.

ਪੰਜ ਪਿਆਰਿਆਂ ਦੇ ਅਧਿਕਾਰ ਦੀ ਵਰਤੋਂ ਦੀਆਂ ਸੀਮਾਵਾਂ

ਗੁਰੂ ਗੋਬਿੰਦ ਸਿੰਘ ਜੀ ਵਲੋਂ ਖ਼ਾਲਸੇ ਨੂੰ ਗੁਰੂ ਗੰਥ ਸਾਹਿਬ ਜੀ ਦੀ ਹਜ਼ੂਰੀ ਅਥਵਾ ਤਾਬਿਆ ਵਿੱਚ ਜੁਗਤ ਵਰਤਾਉਣ ਦੇ ਅਧਿਕਾਰ ਦੀ ਬਦੌਲਤ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਪਿਆਰੇ ਖੰਡੇ ਦੀ ਪਾਹੁਲ ਛਕਾਉਂਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁਗਤ ਵਰਤਾਉਂਣ ਵਾਲੇ ਪੰਜ ਪਿਆਰਿਆਂ ਵਿੱਚ ਸਤਿਗੁਰੂ ਆਪ ਬਿਰਾਜਮਾਨ ਹੋਕੇ ਇਹ ਜੁਗਤ ਵਰਤਾ ਰਹੇ ਹਨ, ਦਾ ਵਿਸ਼ਵਾਸ ਹੈ। ਇਸ ਧਾਰਨਾ ਕਾਰਨ ਹੀ ਇਹ ਮੰਨਿਆ ਜਾਂਦਾ ਹੈ ਕਿ ਇਸ ਸਮੇਂ ਪੰਜ ਪਿਆਰੇ ਜੋ ਵੀ ਅਦੇਸ਼ ਦੇਂਦੇ ਹਨ, ਉਹ ਗੁਰੂ ਸਾਹਿਬ ਆਪ ਪੰਜ ਪਿਆਰਿਆਂ ਦੁਆਰਾ ਦੇ ਰਹੇ ਹੁੰਦੇ ਹਨ। ਇਸ ਵਿਸ਼ਵਾਸ ਕਾਰਨ ਹੀ ਪੰਜ ਪਿਆਰਿਆਂ ਵਲੋਂ ਇਸ ਸਮੇਂ ਖ਼ਾਲਸੇ ਦੀਆਂ ਰਹਿਤਾਂ – ਕੁਰਹਿਤਾਂ ਸਬੰਧੀ ਜੋ ਵੀ ਦ੍ਰਿੜ ਕਰਵਾਇਆ ਜਾਂਦਾ ਹੈ ਉਸ ਨੂੰ ਗੁਰੂ ਦਾ ਹੁਕਮ ਸਮਝ ਕੇ ਹੀ ਪ੍ਰਵਾਨ ਕਰਨ ਦੀ ਪਰੰਪਰਾ ਹੈ।
ਪੰਜ ਪਿਆਰਿਆਂ ਸਬੰਧੀ ਅਜਿਹੀ ਧਾਰਨਾ ਨਾਲ ਕੇਵਲ ਪੰਥ ਵਿੱਚ ਇਕਸਾਰਤਾ ਵਾਲਾ ਭਾਵ ਹੀ ਨਹੀਂ ਸਗੋਂ ਪੰਥ ਦੀ ਚੜ੍ਹਦੀ ਕਲਾ ਦਾ ਰਹੱਸ ਵੀ ਲੁਕਿਆ ਹੋਇਆ ਹੈ। ਪੰਜ ਪਿਆਰਿਆਂ ਦੁਆਰਾ ਖੰਡੇ ਦੀ ਪਾਹੁਲ ਛਕਾਉਣ ਸਮੇਂ ਜਿਨ੍ਹਾਂ ਰਹਿਤਾਂ – ਕੁਰਹਿਤਾਂ ਦਾ ਵਰਣਨ ਕੀਤਾ ਜਾਂਦਾ ਹੈ ਉਸ ਨੂੰ ਸਿੱਖ ਰਹਿਤ ਮਰਯਾਦਾ ਵਿੱਚ ਅੰਕਤ ਕੀਤਾ ਹੋਇਆ ਹੈ। ਪੰਜ ਪਿਆਰੇ ਇਸ ਰਹਿਤ ਮਰਯਾਦਾ ਅਨੁਸਾਰ ਹੀ ਖ਼ਾਲਸੇ ਦੀਆਂ ਰਹਿਤਾਂ – ਕੁਰਹਿਤਾਂ ਦਰਸਾਉਂਦੇ ਹਨ। ਪਰੰਤੂ ਜਿਸ ਤਰ੍ਹਾਂ ਕਈ ਥਾਈਂ ਪੰਜ ਪਿਆਰਿਆਂ ਵਲੋਂ ਖੰਡੇ ਦੀ ਪਾਹੁਲ ਸਮੇਂ ਰਹਿਤਾਂ – ਕੁਰਹਿਤਾਂ ਦੱਸੀਆਂ ਜਾਂਦੀਆਂ ਹਨ, ਉਨ੍ਹਾਂ ਵਿੱਚ ਸਿੱਖ ਰਹਿਤ ਮਰਯਾਦਾ ਨਾਲੋਂ ਭਿੰਨਤਾ ਹੁੰਦੀ ਹੈ। ਇਸ ਭਿੰਨਤਾ ਕਾਰਨ ਜਿੱਥੇ ਪੰਥ ਨੂੰ ਇੱਕ ਪਲੇਟ ਫਾਰਮ `ਤੇ ਇਕੱਠਿਆਂ ਕਰਨ ਦੀ ਆਸ ਉੱਤੇ ਪਾਣੀ ਫਿਰਦਾ ਹੈ ਉੱਥੇ ਸਤਿਗੁਰੂ ਜੀ ਦਾ ਪੰਜ ਪਿਆਰਿਆਂ ਦੇ ਰੂਪ ਵਿੱਚ ਆਪ ਇਹ ਜੁਗਤ ਵਰਤਾਉਣ ਵਾਲੀ ਧਾਰਨਾ ਨੂੰ ਵੀ ਡਾਢੀ ਠੇਸ ਪਹੁੰਚ ਪਹੁੰਚਦੀ ਹੈ। ਇਸ ਭਿੰਨਤਾ ਕਾਰਨ ਹੀ ਇਹ ਪ੍ਰਸ਼ਨ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਜੇਕਰ ਪੰਜ ਪਿਆਰਿਆਂ ਵਿੱਚ ਸਤਿਗੁਰੂ ਜੀ ਆਪ ਵਿਚਰ ਰਹੇ ਹੁੰਦੇ ਹਨ ਤਾਂ ਖ਼ਾਲਸੇ ਦੀਆਂ ਰਹਿਤਾਂ – ਕੁਰਹਿਤਾਂ ਵਿੱਚ ਇਹ ਭਿੰਨਤਾ ਕਿਉਂ? ਕੀ ਸਤਿਗੁਰੂ ਜੀ ਵੱਖ ਵੱਖ ਜਥੇਬੰਧੀਆਂ ਨਾਲ ਸਬੰਧ ਰੱਖਣ ਵਾਲੇ ਪੰਜ ਪਿਆਰਿਆਂ ਵਿੱਚ ਵਿਚਰਦੇ ਹੋਏ ਇਹੋ ਜੇਹੀ ਭਿੰਨਤਾ ਦੇ ਜ਼ੁੰਮੇਵਾਰ ਹਨ? ਨਹੀਂ ਹਰਗ਼ਿਜ਼ ਨਹੀਂ।
ਗੁਰਮਤਿ ਦੀ ਥੋਹੜੀ ਬਹੁਤ ਵੀ ਸੋਝੀ ਰੱਖਣ ਵਾਲੇ ਪ੍ਰਾਣੀ ਦਾ ਇਹੀ ਉੱਤਰ ਹੋਵੇਗਾ ਕਿ ਸਤਿਗੁਰੂ ਜੀ ਨੇ ਜੋ ਜੀਵਨ – ਜਾਚ ਦਰਸਾਈ ਹੈ, ਉਹ ਹਰੇਕ ਸਮੇਂ ਹਰੇਕ ਪ੍ਰਾਣੀ ਲਈ ਇਕੋ ਜੇਹੀ ਹੈ, ਉਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਭਿੰਨਤਾ ਨਹੀਂ ਹੈ। ਇਸਤ੍ਰੀ – ਪੁਰਸ਼, ਅਮੀਰ –ਗ਼ਰੀਬ, ਪੜ੍ਹੇ ਲਿਖੇ – ਅਣਪੜ੍ਹ ਸਾਰਿਆਂ ਲਈ ਇਕੋ ਜੇਹੀ ਰਹਿਤ ਦਰਸਾਈ ਹੈ। ਖੰਡੇ ਦੀ ਪਾਹੁਲ ਸਮੇਂ ਵੱਖ ਵੱਖ ਜਥੇਬੰਧੀਆਂ ਨਾਲ ਸਬੰਧ ਰੱਖਣ ਵਾਲੇ ਪੰਜ ਪਿਆਰਿਆਂ ਵਲੋਂ ਰਹਿਤਾਂ – ਕੁਰਹਿਤਾਂ ਦੀ ਭਿੰਨਤਾ ਇਸ ਗੱਲ ਦੀ ਹੀ ਲਖਾਇਕ ਹੈ ਕਿ ਇਹ ਸਤਿਗੁਰੂ ਜੀ ਵਲੋਂ ਨਹੀਂ ਬਲਕਿ ਵੱਖ ਵੱਖ ਜਥੇਬੰਧੀਆਂ ਵਲੋਂ ਹੀ ਦ੍ਰਿੜ ਕਰਵਾਈ ਜਾ ਰਹੀ। ਇਸ ਸਥਿੱਤੀ ਵਿੱਚ ਜੇਕਰ ਕੋਈ ਇਹ ਕਹਿਣ ਦੀ ਗ਼ੁਸਤਾਖੀ ਕਰਦਾ ਹੈ ਕਿ ਅਜਿਹੇ ਪੰਜ ਪਿਆਰਿਆਂ ਦੁਆਰਾ ਇਨ੍ਹਾਂ ਦੀਆਂ ਜਥੇਬੰਧੀਆਂ ਹੀ ਜੁਗਤ ਵਰਤਾ ਰਹੀਆਂ ਹਨ ਤਾਂ ਇਹ ਅਤਿਕਥਨੀ ਨਹੀਂ ਹੋਵੇਗੀ। ਚੂੰਕਿ ਪੰਜ ਪਿਆਰੇ ਸਤਿਗੁਰੂ ਜੀ ਦੀ ਵਿਚਾਰਧਾਰਾ ਦੀ ਨਹੀਂ ਆਪਣੇ ਧੜਿਆਂ ਦੀ ਵਿਚਾਰਧਾਰਾ ਦਾ ਹੀ ਪ੍ਰਗਟਾਵਾ ਕਰ ਰਹੇ ਹੁੰਦੇ ਹਨ।
ਪੰਥ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਰੋਸ਼ਨੀ `ਚ ਅਤੇ ਖ਼ਾਲਸਾ ਪੰਥ ਦੇ ਜਥੇਬੰਧਕ ਢਾਂਚੇ ਵਿੱਚ ਅਨੁਸ਼ਾਸਨ ਕਾਇਮ ਕਰਨ ਲਈ ਬਣਾਏ ਨਿਯਮ –ਉਪਨਿਯਮ ਦੇ ਘੇਰੇ ਵਿੱਚ ਰਹਿੰਦਿਆਂ ਹੀ ਪੰਜ ਪਿਆਰਿਆਂ ਨੂੰ ਖੰਡੇ ਦੀ ਪਾਹੁਲ ਸਮੇਂ ਖ਼ਾਲਸੇ ਦੀਆਂ ਰਹਿਤਾਂ – ਕੁਰਹਿਤਾਂ ਦਸਣੀਆਂ ਚਾਹੀਦੀਆਂ ਹਨ। ਅਜਿਹੇ ਸੱਜਣਾਂ ਨੂੰ ਪੰਥ ਵਲੋਂ ਪ੍ਰਵਾਣਤ ਰਹਿਤ ਮਰਯਾਦਾ ਨੂੰ ਨਜ਼ਰ – ਅੰਦਾਜ਼ ਕਰਕੇ, ਆਪਣੇ ਡੇਰੇ ਜਾਂ ਜਥੇ ਆਦਿ ਦੀ ਵਿਚਾਰਧਾਰਾ ਨੂੰ ਪ੍ਰਗਟ ਕਰਕੇ, ਪੰਥ ਦੇ ਜਥੇਬੰਧਕ ਢਾਂਚੇ ਨੂੰ ਕਮਜ਼ੋਰ ਕਰਨ ਵਾਲਾ ਕਦਮ ਉਠਾਉਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ।
ਅਸੀਂ ਕਈ ਵਾਰ ਪੰਜ ਪਿਆਰਿਆਂ ਵਲੋਂ ਇਹ ਸੇਵਾ ਨਿਭਾਉਣ ਸਮੇਂ ਪੰਥ ਪ੍ਰਵਾਣਤ ਸਿੱਖ ਰਹਿਤ ਮਰਯਾਦਾ ਵਿੱਚ ਵਰਣਨ ਕੁੱਝ ਬੱਜਰ ਕੁਰਹਿਤਾਂ ਤੋਂ ਭਿੰਨ ਬੱਜਰ ਕੁਰਹਿਤਾਂ ਦਾ ਵਰਣਨ ਕਰਨ ਦੇ ਨਾਲ ਪੰਜ ਪਿਆਰਿਆਂ ਵਲੋਂ ਆਪਣੇ ਅਧਿਕਾਰ ਦੀ ਵਰਤੋਂ ਦੀ ਸੀਮਾਂ ਨੂੰ ਟੱਪ ਜਾਣ ਦੀ ਸੰਖੇਪ ਵਿੱਚ ਚਰਚਾ ਕਰ ਰਹੇ ਹਾਂ।
ਕਈ ਵਾਰ ਖੰਡੇ ਦੀ ਪਾਹੁਲ ਛਕਾਉਣ ਸਮੇਂ ਪੰਜ ਪਿਆਰੇ ਸਿੱਖੀ ਵਿੱਚ ਰਹਿਤ – ਕੁਰਹਿਤ ਦਾ ਜ਼ਿਕਰ ਕਰਦਿਆਂ, ਜਿਸ ਜਥੇਬੰਦੀ ਨਾਲ ਉਹ ਸਬੰਧ ਰੱਖਦੇ ਹਨ, ਉਸ ਜਥੇਬੰਦੀ ਦੀ ਜੋ ਨਿਜੀ ਸੋਚ ਹੈ, ਉਸ ਦੀ ਵੀ ਪਾਲਣਾ ਕਰਨ ਲਈ ਕਿਹਾ ਜਾਂਦਾ ਹੈ। ਸਿੱਟੇ ਵਜੋਂ ਖ਼ਾਸ ਤੌਰ `ਤੇ ਇਕੋ ਪਰਵਾਰ ਦੇ ਮੈਂਬਰਾਂ ਵਿੱਚ ਮਤਭੇਦ ਪੈਦਾ ਹੋ ਜਾਂਦੇ ਹਨ। ਉਦਾਹਰਣ ਦੇ ਤੌਰ `ਤੇ ਜੇਕਰ ਪਤੀ ਪਤਨੀ ਨੇ ਵੱਖ ਵੱਖ ਜਥੇਬੰਦੀ ਨਾਲ ਸਬੰਧ ਰੱਖਣ ਵਾਲੇ ਜਥੇ ਪਾਸੋਂ ਖੰਡੇ ਦੀ ਪਾਹੁਲ ਲਈ ਹੈ ਤਾਂ ਇੱਕ ਨੂੰ ਪੰਜਾਂ ਪਿਆਰਿਆਂ ਨੇ ਝਟਕਾ ਮਾਸ ਖਾਣ ਦੀ ਇਜਾਜ਼ਤ ਦੇ ਦਿੱਤੀ ਅਤੇ ਦੂਜੇ ਨੂੰ ਇਹ ਅਦੇਸ਼ ਦਿੱਤਾ ਗਿਆ ਕਿ ਮਾਸ ਖਾਣਾ ਮਨ੍ਹਾਂ ਹੈ। ਇੱਕ ਨੂੰ ਜਥੇਬੰਧੀ ਨੇ ਕੇਸਕੀ ਨੂੰ ਪੰਜਵਾਂ ਕਕਾਰ ਦੱਸਿਆ ਪਰ ਦੂਜੀ ਨੇ ਇਸ ਤੋਂ ਇਨਕਾਰ ਕਰ ਦਿੱਤਾ। ਇਸ ਖਾਣ ਅਤੇ ਪਹਿਰਣ ਆਦਿ ਦੇ ਵਖਰੇਵਿਆਂ ਕਾਰਨ ਕਈ ਵਾਰ ਪਰਵਾਰ ਵਿੱਚ ਮਤਭੇਦ ਇੱਥੋਂ ਤਕ ਵੱਧ ਜਾਂਦੇ ਹਨ ਕਿ ਤਲਾਕ ਤਕ ਨੌਂਬਤ ਆ ਜਾਂਦੀ ਹੈ; ਅਤੇ ਕਈਆਂ ਦੇ ਇਨ੍ਹਾਂ ਕਾਰਨਾਂ ਕਰਕੇ ਤਲਾਕ ਹੋ ਵੀ ਹੋ ਜਾਂਦੇ ਹਨ। ਜਿਸ ਖੰਡੇ ਦੀ ਪਾਹੁਲ ਛੱਕ ਕੇ ਖ਼ਾਲਸਾ ਜਥੇਬੰਧੀ ਦਾ ਮੈਂਬਰ ਬਣ ਕੇ ਆਪ ਗੁਰਮਤਿ ਦੇ ਧਾਰਨੀ ਬਣ ਕੇ ਦੂਜਿਆਂ ਨੂੰ ਇਸ ਦਾ ਧਾਰਨੀ ਬਣਾਉਣ ਲਈ ਯਤਨਸ਼ੀਲ ਹੋਣਾ ਸੀ, ਅਜਿਹੀ ਧਾਰਨਾ ਕਾਰਨ ਪਤੀ ਪਤਨੀ ਆਪਸ ਵਿੱਚ ਹੀ ਇਕੋ ਛੱਤ ਹੇਠਾਂ ਇੱਕਠਿਆਂ ਰਹਿਣਾ ਮੁਸ਼ਕਲ ਹੋ ਜਾਂਦਾ ਹੈ। ਜੇਹੜੀ ਖੰਡੇ ਦੀ ਪਾਹੁਲ ਮਨੁੱਖ ਨੂੰ ਜੁੜਨਾ ਸਿਖਾਉਂਦੀ ਹੈ ਉਸ ਨੂੰ ਛੱਕ ਕੇ ਪ੍ਰਾਣੀ ਆਪਣਾ ਪਰਵਾਰ ਹੀ ਖੇਂਰੂ ਖੇਂਰੂ ਕਰ ਬੈਠਾ। ਖਾਣ ਪਹਿਰਨ ਤੋਂ ਇਲਾਵਾ ਬੀਬੀਆਂ ਦੇ ਦਸਤਾਰ ਸਜਾਉਣ, ਕੇਸਕੀ ਆਦਿ ਨੂੰ ਲੈ ਕੇ ਵੀ ਕਈ ਪਰਵਾਰਾਂ ਵਿੱਚ ਤਿੱਖੇ ਮਤਭੇਦ ਪੈਦਾ ਹੋ ਜਾਂਦੇ ਹਨ।
