.

ਗੁਰਮਤਿ ਅਨੁਸਾਰ ਨਰਕ?

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

“ਬਹੁਰਿ ਹਮ ਕਾਹੇ ਆਵਹਿਗੇ॥ ਆਵਨ ਜਾਨਾ ਹੁਕਮੁ ਤਿਸੈ ਕਾ, ਹੁਕਮੈ ਬੁਝਿ ਸਮਾਵਹਿਗੇ” (ਪੰ: ੧੧੦੩) ਗੁਰਮਤਿ ਅਨੁਸਾਰ ਉਹਨਾਂ ਵਡਭਾਗੀ ਜੀਉੜਿਆਂ `ਤੇ ਜਨਮ ਮਰਣ ਵਾਲਾ ਸਿਧਾਂਤ ਲਾਗੂ ਨਹੀਂ ਹੁੰਦਾ, ਮੁੜ-ਮੁੜ ਜੂਨਾਂ `ਚ ਨਹੀਂ ਪੈਂਦੇ; ਜਿਨ੍ਹਾਂ ਗੁਰੂ-ਗੁਰਬਾਣੀ ਦੀ ਅਗਿਆ `ਚ ਜੀਵਨ ਦੀ ਕਮਾਈ ਕੀਤੀ ਹੁੰਦੀ ਹੈ। ਜੀਵਨ ਰਹਿਣੀ ਨੂੰ ਗੁਰਬਾਣੀ ਆਧਾਰ `ਤੇ ਸਚਿਆਰਾ ਬਨਾਇਆ ਹੁੰਦਾ ਹੈ। ਅਜਿਹੇ ਜੀਊੜੇ ਨਿਸ਼ਚੇ ਹੀ “ਇਹ ਲੋਕ ਸੁਖੀਏ ਪਰਲੋਕ ਸੁਹੇਲੇ॥ ਨਾਨਕ ਹਰਿ ਪ੍ਰਭਿ ਆਪਹਿ ਮੇਲੇ” (ਪੰ: ੨੯੨) ਵਾਲੀ ਅਵਸਥਾ ਨੂੰ ਪ੍ਰਾਪਤ ਹੁੰਦੇ ਹਨ। “ਗੁਰਮੁਖਿ ਜਨਮੁ ਸਕਾਰਥਾ” (ਪੰ: ੧੨੪੭) ਅਨੁਸਾਰ ਮਨੁੱਖਾ ਜਨਮ ਸਫ਼ਲ ਕਰਕੇ ਜਾਂਦੇ ਹਨ। ਜਦਕਿ ਦੂਜੇ ਪਾਸੇ “ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ” (ਪੰ: ੯੫) ਮਨਮੁਖ, ਬਾਰ ਬਾਰ ਦੇ ਜਨਮਾਂ ਵਾਲੇ ਗੇੜ `ਚ ਹੀ ਰਹਿੰਦਾ ਹੈ। ਇਸ ਨਾਲ ਇਹ ਵੀ ਸਚਾਈ ਹੈ ਕਿ ਗੁਰਬਾਣੀ ਰਾਹੀਂ ਪ੍ਰਗਟ, ਮਨੁੱਖ ਲਈ ‘ਜਨਮ ਮਰਣ’ ਵਾਲਾ ਗੇੜ, ਬ੍ਰਾਹਮਣੀ ਵਿਚਾਰਧਾਰਾ ਤੋਂ ਨਿਤਾਂਤ ਭਿੰਨ ਤੇ ਨਿਵੇਕਲਾ ਹੈ। ਗੁਰਬਾਣੀ ਰਾਹੀਂ ਪ੍ਰਗਟ, ਮਨੁੱਖ ਲਈ ‘ਜਨਮ ਮਰਣ’ ਵਾਲੇ ਗੇੜ ਨੂੰ, ਬ੍ਰਾਹਮਣੀ ਵਿਚਾਰਧਾਰਾ ਤੋਂ ਬਿਲਕੁਲ ਲਾਂਭੇ ਹੋ ਕੇ, ਨਿਰੋਲ ਗੁਰਬਾਣੀ ਆਦੇਸ਼ਾਂ ਦੇ ਆਧਾਰ `ਤੇ ਹੀ ਸਮਝਿਆ, ਪਹਿਚਾਣਿਆ ਜਾ ਸਕਦਾ ਹੈ, ਉਸ ਤੋਂ ਬਿਨਾ ਨਹੀਂ। ਦੋਨਾਂ ਨੂੰ ਆਹਮਣੇ ਸਾਹਮਣੇ ਰਖ ਕੇ, ਗੁਰਮਤਿ ਦੀ ਸਚਾਈ ਸਮਝ `ਚ ਨਹੀਂ ਆ ਸਕੇਗੀ।

ਨਰਕ ਉਦਰਿ ਭ੍ਰਮੰਤ ਜਲਤੋ ਜਮਹਿ ਕੀਨੀ ਸਾਰ” - ਜੇਕਰ ਹੱਥਲੇ ਵਿਸ਼ੇ ਨੂੰ ਥੋੜੇ ਲਫ਼ਜ਼ਾਂ `ਚ ਬਿਆਨਣਾ ਹੋਵੇ ਤਾਂ-ਗੁਰਮਤਿ ਅਨੁਸਾਰ, ਨਰਕ ਉਹ ਨਹੀਂ ਜਿਸ ਦੀ ਗੱਲ ਬ੍ਰਾਹਮਣ ਜਾਂ ਗਰੁੜ ਪੁਰਾਣ ਕਰਦਾ ਹੈ। ਗੁਰਮਤਿ ਅਨੁਸਾਰ, ਮਨੁੱਖਾ ਜਨਮ ਨੂੰ ਸਫ਼ਲ ਨਾ ਕਰਣਾ, ਮੁੜ-ਮੁੜ ਜਨਮ-ਮਰਣ ਦੇ ਗੇੜ `ਚ ਪਏ ਰਹਿਣਾ ਤੇ ਜੀਵ ਰਾਹੀਂ “ਏਊ ਜੀਅ ਬਹੁਤੁ ਗ੍ਰਭ ਵਾਸੇ” (ਪੰ: 251) ਅਨੁਸਾਰ ਭਿੰਨ ਭਿੰਨ ਗਰਭ ਭੋਗਣੇ ਹਨ। ਇਹੀ ਹੈ ਗੁਰਮਤਿ ਅਨੁਸਾਰ ਜੀਵ ਰਾਹੀਂ ਨਰਕਾਂ ਦਾ ਭੋਗਣਾ। ਉਹ ਨਰਕ ਜਿਸ ਨੂੰ ਮਨੁੱਖਾ ਜੂਨੀ ਸਮੇਤ, ਅਸੀਂ ਹਰ ਸਮੇਂ ਆਪਣੇ ਆਸ-ਪਾਸ ਫੈਲਿਆ ਦੇਖ ਰਹੇ ਹਾਂ। ਫ਼ੁਰਮਾਣ ਹੈਂ “ਖਾਤ ਪੀਵਤ ਹਸਤ ਸੋਵਤ ਅਉਧ ਬਿਤੀ ਅਸਾਰ॥ ਨਰਕ ਉਦਰਿ ਭ੍ਰਮੰਤ ਜਲਤੋ ਜਮਹਿ ਕੀਨੀ ਸਾਰ” (ਪੰ: ੧੨੨੯)। ਭਾਵ ਮਨੁੱਖਾ ਜਨਮ ਨੂੰ ਦੁਨਿਆਵੀ ਆਹਰਾਂ `ਚ ਹੀ ਬਤੀਤ ਕਰਣਾ ਤੇ ਪ੍ਰਭੂ ਨੂੰ ਵਿਸਾਰੀ ਰਖਣਾ; ਇਸੇ ਦਾ ਨਤੀਜਾ “ਜਮਹਿ ਕੀਨੀ ਸਾਰ” ਇਸ ਨੂੰ ਬਾਰ ਬਾਰ ਜਨਮਾਂ ਦੇ ਗੇੜ `ਚ ਪੈ ਕੇ ਗਰਭ-ਉਦਰ ਦੀ ਅੱਗ `ਚ ਸੜਣਾ ਪੈਂਦਾ ਹੈ। ਕਬੀਰ ਜੀ ਅਨੁਸਾਰ “ਜਉ ਮੈ ਰੂਪ ਕੀਏ ਬਹੁਤੇਰੇ, ਅਬ ਫੁਨਿ ਰੂਪੁ ਨ ਹੋਈ” (ਪੰ: ੪੮੩)। ਇਸ ਤਰ੍ਹਾਂ ਇਹ ਸਿਲਸਿਲਾ ਉਦੋਂ ਤੀਕ ਚਲਦਾ ਹੈ, ਜਦ ਤੀਕ ਫ਼ਿਰ ਤੋਂ ਪ੍ਰਭੂ ਬਖ਼ਸ਼ਿਸ਼ `ਚ ਮਨੁੱਖਾ ਜੂਨ ਤਾਂ ਮਿਲ ਜਾਵੇ; ਫ਼ਿਰ ਉਥੇ ਵੀ ਜੇਕਰ ਸਤਿਗੁਰੂ ਦੇ ਆਦੇਸ਼ਾਂ ਅਨੁਸਾਰ ਜੀਵਨ ਦੀ ਕਮਾਈ ਕੀਤੀ ਜਾਵੇ। ਨਹੀਂ ਤਾਂ, ਫ਼ਿਰ ਤੋਂ ਉਹੀ ਜਨਮ-ਮਰਣ ਵਾਲਾ ਗੇੜ ਹੀ ਹੋਵੇਗਾ। ਗੁਰਮਤਿ ਅਨੁਸਾਰ ਇਹੀ ਹੈ ਜੀਵ ਰਾਹੀਂ ਨਰਕ ਭੋਗਣੇ। ਗੁਰਬਾਣੀ `ਚ ਇਸ ਪ੍ਰਕਰਣ `ਚ ਵੀ ਅਨੇਕਾਂ ਵਾਰੀ ਲਫ਼ਜ਼ ‘ਜੀਵ’ ‘ਹੰਸ’ ਆਦਿ ਆਏ ਹਨ ਪਰ ਪ੍ਰਕਰਣ ਅਨੁਸਾਰ ਇਹ ਲਫ਼ਜ਼ ਪ੍ਰਭੂ ਅੰਸ਼ ਜਾਂ ਜੋਤ ਲਈ ਨਹੀਂ ਆਏ। “ਉਡਿਆ ਹੰਸੁ ਦਸਾਏ ਰਾਹ” (ਪੰ: 137) ਜਾਂ “ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ” (ਪੰ: ੪੮੮) ਇਥੇ ‘ਜੀਉ’ ਤੇ ‘ਹੰਸ’ ਆਦਿ ਲਫ਼ਜ਼, ਪ੍ਰਭੂ ਤੋਂ ਨਿਖੜ ਕੇ ਸੰਸਕਾਰਾਂ ਦੇ ਸਮੂਹ ਤੇ ਪੰਜ ਤੱਤਾਂ ਦੇ ਪ੍ਰਭਾਵ `ਚ ਬਣ ਚੁੱਕੇ ਮਨਮਤੀ ਤੇ ਮਨਮੁਖ ਉਸ ‘ਮਨ’ ਲਈ ਹਨ, ਜਿਹੜਾ “ਸਨਕਾਦਿਕ ਨਾਰਦ ਮੁਨਿ ਸੇਖਾ॥ ਤਿਨ ਭੀ ਤਨ ਮਹਿ ਮਨੁ ਨਹੀਂ ਪੇਖਾ” (ਪੰ: ੪੧੫)। ਇਹ ਬ੍ਰਾਹਮਣੀ ‘ਸੂਖਮ ਸਰੀਰ’ ਲਈ ਵੀ ਨਹੀਂ ਹਨ।

ਹੋ ਸਕਦਾ ਹੈ ਕੁੱਝ ਸੱਜਣ ਸੁਆਲ ਕਰਣ ਕਿ ਇਸ ਗੁਰਮਤਿ ਪਾਠ ਦਾ ਨਾਮ ਕੇਵਲ ‘ਨਰਕ’ ਨਾਲ ਹੀ ਕਿਉਂ ਦਿੱਤਾ ਹੈ, ‘ਨਰਕ ਸੁਰਗ’ ਇਕੱਠਾ ਕਿਉਂ ਨਹੀਂ। ਸਮਝਣ ਦਾ ਵਿਸ਼ਾ ਹੈ ਕਿ ਅਸੀਂ ਜੋ ਇਥੇ ‘ਨਰਕ’ ਦੇ ਵਿਸ਼ੇ `ਤੇ ਵਿਚਾਰ ਰਹੇ ਹਾਂ ਇਹ ਕੇਵਲ ਗੁਰਬਾਣੀ ਅਨੁਸਾਰ ‘ਨਰਕ’ ਦੀ ਗੱਲ ਹੀ ਹੋ ਰਹੀ ਹੈ। ਦਰਅਸਲ ਇਹ ਗੁਰਮਤਿ ਪਾਠ ਲਿਖਣ ਦਾ ਮਕਸਦ ਹੀ ਇਹੀ ਹੈ ਕਿ ਲਫ਼ਜ਼ ‘ਨਰਕ’ ਸਬੰਧੀ, ਗੁਰਮਤਿ ਤੇ ਬ੍ਰਾਹਮਣੀ ਦੋਨਾਂ ਵਿਰੋਧੀ ਵਿਚਾਰਧਾਰਾਵਾਂ ਨੂੰ ਸੰਗਤਾਂ ਵਿਚਾਲੇ ਨਿਖੇੜ ਕੇ ਪੇਸ਼ ਕੀਤਾ ਜਾਵੇ। ਤਾ ਕਿ ਗੁਰੂ ਕੀਆਂ ਸੰਗਤਾਂ ਜਦੋਂ ਗੁਰਬਾਣੀ `ਚੋਂ ਅਜਿਹੇ ਸ਼ਬਦਾਂ ਨੂੰ ਪੜ੍ਹ-ਸੁਣ ਰਹੀਆਂ ਹੋਣ ਤਾਂ ਉਹਨਾਂ ਦੀ ਸੁਰਤ ਵੀ ਗੁਰਬਾਣੀ ਵਿਚਾਰਧਾਰਾ ਨਾਲ ਜੁੜੀ ਹੋਵੇ ਨਾ ਕਿ ਬ੍ਰਾਹਮਣੀ ਵਿਚਾਰਧਾਰਾ `ਚ ਹੀ ਅਟਕੀਆਂ ਰਹਿਣ। ਦੇਖਿਆ ਜਾਏ ਤਾਂ ਅੱਜ ਬਹੁਤਾ ਕਰਕੇ ਇਹੀ ਹੋ ਰਿਹਾ ਹੈ। ਉਸੇ ਦਾ ਨਤੀਜਾ ਹੈ ਕਿ ਗੁਰਬਾਣੀ ਦਾ ਪਾਠ ਕਰ-ਕਰ ਕੇ ਵੀ ਸਾਡੇ ਜੀਵਨ ਅੰਦਰ ਗੁਰਬਾਣੀ ਰਸ ਉਜਾਗਰ ਨਹੀਂ ਹੋ ਰਿਹਾ। ‘ਨਰਕ’ ਤੇ ‘ਸੁਰਗ’ ਗੁਰਬਾਣੀ ਅਨੁਸਾਰ ਦੋਵੇਂ ਲਫ਼ਜ਼ ਭਿੰਨ ਭਿੰਨ ਅਰਥਾਂ `ਚ ਹਨ, ਇਸ ਲਈ ਇਥੇ ਇਹਨਾ ਦਾ ਜੁੜਵੇਂ ਹੋਣਾ ਜ਼ਰੂਰੀ ਨਹੀਂ।

ਦੂਜੇ ਪਾਸੇ ‘ਨਰਕ-ਸੁਰਗ’ ਦੇ ਇਕੱਠੇ ਤੇ ਜੁੜਵੇਂ ਹੋਣ ਵਾਲੀ ਗੱਲ ਕੇਵਲ ਬ੍ਰਾਹਮਣ ਮੱਤ `ਤੇ ਹੀ ਲਾਗੂ ਹੁੰਦੀ ਹੈ। ਉਂਝ ਗੁਰਬਾਣੀ `ਚ ਵੀ ‘ਸੁਰਗ ਨਰਕ’ ਦਾ ਜੁੜਵਾਂ ਵਰਨਣ ਬਹੁਤ ਵਾਰੀ ਆਇਆ ਹੈ, ਪਰ ਵਿਸ਼ੇ ਅਨੁਸਾਰ ਭਿੰਨ ਭਿੰਨ ਅਰਥਾਂ `ਚ। ਉਪ੍ਰੰਤ ਜਿਥੋਂ ਤੀਕ ਬ੍ਰਾਹਮਣੀ ‘ਸੁਰਗ-ਨਰਕ’ ਦੀ ਗੱਲ ਹੈ, ਬ੍ਰਾਹਮਣੀ ਅਰਥਾਂ ਤੇ ਉਸ ਦੀ ਵਿਚਾਰਧਾਰਾ ਵਾਲੀ ਗੱਲ ਤਾਂ ਦੂਰ, ਗੁਰਮਤਿ ਨੇ ਉਸ ਸੁਰਗ ਤੇ ਨਰਕ ਦੀ ਹੋਂਦ ਨੂੰ ਵੀ ਪ੍ਰਵਾਣ ਨਹੀਂ ਕੀਤਾ।

ਕੁਝ ਬ੍ਰਾਹਮਣੀ ‘ਸੁਰਗ ਨਰਕ’ ਬਾਰੇ? - ਬ੍ਰਾਹਮਣ ਮੱਤ `ਚ ਕੇਵਲ ਲਫ਼ਜ਼ ‘ਸੁਰਗ-ਨਰਕ’ ਦੇ ਇਕੱਠਾ ਹੋਣ ਦੀ ਗੱਲ ਹੀ ਨਹੀਂ। ਉਥੇ ਤਾਂ ‘ਸੁਰਗ-ਨਰਕ’ ਦਾ ਫੈਲਾਅ ਵੀ ਲੰਮਾਂ-ਚੌੜਾ ਹੈ। ਉਥੇ ਇਸੇ ‘ਸੁਰਗ-ਨਰਕ’ ਤੋਂ ਚੌਰਾਸੀ ਨਰਕਾਂ ਦੀ ਗਿਣਤੀ ਤੇ ਇੱਕ ਇੱਕ ਦਾ ਵੇਰਵਾ। ਉਪ੍ਰੰਤ ਇਸੇ ਬ੍ਰਾਹਮਣੀ ‘ਸੁਰਗ-ਨਰਕ’ ਦਾ ਹੀ ਵਿਸਤਾਰ ਹਨ, ਪਿਤ੍ਰ ਲੋਕ, ਦੇਵ ਲੋਕ, ਜਮ ਲੋਕ, ਸੂਰਜ ਲੋਕ, ਚੰਦ੍ਰ ਲੋਕ, ਇੰਦ੍ਰ ਲੋਕ, ਸ਼ਿਵ ਪੁਰੀ, ਬ੍ਰਹਮ ਪੁਰੀ, ਬਿਸ਼ਨ ਪੁਰੀ, ਕਲਪ ਬ੍ਰਿਛ, ਕਾਮਧੇਨ ਗਉ, ਧਨਵੰਤ੍ਰੀ ਵੈਦ, ੩੩ਕਰੋੜ ਦੇਵੀਆਂ ਦੇਵਤੇ, ਜਛ-ਅਪਸ੍ਰਾਵਾਂ-ਗੰਧਰਵ-ਕਿੰਨਰ, ਧਰਮ ਰਾਜ, ਜੰਮ ਰਾਜ, ਚਿਤ੍ਰਗੁਪਤ, ਰੂਹਾਂ-ਬਦਰੂਹਾਂ, ਭੂਤ-ਪ੍ਰੇਤ ਆਦਿ। ਉਸੇ ਸੁਰਗ ਨਰਕ’ ਨਾਲ ਹੀ ਸਬੰਧਤ ਹਨ ‘ਸਤਿਜੁਗ, ਤ੍ਰੇਤਾ, ਦੁਆਪਰ, ਕਲਿਜੁਗ’ (ਚਾਰ ਜੁਗ) ਕਾਲ-ਮਹਾਕਾਲ, ਕਾਲਕਾ ਮਾਈ ਆਦਿ।

ਫ਼ਿਰ ਉਸੇ ਬ੍ਰਾਹਮਣੀ ਸੁਰਗ-ਨਰਕ ਦਾ ਸੰਸਾਰਿਕ ਪੱਧਰ `ਤੇ ਵੀ ਲੰਮਾਂ ਚੌੜਾ ਫੈਲਾਅ ਹੈ। ਸਗਨ-ਅਪਸਗਨ, ਟੇਵੇ-ਮਹੂਰਤ, ਕੁੰਡਲੀਆਂ-ਰਾਸ਼ੀਫਲ, ਗ੍ਰਿਹ-ਨਖਤ੍ਰ, ਵਾਸਤੂ ਕਲਾ, ਸੂਰਜ- ਚੰਦ ਗ੍ਰਿਹਣ, ਸਰਾਧ-ਨਰਾਤੇ, ਸੰਗ੍ਰਾਂਦਾਂ, ਮਸਿਆਵਾਂ, ਪੂਰਨਮਾਸ਼ੀਆਂ, ਅਸ਼ਟਮੀਆਂ, ਨੋਮੀਆਂ ਆਦਿ ਥਿਤ-ਵਾਰ; ਵਰਤ-ਨੇਮ, ਮੰਗਲ, ਸਨੀਚਰ ਆਦਿ ਚੰਗੇ-ਮੰਦੇ ਦਿਹਾੜੇ ਤੇ ਸਵੇਰ ਸ਼ਾਮ ਦੇ ਵਹਿਮ-ਭਰਮ। ਪਿਤ੍ਰੀ ਕਰਮ ਤੇ ਉਹਨਾਂ ਤੋਂ ਹੀ ਪਿੰਡ, ਪੱਤਲ, ਕਪਾਲ ਕਿਰਿਆ, ਦੀਵਾ-ਵਟੀ, ਪੁਤ੍ਰ-ਪੁਤ੍ਰੀ `ਚ ਵਿਤਕਰਾ, ਬੇਬਾਨ, ਚੌਥਾ, ਕਿਰਿਆ, ਵਰੀਨੇ, ਫੁਲਾਂ (ਅਸਥੀਆਂ) ਦਾ ਚੁਨਣਾ, ਹਰਦੁਆਰ-ਪ੍ਰਯਾਗ-ਕੁਰਖੇਤ੍ਰ-ਬਨਾਰਸ ਵਾਲੇ ਮਹਾਤਮ, ਤੀਰਥ ਰਟਣ-ਤੀਰਥ ਇਸ਼ਨਾਨ, ਦੇਵੀ ਦੇਵ ਪੂਜਾ, ਬ੍ਰਾਹਮਣਾਂ ਨੂੰ ਦਾਨ-ਪੁੰਨ-ਭੋਜਨ ਆਦਿ। ਭਿੰਨ ਭਿੰਨ ਕਰਮਾਂ ਦੇ ਫਲ ਤੇ ਉਪਾਅ, ਵਰ-ਸਰਾਪ, ਇਸ ਤਰ੍ਹਾਂ ਕਿਧਰੇ ਨਾ ਮੁੱਕਣ ਵਾਲਾ ਸਿਲਸਿਲਾ। ਉਪ੍ਰੰਤ ਜਦੋਂ ਗੁਰਮਤਿ ਨੇ ਇਸ ਸਾਰੇ ਵੇਰਵੇ ਦੀ ਜੜ੍ਹ ‘ਸੁਰਗ-ਨਰਕ’ ਦੀ ਹੋਂਦ ਨੂੰ ਹੀ ਪ੍ਰਵਾਣ ਨਹੀਂ ਕੀਤਾ ਤਾਂ ਬਾਕੀ ਵਿਸਤਾਰ ਨਾਲ ਗੁਰਮਤਿ ਜਾਂ ਗੁਰੂ ਕੀਆਂ ਸੰਗਤਾਂ ਦਾ ਕੀ ਲੈਣਾ-ਦੇਣਾ? ਭਾਵ ਕੁੱਝ ਵੀ ਨਹੀਂ।

ਅਜੋਕੇ ਸਿੱਖ ਤੇ ਅੰਤਮ ਸੰਸਕਾਰ- ਸੰਸਾਰ `ਚ ਜਿਸ ਨੇ ਵੀ ਆਉਣਾ ਹੈ, ਜੀਵਨ ਸਫ਼ਲ ਹੋਵੇ ਜਾਂ ਅਸਫ਼ਲ, ਸਰੀਰ ਤਿਆਗਣਾ ਸਾਰਿਆਂ ਨੇ ਹੈ। ਸਬੰਧਤ ਵਿਸ਼ੇ `ਤੇ ਤਾਂ ਇਸ ਤੋਂ ਵੱਡਾ ਦੁਖਾਂਤ ਇਹ ਹੈ ਕਿ ਬਚਪਣ ਤੋਂ ਲੈ ਕੇ ਅੱਜ ਤੀਕ ਜਦੋਂ ਵੀ ਕੋਈ ਸੱਜਣ, ਮਿਤ੍ਰ, ਸਨੇਹੀ ਚਲਾਣਾ ਕਰਦਾ ਹੈ ਤਾਂ ਸ਼੍ਰੋਮਣੀ ਕਮੇਟੀ ਤੋਂ ਲੈ ਕੇ ਹਰੇਕ ਪੱਧਰ `ਤੇ ਸੰਗਤਾਂ ਵਿਚਾਲੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਪ੍ਰਕਾਸ਼ ਕਰਕੇ ਵੀ, ਜੋ ਕਰਮ ਕੀਤੇ-ਪ੍ਰਚਾਰੇ ਜਾ ਰਹੇ ਹੁੰਦੇ ਹਨ; ਉਹ ਸਾਰੇ ਬ੍ਰਾਹਮਣੀ, ਵੈਦਿਕ ਤੇ ਗਰੁੜ ਪੁਰਾਣ ਆਧਾਰਤ ਹੀ ਹੁੰਦੇ ਹਨ। ਵਿਰਲੀਆਂ ਜਾਗਦੀਆਂ ਰੂਹਾਂ ਨੂੰ ਛੱਡ ਕੇ, ਇਸੇ ਦਾ ਨਤੀਜਾ ਅੱਜ ਸਿੱਖ ਜਗਤ ਦੀਆਂ ਰਗਾਂ `ਚ ਵੀ ਇਸ ਪੱਖੋਂ ਬ੍ਰਾਹਮਣੀ ਕਰਮ ਕਾਂਡ ਤੇ ਸੋਚ ਹੀ ਪ੍ਰਧਾਨ ਹੈ, ਗੁਰਬਾਣੀ ਸੋਚ ਨਹੀਂ। ਇਸੇ ਦਾ ਨਤੀਜਾ ਹੈ ਕਿ ਸਾਡੇ ਕੁੱਝ ਸੁਲਝੇ ਵਿਦਵਾਨ ਵੀ ਇਸ ਹੱਦ ਤੀਕ ਪੁੱਜ ਗਏ ਹਨ, ਕਹਿੰਦੇ ਹਨ ਕਿ ‘ਗੁਰਮਤਿ `ਤੇ ‘ਜਨਮ ਮਰਣ’ ਦਾ ਵਿਸ਼ਾ ਲਾਗੂ ਹੀ ਨਹੀਂ ਹੁੰਦਾ। ਜੇ ਕਰ ਅਜਿਹੇ ਵਿਦਵਾਨਾਂ ਦੀ ਲੇਖਣੀ ਜਾਂ ਵਿਚਾਰਾਂ ਦੀ ਤਹਿ ਤੀਕ ਜਾਵੋ ਤੇ ਗੱਲ ਉਥੇ ਵੀ ਉਹੀ ਨਿਕਲਦੀ ਹੈ। ਬਹੁਤਾ ਕਰਕੇ ਗੁਰਮਤਿ ਸਬੰਧੀ ‘ਜਨਮ-ਮਰਣ’ ਦੇ ਵਿਸ਼ੇ ਨੂੰ ਘੋਖਣ ਸਮੇਂ ਸਾਡੇ ਉਹ ਸੱਜਨ ਵੀ, ਬ੍ਰਾਹਮਣੀ ਵਿਚਾਰਧਾਰਾ ਤੋਂ ਅੱਡ ਹੋ ਕੇ ਨਹੀਂ, ਬਲਕਿ ਇਸ ਨੂੰ ‘ਬ੍ਰਾਹਮਣੀ ਤੇ ਗਰੁੜ ਪੁਰਾਣ ਦੇ ਚਸ਼ਮੇ ਨਾਲ ਹੀ ਦੇਖ ਰਹੇ ਹੁੰਦੇ ਹਨ।

ਘਟੋ ਘਟ ਜੇ ਕਰ ਸਾਡੇ ਇਹ ਸਤਿਕਾਜੋਗ ਸੱਜਨ, ਗੁਰਬਾਣੀ ਰਾਹੀਂ ‘ਜਨਮ ਮਰਣ’ ਦੇ ਸਿਧਾਂਤ ਨੂੰ ਕੇਵਲ ਤੇ ਕੇਵਲ ਗੁਰਬਾਣੀ `ਚ ਪ੍ਰਗਟਾਏ ‘ਸਫ਼ਲ ਤੇ ਅਸਫ਼ਲ’ ‘ਗੁਰਮੁਖ ਤੇ ਮਨਮੁਖ’, ‘ਵਡਭਾਗੀ ਤੇ ਭਾਗਹੀਨ’ ਪਖੋਂ ਹੀ ਦੇਖ ਲੈਣ ਤਾਂ ਮਸਲਾ ਹੱਲ ਹੋ ਸਕਦਾ ਹੈ। ਸਚਮੁਚ ਜੇਕਰ ਉਹਨਾਂ ਨੂੰ ਇਸ ਪੱਖੋਂ ਨਿਵੇਕਲਾ ਤੇ ਗੁਰਬਾਣੀ ਰਾਹੀਂ ਪ੍ਰਗਟ ‘ਜਨਮ ਮਰਣ’ ਵਾਲਾ ਗੁਰਮਤਿ ਸਿਧਾਂਤ ਸਪਸ਼ਟ ਹੋ ਜਾਵੇ ਤਾਂ ਪੰਥ ਨੂੰ ਇਸਦਾ ਵੱਡਾ ਲਾਭ ਹੋ ਸਕਦਾ ਹੈ। ਕਾਸ਼! ਜੇਕਰ ਅਜਿਹਾ ਹੋ ਜਾਵੇ ਤਾਂ ਪੰਥ ਇਸ ਪੱਖੋਂ ਬ੍ਰਾਹਮਣੀ ਸੋਚ ਤੋਂ ਪੂਰੀ ਤਰ੍ਹਾਂ ਆਜ਼ਾਦ ਹੋ ਜਾਇਗਾ। ਗੁਰਬਾਣੀ ਰਾਹੀਂ ਪ੍ਰਗਟ ਇਸ ਸਚਾਈ ਦੀ ਤਹਿ ਤੀਕ ਪਹੁੰਚਣ ਲਈ ਵੱਡਾ ਪਰਹੇਜ਼ ਇਕੋ ਹੈ, ‘ਗੁਰਬਾਣੀ ਅੰਮ੍ਰਿਤ ਦੇ ਕੜਾਹੇ ਨੂੰ ਬ੍ਰਾਹਮਣੀ ਵਿਚਾਰਧਾਰਾ ਦੀ ਬੂੰਦ ਤੋਂ ਵੀ ਬਚਾਉਣਾ; ਇਹ ਇਉਂ ਹੈ ਜਿਵੇਂ ਦੁਧ ਦੇ ਭਰੇ ਕੜਾਹੇ ਲਈ ਕਾਂਜੀ ਦੀ ਬੂੰਦ। ਇਸ ਦੇ ਉਲਟ ਜਦੋਂ ਇਸ ਪੱਖੋਂ ਸਾਡੇ ਅਜਿਹੇ ਵਿਦਵਾਨਾ ਵਲੋਂ ਇਸ ਸਬੰਧੀ, ਸਾਰੇ ਫ਼ੈਸਲੇ ਹੀ ਗੁਰਮਤਿ ਤੇ ਬ੍ਰਾਹਮਣੀ ਵਿਚਾਰਧਾਰਾ (ਗਰੁੜ ਪੁਰਾਣ) ਨੂੰ ਆਹਮਣੇ ਸਾਹਮਣੇ ਰੱਖ ਕੇ ਕੀਤੇ ਜਾ ਰਹੇ ਹੁੰਦੇ ਹਣ ਤਾਂ ਨਤੀਜੇ ਵੀ ਉਹੀ ਆਉਣਗੇ ਜੋ ਆ ਰਹੇ ਹਨ। ਧਿਆਨ ਰਹੇ! ਗੁਰੂ ਪਾਤਸ਼ਾਹ ਨੇ ਬ੍ਰਾਹਮਣ ਤੇ ਗਰੁੜ ਪੁਰਾਣ ਦੀ ਇਸ ਵਿਚਾਰਧਾਰਾ ਨੂੰ ਸੌ ਪ੍ਰਤੀਸ਼ਤ ਨਹੀਂ ਬਲਕਿ ਦੋ ਸੌ ਪ੍ਰਤੀਸ਼ਤ ਨਕਾਰਿਆ ਹੈ। ਇਸ ਲਈ ਗੁਰਮਤਿ ਪੱਖੋਂ ਜਨਮ-ਮਰਣ ਦੇ ਵਿਸ਼ੇ ਨੂੰ ਸਮਝਣ ਤੇ ਵਿਚਾਰਣ ਲਈ, ਆਧਾਰ ਨਿਰੋਲ ਗੁਰਬਾਣੀ ਹੋਣਾ ਹੈ, ਕੋਈ ਵੀ ਦੂਜਾ ਨਹੀਂ।

ਗੁਰਬਾਣੀ `ਚ ‘ਸੁਰਗ ਨਰਕ’ ਨਾਲ ਸਬੰਧਤ ਸ਼ਬਦਾਵਲੀ-ਕੇਵਲ ‘ਸੁਰਗ ਨਰਕ’ ਹੀ ਨਹੀਂ ਬਲਕਿ ਇਸ ਨਾਲ ਸਬੰਧਤ ਸੰਪੂਰਣ ਬ੍ਰਾਹਮਣੀ ਸ਼ਬਦਾਵਲੀ ਗੁਰਬਾਣੀ `ਚ ਬਹੁਤ ਵਾਰੀ ਆਈ ਹੈ। ਸਮਝਣ ਦਾ ਵਿਸ਼ਾ ਹੈ ਕਿ ਗੁਰਬਾਣੀ `ਚ ਇਹ ਸ਼ਬਦਾਵਲੀ ਕੇਵਲ ਬ੍ਰਾਹਮਣੀ ਅਰਥਾਂ `ਚ ਨਹੀਂ ਬਲਕਿ ਮੋਟੇ ਤੌਰ `ਤੇ, ਚਾਰ ਭਿੰਨ ਭਿੰਨ ਅਰਥਾਂ `ਚ ਆਈ ਹੈ। ਪਹਿਲਾ, ਨਿਰੋਲ ਬ੍ਰਾਹਮਣੀ ਅਰਥਾਂ `ਚ ਜਿਥੇ ਗੁਰਮਤਿ ਨੇ ਇਹਨਾ ਦੀ ਹੋਂਦ ਨਕਾਰਿਆ ਤੇ ਖੰਡਣ ਕੀਤਾ ਹੈ। ਦੂਜਾ, ‘ਉਸ਼ਟ ਲਸ਼ਟਿਕਾ ਪ੍ਰਮਾਣ’ ਵਜੋਂ, ਭਾਵ ਜਿਨ੍ਹਾਂ ਦੀ ਸ਼ਬਦਾਵਲੀ ਹੈ, ਉਹਨਾਂ ਦੀ ਹੀ ਬੋਲੀ `ਚ ਗੁਰਮਤਿ ਦੇ ਸੱਚ ਨੂੰ ਸਮਝਾਉਣ ਲਈ। ਤੀਜਾ, ਰੂਪਕ ਅਲੰਕਾਰ ਵਜੋਂ ਭਾਵ ਸ਼ਬਦਾਵਲੀ ਦੂਜੇ ਦੀ, ਪਰ ਬਦਲਵੇਂ ਗੁਰਮਤਿ ਅਰਥਾਂ `ਚ। ਚੌਥਾ, ਸ਼ਬਦਾਵਲੀ ਉਹੀ; ਪਰ ਅਰਥ ਨਵੇਂ ਤੇ ਬਦਲਵੇਂ ਗੁਰਮਤਿ ਦੇ। ਇਸ ਤਰ੍ਹਾਂ ਹੱਥਲੇ ਗੁਰਮਤਿ ਪਾਠ `ਚ ਵੀ ਲਫ਼ਜ਼ ‘ਨਰਕ’ ਤਾਂ ਬ੍ਰਾਹਮਣੀ, ਵੈਦਿਕ, ਗਰੁੜ ਪੁਰਾਣ ਵਾਲਾ ਹੀ ਹੈ, ਉਸੇ ਨੂੰ ਗੁਰਬਾਣੀ ਰਾਹੀਂ ਗੁਰਮਤਿ ਪਖੋਂ ਸਪਸ਼ਟ ਕੀਤੇ ਅਰਥ `ਚ ਲਿਆ ਹੈ।

