾਹਵੇਂ ਹੀ ਡਹਿ ਪਿਆਂ ਮੇਰੇ ਲਿਮਕੇ ਵਿੱਚ ਪਾ ਕੇ ਪਿਆਏ ਕਾਲੇ ਲੂਣ
ਨੂੰ ਤਾਂ ਹਰਾਮ ਨਾ ਕਰ”।
ਬਾਬੇ ਹੁੱਝ ਮਾਰੀ, “ਸਾਧਾ! ਤੇਰੀਆਂ ਤਾਂ ਯਾਰ ਪੌ ਬਾਰਾਂ ਇਹ ਮਾਜਰਾ ਕੀ ਏ?
ਬਾਬੇ ਨੂੰ ‘ਸੰਤ’ ਨੇ ਦੱਸਿਆ ਕਿ ਬਾਬਾ ਲੋਕ ਕਮਲੇ ਨੇ ਅਸੀਂ ਕੀ ਕਰੀਏ। ਇਹ ਫੁੱਲੀਆਂ ਨਾ ਪਾਈਏ ਤਾਂ
ਸਮਝਦੇ ਸੰਤ ਵਿੱਚ ਹੈ ਨੀ ਕੱਖ ਵੀ ਤੇ ਹੋਰ ਕਿਸੇ ਦੇ ਜਾ ਵੜਦੇ। ਤੈਨੂੰ ਪਤੈ ਸੰਤਾਂ ਵਿੱਚ ਵੀ
ਮੁਕਾਬਲਾ ਅਸੀਂ ਅਪਣੇ ਗਾਹਕ ਖਰਾਬ ਕਰਕੇ ਦੂਜੇ ਨੂੰ ਕਿਉਂ ਦੇਈਏ। ਲੋਕ ਖੁਸ਼ ਤੇ ਰੱਬ ਖੁਸ਼, ਰੱਬ ਖੁਸ਼
ਤੇ ਸੰਤ ਖੁਸ਼, ਸੰਤ ਖੁਸ਼ ਤੇ ਲੋਕ ਖੁਸ਼! ‘ਸੰਤ’ ਤਾੜੀ ਮਾਰ ਕੇ ਖੂਭ ਹੱਸਿਆ।
ਪਰ ਤੂੰ ਇੰਨੀ ਤਰੱਕੀ ਕੀਤੀ ਕਿਵੇਂ? ਬਾਬਾ ਫੌਜਾ ਸਿੰਘ ‘ਸੰਤ’ ਦੇ ਸ਼ਾਹੀ ਠਾਠ ਦੇਖ ਹਾਲੇ ਵੀ ਹੈਰਾਨ
ਸੀ। ਬਾਬਾ ਫੌਜਾ ਸਿੰਘ ‘ਸੰਤ’ ਦਾ ਪੇਂਡੂੰ ਸੀ ਤੇ ਉਹ ਛੋਟੇ ਹੁੰਦੇ ਇਕੱਠੇ ਹੀ ਮਿਡਲ ਸਕੂਲੇ ਨਾਲ
ਵਾਲੇ ਪਿੰਡ ਜਾਂਦੇ ਸਨ। ‘ਸੰਤ’ ਦਾ ਗਰੀਬ ‘ਮਹਿਰਿਆਂ’ ਦਾ ਟੱਬਰ ਹੋਣ ਕਾਰਨ ਸਾਇਕਲ ਬਾਬੇ ਫੌਜਾ
ਸਿੰਘ ਵਾਲਾ ਰੇਲੂ ਹੀ ਵਰਤਦੇ ਸਨ। ਬਾਬਾ ਸਾਇਕਲ ਦੇ ਮਾਣ ਵਿੱਚ ਰੇਲੂ ‘ਸੰਤ’ ਤੋਂ ਹੀ ਖਿਚਵਾਇਆ
