.

ਨਹੀਂ, ਵਾਹਿਗੁਰੂ-ਵਾਹਿਗੁਰੂ ਕਰਨਾ ‘ਨਾਮ ਸਿਮਰਨ’ ਨਹੀਂ ਹੈ

- ਸਰਬਜੀਤ ਸਿੰਘ -
ਸੰਪਾਦਕ, ਇੰਡੀਆ ਅਵੇਅਰਨੈੱਸ

ਇਨਸਾਨ ਦਾ ਕੁਦਰਤੀ ਸੁਭਾਅ ਹੈ ਕਿ ਉਹ ਨੇਮਾਂ/ਜ਼ਾਬਤੇ (discipline) ਦੇ ਬੰਧਨਾਂ ਵਿੱਚ ਬੰਧ ਕੇ ਜ਼ਿੰਦਗੀ ਜਿਉਣਾ ਨਹੀਂ ਚਾਹੁੰਦਾ ਬਲਕਿ ਜ਼ਿੰਦਗੀ ਦੇ ਹਰ ਪੜਾਅ ’ਤੇ ਆਪਣੀ ਸਹੂਲੀਅਤ ਜਾਂ ਇੱਛਾ ਮੁਤਾਬਿਕ ਮਰਜ਼ੀ ਦੇ ਫੈਸਲੇ ਲੈਣਾ ਚਾਹੁੰਦਾ ਹੈ। ਇਸੇ ਮਾਨਸਿਕਤਾ ਕਾਰਨ ਲੋਕ ਅਕਸਰ ਸੜਕਾਂ ’ਤੇ ਟ੍ਰੈਫਿਕ ਨੂੰ ਨਿਯੰਤਰਿਤ ਕਰਨ ਲਈ ਲਗਾਈਆਂ ਗਈਆਂ ਬੱਤੀਆਂ (ਰੈਡ ਲਾਈਟਾਂ) ਦੇ ਸੰਦੇਸ਼ਾਂ ਦੀ ਉਲੰਘਣਾ ਕਰ ਜਾਂਦੇ ਹਨ। ਹਾਲਾਂਕਿ ਹਰ ਕੋਈ ਜਾਣਦਾ ਹੈ ਕਿ ਇਹ ਬੱਤੀਆਂ ਟ੍ਰੈਫਿਕ ਨੂੰ ਨਿਯੰਤਰਿਤ ਕਰਨ ਅਤੇ ਦੁਰਘਟਨਾਵਾਂ ਨੂੰ ਰੋਕਣ ਵਿੱਚ ਬਹੁਤ ਸਹਾਈ ਹੁੰਦੀਆਂ ਹਨ। ਲਾਲ ਬੱਤੀਆਂ ਹੀ ਨਹੀਂ, ਇਨਸਾਨ ਵੱਲੋਂ ਆਪਣੇ ਲਾਭ ਲਈ ਦੇਸ਼/ਸੂਬੇ ਦੇ ਲਗਭਗ ਹਰ ਉਸ ਕਾਨੂੰਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸਨੂੰ ਤੋੜਨ ਦੇ ਉਹ ਸਮਰੱਥ ਹੋਵੇ ਜਾਂ ਜਿਸ ਨੂੰ ਤੋੜਨ ’ਤੇ ਉਸਨੂੰ ਕਿਸੇ ਤਰ੍ਹਾਂ ਦੀ ਸਜ਼ਾ/ਜੁਰਮਾਨੇ ਤੋਂ ਬਚੇ ਰਹਿਣ ਦਾ ਭਰੋਸਾ ਹੋਵੇ।

ਧਾਰਮਕ ਸਤਰ ’ਤੇ ਇਹੀ ਇਨਸਾਨੀ ਸੁਭਾਅ ਭਾਰੂ ਰਹਿੰਦਾ ਹੈ ਅਤੇ ਇਨਸਾਨ ਜਾਣਦਿਆਂ ਬੁੱਝਦਿਆਂ ਵੀ ਸੱਚੇ ਰੱਬੀ ਗੁਣਾਂ ਨੂੰ ਛੱਡ ਕੇ ਵਿਕਾਰਾਂ ਵਿੱਚ ਖਚਿਤ ਹੋ ਜਾਂਦਾ ਹੈ। ਇਸੇਲਈ ਲੱਖ ਸਮਝਾਉਣ ਦੇ ਬਾਵਜੂਦ ਲੋਕ ਸ਼ਰੇਆਮ ਜਾਂ ਲੁਕ-ਛਿਪ ਕੇ ਸ਼ਰਾਬ ਪੀਣਾ, ਸਮੈਕ/ਚਰਸ/ਗਾਂਜੇ ਦਾ ਸੇਵਨ ਕਰਨ, ਚੋਰੀ-ਚਕਾਰੀ ਕਰਨਾਂ, ਦੂਜੇ ਲੋਕਾਂ ਨੂੰ ਧੋਖਾ ਦੇਣਾ, ਗੈਰ ਮਰਦ-ਇਸਤਰੀ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕਰਨਾ, ਆਪਣੇ ਪੈਸੇ ਨੂੰ ਲੋਕ ਭਲਾਈ ਦੀ ਬਜਾਏ ਫਿਜ਼ੂਲ-ਖਰਚੀ, ਫੈਸ਼ਨਪ੍ਰਸਤੀ ਅਤੇ ਦਿਖਾਵੇ ’ਤੇ ਖਰਚ ਕਰ ਦੇਣਾ ਆਦਿਕ ਅਉਗੁਣਾਂ ਨੂੰ ਹੀ ਅਪਣਾਉਂਦੇ ਹਨ।

ਇਨਸਾਨ ਦੇ ਅਜਿਹੇ ਸੁਭਾਅ ਕਾਰਨ ਹੀ ਕਬੀਰ ਸਾਹਿਬ ਨੂੰ ਮਜਬੂਰਨ ਕਹਿਣਾ ਪਿਆ ਕਿ :

ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗੁਨ ਕਰੈ।।
ਕਾਹੇ ਕੀ ਕੁਸਲਾਤ ਹਾਥਿ ਦੀਪ ਕੂਏ ਪਰੈ।।
(ਗੁਰੂ ਗ੍ਰੰਥ ਸਾਹਿਬ, ਪੰਨਾ 1376)

ਭਾਵ, ਇਨਸਾਨ ਸਭ ਕੁਝ ਜਾਣਦਾ ਹੈ (ਕਿ ਕਿਹੜਾ ਕੰਮ ਚੰਗਾ ਅਤੇ ਕਿਹੜਾ ਮਾੜਾ) ਪਰ ਫਿਰ ਵੀ ਉਹ ਗੁਣਾਂ (ਚੰਗੇ ਕਰਮਾਂ) ਦੀ ਬਜਾਏ ਅਵਗੁਣਾਂ (ਮਾੜੇ ਕਰਮਾਂ) ਦੀ ਹੀ ਚੋਣ ਕਰਦਾ ਹੈ। ਪਰ ਇਸ ਵਿੱਚ ਕਿਹੜੀ ਅਕਲਮੰਦੀ ਹੈ ਕਿ ਹੱਥ ਵਿੱਚ ਦੀਵਾ (ਸੱਚੇ ਗੁਰੂ ਦਾ ਗਿਆਨ) ਹੋਵੇ ਅਤੇ ਫਿਰ ਇਨਸਾਨ (ਵਿਕਾਰਾਂ ਰੂਪੀ) ਖੂਹ ਵਿੱਚ ਡਿੱਗ ਪਵੇ?

ਇਨਸਾਨ ਵੱਲੋਂ ਆਪਣੇ ਆਪ ਨੂੰ ਜ਼ਾਬਤੇ ਵਿੱਚ ਨਾ ਰੱਖਣ ਅਤੇ ਨੇਮਾਂ ਨੂੰ ਤੋੜਨ ਦੇ ਰੁਝਾਨ ਇਨਸਾਨ ਦੀ ਪੈਦਾਇਸ਼ ਤੋਂ ਹੀ ਇਸਦੇ ਨਾਲ ਜੁੜਿਆ ਰਿਹਾ ਹੈ ਅਤੇ ਇਨਸਾਨ ਦੇ ਸਮਾਜਕ ਤਾਣੇ-ਬਾਣੇ ਦੇ ਵਿਕਸਿਤ ਹੋਣ ਨਾਲ ਇਹ ਰੁਝਾਨ ਹੋਰ ਪ੍ਰਚੰਡ ਹੁੰਦਾ ਜਾ ਰਿਹਾ ਹੈ। ਇਸੇਲਈ ਸਦੀਆਂ ਪਹਿਲਾਂ ਹੀ ਦੁਨੀਆ ਦੇ ਹਰ ਦੇਸ਼/ਖੇਤਰ ਵਿੱਚ ਆਪੋ-ਆਪਣੀ ਸਮਝ ਅਨੁਸਾਰ ਮਨੁੱਖ ਦੀਆਂ ਸਰਗਰਮੀਆਂ/ਕਾਰਵਾਈਆਂ ਨੂੰ ਨਿਯੰਤਰਿਤ ਕਰਨ ਲਈ ਵੱਖ-ਵੱਖ ਨੇਮ/ਕਾਨੂੰਨ ਘੜੇ ਗਏ ਹਨ। ਇਹ ਪ੍ਰਕ੍ਰਿਆ ਅੱਜ ਵੀ ਚਾਲੂ ਹੈ ਅਤੇ ਵੱਖ-ਵੱਖ ਦੇਸ਼ ਅਤੇ ਸੂਬੇ, ਵੱਖ-ਵੱਖ ਮੁੱਦਿਆਂ ’ਤੇ ਨਿੱਤ ਨਵੇਂ ਕਾਨੂੰਨ ਬਣਾ ਰਹੇ ਹਨ। ਪਰ ਜਿਵੇਂ ਕਿ ਪਹਿਲਾਂ ਵੀ ਕਿਹਾ ਗਿਆ ਹੈ, ਮਨੁੱਖ ਆਪਣੇ ਲਾਭ/ਇੱਛਾ ਵਾਸਤੇ ਕਾਨੂੰਨ/ਨੇਮ ਨੂੰ ਤੋੜਨ ਦੀ ਕੋਸ਼ਿਸ਼ ਜਰੂਰ ਕਰਦਾ ਹੈ। ਇਸਲਈ ਹਰ ਕਾਨੂੰਨ ਵਿੱਚ, ਉਸਦੀ ਉਲੰਘਣਾ ਕਰਨ ਵਾਲੇ ਨੂੰ ਦਿੱਤੇ ਜਾਣ ਵਾਲੀ ਸਜ਼ਾ ਦਾ ਬਖਾਨ ਵੀ ਨਾਲ ਹੀ ਕਰ ਦਿੱਤਾ ਜਾਂਦਾ ਹੈ। ਮਿਸਾਲ ਵਜੋਂ, ਕਿਸੇ ਮਨੁੱਖ ਨਾਲ ਠੱਗੀ ਮਾਰਨ ਵਾਲੇ ਅਪਰਾਧੀ ਨੂੰ ਤਿੰਨ ਸਾਲ ਦੀ ਕੈਦ ਹੋ ਸਕਦੀ ਹੈ ਤਾਂ ਕਤਲ ਕਰਨ ਦੇ ਦੋਸ਼ੀ ਨੂੰ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਵੀ ਹੋ ਸਕਦੀ ਹੈ। ਕੁਝ ਹੋਰ ਕਾਨੂੰਨਾਂ ਦੀ ਉਲੰਘਣਾ ਕਰਨ ’ਤੇ ਦੋਸ਼ੀ ਵਿਕਅਤੀ ਨੂੰ ਵੱਖ-ਵੱਖ ਰਕਮਾਂ ਦਾ ਜੁਰਮਾਨਾ ਕਰ ਦਿੱਤਾ ਜਾਂਦਾ ਹੈ। ਅਸਲ ਵਿੱਚ ਇਨ੍ਹਾਂ ਸਜ਼ਾਵਾਂ/ਜੁਰਮਾਨਿਆਂ ਦਾ ਡਰ ਹੀ ਮਨੁੱਖ ਨੂੰ ਜ਼ਾਬਤੇ ਵਿੱਚ ਰਹਿਣ ਲਈ ਮਜਬੂਰ ਕਰਦਾ ਹੈ। ਜੇਕਰ ਸਜ਼ਾ/ਜੁਰਮਾਨੇ ਦਾ ਡਰ ਨਾ ਹੋਵੇ ਤਾਂ ਮਨੁੱਖ ਬਹੁਤ ਸਾਰੇ ਕਾਨੂੰਨਾਂ/ਨੇਮਾਂ ਦੀ ਉਲੰਘਣਾ ਕਰਨ ਲਗ ਪਏਗਾ ਤੇ ਸਮਾਜ ਦਾ ਪ੍ਰਸ਼ਾਸਨਿਕ ਢਾਂਚਾ ਪੂਰੀ ਤਰ੍ਹਾਂ ਤਬਾਹ ਹੋ ਜਾਏਗਾ।

ਜਿਵੇਂ ਦੁਨੀਆਵੀ ਅਉਗੁਣਾਂ (ਕਾਨੂੰਨਾਂ ਦੀ ਉਲੰਘਣਾ) ਤੋਂ ਬਚਣ ਲਈ ਕਾਨੂੰਨ ਅਤੇ ਉਸ ਨਾਲ ਸਬੰਧਿਤ ਸਜ਼ਾ ਨੂੰ ਯਾਦ ਰੱਖਣਾ ਮਨੁੱਖੀ ਸੁਭਾਅ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦਾ ਹੈ, ਉਸੇ ਤਰ੍ਹਾਂ ਧਾਰਮਕ ਅਉਗੁਣਾਂ ਤੋਂ ਬਚਣ ਲਈ ਰੱਬੀ ਗੁਣਾਂ ਤੋਂ ਪ੍ਰੇਰਣਾ ਲੈਣਾ ਅਤੇ ਇਨ੍ਹਾਂ ਤੋਂ ਬੇਮੁਖ ਹੋਣ ’ਤੇ ਸਹੇੜੇ ਜਾਂਦੇ ਵਿਕਾਰਾਂ/ਆਤਮਕ ਦੁਖਾਂ ਨੂੰ ਯਾਦ ਰੱਖਣਾ ਇਨਸਾਨ ਦੇ ਧਾਰਮਕ ਤੇ ਮਾਨਸਿਕ ਵਿਕਾਸ ਵਿੱਚ ਸਹਾਈ ਹੁੰਦੇ ਹਨ। ਵੱਖ-ਵੱਖ ਧਰਮਾਂ ਦੇ ਸੰਸਥਾਪਕਾਂ/ਪ੍ਰਚਾਰਕਾਂ ਨੇ ਆਪੋ-ਆਪਣੀ ਸਮਝ ਜਾਂ ਉਸ ਧਰਮ ਵਿੱਚ ਪ੍ਰਚਲਿਤ ਮਿਥਕ ਕਹਾਣੀਆਂ ਮੁਤਾਬਿਕ ਰੱਬ ਦੀਆਂ ਕੁਝ ਵਿਸ਼ੇਸ਼ਤਾਂ ਦਾ ਜ਼ਿਕਰ ਕੀਤਾ ਹੈ। ਪਰ ਸਿੱਖ ਗੁਰੂ ਸਾਹਿਬਾਨ ਨੇ ਆਪਣੇ ਅਨੁਭਵ ਅਤੇ ਤਕਰਸ਼ੀਲ ਸੋਚ ਮੁਤਾਬਿਕ ਪਰਮਾਤਮਾ ਦੇ ਬਹੁਤ ਸਾਰੇ ਗੁਣਾਂ ਦਾ ਬਖਾਨ ‘ਗੁਰਬਾਣੀ’ ਵਿੱਚ ਕੀਤਾ ਹੈ। ਜਿਵੇਂ ਪਰਮਾਤਮਾ ਕਿਸੇ ਤੋਂ ਡਰਦਾ ਨਹੀਂ (ਨਿਰਭਉ ਹੈ), ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ (ਉਹ ਨਿਰਵੈਰ ਹੈ), ਉਹ ਇਕ ਹੈ ਤੇ ਹਰ ਥਾਂ ਇਕ-ਸਾਰ ਵਿਆਪਕ (ੴ ) ਹੈ, ਆਦਿਕ।

ਰੱਬ ਦੇ ਅਜਿਹੇ ਗੁਣਾਂ ਨੂੰ ਸਮਝ ਕੇ ਇਨਸਾਨ ਆਪਣੀ ਜ਼ਿੰਦਗੀ ਬਹੁਤ ਸੁਖਾਲੀ ਕਰ ਸਕਦਾ ਹੈ ਕਿਉਂਕਿ ਬਹੁਤ ਸਾਰੇ ਧਰਮਾਂ ਵਿੱਚਲੇ ਰਿਵਾਜ/ ਪਰੰਪਰਾਵਾਂ ਪੁਰਾਤਨ ਮਨੁੱਖੀ ਸਮਾਜ ਦੇ ਅਗਿਆਨ ’ਤੇ ਹੀ ਅਧਾਰਿਤ ਹਨ। ਜਿਵੇਂ ਹਿੰਦੂ ਸਮਾਜ ਵਿੱਚ ਸੱਪ ਨੂੰ ਪੂਜਣ ਦੀ ਪਰੰਪਰਾ ਅਸਲ ਵਿੱਚ ਸੱਪ ਦੇ ਕੱਟਣ ਨਾਲ ਇਨਸਾਨ ਦੀ ਮੌਤ ਹੋਣ ਦੇ ਡਰ ਤੋਂ ਉਪਜੀ ਸੀ। ਇਸੇ ਤਰ੍ਹਾਂ, ਬੱਦਲਾਂ ਤੋਂ ਹੁੰਦੀ ਬਾਰਿਸ਼ ਨਾਲ ਆਉਂਦੇ ਹੜ੍ਹ ਜਾਂ ਬਾਰਿਸ਼ ਦੀ ਕਮੀ ਕਾਰਨ ਹੁੰਦੇ ਸੋਕੇ ਨੂੰ ਵੀ ਇਨਸਾਨੀ ਅਗਿਆਨਤਾ ਕਾਰਨ ਰੱਬ ਦੇ ਗੁੱਸੇ ਦਾ ਨਤੀਜਾ ਸਮਝ ਲਿਆ ਗਿਆ। ਇਹੀ ਨਹੀਂ, ਹਿੰਦੂ ਧਰਮ ਗ੍ਰੰਥਾਂ ਵਿੱਚ ਤਾਂ ਰੱਬ ਦੇ ਅਵਤਾਰ ਕਹੇ ਜਾਂਦੇ ਦੇਵਤਿਆਂ ਨੂੰ ਲੋਕਾਂ ਨੂੰ ਧੋਖਾ ਦਿੰਦਿਆਂ, ਛਲ-ਕਪਟ ਕਰਦਿਆਂ ਅਤੇ ਬਲਾਤਕਾਰ ਕਰਦਿਆਂ ਤਕ ਦਿਖਾ ਦਿੱਤਾ। ਅਜਿਹੀਆਂ ਮਿੱਥਕ ਕਹਾਣੀਆਂ ਸੁਣ ਕੇ ਇਨਸਾਨ ਦੇ ਮਨ ਵਿੱਚ ਪਰਮਾਤਮਾ ਦੇ ਸਰੂਪ ਅਤੇ ਗੁਣਾਂ ਬਾਰੇ ਬੜਾ ਗਲਤ ਤੇ ਗੁੰਮਰਾਹਕੁੰਨ ਅਕਸ ਪੈਦਾ ਹੋ ਜਾਂਦਾ ਹੈ।

ਇਸਲਈ ਇਨਸਾਨ ਨੂੰ ਪਰਮਾਤਮਾ ਦੇ ਅਸਲ ਸਰੂਪ ਅਤੇ ਉਸਦੇ ਮਹਾਨ ਗੁਣਾਂ ਤੋਂ ਵਾਕਿਫ਼ ਹੋਣ ਲਈ ਸੱਚ ਦਾ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ। ਇਹ ਗਿਆਨ ਸਿਰਫ਼ ਤੇ ਸਿਰਫ਼ ‘ਗੁਰੂ ਗ੍ਰੰਥ ਸਾਹਿਬ’ ਜੀ ਦੇ ਅਧਿਐਨ ਤੋਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਭਾਵ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਨੂੰ ਪੜ੍ਹ ਕੇ, ਇਸਦੇ ਲਫ਼ਜ਼ੀ ਅਤੇ ਭਾਵ ਅਰਥ ਸਮਝ ਕੇ ਗੁਰਮਤਿ ਸਿਧਾਂਤਾਂ ਦੀ ਜਾਣਕਾਰੀ ਹਾਸਲ ਕਰਨ ਨਾਲ ਹੀ ਮਨੁੱਖ ਪਰਮਾਤਮਾ ਦੇ ਗੁਣਾਂ ਅਤੇ ਉਸ ਵੱਲੋਂ ਸਿਰਜੇ ਗਏ ਨੇਮਾਂ (ਹੁਕਮ) ਨੂੰ ਸਮਝ ਸਕਦਾ ਹੈ। ਜਿਹੜਾ ਮਨੁੱਖ ਇਸ ਸੱਚੇ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਪੂਰਨ ਤੌਰ ’ਤੇ ਅਪਣਾਉਂਦਾ ਹੈ, ਉਹੀ ਸੱਚਾ ਮਨੁੱਖ ਅਖਵਾ ਸਕਦਾ ਹੈ।

ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਪਰਮਾਤਮਾ ਦੇ ‘ਗੁਣਾਂ’ ਜਾਂ ਉਸਦੀ ‘ਹੋਂਦ’ ਨੂੰ ਬਿਆਨ ਕਰਨ ਲਈ ‘ਨਾਮ’ ਲਫ਼ਜ਼ ਦੀ ਚੋਣ ਕੀਤੀ ਹੈ। ਭਾਵ, ਗੁਰਬਾਣੀ ਵਿੱਚ ਪਰਮਾਤਮਾ ਦਾ ‘ਨਾਮ’ ਤੋਂ ਅਰਥ ਹੈ ਪਰਮਾਤਮਾ ਦੇ ਗੁਣ ਅਤੇ ਸਿਮਰਨ ਦਾ ਅਰਥ ਹੈ ਯਾਦ ਰੱਖਣਾ। ਇਸ ਤਰ੍ਹਾਂ, ਨਾਮ ਸਿਮਰਨ ਦਾ ਅਰਥ ਰੱਬੀ ਗੁਣਾਂ ਨੂੰ ਯਾਦ ਰੱਖਣਾ ਬਣਦਾ ਹੈ। ਗੁਰਬਾਣੀ ਦੀਆਂ ਕੁਝ ਤੁੱਕਾਂ ਦਾ ਅਧਿਐਨ ਕਰੀਏ, ਤਾਂ ਇਹ ਗੱਲ ਬਿਲਕੁਲ ਪ੍ਰਤੱਖ ਹੋ ਜਾਂਦੀ ਹੈ। ਜਿਵੇਂ :

ਛਾਡਿ ਸਗਲ ਸਿਆਣਪਾ ਸਾਧ ਸਰਣੀ ਆਉ ॥
ਪਾਰਬ੍ਰਹਮ ਪਰਮੇਸਰੋ ਪ੍ਰਭੂ ਕੇ ਗੁਣ ਗਾਉ ॥1॥
(ਗੁਰੂ ਗ੍ਰੰਥ ਸਾਹਿਬ, ਪੰਨਾ 501)

ਭਾਵ : ਆਪਣੀਆਂ ਸਾਰੀਆਂ ਸਿਆਣਪਾਂ (ਰੱਬ ਦੀ ਹੋਂਦ ਬਾਰੇ ਖ਼ੁਦ ਨੂੰ ਵਾਧੂ ਗਿਆਨ ਹੋਣ ਦਾ ਭੁਲੇਖਾ) ਛੱਡ ਕੇ ਗੁਰੂ ਦੀ ਸ਼ਰਨ ਵਿੱਚ ਆਉ (ਸੱਚੇ ਗੁਰੂ ਤੋਂ ਗਿਆਨ ਪ੍ਰਾਪਤ ਕਰੋ) ਅਤੇ ਪਰਮਾਤਮਾ ਨਾਲ ਇਕਮਿਕ ਹੋਣ ਵਾਸਤੇ ਉਸਦੇ ਗੁਣਾਂ ਨੂੰ ਗਾਉ (ਯਾਦ ਰੱਖੋ)।

ਧੰਧਾ ਕਰਤ ਬਿਹਾਨੀ ਅਉਧਹਿ ਗੁਣ ਨਿਧਿ ਨਾਮ ਨ ਗਾਇਓ ॥1॥
(ਗੁਰੂ ਗ੍ਰੰਥ ਸਾਹਿਬ, ਪੰਨਾ 501)

ਭਾਵ : ਮਨੁੱਖ ਦੀ ਉਮਰ ਦੁਨਿਆਵੀ ਧੰਧੇ ਕਰਦਿਆਂ ਬੀਤ ਜਾਂਦੀ ਹੈ ਪਰ ਉਹ ਗੁਣਾਂ ਦੇ ਖਜ਼ਾਨੇ ਰੂਪੀ ਨਾਮ ਨੂੰ ਨਹੀਂ ਗਾਉਂਦਾ (ਯਾਦ ਰੱਖਦਾ)।

ਜਨਮ ਜਨਮ ਕੇ ਕਿਲਬਿਖ ਨਾਸਹਿ ਕੋਟਿ ਮਜਨ ਇਸਨਾਨਾ ॥
ਨਾਮੁ ਨਿਧਾਨੁ ਗਾਵਤ ਗੁਣ ਗੋਬਿੰਦ ਲਾਗੋ ਸਹਜਿ ਧਿਆਨਾ ॥1॥
(ਗੁਰੂ ਗ੍ਰੰਥ ਸਾਹਿਬ, ਪੰਨਾ 531)

ਭਾਵ : ਰੱਬ ਦੇ ਗੁਣਾਂ ਨੂੰ ਯਾਦ ਰੱਖਕੇ ਪ੍ਰਾਪਤ ਹੋਣ ਵਾਲੇ ਨਾਮ ਦੇ ਖਜ਼ਾਨੇ ਨਾਲ ਮਨੁੱਖ ਦਾ ਚਿੱਤ ਸਹਿਜ ਅਵਸਥਾ ਵਿੱਚ ਟਿਕ ਜਾਂਦਾ ਹੈ, ਉਸਦੇ ਜਨਮਾਂ-ਜਨਮਾਂ ਦੇ ਵਿਕਾਰ ਦੂਰ ਹੋ ਜਾਂਦੇ ਹਨ ਅਤੇ ਉਸਦਾ ਕਰੋੜਾਂ ਵਾਰੀ ਆਤਮਕ ਇਸ਼ਨਾਨ ਹੋ ਜਾਂਦਾ ਹੈ।

ਕਰਿ ਕਿਰਪਾ ਤੇਰੇ ਗੁਣ ਗਾਵਾ ॥
ਨਾਨਕ ਨਾਮੁ ਜਪਤ ਸੁਖੁ ਪਾਵਾ ॥4॥5॥
(ਗੁਰੂ ਗ੍ਰੰਥ ਸਾਹਿਬ, ਪੰਨਾ 563)

ਭਾਵ : ਐ ਪਰਮਾਤਮਾ, ਦਇਆ ਕਰ ਕਿ ਮੈਂ ਤੇਰੇ ਗੁਣ ਗਾਵਾਂ ਅਤੇ ਇਸ ਤਰ੍ਹਾਂ ਨਾਮ ਜਪ ਕੇ ਆਤਮਕ ਸੁੱਖ ਪ੍ਰਾਪਤ ਕਰਾਂ।

ਤੂ ਗੁਣਦਾਤਾ ਸਬਦਿ ਪਛਾਤਾ ਗੁਣ ਕਹਿ ਗੁਣੀ ਸਮਾਣੇ ॥1॥
(ਗੁਰੂ ਗ੍ਰੰਥ ਸਾਹਿਬ, ਪੰਨਾ 601)

ਭਾਵ : ਐ ਪਰਮਾਤਮਾ, ਤੂੰ ਗੁਣਾਂ ਦਾ ਦਾਤਾਰ ਹੈਂ। ਤੈਨੂੰ ਸੱਚੇ ਗੁਰੂ ਵੱਲੋਂ ਦਿੱਤੇ ਜਾਂਦੇ ਉਪਦੇਸ਼ (ਗਿਆਨ) ਰਾਹੀਂ ਮਹਿਸੂਸ ਕੀਤਾ ਜਾ ਸਕਦਾ ਹੈ। ਤੇਰੇ ਗੁਣਾਂ ਨੂੰ ਸਮਝ-ਵਿਚਾਰ ਕੇ ਤੇਰੇ ਵਰਗਾ ਹੀ ਗੁਣਵਾਨ ਬਣ ਜਾਈਦਾ ਹੈ ਅਤੇ ਤੇਰੇ ਵਿੱਚ ਇਕਮਿਕ ਹੋ ਜਾਈਦਾ ਹੈ।

ਸੇਈ ਪੁਰਖ ਹਰਿ ਸੇਵਦੇ ਜਿਨ ਧੁਰਿ ਮਸਤਕਿ ਲੇਖੁ ਲਿਖਾਹੀ ॥
ਹਰਿ ਕੇ ਗੁਣ ਨਿਤ ਗਾਵਦੇ ਹਰਿ ਗੁਣ ਗਾਇ ਗੁਣੀ ਸਮਝਾਹੀ ॥
(ਗੁਰੂ ਗ੍ਰੰਥ ਸਾਹਿਬ, ਪੰਨਾ 649)

ਭਾਵ : ਰੱਬ ਦਾ ਸਿਮਰਨ ਉਹੀ ਮਨੁੱਖ ਕਰਦੇ ਹਨ ਜਿਨ੍ਹਾਂ ’ਤੇ ਅਰੰਭ ਤੋਂ ਪ੍ਰਭੂ ਦੀ ਕ੍ਰਿਪਾ ਹੈ। ਅਜਿਹੇ ਮਨੁੱਖ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ (ਯਾਦ ਰੱਖਦੇ) ਹਨ ਅਤੇ ਗੁਣਾਂ ਨੂੰ ਯਾਦ ਰੱਖ ਕੇ ਹੀ ਉਸ ਪ੍ਰਭੂ ਦੀ ਮਹਾਨਤਾ ਨੂੰ ਸਮਝਦੇ ਹਨ।

ਸੁਣਿ ਸੁਣਿ ਅੰਮ੍ਰਿਤ ਨਾਮੁ ਧਿਆਵਾ ॥
ਆਠ ਪਹਰ ਤੇਰੇ ਗੁਣ ਗਾਵਾ ॥2॥
(ਗੁਰੂ ਗ੍ਰੰਥ ਸਾਹਿਬ, ਪੰਨਾ 740)

ਭਾਵ : ਐ ਪਰਮਾਤਮਾ, ਮੇਰੀ ਅਰਜ਼ ਹੈ ਕਿ ਮੈਂ ਤੇਰੇ ਅੰਮ੍ਰਿਤ ਰੂਪੀ ‘ਨਾਮ’ ਨੂੰ ਸੁਣ-ਸੁਣ ਕੇ ਹਮੇਸ਼ਾ ਯਾਦ ਰੱਖਾਂ। (ਇਹ ਸੰਭਵ ਕਿਵੇਂ ਹੈ?) ਹਰ ਸਮੇਂ ਤੇਰੇ ਗੁਣ ਗਾ ਕੇ (ਯਾਦ ਰੱਖ ਕੇ)।

ਮੈ ਦੀਜੈ ਨਾਮ ਨਿਵਾਸੁ ਅੰਤਰਿ ਸਾਂਤਿ ਹੋਇ ॥
ਗੁਣ ਗਾਵੈ ਨਾਨਕ ਦਾਸੁ ਸਤਿਗੁਰੁ ਮਤਿ ਦੇਇ ॥8॥
(ਗੁਰੂ ਗ੍ਰੰਥ ਸਾਹਿਬ, ਪੰਨਾ 753)

ਭਾਵ : ਐ ਸਤਿਗੁਰੂ, ਕ੍ਰਿਪਾ ਕਰ ਕਿ ਮੇਰੇ ਅੰਦਰ ਨਾਮ ਦਾ ਨਿਵਾਸ ਹੋਵੇ, ਜਿਸ ਨਾਲ ਮੇਰਾ ਚਿੱਤ ਸ਼ਾਂਤ ਹੋ ਜਾਏ। ਸਤਿਗੁਰੂ ਸਮਝਾਉਂਦੇ ਹਨ ਕਿ (ਅੰਤਰ-ਮਨ ਵਿੱਚ ਨਾਮ ਦਾ ਨਿਵਾਸ ਕਰਨ ਲਈ) ਪ੍ਰਭੂ ਦੇ ਗੁਣ ਗਾਉ (ਯਾਦ ਰੱਖੋ)।

ਊਚ ਅਪਾਰ ਬੇਅੰਤ ਸੁਆਮੀ ਕਉਣੁ ਜਾਣੈ ਗੁਣ ਤੇਰੇ ॥
ਗਾਵਤੇ ਉਧਰਹਿ ਸੁਣਤੇ ਉਧਰਹਿ ਬਿਨਸਹਿ ਪਾਪ ਘਨੇਰੇ ॥
(ਗੁਰੂ ਗ੍ਰੰਥ ਸਾਹਿਬ, ਪੰਨਾ 802)

ਭਾਵ : ਹੇ ਸਭ ਤੋਂ ਉਚੇ, ਅਪਾਰ ਅਤੇ ਬੇਅੰਤ ਮਾਲਕ ਪ੍ਰਭੂ ! ਕੋਈ ਭੀ ਮਨੁੱਖ ਤੇਰੇ ਸਾਰੇ ਗੁਣ ਨਹੀਂ ਜਾਣ ਸਕਦਾ। ਪਰ ਜਿਹੜੇ ਮਨੁੱਖ ਤੇਰੇ ਗੁਣ ਸੁਣਦੇ ਹਨ, ਗਾਂਦੇ ਹਨ (ਯਾਦ ਰੱਖਦੇ ਹਨ), ਉਹ ਵਿਕਾਰਾਂ ਤੋਂ ਮੁਕਤ ਹੋ ਜਾਂਦੇ ਹਨ, ਉਨ੍ਹਾਂ ਦੇ ਅਨੇਕਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ।

ਮਨ ਮਹਿ ਸਿੰਚਹੁ ਹਰਿ ਹਰਿ ਨਾਮ ॥
ਅਨਦਿਨੁ ਕੀਰਤਨੁ ਹਰਿ ਗੁਣ ਗਾਮ ॥1॥
(ਗੁਰੂ ਗ੍ਰੰਥ ਸਾਹਿਬ, ਪੰਨਾ 807)

ਭਾਵ : ਹੇ ਭਾਈ ! ਆਪਣੇ ਮਨ ਨੂੰ ਸਦਾ ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਨਾਲ ਸਿੰਜਦਾ ਰਹਿ। (ਸਵਾਲ : ਉਹ ਕਿਵੇਂ? ਉਤਰ) ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਲਾਹ ਕਰਿਆ ਕਰ, ਉਸ ਦੇ ਗੁਣ ਗਾਇਆ ਕਰ।

ਗੁਣ ਵਿਚਾਰੇ ਗਿਆਨੀ ਸੋਇ ॥
ਗੁਣ ਮਹਿ ਗਿਆਨੁ ਪਰਾਪਤਿ ਹੋਇ ॥
(ਗੁਰੂ ਗ੍ਰੰਥ ਸਾਹਿਬ, ਪੰਨਾ 931)

ਭਾਵ : ਉਹੀ ਮਨੁੱਖ ਗਿਆਨੀ ਹੁੰਦਾ ਹੈ ਜੋ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਦਾ ਹੈ। ਪਰਮਾਤਮਾ ਦੇ ਗੁਣਾਂ ਵਿੱਚ ਚਿੱਤ ਜੋੜਿਆਂ ਹੀ ਸੱਚਾ ਗਿਆਨ ਹਾਸਲ ਹੁੰਦਾ ਹੈ।

ਜਿਨ ਕਉ ਲਗੀ ਪਿਆਸ ਅੰਮ੍ਰਿਤੁ ਸੇਇ ਖਾਹਿ ॥
ਕਲਿ ਮਹਿ ਏਹੋ ਪੁੰਨੁ ਗੁਣ ਗੋਵਿੰਦ ਗਾਹਿ ॥
(ਗੁਰੂ ਗ੍ਰੰਥ ਸਾਹਿਬ, ਪੰਨਾ 962)

ਭਾਵ : ਉਹੀ ਬੰਦੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਛਕਦੇ ਹਨ, ਜਿਨ੍ਹਾਂ ਦੇ ਅੰਦਰ ਇਸ ਦੀ ਭੁੱਖ-ਪਿਆਸ ਪੈਦਾ ਹੋਈ ਹੈ, ਜਿਹੜੇ ਸੰਸਾਰ ਵਿੱਚ ਨਾਮ-ਸਿਮਰਨ ਨੂੰ ਹੀ ਸਭ ਤੋਂ ਚੰਗਾ ਨੇਕ ਕੰਮ ਜਾਣ ਕੇ ਪ੍ਰਭੂ ਦੇ ਗੁਣ ਗਾਂਦੇ ਹਨ।

ਸਲੋਕੁ ਮ: 3 ॥
ਲੋਕੁ ਅਵਗਣਾ ਕੀ ਬੰਨੈ ਗੰਠੜੀ ਗੁਣ ਨ ਵਿਹਾਝੈ ਕੋਇ ॥
ਗੁਣ ਕਾ ਗਾਹਕੁ ਨਾਨਕਾ ਵਿਰਲਾ ਕੋਈ ਹੋਇ ॥
ਗੁਰ ਪਰਸਾਦੀ ਗੁਣ ਪਾਈਅਨਿਜਿਸ ਨੋ ਨਦਰਿ ਕਰੇਇ ॥1॥
(ਗੁਰੂ ਗ੍ਰੰਥ ਸਾਹਿਬ, ਪੰਨਾ 1092)

ਭਾਵ : ਲੋਕ ਔਗੁਣਾਂ ਦੀ ਪੋਟਲੀ ਬੰਨ੍ਹੀ ਜਾ ਰਹੇ ਹਨ, ਕੋਈ ਬੰਦਾ ਗੁਣਾਂ ਦਾ ਸੌਦਾ ਨਹੀਂ ਕਰਦਾ (ਪਰਮਾਤਮਾ ਦੇ ਗੁਣਾਂ ਨੂੰ ਧਾਰਨ ਕਰਨ ਦਾ ਜਤਨ ਨਹੀਂ ਕਰਦਾ)। ਹੇ ਨਾਨਕ ! (ਪਰਮਾਤਮਾ ਦੇ) ਗੁਣ ਖਰੀਦਣ (ਗ੍ਰਹਿਣ ਕਰਨ) ਵਾਲਾ ਕੋਈ ਵਿਰਲਾ ਹੀ ਹੁੰਦਾ ਹੈ। ਗੁਰੂ ਦੀ ਕ੍ਰਿਪਾ (ਗੁਰੂ ਦੇ ਉਪਦੇਸ਼ਾਂ ਨੂੰ ਅਪਣਾਉਣ) ਨਾਲ ਹੀ ਰੱਬੀ ਗੁਣ ਮਿਲਦੇ ਹਨ, ਪਰ ਮਿਲਦੇ ਉਸਨੂੰ ਹਨ, ਜਿਸ ਉ¤ਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ।

ਗੁਰਬਾਣੀ ਵਿੱਚ ਇਥੋਂ ਤੱਕ ਦੱਸਿਆ ਗਿਆ ਹੈ ਕਿ ਕੀਰਤਨ ਕਰਨ-ਸੁਣਨ ਦਾ ਮਕਸਦ ਵੀ ਰੱਬੀ ਗੁਣਾਂ ਨੂੰ ਗ੍ਰਹਿਣ ਕਰਨਾ ਹੀ ਹੈ :

ਧਨੁ ਧਨੁ ਭਾਗ ਤਿਨਾ ਸਾਧ ਜਨਾ ਹਰਿ ਕੀਰਤਨੁ ਗਾਇ ਗੁਣੀ ਜਨ ਬਣਤਿਆ।।
(649)

ਭਾਵ : ਉਨ੍ਹਾਂ ਸਾਧ ਜਨਾਂ ਦੇ ਧੰਨ ਭਾਗ ਹਨ, ਜੋ ਹਰੀ ਦਾ ਕੀਰਤਨ (ਕੀਰਤੀ, ਉਸਤਤਿ) ਕਰਕੇ ਰੱਬੀ ਗੁਣਾਂ ਵਾਲੇ ਬਣ ਜਾਂਦੇ ਹਨ।
ਗੁਰਬਾਣੀ ਵਿੱਚ ਹੀ ਗੁਣ ਗਾਉਣ ਨੂੰ ‘ਨਾਮ’ ਦੀ ਦਾਤਿ ਹੀ ਦੱਸਿਆ ਗਿਆ ਹੈ :

ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ।।
ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ।।
(762)

ਭਾਵ : ਐ ਦਾਤਾਰ, ਮੇਰੀ ਤਾਂਘ ਹੈ ਕਿ ਮੈਂ ਤੈਨੂੰ ਕਦੇ ਨਾ ਭੁੱਲਾਂ ਤੇ ਮੈਨੂੰ ਤੇਰਾ ‘ਨਾਮ’ ਪ੍ਰਾਪਤ ਹੋਵੇ। (ਪਰ ਇਹ ਨਾਮ ਪ੍ਰਾਪਤ ਕਿਵੇਂ ਹੋਵੇ?) ਦਿਨ-ਰਾਤ ਮੈਂ ਤੇਰੇ ਗੁਣ ਗਾਂਦਾ ਰਹਾਂ (ਰੱਬੀ ਗੁਣ ਯਾਦ ਰੱਖਾਂ ਅਤੇ ਇਸ ਤਰ੍ਹਾਂ ਨਾਮ ਸਿਮਰਦਾ ਰਹਾਂ), ਐ ਨਾਨਕ ! ਮੈਨੂੰ ਇਹੀ ਚਾਅ ਹੈ।

ਗੁਰਬਾਣੀ ਦੀਆਂ ਉਪਰ ਜ਼ਿਕਰ ਕੀਤੀਆਂ ਅਤੇ ਹੋਰ ਬੇਅੰਤ ਤੁਕਾਂ ਤੋਂ ਸਪਸ਼ਟ ਹੁੰਦਾ ਹੈ ਕਿ ਗੁਰੂ ਸਾਹਿਬ ਨੇ ਰੱਬ ਦੇ ਗੁਣਾਂ ਨੂੰ ਯਾਦ ਰੱਖਣ ਨੂੰ ਹੀ ‘ਨਾਮ ਸਿਮਰਨਾ’ ਕਿਹਾ ਹੈ। ਜੇਕਰ ਨਾਮ-ਸਿਮਰਨ ਅਤੇ ਰੱਬ ਦੇ ਗੁਣਾਂ ਦਾ ਸਿਮਰਨ ਕੋਈ ਵੱਖ-ਵੱਖ ਕਾਰਜ ਹੋਣ ਤਾਂ ਪਰਮਾਤਮਾ ਨਾਲ ਇਕਮਿਕਤਾ ਲਈ ਗੁਰੂ ਸਾਹਿਬ ਕੋਈ ਇਕ ਫੁਰਮਾਨ ਦਿੰਦੇ : ਜਾਂ ਤਾਂ ਨਾਮ ਸਿਮਰਿਆ ਜਾਵੇ, ਜਾਂ ਫਿਰ ਰੱਬੀ ਗੁਣਾਂ ਨੂੰ ਸਿਮਰਿਆ ਜਾਵੇ। ਪਰ ਜਿਵੇਂ ਕਿ ਉਕਤ ਤੁੱਕ ਵਿੱਚ ਹੀ ਸਪਸ਼ਟ ਹੈ, ਗੁਰੂ ਸਾਹਿਬ ਰੱਬੀ ਗੁਣਾਂ ਨੂੰ ਗਾਉਣ (ਯਾਦ ਰੱਖਣ) ਨੂੰ ਹੀ ‘ਨਾਮ’ ਦੀ ਦਾਤਿ ਦੱਸਦੇ ਹਨ।

‘ਨਾਮ’ (ਗੁਣਾਂ) ਨੂੰ ਸਿਮਰਨ ਦਾ ਅਰਥ ਇਹ ਨਹੀਂ ਕਿ ਇਨਸਾਨ ਪ੍ਰਭੂ ਦੇ ਕਿਸੇ ਖ਼ਾਸ ਨਾਮ ਜਾਂ ਉਸਦੇ ਗੁਣਾਂ ਦਾ ਰਟਨ ਸ਼ੁਰੂ ਕਰ ਦੇਵੇ। ਜੇਕਰ ਕੋਈ ਇਨਸਾਨ ਬਾਰ-ਬਾਰ ਇੰਞ ਦੁਹਰਾਉਣਾ ਸ਼ੁਰੂ ਕਰ ਦੇਵੇ ਕਿ ਪਰਮਾਤਮਾ ਬੜਾ ਦਿਆਲੂ ਹੈ, ਦਿਆਲੂ ਹੈ, ਦਿਆਲੂ ਹੈ (ਜਾਂ ਰੱਬ ਦੇ ਕਿਸੇ ਹੋਰ ਗੁਣ ਦਾ ਰਟਨ ਸ਼ੁਰੂ ਕਰ ਦੇਵੇ ਜਾਂ ਰੱਬ ਦਾ ਨਾਂ ਵਾਹਿਗੁਰੂ ਮਿੱਥ ਕੇ ਬਾਰ-ਬਾਰ ਵਾਹਿਗੁਰੂ-ਵਾਹਿਗੁਰੂ ਕਰਦਾ ਰਹੇ), ਤਾਂ ਇਸ ਤਰ੍ਹਾਂ ਕਰਨ ਨਾਲ ਉਸ ਦੇ ਆਤਮਕ ਵਿਕਾਰ ਖ਼ਤਮ ਨਹੀਂ ਹੋਣਗੇ ਬਲਕਿ ਇਹ ਗਲਤਫਹਿਮੀ ਕਿ ਉਹ ‘ਸਿਮਰਨ’ ਕਰਦਾ ਹੈ, ਉਸ ਵਿੱਚ ਹਉਮੈ ਦੀ ਭਾਵਨਾ ਪ੍ਰਬਲ ਕਰ ਦੇਵੇਗੀ।

ਅਸਲ ਵਿੱਚ ਸਿਮਰਨ ਦਾ ਅਰਥ ਹੈ ਯਾਦ ਰੱਖਣਾ ਅਤੇ ਕਿਸੇ ਗੱਲ ਨੂੰ ਯਾਦ ਰੱਖਣ ਲਈ ਮਨੁੱਖ ਨੂੰ ਉਹ ਗੱਲ ਚੰਗੀ-ਤਰ੍ਹਾਂ ਸੋਚ-ਸਮਝ ਕੇ ਆਪਣੇ ਮਨ ਵਿੱਚ ਸਦਾ ਲਈ ਗ੍ਰਹਿਣ ਕਰ ਲੈਣੀ ਚਾਹੀਦੀ ਹੈ। ਮਿਸਾਲ ਵਜੋਂ, ਸੜਕ ’ਤੇ ਕੋਈ ਵਾਹਨ ਚਲਾਉਣ ਤੋਂ ਪਹਿਲਾਂ ਡ੍ਰਾਈਵਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਉਹ ਵੱਖ-ਵੱਖ ਚੌਂਕਾਂ ’ਤੇ ਲੱਗੀਆਂ ਬੱਤੀਆਂ ਦੇ ਸੰਦੇਸ਼ਾਂ ਦੀ ਪਾਲਣਾ ਕਰੇਗਾ, ਤਾਂ ਇਸ ਨਾਲ ਨਾ ਸਿਰਫ਼ ਟ੍ਰੈਫਿਕ ਸੁਚਾਰੂ ਢੰਗ ਨਾਲ ਚਲਦਾ ਰਹੇਗਾ ਬਲਕਿ ਉਸਦੀ ਅਤੇ ਹੋਰਨਾਂ ਲੋਕਾਂ ਦੀ ਜਾਨ ਅਤੇ ਵਾਹਨਾਂ ਨੂੰ ਕੋਈ ਨੁਕਸਾਨ ਵੀ ਨਹੀਂ ਪਹੁੰਚੇਗਾ। ਪਰ ਇਸਦੇ ਉਲਟ, ਜੇਕਰ ਕੋਈ ਡ੍ਰਾਈਵਰ ਮੂੰਹੋਂ ਇਹ ਗੱਲ ਦੁਹਰਾਈ ਜਾਵੇ ਕਿ ਲਾਲ ਬੱਤੀ ਹੋਣ ’ਤੇ ਗੱਡੀ ਰੋਕ ਦੇਣੀ ਚਾਹੀਦੀ ਹੈ, ਪਰ ਖ਼ੁਦ ਲਾਲ ਬੱਤੀ ’ਤੇ ਗੱਡੀ ਨੂੰ ਰੋਕਣ ਦੀ ਬਜਾਏ ਚੌਂਕ ਟਪਾ ਦੇਵੇ, ਤਾਂ ਇਸ ਵਤੀਰੇ ਨੂੰ ਟ੍ਰੈਫਿਕ ਨੇਮ ਯਾਦ ਰੱਖਣਾ ਨਹੀਂ ਮੰਨਿਆ ਜਾਏਗਾ। ਬਲਕਿ ਜਿਹੜਾ ਡ੍ਰਾਈਵਰ ਮੂੰਹੋਂ ਟ੍ਰੈਫਿਕ ਨੇਮਾਂ ਦਾ ਰਟਨ ਨਾ ਕਰਨ ਦੇ ਬਾਵਜੂਦ ਨੇਮਾਂ ਦੀ ਉਲੰਘਣਾ ਨਾ ਕਰ ਰਿਹਾ ਹੋਵੇ, ਉਸ ਨੂੰ ਨੇਮਾਂ ਦਾ ਸਿਮਰਨ (ਯਾਦ) ਹੋਣਾ ਮੰਨਿਆ ਜਾਵੇਗਾ।

