ਹਮ ਮੂਰਖ ਮੁਗਧ ਸਰਣਾਗਤੀ …
ਅਸੀਂ ਭਾਵੇਂ ਇੱਕੀਵੀਂ ਸਦੀ ਵਿੱਚ ਵਿਚਰ ਰਹੇ ਹਾਂ ਪਰ ਸਾਡੀ ਹਾਲਤ ਗੁਰੂ
ਬਾਬੇ ਨਾਨਕ ਜੀ ਦੇ ਆਗਮਨ ਤੋਂ ਭੀ ਪਹਿਲਾਂ ਵਾਲੀ ਬਣੀ ਹੋਈ ਹੈ। ਓਸ ਵੇਲੇ ਤਾਂ ਪੜ੍ਹਾਈ ਲਿਖਾਈ ਤੇ
ਆਵਾਜਾਈ ਜਾਂ ਸੰਚਾਰ ਦੇ ਸਾਧਨ ਹੀ ਨਹੀਂ ਸਨ ਪਰ ਅੱਜ ਕਲ੍ਹ ਤਾਂ ਹਰ ਤਰਾਂ ਦੀ ਸਹੂਲਤ ਹੈ ਪੜ੍ਹਾਈ
ਲਿਖਾਈ ਕਰਨੀ ਵੀ ਹਰ ਇਨਸਾਨ ਲਈ ਲਾਜ਼ਮੀ ਹੈ। ਪਰ ਫੇਰ ਭੀ ਅਸੀਂ ਆਪਣੀ ਮਾਂ ਬੋਲੀ ਵਿੱਚ ਲਿਖੀ ਹੋਈ
ਗੁਰਬਾਣੀ ਜੋ ਰਹਿੰਦੀ ਦੁਨੀਆਂ ਤਿੱਕਰ ਮਨੁੱਖੀ ਜੀਵਨ ਜਾਚ ਦਾ ਖਜ਼ਾਨਾ ਹੈ ਤੋਂ ਕਿਉਂ ਲਾਭ ਪ੍ਰਾਪਤ
ਨਹੀਂ ਕਰ ਰਹੇ? ਕੀ ਕਾਰਨ ਹੈ ਕਿ ਸਾਡੀ ਬਹੁਗਿਣਤੀ ਗੁਰੂ ਜੀ ਵਲੋਂ ਦਿੱਤੀ ਹੋਈ ਸਿੱਖਿਆ ਨੂੰ ਜਾਂ
ਤਾਂ ਸਮਝ ਨਹੀਂ ਸਕੀ ਜਾਂ ਸਮਝਣਾ ਹੀ ਨਹੀਂ ਚਾਹੁੰਦੀ? ਕੀ ਇਹ ਅਸੀਂ ਜਾਣ ਬੁਝ ਕੇ, ਕਿਸੇ
ਭਰਮ-ਭੁਲੇਖੇ, ਅਣਜਾਣਤਾ ਜਾਂ ਕਿਸੇ ਹੋਰ ਵਜਾ ਕਰਕੇ ਕਰ ਰਹੇ ਹਾਂ? ਇਸ ਦਾ ਵਿਸ਼ਲੇਸ਼ਣ ਅਸੀਂ ਖੁਦ ਹੀ
ਕਰ ਸਕਦੇ ਹਾਂ ਕੋਈ ਦੂਜਾ ਨਹੀਂ।
ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ
ਭ੍ਰਮ ਕੀ ਕਾਈ। (ਪੰਨਾ ੬੮੪)
ਸਾਡੇ ਵਿੱਚ ਫੈਲੀ ਹੋਈ ਧਾਰਮਿਕ ਅਗਿਆਨਤਾ ਅਤੇ ਅੰਨ੍ਹੀ ਸ਼ਰਧਾ ਕਾਰਨ ਹਰ ਐਰਾ
ਗੈਰਾ ਨਥੂ ਖੈਰਾ ਆ ਕੇ ਸਾਨੂੰ ਬੁਧੂ ਬਣਾ ਕੇ ਸਾਡੀਆਂ ਜੇਬਾਂ ਖਾਲੀ ਕਰਕੇ ਤੁਰਦਾ ਬਣਦਾ ਹੈ ਅਤੇ
ਸਾਨੂੰ ਪਤਾ ਵੀ ਨਹੀਂ ਲਗਦਾ। ਗੁਰਬਾਣੀ ਤਾਂ ਪ੍ਰਮਾਤਮਾਂ ਦੀ ਸੇਵਾ-ਭਗਤੀ ਵੀ ਅਕਲ ਨਾਲ ਕਰਨ ਦੀ
ਤਾਕੀਦ ਕਰਦੀ ਹੈ,
ਅਕਲੀ
ਸਾਹਿਬੁ ਸੇਵੀਐ… (ਪੰਨਾ ੧੨੪੫), ਪਰ ਕੀ ਕਾਰਨ ਹੈ
ਕਿ ਅਸੀਂ ਧਰਮ ਕਰਮ ਬਿਨ ਅਕਲੋਂ ਹੀ ਕਰੀਂ ਜਾ ਰਹੇ ਹਾਂ!
