.

ਸਤਿਗੁਰਿ ਢਾਕਿ ਲੀਆ ਮੋਹਿ ਪਾਪੀ ਪੜਦਾ

ਕਿਸੇ ਵੀ ਲਿਖਤ ਜਾਂ ਗੱਲ –ਬਾਤ ਨੂੰ ਉਸੇ ਹੀ ਪ੍ਰਸਥਿੱਤੀ ਜਾਂ ਪ੍ਰਸੰਗ ਵਿਚ, ਜਿਸ ਵਿੱਚ ਉਹ ਆਖੀ ਜਾਂ ਲਿਖੀ ਗਈ ਹੈ, ਰੱਖ ਕੇ ਨਾ ਸਮਝਿਆਂ ਉਸ ਨੂੰ ਸਹੀ ਰੂਪ ਵਿੱਚ ਸਮਝਣਾ ਮੁਸ਼ਕਲ ਹੋ ਜਾਂਦਾ ਹੈ। ਜੇਕਰ ਕਿਸੇ ਲਿਖਤ ਜਾਂ ਗੱਲ – ਬਾਤ ਦੇ ਕੁੱਝ ਹਿੱਸੇ ਨੂੰ ਹੀ ਪੜ੍ਹ /ਸੁਣ ਕੇ ਉਸ ਨੂੰ ਸਮਝਾਉਣ ਆਦਿ ਦਾ ਯਤਨ ਕੀਤਾ ਜਾਏ, ਫਿਰ ਤਾਂ ਅਵੱਸ਼ ਹੀ ਉਸ ਨੂੰ ਸਮਝਣੋਂ ਅਸਮਰਥ ਰਹੀ ਦਾ ਹੈ। ਇਹ ਗੱਲ ਹਰੇਕ ਲਿਖਤ ਜਾਂ ਕਿਸੇ ਵਿਅਕਤੀ ਵਲੋਂ ਕਹੀ ਹੋਈ ਗੱਲ ਦੇ ਸਬੰਧ ਵਿੱਚ ਆਖੀ ਜਾ ਸਕਦੀ ਹੈ। ਹਾਂ, ਇਹ ਗੱਲ ਜ਼ਰੂਰ ਹੈ ਕਿ ਕਿਸੇ ਮਹਾਨ ਵਿਅਕਤੀ ਦੀ ਕਹੀ ਹੋਈ ਗੱਲ ਜਾਂ ਲ਼ਿਖਤ ਨਾਲ ਅਜਿਹਾ ਅਨਿਆਂ ਕਰਨ ਨਾਲ, ਸਾਧਾਰਨ ਲਿਖਤ ਜਾਂ ਪ੍ਰਾਣੀ ਦੀ ਆਖੀ ਹੋਈ ਗੱਲ ਨਾਲੋਂ ਵਧੇਰੇ ਮਨੁੱਖਤਾ ਦਾ ਨੁਕਸਾਨ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਵੀ ਅਜਿਹੇ ਅਨੇਕਾਂ ਫ਼ਰਮਾਨ ਹਨ ਜਿਨ੍ਹਾਂ ਨਾਲ ਬਾਣੀ ਦੀ ਵਿਆਖਿਆ ਕਰਨ ਵਾਲਿਆਂ ਨੇ ਕੁੱਝ ਅਜਿਹਾ ਹੀ ਅਨਿਆਂ ਕੀਤਾ ਹੈ। ਉਦਾਹਰਣ ਵਜੋਂ ‘ਪੁਤੀ ਗੰਢਿ ਪਵੈ ਸੰਸਾਰਿ’, ‘ਤੀਰਥਿ ਨਾਈਐ ਸੁਖ ਫਲ ਪਾਈਐ ਮੈਲ ਨ ਲਾਗੈ ਕਾਈ’, ‘ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥’ ਆਦਿ, ਫ਼ਰਮਾਨਾਂ ਦੀ ਕੁੱਝ ਸੱਜਣਾ ਵਲੋਂ ਕੀਤੀ ਹੋਈ ਵਿਆਖਿਆ ਤੋਂ ਦੇਖਿਆ ਜਾ ਸਕਦਾ ਹੈ।

ਅਜਿਹੇ ਅਨੇਕਾਂ ਫ਼ਰਮਾਨਾਂ `ਚੋਂ ਹੀ ਇੱਕ ਹੈ ‘ਸਤਿਗੁਰਿ ਢਾਕਿ ਲੀਆ ਮੋਹਿ ਪਾਪੀ ਪੜਦਾ’। ਆਮ ਤੌਰ `ਤੇ ਇਹ ਸਮਝਿਆ ਜਾਂ ਸਮਝਾਇਆਂ ਜਾਂਦਾ ਹੈ ਕਿ ਜੇਕਰ ਅਸੀਂ ਸਤਿਗੁਰੂ ਜੀ ਸ਼ਰਨ ਵਿੱਚ ਆ ਜਾਂਦੇ ਹਾਂ ਤਾਂ ਸਤਿਗੁਰੂ ਜੀ ਸਾਡਾ ਪੜਦਾ ਢੱਕ ਦੇਂਦੇ ਹਨ। ਭਾਵ, ਜੇਕਰ ਅਸੀਂ ਕੁੱਝ ਗ਼ਲਤ ਵੀ ਕਰ ਦੇਂਦੇ ਹਾਂ ਤਾਂ ਵੀ ਗੁਰਦੇਵ ਸਾਡਾ ਪੜਦਾ ਢੱਕ ਦੇਂਦੇ ਹਨ ਅਰਥਾਤ ਲੋਕਾਂ ਵਿੱਚ ਨਸ਼ਰ ਹੋਣ ਤੋਂ ਬਚਾ ਲੈਂਦੇ ਹਨ। ਅਜਿਹੀ ਧਾਰਨਾ ਕਾਰਨ ਹੀ ਅਕਸਰ ਰੱਬ ਵਿੱਚ ਆਸਥਾ/ ਵਿਸ਼ਵਾਸ ਰੱਖਣ ਵਾਲਾ ਵਿਅਕਤੀ ਜਦ ਕਦੀ ਕੁੱਝ ਗ਼ਲਤ ਕਰ ਦੇਂਦਾ ਹੈ ਜਾਂ ਕਰਨ ਲਗਦਾ ਹੈ ਤਾਂ ਉਸ ਕੁਕਰਮ ਨੂੰ ਲੁਕਾਉਣ ਲਈ ਪਾਠ, ਅਰਦਾਸ ਲੰਗਰ ਆਦਿ ਕਰਾਉਂਦਾ ਹੈ। ਜੇਕਰ ਉਸ ਦੇ ਇਸ ਕੁਕਰਮ ਉਤੇ ਪੜਦਾ ਪਿਆ ਰਹੇ ਤਾਂ ਇਹ ਸਮਝ ਲੈਂਦਾ ਹੈ ਕਿ ਗੁਰੂ/ਪ੍ਰਭੂ ਨੇ ਉਸ ਦੀ ਇੱਜ਼ਤ ਰੱਖ ਲਈ ਹੈ। ਭਾਵ ਉਸ ਵਲੋਂ ਕੀਤੇ ਕੁਕਰਮ ਨੂੰ ਜੱਗ ਜ਼ਾਹਰ ਹੋਣ ਤੋਂ ਬਚਾ ਲਿਆ ਹੈ। ਇਹ ਸੋਚ/ਧਾਰਨਾ ਗੁਰਮਤਿ ਦੀ ਧਾਰਨਾ ਤੋਂ ਬਿਲਕੁਲ ਹੀ ਵਿਪਰੀਤ/ਉਲਟ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੱਲ ਸਪਸ਼ਟ ਕੀਤੀ ਗਈ ਹੈ ਕਿ ਨਾ ਤਾਂ ਸਤਿਗੁਰੂ ਜਾਂ ਪ੍ਰਭੂ ਕਿਸੇ ਵੀ ਪ੍ਰਾਣੀ ਦੇ ਕੁਕਰਮਾਂ ਉੱਤੇ ਪੜਦਾ ਪਾਕੇ ਉਸ ਦੀ ਸਹਾਇਤਾ ਕਰਦਾ ਹੈ, ਅਤੇ ਨਾ ਹੀ ਕੋਈ ਧਰਮ ਕਰਮ ਇਸ ਵਿੱਚ ਅਜਿਹੇ ਮਨੁੱਖ ਦੀ ਸਹਾਇਤਾ ਕਰਨ ਦੇ ਸਮਰੱਥ ਹੈ। ਹਾਂ, ਇਹ ਜ਼ਰੂਰ ਹੈ ਕਿ ਅਜਿਹੇ ਕਰਮ ਧਰਮ ਦੁਆਰਾ, ਕਦੀ –ਕਦਾਈਂ ਕੁਕਰਮ ਕਰਨ ਵਾਲਾ ਵਿਅਕਤੀ ਆਮ ਲੋਕਾਂ ਨੂੰ ਗੁਮਰਾਹ ਕਰਕੇ ਆਪਣੇ ਅਸਲ ਚਿਹਰੇ ਨੂੰ ਲੁਕਾਉਣ ਵਿੱਚ ਕਾਮਯਾਬ ਜ਼ਰੂਰ ਹੋ ਜਾਂਦਾ ਹੈ। ਅਜਿਹੀ ਕਾਮਯਾਬੀ (?) ਗੁਰੂ/ ਪ੍ਰਭੂ ਦੀ ਸਹਾਇਤਾ ਨਾਲ ਸੰਭਵ ਨਹੀਂ ਹੋਈ, ਚੂੰਕਿ ਗੁਰਦੇਵ ਨੇ ਬਾਣੀ ਵਿੱਚ ਸਪਸ਼ਟ ਕੀਤਾ ਹੈ ਕਿ ਗੁਰੂ ਕਦੀ ਵੀ ਅਜਿਹੇ ਪ੍ਰਾਣੀਆਂ ਦੀ ਇਸ ਤਰ੍ਹਾਂ ਦੀ ਮਦਦ ਨਹੀਂ ਕਰਦਾ। ਗੁਰੂ ਸਾਹਿਬ ਵਲੋਂ ਅਜਿਹੇ ਵਿਅਕਤੀਆਂ ਦੀ ਸਹਾਇਤਾ ਦਾ ਇਹ ਰੂਪ ਤਾਂ ਬਾਣੀ ਵਿੱਚ ਮਿਲਦਾ ਹੈ ਕਿ ਇਹੋ ਜੇਹੇ ਮਨੁੱਖਾਂ ਨੂੰ ਸੁਮੱਤ ਬਖ਼ਸ਼ਸ਼ ਕਰਕੇ ਸਿੱਧੇ ਰਾਹ ਪਾਉਂਦਾ ਹੈ, ਜਿਸ ਕਰਕੇ ਉਹ ਪ੍ਰਾਣੀ ਕੁਕਰਮਾਂ ਤੋਂ ਤੋਬਾ ਕਰਕੇ ਅਗਾਂਹ ਲਈ ਅਜਿਹੇ ਕੁਕਰਮ ਨਹੀਂ ਕਰਦਾ। ਪਰੰਤੂ ਮਨੁੱਖੀ ਕਦਰਾਂ –ਕੀੰਮਤਾਂ ਦਾ ਤਿਆਗ ਕਰਨ ਵਾਲੇ ਕਿਸੇ ਵੀ ਵਿਅਕਤੀ ਦੇ ਕੁਕਰਮ ਉੱਤੇ ਗੁਰੂ ਪੜਦਾ ਪਾ ਕੇ ਉਸ ਨੂੰ ਮਨੁੱਖੀ ਕਦਰਾਂ –ਕੀਮਤਾਂ ਦਾ ਘਾਣ ਕਰਨ ਲਈ ਉਤਸ਼ਾਹਤ ਨਹੀਂ ਕਰਦਾ। ਹਜ਼ੂਰ ਦਾ ਫ਼ਰਮਾਨ ਹੈ: ਚੋਰੁ ਸਲਾਹੇ ਚੀਤੁ ਨ ਭੀਜੈ॥ ਜੇ ਬਦੀ ਕਰੇ ਤਾ ਤਸੂ ਨ ਛੀਜੈ॥ ਚੋਰ ਕੀ ਹਾਮਾ ਭਰੇ ਨ ਕੋਇ॥ ਚੋਰੁ ਕੀਆ ਚੰਗਾ ਕਿਉ ਹੋਇ॥ (ਪੰਨਾ 662)

