.

ਵਿਚ ਦੁਨੀਆ ਸੇਵ ਕਮਾਈਏ

ਭਗਤ ਨਾਮਦੇਵ ਜੀ ਭਗਤੀ ਲਹਿਰ ਦੇ ਮੋਢੀ ਵਜੋਂ ਜਾਣੇ ਜਾਂਦੇ ਹਨ ਜੋ ਭਗਤ ਤਿਲੋਚਨ ਜੀ ਦੇ ਸਮਕਾਲੀ ਵੀ ਹਨ। ਇੱਕ ਦਿਨ ਭਗਤ ਤਿਲੋਚਨ ਜੀ ਪਤਾ ਕਰਦੇ ਕਰਦੇ ਨਾਮਦੇਵ ਜੀ ਨੂੰ ਮਿਲਣ ਆਏ ਜੋ ਰੱਬ ਦੇ ਭਗਤ ਹੋਣ ਕਰਕੇ ਚਾਰੇ ਪਾਸੇ ਪ੍ਰਸਿਧ ਹੋ ਚੁੱਕੇ ਸਨ। ਤਿਲੋਚਨ ਜੀ ਨੇ ਜਦ ਭਗਤ ਨਾਮਦੇਵ ਜੀ ਨੂੰ ਅਰਜਾਈਆਂ ਦੇ ਅੰਬਰਿਆਂ ਉੱਪਰ ਠਾਕੇ ਦੀ ਛਪਾਈ ਕਰਦੇ ਹੋਏ ਵੇਖਿਆ ਤਾਂ ਬੜੇ ਹੈਰਾਨ ਹੋਏ ਤੇ ਦਿਲ ਵਿੱਚ ਆਖਣ ਲੱਗੇ ਕਿ ਮੈਂ ਤਾਂ ਸੋਚਿਆਂ ਸੀ ਕਿ ਭਗਤ ਜੀ ਸਮਾਧੀ ਲਗਾ ਕੇ ਪ੍ਰਮਾਤਮਾਂ ਦੀ ਭਗਤੀ ਕਰ ਰਹੇ ਹੋਣਗੇ ਪਰ ਇਹ ਤਾਂ ਮਾਇਆ ਦੇ ਮੋਹ ਜਾਣੀ ਦੁਨਿਆਵੀ ਧੰਦਿਆਂ ਵਿੱਚ ਖਪਤ ਹਨ!

ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ॥ (ਸ਼ਲੋਕ ਭਗਤ ਕਬੀਰ ਜੀ ੨੧੨ - ਪੰਨਾ ੧੩੭੫) ਸਵਾਲ? ਭਗਤ ਨਾਮਦੇਵ ਜੀ ਨੇ ਤਿਲੋਚਨ ਜੀ ਨੂੰ ਹੈਰਾਨ ਵੇਖ ਭਾਂਪ ਲਿਆ ਕਿ ਮਾਜਰਾ ਕੀ ਹੈ ਤੇ ਝੱਟ ਤਿਲੋਚਨ ਜੀ ਨੂੰ ਸੰਬੋਧਨ ਹੁੰਦੇ ਹੋਏ ਬੋਲੇ: ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸਮ੍ਹਾਲਿ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥ (ਸ਼ਲੋਕ ਭਗਤ ਕਬੀਰ ਜੀ ੨੧੩ - ਪੰਨਾ ੧੩੭੫) ਜਵਾਬ। ਭਗਤ ਨਾਮਦੇਵ ਜੀ ਤਿਲੋਚਨ ਜੀ ਨੂੰ ਸਮਝੌਂਦੇ ਹਨ ਕਿ ਆਪਣਾ ਜੀਵਨ ਨਿਰਬਾਹ ਕਰਨ ਲਈ ਕਰ-ਕਮਲਾਂ ਨਾਲ ਕੰਮ ਕਰਦਿਆਂ ਚਿੱਤ ਜਾਂ ਮਨ ਨੂੰ ਰੱਬ (ਜੋ ਮਾਇਆ ਰੂਪੀ ਕਾਲਖ ਤੋਂ ਰਹਿਤ ਹੈ) ਜੀ ਦੀ ਯਾਦ ਨਾਲ ਜੋੜ ਕੇ ਰੱਖਣਾ ਹੀ ਅਸਲ ਭਗਤੀ ਹੈ। ਗੁਰੂ ਬਾਬਾ ਨਾਨਕ ਜੀ ਵੀ ਇਹੋ ਅਸੂਲ ਦਰਸਾ ਰਹੇ ਹਨ: ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ (ਪੰਨਾ ੧੨੪੫) ਸੱਚੀ ਸੁੱਚੀ ਦਸਾਂ ਨੌਂਹਾਂ ਦੀ ਕਿਰਤ ਕਮਾਈ ਕਰਕੇ ਉਸ ਵਿਚੋਂ ਜਿੰਨਾਂ ਮੁਮਕਿਨ ਹੋਵੇ ਜ਼ਰੂਰਤਮੰਦ ਦੀ ਮਦਦ ਕਰਨਾਂ ਹੀ ਜ਼ਿੰਦਗੀ ਜਿਊਣ ਦੇ ਸਹੀ ਮਾਰਗ ਦੀ ਪਛਾਣ ਹੈ।