ਗੁਰਬਾਣੀ ਵਿੱਚ ਮਨੁੱਖ ਨੂੰ ਵੀ ਇਹ ਸਮਝਾਇਆ ਗਿਆ ਹੈ ਕਿ ਉਹ ਦੁਨਿਆਵੀ ਕੰਮ-ਕਾਜ ਕਰਦਿਆਂ ਵੀ ਚਿੱਤ ਵਿੱਚ ਪਰਮਾਤਮਾ ਦਾ ‘ਸਿਮਰਨ’ ਕਰਦਾ ਰਹੇ, ਭਾਵ ਮਨੁੱਖ ਦੇ ਜ਼ਿਹਨ ਵਿੱਚ ਰੱਬੀ ਗੁਣਾਂ ਦੀ ਵਡਿਆਈ ਏਨੀ ਚੰਗੀ ਤਰ੍ਹਾਂ ਉਕਰ ਜਾਵੇ ਕਿ ਕੋਈ ਵਿਕਾਰ ਉਸ ’ਤੇ ਹਾਵੀ ਨਾ ਹੋ ਸਕੇ:

ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ।।
ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ।।
(ਗੁਰੂ ਗ੍ਰੰਥ ਸਾਹਿਬ, ਪੰਨਾ 10)

ਭਾਵ : ਪੰਛੀ ਉਡ-ਉਡ ਕੇ ਸੈਂਕੜੇ ਕੋਹਾਂ ਦੂਰ ਆ ਜਾਂਦਾ ਹੈ। ਪਿਛੋਂ ਉਸ ਦੇ ਬੱਚੇ ਇਕੱਲੇ ਛੱਡੇ ਹੋਏ ਹੁੰਦੇ ਹਨ। ਉਨ੍ਹਾਂ ਨੂੰ ਕੋਈ ਕੁਝ ਖੁਆਲਣ ਵਲਾ ਨਹੀਂ, ਕੋਈ ਉਨ੍ਹਾਂ ਨੂੰ ਚੋਗਾ ਨਹੀਂ ਚੁਗਾਉਂਦਾ। ਉਹ ਪੰਛੀ ਦੇ ਮਨ ਵਿੱਚ ਆਪਣੇ ਬੱਚਿਆਂ ਦਾ ਸਿਮਰਨ (ਯਾਦ) ਰਹਿੰਦੀ ਹੈ।

ਇੱਥੇ ਵਿਚਾਰਨ ਵਾਲੀ ਗੱਲ ਹੈ ਕਿ ਪੰਛੀਆਂ ਤਾਂ ਕੋਈ ਭਾਸ਼ਾ ਬੋਲ ਹੀ ਨਹੀਂ ਸਕਦੇ। ਫਿਰ ਉਹ ਆਪਣੇ ਬੱਚਿਆਂ ਦਾ ‘ਸਿਮਰਨ’ ਕਿਵੇਂ ਕਰਦੇ ਹਨ? ਜ਼ਾਹਿਰ ਹੈ ਕਿ ਪੰਛੀਆਂ ਦੇ ਮਨ ਵਿੱਚ ਆਪਣੇ ਬੱਚਿਆਂ ਦੇ ਇਕੱਲੇ ਤੇ ਭੁੱਖੇ ਹੋਣ ਦੀ ਜਿਹੜੀ ਯਾਦ ਬਣੀ ਰਹਿੰਦੀ ਹੈ, ਉਹੀ ‘ਸਿਮਰਨ’ ਹੁੰਦੀ ਹੈ। ਇਸੇ ਤਰ੍ਹਾਂ, ਜ਼ੁਬਾਨੀ ਜਾਂ ਜ਼ੁਬਾਨ ਹਿਲਾਏ ਬਿਨਾਂ ਰੱਬ ਦੇ ਕਿਸੇ ਵਿਸ਼ੇਸ਼ ਨਾਂ ਦਾ ਰਟਨ ਕਰਦੇ ਰਹਿਣਾ ਸਿਮਰਨ ਨਹੀਂ ਹੁੰਦਾ ਬਲਕਿ ਹਰ ਕੰਮ ਕਰਦੇ ਸਮੇਂ ਰੱਬੀ ਗੁਣਾਂ ਦਾ ਅਹਿਸਾਸ ਮਹਿਸੂਸ ਕਰਦੇ ਰਹਿਣਾ ਹੀ ਸਿਮਰਨ ਹੁੰਦਾ ਹੈ :

ਬਾਣੀ ਨਾਮਦੇਉ ਜੀਉ ਕੀ ਰਾਮਕਲੀ ਘਰੁ 1
ੴ ਸਤਿਗੁਰ ਪ੍ਰਸਾਦਿ ॥
ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥
ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥1॥
ਮਨੁ ਰਾਮ ਨਾਮਾ ਬੇਧੀਅਲੇ ॥
ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥1॥ ਰਹਾਉ ॥
ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥
ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥2॥
ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ ॥
ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥3॥
ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥
ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ ॥4॥1॥
(ਗੁਰੂ ਗ੍ਰੰਥ ਸਾਹਿਬ, ਪੰਨਾ 972)

ਭਾਵ : ਜਿਵੇਂ ਸੁਨਿਆਰੇ ਦਾ ਮਨ ਹੋਰਨਾਂ ਗੱਲਾਂ ਅਤੇ ਕੰਮ ਕਰਦਿਆਂ ਵੀ ਕੁਠਾਲੀ ਵਿੱਚ ਪਾਏ ਹੋਏ ਸੋਨੇ ਵਿੱਚ ਜੁੜਿਆ ਰਹਿੰਦਾ ਹੈ, ਤਿਵੇਂ ਮੇਰਾ ਮਨ ਪਰਮਾਤਮਾ ਦੇ ਨਾਮ ਵਿੱਚ ਵਿੱਝਾ ਹੋਇਆ ਹੈ।ਰਹਾਉ। ਬੱਚਾ ਕਾਗਜ਼ ਲਿਆਉਂਦਾ ਹੈ, ਉਸਦੀ ਪਤੰਗ ਬਣਾਉਂਦਾ ਹੈ ਤੇ ਪਤੰਗ ਨੂੰ ਅਸਮਾਨ ਵਿੱਚ ਉਡਾਉਂਦਾ ਹੈ। ਸਾਥੀਆਂ ਨਾਲ ਗੱਲਾਂ ਵੀ ਕਰੀ ਜਾਂਦਾ ਹੈ ਪਰ ਉਸ ਦਾ ਮਨ ਪਤੰਗ ਦੀ ਡੋਰ ਵਿੱਚ ਟਿਕਿਆ ਰਹਿੰਦਾ ਹੈ।1। ਜਵਾਨ ਕੁੜੀਆਂ ਸ਼ਹਿਰ ਵਿੱਚੋਂ ਬਾਹਰ ਜਾਂਦੀਆਂ ਹਨ, ਆਪੋ-ਆਪਣਾ ਘੜਾ ਚੁੱਕ ਲੈਂਦੀਆਂ ੲਨ, ਪਾਣੀ ਨਾਲ ਭਰਦੀਆਂ ਹਨ, ਆਪੋ ਵਿੱਚ ਹੱਸਦੀਆਂ ਹਨ, ਹਾਸੇ ਦੀਆਂ ਗੱਲਾਂ ਤੇ ਹੋਰ ਕਈ ਵਿਚਾਰਾਂ ਕਰਦੀਆ ਹਲ, ਪਰ ਆਪਣਾ ਚਿੱਤ ਆਪੋ-ਆਪਣੇ ਘੜੇ ਵਿੱਚ ਰੱਖਦੀਆਂ ਹਨ (ਘੜੇ ’ਚੋਂ ਪਾਣੀ ਡੁੱਲਣ ਨਹੀਂ ਦਿੰਦੀਆਂ)। ਇਕ ਘਰ ਹੈ ਜਿਸ ਦੇ 10 ਦਰਵਾਜੇ ਹਨ। ਇਸ ਘਰੋਂ ਮਨੁੱਖ ਗਊਆਂ ਚਾਰਨ ਲਈ ਛੱਡਦਾ ਹੈ। ਇਹ ਗਾਈਆਂ ਪੰਜਾਂ ਕੋਹਾਂ ’ਤੇ ਜਾ ਚੁਗਦੀਆਂ ਹਨ ਪਰ ਆਪਣਾ ਚਿੱਤ ਆਪਣੇ ਵੱਛੇ ਵਿੱਚ ਰੱਖਦੀਆਂ ਹਨ।

ਹੇ ਤ੍ਰਿਲੋਚਨ ! ਸੁਣ, ਨਾਮਦੇਵ ਇਕ ਹੋਰ ਮਿਸਾਲ ਦਿੰਦਾ ਹੈ ਕਿ ਮਾਂ ਆਪਣੇ ਬੱਚੇ ਨੂੰ ਪੰਘੂੜੇ ਵਿੱਚ ਪਾਉਂਦੀ ਹੈ। ਅੰਦਰ-ਬਾਹਰ ਘਰ ਦੇ ਕੰਮਾਂ ਵਿੱਚ ਰੁੱਝੀ ਰਹਿੰਦੀ ਹੈ ਪਰ ਆਪਦੀ ਸੁਰਤ ਆਪਣੇ ਬੱਚੇ ਵਿੱਚ ਰਖਦੀ ਹੈ।

- - - - -

ਉਕਤ ਸ਼ਬਦ ਵਿੱਚ ਭਗਤ ਨਾਮਦੇਵ ਜੀ ਕਈ ਮਿਸਾਲਾਂ ਦੇ ਕੇ ਮਨੁੱਖ ਨੂੰ ਸਮਝਾਉਂਦੇ ਹਨ ਕਿ ਦੁਨਿਆਵੀ ਕੰਮ-ਕਾਰ ਕਰਦਿਆਂ ਵੀ ਆਪਣੀ ਸੁਰਤ ਪਰਮਾਤਮਾ ਦੀ ਹਸਤੀ ਪ੍ਰਤੀ ਸੁਚੇਤ ਰੱਖਣਾ ਹੀ ਅਸਲ ਨਾਮ-ਸਿਮਰਨ ਹੈ। ਕੁਝ ਇਸੇ ਤਰ੍ਹਾਂ ਭਗਤ ਕਬੀਰ ਜੀ ਸਮਝਾਉਂਦੇ ਹਨ ਕਿ :

ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮ ਸੰਮਾਲਿ।।
ਹਾਥ ਪਾਉ ਕਰਿ ਕਾਮ ਸਭੁ ਚੀਤੁ ਨਿਰੰਜਨੁ ਨਾਲਿ।।
(ਗੁਰੂ ਗ੍ਰੰਥ ਸਾਹਿਬ, ਪੰਨਾ 1375)

ਅਰਥ : ਨਾਮਦੇਵ ਤ੍ਰਿਲੋਚਨ ਦੇ ਸਵਾਲ ਦਾ ਜਵਾਬ ਦਿੰਦਾ ਹੈ ਕਿ ਹੇ ਤ੍ਰਿਲੋਚਨ ! ਮੂੰਹ ਨਾਲ ਪਰਮਾਤਮਾ ਦਾ ਨਾਮ ਲੈ। (ਉਹ ਕਿਵੇਂ?) ਹੱਥ-ਪੈਰ ਵਰਤ ਕੇ ਸਾਰਾ ਕੰਮ-ਕਾਜ ਕਰ ਪਰ ਆਪਣਾ ਚਿੱਤ ਮਾਇਆ-ਰਹਿਤ ਪਰਮਾਤਮਾ ਨਾਲ ਜੋੜੀ ਰੱਖ। ਭਾਵ, ਮਨੁੱਖ ਨੂੰ ਹੱਥਾਂ-ਪੈਰਾਂ ਨਾਲ ਦੁਨਿਆਵੀ ਕੰਮ ਕਰਦਿਆਂ ਵੀ ਆਪਣਾ ਚਿੱਤ ਪ੍ਰਭੂ (ਦੇ ਗੁਣਾਂ) ਨਾਲ ਜੋੜੀ ਰੱਖਣਾ ਚਾਹੀਦਾ ਹੈ - ਇਹੀ ਹੈ ਪਰਮਾਤਮਾ ਦਾ ਸਿਮਰਨ।

ਨੋਟ : ਇਸ ਸਲੋਕ ਅਤੇ ਗੁਰਬਾਣੀ ਦੀਆਂ ਹੋਰ ਬਹੁਤ ਸਾਰੀਆਂ ਤੁਕਾਂ ਵਿੱਚ ਜ਼ਿਕਰ ਆਉਂਦਾ ਹੈ ਕਿ ਮਨੁੱਖ ਨੂੰ ਆਪਣੇ ‘ਮੂੰਹ ਨਾਲ’ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ। ਪਰ ਅਜਿਹੀਆਂ ਤੁਕਾਂ ਦਾ ਅਰਥ ਇਹ ਨਹੀਂ ਹੁੰਦਾ ਕਿ ਅਸੀਂ ਆਪਣੀ ਜ਼ੁਬਾਨ ਨਾਲ ਪਰਮਾਤਮਾ ਦੇ ਕਿਸੇ ਖ਼ਾਸ ਨਾਮ ਜਾਂ ਗੁਣ ਦਾ ਰਟਨ ਕਰਨਾ ਚਾਹੀਦਾ ਹੈ। ਸਮਝਣ ਵਾਲੀ ਗੱਲ ਸਿਰਫ਼ ਏਨੀ ਕੁ ਹੈ ਕਿ ਗੁਰਬਾਣੀ ਦੇ ਉਪਦੇਸ਼ ਕਵਿਤਾ ਵਿਧੀ ਵਿੱਚ ਹੋਣ ਕਾਰਨ ਸਿਰਫ਼ ਲਫ਼ਜ਼ਾਂ ਦੇ ਅਰਥ ਅੰਤਮ ਨਹੀਂ ਹੁੰਦੇ ਬਲਕਿ ਕਵਿਤਾ ਦੇ ਭਾਵ-ਅਰਥ ਸਮਝਣੇ ਵੀ ਜ਼ਰੂਰੀ ਹੁੰਦੇ ਹਨ (ਅਕਾਦਮਿਕ ਪੱਧਰ ’ਤੇ ਸਾਹਿਤ ਦਾ ਅਧਿਐਨ ਕਰ ਚੁੱਕੇ ਜਾਂ ਕਰ ਰਹੇ ਵਿਦਿਆਰਥੀ ਇਸ ਤੱਥ ਤੋਂ ਚੰਗੀ ਤਰ੍ਹਾਂ ਵਾਕਿਫ਼ ਹੋਣਗੇ)। ਮਿਸਾਲ ਵਜੋਂ, ਜਦ ਗੁਰਬਾਣੀ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ :

ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ।।
ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ।।
(ਗੁਰੂ ਗ੍ਰੰਥ ਸਾਹਿਬ, ਪੰਨਾ 1379)

ਤਾਂ ਇਸਦਾ ਅਰਥ ਇਹ ਨਹੀਂ ਹੁੰਦਾ ਕਿ ਇਨਸਾਨ ਨੂੰ ਲੱਕੜ ਦੀ ਰੋਟੀ ਖਾਣੀ ਚਾਹੀਦੀ ਹੈ (ਅਮਲੀ ਤੌਰ ’ਤੇ ਅਜਿਹਾ ਸੰਭਵ ਵੀ ਨਹੀਂ) ਜਾਂ ਇਹ ਕਿ ਰੋਟੀ ਨੂੰ ਚੋਪੜ ਕੇ ਖਾਣ ਵਾਲੇ ਲੋਕਾਂ ਨੂੰ ਭਾਰੀ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਲਕਿ ਇਸ ਸਲੋਕ ਦੇ ਭਾਵ ਅਰਥ ਹਨ ਕਿ ‘‘ਮੇਰਾ ਭੋਜਨ ਰੁੱਖਾ-ਮਿੱਸਾ ਹੈ ਕਿਉਂਕਿ ਇਹ ਨੇਕ ਕੀਰਤ-ਕਮਾਈ ਤੋਂ ਪ੍ਰਾਪਤ ਕੀਤਾ ਗਿਆ ਹੈ। ਜਿਹੜੇ ਮਨੁੱਖ ਠੱਗੀਆਂ, ਬੇਈਮਾਨੀਆਂ ਕਰਕੇ ਚੰਗੀਆਂ-ਚੋਪੜੀਆਂ ਖਾਂਦੇ ਹਨ, ਉਨ੍ਹਾਂ ਨੂੰ ਬਹੁਤ ਸਾਰੇ ਆਤਮਕ ਕਸ਼ਟ ਸਹਿਣੇ ਪੈਂਦੇ ਹਨ।’’ ਤੁਸੀਂ ਖ਼ੁਦ ਸੋਚੋ ਕਿ ਗੁਰਮਤਿ ਸਿਧਾਂਤਾਂ ਅਤੇ ਵਿਗਿਆਨਕ ਤੌਰ ’ਤੇ ਇਸ ਸਲੋਕ ਦੇ ਪਹਿਲੇ (ਲਫ਼ਜ਼ੀ) ਅਰਥ ਠੀਕ ਹਨ ਜਾਂ ਦੂਜੇ (ਭਾਵ ਅਰਥ)?

ਇਸੇ ਤਰ੍ਹਾਂ, ‘ਮੂਹੋਂ’ ਪਰਮਾਤਮਾ ਦਾ ਨਾਮ ਲੈਣ ਜਾਂ ਉਸ ਦੀਆਂ ਵਡਿਆਈਆਂ ਗਾਉਣਾ, ਸਿਮਰਨਾ ਜਾਂ ਜਪਣਾ ਆਦਿਕ ਦਾ ਭਾਵ ਅਰਥ ਵੀ ਅਸਲ ਵਿੱਚ ਇਹੀ ਹੁੰਦਾ ਹੈ ਕਿ ਮਨੁੱਖ ਆਪਣੇ ਚਿੱਤ ਵਿੱਚ ਉਸ ਪਰਮਾਤਮਾ ਤੇ ਉਸ ਦੇ ਗੁਣਾਂ ਦੀ ਯਾਦ ਬਣਾਈ ਰੱਖੇ (ਜਿਸਦਾ ਤਰੀਕਾ ਭਗਤ ਕਬੀਰ ਜੀ ਦੇ ਉਕਤ ਸਲੋਕ ਵਿੱਚ ਦੱਸਿਆ ਗਿਆ ਹੈ)।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਮੂਹੋਂ ਕਿਸੇ ਲਫ਼ਜ਼ (ਭਾਵੇਂ ਵਾਹਿਗੁਰੂ-ਵਾਹਿਗੁਰੂ ਹੀ ਸਹੀ) ਦਾ ਰਟਨ ਕਰਨਾ ਜੇਕਰ ‘ਸਿਮਰਨ’ ਨਹੀਂ, ਤਾਂ ਫਿਰ ਇਹ ਵਿਧੀ ਸਿੱਖਾਂ ਵਿੱਚ ਏਨੀ ਜ਼ਿਆਦਾ ਪ੍ਰਚਲਿਤ ਕਿਉਂ ਹੋ ਗਈ ਹੈ? ਇਸਦਾ ਮੁੱਖ ਅਧਾਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਆਈ ਹੇਠ ਲਿਖੀ ਤੁੱਕ ਦਾ ਪ੍ਰਚਲਨ ਹੈ :

ਵਾਹਿਗੁਰੂ ਗੁਰੂ ਮੰਤ੍ਰ ਹੈ ਜਪ ਹਉਮੈ ਖੋਈ।।
(ਵਾਰ 13, ਪਉੜੀ 2)

ਆਮ ਸਿੱਖਾਂ ਤੇ ਇਕ ਵਿਸ਼ੇਸ਼ ਜੱਥੇ ਦੇ ਵੀਰਾਂ ਵੱਲੋਂ ਇਸ ਤੁੱਕ ਦਾ ਅਰਥ ਇਹ ਕੀਤਾ ਜਾਂਦਾ ਹੈ ਕਿ ‘‘ਵਾਹਿਗੁਰੂ (ਲਫ਼ਜ਼) ਗੁਰੂ ਵੱਲੋਂ ਦਿੱਤਾ ਗਿਆ ਅਜਿਹਾ ਮੰਤ੍ਰ ਹੈ, ਜਿਸ ਨੂੰ ਜਪਣ (ਰਟਨ) ਨਾਲ ਹਉਮੈ ਦੂਰ ਹੁੰਦੀ ਹੈ।’’ ਪਰ ਜਿਵੇਂ ਕਿ ਉਪਰ ਚਰਚਾ ਕੀਤੀ ਗਈ ਹੈ, ਇਹ ਅਰਥ ਸਬੰਧਿਤ ਤੁੱਕ ਦੇ ਲਫ਼ਜ਼ੀ ਅਰਥ ਮਾਤਰ ਹੋਣ ਕਾਰਨ ਸਮੁੱਚੇ ਤੌਰ ’ਤੇ ਠੀਕ ਨਹੀਂ।

ਇਸ ਅਰਥ ਰਾਹੀਂ 3 ਮੁੱਖ ਸੰਦੇਸ਼ ਸਾਹਮਣੇ ਆਉਂਦੇ ਹਨ : 1) ਵਾਹਿਗੁਰੂ ਲਫ਼ਜ਼ ਬਹੁਤ ਮਹੱਤਵਪੂਰਨ ਹੈ। 2) ਇਹ ਲਫ਼ਜ਼ ‘ਗੁਰੂ-ਮੰਤਰ’ ਹੈ। 3) ਇਸ ਲਫ਼ਜ਼ ਨੂੰ ਜਪਣ ਨਾਲ ਹਉਮੈ ਦੂਰ ਹੁੰਦੀ ਹੈ। ਆਉ, ਉਕਤ ਗਲਤ ਅਰਥ ਰਾਹੀਂ ਮਿਲਦੇ ਇਨ੍ਹਾਂ ਸੰਦੇਸ਼ਾਂ ’ਤੇ ਵਿਚਾਰ ਕਰੀਏ।

ਪਹਿਲੀ ਗੱਲ, ਇਹ ਧਾਰਨਾ ਬਿਲਕੁਲ ਗਲਤ ਹੈ ਕਿ ਗੁਰਮਤਿ ਵਿੱਚ ਰੱਬ ਦੇ ਵੱਖ-ਵੱਖ ਨਾਵਾਂ ਨੂੰ ਘੱਟ ਜਾਂ ਜ਼ਿਆਦਾ ਮਹੱਤਤਾ ਦਿੱਤੀ ਗਈ ਹੈ। ਗੁਰਮਤਿ ਵਿੱਚ ਮਹਤੱਤਾ ਤਾਂ ਪ੍ਰਭੂ ਦੇ ਗੁਣਾਂ ਨੂੰ ਸਮਝਣ, ਵਿਚਾਰਨ ਅਤੇ ਅਪਣਾਉਣ ਨੂੰ ਦਿੱਤੀ ਗਈ ਹੈ ਨਾ ਕਿ ਨਿਰਾਕਾਰ ਪਰਮਾਤਮਾ ਦੇ ਕਿਸੇ ਖ਼ਾਸ ਨਾਮ ਨੂੰ। ਰੱਬੀ ਗੁਣਾਂ ਨੂੰ ਅਪਣਾ ਕੇ ਮਨੁੱਖ ਦੇ ਵਿਕਾਰ ਦੂਰ ਹੋ ਸਕਦੇ ਹਨ ਪਰ ਰੱਬ ਦੇ ਕਿਸੇ ਖ਼ਾਸ ਨਾਂ (ਰੱਬ ਦੇ ਵੱਖ-ਵੱਖ ਨਾਂ, ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਇਨਸਾਨਾਂ ਵੱਲੋਂ ਆਪੋ-ਆਪਣੀ ਸਮਝ ਮੁਤਾਬਿਕ ਰੱਖੇ ਗਏ ਹਨ। ਇਸਲਈ ਰੱਬ ਦੇ ਕਿਸੇ ਖ਼ਾਸ ਨਾਂ ਦੀ ਕੋਈ ਘੱਟ ਜਾਂ ਜ਼ਿਆਦਾ ਮਹਤੱਤਾ ਨਹੀਂ) ਦਾ ਰਟਨ ਕਰਦੇ ਰਹਿਣ ਨਾਲ ਕੋਈ ਲਾਭ ਨਹੀਂ ਹੁੰਦਾ। ਗੁਰਬਾਣੀ ਤਾਂ ਕਹਿੰਦੀ ਹੈ :

