| . |
|
ਜਾਤਿ ਕਾ ਗਰੁਬ ਨ ਕਰਿਅਹੁ ਕੋਈ
ਜਿਸ ਸੰਸਾਰ ਵਿੱਚ ਅਸੀਂ ਜੀਅ ਰਹੇ ਹਾਂ ਅਤੇ ਜੋ ਕੁੱਝ ਸਾਨੂੰ ਦਿਸ ਰਿਹਾ ਹੈ
ਜਾਂ ਅਦਿੱਖ ਜਾਣੀਂ ਨਜ਼ਰ ਦੀ ਜ਼ੱਦ ਤੋਂ ਬਾਹਰ ਹੈ ਜਾਂ ਅਨੁਭਵ ਕਰ ਰਹੇ ਹਾਂ ਸਭ ਕੁੱਝ ਇਸ ਸ੍ਰਿਸ਼ਟੀ
ਦੇ ਰਚਣਹਾਰ ਦਾ ਰਚਿਆ ਹੋਇਆ ਤਾਣਾ-ਬਾਣਾ ਹੈ। ਇਸ ਦੀਆਂ ਕਈ ਵਸਤਾਂ ਸਾਨੂੰ ਚਲਦੀਆਂ ਨਜ਼ਰ ਆਉਂਦੀਆਂ
ਹਨ ਅਤੇ ਕਈ ਸਥਿਰ ਜਾਂ ਅਚੱਲ। ਪਰ ਅਸਲੀਅਤ ਵਿੱਚ ਸਭ ਕੁੱਝ ਹੀ ਗਤੀਸ਼ੀਲ ਹੈ ਜਿਵੇਂ ਸਾਡੀ ਧਰਤੀ,
ਚੰਦ, ਸੂਰਜ…… ਵਗੈਰਾ ਜਾਣੀ ਪੂਰੇ ਬ੍ਰਹਮੰਡ ਏਥੋਂ ਤੱਕ ਕਿ ਸਾਨੂੰ ਅਚੱਲ ਦਿਸ ਰਹੇ ਪਹਾੜ, ਸਮੁੰਦਰ
ਆਦਿਕ ਵਿੱਚ ਭੀ ਕਿਸੇ ਨਾ ਕਿਸੇ ਤਰਾਂ ਦੀ ਗਤੀ ਹਰ ਵੇਲੇ ਮੌਜੂਦ ਹੈ। ਅਕਾਲ ਪੁਰਖ ਖੁਦ ਇਸ ਸਾਰੀ
ਸ੍ਰਿਸ਼ਟੀ ਵਿੱਚ ਪੂਰਨ ਤੌਰ ਤੇ ਸਮਾਇਆ ਹੋਇਆ ਹੈ ਭਾਵ ਅੱਡ ਨਹੀਂ ਹੈ ਇਸੇ ਕਰਕੇ ਸਭ ਕੁੱਝ ਆਪਣੇ ਆਪ
ਓਸ ਦੇ ਹੁਕਮ ਅਧੀਨ ਹਰਕਤ ਵਿੱਚ ਹੈ। ਉਹ ਆਪ ਸਰਬ ਵਿਆਪਕ (ਹਰ ਸ਼ੈ ਅੰਦਰ ਮੌਜੂਦ) ਹੁੰਦਿਆਂ ਹੋਇਆਂ
ਸਭ ਕੁੱਝ ਤੋਂ ਨਿਰਲੇਪ ਵੀ ਹੈ, ਤਾਂਹੀਓ ਤਾਂ ਗੁਰੂਬਾਬਾ ਨਾਨਕ ਜੀ
ਹੁਕਮ ਰਜ਼ਾਈਂ ਚੱਲਣ
ਦਾ ਸੁਨੇਹਾ ਦੇ ਰਹੇ ਹਨ।
ਇਹ ਜੋ ਜਗਤ ਤਮਾਸ਼ਾ ਹੋ ਰਿਹਾ ਹੈ ਸਭ ਉਸ ਸਿਰਜਣਹਾਰ ਪ੍ਰਭੂ ਦੀ ਖੇਡ ਹੈ,
ਕੋਈ ਆ (ਜੰਮ/ਪੈਦਾ) ਰਿਹਾ ਹੈ ਅਤੇ ਕੋਈ ਜਾ (ਮਰ/ਖ਼ਤਮ) ਰਿਹਾ ਹੈ। ਬੇਅੰਤ ਹੈ ਉਸ ਦੀ ਕੁਦਰਤੀ ਖੇਡ
ਇਸ ਦਾ ਕੋਈ ਥੌਹ ਨਹੀਂ ਲਗਾ ਸਕਿਆ ਅਤੇ ਨਾ ਹੀ ਲਗਾ ਸਕੇਗਾ ਬਾਣੀ ਇਸ ਦਾ ਸੰਕੇਤ ਦਿੰਦੀ ਹੈ।
ਤਾ ਕੇ ਅੰਤ ਨ ਪਾਏ ਜਾਹਿ
(ਪੰਨਾ ੫)॥ ਅਸੀਂ ਸਾਰੇ ਜੀਅ ਜੰਤ ਓਸ ਦਾਤਾਰ
ਸਿਰਜਣਹਾਰ ਦੀਆਂ ਪੁਤਲੀਆਂ ਵਾਂਗ ਹਾਂ। ਵਡਾ, ਛੋਟਾ, ਉੱਚਾ, ਮਧਰਾ, ਅਮੀਰ, ਗ਼ਰੀਬ, ਮੂਰਖ, ਵਿਦਵਾਨ,