ਕਰਦਾ ਸੀ। ਉਂਝ ਵੀ ਜਿਹੜੀ ਸ਼ਰਤ ਬਾਬੇ ਨੇ ਮਨਵਾਉਂਣੀ ਹੁੰਦੀ ਉਹ ਸਾਇਕਲ ਦੇ ਜੋਰ ਮਨਵਾ ਲਿਆ ਕਰਦਾ
ਸੀ। ਬਾਬਾ ਇਸੇ ਲਈ ਹੈਰਾਨ ਸੀ ਕਿ ਇਸ ਕੋਲੇ ਕਿਹੜੀ ‘ਗਿਦੜਸਿੰਗੀ’ ਹੈ ਜਿਸ ਨਾਲ ਇਹ ਇਥੇ ਬੈਠਾ ਹੈ।
ਬਾਬੇ ਦੇ ਸਵਾਲ ਤੇ ‘ਸੰਤ’ ਫਿਰ ਹੱਸਿਆ ਤੇ ਆਖਣ ਲੱਗਾ ਕਿ ਬਾਬਾ! ਏਸ ਅੱਜ ਦੇ ਧੁੰਦੂਕਾਰ ਵਿੱਚ
ਤਰੱਕੀ ਕਰਨੀ ਕੋਈ ਔਖੀ ਨਹੀ ਸਿਰਫ ਤੁਹਾਨੂੰ ਸੌਦਾ ਵੇਚਣ ਦੀ ਜਾਚ ਹੋਣੀ ਚਾਹੀਦੀ। ਉਸ ਬਾਬੇ ਨੂੰ
ਪੁੱਛਿਆ ਕਿ ਬਾਬਾ ਦੱਸ ਆਹ ਸੇਬ ਦੀ ਭਲਾ ਕੀ ਕੀਮਤ ਹੈ?
ਬਾਬਾ ਉਸ ਦਾ ਮੱਤਲਬ ਨਾ ਸਮਝਿਆ ਤੇ ਆਖਣ ਲੱਗਾ ਹੋਊ ਕੋਈ 2-4 ਜਾਂ 5-7 ਰੁਪਏ।
‘ਸੰਤ’ ਫਿਰ ਹੱਸਿਆ! ਬਾਬਿਓ ਇਹ ਮੈ 5 ਤੋਂ 700 ਰੁਪਏ ਦਾ ਤਾਂ ਆਮ ਵੇਚਦਾ ਹਾਂ ਪਰ ਕਈ ਵਾਰ ਹਜਾਰਾਂ
ਤੇ ਕਈ ਵਾਰੀ ਲੱਖਾਂ ਦਾ ਵੀ!
ਬਾਬੇ ਦਾ ਹੈਰਾਨੀ ਨਾਲ ਮੂੰਹ ਅੱਡਿਆ ਗਿਆ। ‘ਸੰਤ’ ਨੇ ਉਸ ਦੀ ਹੈਰਾਨੀ ਦੂਰ ਕਰਦਿਆਂ ਦੱਸਿਆ ਕਿ ਦੇਖ
ਬਾਬਾ! ਸਾਡੇ ਸਮਾਜ ਨੂੰ ਮੁੰਡੇ ਹੋਣ ਦੀ ਬਹੁਤ ਮਾਰ ਵਗੀ ਹੈ। ਹਰੇਕ ਮੁੰਡਾ ਮੰਗਣ ਆਏ ਨੂੰ ਇਹ ਇੱਕ
ਸੇਬ ਦੇ ਦਈਦਾ ਹੈ। ਉਹ 5 ਸੌ ਤੋਂ ਘੱਟ ਤਾਂ ਕੋਈ ਰੱਖਦਾ ਨਹੀ ਕਈ ਜਿਆਦਾ ਵੀ ਰੱਖ ਜਾਂਦੇ ਹਨ। ਇਦਾਂ
