.

ਕੀ ਗੁਰਬਾਣੀ ਕਲਯੁਗ ਨੂੰ ਮੰਨਦੀ ਹੈ?

ਪ੍ਰੋ: ਸਰਬਜੀਤ ਸਿੰਘ ਧੂੰਦਾ

98555, 98851

ਜਦੋਂ ਕੋਈ ਵੀ ਅਣਹੋਣੀ ਗੱਲ ਵਾਪਰਦੀ ਹੈ ਤਾਂ ਸਾਡਿਆਂ ਪੁਰਖਿਆਂ ਵਲੋਂ ਇਹ ਗੱਲ ਆਮ ਕਹੀ ਜਾਦੀ ਹੈ ਅਖੇ ਜੀ ਇਹ ਕਲਯੁਗ ਦਾ ਸਮਾ ਚੱਲ ਰਿਹਾ ਹੈ। ਜਿਵੇ ਕਿਸੇ ਦੀ ਔਲਾਦ ਆਖੇ ਨਾ ਲਗੇ, ਦਾਜ ਦੇ ਕਾਰਣ ਕਿਸੇ ਦੀ ਨੂੰਹ, ਧੀ ਨੂੰ ਅੱਗ ਲਾਕੇ ਸਾੜ ਦੇਣਾ, ਦੁਨੀਆਂ ਤੇ ਰਿਸਵਤਖੋਰੀ ਦਾ ਵੱਧ ਜਾਣਾ ਕਹਿਣ ਤੋਂ ਭਾਵ ਇਹ ਤਮਾਮ ਬੁਰਾਈਆਂ ਨੂੰ ਕਲਯੁਗ ਕਹਿਕੇ ਆਪਣਾ ਖਹਿੜਾ ਛੁਡਾਇਆ ਜਾਦਾ ਹੈ। ਆਮ ਇਨਸਾਨ ਇਹ ਗੱਲ ਵਰਤੇ ਤਾਂ ਕਹਿਣਾ ਪਵੇਗਾ ਕਿ ਇਸ ਨੂੰ ਗੁਰਬਾਣੀ ਦਾ ਗਿਆਨ ਨਹੀ, ਪਰ ਇਥੇ ਤਾਂ ਧਾਰਮਿਕ ਸਟੇਜਾਂ ਤੇ ਗੁਰਬਾਣੀ ਦੀ ਕਥਾ, ਕੀਰਤਨ, ਤੇ ਢਾਢੀ ਵਾਰਾਂ ਗਾਉਣ ਵਾਲੇ ਆਮ ਇਹ ਗੱਲ ਕਹਿੰਦੇ ਹਨ, ਕਿ ਕਲਯੁਗ ਦਾ ਭਿਆਨਕ ਸਮਾ ਚੱਲ ਰਿਹਾ ਹੈ, ਇਸ ਦਾ ਮਤਲਬ ਕਿ ਬਹੁਤੇ ਰਾਗੀ, ਪ੍ਰਚਾਰਕ, ਢਾਢੀ ਕਵੀਸ਼ਰ, ਗੁਰਮਤਿ ਦੇ ਗਿਆਨ ਤੋਂ ਸਖਣੇ ਹਨ ਜਿੰਨਾਂ ਨੂੰ ਇਹ ਨਹੀ ਪਤਾ ਕੇ ਕਲਯੁਗ ਕਿਸੇ ਸਮੇ ਨੂੰ ਨਹੀ ਨੀਵੀਂ ਸੋਚ ਵਾਲੀ ਬਿਰਤੀ ਨੂੰ ਕਹਿੰਦੇ ਹਨ।