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮ ਵਖਾਣੇ (ਪੰਨਾ ੯੩੮)
ਗੁਰਬਾਣੀ
ਤਾਂ
ਸਾਨੂੰ ਨਸੀਹਤ ਕਰ ਰਹੀ ਹੈ ਕਿ ਗੁਰ ਸ਼ਬਦ ਨੂੰ
ਸੁਰਤ ਵਿੱਚ ਰੱਖਕੇ ਰੱਬ ਜੀ ਦੀ ਯਾਦ ਨਾਲ ਜੁੜੇ ਰਹਿ ਕੇ ਦੁਨਿਅਵੀ ਭਵ ਸਾਗਰ (ਭਾਵ ਤ੍ਰਿਸ਼ਨਾ ਰੂਪੀ
ਮਾਇਆ ਜਾਲ੍ਹ) ਤੋਂ ਪਾਰ ਹੋਇਆ ਜਾ ਸਕਦਾ ਹੈ। ਪਰ ਅਸੀਂ ਮਾਇਆ ਦੇ ਗ਼ੁਲਾਮ ਤੇ ਪੁਜਾਰੀ ਬਣ ਕੇ ਰਹਿ
ਗਏ ਹਾਂ, ਅਓ ਦੇਖਦੇ ਹਾਂ ਕਿਵੇਂ।
ਅੱਜ ਕਲ੍ਹ ਚਲ ਰਿਹਾ ਅਖੌਤੀ ਕਲਗੀ ਦਾ ਕਿਸਾ ਸਿੱਖਾਂ ਨੂੰ ਮੂਰਖ ਬਣਾਉਣ ਅਤੇ
ਧੰਨ ਕਮਾਉਣ ਦਾ ਡਰਾਮਾ ਸਿੱਧ ਹੋ ਰਿਹਾ ਹੈ। ਇੰਗਲੈਂਡ ਤੋਂ ਬੋਪਾਰਾਏ ਜੀ ਨੇ ਬਹਾਨਾਂ ਮਾਰ ਕੇ, ਜਾਂ
ਕਿਸੇ ਸਮਝੌਤੇ ਤਹਿਤ, ਕਲਗੀ ਦਾ ਟੈਸਟ ਕੈਂਬਰਿਜ ਯੂਨੀਵਰਸਿਟੀ ਤੋਂ ਕਰਾਉਣ ਲਈ ਆਤਮ ਸੰਧੂ ਕੋਲੋਂ
ਕਲਗੀ ਪ੍ਰਾਪਤ ਕਰ ਲਈ। ਪਰ ਟੈਸਟ ਕਰਾਉਣ ਦੀ ਥਾਂਹ ਉਸਨੇ ਕਲਗੀ, ਸੋਚੀ ਸਮਝੀ ਚਾਲ ਤਹਿਤ, ਦਸਮ ਗੁਰੂ
ਜੀ ਦੀ ਹੋਣ ਦਾ ਸ਼ੋਸ਼ਾ ਛੱਡ ਕੇ ਸਿੱਧੀ ਅਮ੍ਰਿਤਸਰ ਪਹੁੰਚਾ ਦਿੱਤੀ। ਹੁਣ ਤਾਂ ਇਸ ਬਾਰੇ ਸਪਸ਼ਟ ਹੋ
ਚੁੱਕਾ ਹੈ ਕਿ ਇਹ ਹੈਲਮਟ ਉੱਪਰ ਲਗਾਉਣ ਵਾਸਤੇ ਖਾਸ ਤੌਰ ਤੇ ਬਣਾਈ ਗਈ ਹੈ। ਅਡੰਬਰ ਐਸਾ ਰਚਿਆ ਗਿਆ
ਕਿ ਕਲਗੀ ਦੀ ਆਓ ਭਗਤ ਕਰਨ ਸ਼ੋਹਰਤ, ਲਾਲਚ ਅਤੇ ਮਾਇਆ ਪ੍ਰੇਮੀ ਬਾਦਲ ਪ੍ਰੀਵਾਰ ਦੀ ਲਫਾਫਾ ਉਪਜ
ਗਿਆਨੀ ਗੁਰਬਚਨ ਸਿੰਘ ਜੀ (ਅਕਾਲ ਤਖਤ ਸਹਿਬ ਦਾ ਮੁੱਖ ਸੇਵਾਦਾਰ) ਰਾਜਾਸਾਂਸੀ ਏਅਰਪੋਰਟ ਤੇ
ਲਾਓ-ਲਸ਼ਕਰ ਨਾਲ ਪੁੱਜਾ ਅਤੇ ਧੂਮ ਧਾਂਮ ਨਾਲ ਕਲਗੀ ਲੈ ਕੇ ਆਇਆ। ਵਗੈਰ ਕਿਸੇ ਪੜਤਾਲ ਜਾਂ ਤਸਦੀਕ
ਕਰਨ ਦੇ ਕਿ ਵਾਕਿਆਈ ਇਹ ਗੁਰੂ ਜੀ ਦੀ ਹੈ ਵੀ ਜਾਂ ਨਹੀਂ? ਖੈਰ ਇਹ ਕੋਈ ਅਣਹੋਣੀ ਨਹੀਂ ਹੋਈ। ਜਿਹੜਾ
ਵਿਅਕਤੀ ਕਿਸੇ ਬ੍ਰਾਹਮਣੀ ਅਸਰ ਕਬੂਲਣ ਵਾਲੇ ਦੇ ਆਖੇ ਚੰਦ ਦਮੜਿਆਂ ਲਈ ਆਪਣਾ ਪਜਾਮਾਂ ਲਾਹ ਕੇ
