.

ਆਓ ਵੇਖੀਏ ਕਿ ਕਿੰਤੂ ਪ੍ਰੰਤੂ ਕੌਣ ਕਰਦਾ ਹੈ?

ਗੁਰਮੱਤੀਏ ਸਿੱਖ ਜਾਂ ਸਾਧ ਬਾਬੇ

ਪ੍ਰੋ: ਸੁਖਵਿੰਦਰ ਸਿੰਘ ਦਦੇਹਰ

ਅੱਜ ਦੇ ਸਮੇਂ ਅੰਦਰ ਸਿੱਖ ਧਰਮ ਵਿੱਚ ਕਿੰਤੂ ਪ੍ਰੰਤੂ ਬਹੁਤ ਜਿਅਦਾ ਹੈ। ਕਿੰਤੂ ਪ੍ਰੰਤੂ ਕਰਨਾ ਸਿਆਨਪ ਨਹੀਂ ਹੈ। ਆਪਣੇ ਆਪ ਨੂੰ ਸਿੱਖ ਵੀ ਅਖਵਾਉਣਾ ਤੇ ਕਿੰਤੂ ਪ੍ਰੰਤੂ ਵੀ ਕਰਨਾ ਦੋਵੇਂ ਗੱਲਾਂ ਆਪਸ ਵਿੱਚ ਮੇਲ ਨਹੀਂ ਖਾਂਦੀਆਂ। ਸੱਚ ਅਤੇ ਅਸਲੀਅਤ ਨਾਲ ਨਾ ਖਲੋਣਾ ਹੋਰ ਹੋਰ ਵਹਿਮ ਭਰਮ ਤੇ ਢੁੱਚਰਾਂ ਖੜੀਆਂ ਕਰੀ ਜਾਣੀਆਂ, ਅਸਲੀਅਤ ਤੋ ਉਲਟ ਕੀਤੇ ਕੰਮ ਹੀ ਅਸਲ ਕਿੰਤੂ ਪ੍ਰੰਤੂ ਹੈ। ਗੁਰਬਾਣੀ ਦੀ ਰੌਸ਼ਨੀ ਵਿੱਚ ਬੁਰਾਈਆਂ ਦੇ ਖਿਲਾਫ ਸੁਚੇਤ ਕਰਨਾ ਅਤੇ ਮਾੜੇ ਵਰਤਾਰੇ ਦੇ ਵਿਰੁੱਧ ਖਲੋਣਾ ਕਿੰਤੂ ਪ੍ਰੰਤੂ ਨਹੀਂ ਅਖਵਾਉਂਦਾ ਹੈ। ਆਮ ਸਿੱਖ ਸੰਗਤ ਦੀ ਇੱਕ ਸੁਰ ਇਹ ਅਵਾਜ਼ ਹੈ ਕਿ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ। ਇਸ ਤੋਂ ਬਾਅਦ ਇੱਕ ਗੱਲ ਹੋਰ ਪ੍ਰਚਲਿਤ ਹੈ ਵਾਦ ਵਿਵਾਦ ਬਹੁਤ ਹੈ ਜਾਂ ਸ਼ਬਦ ਵਰਤਦੇ ਹਾਂ ਬਖੇੜੇ ਬੜੇ ਨੇ ਸਾਡੇ ਧਰਮ ਵਿੱਚ। ਹੁਣ ਇਸ ਪ੍ਰਤੀ ਵੀ ਸਿੱਖ ਸੰਗਤ ਦੀ ਰਾਇ ਏਹੋ ਹੈ ਕਿ ਕੋਈ ਵਾਦ ਵਿਵਾਦ ਨਹੀਂ ਹੋਣਾ ਚਾਹੀਦਾ ਕੋਈ ਬਖੇੜਾ ਨਹੀਂ ਖੜਾ ਕਰਨਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਤੇ ਤਾਂ ਕਿਸੇ ਨੂੰ ਸ਼ੰਕਾ ਨਹੀਂ ਹੈ ਜੋ ਗਿਆਨ ਗੁਰੂ ਸਾਹਿਬ ਜੀ ਨੇ ਬਖਸ਼ਿਆ ਹੈ ਇਸ ਤੋਂ ਉਤੇ ਹੋਰ ਸਾਡੇ ਕੋਲ ਕੋਈ ਚੀਜ ਨਹੀਂ ਹੈ। ਫਿਰ ਕਿੰਤੂ ਕਿਉਂ ਕੀਤਾ ਜਾਏ? ਬਹੁਤੀਆਂ ਹੋਰ ਗੱਲਾਂ ਮੈਂ ਆਪਣੇ ਵਲੋਂ ਨਹੀਂ ਕਰਨੀਆਂ, ਆਉ ਗੁਰੂਬਾਣੀ ਅਨੁਸਾਰ ਹੀ ਦੇਖਦੇ ਹਾਂ ਕਿ ਕਿੰਤੂ ਪ੍ਰੰਤੂ ਅਸਲ ਵਿੱਚ ਕਰਦਾ ਕੌਣ ਹੈ।

੧. ਰੱਬ ਇੱਕ ਹੈ ਤੇ ਅਜੂਨੀ ਹੈ:--

- ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥ (ਪੰਨਾ ੩੫੦)

-- ਸਾਹਿਬੁ ਮੇਰਾ ਏਕੁ ਹੈ ਅਵਰੁ ਨਹੀ ਭਾਈ॥ --------------------- (ਪੰਨਾ ੪੨੦)

-- ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ॥ ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ॥ (ਪੰਨਾ ੫੦੯)

- - ਭਰਮਿ ਭੂਲੇ ਨਰ ਕਰਤ ਕਚਰਾਇਣ॥ ਜਨਮ ਮਰਣ ਤੇ ਰਹਤ ਨਾਰਾਇਣ॥ ੧॥ ਰਹਾਉ॥ (ਪੰਨਾ ੧੧੩੬)

ਹੁਣ ਗੁਰਬਾਣੀ ਦਾ ਫੈਸਲਾ ਸਾਡੇ ਸਾਹਮਣੇ ਹੈ। ਇਸ ਸ਼ਬਦ ਦੇ ਅਰਥ ਕਰਕੇ ਸਮਾਜ ਨੂੰ ਇਸ ਦੇ ਮੁਤਾਬਿਕ ਤੋਰਨ ਵਾਲਾ ਕਿੰਤੂ ਪ੍ਰੰਤੂ ਖੜਾ ਕਰ ਰਿਹਾ ਹੈ ਜਾਂ ਲੋਕਾਂ ਨੂੰ ਇਸ ਦੇ ਉਲਟ ਸਿਖਿਆ ਦੇਣ ਵਾਲਾ। ਦੁਬਿਧਾ ਖੜੀ ਕੌਣ ਕਰਦਾ ਉਪਰੋਕਤ ਸਿਧਾਂਤ ਤੇ ਖੜਾ ਗੁਰਮਤਿ ਦਾ ਪ੍ਰਚਾਰਕ ਵਿਦਵਾਨ ਜਾਂ ਕਚ ਘਰੜ ਸਾਖੀਆਂ ਸੁਣਾਉਣ ਵਾਲਾ ਬਾਬਾ। ਫੈਸਲਾ ਸੰਗਤ ਕਰੇ। ਇਥੇ ਇਸ ਗੱਲ ਦਾ ਧਿਆਨ ਜਰੂਰ ਰੱਖਣਾ ਹੈ ਕਿ ਦੋ ਗੱਲਾਂ ਨਹੀਂ ਕਿ “ਵੇਖੋ ਜੀ ਇਹ ਵੀ ਠੀਕ ਹੈ, ਪਰ ਉਹ ਵੀ ਠੀਕ ਹੈ” ਗੁਰਮਤਿ ਸਿਧਾਂਤ ਕਦੇ ਵੀ ਨਹੀਂ ਬਦਲਦਾ।

੨. ਗੁਰੂਬਾਣੀ ਹੀ ਗੁਰੂ ਹੈ ਹੋਰ ਕਿਸੇ ਦੇਹਧਾਰੀ ਨੂੰ ਫੋਟੋ ਮੂਰਤੀ ਨੂੰ ਸਿੱਖ ਨਹੀਂ ਮੰਨਦਾ:---

---ਗੁਰੂ ਗੁਰੂ ਗੁਰੁ ਕਰਿ ਮਨ ਮੋਰ॥ ਗੁਰੂ ਬਿਨਾ ਮੈ ਨਾਹੀ ਹੋਰ॥ - (ਪੰਨਾ ੮੬੪)

---ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ॥

ਪਾਵੈ ਮੁਕਤਿ ਨ ਹੋਰ ਥੈ ਕੋਈ ਪੁਛਹੁ ਬਿਬੇਕੀਆ ਜਾਏ॥ (ਪੰਨਾ ੯੨੦)

---ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥

ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ ੫॥ - (ਪੰਨਾ ੯੮੨)

ਗੁਰੁ ਗ੍ਰੰਥ ਸਾਹਿਬ ਜੀ ਦੇ ਬਰਾਬਰ ਬਹਿ ਕੇ ਆਪਣੇ ਆਪ ਨੂੰ ਮੱਥੇ ਟਿਕਵਾਣੇ ਤੇ ਗੁਰੁ ਦੀ ਬਾਣੀ ਛੱਡ ਕੇ ਆਪਣੀਆਂ ਧਾਰਨਾਂ ਜਾਂ ਗੁਰਬਾਣੀ ਦੀ ਤੋੜ ਮਰੋੜ ਕਰਨੀ ਕੀ ਆਪਣੇ ਆਪ ਨੂੰ ਗੁਰੂ ਦੇ ਬਰਾਬਰ ਜਤਾਉਣ ਦਾ ਹੀ ਉਪਰਾਲਾ ਨਹੀਂ ਹੈ। ਅਸੀਂ ਵੀ ਗੁਰਬਾਣੀ ਤਾਂ ਬਹੁਤੀ ਵਾਰ ਪੜੀ ਹੀ ਨਹੀਂ ਜੇ ਪੜੀ ਵੀ ਤਾਂ ਆਪਣੇ ਬਾਬੇ ਨੂੰ ਹੀ ਬਾਣੀ ਦੇ ਸ਼ਬਦਾਂ ਰਾਹੀਂ ਦੇਖਦੇ ਰਹੇ। ਕੋਈ ਕਿੰਨਾ ਵੀ ਮਹਾਨ ਹੋਵੇ ਪੂਜਾ ਕਿਸੇ ਦੀ ਵੀ ਨਹੀਂ ਹੋਣੀ ਚਾਹੀਦੀ। ਫੋਟੋਆਂ ਬਾਬਿਆਂ ਦੀਆਂ, ਗੁਰੂ ਸਾਹਿਬ ਜੀ ਦੀਆਂ ਫੋਟੋਆਂ, ਸਾਡੇ ਘਰਾਂ ਵਿੱਚ ਤੇ ਉਹਨਾਂ ਸਾਹਮਣੇ ਜਗਦੀਆ ਜੋਤਾਂ ਤੇ ਧੂਫਾਂ ਗੁਰਬਾਣੀ ਦੇ ਉਪਦੇਸ਼ ਦੇ ਉਲਟ ਸਾਨੂੰ ਕੌਣ ਦੇ ਗਿਆ। ਜੇ ਲੋਕ ਭਲਾਈ ਦਾ ਮਸਲਾ ਹੈ ਤਾਂ ਬਾਕੀ ਖੇਤਰਾਂ ਵਿੱਚ ਵੀ ਸਾਰੇ ਬੇਈਮਾਨ ਤੇ ਵਿਗੜੇ ਬੰਦੇ ਨਹੀਂ ਹਨ। ਰਾਜਨੀਤਿਕ ਸਮਾਜਿਕ ਧਾਰਮਿਕ ਆਦਿਕ ਥਾਵਾਂ ਤੇ ਵੀ ਕਈ ਬਹੁਤ ਚੰਗੇ ਬੰਦੇ ਹਨ ਉਹ ਆਪਣੀ ਪੂਜਾ ਕਦੀ ਵੀ ਨਹੀਂ ਕਰਵਾਉਂਦੇ ਵੇਖੇ ਗਏ। ਕਿਉਂਕਿ ਉਹ ਕਿਸੇ ਭੇਖ ਨਾਲ ਨਹੀਂ ਜੁੜੇ। ਕਿਉਂਕਿ ਐਸੇ ਬੰਦਿਆਂ ਨੇ ਅਪਣੀ ਬਣਦੀ ਜਿੰਮੇਵਾਰੀ ਨਿਭਾਈ ਹੈ ਕਿਸੇ ਸਿਰ ਅਹਿਸਾਨ ਨਹੀਂ ਕੀਤਾ ਪਰ ਇਸ ਦੇ ਉਲਟ ਸਾਧ ਬਾਬੇ ਲੋਕਾਂ ਦੇ ਦਿਲਾਂ ਵਿੱਚ ਇਹ ਗੱਲ ਪਾ ਚੁੱਕੇ ਹਨ ਕਿ ਅਸੀਂ ਨਾਮ ਨਾ ਜਪਦੇ ਜਾਂ ਤੁਹਾਡਾ ਭਲਾ ਨਾ ਕਰਦੇ ਤਾਂ ਸਭ ਕੁੱਝ ਗਰਕ ਜਾਣਾ ਸੀ। ਦੁਬਿਧਾ ਜਾਂ ਕਿੰਤੂ ਪ੍ਰੰਤੂ ਕੌਣ ਪੈਦਾ ਕਰਦਾ ਹੈ ਜੋ ਉਪਰੋਕਤ ਤੋਂ ਉਲਟ ਚਲਦਾ ਤੇ ਸੁਣਦਾ ਸੁਣਾਉਂਦਾ ਹੈ ਜਾਂ ਲੋਕਾਂ ਨੂੰ ਇਸ ਦੇ ਮੁਤਾਬਿਕ ਤੁਰਨ ਵਾਸਤੇ ਕਹਿਣ ਵਾਲਾ। ਜਰਾ ਸੋਚੋ ਜੀ।

੩. ਗੁਰਮਤਿ ਵਿੱਚ ਤੀਰਥ:------

--ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ॥

ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ॥ ੨॥ - (ਪੰਨਾ ੪੮੪)

--ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ॥ - (ਪੰਨਾ ੫੫੮)

--ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥ - (ਪੰਨਾ ੬੮੭)

ਹੁਣ ਦੇਖੋ ਕਿੰਤੂ ਪ੍ਰੰਤੂ ਕੌਣ ਪੈਦਾ ਕਰਦਾ ਜੋ ਗੁਰਬਾਣੀ ਦੇ ਉਪਰੋਕਤ ਸਿਧਾਂਤਾਂ ਦੀ ਵਿਆਖਿਆ ਕਰਨ ਵਾਲਾ ਜਾਂ ਇਸਦੇ ਉੱਲਟ ਮੱਸਿਆ ਪੁੰਨਿਆਂ ਦੇ ਤੀਰਥਾਂ ਦੇ ਇਸ਼ਨਾਨਾਂ ਦੇ ਜੰਜਾਲ ਵਿੱਚ ਫਸਾਉਣ ਵਾਲਾ। ਜਰਾ ਸੋਚ ਕੇ ਜੀ।