ਅਰਥ: ਜੇ ਕੋਈ ਚੋਰ (ਉਸ ਹਾਕਮ ਦੀ ਜਿਸ ਦੇ ਸਾਹਮਣੇ ਉਸ ਦਾ ਮੁਕੱਦਮਾ ਪੇਸ਼ ਹੈ) ਖ਼ੁਸ਼ਾਮਦ ਕਰੇ ਤਾਂ ਉਸ ਨੂੰ (ਇਹ) ਯਕੀਨ ਨਹੀਂ ਬਣ ਸਕਦਾ (ਕਿ ਇਹ ਸੱਚਾ ਹੈ), ਜੇ ਉਹ ਚੋਰ (ਹਾਕਮ ਦੀ) ਬਦ-ਖ਼ੋਈ ਕਰੇ ਤਾਂ ਭੀ ਉਹ ਰਤਾ ਭਰ ਨਹੀਂ ਘਾਬਰਦਾ। ਕੋਈ ਭੀ ਮਨੁੱਖ ਕਿਸੇ ਚੋਰ ਦੇ ਚੰਗੇ ਹੋਣ ਦੀ ਗਵਾਹੀ ਨਹੀਂ ਦੇ ਸਕਦਾ। ਜੇਹੜਾ ਮਨੁੱਖ (ਲੋਕਾਂ ਦੀਆਂ ਨਜ਼ਰਾਂ ਵਿਚ) ਚੋਰ ਮੰਨਿਆ ਗਿਆ, ਉਹ (ਖ਼ੁਸ਼ਾਮਦਾਂ ਜਾਂ ਬਦ-ਖ਼ੋਈਆਂ ਨਾਲ ਹੋਰਨਾਂ ਦੇ ਸਾਹਮਣੇ) ਚੰਗਾ ਨਹੀਂ ਬਣ ਸਕਦਾ।

ਸਤਿਗੁਰੂ ਜੀ ਜਦ ਗੁਰੂ ਪੀਰ ਵਲੋਂ ਆਪਣੇ ਸੇਵਕਾਂ /ਦਾਸਾਂ ਦੀ ਸਿਫ਼ਾਰਸ਼ ਕਰਨ ਸਬੰਧੀ ਚਰਚਾ ਕਰਦੇ ਹਨ ਤਾਂ ਆਪ ਨਾਲ ਹੀ ਇਹ ਆਖ ਕੇ ਇਸ ਸਬੰਧੀ ਪ੍ਰਚਲਤ ਭਰਮ ਨੂੰ ਮਿਟਾ ਦੇਂਦੇ ਹਨ ਕਿ ਗੁਰੂ ਪੀਰ ਸਿਫ਼ਾਰਸ਼ ਉਦੋਂ ਹੀ ਕਰਦਾ ਹੈ ਜਦ ਦਾਸ ਆਪਣੇ ਮੁਰਸ਼ਦ ਦੀ ਆਗਿਆ ਦਾ ਪਾਲਣ ਕਰਦਿਆਂ ਹੋਇਆਂ ਸੱਚ ਦੀਆਂ ਕਦਰਾਂ –ਕੀਮਤਾਂ ਨੂੰ ਅਪਣਾ ਕੇ ਮੁਰਦਾਰ (ਪਰਾਇਆ ਹੱਕ ਆਦਿ) ਖਾਣ ਤੋਂ ਸੰਕੋਚ ਕਰੇਗਾ। ਭਾਵ, ਕੇਵਲ ਗੁਰੂ ਪੀਰ/ਮੁਰਸ਼ਦ ਉਪਰ ਵਿਸ਼ਵਾਸ ਰੱਖਣ ਨਾਲ ਹੀ ਉਸ ਦੀ ਪ੍ਰਸੰਨਤਾ ਦਾ ਪਾਤਰ ਨਹੀਂ ਬਣ ਸਕੀਦਾ। ਉਸ ਦਾ ਪਾਤਰ ਬਣਨ ਲਈ ਉਸ ਦੇ ਉਪਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰਨਾ ਲਾਜ਼ਮੀ ਹੈ: ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥ ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ॥ ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ॥ ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ॥ (ਪੰਨਾ 141) ਹੇ ਨਾਨਕ! ਪਰਾਇਆ ਹੱਕ ਮੁਸਲਮਾਨ ਲਈ ਸੂਰ ਹੈ ਤੇ ਹਿੰਦੂ ਲਈ ਗਾਂ ਹੈ। ਗੁਰੂ ਪੈਗ਼ੰਬਰ ਤਾਂ ਹੀ ਸਿਫ਼ਾਰਿਸ਼ ਕਰਦਾ ਹੈ ਜੇ ਮਨੁੱਖ ਪਰਾਇਆ ਹੱਕ ਨਾਹ ਵਰਤੇ। ਨਿਰੀਆਂ ਗੱਲਾਂ ਕਰਨ ਨਾਲ ਬਹਿਸ਼ਤ ਵਿੱਚ ਨਹੀਂ ਅੱਪੜ ਸਕੀਦਾ। ਸੱਚ ਨੂੰ (ਭਾਵ, ਜਿਸ ਨੂੰ ਸੱਚਾ ਰਸਤਾ ਆਖਦੇ ਹੋ, ਉਸ ਨੂੰ) ਅਮਲੀ ਜੀਵਨ ਵਿੱਚ ਵਰਤਿਆਂ ਹੀ ਨਜਾਤ ਮਿਲਦੀ ਹੈ। (ਬਹਿਸ ਆਦਿਕ ਗੱਲਾਂ ਦੇ) ਮਸਾਲੇ ਹਰਾਮ ਮਾਲ ਵਿੱਚ ਪਾਇਆਂ ਉਹ ਹੱਕ ਦਾ ਮਾਲ ਨਹੀਂ ਬਣ ਜਾਂਦਾ। ਹੇ ਨਾਨਕ! ਕੂੜੀਆਂ ਗੱਲਾਂ ਕੀਤਿਆਂ ਕੂੜ ਹੀ ਮਿਲਦਾ ਹੈ।

ਗੁਰੂ ਗ੍ਰ੍ਰੰਥ ਸਾਹਿਬ ਵਿੱਚ ਇਹ ਗੱਲ ਬੜੇ ਸਪਸ਼ਟ ਰੂਪ ਵਿੱਚ ਦਰਸਾਈ ਗਈ ਹੈ ਕਿ ਇਲਾਹੀ ਹੁਕਮ (ਰੱਬੀ ਨਿਯਮ) ਸਾਰਿਆਂ ਲਈ ਇਕੋ ਜੇਹਾ ਹੈ: ਧਾਰਮਿਕ, ਅਧਾਰਮਿਕ, ਗਰੀਬ – ਅਮੀਰ, ਇਸਤ੍ਰੀ – ਪੁਰਸ਼, ਪੜ੍ਹੇ – ਅਣਪੜ੍ਹੇ, ਗੱਲ ਕੀ ਸਾਰਿਆਂ ਲਈ ਇੱਕ ਸਮਾਨ ਹੀ ਹੈ, ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਛੋਟ ਨਹੀਂ ਹੈ। ਇਸੇ ਲਈ ਤਾਂ ਗੁਰਦੇਵ ਪ੍ਰਭੂ ਨੂੰ ਮੁਖ਼ਾਤਬ ਹੁੰਦਿਆਂ ਕਹਿੰਦੇ ਹਨ: ਤੇਰੈ ਘਰਿ ਸਦਾ ਸਦਾ ਹੈ ਨਿਆਉ॥ (ਪੰਨਾ 376) ਅਰਥ: ਤੇਰੇ ਘਰ ਵਿੱਚ ਸਦਾ ਹੀ ਇਨਸਾਫ਼ ਹੈ, ਸਦਾ ਹੀ ਇਨਸਾਫ਼ ਹੈ।

ਗੁਰੂ ਸਾਹਿਬ ਦੇ ਹਿਰਦੇ ਵਿੱਚ ਰੱਬੀ ਗੁਣਾਂ ਦਾ ਪ੍ਰਕਾਸ਼ ਹੋਣ ਕਾਰਨ ਹੀ ਆਪ ਪ੍ਰਭੂ ਰੂਪ ਸਨ, ਵਾਹਿਗੁਰੂ ਦਾ ਜ਼ਾਹਰ ਸਰੂਪ ਸਨ। ਗੁਰੂ ਸਾਹਿਬ ਨੇ ਵੀ ਇਹੀ ਰੱਬੀ ਨਿਆਂ ਵਾਲਾ ਮਾਪਦੰਡ ਆਪਣਾਇਆ ਹੋਇਆ ਸੀ। ਹਜ਼ੂਰ ਨੇ ਇਹ ਗੱਲ ਡੰਕੇ ਦੀ ਚੋਟ ਨਾਲ ਸਾਰਿਆਂ ਨੂੰ ਸਮਝਾ ਦਿੱਤੀ ਹੈ ਕਿ ਉਨ੍ਹਾਂ ਦਾ ਅਸਲ ਨਿਕਟ ਵਰਤੀ ਕੌਣ ਹੈ: ਸੋ ਸਿਖੁ ਸਖਾ ਬੰਧਪੁ ਹੈ ਭਾਈ, ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ, ਵਿਛੁੜਿ ਚੋਟਾ ਖਾਵੈ॥ (ਪੰਨਾ 601) ਅਰਥ: ਹੇ ਭਾਈ! ਉਹੀ ਮਨੁੱਖ ਗੁਰੂ ਦਾ ਸਿੱਖ ਹੈ, ਗੁਰੂ ਦਾ ਮਿੱਤਰ ਹੈ, ਗੁਰੂ ਦਾ ਰਿਸ਼ਤੇਦਾਰ ਹੈ, ਜੇਹੜਾ ਗੁਰੂ ਦੀ ਰਜ਼ਾ ਵਿਚ ਤੁਰਦਾ ਹੈ। ਪਰ, ਜੇਹੜਾ ਮਨੁੱਖ ਆਪਣੀ ਮਰਜ਼ੀ ਅਨੁਸਾਰ ਤੁਰਦਾ ਹੈ, ਉਹ ਪ੍ਰਭੂ ਤੋਂ ਵਿੱਛੁੜ ਕੇ ਦੁਖ ਸਹਾਰਦਾ ਹੈ।