ਆਉ ਵੀਚਾਰ ਕਰੀਏ ਕਿ ਗੁਰਬਾਣੀ ਮੁਤਾਬਿਕ ਕਲਯੁਗ ਕੀ ਹੈ। ਪੰਡਿਤ ਕਹਿੰਦਾ ਹੇ ਦੁਨੀਆਂ ਦੇ ਲੋਕੋ ਕਲਿਜੁਗ ਆ ਗਿਆ ਕਲਿਜੁਗ ਆ ਗਿਆ ਤਾਂ ਗੁਰੂ ਨਾਨਕ ਸਾਹਿਬ ਜੀ ਪੰਡਿਤ ਨੂੰ ਪੁਛਦੇ ਹਨ, ਕਿਥੋ ਆਇਆ ਹੈ ਕਲਜੁਗ ਤੇ ਕਿਸ ਨੇ ਲਿਆਦਾ ਹੈ? ਗੁਰੂ ਜੀ ਕਹਿੰਦੇ ਹਨ ਹੇ ਪੰਡਿਤ ਤੂੰ ਆਖਦਾ ਹੈ ਕਿ ਪਹਿਲਾਂ ਕਦੀ ਸਤਯੁਗ ਸੀ ਤੇ ਕਦੀ ਤ੍ਰੇਤਾ ਤੇ ਦੁਆਪਰ ਸੀ ਤੇ ਹੁਣ ਕਲਯੁਗ ਹੈ। ਤਾਂ ਗੁਰੂ ਜੀ ਆਖਦੇ ਹਨ ਜੇ ਸਾਰਿਆ ਸਮਿਆਂ ਵਿੱਚ ਸੂਰਜ ਚੰਦ੍ਰਮਾ ਹਵਾ ਪਾਣੀ ਧਰਤੀ ਇਹ੍ਹਨਾਂ ਵਿੱਚ ਕੋਈ ਤਬਦੀਲੀ ਨਹੀ ਹੋਈ ਤਾਂ ਫਿਰ ਕਲਯੁਗ ਕਿਵੇਂ ਆਇਆ ਹੈ ਜਰਾ ਮੈਨੂੰ ਸਮਝਾਅ ਤਾਂ ਪੰਡਿਤ ਗੁਰੂ ਜੀ ਦੀਆਂ ਵੀਚਾਰਾਂ ਸੁਣਕੇ ਚੁਪ ਕਰ ਗਿਆ, ਗੁਰੂ ਜੀ ਪੰਡਿਤ ਦੇ ਰਾਹੀਂ ਸਮੁਚੀ ਮਾਨਵਤਾ ਨੂੰ ਬ੍ਰਹਮਣ ਵਲੋਂ ਪਾਏ ਕਲਯੁਗ ਦੇ ਇਸ ਭਰਮ ਜਾਲ ਵਿੱਚੋਂ ਗੁਰਬਾਣੀ ਦੀਆਂ ਵੀਚਾਰਾਂ ਦੁਆਰਾ ਕਢਦਿਆਂ ਹੋਇਆਂ ਫੁਰਮਾਉਦੇ ਹਨ।

ਹੇ ਪਡਿੰਤ ਆ ਤੈਨੂੰ ਮੈ ਦੱਸਾਂ ਅਸਲੀ ਕਲਯੁਗ ਕੀ ਹੁੰਦਾ ਹੈ, ਜਦੋਂ ਮਨੁੱਖ ਆਪਣੇ ਸੁਆਰਥ ਵਾਸਤੇ ਕਿਸੇ ਦੂਜੇ ਇਨਸਾਨ ਦੀ ਵਰਤੋਂ ਕਰਦਾ ਹੈ, ਅਤੇ ਆਪਣੇ ਹਿਤ ਲਈ ਦੂਜਿਆਂ ਤੇ ਜੁਲਮ ਕਰਦਾ ਹੈ, ਇਹੀ ਅਸਲ ਕਲਯੁਗ ਹੈ, ਜਿਸ ਦਾ ਕਿਸੇ ਸਮੇ ਸਥਾਂਨ ਨਾਲ ਕੋਈ ਸਬੰਧ ਨਹੀ ਸਗੋਂ ਮਨੁੱਖ ਦੀ ਬਿਰਤੀ ਨਾਲ ਸਬੰਧ ਹੈ। ਰਾਮਕਲੀ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 902 ਉਪਰ ਫੁਰਮਾਉਦੇ ਹਨ।

ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ ॥

ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ ॥੧॥

ਜੀਵਨ ਤਲਬ ਨਿਵਾਰਿ ॥ ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ

ਗੁਰੂ ਜੀ ਨੇ ਜਿਸ ਬ੍ਰਹਮਣ ਦੇ ਭਰਮ ਜਾਲ ਵਿੱਚੋਂ ਸਾਨੂੰ ਬਾਹਰ ਕੱਢਿਆ ਅਸੀ ਫਿਰ ਉਸ ਜਾਲ ਵਿੱਚ ਫਸਦੇ ਜਾ ਰਹੇ ਹਾਂ ਆਸਾ ਕੀ ਵਾਰ ਅੰਦਰ ਗੁਰੂ ਨਾਨਕ ਸਾਹਿਬ ਜੀ ਨੇ ਚਾਰੇ ਜੁਗਾਂ ਦੀ ਵਿਆਖਿਆ ਮਨੁੱਖੀ ਮਨ ਦੁਆਲੇ ਹੀ ਕੀਤੀ ਹੈ।