ਗੋਰਾ, ਕਾਲਾ, ਫ੍ਹੀਨਾ, ਤਿੱਖੇ ਨਕਸ਼ਾਂ ਵਾਲਾ, ਸ਼ੈਤਾਨ, ਭਲਾਮਾਣਸ, ਠਗ, ਪਰਉਪਕਾਰੀ ਭਾਵ ਉਹ ਆਪ ਹਰ
ਜੀਅ ਵਿੱਚ ਮੌਜੂਦ ਹੈ ਅਤੇ ਪ੍ਰੇਰਨਾ ਸਰੋਤ ਭੀ ਉਹ ਆਪ ਹੀ ਹੈ। ਸੱਚੇ ਸਤਿਗੁਰੂ ਦੀ ਕਿਰਪਾ ਦੁਆਰਾ
ਹੀ ਜੀਵ ਨੂੰ ਓਸ
ਦੀ ਇਸ ਹੋਂਦ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ। ਜਿਹਨਾਂ ਨੂੰ
ਓਸ
ਦੇ ਇਸ ਖੇਡ ਦੀ ਸੂਝ ਹੋ ਜਾਂਦੀ ਹੈ ਉਹ ਸਭ ਮਨੁੱਖਾਂ ਨੂੰ ਇੱਕ ਦੀ ਸਾਜਨਾ ਸਮਝ ਕੇ ਇੱਕ ਸਮਾਨ
ਮੰਨਦੇ ਅਤੇ ਇੱਕੋ ਜੇਹਾ ਵਰਤਾ ਕਰਦੇ ਹਨ। ਪਰ ਜਿਹਨਾਂ ਦੇ ਅੰਦਰ ਸ਼ੈਤਾਨ ਬਿਰਤੀ ਹੁੰਦੀ ਹੈ ਉਹ
ਮਨੁੱਖਤਾ ਨੂੰ ਵੰਡ ਕੇ ਆਪਣੀ ਸਰਦਾਰੀ ਕਾਇਮ ਕਰਨ ਦੀਆਂ ਤਰਤੀਬਾਂ ਰਚਦੇ ਹੋਏ ਕੁਦਰਤ ਦੇ ਦੁਧ ਰੂਪੀ
ਨਿਜ਼ਾਮ ਵਿੱਚ ਕਾਂਜੀ ਰਲ੍ਹਾਉਣ ਨੂੰ ਤਰਜੀਹ ਦਿੰਦੇ ਹਨ। ਧਰਤੀ ਦੇ ਕੇਵਲ ਹਿਦੋਸਤਾਨੀ ਹਿੱਸੇ ਵਿੱਚ
ਹੀ ਮਨੁੱਖਤਾ ਨੂੰ ਜਾਤਾਂ ਵਿੱਚ ਵੰਡਿਆ ਗਿਆ ਹੈ ਉਹ ਭੀ ਧਰਮ ਦਾ ਨਾਂਮ ਵਰਤ ਕੇ ਇਸ ਤੋਂ ਦੁਖਦਾਈ
ਹੋਰ ਕੀ ਹੋ ਸਕਦਾ ਹੈ।
ਬ੍ਰਾਹਮਣ ਦੀ ਚਤੁਰ ਅਤੇ ਸ਼ੈਤਾਨ ਸੋਚ ਨੇ ਆਪਣੇ ਆਪ ਨੂੰ ਸ੍ਰੇਸ਼ਟ ਦਸ ਕੇ
ਹਿੰਦੋਸਤਾਨ ਦੀ ਲੁਕਾਈ ਨੂੰ ਖੂਬ ਲੁੱਟਿਆ ਅਤੇ ਇਸ ਉੱਪਰ ਜ਼ੁਲਮ ਕੀਤਾ ਹੈ। ਹਿੰਦੋਸਤਾਨੀਂ ਇੱਕੀਵੀਂ
ਸਦੀ ਵਿੱਚ ਵਿਚਰਦੇ ਹੋਏ ਵੀ ਬ੍ਰਾਹਮਣ ਦੀ ਇਸ ਮਨੁੱਖੀ ਵੰਡ ਦੇ ਸ਼ਿਕਾਰ ਹੋਈ ਜਾ ਰਹੇ ਹਨ। ਇਸ ਦਾ
ਕਾਰਨ ਇਹ ਹੈ ਕਿ ਬ੍ਰਾਹਮਣ ਨੇ ਹਮੇਸ਼ਾਂ ਰਾਜ ਭਾਗ ਵਿੱਚ ਹਰ ਹਰਬਾ ਵਰਤ ਕੇ (ਬੇ-ਗ਼ੈਰਤ ਹੋ ਕੇ ਭੀ)
ਆਪਣਾ ਸਥਾਨ ਬਣਾਈ ਰੱਖਿਆ ਹੈ ਜੋ ਅੱਜ ਭੀ ਕਾਇਮ ਹੈ। ਮੌਜੂਦਾ ਲੋਕਰਾਜੀ ਨਿਜ਼ਾਮ ਵਿੱਚ ਬਹੁਮਤ ਦੇ
ਸਹਾਰੇ ਰਾਜ ਦੀ ਡੋਰ ਕਿਸੇ ਦੇ ਹੱਥ ਆਉਂਦੀ ਹੈ। ਹਿੰਦੋਸਤਾਨ ਵਿੱਚ ਬ੍ਰਾਹਮਣ ਦੀ ਗਿਣਤੀ ਕਰੀਬ ਚਾਰ
