.

ਸਤਿਸੰਗ

ਟੈਲੀਫ਼ੂਨ ਮੇਰੇ ਵਾਕਫ਼ਕਾਰ ਦਾ ਸੀ ਜੋ ਮੈਨੂੰ ਪੁੱਛ ਰਿਹਾ ਸੀ ਕਿ ਕੀ ਮੈਂ ਅੱਜ ਦੁਪਿਹਰੋਂ ਬਾਅਦ ਘਰੇ ਹੀ ਹੋਵਾਂਗਾ। ਕਾਰਣ ਪੁੱਛਣ `ਤੇ ਉਹ ਬੋਲਿਆ, “ਯਾਰ, ਇੰਡੀਆ ਤੋਂ ਇੱਕ ਬਾਬਾ ਜੀ ਆਏ ਹੋਏ ਆ, ਉੱਥੇ ਮੇਰਾ ਸਾਂਢੂ ਇਨ੍ਹਾਂ ਦਾ ਬੜਾ ਸ਼ਰਧਾਲੂ ਆ, ਉਹਦਾ ਮੈਨੂੰ ਫ਼ੂਨ ਆਇਐ ਪਈ ਬਾਬਾ ਜੀ ਨੂੰ, ਜਿੱਥੇ ਉਹ ਕਹਿਣ ਗੇ, ਆਪਣੇ ਨੇੜੇ ਤੇੜੇ ਦੋ ਚਾਰ ਥਾਈਂ ਲੈ ਜਾਈਂ, ਤੇ ਸੱਚੀ ਗੱਲ ਆ ਮੈਨੂੰ ਥੋਡੇ ਸ਼ਹਿਰ ਦੀ ਬਹੁਤੀ ਵਾਕਫ਼ੀ ਨਹੀਂ, ਤੇ ਬਾਬਾ ਜੀ ਨੇ ਉੱਥੇ ਆਪਣੇ ਸੇਵਕਾਂ ਦੇ ਘਰੇ ਸਤਿਸੰਗ ਕਰਨੈ, ਤੇ ਏਸੇ ਕਰ ਕੇ ਮੈਂ ਤੈਨੂੰ ਫ਼ੂਨ ਕੀਤੈ ਪਈ ਜੇ ਤੂੰ ਸਾਡੇ ਨਾਲ ਚਲਿਆ ਚਲੇਂ ਤਾਂ ਮੈਂ ਭੁੱਲਣ ਭੁਲਾਉਣ ਤੋਂ ਬਚ ਜਾਊਂ”। ਉਹਨੇ ਆਪਣਾ ਪ੍ਰੋਗਰਾਮ ਦੱਸ ਦਿੱਤਾ।
“ਮੈਂ ਘਰੇ ਈ ਹੋਣੈਂ, ਮੈਨੂੰ ਦੱਸ ਦਿਉ ਕਿੰਨੇ ਵਜੇ ਆਉਗੇ, ਤੁਸੀਂ ਮੈਨੂੰ ਘਰੋਂ ਚੁੱਕ ਲਇਉ”। ਮੈਂ ਕਿਹਾ।
“ਯਾਰ ਗੁੱਸਾ ਨਾ ਕਰੀਂ, ਸਾਡੇ ਕੋਲ ਘਰੇ ਆਉਣ ਦਾ ਟੈਮ ਨਈਂ ਹੋਣਾ, ਤੂੰ ਏਦਾਂ ਕਰੀਂ ਮੇਨ ਰੋਡ `ਤੇ ਟੈਸਕੋ ਦੇ ਕੋਲ ਖੜ੍ਹੀਂ, ਤੈਨੂੰ ਅਸੀਂ ਉੱਥੋਂ ਚੁੱਕਾਂ ਗੇ, ਗੱਲ ਦਰ ਅਸਲ ਇਹ ਆ ਪਈ ਹੁਣ ਵੀ ਅਸੀਂ ਕਿਸੇ ਸ਼ਰਧਾਲੂ ਦੇ ਘਰੇ ਸਤਿਸੰਗ `ਤੇ ਗਏ ਹੋਏ ਆਂ ਤੇ ਇੱਥੇ ਪ੍ਰੋਗਰਾਮ ਕੁੱਝ ਲੇਟ ਹੋ ਗਿਐ ਤੇ ਤੇਰੇ ਸ਼ਹਿਰ ਵਾਲੇ ਸ਼ਰਧਾਲੂਆਂ ਦਾ ਫ਼ੋਨ `ਤੇ ਫੋਨ ਆਈ ਜਾਂਦੈ”। ਉਹਨੇ ਗੱਲ ਨਿਬੇੜੀ।