ਭੇਖ ਧਾਰ ਕੇ ਧਰਮੀ ਬਣਨਾ ਬਹੁਤ ਹੀ ਸੌਖਾ ਹੈ ਪਰ ਦੁਨੀਆਂ ਵਿੱਚ ਗ੍ਰਿਸਤੀ ਵਜੋਂ ਵਿਚਰਦੇ ਹੋਏ ਸਹੀ ਮਾਅਨੇ ਵਿੱਚ ਧਰਮੀ ਬਣਨਾ ਏਨਾਂ ਆਸਾਨ ਨਹੀਂ ਕਿਉਂ ਕਿ ਇਸ ਵਾਸਤੇ ਗੁਰਮਤਿ ਦੀ ਸੋਝੀ ਅਤੇ ਮਨ ਦੀ ਦ੍ਰਿੜਤਾ ਚਾਹੀਦੀ ਹੈ। ਪੁਰਾਣੇ ਜ਼ਮਾਨਿਆਂ ਵਿੱਚ ਧਰਮ ਦੇ ਰਸਤੇ ਉੱਪਰ ਚਲਣ ਵਾਲੇ ਲੋਕ ਆਮ ਤੌਰ ਤੇ ਸੰਸਾਰ ਨੂੰ ਤਿਆਗ ਕੇ ਜੰਗਲਾਂ ਬੇਲਿਆਂ ਅਤੇ ਪਹਾੜਾਂ ਦੀਆਂ ਕੁੰਦਰਾਂ ਵਲ ਚਲੇ ਜਾਂਦੇ ਸਨ ਸਿਧਾਰਥ (ਮਹਾਤਮਾ ਬੁਧ), ਧਰੂ ਭਗਤ ਅਤੇ ਅਨੇਕਾਂ ਹੋਰ ਮਿਸਾਲਾਂ ਨਾਲ ਤਵਾਰੀਖ ਭਰੀ ਪਈ ਹੈ ਜੋ ਘਰ ਦੇ ਸੁੱਖ ਅਰਾਮ ਛੱਡ ਆਪਣੀ ਸੂਝ ਮੁਤਾਬਿਕ ਭਗਤੀ ਵਿੱਚ ਜੁਟ ਗਏ ਸਨ। ਅੱਜ ਕਲ ਸੰਸਾਰ ਤਿਆਗਣ ਦਾ ਨਵਾਂ ਤਰੀਕਾ ਵੀ ਵ੍ਹੇਲੜ ਰੁਚੀ ਰੱਖਣ ਵਾਲੇ ਵਿਆਹ ਨਾਂਹ ਕਰਾਉਣ ਵਾਲੇ ਛੜੇ ਤੇ ਸ਼ੈਤਾਨ ਲੋਕਾਂ ਨੇ ਲਭ ਲਿਆ ਹੈ ਜੋ ਡੇਰੇ ਬਣਾ ਕੇ ਅਣਭੋਲ ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਦੀ ਇੱਜ਼ਤ ਅਤੇ ਮਾਇਆ ਲੁੱਟ ਰਹੇ ਹਨ। ਪਰ ਗੁਰਮਤਿ ਸਰੀਰ ਨੂੰ ਕਸ਼ਟ ਤੇ ਤਸੀਹੇ ਦੇ ਕੇ ਜਪ ਤਪ ਹਠ ਅਤੇ ਤਿਆਗ ਵਾਲੇ ਰਸਤੇ ਨੂੰ ਪ੍ਰਵਾਨ ਨਹੀਂ ਕਰਦੀ। ਜਪ ਤਪ ਸੰਜਮ ਕਰਮ ਨ ਜਾਨਾ (ਪੰਨਾ ੮੭੮)