ਪ੍ਰਤੀਸ਼ਤ ਹੈ ਪਰ ਉਸ ਨੇ ਆਪਣੀ ਚਾਣਕੀਅ ਨੀਤੀ ਨਾਲ ਰਾਜ ਭਾਗ ਦੀ ਡੋਰ ਹਾਲੇ ਭੀ ਹਥਿਆਈ ਹੋਈ ਹੈ।
ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਜਿੰਨਾ ਜ਼ਿਆਦਾ ਇਸ, ਵੰਡੋ ਤੇ ਰਾਜ ਕਰੋ, ਹਕੀਕਤ ਬਾਰੇ ਲਿਖਿਆ
ਜਾ ਰਿਹਾ ਹੈ, ਅਸੀਂ (ਗੈਰ ਬ੍ਰਾਹਮਣ) ਓਨੇ ਹੀ ਵੰਡੇ ਜਾ ਰਹੇ ਹਾਂ ਅਤੇ ਇੱਕ ਦੂਸਰੇ ਦੇ ਜਾਨੀ
ਦੁਸ਼ਮਣ ਬਣ ਰਹੇ ਹਾਂ। ਪੜ੍ਹੇ ਲਿਖੇ ਹੋਣ ਦੇ ਬਾਵਜੂਦ ਕਈ ਲੋਕ ਬ੍ਰਾਹਮਣ ਵਲੋਂ ਉਕਸਾਏ ਜਾਣ ਤੇ ਜ਼ਹਿਰ
ਭਰੀ ਨਫਰਤ ਫੈਲਾ ਰਹੇ ਹਨ।
ਸਿੱਖ ਵਿਰਸਾ ਦੇ ਅਗਸਤ ਅੰਕ ਵਿੱਚ ਗੁਰਨਾਮ ਸਿੰਘ ਮੁਕਤਸਰ ਅਤੇ ਦਲਿਤ ਵੌਆਇਸ
ਦੇ ਵੀ ਟੀ ਰਾਜਸ਼ੇਖਰ ਨੇ ਮੰਨਿਆ ਹੈ ਕਿ ਪੰਜਾਬ ਵਿੱਚ ਆਦਿਧਰਮ ਕਾਇਮ ਕਰਨ ਦੀ ਖਾਸ ਕਰਕੇ ਸੱਚਖੰਡ
ਬੱਲਾਂ ਵਾਲੇ ਡੇਰੇ ਰਾਹੀਂ ਉਹਨਾਂ ਨੂੰ ਆਪਣਾ ਗ੍ਰੰਥ ਤਿਆਰ ਕਰਨ ਵਿੱਚ ਇਹਨਾਂ ਦੋਹਾਂ ਭਦਰ ਪੁਰਸ਼ਾਂ
ਨੇ ਹੱਲਾ ਸ਼ੇਰੀ ਦਿੱਤੀ ਹੈ। ਇਸ ਤਰਾਂ ਇਹ ਵੀਰ ਜਾਤ-ਪਾਤ ਨੂੰ ਹੀ ਉਤਸ਼ਾਹਿਤ ਕਰਕੇ ਸ਼ਬਦ ਗੁਰੁ (ਜੋ
ਨੀਚਾ ਅੰਦਰਿ ਨੀਚ ਜਾਤਿ
ਦਾ ਸਿਧਾਂਤ ਦਿੰਦਾ ਹੈ
ਪੰਨਾ ੧੫)
ਦਾ ਨਿਰਾਦਰ ਕਰ ਰਹੇ ਹਨ ਪਰ ਇਹ ਵੀਰ ਪਹੁੰਚਣ ਕਿਤੇ ਵੀ ਨਹੀਂ ਲੱਗੇ ਸਗੋਂ ਖੁਆਰੀ ਜ਼ਰੂਰ ਇਹਨਾਂ ਦੇ
ਪੱਲੇ ਪਏਗੀ। ਕੀ ਇਹਨਾਂ ਵੀਰਾਂ ਦਾ ਇਹ ਕਰਮ ਬ੍ਰਾਹਮਣੀ ਵੰਡ ਪਾਊ ਸੋਚ ਦੀ ਉਗਾਹੀ ਨਹੀਂ ਭਰਦਾ,
ਦੂਸਰੇ ਲਫਜ਼ਾਂ ਵਿੱਚ ਇਹ ਦੋਨੋਂ ਬ੍ਰਾਹਮਣ ਦੇ ਹੱਥਾਂ ਵਿੱਚ ਨਹੀਂ ਖੇਡ ਰਹੇ? ਸਿਆਣਪ ਇਸੇ ਵਿੱਚ ਹੈ
ਕਿ ਹੁਣ ਵੇਲਾ ਗੁਰੂ ਗ੍ਰੰਥ ਸਹਿਬ ਨਾਲ ਜੁੜਨ ਦਾ ਹੈ ਨਾਂਹ ਕਿ ਤੋੜ ਵਿਛੋੜੇ ਦਾ। ਸ਼ਬਦ ਗੁਰੁ ਦੇ
ਅਸਲ ਸਿਧਾਂਤ ਨੂੰ ਲਾਗੂ ਕਰਨ ਲਈ ਅਸਲ ਸਿਧਾਂਤਵਾਦੀਆਂ ਦੀ ਬਹੁਮਤ ਜ਼ਰੂਰੀ ਹੈ ਤਾਂ ਕਿ ਸ਼ਬਦ ਗੁਰੂ ਦੇ
ਅਸਲ ਸਿਧਾਂਤ ਨੂੰ ਇਸਦੇ ਖ਼ਾਲਸ ਰੂਪ ਵਿੱਚ ਲਾਗੂ ਕੀਤਾ ਜਾ ਸਕੇ ਅਤੇ ਸਿੱਖੀ ਵਿੱਚੋਂ ਜਾਤ-ਪਾਤ ਦੇ
ਕ੍ਹੋੜ ਨੂੰ ਖਤਮ ਕਰ ਸਕੀਏ।
ਅਖਬਾਰੀ ਖ਼ਬਰਾਂ ਅਨੁਸਾਰ ਇਸੇ ਡੇਰੇ ਦੇ ਭਗਵੇਂ ਸਾਧਾਂ ਨੇ ਜਾਣਬੁਝ ਕੇ
ਵੀਆਨਾ ਵਿੱਚ ਗੁਰੂ ਗ੍ਰੰਥ ਸਹਿਬ ਦੀ ਬੇ-ਅਦਬੀ ਕੀਤੀ। ਜਦ ਸਿੰਘਾਂ ਨੇ ਇਸ ਤੋਂ ਵਰਜਿਆ ਤਾਂ ਸਾਧ ਦੇ
ਚੇਲਿਆਂ ਨੇ ਉਹਨਾਂ ਨੂੰ ਫੜਕੇ ਜੋ ਅਣਮਨੁੱਖੀ ਤਸੀਹੇ ਦਿੱਤੇ ਜਿਸ ਨੂੰ ਪੜ੍ਹ ਸੁਣ ਕੇ ਮਨੁੱਖ ਸੁੰਨ
ਹੋ ਜਾਂਦਾ ਹੈ। ਇਸ ਤੋਂ ਬਾਅਦ ਜੋ ਪੰਜਾਬ ਵਿੱਚ ਇਸ ਡੇਰੇ ਦੇ ਪੈਰੋਕਾਰਾਂ ਨੇ ਹੁਲੜਬਾਜੀ ਕਰਕੇ ੭ 000
ਕਰੋੜ ਰੁਪਏ ਦਾ ਨੁਕਸਾਂਨ ਕੀਤਾ, ਕੀ ਇਹੋ ਸਿਖਾਇਆ ਜਾ ਰਿਹਾ ਹੈ ਅਖੌਤੀ ਆਦਿਧਰਮ (ਧਰਮ ਇੱਕੋ ਹੀ ਹੈ
ਵਖਰੇ ਵਖਰੇ ਨਹੀਂ) ਦੇ ਗ੍ਰੰਥ ਦੀ ਸਿੱਖਿਆ ਲੈਣ ਵਾਲਿਆਂ ਨੂੰ? ਯਾਦ ਰਹੇ ਕਿ ਪਹਿਲਾਂ ਵੀ ਹਿੰਦੂ
ਡੇਰੇ ਦੀ ਸਾਧਵੀ ਅਤੇ ਕਰਨਲ ਪ੍ਰਸ਼ਾਂਤ ਵਾਲੇ ਮੁਸਲਿਮ ਵਿਰੋਧੀ ਸਾਜਸ਼ੀ ਕਾਂਡ, ਆਸਾ ਰਾਮ ਵਾਲੇ ਡੇਰੇ
ਵਿੱਚ ਮਸੂੰਮ ਬੱਚਿਆਂ ਦੇ ਹੋਏ ਕਤਲ, ਸਿਰਸਾ ਵਾਲੇ ਸਾਧ ਵਲੋਂ ਕਰਾਏ ਗਏ ਕਤਲ, ਅਸੂਤੋਸ਼ ਦੇ ਡੇਰੇ
ਵਿੱਚ ਔਰਤਾਂ ਦਾ ਹੁੰਦਾ ਸਰੀਰਕ ਸੋਸ਼ਣ, ਅਤੇ ਅਨੇਕਾਂ ਹੋਰ ਸਾਧ ਡੇਰਿਆਂ ਤੇ ਸੰਸਥਾਵਾਂ ਵਿੱਚ ਹੋ
ਰਿਹਾ ਹਿੰਸਾ ਦਾ ਪ੍ਰਚਾਰ ਜੋ ਮੁਲਕ ਦੀ ਘੱਟਗਿਣਤੀ ਵਿਰੁਧ ਨਫਰਤ ਫੈਲਾਉਣ ਲਈ ਜ਼ਿੰਮੇਵਾਰ ਹਨ। ਸਵਾਲ
ਪੈਦਾ ਹੁੰਦਾ ਹੈ ਕਿ ਕੀ ਐਸੇ ਡੇਰਿਆਂ ਨੂੰ ਚਾਲੂ ਰਹਿਣ ਦਿੱਤਾ ਜਾਣਾ ਚਾਹੀਦਾ ਹੈ? ਕੀ ਇਹੋ ਜੇਹੇ
ਡੇਰੇ ਬੰਦ ਨਹੀਂ ਕਰ ਦੇਣੇ ਚਾਹੀਦੇ ਜੋ ਮਨੁੱਖੀ ਸਾਂਝ ਦੇ ਜੜ੍ਹੀਂ ਤੇਲ ਦੇ ਕੇ ਮਨੁੱਖਤਾ ਲਈ ਘਾਤਕ
ਹੋਣ ਦਾ ਸਬੂਤ ਦੇ ਰਹੇ ਹੋਣ?