ਧਾਰਮਿਕ ਦੁਨੀਆਂ ਵਿੱਚ ਪ੍ਰਚਲਤ ਇਹੋ ਜੇਹੀਆਂ ਧਾਰਨਾਵਾਂ ਨੂੰ ਮੁੱਢੋਂ ਹੀ ਰੱਦ ਕਰਦਿਆਂ ਹੋਇਆਂ ਸਪਸ਼ਟ ਕੀਤਾ: ਹਿੰਦੂ ਕੈ ਘਰਿ ਹਿੰਦੂ ਆਵੈ॥ ਸੂਤੁ ਜਨੇਊ ਪੜਿ ਗਲਿ ਪਾਵੈ॥ ਸੂਤੁ ਪਾਇ ਕਰੇ ਬੁਰਿਆਈ॥ ਨਾਤਾ ਧੋਤਾ ਥਾਇ ਨ ਪਾਈ॥ ਮੁਸਲਮਾਨੁ ਕਰੇ ਵਡਿਆਈ॥ ਵਿਣੁ ਗੁਰ ਪੀਰੈ ਕੋ ਥਾਇ ਨ ਪਾਈ॥ …ਰਾਹੁ ਦਸਾਇ ਓਥੈ ਕੋ ਜਾਇ॥ ਕਰਣੀ ਬਾਝਹੁ ਭਿਸਤਿ ਨ ਪਾਇ॥ …ਏਥੈ ਜਾਣੈ ਸੁ ਜਾਇ ਸਿਞਾਣੈ॥ ਹੋਰੁ ਫਕੜੁ ਹਿੰਦੂ ਮੁਸਲਮਾਣੈ॥ ਸਭਨਾ ਕਾ ਦਰਿ ਲੇਖਾ ਹੋਇ॥ ਕਰਣੀ ਬਾਝਹੁ ਤਰੈ ਨ ਕੋਇ॥ (ਪੰਨਾ 952) ਅਰਥ:- (ਕਿਸੇ ਖਤ੍ਰੀ ਆਦਿਕ) ਹਿੰਦੂ ਦੇ ਘਰ ਵਿੱਚ ਬ੍ਰਾਹਮਣ ਆਉਂਦਾ ਹੈ ਤੇ (ਮੰਤ੍ਰ ਆਦਿਕ) ਪੜ੍ਹ ਕੇ (ਉਸ ਖੱਤ੍ਰੀ ਦੇ) ਗਲ ਵਿੱਚ ਧਾਗਾ ਜਨੇਊ ਪਾ ਦੇਂਦਾ ਹੈ; (ਇਹ ਮਨੁੱਖ ਜਨੇਊ ਤਾਂ ਪਾ ਲੈਂਦਾ ਹੈ, ਪਰ) ਜਨੇਊ ਪਾ ਕੇ ਭੀ ਮੰਦ-ਕਰਮ ਕਰੀ ਜਾਂਦਾ ਹੈ (ਇਸ ਤਰ੍ਹਾਂ ਨਿੱਤ) ਨ੍ਹਾਉਣ ਧੋਣ ਨਾਲ ਉਹ (ਪ੍ਰਭੂ ਦੇ ਦਰ ਤੇ) ਕਬੂਲ ਨਹੀਂ ਹੋ ਜਾਂਦਾ।

ਮੁਸਲਮਾਨ (ਦੀਨ ਦੀ) ਵਡਿਆਈ ਕਰਦਾ ਹੈ ਪਰ ਜੇ ਗੁਰੂ ਪੀਰ ਦੇ ਹੁਕਮ ਵਿੱਚ ਨਹੀਂ ਤੁਰਦਾ ਤਾਂ (ਦਰਗਾਹ ਵਿਚ) ਕਬੂਲ ਨਹੀਂ ਹੋ ਸਕਦਾ; (ਬਹਿਸ਼ਤ ਦਾ) ਰਸਤਾ ਤਾਂ ਹਰ ਕੋਈ ਪੁੱਛਦਾ ਹੈ ਪਰ ਉਸ ਰਸਤੇ ਉਤੇ ਤੁਰਦਾ ਕੋਈ ਵਿਰਲਾ ਹੈ ਤੇ ਨੇਕ ਅਮਲਾਂ ਤੋਂ ਬਿਨਾ ਬਹਿਸ਼ਤ ਮਿਲਦਾ ਨਹੀਂ ਹੈ।

ਜਿਸ ਨੇ ਇਸ ਜਨਮ ਵਿੱਚ ਰੱਬ ਨੂੰ ਪਛਾਣ ਲਿਆ ਹੈ ਉਹ (ਪਰਲੋਕ ਵਿਚ) ਜਾ ਕੇ ਭੀ ਪਛਾਣ ਲੈਂਦਾ ਹੈ (ਜੇ ਇਹ ਉੱਦਮ ਨਹੀਂ ਕੀਤਾ ਤਾਂ) ਹੋਰ ਦਾਹਵਾ ਕਿ ਮੈਂ ਹਿੰਦੂ ਹਾਂ ਜਾਂ ਮੁਸਲਮਾਨ ਹਾਂ ਸਭ ਫੋਕਾ ਹੈ। (ਹਿੰਦੂ ਹੋਵੇ ਚਾਹੇ ਮੁਸਲਮਾਨ) ਹਰੇਕ ਦੇ ਅਮਲਾਂ ਦਾ ਲੇਖਾ ਪ੍ਰਭੂ ਦੀ ਹਜ਼ੂਰੀ ਵਿੱਚ ਹੁੰਦਾ ਹੈ, ਆਪਣੇ ਨੇਕ ਅਮਲਾਂ ਤੋਂ ਬਿਨਾ ਕਦੇ ਕੋਈ ਪਾਰ ਨਹੀਂ ਲੰਘਿਆ।

ਗੁਰ ਆਸ਼ੇ ਅਨੁਸਾਰ ਗੁਰਮਤਿ ਦਾ ਇਹ ਨੁਕਤਾ ਸਮਝਣ ਮਗਰੋਂ ਹੁਣ ‘ਸਤਿਗੁਰੂ ਵਲੋਂ ਪੜਦਾ ਢੱਕਣ’ ਵਾਲੇ ਵਿਸ਼ੇ ਵਲ ਆਉਂਦੇ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਜਾਂ ਪ੍ਰਭੂ ਵਲੋਂ ਪੜਦਾ ਢੱਕਣ, ਲਾਜ/ਪੱਤ ਆਦਿ ਰੱਖਣ ਦਾ ਇੱਕ ਤੋਂ ਵਧੀਕ ਵਾਰੀ ਜ਼ਿਕਰ ਕੀਤਾ ਗਿਆ ਹੈ। ਉਦਾਹਰਣ ਵਜੋਂ ਹੇਠਾਂ ਲਿਖੀਆਂ ਪੰਗਤੀਆਂ ਵਿੱਚ ਦੇਖਿਆ ਜਾ ਸਕਦਾ ਹੈ: (ੳ) ਸੋਈ ਬਿਧਾਤਾ ਖਿਨੁ ਖਿਨੁ ਜਪੀਐ॥ ਜਿਸੁ ਸਿਮਰਤ ਅਵਗਣ ਸਭਿ ਢਕੀਐ॥ (ਪੰਨਾ 1004) ਅਰਥ: ਹੇ ਭਾਈ! ਉਸੇ ਸਿਰਜਣਹਾਰ ਨੂੰ ਹਰੇਕ ਖਿਨ ਜਪਣਾ ਚਾਹੀਦਾ ਹੈ, ਜਿਸ ਨੂੰ ਸਿਮਰਦਿਆਂ ਆਪਣੇ ਸਾਰੇ ਔਗੁਣਾਂ ਨੂੰ ਢੱਕ ਸਕੀਦਾ ਹੈ।