ਬ੍ਰਾਹਮਣ ਰਚਨਾ (ਅਖੌਤੀ ਦਸਮ ਗ੍ਰੰਥ) ਦੀ ਪੂਜਾ ਕਰ ਕੇ ਗੁਰੂ ਦਾ ਸਤਿਕਾਰ ਘਟਾ ਸਕਦਾ ਹੈ ਉਸ ਤੋਂ
ਹੋਰ ਕੀ ਆਸ ਰੱਖੀ ਜਾ ਸਕਦੀ ਹੈ। ਇਹ ਤਾਂ ਸੀ ਸਾਡੇ ਸਭ ਤੋਂ ਸ੍ਰਵੋਤਮ ਪਦਵੀ ਤੇ ਵਿਰਾਜਮਾਨ ਵਿਅਕਤੀ
ਦੀ ਕਰਮ ਕਿਰਿਆ ਅਤੇ ਸੋਚ ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਮ ਸਿੱਖ ਦੀ ਸੋਚ
ਕੀ ਹੋਵੇਗੀ!
ਸਾਧਾਰਨ ਸਿੱਖ ਨੂੰ ਕੋਈ ਆਖ ਦੇਵੇ ਕਿ ਆਹ ਜੁੱਤੀ ਦਸਮ ਪਿਤਾ ਨਾਲ ਸਬੰਧਿਤ
ਹੈ ਜਾਂ ਸੁਫਨੇ ਵਿੱਚ ਆਵਾਜ਼ ਆਈ ਕਿ ਮੈਂ ਬਾਜ ਰਾਹੀਂ ਦਰਸ਼ਨ ਦਿਆਂਗਾ (ਗਪੌੜ) ਲੋਕ ਵਹੀਰਾਂ ਘੱਤੀ
ਆਉਣਗੇ ਪੈਸੇ ਚੜ੍ਹਾਉਣਗੇ ਮੱਥੇ ਟੇਕਣਗੇ ਬਸ ਸ਼ੋਸ਼ੇਬਾਜ਼ ਦੀਆਂ ਪੌਂ ਬਾਰਾਂ। ਬਾਜ ਵਾਲੇ ਕਿੱਸੇ ਤਾਂ
ਕਈ ਹੋ ਚੁੱਕੇ ਹਨ ਅਖੰਡਪਾਠ ਵੀ ਰੱਖੇ ਗਏ ਬਾਜ ਦੇ ਖੰਭ ਮਰੋੜ ਕੇ ਰੱਸੀ ਪਾ ਕੇ ਕੈਦੀ ਬਣਾਈ ਰੱਖਿਆ
ਗਿਆ। ਨੋਟਾਂ ਦੇ ਅੰਬਾਰ ਲੱਗੇ। ਇੱਕ ਪਾਕਿਸਤਾਨ ਤੋਂ ਮੁਸਲਮਾਨ ਵੀਰ ਨੇ, ਅਖੌਤੀ ਗੰਗਾ ਸਾਗਰ ਦਸਮ
ਪਾਤਸ਼ਾਹ ਜੀ ਦਾ ਦੱਸ ਕੇ, ਕਈ ਮੋਰੀਆਂ ਵਾਲੇ ਗੜਬੇ ਦੇ ਜ਼ਰੀਏ ਲੱਖਾਂ ਕਮਾ ਲਏ ਹਨ ਅਖੇ ਇਸ ਵਿਚੋਂ
ਤਰਲ ਪਦਾਰਥ ਬਾਹਰ ਨਹੀਂ ਡੁੱਲਦਾ। ਆਹ ਹੈ ਆਮ ਸਿੱਖ ਦੀ ਲੁੱਟ ਕਰਨ ਦਾ ਤਰੀਕਾ – ਬਸ ਕਿਸੇ ਗੁਰੂ ਦੀ
ਕੋਈ ਚੀਜ਼ ਹੋਣ ਦਾ ਅਡੰਬਰ ਰਚੋ – ਤੇ ਕਰ ਲਵੋ ਮਾਇਆਂ ਪੱਖੋਂ ਵਾਰੇ ਨਿਆਰੇ। ਲਾਹਣਤ ਹੈ ਸਾਡੇ! ਅਸੀਂ
ਆਪਣਾ ਸਰਲ, ਸਾਦਾ ਅਤੇ ਸੌਖਾ ਜੀਵਨ ਢੰਗ ਗੁਰਬਾਣੀ ਨੂੰ ਸਮਝ ਕੇ ੫00 ਸਾਲ ਤੋਂ ਵਧ ਸਮਾਂ ਬੀਤ ਜਾਣ
ਬਾਅਦ ਭੀ ਨਹੀਂ ਅਪਣਾ ਸਕੇ! ਕਾਰਨ ਸਾਫ ਤੇ ਸਪਸ਼ਟ ਹੈ ਕਿ ਅਸੀਂ ਗੁਰਬਾਣੀ ਨੂੰ ਮੱਥਾ ਟੇਕ ਕੇ ਸਿਰਫ
ਰਸਮੀਂ ਸਤਿਕਾਰ ਦਿੰਦੇ ਹਾਂ ਵਿੱਚ ਕੀ ਲਿਖਿਆ ਹੋਇਆ ਹੈ ਉਸ ਨੂੰ ਨਾਂਹ ਹੀ ਸੁਣਦੇ ਹਾਂ ਅਤੇ ਨਾਂਹ
ਹੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਫੇਰ ਅਮਲ ਕਿੱਥੋਂ ਕਰਨਾ ਹੋਇਆ!