ਦੇ ਗਾਹਕ ਮਹੀਨੇ ਵਿੱਚ 20 ਕੁ ਤਾਂ ਆ ਹੀ ਜਾਂਦੇ ਹਨ। ਹਰੇਕ ਮੁੰਡਾ ਮੰਗਣ ਆਇਆ ਪਹਿਲੀ ਵਾਰ ਹੀ ਤਾਂ
ਆਉਂਦਾ ਨਹੀ ਉਹ ਕਰੀਬਨ 2-3 ਕੁੜੀਆਂ ਤੋਂ ਬਾਅਦ ਹੀ ਆਉਂਦਾ ਹੈ। ਉਦੋਂ ਕੁ ਨੂੰ ਉਂਝ ਹੀ ਬਹੁਤੇ
`ਚਾਂਸ’ ਹੁੰਦੇ ਮੁੰਡਾ ਹੋਣ ਦੇ। ਜਿਸ ਦੇ ਨਹੀ ਹੁੰਦਾ ਉਹ ਬਹੁਤਾ ਤਰ ਤਾਂ ਆਂਉਂਦਾ ਹੀ ਨਹੀ ਜੇ ਆਵੇ
ਵੀ ਨਹੀ ਤਾਂ ਉਸ ਦੀ ਕਿਸਮਤ ਮਾੜੀ ਕਹਿ ਕੇ ਟਰਕਾ ਦਈਦਾ ਹੈ। ਵੀਹਾਂ ਵਿਚੋਂ ਅੱਠ ਦੇ ਵੀ ਹੋ ਜਾਣ
ਤਾਂ ਸਾਡੀ ਬੱਲੇ ਬੱਲੇ। 2 ਰੁਪਏ ਸੇਬ ਹੋਇਆ ਕਿ ਨਾ ਹਜਾਰਾਂ ਦਾ। ਤੇ ਕਈ ਵਾਰੇ ਜੇ ਕਿਸੇ ਅਮੀਰ ਦੇ
ਹੋ ਜਾਏ ਤਾਂ ਲੱਖਾਂ ਦਾ ਇੰਝ ਹੁੰਦਾ ਹੈ ਕਿ ਬਾਹਰ ਜਿਹੜੀ ਟੋਇਟਾ ਕਰੋਲਾ ਖੜੀ ਹੈ ਉਹ ਮੇਰੇ ਇਸ ਸੇਬ
ਦੀ ਕਰਾਮਾਤ ਹੈ। ਮੁੰਡਾ ਹੋਇਆ ਅਗਲੇ ਨਵੀ ਕਾਰ ਹੀ ਖੜੀ ਕਰ ਗਏ! ਵਿਕਿਆ ਸੇਬ ਲੱਖਾਂ ਦਾ ਕਿ ਨਾ?
ਬਾਬੇ ਦਾ ਦਿਲ ਕੀਤਾ ਸਾਧ ਦਾ ਗਲ ਘੁੱਟ ਦਿਆਂ ਪਰ ਉਨਾਂ ਚਿਰ ਨੂੰ ਬਾਹਰੋਂ ਸੇਵਕ ਨੇ ਦਰਵਾਜਾ
ਖੜਕਾਇਆ ਉਸ ਦੇ ਹੱਥ ਵਿੱਚ ਚਾਹ ਦੀ ਟਰੇਅ ਤੇ ਤਰ੍ਹਾਂ ਦੀਆਂ ਮਠਿਆਈਆਂ ਦੀਆਂ ਪਲੇਟਾ ਅਤੇ ਵੰਨ
ਸੁਵੰਨੇ ਨਮਕੀਨ ਫੜੇ ਹੋਏ ਸਨ ਜਿਹੜੇ ਸ਼ਾਇਦ ਸੇਬਾਂ ਦੀ ਕਮਾਈ ਵਿਚੋਂ ਆਏ ਸਨ…?
ਜੂਨ 84 ਸਬੰਧੀ ਬੱਚਿਆਂ ਦੇ ਸਪੀਚ ਮੁਕਾਬਲੇ।
ਪੰਜਾਬ ਗਾਰਡੀਅਨ ਬਿਉਰੋ/ਜੂਨ: 1984 ਦੇ ਹੋਏ ਸਿੱਖ ਕਤਲੇਆਮ ਅਤੇ ਦਰਬਰਾ ਸਾਹਿਬ ਅੰਮ੍ਰਤਿਸਰ ਸਾਹਿਬ
ਵਿਖੇ ਹੋਏ ਹਿੰਦੂ ਫੌਜੀ ਹਮਲੇ ਸਬੰਧੀ ਗੁਰੁਦਆਰਾ ਸਿੱਖ ਲਹਿਰ ਸੈਂਟਰ ਨੂੰ ਨਿਵੇਕਲੀ ਰੰਗਤ ਦਿੰਦਿਆਂ
ਨੌਜਵਾਨ ਬੱਚਿਆਂ ਬੱਚੀਆਂ ਦੇ ਭਾਂਸ਼ਨ ਮੁਕਾਬਲੇ ਕਰਾਏ ਗਏ ਜਿਹੜੇ ਅਪਣੇ ਆਪ ਵਿੱਚ ਹੀ ਇਤਿਹਾਸਕ ਹੋ
ਨਿਬੜੇ। ਇਨ੍ਹਾਂ ਮੁਕਾਬਲਿਆਂ ਵਿੱਚ ਬੱਚਿਆਂ ਨੂੰ ਉਤਸ਼ਾਹਤ ਕਰਨ ਵਾਸਤੇ ਜੂਨੂਅਰ ਅਤੇ ਸੀਨੀਅਰ
ਬੱਚਿਆਂ ਲਈ ਪਹਿਲੇ ਅਤੇ ਦੂਜੇ ਨੰਬਰ ਤੇ ਆਉਂਣ ਵਾਲਿਆਂ ਲਈ ਲੈਪਟੌਪ ਅਤੇ ਡੀਜੀਟਲ ਕੈਮਰੇ ਇਨਾਮ
ਵਜੋਂ ਰੱਖੇ ਗਏ ਸਨ ਤਾਂ ਕਿ ਬੱਚੇ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਇਸ ਮੁਕਾਬਲੇ ਵਿੱਚ ਭਾਗ ਲੈਣ। ਬੱਚੇ
ਬੇਸ਼ਕ ਕਾਫੀ ਜਿਆਦਾ ਸਨ ਪਰ ਉਨਾ ਸਾਰਿਆਂ ਵਿਚੋਂ ਸਪੀਚ ਲਈ ‘ਟੌਪ ਟੈਨ’ ਬੱਚੇ ਚੁਣੇ ਗਏ ਸਨ ਜੀਹਨਾ
ਜੂਨ 84 ਉਪਰ ਲਿਖੇ ਹੋਏ ਅਪਣੇ ਪੇਪਰ ਬਹੁਤ ਪ੍ਰਭਾਵਸ਼ਾਲੀ ਅੰਦਾਜ ਵਿੱਚ ਪੜੇ।
ਜੈਨੀਅਰ ਟੀਮ ਵਿਚੋਂ ਦੂਜੇ ਨੰਬਰ ਤੇ ਆਉਂਣ ਵਾਲੀ 11 ਸਾਲ ਦੀ ਅਸ਼ੰਤਰਪ੍ਰੀਤ ਕੌਰ ਨਾਂ ਦੀ ਬੱਚੀ ਨੇ
ਅਪਣੀ ਸਾਰੀ ਸਪੀਚ ਪੰਜਾਬੀ ਵਿੱਚ ਕੀਤੀ ਅਤੇ ਹੋਰ ਵਿਲਖਣਾ ਇਹ ਕਿ ਕੀਤੀ ਵੀ ਮੂੰਹ ਜੁਬਾਨੀ।
ਗੁਰਦੇਵ ਸਿੰਘ ਸੱਧੇਵਾਲੀਆ