ਸਲੋਕੁ ਮਃ ੧ ॥ ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ ॥ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ ॥ ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ ॥ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ ॥ ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ ॥ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ ॥੧॥

ਹਿੰਦੂ ਮਤ ਚਾਰ ਜੁਗ ਨੂੰ ਮੰਨਦਾ ਹੈ ਤੇ ਉਹ੍ਹਨਾਂ ਦੀ ਉਮਰ ਵੀ ਵੱਖ ਵੱਖ ਮੰਨਦਾ ਹੈ, ਜਿਵੇ ਸਤਜੁਗ ਦੀ ਉਮਰ 1728000, ਤੇ ਤ੍ਰੇਤੈ ਦੀ 1596000, ਦੁਆਪਰ ਦੀ 864000, ਤੇ ਕਲਜੁਗ ਦੀ 472000, ਇਸ ਤ੍ਰਰਾਂ ਬ੍ਰਹਮਣ ਇੰਨਾਂ ਮਨਘੜਤ ਜੁਗਾਂ ਦਾ ਪ੍ਰਭਾਵ ਪਾਕੇ ਮਨੁਖਤਾ ਦੀ ਲੁਟ ਕਰਦਾ ਰਹਿੰਦਾ ਹੈ।

ਇਸ ਸਲੋਕ ਵਿੱਚ ਗੁਰੂ ਜੀ ਹਿੰਦੂ ਮਤ ਅਨੁਸਾਰ ਚਾਰ ਜੁਗਾਂ ਦੀ ਕੀਤੀ ਵੰਡ ਤੇ ਵੀਚਾਰ ਕਰਦੇ ਹੋਏ ਫੁਰਮਾਉਦੇ ਹਨ।