ਪਰ ਇੱਕ ਗਲ ਖਾਸ ਧਿਆਨ ਦੇਣ ਯੋਗ ਹੈ ਕਿ ਜ਼ਿਆਦਾਤਰ ਐਸੇ ਡਰਾਮੇਂ ਸਿਰਫ ਦਸਮ
ਗੁਰੂ ਜੀ ਦੇ ਸਬੰਧ ਵਿੱਚ ਹੀ ਕੀਤੇ ਜਾ ਰਹੇ ਹਨ। ਆਖਿਰ ਕਿਉਂ? ਦਰਅਸਲ ਬ੍ਰਾਹਮਣ ਜੋ ਝੂਠਾ ਅਤੇ
ਫਰੇਬੀ ਹੈ
(ਜਿਨਾ
ਅੰਦਰਿ ਕੂੜੁ ਵਰਤੈ ਸਚੁ ਨ
ਭਾਵਈ॥ ਪੰਨਾ ੬੪੬) ਗੁਰੂ ਸਹਿਬ ਨੂੰ ਛੁਟਿਔਣਾ
ਚਾਹੁੰਦਾ ਹੈ ਕਿਉਂ ਕਿ ਉਸ ਕੋਲ ਕੋਈ ਐਸਾ ਬਹਾਦਰ ਕੁਰਬਾਨੀ ਦਾ ਪੁਤਲਾ ਅਤੇ ਸ੍ਰੇਸ਼ਟ ਨਾਇਕ ਹੈ ਹੀ
ਨਹੀਂ। ਉਸ ਦੇ ਕਲਪਿਤ ਅਵਤਾਰ ਦੇਵੀ ਦੇਵਤੇ ਤਾਂ ਕਾਮੁਕ ਬਿਰਤੀਆਂ ਵਾਲੇ ਜ਼ਨਾਨੀਆਂ ਦੁਆਲੇ ਹੀ ਘੁਮਦੇ
ਨਜ਼ਰ ਆਉਂਦੇ ਹਨ।
ਗੁਰੂ ਕਾਲ ਵੇਲੇ ਮਿਸਰ ਜੀ ਜਾਣੀ ਬ੍ਰਾਹਮਣ ਦੀ ਕੋਈ ਵੀ ਚਾਲ ਸਫਲ ਨਹੀਂ ਹੋ
ਸਕੀ ਸਿੱਖ ਪੰਥ ਦੇ ਦੁਧ ਰੂਪੀ ਪਵਿਤਰ, ਨਿਆਰੇ ਅਤੇ ਨਿਰਾਲੇ ਤੀਸਰ ਪੰਥ ਵਿੱਚ ਕਾਂਜੀ ਪਾ ਕੇ ਇਸ
ਨੂੰ ਖਰਾਬ ਕਰਨ ਦੀ। ਪਰ ਜਿਉਂ ਹੀ ਇਸ ਅਕ੍ਰਿਤਘਣ ਦਾ ਦਾਅ ਲੱਗਿਆ, ਬਾਬਾ ਬੰਦਾ (ਗੁਰਬਖਸ਼ ਸਿੰਘ)
ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਸਿੱਖਾਂ ਨੂੰ ਘਰੋਂ ਬੇਘਰ ਹੋ ਜੰਗਲਾਂ ਬੀਆਬਾਨਾਂ ਵਿੱਚ
ਜਾਣਾ ਪਿਆ, ਇਸਨੇ ਸਿੱਖਾਂ ਦੇ ਗੁਰਧਾਮਾਂ ਦੀ ਸੇਵਾ ਸੰਭਾਲ ਆਪਣੇ ਹੱਥ ਵਿੱਚ ਨਿਰਮਲੇ ਤੇ ਉਦਾਸੀਆਂ
ਦੇ ਰੂਪ ਵਿੱਚ ਲੈ ਲਈ। ਇਹ ਮੌਕਾ ਪੰਡਤ ਲਈ ਵਰਦਾਨ ਸਾਬਤ ਹੋਇਆ ਇਸ ਸਮੇਂ ਇਸਨੇ ਜਨਮਸਾਖੀਆਂ,
ਗੁਰਬਿਲਾਸ ਪਾਤਸ਼ਾਹੀ ਛੇਵੀਂ, ਸੂਰਜ ਪ੍ਰਕਾਸ਼ ਤੇ ਬਚਿਤਰ ਨਾਟਕ ਵਰਗੀਆਂ ਲਿਖਤਾਂ ਰਾਹੀਂ ਗੁਰੂ ਬਾਬੇ
