| . |
|
ਅੰਧੀ ਰਯਤਿ ਗਿਆਨ ਵਿਹੂਣੀ
ਅੰਧੀ ਰਯਤਿ ਭਾਵ ਵਿਕਾਰਾਂ ਅਧੀਨ ਹਰ ਤਰਾਂ ਅੰਨ੍ਹਾ ਹੋਇਆ ਆਵਾਮ ਜਾਣੀ ਆਂਮ
ਲੋਕ। ਗਿਆਨ ਵਿਹੂਣਾ ਭਾਵ ਅਗਿਆਨੀ, ਗਿਆਨ ਤੋਂ ਸਖਣਾ, ਬੁੱਧਿ ਰਹਿਤ, ਬੁਧੂ, ਬੇ-ਸਮਝ, ਬੇ-ਅਕਲ,
ਮੁਗਧ, ਅਨਪੜ੍ਹ, ਮੂਰਖ ਇਤਆਦਿ ਆਮ ਪ੍ਰਚਲਤ ਅਰਥ ਹਨ ਜੋ ਆਂਮ ਵਰਤੋਂ ਵਿੱਚ ਆਉਂਦੇ ਹਨ। ਮੁਆਫ ਕਰਨਾਂ
ਸਿੱਖਾਂ ਦੀ ਹਾਲਤ ਅੱਜਕਲ੍ਹ ਕੁੱਝ ਇਹੋ ਜਿਹੀ ਹੀ ਨਜ਼ਰ ਆ ਰਹੀ ਹੈ। ਯਾਦ ਰਹੇ ਕਿ ਗੁਰੂ ਸਹਿਬਾਂ
ਬਾਣੀ ਵਿੱਚ ਭਾਵੇਂ ਅਪਣੇ ਆਪ ਨੂੰ ਭੀ ਇਹਨਾਂ ਲਫਜ਼ਾਂ ਨਾਲ ਕਈ ਵੇਰ ਸੰਬੋਧਨ ਕੀਤਾ ਹੈ ਪਰ ਇਸ ਦਾ
ਮਤਲਵ ਇਹ ਹਰਗਿਜ਼ ਨਹੀਂ ਕਿ ਗੁਰੂ ਜੀ ਖ਼ੁਦ ਅਗਿਆਨੀ ਸਨ ਉਹਨਾਂ ਦਾ ਸਿੱਧਾ ਸੰਕੇਤ ਹੈ ਕਿ ਰੱਬੀ ਗਿਆਨ
ਤਾਂ ਸਤਿਗੁਰੂ (ਅਕਾਲ-ਪੁਰਖ) ਜੀ ਦੀ ਬਖਸ਼ਿਸ਼ ਹੈ, ਜਿਸ ਦੀ ਪ੍ਰਾਪਤੀ ਰੱਬ ਦੀ ਰਜ਼ਾ ਵਿੱਚ ਰਹਿੰਦੇ
ਹੋਏ ਉਹਦੀ ਯਾਦ (ਸਿਮਰਨ) ਨਾਲ ਜੁੜੇ ਰਹਿਣਾ ਹੈ, ਜਾਣੀ ਗਿਆਨ ਤੋਂ ਵਗੈਰ ਮਾਨੁੱਖੀ ਜੀਵਨ ਅਧੂਰਾ
ਹੈ। ਹਮ ਮਤਿ ਹੀਣ ਮੂਰਖ ਮੁਗਧ
ਅੰਧੇ ਸਤਿਗੁਰਿ ਮਾਰਗਿ ਪਾਏ॥ (ਪੰਨਾ ੨੪੬) ਭਾਵ
ਮੈਂਨੂੰ ਗਿਆਨਹੀਣ ਬੁਧੂ, ਬੇ-ਅਕਲ ਤੇ ਅੰਨੇ ਨੂੰ ਅਕਾਲ-ਪੁਰਖ ਨੇ ਸਹੀ ਰਸਤੇ ਉੱਪਰ ਤੋਰ ਜਾਂ ਪਾ
ਦਿੱਤਾ ਹੈ ਜੋ ਜੀਵਨ ਦਾ ਅਸਲ ਮਨੋਰਥ ਹੈ
(ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।
ਪੰਨਾ ੧੨)। ਦਰਅਸਲ ਗੁਰੂ ਪਾਤਸ਼ਾਹ ਨੇ ਸਾਨੂੰ