ਇਸ ਦੇ ਉਲਟ ਹਰ ਕੋਈ ਜਾਣਦਾ ਹੈ ਕਿ ਸਿੱਖ ਪੰਥ ਦੇ ਸ਼ਬਦ ਰੂਪੀ ਗੁਰੂ ਗ੍ਰੰਥ
ਜੀ ਵਿੱਚ ਸਰਬੱਤ ਦੇ ਭਲੇ ਦਾ ਸਿਧਾਂਤ ਹੈ। ਜਿਸ ਵਿੱਚ ਸਿੱਖ ਰਹਿਬਰਾਂ ਤੋਂ ਇਲਾਵਾ ਅਨੇਕਾਂ ਅਕਾਲ
ਪੁਰਖ ਦੇ ਭਗਤ ਜਨਾਂ ਦੀਆਂ ਰੱਬੀ ਸਿਫਤ ਸਲਾਹ ਭਰੀਆਂ ਬਾਣੀਆਂ ਦਰਜ਼ ਹਨ ਜੋ ਇੱਕ ਦੂਜੇ ਨੂੰ ਸਾਂਝੇ
ਭਾਈਚਾਰੇ ਵਿੱਚ ਜੋੜਨ ਦਾ ਸਬੱਬ ਹਨ। ਇਹ ਸੱਚ ਹੈ ਕਿ ਸਿੱਖ ਪੁਜਾਰੀ ਸ਼੍ਰੇਣੀ ਜੋ ਸੰਪਰਦਾਈ ਦੀ ਦੇਣ
ਅਤੇ ਸਿਆਸੀ ਹਿੰਦੂਤਵ (ਸਿੱਖ ਭੇਖ ਵਿੱਚ) ਸ਼ੈਤਾਨਾਂ ਦੀ ਸ਼ੈਹ ਕਾਰਨ ਸਿੱਖਾਂ ਵਿੱਚ ਵੀ ਬ੍ਰਾਹਮਣਵਾਦ
ਦੀ ਤਰਜ਼ ਉੱਪਰ ਜਾਤੀਵਾਦ ਨੂੰ ਉਤਸ਼ਾਹਿਤ ਕਰ ਰਹੀ ਹੈ ਜੋ ਅਤਿ ਨਿੰਦਣ ਯੋਗ ਹੈ, ਜਿਸ ਕਾਰਨ ਸਿੱਖ ਕੌਮ
ਵਿੱਚ ਸਿਧਾਂਤਕ ਪੱਖੋਂ ਭਾਰੀ ਗਿਰਾਵਟ ਆ ਰਹੀ ਹੈ। ਭਾਈ ਤੇ ਗ੍ਰੰਥੀ ਤਬਕਾ (ਧਰਮ ਦੇ ਇਸ) ਕਾਰਜ ਨੂੰ
ਰੋਜ਼ਗਾਰ ਦਾ ਸਿਰਫ ਸਾਧਨ ਹੀ ਸਮਝਦੇ ਹਨ ਇਸ ਲਈ ਉਹਨਾਂ ਵਾਸਤੇ ਧਰਮ ਦੇ ਸਿਧਾਂਤ ਦੀ ਕੋਈ ਵਿਸ਼ੇਸ਼ਤਾ
ਜਾਂ ਇਸ ਵਾਸਤੇ ਕੋਈ ਸ਼ਰਧਾ ਨਹੀਂ ਹੈ। ਸਿੱਖ ਰਹਿਬਰਾਂ ਵਲੋਂ ਐਸੀ ਸ਼੍ਰੇਣੀ ਨੂੰ ਮੁੱਢੋ ਹੀ ਰੱਦ ਕਰ
ਦਿੱਤਾ ਗਿਆ ਸੀ। ਹਰ ਗੁਰਸਿੱਖ ਧਾਰਮਿਕ ਖੇਤਰ ਵਿੱਚ ਆਤਮਨਿਰਭਰ ਸੀ ਅਤੇ ਹੋਣਾ ਚਾਹੀਦਾ ਹੈ। ਪਰ
ਸਮੇਂ ਦੇ ਗੇੜ ਨੇ ਅਠਾਰਵੀਂ ਸਦੀ ਵਿੱਚ ਸਿੱਖ ਧਰਮਸਾਲਾਵਾਂ ਦੀ ਦੇਖ ਰੇਖ ਉਹਨਾਂ ਲੋਕਾਂ ਦੇ ਹੱਥ ਦੇ
ਦਿੱਤੀ, ਜਾਂ ਸਾਜਿਸ਼ ਤਹਿਤ ਲੈ ਲਈ ਗਈ, ਜੋ ਬ੍ਰਾਹਮਣ ਦੇ ਸਿਖਾਏ ਹੋਏ ਸਨ ਨਤੀਜਨ ਸਿੱਖ ਧਾਰਮਿਕ
ਪ੍ਰਬੰਧ ਬ੍ਰਾਹਮਣਵਾਦੀ ਲੀਹਾਂ ਉੱਪਰ ਚਲ ਪਿਆ ਜਾਣੀਂ ਪੁਜਾਰੀਵਾਦ ਜੜ੍ਹ ਫੜ ਗਿਆ ਜਿਸ ਕਾਰਨ
ਜਾਤ-ਪਾਤ ਦੀ ਬ੍ਰਾਹਮਣੀ ਜ਼ਹਿਰ ਨਾਲ ਸਿੱਖ ਦਿਨ-ਬ-ਦਿਨ ਬੇ-ਸੁਰਤ ਹੋ ਰਹੇ ਹਨ। ਗੁਰੂ ਸਹਿਬ ਦਾ
ਫੁਰਮਾਣ ਹੈ:
ਜਾਤੀ ਦੈ ਕਿਆ ਹਥਿ ਸਚੁ ਪਰਖੀਐ॥ ਮਹੁਰਾ ਹੋਵੈ ਹਥਿ ਮਰੀਐ ਚਖੀਐ॥ (ਪੰਨਾ
੧੪੨) ਭਾਵ ਜਾਤ-ਪਾਤ ਦੇ ਹੱਥ ਪੱਲੇ ਕੁੱਝ ਵੀ
ਨਹੀਂ ਹੱਥਲੀ ਜ਼ਹਿਰ ਖਾਣ (ਚੱਖਣ) ਨਾਲ ਤਾਂ ਮੌਤ ਹੀ ਆਏਗੀ ਰੱਬ ਜੀ ਕੋਲ ਤਾਂ ਓਸ ਦੇ ਨਾਂਮ ਦੀ ਹੀ
ਕਦਰ ਪੈਂਦੀ ਹੈ।
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥
(ਪੰਨਾ ੧੧੨੭) ਭਾਵ ਹੇ ਮੂਹੜ, ਤੇ ਬੇ-ਅਕਲ ਬੰਦੇ
ਜਾਤ ਦਾ ਮਾਣ ਨਾਂਹ ਕਰ ਇਸ ਅਹੰਕਾਰ ਚੋਂ ਵਿਕਾਰ (ਤਬਾਹੀ ਦਾ ਬੀਜ) ਹੀ ਉਪਜਦੇ ਹਨ।
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ
ਉਪਜਿਆ ਕਉਨ ਭਲੇ ਕੋ ਮੰਦੇ॥ (ਪੰਨਾ ੧੩੪੯) ਭਾਵ
ਸਭ ਤੋਂ ਪਹਿਲਾਂ ਰੱਬ ਦੇ ਨੂਰ (ਜੋਤ) ਦਾ ਪ੍ਰਕਾਸ਼
ਹੋਇਆ ਜਿਸ ਤੋਂ (ਕੁਦਰਤ ਤੋਂ) ਸਾਰੇ ਜੀਵ-ਜੰਤੂ (ਬੰਦੇ) ਪੈਦਾ ਹੋਏ। ਇੱਕ ਪਰਮਾਤਮਾਂ ਦੀ ਜੋਤ ਤੋਂ
ਹੀ ਇਸ ਸੰਸਾਰ (ਸ੍ਰਿਸ਼ਟੀ) ਦਾ ਪਸਾਰਾ ਹੋਇਆ ਫੇਰ ਕੋਈ ਚੰਗਾ ਅਤੇ ਕੋਈ ਮੰਦਾ ਕਿਵੇਂ ਹੋਇਆ?
