.

ਅਖੌਤੀ ਸਿਆਣਿਆਂ ਦੀ ਲੁੱਟ ਤੋਂ ਬਚੋਂ!

ਸਰਵਜੀਤ ਸਿੰਘ

ਜਿਸ ਗੱਲ ਦੀ ਸਾਨੂੰ ਸਮਝ ਨਹੀਂ ਹੈ ਉਹ ਸਾਡੇ ਲਈ ਕਰਾਮਾਤ ਹੈ। ਜਦੋਂ ਸਾਨੂੰ ਉਸ ਦੇ ਪਿਛੇ ਕੰਮ ਕਰਦੀ ਸ਼ਕਤੀ ਜਾਂ ਉਸ ਦੇ ਕਾਰਨ ਦੀ ਸਮਝ ਆਂ ਜਾਵੇ ਤਾਂ ਉਹ ਘਟਨਾ ਸਾਡੇ ਲਈ ਸਧਾਰਨ ਬਣ ਜਾਂਦੀ ਹੈ। ਆਲੇ-ਦੁਵਾਲੇ ਜਾਂ ਸਾਡੇ ਪ੍ਰਵਾਰਾਂ ਵਿੱਚ ਵੀ ਕੁੱਝ ਘਟਨਾਵਾਂ ਅਜੇਹੀਆਂ ਵਾਪਰ ਜਾਂਦੀਆਂ ਹਨ ਜਿਨਾਂ ਦੇ ਕਾਰਨ ਨੂੰ ਸਮਝਣ ਦੀ ਸਮਰੱਥਾ ਅਸੀਂ ਨਹੀਂ ਰੱਖਦੇ। ਇਸ ਦਾ ਕਾਰਨ ਗਿਆਨ ਦੀ ਕਮੀ, ਰੂੜਵਾਦੀ ਵਿਚਾਰਧਾਰਾ ਅਤੇ ਲੁਟੇਰਾ ਬਿਰਤੀ ਦੇ ਲੋਕਾਂ ਵਲੋਂ ਫੈਲਾਏ ਅੰਧਵਿਸ਼ਵਾਸ ਹੀ ਹੁੰਦੇ ਹਨ। ਕੁਝਕੁ ਮੁਫਤ ਦੀਆਂ ਅਖਬਾਰਾਂ (ਸਾਰੀਆਂ ਨਹੀ) ਜਾਂ ਟੀ ਵੀ ਸੀਰੀਅਲ ਹੀ ਨਹੀਂ ਸਗੋਂ ਕਈ ਧਾਰਮਿਕ ਪ੍ਰਚਾਰਕ ਵੀ ਅਜੇਹੇ ਬੇਦਲੀਲੇ ਵਰਤਾਰੇ ਦੇ ਵੱਧਣ ਫੁੱਲਣ ਵਿੱਚ ਸਹਾਈ ਹੁੰਦੇ ਹਨ। ਇਸੇ ਦਾ ਹੀ ਨਤੀਜਾ ਹੈ ਕਈ ਪ੍ਰਵਾਰ ਅੱਜ, ਸਾਈਂਸ ਦੇ ਯੁਗ ਵਿੱਚ ਵੀ ਅੰਧ ਵਿਸ਼ਵਾਸ, ਵਹਿਮ-ਭਰਮ ਜਾਦੂ-ਟੂਣੇ ਅਤੇ ਧਾਗੇ-ਤਵੀਤਾਂ ਦੇ ਚਕਰਾਂ ਵਿੱਚ ਪੈ ਕੇ ਆਪਣਾ ਆਰਥਿਕ ਅਤੇ ਮਾਨਸਿਕ ਸ਼ੋਸ਼ਨ ਕਰਵਾ ਰਹੇ ਹਨ।
ਅਜੇਹੀ ਹੀ ਇੱਕ ਘਟਨਾ, ਜਿਸ ਤੋਂ ਕੈਲੇਫੋਰਨੀਆਂ ਦਾ ਇੱਕ ਪ੍ਰਵਾਰ ਪਿਛਲੇ ਕਾਫੀ ਸਮੇਂ ਤੋਂ ਪੀੜਤ ਸੀ ਸਾਡੇ ਧਿਆਨ ਵਿੱਚ ਵੀ ਆਈ। ਦੁਖੀ ਪ੍ਰਵਾਰ ਨਾਲ ਸੰਪਰਕ ਕਰਨ ਤੇ ਉਨ੍ਹਾਂ ਨੇ ਆਪਣੀ ਦੁਖਭਰੀ ਦਾਸਤਾਂ ਸੁਣਾਈ ਤਾਂ ਅਸੀਂ ਆਪਣੇ ਆਪਣੇ ਸਾਥੀਆਂ ਨਾਲ ਵਿਚਾਰ–ਵਿਟਾਦਰਾ ਕਰਕੇ ਉਸ ਪ੍ਰਵਾਰ ਨੂੰ ਮਿਲਣ ਦਾ ਸਮਾਂ ਨਿਸਚਿਤ ਕਰ ਲਿਆ। ਨਿਰਧਾਤਰ ਸਮੇਂ ਜਦੋਂ ਅਸੀਂ (ਅਵਤਾਰ ਸਿੰਘ ਮਿਸ਼ਨਰੀ, ਸਰਵਜੀਤ ਸਿੰਘ, ਡਾ: ਗੁਰਮੀਤ ਸਿੰਘ ਬਰਸਾਲ ਅਤੇ ਸ: ਗਿਆਨ ਸਿੰਘ) ਉਸ ਦੁਖੀ ਪ੍ਰਵਾਰ ਨੂੰ ਮਿਲੇ ਤਾਂ ਘਰ ਦੀ ਮੁਖੀ ਬੀਬੀ, ਜੋ ਅੰਮ੍ਰਿਤਧਾਰੀ ਹੈ, ਨੇ ਆਪਣੀ ਬੁਹਤ ਹੀ ਦੁਖਾਦਾਈ ਹੱਠਬੀਤੀ ਪੂਰੇ ਵੇਰਵੇ ਸਹਿਤ ਸੁਣਾਈ। ਜਿਸ ਵਿੱਚ ਘਰ ਅੰਦਰ ਗੰਦ ਦਾ ਆਉਣਾ, ਕੱਪੜਿਆਂ ਸਮੇਤ ਘਰੇਲੂ ਵਸਤੂਆਂ ਦਾ ਗੁਆਚ ਜਾਣਾ, ਤਰਲ ਪਦਾਰਥਾਂ ਦਾ ਡੁੱਲ ਜਾਣਾ, ਆਦਿ ਸ਼ਾਮਲ ਸੀ। ਉਨਾਂ ਦੇ ਦੱਸਣ ਮੁਤਾਬਕ ਇਹ ਕਿਸੇ ਓਪਰੀ ਸ਼ੈ ਕਰਕੇ ਸੀ। ਅਜੇਹੀ ਸਮੱਸਿਆ ਕਾਰਨ, ਜਿਥੇ ਪ੍ਰਵਾਰ ਬੁਹਤ ਹੀ ਡਰਿਆ ਹੋਇਆ ਸੀ ਉਥੇ ਹੀ ਉਹ ਆਪਣੀ ਆਰਥਿਕ ਲੁੱਟ ਵੀ ਕਰਵਾ ਚੁੱਕਾ ਸੀ। ਉਸ ਤੋਂ ਵੀ ਦੁਖਦਾਈ ਪਹਿਲੂ ਇਹ ਸੀ ਕਿ ਇਸ ਓਪਰੀ ਸ਼ੈ ਦੇ ਕਾਰਨ ਹੀ ਉਨ੍ਹਾ ਦੇ ਸਾਰੇ ਰਿਸ਼ਤੇਦਾਰ ਅਤੇ ਆਂਢੀ-ਗੁਆਂਢੀ ਵੀ ਦੂਰ ਜਾ ਚੁਕੇ ਸਨ।
ਪ੍ਰਵਾਰ ਵਿੱਚ ਵਾਪਰ ਰਹੀਆਂ ਅਨੋਖੀਆਂ ਘਟਨਾਵਾਂ ਦਾ ਵਿਸਥਾਰ ਸੁਣਨ ਤੋਂ ਪਿਛੋਂ ਅਸੀਂ ਆਪਸੀ ਸਲਾਹ ਮਸ਼ਵਰਾ ਕਰਕੇ ਦੋ ਟੀਮਾਂ ਬਣਾ ਲਈਆਂ। ਇੱਕ ਵਿੱਚ ਅਵਤਾਰ ਸਿੰਘ ਮਿਸ਼ਨਰੀ ਅਤੇ ਸ: ਗਿਆਨ ਸਿੰਘ ਜੀ ਸਨ ਅਤੇ ਦੂਜੀ ਵਿੱਚ ਸਰਵਜੀਤ ਸਿੰਘ ਅਤੇ ਡਾ: ਗੁਰਮੀਤ ਸਿੰਘ ਬਰਸਾਲ। ਕਿਉਂਕਿ ਪ੍ਰਵਾਰ ਦੀ ਮੁਖੀ ਬੀਬੀ ਅਤੇ ਉਸ ਦੀਆਂ ਦੋ ਬੱਚੀਆਂ ਅੰਮ੍ਰਿਤਧਾਰੀ ਸਨ, ਇਸ ਲਈ ਅਵਤਾਰ ਸਿੰਘ ਮਿਸ਼ਨਰੀ ਅਤੇ ਸ: ਗਿਆਨ ਸਿੰਘ ਜੀ ਨੇ ਗੁਰਬਾਣੀ ਦੇ ਹਵਾਲੇ ਦੇ-ਦੇ ਕੇ ਉਨ੍ਹਾਂ ਦੀਆਂ ਭੂਤ ਪ੍ਰੇਤਾਂ ਬਾਰੇ ਬਣੀਆਂ ਗਲਤ ਧਾਰਨਵਾਂ ਦਾ ਖੰਡਨ ਕੀਤਾ ਅਤੇ ਉਨ੍ਹਾਂ ਵਲੋਂ ਪੁਛੇ ਗਏ ਸਵਾਲਾਂ ਦੇ ਤਸੱਲੀਬਖਸ਼ ਉੱਤਰ ਵੀ ਦਿੱਤੇ। ਨਾਲ ਦੀ ਨਾਲ ਹੀ ਅਖੌਤੀ ਸਿਆਣਿਆਂ ਦੇ ਪਰਦੇ ਵੀ ਫਾਸ਼ ਕੀਤੇ। ਇਸ ਪ੍ਰਵਾਰ ਦੀ ਸਮੱਸਿਆ ਦਾ ਇੱਕ ਕਾਰਨ ਇਹ ਵੀ ਸੀ ਕੇ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਵਲੋਂ ਬੱਚੀਆਂ ਨੂੰ ਧਰਮ ਬਾਰੇ ਗੱਲਤ ਜਾਣਕਾਰੀ ਦੇਣਾ। ਜੇ ਤੁਸੀਂ ਪਾਠ ਨਾ ਕੀਤਾ ਤਾਂ ਆਹ ਹੋ ਜਾਉ, ਜੇ ਤੁਸੀਂ ਆਹ ਨਾ ਕੀਤਾ ਤਾਂ ਉਹ ਹੋ ਜਾਉ। ਪ੍ਰਵਾਰ ਦੀ ਛੋਟੀ ਬੱਚੀ ਕਾਲੇ ਰੰਗ ਦੀ ਬਿੱਲੀ ਤੋਂ ਬੁਹਤ ਹੀ ਡਰਦੀ ਸੀ ਜਿਸ ਦਾ ਕਾਰਨ ਗੁਰਦਵਾਰਾ ਸਾਹਿਬ ਵਿਖੇ ਬਾਬਾ ਜੀ ਵਲੋਂ ਦਿੱਤੀ ਗਈ ਸਿਖਿਆ ਹੀ ਸੀ। ਜਿਥੇ ਅਜੇਹੀ ਸਿੱਖਿਆ ਨੇ ਬੱਚੀਆਂ ਦੇ ਮਨ ਵਿੱਚ ਡਰ ਪੈਦਾ ਕੀਤਾ ਉਥੇ ਹੀ ਉਨ੍ਹਾਂ ਦੀ ਮਾਤਾ ਦੇ ਮਨ ਵਿੱਚ ਵੀ, ਕਕਾਰਾਂ ਸਬੰਧੀ ਹੋਈ ਭੁੱਲ ਕਾਰਨ ਬੁਹਤ ਹੀ ਵੱਡਾ ਅਤੇ ਨਾਂ ਬਖਸ਼ੇ ਜਾਣ ਵਾਲੇ ਗੁਨਾਹ ਦਾ ਅਹਿਸਾਸ ਘਰ ਕਰ ਚੁੱਕਾ ਸੀ। ਅਜੇਹੇ ਹੋਰ ਵੀ ਸ਼ੰਕਿਆਂ ਬਾਰੇ ਪ੍ਰਵਾਰ ਨੂੰ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਅਤੇ ਇਤਿਹਾਸ `ਚੋਂ ਹਵਾਲੇ ਦੇ ਕੇ ਪ੍ਰਵਾਰ ਦੇ ਮਨ ਵਿੱਚ ਘਰ ਕਰ ਚੁੱਕੇ ਡਰ ਨੂੰ ਦੂਰ ਕੀਤਾ ਗਿਆ।