ਹੇ ਬ੍ਰਹਮਣ ਤੂੰ ਚਾਰ ਜੁਗਾਂ ਦਾ ਭੁਲੇਖਾ ਪਾ ਕੇ ਲੋਕਾਈ ਨੂੰ ਲੁਟ ਰਿਹਾਂ ਹੈ, ਆ ਤੈਨੂੰ ਮੈ ਦੱਸਾਂ ਕਿ ਇਹ ਚਾਰੇ ਜੁਗ ਮਨੁਖ ਦੇ ਜੀਵਨ ਵਿੱਚ ਕਿਵੇ ਰੋਲ ਨਿਭਾਉਦੇ ਹਨ। ਮਨੁਖ ਦਾ ਜੀਵਨ ਮਾਨੋ ਰਥ ਭਾਵ ਗੱਡੀ ਹੈ, ਤੇ ਸੁਭਾਅ ਇਸ ਦਾ ਰਥਵਾਹ ਭਾਵ ਡਰਾਈਵਰ ਹੈ, ਜੋ ਸਮੇ ਸਮੇ ਬਦਲਦਾ ਰਹਿੰਦਾ ਹੈ। ਜਦੋਂ ਇਨਸਾਨ ਦਾ ਸੁਭਾਅ ਧਰਮ ਕਮਾਉਣ ਵਾਲਾ ਹੋਵੇ ਤਾਂ ਇਸ ਦੀ ਜਿੰਦਗੀ ਸੰਤੋਖ ਦੀ ਧਾਰਨੀ ਹੂੰਦੀ ਹੈ ਇਸ ਤਰਾਂ ਹੇ ਪੰਡਿਤ ਮੰਨ ਲਉ ਉਸ ਵੱਖਤ ਇਹ ਮਨੁਖ ਸਤਜੁਗੀ ਹੋਕੇ ਜੀਵਨ ਬਤੀਤ ਕਰ ਰਿਹਾ ਹੁੰਦਾ ਹੈ, ਇਸੇ ਤਰਾਂ ਜਦੋਂ ਮਨੁੱਖ ਦਾ ਸੁਭਾਅ ਝੂਠ ਬੋਲਕੇ ਪਰਵਾਰ ਪਾਲਣ ਵਾਲਾ ਬਣ ਜਾਏ ਤਾਂ ਉਸ ਵਖਤ ਇਸ ਦੀ ਜਿੰਦਗੀ ਤ੍ਰਿਸ਼ਨਾਲੂ ਹੋ ਜਾਦੀ ਹੈ ਅਤੇ ਉਸ ਵਖਤ ਇਹ ਮਨੁੱਖ ਕਲਯੁਗ ਵਿੱਚ ਜਿੰਦਗੀ ਬਤੀਤ ਕਰ ਰਿਹਾ ਹੁੰਦਾ ਹੈ। ਇਸੇ ਤਰਾਂ ਬਾਕੀ ਜੁਗ ਵੀ ਸੁਭਾਅ ਤਬਦੀਲ ਹੋਣ ਨਾਲ ਬਦਲੇ ਰਹਿੰਦੇ ਹਨ। ਜਿਵੇਂ ਅਸੀ ਉਪਰ ਵੀਚਾਰ ਕਰ ਆਏ ਹਾਂ ਕਿ ਸਾਡੀ ਜਿੰਦਗੀ ਇੱਕ ਗੱਡੀ ਹੈ ਤੇ ਸੁਭਾਅ ਇਸ ਦਾ ਡਰਾਈਵਰ ਹੈ ਜਿ ਸੁਭਾਅ ਵਿੱਚ ਗਿਰਾਵਟ ਹੋਵੇਗੀ ਤਾਂ ਜੀਵਨ ਵੀ ਘਟੀਆ ਹੀ ਹੋਵੇਗਾ। ਆਮ ਅਸੀ ਬੱਸਾਂ ਉਪਰ ਲਿਖਿਆ ਵੇਖਦੇ ਹਾਂ ਸ਼ਰਾਬ ਤੇ ਡਰਾਈਵਿੰਗ ਦਾ ਕੋਈ ਮੇਲ ਨਹੀ ਜੇ ਬੱਸ ਚਲਾਉਣ ਵਾਲੇ ਨੇ ਨਸ਼ੇ ਦਾ ਸੇਵਨ ਕੀਤਾ ਹੋਵੇਗਾ ਤਾਂ ਬੱਸ ਅਤੇ ਸਵਾਰੀਆਂ ਦੋਵਾਂ ਵਾਸਤੇ ਖਤਰਾ ਹੈ। ਇਸੇ ਤਰਾਂ ਜੇ ਸਾਡੇ ਸੁਭਾਅ ਨੇ ਨਸ਼ਾ ਕੀਤਾ ਹੋਵੇਗਾ ਤਾਂ ਸਾਡੇ ਜੀਵਨ ਵਾਸਤੇ ਖਤਰਾ ਹੈ। ਅਸੀ ਆਮ ਕਹਿੰਦੇ ਹਾਂ ਫਲਾਣੇ ਵਿਅਕਤੀ ਦਾ ਸਰੀਰ ਨਸ਼ੇ ਦਾ ਆਦੀ ਹੋ ਚੁੱਕਾ ਹੈ ਕੀ ਸਰੀਰ ਤੇ ਸੁਭਾਅ ਦੋਵਾਂ ਦੇ ਨਸ਼ੇ ਵੱਖਰੇ-ਵੱਖਰੇ ਹਨ ਬਿਲਕੁਲ ਵੱਖਰੇ-ਵੱਖਰੇ ਹਨ ਆਉ ਇੰਨਾਂ ਦੋਵਾਂ ਦੇ ਨਸ਼ਿਆਂ ਬਾਰੇ ਵੀਚਾਰ ਕਰਈਏ ਕਿ ਇੰਨਾਂ ਦੇ ਨਸ਼ੇ ਕੀ ਹਨ। ਸਰੀਰ ਦਾ ਕੀਤਾ ਹੋਇਆ ਨਸ਼ਾ ਤਾਂ ਸਾਨੂੰ ਦਿਖਾਈ ਦੇਂਦਾ ਹੈ ਜਿਵੇਂ ਸ਼ਰਾਬ, ਅਫੀਮ, ਭੁੱਕੀ, ਸਮੈਕ, ਚਰਸ, ਇਹੋ ਜਿਹੇ ਅਨੇਕਾਂ ਨਸ਼ੇ ਹੋਰ ਵੀ ਹਨ ਜਿਸ ਦੀ ਵਰਤੋਂ ਸਰੀਰ ਕਰ ਰਿਹਾ ਹੈ। ਤੇ ਵੇਖਣ ਵਾਲਾ ਆਮ ਕਹਿ ਉਠਦਾ ਫਲਾਣੇ ਵਿਅਕਤੀ ਨੇ ਨਸ਼ਾ ਕੀਤਾ ਹੋਇਆ ਹੈ। ਪਰ ਸੁਭਾਅ ਦੇ ਕੀਤੇ ਹੋਏ ਨਸ਼ੇ ਇਨਸਾਨ ਨੂੰ ਦਿਖਾਈ ਨਹੀ ਦੇਂਦੇ ਹੋ ਸਕਦਾ ਗੁਰਬਾਣੀ ਪੜਨ ਵੀਚਾਰਨ ਤੇ ਹਰ ਰੋਜ਼ ਗੁਰਦੁਆਰੇ ਆਉਣ ਵਾਲੇ ਵਿਅਕਤੀ ਵੀ ਇਸ ਨਸ਼ੇ ਦੇ ਆਦੀ ਹੋਣ। ਆਉ ਹੁਣ ਸੁਭਾਅ ਦੇ ਕੀਤੇ ਹੋਏ ਨਸ਼ਿਆਂ ਬਾਰੇ ਵੀਚਾਰ ਕਰੀਏ। ਮੈ ਆਪਣੇ ਕਿਸਮ ਦੇ ਬਾਣੇ ਵਾਲੇ ਸਿੰਘਾਂ ਕੋਲੋ ਤਿਆਰ ਕੀਤਾ ਹੋਇਆ ਲੰਗਰ ਛੱਕਦਾ ਅਤੇ ਦੇਗ ਲੈਂਦਾ ਹਾਂ ਇਹ ਪਹਿਲੀ ਕਿਸਮ ਦਾ ਨਸ਼ਾ। ਮੈ ਜਾਤ ਕਰਕੇ ਦੂਸਰਿਆਂ ਨਾਲੋਂ ਉਚਾ ਹਾਂ ਇਹ ਦੂਸਰੀ ਕਿਸਮ ਦਾ ਨਸ਼ਾ। ਮੈ ਫਲਾਣੇ ਬ੍ਰਹਮਗਿਆਨੀ ਕੋਲੋ ਅਮ੍ਰਿੰਤ ਛੱਕਿਆ ਹੈ ਤੁਹਾਡੇ ਨਾਲੋ ਮੇਰਾ ਅੰਮ੍ਰਿਤ ਵਧੀਆ ਹੈ ਇਹ ਤੀਸਰੀ ਕਿਸਮ ਦਾ ਨਸ਼ਾ। ਬਿਊਟੀ ਪਾਰਲਰ ਤੇ ਜਾ ਕੇ ਆਪਣੇ ਆਪ ਨੂੰ ਸੁਹਣਾ ਬਨਾਉਣ ਦੀ ਕੋਸਿਸ ਕਰਨੀ ਚੌਥੀ ਕਿਸਮ ਦਾ ਨਸ਼ਾ। ਮੈ ਪੈਸੇ ਕਰਕੇ ਦੂਸਰਿਆ ਨਾਲੋਂ ਜਿਆਦਾ ਅਮੀਰ ਹਾਂ ਇਹ ਪੰਜਵੀ ਕਿਸਮ ਦਾ ਨਸ਼ਾ। ਮੈ ਦੂਸਰਿਆਂ ਨਾਲੋਂ ਜਿਆਦਾ ਧਰਮੀ ਹਾਂ ਇਹ ਛੇਵੀਂ ਕਿਸਮ ਦਾ ਨਸ਼ਾ। ਮਾਣ ਵਡਿਆਈ ਦੀ ਭੁੱਖ ਇਹ ਸਤਵੀਂ ਕਿਸਮ ਦਾ ਨਸ਼ਾ। ਮੇਰੇ ਵਰਗਾ ਹੋਰ ਕੋਈ ਵਿਦਵਾਨ ਨਹੀ ਇਹ ਅੱਠਵੀਂ ਕਿਸਮ ਦਾ ਨਸ਼ਾ। ਮੇਰੇ ਵਰਗਾ ਹੋਰ ਕੋਈ ਪ੍ਰਬੰਧ ਨਹੀ ਪ੍ਰਿਥੀ ਚੰਦ ਦੀ ਤਰਾਂ ਇਹ ਨੌਵੀਂ ਕਿਸਮ ਦਾ ਨਸ਼ਾ। ਮੇਰੇ ਜਿੰਨੀ ਧਾਰਮਿਕ ਯਾਤਰਾ ਕਿਸੇ ਨੇ ਨਹੀ ਕੀਤੀ ਹੋਣੀ ਇਹ ਦੱਸਵੀਂ ਕਿਸਮ ਦਾ ਨਸ਼ਾ। ਮੇਰੇ ਵਰਗਾ ਕੋਈ ਦਾਨੀ ਨਹੀ ਇਹ ਗਿਆਰਵੀਂ ਕਿਸਮ ਦਾ ਨਸ਼ਾ। ਇਹੋ ਜਿਹੇ ਪਤਾ ਨਹੀ ਕਿੰਨੇ ਪ੍ਰਕਾਰ ਦੇ ਨਸ਼ੇ ਹੋਰ ਹਨ ਜੋ ਇਨਸਾਨ ਹਰ ਰੋਜ਼ ਕਰ ਰਿਹਾ ਹੈ। ਜਿਸ ਕਰਕੇ ਇਹ ਇਨਸਾਨ ਕਲਯੁਗੀ ਹੋ ਕੇ ਜੀਵਨ ਬਤੀਤ ਕਰ ਰਿਹਾ ਹੈ।