(ਅ) ਨਿਰਗੁਣੁ ਰਾਖਿ ਲੀਆ ਸੰਤਨ ਕਾ ਸਦਕਾ॥ ਸਤਿਗੁਰਿ ਢਾਕਿ ਲੀਆ ਮੋਹਿ ਪਾਪੀ ਪੜਦਾ॥ (ਪੰਨਾ 1117) ਅਰਥ:- ਹੇ ਮੇਰੇ ਪ੍ਰਭੂ! ਸੰਤ ਜਨਾਂ ਦੀ ਸਰਨ ਪੈਣ ਦੀ ਬਰਕਤਿ ਨਾਲ ਤੂੰ ਮੈਨੂੰ ਗੁਣ-ਹੀਨ ਨੂੰ (ਭੀ ਵਿਕਾਰਾਂ ਤੋਂ) ਬਚਾ ਲਿਆ ਹੈ। ਸਤਿਗੁਰੂ ਨੇ ਮੇਰਾ ਪਾਪੀ ਦਾ ਪਰਦਾ ਢੱਕ ਲਿਆ ਹੈ (ਮੇਰੇ ਪਾਪ ਨਸ਼ਰ ਨਹੀਂ ਹੋਣ ਦਿੱਤੇ)।

ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਭੂ ਜਾਂ ਗੁਰੂ ਵਲੋਂ ਪੜਦਾ ਢੱਕਣ ਵਾਲੇ ਕਥਨ `ਚ ਹੀ ਨਹੀਂ ਬਲਕਿ ਕਿਸੇ ਵੀ ਬਚਨ ਬਾਰੇ ਕਿੰਤੂ –ਪ੍ਰੰਤੂ ਦੀ ਕੋਈ ਸੰਭਾਵਨਾ ਨਹੀਂ ਹੈ। ਚੂੰਕਿ ਗੁਰੂ ਗ੍ਰੰਥ ਸਾਹਿਬ ਵਿੱਚ ਅਜਿਹਾ ਕੁਛ ਵੀ ਦਰਜ ਨਹੀਂ ਜਿਹੜਾ ਸਮੇਂ ਦਾ ਹਾਣੀ ਨਾ ਹੋਣ ਕਾਰਨ ਚੈਂਲੰਜ ਕੀਤਾ ਜਾ ਸਕਦਾ ਹੋਵੇ। ਹਾਂ, ਇਸ ਗੱਲ ਦੀ ਜ਼ਰੂਰ ਸੰਭਾਵਨਾ ਹੈ ਕਿ ਕੋਈ ਸ਼ਬਦ ਸਾਡੀ ਸੀਮਤ ਜੇਹੀ ਬੁੱਧੀ ਦੀ ਪਕੜ ਵਿੱਚ ਨਾ ਆਵੇ; ਅਸੀਂ ਉਸ ਨੂੰ ਗੁਰੂ ਸਾਹਿਬ ਦੇ ਆਸ਼ੇ ਮੁਤਾਬਕ ਨਾ ਸਮਝ ਸਕੀਏ। ਇਸ ਲਈ ਜੇਕਰ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਗੱਲ ਦਾ ਉਲੇਖ ਕੀਤਾ ਗਿਆ ਹੈ ਕਿ ਸਤਿਗੁਰੂ ਸਿੱਖ ਦਾ ਪੜਦਾ ਢੱਕਦਾ ਹੈ ਤਾਂ ਇਸ ਵਿੱਚ ਕਿਸੇ ਤਰ੍ਹਾਂ ਦੇ ਸੰਦੇਹ ਦੀ ਗੁਜ਼ਾਇਸ਼ ਨਹੀਂ ਹੈ। ਪਰ ਪੜਦਾ ਢੱਕਣ ਦਾ ਜੋ ਆਮ ਭਾਵ ਸਮਝਿਆ ਜਾ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਪੜਦਾ ਢੱਕਣ ਦਾ ਇਹ ਭਾਵ ਨਹੀਂ ਲਿਆ ਗਿਆ। ਗੁਰੂ ਗ੍ਰੰਥ ਸਾਹਿਬ ਅਨੁਸਾਰ ਗੁਰੂ/ਪ੍ਰਭੂ ਵਲੋਂ ਪੜਦਾ ਢੱਕਣ ਤੋਂ ਭਾਵ ਹੈ ਕਿ ਸਤਿਗੁਰੂ ਸਿੱਖ/ਦਾਸ ਨੂੰ ਸੋਝੀ ਬਖ਼ਸ਼ਸ਼ ਕਰਕੇ, ਉਸ ਦੇ ਮਨ `ਚੋਂ ਅਗਿਆਨਮਈ ਅੰਧਕਾਰ ਦੂਰ ਕਰ ਦੇਂਦੇ ਹਨ। ਗੁਰੂ ਗਿਆਨ ਦੀ ਬਦੌਲਤ ਸਿੱਖ ਮੰਦੇ ਕਰਮਾਂ ਤੋਂ ਸੰਕੋਚ ਕਰਨ ਲੱਗ ਪੈਂਦਾ ਹੈ। ਸਤਿਗੁਰੂ ਦੇ ਬਖ਼ਸ਼ਿਸ਼ ਕੀਤੇ ਗਿਆਨ ਦੀ ਸਹਾਇਤਾ ਨਾਲ ਮੰਦੇ ਕਰਮਾਂ/ਵਿਕਾਰਾਂ ਤੋਂ ਉੱਪਰ ਉੱਠਣ ਵਾਲੇ ਕਰਮ ਨੂੰ ਸਤਿਗੁਰੂ ਵਲੋਂ ਸਿੱਖ ਦਾ ਪੜਦਾ ਢੱਕਣ ਦਾ ਲਖਾਇਕ ਮੰਨਿਆ ਗਿਆ ਹੈ। ਨਿਮਨ ਲਿਖਤ ਸ਼ਬਦ `ਚੋਂ ‘ਪੜਦਾ ਢੱਕਣ’ ਦੇ ਸਰੂਪ ਨੂੰ ਦੇਖਿਆ ਜਾ ਸਕਦਾ ਹੈ: ਗੁਰਿ ਪੂਰੈ ਮੇਰੀ ਰਾਖਿ ਲਈ॥ ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲੁ ਗਈ॥ 