ਨਾਨਕ ਅਤੇ ਛੇਵੇਂ ਪਾਤਸ਼ਾਹ ਤੋਂ ਦਸਮ ਪਿਤਾ ਦੀ ਇੱਕੋ ਜੋਤ ਅਤੇ ਸੋਚ ਨੂੰ ਵਖਿਔਣ ਦੀ ਕੋਝੀ ਚਾਲ
ਚਲਣੀ ਸ਼ੁਰੂ ਕੀਤੀ ਜੋ ਨਿਰੰਤਰ ਜਾਰੀ ਹੈ। ਜਿਸ ਵੇਲੇ ਬ੍ਰਾਹਮਣ ਨੇ ਇਹ ਚਾਲ ਚਲਣੀ ਸ਼ੁਰੂ ਕੀਤੀ ਸੀ
ਉਸ ਵੇਲੇ ਸਿੱਖ ਉੱਖੜੇ ਹੋਏ ਸਨ ਤੇ ਲੰਬਾ ਸਮਾਂ ਪੈਰ ਨਾਂਹ ਲਗਣ ਕਾਰਨ ਇਸ ਦੀ ਚਾਲ ਸਫਲ ਹੋ ਗਈ।
ਏਥੇ ਹੀ ਬਸ ਨਹੀਂ ਸਿੱਖ ਰਾਜ ਵੇਲੇ ਇਹ ਪੰਡਿਤ ਜਲ੍ਹੇ ਰਾਹੀਂ ਆਪਣੇ ਬਣਾਏ ਹੋਏ ਰਸੂਖ ਕਾਰਨ ਰਾਜ
ਦਰਬਾਰ ਵਿੱਚ ਵੀ ਹਾਵੀ ਰਿਹਾ ਜੋ ਆਖਿਰ ਵਿੱਚ ਇਸਦੇ ਪਤਨ ਦਾ ਕਾਰਨ ਭੀ ਬਣਿਆ। ਅੱਜ ਤਿੱਕਰ ਇਹ ਰਾਜ
ਉੱਪਰ ਹਾਵੀ ਚਲਿਆ ਆ ਰਿਹਾ ਹੈ ਅਤੇ ਹਰ ਹਰਬਾ ਵਰਤ ਕੇ ਸਿੱਖੀ ਦੀ ਜੜ੍ਹੀਂ ਤੇਲ ਦੇ ਰਿਹਾ ਹੈ।
ਕੁਦਰਤ ਦਾ ਕਰਿਸ਼ਮਾ ਕਿ ਐਸ ਵੇਲੇ ਬਿਜਲਈ ਤਕਨੀਕ ਕਾਰਨ ਸਿੱਖ ਜਾਗਰੂਕ ਹੋ
ਰਹੇ ਹਨ ਪਰ ਅਫਸੋਸ ਕਿ ਜ਼ਿਆਦਾਤਰ ਸਿੱਖ ਵੀਰ ਸਦੀਆਂ ਤੋਂ ਬਣੀ ਹੋਈ ਆਪਣੀ ਅੰਨ੍ਹੀਂ ਸ਼ਰਧਾ, ਜੋ
ਬ੍ਰਾਹਮਣ ਦੀ ਦੇਣ ਹੈ ਅਤੇ ਜਿਸ ਦੇ ਜ਼ਾਤਪਾਤੀ ਨਿਜ਼ਾਮ ਨੇ ਮਨੁੱਖ ਨੂੰ ਮਨੁੱਖ ਦਾ ਵੈਰੀ ਬਣਾ ਛੱਡਿਆ
ਹੈ, ਨੂੰ ਛੱਡਣ ਲਈ ਐਨੀ ਜਲਦੀ ਤਿਆਰ ਨਹੀਂ ਹੋ ਰਹੇ ਜਿੰਨੀ ਆਸ ਕੀਤੀ ਜਾ ਸਕਦੀ ਹੈ। ਦਰਅਸਲ
ਬ੍ਰਾਹਮਣ ਨੇ ਸਿੱਖਾਂ ਵਿੱਚ ਲੰਮੇ ਚੋਲਿਆਂ ਅਤੇ ਗੋਲ ਪੱਗਾਂ ਵਾਲਿਆਂ ਦੇ ਸਰੂਪ ਰਾਹੀਂ ਏਨੀ ਜ਼ਿਆਦਾ
ਘੁਸਪੈਠ ਕੀਤੀ ਹੋਈ ਹੈ ਕਿ ਉਹ ਸਾਡੇ ਅਣਭੋਲ ਵੀਰਾਂ ਨੂੰ ਸਹਿਜੇ ਹੀ ਸ਼ਰਧਾ ਦਾ ਵਾਸਤਾ ਪਾ ਕੇ ਵਰਗਲਾ
ਦਿੰਦੇ ਹਨ। ਹਾਲਾਂ ਕਿ ਗੁਰੂ ਸਹਿਬਾਂ ਦਾ ਸਾਦਾ ਜਿਹਾ ਇਹ ਫੁਰਮਾਣ ਕਿ
ਜਬ ਇਹ ਗਹੇ ਬਿਪਰਨ ਕੀ ਰੀਤ। ਮੈਂ ਨ