ਗੁਰਬਾਣੀ ਦੀ ਏਨੀ ਸਰਲ ਅਤੇ ਸਪਸ਼ਟ ਸਿੱਖਿਆ ਦੇ ਬਾਵਜੂਦ ਵੀ ਜੇ ਕੋਈ ਸਿੱਖ ਹੋਣ ਨਾਤੇ ਜਾਤ-ਪਾਤ ਦੀ
ਗਲ ਕਰੇ ਕੀ ਉਹ ਗੁਰੂ ਦਾ ਸਿੱਖ ਅਖਵਾਉਣ ਦੇ ਲਾਇਕ ਹੋ ਸਕਦਾ ਹੈ?
ਆਰੀਅਨ ਲੋਕਾਂ ਦੀ ਆਮਦ ਨੇ ਅਖੌਤੀ ਹਿੰਦੋਸਤਾਨ (ਕਿੳਂ ਕਿ ਇਹ ਧਰਤੀ ਉੱਪਰ
ਕਈ ਕੌਮਾਂ ਵਸਦੀਆਂ ਹਨ) ਦੇ ਵਸਨੀਕਾਂ ਨੂੰ ਗ਼ੁਲਾਮ ਬਣਾ ਲਿਆ ਗਿਆ ਅਤੇ ਆਪਣੀ ਸਹੂਲਤ ਲਈ ਜਾਤ-ਪਾਤੀ
ਪ੍ਰਨਾਲੀ ਲਾਗੂ ਕਰਕੇ ਚਾਰ ਵਰਣਾਂ ਵਿੱਚ ਵੰਡ ਦਿੱਤਾ ਗਿਆ। ਆਪਣੀ ਸਰਦਾਰੀ ਦੀ ਹੈਂਕੜ ਵਿੱਚ ਉਹ
ਨੀਵੀਂ ਜਾਤ ਵਾਲਿਆਂ ਨੂੰ ਦੁਰਕਾਰਦੇ ਆਏ ਹਨ। ਇਸ ਧਰਤੀ ਦੇ ਅਸਲ ਵਾਸੀ ਸਦੀਆਂ ਬੱਧੀ ਜ਼ੁਲਮ ਵਿੱਚ
ਨਪੀੜੇ ਜਾਂਦੇ ਰਹੇ ਪਰ ਇਹਨਾਂ ਵਿੱਚੋਂ ਕੋਈ ਵੀ ਅਣਮਨੁੱਖੀ ਵਤੀਰੇ ਵਿਰੁਧ ਮਰਦ ਸ਼ੇਰ ਬਣ ਕੇ ਨਹੀਂ
ਨਿਤਰਿਆ। ਪ੍ਰਮਾਤਮਾਂ ਦੀ ਰਹਿਮਤ ਸਦਕਾ ਭਗਤ ਲਹਿਰ ਵੇਲੇ ਹੋ ਰਹੇ ਜ਼ੁਲਮ ਵਿਰੁਧ ਆਵਾਜ਼ ਜ਼ਰੂਰ ਉੱਠੀ
ਪਰ ਆਮ ਮਜ਼ਲੂਮਾਂ ਨੂੰ ਜਥੇਬੰਦ ਨਾਂਹ ਕਰ ਸਕੀ। ਹਾਂ ਰੱਬ ਜੀ ਦਾ ਜਿਸ ਨੀਵੀਂ ਜਾਤ ਵਾਲੇ ਨੇ ਓਟ
ਆਸਰਾ ਲਿਆ ਉੱਚੀ ਜਾਤ ਵਾਲੇ ਗਿਣਵੇਂ ਸਖ਼ਸ਼ ਵੀ ਉਸ ਦੇ ਉੱਚੇ ਸੁੱਚੇ ਰੱਬੀ ਗਿਆਨ ਅਤੇ ਇਖਲਾਕ ਕਰਕੇ
ਉਸ ਦੇ ਚਰਨੀਂ ਜ਼ਰੂਰ ਪਏ। ਕਿਉਂ ਕਿ ਸਮਾਜਿਕ ਰੁਤਬਾ ਇੰਨੀ ਮਹੱਤਤਾ ਨਹੀਂ ਰੱਖਦਾ ਜਿੰਨੀ ਰੱਬੀ
ਇਖਲਾਕ ਦੀ ਉੱਚਤਾ ਰੱਖਦੀ ਹੈ।
ਫਕੜ ਜਾਤੀ ਫਕੜੁ ਨਾਉ॥ (ਪੰਨਾ ੮੩)।
ਅਕਾਲ ਪੁਰਖ ਦੀ ਰਹਿਮਤ ਸਦਕਾ ਗ਼ਰੀਬ, ਨੀਚ ਅਤੇ ਲਤਾੜੀ ਜਾਂਦੀ ਭਾਰਤੀ
ਉੱਪ-ਮਹਾਂਦੀਪ ਵਿੱਚ ਵਸੋਂ ਨੂੰ ਜ਼ੁਲਮ ਤੋਂ ਨਿਜ਼ਾਤ ਦਵਾਉਣ ਲਈ ਸੂਰਮੇ ਮਰਦ ਅਗੰਮੜੇ ਬਾਬੇ ਨਾਨਕ ਦੇ
ਆਗਮਨ ਨੇ ਆਸ ਦੀ ਕਿਰਨ ਜਗਾਈ। ਜਿਸ ਸ਼ੇਰ ਇੰਨਸਾਨ ਨੇ ਬਾਬਰ ਨੂੰ ਮੂੰਹ ਤੇ ਜਾਬਰ ਕਹਿਣ ਦੀ ਜ਼ੁਰਅਤ
ਕਰਕੇ ਧਰਤੀ ਦੀ ਸੁੱਤੀ ਹੋਈ ਆਤਮਾਂ ਨੂੰ ਝੰਜੋੜਿਆ। ਬਾਬੇ ਨਾਨਕ ਜੀ ਨੂੰ ਰੱਬੀ ਸਿਧਾਂਤ ਮਨੁੱਖਤਾ