1॥ ਰਹਾਉ॥ ਨਿਵਰੇ ਦੂਤ ਦੁਸਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪੁ॥ ਕਹਾ ਕਰੈ ਕੋਈ ਬੇਚਾਰਾ ਪ੍ਰਭ ਮੇਰੇ ਕਾ ਬਡ ਪਰਤਾਪੁ॥ 1॥ ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ਚਰਨ ਕਮਲ ਰਖੁ ਮਨ ਮਾਹੀ॥ ਤਾ ਕੀ ਸਰਨਿ ਪਰਿਓ ਨਾਨਕ ਦਾਸੁ ਜਾ ਤੇ ਊਪਰਿ ਕੋ ਨਾਹੀ॥ 2॥ (ਪੰਨਾ 824) ਸ਼ਬਦ ਦੀਆਂ ਰਹਾਉ ਦੀਆਂ ਪੰਗਤੀਆਂ ਜੋ ਸ਼ਬਦ ਦੀਆਂ ਪ੍ਰਾਰੰਭਕ ਪੰਗਤੀਆਂ ਹੀ ਹਨ, ਵਿੱਚ ਸਤਿਗੁਰੂ ਫ਼ਰਮਾਂਉਦੇ ਹਨ ਕਿ ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਹੈ। ਇੱਜ਼ਤ ਕਿਸ ਤੋਂ ਰੱਖੀ ਹੈ? ਗੁਰੂ ਨੇ ਇੱਜ਼ਤ ਰੱਖੀ ਹੈ ਵਿਕਾਰਾਂ ਤੋਂ। ਸਤਿਗੁਰੂ ਨੇ ਇਨ੍ਹਾਂ ਵਿਕਾਰਾਂ ਤੋਂ ਇੱਜ਼ਤ ਰੱਖੀ ਕਿਵੇਂ ਹੈ? ਇਸ ਦੇ ਉੱਤਰ ਵਿੱਚ ਕਹਿੰਦੇ ਹਨ ਕਿ ਆਤਮਕ ਜੀਵਨ ਦੇਣ ਵਾਲਾ ਨਾਮ ਹਿਰਦੇ ਵਿੱਚ ਵਸਾ ਕੇ। ਭਾਵ ਨਾਮ ਅੰਮ੍ਰਿਤ (ਪ੍ਰਭੂ ਗੁਣਾਂ) ਨੂੰ ਹਿਰਦੇ ਵਿੱਚ ਵਸਾ ਕੇ ਮਨ ਵਿੱਚ ਉਕਰੇ ਮੰਦ ਸੰਸਕਾਰਾਂ ਤੋਂ ਛੁਟਕਾਰਾ ਦਿਵਾ ਕੇ ਸਤਿਗੁਰੂ ਜੀ ਨੇ ਇਹ ਪੜਦਾ ਢੱਕਿਆ ਹੈ। ਅਗਲੇ ਪਦੇ ਵਿੱਚ ਹਜ਼ੂਰ ਇਸ ਗੱਲ ਦਾ ਵਰਣਨ ਕਰ ਰਹੇ ਹਨ ਕਿ ਗੁਰੂ ਨੇ ਇਹ ਅੰਮ੍ਰਿਤ ਨਾਮ ਹਿਰਦੇ ਵਿੱਚ ਵਸਾਇਆ ਕਿਵੇਂ ਹੈ? ਇਸ ਦੇ ਜਵਾਬ ਵਿੱਚ ਆਖਦੇ ਹਨ ਕਿ ਗੁਰਦੇਵ ਨੇ ਰੱਬੀ ਗੁਣਾਂ ਦੀ ਸੋਝੀ ਪ੍ਰਦਾਨ ਕੀਤੀ ਤਾਂ ਉਨ੍ਹਾਂ ਗੁਣਾਂ ਨੂੰ ਆਪਣੇ ਅੰਦਰ ਧਾਰਨ ਕਰਨ ਨਾਲ ਆਤਮਕ ਬਲ ਮਿਲਿਆ, ਜਿਸ ਬਲ ਦੀ ਬਰਕਤ ਨਾਲ ਕਾਮਾਦਿਕ ਦੁਸ਼ਮਨਾਂ ਤੋਂ ਖਹਿੜਾ ਛੁੱਟ ਗਿਆ। ਇਸ ਆਤਮਕ ਬਲ ਦੀ ਬਦੌਲਤ ਕੋਈ ਵੀ ਵਿਕਾਰ ਆਪਣੇ ਵਲ ਖਿੱਚ ਨਹੀਂ ਪਾ ਸਕਦਾ।

ਭਾਈ ਗੁਰਦਾਸ ਜੀ ਇਸ ਸਬੰਧ ਵਿੱਚ ਖ਼ੁਲਾਸਾ ਕਰਦਿਆਂ ਹੋਇਆਂ ਆਪਣੀ 29 ਵਾਰ ਦੀ ਦੂਜੀ ਪਉੜੀ ਵਿੱਚ ਕਹਿੰਦੇ ਹਨ: ਪਰਤਨ ਪਰਧਨ ਪਰਨਿੰਦ ਮੇਟਿ ਨਾਮੁ ਦਾਨੁ ਇਸਨਾਨੁ ਦਿੜਾਇਆ॥ ਗੁਰਮਤਿ ਮਨੁ ਸਮਝਾਇ ਕੈ ਬਾਹਰਿ ਜਾਂਦਾ ਵਰਜਿ ਰਹਾਇਆ॥ ਅਰਥ: ਪਰ ਇਸਤ੍ਰੀ, ਪਰਧਰਨ, ਪਰਾਈ ਨਿੰਦਾ ਦੇ ਵਿਕਾਰ ਨੂੰ ਮੇਟਕੇ ਨਾਮ ਦਾਨ, ਇਸ਼ਨਾਨ ਦੀ ਕ੍ਰਿਆ ਦ੍ਰਿੜ ਕਰਾਈ। ਗੁਰੂ ਦੀ ਸਿੱਖਿਆ ਨਾਲ ਮਨ ਨੂੰ ਸਮਝਾਕੇ ਵਿਸ਼ਿਆਂ ਵਿੱਚ ਭਟਕਦੇ ਭਟਕਦੇ ਨੂੰ ਅੰਤਰਮੁਖ ਕੀਤਾ।