ਤੇਰੇ ਨਾਮ ਅਨੇਕ ਕੀਮਤਿ ਨਹੀ ਪਾਈ ॥
ਸਚੁ ਨਾਮੁ ਹਰਿ ਹਿਰਦੈ ਵਸਾਈ ॥
(1067)

ਭਾਵ : ਹੇ ਪ੍ਰਭੂ ! ਤੇਰੇ ਗੁਣਾਂ ਦੇ ਅਧਾਰ ’ਤੇ ਤੇਰੇ ਅਨੇਕਾਂ ਹੀ ਨਾਮ ਹਨ ਪਰ ਤੇਰਾ ਕੋਈ ਨਾਮ ਮਿੱਥ ਕੇ ਤੇਰੇ ਸਮੁੱਚੇ ਗੁਣਾਂ ਨੂੰ ਜ਼ਾਹਿਰ ਨਹੀਂ ਕੀਤਾ ਜਾ ਸਕਦਾ। ਹਾਂ, ਜੇ ਤੂੰ ਮਿਹਰ ਕਰੇਂ ਤਾਂ ਮੈਂ ਤੇਰਾ ਸਦਾ ਕਾਇਮ ਰਹਿਣ ਵਾਲਾ ਨਾਮ (ਤੇਰੇ ਗੁਣ) ਆਪਣੇ ਹਿਰਦੇ ਵਿੱਚ ਵਸਾ ਲਵਾਂ।

ਸੋ, ਸਪਸ਼ਟ ਹੈ ਕਿ ਪ੍ਰਭੂ ਦੇ ਨਾਮ ਤਾਂ ਅਨੇਕਾਂ ਹੀ ਹਨ ਅਤੇ ਕੋਈ ਵੀ ਲਫ਼ਜ਼ ਪ੍ਰਭੂ ਦੀਆਂ ਸਾਰੀਆਂ ਵਡਿਆਈਆਂ ਨੂੰ ਬਖਾਨ ਨਹੀਂ ਕਰ ਸਕਦਾ। ਇਸਲਈ ‘ਵਾਹਿਗੁਰੂ’ ਜਾਂ ਕਿਸੇ ਹੋਰ ਲਫ਼ਜ਼ ਨੂੰ ਪ੍ਰਭੂ ਦੇ ਬਾਕੀ ਨਾਵਾਂ ਨਾਲੋਂ ਜ਼ਿਆਦਾ ਮਹੱਤਤਾ ਦੇਣਾ ਨਿਰੀ ਮਨਮਤਿ ਹੈ।

ਇਸ ਤੁੱਕ ਦੇ ਪ੍ਰਚਲਿਤ ਅਰਥ ਮੁਤਾਬਿਕ ਵਾਹਿਗੁਰੂ ਲਫ਼ਜ਼ ‘ਗੁਰੂ-ਮੰਤਰ’ ਹੈ। ਹੁਣ ਪਹਿਲਾਂ ਤਾਂ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਗੁਰਮਤਿ ਵਿੱਚ ਤੰਤਰ-ਮੰਤਰ ਵਿਧੀ ਨੂੰ ਕੋਈ ਮਹੱਤਤਾ ਹੀ ਨਹੀਂ ਦਿੱਤੀ ਗਈ। ਇਹ ਕੰਮ ਤਾਂ ਬ੍ਰਾਹਮਣਵਾਦੀਆਂ ਦਾ ਹੈ ਕਿ ਉਹ ਆਪਣੇ ਧਰਮ-ਗ੍ਰੰਥਾਂ ਦੀ ਕਿਸੇ ਪੰਕਤੀ ਨੂੰ ‘ਮੰਤਰ’ ਮਿੱਥ ਕੇ ਬਾਰ-ਬਾਰ ਉਸਦਾ ਰਟਨ ਅਰੰਭ ਕਰ ਦਿੰਦੇ ਹਨ ਅਤੇ ਫਿਰ ‘ਮੰਤਰ’ ਦੀ ਸਿੱਧੀ ਰਾਹੀਂ ਆਪਣੀ ਦੁਨਿਆਵੀ ਔਕੜਾਂ ਨੂੰ ਖ਼ਤਮ ਕਰਨਾ ਲੋਚਦੇ ਹਨ। ਕੁਝ ‘ਤਾਂਤਰਿਕ’ ਕਿਸਮ ਦੇ ਵਿਅਕਤੀ ‘ਮੰਤਰ’ ਪੜ੍ਹ ਕੇ ਪਾਣੀ ਜਾਂ ਇਲਾਇਚੀ ਆਦਿਕ ਪਦਾਰਥ ਨੂੰ ਜਾਦੂਮਈ ਬਣਾਉਣ ਦਾ ਦਾਅਵਾ ਕਰਦੇ ਹਨ ਅਤੇ ਅਜਿਹੇ ਪਦਾਰਥ ਸ਼ਰਧਾਲੂਆਂ ਵਿੱਚ ਵੰਡ ਕੇ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਰੋਗ ਠੀਕ ਕਰਨ ਦਾ ਦਾਅਵਾ ਕਰਦੇ ਹਨ। ਪਰ ਇਸ ਤਰ੍ਹਾਂ ਦੇ ਦਾਅਵੇ ਨਾ ਸਿਰਫ਼ ਬਿਲਕੁਲ ਗੈਰ-ਵਿਗਿਆਨਕ ਹੁੰਦੇ ਹਨ ਬਲਕਿ ਇਹ ਗੁਰਬਾਣੀ ਉਪਦੇਸ਼ਾਂ ਦੇ ਵੀ ਬਿਲਕੁਲ ਉਲਟ ਹਨ :

ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ ॥
(766)

ਭਾਵ : (ਜੀਵ-ਇਸਤ੍ਰੀ ਕਹਿੰਦੀ ਹੈ ਕਿ) ਪ੍ਰਭੂ ਦਾ ਪਿਆਰ ਪ੍ਰਾਪਤ ਕਰਨ ਲਈ ਮੈਂ ਤੰਤਰ-ਮੰਤਰ ਵਰਗਾ ਕੋਈ ਪਖੰਡ ਕਰਨਾ ਨਹੀਂ ਜਾਣਦੀ। ਮੈਂ ਤਾਂ ਸਿਰਫ਼ ਉਸ ‘ਰਾਮ’ ਦੇ ਗੁਣਾਂ ਨੂੰ ਆਪਣੇ ਮਨ ਵਿੱਚ ਵਿਚਾਰਦੀ ਹਾਂ, ਜੋ ਸਭ ਵਿੱਚ ਰਮਿਆ ਹੋਇਆ ਹੈ।

ਨਾ ਸੁਚਿ ਸੰਜਮੁ ਤੁਲਸੀ ਮਾਲਾ ॥
ਗੋਪੀ ਕਾਨੁ ਨ ਗਊ ਗਪਾਲਾ॥
ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ ॥7॥
(1035)

ਭਾਵ : (ਜਗਤ ਦੀ ਰਚਨਾ ਤੋਂ ਪਹਿਲਾਂ) ਨਾ ਕਿਤੇ ਕੋਈ ਗੋਪੀ ਸੀ, ਨਾ ਕੋਈ ਕਾਨ੍ਹ ਸੀ, ਨਾ ਕੋਈ ਗਊ ਸੀ, ਨਾ ਗਊਆਂ ਦਾ ਰਾਖਾ ਸੀ। ਤਦੋਂ ਨਾ ਕੋਈ ਤੰਤਰ-ਮੰਤਰ ਆਦਿਕ ਪਖੰਡ ਸੀ ਅਤੇ ਨਾ ਕੋਈ ਬੰਸਰੀ ਵਜਾ ਰਿਹਾ ਸੀ।

ਯਾਨੀ, ਗੁਰਬਾਣੀ ਵਿੱਚ ਤੰਤਰ ਤੇ ਮੰਤਰ ਦੇ ਸੰਕਲਪ ਨੂੰ ‘ਪਖੰਡ’ ਕਰਾਰ ਦਿੱਤਾ ਗਿਆ ਹੈ। ਜੇਕਰ ਮੰਤਰ ਇਕ ਪਖੰਡ ਹੈ, ਤਾਂ ਕੀ ਸੱਚਾ ਗੁਰੂ ਆਪਣੇ ਸਿੱਖ ਨੂੰ ‘ਮੰਤਰ’ ਦੇਣ ਜਿਹੇ ਕਿਸੇ ਭਰਮ ਵਿੱਚ ਪਾ ਸਕਦਾ ਹੈ? ਕੀ ਸਿੱਖ ਇਤਿਹਾਸ ਵਿੱਚ ਅਜਿਹਾ ਕੋਈ ਜ਼ਿਕਰ ਮਿਲਦਾ ਹੈ ਕਿ ਗੁਰੂ ਨਾਨਕ ਸਾਹਿਬ ਜਾਂ ਉਨ੍ਹਾਂ ਦੀ ਜੋਤਿ ਦੇ ਕਿਸੇ ਹੋਰ ਸਰੂਪ ਨੇ ਕਿਸੇ ਵਿਅਕਤੀ ਨੂੰ ਕੋਈ ‘ਮੰਤਰ’ ਜਪਣ (ਰਟਨ) ਲਈ ਕਿਹਾ ਹੋਵੇ? ਕੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਧਰੇ ਕੋਈ ਜ਼ਿਕਰ ਕੀਤਾ ਗਿਆ ਹੈ ।

ਇਥੇ ਇਹ ਵੀ ਧਿਆਨ ਦੇਣ ਯੋਗ ਤੱਥ ਹੈ ਕਿ ਸਿੱਖਾਂ ਦੇ ਮੌਜੂਦਾ ਅਤੇ ਜੁਗੋ-ਜੁਗ ਅਟਲ ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਹਨ। ਜੇਕਰ ਭਾਈ ਗੁਰਦਾਸ ਜੀ ਦੀ ਉਕਤ ਤੁੱਕ ਦੇ ਲਫ਼ਜ਼ੀ ਅਰਥਾਂ ਮੁਤਾਬਿਕ ਇਹ ਮੰਨ ਵੀ ਲਿਆ ਜਾਏ ਕਿ ‘ਗੁਰੂ-ਮੰਤਰ’ ਨਾਂ ਦੀ ਕੋਈ ਚੀਜ਼ ਗੁਰਮਤਿ ਵਿੱਚ ਪ੍ਰਵਾਨ ਹੈ, ਤਾਂ ਵੀ ਮੌਜੂਦਾ ਦੌਰ ਵਿੱਚ ਗੁਰ-ਮੰਤਰ ਲੈਣ ਲਈ ਸਿੱਖ ਨੂੰ ਇਸਦੀ ਭਾਲ ਤਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਕਰਨੀ ਪਵੇਗੀ। ਇਸਲਈ ਵੇਖੋ ਕਿ ਗੁਰੂ ਗ੍ਰੰਥ ਸਾਹਿਬ ‘ਗੁਰ-ਮੰਤਰ’ ਬਾਰੇ ਕੀ ਕਹਿੰਦੇ ਹਨ :

ਹਰਿ ਕਾ ਨਾਮੁ ਦੀਓ ਗੁਰਿ ਮੰਤ੍ਰਲੇ ॥
(190)
ਲਫ਼ਜ਼ੀ ਅਰਥ : ਮੈਨੂੰ ‘ਹਰਿ’ ਨਾਮ ਦਾ ਗੁਰ-ਮੰਤਰ ਮਿਲਿਆ ਹੈ।

ਸਤਿਗੁਰਿ ਮੰਤ੍ਰਲੇ ਦੀਉ ਹਰਿ ਨਾਮ ॥
(196)
ਲਫ਼ਜ਼ੀ ਅਰਥ : ਸੱਚੇ ਗੁਰੂ ਨੇ ਮੈਨੂੰ ‘ਹਰਿ’ ਨਾਮ ਦਾ ਮੰਤਰ ਦਿੱਤਾ ਹੈ।

ਗੁਰਿ ਹਰਿ ਹਰਿ ਨਾਮੁ ਮੋਹਿ ਮੰਤ੍ਰਲੇ ਦ੍ਰਿਦ੍ਰੜਾਇਆ ॥
(371)
ਲਫ਼ਜ਼ੀ ਅਰਥ : ਗੁਰੂ ਨੇ ਮੈਨੂੰ ‘ਹਰੀ-ਹਰੀ’ ਨਾਂ ਦਾ ਮੰਤਰ ਦ੍ਰਿੜ੍ਹ ਕਰਵਾਇਆ ਹੈ।

ਜੇਕਰ ਭਾਈ ਗੁਰਦਾਸ ਜੀ ਦੀ ਵਾਰ ਦੇ ਲਫ਼ਜ਼ੀ ਅਰਥਾਂ ਦੇ ਅਧਾਰ ਦੀ ਤਰਜ਼ ’ਤੇ ਗੁਰਬਾਣੀ ਦੀਆਂ ਉਕਤ ਤੁਕਾਂ ਦੇ ਉਪਰ ਜ਼ਿਕਰ ਕੀਤੇ ਲਫ਼ਜ਼ੀ ਅਰਥਾਂ ਨੂੰ ਹੀ ਅੰਤਮ ਮੰਨ ਲਿਆ ਜਾਏ, ਤਾਂ ਫਿਰ ਇਸਦਾ ਭਾਵ ਇਹ ਹੋਵੇਗਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਗੁਰ-ਮੰਤਰ ‘ਹਰਿ’ ਜਾਂ ‘ਹਰਿ-ਹਰਿ’ ਹੈ। ਕੀ ਵਾਹਿਗੁਰੂ-ਵਾਹਿਗੁਰੂ ਰਟਨ ਵਾਲੇ ਵੀਰ/ਭੈਣਾਂ ਭਾਈ ਗੁਰਦਾਸ ਜੀ ਦੀ ਵਾਰ ਵਿੱਚ ਦਰਸਾਏ ਗਏ ਕਥਿਤ ਗੁਰ ਮੰਤ੍ਰ ਨੂੰ ਰਟਨਾ ਪਸੰਦ ਕਰਨਗੇ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਏ ਗਏ ਗੁਰ ਮੰਤ੍ਰ ਨੂੰ?

ਨੋਟ : ਗੁਰੂ ਗ੍ਰੰਥ ਸਾਹਿਬ ਦੀਆਂ ਉਕਤ ਤੁਕਾਂ ਦੇ ਭਾਵ-ਅਰਥ ਇਹੀ ਹਨ ਕਿ ਗੁਰੂ ਨੇ ਮੈਨੂੰ ਆਤਮਕ ਵਿਕਾਸ ਦਾ ਮੁੱਖ ਅਸੂਲ ਪ੍ਰਭੂ ਦਾ ਨਾਮ ਜਪਣਾ (ਗੁਣਾਂ ਨੂੰ ਯਾਦ ਰੱਖਣਾ - ਕੋਈ ਖ਼ਾਸ ਨਾਮ ਰਟਨਾ ਨਹੀਂ) ਸਿਖਾਇਆ ਹੈ।

ਇਥੋਂ ਤੱਕ ਅਸੀਂ ‘ਵਾਹਿਗੁਰੂ’ ਲਫ਼ਜ਼ ਦੀ ਮਹੱਤਤਾ ਅਤੇ ‘ਗੁਰੂ-ਮੰਤਰ’ ਬਾਰੇ ਚਰਚਾ ਕੀਤੀ ਹੈ। ਅੱਗੋਂ ਗੱਲ ਇਸ ਮੰਤਰ ਨੂੰ ‘ਜਪਣ’ ਦੀ ਤੁਰਦੀ ਹੈ। ਜਿਵੇਂ ਕਿ ਪਹਿਲਾਂ ਵੀ ਦੱਸਿਆ ਗਿਆ ਹੈ, ਬਹੁਤ ਸਾਰੇ ਲੋਕ ‘ਜਪਣ’ ਦਾ ਅਰਥ ‘ਰਟਨ’ ਸਮਝਦੇ ਹਨ। ਇਸਲਈ ਭਾਈ ਗੁਰਦਾਸ ਜੀ ਦੀ ਉਕਤ ਤੁੱਕ ਦੇ ਅਧਾਰ ’ਤੇ ਬਹੁਤ ਸਾਰੇ ਲੋਕ ਵਾਹਿਗੁਰੂ ਲਫ਼ਜ਼ ਦਾ ਰਟਨ ਕਰਦੇ ਹਨ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਰੱਬੀ ਗੁਣਾਂ ਨੂੰ ਜਪਣਾ, ਗਾਉਣਾ, ਧਿਆਉਣਾ, ਅਰਾਧਨਾ, ਸੇਵਨਾ, ਸਿਮਰਨਾ ਆਦਿ ਦਾ ਭਾਵ ਪ੍ਰਭੂ ਦੇ ਗੁਣਾਂ ਨੂੰ ਯਾਦ ਰੱਖਣਾ ਹੀ ਹੈ। ਇਸ ਗੱਲ ਇਉਂ ਵੀ ਸਮਝੀ ਜਾ ਸਕਦੀ ਹੈ ਕਿ ਜੇਕਰ ‘ਜਪਣ’ ਦਾ ਅਰਥ ਬਾਰ-ਬਾਰ ਕੋਈ ਲਫ਼ਜ਼ ਦੁਹਰਾਉਂਦੇ ਰਹਿਣਾ ਹੋਵੇ ਤਾਂ ਜਿਵੇਂ ਗੁਰਬਾਣੀ ਵਿੱਚ ਮਨੁੱਖ ਨੂੰ ਦਿਨ-ਰਾਤ ਪਰਮਾਤਮਾ ਦੀ ਕੀਰਤਿ ਕਰਨ ਦੀ ਤਾਕੀਦ ਕੀਤੀ ਜਾਂਦੀ ਹੈ, ਉਹ ਕਿਵੇਂ ਸੰਭਵ ਹੈ?

ਹਰਿ ਕੀਰਤਨੁ ਗਾਵਹੁ ਦਿਨੁ ਰਾਤੀ ਸਫਲ ਏਹਾ ਹੈ ਕਾਰੀ ਜੀਉ।।
(ਪੰਨਾ 108)

ਗੁਣ ਗੋਪਾਲ ਗਾਈਅਹਿ ਦਿਨੁ ਰਾਤੀ।।
(ਪੰਨਾ 194)

ਤਿਸੁ ਸੇਵੀ ਦਿਨੁ ਰਾਤਿ ਨਾਮੁ ਅਮੋਲੁ ਹੈ।।
(ਪੰਨਾ 422)

ਜੇਕਰ ਅਜਿਹੀਆਂ ਤੁਕਾਂ ਵਿੱਚ ਪ੍ਰਭੂ ਦਾ ਨਾਮ ਜਪਣ, ਗਾਉਣ ਆਦਿਕ ਦਾ ਅਰਥ ਉਸਦਾ ਕੋਈ ਨਾਂ ਰਟਨਾ ਹੋਵੇ, ਤਾਂ ਦਿਨ ਨੂੰ ਪੜ੍ਹਾਈ ਕਰਦੇ ਸਮੇਂ, ਭੋਜਨ ਖਾਂਦੇ, ਗਹਿਨ ਦਿਮਾਗੀ ਕੰਮ-ਕਾਜ ਕਰਦੇ ਸਮੇਂ, ਰਾਤ ਨੂੰ ਸੌਂਦਿਆਂ-ਸੌਂਦਿਆਂ ਆਦਿਕ ਵੇਲੇ ਰੱਬ ਦਾ ਸਿਮਰਨ ਕਿਵੇਂ ਕੀਤਾ ਜਾ ਸਕਦਾ ਹੈ? ਜੇਕਰ ਰੱਬ ਨੂੰ ਗਾਉਣ ਦਾ ਅਰਥ ਫਿਲਮੀ ਗੀਤਾਂ ਵਾਂਗ ਉਸਦੀ ਉਸਤਤਿ ਗਾਉਣਾ ਹੋਵੇ ਤਾਂ ਜ਼ਿਆਦਾਤਰ ਲੋਕ ਤਾਂ ਗੀਤ ਗਾ ਹੀ ਨਹੀਂ ਸਕਦੇ। ਫਿਰ, ਅਜਿਹੀ ਧਾਰਨਾ ਮੁਤਾਬਿਕ ਕੋਈ ਗੂੰਗਾ ਵਿਅਕਤੀ ਤਾਂ ਰੱਬ ਦਾ ਸਿਮਰਨ ਕਰ ਹੀ ਨਹੀਂ ਸਕਦਾ ਜਦਕਿ ਕਿਸੇ ਨੂੰ ਯਾਦ ਰੱਖਣ ਲਈ ਜ਼ੁਬਾਨ ਦੀ ਸਹਾਇਤਾ ਨਹੀਂ ਲੈਣੀ ਪੈਂਦੀ ਅਤੇ ਗੂੰਗਾ ਇਨਸਾਨ ਵੀ ਬਹੁਤ ਕੁਝ ਯਾਦ ਰੱਖਦਾ ਹੈ।

ਸੋ ਸਪਸ਼ਟ ਹੋਇਆ ਕਿ ਗੁਰਮਤਿ ਵਿੱਚ ਨਾਮ ਜਪਣ ਦਾ ਅਰਥ ਕੋਈ ਵਿਸ਼ੇਸ਼ ਲਫ਼ਜ਼ ‘ਰਟਨਾ’ ਨਹੀਂ ਹੈ। ਜਿਹੜੇ ਸੱਜਣ ਫਿਰ ਵੀ ਭਾਈ ਗੁਰਦਾਸ ਜੀ ਦੀ ਤੁੱਕ ਦੇ ਲਫ਼ਜ਼ੀ ਅਰਥਾਂ ਦੇ ਅਧਾਰ ’ਤੇ ‘ਵਾਹਿਗੁਰੂ-ਵਾਹਿਗੁਰੂ’ ਰਟਨ ਦੀ ਜ਼ਿੱਦ ਕਰਦੇ ਹੋਣ, ਉਹ ਕ੍ਰਿਪਾ ਕਰਕੇ ਗੁਰਬਾਣੀ ਦੀਆਂ ਹੇਠ ਲਿਖੀਆਂ ਤੁਕਾਂ ਬਾਰੇ ਵਿਚਾਰ ਕਰਨ ਕਿ ਇਨ੍ਹਾਂ ਤੁੱਕਾਂ ਵਿੱਚ ਗੁਰੂ ਸਾਹਿਬ ਨੇ ਸਾਨੂੰ ਕੀ ‘ਜਪਣ’ ਦਾ ਨਿਰਦੇਸ਼ ਦਿੱਤਾ ਹੈ:

ਰਾਮ ਨਾਮੁ ਜਪਿ ਦਿਨਸੁ ਰਾਤਿ ਗੁਰਮੁਖਿ ਹਰਿ ਧਨੁ ਜਾਨੁ ॥
(21)
ਲਫ਼ਜ਼ੀ ਅਰਥ : ‘ਰਾਮ’ ਨਾਮ ਜਪੋ।

ਹਰਿ ਹਰਿ ਨਾਮੁ ਧਿਆਇਐ ਜਿਸ ਨਉ ਕਿਰਪਾ ਕਰੇ ਰਜਾਇ ॥3॥
(28)
ਲਫ਼ਜ਼ੀ ਅਰਥ : ਹਰਿ-ਹਰਿ ਨਾਮ ਜਪੋ।

ਗੁਰਮੁਖਿ ਸਦਾ ਧਿਆਈਐ ਏਕੁ ਨਾਮੁ ਕਰਤਾਰੁ ॥
(29)
ਲਫ਼ਜ਼ੀ ਅਰਥ : ‘ਕਰਤਾਰ’ ਨਾਮ ਜਪੋ।

ਅਹਿਨਿਸਿ ਹਿਰਦੈ ਰਵਿ ਰਹੈ ਨਿਰਭਉ ਨਾਮੁ ਨਿਰੰਕਾਰ ॥
(32)
ਲਫ਼ਜ਼ੀ ਅਰਥ : ‘ਨਿਰੰਕਾਰੁ’ ਨਾਮ ਜਪੋ।

ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ ਕੀ ਗਤਿ ਤਾਹੀ ਜੀਉ ॥3॥
(598)
ਲਫ਼ਜ਼ੀ ਅਰਥ : ‘ਨਿਰਮਲ’ ਨਾਮ ਜਪੋ।

ਨਿਰਭਉ ਨਾਮੁ ਜਪਹੁ ਹਰਿ ਰੰਗੇ ॥3॥
(648)
ਲਫ਼ਜ਼ੀ ਅਰਥ : ‘ਨਿਰਭਉ’ ਨਾਮ ਜਪੋ।

ਅਨਦਿਨੁ ਨਾਮੁ ਜਪਹੁ ਬਨਵਾਰੀ ॥
(1080)
ਲਫ਼ਜ਼ੀ ਅਰਥ : ‘ਬਨਵਾਰੀ’ ਨਾਮ ਜਪੋ।

ਨਾਮੁ ਨਿਰੰਜਨੁ ਨੀਰਿ ਨਰਾਇਣ ॥
ਰਸਨਾ ਸਿਮਰਤ ਪਾਪ ਬਿਲਾਇਣ ॥
(867)

ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਮੰਨ ਰੇ ॥
(1401)
ਲਫ਼ਜ਼ੀ ਅਰਥ : ਗੁਰੂ, ਗੁਰੂ ਜਪੋ।

ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥
(670)
ਲਫ਼ਜ਼ੀ ਅਰਥ : ‘ਸਤਿ ਨਾਮੁ’ ਜਪੋ।

ਜਪਿ ਮਨ ਹਰਿ ਨਿਰੰਜਨੁ ਨਿਰੰਕਾਰਾ ॥
(720)
ਲਫ਼ਜ਼ੀ ਅਰਥ : ਨਿਰੰਜਨ, ਨਿਰੰਕਾਰ ਜਪੋ।

ਜਪਿ ਮਨ ਰਾਮ ਨਾਮ ਜਗੰਨਾਥ ॥
(1296)
ਲਫ਼ਜ਼ੀ ਅਰਥ : ਰਾਮ ਜਪੋ, ਜਗੰਨਾਥ ਜਪੋ।

ਜਪਿ ਮਨ ਗੋਬਿਦ ਮਾਧੋ ॥
(1297)
ਲਫ਼ਜ਼ੀ ਅਰਥ : ਗੋਬਿੰਦ ਜਪੋ, ਮਾਧੋ ਜਪੋ।

ਜਪਿ ਮਨ ਪਰਮੇਸੁਰੁ ਪਰਧਾਨੁ ॥
(1337)
ਲਫ਼ਜ਼ੀ ਅਰਥ : ਪਰਮੇਸ਼ਰ ਜਪੋ, ਪ੍ਰਧਾਨ ਜਪੋ।

ਜਪਉ ਜਿਨ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥
(1409)
ਲਫ਼ਜ਼ੀ ਅਰਥ : ਗੁਰੂ ਅਰਜੁਨ ਦੇਵ ਨੂੰ ਜਪਣ ਵਾਲਾ ਸੰਕਟ, ਜੂਨਾਂ, ਗਰਭ ਵਿੱਚ ਨਹੀਂ ਆਉਂਦਾ।

ਗੁਰਬਾਣੀ ਦੀਆਂ ਉਕਤ ਤੁਕਾਂ ਦੇ ਅਧਿਐਨ ਤੋਂ ਸਪਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਬਹੁਤ ਸਾਰੇ ਲਫ਼ਜ਼ਾਂ ਨੂੰ ‘ਜਪਣ’ ਦਾ ਨਿਰਦੇਸ਼ ਤਾਂ ਦਿੱਤਾ ਗਿਆ ਹੈ ਪਰ ‘ਵਾਹਿਗੁਰੂ’ ਲਫ਼ਜ਼ ਨੂੰ ਜਪਣ ਦਾ ਨਿਰਦੇਸ਼ ਕਿਧਰੇ ਵੀ ਨਹੀਂ ਦਿੱਤਾ ਗਿਆ। ‘ਜਪਣ’ ਦਾ ਅਰਥ ‘ਰਟਨ’ ਕਰਨ ਵਾਲੇ ਸੱਜਣ ਇਹ ਦੱਸਣ ਕਿ ਕੀ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਉਕਤ ਤੁਕਾਂ ਦੇ ਲਫ਼ਜ਼ੀ ਅਰਥਾਂ ਮੁਤਾਬਿਕ ਨਿਰੰਜਨ, ਬਨਵਾਰੀ, ਜਗੰਨਾਥ, ਹਰਿ, ਗੁਰੂ, ਗੋਬਿੰਦ, ਮਾਧੋ, ਗੁਰੂ ਅਰਜੁਨ ਆਦਿਕ ਲਫ਼ਜ਼ਾਂ ਦੇ ਰਟਨ ਨੂੰ ਨਾਮ-ਸਿਮਰਨ ਜਾਂ ਨਾਮ-ਜਪਣਾ ਕਰਾਰ ਦੇਣਗੇ? ਜੇ ਨਹੀਂ, ਤਾਂ ਕਿਉਂ?

ਸੱਚ ਤਾਂ ਇਹ ਹੈ ਕਿ ‘ਜਪਣਾ’ ਕੀ ਅਤੇ ਕਿਵੇਂ ਹੈ, ਇਸਦੀ ਜਾਣਕਾਰੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ‘ਜਪੁ’ (ਜਿਸਨੂੰ ਸਤਿਕਾਰ ਨਾਲ ‘ਜਪੁਜੀ ਸਾਹਿਬ’ ਕਿਹਾ ਜਾਂਦਾ ਹੈ) ਵਿੱਚ ਹੀ ਦੇ ਦਿੱਤੀ ਗਈ ਹੈ। ਇਸ ਬਾਣੀ ਵਿੱਚ ਸਪਸ਼ਟ ਕਿਹਾ ਗਿਆ ਹੈ ਕਿ ਮੂਹੋਂ ਰੱਬ ਦਾ ਨਾਮ ਜਪਦੇ ਰਹਿਣਾ ਆਤਮਕ ਉਚਤਾ ਦਾ ਪ੍ਰਤੀਕ ਨਹੀਂ ਬਲਕਿ ਇਹ ਕੀੜਿਆਂ ਵੱਲੋਂ ਅਸਮਾਨ ’ਤੇ ਚੜ੍ਹਨ ਦੀ ਕੋਸ਼ਿਸ਼ ਦੇ ਤੁੱਲ ਹੈ :

ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ।।
ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ।।
ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ।।
ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ।।
(ਜਪੁ, ਪਉੜੀ 32)

ਭਾਵ : ਜੇ ਇਕ ਜੀਭ ਤੋਂ ਲੱਖ ਜੀਭਾਂ ਹੋ ਜਾਣ, ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ ਜਾਣ। ਇਨ੍ਹਾਂ 20 ਲੱਖ ਜੀਭਾਂ ਵਿੱਚੋਂ ਹਰ ਜੀਭ ਨਾਲ ਇਕ-ਇਕ ਲੱਖ ਵਾਰੀ ਅਕਾਲ ਪੁਰਖ ਦੇ ਨਾਮ ਨੂੰ ਆਖੀਏ, ਤਾਂ ਵੀ ਇਹ ਕੂੜੇ ਮਨੁੱਖ ਦੀ ਕੂੜੀ ਹੀ ਠੀਸ ਹੈ। ਯਾਨੀ, ਜੇ ਮਨੁੱਖ ਇਹ ਖ਼ਿਆਲ ਕਰੇ ਕਿ ਮੈਂ ਆਪਣੇ ਉਦਮ ਦੇ ਆਸਰੇ ਇਸ ਤਰ੍ਹਾਂ ਨਾਮ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ, ਤਾਂ ਇਹ ਝੂਠਾ ਅਹੰਕਾਰ ਹੈ। ਪਰਮਾਤਮਾ ਨਾਲੋਂ ਵਿੱਥ ਦੂਰ ਕਰਨ ਦੀ ਰਾਹ ਵਿੱਚ ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪੌੜੀਆਂ ਹਨ, ਉਨ੍ਹਾਂ ਉਤੇ ਆਪਾ-ਭਾਵ ਗਵਾ ਕੇ ਹੀ ਚੜ੍ਹ ਸਕਦੀ ਹੈ। (ਲੱਖਾਂ ਜੀਭਾਂ ਨਾਲ, ਲੱਖਾਂ ਵਾਰੀ ਲਫ਼ਜ਼ੀ ਰਟਨ ਨਾਲ ਵੀ ਕੁਝ ਨਹੀਂ ਬਣਦਾ। ਆਪਾ-ਭਾਵ ਜਾਂ ਹਉਮੈ ਦੂਰ ਕਰਨ ਤੋਂ ਬਿਨਾਂ ਇਹ ਗਿਣਤੀ ਦੇ ਪਾਠਾਂ ਵਾਲਾ ਉਦਮ ਇਉਂ ਹੈ ਮਾਨੋ) ਅਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਭੀ ਇਹ ਰੀਸ ਆ ਗਈ ਹੈ ਕਿ ਅਸੀਂ ਵੀ ਅਕਾਸ਼ ’ਤੇ ਪਹੁੰਚ ਜਾਈਏ।

ਜਪੁ ਜੀ ਸਾਹਿਬ ਦੀ ਬਾਣੀ ਦਾ ਪਾਠ ਤਾਂ ਲਗਭਗ ਹਰ ਸਿੱਖ ਨੇ ਕੀਤਾ ਹੀ ਹੁੰਦਾ ਹੈ। ਗੁਰੂ ਨਾਨਕ ਸਾਹਿਬ ਦੇ ਏਨੇ ਸਪਸ਼ਟ ਫੁਰਮਾਨ ਦੇ ਬਾਵਜੂਦ ਸਿੱਖਾਂ ਵੱਲੋਂ ਖ਼ਾਸ ਲਫ਼ਜ਼ਾਂ ਨੂੰ ਮੰਤਰਾਂ ਵਾਂਗ ਰਟਨ ਅਤੇ ਇਸ ਕ੍ਰਿਆ ਨੂੰ ਹੀ ‘ਨਾਮ ਸਿਮਰਨ’ ਸਮਝ ਲੈਣਾ, ਬੜੀ ਹੈਰਾਨੀ ਅਤੇ ਅਫਸੋਸ ਵਾਲੀ ਗੱਲ ਹੈ। ਅਸਲ ਵਿੱਚ, ਕਿਸੇ ਵੀ ਲਫ਼ਜ਼ ਜਾਂ ਮੰਤਰ ਨੂੰ ਰਟਦੇ ਰਹਿਣ ਨਾਲ ਇਨਸਾਨ ਦੇ ਵਿਕਾਰ ਦੂਰ ਨਹੀਂ ਹੁੰਦੇ। ਇਸਲਈ ਸਾਨੂੰ ਇਹ ਭਰਮ ਨਹੀਂ ਪਾਲਣਾ ਚਾਹੀਦਾ ਕਿ ਵਾਹਿਗੁਰੂ-ਵਾਹਿਗੁਰੂ ਰਟਨ ਨਾਲ ਸਾਡੀ ‘ਹਉਮੈ’ ਦੂਰ ਹੋ ਜਾਏਗੀ। ਜਪੁ ਬਾਣੀ ਵਿੱਚ ਹੀ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਦੱਸਿਆ ਹੈ ਕਿ ‘ਹਉਮੈ’ ਤਾਂ ਸਿਰਫ਼ ਪਰਮਾਤਮਾ ਦੇ ਨੇਮ (ਹੁਕਮ) ਨੂੰ ਸਮਝਣ ਨਾਲ ਹੀ ਦੂਰ ਹੁੰਦੀ ਹੈ :

ਨਾਨਕ ਹੁਕਮੈ ਜੇ ਬੁਝੈ ਤਾ ਹਉਮੈ ਕਹੈ ਨ ਕੋਇ।।
(ਜਪੁ, ਪਉੜੀ 2)

‘ਵਾਹਿਗੁਰੂ’ ਲਫ਼ਜ਼ ਬਾਰੇ ਕੁਝ ਹੋਰ ਵਿਚਾਰਨਯੋਗ ਨੁਕਤੇ

ਹੁਣ ਤੱਕ ਅਸੀਂ ਜਿੰਨੀ ਵੀ ਚਰਚਾ ਕੀਤੀ ਹੈ, ਉਹ ਭਾਈ ਗੁਰਦਾਸ ਜੀ ਦੀ ਇਕ ਵਾਰ ਵਿੱਚ ਆਏ ‘ਵਾਹਿਗੁਰੂ’ ਲਫ਼ਜ਼ ਬਾਰੇ ਸੀ। ਪਰ ਗੁਰਮਤਿ ਅਸੂਲਾਂ ਦੀ ਸਹੀ ਜਾਣਕਾਰੀ ਲੈਣ ਦਾ ਇਕ-ਮਾਤਰ ਸ੍ਰੋਤ ਗੁਰੂ ਗ੍ਰੰਥ ਸਾਹਿਬ ਜੀ ਹਨ। ਇਸਲਈ ਇਹ ਧਿਆਨ ਦੇਣਾ ਜ਼ਰੂਰੀ ਹੈ ਕਿ ਵਾਹਿਗੁਰੂ ਲਫ਼ਜ਼ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀ ਕੁ ਮਹੱਤਤਾ ਦਿੱਤੀ ਗਈ ਹੈ।

ਇਹ ਧਿਆਨ ਦੇਣ ਯੋਗ ਤੱਥ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ‘ਵਾਹਿ ਗੁਰੂ’ ਲਫ਼ਜ਼ਾਂ ਦੀ ਜੋੜੀ ਸਿਰਫ਼ 12 ਵਾਰ ਅਤੇ 2 ਪੰਨਿਆਂ (1402 ’ਤੇ 9 ਵਾਰੀ ਅਤੇ 1403 ’ਤੇ 3 ਵਾਰੀ) ਆਈ ਹੈ। ਉਥੇ ਵੀ ਇਹ ਅਲਫਾਜ਼ ਕਿਸੇ ‘ਗੁਰੂ’ ਜਾਂ ‘ਭਗਤ’ ਦੀ ਰਚਨਾ ਵਿੱਚ ਨਹੀਂ ਬਲਕਿ ਭੱਟ ਗਯੰਦ ਜੀ ਦੀ ਰਚਨਾ ਵਿੱਚ ਆਇਆ ਹੈ। ਜਿਵੇਂ ਗੁਰੂ ਸਾਹਿਬਾਨ ਜਾਂ ਭਗਤਾਂ ਨੇ ‘ਰਾਮ’, ‘ਹਰਿ’ ਆਦਿ ਹਿੰਦੂ ਮਿਥਿਹਾਸਕ ਪਾਤਰਾਂ ਨੂੰ ਵੀ ਨਵੇਂ ਅਰਥ ਦੇ ਕੇ (ਰਾਮ } ਸਭ ਵਿੱਚ ਰਮਿਆ ਹੋਇਆ) ਕਾਵਿ-ਪ੍ਰਤੀਕਾਂ ਦੀ ਤਰ੍ਹਾਂ ਵਰਤਿਆ ਹੈ, ਉਸੇ ਤਰ੍ਹਾਂ ਭੱਟਾਂ ਨੇ ਗੁਰੂ ਸਾਹਿਬਾਨ ਦੇ ਨਾਵਾਂ ਨੂੰ ਪ੍ਰਤੀਕਾਂ ਦੀ ਤਰ੍ਹਾਂ ਵਰਤ ਕੇ ਪਰਮਾਤਮਾ ਦੀ ਉਸਤਤਿ ਕੀਤੀ ਹੈ। ਜਿਵੇਂ:

ਜਪਉ ਜਿਨ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥

ਭਾਵ ਅਰਥ : ਜਿਨ੍ਹਾਂ ਨੇ ਅਜਿਹੇ ਦੇਵਤਾ-ਰੂਪ ਗੁਰੂ ਦੇ ਗਿਆਨ ਨੂੰ ਅਪਣਾਇਆ ਜੋ ਜੂਨਾਂ ਵਿੱਚ ਨਹੀਂ ਆਉਂਦਾ (ਅਰ } ਨਹੀਂ, ਜੁਨ } ਜੂਨ), ਉਨ੍ਹਾਂ ਨੂੰ ਕਿਸੇ ਖ਼ਤਰੇ, ਦੁੱਖ, ਆਤਮਕ ਜਨਮ-ਮਰਨ ਦਾ ਸਾਹਮਣਾ ਨਹੀਂ ਕਰਨਾ ਪੈਂਦਾ।

ਇਸੇ ਤਰ੍ਹਾਂ, ‘ਗੁਰੂ’ ਦੀ ਉਸਤਤਿ ਕਰਦਿਆਂ ਭੱਟ ਗਯੰਦ ਜੀ ਦੇ 13 ਸਵਈਆਂ ਵਿੱਚ 4 ਵਾਰ ਇਹ ਤੁੱਕ ਆਈ ਹੈ :

ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ।।

ਪਰ ਇਸ ਤੁੱਕ ਦਾ ਅਰਥ ‘ਅਕਾਲ ਪੁਰਖ, ਅਕਾਲ ਪੁਰਖ, ਅਕਾਲ ਪੁਰਖ, ਵਾਹ ਜੀਉ’ ਨਹੀਂ ਬਲਕਿ (ਗੁਰਬਾਣੀ ਵਿਆਕਰਣ ਮੁਤਾਬਿਕ) ‘‘ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਸਦਕੇ !!’’ ਹੈ। ਗੁਰੂ ਗ੍ਰੰਥ ਸਾਹਿਬ ਦਾ ਮੌਲਿਕ ਸਰੂਪ ‘ਪਦ-ਛੇਦ’ ਰਹਿਤ (ਇਕ ਪੰਕਤੀ ਦੇ ਸਾਰੇ ਲਫ਼ਜ਼ ਬਿਨਾਂ ‘ਸਪੇਸ’ ਦੇ ਲਿਖੇ ਜਾਣ ਦੀ ਵਿਧੀ) ਸਨ। ਪ੍ਰਿੰਟਿਗ ਤਕਨੀਕ ਦਾ ਮੁਢਲਾ ਵਿਕਾਸ ਹੋਣ ਸਮੇਂ ਸਿੱਖ ਵਿਦਵਾਨਾਂ ਵੱਲੋਂ ਪਦ-ਛੇਦ ਸਰੂਪ ਤਿਆਰ ਕੀਤੇ ਗਏ, ਪਰ ਜਾਣੇ-ਅਨਜਾਣੇ ਵਿੱਚ ‘ਵਾਹਿ’ ਅਤੇ ‘ਗੁਰੂ’, ਦੋ ਅਲੱਗ-ਅਲੱਗ ਲਫ਼ਜ਼ਾਂ ਨੂੰ ਵੱਖਰਾ ਕਰਨ ਦੀ ਬਜਾਏ ਇਕੱਠੇ ਜੋੜ ਦਿੱਤਾ ਗਿਆ, ਜਿਸ ਨਾਲ ਇਨ੍ਹਾਂ ਲਫ਼ਜ਼ਾਂ ਦਾ ਜੋੜਾ ਇਕ ਲਫ਼ਜ਼ ‘ਵਾਹਿਗੁਰੂ’ ਵਜੋਂ ਪ੍ਰਚਲਿਤ ਹੋ ਗਿਆ। ਪਦ-ਛੇਦ ਕਰਦੇ ਸਮੇਂ ਹੋਈ ਇਸ ਗਲਤੀ ਦਾ ਅੰਦਾਜ਼ਾ ਇਸੇ ਤੱਥ ਤੋਂ ਤਾਂ ਲਗਾਇਆ ਜਾ ਸਕਦਾ ਹੈ ਕਿ ਇਕੋ ਪੰਕਤੀ ਵਿੱਚ ਆਏ ‘ਵਾਹਿ’ ਅਤੇ ‘ਗੁਰੂ’ ਲਫ਼ਜ਼ਾਂ ਨੂੰ ਤਾਂ ਇਕੱਠੇ ਜੋੜ ਦਿੱਤਾ ਗਿਆ ਪਰ ‘ਵਾਹਿ’ ਅਤੇ ‘ਜੀਉ’ ਨੂੰ ਨਾ ਜੋੜਿਆ ਗਿਆ (ਕਿਉਂਕਿ ਜੇਕਰ ਅਜਿਹਾ ਕੀਤਾ ਜਾਂਦਾ ਤਾਂ ‘ਗਲਤੀ’ ਸਪਸ਼ਟ ਹੋ ਜਾਣੀ ਸੀ)। ਉਕਤ ਤੱਥ ਤੋਂ ਅਜਿਹਾ ਵੀ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਇਹ ‘ਗਲਤੀ’ ਜਾਣਬੁੱਝ ਕੇ ਕੀਤੀ ਗਈ ਸੀ (ਇਸ ਬਾਬਤ ਹੋਰ ਚਰਚਾ ਲੇਖ ਦੇ ਅੰਤਮ ਭਾਗ ਵਿੱਚ ਕੀਤੀ ਗਈ ਹੈ)।