ਵਿੱਚ ਫਲਾਉਣ ਲਈ ਦਸ ਜਾਮਿਆਂ ਵਿੱਚ ਵਿਚਰ ਕੇ ਜਿਸਮਾਨੀਂ ਕੁਰਬਾਨੀਆਂ ਕਰਦੇ ਹੋਏ ਅੱਗੇ ਤੋਰਨ ਲਈ
ਸਿਰ ਤਲ੍ਹੀ ਉੱਪਰ ਧਰ ਕੇ ਜ਼ੁਲਮ ਨੂੰ ਜੜ੍ਹੌਂ ਉਖੇੜਨ ਲਈ ਐਸੇ ਜੁਝਾਰੂ ਸਮਾਜ ਦੀ ਉਸਾਰੀ ਕਰਨੀ ਪਈ
ਜਿਸ ਦੀ ਸੋਚ ਮੇਰਾ ਮੁਝ ਮਹਿ
ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ -ਪੰਨਾ ੧੩੭੫
ਸੀ। ਉਹਨਾਂ ਵਲੋਂ ਦ੍ਰਿੜ ਕਰਾਏ ਹੋਏ ਸਿਧਾਂਤ ਉੱਪਰ ਪਹਿਰਾ ਦਿੰਦੇ ਹੋਏ ਅਨੇਕਾਂ ਗੁਰਸਿੱਖਾਂ ਨੂੰ
ਅਤਿ ਦਰਜ਼ੇ ਦੇ ਕਸ਼ਟ ਤਸੀਹੇ ਝਲਦਿਆਂ, ਜੂਝਦਿਆਂ ਆਪਣੇ ਜੀਵਨ ਦੀ ਕੁਰਬਾਨੀ ਕਰਨੀ ਪਈ ਪਰ ਸਿਦਕੀ
ਸੂਰਮਿਆਂ ਨੇ ਜ਼ਾਲਮਾਂ ਦੀਆਂ ਜੜ੍ਹਾਂ ਪੁੱਟ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਅਗਵਾਈ ਵਿੱਚ
ਪਹਿਲੇ ਸਿੱਖ ਰਾਜ ਦੀ ਸਥਾਪਨਾ ਕਰਕੇ ਦਮ ਲਿਆ। ਭਾਰਤੀ ਇਤਹਾਸ ਵਿੱਚ ਪਹਿਲੀ ਵੇਰ ਇਸ ਰਾਜ ਨੇ
ਜਗੀਰਦਾਰੀ ਪ੍ਰਥਾ ਖ਼ਤਮ ਕਰਕੇ ਜਾਤ-ਪਾਤ ਨੂੰ ਅਣਗੌਲਦਿਆਂ ਜ਼ਮੀਨ ਵਾਹਕਾਂ ਨੂੰ ਮਾਲਕੀਆਂ ਬਖਸ਼
ਬੇਗ਼ਮਪੁਰੇ ਦੀ ਆਸ ਜਗਾਈ। ਪਰ ਇਹ ਮੁਗਲੀਆ ਹਕੂਮਤ ਦੀ ਸਥਾਈ ਤਾਕਤ ਅਤੇ ਆਪਸੀ ਫੁਟ ਕਾਰਨ ਥ੍ਹੋੜ
ਚਿਰਾ ਹੀ ਰਹਿ ਸਕਿਆ। ਦੂਸਰੀ ਵੇਰ ਸਿੱਖ ਰਾਜ ਸਰਦਾਰ ਰਣਜੀਤ ਸਿੰਘ ਦੀ ਅਗਵਾਈ ਹੇਠ ਸਥਾਪਤ ਹੋਇਆ ਪਰ
ਇਸ ਰਾਜ ਵਿੱਚ ਬ੍ਰਾਹਮਣ ਸ਼ੁਰੂ ਵਿੱਚ ਹੀ ਇਸ ਵਿੱਚ ਆ ਵੜਿਆ ਜਿਸਨੇ ਇਸ ਦਾ ਅੰਤ ਕਰਵਾ ਕੇ ਸਿੱਖਾਂ
ਵਿੱਚ ਦੁਬਾਰਾ ਜਤ-ਪਾਤ ਦੀ ਜ਼ਹਿਰ ਵਾੜ ਦਿੱਤੀ।
ਹੁਣ ਆਖਣ ਨੂੰ ਭਾਵੇਂ ਲੋਕਾਂ ਦਾ ਰਾਜ ਹੈ ਪਰ ਸਰਦਾਰੀ ਬ੍ਰਾਹਮਣ ਦੀ ਹੈ ਜੋ
ਹਰ ਕੌਮ ਤੇ ਧਾਰਮਿਕ ਫਿਰਕੇ ਵਿੱਚ ਜਾਤ-ਪਾਤ ਅਧਾਰਤ ਗੁੱਟਬੰਦੀ ਕਰਵਾ ਕੇ ਵੰਡੋ ਤੇ ਰਾਜ ਕਰੋ ਦੀ
ਨੀਤੀ ਨਾਲ ਹੋਰ ਸਭਨਾਂ ਦੀ ਬੇ-ਸਮਝੀ ਕਾਰਨ ਕਾਮਯਾਬ ਹੋ ਰਿਹਾ ਹੈ। ਸਿਆਣਪ ਏਸੇ ਵਿੱਚ ਹੈ ਕਿ ਹਰ