ਕਰੌਂ ਇਨ ਕੀ ਪ੍ਰਤੀਤ ਵੀ ਸਾਡੇ ਵੀਰ ਸਮਝ ਨਹੀਂ
ਰਹੇ। ਉਹ ਬ੍ਰਾਹਮਣੀ ਸੋਚ ਦੇ ਐਨੇ ਜ਼ਿਆਦਾ ਗ਼ੁਲਾਮ ਹੋ ਚੁੱਕੇ ਹਨ ਕਿ ਆਪਣੇ ਹੀ ਜਾਗਰੂਕ ਵੀਰਾਂ ਉੱਪਰ
ਕਾਤਲਾਤਨੇ ਹਮਲੇ ਕਰਨ ਤਾਈਂ ਜਾਂਦੇ ਹਨ। ਐਸਾ ਹਮਲਾ ਤਿੰਨ ਸਾਲ ਪਹਿਲਾਂ ਲੰਡਨ (ਯੂ ਕੇ) ਦੇ ਪੰਜਾਬ
ਰੇਡੀਓ ਦੇ ਗੁਰਬਾਣੀ ਪੇਸ਼ਕਰਤਾ ਸ੍ਰ: ਜਸਵੀਰ ਸਿੰਘ ਉੱਪਰ ਹੋਇਆ ਸੀ, ਨਤੀਜਨ ਉਹ ਅਪਾਹਜ ਹੋ ਗਏ।
ਦੂਸਰੇ ਬੰਨੇ ਗੁਰਮਤਿ ਨੂੰ ਬ੍ਰਾਹਮਣੀ ਗੁਲਾਫ ਵਿੱਚ ਲਪੇਟ ਕੇ ਪ੍ਰਚਾਰਨ ਵਾਲੇ, ਆਰ ਐਸ ਐਸ ਦੇ
ਜ਼ਰਖਰੀਦ, ਹਰ ਰੇਡੀਓ, ਅਖਬਾਰਾਂ, ਰਸਾਲਿਆਂ ਰਾਹੀਂ ਸਿੱਖਾਂ ਨੂੰ ਮਿਤਹਾਸਿਕ ਤੇ ਮਨਘੜਤ ਸਾਖੀਆਂ
ਸੁਣਾ ਲਿਖ ਕੇ ਅਸਲ ਗੁਰਮਤਿ ਤੋਂ ਦੂਰ ਲਿਜਾਣ ਵਿੱਚ ਬ੍ਰਾਹਮਣ ਦੀ ਚਾਲ ਸਫਲ ਕਰ ਰਹੇ ਹਨ।
ਪ੍ਰਮਾਤਮਾਂ ਅੱਗੇ ਅਰਦਾਸ ਹੈ ਕਿ ਸਾਡੇ ਐਸੇ ਅੰਨ੍ਹੀਂ ਸ਼ਰਧਾ ਵਿੱਚ ਗ੍ਰਸੇ ਅਤੇ ਫਸੇ ਹੋਏ ਅਣਭੋਲ
ਵੀਰਾਂ ਨੂੰ ਵਿਲੱਖਣ ਤੇ ਨਿਆਰੀ ਗੁਰਮਤਿ ਨੂੰ ਸਮਝ ਕੇ ਪਛਾਣਨ ਦੀ ਸੁਮੱਤਿ ਆਵੇ ਤਾਂ ਕਿ ਉਹ ਆਪਣੇ
ਜੀਵਨ ਨੂੰ ਕਲੰਕਿਤ ਹੋਣੋ ਬਚਾਅ ਸਕਣ।
ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ।
ਆਪਨੜੇ ਗਿਰੀਵਾਨ ਮਹਿ ਸਿਰੁ ਨਖੀਵਾ ਕਰ ਦੇਖੁ॥ (ਪੰਨਾ ੧੩੭੮)
ਉੱਪਰ ਵਰਣਿਤ ਵੀਰਾਂ ਦੀ ਜਾਣਕਾਰੀ ਵਾਸਤੇ ਆਡੀਓ, ਵੀਡੀਓ ਤੇ ਸੀਡੀਜ਼ ਵਗੈਰਾ
ਮੁਹਈਆ ਕਰਾਉਣੀਆਂ ਚਾਹੀਦੀਆਂ ਹਨ ਜਿਹਨਾਂ ਦੁਆਰਾ ਸਦੀਆਂ ਤੋਂ ਬ੍ਰਾਹਮਣਵਾਦੀ ਪ੍ਰੰਪਰਾਵਾਂ ਵਿੱਚ