ਦੂਜੇ ਪਾਸੇ ਸਰਵਜੀਤ ਸਿੰਘ ਅਤੇ ਗੁਰਮੀਤ ਸਿੰਘ ਬਰਸਾਲ ਵਲੋਂ ਪ੍ਰਵਾਰ ਦੇ ਇਕੱਲੇ-ਇਕੱਲੇ ਮੈਬਰ ਨਾਲ ਗੱਲਬਾਤ ਦੀ ਵਿਧੀ ਰਾਹੀਂ, ਘਰ ਵਿੱਚ ਵਾਪਰ ਰਹੀਆਂ ਅਨੋਖੀਆਂ ਘਟਨਾਵਾਂ ਬਾਰੇ ਵਿਚਾਰ ਕਰਕੇ, ਜਿਥੇ ਉਨ੍ਹਾਂ ਦੇ ਵਿਗਿਆਨਿਕ ਅਤੇ ਮਨੋਵਿਗਿਆਨਕ ਕਾਰਨਾਂ ਦੀ ਜਾਣਕਾਰੀ ਦਿੱਤੀ ਗਈ ਉਥੇ ਹੀ ਪ੍ਰਵਾਰ ਦੇ ਮੈਬਰਾਂ ਨੂੰ ਲੋੜੀਂਦੇ ਸੁਝਾਓ ਵੀ ਦਿੱਤੇ ਗਏ। ਕਾਲਪਨਿਕ ਭੂਤਾਂ-ਭਰੇਤਾਂ ਅਤੇ ਓਪਰੀ ਸ਼ੈ ਦੇ ਬਾਰੇ ਉਨ੍ਹਾਂ ਨੂੰ ਸਹੀ ਜਾਣਕਾਰੀ ਦੇ ਕੇ ਭੈ ਮੁਕਤ ਕੀਤਾ ਗਿਆ ਅਤੇ ਉਨ੍ਹਾਂ ਵਿੱਚ ਆਤਮ ਵਿਸ਼ਵਾਸ਼ ਵੀ ਭਰਿਆ ਗਿਆ। ਪ੍ਰਵਾਰ ਵਲੋਂ ਮਿਲੇ ਸਹਿਯੋਗ ਕਾਰਨ ਹੀ ਚਾਰ ਘੰਟੇ ਦੇ ਸਮੇ ਵਿੱਚ ਹੀ ਉਸ ਪ੍ਰਵਾਰ ਵਿੱਚ ਉਪਜੇ ਡਰ ਦਾ ਮਹੌਲ ਖੁਸ਼ੀ ਵਿੱਚ ਤਬਦੀਲ ਹੋ ਗਿਆ। ਅਖੀਰ ਵਿੱਚ ਪ੍ਰਵਾਰ ਨੂੰ ਬੇਤਨੀ ਕੀਤੀ ਗਈ ਕਿ ਜੇ ਅੱਜ ਤੋਂ ਬਾਅਦ ਕੋਈ ਸਮੱਸਿਆ ਆਵੇ ਤਾਂ ਸਾਨੂੰ ਟੈਲੀਫੂਨ ਜਰੂਰ ਕਰਨਾ। ਇਸ ਤੋਂ ਬਾਅਦ ਪ੍ਰਵਾਰ ਵਲੋਂ ਅਵਤਾਰ ਸਿੰਘ ਮਿਸ਼ਨਰੀ ਨੂੰ ਸੁਖਸ਼ਾਂਤੀ ਦੇ ਫੋਨ ਆਂਉਦੇ ਰਹੇ ਅਤੇ ਅਖੀਰ ਤੇ ਪ੍ਰਵਾਰ ਨੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਅਤੇ ਕੀਰਤਨ ਕਰਵਾਇਆ ਜੋ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖਾਲਸਾ ਨੇ ਕੀਤਾ ਅਤੇ ਪ੍ਰਵਾਰ ਨੇ ਰਲ ਕੇ ਸੁਣਿਆਂ, ਅਰਦਾਸ ਉਪ੍ਰੰਤ ਹੁਕਮਨਾਮੇ ਦੀ ਕਥਾ ਵਿਚਾਰ ਅਵਤਾਰ ਸਿੰਘ ਮਿਸ਼ਨਰੀ ਨੇ ਕੀਤੀ ਅਤੇ ਡਾ. ਗੁਰਮੀਤ ਸਿੰਘ ਬਰਸਾਲ ਨੇ ਪ੍ਰਵਾਰ ਅਤੇ ਸੰਗਤ ਨਾਲ ਖੁੱਲ੍ਹੀਆਂ ਵਿਚਾਰਾਂ ਕੀਤੀਆਂ ਅਤੇ ਸੁਆਲਾਂ ਦੇ ਜੁਵਾਬ ਵੀ ਗਰਮਤਿ ਸਿਧਾਂਤਾਂ ਅਨੁਸਾਰ ਦਿੱਤੇ। ਸਾਰਾ ਪ੍ਰਵਾਰ ਖੁਸ਼ ਸੀ ਪ੍ਰਵਾਰ ਨੇ ਜਿੱਥੇ ਸਾਡਾ ਧੰਨਵਾਦ ਕੀਤਾ ਓਥੇ ਦੁਬਾਰਾ ਖੁਲ੍ਹਾ ਵਿਚਾਰ ਵਿਟਾਂਦਰਾ ਕਰਾਉਣ ਦਾ ਸੱਦਾ ਵੀ ਦਿੱਤਾ।
ਯਾਦ ਰਹੇ ਕਿ ਇਸ ਘਰ ਵਿੱਚ ਪੰਥ ਦੇ ਮੰਨੇ-ਪ੍ਰਮੰਨੇ ਕਥਾਵਾਚਕ ਅਤੇ ਲੀਡਰ ਵੀ ਫੇਰਾ ਪਾ ਚੁੱਕੇ ਸਨ ਜੋ ਦਕਸ਼ਣਾ ਲੈ ਕੇ ਚਲਦੇ ਬਣੇ। ਇਹ ਤਾਂ ਪ੍ਰਵਾਰ ਨੇ ਪੰਜਾਬ ਮੇਲ ਅਖਬਾਰ ਵਿੱਚ ਅਵਤਾਰ ਸਿੰਘ ਮਿਸ਼ਨਰੀ ਦਾ ਲਿਖਿਆ ਲੇਖ “ਭੂਤ ਪ੍ਰੇਤ ਅਤੇ ਗੈਬੀ ਰੂਹਾਂ” ਪੜ੍ਹਿਆ ਜਿਸ ਵਿੱਚ ਮਿਸ਼ਨਰੀ ਦਾ ਫੋਨ ਨੰਬਰ ਸੀ ਤੇ ਪ੍ਰਵਾਰ ਨੇ ਕਾਲ ਕਰਕੇ ਆਪਣੀ ਵਿਥਿਆ ਦੱਸੀ ਤੇ ਅਸੀਂ ਸਭ ਨੇ ਸਲਾਹ ਕਰਕੇ ਬਿਨਾਂ ਕਿਸੇ ਭੇਟਾ ਦੇ, ਇਸ ਦੁਖੀ ਪ੍ਰਵਾਰ ਦਾ ਮਸਲਾ ਹੱਲ ਕੀਤਾ। ਅਸੀਂ, ਹੋਰ ਵੀ ਅਜਿਹੇ ਭੂਤਾਂ ਪ੍ਰੇਤਾਂ ਜਾਂ ਘਰ ਵਿੱਚ ਅੱਗ ਲਗਣੀ, ਗੰਦ ਡਿਗਣਾ, ਖੂਨ ਦੇ ਛਿੱਟੇ ਵੱਜਣੇ ਆਦਿਕ ਤੋਂ ਦੁਖੀ ਪ੍ਰਵਾਰਾਂ ਨੂੰ ਸਨਿਮਰ ਬੇਨਤੀ ਕਰਦੇ ਹਾਂ ਕਿ ਉਹ ਸਾਡੇ ਨਾਲ ਹੇਠਲੇ ਫੋਨ ਤੇ ਸੰਪ੍ਰਕ ਕਰਨ ਤੇ ਵਿਚਾਰ ਵਿਟਾਂਦਰੇ ਰਾਹੀਂ ਅਜਿਹੇ ਭਰਮ ਭੁਲੇਖਿਆਂ ਅਤੇ ਦੁੱਖਾਂ ਤੋਂ ਛੁਟਕਾਰਾ ਪਾਉਣ, ਵਾਹਿਗੁਰੂ ਭਲੀ ਕਰੇਗਾ। ਲੋਟੂ ਸਾਧਾਂ, ਪ੍ਰਚਾਰਾਕਾਂ ਅਤੇ ਤਾਂਤਰਿਕਾਂ ਤੋਂ ਬਚਣ ਜੋ ਸਾਡੀ ਅਗਿਆਨਤਾ ਦਾ ਫਾਇਦਾ ਉਠਾ ਕੇ ਲੁੱਟਦੇ ਅਤੇ ਹੋਰ ਵਹਿਮਾਂ ਭਰਮਾਂ ਵਿੱਚ ਪਾਉਂਦੇ ਹਨ। ਸੰਪ੍ਰਕ ਲਈ ਫੋਨ (510) 432-5827
.