ਗੁਰਮਤਿ ਅਨੁਸਾਰਨਰਕਕੀ ਹੈ? - ਗੁਰਮਤਿ ਰਾਹੀਂ ਦਰਸਾਇਆ ‘ਨਰਕ’, ਬ੍ਰਾਹਮਣੀ ‘ਨਰਕ’ ਵਾਂਙ ਅਣਡਿੱਠਾ ਤੇ ਛੁਪਾ-ਗੁੱਝਾ ਨਰਕ ਨਹੀਂ। ਮਨੁੱਖ ਦਾ, ਆਪਣੇ ਅਸਲੇ ਪ੍ਰਭੂ ਤੋਂ ਨਿਖੜੇ ਰਹਿ ਕੇ ਬਾਰ-ਬਾਰ ਇੱਕ ਤੋਂ ਬਾਅਦ ਦੂਜੇ ਗਰਭ `ਚ ਪ੍ਰਵੇਸ਼ ਤੇ ਭਿੰਨ ਭਿੰਨ ਜੂਨਾਂ `ਚ ਭਟਕਣਾ, ਇਹੀ ਹੈ ਗੁਰਮਤਿ ਅਨੁਸਾਰ, ਜੀਵ ਲਈ ਨਰਕ ਦਾ ਭੋਗਣਾ। ਇਸ ਤਰ੍ਹਾਂ ਮਨੁੱਖਾ ਜੂਨੀ ਸਮੇਤ, ਸਾਡੇ ਆਸ ਪਾਸ ਕਰੋੜਾਂ ਜੂਨੀਆਂ `ਚ ਵਿਚਰ ਰਹੇ ਜੀਵ, ਗੁਰਬਾਣੀ ਰਾਹੀਂ ਬਿਆਨੇ ਨਰਕ ਦੀ ਹੀ ਪ੍ਰਤਖ ਤਸਵੀਰ ਹਨ। ਇਹ ਸਾਰੀਆਂ ਜੂਨੀਆਂ ਕੋਈ ਹੋਰ ਨਹੀਂ ਬਲਕਿ ਮਨੁੱਖਾ ਜਨਮ ਸਮੇਂ ਹਉਮੈ ਅਧੀਨ ਕੀਤੇ ਚੰਗੇ-ਮਾੜੇ ਕਰਮਾ ਨੂੰ ਮਨੁੱਖ ਹੀ ਭੋਗ ਰਿਹਾ ਹੈ। ਜੀਵ, ਜਦੋਂ ਪ੍ਰਭੂ ਦੀ ਖਾਸ ਬਖਸ਼ਿਸ਼, ਦੁੱਲਭ ਮਨੁੱਖਾ ਜੂਨੀ ਸਮੇਂ “ਬਾਵਰੇ, ਤੈ ਗਿਆਨ ਬੀਚਾਰੁ ਨ ਪਾਇਆ॥ ਬਿਰਥਾ ਜਨਮੁ ਗਵਾਇਆ” (ਪੰ: ੭੯੩) ਅਨੁਸਾਰ ਪ੍ਰਭੂ ਤੋਂ ਨਿਖੜਿਆ ਰਹਿ ਕੇ ਜੀਵਨ ਬਿਰਥਾ ਕਰ ਦੇਂਦਾ ਹੈ ਤਾਂ ਇਸ ਨੂੰ ਭੁਗਤਾਈ ਜਾ ਚੁੱਕੀ ਮਨੁੱਖਾ ਜੂਨੀ ਦੇ ਆਧਾਰ `ਤੇ ਹੀ, ਮੁੜ ਮਨੁੱਖਾ ਜੂਨੀ ਸਮੇਤ, ਭਿੰਨ ਭਿੰਨ ਜੂਨੀਆਂ ਭੋਗਣੀਆਂ ਪੈਂਦੀਆਂ ਹਨ। ਫ਼ਿਰ ਵੀ ਇਹ ਵਿਸ਼ਾ ਅਸੀਂ ਖਾਸ ਤੌਰ `ਤੇ ਗੁ: ਪਾਠ ੮੧ “ਸਰੀਰਾਂ ਵਾਲੀ ਖੇਡ ਤੇ ਦੁਖ-ਸੁਖ” ਅਤੇ ਗੁਰਮਤਿ ਪਾਠ ੧੭੦ “ਨਾਂਗਾ ਆਇਆ ਨਾਂਗੋ ਜਾਸੀ (ਪੰ: 380) “ `ਚ ਲੈ ਚੁੱਕੇ ਹਾਂ।

ਗੁਰਬਾਣੀ `ਚ ਜੀਵ ਲਈ ਇਸੇ ‘ਨਰਕ’ ਨੂੰ ਕਈ ਥਾਵੇਂ ਜੀਵ ਦੀ, ਜੀਵਨ ਰੂਪੀ ਰਾਤ ਵੀ ਕਿਹਾ ਹੈ ਭਾਵ ਜੀਵ ਦਾ ਆਪਣੇ ਅਸਲੇ ਪ੍ਰਭੂ ਤੋਂ ਨਿਖੜੇ ਰਹਿਣ ਦਾ ਸਮਾਂ। ਇਸੇ ਨੂੰ ਹੀ ਜੀਵ ਇਸਤ੍ਰੀ ਦਾ ‘ਪੇਕਾ-ਸੋਹਰਾ’ ਘਰ ਕਹਿ ਕੇ ਵੀ, ਗੁਰਮਤਿ ਦੇ ਸੱਚ ਨੂੰ ਪ੍ਰਗਟ ਕੀਤਾ ਹੈ। ਗੁਰਬਾਣੀ `ਚ ਹੀ ਕੁੱਝ ਥਾਵੇਂ ਇਸੇ ਦੇ ਉਲਟ ਗਰਭ ਅਵਸਥਾ ਨੂੰ ਜੀਵ ਦਾ ਪੇਕਾ ਘਰ ਤੇ ਪ੍ਰਭੂ ਤੋਂ ਲਿਵ ਛੁਟੱਣ ਬਾਅਦ ਸੰਸਾਰਕ ਮੋਹ-ਮਾਇਆ `ਚ ਖੱਚਤ ਹੋਣ ਨੂੰ ਜੀਵ ਦਾ ਸੋਹਰਾ ਘਰ ਵੀ ਕਿਹਾ ਹੈ। ਫ਼ਿਰ ਵੀ “ਈਹਾਂ ਦੁਖੁ ਆਗੈ ਨਰਕੁ ਭੁੰਚੈ ਬਹੁ ਜੋਨੀ ਭਰਮਾਵੈ (ਪੰ: ੧੨੨੪) ਅਨੁਸਾਰ, ਜੀਵ ਦਾ ਇਸ ਤਰ੍ਹਾਂ ਬਾਰ ਬਾਰ ਹਰੇਕ ਜੂਨੀ ਸਮੇਂ ਭਿੰਨ ਭਿੰਨ ਸਰੀਰਾਂ ਲਈ ਗਰਭ ਦੀ ਅੱਗ `ਚ ਸੜਣਾ, ਭਿੰਨ ਭਿੰਨ ਸਰੀਰਾਂ ਰਸਤੇ ਦੁਖ-ਸੁਖ-ਪ੍ਰੇਸ਼ਾਨੀਆਂ, ਬਾਰ ਬਾਰ ਦੇ ‘ਜਨਮ’ ਤੇ ਬਾਰ ਬਾਰ ਸਰੀਰਾਂ ਦੇ ਵਿਨਾਸ (ਮਰਣ), ਇਹੀ ਹੈ ਗੁਰਮਤਿ ਅਨੁਸਾਰ ਜੀਵ ਰਾਹੀਂ ਨਰਕ ਦਾ ਭੋਗਣਾ।

ਬੇਸ਼ਕ ਮਨੁੱਖਾ ਜਨਮ ਸਮੇਂ, ਜਦੋਂ ਮਨੁੱਖਾ ਸਰੀਰ `ਚ ਹੁੰਦਾ ਹੋਇਆ ਵੀ ਜੀਵ ਸੁਭਾਅ ਤੇ ਰਹਿਣੀ ਕਰਕੇ ਭਿੰਨ ਭਿੰਨ ਜੂਨੀਆਂ ਹੀ ਭੁਗਤਾਅ ਰਿਹਾ ਹੁੰਦਾ ਹੈ। ਪਰ ਗੁਰਮਤਿ ਅਨੁਸਾਰ ਉਹ ਵੱਖਰਾ ਵਿਸ਼ਾ ਹੈ ਤੇ ਹੱਥਲੇ ਪਾਠ ਨਾਲ ਉਸ ਦਾ ਸਬੰਧ ਨਹੀਂ। ਇਸੇ ਤਰ੍ਹਾਂ ਲਫ਼ਜ਼ ‘ਨਰਕ’, ਗੁਰਬਾਣੀ ਆਧਾਰ `ਤੇ, ਗੁਰਬਾਣੀ `ਚ ਹੀ ਕੁੱਝ ਹੋਰ ਅਰਥਾਂ `ਚ ਵੀ ਆਇਆ ਹੈ ਪਰ ਇਥੇ ਉਨਾਂ ਦੀ ਲੋੜ ਨਹੀਂ। ਫ਼ਿਰ ਵੀ ਗੁਰਬਾਣੀ ਅਨੁਸਾਰ ‘ਨਰਕ’ ਦਾ ਮੁੱਖ ਰੂਪ ਇਕੋ ਹੀ ਹੈ, ਮਨੁੱਖਾ ਜੂਨ `ਚ ਹੁੰਦਾ ਹੋਇਆ ਵੀ ਜੀਵ ਜਦੋਂ ਪ੍ਰਭੂ ਤੋਂ ਨਿਖੜਿਆ ਰਹਿ ਕੇ, ਹਉਮੈ ਅਧੀਨ ਜਨਮ ਬਤੀਤ ਕਰਦਾ ਹੈ ਤੇ ਇਸੇ ਤੋਂ ਸਾਡੇ ਆਸ ਪਾਸ ਬੇਅੰਤ ਜੂਨਾਂ ਦੇ ਰੂਪ `ਚ ਵਿਚਰ ਰਿਹਾ ਵੀ ਉਹੀ ਮਨੁੱਖ ਹੈ।

ਅਨਿਕ ਜੋਨਿ ਸੰਕਟ ਨਰਕ ਭੁੰਚਤ” -ਗੁਰਬਾਣੀ ਨੇ ਜਿਸ ਨੂੰ ਜੀਵ ਲਈ ਨਰਕ ਕਹਿ ਕੇ ਪ੍ਰਗਟ ਕੀਤਾ, ਇਸ ਨੂੰ ਸਮਝਾਉਣ ਲਈ ਗੁਰਬਾਣੀ `ਚ ਹੀ ਅਨੇਕਾਂ ਥਾਵੇਂ ਵਿਆਖਿਆ ਵੀ ਮੌਜੂਦ ਹੈ ਜਿਵੇਂ “ਸੂਕਰ ਕੂਕਰ ਜੋਨਿ ਭ੍ਰਮੇ, ਤਊ ਲਾਜ ਨ ਆਈ॥ ਰਾਮ ਨਾਮ ਛਾਡਿ ਅੰਮ੍ਰਿਤ, ਕਾਹੇ ਬਿਖੁ ਖਾਈ” (ਪੰ: ੬੯੨) ਕਬੀਰ ਜੀ ਤਾੜਣਾ ਕਰਦੇ ਹਨ, ਐ ਭਾਈ! ਤੇਰਾ ਮਨੁੱਖਾ ਜੂਨ `ਚ ਹੋਣਾ ਸਾਬਤ ਕਰਦਾ ਹੈ ਕਿ ਇਸ ਤੋਂ ਪਹਿਲਾਂ ਵੀ ਤੂੰ ‘ਸੂਰ, ਕਾਂ’ ਆਦਿ ਭਿੰਨ ਭਿਨੰ ਜੂਨੀਆਂ ਭੋਗ ਚੁੱਕਾ ਹੈਂ। ਅੱਜ ਤਾਂ ਤੇਰੇ ਕੋਲ ਫ਼ਿਰ ਤੋਂ ਮਨੁੱਖਾ ਜੂਨੀ ਹੈ ਤਾਂ ਵੀ ਤੈਨੂੰ ਲਾਜ ਨਹੀਂ ਆਈ ਕਿ “ਰਾਮ ਨਾਮ ਛਾਡਿ” ਬਿਖਿਆ ਹੀ ਖਾ ਰਿਹਾਂ ਹੈ। ਧਿਆਣ ਰਹੇ ਇਥੇ “ਜੋਨਿ ਭ੍ਰਮੇ” ਭਾਵ ਉਹ ਜੂਨੀਆਂ ਜੋ ਭੁਗਤ ਚੁੱਕੀਆਂ ਹਨ। ਇਸੇ ਤਰ੍ਹਾਂ “ਚਾਰਿ ਪਾਵ, ਦੁਇ ਸਿੰਗ, ਗੁੰਗ ਮੁਖ, ਤਬ ਕੈਸੇ ਗੁਨ ਗਈ ਹੈ” ਵਾਲੇ ਸ਼ਬਦ `ਚ ਸਰੀਰ ਬਿਨਸਨ ਤੋਂ ਬਾਅਦ ਬੈਲ ਆਦਿ ਜੂਨਾਂ `ਚ ਪੈਣ ਦੀ ਗੱਲ ਹੈ। ਸ਼ਬਦ ਦੇ ਅੰਤ `ਚ “. . ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ. . ਕਹਤ ਕਬੀਰ ਰਾਮ ਨਾਮ ਬਿਨੁ, ਮੂੰਡ ਧੁਨੇ ਪਛੁਤਈ ਹੈ” (ਪੰ: ੫੨੪) ਇਸੇ ਤਰ੍ਹਾਂ “ਚਾਤ੍ਰਿਕੁ ਜਲ ਬਿਨੁ ਪ੍ਰਿਉ ਪ੍ਰਿਉ ਟੇਰੈ ਬਿਲਪ ਕਰੈ ਬਿਲਲਾਈ॥ ਘਨਹਰ ਘੋਰ ਦਸੌ ਦਿਸਿ ਬਰਸੈ ਬਿਨੁ ਜਲ ਪਿਆਸ ਨ ਜਾਈ॥   ॥ ਮੀਨ ਨਿਵਾਸ ਉਪਜੈ ਜਲ ਹੀ ਤੇ ਸੁਖ ਦੁਖ ਪੁਰਬਿ ਕਮਾਈ॥ ਖਿਨੁ ਤਿਲੁ ਰਹਿ ਨ ਸਕੈ ਪਲੁ ਜਲ ਬਿਨੁ ਮਰਨੁ ਜੀਵਨੁ ਤਿਸੁ ਤਾਂਈ” (ਪੰ: ੧੨੭੩) ਇਥੇ ਵੀ “ਸੁਖ ਦੁਖ ਪੁਰਬਿ ਕਮਾਈ” ਭਾਵ ਇਹ ਸਾਰੇ ਸੁਖ ਦੁਖ ਉਸੇ ਕਰਕੇ ਕਿ ਜੋ ਕਮਾਈ ਮਨੁੱਖਾ ਜਨਮ ਸਮੇਂ ਕੀਤੀ ਅਦਿ ਗੁਰਬਣੀ `ਚੋਂ ਅਨੇਕਾਂ ਹੋਰ ਪ੍ਰਮਾਣ।

“ਅੰਮ੍ਰਿਤ ਨਾਮੁ ਬਿਰਲੈ ਹੀ ਚੀਨੇ” - ਇਸ `ਚ ਸ਼ੱਕ ਨਹੀਂ, ਗੁਰਬਾਣੀ ਅਨੁਸਾਰ ਹਰੇਕ ਮਨੁੱਖ ਨੂੰ ਹੱਕ ਹੈ ਜਨਮ ਸਕਾਰਥਾ ਕਰਣ ਦਾ, ਜਨਮ ਨੂੰ ਸਚਿਆਰਾ ਬਨਾਉਣ ਦਾ, ਕੂੜ ਦੀ ਪਾਲ ਨੂੰ ਤੋੜਣ ਦਾ। “ੴ ਤੋਂ ਲੈ ਕੇ “ਤਨੁ ਮਨੁ ਥੀਵੈ ਹਰਿਆ” ਤੀਕ ਸੰਪੂਰਣ ਗੁਰਬਾਣੀ ਬਿਨਾ ਵਿਤਕਰਾ ਰੰਗ, ਨਸਲ, ਲਿੰਗ, ਦੇਸ਼, ਧਰਮ, ਉਮਰ ਹਰੇਕ ਮਨੁੱਖ ਨੂੰ ਇਸੇ ਸਫ਼ਲ ਜੀਵਨ ਲਈ ਹੀ ਸੱਦਾ ਦੇ ਰਹੀ ਹੈ। ਇਸਦੇ ਬਾਵਜੂਦ ਗੁਰਬਾਣੀ ਦਾ ਹੀ ਨਿਰਣਾ ਹੈ ਕਿ ਚਾਹੇ ਪ੍ਰਭੂ ਵਲੋਂ ਹਰੇਕ ਨੂੰ ਮਨੁੱਖਾ ਜਨਮ, ਇਸੇ ਮਕਸਦ ਦੀ ਪ੍ਰਾਪਤੀ ਲਈ ਮਿਲਦਾ ਹੈ। ਫ਼ਿਰ ਵੀ, “ਗੁਰਮੁਖਿ ਵਿਰਲੈ ਜਾਤਾ” (ਪੰ: ੬੮) ਭਾਵ ਵਿਰਲੇ ਹੁੰਦੇ ਹਨ ਜੋ ਜਨਮ ਸਫ਼ਲ ਕਰਦੇ ਹਨ-ਗੁਰਬਾਣੀ ਦੀ ਕਮਾਈ ਰਾਹੀਂ ਜਨਮ ਦੀ ਇਸ ਸਚਾਈ ਨੂੰ ਪਹਿਚਾਣਦੇ ਹਨ। ਇਸੇ ਤਰ੍ਹਾਂ “ਹਰਿ ਕਾ ਨਾਮੁ ਕਿਨੈ ਵਿਰਲੈ ਜਾਤਾ॥ ਪੂਰੇ ਗੁਰ ਕੈ ਸਬਦਿ ਪਛਾਤਾ” (ਪੰ: ੧੨੭) ਭਾਵ ਮਨੁੱਖਾ ਜਨਮ ਪਾ ਕੇ ਜੋ ਸ਼ਬਦ ਗੁਰੂ ਦੀ ਕਮਾਈ ਕਰਕੇ ਵਡਭਾਗੀ ਬਣਦੇ ਹਨ, ਵਿਰਲੇ ਹੀ ਹੁੰਦੇ ਹਨ, ਬਹੁਤੇ ਨਹੀਂ। ਇਸੇ ਤਰ੍ਹਾਂ “ਆਗਿਆ ਦੂਖ ਸੂਖ ਸਭਿ ਕੀਨੇ॥ ਅੰਮ੍ਰਿਤ ਨਾਮੁ ਬਿਰਲੈ ਹੀ ਚੀਨੇ” (ਪੰ: ੧੦੮੬)। ਇਥੇ ਤਾਂ ਗੁਰਦੇਵ ਹੋਰ ਵੀ ਸਪਸ਼ਟ ਕਰ ਰਹੇ ਹਨ ਕਿ ਗੁਰਬਾਣੀ ਅੰ੍ਰਿਮਤ ਦਾ ਲਾਭ ਵਿਰਲੇ ਲੈਂਦੇ ਹਨ ਜਦਕਿ ਇਸ ਤੋਂ ਖੁੰਜ ਕੇ ਪ੍ਰਭੂ ਦੇ ਸੱਚੇ ਨਿਆਂ (ਆਗਿਆ) `ਚ ਹੀ ਜਨਮਾਂ ਦੇ ਦੁਖ-ਸੁਖ ਸਹਿੰਦੇ ਰਹਿੰਦੇ ਹਨ। ਕਿਉਂਕਿ ਮਨੁੱਖਾ ਜਨਮ ਨੂੰ ਅਸਫ਼ਲ ਕਰਕੇ, ਬਿਰਥਾ ਕਰਕੇ, ਡੁਬੋ ਕੇ ਜਾਣ ਵਾਲੇ “ਤਨੁ ਜਲਿ ਬਲਿ ਮਾਟੀ ਭਇਆ, ਮਨੁ ਮਾਇਆ ਮੋਹਿ ਮਨੂਰੁ॥ ਅਉਗਣ ਫਿਰਿ ਲਾਗੂ ਭਏ, ਕੂਰਿ ਵਜਾਵੈ ਤੂਰੁ॥ ਬਿਨੁ ਸਬਦੈ ਭਰਮਾਈਐ ਦੁਬਿਧਾ ਡੋਬੇ ਪੂਰੁ” (ਪੰ: ੧੯) ਭਾਵ ਵਿਰਲੇ ਸੰਭਲਦੇ ਹਨ ਜਦਕਿ ਪੂਰਾਂ ਦੇ ਪੂਰ ਤਾਂ ਡੁਬਦੇ ਹਨ, ਸਫ਼ਲ ਨਹੀਂ ਹੁੰਦੇ। ਸਪਸ਼ਟ ਹੈ ‘ਸਫ਼ਲ’ ਰਹੇ ਜਾਂ ‘ਅਸਫ਼ਲ’ ਪ੍ਰਕਰਣ ਅਨੁਸਾਰ, ਸਾਰਿਆਂ ਕੋਲ ਹੈ ਤਾਂ ਮਨੁੱਖਾ ਜੂਨੀ ਹੀ ਸੀ। ਫ਼ਿਰ ਸਫ਼ਲ-ਅਸਫ਼ਲ ਦਾ ਗੁਰਬਾਣੀ ਆਧਾਰ `ਤੇ ਜੋ ਅਨੁਪਾਤ ਉਭਰਿਆ, “ਸਫ਼ਲ ਹੋਣ ਵਾਲੇ ‘ਵਿਰਲੇ’ ਅਤੇ ਜਨਮ ਬਿਰਥਾ ਕਰਣ ਵਾਲੇ “ਪੂਰਾਂ ਦੇ ਪੂਰ” ਹੁੰਦੇ ਹਨ।

“ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ” - ਗੁਰਬਾਣੀ ਨੇ ਮਨੁੱਖਾ ਜਨਮ ਦੇ ਮਕਸਦ ਦੀ ਪ੍ਰਾਪਤੀ ਲਈ, ਕੇਵਲ ਕਿਹਾ ਨਹੀਂ ਬਲਕਿ ਗਾਡੀ ਰਾਹ ਵੀ ਦਰਸਾਇਆ ਹੈ “ਹੁਕਮਿ ਰਜਾਈ ਚਲਣਾ”। ਉਪ੍ਰੰਤ ਰਜ਼ਾ ਦੇ ਮਾਲਿਕ ਅਕਾਲਪੁਰਖ ਦੇ ਹੁਕਮ `ਚ ਚਲਿਆ ਕਿਵੇਂ ਜਾਵੇ? ਜੀਵਨ ਦੀ ਕਮਾਈ ਕੀਤੀ ਕਿਵੇਂ ਜਾਵੇ? ਪਹਿਲਾਂ ਅਠੱਤੀ ਪਉੜੀਆਂ ਬਾਣੀ ‘ਜਪੁ’, ਫ਼ਿਰ ਉਸੇ ਦੀ ਵਿਆਖਿਆ `ਚ “ਤਨੁ ਮਨੁ ਥੀਵੈ ਹਰਿਆ” ਤੀਕ ਸੰਪੁਰਣ ਗੁਰਬਾਣੀ ਹੀ ਮਨੁੱਖਾ ਜਨਮ ਦੀ ਸਫ਼ਲਤਾ ਲਈ ਪ੍ਰੇਰਣਾ ਹੈ। ਗੁਰਬਾਣੀ `ਚ ਹਜ਼ਾਰਾਂ ਵਾਰੀ ਚੇਤਾਵਣੀ ਹੈ ਕਿ ਮਨੁੱਖਾ ਜਨਮ ਪਾ ਕੇ, ਮਨੁੱਖ ਇਸ ਜਨਮ ਨੂੰ ਜ਼ਾਇਆ ਨਾ ਕਰੇ। ਇਹ ਵੀ ਕਿਹਾ ਹੈ, ਮਨੁੱਖਾ ਜਨਮ ਪ੍ਰਭੂ ਦੀ ਵਿਸ਼ੇਸ਼ ਬਖਸ਼ਿਸ਼ ਹੈ। ਇਸ ਲਈ, ਇਸ ਨੂੰ ਆਤਮਿਕ ਉਚਾਈਆਂ ਵੱਲ ਲਿਜਾ ਕੇ ‘ਸਚਿਆਰੇ’ ਦੀ ਅਵਸਥਾ ਪ੍ਰਾਪਤ ਕਰਣੀ ਹੈ, ਤਾ ਕਿ ਮਨੁੱਖ ਨੂੰ ਮੁੜ ‘ਜਨਮਾਂ ਦੇ ਗੇੜ’ `ਚ ਨਾ ਪੈਣਾ ਪਵੇ। ‘ਜਨਮ ਮਰਣ ਦੇ ਉਸੇ ਗੇੜ’ `ਚ, ਜਿਸ `ਚ “ਨਾਂਗਾ ਆਇਆ ਨਾਂਗੋ ਜਾਸੀ, ਜਿਉ ਹਸਤੀ ਖਾਕੁ ਛਾਨੈ” (ਪੰ: ੩੮੦) ਭਾਵ ਮਨੁੱਖ ਨੇ ਇਸ ਤੋਂ ਪਹਿਲੇ ਪ੍ਰਾਪਤ ਮਨੁੱਖਾ ਜਨਮ ਸਮੇਂ ਵੀ ਸੰਭਾਲ ਨਾ ਕੀਤੀ। ਜਿਸ ਤੋਂ ਇਸਦਾ ਜਨਮ ਬਿਰਥਾ ਗਿਆ ਤੇ ਇਸ ਨੂੰ ਜੂਨਾਂ ਦੇ ਗੇੜ `ਚ ਪੈਣਾ ਪਿਆ। ਉਸੇ ਤਰ੍ਹਾਂ ਮਨੁੱਖ, ਜੇ ਕਰ ਫ਼ਿਰ ਤੋਂ ਜਨਮ ਨੂੰ ਵੀ ਜ਼ਾਇਆ ਕਰੇਗਾ ਤਾਂ ਇਸ ਨੂੰ ਮੁੜ ਜੂਨਾਂ `ਚ ਹੀ ਪੈਣਾ ਪਵੇਗਾ। ਠੀਕ ਉਸੇ ਤਰ੍ਹਾਂ ਜਿਵੇਂ ਹਾਥੀ ਨਦੀ `ਚ ਸਨਾਨ ਕਰਕੇ ਵੀ ਮਿੱਟੀ `ਚ ਹੀ ਲੋਟ-ਪੋਟ ਹੁੰਦਾ ਹੈ। ਗੁਰਬਾਣੀ ਅਨੁਸਾਰ ਜੀਵ ਲਈ ਇਹੀ ਹੈ ‘ਨਰਕ’ ਭਾਵ ਭਿੰਨ ਭਿੰਨ ਜੂਨਾਂ ਤੇ ਬਾਰ ਬਾਰ ਗਰਭ `ਚ ਆਉਣਾ। ਪ੍ਰਭੂ ਤੋਂ ਨਿਖੜੇ ਰਹਿ ਕੇ ਬਾਰ ਬਾਰ ਜਨਮ-ਮਰਣ ਦੇ ਗੇੜ `ਚ ਫ਼ਸੇ ਰਹਿਣਾ।

“ਗੁਰਿ ਤੁਠੈ ਹਰਿ ਚੇਤਾਇਆ” -ਗੁਰਬਾਣੀ `ਚ ਬਾਰ ਬਾਰ ਸਪਸ਼ਟ ਕੀਤਾ ਹੈ ਕਿ ‘ਸਚਿਆਰੇ’ ਅਥਵਾ ‘ਵਡਭਾਗੀ’ ਅਵਸਥਾ ਨੂੰ ਪ੍ਰਾਪਤ ਕਰਣ ਲਈ “ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ॥ ਸਤਿਗੁਰ ਵਿਚਿ ਆਪੁ ਰਖਿਓਨੁ….” (ਪੰ: ੪੬੬) ਭਾਵ ਜੀਵਨ ਦੀ ਇਸ ਉੱਤਮ ਗੁਰਮੁਖੀ ਅਵਸਥਾ ਨੂੰ ਗੁਰਬਾਣੀ-ਗੁਰੂ ਦੀ ਅਗਿਆ `ਚ ਚਲੇ ਬਿਨਾ ਪ੍ਰਾਉਣਾ ਸੰਭਵ ਨਹੀਂ। ਉਪ੍ਰੰਤ ਇਤਨਾ ਹੀ ਨਹੀਂ ਗੁਰਬਾਣੀ `ਚ ਇਸ ਵਿਸ਼ੇ ਨੂੰ ਵੀ ਅਨੇਕਾਂ ਵਾਰੀ ਪੱਕਾ ਕੀਤਾ ਹੈ ਕਿ ਅਜਿਹੇ ਸਤਿਗੁਰੂ ਦੀ ਪ੍ਰਾਪਤੀ ਲਈ “. . ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ, ਬੁਝਹੁ ਸਬਦ ਵੀਚਾਰਿ॥ ਮਨਿ ਹਰਿ ਹਰਿ ਨਾਮੁ ਧਿਆਇਆ, ਬਿਖੁ ਹਉਮੈ ਕਢੀ ਮਾਰਿ” (ਪੰ: ੧੩੧੪) ਇਸਦੇ ਉਲਟ “ਜਿਨ ਹਰਿ ਹਰਿ ਨਾਮੁ ਨ ਚੇਤਿਓ, ਤਿਨ ਜੂਐ ਜਨਮੁ ਸਭੁ ਹਾਰਿ” (ਉਹੀ) ਉਪ੍ਰੰਤ “ਗੁਰਿ ਤੁਠੈ ਹਰਿ ਚੇਤਾਇਆ, ਹਰਿ ਨਾਮਾ ਹਰਿ ਉਰ ਧਾਰਿ॥ ਜਨ, ਨਾਨਕ ਤੇ ਮੁਖ ਉਜਲੇ, ਤਿਤੁ ਸਚੈ ਦਰਬਾਰਿ” (ਉਹੀ)। ਇਸ ਤਰ੍ਹਾਂ ਪ੍ਰਾਪਤ ਮਨੁੱਖਾ ਜਨਮ ਨੂੰ ਗੁਆਉਣ, ਬਿਰਥਾ ਕਰਣ ਜਾਂ ਹਾਰ ਜਾਣ ਦਾ ਗੁਰਬਾਣੀ `ਚ ਇਕੋ ਹੀ ਅਰਥ ਹੈ ਫ਼ਿਰ ਤੋਂ ਜਨਮ ਮਰਣ ਦੇ ਗੇੜ `ਚ ਪੈਣਾ।

ਇਥੇ ਹੀ ਬਸ ਨਹੀਂ, ਗੁਰਬਾਣੀ `ਚ ਪੱਕਾ ਕੀਤਾ ਹੈ ਕਿ ਜੀਵਨ `ਚ ‘ਗੁਰਬਾਣੀ-ਗੁਰੂ’ ਦਾ ਵਾਸਾ ਅਕਾਲਪੁਰਖ ਦੀ ਬਖਸ਼ਿਸ਼ ਬਿਨਾ ਸੰਭਵ ਨਹੀਂ। ਇਥੇ ਤਾਂ “ਗੁਰਿ ਤੁਠੈ ਹਰਿ ਚੇਤਾਇਆ, ਹਰਿ ਨਾਮਾ ਹਰਿ ਉਰ ਧਾਰਿ” (ਉਹੀ) ਜਾਂ “ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ” ਨਹੀਂ ਤਾਂ “ਏਹੁ ਜੀਉ ਬਹੁਤੇ ਜਨਮ ਭਰੰਮਿਆ, ਤਾ ਸਤਿਗੁਰਿ ਸਬਦੁ ਸੁਣਾਇਆ” ਕਿਉਂਕਿ “ਸਤਿਗੁਰ ਜੇਵਡੁ ਦਾਤਾ ਕੋ ਨਹੀਂ, ਸਭਿ ਸੁਣਿਅਹੁ ਲੋਕ ਸਬਾਇਆ” (ਪੰ: ੪੬੫)।

ਇਸ ਲਈ ਅਜਿਹਾ ਸੋਚਣਾ ਜਾਂ ਕਹਿਣਾ ਗ਼ਲਤ ਹੈ ਕਿ ਗੁਰਮਤਿ `ਤੇ ‘ਜਨਮ ਮਰਣ’ ਦਾ ਸਿਧਾਂਤ ਲਾਗੂ ਨਹੀਂ ਹੁੰਦਾ। ਇਹ ਵੱਖਰੀ ਗੱਲ ਹੈ, ਗੁਰਮਤਿ ਅਨੁਸਾਰ ਨਾ ਉਹ ‘ਨਰਕ’ ਹੈ ਤੇ ਨਾ ‘ਸੁਰਗ’, ਜਿਸ ਨੂੰ ਬ੍ਰਾਹਮਣ ਨੇ ਲੰਮੇ ਚੌੜੇ ਵੇਰਵੇ ਦੇ ਕੇ ਸਿਰਜਿਆ ਹੈ। ਗੁਰਮਤਿ ਅਨੁਸਾਰ ਜਨਮ ਮਰਣ ਵਾਲਾ ਚੱਕਰ ਬ੍ਰਾਹਮਣੀ ਨਹੀਂ, ਜਿੱਥੇ ਕਿ ਜੀਵ ਨੂੰ ਅਨਾਦੀ ਮੰਨਿਆਂ ਹੈ ਅਤੇ ਉਸੇ ‘ਅਨਾਦੀ’ ਦੇ ਆਧਾਰ `ਤੇ ਮਨੁੱਖ ਨੇ ਸਦਾ ਜਨਮ-ਮਰਣ ਦੇ ਚਕਰ `ਚ ਹੀ ਪਏ ਰਹਿਣਾ ਹੁੰਦਾ ਹੈ।

