.

ਇਰਾਨ ਵਿੱਚ ਸਿੱਖ ਅਤੇ ਸਿੱਖ ਇਤਹਾਸ

ਅੱਜ ਤੋਂ ਕਰੀਬ 32/33 ਸਾਲ ਪਹਿਲਾਂ ਜਦੋਂ ਮੈਂ ਇਰਾਨ ਗਿਆ ਸੀ ਉਸ ਵੇਲੇ ਮੈਨੂੰ ਨਾਂ ਤੇ ਕੋਈ ਬਹੁਤੀ ਦੁਨੀਆਂ ਦਾਰੀ ਦੀ ਸਮਝ ਸੀ ਨਾਂ ਹੀ ਬਹੁਤਾ ਸਿੱਖੀ ਬਾਰੇ ਗਿਆਨ ਸੀ। ਸਿਰਫ ਕੇਸ ਰੱਖੇ ਹੋਣ ਕਰਕੇ ਆਪਣੇ ਆਪ ਨੂੰ ਸਿੱਖ ਸਮਝੀ ਜਾ ਰਿਹਾ ਸੀ (ਵੈਸੇ ਜਾਅਦਾ ਤਰ ਸਿੱਖਾਂ ਦੀ ਅੱਜ ਵੀ ਏਹੋ ਹੀ ਹਾਲਤ ਹੈ) ਬਸ ਗੁਰਦਵਾਰੇ ਜਾਣਾਂ ਜਾਂ ਕਦੀਂ ਕਦੀਂ ਪਾਠ ਕਰ ਲੈਣਾ ਇਸ ਨੂੰ ਹੀ ਸਿੱਖੀ ਸਮਝ ਲੈਣ ਦਾ ਬੜਾ ਵੱਡਾ ਭੁਲੇਖਾ ਜਿਹਾ ਸੀ। ਉਹਨਾ ਦਿਨਾਂ ਵਿੱਚ 4/5 ਦਫਾ ਤੈਹਰਾਨ ਦੇ ਗੁਰਦਵਾਰਾ ਸਾਹਬ ਜਾਣ ਦਾ ਮੌਕਾ ਬਣਿਆਂ ਪਰ ਮੱਥਾ ਟੇਕ ਕੇ ਤੇ ਲੰਗਰ ਛਕ ਕੇ ਮੁੜ ਆਉਣਾ ਤੇ ਇਸ ਤੌਂ ਵੱਧ ਹੋਰ ਕਿਸੇ ਕਿਸਮ ਦਾ ਖਿਆਲ ਹੀ ਨਹੀਂ ਆਇਆ, ਇਸ ਨੂੰ ਬਦ ਕਿਸਮਤੀ ਹੀ ਕਹਾਂਗੇ ਤੇ ਨਾ ਹੀ ਇਸ ਬਾਰੇ ਕਿਸੇ ਨੇ ਕੁੱਝ ਸਮਝਾਇਆ ਹੀ ਸੀ।
ਮੈਂ ਗਲਤੀ ਨਾਲ ਇਹ ਹੀ ਸਮਝਦਾ ਰਿਹਾ ਕਿ ਇਹੋ ਗੁਰਦਵਾਰਾ ਹੀ ਇਤਹਾਸਕ ਹੈ, ਇਰਾਨ ਵਿੱਚ ਦੋ ਗੁਰਦਵਾਰੇ ਹਨ ਇੱਕ ਤੈਹਰਾਨ ਵਿੱਚ ਅਤੇ ਦੂਜਾ ਜਾਹਿਦਾਨ ਵਿੱਚ ਪਰ ਇਸ ਗਲ ਦਾ ਹੁਣ ਪਤਾ ਲੱਗਾ ਕਿ ਇਹ ਦੋਨੋ ਹੀ ਸਿੰਘ ਸਭਾ ਗੁਰਦਵਾਰੇ ਹਨ ਇਤਹਾਸਕ ਨਹੀਂ ਹਨ। ਇਸ ਨਾਲ ਮਨ ਨੂੰ ਬੜਾ ਧੱਕਾ ਜਿਹਾ ਵੱਜਾ ਕਿ ਗੁਰੂ ਨਾਨਕ ਸਾਹਿਬ ਜੀ ਇਰਾਨ ਗਏ ਸਨ ਤੇ ਭਾਈ ਮਰਦਾਨਾ ਜੀ ਦਾ ਇੰਤਕਾਲ ਵੀ ਇਰਾਨ ਵਿੱਚ ਹੀ ਹੋਇਆ ਸੀ ਪਰ ਕੋਈ ਵੀ ਯਾਦਗਾਰ ਨਹੀਂ ਬਣੀ ਹੋਈ ਜਦਕਿ ਇਰਾਨ ਵਿੱਚ ਸਿਖਾਂ ਨੂੰ ਰਹਿਂਦਿਆਂ ਨੂੰ ਸ਼ਾਇਦ ਸਦੀ ਤੋਂ ਵੀ ਵੱਧ ਸਮਾਂ ਹੋ ਚੁੱਕਾ ਹੈ। ਬਲਕਿ ਰਾਸਟਰਪਤੀ ਸੱਦਾਮ ਹੁਸੈਨ ਦੇ ਸਮੇਂ ਵਿੱਚ ਇਰਾਕ ਚ ਨੋਕਰੀਆਂ ਕਰਨ ਗਏ ਹੋਏ ਸਿੱਖ ਵੀਰਾਂ ਨੇ ਜਗ੍ਹਾ ਦੀ ਤਲਾਸ਼ ਕਰਕੇ ਬਗਦਾਦ ਵਿੱਚ ਗੁਰਦਵਾਰਾ ਕਾਇਮ ਕਰ ਦਿੱਤਾ ਹੈ। ਅਸੀਂ ਰੋਜ਼ਾਨਾਂ ਅਰਦਾਸ ਵਿੱਚ ਕਹਿੰਦੇ ਹਾਂ ਕਿ ਜਿਨ੍ਹਾਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰੇ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖ਼ਸ਼ੋ ਪਰ ਕਦੇ ਇਹ ਨਹੀਂ ਸੋਚਿਆ ਕਿ ਪੰਥ ਨੇ ਜਿਨ੍ਹਾਂ ਗੁਰਧਾਮਾਂ ਨੂੰ ਵਿਸਾਰ ਦਿੱਤਾ ਹੈ ਓਹਨਾਂ ਬਾਰੇ ਕੀ ਕੀਤਾ ਜਾਏ। ਉਸ ਅਰਦਾਸ ਦੀਆਂ ਲਾਈਨਾਂ ਨੂੰ ਅਸੀਂ ਸਿਰਫ ਪਾਕਿਸਤਾਨ ਵਿੱਚਲੇ ਗੁਰਦਵਾਰਿਆਂ ਨੂੰ ਹੀ ਅਧਾਰ ਬਣਾ ਕੇ ਬੈਠ ਗਏ ਹਾਂ। ਬੰਗਲਾ ਦੇਸ਼ ਤੇ ਅਫਗਾਨਸਤਾਨ ਦੇ ਵਿੱਚ ਵੀ ਤੇ ਇਤਹਾਸਕ ਗੁਰਦਵਾਰੇ ਬਣੇ ਹੋਏ ਹਨ ਓਹਨਾਂ ਵਲ਼ ਅਸੀਂ ਕਦੇ ਧਿਆਨ ਹੀ ਨਹੀਂ ਮਾਰਿਆ ਜਦ ਕਿ ਓਥੇ ਗੁਰਦਵਾਰੇ ਉਸਾਰੇ ਹੋਏ ਹਨ, ਤੇ ਜਿੱਥੇ ਅਜੇ ਅਸੀਂ ਬਾਬੇ ਨਾਨਕ ਵਲੋਂ ਕਦਮਾਂ ਦੀ ਨਿਸ਼ਾਨ ਦੇਹੀ ਨਹੀਂ ਕਰ ਸਕੇ ਓਹਨਾਂ ਥਾਵਾਂ ਦਾ ਕੀ ਕੀਤਾ ਜਾਏ? ਇਸੇ ਸੋਚ ਨੂੰ ਲੈਕੇ ਮੈਂ ਪਿਛਲੇ ਕੁੱਝ ਦਿਨ ਜੂਨ ਮਹੀਨੇ 2009 ਨੂੰ ਇਰਾਨ ਦੀ ਯਾਤਰਾ ਕਰਕੇ ਆਇਆਂ। ਪੁਰਾਣੇ ਪ੍ਰਬੰਧਕ ਸ੍ਰ ਮਖਣ ਸਿੰਘ ਜੀ ਚਲਾਣਾ ਕਰ ਚੁੱਕੇ ਹਨ ਉਹਨਾ ਤੋਂ ਬਾਅਦ ਕਈ ਕਮੇਟੀਆਂ ਹੋਂਦ ਵਿੱਚ ਆਈਆਂ ਹਨ ਪਰ ਕਿਸੇ ਵਲੋਂ ਵੀ ਇਹ ਜਹਿਮਤ ਨਹੀ ਕੀਤੀ ਗਈ ਕਿ ਗੁਰੂ ਨਾਨਕ ਸਾਹਿਬ ਜੀ ਦੇ ਠਹਿਰਾਓ ਵਾਲੀ ਥਾਂ ਜਾਂ ਜਿੱਥੇ ਭਾਈ ਮਰਦਾਨਾ ਜੀ ਦਾ ਇੰਤਕਾਲ ਹੋਇਆ ਸੀ ਓਹਨਾਂ ਥਾਵਾਂ ਦੀ ਭਾਲ ਕਰ ਲਈ ਜਾਂਦੀ। ਮੇਰੇ ਵਲੋਂ ਅਲੱਗ ਅਲੱਗ ਸਿੱਖਾਂ ਤੌ ਕੀਤੀ ਪੁਛ ਪੜਤਾਲ ਤੋਂ ਕਿਸੇ ਨੇ ਭਾਈ ਮਰਦਾਨਾ ਜੀ ਦੇ ਇੰਤਕਾਲ ਵਾਲੀ ਥਾਂ ਖੁਰਮਸ਼ਹਿਰ ਤੇ ਕਿਸੇ ਨੇ ਬੰਦਰਆਬਾਸ ਦਸਿਆ, ਪੁਰਾਣੀਆਂ ਲਿਖਤਾਂ ਮੁਤਾਬਕ ਖੁਰਮਸ਼ਹਿਰ ਹੀ ਠੀਕ ਲਗਦਾ ਹੈ ਪਰ ਉਸ ਵਾਕਿਆ ਵਾਲੀ ਥਾਂ ਦੀ ਨਿਸ਼ਾਨ ਦੇਹੀ ਜਰੂਰੀ ਹੈ। ਇਰਾਨ ਦੇ ਜਾਅਦਾਤਰ ਸਿੱਖ ਕਾਰੋਬਾਰੀ ਹਨ ਬਹੁਤਿਆਂ ਕੋਲ ਤੇ ਗੁਰਦਵਾਰੇ ਆਉਣ ਦਾ ਸਮਾਂ ਵੀ ਨਹੀਂ, ਦੂਜਾ ਕਾਰਣ ਬਹੁਤੇ ਇਰਾਨੀ ਸਿੱਖ ਇਰਾਨ ਦੀ ਇਸਲਮੀ ਸਰਕਾਰ ਤੋਂ ਡਰਦੇ ਸਿੱਖੀ ਦੀ ਗਲ ਹੀ ਨਹੀਂ ਕਰਦੇ ਕਿ ਕਿਤੇ ਇਹ ਨਾ ਹੋ ਜਾਏ ਉਹ ਨਾ ਹੋ ਜਾਏ ਵਗੈਰਾਹ-ਵਗੈਰਾਹ ਜਦਕਿ ਓਥੇ ਕੋਈ ਐਸੀ ਗਲ ਨਹੀਂ। ਮੈਨੂੰ ਇਹ ਵੀ ਪਤਾ ਲਗਾ ਕਿ ਗੁਰਦਵਾਰਾ ਸਾਹਬ ਦੀ ਪ੍ਰਬੰਧਕ ਕਮੇਟੀ ਇੱਕ ਸਕੂਲ ਵੀ ਚਲਾ ਰਹੀ ਸੀ ਲਖਾਂ ਡਾਲਰ ਫੰਡ ਵੀ ਜੋੜਿਆ ਹੋਇਆ ਸੀ ਜੋ ਪ੍ਰਬੰਧਕਾਂ ਦੇ ਆਪਸੀ ਟਕਰਾਅ ਕਰਕੇ ਸਕੂਲ ਦਾ ਸਾਰਾ ਪ੍ਰਬੰਧ ਇੰਡੀਆ ਅੰਬੈਸੀ ਨੇ ਸੰਭਾਲ ਲਿਆ ਹੈ ਤੇ ਗੁਰਦਵਾਰਾ ਪ੍ਰਬੰਧਕਾਂ ਦਾ ਸਕੂਲ ਤੇ ਕੋਈ ਵੀ ਹਕ ਨਹੀਂ ਹੈ।
