.

ਸਾਡੀ ਵਿਰਾਸਤ

ਹਰਜਿੰਦਰ ਸਿੰਘ ‘ਸਭਰਾ’

ਆਰੀਅਨਾਂ ਨੇ ਮਧ ਏਸ਼ੀਆ ਤੋਂ ਉੱਠ ਕੇ ਕਬਲਿਆਂ ਦੇ ਰੂਪ ਵਿੱਚ ਧਾੜਵੀ ਬਣ ਕੇ ਭਾਰਤ ਦੇ ਪੁਰਾਤਨ ਵਸਨੀਕਾਂ ਨੂੰ ਹਰਾਇਆ ਅਤੇ ਉਸ ਥਾਂ ਦੇ ਮਾਲਕ ਬਣ ਕੇ ਰਹਿਣ ਲੱਗੇ। ਹਾਰ ਤੋਂ ਬਾਅਦ ਦ੍ਰਾਵਿੜਾਂ ਦਾ ਇਥੇ ਜਿਊਣਾ ਜਿੰਨਾਂ ਮੁਹਾਲ ਹੋਇਆ ਸ਼ਾਇਦ ਹੀ ਕਿਸੇ ਨਾਲ ਹੋਇਆ ਹੋਵੇ ਅਜਿਹੇ ਲੋਕ ਜੋ ਕਦੀ ਖੁਦ ਆਪਣੀ ਧਰਤੀ ਤੇ ਆਰਾਮ ਨਾਲ ਸੁਖੀ ਵੱਸਦੇ ਸਨ ਗ਼ੁਲਾਮੀ ਦੇ ਕਾਰਣ ਅਛੂਤ ਅਤੇ ਨੀਵੇਂ ਸਮਝੇ ਗਏ। ਆਰੀਅਨਾਂ ਨੇ ਉਨ੍ਹਾਂ ਨੂੰ ਅਛੂਤ, ਨੀਵੇਂ ਅਤੇ ਗ਼ੁਲਾਮ ਹੋਣ ਦਾ ਨਾਂ ਹੀ ਨਹੀਂ ਦਿੱਤਾ ਸਗੋਂ ਉਨ੍ਹਾਂ ਦੇ ਜ਼ਿਹਨ ਵਿੱਚ ਵੀ ਇਸ ਭਾਵਨਾ ਨੂੰ ਕੁੱਟ ਕੁੱਟ ਕੇ ਭਰਿਆ। ਜੇਤੂ ਆਰੀਅਨਾਂ ਨੇ ਆਪਣੇ ਗ੍ਰੰਥਾਂ ਵਿੱਚ ਵੀ ਇਸ ਦਾ ਖ਼ਾਸ ਜ਼ਿਕਰ ਕਰਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਸੰਦੇਸ਼ ਦਿੱਤਾ ਕਿ ਸ਼ੁਦਰ, ਅਛੂਤ ਨੂੰ ਤਾਂ ਉਨ੍ਹਾਂ ਦੇ (ਕਥਿਤ) ਰੱਬ ਨੇ ਵੀ ਪੈਰਾਂ ਵਿਚੋਂ ਪੈਦਾ ਕੀਤਾ ਹੈ। ਅਤੇ ਸਮਾਜ ਦੀ ਰੂਪ ਰੇਖਾ ਹੀ ਇਸ ਆਧਾਰ ਤੇ ਬਣਈ ਕਿ ਨੀਵਾਂ ਸਦਾ ਹੀ ਨੀਵਾਂ ਰਹੇ ਅਤੇ ਧਾਰਮਿਕ ਸਮਾਜਿਕ ਕੋਈ ਵੀ ਪੱਖ ਉਸਦੀ ਬਰਾਬਰਤਾ ਦੀ ਹਾਮੀ ਨਾ ਭਰ ਸਕੇ। ਸਨਾਤਨੀ ਧਰਮ ਗ੍ਰੰਥਾਂ ਵਿੱਚ ਅਜਿਹੇ ਵੀਚਾਰਾਂ ਦੀ ਤਕੜੀ ਭਰਮਾਰ ਮਿਲੇਗੀ। ਤਦੋਂ ਤੋਂ ਲੈ ਕੇ ਇਹ ਵਰਤਾਰਾ ਨਿਰੰਤਰ ਕਿਸੇ ਨਾ ਕਿਸੇ ਰੂਪ ਵਿੱਚ ਅੱਜ ਵੀ ਚਲਿਆ ਹੀ ਆ ਰਿਹਾ ਹੈ। ਉਸ ਵੀਚਾਰਧਾਰਾ ਦੇ ਪੈਰੋਕਾਰ ਅੱਜ ਵੀ ਸੌ ਫੀਸਦੀ ਇਨ੍ਹਾਂ ਗੱਲਾਂ ਤੇ ਅਮਲ ਦਰ ਅਮਲ ਕਰ ਰਹੇ ਹਨ। ਬ੍ਰਾਹਮਣ ਇਸ ਵੀਚਾਰਧਾਰਾ ਦਾ ਕਰਤਾ ਧਰਤਾ ਅਤੇ ਮੁਖੀ ਪ੍ਰਚਾਰਕ ਸੀ ਜਿਸਨੇ ਅਜਿਹਾ ਜਾਲ ਬੁਣਿਆਂ ਕਿ ਸਾਰਾ ਸਮਾਜ ਇਸ ਦੇ ਕਰਮਕਾਂਡੀ ਤਾਣੇ ਪੇਟੇ ਵਿੱਚ ਬੁਰੀ ਤਰ੍ਹਾਂ ਉਲਝਿਆ ਹੋਇਆ ਹੈ ਭਾਵੇਂ ਸਮੇਂ ਸਮੇਂ ਭਾਰਤ ਵਿੱਚ ਕਈ ਸੁਧਾਰਕਾਂ ਨੇ ਜਨਮ ਲਿਆ ਜਿਨ੍ਹਾਂ ਨੇ ਇਸ ਜਾਲ ਦੀ ਤੰਗੀ ਨੂੰ ਮਹਿਸੂਸ ਵੀ ਕੀਤਾ ਅਤੇ ਕੁੱਝ ਯਤਨ ਵੀ ਕੀਤੇ ਪਰ ਇਸ ਨੂੰ ਥੋੜ੍ਹਾ ਢਿੱਲਾ ਤਾਂ ਕੀਤਾ ਪਰ ਇਹ ਪੂਰੀ ਤਰ੍ਹਾਂ ਆਜ਼ਾਦੀ ਨਾ ਦੇ ਸਕਿਆ। ਕਿਸੇ ਸਭਿਅਤਾ ਦੀ ਬਿਨਾਅ ਉਸਦੇ ਧਰਮ ਅਕੀਦਿਆਂ ਤੇ ਟਿਕੀ ਹੋਈ ਹੁੰਦੀ ਹੈ। ਪਰ ਇਥੇ ਤਾਂ ਬ੍ਰਾਹਮਣੀ ਵੀਚਾਰਧਾਰਾ ਨੇ ਧਰਮ ਨੂੰ ਵਿਕਾਊ ਮਾਲ ਅਤੇ ਅੰਧਵਿਸ਼ਵਾਸ਼ਾ ਦੀ ਟੋਕਰੀ ਬਣਾ ਧਰਿਆ ਸੀ।
ਧਰਮ ਦੀ ਜੋ ਵਿਆਖਿਆ ਬਿਪਰੀ ਦਿਮਾਗ਼ ਨੇ ਕੀਤੀ ਉਹ ਆਪਣੇ ਆਪ ਵਿੱਚ ਹੀ ਸਮਾਜ ਨੂੰ ਅਸੱਭਿਅਕ, ਅਸ਼ਾਂਤ, ਅਤੇ ਭਰਮਾਉਣ ਵਿੱਚ ਕਾਫੀ ਸੀ। ਸਰਬਕਾਲੀ, ਸਰਬਦੇਸ਼ੀ ਅਤੇ ਸਦੀਵੀ ਸੱਚਾਈ ਨੂੰ ਨਾਮਾਤਰ ਪ੍ਰਵਾਨ ਕਰਕੇ ਭਰਮਾਊ ਵੀਚਾਰ ਰੱਬ ਦੇ ਨਾਂ ਤੇ ਪ੍ਰਚਲਤ ਸਨ। ਅਨੰਤ ਗ਼ੈਬੀ ਸ਼ਕਤੀਆਂ ਦੀ ਪੂਜਾ, ਉਨ੍ਹਾਂ ਸ਼ਕਤੀਆਂ ਦੀ ਕਾਰਜਵਿਧੀ, ਉਨ੍ਹਾਂ ਦਾ ਇਖ਼ਲਾਕ, ਆਦਿ ਬਿਪਰ ਨੇ ਖੁਦ ਹੀ ਤਹਿ ਕੀਤੇ ਸਨ। ਅਸਿੱਧੇ ਰੂਪ ਵਿੱਚ ਬਿਪਰ ਨੇ ਆਪਣੇ ਆਪ ਨੂੰ ਹੀ ਖ਼ੁਦਾ ਘੋਸ਼ਤ ਕੀਤਾ ਹੋਇਆ ਸੀ। ਗ਼ੈਬੀ ਤਾਕਤਾਂ (ਦੇਵੀਆਂ-ਦੇਵਤੇ) ਨੂੰ ਖ਼ੁਸ਼ ਰੱਖਣ ਲਈ ਯੱਗਾਂ ਅਤੇ ਯੱਗਾਂ ਵਿੱਚ ਬਲੀਆਂ ਦਾ ਵਿਧਾਨ ਤਿਆਰ ਕੀਤਾ ਗਿਆ। ਅਤੇ ਇਨ੍ਹਾਂ ਯੱਗ ਬਲੀਆਂ ਵਿੱਚ ਨਰਮੇਧ ਯੱਗ ਦੀ ਘਾੜਤ ਘੜ ਕੇ ਆਪਣੇ ਕਥਿਤ ਸ਼ਰਾਰਤੀ ਰੱਬ ਅਗੇ ਵਿਰੋਧੀ ਨੂੰ ਬਿਲੇ ਲਾਉਣ ਦਾ ਰਾਹ ਕਢਿਆ ਗਿਆ। ਮਨੁੱਖ ਅੰਦਰ ਉੱਦਮ ਇੱਕ ਪ੍ਰਬਲ ਤਾਕਤ ਹੈ ਇਹ ਕੁਦਰਤੀ ਤੋਹਫਾ ਹੈ ਕੁਦਰਤ ਵਲੋਂ ਇਨਸਾਨ ਕੋਲ ਅਤੇ ਜ਼ਿੰਦਾ ਰਹਿਣ ਦਾ ਵਸੀਲਾ ਵੀ। ਪਰ ਜਿਵੇਂ ਮਨੁੱਖ ਦੀ ਉੱਦਮੀ ਤਾਸੀਰ ਨੂੰ ਦਲਿਆ ਮਲਿਆ ਗਿਆ ਇਹ ਆਪਣੇ ਆਪ ਵਿੱਚ ਇੱਕ ਅਫਸੋਸਨਾਕ ਮਿਸਾਲ ਹੈ। ਗ਼ੈਬੀ ਤਾਕਤਾਂ ਤੇ ਭਰੋਸਾ ਰੱਖਣ ਦੀ ਸਿਖਿਆ, ਅਤੇ ਵਰਾਂ ਦਾ ਭਰਮਾਊ ਜਾਲ ਪਾ ਕੇ ਸੁੱਖਣਾ ਦੇ ਰਾਹ ਪਾਇਆ ਸਮਾਜ ਸੈਂਕੜੇ ਵਰ੍ਹਿਆਂ ਦੀ ਗ਼ੁਲਾਮੀ ਦੇ ਦਰਵਾਜ਼ੇ ਅੱਗੇ ਹੱਥ ਬੰਨ੍ਹ ਜਾ ਖੜ੍ਹਾ ਹੋਇਆ। ਪਰ ਅਜਿਹੇ ਅਵਤਾਰ ਅਤੇ ਗ਼ੈਬੀ ਤਾਕਤਾਂ ਜਿਨ੍ਹਾਂ ਦਾ ਕਰੈਕਟਰ ਬਿਪਰ ਨੇ ਆਪਣੀ ਸੋਚ ਅਤੇ ਆਪਣੇ ਜੀਵਨ ਦੁਆਰਾ ਹੀ ਘੜ੍ਹਿਆ ਸੀ ਮਨੁੱਖਤਾ ਦੀ ਬਾਹੁੜੀ ਨਾ ਕਰ ਸਕੇ। ਬੱਸ ਰਾਹ ਦਸੇਰਿਆਂ ਦੇ ਇਖ਼ਲਾਕ ਦਾ ਅਸਰ ਸਮਾਜ ਜ਼ਰੂਰ ਕਬੂਲ ਕਰ ਗਿਆ। ਮਨੁੱਖ ਅੰਦਰ ਆਲਸ, ਨਾਉਮੀਦੀ, ਬੇਗ਼ੈਰਤੀ, ਝੂਠ, ਧੋਖਾ, ਫਰੇਬ, ਵਿਖਾਵਾ, ਮਨਮਤੀ ਜੀਵਨ ਵਿਹਾਰ ਕਰਮਕਾਂਡ, ਧਾਰਮਿਕ ਅਤੇ ਰਾਜਸੀ ਗ਼ੁਲਾਮੀ, ਆਰਥਕ ਸ਼ੋਸ਼ਣ, ਇਹੀ ਤਾਂ ਉਹ ਸਭ ਕੁੱਝ ਹੈ ਜੋ ਅਖੌਤੀ ਧਰਮ, ਰੱਬ ਅਤੇ ਸਮਾਜ ਨੇ ਮਨੁੱਖ ਦੇ ਪੱਲੇ ਪਾਇਆ। ਸਾਫ ਸ਼ਬਦਾਂ ਵਿੱਚ ਮਨੁੱਖ ਪਸ਼ੂ ਸਮਾਨ ਹੀ ਵਿਚਰ ਰਿਹਾ ਸੀ। ਵੀਚਾਰਧਾਰਾਵਾਂ ਵਿੱਚ ਉਹ ਦਮ ਨਹੀਂ ਸੀ ਕਿ ਮਨੁੱਖ ਦੀ ਕਿਧਰੋਂ ਕਿਸੇ ਕਿਸਮ ਦੀ ਸਹੀ ਅਗਵਾਈ ਹੋ ਸਕੇ। ਕਿਧਰੋਂ ਸੱਚ ਦੀ ਇਕਾ ਦੁੱਕਾ ਕਨਸੋਅ ਉਠਦੀ ਰਹੀ ਪਰ ਸਮਾਂ ਪਾ ਕੇ ਬਿਪਰੀ ਖਾਰੇ ਸਾਗਰ ਵਿੱਚ ਵਿਲੀਨ ਹੋ ਜਾਂਦੀ ਰਹੀ।
ਸੁਭਾਗ ਵੱਸ ਪੰਜ ਆਬਾਂ ਦੇ ਸੁੰਦਰ ਵਹਿਣ ਅਤੇ ਛੇ ਰੁਤਾਂ ਨਾਲ ਸ਼ਿੰਗਾਰੀ, ਜ਼ਰਖੇਜ਼ ਭੂਮੀ ਤੇ ਗੁਰੂ ਨਾਨਕ ਦੀ ਆਮਦ ਹੋ ਗਈ। ਦੰਭਾਂ, ਪਖੰਡਾਂ, ਕਰਮਕਾਂਡਾਂ ਦੇ ਅਰਬਾਂ ਤਾਰਿਆਂ ਸਾਹਵੇਂ ਸੂਰਜ ਚਮਕ ਉਠਿਆ। ਗੁਰੂ ਨਾਨਕ ‘ਸਿੰਘ ਗਰਜਣਾ’ ਨੇ ਪਹਿਲੇ ਸਮੁੱਚੇ ਅਡੰਬਰਵਾਦੀ ਪ੍ਰਬੰਧ ਨੂੰ ਤਕੜੀ ਵੰਗਾਰ ਪਾਈ। ਜਗਤ ਮੈਦਾਨ ਵਿੱਚ ਗਿਆਨ ਖੜਗ ਲੈ ਕੇ ਗੁਰੂ ਨਾਨਕ ਸੂਰਮਾ ਆ ਨਿਤਰਿਆ। ਫਿਰ ਉਹ ਕਿਹੜਾ ਪੱਖ ਸੀ ਜਿਸ ਵੱਲ ਉਸ ਦੀ ਪਿਆਰੀ ਤੇ ਪਾਰਖੂ ਨਜ਼ਰ ਨਾ ਗਈ ਹੋਵੇ। ਜੀਵਨ ਨੂੰ ਜੀਵਨ ਸਮਝਾਉਣ ਵਾਲਾ ਜੀਵਨ ਜਾਚ ਦੀ ਦਾਤ ਦੇਣ ਵਾਲਾ ਦਾਤਾ ਗੁਰੂ ਨਾਨਕ ਸੰਸਾਰ ਸਾਹਵੇਂ ਅਜਿਹੀ ਵਿਰਾਸਤ ਨੂੰ ਸਿਰਜਣ ਵਿੱਚ ਲੱਗ ਪਿਆ ਜਿਸ ਦਾ ਅਰੰਭ ਉਨ੍ਹਾਂ ਸ਼ਬਦ ਤੋਂ ਕੀਤਾ। ਸਿਧ ਜੋਗੀ ਉਦਾਸੀ ਸੰਨਿਆਸੀ ਅਨੇਕਾਂ ਫਿਰਕਿਆਂ ਤੇ ਮਜ਼ਹਬਾਂ ਦੇ ਭੇੜ ਚੋਂ ਮਨੁੱਖੀ ਜੀਵਨ ਨੂੰ ਸਾਬਤ ਰੱਖਣ ਹਿਤ ਵੀਚਾਰ ਦਾ ਪਿੜ੍ਹ ਉਨ੍ਹਾਂ ਲੋਕਾਂ ਸਾਹਵੇਂ ਜਾ ਸਿਰਜਿਆ। ਇਸ ਛਿੰਝ ਵਿੱਚ ‘ਸ਼ਬਦ ਜਿਤੀ” ਦਾ ਨਾਦ ਗੁੰਜਾਰ ਪਾ ਉਠਿਆ। ਕਾਮਲ ਮਰਦ ਨੇ ਧਰਮ ਦੀ ਜੋ ਪ੍ਰੀਭਾਸ਼ਾ ਜਗਤ ਸਾਹਵੇਂ ਰੱਖੀ ਉਸ ਦੀ ਸੋਅ ਕੰਨੀਂ ਪੈਂਦਿਆਂ ਹੀ ਧਰਮ ਦੇ ਨਾਂ ਤੇ ਦਬਕਾਇਆਂ ਦੀਆਂ ਅੱਖਾਂ ਚਮਕ ਉਠੀਆਂ। ਉਨ੍ਹਾਂ ਦੇ ਦਰਸਾਏ ਸੱਚ ਧਰਮ ਨੇ ਸਾਰੀਆਂ ਵਲਗਣਾਂ ਤੋੜ੍ਹ ਸੁੱਟੀਆਂ ਅਤੇ ਮਾਨਵ ਜੀਵਨ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਧਰਮ ਦੀ ਇਸ ਗੋਦ ਨੇ ਦਇਆ, ਧਰਮ, ਸ਼ਾਤੀ, ਪਿਆਰ, ਸਹਿਜ, ਸਬਰ, ਸਿਦਕ, ਹਲੇਮੀ, ਉਮੀਦ, ਅਤੇ ਗ਼ੈਰਤ ਅਣਖ ਆਨ ਜੀਵਨ ਵਿਹਾਰ ਦਾ ਪ੍ਰਭਾਵ ਮਨੁੱਖ ਦੇ ਮਨ ਮਸਤਕ ਤੇ ਉੱਕਰਿਆ।
ਗੁਰਮਤਿ ਦੀ ਵੀਚਾਰਧਾਰਾ ਦਾ ਰੱਬ ਸੱਚ ਹੈ ਅਤੇ ਇਹ ਸੱਚ ਸਭਨਾਂ ਦੇ ਮਨ ਵਿਹੜੇ ਵਿੱਚ ਹਾਜ਼ਰ ਹੈ ਇਸਨੂੰ ਚਾਰਦੀਵਾਰੀ ਬੰਨ੍ਹ ਨਹੀਂ ਸਕਦੀ। ਧਰਮ ਦੀਆਂ ਇਨ੍ਹਾਂ ਬਰਕਤਾਂ ਨੇ ਮਨੁੱਖ ਵਿਚੋਂ ਬੋਲਣਾ ਸ਼ੁਰੂ ਕਰ ਦਿੱਤਾ “ਨਾ ਕੋ ਹਿੰਦੂ ਨਾ ਮੁਸਲਮਾਨ”। ਗੁਰੂ ਨਾਨਕ ਦੀ ਗਿਆਨ ਤਾਸੀਰ ਨੇ ਮਨੁੱਖ ਦੇ ਜੀਵਨ ਦੀ ਕਾਇਆਂ ਹੀ ਪਲਟ ਦਿੱਤੀ। ਨਾ ਭਰਮ, ਨਾ ਵਹਿਮ, ਨਾ ਕੋਈ ਅਡੰਬਰ, ਨਾ ਵਿਖਾਵਾ। ਮਨਮੱਤਾਂ, ਕਰਮਕਾਂਡਾਂ, ਨਰਕ ਸੁਰਗਾਂ ਦਾ ਭੈ ਤੇ ਲਾਲਚ, ਪੂਜਾ ਪ੍ਰਤਿਸ਼ਟਾ ਦਾ ਮਾਇਕੀ ਜਾਲ, ਨਾ ਉਮੀਦੀ ਆਲਸ ਤੇ ਗ਼ੈਬੀਤਾਕਤਾਂ ਦਾ ਭੈ, ਕਿਧਰੇ ਸੁਪਨਾ ਹੋ ਗਏ। ਹੁਣ ਤਾਂ ਭੈ ਦੇਣ ਤੇ ਭੈ ਮੰਨਣ ਨੂੰ ਗ਼ੁਨਾਹ ਸਮਝਿਆ ਜਾਂਦਾ ਸੀ। ਸਮਾਜਕ ਬਰਾਬਰੀ ਤੇ ਕੁਦਰਤੀ ਸਾਧਨਾਂ ਦੀ ਸਹਿਜ ਸੁਖੈਨ ਵਰਤੋਂ ਦਾ ਵੱਲ ਮਨੁੱਖ ਨੂੰ ਸਿਖਾਇਆ ਗਿਆ। ਭਲਾਈ ਪਰਉਪਕਾਰ ਜੀਵਨ ਦਾ ਸ਼ਿੰਗਾਰ ਬਣ ਗਏ। ਜ਼ੁਲਮ ਵਿਰੁੱਧ ਅਖੌਤੀ ਸ਼ਾਤੀ ਨੂੰ ਧੱਕਾ ਮਾਰ ਕੇ ਤੱਤੀਆਂ ਤਵੀਆਂ ਤੇ ਚਾਂਦਨੀ ਚੌਂਕ ਅਸਲ ਟਿਕਾਅ ਤੇ ਸਹਿਜ ਦੀ ਦਾਸਤਾਨ ਬਣ ਗਏ। ਖੜਕਦੇ ਖੰਡੇ ਨੇ ਸਿੱਧ ਕਰ ਦਿੱਤਾ ਕਿ ਧਰਮ ਜੀਵਤ ਹੋਵੇ ਤਾਂ ਹੀ ਜੀਵਨ ਨੂੰ ਜੀਵਤ ਰੱਖਿਆ ਜਾ ਸਕਦਾ ਹੈ। ਜ਼ਮੀਰਾਂ ਦਾ ਚਾਨਣ ਦੁਸ਼ਮਣ ਬਣੇ ਲੋਕਾਂ ਦੇ ਮਸਤਕ ਤੇ ਜਾ ਪਿਆ ਤੇ ਉਹ ਗਵਾਹੀ ਦੇਣ ਲੱਗ ਪਏ “ਇਹ ਬਦਇਖ਼ਲਾਕ ਨਹੀਂ” “ਚੋਰੀ ਜਾਰੀ ਨਹੀਂ ਕਰਦੇ” “ਇਹ ਬਹਾਦਰ ਹਨ” ਇਹ ਬਾਦਸ਼ਾਹ ਹਨ”। ਦੂਜਿਆਂ ਦੀ ਇਜ਼ਤ ਤੇ ਸਵੈਮਾਨ ਲਈ ਗੁਰਮਤੀਆਂ ਨੇ ਜਾਨਾ ਹੂਲ ਦਿੱਤੀਆਂ। ਬਾਦਸ਼ਾਹਾਂ ਦੀ ਬਾਦਸ਼ਾਹਤ ਨੂੰ ਲਲਕਾਰ ਪਾ ਕੇ ਮਨੁਖੀ ਹੱਕਾਂ ਦੀ ਦੋਹੀ ਪਾ ਦਿੱਤੀ। ਸ਼ਹੀਦਾਂ ਦੀਆਂ ਕਤਾਰਾਂ, ਪਰਉਪਕਾਰੀਆਂ ਦੇ ਹਜ਼ੂਮ, ਗੁਰਮਤਿ ਗਰਭ ਵਿਚੋਂ ਜਨਮ ਆਏ। ਇਤਿਹਾਸ ਗਵਾਹੀਆਂ ਦਿੰਦਾ ਹੈ ਅਜਿਹੀ ਮਹਾਨਤਾ ਦੀਆਂ। ਜ਼ਰਾ ਸੋਚੋ! ਗੁਰਮਤਿ ਧਰਮ ਤੋਂ ਪਹਿਲਾਂ ਦੇਸ਼ ਵਿੱਚ ਕੀ ਸੀ? ਸਮਾਜ ਕੋਲ ਇਹੋ ਜਿਹੀ ਮਹਾਨ ਵਿਰਾਸਤ ਅਤੇ ਧਰਮ ਮੌਜੂਦ ਸਨ? ਨਹੀਂ! ਕੁੱਝ ਵੀ ਨਹੀਂ ਸੀ। ਗ਼ੁਲਾਮੀ ਦੀ ਚੱਕੀ ਜਿਸ ਨੂੰ ਕਦੀ ਅਖੌਤੀ ਧਰਮ ਤੇ ਕਦੀ ਰਾਜਨੀਤੀ ਚਲਾ ਰਹੀ ਸੀ ਵਿੱਚ ਮਾਨਵ ਜੀਵਨ ਬੁਰੀ ਤਰਾਂ ਪਿਸ ਰਿਹਾ ਸੀ। ਗੁਰਮਤਿ ਧਰਮ ਨੇ ਮਾਨਵਤਾ ਨੂੰ ਇਸ ਤੋਂ ਉਬਾਰਿਆ ਅਤੇ ਮਹਾਨ ਅਮੀਰ ਵਿਰਾਸਤ ਦੇ ਮਾਲਕ ਬਣਾਇਆ। ਕੀ ਹੈ ਗੁਰਮਤ ਵਿਰਾਸਤ ਤੋਂ ਪਹਿਲਾਂ ਭਾਰਤ ਕੋਲ? ਫਿਰ ਇਸ ਸੱਚਾਈ ਨੂੰ ਉਹੀ ਸ਼ਰਾਰਤੀ ਦਿਮਾਗ਼ ਅਜੇ ਵੀ ਮੰਨਣ ਤੋਂ ਇਨਕਾਰੀ ਹੈ ਜਿਸ ਨੇ ਮਾਇਆ ਜਾਲ ਬੁਣ ਕੇ ਸਮਾਜ ਦੀ ਦੁਰਗਤੀ ਕੀਤੀ ਸੀ। ਪਰ ਅਸੀਂ ਕਿਉਂ ਹੀਰਿਆਂ ਨੂੰ ਸੁੱਟ ਪੱਥਰਾਂ ਨੂੰ ਚੁੱਕੀਏ। ਹਨੇਰੀਆਂ ਰਾਤਾਂ ਦੀਆਂ ਠੋਕਰਾਂ ਗਲ ਕਿਉਂ ਲਾਈਏ। ਜਦੋਂ ਕਿ ਗੁਰ ਗਿਆਨ ਦੀਪਕ ਉਜਿਆਰੀਆ ਸਾਡੇ ਕੋਲ ਹੈ। ਕਿਉਂ ਨਾ ਸਿਖ ਹੋਣ ਤੇ ਮਾਣ ਦਰਸਾਈਏ ਤੇ ਬਾਣੀ ਦੀ ਸੁਰ ਨੂੰ ਜੀਵਨ ਦਾ ਤਰਾਨਾ ਬਣਾ ਲਈਏ “ਨਾ ਹਮ ਹਿੰਦੂ ਨਾ ਹਮ ਮੁਸਲਮਾਨ”।




.