੪. ਗੁਰਮਤਿ ਵਿੱਚ ਮਾਲਾ:---

---ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ॥ ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ॥ - (ਪੰਨਾ ੧੩੬੮)

--ਕਬੀਰ ਬੈਸਨੋ ਹੂਆ ਤ ਕਿਆ ਭਇਆ ਮਾਲਾ ਮੇਲੀਂ ਚਾਰਿ॥ ਬਾਹਰਿ ਕੰਚਨੁ ਬਾਰਹਾ ਭੀਤਰਿ ਭਰੀ ਭੰਗਾਰ॥ - (ਪੰਨਾ ੧੩੭੨)

ਹੁਣ ਦੇਖੋ ਵਾਦ ਵਿਵਾਦ ਕੌਣ ਪੈਦਾ ਕਰਦਾ ਹੈ, ਕਿੰਤੂ ਪ੍ਰੰਤੂ ਪੈਦਾ ਕਿਸਨੇ ਕੀਤਾ ਮਾਲਾ ਫੇਰਨ ਵਾਲੇ ਨੇ ਜਾਂ ਮਾਲਾ ਤੋਂ ਹਟਾਉਣ ਵਾਲੇ ਨੇ। ਜਰਾ ਗੁਰਮਤਿ ਸਮਝ ਕੇ ਫੇਸਲਾ ਲੈਣਾ ਜੀ।

੫. ਗੁਰਸਿੱਖੀ ਜੀਵਨ ਪ੍ਰਵਾਨ ਜਾਂ ਭੇਖ:---

--ਗੁਰਸਿਖ ਮੀਤ ਚਲਹੁ ਗੁਰ ਚਾਲੀ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ॥ ਰਹਾਉ॥ - (ਪੰਨਾ ੬੬੭)

---ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ॥ - (ਪੰਨਾ ੪੮੮)

---ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ॥ - (ਪੰਨਾ ੫੯੮)

---ਮਾਥੇ ਤਿਲਕੁ ਹਥਿ ਮਾਲਾ ਬਾਨਾਂ॥ ਲੋਗਨ ਰਾਮੁ ਖਿਲਉਨਾ ਜਾਨਾਂ॥ ੧॥ - (ਪੰਨਾ ੧੧੫੮)

ਗੁਰਮਤਿ ਅਨੁਸਾਰ ਗੁਣਾਂ ਵਾਲਾ ਜੀਵਨ ਜਿਉਣ ਵੱਲ ਪ੍ਰੇਰਣਾ ਕਰਨ ਵਾਲਾ ਜਾਂ ਭੇਖ ਨਾਲ ਜੋੜ ਕੇ ਬਾਹਰੋਂ ਕੁੱਝ ਹੋਰ ਤੇ ਅੰਦਰੋਂ ਕੁੱਝ ਹੋਰ ਵੱਲ ਧੱਕ ਦੇਵੇ। ਕਰਨੀ ਕਥਨੀ ਇੱਕ ਹੋਵੇ, ਇਹੋ ਹੀ ਬਾਣੀ ਬਾਣਾ ਬਣੇ, ਕਿਸੇ ਲਿਬਾਸ ਜਾਂ ਚਿੰਨਾ ਦਾ ਨਾ ਧਰਮ ਨਹੀਂ ਹੈ। ਭੇਖ ਪਾ ਕੇ ਫਿਰਨ ਵਾਲਾ ਕਿੰਤੂ ਪ੍ਰੰਤੂ ਕਰਦਾ ਹੈ ਜਾਂ ਭੇਖ ਰਹਿਤ ਹੋ ਕੇ ਗੁਣਾਂ ਵਾਲੀ ਜਿੰਦਗੀ ਜਿਉਣ ਲਈ ਆਖਣ ਵਾਲਾ। ਗੁਰਬਾਣੀ ਸਮਝ ਕੇ ਅੱਗੇ ਤੁਰਿਓ ਜੇ।

੬. ਗੁਰਮਤਿ ਅਤੇ ਕਰਮਕਾਂਡ ਵਹਿਮ ਭਰਮ ਪਖੰਡ:---

ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥ - (ਪੰਨਾ ੭੪੭)

ਰਾਮ ਨਾਮੁ ਜੋ ਜਨੁ ਜਪੈ ਅਨਦਿਨੁ ਸਦ ਜਾਗੈ॥ ਤੰਤੁ ਮੰਤੁ ਨਹ ਜੋਹਈ ਤਿਤੁ ਚਾਖੁ ਨ ਲਾਗੈ॥ ੧॥ ਰਹਾਉ॥ - (ਪੰਨਾ ੮੧੭)