ਮਜੂਦਾ ਪ੍ਰਬੰਧਕ ਕਮੇਟੀ ਵਿੱਚ ਸੈਕਟਰੀ ਸ੍ਰ ਸਾਹਿਬ ਸਿੰਘ ਹੈ ਜੋ ਕਾਫੀ ਉਤਸ਼ਾਹੀ ਨੋਜਵਾਂਨ ਹੈ ਉਸ ਨੇ ਮੈਨੂੰ ਦਸਿਆ ਕਿ ਏਥੇ ਧਾਰਮਕ ਖੋਜ ਕਰਨ ਵਾਸਤੇ ਇੱਕ ਯੁਨੀਵਰਸਟੀ ਬਣੀ ਹੋਈ ਹੈ ਜਿਥੇ ਦੁਨੀਆਂ ਦੇ ਅਲਗ-ਅਲਗ ਧਰਮਾਂ ਤੇ ਖੋਜ ਚਲ ਰਹੀ ਹੈ ਤੇ ਜਿੱਥੇ ਸਿੱਖਇਜ਼ਮ ਤੇ ਵੀ ਬਕਾਇਦਾ ਰਿਸਰਚ ਹੋ ਰਹੀ ਹੈ ਤੇ ਇਰਾਨੀ ਵਿਦਆਰਥੀ ਓਥੇ ਸਿੱਖ ਧਰਮ ਉਤੇ ਪੀ, ਐਚ, ਡੀ ਕਰ ਰਹੇ ਹਨ ਮੈਂ ਤੁਹਾਨੂੰ ਓਥੇ ਲੈਕੇ ਜਾਣਾਂ ਹੈ ਇਹ ਸੁਣ ਕੇ ਮੈਨੂੰ ਬੜੀ ਖੁਸ਼ੀ ਹੋਈ ਤੇ ਮੈਂ ਇਕਦਮ ਇਸ ਲਈ ਤਿਆਰ ਹੋ ਗਿਆ। ਗੁਰਦਵਾਰਾ ਸਾਹਬ ਦੀ ਕਮੇਟੀ ਵਲੋਂ ਯੁਨੀਵਰਸਟੀ ਦੇ ਅਧਿਕਾਰੀਆਂ ਨੂੰ ਸਾਡੇ ਓਥੇ ਪਹੁੰਚਣ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦੇ ਦਿੱਤੀ ਗਈ। ਤੈਹਰਾਨ ਤੋਂ ਕਰੀਬ 130 ਕਿਲੋਮੀਟਰ ਦੀ ਦੂਰੀ ਤੇ ਕੋਮ ਸ਼ਹਿਰ ਵਿਖੇ ਬਣੀ ਹੋਈ ਇਹ ਯੁਨੀਵਰਸਟੀ ਵਿੱਚ ਵਿਦਆਰਥੀ ਤੇ ਸਭਿਆਚਾਰ ਮਾਮਲਿਆਂ ਦੇ ਡਾਇਰੈਕਟਰ ਜਨਾਬ ਮੁਹਮਦ ਮੇਹਦੀ ਅਲੀਮਰਦੀ ਨੇ ਗਰਮਜੋਸ਼ੀ ਸਾਨੂੰ ਜੀ ਆਇਆਂ ਕਿਹਾ ਤੇ ਮੈਨੂੰ ਹੈਰਾਨੀ ਹੋਈ ਜਦੋਂ ਉਹਨਾਂ ਨੇ “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ” ਬੁਲਾਈ। ਏਥੇ ਇਹ ਦਸਣਾ ਵੀ ਜਰੂਰੀ ਹੈ ਕਿ ਇਰਾਨ ਦੇ ਮੁਸਲਮਾਨ ਤੇ ਏਥੋਂ ਦੀ ਇਸਲਾਮੀ ਹਕੂਮਤ ਦੁਨੀਆਂ ਦੇ ਸਿਰਫ ਚਾਰ ਧਰਮਾਂ ਨੂੰ ਹੀ ਮਾਨਤਾ ਦੇ ਰਹੇ ਸਨ ਜਿਨ੍ਹਾਂ ਵਿੱਚ ਖੁਦ ਇਸਲਾਮ, ਇਸਾਈ, ਯਹੂਦੀ ਤੇ ਪਾਰਸੀ ਧਰਮ ਆਉਂਦੇ ਹਨ ਬਾਕੀਆਂ ਨੂੰ ਇਹ ਕਾਫਰ ਹੀ ਸਮਝਦੇ ਹਨ। ਸਾਹਿਬ ਸਿੰਘ ਵਲੋਂ ਮੈਨੂੰ ਇਹ ਦਸਿਆ ਗਿਆ ਏਥੇ ਉਕਤ ਯੁਨੀਵਰਸਟੀ ਵਿੱਚ ਸਿੱਖਇਜ਼ਮ ਬਾਰੇ ਚੇਅਰ ਕਾਇਮ ਕੀਤੀ ਗਈ ਹੈ, ਡਾਇਰੈਕਟਰ ਜਨਾਬ ਮੁਹਮਦ ਮੇਹਦੀ ਅਲੀਮਰਦੀ ਨੇ ਸਿੱਖਇਜ਼ਮ ਬਾਰੇ ਬਹੁਤ ਕੁੱਝ ਪੜਿਆ ਹੋਇਆ ਹੈ ਤੇ ਓਹਨਾ ਨੁੰ ਸਿੱਖੀ ਬਾਰੇ ਬਹੁਤ ਗਿਆਨ ਹੈ ਤੇ ਉਹਨਾ ਵਲੋਂ ਗੁਰਮੁਖੀ ਪੜਾਉਣ ਬਾਰੇ ਵੀ ਯਤਨ ਕੀਤੇ ਜਾ ਰਹੇ ਹਨ। ਮੈਨੂੰ ਓਥੇ ਬੁਧੀਜੀਵੀਆਂ ਵਿਚ ਸਿੱਖੀ ਬਾਰੇ ਲੈਕਚਰ ਕਰਨ ਦਾ ਮੋਕਾ ਵੀ ਮਿਲਿਆ, ਮੈਂ ਓਥੇ ਬੜੇ ਵਿਸਥਾਰ ਨਾਲ ਗੁਰੂ ਨਾਨਕ ਸਾਹਿਬ ਦੀ ਆਮਦ ਤੋਂ ਲੈਕੇ ਗੁਰੁ ਗੋਬਿੰਦ ਸਿੰਘ ਸਾਹਿਬ ਵਲੋਂ ਖੰਡੇ ਬਾਟੇ ਦੀ ਪਾਹੁਲ, ਪੰਜ ਕਕਾਰਾਂ, ਲੰਗਰ ਪ੍ਰਥਾ ਤੇ ਲੰਗਰ ਦੀ ਮੱਹਤਤਾ ਬਾਰੇ ਵਿਚਾਰ ਰੱਖੇ, ਮੇਰੇ ਵਲੋਂ ਕੀਤੇ ਲੈਕਚਰ ਦਾ ਫਾਰਸੀ ਤਰਜਮਾਂ ਸੈਕਟਰੀ ਸਾਹੇਬ ਸਿੰਘ ਤੇ ਸ੍ਰ ਲਾਜਪਾਲ ਸਿੰਘ ਜੀ ਨੇ ਰਲ ਕੇ ਕੀਤਾ ਬਾਅਦ ਵਿੱਚ ਡੀਬੇਟ ਵੀ ਹੋਈ। ਯੁਨੀਵਰਸਟੀ ਵਾਲਿਆਂ ਨੇ ਇਸ ਗਲ ਨੂੰ ਮਨ ਲਿਆ ਹੈ ਕਿ ਇਸਲਾਮ ਅਤੇ ਸਿੱਖਇਜ਼ਮ ਹੀ ਐਸੇ ਹਨ ਜੋ ਆਪਸ ਵਿੱਚ ਬਹੁਤ ਨੇੜਤਾ ਰਖਦੇ ਹਨ ਤੇ ਇੱਕ ਰਬ ਦੇ ਉਪਾਸ਼ਕ ਹਨ। ਡੀਬੇਟ ਦੇ ਸਮੇ ਇੱਕ ਵਿਦਿਆਰਥੀ ਨੇ ਖੁਦ ਹੀ ਗੁਰੂ ਨਾਨਕ ਸਾਹਿਬ ਜੀ ਦੇ ਮੱਕੇ ਵਾਲੀ ਘਟਨਾ ਕਿ ਰਬ ਹਰ ਥਾਂ ਤੇ ਵਸਦਾ ਹੈ ਨੂੰ ਪੂਰੀ ਗੁਰਮਤਿ ਮੁਤਾਬਕ ਬਾਕੀਆਂ ਨੂੰ ਦਸਿਆ।