ਅੱਜ ਦੇ ਜ਼ਮਾਨੇ ਵਿੱਚ ਇਨਸਾਨ ਧਰਮ ਨੂੰ ਏਨੀ ਮਹੱਤਤਾ ਨਹੀਂ ਦਿੰਦਾ ਸਿਰਫ ਰਸਮ ਵਜੋਂ ਹੀ ਮਾਣਤਾ ਦੇ ਰਿਹਾ ਹੈ। ਹਫਤੇ ਬਾਅਦ ਗੁਰਦੁਆਰੇ (ਖਾਸ ਪਹਿਰਾਵਾ ਪਾ ਕੇ), ਮੰਦਰ, ਮਸਜਿਦ ਜਾਂ ਚਰਚ ਜਾ ਕੇ ਸਮਝਦਾ ਹੈ ਕਿ ਮੇਰਾ ਧਾਰਮਿਕ ਫਰਜ਼ ਪੂਰਾ ਹੋ ਗਿਆ ਹੈ। ਧਾਰਮਿਕ ਅਸਥਾਨ ਵਿੱਚ ਜੋ ਧਾਰਮਿਕ ਸਿਖਿਆ ਲੈਣੀ ਚਾਹੀਦੀ ਹੈ ਉਹ ਨਹੀਂ ਲੈ ਰਿਹਾ। ਇਸ ਕਰਕੇ ਜੀਵਨ ਵਿਚੋਂ ਰੁਹਾਨੀਅਤ ਗ਼ਾਇਬ ਹੋ ਰਹੀ ਹੈ। ਧਾਰਮਿਕ ਸਿੱਖਿਆ ਨੂੰ ਬੇ-ਫਜ਼ੂਲ ਸਮਝਣ ਵਾਲੇ ਕਦੇ ਵੀ ਜ਼ਿੰਦਗੀ ਦੇ ਅਸਲ ਮਨੋਰਥ ਨੂੰ ਨਹੀਂ ਸਮਝ ਸਕਦੇ। ਜਦੋਂ ਕਿਤੇ ਅੱਜ ਦੇ ਮਨੁੱਖ ਉੱਪਰ ਕੋਈ ਮੁਸੀਬਤ ਆਉਂਦੀ ਹੈ ਤਾਂ ਉਹ ਓੜ੍ਹ ਪੋੜ੍ਹ ਵਜੋਂ ਧਾਰਮਿਕ ਕਰਮ ਕਾਂਡ ਕੁੱਝ ਆਪ ਪਰ ਜ਼ਿਆਦਾ ਤਰ ਪੁਜਾਰੀਆਂ ਤੋਂ ਭੇਟਾ ਦੇ ਕੇ ਕਰਾਉਣ ਦੇ ਗ਼ਲਤ ਭਰਮ ਭੁਲੇਖੇ ਵਿੱਚ ਪੈ ਚੁੱਕਾ ਹੈ। ਅਫਸੋਸ ਇਹ ਹੈ ਕਿ ਗੁਰੂ ਕੇ ਸਿੱਖਾਂ ਦੀ ਹਾਲਤ ਇਸ ਤੋਂ ਕੋਈ ਵਖਰੀ ਨਹੀਂ ਹੈ। ਜਿਵੇਂ ਜਿਸਮ ਦੀ ਪ੍ਰਵਰਿਸ਼ ਲਈ ਹਰ ਇੱਕ ਅੰਗ ਦਾ ਕੰਮ ਕਰਨਾ ਜ਼ਰੂਰੀ ਹੁੰਦਾ ਹੈ ਤਾਂਹੀਓਂ ਖੂਨ ਗਤੀ (ਗੇੜ) ਵਿੱਚ ਰਹਿੰਦਾ ਹੈ ਬਿਲਕੁਲ ਇਸੇ ਤਰਾਂ ਰੂਹ ਦੀ ਪ੍ਰਵਰਿਸ਼ ਲਈ ਰੂਹਾਨੀਅਤ ਦੇ ਖਾਜੇ ਦੀ ਜ਼ਰੂਰਤ ਹੁੰਦੀ ਹੈ। ਇਸ ਤਰਾਂ ਮਨ ਰੱਬ ਦੀ ਯਾਦ ਨਾਲ ਜੁੜ ਕੇ ਗਤੀਸ਼ੀਲ ਰਹਿੰਦਾ ਹੈ। ਰੂਹਾਨੀਅਤ ਦਾ ਰਸਤਾ ਬਾਬੇ ਨਾਨਕ ਨੇ ਸਿੱਖਾਂ ਨੂੰ ਹਰ ਸਾਹ ਨਾਲ ਪ੍ਰਮਾਤਮਾਂ ਨੂੰ ਸਿਮਰਨ ਭਾਵ ਯਾਦ ਕਰਨ ਦਾ ਅਤੇ ਹਰ ਰੋਜ਼ ਗੁਰਬਾਣੀ ਨਾਲ ਜੁੜਨ ਲਈ ਪੜ੍ਹ, ਸੁਣ ਕੇ ਮੰਨਣ ਦੀ ਤਾਕੀਦ ਕਰਕੇ ਉਸਨੂੰ ਆਤਮਿਕ ਖੁਰਾਕ ਮੁਹਈਆ ਕੀਤੀ ਹੋਈ ਹੈ। ਇਸ ਤਰਾਂ ਮਨ ਪਾਕੀਜ਼ਗੀ ਵਲ ਕਦਮ ਵਧਾਉਂਦਾ ਹੈ ਜੋ ਰੱਬ ਜੀ ਦੀ ਖੁਸ਼ੀ ਲੈਣ ਦਾ ਵਸੀਲਾ ਹੈ। ਜਿਵੇਂ ਜਿਸਮ ਨੂੰ ਤੰਦਰੁਸਤ ਅਤੇ ਚੁਸਤ-ਦਰੁਸਤ ਰੱਖਣ ਲਈ ਅੱਛੇ ਪੌਸਟਿਕ ਭੋਜਨ ਦੀ ਜ਼ਰੂਰਤ ਹੈ ਬਿਲਕੁਲ ਇਸੇ ਤਰਾਂ ਸਦੀਵੀ ਸ਼ਬਦ ਗੁਰੂ ਦੁਅਰਾ ਦਰਸਾਏ ਮਾਰਗ ਉੱਪਰ ਚਲਦਿਆਂ ਮਨੁੱਖ ਪ੍ਰਮਾਤਮਾਂ ਨਾਲ ਜੁੜ ਕੇ ਆਤਮਾਂ ਨੂੰ ਸੇਹਤਯਾਬ ਰੱਖ ਕੇ ਰੂਹਾਨੀਅਤ ਮੰਡਲ ਵਿੱਚ ਉਡਾਰੀਆਂ ਲਗਾ ਸਕਦਾ ਹੈ ਭਾਵ ਚੜ੍ਹ ਦੀ ਕਲਾ ਵਿੱਚ ਵਿਚਰ ਸਕਦਾ ਹੈ। ਐਸੀ ਅਵਸਥਾ ਵਾਲੇ ਇਨਸਾਂਨ ਲਈ ਸਾਰੇ ਇੱਕ ਤੋਂ ਉਪਜੇ ਹੋਣ ਕਰਕੇ ਸਭ ਬਰਾਬਰ ਹੋਣਗੇ (ਏਕ ਨੂਰ ਤੇ ਸਭੁ ਜਗੁ ਉਪਜਿਆ. . ਪੰਨਾ ੧੩੪੯) ਅਤੇ ਕਿਸੇ ਨਾਲ ਭੇਦ ਭਾਵ ਹਰਗਿਜ਼ ਨਹੀਂ ਕਰੇਗਾ। ਗੁਰਬਾਣੀ ਦੀ ਸਮਝ ਰਾਹੀਂ ਹਾਸਿਲ ਕੀਤੀ ਮਨ ਦੀ ਉੱਚੀ ਅਵਸਥਾ ਕਰਕੇ, ਉਹ ਹਰ ਇੱਕ ਨਾਲ ਇੱਕੋ ਜੇਹੀ ਸਾਂਝ-ਭਿਆਲ੍ਹੀ ਰੱਖੇਗਾ।