ਇੱਥੇ ਇਹ ਨੁਕਤਾ ਵੀ ਧਿਆਨ ਦੇਣ ਯੋਗ ਹੈ ਕਿ ‘ਵਾਹਿਗੁਰੂ’ ਲਫ਼ਜ਼ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਧਰੇ ਨਹੀਂ ਆਇਆ ਅਤੇ ‘ਵਾਹਿ ਗੁਰੂ’ ਲਫ਼ਜ਼ਾਂ ਦਾ ਜੋੜਾ ਵੀ ਸਿਰਫ਼ ਇਕ ਭੱਟ ਦੇ ਸਵਈਆਂ ਵਿੱਚ ਆਇਆ ਹੈ। ਯਾਨੀ, ਨਾਨਕ ਜੋਤਿ ਦੇ ਜਿਹੜੇ 6 ਸਰੂਪਾਂ ਦੀ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜਾਂ ਜਿਹੜੇ ਮਹਾਨ ਭਗਤਾਂ ਦੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ, ਉਨ੍ਹਾਂ ਵਿੱਚੋਂ ਕਿਸੇ ਵੀ ਰਚਨਾ ਵਿੱਚ ‘ਵਾਹਿਗੁਰੂ’ ਲਫ਼ਜ਼ ਨਹੀਂ ਆਇਆ। ਇਥੋਂ ਸਵਾਲ ਉਠਦਾ ਹੈ ਕਿ ਕੀ ਗੁਰੂ ਸਾਹਿਬਾਨ ਜਾਂ ਭਗਤਾਂ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ ਸੀ? ਇਸਦਾ ਉਤਰ ਤਾਂ ਇਹੀ ਹੈ ਕਿ ਗੁਰੂ ਸਾਹਿਬਾਨ ਤਾਂ ਸਦਾ ਹੀ ਪਰਮਾਤਮਾ ਦੇ ਸਿਮਰਨ ਵਿੱਚ ਹੀ ਰਹਿੰਦੇ ਸਨ। ਇਥੋਂ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਗੁਰੂ ਸਾਹਿਬਾਨ ਵੀ ਹਰ ਸਮੇਂ ਮੂਹੋਂ ਵਾਹਿਗੁਰੂ-ਵਾਹਿਗੁਰੂ ਕਰਦੇ ਰਹਿੰਦੇ ਸਨ ਜਾਂ ਨਹੀਂ? ਹੋ ਸਕਦਾ ਹੈ ਕਿ ਅੜੀ ਕਰਨ ਵਾਲੇ ਸੱਜਣ ਕੋਈ ਮਨਘੜਤ ਸਾਖੀ ਬਣਾ ਕੇ ਇਹੋ ਜਿਹਾ ਵੀ ਕੋਈ ਦਾਅਵਾ ਕਰ ਦੇਣ। ਇਸਲਈ ਉਨ੍ਹਾਂ ਨੂੰ ਪਹਿਲਾਂ ਹੀ ਸਵਾਲ ਕਰ ਲੈਂਦੇ ਹਾਂ ਕਿ ਜੇਕਰ ਗੁਰੂ ਸਾਹਿਬਾਨ ਵੀ ਅਕਾਲ-ਪੁਰਖ ਦਾ ਨਾਮ ‘ਵਾਹਿਗੁਰੂ’ ਮਿੱਥ ਕੇ ਇਸੇ ਲਫ਼ਜ਼ ਦਾ ਰਟਨ ਕਰਦੇ ਰਹਿੰਦੇ ਸਨ, ਤਾਂ ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਵੀ ਇਹੀ ਕਾਰਜ ਕਰਨ ਲਈ ਕਿਉਂ ਨਾ ਕਿਹਾ? ਕਿਸੇ ਵੀ ਗੁਰੂ ਜਾਂ ਭਗਤ ਨੇ ਆਪਣੀ ਕਿਸੇ ਰਚਨਾ ਵਿੱਚ ‘ਵਾਹਿਗੁਰੂ’ ਲਫ਼ਜ਼ ਦਾ ਉਪਯੋਗ ਕਿਉਂ ਨਹੀਂ ਕੀਤਾ? ਕੀ ਗੁਰੂ ਸਾਹਿਬ ਆਪਣੇ ਸਿੱਖਾਂ ਤੋਂ ਪਰਮਾਤਮਾ ਦੇ ਸਿਮਰਨ ਦਾ ਅਸਲ ਰਸਤਾ ਛੁਪਾ ਕੇ ਸਿੱਖਾਂ ਨੂੰ ਭਟਕਣਾ ਵਿੱਚ ਹੀ ਤੋਰੀ ਰੱਖਣਾ ਚਾਹੁੰਦੇ ਸਨ ਜਾਂ ਫਿਰ ਮੂਹੋਂ ਵਾਹਿਗੁਰੂ-ਵਾਹਿਗੁਰੂ ਦਾ ਰਟਨ ਕਰਨ ਵਾਲੇ ਲੋਕ ਸਿਰਮਨ ਦੇ ਸਿੱਖੀ ਸੰਕਲਪ ਤੋਂ ਭਟਕੇ ਹੋਏ ਹਨ? ਜੇਕਰ ਸਿਰਫ਼ ਵਾਹਿਗੁਰੂ-ਵਾਹਿਗੁਰੂ ਕਰਨ ਨਾਲ ਹੀ ਪਰਮਾਤਮਾ ਦਾ ਸਿਮਰਨ ਹੋ ਸਕਦਾ ਹੈ ਤਾਂ ਫਿਰ ਗੁਰੂ ਅਰਜਨ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਜਿਹੇ ਵਿਸ਼ਾਲ ਗ੍ਰੰਥ ਦੀ ਸੰਪਾਦਨਾ ਕਰਨ ਦੀ ਕੀ ਲੋੜ ਸੀ - ਉਹ ਸਿੱਖਾਂ ਨੂੰ ਸਿਰਫ਼ ਵਾਹਿਗੁਰੂ-ਵਾਹਿਗੁਰੂ ਕਰਨ ਲਈ ਆਖ ਦਿੰਦੇ ਅਤੇ ਸਿੱਖਾਂ ਨੂੰ ਵੀ ਗੁਰਬਾਣੀ ਦੇ ਏਨੇ ਵਿਸ਼ਾਲ ਸੰਗ੍ਰਹਿ ਦਾ ਅਧਿਐਨ ਨਾ ਕਰਨਾ ਪੈਂਦਾ (ਨੋਟ : ਲਫ਼ਜ਼ੀ ਰਟਨ ਕਰਨ ਦੇ ਹਮਾਇਤੀ ਜ਼ਿਆਦਾਤਰ ਲੋਕ ਸੰਪੂਰਨ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਨ ਦੀ ਬਜਾਏ ਪ੍ਰਚਲਿਤ ਨਿੱਤਨੇਮ ਦੀਆਂ ਬਾਣੀਆਂ ਪੜ੍ਹਨ ਜਾਂ ਫਿਰ ਵਾਹਿਗੁਰੂ-ਵਾਹਿਗੁਰੂ ਕਰਦੇ ਰਹਿਣ ਤੱਕ ਹੀ ਸੀਮਤ ਰਹਿੰਦੇ ਹਨ)।

ਮੂਹੋਂ ਵਾਹਿਗੁਰੂ-ਵਾਹਿਗੁਰੂ ਜਾਂ ਕਿਸੇ ਹੋਰ ਲਫ਼ਜ਼ ਨੂੰ ਰਟਨ ਦੇ ਹਮਾਇਤੀ ਸੱਜਣ ਆਪਣੀ ਗੱਲ ਨੂੰ ਜਾਇਜ਼ ਠਹਿਰਾਉਣ ਲਈ ਭਾਈ ਗੁਰਦਾਸ ਜੀ ਦੀ ਵਾਰ ਦੀ ਤੁੱਕ ‘ਵਾਹਿਗੁਰੂ ਗੁਰ ਮੰਤਰ ਹੈ’ ਦਾ ਹਵਾਲਾ ਤਾਂ ਦਿੰਦੇ ਹਨ ਪਰ ਉਨ੍ਹਾਂ ਹੀ ਭਾਈ ਗੁਰਦਾਸ ਜੀ ਦੇ ਕਬਿੱਤਾਂ ਵਿੱਚ ਦਿੱਤੇ ਗਏ ਇਸ ਉਪਦੇਸ਼ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦਿੰਦੇ ਹਨ :

ਖਾਂਡ ਖਾਂਡ ਕਹੈ ਜਿਹਬਾ ਨ ਸਵਾਦੁ ਮੀਠੋ ਆਵੈ
ਅਗਨਿ ਅਗਨਿ ਕਹੈ ਸੀਤ ਨ ਬਿਨਾਸ ਹੈ ।
ਬੈਦ ਬੈਦ ਕਹੈ ਰੋਗ ਮਿਟਤ ਨ ਕਾਹੂ ਕੋ
ਦਰਬ ਦਰਬ ਕਹੈ ਕੋਊ ਦਰਬਹਿ ਨ ਬਿਲਾਸ ਹੈ ।
ਚੰਦਨ ਚੰਦਨ ਕਹਤ ਪ੍ਰਗਟੈ ਨ ਸੁਬਾਸੁ ਬਾਸੁ
ਚੰਦ੍ਰ ਚੰਦ੍ਰ ਕਹੈ ਉਜੀਆਰੋ ਨ ਪ੍ਰਗਾਸ ਹੈ ।
ਤੈਸੇ ਗਿਆਨ ਗੋਸਟਿ ਕਹਤ ਨ ਰਹਤ ਪਾਵੈ
ਕਰਨੀ ਪ੍ਰਧਾਨ ਭਾਨ ਉਦਤਿ ਅਕਾਸ ਹੈ ॥
(ਭਾਈ ਗੁਰਦਾਸ, ਕਬਿੱਤ 437)

ਭਾਵ : ਖੰਡ-ਖੰਡ ਕਹਿਣ ਨਾਲ ਜੀਭ ’ਤੇ ਮੀਠਾ ਸਵਾਦ ਨਹੀਂ ਆ ਜਾਂਦਾ। ਜੇਕਰ ਸਰਦੀ ਦਾ ਮੌਸਮ ਹੋਵੇ ਤਾਂ ਅੱਗ-ਅੱਗ ਕਹਿਣ ਨਾਲ ਨਿੱਘ ਨਹੀਂ ਮਿਲ ਜਾਂਦਾ। ਵੈਦ-ਵੈਦ ਕਹਿਣ ਨਾਲ ਮਰੀਜ਼ ਦਾ ਰੋਗ ਠੀਕ ਨਹੀਂ ਹੋ ਜਾਂਦਾ। ਚੰਦਨ-ਚੰਦਨ ਕਹਿਣ ਨਾਲ ਸੁੰਗਧ ਪ੍ਰਗਟ ਨਹੀਂ ਹੋ ਜਾਂਦੀ। ਚਾਂਦ-ਚਾਂਦ ਕਹਿਣ ਨਾਲ ਚਾਂਦਨੀ ਦਾ ਪ੍ਰਕਾਸ਼ ਨਹੀਂ ਹੋ ਜਾਂਦਾ। ਇਸੇ ਤਰ੍ਹਾਂ ਗਿਆਨ-ਗਿਆਨ ਕਹਿਣ ਨਾਲ ਮਨੁੱਖ ਗਿਆਨਵਾਨ ਨਹੀਂ ਹੋ ਜਾਂਦਾ ਬਲਕਿ ਮਨੁੱਖ ਦੀ ਕਰਨੀ ਹੀ ਉਸਨੂੰ ਗਿਆਨਵਾਨ ਬਣਾਉਂਦੀ ਹੈ। (ਇਸੇ ਤਰਜ਼ ’ਤੇ ਇਹ ਵਿਚਾਰ ਕੀਤਾ ਜਾ ਸਕਦਾ ਹੈ ਕਿ ਜੇਕਰ ‘ਵਾਹਿਗੁਰੂ’ ਲਫ਼ਜ਼ ਪਰਮਾਤਮਾ ਦਾ ਲਖਾਇਕ ਹੋਵੇ ਵੀ, ਤਾਂ ਵੀ ਇਸਨੂੰ ਬਾਰ-ਬਾਰ ਦੁਹਰਾਉਣ ਮਾਤਰ ਨਾਲ ਕੀ ਮਨੁੱਖ ਰੱਬ ਵਰਗਾ ਬਣ ਸਕਦਾ ਹੈ ਜਾਂ ਰੱਬੀ ਗੁਣਾਂ ਨੂੰ ਅਪਣਾ ਸਕਦਾ ਹੈ?)

ਇਕ ਹੋਰ ਕਬਿੱਤ ਵਿੱਚ ਭਾਈ ਗੁਰਦਾਸ ਜੀ ਉਕਤ ਉਪਦੇਸ਼ ਨੂੰ ਹੋਰ ਸਪਸ਼ਟਤਾ ਨਾਲ ਦੁਹਰਾਉਂਦਿਆਂ ਕਹਿੰਦੇ ਹਨ :

ਜੈਸੇ ਖਾਂਡ ਖਾਂਡ ਕਹੈ ਮੁਖਿ ਨਹੀ ਮੀਠਾ ਹੋਇ
ਜਬ ਲਗ ਜੀਭ ਸਵਾਦ ਖਾਂਡੁ ਨਹੀਂ ਖਾਈਐ ।
ਜੈਸੇ ਰਾਤ ਅੰਧੇਰੀ ਮੈ ਦੀਪਕ ਦੀਪਕ ਕਹੈ
ਤਿਮਰ ਨ ਜਾਈ ਜਬ ਲਗ ਨ ਜਰਾਈਐ ।
ਜੈਸੇ ਗਿਆਨ ਗਿਆਨ ਕਹੈ ਗਿਆਨ ਹੂੰ ਨ ਹੋਤ ਕਛੁ
ਜਬ ਲਗੁ ਗੁਰ ਗਿਆਨ ਅੰਤਰਿ ਨ ਪਾਈਐ ।
ਤੈਸੇ ਗੁਰ ਕਹੈ ਗੁਰ ਧਿਆਨ ਹੂ ਨ ਪਾਵਤ
ਤਬ ਲਗੁ ਗੁਰ ਦਰਸ ਜਾਇ ਨ ਸਮਾਈਐ ॥
(ਭਾਈ ਗੁਰਦਾਸ, ਕਬਿੱਤ 542)

ਭਾਵ : ਜਿਵੇਂ ਖੰਡ-ਖੰਡ ਕਹਿਣ ਨਾਲ ਮੂੰਹ ਮਿੱਠਾ ਨਹੀਂ ਹੋ ਜਾਂਦਾ, ਜਦ ਤੱਕ ਜੀਭ ਨਾਲ ਖੰਡ ਨਾ ਖਾਈਏ। ਜਿਵੇਂ ਹਨੇਰੀ ਰਾਤ ਵਿੱਚ ਦੀਵਾ-ਦੀਵਾ ਕਹਿਣ ਨਾਲ ਰੌਸ਼ਨੀ ਨਹੀਂ ਹੋ ਜਾਂਦੀ, ਜਦ ਤੱਕ ਅਸਲ ਵਿੱਚ ਦੀਵਾ ਨਾ ਜਗਾਈਏ। ਜਿਵੇਂ ਗਿਆਨ-ਗਿਆਨ ਕਹਿਣ ਨਾਲ ਕੁਝ ਗਿਆਨ ਹਾਸਲ ਨਹੀਂ ਹੁੰਦਾ, ਜਦ ਤੱਕ ਗੁਰੂ ਦੇ ਗਿਆਨ ਨੂੰ ਦਿਲੋ-ਦਿਮਾਗ ਅੰਦਰ ਨਾ ਪਾਈਏ। ਤਿਵੇਂ ਹੀ ਗੁਰੂ-ਗੁਰੂ (ਜਾਂ ਵਾਹਿਗੁਰੂ, ਵਾਹਿਗੁਰੂ) ਕਹਿਣ ਨਾਲ ਗੁਰੂ ਪ੍ਰਤੀ ਧਿਆਨ ਜੁੜਦਾ, ਜਦ ਤੱਕ ਗੁਰੂ ਦੇ ਦਰਸ਼ਨਾਂ (ਗੁਣਾਂ) ਵਿੱਚ ਸਮਾ ਨਾ ਜਾਈਏ।

ਜੇਕਰ ਹਾਲਾਂ ਵੀ ਕਿਸੇ ਸੱਜਣ ਨੂੰ ਲਫ਼ਜ਼ੀ ਰਟਨ ਕਰਨ ਦੀ ਵਿਅਰਥਤਾ ਸਮਝ ਨਾ ਆ ਰਹੀ ਹੋਵੇ ਤਾਂ ਉਹ ਕ੍ਰਿਪਾ ਕਰਕੇ ਇਹ ਸਰਲ ਜਿਹੇ ਸਵਾਲ ਵਿਚਾਰਨ ਕਿ ਜੇਕਰ ਕੋਈ ਵਿਦਿਆਰਥੀ ਮੂਹੋਂ ਗਣਿਤ, ਗਣਿਤ ਕਰਦਾ ਰਹੇ, ਤਾਂ ਕੀ ਉਸਨੂੰ ਗਣਿਤ ਦੇ ਗੁੰਝਲਦਾਰ ਸਵਾਲ ਹੱਲ ਕਰਨੇ ਆ ਜਾਣਗੇ? ਕੀ ਮੂਹੋਂ ਦਵਾਈ-ਦਵਾਈ ਕਹਿਣ ਨਾਲ ਰੋਗੀ ਦੀ ਬਿਮਾਰੀ ਠੀਕ ਹੋ ਸਕਦੀ ਹੈ? ਕੀ ਮੂਹੋਂ ਪ੍ਰਧਾਨ ਮੰਤਰੀ, ਪ੍ਰਧਾਨ ਮੰਤਰੀ ਕਹਿੰਦੇ ਰਹਿਣ ਨਾਲ ਕੋਈ ਵਿਕਅਤੀ ਪ੍ਰਧਾਨ ਮੰਤਰੀ ਬਣ ਜਾਏਗਾ (ਐਲ.ਕੇ. ਅਡਵਾਨੀ, ਜੋ ਆਪਣੇ ਮੂਹੋਂ ਆਪਣੇ ਆਪ ਨੂੰ ਬਾਰ-ਬਾਰ ‘ਭਵਿੱਖ ਦਾ ਪ੍ਰਧਾਨ ਮੰਤਰੀ’ ਕਹਿੰਦਾ ਰਿਹਾ, ਕੀ ਉਹ ਪ੍ਰਧਾਨ ਮੰਤਰੀ ਬਣ ਗਿਆ?) ਸਿੱਖ ਇਤਿਹਾਸ ਵਿੱਚ ਆਮ ਜ਼ਿਕਰ ਆਉਂਦਾ ਹੈ ਕਿ ਗੁਰੂ ਨਾਨਕ ਸਾਹਿਬ ਜਿਸ ਵਿਕਅਤੀ ਨੂੰ ਆਪਣਾ ਸਿੱਖ ਬਣਾਉਂਦੇ ਸਨ ਉਸਨੂੰ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਦਾ ਉਪਦੇਸ਼ ਕਰਦੇ ਸਨ। ਕੀ ਕਿਰਤ ਕਰਨ ਵਾਲੇ ਵਿਅਕਤੀ ਲਈ ਨਾਮ ਜਪਣ ਵਾਸਤੇ ਹਰ ਸਮੇਂ ਮੂਹੋਂ ਕੋਈ ਵਿਸ਼ੇਸ਼ ਲਫ਼ਜ਼ (ਵਾਹਿਗੁਰੂ ਆਦਿਕ) ਦੁਹਰਾਉਂਦੇ ਰਹਿਣਾ ਸੰਭਵ ਹੈ? ਜੇਕਰ ਕਿਸੇ ਮਰੀਜ਼ ਦਾ ਆਪਰੇਸ਼ਨ ਕਰ ਰਿਹਾ ਡਾਕਟਰ ਮਰੀਜ਼ ਵੱਲ ਪੂਰਾ ਧਿਆਨ ਦੇਣ ਦੀ ਬਜਾਏ ਮੂਹੋਂ ‘ਵਾਹਿਗੁਰੂ-ਵਾਹਿਗੁਰੂ’ ਕਰਨ ਲੱਗ ਪਏ ਤਾਂ ਕੀ ਹੋਵੇਗਾ? ਹਵਾਈ ਜਹਾਜ਼ ਚਲਾ ਰਿਹਾ ਪਾਈਲਟ ਜੇਕਰ ਜਹਾਜ਼ ਦੇ ਕੰਟਰੋਲ, ਰਸਤੇ ਤੇ ਉਚਾਈ ਆਦਿਕ ਅਤੇ ਏ.ਟੀ.ਸੀ. ਤੋਂ ਮਿਲ ਰਹੇ ਸੰਦੇਸ਼ਾਂ ’ਤੇ ਧਿਆਨ ਦੇਣ ਦੀ ਬਜਾਏ ਮੂਹੋਂ ਕਿਸੇ ਖ਼ਾਸ ਲਫ਼ਜ਼ ਦਾ ਰਟਨ ਅਰੰਭ ਕਰ ਦੇਵੇ, ਤਾਂ ਕੀ ਹੋਵੇਗਾ? ਜੇਕਰ ਜੰਗੇ-ਮੈਦਾਨ ਵਿੱਚ ਬੈਠਾ ਕੋਈ ਸੈਨਿਕ ਦੁਸ਼ਮਣਾਂ ਦੀਆਂ ਗਤੀਵਿਧੀਆਂ ’ਤੇ ਧਿਆਨ ਦੇਣ ਦੀ ਬਜਾਏ ਵਾਹਿਗੁਰੂ-ਵਾਹਿਗੁਰੂ ਕਰਨਾ ਅਰੰਭ ਕਰ ਦੇਵੇ, ਤਾਂ ਉਸਦਾ ਕੀ ਹਸ਼ਰ ਹੋਵੇਗਾ?

ਸੱਚਾਈ ਤਾਂ ਇਹ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਬਾਰ-ਬਾਰ ਉਸਦਾ ਨਾਮ ਲੈ ਕੇ ਬੁਲਾਇਆ ਜਾਂਦਾ ਰਹੇ ਤਾਂ ਉਹ ਥੋੜੀ ਦੇਰ ਬਾਅਦ ਹੀ ਖਿੱਝ ਜਾਏਗਾ। ਜਿਵੇਂ ਕਿਸੇ ਵਿਅਕਤੀ ਦਾ ਨਾਂ ‘ਅਜੀਤ ਸਿੰਘ’ ਹੋਵੇ ਅਤੇ ਉਸਦਾ ਕੋਈ ਸਾਥੀ ਉਸ ਕੋਲ ਜਾ ਕੇ ਮੂਹੋਂ ਅਜੀਤ ਸਿੰਘ, ਅਜੀਤ ਸਿੰਘ ਦੁਹਰਾਉਣ ਸ਼ੁਰੂ ਕਰ ਦੇਵੇ ਤਾਂ ਯਕੀਨਨ ਕੁਝ ਦੇਰ ਬਾਅਦ ਅਜੀਤ ਸਿੰਘ ਦਾ ਸਬਰ ਟੁੱਟ ਜਾਏਗਾ ਅਤੇ ਉਹ ਕਹੇਗਾ ਕਿ ਬਾਰ-ਬਾਰ ਮੇਰਾ ਨਾਂ ਦੁਹਰਾਉਣ ਦੀ ਬਜਾਏ, ਮੇਰੇ ਨਾਲ ਕੰਮ ਕੀ ਹੈ, ਇਹ ਦੱਸ? ਇਸੇ ਤਰ੍ਹਾਂ, ਜੇਕਰ ਥੋੜੀ ਦੇਰ ਲਈ ਇਹ ਮੰਨ ਵੀ ਲਿਆ ਜਾਏ ਕਿ ਪਰਮਾਤਮਾ ਦਾ ਅਸਲੀ ਨਾਮ ‘ਵਾਹਿਗੁਰੂ’ ਹੈ, ਤਾਂ ਵੀ ਕੀ ਬਾਰ-ਬਾਰ ਉਸਦਾ ਨਾਮ ਰਟੇ ਜਾਣ ਨਾਲ ਉਹ ਖੁਸ਼ ਹੋਵੇਗਾ ਜਾਂ ਫਿਰ ਨਰਾਜ਼?