ਫਿਰਕਾ, ਧੜਾ ਤੇ ਕੌਮ ਜਾਤ-ਪਾਤ ਦੇ ਝਮੇਲੇ ਵਿੱਚੋਂ ਬਾਹਰ ਨਿਕਲੇ ਅਤੇ ਆਪਸੀ ਗਿਲੇ ਸ਼ਿਕਵੇ ਅਤੇ
ਵਿਖਰੇਵੇਂ ਭੁਲਾ ਕੇ ਇੱਕਠੇ ਹੋਣ ਅਤੇ ਰਾਜ ਭਾਗ ਦੀ ਡੋਰ ਆਪਣੇ ਹੱਥ ਲੈ ਕੇ ਅਸਲ ਅਰਥਾਂ ਵਿੱਚ ਲੋਕ
ਰਾਜ ਦੀ ਸਥਾਪਨਾ ਕਰਨ ਅੱਗੇ ਆਉਣ।
ਅੱਜ ਸਿੱਖਾਂ ਵਿੱਚ ਜਾਤ-ਪਾਤ ਦਾ ਜ਼ਿਆਦਾ ਹੀ ਭੂਤ ਸਵਾਰ ਹੈ ਜਿਸ ਕਾਰਨ
(ਬਿਨੁ ਨਾਵੈ ਸਭ ਨੀਚ ਜਾਤਿ
ਹੈ -ਪੰਨਾ ੪੨੬) ਇਹ ਨੀਚ ਜਾਤ ਦੇ ਬਣ ਗਏ ਹਨ
ਇਹਨਾਂ ਦਾ ਆਪਸ ਵਿੱਚ ਇੱਕਠੇ ਹੋਣਾ ਤਾਂ ਇੱਕ ਪਾਸੇ ਰਿਹਾ ਇਹ ਗੁਰਦੁਆਰੇ ਵੀ, ਆਪਣੇ ਰਹਿਬਰਾਂ ਦੇ
ਸਿਧਾਂਤ ਤੋਂ ਉਲਟ ਜਾ ਕੇ, ਜਾਤ ਦੇ ਨਾਂਮ ਤੇ ਸਥਾਪਿਤ ਕਰਨ ਦੇ ਆਪਾ ਮਾਰੂ ਰੁਝਾਨ ਦੀ ਲਪੇਟ ਵਿੱਚ ਆ
ਗਏ ਹਨ, ਜੋ ਅਤਿ ਸ਼ਰਮਨਾਕ ਤੇ ਦੁਖਦਾਈ ਹੈ। ਜਿਸ ਦੀ ਸ਼ੁਰੂਆਤ ਰਾਮਗੜੀਆਂ ਵਲੋਂ ਹੋਈ ਲਗਦੀ ਹੈ ਜਿਸ
ਨੂੰ ਬਾਅਦ ਵਿੱਚ ਗਿਆਨੀ ਜ਼ੈਲ ਸਿੰਘ ਨੇ ਸਰਕਾਰੀ ਰਸੂਖ ਵਰਤਦੇ ਹੋਏ ਜ਼ਿਆਦਾ ਉਤਸ਼ਾਹਿਤ ਕੀਤਾ ਸੀ।
ਅਸੀਂ ਨਿਮਰਤਾ ਸਹਿਤ ਹਰ ਉਸ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੂੰ ਅਪੀਲ
ਕਰਦੇ ਹਾਂ ਕਿ ਉਹ ਗੁਰੂ ਜੀ ਦੇ ਆਸ਼ੇ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਿਆਂ ਦੇ ਨਾਂਮ, ਰੱਬ ਦਾ ਆਸਰਾ
ਲੈ ਕੇ (ਇਸ ਤਰਾਂ ਵਿਕਾਰ ਨੇੜੇ ਨਹੀਂ ਢੁਕਦੇ) ਅਤੇ ਜਾਤ-ਪਾਤ ਨੂੰ ਭੁਲਾ ਕੇ
(ਲਾਲੈ ਆਪਣੀ ਜਾਤਿ ਗਵਾਈ -ਪੰਨਾ
੩੬੨), ਸਿੰਘ ਸਭਾ……………… (ਜਗ੍ਹਾ ਦਾ ਨਾਂਮ) ਹੀ
ਕਰਨ ਦੀ ਕ੍ਰਿਪਾਲਤਾ ਕਰਕੇ ਸਾਨੂੰ ਧੰਨਵਾਦੀ ਬਣਾਉਨ ਅਤੇ ਗੁਰੁ ਸਹਿਬਾਂਨ ਦੀਆਂ ਖੁਸ਼ੀਆਂ ਪ੍ਰਾਪਤ
ਕਰਨ। ਇਸ ਤਰਾਂ ਕਰਨ ਨਾਲ ਉਹਨਾਂ ਦੀ ਵਿਸ਼ਾਲ ਸੋਚਣੀ ਉੱਪਰ ਪੰਥ ਵਲੋਂ ਸ਼ਾਬਾਸ਼ ਦੀ ਬਾਰਿਸ਼ ਜ਼ਰੂਰ
ਹੋਵੇਗੀ।
ਨਿਰਭੈ ਸਿੰਘ
|
. |