ਸਾਡੇ ਕਈ ਵੀਰ ਇਹ ਟਪਲਾ ਖਾਂਦੇ ਹਨ ਜਾਂ ਉਹਨਾਂ ਨੂੰ ਇਹ ਗ਼ਲਤ ਭਰਮ ਭੁਲੇਖਾ, ਪੁਜਾਰੀ ਸ਼੍ਰੇਣੀ ਵਲੋਂ ਜਾਣ ਬੁਝ ਕੇ, ਪਾ ਦਿੱਤਾ ਗਿਆ ਹੈ ਕਿ ਧਰਮ ਦੀਆਂ ਰਸਮਾਂ ਨਿਭੌਣਾ ਸਿਰਫ ਗ੍ਰੰਥੀਆਂ (ਪੁਜਾਰੀਆਂ) ਦਾ ਕੰਮ ਹੈ ਪਰ ਇਹ ਬਿਲਕੁਲ ਗ਼ਲਤ ਧਾਰਨਾ ਹੈ। ਹਰ ਮਨੁੱਖ ਵਿੱਚ ਪ੍ਰਮਾਤਮਾਂ ਦੀ ਹੋਂਦ ਹੈ ਸਿਰਫ ਇਸ ਦਾ ਅਹਿਸਾਸ ਕਰਨ ਦੀ ਜ਼ਰੂਰਤ ਹੈ। ਜਦੋਂ ਇਨਸਾਂਨ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਤਾਂ ਉਹ ਕਦੀ ਵੀ ਗ਼ਲਤ ਕਰਮ ਭਾਵ ਕੁਕਰਮ ਨਹੀਂ ਕਰਦਾ। ਇਸ ਅਹਿਸਾਸ ਨੂੰ ਹੀ ਸਦਾ ਹਾਜ਼ਿਰ ਨਾਜ਼ਿਰ (ਅੰਗ ਸੰਗ) ਆਖਿਆ ਜਾ ਸਕਦਾ ਹੈ। ਗੁਰੁ ਮੇਰੈ ਸੰਗਿ ਸਦਾ ਹੈ ਨਾਲੇ (ਪੰਨਾ ੩੯੪)।