ਫਸੇ ਹੋਏ ਵੀਰ ਬ੍ਰਾਹਮਣੀ ਕਰਮ ਕਾਂਡੀ ਸੋਚ ਤੋਂ ਖਹਿੜਾ ਛੁਡਾ ਕੇ ਆਜ਼ਾਦ ਹੋ ਸਕਣ। ਹਰ ਸਿੱਖ ਵੀਰ
ਭੈਣ ਨੂੰ ਬੇਨਤੀ ਹੈ ਕਿ ਉਹ ਤੰਗਦਿਲੀ ਛੱਡ ਕੇ ਖੁੱਲੀ ਸੋਚ ਦੇ ਧਾਰਨੀ ਬਣਨ ਤਾਂ ਹੀ (ਜਾਣੀਂ ਛਪੜੀ
ਵਾਲੇ ਡਿੱਡੂ ਦੀ ਸੋਚ ਛੱਡ ਕੇ ਵਿਸ਼ਾਲ ਸਮੁੰਦਰ ਦੀ ਆਜ਼ਾਦ ਫਿਜ਼ਾ ਵਾਲੀ ਸੋਚ ਅਪਣਾ ਕੇ ਵਿਚਰਨ)
ਬ੍ਰਾਹਮਣ ਵਲੋਂ ਉਣੇ ਹੋਏ ਮਕੜੀ ਜਾਲ੍ਹ ਵਰਗੇ ਤੰਗ ਦਾਇਰੇ ਵਿਚੋਂ ਨਿਕਲ ਕੇ ਮਨੁੱਖੀ ਸਮੁੰਦਰ ਵਿੱਚ
ਸਮਾ ਸਕਣਗੇ। ਕਿਉਂ ਕਿ ਭਰੇ ਹੋਏ ਭਾਂਡੇ ਵਿੱਚ ਹੋਰ ਕੁੱਝ ਸਮਾਅ ਨਹੀਂ ਸਕਦਾ, ਹੋਰ ਕੁੱਝ ਪਾਉਣ ਲਈ
ਪਹਿਲਾਂ ਉਸ ਨੂੰ ਖਾਲੀ ਕਰਨਾ ਹੀ ਪਵੇਗਾ। ਗੁਰੂ ਸਹਿਬਾਂ ਦੀ ਨਸੀਹਤ ਭੀ ਇਹੋ ਸੀ ਤੇ ਹੈ ਕਿ ਭਾਈ
ਸਿੱਖੀ ਉੱਪਰ ਸਿੱਖੀ ਨਹੀਂ ਟਿਕ ਸਕਦੀ। ਸਿਆਣਪ ਇਸ ਵਿੱਚ ਹੁੰਦੀ ਹੈ ਕਿ ਜਦੋਂ ਮਨੁੱਖ ਨੂੰ ਪਤਾ ਲਗ
ਜਾਏ ਕਿ ਇਹ ਗ਼ਲਤ ਹੈ ਤਾਂ ਉਸ ਨੂੰ ਜਲਦੀ ਤੋਂ ਪਹਿਲਾਂ ਛੱਡ ਦਿਤੇ ਜਾਣ ਵਿੱਚ ਹੀ ਬੇਹਤਰੀ ਹੁੰਦੀ ਹੈ
ਅਤੇ ਉਸ ਦਾ ਪਛਤਾਵਾ ਕਰਕੇ ਪਿਛਲੇ ਗ਼ਲਤ ਕੀਤੇ ਹੋਏ ਨੂੰ ਧੋਇਆ ਜਾ ਸਕਦਾ ਹੈ। ਇਸ ਵਿੱਚ ਵੀ ਕੋਈ ਸ਼ੱਕ
ਨਹੀਂ ਕਿ ਸਾਡੇ ਕੋਲ ਜੋ ਸਿੱਖੀ ਧਾਰਮਿਕ ਸਾਹਿਤ ਉਪਲਭਦ ਸੀ ਉਹ ਜ਼ਿਆਦਾ ਤਰ ਸਨਾਤਨੀ ਪ੍ਰਭਾਵ ਥੱਲੇ
ਰਚਿਆ ਗਿਆ ਸੀ, ਜਿਸ ਤੋਂ ਸਿੱਖਿਆ ਲੈ ਕੇ ਅਣਭੋਲ ਸਿੱਖ ਬ੍ਰਾਹਮਣੀ ਕਰਮ-ਕਾਂਡ ਕਰ ਕੇ ਖੁਦ ਹੀ ਆਪਣੇ
ਗੁਰੂ ਦਾ ਨਿਰਾਦਰ ਕਰਨ ਦੇ ਰਾਹ ਪੈ ਚੁੱਕੇ ਹਨ, ਜਿਸ ਨੂੰ ਹੁਣ ਦੀ ਤਾਜ਼ਾ ਤਰੀਨ ਖੋਜ ਨੇ ਸਾਬਤ ਭੀ
ਕਰ ਦਿੱਤਾ ਹੈ।