ਇਸ ਦੇ ਉਲਟ “ਘਟ ਘਟ ਵਾਸੀ ਸਰਬ ਨਿਵਾਸੀ” (ਪੰ: ੭੮੪) ਜੀਵ, ਗੁਰਬਾਣੀ ਅਨੁਸਾਰ ਪ੍ਰਭੂ ਦਾ ਅੰਸ਼ ਹੈ। ਹਰੇਕ ਜੀਵ ਅੰਦਰ ਪ੍ਰਭੂ ਆਪ ਵੱਸ ਰਿਹਾ ਹੈ। ਇਸ ਲਈ ਪ੍ਰਭੂ `ਚ ਅਭੇਦ ਹੋਣਾ ਹੀ ਜੀਵ ਦਾ ਅੰਤਮ ਪੜਾ ਹੈ। ਗੁਰਮਤਿ ਅਨੁਸਾਰ ਅਨਾਦੀ ਕੇਵਲ ਅਕਾਲਪੁਰਖ ਹੈ, ਦੂਜਾ ਕੋਈ ਨਹੀਂ। ਗੁਰਮਤਿ ਅਨੁਸਾਰ ਜੀਵ, ਮਨੁੱਖਾ ਜੂਨ ਸਮੇਂ, ਜਨਮ ਦੀ ਸੁਵਰਤੋਂ ਕਰਕੇ, ਜੀਉਂਦੇ ਜੀਅ ਪ੍ਰਭੂ `ਚ ਅਭੇਦ ਹੋ ਸਕਦਾ ਹੈ ਤੇ ‘ਜਨਮ-ਮਰਣ’ ਦੇ ਗੇੜ ਤੋਂ ਮੁਕਤ ਹੋਰ ਸਕਦਾ ਹੈ। ਇਸ ਲਈ ਮਨੁੱਖਾ ਜਨਮ ਸਮੇਂ ਜੀਵਨ ਦੀ ਸੰਭਾਲ ਕਰਕੇ ਪ੍ਰਭੂ `ਚ ਅਭੇਦ ਹੋ ਜਾਣਾ ਤੇ ਸਦਾ ਲਈ ਜਨਮ-ਮਰਣ ਦੇ ਗੇੜ ਦਾ ਮੁੱਕ ਜਾਣਾ; ਇਹੀ ਹੈ ਮਨੁੱਖਾ ਜਨਮ ਦੀ ਕਮਾਈ, ਮਨੁੱਖਾ ਜਨਮ ਦੀ ਸਫ਼ਲਤਾ, ਮਕਸਦ ਤੇ ਵਡਭਾਗੀ ਹੋਣਾ। ਇਸ ਪ੍ਰਾਪਤੀ ਲਈ ਜੀਵ ਕੋਲ ਇਕੋ ਇੱਕ ਜੂਨ, ਨਿਵੇਕਲਾ ਅਵਸਰ, ‘ਗੋਬਿੰਦ ਮਿਲਣ ਕੀ ਬਰੀਆ” ਹੈ ਜਦਕਿ ਬਾਕੀ ਕਿਸੇ ਵੀ ਜੂਨ `ਚ ਇਹ ਪ੍ਰਾਪਤੀ ਸੰਭਵ ਨਹੀਂ। ਦੂਜੇ ਪਾਸੇ ਬ੍ਰਾਹਮਣ ਮੱਤ ਅਨੁਸਾਰ ਜੀਵ ਦੇ ਅਨਾਦੀ ਹੋਣ ਕਾਰਣ, ਅਜਿਹਾ ਹੋਣਾ ਕਦੇ ਵੀ ਸੰਭਵ ਨਹੀਂ, ਉਥੇ ਤਾਂ ਜੀਵ ਨੇ ਸਦਾ ਜਨਮਾਂ ਦਾ ਕੀੜਾ ਹੀ ਬਣੇ ਰਹਿਣਾ ਹੈ।

ਨਰਕ ਤੇ ਨਰਕ `ਚ ਫ਼ਰਕ? - ਹੁਣ ਤੀਕ ਦੀ ਵਿਚਾਰ ਤੋਂ ਇਹ ਗੱਲ ਭਲੀ ਭਾਂਤ ਸਾਫ਼ ਹੋ ਚੁੱਕੀ ਹੈ ਕਿ ਲਫ਼ਜ਼ ‘ਨਰਕ’ ਚਾਹੇ ਗੁਰਬਾਣੀ `ਚ ਬੇਅੰਤ ਵਾਰੀ ਆਇਆ ਹੈ ਪਰ ਇਸ ਲਫ਼ਜ਼ ਦੇ ਬ੍ਰਾਹਮਣੀ ਤੇ ਗੁਰਮਤਿ ਅਰਥਾਂ `ਚ ਦਿਨ ਤੇ ਰਾਤ ਜਿਤਨਾ ਫ਼ਰਕ ਹੈ। ਉਪ੍ਰੰਤ, ਦਿਨ ਤੇ ਰਾਤ ਤਾਂ ਕੁਦਰਤ ਦੇ ਨੇਮ `ਚ ਫ਼ਿਰ ਵੀ ਮਿਲ ਕੇ ਚਲਦੇ ਹਨ ਪਰ ਇਥੇ ਇਹ ਦੋਵੇਂ ਵਿਚਾਰਧਾਰਾਂਵਾਂ ਹੀ ਪੂਰੀ ਤਰ੍ਹਾਂ ਇੱਕ ਦੂਜੇ ਤੋਂ ਕਾਟਵੀਆਂ ਤੇ ਵਿਰੋਧੀ ਹਨ। ਇਹ ਵੀ ਸੱਚ ਹੈ ਕਿ ਗੁਰਬਾਣੀ ਅਰਥ-ਬੋਧ ਦੀ ਘਾਟ ਕਾਰਣ, ਅੱਜ ਕਿਸੇ ਗੁਰਸਿੱਖ ਦੇ ਚਲਾਣੇ ਸਮੇਂ ‘ਨਰਕ’ ਦਾ ਜੋ ਅਰਥ ਭਾਵ ਲਿਆ ਜਾ ਰਿਹਾ ਹੈ, ਉਹ ਗੁਰਬਾਣੀ ਜਾਂ ਗੁਰਮਤਿ ਅਰਥਾਂ `ਚ ਨਹੀਂ ਲਿਆ ਜਾ ਰਿਹਾ। ਬਲਕਿ ਅਜਿਹੇ ਸਮੇਂ “ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਾ ਪ੍ਰਕਾਸ਼ ਕਰਕੇ ਤੇ ਸੰਗਤਾਂ ਜੋੜ ਕੇ ਵੀ, ਕੇਵਲ ‘ਨਰਕ’ ਨਹੀਂ, ਸਾਰੀ ਕਰਣੀ, ਵਿਆਖਿਆ, ਪ੍ਰਭਾਵ ਤੇ ਕਰਮਕਾਂਡ ਬ੍ਰਾਹਮਣੀ ਹੀ ਹੋ ਰਹੇ ਹੁੰਦੇ ਹਨ; ਜੋ ਦਿਨ ਦੀਵੀਂ ਗੁਰਬਾਣੀ ਦੀ ਅਵਗਿਆ ਤੇ ਬੇਅਦਬੀ ਦੇ ਸੂਚਕ ਹੁੰਦੇ ਹਨ।

ਬ੍ਰਾਹਮਣੀ ਨਰਕ ਦਾ ਸਰੂਪ ਤੇ ਗੁਰਮਤਿ-ਅਜਿਹਾ ਬ੍ਰਾਹਮਣੀ ਨਰਕ-ਸੁਰਗ ਜਿਸ ਅਨੁਸਾਰ ਮਰਣ ਤੋਂ ਬਾਅਦ, ਭਿਅੰਕਰ ਤੇ ਕਾਲਾ ਕਲੂਟਾ ਜਮ ਕਾਲੇ ਭੈਂਸੇ `ਤੇ ਸੁਆਰ ਹੋ ਕੇ, ਪ੍ਰਾਣੀ ਨੂੰ ਲੈਣ ਆਉਂਦਾ ਹੈ। ਜੀਵ, ਜਿਹੜਾ ਉਸ ਸਮੇਂ ਅੰਗੂਠੇ ਜਿੰਨੇਂ ਆਕਾਰ ਦਾ ਹੁੰਦਾ ਹੈ, ਉਸੇ ਨੂੰ ‘ਸੂਖਮ ਸਰੀਰ’ ਕਿਹਾ ਹੈ; ਜੰਮ, ਪ੍ਰਾਣੀ ਨੂੰ ਕੇਸਾਂ ਤੋਂ ਪਕੜ ਤੇ ਸੰਗਲਾਂ ਨਾਲ ਬੰਨ ਕੇ ਅੱਗੇ ਲਾ ਲੈਂਦਾ ਹੈ। ਉਸ ਨੂੰ ਡਰਾਉਣੇ ਤੰਗ ਘੁੱਪ ਹਨੇਰੇ, ਤਪਤ, ਘਾਮ-ਘਬਰਾਹਟ ਭਰੇ ਰਸਤੇ ਜਿਥੇ ਪਾਣੀ ਦਾ ਘੁੱਟ ਵੀ ਨਹੀਂ ਮਿਲਦਾ ਅਤੇ ਧੁੱਪਾਂ, ਬਾਰਿਸ਼ਾਂ ਆਦਿ `ਚੋਂ ਲੰਘਾਉਂਦਾ ਹੈ। ਇਸ ਤਰ੍ਹਾਂ ਕਈ ਨਗਰਾਂ-ਮੁਹੱਲਿਆਂ `ਚੋਂ ਕਢਦਾ-ਲਿਜਾਂਦਾ ੩੬੦ ਦਿਨਾਂ `ਚ ੪੬, ੦੦੦ ਜੋਜਨ ਲੰਮਾ ਰਸਤਾ ਤੈਅ ਕਰਦਾ ਹੈ। ਇਸ ਤੋਂ ਬਾਅਦ ਪ੍ਰਾਣੀ ਨੇ ਅੱਗੇ ੧੦੦ ਜੋਜਨ ਚੌੜੀ ‘ਵੈਤਰਨੀ’ ਨਦੀ ਪਾਰ ਕਰਣੀ ਹੁੰਦੀ ਹੈ। ਇਹ ਨਦੀ ਪਾਣੀ ਦੀ ਨਹੀਂ ਬਲਕਿ ਵਿਸ਼ਟਾ, ਪੀਕ ਆਦਿ ਗੰਦਗੀ ਦੀ ਭਰੀ ਹੁੰਦੀ ਹੈ।

ਇਧਰ, ਬ੍ਰਾਹਮਣ ਨੂੰ ਕਿਰਿਆ ਸਮੇਂ ਦਾਨ ਕੀਤੇ ਰਜ਼ਾਈਆਂ, ਭਾਂਡੇ, ਫਲ ਆਦਿ ੧੩ ਪਦਾਂ `ਚੋਂ ਉਥੇ ਪੁੱਜ ਚੁੱਕੀ ਲਵੇਰੀ ਗਊ ਦੀ ਪੂਛਲ ਫ਼ੜ ਕੇ ਹੀ, ਪ੍ਰਾਣੀ ਉੇਸ ਨਦੀ ਨੂੰ ਪਾਰ ਕਰ ਸਕਦਾ ਹੈ, ਉਂਝ ਨਹੀਂ। (ਇਥੇ ਇਹ ਵੀ ਧਿਆਣ ਰਹੇ! ਗਊ ਦੀ ਸੁਆਰੀ ਕਰ ਕੇ ਨਹੀਂ ਬਲਕਿ ਪੂਛਲ ਫ਼ੜ ਕੇ; ਸੁਆਰੀ ਸ਼ਇਦ ਇਸ ਲਈ ਨਹੀਂ ਕਿ ‘ਗਊ ਮਾਤਾ’ ਜੋ ਠਹਿਰੀ)। ਇਸ ਤਰ੍ਹਾਂ ਵੇਤਰਨੀ ਨਦੀ ਪਿਤ੍ਰ ਲੋਕ ਲਈ ਆਖਰੀ ਪੜਾਅ ਹੁੰਦੀ ਹੈ ਅਤੇ ਹਰੇਕ ਪ੍ਰਾਣੀ ਨੇ ਮਰਣ ਤੋਂ ਬਾਅਦ ਪਹਿਲਾਂ ਇਥੇ ਹੀ ਪੁੱਜਣਾ ਹੁੰਦਾ ਹੈ। ਇਸ ਤੋਂ ਬਾਅਦ, ਪਿਤ੍ਰ ਲੋਕ ਤੋਂ ਸ਼ੁਰੂ ਹੁੰਦੇ ਹਨ ਸੁਰਗ-ਨਰਕ, ਭੂਤਾਂ-ਪ੍ਰੇਤਾਂ, ਰੂਹਾਂ-ਬਦਰੂਹਾਂ ਵਾਲੀਆਂ ਲੰਮੀਆਂ-ਚੌੜੀਆਂ ਕਹਾਣੀਆਂ ਵਾਲੇ ਵੇਰਵੇ ਤੇ ਵੰਡੀਆਂ।