ਗੁਰੂ ਦੁਆਰੈ ਹੋਇ ਸੋਝੀ ਪਾਇਸੀ

ਦੇ ਮਹਾਂਵਾਕ ਅਨੁਸਾਰ ਅਸੀ ਸਾਰੇ ਗੁਰੂ ਜੀ ਕੋਲੋ ਆਪਣੀ ਜਿੰਦਗੀ ਰੂਪੀ ਗੱਡੀ ਨੂੰ ਚਲਾਉਣ ਵਾਸਤੇ ਸੁਭਾਅ ਰੂਪੀ ਵਧੀਆ ਅੰਮ੍ਰਿਤਧਾਰੀ ਡਰਾਈਵਰ ਲੈਣ ਆਉਦੇ ਹਾਂ ਤਾਂ ਕਿ ਸਾਡੀ ਜਿੰਦਗੀ ਰੂਪੀ ਗੱਡੀ ਵਿਕਾਰਾਂ ਰੂਪੀ ਖੱਡਿਆਂ ਤੋਂ ਬੱਚ ਸਕੇ। ਇਹ ਫੈਸਲਾ ਅਸੀਂ ਕਰਨਾ ਹੈ ਕੀ ਅਸੀ ਕਦੀ ਗੁਰੂ ਜੀ ਕੋਲੋਂ ਆਪਣੇ ਸੁਭਾਅ ਨੂੰ ਤਬਦੀਲ ਕਰਨ ਦੀ ਸਿਖਿਆ ਗ੍ਰਹਣ ਕੀਤੀ ਹੈ ਕਿ ਨਹੀ? ਜਿ ਨਹੀ ਤਾਂ ਅਸੀ ਕੇਵਲ ਸਰੀਰ ਕਰਕੇ ਹੀ ਗੁਰੂ ਜੀ ਕੋਲ ਬੈਠੇ ਹਾਂ ਮਨ ਕਰਕੇ ਨਹੀ ਜਿੰਨੀ ਦੇਰ ਅਸੀ ਮਨ ਕਰਕੇ ਗੁਰੂ ਜੀ ਕੋਲ ਨਹੀ ਆਉਦੇ ਸਾਡਾ ਵਿਕਾਰੀ ਸੁਭਾਅ ਤਬਦੀਲ ਨਹੀ ਹੋ ਸਕਦਾ ਅਤੇ ਨਾ ਹੀ ਸਾਡਾ ਜੀਵਨ ਸੁਖੀ ਹੋ ਸਕਦਾ ਹੈ।

ਗੁਰਮਤਿ ਅਨੁਸਾਰ ਗੁਰਬਾਣੀ ਨਾਲੋ ਟੁਟੇ ਹੋਏ ਮਨੁਖ ਕਲਜੁਗੀ ਜੀਵ ਹੁੰਦੇ ਹਨ ਭਾਵ ਕਲੇਸ਼ਾਂ ਵਿੱਚ ਜੀਵਨ ਜਿਊਦੇ ਹਨ। ਭਾਈ ਗੁਰਦਾਸ ਜੀ ਵੀ ਆਪਣੀਆਂ ਵਾਰਾਂ ਅੰਦਰ ਫੁਰਮਾਉਦੇ ਹਨ, ਕਿ ਇਥੋਂ ਦੇ ਇਨਸਾਨ ਮਨੁੱਖਾਂ ਦੀ ਰੱਤ ਪੀਣੇ ਹੋ ਚੁਕੇ ਸਨ ਅੰਮਾ ਜਾਏ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣੇ ਸਨ ਮਨੁਖੀ ਫਰਜ਼ਾਂ ਤੋਂ ਕੋਹ੍ਹਾਂ ਦੂਰ ਹੋ ਚੁੱਕੇ ਸਨ। ਇਹ੍ਹਨਾ ਨੂੰ ਗੁਰੂ ਜੀ ਨੇ ਇਨਸਾਨੀ ਫਰਜ਼ਾਂ ਤੋਂ ਜਾਣੂ ਕਰਵਾਇਆ ਇਸੇ ਨੂੰ ਭਾਈ ਜੀ ਨੇ ਕਲਜੁਗ ਤਾਰਿਆ ਕਿਹਾ ਹੈ।

ਕਲਿਜੁਗ ਬਾਬੇ ਤਾਰਿਆ ਸਤਨਾਮ ਪੜ੍ਹ ਮੰਤ੍ਰ ਸੁਣਾਇਆ।

ਕਲਿ ਤਾਰਨ ਗੁਰੂ ਨਾਨਕ ਆਇਆ।

ਪੰਡਿਤ ਕਲਜੁਗ ਦਾ ਡਰ ਪਾ ਕੇ ਲੋਕਾਈ ਨੂੰ ਲੁਟੀ ਜਾ ਰਿਹਾ ਸੀ ਤੇ ਕਹਿੰਦਾ ਸੀ ਹੇ ਲੋਕੋ ਇਸ ਕਲਜੁਗ ਦੇ ਭਿਆਨਕ ਸਮੇ ਵਿੱਚੋਂ ਤੁਸੀ ਤਾਂ ਹੀ ਨਿਕਲ ਸਕਦੇ ਹੋ ਜੇ ਤੁਸੀ ਮੈਨੂੰ ਆਪਣੀਆਂ ਘਰ ਦੀਆਂ ਕੀਮਤੀ ਵਸਤੂਆਂ ਦਾਨ ਵਜੋਂ ਦੇਵੋ ਬ੍ਰਹਮਣ ਦੀਆਂ ਗੱਲਾਂ ਦਾ ਇਥੋਂ ਦੇ ਲੋਕਾਂ ਤੇ ਏਨਾਂ ਅਸਰ ਹੋਇਆ ਕਿ ਲੋਕਾਂ ਨੇ ਘੋੜੇ, ਹਾਥੀ, ਜਮੀਨਾਂ, ਸੋਨਾ ਚਾਂਦੀ, ਇਥੋਂ ਤੱਕ ਕਲਜੁਗ ਅਤੇ ਅਖੋਤੀ ਨਰਕ ਤੋਂ ਬਚਣ ਲਈ ਭੋਲੇ ਲੋਕਾਂ ਨੇ ਆਪਣੀਆਂ ਇਸਤਰੀਆਂ ਵੀ ਬ੍ਰਹਮਣ ਨੂੰ ਦਾਨ ਕਰਨੀਆਂ ਸੁਰੂ ਕਰ ਦਿੱਤੀਆਂ ਜਿਸ ਦਾ ਨਤੀਜਾ ਇਹ ਹੋਇਆ ਕਿ ਮੰਦਰਾਂ ਵਿੱਚ ਦੇਵਦਾਸੀਆਂ ਬਣ ਲਗੀਆਂ ਅਤੇ ਔਰਤਾਂ ਦੀ ਨਿਰਾਦਰੀ ਭਾਰਤ ਅੰਦਰ ਸੁਰੂ ਹੋ ਗਈ ਤੇ ਔਰਤ ਦੀ ਇਸ ਬਰਬਾਦੀ ਦਾ ਜਿੰਮੇਵਾਰ ਕੋਈ ਹੋਰ ਨਹੀ ਸਗੋਂ ਇਹ ਮਹਾਂਰਥੀ ਬ੍ਰਹਮਣ ਹੈ।