ਇਸ ਲਈ ਹਰ ਸਿੱਖ ਨੂੰ ਹਠ ਛੱਡ ਕੇ ਸਿਰਫ ਆਦਿ ਗੁਰੂ ਗ੍ਰੰਥ ਸਹਿਬ ਜੀ ਦੇ ਲੜ
ਲਗ ਕੇ ਹੀ ਜੀਵਨ ਬਤੀਤ ਕਰਨਾਂ ਸ਼ੁਰੂ ਕਰ ਦੇਣਾ ਚਾਹੀਦਾ ਹੈ।
ਹਠੁ ਅਹੰਕਾਰ ਕਰੈ ਨਹੀ ਪਾਵੈ॥ (ਪੰਨਾ
੯੦੫)। ਯਾਦ ਰਹੇ ਕਿ
ਜਿਸ ਦਿਨ ਅਸੀਂ ਗੁਰੂ ਗ੍ਰੰਥ ਸਹਿਬ ਦੇ
ਲੜ ਲਗ ਗਏ ਦੁਨੀਆਂ ਦੀ ਕੋਈ ਤਾਕਤ ਸਾਨੂੰ ਦਬਾ ਨਹੀਂ ਸਕੇਗੀ।
ਇਸ ਲਈ ਦਾਸ ਦੀ ਹਰ ਮਾਈ ਭਾਈ ਨੂੰ ਨਿਮਰਤਾ ਸਹਿਤ ਬੇਨਤੀ
ਹੈ ਕਿ ਆਦਿ ਗੁਰੂ ਗ੍ਰੰਥ ਸਹਿਬ ਵਿੱਚ ਅੰਕਤ ਮਨੁੱਖ ਜਾਤੀ ਲਈ ਜੀਵਨ ਜਾਚ ਨੂੰ ਅਪਣਾਓ ਤਾਂ ਕਿ ਹੋਰ
ਦੁਨੀਆਂ ਵਾਲੇ ਤੁਹਾਡੇ ਵਲ ਵੇਖ ਕੇ ਗੁਰਮਤੀ ਜੀਵਨ ਵਲ ਅਕਰਸ਼ਿਤ ਹੋ ਸਕਣ ਇਸ ਵਿੱਚ ਹੀ ਦੁਨੀਆਂ ਦਾ
ਅਤੇ ਆਪਣਾ ਭਾਵ ਸਭ ਦਾ ਭਲਾ ਹੈ।
ਸੋ ਆਓ ਆਪਾਂ ਸਾਰੇ ਰਲ ਮਿਲ ਕੇ ਬੀਤੇ ਸਮੇਂ ਦੁਰਾਨ ਅਣਭੋਲ-ਪੁਣੇ,
ਮੂਰਖ-ਪੁਣੇ, ਅਣਜਾਣ-ਪੁਣੇ ਜਾਂ ਅਗਿਆਨਤਾ ਵਿੱਚ ਜੋ ਗੁਰਮਤਿ ਤੋਂ ਉਲਟ ਕਰਮ ਕਾਂਡ ਭਾਵ ਗ਼ਲਤ ਧਾਰਮਿਕ
ਰਸਮ ਰਿਵਾਜ ਨਿਭਾ ਰਹੇ ਹਾਂ ਉਹਨਾਂ ਨੂੰ ਅਲਵਿਦਾ ਆਖ ਕੇ ਨਿਜਾਤ ਪਾਈਏ ਅਤੇ ਗੁਰੂ ਗਾਡੀ ਰਾਹ ਉੱਪਰ
ਚਲਣ ਦਾ ਪ੍ਰਣ ਕਰਕੇ ਸਦੀਵੀ ਸ਼ਬਦ ਗੁਰੂ ਵਿੱਚ ਦਰਜ ਸਿੱਖਿਆ ਅਨੁਸਾਰ ਆਪਣਾ ਜੀਵਨ ਢਾਲੀਏ ਭਾਵ ਸਿਰਫ
ਸ਼ਬਦ ਗੁਰੂ ਦੀ ਸ਼ਰਨੀ ਆਈਏ, ਕਿਉਂ ਕਿ ਇਸ ਤੋਂ ਇਲਾਵਾ ਸਾਡਾ ਹੋਰ ਕੋਈ ਹੈ ਹੀ ਨਹੀਂ, ਤਾਂ ਕਿ ਅਕਾਲ
ਪੁਰਖ ਮੇਹਰ ਕਰਕੇ ਆਪਣੇ ਚਰਨਾਂ ਨਾਲ ਜੋੜ ਲੈਣ।
ਮੇਰੇ ਸਤਿਗੁਰਾ ਮੈ ਤੁਝ ਬਿਨੁ ਅਵਰੁ ਨ ਕੋਇ॥
ਹਮ ਮੂਰਖ ਮੁਗਧ ਸਰਣਾਗਤੀ ਕਰਿ ਕਿਰਪਾ ਮੇਲੇ ਹਰਿ ਸੋਇ॥ (ਪੰਨਾ ੩੯)
ਨਿਰਭੈ ਸਿੰਘ