.

ਧਰਮੀ ਸੂਰਾ

ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ॥
ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ॥ (674)

ਸੂਰਮਾ ਕੌਣ ਹੈ? ਇਸ ਸਵਾਲ ਦਾ ਜਵਾਬ ਆਮ ਹਾਲਤਾਂ ਵਿੱਚ ਇਹੀ ਮਿਲੇਗਾ ਜਿਸ ਕੋਲ ਤਾਕਤ ਹੈ ਅਤੇ ਜੋ ਤਾਕਤ ਦੇ ਆਸਰੇ ਜੇਤੂ ਹੁੰਦਾ ਹੈ ਉਹੀ ਸੂਰਮਾ ਹੈ। ਜੇਤੂ ਹੋਣਾ ਸੂਰਮੇਂ ਦੀ ਵੱਡੀ ਨਿਸ਼ਾਨੀ ਮੰਨੀ ਜਾਂਦੀ ਹੈ। ਪਰ ਇਹ ਪ੍ਰੀਭਾਸ਼ਾ ਗੁਰਮਤਿ ਦੀ ਸੱਚ ਕਸਵੱਟੀ ਤੇ ਖ਼ਰੀ ਨਹੀਂ ਉਤਰਦੀ। ਤਾਕਤ ਹੋਣੀ ਅਤੇ ਤਾਕਤ ਨਾਲ ਜੇਤੂ ਹੋਣਾ ਸੂਰਮਤਾਈ ਦਾ ਪੈਮਾਨਾ ਨਹੀਂ ਕਿਹਾ ਜਾ ਸਕਦਾ। ਤਾਕਤਵਰ ਮਨੁੱਖ ਤਾਕਤ ਦਾ ਇਸਤਮਾਲ ਗਲਤ ਵੀ ਕਰ ਸਕਦਾ ਹੈ ਅਤੇ ਕਮਜੋਰਾਂ ਨੂੰ ਲਿਤਾੜ ਕੇ ਜੇਤੂ ਹੋਣ ਦਾ ਭਰਮ ਵੀ ਪਾ ਸਕਦਾ ਹੈ। ਇਤਿਹਾਸ ਵਿੱਚ ਅਜਿਹੇ ਲੋਕਾਂ ਦੇ ਨਾਂ ਆਮ ਹੀ ਮਿਲ ਜਾਣਗੇ ਜਿਨ੍ਹਾਂ ਦਾ ਸੂਰਮੇ ੳਤੇ ਮਹਾਨ ਹੋਣ ਦਾ ਪੈਮਾਨਾ ਇਹੀ ਸੀ ਕਿ ਉਨ੍ਹਾਂ ਨੇ ਕਿੰਨੇ ਜੰਗਾਂ ਵਿੱਚ ਹਿੱਸਾ ਲਿਆ, ਕਿੰਨੇ ਲੋਕ ਉਨ੍ਹਾਂ ਹੱਥੋਂ ਕਤਲ ਹੋਏ ਜਾਂ ਧਰਤੀ ਦਾ ਕਿੰਨਾ ਹਿੱਸਾ ਉਨ੍ਹਾਂ ਦੇ ਅਧੀਨ ਰਿਹਾ ਹੈ। ਤਾਂ ਕੀ ਅਜਿਹਾ ਕਰਨ ਵਾਲੇ ਨੰ ਸੂਰਮੇ ਹੋਣ ਦੀ ਉਪਾਧੀ ਦਿੱਤੀ ਜਾ ਸਕਦੀ ਹੈ? ਗੁਰਬਾਣੀ ਸਿਧਾਂਤ ਸ਼ਪੱਸ਼ਟ ਕਰਦੇ ਹਨ ਕਿ ਸੂਰਮਾ ਉਹ ਹੈ ਜਿਸ ਦੇ ਹਿਰਦੇ ਨੂੰ ਸੱਚ ਦਾ ਰੰਗ ਚੜ੍ਹਿਆ ਹੈ ਜੋ ਆਪੇ ਦਾ ਜੇਤੂ ਹੋਵੇ ਅਤੇ ਉਸਦੀ ਸੱਚਾਈ ਤੇ ਇਮਾਨਪ੍ਰਸਤੀ ਬਾਕੀ ਲੋਕਾਂ ਨੂੰ ਲਾਭ ਦੇਵੇ। ਉਸਦੀ ਵਰਤੀ ਤਾਕਤ ਸਥਾਪਿਤ ਗਲਤ ਨਿਜਾਮ ਨੂੰ ਮੁਕਾ ਦੇਣ ਲਈ ਹੋਵੇ ਅਤੇ ਮਨੁੱਖੀ ਹੱਕਾਂ ਦੀ ਰਾਖੀ ਕਰਦੀ ਹੋਵੇ।
ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ॥ .