ਨੋਟ : ਪਰਮਾਤਮਾ ਗੁਣਾਂ ਦਾ ਖਜ਼ਾਨਾ ਹੈ ਅਤੇ ਉਹ ਮਨੁੱਖ ਦੇ ਅਉਗਣਾਂ ਤੋਂ ਖਿੱਝਦਾ ਜਾਂ ਨਰਾਜ਼ ਨਹੀਂ ਹੁੰਦਾ - ਅਉਗਣੁ ਕੋ ਨ ਚਿਤਾਰਦਾ ਗਲ ਸੇਤੀ ਲਾਇਕ।। (ਪੰਨਾ 1101) ਪਰ ਸੱਚੇ ਗੁਰੂ ਦੀ ਦੱਸੀ ਰਾਹ ਤੋਂ ਭਟਕੇ ਲੋਕਾਂ ਨੂੰ ਸਮਝਾਉਣ ਲਈ ਉਕਤ ਦ੍ਰਿਸ਼ਟਾਂਤ ਦਿੱਤਾ ਗਿਆ ਹੈ। ਬਾਰ-ਬਾਰ ਆਪਣਾ ਨਾਮ ਸੁਣ ਕੇ ਸਿਰਫ਼ ਭਾਰਤੀ ਸਿਆਸੀ ਆਗੂ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਹੀ ਖੁਸ਼ ਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੀ ਚਾਪਲੂਸੀ ਕਰਵਾਉਣ ਦਾ ਬਹੁਤ ਸ਼ੌਕ ਹੁੰਦਾ ਹੈ। ਪਰ ਪਰਮਾਤਮਾ ਚਾਪਲੂਸੀਆਂ ਕਰਨ ਨਾਲ ਖੁਸ਼ ਨਹੀਂ ਹੁੰਦਾ, ਉਹ ਤਾਂ ਸਿਰਫ਼ ਉਸਦੇ ਗੁਣਾਂ ਨੂੰ ਧਾਰਨ ਕਰਕੇ, ਉਸ ਦੇ ਨੇਮਾਂ (ਹੁਕਮ) ਵਿੱਚ ਚੱਲਣ ਵਾਲੇ ’ਤੇ ਹੀ ਆਪਣੀ ਕ੍ਰਿਪਾ ਕਰਦਾ ਹੈ।

‘ਵਾਹਿਗੁਰੂ’ ਨੂੰ ਗੁਰੂ-ਮੰਤਰ ਸਮਝਣ ਵਾਲੇ ਸਿੱਖਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ (ਜੇਕਰ ਸਿੱਖੀ ਵਿੱਚ ਮੰਤਰਾਂ ਦੀ ਕੋਈ ਮਹੱਤਤਾ ਹੁੰਦੀ ਵੀ ਹੋਵੇ, ਤਾਂ ਵੀ) ਕੀ ਗੁਰੂ-ਮੰਤਰ ਗੁਰੂ ਦਿੰਦਾ ਹੈ ਜਾਂ ਫਿਰ ਗੁਰੂ ਦਾ ਮਾਮਾ? ਕੀ ਭਾਈ ਗੁਰਦਾਸ ਜੀ ਗੁਰੂ ਅਰਜਨ ਸਾਹਿਬ ਜੀ ਨਾਲੋਂ ਵੀ ਵੱਧ ਸਿਆਣੇ ਸਨ ਕਿ ਗੁਰੂ ਸਾਹਿਬ ਸਿੱਖਾਂ ਨੂੰ ਗੁਰੂ-ਮੰਤਰ ਦੇਣਾ ਭੁੱਲ ਗਏ, ਇਸਲਈ ਭਾਈ ਗੁਰਦਾਸ ਜੀ ਨੇ ਸਿੱਖਾਂ ਨੂੰ ਗੁਰੂ-ਮੰਤਰ ਤੋਂ ਜਾਣੂ ਕਰਵਾ ਦਿੱਤਾ? ਇਹ ਠੀਕ ਹੈ ਕਿ ਭਾਈ ਗੁਰਦਾਸ ਜੀ, ਦੁਨਿਆਵੀ ਰਿਸ਼ਤੇ ਵਿੱਚ ਗੁਰੂ ਅਰਜਨ ਸਾਹਿਬ ਜੀ ਦੇ ਮਾਮਾ ਜੀ ਸਨ। ਇਤਿਹਾਸ ਮੁਤਾਬਿਕ, ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਅਤੇ ਪਹਿਲਾ ਸਰੂਪ ਤਿਆਰ ਕਰਨ ਵਿੱਚ ਗੁਰੂ ਅਰਜਨ ਸਾਹਿਬ ਦੀ ਕਾਫੀ ਮਦਦ ਕੀਤੀ ਸੀ। ਉਨ੍ਹਾਂ ਦੀ ਵਿਦਵਤਾ ’ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਵੇਗਾ। ਪਰ ਫਿਰ ਵੀ ਉਹ ਸਿੱਖਾਂ ਦੇ ‘ਗੁਰੂ’ ਨਹੀਂ ਸਨ। ਇਸਲਈ ਉਨ੍ਹਾਂ ਦੀਆਂ ਰਚਨਾਵਾਂ ਨੂੰ ਆਪਣੇ ਗਿਆਨ ਵਿੱਚ ਵਾਧਾ ਕਰਨ ਲਈ ਪੜ੍ਹਨਾ ਹੋਰ ਗੱਲ ਹੈ ਪਰ ਇਨ੍ਹਾਂ ਵਾਰਾਂ ਜਾਂ ਕਬਿੱਤਾਂ ਨੂੰ ਗੁਰਬਾਣੀ ਦਾ ਦਰਜਾ ਦੇ ਕੇ, ਬਲਕਿ ਇਨ੍ਹਾਂ ਰਚਨਾਵਾਂ ਵਿੱਚ ਆਈ ਇਕਾਧ ਤੁੱਕ ਨੂੰ ਹੀ ਗੁਰਮਤਿ ਦੇ ਮੁਢਲੇ ਅਸੂਲ ਵਜੋਂ ਪ੍ਰਚਾਰਨ ਦੀ ਕੋਸ਼ਿਸ਼ ਕਰਨਾ ਭਾਰੀ ਮਨਮਤਿ ਅਤੇ ਗੁਰੂ ਸਾਹਿਬ ਦਾ ਘੋਰ ਅਪਮਾਨ ਹੈ।

ਗੁਰਮਤਿ ਵਿੱਚ ਮਹੱਤਤਾ ਸਿਰਫ਼ ਗੁਣਾਂ ਨੂੰ ਦਿੱਤੀ ਗਈ ਹੈ, ਰਿਸ਼ਤੇਦਾਰੀਆਂ ਨੂੰ ਨਹੀਂ। ਇਸੇਲਈ ਗੁਰੂ ਨਾਨਕ ਸਾਹਿਬ ਨੇ ਆਪਣੇ ਪੁੱਤਰ ਸ੍ਰੀ ਚੰਦ, ਜੋਕਿ ਬ੍ਰਾਹਮਣਵਾਦੀ ਮਾਨਸਿਕਤਾ ਦਾ ਸ਼ਿਕਾਰ ਸੀ, ਨੂੰ ਗੁਰਮਤਿ ਪ੍ਰਚਾਰ ਦਾ ਆਪਣਾ ਮਿਸ਼ਨ ਸੌਂਪਣ ਦੀ ਬਜਾਏ ਗੁਣਾਂ ਦੇ ਧਾਰਨੀ ਭਾਈ ਲਹਿਣਾ ਜੀ ਨੂੰ ਇਹ ਜ਼ਿੰਮੇਵਾਰੀ (ਪ੍ਰਚਲਿਤ ਲਫ਼ਜ਼ ‘ਗੁਰਗੱਦੀ’) ਸੌਂਪੀ। ਭਾਵੇਂ ਅਗਿਆਨਤਾ ਅਤੇ ਅੰਨ੍ਹੀ ਸ਼ਰਧਾ ਕਾਰਨ ਕਈ ਸਿੱਖ ਸ੍ਰੀ ਚੰਦ ਦੇ ਪੁਜਾਰੀ ਵੀ ਬਣੇ ਹੋਏ ਪਰ ਸੱਚਾਈ ਇਹੀ ਹੈ ਕਿ ‘ਉਦਾਸੀ’ ਸੰਪਰਦਾਅ ਦਾ ਪ੍ਰਚਾਰ ਕਰਕੇ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਵਿੱਚ ਭਾਰੀ ਰੁਕਾਵਟ ਖੜੀ ਕਰਨ ਦੀ ਕੋਸ਼ਿਸ਼ ਕਰਨ ਵਾਲਾ ਹੋਰ ਕੋਈ ਨਹੀਂ ਬਲਕਿ ਗੁਰੂ ਨਾਨਕ ਦੇ ਉਪਦੇਸ਼ਾਂ ਤੋਂ ਬੇਮੁਖ ਹੋਇਆ ਉਨ੍ਹਾਂ ਦਾ ਬਾਗੀ ਪੁੱਤਰ ਸ੍ਰੀ ਚੰਦ ਹੀ ਸੀ।

ਗੁਰਮਤਿ ਸਿਧਾਂਤਾਂ ਮੁਤਾਬਿਕ ‘ਵਾਹਿ ਗੁਰੂ’ ਦਾ ਸੰਕਲਪ

ਉਪਰੋਕਤ ਚਰਚਾ ਤੋਂ ਕੁਝ ਪਾਠਕਾਂ ਦੇ ਮਨਾਂ ਵਿੱਚ ਸ਼ੰਕਾ ਪੈਦਾ ਹੋ ਸਕਦੀ ਹੈ ਕਿ ਕੀ ‘ਵਾਹਿਗੁਰੂ ਗੁਰੂ-ਮੰਤ੍ਰ ਹੈ’ ਵਾਲੀ ਤੁੱਕ ਲਿਖਣ ਪਿਛੇ ਭਾਈ ਗੁਰਦਾਸ ਜੀ ਦਾ ਮਕਸਦ ਸਿੱਖਾਂ ਨੂੰ ਜਾਣਬੁੱਝ ਕੇ ਭਟਕਾਉਣਾ ਸੀ। ਪਰ ਅਜਿਹਾ ਕੁਝ ਨਹੀਂ। ਭਾਈ ਗੁਰਦਾਸ ਜੀ ਵੀ ਆਪਣੀਆਂ ਰਚਨਾਵਾਂ ਰਾਹੀਂ ਗੁਰਮਤਿ ਸਿਧਾਂਤਾਂ ਦਾ ਹੀ ਪ੍ਰਚਾਰ ਕਰਨਾ ਚਾਹੁੰਦੇ ਸਨ। ਉਕਤ ਤੁੱਕ ਦਾ ਭਾਵ ਅਰਥ ਵੀ ਗਲਤ ਨਹੀਂ ਹੈ ਪਰ ਗੁਰਬਾਣੀ ਦੇ ਲਫ਼ਜ਼ੀ-ਅਰਥਾਂ ਤੱਕ ਸੀਮਤ ਰਹਿਣ ਦੀ ਮਾਨਸਿਕਤਾ ਕਾਰਨ ਸਿੱਖਾਂ ਨੇ ਭਾਈ ਗੁਰਦਾਸ ਜੀ ਦੀ ਇਸ ਰਚਨਾ ਦੇ ਲਫ਼ਜ਼ੀ ਅਰਥਾਂ ਨੂੰ ਹੀ ਅੰਤਮ ਮੰਨ ਲਿਆ। ਜਦਕਿ ਪ੍ਰਕਰਣ ਮੁਤਾਬਿਕ ਜੇਕਰ ਇਸ ਤੁੱਕ ਦੇ ਅਰਥ ਕੀਤੇ ਜਾਣ ਤਾਂ ਉਹ ਇਉਂ ਬਣਦੇ ਹਨ :

‘‘ਗੁਰੂ ਦੇ ਗੁਣਾਂ ਨੂੰ ਵੇਖ ਕੇ ਵਿਸਮਾਦ ਵਿੱਚ ਆਉਣਾ (ਸੱਚਾ ਗੁਰੂ, ਅਕਾਲ ਪੁਰਖ ਦੇ ਗੁਣਾਂ ਦੀ ਵਾਹ-ਵਾਹ ਕਰਨਾ) ਹੀ ਗਿਆਨ ਦਾ ਉਹ ਸਾਰ ਹੈ, ਜਿਸ ਨੂੰ ਹਮੇਸ਼ਾ ਯਾਦ ਰੱਖਣ ਨਾਲ ਹੀ ਮਨੁੱਖ ਹਉਮੈ ਤੋਂ ਮੁਕਤੀ ਪਾ ਸਕਦਾ ਹੈ।’’

ਕਿਸੇ ਦੇ ਗੁਣਾਂ ਨੂੰ ਵੇਖ ਕੇ ਵਿਸਮਾਦ ਵਿੱਚ ਆਉਣ ਤੋਂ ਕੀ ਭਾਵ ਹੈ? ਜਿਵੇਂ ਅਸੀਂ ਕਿਸੇ ਬਾਜੀਗਰ ਜਾਂ ਜਿਮਨਾਸਟ ਨੂੰ ਆਪਣੇ ਸਰੀਰ ਨਾਲ ਬਹੁਤ ਮੁਸ਼ਕਲ ਤੇ ਆਮ ਲੋਕਾਂ ਲਈ ਅਸੰਭਵ ਕਿਸਮ ਦੇ ਕਰਤਬ ਕਰਦੇ ਵੇਖਦੇ ਹਾਂ ਤਾਂ ਸਾਡੇ ਮੂਹੋਂ ਅਚਨਚੇਤ ਹੀ ਨਿਕਲਦਾ ਹੈ, ‘‘ਵਾਹ ! ਕੀ ਕਲਾਕਾਰੀ ਹੈ।’’

ਜੇਕਰ ਕੋਈ ਵਿਦਿਆਰਥੀ ਕਿਸੇ ਬਹੁਤ ਮੁਸ਼ਕਲ ਇਮਤਿਹਾਨ ਵਿੱਚ ਬੜੇ ਚੰਗੇ ਨੰਬਰ ਪ੍ਰਾਪਤ ਕਰਨ ਦੀ ਸੂਚਨਾ ਦਿੰਦਾ ਹੈ ਤਾਂ ਉਸਦੀ ਲਿਆਕਤ ਦੇਖ ਕੇ ਕਈ ਲੋਕ ਵਾਹ-ਵਾਹ ਕਰ ਉਠਦੇ ਹਨ। ਟੈਲੀਵੀਜ਼ਨ ’ਤੇ ਕੁਝ ਸਾਲ ਪਹਿਲਾਂ ਇਕ ਵਿਸ਼ੇਸ਼ ਚਾਹ-ਪੱਤੀ ਦੇ ਇਸ਼ਤਿਹਾਰ ਵਿੱਚ ਇਕ ਪ੍ਰਸਿੱਧ ਤਬਲਾ-ਵਾਦਕ ਨੂੰ ਤਬਲੇ ਦੀ ਬੜੀ ਮਿੱਠੀ ਧੁਨ ਵਜਾਉਂਦੇ ਦਿਖਾਇਆ ਜਾਂਦਾ ਸੀ। ਜਦ ਉਹ ਤਬਲਾ-ਵਾਦਕ ਆਪਣੀ ਧੁਨ ਖ਼ਤਮ ਕਰਦਾ ਸੀ, ਤਾਂ ਇਕ ਸ੍ਰੋਤਾ ਕਹਿ ਉਠਦਾ ਸੀ, ‘‘ਵਾਹ ਉਸਤਾਦ, ਵਾਹ !!’’ ਭਾਵੇਂ ਇਹ ਇਕ ਇਸ਼ਤਿਹਾਰ ਹੀ ਸੀ ਪਰ ਇਸ ਵਿੱਚ ਤਬਲਾ-ਵਾਦਕ ਦੇ ਹੁਨਰ ਪ੍ਰਤੀ ਵਿਸਮਾਦ ਦੀ ਭਾਵਨਾ ਹੀ ਦਿਖਾਈ ਗਈ ਸੀ (ਹਾਲਾਂਕਿ ਇਸ ਹੁਨਰ ਨੂੰ ਉਸ ਖ਼ਾਸ ਬ੍ਰਾਂਡ ਦੀ ਚਾਹ-ਪੱਤੀ ਤੋਂ ਉਪਜਿਆ ਦਰਸਾਇਆ ਜਾਂਦਾ ਸੀ)। ਇਸ ਤਰ੍ਹਾਂ, ਜ਼ਿੰਦਗੀ ਵਿੱਚ ਬਹੁਤ ਸਾਰੇ ਅਜਿਹੇ ਮੌਕੇ ਆਉਂਦੇ ਹਨ, ਜਦ ਅਸੀਂ ਕਿਸੇ ਜੀਅ ਦਾ ਕੋਈ ਖ਼ਾਸ ਗੁਣ ਵੇਖ ਕੇ ਵਿਸਮਾਦ ਦੀ ਅਵਸਥਾ ਵਿੱਚ ਆ ਕੇ ਵਾਹ-ਵਾਹ ਕਰ ਉਠਦੇ ਹਾਂ।

ਗੁਰੂ ਸਾਹਿਬਾਨ ਲਈ ਵੀ ਮੱਲੋ-ਮੱਲੀ ‘ਵਾਹ’ ਇਸਲਈ ਨਿਕਲ ਜਾਂਦਾ ਹੈ ਕਿਉਂਕਿ ਉਹ ਵੀ ਰੱਬੀ ਗੁਣਾਂ ਤੋਂ ਭਰਪੂਰ ਸਨ। ਜਦ ਸਿੱਖ ਆਪਣੇ ਗੁਰੂ ਦੀ ਮਹਾਨਤਾ ਮਹਿਸੂਸ ਕਰਦਾ ਹੈ ਕਿ ਕਿਸ ਤਰ੍ਹਾਂ ਉਸਦੇ ਗੁਰੂ ਨੇ ਉਸ ਸਮੇਂ (ਅਤੇ ਅੱਜ ਵੀ) ਅਤਿ ‘ਨੀਚ’ ਤੇ ‘ਸ਼ੂਦਰ’ ਕਹੇ ਜਾਣ ਵਾਲੇ ਲੋਕ, ਜਿਨ੍ਹਾਂ ਨੂੰ ਕੋਈ ਆਪਣੇ ਕੋਲ ਵੀ ਨਹੀਂ ਫਟਕਣ ਦਿੰਦਾ ਸੀ, ਨੂੰ ਆਪਣੇ ਗਲੇ ਨਾਲ ਲਗਾਇਆ, ਹੋਰ ਇਨਸਾਨਾਂ ਦੇ ਬਰਾਬਰ ਇੱਜ਼ਤ ਦਿੱਤੀ ਬਲਕਿ ਆਪਣੇ ਆਪ ਨੂੰ ਉਨ੍ਹਾਂ ਤੋਂ ਵੀ ‘ਨੀਚ’ ਦਰਸਾਇਆ, ਤਾਂ ਵਿਸਮਾਦ ਵਿੱਚ ਆ ਕੇ ਉਹ ‘ਵਾਹਿ ਗੁਰੂ’ ਕਹਿ ਉਠਦਾ ਹੈ। ਜਦ ਸਿੱਖ ਵੇਖਦਾ ਹੈ ਕਿ ਉਸਦੇ ਗੁਰੂਆਂ ਨੇ ਆਪਣੇ ਹੱਥੀਂ ਕੋੜ੍ਹ ਅਤੇ ਪਲੇਗ ਗ੍ਰਸਤ ਲੋਕਾਂ ਦੀ ਸੇਵਾ ਕੀਤੀ ਜਦਕਿ ਅੱਜ ਦੇ ਅਖੌਤੀ ਗੁਰੂ/ਸੰਤ ਵਿਦੇਸ਼ਾਂ ਤੋਂ ਮੰਗਵਾਈਆਂ ਗੱਡੀਆਂ ਵਿੱਚ ਘੁੰਮਦੇ ਹਨ ਅਤੇ ਮੰਹਿਗੀ ਤੋਂ ਮਹਿੰਗੀ ਦੁਨਿਆਵੀ ਸੁਵਿਧਾਵਾਂ ਦੀ ਐਸ਼ ਮਾਣਨ ਤੱਕ ਸੀਮਤ ਰਹਿੰਦੇ ਹਨ, ਤਾਂ ਸੁਭਾਵਿਕ ਹੀ ਉਸਦੇ ਮੂੰਹੋਂ ‘ਵਾਹਿ ਗੁਰੂ’ ਨਿਕਲ ਜਾਂਦਾ ਹੈ। ਜਦ ਸਿੱਖ ਵੇਖਦਾ ਹੈ ਕਿ ਉਸਦੇ ਮਹਾਨ ਗੁਰੂ ਨੇ ਮੈਦਾਨੇ-ਜੰਗ ਵਿੱਚ ਆਪਣੇ ਪੁੱਤਰਾਂ ਨੂੰ ਸ਼ਹੀਦ ਕਰਵਾਉਣ ਵਿੱਚ ਸੰਕੋਚ ਨਾ ਕੀਤਾ ਜਦਕਿ ਪ੍ਰਕਾਸ਼ ਸਿੰਘ ਬਾਦਲ ਵਰਗੇ ਅਖੌਤੀ ਸਿੱਖ ਆਗੂਆਂ ਨੇ ਪੰਜਾਬ ਵਿੱਚ ਹਿੰਸਾ ਦੇ ਦੌਰ ਦੌਰਾਨ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਸੁਰੱਖਿਅਤ ਰੱਖਣ ਲਈ ਵਿਦੇਸ਼ ਵਿੱਚ ਭੇਜ ਦਿੱਤਾ ਸੀ, ਤਾਂ ਉਸ ਦੇ ਮੂੰਹੋਂ ਸੁਭਾਵਿਕ ਹੀ ‘ਵਾਹਿ ਗੁਰੂ’ ਨਿਕਲ ਜਾਂਦਾ ਹੈ।

ਕੁਝ ਇਸੇਲਈ ਜਦ ਦੋ ਸਿੱਖ ਆਪਸ ਵਿੱਚ ਮਿਲਦੇ ਹਨ ਤਾਂ ਉਹ ‘ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਹਿ’’ ਬੁਲਾਉਂਦੇ ਹਨ। ਇਸਦਾ ਬੋਲੇ ਦਾ ਭਾਵ ਅਰਥ ਇਹੀ ਹੈ ਕਿ ‘‘ਵਾਹ ਗੁਰੂ ! ਤੇਰੇ ਵੱਲੋਂ ਬਖਸ਼ੇ ਸੱਚ ਦੇ ਗਿਆਨ ਕਾਰਨ ਮਨੁੱਖ ‘ਖ਼ਾਲਸ’ (ਔਗੁਣਾਂ ਤੋਂ ਰਹਿਤ) ਹੋ ਜਾਂਦੇ ਹਨ। ਵਾਹ ਗੁਰੂ ! (ਮਨੁੱਖ ਵਿੱਚ ਕਿੰਨੇ ਵੀ ਵਿਕਾਰ ਕਿਉਂ ਨਾ ਹੋਣ ਪਰ) ਸੱਚ ਦਾ ਗਿਆਨ ਅਪਣਾਉਣ ਕਾਰਨ ਆਤਮਕ ਵਿਕਾਰਾਂ ’ਤੇ ਫਤਿਹ ਹਾਸਲ ਹੁੰਦੀ ਹੈ।’’ ਭਾਵ, ਇਸ ਬੋਲੇ ਵਿੱਚ ਵੀ ਗੁਰੂ ਦੀ ਮਹਾਨਤਾ ਪ੍ਰਤੀ ਵਿਸਮਾਦ ਦੀ ਭਾਵਨਾ ਦਰਸਾਈ ਗਈ ਹੈ। ਇਸ ਬੋਲੇ ਦੇ ਇਹ ਅਰਥ ਕਰਨਾ ਕਿ ‘‘ਖ਼ਾਲਸਾ ਵੀ ਪਰਮਾਤਮਾ ਦਾ ਹੈ ਅਤੇ ਜਿੱਤ ਵੀ ਪਰਮਾਤਮਾ ਦੀ ਹੀ ਹੋਵੇਗੀ’’ ਜਾਇਜ਼ ਨਹੀਂ ਕਿਉਂਕਿ ਇਕ ਤਾਂ ਵਾਹ ਅਤੇ ਗੁਰੂ ਦੋਵੇਂ ਵੱਖੋ-ਵੱਖਰੇ ਲਫ਼ਜ਼ ਹਨ। ਦੂਜਾ, ਮਨੁੱਖ ਭਾਵੇਂ ਗੁਣਾਂ ਵਾਲਾ ਹੋਵੇ ਜਾਂ ਔਗੁਣਾਂ ਵਾਲਾ, ਉਸ ਦੀ ਸਿਰਜਨਾ ਤਾਂ ਪਰਮਾਤਮਾ ਨੇ ਹੀ ਕੀਤੀ ਹੈ। ਇਸਲਈ ਸਿਰਫ਼ ‘ਖ਼ਾਲਸੇ’ ਨੂੰ ਪਰਮਾਤਮਾ ਨਾਲ ਸਬੰਧਿਤ ਹੋਣਾ ਅਤੇ ਬਾਕੀ ਮਨੁੱਖਾਂ ਦਾ ਰੱਬੀ ਸਿਰਜਣਾ ਨਾ ਹੋਣਾ ਦੱਸਣਾ ਠੀਕ ਨਹੀਂ। ਤੀਜਾ, ਪਰਮਾਤਮਾ ਨਿਰਾਕਾਰ ਵੀ ਹੈ ਤੇ ਔਗੁਣਾਂ ਤੋਂ ਰਹਿਤ ਵੀ ਹੈ। ਉਸਨੇ ਨਾ ਤਾਂ ਕਿਸੇ ਨਾਲ ਆਹਮੋ-ਸਾਹਮਣੀ ਜੰਗ ਕਰਨੀ ਹੈ ਅਤੇ ਨਾ ਹੀ ਮਨੁੱਖ ਵਾਂਗੂ ਆਪਣੇ ਅੰਦਰਲੇ ਔਗੁਣਾਂ ਨਾਲ ਸੰਘਰਸ਼ ਕਰਨਾ ਹੈ। ਜਦ ਉਸਨੇ ਦੁਨਿਆਵੀ ਜਾਂ ਆਤਮਕ ਲੜਾਈ ਕਰਨੀ ਹੀ ਨਹੀਂ, ਤਾਂ ਫਿਰ ਉਸ ਦੀ ‘ਜਿੱਤ’ (ਫਤਿਹ) ਜਾਂ ‘ਹਾਰ’ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਗੁਰੂ ਸਾਹਿਬਾਨ ਨੇ ਵੀ ਪਰਮਾਤਮਾ ਅਤੇ ਉਸ ਦੇ ਸੱਚੇ ਭਗਤਾਂ ਦੇ ਗੁਣਾਂ ਨੂੰ ਮਹਿਸੂਸ ਕਰਕੇ ਆਪਣੀਆਂ ਰਚਨਾਵਾਂ ਵਿੱਚ ਥਾਂ-ਥਾਂ ’ਤੇ ਵਿਸਮਾਦ ਦੀ ਭਾਵਨਾ ਪ੍ਰਗਟ ਕੀਤੀ ਹੈ:

ਵਾਹੁ ਵਾਹੁ ਸਾਚੇ ਮੈ ਤੇਰੀ ਟੇਕ ॥
(153)

ਭਾਵ : ਹੇ ਸੱਚੇ ! ਵਾਹ, ਵਾਹ !! ਮੈਨੂੰ ਤੇਰੀ (ਕ੍ਰਿਪਾ ਦੀ) ਹੀ ਟੇਕ ਹੈ।

ਤਿਸ ਕਉ ਵਾਹੁ ਵਾਹੁ ਜਿ ਵਾਟ ਦਿਖਾਵੈ ॥
ਤਿਸ ਕਉ ਵਾਹੁ ਵਾਹੁ ਜਿ ਸਬਦੁ ਸੁਣਾਵੈ ॥
(226)