ਨੋਟ-ਇਹੋ ਕਲਯੁਗ ਦਾ ਪ੍ਰਭਾਵ ਪਾ ਕੇ ਅੱਜ ਦੇ ਅਖੌਤੀ ਬਾਬੇ ਭੋਲੀ ਭਾਲੀ ਲੁਕਾਈ ਦੀ ਆਰਥਕ ਤੇ ਸਰੀਰਕ ਪਖੋਂ ਲੁਟ ਕਰ ਰਹੇ ਹਨ। ਪੰਜਾਬ ਦੇ ਕਈ ਪਰਵਾਰਾਂ ਨੇ ਆਪਣੀਆਂ ਲੜਕੀਆਂ ਵੀ ਡੇਰਿਆ ਵਿੱਚ ਚੜ੍ਹਾਈਆਂ ਹੋਈਆਂ ਹਨ, ਜਿੰਨ੍ਹਾਂ ਵਿੱਚ ਝੂਠਾ ਸੌਦਾ, ਨੂਰ ਮਹਿਲ ਵਾਲਾ ਬਹਿਰੂਪੀਆ, ਤੇ ਪੰਜਾਬ ਦੇ ਕਈ ਪਖੰਡੀ ਸੰਤ ਬਾਬੇ ਬ੍ਰਹਮਗਿਆਨੀ ਆਉਦੇ ਹਨ ਜਿਹ੍ਹੜੇ ਖੁਦ ਕਲਯੁਗੀ ਪਾਂਡੇ ਹਨ।

ਗੁਰੂ ਨਾਨਕ ਸਾਹਿਬ ਜੀ ਮਾਝ ਕੀ ਵਾਰ ਅੰਦਰ ਫੁਰਮਾਉਦੇ ਹਨ ਇਹ ਘੋਰ ਕਲਯੁਗੀ ਸੁਭਾਅ ਛੁਰੀ ਬਣ ਚੁੱਕਾ ਹੈ ਜਿਸ ਦੇ ਕਾਰਨ ਇਥੋਂ ਦੇ ਰਾਜੇ ਜੁਲਮ ਕਰਣ ਵਾਲੇ ਕਸਾਈ ਬਣ ਚੁੱਕੇ ਹਨ। ਤੇ ਧਰਮ ਖੰਭ ਲਾ ਕੇ ਉਡ ਗਿਆ ਹੈ ਅਤੇ ਝੂਠ ਮੱਸਿਆ ਦੀ ਕਾਲੀ ਰਾਤ ਦੀ ਤਰਾਂ ਛਾਇਆ ਹੋਇਆ ਹੈ ਜਿਸ ਕਰਕੇ ਸੱਚ ਦਾ ਚੰਦ੍ਰਮਾ ਦਿਖਾਈ ਨਹੀ ਦੇ ਰਿਹਾ।

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥

ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾ ਹੀ ਕਹ ਚੜਿਆ ॥(ਪੰਨਾ ੧੪੫)

ਇਸ ਸਲੋਕ ਵਿੱਚ ਵੀ ਗੁਰੂ ਜੀ ਨੇ ਮਨੁੱਖੀ ਸੁਭਾਅ ਨੂੰ ਹੀ ਕਲਯੁਗ ਕਿਹਾ ਹੈ। ਆਉ ਜਿਸ ਕਲਯੁਗ ਨੂੰ ਗੁਰਬਾਣੀ ਮੰਨਦੀ ਹੈ ਆਪਣੇ ਜੀਵਨ ਨੂੰ ਗੁਰਬਾਣੀ ਦੇ ਸਿਧਾਂਤ ਦੁਆਰਾ ਬਣਾਂ ਕੇ ਉਸ ਕਲਯੁਗ ਨੂੰ ਘਰਾਂ ਵਿੱਚੋਂ ਭਜਾਈਏ ਅਤੇ ਅਸਲੀ ਬੈਕੁੰਠ ਦਾ ਅਨੰਦ ਮਾਣੀਏ

ਕਹੁ ਕਬੀਰ ਇਹ ਕਹੀਐ ਕਾਹਿ ॥ ਸਾਧਸੰਗਤਿ ਬੈਕੁੰਠੈ ਆਹਿ
.