ਪਾਖੰਡਿ ਭਗਤਿ ਨ ਹੋਵਈ ਦੁਬਿਧਾ ਬੋਲੁ ਖੁਆਰੁ॥ - (ਪੰਨਾ ੨੮)

ਫਿਰਿ ਪਛੁਤਾਵਹਿਗਾ ਮੂੜਿਆ ਤੂੰ ਕਵਨ ਕੁਮਤਿ ਭ੍ਰਮਿ ਲਾਗਾ॥ - (ਪੰਨਾ ੯੩)

ਗੁਰਬਾਣੀ ਕਿਸੇ ਵਹਿਮ ਭਰਮ ਪਖੰਡ ਨੂੰ ਪਰਵਾਨ ਨਹੀਂ ਕਰਦੀ। ਗੁਰਬਾਣੀ ਦੇ ਮੁਤਾਬਿਕ ਵਿਆਖਿਆ ਕਰਨ ਵਾਲਾ ਦੁਬਿਧਾ ਪੈਦਾ ਕਰਦਾ ਜਾਂ ਸੁੱਖਣਾ ਸੁੱਖਣ, ਮੱਸਿਆ ਪੂਰਨਮਾਸੀਆ ਦੇ ਇਸ਼ਨਾਨਾਂ ਰਾਹੀਂ ਦੇਹ ਅਰੋਗਤਾ ਦੇ ਭਰਮ ਪੈਦਾ ਕਰਨ ਪਾਠਾਂ ਦੀਆਂ ਵਿਧੀਆਂ ਦੇ ਭਰਮ, ਅੱਖਾਂ ਮੀਟਣ ਤੋਂ ਲੈ ਕੇ ਵੰਨ ਸੁਵੰਨੇ ਪਖੰਡ ਕਰਵਾਉਣ ਵਾਲਾ ਦੁਬਿਧਾ ਤੇ ਕਿੰਤੂ ਪ੍ਰੰਤੂ ਪੈਦਾ ਕਰ ਰਿਹਾ ਹੈ। ਜਰਾ ਸੋਚੋ ਜੀ।

੭. ਗੁਰਬਾਣੀ ਦਾ ਪਾਠ ਕਰਵਾਉਣਾ ਜਾਂ ਥੋੜਾ ਥੋੜਾ ਆਪ ਕਰਨਾ ਚਾਹੀਦਾ ਹੈ:-

ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ॥ (ਪੰਨਾ ੯੨੦)

ਗੁਰਬਾਣੀ ਗਾਵਹ ਭਾਈ॥ ਓਹ ਸਫਲ ਸਦਾ ਸੁਖਦਾਈ॥ (ਪੰਨਾ ੬੨੮)

ਪ੍ਰਭ ਬਾਣੀ ਸਬਦੁ ਸੁਭਾਖਿਆ॥ ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰ ਪੂਰੈ ਤੂ ਰਾਖਿਆ॥ ਰਹਾਉ॥ (ਪੰਨਾ ੬੧੧)

ਹੁਣ ਗੁਰਬਾਣੀ ਤਾਂ ਹਮੇਸ਼ਾਂ ਹੀ ਆਪ ਪੜਨੀ ਚਾਹੀਦੀ ਹੈ ਭਾਵੇਂ ਥੋੜੀ ਥੋੜੀ ਹੀ ਰੋਜ਼ ਪੜੀ ਜਾਵੇ। ਕਿਉਕਿ ਗੁਰਬਾਣੀ ਕੋਈ ਵਿਖਾਵਾ, ਕਰਮਕਾਂਡ, ਜਾਂ ਕੇਵਲ ਰਸਮਾਂ ਦੀ ਪੂਰਤੀ ਲਈ ਨਹੀਂ ਸਾਡੀ ਜੀਵਨ ਜਾਚ ਦਾ ਖਜ਼ਾਨਾ ਹੈ। ਉਪਰੋਕਤ ਅਤੇ ਹੋਰ ਬੇਅੰਤ ਸ਼ਬਦ ਮੌਜੂਦ ਹਨ ਜਿਨਾਂ ਵਿੱਚ ਇਹੀ ਹਦਾਇਤਾਂ ਹਨ ਕਿ ਗੁਰਬਾਣੀ ਪੜਨੀ ਚਾਹੀਦੀ ਹੈ ਨਾ ਕਿ ਬਿਨਾ ਸੁਣੇ ਬਿਨਾਂ ਮੰਨੇ ਪੈਸੇ ਦੇ ਕੇ ਪੜਾਉਣੀ ਚਾਹੀਦੀ ਹੈ। ਹੁਣ ਕਿੰਤੂ ਪ੍ਰੰਤੂ ਕੌਣ ਦਾ ਪੈਦਾ ਕੌਣ ਕਰਦਾ ਹੈ ਜਿਹੜਾ ਗੁਰਬਾਣੀ ਤੋਂ ਉਲਟ ਚਲਦਾ ਜਾਂ ਜਿਹੜਾ ਕਹਿੰਦਾ ਬਾਣੀ ਆਪ ਸਮਝ ਸਮਝ ਕੇ ਆਪ ਪੜੋ।

੮. ਦਿਨ ਵਾਰ ਮਹੀਨਾ ਕੋਈ ਮਾੜਾ ਨਹੀਂ ਹੈ:-

ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ॥ (ਪੰਨਾ ੩੧੮)

ਸਤਿਗੁਰ ਬਾਝਹੁ ਅੰਧੁ ਗੁਬਾਰੁ॥ ਥਿਤੀ ਵਾਰ ਸੇਵਹਿ ਮੁਗਧ ਗਵਾਰ॥ (ਪੰਨਾ ੮੪੩)

ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ॥ (ਪੰਨਾ ੧੩੬)

ਹੁਣ ਗੁਰਬਾਣੀ ਦਾ ਫੈਸਲਾ ਪ੍ਰਤੱਖ ਹੈ ਇਸ ਫੈਸਲੇ ਨੂੰ ਮੰਨਣਾ ਚਾਹੀਦਾ ਹੈ ਜਾਂ ਆਪੋ ਧਾਪੀ ਹੋ ਕੇ ਮਨਮਰਜੀਆਂ ਕਰਦਿਆਂ ਵੇਖਾ ਵੇਖੀ ਮੱਸਿਆ ਪੁਨਿਆਂ ਸੰਗਰਾਂਦਾਂ ਦੇ ਦਿਨਾ ਵਾਰਾਂ ਦੇ ਭਰਮ ਭੁਲੇਖਿਆਂ ਵਿੱਚ ਫੱਸਣਾ ਚਾਹੀਦਾ ਹੈ। ਜੇ ਤਾਂ ਗੁਰਬਾਣੀ ਦੇ ਸਿੱਖ ਦਿਲੋਂ ਹਾਂ ਤਾਂ ਸਾਨੂੰ ਗੁਰਬਾਣੀ ਤੇ ਹੀ ਯਕੀਨ ਕਰਦਿਆਂ ਤਿਆਗਣਾ ਦੇਣਾ ਚਾਹੀਦਾ ਹੈ ਮਨਾ, ਘਰਾਂ, ਗੁਰਦਵਾਰਿਆਂ, ਤੇ ਸਮਾਜ ਵਿੱਚੋਂ ਇਹੋ ਜਿਹਾ ਭਰਮ। ਨਾਲ ਨਾਲ ਇਹ ਵੀ ਸੋਚਣਾ ਹੈ ਕਿੰਤੂ ਪ੍ਰੰਤੂ ਅੱਜ ਤੱਕ ਕੌਣ ਕਰਦਾ ਰਿਹਾ ਜਿਹੜਾ ਦਿਨਾਂ ਵਾਰਾਂ ਦੇ ਪਵਿਤਰ ਦਿਹਾੜੇ ਮੰਨਾਉਂਦਾ ਸੀ ਜਾਂ ਜਿਹੜਾ ਗੁਰਬਾਣੀ ਦੀ ਸੋਚ ਦ੍ਰਿੜ ਕਰਵਾਉਂਦਾ ਸੀ।

੯. ਕੌਮੀ ਏਕਤਾ ਜਰੂਰੀ ਹੈ:-

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥

ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥ (ਪੰਨਾ ੧੧੮੫)

ਬੇਗਮ ਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹੁ ਨਹੀ ਤਿਹਿ ਠਾਉ॥ (ਪੰਨਾ ੩੪੫)

ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ (ਪੰਨਾ ੧੨੯੯)

ਏਕਤਾ ਬਹੁਤ ਵੱਡਾ ਉਪਕਾਰ ਹੈ ਗੁਰੂ ਸਾਹਿਬ ਜੀ ਦਾ, ਕਿਸੇ ਨਾਲ ਵੀ ਨਫਰਤ ਜਾਂ ਮਾੜਾ ਸਲੂਕ ਨਾ ਹੋਵੇ ਉਪਰੋਕਤ ਪੂਰੇ ਸ਼ਬਦ ਵੀ ਪੜੇ ਜਾ ਸਕਦੇ ਹਨ ਜੋ ਸਾਨੂੰ ਸਭ ਨੂੰ ਮਿਲ ਬੈਠਣ ਏਕਤਾ ਵਿੱਚ ਰਹਿਣ ਤੇ ਜੇ ਕਿਸੇ ਗਲ ਤੇ ਦੁਬਿਧਾ ਵੀ ਹੈ ਤਾਂ ਗੁਰਬਾਣੀ ਦੀ ਰੌਸ਼ਨੀ ਵਿੱਚ ਵਿਚਾਰ ਕੇ ਦੂਰ ਕਰ ਲੈਣ ਦਾ ਵੀ ਉਪਦੇਸ਼ ਦਿੰਦੇ ਹਨ। ਹਰ ਕੌਮ ਨੇ ਆਪਣੇ ਆਪਣੇ ਖੇਤਰਾਂ ਇਲਾਕਿਆਂ ਤੇ ਲੋਕਾਂ ਦੀਆਂ ਸਹੂਲਤਾਂ ਅਤੇ ਅਜ਼ਾਦ ਕੌਮੀ ਹਸਤੀ ਲਈ ਆਪੋ ਆਪਣੇ ਵਿਧੀ ਵਿਧਾਨ ਨਿਸਚਿੱਤ ਕੀਤੇ ਹਨ। ਫਿਰ ਸਿਖ ਕੌਮ ਦਾ ਆਪਣਾ ਨਾਨਕਸ਼ਾਹੀ ਕੈਲੰਡਰ, ਇੱਕ ਪੰਥਕ ਮਰਿਯਾਦਾ, ਰਸਮੋ ਰਿਵਾਜ ਇਕੋ ਜਿਹੇ, ਕਿਉਂ ਨਾ ਹੋਣ। ਕਿੰਤੂ ਪ੍ਰੰਤੂ ਕਿਉਂ ਕੀਤਾ ਜਾਏ। ਸਾਂਝੀ ਵਿਚਾਰਧਾਰਾ ਬਣਾਉਣ ਲਈ ਯਤਨ ਕਰਦੇ ਰਹਿਣਾ ਚਾਹੀਦਾ ਹੈ। ਗੁਰਬਾਣੀ ਵਾਲਾ ਸਭਿਆਚਾਰ ਬਣਾਈਏ ਨਾ ਕਿ ਲੋਕਾਂ ਦਾ ਨਿਸਚਿਤ ਕੀਤਾ ਗੁਰਬਾਣੀ ਦੇ ਉਲਟ ਰੀਤਾਂ ਰਸਮਾਂ ਅਪਣਾਈਏ।