ਸਿੱਖ ਦੀ ਜੀਵਨ – ਜਾਚ ਦਾ ਅਧਾਰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੀ ਹਨ। ਖ਼ਾਲਸਾ ਪੰਥ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ ਅਤੇ ਜਥੇਬੰਧਕ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ, ਅਨੁਸ਼ਾਸਨ ਆਦਿ ਕਾਇਮ ਕਰਨ ਲਈ ਕੁੱਝ ਨਿਯਮ – ਉਪਨਿਯਮ ਬਣਾਏ ਹੋਏ ਹਨ। ਪੰਜ ਪਿਆਰਿਆਂ ਨੂੰ ਖ਼ਾਲਸਾ ਪੰਥ ਵਲੋਂ ਕਾਇਮ ਕੀਤੀ ਇਸ ਨਿਯਮਾਵਲੀ ਨੂੰ ਮੁੱਖ ਰੱਖ ਕੇ ਹੀ ਰਹਿਤਾਂ, ਕੁਰਹਿਤਾਂ ਦਸਣੀਆਂ ਚਾਹੀਦੀਆਂ ਹਨ ਨਾ ਕਿ ਆਪਣੀ ਕਿਸੇ ਜਥੇਬੰਧੀ, ਡੇਰੇ ਆਦਿ ਵਲੋਂ ਪ੍ਰਵਾਣ ਕੀਤੀਆਂ ਹੋਈਆਂ ਰਹਿਤਾਂ – ਕੁਰਹਿਤਾਂ। ਜੇਕਰ ਕਿਧਰੇ ਪੰਜ ਪਿਆਰੇ ਇਸ ਨਿਯਮ ਦੀ ਉਲੰਘਣਾ ਕਰ ਰਹੇ ਹਨ ਤਾਂ ਉਨ੍ਹਾਂ ਦਾ ਅਦੇਸ਼ ਮੰਨਣ ਯੋਗ ਨਹੀਂ ਹੈ। ਚੂੰਕਿ ਉਨ੍ਹਾਂ ਨੇ ਅਨੁਸਾਸਨ ਭੰਗ ਕੀਤਾ ਹੈ। ਇਸ ਸਬੰਧ ਵਿੱਚ ਇੱਕ ਘਟਣਾ ਦਾ ਵਰਣਨ ਕੁਥਾਵਾਂ ਨਹੀਂ ਹੋਵੇਗਾ।
ਭਾਈ ਹੀਰਾ ਸਿੰਘ ਦਰਦ ਦਾ ਨਾਮ ਪੰਥਕ ਹਲਕਿਆਂ ਵਿੱਚ ਕਿਸੇ ਜਾਣ – ਪਹਿਚਾਣ ਦਾ ਮੁਥਾਜ਼ ਨਹੀਂ ਹੈ। ਆਪ ਨੇ ਜਦ ਖੰਡੇ ਦੀ ਪਾਹੁਲ ਲਈ ਤਾਂ ਪੰਜਾਂ ਪਿਆਰਿਆਂ ਨੇ, ਜਿਨ੍ਹਾਂ ਵਿੱਚ ਭਾਈ ਰਣਧੀਰ ਸਿੰਘ ਹੁਰੀਂ ਵੀ ਸ਼ਾਮਲ ਸਨ, ਮਾਸ ਨਾ ਖਾਣ ਦੀ ਹਿਦਾਇਤ ਕੀਤੀ। ਭਾਈ ਹੀਰਾ ਸਿੰਘ ਨੇ ਭਾਈ ਰਣਧੀਰ ਸਿੰਘ ਹੁਰਾਂ ਨਾਲ ਮਾਸ ਖਾਣ/ਨਾ ਖਾਣ ਦੇ ਸਬੰਧ ਵਿੱਚ ਕਾਫ਼ੀ ਵਿਚਾਰ ਵਟਾਂਦਰ ਕੀਤਾ। ਪਰੰਤੂ ਭਾਈ ਸਾਹਿਬ ਨੇ ਭਾਈ ਹੀਰਾ ਸਿੰਘ ਨੂੰ ਕਿਹਾ ਕਿ ਉਨ੍ਹਾਂ ਨੂੰ ਇਸ ਅਦੇਸ਼ ਦੀ ਪਾਲਣਾ ਕਰਨੀ ਹੀ ਪਵੇਗੀ। ਭਾਂਵੇਂ ਭਾਈ ਹੀਰਾ ਸਿੰਘ ਭਾਈ ਸਾਹਿਬ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਸਨ, ਪਰ ਪੰਜਾਂ ਪਿਆਰਿਆਂ ਦੇ ਅਦੇਸ਼ ਨੂੰ ਗੁਰੂ ਦਾ ਹੁਕਮ ਸਮਝ ਕੇ ਆਪ ਨੇ ਮਾਸ ਖਾਣਾ ਛੱਡ ਦਿੱਤਾ। ਮਾਸਟਰ ਤਾਰਾ ਸਿੰਘ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਆਪ ਨੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਦਾ ਪ੍ਰਬੰਧ ਕਰ ਕੇ ਭਾਈ ਹੀਰਾ ਸਿੰਘ ਨੂੰ ਕਿਹਾ, “ਗਿਆਨੀ ਹੀਰਾ ਸਿੰਘ, ਸੁਣੋ, ਅਸੀਂ ਪੰਜ ਪਿਆਰੇ ਗੁਰੂ ਰੂਪ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਤੁਹਾਨੂੰ ਹੁਕਮ ਦੇਂਦੇ ਹਾਂ ਕਿ ਤੁਸੀਂ ਮਾਸ ਜ਼ਰੂਰ ਖਾਇਆ ਕਰੋ …।” ਇਸ ਘਟਨਾ ਦਾ ਜ਼ਿਕਰ ਕਰਨ ਉਪਰੰਤ ਫਿਰ ਭਾਈ ਹੀਰਾ ਸਿੰਘ ਲਿਖਦੇ ਹਨ ਕਿ, “ਭਾਈ ਰਣਧੀਰ ਸਿੰਘ ਜੀ ਨੇ ਉਦੋਂ ਪੰਜ ਪਿਆਰਿਆਂ ਵਿੱਚ ਗੁਰੂ ਰੂਪ ਦਾ ਅਧਿਕਾਰ ਮੰਨ ਕੇ ਮੈਂਨੂੰ ਹੁਕਮ ਦਿੱਤਾ ਸੀ ਉਹ ਉਨ੍ਹਾਂ ਦੇ ਅਖਿਤਿਆਰ ਤੋਂ ਬਾਹਰ ਸੀ। ਮਾਸਟਰ ਜੀ ਨੇ ਤਾਂ ਇੱਕ ਠੋਸ ਦਲੀਲ ਨਾਲ ਮੇਰਾ ਭੁਲੇਖਾ ਕੱਢਣ ਲਈ ਇਹ ਸਾਰਾ ਪ੍ਰਬੰਧ ਕੀਤਾ ਸੀ। ਮੈਨੂੰ ਯਕੀਨ ਹੈ ਮਾਸਟਰ ਜੀ ਇਹ ਗੱਲ ਨਹੀਂ ਮੰਨਦੇ ਹੋਣਗੇ ਕਿ ਪੰਜ ਪਿਆਰੇ ਗੁਰੂ ਰੂਪ ਬਣ ਕੇ ਹਰ ਕਿਸਮ ਦਾ ਹੁਕਮ ਦੇ ਸਕਦੇ ਹਨ। “(ਭਾਈ ਹੀਰਾ ਸਿੰਘ ਦਰਦ ਜੀਵਨ ਤੇ ਰਚਨਾ `ਚੋਂ)
ਡੇਢ ਕੁ ਦਹਾਕੇ ਤੋਂ ਕੁੱਝ ਸਮਾਂ ਵਧੀਕ ਬੀ ਸੀ `ਚੋਂ ਛਪਦੇ ਇੱਕ ਅਖ਼ਬਾਰ ਵਿੱਚ ਇੱਕ ਖ਼ਬਰ ਛਪੀ ਸੀ। ਇਸ ਵਿੱਚ ਪੰਜ ਪਿਆਰਿਆਂ ਨੇ ਇਹ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ ਗੁਰੂ ਵਾਲੇ ਅਧਿਕਾਰ ਦੀ ਵਰਤੋਂ ਕਰਦਿਆਂ ਹੋਇਆਂ ਅਮਕੇ ਸਿੰਘ ਨੂੰ ਅਨੰਦ ਕਾਰਜ ਦੇ ਬੰਧਨ ਤੋਂ ਮੁਕਤ ਕਰਾਰ ਦੇ ਦਿੱਤਾ ਹੈ। ਸਿੰਘ ਜੀ ਨੇ ਪੰਜ ਪਿਆਰਿਆਂ ਦੇ ਹੁਕਮ ਅੱਗੇ ਸਿਰ ਝੁਕਾਉਦਿਆਂ ਹੋਇਆਂ ਆਪਣੀ ਪਤਨੀ ਦਾ ਤਿਆਗ ਕਰ ਦਿੱਤਾ ਸੀ। (ਨੋਟ: ਇਸ ਗੱਲ ਦਾ ਠੀਕ ਪਤਾ ਨਹੀਂ ਕਿ ਸਿੰਘ ਜੀ ਨੇ ਆਪ ਹੀ ਆਪਣੀ ਪਤਨੀ ਤੋਂ ਖਹਿੜਾ ਛੁਡਾਉਣ ਲਈ ਅਜਿਹਾ ਢੌਂਗ ਰਚਿਆ ਸੀ ਜਾਂ ਉਨ੍ਹਾਂ ਦੇ ਸੰਗੀ ਸਾਥੀਆਂ ਨੇ।) ਇਤਿਹਾਸ ਵਿੱਚ ਪੰਜ ਪਿਆਰਿਆਂ ਵਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਨਸਾਨੀਅਤ ਨੂੰ ਕਲੰਕਤ ਕਰਨ ਵਾਲੇ ਇਸ ਤਰ੍ਹਾਂ ਦੇ ਅਦੇਸ਼ ਦੀ ਘਟ ਹੀ ਉਦਾਹਰਣ ਮਿਲਦੀ ਹੈ। ਨਿਰਸੰਦੇਹ ਪੰਜ ਪਿਆਰਿਆਂ ਵਲੋਂ ਅਜਿਹੇ ਹੁਕਮ ਗੁਰੂ ਤੋਂ ਬੇਮੁੱਖ ਹੋ ਕੇ ਦਿੱਤੇ ਸਮਝਣੇ ਚਾਹੀਦੇ ਹਨ; ਅਜਿਹੇ ਅਦੇਸ਼ਾਂ ਨੂੰ ਕਿਸੇ ਵੀ ਰੂਪ ਵਿੱਚ ਗੁਰੂ ਦਾ ਅਦੇਸ਼ ਸਮਝ ਕੇ ਨਹੀਂ ਮੰਨਿਆ ਜਾ ਸਕਦਾ।
ਇਸੇ ਤਰ੍ਹਾਂ ਕਈ ਥਾਈਂ ਜੇਕਰ ਕਿਸੇ ਦੀ ਪਤਨੀ ਨੇ ਖੰਡੇ ਦੀ ਪਾਹੁਲ ਲੈਣੀ ਹੈ ਤਾਂ ਉਸ ਦੇ ਪਤੀ ਨੇ ਭਾਵੇਂ ਪਹਿਲਾਂ ਇਹ ਪਾਹੁਲ ਲਈ ਹੋਈ ਹੈ ਉਸ ਨੂੰ ਫਿਰ ਛਕਾਈ ਜਾਂਦੀ ਹੈ। ਜੇਕਰ ਪਤੀ/ਪਤਨੀ `ਚੋਂ ਕੋਈ ਇੱਕ ਹੀ ਪਾਹੁਲ ਛਕਦਾ ਹੈ ਤਾਂ ਉਸ ਨੂੰ ਇਹ ਅਦੇਸ਼ ਦਿੱਤਾ ਜਾਂਦਾ ਹੈ ਕਿ ਆਪਣੇ ਜੀਵਨ ਸਾਥੀ ਨਾਲ ਸਰੀਰਕ ਮੇਲ - ਜੋਲ ਨਹੀਂ ਰੱਖਣਾ। ਕਈ ਵਾਰ ਤਾਂ ਇਹ ਵੀ ਦੇਖਣ/ਸੁਣਨ ਨੂੰ ਮਿਲਦਾ ਹੈ ਕਿ ਜੇ ਕਰ ਕਿਸੇ ਬੀਬੀ ਦਾ ਬੱਚੇ ਦੇ ਜਨਮ ਆਦਿ ਸਮੇਂ ਉਪਰੇਸ਼ਨ ਕਾਰਨ ਰੋਮਾਂ ਦੀ ਬੇਅਦਬੀ ਹੋਣ ਕਾਰਨ ਦੁਬਾਰਾ ਖੰਡੇ ਦੀ ਪਾਹੁਲ ਛਕਣਾ ਚਾਹੁੰਦੀ ਹੈ ਤਾਂ ਉਸ ਨੂੰ ਆਪਣੇ ਪਤੀ ਨੂੰ ਨਾਲ ਲਿਆਉਣ ਲਈ ਕਿਹਾ ਜਾਂਦਾ ਹੈ। ਭਾਵੇਂ ਉਨ੍ਹਾਂ ਦਾ ਸਰੀਰਕ ਮੇਲ ਨਾ ਵੀ ਹੋਇਆ ਹੋਵੇ ਫਿਰ ਵੀ ਪਤੀ ਨੂੰ ਨਾਲ ਹੀ ਛਕਾਉਣ ਦੀ ਸ਼ਰਤ ਲਗਾ ਦਿੱਤੀ ਜਾਂਦੀ ਹੈ। (ਨੋਟ: ਅਸੀਂ ਅਜਿਹੀ ਸੋਚ ਰੱਖਣ ਵਾਲੇ ਸੱਜਣਾਂ ਦੀ ਧਾਰਨਾ ਦਾ ਜ਼ਿਕਰ ਕਰ ਰਹੇ ਹਾਂ। ਸਾਡਾ ਆਪਣਾ ਇਹ ਮੰਣਨਾ ਨਹੀਂ ਕਿ ਪਤੀ ਪਤਨੀ ਦੇ ਇਸ ਮੇਲ ਨਾਲ ਬੱਜਰ ਕੁਰਹਿਤ ਹੁੰਦੀ ਹੈ।) ਨਿਰਸੰਦੇਹ ਇਸ ਸ਼ਰਤ ਦਾ ਗੁਰਮਤਿ ਦੀ ਵਿਚਾਰਧਾਰਾ ਨਾਲ ਕਿਸੇ ਤਰ੍ਹਾਂ ਦਾ ਕੋਈ ਸਬੰਧ ਨਹੀਂ ਹੈ। ਅਜਿਹੇ ਅਦੇਸ਼ਾਂ ਨੂੰ ਗੁਰੂ ਕਾ ਅਦੇਸ਼ ਸਮਝ ਕੇ ਇਸ ਦੀ ਪਾਲਣਾ ਕਰਨ ਵਾਲੇ ਕਈ ਪਰਵਾਰਾਂ ਵਿੱਚ ਨਿਤ ਕਲਾ ਕਲੇਸ਼ ਹੋਣ ਕਾਰਨ ਉਨ੍ਹਾਂ ਦਾ ਜੀਵਨ ਨਰਕ ਬਣ ਜਾਂਦਾ ਹੈ। ਅਜਿਹੇ ਅਦੇਸ਼ ਦੇਣ ਵਾਲੇ ਸੱਜਣ ਇਹ ਨਹੀਂ ਵਿਚਾਰਦੇ ਕਿ ਇਸ ਤਰ੍ਹਾਂ ਦੇ ਹੁਕਮ ਨਾਲ ਉਹ ਆਮ ਸਿੱਖ ਨੂੰ ਸਿੱਖੀ ਤੋਂ ਦੂਰ ਕਰਨ ਦਾ ਕਾਰਨ ਬਣ ਰਹੇ ਹੁੰਦੇ ਹਨ।
ਪਿੱਛੇ ਜੇਹੇ ਇੱਕ ਪੰਥ ਦਰਦੀ ਵਲੋਂ ਅਖ਼ਬਾਰ ਵਿੱਚ ਇੱਕ ਖ਼ਬਰ ਛਪੀ ਸੀ। ਇਸ ਖ਼ਬਰ ਵਿੱਚ ਇਸ ਪੰਥ ਦਰਦੀ ਨੇ ਆਪਣੇ ਇਲਾਕੇ ਵਿੱਚ (6 ਅਪਰੈਲ 2006 ਨੂੰ) ਪੰਜ ਪਿਆਰਿਆਂ ਵਲੋਂ ਖੰਡੇ ਦੀ ਪਾਹੁਲ ਛੱਕਣ ਵਾਲੇ ਪ੍ਰਾਣੀਆਂ ਨੂੰ ਰਹਿਤਾਂ – ਕੁਰਹਿਤਾਂ ਦਰਸਾਉਣ ਦੇ ਨਾਲ ਇਹ ਇੱਕ ਪੰਥਕ ਅਖਬਾਰ ਅਤੇ ਇੱਕ ਪੰਥਕ ਵਿਦਵਾਨ ਬਾਰੇ ਇਹ ਕਹਿੰਦਿਆਂ ਹੋਇਆਂ ਕਿ ਇਹ ਵਿਅਕਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਣਾ ਗੁਰੂ ਨਹੀਂ ਮੰਨਦੇ (ਜੋ ਕਿ ਸਰਾਸਰ ਕੋਰਾ ਝੂਠ ਸੀ), ਇਸ ਲਈ ਇਨ੍ਹਾਂ ਨਾਲ ਕੋਈ ਸਾਂਝ ਨਾ ਰੱਖਣ ਦੇ ਅਦੇਸ਼ ਦਾ ਜ਼ਿਕਰ ਕੀਤਾ ਸੀ। ਪੰਥ ਨੂੰ ਢਾਹ ਲਾਉਣ ਵਾਲੀਆਂ ਤਾਕਤਾਂ ਤੋਂ ਸਿੱਖ ਸੰਗਤਾਂ ਨੂੰ ਸੁਚੇਤ ਕਰਨਾ ਹਰੇਕ ਸਿੱਖ ਦਾ ਫ਼ਰਜ਼ ਹੈ। ਪੰਜ ਪਿਆਰਿਆਂ ਵਲੋਂ ਅਜਿਹੀਆਂ ਸ਼ਕਤੀਆਂ ਤੋਂ ਸੁਚੇਤ ਕਰਨਾ ਅਤਿ ਜ਼ਰੂਰੀ ਹੈ, ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਪਰੰਤੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ, ਪੰਜ ਪਿਆਰਿਆਂ ਦੇ ਰੂਪ ਵਿੱਚ ਉਨ੍ਹਾਂ ਪ੍ਰਾਣੀਆਂ ਪ੍ਰਤੀ ਜੇਹੜੇ ਖ਼ਾਲਸਾ ਪੰਥ ਦੇ ਨਿਰਾਲੇਪਣ ਨੂੰ ਕਾਇਮ ਰੱਖਣ ਲਈ ਦ੍ਰਿੜ ਹੋਣ, ਉਨ੍ਹਾਂ ਪ੍ਰਤੀ ਸਰਾਸਰ ਝੂਠ ਬੋਲ ਕੇ ਗੁਮਰਾਹ ਕਰਨਾ ਇਸ ਪਦਵੀ ਦੀ ਦੁਰਵਰਤੋਂ ਕਰਨ ਵਾਲੀ ਬੱਜਰ ਭੁੱਲ ਹੀ ਸਮਝਣੀ ਚਾਹੀਦੀ ਹੈ।
ਜੇਕਰ ਕੋਈ ਪ੍ਰਾਣੀ ਕਿਸੇ ਬੱਜਰ ਕੁਰਹਿਤ ਹੋਣ `ਤੇ ਦੁਬਾਰਾ ਖੰਡੇ ਦੀ ਪਾਹੁਲ ਛਕਣ ਲਈ ਪੰਜ ਪਿਆਰਿਆਂ ਦੇ ਪੇਸ਼ ਹੋਇਆ ਹੈ ਤਾਂ ਪੰਜ ਪਿਆਰਿਆਂ ਨੂੰ ਅਭਿਲਾਖੀ ਵਲੋਂ ਬੱਜਰ ਕੁਰਹਿਤ ਹੋਈ ਕਹਿਣ ਉਪਰੰਤ ਉਸ ਬੱਜਰ ਕੁਰਹਿਤ ਦਾ ਵਿਸਥਾਰ ਜਾਣਨ ਲਈ ਹੱਠ ਨਹੀਂ ਕਰਨਾ ਚਾਹੀਦਾ। ਸਿੱਖ ਰਹਿਤ ਮਰਯਾਦਾ ਵਿੱਚ ਇਸ ਸਬੰਧ ਵਿੱਚ ਇੰਜ ਹਿਦਾਇਤ ਦਿੱਤੀ ਗਈ ਹੈ, “ਜੇ ਕਿਸੇ ਨੇ ਕੁਰਹਿਤ ਕਰਨ ਕਰ ਕੇ ਮੁੜ ਅੰਮ੍ਰਿਤ ਛੱਕਣਾ ਹੋਵੇ ਤਾਂ ਉਸ ਨੂੰ ਅੱਡ ਕਰਕੇ ਸੰਗਤ ਵਿੱਚ ਪੰਜ ਪਿਆਰੇ ਤਨਖਾਹ ਲਾ ਲੈਣ।”
ਕੁਝ ਕੁ ਥਾਵਾਂ ਵਿਖੇ ਅਜਿਹਾ ਭਾਣਾ ਵਰਤਿਆ ਹੈ ਕਿ ਪੰਜ ਪਿਆਰਿਆਂ ਦੇ ਸਨਮੁੱਖ ਪੇਸ਼ ਹੋ ਕੇ ਆਪਣੀ ਬੱਜਰ ਕੁਰਹਿਤ ਬਾਰੇ ਪੰਜ ਪਿਆਰਿਆਂ ਨੂੰ ਗੁਰੂ ਰੂਪ ਸਮਝ ਕੇ ਦੱਸ ਦੇਂਦਾ/ਦੇਂਦੀ ਹੈ ਤਾਂ ਉਸ ਦੀ ਉਸ ਭੁੱਲ ਨੂੰ ਜਨਤਕ ਤੌਰ `ਤੇ ਨਸ਼ਰ ਕਰ ਦਿੱਤਾ ਜਾਂਦਾ ਹੈ। ਸਿੱਟੇ ਵਜੋਂ ਗੁਰੂ ਰੂਪ ਪੰਜ ਪਿਆਰਿਆਂ ਦੇ ਸਨਮੁੱਖ ਆਪਣੀ ਬੱਜਰ ਭੁੱਲ ਨੂੰ ਸਵੀਕਾਰ ਕਰਨ ਵਾਲੇ/ਵਾਲੀ ਦਾ ਜੀਵਨ ਤਬਾਹ ਹੋ ਜਾਂਦਾ ਹੈ। ਕੈਨੇਡਾ ਵਿਖੇ ਹੀ ਚਿਰ ਹੋਇਆ ਅਜਿਹਾ ਦੁਖਦਾਇਕ ਭਾਣਾ ਇੱਕ ਬੀਬੀ ਨਾਲ ਵਰਤਿਆ ਸੀ। ਪੰਜ ਪਿਆਰਿਆਂ ਦੀ ਸੇਵਾ ਨਿਭਾਉਣ ਵਾਲਿਆਂ ਵਿਚੋਂ ਕਿਸੇ ਵਲੋਂ ਵੀ ਕੀਤਾ ਗਿਆ ਇਹ ਅਜਿਹਾ ਅਪਰਾਧ ਹੈ ਜੋ ਥੋਹੜੀ ਕੀਤਿਆਂ ਮਾਫ਼ ਕਰਨ ਯੋਗ ਨਹੀਂ ਹੈ। ਸਾਡੇ ਵਿੱਚ ਅਜਿਹਾ ਅਪਰਾਧ ਕਰਨ ਵਾਲਿਆਂ ਲਈ ਕੋਈ ਵਿਧੀ ਵਿਧਾਨ ਨਹੀਂ ਹੈ। ਪਰ ਜ਼ੁੰਮੇਵਾਰ ਸੱਜਣਾਂ ਦਾ ਜਿਵੇਂ ਹੋਰ ਅਨੇਕਾਂ ਪੰਥ ਦੇ ਜ਼ਰੂਰੀ ਮਸਲਿਆਂ ਵਲ ਧਿਆਨ ਨਹੀਂ ਗਿਆ, ਇਸ ਤਰ੍ਹਾਂ ਇਸ ਗੰਭੀਰ ਮਸਲੇ ਵਲ ਧਿਆਨ ਦੇ ਕੇ ਇਸ ਸਬੰਧੀ ਕੋਈ ਨਿਯਮ ਨਿਰਧਾਰਤ ਨਹੀਂ ਕੀਤਾ।