ਗੁਰਮਤਿ ਮੁਤਾਬਕ ਤਾਂ ਅਸਲ ਸੂਰਮਾ ਉਹ ਹੈ ਜੋ ਜੀਵਨ ਨੂੰ ਸੱਚ ਧਰਮ ਦੀ ਕਮਾਈ ਵਿੱਚ ਲਾਉਂਦਾ ਹੋਇਆ ਉਨ੍ਹਾਂ ਧਰਮੀ ਗੁਣਾਂ ਨੂੰ ਆਪਣੇ ਵਿਹਾਰਬ ਰਾਹੀਂ ਪ੍ਰਗਟ ਵੀ ਕਰਦਾ ਹੈ। ਇਵੇਂ ਧਰਮ ਤੋਂ ਦਇਆ, ਨੇਕੀ, ਪਰਉਪਕਾਰ, ਅਣਖ, ਨਿਰਭੈਤਾ, ਨਿਰਵੈਰਤਾ, ਅਤੇ ਮਾਨਵ ਪਿਆਰ ਦੀ ਬਾਵਨਾ ਨਾਲ ਆਤਮ ਬਲਵਾਨ ਹੋ ਜਾਂਦਾ ਹੈ। ਅਜਿਹਾ ਮਨੁੱਖ ਕਿਸੇ ਮਜ਼ਲੂਮ ਨਾਲ ਵੈਰ ਨਹੀਂ ਕਮਾਉਂਦਾ ੳਤੇ ਨਾ ਹੀ ਜ਼ੁਲਮ ਨੂੰ ਵੇਖ ਕੇ ਅੱਖਾਂ ਮੀਟਦਾ ਹੈ ਕਿਉਂਕਿ ਉਹ ਅਖੌਤੀ ਅਹਿੰਸਾ ਦਾ ਪੁਜਾਰੀ ਵੀ ਨਹੀਂ ਹੁੰਦਾ। ਉਸਦੀ ਤਾਕਤ ਮਾਨਵ ਕਲਿਆਣ ਲਈ ਹੁੰਦੀ ਹੈ ੳਤੇ ਉਹ ਮਨੁੱਖਤਾ ਦੇ ਉਬਾਰ ਲਈ ਹਰ ਵਕਤ ਤਤਪਰ ਹੈ। ਡਰ ਕਿਸੇ ਦਾ ਨਾ ਮੰਨਣਾ ਅਤੇ ਨਾ ਡਰ ਕਿਸੇ ਨੂੰ ਦੇਣਾ ਇਹ ਸਿੱਖਿਆ ਉਸਦੇ ਸੁਭਾਅ ਦਾ ਹਿੱਸਾ ਬਣਦੀ ਹੈ।
ਭੈ ਕਾਹੂ ਕਉ ਦੇਤਿ ਨਹਿ ਨਹਿ ਭੈ ਮਾਨਤ ਆਨੁ
ਦੁਨੀਆਂ ਦੇ ਇਤਿਹਾਸ ਵਿੱਚ ਤਲਵਾਰਬਾਜ਼ਾਂ, ਮਕਬੂਲ ਲੜਾਕਿਆਂ, ਜੇਤੂਆਂ, ਅਤੇ ਜੰਗਜੂਆਂ ਦੇ ਅਨੰਤ ਨਾਮ ਭਰੇ ਪਏ ਹਨ। ਪਰ ਇਹਨਾਂ ਦੇ ਜੀਵਨ ਸ਼ੰਘਰਸ਼ ਦੀ ਪੜਚੋਲ ਤੋਂ ਬਾਅਦ ਉਂਗਲਾਂ ਤੇ ਗਿਣਨ ਵਾਲੇ ਲੋਕ ਹੀ ਨਿਕਲਣਗੇ ਜਿੰਨ੍ਹਾਂ ਦੀ ਬਹਾਦਰੀ `ਤੇ ਲੋਭ, ਹਿਰਸ, ਮੰਦ ਇਖਲਾਕੀ ਅਤੇ ਜੁਲਮ ਦਾ ਧੱਬਾ ਲੱਗਾ ਨਾ ਹੋਵੇ। ਆਪਣੀ ਤਾਕਤ ਵਿੱਚ ਅੰਨ੍ਹੇ ਹੋ ਕੇ ਅਖੌਤੀ ਬਹਾਦੁਰ ਨੂੰ, ਨਾ ਰੱਬ ਦਾ ਭੈ ਰਿਹਾ, ਨਾ ਮਨੁੱਖੀ ਭਾਵਨਾਵਾਂ ਦੀ ਕਦਰ ਰਹੀ। ਯਾਦ ਰਿਹਾ ਤਾਂ ਬਸ ਹਰਨਾਖਸ਼ ਵਾਗੂੰ ਆਪਣੇ ਗਰੂਰ ਦਾ ਅਹਿਸਾਸ। ਯੋਧੇ ਹੋਣ ਦੀ ਨਿਸ਼ਾਨੀ ਇਹ ਨਹੀਂ ਹੈ ਕਿ ਕੋਈ ਕਿੰਨਾ ਲੜਦਾ ਹੈ, ਕੋਈ ਕਿੰਨਾ ਮਾਰਦਾ ਹੈ, ਕਿੰਨਾ ਜਿੱਤਦਾ ਹੈ। ਸੂਰਮੇ ਹੋਣ ਦਾ ਸਬੂਤ ਹੈ ਕਿ ਕੋਈ ਕਿਸ ਲਈ ਲੜਦਾ ਹੈ ਅਤੇ ਕੀ ਖੱਟਦਾ ਹੈ ਅਤੇ ਕਿੰਨਿਆਂ ਨੂੰ ਬਚਾਉਂਦਾ ਹੈ। ਗੁਰਮਤਿ ਨੇ ਇਨ੍ਹਾਂ ਨੁਕਤਿਆਂ ਦੀ ਨੀਂਹ ਤੇ ਸਿਰਜਿਆ ਗੁਰੂ ਨਾਨਕ ਸਾਹਿਬ ਦੀ ਸੋਚ ਚੋਂ ਪੈਦਾ ਹੋਇਆ ਸੂਰਮਾ ਜਦੋਂ ਇਤਿਹਾਸ ਵਿੱਚ ਵਿਚਰਦਾ ਦੇਖਦੇ ਹਾਂ ਤਾਂ ਉਸ ਦੀਆ ਬਹਾਦਰੀ ਦੀਆਂ ਮਿਸਾਲਾਂ ਅੱਖਾਂ ਸਾਹਮਣੇ ਆ ਜਾਂਦੀਆ ਹਨ ਜਿਸ ਦੀ ਗਵਾਹੀ ਕਾਜੀ ਨੂਰ ਮੁਹੰਮਦ ਨੇ ‘ਜੰਗਨਾਮੇ’ ਵਿੱਚ ਦਿੱਤੀ ਅਤੇ ਉਹਨਾਂ ਸੂਰਮਿਆ ਦੀਆ ਇਖਲਾਕੀ ਕਦਰਾਂ ਕੀਮਤਾਂ ਦਾ ਜਿਕਰ ਵੀ ਕੀਤਾ। ‘ਆਏ ਨੇ ਨਿਹੰਗ ਬੂਹੇ ਖੋਲ ਦਿਓ ਨਿਸੰਗ’ `ਚੁਪ ਸ਼ਾ ਬੱਚਾ ਹਰੀਆ ਰਾਂਗਲੇ’ ‘ਸਿੰਘਾਂ ਦੇ ਬਾਰਾਂ ਵੱਜ ਗਏ’ ‘ਮੰਨੂ ਅਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਜੋਏ’ ‘ਨਾਦਰ ਸ਼ਾਹ ਨੂੰ ਕਾਬਲੀ ਕੁੱਤਾ’ ਆਦਿ ਕਥਨ ਜਦੋਂ ਇਤਿਹਾਸ ਵਿੱਚੋਂ ਮਿਲਦੇ ਹਨ ਤਾਂ ਇੰਨ੍ਹਾਂ ਕਥਨਾਂ ਵਿੱਚ ਉਨ੍ਹਾਂ ਸੂਰਮਿਆ ਦੀ ਬਹਾਦਰੀ, ਹਿੰਮਤ, ਕੁਰਬਾਨੀ, ਤਿਆਗ, ਉੱਚ ਇਖ਼ਲਾਕ, ਦਾਨੀ ਸੁਭਾਅ, ਮਨੁੱਖੀ ਹੱਕਾਂ ਦੀ ਰਾਖੀ, ਜਾਲਮ ਅਤੇ ਮਨੁੱਖਤਾ ਘਾਤੀ ਤਾਕਤਾਂ ਨੂੰ ਵੰਗਾਰਨ ਦੀ ਛਬੀ ਉਭਰਦੀ ਹੈ। ਤਾਰੀਖ਼ ਨੇ ਜ਼ਾਲਮ ਦਾ ਸਰਬਨਾਸ਼ ਕਰਨ ਲਈ ਅਜਿਹੇ ਯੋਧਿਆਂ ਨੂੰ ਜ਼ਾਲਮਾਂ, ਲੋਕ ਹੱਕਾਂ ਨੂੰ ਖੋਹਣ ਖਿੰਝਣ ਵਾਲਿਆਂ ਦਾ ਨਾਸ਼ ਕਰਦਿਆਂ ਅਤੇ ਹਰ ਕੁਰਬਾਨੀ ਕਰਕੇ ਸੱਚ ਦਾ ਝੰਡਾ ਉੱਚਾ ਕਰੀ ਰੱਕਦਿਆਂ ਅੱਖੀਂ ਵੇਖਿਆ ਹੈ। ਕੁਲੀਆਂ ਵਿੱਚ ਰਹਿਣ ਵਾਲੇ ਵੱਡੇ ਮਹਿਲਾਂ ਨੂੰ ਕਿਵੇਂ ਉਨਾਂ ਦੀ ਔਕਾਤ ਤੋਂ ਜਾਣੂ ਕਰਵਾਊਦੇ ਹਨ ਦਿੱਲੀ ਦੇ ਕਿਲ੍ਹੇ ਤੇ ਝੁੱਲੇ ਖ਼ਾਲਸਈ ਨਿਸ਼ਾਨ ਦੇ ਪੱਖ ਨੂੰ ਵੇਖਿਆ ਜਾ ਸਕਦਾ ਹੈ। ਵੱਡੀ ਗੱਲ ਇਹ ਹੈ ਕਿ ਅਜਿਹੇ ਮਹਾਨ ਯੋਧਿਆਂ ਦਾ ਕਦੇ ਬੀਜ਼ ਨਾਸ਼ ਨਹੀਂ ਹੁੰਦਾ ਗੁਜ਼ਰੇ ਤੂਫ਼ਾਨ ਭਾਵੇਂ ਦਾਅਵੇ ਕਰਦੇ ਹਨ ਪਰ ਇਹ ਦਾਅਵਾ ਹਰ ਵਾਰ ਝੂਠਾ ਹੀ ਹੋਇਆ ਹੈ। ਪਾਪ ਦੇ ਭਰੇ ਘੜੇ ਨੂੰ ਪੱਥਰ ਮਾਰਨ ਵਾਲਾ ਉਨਾਂ ਹਾਲਾਤਾਂ ਵਿਚੋਂ ਹੀ ਪੈਦਾ ਦੋ ਜਾਂਦਾ ਹੈ ਜਿਹੜੇ ਹਾਲਾਤ ਜ਼ਾਲਮ ਲੋਕ ਪੈਦਾ ਕਰ ਦਿੰਦੇ ਹਨ। ਇਵੇਂ “ਮਰਣੁ ਲਿਖਾਇ ਮੰਡਲ ਮਹਿ ਆਏ॥” (679) ਗੁਰਵਾਕ ਦੀ ਪਰਮ ਸੱਚਾਈ ਉਘੜਦੀ ਹੈ। ਲੋੜ ਹੈ ਸਿਖ ਕੌਮ ਨੂੰ ਆਪਣੇ ਗੁਰੁ ਸਾਹਿਬ ਦੀ ਮਹਾਨ ਸਿੱਖਿਆ ਇਤਿਹਾਸ ਤੋਂ ਸੇਧ ਲੈਣ ਦੀ ਅਤੇ ਉਸ ਅਨੁਸਾਰ ਆਪਣਾ ਜੀਵਨ ਅਤੇ ਸੱਭਿਆਚਾਰ ਸਿਰਜਣ ਦੀ ਤਾਂ ਕਿ ਕੁਰਬਾਨੀ ਦੇ ਪੁਤਲੇ ਯੋਧਿਆਂ ਅਤੇ ਅਖੌਤੀ ਤਾਕਤਵਰਾਂ ਦੀ ਸਹੀ ਸਮੇਂ ਪਹਿਚਾਣ ਹੋ ਸਕੇ।
ਹਰਜਿੰਦਰ ਸਿੰਘ ‘ਸਭਰਾ’
.