ਜਦੋਂ ਮੈਂ ਯੁਨੀਵਰਸਟੀ ਦੀ ਵਿਜਟਿਰ ਬੁਕ ਵਿੱਚ ਆਪਣੇ ਵਲੋਂ ਕੁੱਝ ਲਿਖ ਰਿਹਾ ਸੀ ਮੈਨੂੰ ਓਹਨਾਂ ਦਸਿਆ ਕਿ ਪੰਜਾਬੀ ਯੁਨੀਵਰਸਟੀ ਪਟਿਆਲਾ ਤੋਂ ਡਾਕਟਰ ਪੰਨੂ ਵੀ ਏਥੇ ਆਪਣੇ ਲੈਕਚਰ ਕਰਕੇ ਗਏ ਹਨ। ਮੈਨੂੰ ਉਮੀਦ ਹੈ ਕਿ ਜਦੋਂ ਓਥੇ ਸਿੱਖੀ ਬਾਰੇ ਖੋਜ ਚਲ ਰਹੀ ਹੈ ਤੇ ਜਰੂਰੀ ਹੈ ਕਿ ਓਥੇ ਫਾਰਸੀ ਜੂਬਾਨ ਵਿੱਚ ਵੀ ਕਿਤਾਬਾਂ ਛਪਣਗੀਆਂ ਤੇ ਸਿੱਖੀ ਦਾ ਪ੍ਰਚਾਰ ਹੋਵੇਗਾ ਜੋ ਕਿਸੇ ਵੇਲੇ ਬਾਬੇ ਨਾਨਕ ਨੇ ਕੀਤਾ ਸੀ।
ਇਸ ਬਾਰੇ ਅਸੀਂ ਕੁੱਝ ਸਿੱਖਾਂ ਨੇ ਬਾਬੇ ਨਾਨਕ ਦੇ ਪੈਰੋਕਾਰ ਹੋਣ ਦੇ ਨਾਤੇ ਉਪਰਾਲਾ ਆਰਂਭਿਆ ਹੈ ਕਿ ਭਾਰਤ ਤੇ ਪਾਕਿਸਤਾਨ ਤੋਂ ਇਲਾਵਾ ਜਿੱਥੇ-ਜਿੱਥੇ ਵੀ ਬਾਬੇ ਨਾਨਕ ਨੇ ਜਿਵੇਂ ਕਿ ਤੁਰਕੀ, ਅਫਰੀਕਾ, ਮਿਸ਼ਰ, ਸ੍ਰੀ ਲੰਕਾ ਤੇ ਰੂਸ ਵਗੈਰਾਹ ਵਿੱਚ ਆਪਣੇ ਮੁਬਾਰਕ ਕਦਮ ਰੱਖੇ ਹਨ ਓਥੇ ਦੀਆਂ ਸਰਕਾਰਾਂ ਦੀ ਮਦਦ ਨਾਲ ਓਹਨਾਂ ਥਾਵਾਂ ਦੀ ਭਾਲ ਕਰਕੇ ਓਥੇ-ਓਥੇ ਸਿੱਖੀ ਦੇ ਪ੍ਰਚਾਰ ਕੇਂਦਰ ਕਰ ਸਕੀਏ ਤਾ ਕਿ ਬਾਬੇ ਨਾਨਕ ਦੀ ਵੀਚਾਰਧਾਰਾ ਦੁਨੀਆ ਵਿੱਚ ਚਾਨਣ ਮੁਨਾਰਾ ਬਣਕੇ ਕੁਲ ਦੁਨੀਆਂ ਨੂੰ ਅੰਧਵਿਸਵਾਸ਼, ਊਚ ਨੀਚ ਤੇ ਆਪਸੀ ਖਿਹਬਾਜ਼ੀ ਤੋਂ ਛੁਟਕਾਰਾ ਮਿਲ ਸਕੇ ਤੇ ਗੁਰਮਤਿ ਦਾ ਚਾਨਣ ਸਾਰੀ ਦੁਨੀਆਂ ਵਿੱਚ ਫੈਲੇ, ਅਗਰ ਕੋਈ ਵੀ ਇਸ ਬਾਰੇ ਆਪਣਾ ਸਹਿਯੋਗ ਕਰਨ ਚਾਹੇ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ॥

ਗੁਰਦੇਵ ਸਿੰਘ ਬਟਾਲਵੀ
ਕੇਂਦਰੀ ਮੈਂਬਰ
ਸ਼੍ਰੋਮਣੀ ਖਾਲਸਾ ਪੰਚਾਇਤ ਇੰਟਰਨੈਸ਼ਨਲ
ਮੋ: 9471270965
.