“ਜਿਵੇਂ ਤੁਹਾਡੀ ਖ਼ੁਸ਼ੀ,” ਕਹਿ ਕੇ ਮੈਂ ਟੈਲੀਫ਼ੂਨ ਰੱਖ ਦਿੱਤਾ।
ਟੈਸਕੋ ਸੁਪਰ ਸਟੋਰ ਮੇਰੇ ਘਰ ਦੇ ਬਿਲਕੁਲ ਨੇੜੇ ਹੀ ਮੁੱਖ ਸੜਕ ਉੱਪਰ ਪੈਂਦਾ ਹੈ, ਤੇ ਕੁਦਰਤੀਂ ਅੱਜ ਮੌਸਮ ਵੀ ਬਹੁਤ ਸੋਹਣਾ ਸੀ ਸੋ ਦਿੱਤੇ ਹੋਏ ਸਮੇਂ ਮੁਤਾਬਕ ਮੈਂ ਟੈਸਕੋ ਦੇ ਕੋਲ ਮੇਨ ਸੜਕ `ਤੇ ਖੜੋ ਗਿਆ। ਕੁੱਝ ਮਿੰਟਾਂ ਬਾਅਦ ਹੀ ਮੇਰੇ ਵਾਕਫ਼ਕਾਰ ਦੀ ਕਾਰ ਆ ਪਹੁੰਚੀ।
ਕਾਰ ਦੀ ਪਿਛਲੀ ਸੀਟ ਉੱਪਰ ਇੱਕ ਬੜੀ ਹੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਦੋ ਸੀਟਾਂ ਜਿੰਨਾ ਥਾਂ ਮੱਲੀ ਬੈਠੀ ਸੀ। ਦਗ਼ ਦਗ਼ ਕਰਦਾ ਚਿਹਰਾ, ਲੰਬਾ ਦੁੱਧ-ਚਿੱਟਾ ਦਾਹੜਾ `ਤੇ ਸਫ਼ੈਦ ਕੱਪੜਿਆਂ ਵਿੱਚ ਉਹ ਕੋਈ ਅਰਸ਼ੀ ਸ਼ੈਅ ਲਗਦੀ ਸੀ। ਮੇਰੇ ਦੋਸਤ ਨੇ ਮੈਨੂੰ ਅਗਲੀ ਸੀਟ `ਤੇ ਬੈਠਣ ਦਾ ਇਸ਼ਾਰਾ ਕੀਤਾ। ਸੀਟ `ਤੇ ਬੈਠਣ ਬਾਅਦ ਮੈਂ ਬਾਬਾ ਜੀ ਨੂੰ ਫ਼ਤਿਹ ਬੁਲਾਈ ਪਰ ਬਾਬਾ ਜੀ ਨੂੰ ਮੇਰੀ ਫ਼ਤਿਹ ਨਾਲੋਂ ਮੋਬਾਈਲ ਫੋਨ ਉੱਪਰ ਕੀਤੀ ਜਾ ਰਹੀ ਗੱਲਬਾਤ ਵਿੱਚ ਵਧੇਰੇ ਦਿਲਚਸਪੀ ਸੀ।
ਸ਼ਹਿਰ ਦਾ ਬੜਾ ਆਲੀਸ਼ਾਨ ਇਲਾਕਾ ਸੀ ਇਹ। ਜਿਸ ਘਰ ਅਸੀਂ ਪਹੁੰਚੇ, ਇਹਨੂੰ ਮੈਨਸ਼ਨ ਕਹਿਣਾ ਜ਼ਿਆਦਾ ਬਿਹਤਰ ਹੋਵੇਗਾ। ਉੱਥੇ ਤਕਰੀਬਨ ਪੱਚੀ ਤੀਹ ਔਰਤਾਂ ਮਰਦ ਇੱਕਠੇ ਹੋਏ ਹੋਏ ਸਨ। ਉਹ ਬਾਹਰਲੇ ਗੇਟ ਕੋਲ ਹੀ ਬਾਬਾ ਜੀ ਦਾ ਇੰਤਜ਼ਾਰ ਕਰ ਰਹੇ ਸਨ। ਬਾਬਾ ਜੀ ਨੇ ਅਜੇ ਇੱਕ ਪੈਰ ਹੀ ਕਾਰ `ਚੋਂ ਬਾਹਰ ਰੱਖਿਆ ਸੀ ਕਿ ਕੁੱਝ ਸ਼ਰਧਾਲੂ ਤਾਂ ਉਥੇ ਹੀ ਦੰਡਵਤ ਹੋ ਗਏ। ਬਾਬਾ ਜੀ ਇਕੱਲੇ ਇਕੱਲੇ ਨੂੰ ਆਸ਼ੀਰਵਾਦ ਦੇ ਰਹੇ ਸਨ। ਉਨ੍ਹਾਂ ਦਾ ਆਸ਼ੀਰਵਾਦ ਦੇਣ ਦਾ ਢੰਗ ਵੀ ਬੜਾ ਨਿਰਾਲਾ ਸੀ। ਉਹ ਅੱਖਾਂ ਬੰਦ ਕਰ ਕੇ ਬੜੇ ਸਹਿਜੇ ਸਹਿਜੇ ਸਾਰੀ ਪਿੱਠ ਉਪਰ ਹੱਥ ਫੇਰਦੇ ਅਤੇ ਬਾਅਦ ਵਿੱਚ ਹੱਥ ਨੂੰ ਇਉਂ ਝਟਕਦੇ ਜਿਵੇਂ ਹੱਥ ਨਾਲੋਂ ਕੁੱਝ ਝਾੜਦੇ ਹੋਣ।
ਫਿਰ ਸਾਰੀਆਂ ‘ਸੰਗਤਾਂ’ ਇੱਕ ਵੱਡੇ ਸਾਰੇ ਕਮਰੇ ਵਿੱਚ ਬਰਾਜਮਾਨ ਹੋ ਗਈਆਂ। ਬਾਬਾ ਜੀ ਵਾਸਤੇ ਇੱਕ ਆਰਾਮ ਕੁਰਸੀ ਲਿਆਂਦੀ ਗਈ। ਸਭ ਨੂੰ ਜਲਪਾਨ ਕਰਵਾਇਆ ਗਿਆ ਤੇ ਨਾਲ ਨਾਲ ਬਾਬਾ ਜੀ ਨੇ ਆਪਣੇ ‘ਪ੍ਰਵਚਨ’ ਸ਼ੁਰੂ ਕੀਤੇ। ਗੱਲ ਬਾਤ ਦਾ ਰੰਗ ਧਾਰਮਿਕ ਨਾ ਹੋ ਕੇ ਇੰਡੀਆ ਵਿੱਚ ਜ਼ਮੀਨ ਜਾਇਦਾਦ ਦੀਆਂ ਕੀਮਤਾਂ, ਰੁਪਇਆ ਪੈਸਾ, ਇਲੈਕਸ਼ਨਾਂ, ਸਿਆਸੀ ਆਗੂਆਂ ਨਾਲ ਮੇਲ-ਮਿਲਾਪ ਅਤੇ ਵੱਡੇ ਅਫ਼ਸਰਾਂ ਤੱਕ ਆਪਣੀ ਪਹੁੰਚ, ਉਨ੍ਹਾਂ ਦੇ ਡੇਰੇ ਦੀ ਤਰੱਕੀ ਆਦਿਕ ਦੇ ਵਿਸ਼ਿਆਂ ਦੁਆਲੇ ਹੀ ਘੁੰਮਦਾ ਰਿਹਾ। ਬਾਬਾ ਜੀ ਨੇ ਇੱਕ ਘਟਨਾ ਬੜੇ ਚਟਖ਼ਾਰੇ ਲਾ ਲਾ ਕੇ ਆਪਣੇ ਸ਼ਰਧਾਲੂਆਂ ਨੂੰ ਸੁਣਾਈ ਕਿ ਕਿਵੇਂ ਇੱਕ ਅਫ਼ਸਰ ਨੇ ਉਨ੍ਹਾਂ ਦੇ ਇੱਕ ਦੋ ‘ਕੰਮਾਂ’ ਵਿੱਚ ਰੋੜੇ ਅਟਕਾਏ ਸਨ ਤੇ ਕਿਵੇਂ ਫਿਰ ਉਹਨੀਂ ਆਪਣਾ ਸਿਆਸੀ ਅਸਰ ਰਸੂਖ਼ ਵਰਤ ਕੇ ਉਸ ਅਫ਼ਸਰ ਦੀ ਵਾਰ ਵਾਰ ਬਦਲੀ ਕਰਵਾ ਕੇ ਉਹਨੂੰ ਉਹ ਨੱਕ ਚਣੇ ਚਬਾਏ ਕਿ ਉਹ ਅਖ਼ੀਰ ਇਨ੍ਹਾਂ ਦੇ ਚਰਨੀਂ ਆ ਡਿਗਾ।
ਬਾਬਾ ਜੀ ਨੇ ਆਪਣੀ ਸਿੱਖੀ ਸੇਵਕੀ ਦੀ ਵਧੀ ਹੋਈ ਗਿਣਤੀ ਦਾ ਵਿਸ਼ੇਸ਼ ਰੂਪ `ਚ ਜ਼ਿਕਰ ਕੀਤਾ ਖ਼ਾਸ ਕਰ ਬਾਹਰਲੇ ਮੁਲਕਾਂ ਵਿਚ। ਦਾਹੜੇ ਅਤੇ ਮੁੱਛਾਂ ਉੱਪਰ ਹੱਥ ਫੇਰਨ ਦਾ ਵੀ ਉਨ੍ਹਾਂ ਦਾ ਆਪਣਾ ਹੀ ਇੱਕ ਵੱਖਰਾ ਅੰਦਾਜ਼ ਸੀ। ਬਾਬਾ ਜੀ ਦਾ ਇੱਕ ਤਕੀਆ- ਕਲਾਮ ਬੜਾ ਹੀ ਕਾਬਲੇ-ਗ਼ੌਰ ਸੀ। ਜਿਸ ਵਿਅਕਤੀ ਨੂੰ ਉਹ ਪਸੰਦ ਨਹੀਂ ਸਨ ਕਰਦੇ ਉਸ ਦਾ ਜ਼ਿਕਰ ਕਰਦੇ ਸਮੇਂ ਉਹ ਆਪਣੇ ਹੀ ਵੱਖਰੇ ਅੰਦਾਜ਼ ਵਿੱਚ ਉਸ ਨੂੰ “ਕੁੱਤੇ ਦੀ ਪੂਛ” ਦੀ ਉਪਾਧੀ ਦਿੰਦੇ ਸਨ। ਵਿੱਚ ਵਿਚਾਲੇ ਕਦੀ ਕਦੀ ਉਹ ਵਾਹਿਗੁਰੂ ਮੰਤਰ ਦਾ ਉਚਾਰਣ ਇਉਂ ਕਰਦੇ ਜਿਵੇਂ ਉਸ ਅਨੰਤ ਸ਼ਕਤੀ ਨੂੰ ਸੁਣਾ ਕੇ ਉਸ ਉੱਪਰ ਅਹਿਸਾਨ ਕਰ ਰਹੇ ਹੋਣ।
ਘੰਟਾ ਕੁ ਇਹ ‘ਸਤਿਸੰਗ’ ਇਉਂ ਹੀ ਚਲਦਾ ਰਿਹਾ ਤੇ ਫੇਰ ਬਾਬਾ ਜੀ ਨੇ ਆਪਣੇ ਕੋਲੋਂ ਹੀ ਜੋੜੀਆਂ ਹੋਈਆਂ ਬੇਢੱਬੀਆਂ ਜਿਹੀਆਂ ਕੁੱਝ ਤੁਕਾਂ ਵਾਜੇ ਨਾਲ ਪੜ੍ਹੀਆਂ ਜਿਨ੍ਹਾਂ ਨੂੰ ਉਹ ਸ਼ਬਦ ਕਹਿ ਰਹੇ ਸਨ। ਤੇ ਫਿਰ ਉਨ੍ਹੀਂ ਆਪਣੀ ਹੀ ਬਣਾਈ ਹੋਈ ਅਰਦਾਸ ਕੀਤੀ ਤੇ ਆਰਾਮ ਕੁਰਸੀ `ਤੇ ਬੈਠ ਕੇ ਆਪਣੇ ਹੱਥੀਂ ਸਭ ਨੂੰ ਖੋਏ ਦੀ ਬਰਫ਼ੀ ਦਾ ਪਰਸ਼ਾਦ ਦਿੱਤਾ।
ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਇੱਕ ਦੋ ਖ਼ਾਸ ਸੇਵਕਾਂ ਨਾਲ ਬੰਦ ਕਮਰੇ ਵਿੱਚ ਜਾ ਕੇ ਪੰਦਰਾਂ ਵੀਹ ਮਿੰਟ ਵਿਸ਼ੇਸ਼ ਮੁਲਾਕਾਤ ਕੀਤੀ। ਕਮਰੇ `ਚੋਂ ਵਾਪਿਸ ਆ ਕੇ ਫਿਰ ਦੂਸਰੇ ਸ਼ਹਿਰ ਵਿੱਚ ਸ਼ਾਮ ਦੇ ਸਤਿਸੰਗ ਬਾਰੇ ਦੱਸਿਆ ਗਿਆ ਤੇ ਵਾਪਿਸੀ ਦਾ ਐਲਾਨ ਕਰ ਦਿੱਤਾ ਗਿਆ। ਸਤਿਸੰਗੀਆਂ ਨੇ ਮਿੰਟਾਂ ਵਿੱਚ ਹੀ ਬਾਬਾ ਜੀ ਨੂੰ ਪੌਂਡਾਂ, ਕੀਮਤੀ ਗਹਿਣਿਆਂ, ਕੱਪੜਿਆਂ ਤੇ ਹੋਰ ਅਨੇਕਾਂ ਪ੍ਰਕਾਰ ਦੇ ਤੋਹਫ਼ਿਆਂ ਨਾਲ ਲੱਦ ਦਿੱਤਾ। ਵਾਪਿਸੀ ਵੇਲੇ ਘਰ ਵਾਲਿਆਂ ਨੇ ਬਾਬਾ ਜੀ ਤੋਂ ਦੁਬਾਰਾ ਉਨ੍ਹਾਂ ਦੇ ਘਰ ਚਰਨ ਪਾਉਣ ਦਾ ਵਚਨ ਲੈ ਕੇ ਹੀ ਕਾਰ ਅਗਾਂਹ ਤੁਰਨ ਦਿੱਤੀ।
ਟੈਸਕੋ ਦੇ ਕੋਲ ਆ ਕੇ ਮੈਂ ਬਾਬਾ ਜੀ ਨੂੰ ਸਰਸਰੀ ਜਿਹੀ ਸੁਲਾਹ ਮਾਰੀ ਕਿ ਉਹ ਦਾਸਾਂ ਦੇ ਗ੍ਰਹਿ ਵਿਖੇ ਵੀ ਚਰਨ ਪਾਉਣ।
“ਭਗਤਾ, ਸਾਡੇ ਦੌਰਿਆਂ ਦੇ ਪ੍ਰੋਗਰਾਮ ਪਹਿਲਾਂ ਈ ਉੱਥੇ ਸਾਡੇ ਡੇਰੇ `ਚ ਸੈਕਟਰੀ ਵਲੋਂ ਬਣਾਏ ਜਾਂਦੇ ਆ, ਅਗਲੀ ਵਾਰੀ ਦਾ ਪ੍ਰੋਗਰਾਮ ਤੁਸੀਂ ਇੰਡੀਆ ਸਾਡੇ ਸੈਕਟਰੀ ਨੂੰ ਫ਼ੂਨ ਕਰ ਕੇ ਬੁੱਕ ਕਰਵਾ ਲਈਉ”। ਇੰਨੀ ਗੱਲ ਕਹਿ ਕੇ ਬਾਬੇ ਨੇ ਮੇਰੇ ਦੋਸਤ ਵਲ ਇਉਂ ਦੇਖਿਆ ਜਿਵੇਂ ਕਿਹਾ ਹੋਵੇ “ਭਾਈ ਸ਼ਖ਼ਸਾ, ਕਾਹਨੂੰ ਟੈਮ ਬਰਬਾਦ ਕਰਦੈਂ, ਗੱਡੀ ਤੋਰ”।
ਨਿਰਮਲ ਸਿੰਘ ਕੰਧਾਲਵੀ
.