.

ਅਸੀਂ ਤੇ ਸਾਡਾ ਵਿਰਸਾ

ਇੱਕੀਵੀਂ ਸਦੀ ਦਾ ਆਗਾਜ਼ ਹੋਏ ਨੂੰ ਇੱਕ ਦਹਾਕਾ ਬੀਤਣ ਨੂੰ ਜਾ ਰਿਹਾ ਹੈ। ਇਲੈਕਟ੍ਰੌਨਿਕ ਟੈਕਨੌਲੌਜੀ ਨੇ ਇਸ ਦਹਾਕੇ ਵਿੱਚ ਲਗਪਗ ਪਿਛਲੀ ਅੱਧੀ ਸਦੀ ਜਿੰਨੀ ਤ੍ਰੱਕੀ ਕਰ ਲਈ ਹੈ। ਇੰਟ੍ਰਨੈਟ ਦੇ ਜ਼ਰੀਏ ਅੱਜ ਦੇ ਮਨੁੱਖੀ ਭਾਈਚਾਰੇ ਦੀ ਇੱਕ ਦੂਜੇ ਨਾਲ ਸਾਂਝ ਇੰਨੀ ਆਸਾਨ ਹੋ ਗਈ ਹੈ ਕਿ ਪੁੱਛੋ ਕੁੱਝ ਨਾ। ਸੱਤਰ ਸਾਲਾਂ ਤੋਂ ਉੱਪਰ ਉਮਰ ਵਾਲੇ ਲੋਕਾਂ ਲਈ ਇਸ ਨਵੀਂਨਤਾ ਦੀ ਨਾ ਤਾਂ ਕਿਆਸਰਾਈ ਲੌਣੀ ਸੌਖੀ ਹੈ ਅਤੇ ਨਾ ਲਾਭ ਉਠੌਣਾ ਹੀ ਇੰਨਾ ਸੌਖਾ ਹੈ। ਕਹਿਣ ਤੋਂ ਭਾਵ ਜਿੰਨੀ ਤੇਜ਼ੀ ਨਾਲ ਸਮਾਂ ਬਦਲਿਆ ਹੈ ਓਨੀਂ ਤੇਜ਼ੀ ਨਾਲ ਅਸੀਂ, ਸਮੂਹਿਕ ਤੌਰ ਤੇ, ਸਿੱਖ ਨਹੀਂ ਬਦਲੇ ਅਤੇ ਨਾ ਹੀ ਅਸੀਂ ਆਪਣੇ ਧਰਮ ਪ੍ਰਚਾਰ ਕਰਨ ਦੇ ਢੰਗ ਤ੍ਰੀਕੇ ਹੀ ਬਦਲ ਸਕੇ ਹਾਂ। ਅਸੀਂ ਗੁਰਦਵਾਰੇ ਦਾ ਗ੍ਰੰਥੀ ਹਾਲੇ ਵੀ ਚਾਰ ਪੰਜ ਜਮਾਤਾਂ ਪੜਿਆ ਹੀ ਢੂੰਡ ਕੇ ਲਿਔਂਦੇ ਹਾਂ। ਇਸ ਤਰਾਂ ਅਸੀਂ ਤਰੱਕੀ ਨਹੀਂ ਕਰ ਸਕਾਂਗੇ। ਕੀ ਅਸੀਂ ਅਜੋਕੇ ਸਮੇਂ ਦੇ ਹਾਣ ਦੇ ਬਣਨਾ ਨਹੀਂ ਚਾਹੁੰਦੇ? ਸਾਡੇ ਗੁਰਦਵਾਰਿਆਂ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਸਿੱਖੀ ਦੇ ਪ੍ਰਚਾਰ ਨੂੰ ਪ੍ਰਚੰਡ ਕਰਨ ਲਈ ਨਵੀਂ ਤਕਨੀਕ ਅਪਣੌਨ ਅਤੇ ਗੁਰਦਵਾਰੇ ਦੀ ਰਸਮੀਂ ਸੇਵਾ ਸੰਭਾਲ ਲਈ ਪੜ੍ਹੇ ਲਿਖੇ, ਜੋ ਕੰਪਿਊਟਰ ਦੀ ਵਰਤੋਂ ਕਰਨੀ ਜਾਣਦੇ ਹੋਣ, ਸੇਵਾਦਾਰ ਲਿਔਣ ਤਾਂ ਕਿ ਉਹ ਬੱਚਿਆਂ ਨੂੰ ਨਵੇਂ ਜ਼ਮਾਨੇ ਅਨੁਸਾਰ ਧਾਰਮਿਕ/ਇਤਿਹਾਸਕ ਜਾਣਕਾਰੀ ਦੇਣ ਦੇ ਕਾਬਲ ਹੋਣ। ਕੀ ਅਸੀਂ ਧਰਮ ਨੂੰ ਫਾਲਤੂ ਚੀਜ਼ ਸਮਝ ਕੇ ਕਦੀ ਕਦਾਈਂ ਸਿਰਫ ਰਸਮੀ ਤੌਰ ਤੇ ਤਾਂ ਨਹੀਂ ਨਿਭਾ ਰਹੇ? ਗੁਰੂ ਜੀ ਤਾਂ ਆਖ ਰਹੇ ਹਨ ਕਿ ਬਿਨੁ ਸਬਦੈ ਬਿਰਥਾ ਜਨਮੁ ਗਵਾਇਆ॥ (ਪੰਨਾ ੩੬੨)। ਕੀ ਕਾਰਨ ਹਨ ਸਾਡੇ ਇਸ ਅਵੇਸਲੇਪਣ ਦੇ? ਸਾਡੇ ਦਾਨਿਸ਼ਵਰ ਵੀਰਾਂ ਨੂੰ ਇਸ ਪਾਸੇ, ਬੇਨਤੀ ਹੈ, ਜ਼ਰੂਰ ਧਿਆਨ ਦੇਣਾ ਅਤੇ ਅੱਗੇ ਔਣਾ ਚਾਹੀਦਾ ਹੈ ਤਾਂ ਕਿ ਸਿੱਖ ਕੌਮ ਭੀ ਮੌਜੂਦਾ ਦੌਰ ਦੀ ਹਮਸਫਰ ਬਣ ਸਕੇ।

ਕਿਸੇ ਗੁਰਦਵਾਰੇ ਜਾ ਕੇ ਵੇਖ ਲਓ ਦਸਤਾਰਾਂ ਵਾਲੇ ਵੀਰ ਆਟੇ ਵਿੱਚ ਲੂਣ ਬਰਾਬਰ ਹੀ ਦਿਖਾਈ ਦੇਣਗੇ ਇਸੇ ਤਰਾਂ ਬੀਬੀਆਂ ਵੀ ਵਿਰਲੀਆਂ ਹੀ ਹੋਣਗੀਆਂ ਜਿਹਨਾਂ ਨੇ ਆਪਣੇ ਕੇਸ ਪੂਰੇ ਰੱਖਿਓ ਹੋਣਗੇ। ਸਿੱਖ ਧਰਮ ਦੇ ਮੋਢੀਆਂ ਨੇ ਆਪਣੇ ਪੈਰੋਕਾਰਾਂ ਜਾਣੀ ਸਿੱਖਾਂ ਨੂੰ ਕੇਸ ਜਿਉਂ ਦੇ ਤਿਉਂ ਰੱਖਣ ਦੀ ਤਾਕੀਦ ਕੀਤੀ ਹੋਈ ਹੈ। ਸੋਹਣੇ ਨਕ ਜਿਨ ਲੰਮੜੇ ਵਾਲਾ (ਪੰਨਾ ੫੬੬) ਜਿਸ ਉੱਪਰ ਦ੍ਰਿੜਤਾ ਨਾਲ ਪੈਹਰਾ ਦਿੰਦੇ ਹੋਏ ਅਨੇਕਾਂ ਗੁਰਸਿੱਖਾਂ ਨੇ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸ਼ਹੀਦ ਭਾਈ ਤਾਰੂ ਸਿੰਘ ਜੀ (ਜਿਸ ਸੂਰਮੇ ਨੇ ਖੁਦ ਜਲਾਦ ਨੂੰ ਕੇਸਾਂ ਨੂੰ ਕਟਣ ਦੀ ਥਾਂਹ ਚਮੜੀ ਸਣੇ ਪੂਰੀ ਖੋਪੜੀ ਉਤਾਰ ਦੇਣ ਦੀ ਬੇਨਤੀ ਕੀਤੀ ਸੀ) ਦੀ ਕੇਸਾਂ ਦੇ ਸਤਿਕਾਰ ਨੂੰ ਕਾਇਮ ਰਖਣ ਲਈ ਲਾਸਾਨੀ ਸ਼ਹਾਦਿਤ ਰਹਿੰਦੀ ਦੁਨੀਆਂ ਤੱਕ ਹਰ ਸਿੱਖ ਲਈ ਚਾਨਣ ਮੁਨਾਰੇ ਵਾਂਗ ਹੈ। ਪਰ ਅਫਸੋਸ ਅੱਜ ਪੰਜਾਬ ਵਿੱਚ ਦਸਤਾਰਾਂ ਦੀ ਗਿਣਤੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ। ਪੰਜਾਬ ਦੇ ਪਿੰਡਾਂ ਵਿੱਚ ਦਸਤਾਰਧਾਰੀ ਸਿੱਖ ਉਂਗਲਾਂ ਤੇ ਗਿਣੇ ਜਾਂਣ ਵਾਲੇ ਹੀ ਮਿਲਣਗੇ ਉਹ ਵੀ ਪੰਜਾਹ ਸਾਲਾਂ ਤੋਂ ਉੱਪਰ ਦੇ, ਨੌਜਵਾਂਨ ਤਾਂ ਸ਼ਾਇਦ ਗਲਤੀ ਨਾਲ ਹੀ ਕੋਈ ਮਿਲੇ। ਸਾਡੀ ਇਸ ਕਮਜ਼ੋਰੀ ਦੇ ਨਤੀਜੇ ਕਾਰਨ ਹੀ ਦੇਸ਼ ਵਿਦੇਸ਼ ਵਿੱਚ ਕਈ ਜਗ੍ਹਾ ਦਸਤਾਰ ਸਜੌਣ ਉੱਪਰ ਪਾਬੰਦੀਆਂ ਭੀ ਲੱਗ ਰਹੀਆਂ ਹਨ ਪਰ ਅਸੀਂ ਬੇ-ਖਬਰ ਹਾਂ। ਪੰਜਾਬੋਂ ਬਾਹਰ ਸਥਾਨਕ ਪ੍ਰਭਾਵ ਕਰਕੇ ਅਤੇ ਵਿਦੇਸ਼ਾਂ ਵਿੱਚ ਖਾਸ ਕਰਕੇ ਪਛਮੀਂ ਸੱਭਿਅਤਾ ਦੇ ਅਸਰ ਕਾਰਨ ਇਸ ਨੂੰ ਅਪਣੌਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੀ ਪੈ ਰਿਹਾ ਹੈ।

ਅਸੀਂ ਬਹੁਤੇ ਸਿੱਖ ਮਾਪਿਆਂ ਨੂੰ (ਭਾਈ ਤਾਰੂ ਸਿੰਘ ਦੀ ਮਿਸਾਲ ਨੂੰ ਅਣਗੌਲਦਿਆਂ) ਬੱਚਿਆਂ ਨੂੰ ਕੇਸ ਕਤਲ ਕਰੌਣ ਲਈ ਸਲਾਹ ਦਿੰਦੇ ਸੁਣਿਆ ਹੈ। ਅਖੇ ਵਡੇ ਹੋ ਕੇ ਆਪੇ ਰੱਖ ਲੈਣਗੇ, ਪਰ ਵਡੇ ਹੋ ਕੇ ਕਿਸ ਨੇ ਰੱਖਣੇ ਹਨ! ਇਹ ਹੈ ਸਾਡੇ ਵਿੱਚ ਆਈ ਨਿਘਾਰ ਦੀ ਹੱਦ। ਜਿਸ ਬੱਚੇ ਨੂੰ ਉਸਦੇ ਮਾਂ-ਬਾਪ ਖੁਦ ਕੇਸ ਕਤਲ ਕਰੌਣ ਲਈ ਕਹਿਣਗੇ ਉਸ ਦੇ ਦਿਲ ਜਾਂ ਮਨ ਵਿੱਚ ਕੇਸਾਂ ਲਈ ਸਤਿਕਾਰ ਕਰਨ ਦਾ ਚਾਅ ਕਿਵੇਂ ਪੈਦਾ ਹੋਵੇਗਾ। ਇਸ ਤਰਾਂ ਅਸੀਂ ਅਣਜਾਣੇ ਵਿੱਚ ਸਿੱਖੀ ਦੀ ਕੁਦਰਤੀ ਤੇ ਮੁਢਲੀ ਰਹਿਤ ਜੋ ਸਿੱਖ ਦੀ ਪਹਿਲੀ ਪਛਾਣ ਵੀ ਹੈ ਦਾ ਖੁਰਾ ਖੋਜ ਮਿਟੌਣ ਲਈ ਖੁਦ ਹੀ ਜ਼ਿੰਮੇਵਾਰ ਹਾਂ। ਇਸ ਲਈ ਅਸੀਂ ਹਰ ਉਸ ਵਿਅਕਤੀ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਜੋ ਗੁਰੂ ਗ੍ਰੰਥ ਸਹਿਬ ਨੂੰ ਆਪਣਾ ਇਸ਼ਟ ਮੰਨਦਾ ਹੈ ਕਿ ਸਿੱਖੀ ਦੀ ਕੁਦਰਤ ਵਲੋਂ ਬਖਸ਼ੀ ਹੋਈ ਪਹਿਲੀ ਪਛਾਣ (ਕੇਸ) ਨੂੰ ਬਰਕਰਾਰ ਰੱਖਣ ਲਈ ਹਰ ਸਿੱਖ ਪ੍ਰੀਵਾਰ ਆਪਣੇ ਬੱਚੇ/ਬੱਚੀਆਂ ਦੇ ਮਨਾਂ ਵਿੱਚ ਕੇਸਾਂ ਪ੍ਰਤੀ ਪ੍ਰੇਮ-ਭਾਵ ਅਤੇ ਸਤਿਕਾਰ ਬਚਪਨ ਤੋਂ ਹੀ ਭਰਨ। ਨਾਲ ਨਾਲ ਬੱਚਿਆਂ ਨੂੰ ਗੁਰ ਅਤੇ ਸਿੱਖ ਇਤਿਹਾਸ ਦੀ ਸੰਖੇਪ ਜਾਣਕਾਰੀ ਭੀ ਜ਼ਰੂਰ ਦੇਣ। (ਭੈ ਤੇ ਨਿਰਭਉ ਹੋਇ ਬਸਾਨਾ (ਪੰਨਾ ੨੮੫) ਏਸ ਤਰਾਂ ਉਹ ਡਰਾਂ ਵਿਚੋਂ ਨਿਕਲ ਵਡੇ ਹੋ ਕੇ ਨਿਰਭੈਤਾ ਨਾਲ ਸਿੱਖੀ ਦੀ ਇਸ ਕੁਦਰਤੀ ਪਛਾਣ ਨੂੰ ਸਵੀਕਾਰਨਗੇ, ਸਤਿਕਾਰਨਗੇ ਅਤੇ ਕੇਸਾਂ ਨੂੰ ਢਕਣ ਲਈ ਦਸਤਾਰ ਜਾਂ ਦੁਪੱਟੇ ਦੀ ਵਰਤੋਂ ਕਰਕੇ ਇਸਦੀ ਦੂਰੋਂ ਪਛਾਣਕ ਚਿੰਨ੍ਹ ਦੀ ਹੋਂਦ ਨੂੰ ਕਇਮ ਰੱਖਣ ਵਿੱਚ ਇਸਦੇ ਝੰਡਾ-ਬਰਦਾਰ ਜਾਂ ਨਿਸ਼ਾਨਚੀ ਬਣਨਗੇ। ਇਹ ਸਾਡੇ ਵਾਸਤੇ ਮਾਣ ਵਾਲੀ ਗਲ ਹੋਵੇਗੀ।

ਯਾਦ ਰਹੇ ਕਿ ਬ੍ਰਾਹਮਣ ਆਪਣੇ ਬੱਚੇ ਦੇ ਪਹਿਲੇ ਕੇਸਾਂ ਨੂੰ ਕਟਣ ਵਾਲੀ ਰਸਮ ਨੂੰ ਭੱਦਣ ਕਰਨਾਂ ਆਖਦਾ ਹੈ ਜੋ ਉਸ ਦਾ ਧਾਰਮਿਕ ਫਰਜ਼ ਹੈ। ਪਰ ਸਾਡੇ ਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ ਕਿ ਜੇ ਮੇਰਾ ਸਿੱਖ ਬ੍ਰਾਹਮਣ ਦੀ ਰੀਤ ਕਰੇਗਾ ਤਾਂ ਮੈ ਇਸ (ਸਿੱਖ) ਦੀ ਪ੍ਰਤੀਤ ਨਹੀਂ ਕਰਾਂਗਾ। ਹੁਣ ਸਿੱਖ ਨੇ ਖੁਦ ਸੋਚਣਾ ਹੈ ਕਿ ਉਸਨੇ ਗੁਰੂ ਤੋਂ ਪ੍ਰਤੀਤ ਕਰੌਣੀ ਹੈ ਜਾਂ ਨਹੀਂ!

ਗੁਰਮਤਿ ਸੰਚਾਰ ਸਭਾ (ਜਰਮਨੀ)
.