ਜਦਕਿ ਗੁਰਮਤਿ ਅਜਿਹੇ ਕਿਸੇ ਵੀ ਨਰਕ ਜਾਂ ਸੁਰਗ ਦੀ ਹੋਂਦ ਤੇ ਉਸ ਸਬੰਧੀਂ ਪ੍ਰਕਟ ਸਾਰੀ ਵਿਚਾਰਧਾਰ ਨੂੰ ਹੀ ਨਕਾਰਦੀ ਹੈ। ਜਦੋਂ ਸਮਝ ਆ ਗਈ ਕਿ ਕਰਤਾ-ਧਰਤਾ ਕੇਵਲ ਅਕਾਲਪੁਰਖ ਹੈ ਨਾ ਕੋਈ ਜਮ ਤੇ ਨਾ ਅਜਿਹਾ ਧਰਮਰਾਜ। ਵਿਚਾਰਣ ਦਾ ਵਿਸ਼ਾ ਹੈ ਕਿ ਅਜਿਹੇ ਸਮੇਂ ਅੱਜ ਗੁਰਸਿੱਖ ਆਪਣੀ ਕਰਣੀ ਅਨੁਸਾਰ ਕਿਸ ਦੀ ਆਗਿਆ `ਚ ਚਲ ਰਿਹਾ ਹੈ; ਬ੍ਰਾਹਮਣ ਦੀ ਜਾਂ ਗੁਰਬਾਣੀ ਦੀ? ਗੁਰਮਤਿ ਅਨੁਸਾਰ ਤਾਂ “ਸੁਰਗ ਬਾਸੁ ਨ ਬਾਛੀਐ, ਡਰੀਐ ਨ ਨਰਕਿ ਨਿਵਾਸੁ॥ ਹੋਨਾ ਹੈ ਸੋ ਹੋਈ ਹੈ, ਮਨਹਿ ਨ ਕੀਜੈ ਆਸ” (ਪੰ: ੩੩੭) ਜਦੋਂ ਮਨੁੱਖਾ ਜਨਮ ਮਿਲਿਆ ਹੀ, ਸਤਿਗੁਰੂ ਦੀ ਆਗਿਆ `ਚ ਚੱਲ ਕੇ ਜੀਵਨ ਨੂੰ ਸੁਆਰਣ ਤੇ ਪ੍ਰਭੂ `ਚ ਅਭੇਦ ਹੋਣ ਲਈ ਹੈ ਤਾਂ ਵਾਧੂ ਦੇ ਬ੍ਰਾਹਮਣੀ ਡਰ-ਸਹਿਮ ਕਾਹਦੇ? ਇਸ ਸਾਰੇ ਦੇ ਉਲਟ, ਪ੍ਰਭੂ ਪਿਆਰੇ ਤਾਂ “ਕਵਨੁ ਨਰਕੁ ਕਿਆ ਸੁਰਗੁ ਬਿਚਾਰਾ, ਸੰਤਨ ਦੋਊ ਰਾਦੇ॥ ਹਮ ਕਾਹੂ ਕੀ ਕਾਣਿ ਨ ਕਢਤੇ, ਅਪਨੇ ਗੁਰ ਪਰਸਾਦੇ” (ਪੰ: ੯੬੯)। ਹੋਰ ਤਾਂ ਹੋਰ, ਇਹੀ ਨਹੀਂ, ਅਜਿਹੇ ਵੈਦਿਕ ਤੇ ਬ੍ਰਾਹਮਣੀ ਜਾਂ ਗਰੁੜ ਪੁਰਾਣ ਦੇ ਵਿਸ਼ਵਾਸਾਂ ਦੇ ਖੰਡਣ ਲਈ ਗੁਰਬਾਣੀ `ਚ ਇੱਕ ਨਹੀਂ ਅਨੇਕਾਂ ਸ਼ਬਦ ਮੌਜੂਦ ਹਨ ਜਿਵੇਂ “ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ” (ਪੰ: ੪੭੨) “ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ. .” (ਪੰ: ੩੩੨) “ਦੀਵਾ ਮੇਰਾ ਏਕ ਨਾਮੁ. .” (ਪੰ: ੩੫੮) “ਆਇਆ ਗਇਆ ਮੁਇਆ ਨਾਉ॥ ਪਿਛੈ ਪਤਲਿ ਸਦਿਹੁ ਕਾਵ॥ ਨਾਨਕ ਮਨਮੁਖਿ ਅੰਧੁ ਪਿਆਰੁ॥ ਬਾਝੁ ਗੁਰੂ ਡੁਬਾ ਸੰਸਾਰ” (ਪੰ: ੧੩੮) ਆਦਿ। ਲੋੜ ਹੈ ਤਾਂ ਗੁਰਬਾਣੀ ਨੂੰ ਗੁਰਬਾਣੀ ਦੇ ਅਰਥਾਂ `ਚ ਵਿਚਾਰਣ ਦੀ।

“ਗਰਭ ਕੁੰਡ ਨਰਕ ਤੇ ਰਾਖੈ” -ਉਪ੍ਰੰਤ ਜਿਸ ਨੂੰ ਗੁਰਬਾਣੀ `ਚ ‘ਨਰਕ’ ਕਿਹਾ ਹੈ ਉਹ ਅਣਡਿੱਠਾ ਨਰਕ ਨਹੀਂ ਜਿਸ ਤੋਂ ਬਚਣ ਲਈ, ਬ੍ਰਾਹਮਣ ਜਾਂ ਕਿਸੇ ਵਿਚੋਲੇ ਨੂੰ ਦਾਨ-ਪੁੰਨ ਕਰਣੇ ਹਨ। ਵਿਚੋਲੇ ਦੇ ਇਸ਼ਾਰਿਆਂ `ਤੇ ਨਚਣਾ ਹੈ, ਉਸ ਰਾਹੀਂ ਦੱਸੇ ‘ਠੱਗ ਬੂਟੀ’ ਉਪਾਅ ਤੇ ਕਰਮ-ਕਾਂਡ ਕਰਣੇ ਹਨ। ਇਸ ਵਿਸ਼ਵਾਸ ਨਾਲ ਕਿ ਪ੍ਰਗਟ ਕੀਤੇ ਅਜਿਹੇ ਭਿਅੰਕਰ ਨਰਕ ਆਦਿ ਤੋਂ ਕਿਸੇ ਤਰ੍ਹਾਂ ਬਚਿਆ ਜਾ ਸਕੇ। ਦੇਖ ਚੁੱਕੇ ਹਾਂ ਗੁਰਬਾਣੀ ਰਾਹੀਂ ਪ੍ਰਗਟ ‘ਨਰਕ’ ਬਿਲਕੁਲ ਪ੍ਰਤੱਖ ਹੈ, ਛੁਪਾ-ਗੁੱਝਾ ਜਾਂ ਅਣਡਿੱਠਾ ਨਰਕ ਨਹੀਂ। ਗੁਰਮਤਿ ਦਾ ‘ਨਰਕ’ ਦਲੀਲ ਭਰਪੂਰ ਨਿਵੇਕਲੇ, ਸਪਸ਼ਟ ਤੇ ਅਕੱਟ ਅਰਥਾਂ `ਚ ਹੈ। ਲੋੜ ਹੈ ਤਾਂ ਗੁਰਮਤਿ `ਚ ਦਰਸਾਏ ‘ਨਰਕ’ ਨੂੰ, ਬ੍ਰਾਹਮਣੀ ‘ਨਰਕ’ ਵਾਲੀ ਸੋਚ ਤੋਂ ਪੂਰੀ ਤਰ੍ਹਾਂ ਅੱਡ ਹੋ ਕੇ, ਨਿਰੋਲ ਗੁਰਬਾਣੀ ਅਰਥਾਂ `ਚ ਸਮਝਣ ਦੀ। ਇਸ ਲਈ ਜ਼ਰੂਰੀ ਹੈ ਕਿ ਉਸ ਸਮੇਂ ਸਾਡੇ ਮਨ `ਤੇ ਬ੍ਰਾਹਮਣੀ ਸੋਚ ਦਾ ਲੇਸ਼ ਮਾਤ੍ਰ ਵੀ ਪ੍ਰਭਾਵ ਨਾ ਹੋਵੇ ਨਹੀਂ ਤਾਂ ਉਹੀ ਪ੍ਰਭਾਵ, ਗੁਰਬਾਣੀ ਸੱਚ ਤੀਕ ਪੁੱਜਣ `ਚ ਸਾਡੇ ਲਈ ਰੁਕਾਵਟ ਬਣੇਗਾ।

ਕਾਰਣ ਇਕੋ ਹੈ ਕਿ ਇਸ ਵਿਸ਼ੇ `ਤੇ ਬ੍ਰਾਹਮਣੀ ਸੋਚ ਤਾਂ ਸਾਡੀਆਂ ਰਗਾਂ `ਚ ਧੱਸੀ ਪਈ ਹੈ, ਜਦਕਿ ਗੁਰਬਾਣੀ ਵਿਚਾਰ-ਰਹਿਣੀ ਵਲੋਂ ਅਸੀਂ ਅਵੇਸਲੇ, ਅਨਜਾਣ ਤੇ ਖਾਲੀ ਬੈਠੇ ਹਾਂ। ਤਾਂ ਤੇ ਜੇ ਕਰ ਮਨੁੱਖਾ ਜੂਨ `ਚ ਆ ਕੇ ਵੀ ਆਤਮਕ ਪੱਖੋਂ ਪ੍ਰਭੂ ਤੋਂ ਵਿਛੜ ਕੇ ਜੀਅ ਰਹੇ ਹਾਂ ਤਾਂ ਯਕੀਨਣ ਪ੍ਰਾਪਤ ਜਨਮ ਨੂੰ ਵੀ ਅਸੀਂ ਵਿਅਰਥ ਕਰ ਰਹੇ ਹਾਂ; ‘ਨਰਕ’ ਹੀ ਭੁਗਤਾਅ ਰਹੇ ਹਾਂ ਅਤੇ ਇਸ ਤੋਂ ਬਾਅਦ ਵੀ, ਪ੍ਰਭੂ ਨਿਆਂ `ਚ ਅਸੀਂ ਜੂਨਾਂ ਦੇ ਗੇੜ ਤੋਂ ਨਹੀਂ ਬੱਚ ਸਕਾਂਗੇ। ਇਹ ਸਿਲਸਲਾ ਤਦ ਤੀਕ ਚਲੇਗਾ ਜਦ ਤੀਕ ਕਰਤੇ ਦੀ ਬਖਸ਼ਿਸ਼ `ਚ ਫ਼ਿਰ ਤੋਂ ਮਿਲੇ ਮਨੁੱਖਾ ਜਨਮ `ਚ, ਉਸ ਜਨਮ ਨੂੰ ਗੁਰਮਤਿ ਅਨੁਸਾਰ ਤਿਆਰ ਨਹੀਂ ਕਰਦੇ। ਤਾਂ ਤੇ ਅਰਦਾਸ ਕਰੀਏ ਕਿ ਪਾਤਸ਼ਾਹ “ਅਪਨਾ ਕਾਜੁ ਸਵਾਰਹੁ ਆਪੇ ਸੁਖਦਾਤੇ ਗੋਸਾਂਈਂ॥ ਗੁਰ ਪਰਸਾਦਿ ਘਰ ਹੀ ਪਿਰੁ ਪਾਇਆ ਤਉ ਨਾਨਕ ਤਿਪਤਿ ਬੁਝਾਈ” (ਪੰ: ੧੨੭੩) ਅਥਵਾ “ਕਹੈ ਕਬੀਰੁ ਸੁਨਹੁ ਰੇ ਸੰਤਹੁ ਖੇਤ ਹੀ ਕਰਹੁ ਨਿਬੇਰਾ॥ ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ” (ਪੰ: ੧੧੦੪) #168s09.02s09#

Including this Self Learning Gurmat Lesson No 168

ਗੁਰਮਤਿ ਅਨੁਸਾਰ ਨਰਕ?

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org
.