ਇਸ ਸੱਚ ਨੂੰ ਹੀ ਦ੍ਰਿੜ ਕਰਾਉਂਦਿਆਂ ਹੋਇਆਂ ਮਹਾਰਾਜ ਫ਼ਰਮਾਉਂਦੇ ਹਨ: ਹਰਿ ਜੀ ਲਾਜ ਰਖਹੁ ਹਰਿ ਜਨ ਕੀ॥ ਹਰਿ ਹਰਿ ਜਪਨੁ ਜਪਾਵਹੁ ਅਪਨਾ ਹਮ ਮਾਗੀ ਭਗਤਿ ਇਕਾਕੀ॥ ਰਹਾਉ॥ (ਪੰਨਾ 668) ਅਰਥ: ਹੇ ਪ੍ਰਭੂ ਜੀ! (ਦੁਨੀਆ ਦੇ ਵਿਕਾਰਾਂ ਦੇ ਝੰਬੇਲਿਆਂ ਵਿਚੋਂ) ਆਪਣੇ ਸੇਵਕ ਦੀ ਇੱਜ਼ਤ ਬਚਾ ਲੈ। ਹੇ ਹਰੀ! ਮੈਨੂੰ ਆਪਣਾ ਨਾਮ ਜਪਣ ਦੀ ਸਮਰਥਾ ਦੇਹ। ਮੈਂ (ਤੇਰੇ ਪਾਸੋਂ) ਸਿਰਫ਼ ਤੇਰੀ ਭਗਤੀ ਦਾ ਦਾਨ ਮੰਗ ਰਿਹਾ ਹਾਂ।ਰਹਾਉ।

ਸੋ, ਗੁਰੂ/ਪ੍ਰਭੂ ਵਲੋਂ ਮਨੁੱਖ/ਸੇਵਕ ਦਾ ਪੜਦਾ ਢੱਕਣ ਦਾ ਇਹ ਬਿਲਕੁਲ ਅਰਥ ਨਹੀਂ ਕਿ ਦਾਸ/ਸੇਵਕ ਦੇ ਕੁਕਰਮਾਂ ਉੱਤੇ ਪੜਦਾ ਪਾਉਂਦਾ ਹੈ। ਇਸ ਦਾ ਭਾਵ ਇਤਨਾ ਕੁ ਹੀ ਹੈ ਕਿ ਸਤਿਗੁਰੂ ਆਪਣੀ ਸ਼ਰਨ ਵਿੱਚ ਆਉਣ ਵਾਲੇ ਪ੍ਰਾਣੀ ਦਾ ਮਾਰਗ ਦਰਸਨ ਕਰਦਿਆਂ ਹੋਇਆਂ, ਉਸ ਨੂੰ ਸੱਚ ਦ੍ਰਿੜ ਕਰਵਾ ਕੇ, ਉਸ ਨੂੰ ਵਿਕਾਰਾਂ ਤੋਂ ਉੱਠਣ ਵਿੱਚ ਸਹਾਇਤਾ ਕਰਦੇ ਹਨ। ਗੁਰੂ ਗਿਆਨ ਦੀ ਬਰਕਤ ਨਾਲ ਆਤਮਕ ਮੌਤ ਤੋਂ ਛੁਟਕਾਰਾ ਪਾ ਕੇ ਸਿੱਖ ਆਤਮਕ ਜ਼ਿੰਦਗੀ ਜਿਊਂਣ ਲੱਗ ਪੈਂਦਾ ਹੈ। ਆਤਮਕ ਜ਼ਿੰਦਗੀ ਜਿਊਂ ਰਿਹਾ ਮਨੁੱਖ ਕੁਕਰਮਾਂ/ਗ਼ੁਨਾਹਾ ਤੋਂ ਤੋਬਾ ਕਰਕੇ ਸਚਿਆਰਮਈ ਜੀਵਨ ਜਿਊਂਣ ਲੱਗ ਪੈਂਦਾ ਹੈ। ਇਸ ਤਰ੍ਹਾਂ ਗੁਰੂ ਉਸ ਦਾ ਵਿਕਾਰਾਂ ਤੋਂ ਪੜਦਾ ਢੱਕਦਾ ਹੈ: ਪ੍ਰੇਮ ਪਟੋਲਾ ਤੈ ਸਹਿ ਦਿਤਾ ਢਕਣ ਕੂ ਪਤਿ ਮੇਰੀ॥ ਦਾਨਾ ਬੀਨਾ ਸਾਈ ਮੈਡਾ ਨਾਨਕ ਸਾਰ ਨ ਜਾਣਾ ਤੇਰੀ॥ (ਪੰਨਾ 520) ਅਰਥ: ਮੇਰੀ ਨਾਨਕ ਦੀ ਇੱਜ਼ਤ ਢਕ ਰੱਖਣ ਲਈ (ਹੇ ਪ੍ਰਭੂ!) ਤੈਂ ਖਸਮ ਨੇ ਮੈਨੂੰ ਆਪਣਾ 'ਪਿਆਰ'-ਰੂਪ ਰੇਸ਼ਮੀ ਕੱਪੜਾ ਦਿੱਤਾ ਹੈ, ਤੂੰ ਮੇਰਾ ਖਸਮ (ਮੇਰੇ ਦਿਲ ਦੀ) ਜਾਣਨ ਵਾਲਾ ਹੈਂ, ਮੈਂ ਤੇਰੀ ਕਦਰ ਨਹੀਂ ਜਾਤੀ।

ਜਸਬੀਰ ਸਿੰਘ ਵੈਨਕੂਵਰ
.