੧੦. ਗੁਰੂ ਸਾਹਿਬ ਵੱਲੋਂ ਗ੍ਰਿਹਸਤੀ ਜੀਵਨ ਨੂੰ ਪ੍ਰਵਾਨਗੀ ਹੈ:-

ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ॥ (ਪੰਨਾ ੪੬੯)

ਸੋ ਗਿਰਹੀ ਜੋ ਨਿਗ੍ਰਹੁ ਕਰੈ॥ ਜਪੁ ਤਪੁ ਸੰਜਮੁ ਭੀਖਿਆ ਕਰੈ॥

ਪੁੰਨ ਦਾਨ ਕਾ ਕਰੇ ਸਰੀਰੁ॥ ਸੋ ਗਿਰਹੀ ਗੰਗਾ ਕਾ ਨੀਰੁ॥ (ਪੰਨਾ ੯੫੨)

ਇਸੁ ਭੇਖੈ ਥਾਵਹੁ ਗਿਰਹੋ ਭਲਾ ਜਿਥਹੁ ਕੋ ਵਰਸਾਇ॥ (ਪੰਨਾ ੫੮੭)

ਪੂੰਅਰ ਤਾਪ ਗੇਰੀ ਕੇ ਬਸਤ੍ਰਾ॥ ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ॥

ਦੇਸੁ ਛੋਡਿ ਪਰਦੇਸਹਿ ਧਾਇਆ॥ ਪੰਚ ਚੰਡਾਲ ਨਾਲੇ ਲੈ ਆਇਆ॥ ੪॥ (ਪੰਨਾ ੧੩੪੮)

ਇਹਨਾਂ ਗੁਰਬਾਣੀ ਦੇ ਉਪਦੇਸ਼ਾਂ ਤੋਂ ਅਤੇ ਇਤਿਹਾਸ ਦੇ ਪੰਨਿਆਂ ਤੋਂ ਵੀ ਸ਼ਪੱਸ਼ਟ ਹੈ ਕਿ ਗ੍ਰਿਹਸਤੀ ਜੀਵਨ ਜਿਉਣ ਦਾ ਹੀ ਸਤਿਗੁਰੂ ਜੀ ਦਾ ਆਦੇਸ਼ ਹੈ। ਇਸ ਗ੍ਰਿਹਸਤ ਦੋ ਜੁਆਕਾਂ ਦੇ ਜੰਮਣ ਨੂੰ ਜੰਜਾਲ ਕਹਿ ਕੇ ਛਡ ਜਾਣਾ ਤੇ ਫਿਰ ਸਗੋਂ ਬਹੁਤ ਸਾਰੇ ਚੇਲਿਆਂ ਦਾ ਘੜਮੱਸ ਇਕੱਠਾ ਕਰ ਲੈਣਾ ਕਿਵੇਂ ਜੰਜਾਲ ਨਹੀ ਨਹੀਂ ਮੰਨਿਆ ਜਾਏਗਾ। ਹੁਣ ਫਿਰ ਦੇਖੋ ਗ੍ਰਿਹਸਤੀ ਜੀਵਨ ਤੇ ਕਿੰਤੂ ਕਿਸ ਨੇ ਕੀਤਾ ਉਲਟਾ ਕੌਣ ਚਲਿਆ। ਖੈਰ … … …