ਭਾਵ : ਵਾਹ, ਵਾਹ ਉਸ ਪੂਰੇ ਗੁਰੂ ਦੇ, ਜਿਹੜਾ ਸਹੀ ਜੀਵਨ-ਰਸਤਾ ਦਿਖਾਉਂਦਾ ਹੈ। ਵਾਹ, ਵਾਹ ਉਸ ਪੂਰੇ ਗੁਰੂ ਦੇ, ਜਿਹੜਾ ਪਰਮਾਤਮਾ ਦੀ ਸਿਫ਼ਤਿ-ਸਲਾਹ ਸੁਣਾਉਂਦਾ ਹੈ।

ਗੁਰੂ ਸਾਹਿਬ ਨੇ ਰੱਬੀ ਗੁਣਾਂ ਨੂੰ ਮਹਿਸੂਸ ਕਰਨ ਉਪਰੰਤ ਵਿਸਮਾਦ ਦੀ ਅਵਸਥਾ ਵਿੱਚ ਆ ਜਾਣ ਨੂੰ ਭਗਤ ਜਨਾਂ ਦੀ ਇਕ ਪਛਾਣ ਵੀ ਦੱਸਿਆ ਹੈ:

ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ ॥
ਨਾਨਕ ਤੇ ਮੁਖ ਉਜਲੇ ਜਿ ਨਿਤ ਉਠਿ ਸੰਮਾਲੇਨਿ ॥1॥
(313)

ਭਾਵ : ਸਤਿਗੁਰੂ ਦਾ ਗਿਆਨ ਅਪਣਾਉਣ ਵਾਲੇ ਵਡਭਾਗੀ ਮਨੁੱਖ ਸੌਣ ਲੱਗੇ ਭੀ ਪਰਮਾਤਮਾ ਦੀ ਸਿਫ਼ਤਿ-ਸਲਾਹ ਕਰਦੇ ਹਨ ਤੇ ਉਠਣ ਵੇਲੇ ਭੀ। ਹੇ ਨਾਨਕ ! ਉਹ ਮੂੰਹ ਉਜਲੇ ਹੁੰਦੇ ਹਲ, ਜਿਹੜੇ ਸਦਾ ਸੁਚੇਤ ਰਹਿ ਕੇ ਨਾਮ ਧਿਆਉਂਦੇ ਹਨ।

ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥
ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ ॥1॥
(514)

ਭਾਵ : ਵਾਹ, ਵਾਹ ! ਪਰਮਾਤਮਾ ਦੀ ਸਿਫ਼ਤਿ-ਸਲਾਹ ਦੀ ਬਾਣੀ ਤਾਂ ਪਰਮਾਤਮਾ ਦਾ ਹੀ ਰੂਪ ਹੈ, ਜਿਸ ਨਾਲ ਪਰਮਾਤਮਾ ਵਿੱਚ ਮੇਲ ਹੁੰਦਾ ਹੈ। ਹੇ ਨਾਨਕ ! ਪ੍ਰਭੂ ਦੇ ਗੁਣਾਂ ਦੀ ਸਿਫ਼ਤ-ਸਲਾਹ (ਜਿਸ ਨਾਲ ਮਨ ’ਚ ਵਾਹ-ਵਾਹ ਦੀ ਭਾਵਨਾ ਪੈਦਾ ਹੋ ਜਾਂਦੀ ਹੈ) ਕਰਨ ਨਾਲ ਪ੍ਰਭੂ ਮਿਲ ਪੈਂਦਾ ਹੈ।

ਮੂਹੋਂ ਵਾਹਿਗੁਰੂ-ਵਾਹਿਗੁਰੂ ਕਰਦੇ ਰਹਿਣ ਦੇ ਕੁਝ ਹਮਾਇਤੀ ਉਕਤ ਤੁਕਾਂ ਦੇ ਲਫ਼ਜ਼ੀ ਅਰਥ ਕਰਕੇ ਕਹਿ ਸਕਦੇ ਹਨ ਕਿ ਗੁਰਬਾਣੀ ਵਿੱਚ ਤਾਂ ਪ੍ਰਭੂ ਨੂੰ ਪਾਉਣ ਲਈ ਵਾਹ-ਵਾਹ ਕਰਨ ਨੂੰ ਹੀ ਰਸਤਾ ਦੱਸਿਆ ਗਿਆ ਹੈ। ਪਰ ਜਿਵੇਂ ਕਿ ਉਪਰ ਦੱਸਿਆ ਗਿਆ ਹੈ, ਇਥੇ ਵਾਹ-ਵਾਹ ਕਰਨ ਦਾ ਅਰਥ ਪ੍ਰਭੂ ਦੇ ਗੁਣਾਂ ਨੂੰ ਸਮਝ ਕੇ ਵਿਸਮਾਦ ਜਾਂ ਖੁਸ਼ੀ ਮਹਿਸੂਸ ਕਰਨਾ ਹੈ, ਕਿਸੇ ਲਫ਼ਜ਼ ਨੂੰ ‘ਮੰਤਰ’ ਵਾਂਗ ਰਟਦੇ ਰਹਿਣਾ ਨਹੀਂ। ਫਿਰ, ਇਨ੍ਹਾਂ ਤੁਕਾਂ ਵਿੱਚ ਵੀ ਮਨੁੱਖ ਨੂੰ ‘ਵਾਹ, ਵਾਹ’ ਕਰਨ ਲਈ ਕਿਹਾ ਗਿਆ ਹੈ, ‘ਵਾਹਿਗੁਰੂ, ਵਾਹਿਗੁਰੂ’ ਕਰਨ ਲਈ ਨਹੀਂ। ਕੀ ਲਫ਼ਜ਼ੀ ਰਟਨ ਦੇ ਸਮਰਥਕ ਆਪਣੇ ਕਥਿਤ ਸਿਮਰਨ ਦੌਰਾਨ ‘ਵਾਹ’ ਲਫ਼ਜ਼ ਦਾ ਰਟਨ ਕਰਨਾ ਪਸੰਦ ਕਰਨਗੇ?

ਗੁਰਬਾਣੀ ਦੀ ਉਕਤ ਤੁੱਕ ਦੇ ਅਰਥ ਕਰਨ ਤੋਂ ਪਹਿਲਾਂ ਪ੍ਰੋ: ਸਾਹਿਬ ਸਿੰਘ ‘ਗੁਰੂ ਗ੍ਰੰਥ ਸਾਹਿਬ ਦਰਪਣ’ ਵਿੱਚ ਟਿੱਪਣੀ ਕਰਦੇ ਹਨ :

‘‘ਜਦੋਂ ਅਸੀਂ ਕੋਈ ਬਹੁਤ ਅਚਰਜ ਨਜ਼ਾਰਾ ਵੇਖਦੇ ਹਾਂ, ਕੋਈ ਬੜਾ ਹੀ ਸੁੰਦਰ ਖ਼ਿਆਲ ਸੁਣਦੇ ਹਾਂ, ਤਾਂ ਮਸਤ ਜਿਹੇ ਹੋ ਕੇ ‘ਵਾਹੁ ਵਾਹੁ’ ਆਖਦੇ ਹਾਂ; ਮਾਨੋ, ਅਸੀਂ ਉਸ ਨਜ਼ਾਰੇ ਜਾਂ ਖ਼ਿਆਲ ਦੀ ‘ਸਿਫ਼ਤਿ’ ਕਰਦੇ ਹਾਂ। ਸੋ ‘ਵਾਹੁ ਵਾਹੁ’ ਆਖਣਾ ਇਕ ਤਰ੍ਹਾਂ ‘ਸਿਫ਼ਤਿ-ਸਲਾਹ’ ਕਰਨਾ ਹੈ ਪਰ ਨਾਲ ਹੀ ਇਹ ਭਾਵ ਭੀ ਹੁੰਦਾ ਹੈ ਕਿ ਇਸ ਦੀ ਸਿਫ਼ਤਿ ਲਈ ਅਸਾਡੇ ਪਾਸ ਢੁਕਵੇਂ ਲਫ਼ਜ਼ ਨਹੀਂ ਹਨ। ਲਫ਼ਜ਼ ‘ਵਾਹੁ’ ਨੂੰ ਲਫ਼ਜ਼ ‘ਵਾਹਿਗੁਰੂ’ ਦਾ ਸੰਖੇਪ ਆਖਣਾ ਗਲਤ ਹੈ। ਲਫ਼ਜ਼ ‘ਗੁਰੂ’ ਤੇ ‘ਵਾਹਿ’ ਦੇ ਵੱਖੋ-ਵੱਖਰੇ ਅਰਥ ਹਨ।’’

ਯਾਨੀ, ਵਾਹ ਇਕ ਅਲੱਗ ਲਫ਼ਜ਼ ਹੈ ਤੇ ਗੁਰੂ ਇਕ ਹੋਰ ਵੱਖਰਾ ਲਫ਼ਜ਼ ਹੈ। ਇਨ੍ਹਾਂ ਦੋਹਾਂ ਲਫ਼ਜ਼ਾਂ ਨੂੰ ਇਕੋ ਲਫ਼ਜ਼ ਸਮਝ ਕੇ, ਉਸਨੂੰ ਪਰਮਾਤਮਾ ਦਾ ਕੋਈ ਖ਼ਾਸ ਮਹੱਤਤਾ ਵਾਲਾ ਨਾਮ ਸਮਝਣ ਲੈਣਾ ਭਾਰੀ ਗਲਤੀ ਹੈ ਅਤੇ ਇਸ ਲਫ਼ਜ਼ ਨੂੰ ਰਟਦੇ ਰਹਿਣਾ ਉਸ ਤੋਂ ਵੀ ਵੱਡੀ ਗਲਤੀ।

ਅਖੀਰ ‘ਵਾਹਿਗੁਰੂ’ ਲਫ਼ਜ਼ ਦੇ ਪ੍ਰਚਲਨ ਦਾ ਕਾਰਨ ਕੀ ਹੈ?

ਸਿੱਖ ਫਲਸਫੇ ਨੂੰ ਬ੍ਰਾਹਮਣਵਾਦ ਵਿੱਚ ਰਲਗੱਡ ਕਰਨ ਲਈ ਬਹੁਤ ਸਾਰੀਆਂ ਤਾਕਤਾਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਸਰਗਰਮ ਹੋ ਗਈਆਂ ਸਨ। ਇਨ੍ਹਾਂ ਤਾਕਤਾਂ ਨੇ ਗੁਰੂ ਨਾਨਕ ਸਾਹਿਬ ਦੇ ਦੁਨਿਆਵੀ ਪੁੱਤਰ ਸ੍ਰੀ ਚੰਦ ਨੂੰ ਗੁੰਮਰਾਹ ਕਰਕੇ ਸਫਲਤਾ ਨਾਲ ਆਪਣੇ ਨਾਲ ਰਲਾ ਲਿਆ। ਇਨ੍ਹਾਂ ਹੀ ਤਾਕਤਾਂ ਨੇ ‘ਨਾਨਕ’ ਪਦ ਦੀ ਵਰਤੋਂ ਕਰਕੇ ਗੁਰਮਤਿ-ਵਿਰੋਧੀ ਰਚਨਾਵਾਂ ਰਚਨੀਆਂ ਅਰੰਭ ਕਰ ਦਿੱਤੀਆਂ ਸਨ, ਜਿਨ੍ਹਾਂ ਤੋਂ ਸਿੱਖਾਂ ਨੂੰ ਬਚਾਉਣ ਲਈ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਸੀ। ਇਨ੍ਹਾਂ ਹੀ ਤਾਕਤਾਂ ਨੇ ਸਿੱਖ ਕੌਮ ਦੇ ਸੰਘਸ਼ਰਮਈ ਸਮੇਂ ਵਿੱਚ ਗੁਰਮਤਿ-ਵਿਰੋਧੀ ਰਚਨਾਵਾਂ ਦੇ ਸੰਕਲਨ ਨੂੰ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਵਜੋਂ ਪ੍ਰਚਾਰ ਦਿੱਤਾ।

ਇਸੇ ਕਿਸਮ ਦੀਆਂ ਤਾਕਤਾਂ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵੀ ਮਿਲਾਵਟ ਕਰ ਦਿੱਤੀ। ਉਨ੍ਹਾਂ ਨੇ ਨਾ ਸਿਰਫ਼ ‘ਭਾਈ ਗੁਰਦਾਸ ਦੂਜਾ’ ਦੇ ਨਾਮ ਤੋਂ ਹੋਰ ਵਾਰਾਂ ਤਿਆਰ ਕਰ ਦਿੱਤੀਆਂ, ਜਿਨ੍ਹਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਬਾਰੇ ‘ਗੁਰੂ ਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ’ ਆਦਿਕ ਦਾਅਵੇ ਕਰਕੇ ਇਹ ਪ੍ਰਭਾਵ ਦਿੱਤਾ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਰਾਹੀਂ ਦੇਵੀ ਦੀ ਪੂਜਾ ਕੀਤੀ ਸੀ। ਇਸੇ ਤਰ੍ਹਾਂ, ਬ੍ਰਾਹਮਣਵਾਦੀਆਂ ਨੇ ਭਾਈ ਗੁਰਦਾਸ ਜੀ (ਪਹਿਲੇ) ਦੀਆਂ ਮੌਲਿਕ ਵਾਰਾਂ ਵਿੱਚ ਵੀ ਮਿਲਾਵਟ ਕਰ ਦਿੱਤੀ। ਇਸ ਨੀਤੀ ਤਹਿਤ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੇ ਅੰਤ ਵਿੱਚ ਇਕ ਹੋਰ ‘ਪਉੜੀ’ ਜੋੜ ਕੇ ਸਿੱਖਾਂ ਨੂੰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਵਾਹਿਗੁਰੂ ਲਫ਼ਜ਼ ਬਹੁਤ ਪਵਿੱਤਰ ਹੈ ਕਿਉਂਕਿ ਇਹ ਵ (ਵਿਸ਼ਨੂੰ), ਹ (ਹਰੀ, ਕ੍ਰਿਸ਼ਨ), ਰ (ਰਾਮ), ਗ (ਗੋਬਿੰਦ, ਰੱਬ ਦਾ ਇਕ ਹਿੰਦੂ ਮਿਥਿਹਾਸਕ ਨਾਂ) ਨੂੰ ਜੋੜ ਕੇ ਬਣਾਇਆ ਗਿਆ ਹੈ। ਇਹ ਪਉੜੀ ਕੁਝ ਇਸ ਤਰ੍ਹਾਂ ਹੈ :

ਸਤਿਜੁਗ ਸਤਿਗੁਰ ਵਾਸਦੇਵ ਵਾਵਾ ਵਿਸ਼ਨਾ ਨਾਮ ਜਪਾਵੈ॥
ਦੁਆਪਰ ਸਤਿਗੁਰ ਹਰੀਕ੍ਰਿਸ਼ਨ ਹਾਹਾ ਹਰਿ ਹਰਿ ਨਾਮ ਧਿਆਵੈ॥
ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖ ਪਾਵੈ॥
ਕਲਿਜੁਗ ਨਾਨਕ ਗੁਰ ਗੋਬਿੰਦ ਗਗਾ ਗੋਵਿੰਦ ਨਾਮ ਜਪਾਵੈ॥
ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿਚ ਜਾਇ ਸਮਾਵੈ॥
ਚਾਰੋਂ ਅਛਰ ਇਕ ਕਰ ਵਾਹਿਗੁਰੂ ਜਪ ਮੰਤ੍ਰ ਜਪਾਵੈ॥
ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੈ ॥49॥1॥

ਭਾਵ : (ਹਿੰਦੂ ਮਿਥਿਹਾਸ ਮੁਤਾਬਿਕ ਅਖੌਤੀ) ਸਤਿਜੁਗ ਵਿੱਚ ਵਾਸਦੇਵ ਜੀ ਨੇ ‘ਵ’ ਤੋਂ ਵਿਸ਼ਨੂੰ ਦਾ ਨਾਮ ਜਪਾਇਆ। ਦੁਆਪਰ ਜੁਗ ਵਿੱਚ ਕ੍ਰਿਸ਼ਨ ਜੀ ਨੇ ‘ਹ’ ਤੋਂ ਹਰੀ ਨਾਮ ਜਪਾਇਆ। ਤ੍ਰੇਤਾ ਜੁਗ ਵਿੱਚ ਰਾਮ ਜੀ ਨੇ ‘ਰ’ ਤੋਂ ਰਾਮ ਦਾ ਨਾਮ ਜਪਾਇਆ। ਕਲਿਜੁਗ ਵਿੱਚ ਗੁਰੂ ਨਾਨਕ ਨੇ ‘ਗ’ ਤੋਂ ਗੋਵਿੰਦ ਨਾਮ ਜਪਾਇਆ। ਇਹ ਚਾਰੇ ਆਪੋ ਆਪਣੇ ਜੁਗਾਂ ਵਿੱਚ ‘ਜਾਗੇ’ ਸਨ ਤੇ ‘ਪੰਚਾਇਣ’ ਵਿੱਚ ਸਮਾ ਗਏ ਸਨ। ਇਨ੍ਹਾਂ ਚਾਰਾਂ ਅਖੱਰਾਂ ਨੂੰ ਜੋੜ ਕੇ ‘ਵਾਹਿਗੁਰੂ’ ਲਫ਼ਜ਼ ਬਣਦਾ ਹੈ, ਜਿਸਦਾ ਇਨ੍ਹਾਂ ਨੇ ਮੰਤਰ ਜਪਵਾਇਆ ਅਤੇ ਫਿਰ ਜਿਥੋਂ ਉਪਜੇ ਸੀ, ਉਥੇ ਹੀ ਸਮਾ ਗਏ।

ਸਪਸ਼ਟ ਹੈ ਕਿ ਬ੍ਰਾਹਮਣਵਾਦੀਆਂ ਨੇ ਸਿੱਖਾਂ ਨੂੰ ਗੁੰਮਰਾਹ ਕਰਨ ਲਈ ਝੂਠ ਰੂਪੀ ਬੀਜ ਤਾਂ ਕਈ ਸਦੀਆਂ ਪਹਿਲਾਂ ਹੀ ਬੀਜ ਦਿੱਤਾ ਸੀ। ਪਰ ਪਿਛਲੇ ਕੁਝ ਦਹਾਕਿਆਂ ਤੋਂ ਇਸ ਝੂਠ ਤੋਂ ਉਪਜੇ ਫਲਾਂ ਦਾ ਜ਼ਹਿਰ ਸਮੁੱਚੇ ਸਿੱਖ ਸਮਾਜ ਵਿੱਚ ਸਫਲਤਾ ਨਾਲ ਫੈਲਾਇਆ ਜਾ ਰਿਹਾ ਹੈ। ਇਸੇ ਨੀਤੀ ਤਹਿਤ ਸਿੱਖਾਂ ਨੂੰ ‘ਵਾਹਿਗੁਰੂ-ਵਾਹਿਗੁਰੂ’ ਜਪਦੇ ਰਹਿਣ ਲਈ ਪ੍ਰੇਰਿਆ ਜਾ ਰਿਹਾ ਹੈ। ਕਈ ਗੰਗੂਵਾਦੀ ਤਾਂ ਸਿੱਖਾਂ ਨੂੰ ਚੰਗੇ ਤਰੀਕੇ ਆਪਣੇ ਜਾਲ ਵਿੱਚ ਫਸਾਉਣ ਲਈ ਗੁਰਦੁਆਰਿਆਂ ਵਿੱਚ ਮੁਫ਼ਤ ਮਾਲਾਵਾਂ ਵੀ ਵੰਡਦੇ ਦੇਖੇ ਜਾਂਦੇ ਹਨ। ਕੁਝ ਮਹੀਨੇ ਪਹਿਲਾਂ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ ਵਿੱਚ ਰਾਤੋ-ਰਾਤ ਅਜਿਹੇ ਸਟੀਕਰ ਲਗਾ ਦਿੱਤੇ ਗਏ ਸਨ ਜਿਨ੍ਹਾਂ ’ਤੇ ਲਿਖਿਆ ਸੀ : ‘‘ਚਲਦੇ ਚਲਦੇ ਰਾਮ-ਰਾਮ ਜਾਂ ਵਾਹਿਗੁਰੂ-ਵਾਹਿਗੁਰੂ ਜਪਦੇ ਰਹੋ।’’ ਪਰ ਗੁਰਦੁਆਰਾ ਕਮੇਟੀ ਦੇ ਇਕ ਜਾਗਰੁਕ ਮੈਂਬਰ ਦੇ ਉਦਮ ਸਦਕਾ ਇਹ ਸਟੀਕਰ ਅਗਲੇ ਹੀ ਦਿਨ ਉਥੋਂ ਉਤਰਵਾ ਦਿੱਤੇ ਗਏ। ਪਰ ਅਜਿਹਾ ਪ੍ਰਚਾਰ ਹੁਣ ਵੀ ਜਾਰੀ ਹੈ। ਦਿੱਲੀ ਦੀਆਂ ਬੱਸਾਂ ਵਿੱਚ ਅਜਿਹੇ ਸਟੀਕਰ ਅਤੇ ਕਈ ਮੰਦਰਾਂ ਦੇ ਬਾਹਰ ਅਜਿਹੇ ਬੋਰਡ ਦੇਖੇ ਜਾ ਸਕਦੇ ਹਨ, ਜਿਨ੍ਹਾਂ ਵਿੱਚ ‘‘ਰਾਮ-ਰਾਮ ਜਾਂ ਵਾਹਿਗੁਰੂ-ਵਾਹਿਗੁਰੂ’’ ਜਪਦੇ ਰਹਿਣ ਦੀ ਪ੍ਰੇਰਣਾ ਕੀਤੀ ਜਾਂਦੀ ਹੈ।

ਬ੍ਰਾਹਮਣਵਾਦੀਆਂ ਨੇ ਤਾਂ ਆਪਣੀ ਫਿਤਰਤ ਮੁਤਾਬਿਕ ਇਹ ਕੁਝ ਕਰਨਾ ਹੀ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਆਪਣੇ ਆਪ ਨੂੰ ਉਚ ਸਤਰ ਦਾ ਧਾਰਮਕ ਸਮਝਣ ਵਾਲੇ ਕੁਝ ਸਿੱਖ ਜਥੇਬੰਦੀਆਂ / ਸੰਪਰਦਾਵਾਂ ਵੀ ਜੋਰਾਂਸ਼ੋਰਾਂ ਨਾਲ ਇਹੀ ਪ੍ਰਚਾਰ ਕਰਦੀਆਂ ਹਨ ਕਿ ਵਾਹਿਗੁਰੂ-ਵਾਹਿਗੁਰੂ ਕਰਨਾ ਹੀ ਨਾਮ-ਸਿਮਰਨ ਜਾਂ ਨਾਮ ਜਪਣਾ ਹੈ। ਕਾਸ਼, ਅਜਿਹੇ ਜੱਥੇ ਆਪਣੇ ਸੰਸਥਾਪਕਾਂ ਵੱਲੋਂ ਬਣਾਈਆਂ ਗਈਆਂ ਮਨਮਤੀ ਧਾਰਨਾਵਾਂ (ਕਿ ਗੁਰੂ-ਮੰਤਰ ਨੂੰ ਰਟਨ ਨਾਲ ਆਤਮਕ ਅਵਸਥਾ ਉਚੀ ਹੋ ਜਾਂਦੀ ਹੈ) ਨੂੰ ਜਾਇਜ਼ ਠਹਿਰਾਉਣ ਦੀ ਬਜਾਏ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਮੁਤਾਬਿਕ ‘ਨਾਮ ਸਿਮਰਨ’ ਦੇ ਅਸਲ ਸੰਕਲਪ ਤੋਂ ਸਮੁੱਚੀ ਦੁਨੀਆ ਨੂੰ ਜਾਣੂ ਕਰਵਾਉਣ ਤੇ ਉਨ੍ਹਾਂ ਨੂੰ ਲਫ਼ਜ਼ੀ ਰਟਨ ਜਿਹੇ ਫੋਕੇ ਕਰਮ-ਕਾਂਡਾਂ ਤੋਂ ਮੁਕਤ ਕਰਵਾਉਣ। ਇਹੀ ਅਸਲ ਸਿੱਖੀ ਪ੍ਰਚਾਰ ਹੋਵੇਗਾ। (ਧੰਨਵਾਦ ਸਹਿਤ ਇੰਡੀਆ ਅਵੇਅਰਨੈੱਸ ਅਗਸਤ ੨੦੦੯ ਦੇ ਅੰਕ ਵਿਚੋਂ)
.