ਕਈ ਥਾਈਂ ਪਤੀ ਪਤਨੀ ਵਿਚੋਂ ਕੋਈ ਇੱਕ ਖੰਡੇ ਦੀ ਪਾਹੁਲ ਛੱਕਣਾ ਚਾਹੇ ਤਾਂ ਉਸ ਨੂੰ ਇਹ ਕਹਿ ਕੇ ਇਨਕਾਰ ਕਰ ਦਿੱਤਾ ਜਾਂਦਾ ਹੈ ਕਿ ਉਹ ਇਕੱਲਾ/ਇਕੱਲੀ ਨਹੀਂ ਛੱਕ ਸਕਦੀ/ਸਕਦਾ। ਸਿੱਖ ਰਹਿਤ ਮਰਯਾਦਾ ਵਿੱਚ ਇਸ ਸਬੰਧ ਵਿੱਚ ਕੇਵਲ ਇਤਨਾ ਹੀ ਲਿਖਿਆ ਹੈ, “ਅੰਮ੍ਰਿਤਧਾਰੀ ਸਿੰਘ ਨੂੰ ਚਾਹੀਦਾ ਹੈ ਕਿ ਆਪਣੀ ਸਿੰਘਣੀ ਨੂੰ ਭੀ ਅੰਮ੍ਰਿਤ ਛਕਾ ਲਵੇ।” ਰਹਿਤ ਮਰਯਾਦਾ ਵਿੱਚ `ਚਾਹੀਦਾ’ ਸ਼ਬਦ ਵਰਤਿਆ ਹੈ; ਜ਼ਬਰੀ ਛਕਾਉਣ ਜਾ ਨਾ ਛਕਣ ਦੀ ਸੂਰਤ ਵਿੱਚ ਸਰੀਰਕ ਸਬੰਧ ਨਾ ਰੱਖਣ ਦੀ ਹਿਦਾਇਤ ਨਹੀਂ ਹੈ। ਖੰਡੇ ਦੀ ਪਾਹੁਲ ਤਾਂ ਸਵੈ ਇੱਛਾ ਨਾਲ ਹੀ ਛਕਣ ਦੀ ਪਰੰਪਰਾ ਹੈ, ਕਿਸੇ ਨੂੰ ਡਰਾ ਧਮਕਾ ਜਾਂ ਕਿਸੇ ਹੋਰ ਅਜਿਹੇ ਢੰਗ ਨਾਲ ਮਜ਼ਬੂਰ ਕਰ ਕੇ ਛਕਣ ਲਈ ਰਾਜ਼ੀ ਕਰਨ ਦੀ ਨਹੀਂ। ਪੁਰਾਤਨ ਸਿੱਖ ਇਤਿਹਾਸ ਵਲ ਨਜ਼ਰ ਮਾਰਿਆਂ ਸਾਨੂੰ ਅਜਿਹੀ ਕੋਈ ਉਦਾਹਰਣ ਨਹੀਂ ਮਿਲਦੀ ਜਦੋਂ ਕਿਸੇ ਪ੍ਰਾਣੀ ਨੂੰ ਪਾਹੁਲ ਛਕਾਉਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਹੋਵੇ ਕਿ ਉਸ ਦੀ ਪਤਨੀ/ਪਤੀ ਨਾਲ ਨਹੀਂ ਸੀ ਛੱਕਣਾ ਚਾਹੁੰਦਾ/ਚਾਹੁੰਦੀ। ਇਸ ਲਈ ਜੇਕਰ ਕਿਧਰੇ ਪਤੀ ਜਾਂ ਪਤਨੀ ਨੂੰ ਇਕੱਲਿਆਂ ਖੰਡੇ ਦੀ ਪਾਹੁਲ ਛਕਾਉਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਤਾਂ ਇਹ ਕਿਸੇ ਵਿਸ਼ੇਸ ਧੜੇ ਆਦਿ ਵਲੋਂ ਇਨਕਾਰ ਹੀ ਸਮਝਣਾ ਚਾਹੀਦਾ ਹੈ, ਗੁਰੂ/ਪੰਥ ਵਲੋਂ ਨਹੀਂ।
ਪੰਥ ਵਿੱਚ ਇਕਸਾਰਤਾ ਵਾਲਾ ਭਾਵ ਕਾਇਮ ਰੱਖਣ ਦੇ ਨਾਲ ਨਾਲ ਪੰਥਕ ਜਥੇਬੰਧੀ ਨੂੰ ਮਜ਼ਬੂਤ ਕਰਕੇ ਚੜ੍ਹਦੀ ਕਲਾ ਵਿਚਰਨ ਦੀ ਸਧਰ ਨੂੰ ਪੂਰਿਆਂ ਕਰਨ ਲਈ ਸਾਰੀਆਂ ਹੀ ਜਥੇਬੰਧੀਆਂ ਨੂੰ ਚਾਹੀਦਾ ਹੈ ਕਿ ਉਹ ਪੰਥ ਵਲੋਂ ਨਿਰਧਾਰਤ ਕੀਤੀਆਂ ਰਹਿਤਾਂ – ਕੁਰਹਿਤਾਂ ਨੂੰ ਹੀ ਅਜਿਹੇ ਸਮੇਂ ਦ੍ਰਿੜ ਕਰਾਉਣ। ਇਸ ਨਾਲ ਵੱਖ ਵੱਖ ਜਥੇਬੰਧੀਆਂ ਨਾਲ ਸਬੰਧ ਰੱਖਣ ਵਾਲੇ ਜਥੇ ਪਾਸੋਂ ਖੰਡੇ ਦੀ ਪਾਹੁਲ ਛਕਣ ਵਾਲੇ ਇੱਕ ਦੂਜੇ ਨਾਲੋਂ ਆਪਣੇ ਆਪ ਨੂੰ ਸ੍ਰੇਸ਼ਟ ਸਮਝਣ ਵਾਲੀ ਧਾਰਨਾ ਤੋਂ ਵੀ ਛੁਟਕਾਰਾ ਪਾਉਣ ਵਿੱਚ ਸਫਲ ਹੋਣਗੇ। ਸਾਡਾ ਆਪਸ ਵਿੱਚ ਭਰਾਤਰੀਭਾਵ ਵਧੇ ਫੁਲੇਗਾ।
ਜਸਬੀਰ ਸਿੰਘ ਵੈਨਕੂਵਰ
.