ਸਾਡੇ ਆਲੇ ਦੁਆਲੇ ਬਹੁਤ ਕੁੱਝ ਐਸਾ ਪ੍ਰਚਿਲਤ ਹੈ ਜੋ ਗੁਰਬਾਣੀ ਮੁਤਾਬਿਕ ਨਹੀ ਹੈ। ਗੁਰਬਾਣੀ ਦੀ ਵੀਚਾਰ ਕੀਤਿਆਂ ਪਤਾ ਲਗਦਾ ਹੈ ਕੀ ਕੁੱਝ ਅਸੀਂ ਗਲਤ ਕਰੀ ਜਾ ਰਹੇ ਹਾਂ। ਗੁਰਬਾਣੀ ਦੀ ਵੀਚਾਰ ਸਾਨੂੰ ਆਪ ਕਰਨੀ ਚਾਹੀਦੀ ਹੈ। ਬਿਨਾ ਸੋਚੇ ਸਮਝੇ ਗੁਰਮਤਿ ਦੇ ਗੁਰਬਾਣੀ ਦੀ ਗੱਲ ਕਰਨ ਵਾਲਿਆਂ ਨੂੰ ਦੋਸ਼ ਦੇਈ ਜਾਂਦੇ ਹਾਂ ਕਿ ਇਹ ਕਿਤੂ ਪ੍ਰੰਤੂ ਬਹੁਤ ਕਰਦੇ ਹਨ। ਉਪਰੋਕਤ ਥਾਵਾਂ ਤੇ ਵੇਖ ਚੱਕੇ ਹਾਂ ਕਿ ਅਸਲੀਅਤ ਵਿੱਚ ਗੁਰਬਾਣੀ ਤੋ ਉਲਟ ਭਰਮ ਭੁਲੇਖੇ ਪੈਦਾ ਕਰਨ ਵਾਲਾ ਕਿੰਤੂ ਪ੍ਰੰਤੂ ਕਰ ਰਿਹਾ ਹੈ। ਜਿਹੜਾ ਮਨੁੱਖ ਕਿੰਤੂ ਪ੍ਰੰਤੂ ਦੇ ਦੋਸ਼ ਅਗਿਆਨਤਾ ਵਿੱਚ ਸੁਣੇ ਸੁਣਾਏ ਤੇ ਕਿਸੇ ਨੂੰ ਦੇ ਰਿਹਾ ਹੈ ਅਸਲ ਵਿੱਚ ਉਸ ਨੇ ਅਜੇ ਸਮਝਿਆ ਹੀ ਕੁੱਝ ਨਹੀਂ, ਕਿਉਕਿ ਅਸਲੀਅਤ ਤੇ ਨਾ ਖਲੋਣਾ ਹੋਰ ਹੋਰ ਢੁੱਚਰਾਂ ਖੜੀਆਂ ਕਰਨੀਆਂ ਇਹ ਕਿੰਤੂ ਪ੍ਰੰਤੂ ਹੈ ਨਾ ਕਿ ਬੁਰਾਈ ਨੂੰ ਰੋਕਣਾ ਕਿੰਤੂ ਪ੍ਰੰਤੂ ਹੈ। ਜਿਹੜਾ ਆਪਣੀ ਵੱਖਰੀ ਮਰਿਯਾਦਾ, ਆਪਣੇ ਤੋਂ ਵੱਡੇ ਬਾਬਿਆਂ ਵਾਲੀ ਮਨਮਤ ਹੀ ਪ੍ਰਚਾਰੀ ਜਾ ਰਿਹਾ ਤੇ ਇਸ ਤਰਾਂ ਪੇਸ਼ ਕਰ ਰਿਹਾ ਹੈ ਜਿਵੇਂ ਇਸਦੇ ਬਾਬੇ ਤੋਂ ਪਹਿਲਾਂ ਗੁਰੂ ਸਾਹਿਬ ਨੇ ਤਾਂ ਕੋਈ ਉਪਦੇਸ਼ ਹੀ ਨਹੀਂ ਦਿਤਾ। ਜਦੋਂ ਕਿ ਗੁਰੂ ਸਾਹਿਬ ਜੀ ਦਾ ਉਪਦੇਸ਼ ਪਹਿਲਾਂ ਮੌਜੂਦ ਹੈ ਬਾਬੇ ਤਾਂ ਉਸ ਨੂੰ ਪੜ ਕੇ ਹੀ ਸਣਾ ਸਕਦੇ ਹਨ। ਹੁਣ ਦੇਖੋ ਵੱਡਾ ਕੌਣ ਸਿਰਫ ਪੜ ਕੇ ਸੁਣਾਉਣ ਵਾਲਾ ਜਾਂ ਲਿਖਣ ਵਾਲਾ। ਸੋ ਗੁਰੂ ਸਹਿਬ ਜੀ ਤੋਂ ਕਿਸੇ ਵੀ ਤਰਾਂ ਇਹ ਬਾਬੇ ਵੱਡੇ ਨਹੀਂ ਆਉ ਗੁਰਬਾਣੀ ਦੀ ਵੀਚਾਰ ਹੀ ਕਰਦੇ ਰਹੀਏ। ਬਾਕੀ ਹੋਰ ਫੇਰ ਸਹੀ ਅੱਜ ਇਨਾਂ ਹੀ।
.