ਇਹ ਅਵਸਥਾ ਸੀ ਭਗਤ ਨਾਮਦੇਵ ਜੀ ਦੀ ਜਿਸ ਕਰਕੇ ਉਹ ਹਰ ਵੇਲੇ ਪ੍ਰਮਾਤਮਾਂ (ਸਿਰਫ ਇੱਕ) ਦੀ ਯਾਦ ਵਿੱਚ ਲੀਨ ਹੋਏ ਆਪਣਾ ਕਾਰ ਵਿਹਾਰ ਕਰਦੇ ਰਹਿੰਦੇ ਸਨ। ਇਕੁ ਪਛਾਣੂ ਜੀਅ ਕਾ ਇਕੋ ਰਖਣਹਾਰੁ॥ ਇਕਸ ਕਾ ਮਨਿ ਆਸਰਾ ਇਕੋ ਪ੍ਰਾਣ ਅਧਾਰੁ॥ (ਪੰਨਾ ੪੫)।

ਆਓ ਆਪਾਂ ਵੀ ਭਗਤ ਜੀ ਵਰਗੀ ਪਵਿਤ੍ਰ ਸੋਚ ਦੇ ਧਾਰਨੀ ਬਣੀਏ। ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਰੁਜ਼ਗਾਰ ਕਰਦੇ ਹੋਏ ਹਰ ਵੇਲੇ ਅਤੇ ਹਰ ਥਾਂਹ ਅਕਾਲ ਪੁਰਖ ਨਾਲ ਚਿੱਤ ਜੋੜ ਕੇ ਰੱਖੀਏ ਅਤੇ ਓਸ ਦੀ ਰਜ਼ਾ ਵਿੱਚ ਰਹਿੰਦੇ ਹੋਏ ਮਨੁੱਖਤਾ ਦੀ ਬੇਹਤਰੀ ਲਈ ਯਤਨਸ਼ੀਲ ਹੋ ਕੇ ਮਾਨਵਤਾ ਦੀ ਸੇਵਾ ਵਿੱਚ ਜੁਟ ਜਾਈਏ। ਇਸ ਤਰਾਂ ਹੀ ਗੁਰਮਤਿ ਵਲੋਂ ਚਿਤਵੇ ਹੋਏ ਸਰਬੱਤ ਦੇ ਭਲੇ ਵਾਲਾ ਸੰਕਲਪ ਪੂਰਾ ਹੋ ਸਕੇਗਾ।

ਨਿਰਭੈ ਸਿੰਘ




.