ਹਉਮੈ ਗ੍ਰਸੇ ਮੂੜ੍ਹ ਤੇ ਮੂਰਖ ਜੀਵਾਂ ਨੂੰ ਸਮਝਾਉਣ ਲਈ ਇਹ ਲਫਜ਼ ਆਪਣੇ ਉੱਪਰ ਢੁਕਾ ਕੇ ਸਮਝਾਉਣ ਦੀ
ਗਲ ਕੀਤੀ ਹੈ। ਮਹਾਨ ਮਨੁੱਖ ਦੀ ਇਹ ਖ਼ਾਸੀਅਤ ਹੁੰਦੀ ਹੈ ਕਿ ਉਹ ਹੋਰਨਾਂ ਨੂੰ ਸਮਝਾਉਣ ਲਈ ਐਸਾ ਹੀ
ਤ੍ਰੀਕਾ ਵਰਤਦਾ ਹੈ, ਪਰ ਹੋਛਾ ਮਨੁੱਖ ਆਪਣੇ ਲਈ ਹਮੇਸ਼ਾਂ ਅੱਛਾ ਲਫਜ਼ ਹੀ ਵਰਤੇਗਾ ਆਪਣੀ ਹੀ ਤਾਰੀਫ
ਕਰੇਗਾ ਭਾਵ ਆਪਣੇ ਮੂੰਹ ਮੀਆਂ ਮਿੱਠੂ ਬਣੇਗਾ। ਪਰ ਦੁਜਿਆਂ ਲਈ ਭੈੜਾ ਤੇ ਭੱਦਾ ਹੀ ਬੋਲੇਗਾ ਅਤੇ
ਮਾੜਾ ਹੀ ਸੋਚੇਗਾ। ਨਾਨਕ
ਮੁਸੈ ਗਿਆਨ ਵਿਹੂਣੀ… (ਪੰਨਾ ੪੬੫) ਭਾਵ ਗੁਰੂ
ਨਾਨਕ ਜੀ ਸਿੱਖਿਆ ਦੇ ਰਹੇ ਹਨ ਕਿ ਰੁਹਾਨੀ ਗਿਆਨ ਤੋਂ ਬਿਨਾਂ ਲੁੱਟ ਜਾਂ ਠਗੀ ਦਾ ਸ਼ਿਕਾਰ ਸਹਿਜੇ ਹੀ
ਹੋਇਆ ਜਾ ਸਕਦਾ ਹੈ ਇਸ ਲਈ ਗਿਆਨ ਦੀ ਪ੍ਰਾਪਤੀ ਬਹੁਤ ਹੀ ਲਾਜ਼ਮੀ ਹੈ। ਅਫਸੋਸ ਅਸੀਂ ਆਂਮ ਸਿੱਖ ਗਿਆਨ
ਵਿੱਚ ਫਾਡੀ ਹਾਂ ਕਿਉਂ ਕਿ ਧੁਰ ਕੀ ਬਾਣੀ, ਜੋ ਇਸ ਦਾ ਸੋਮਾ ਹੈ ਨਾਲ ਸਾਂਝ ਪਾਉਣ ਦਾ ਉਪਰਾਲਾ ਹੀ
ਨਹੀਂ ਕਰਦੇ।
ਅੱਜ ਕਲ੍ਹ ਇੰਟ੍ਰਨੈਟ ਤੇ ਖਾਸ ਕਰ ਸਿੱਖ ਵਿਰੋਧੀ ਲੇਖ ਅਤੇ ਵੀਡੀਓ ਦੀ
ਭਰਮਾਰ ਹੈ ਜੋ ਖ਼ਾਸ ਮਕਸਦ ਨਾਲ ਅਰੰਭੀ ਗਈ ਹੈ ਤਾਂ ਕਿ ਸਿੱਖ ਆਪਣੇ ਰੱਬੀ-ਫਲਸਫੇ ਜਾਣੀ ਆਦਿ ਗੁਰੂ
ਗ੍ਰੰਥ ਪ੍ਰਤੀ ਸਿੱਖ ਮਨਾਂ ਅੰਦਰ ਸ਼ੰਕਾ ਪੈਦਾ ਕਰਕੇ ਇਸ ਨੂੰ ਖੋਰਾ ਲਾਇਆ ਜਾ ਸਕੇ। ਗੁਰੂ ਸਹਿਬਾਂ
ਤਾਂ ਸਿੱਖ ਨੂੰ ਪੰਜਾਂ ਵਿਕਾਰਾਂ ਤੋਂ ਬਚਣ ਦੀ ਸਖ਼ਤ ਹਦਾਇਤ ਕੀਤੀ ਹੋਈ ਹੈ ਪਰ ਇਸ ਦੇ ਬਾਵਜੂਦ ਆਮ
ਸਿੱਖ ਨੂੰ ਲਾਲਚ ਅਤੇ ਹਉਮੈ ਨੇ ਏਨੀ ਗ੍ਰਿਫਤ ਵਿੱਚ ਲੈ ਲਿਆ ਹੈ ਕਿ ਇਹ ਅਪਣੇ ਧਰਮ ਪ੍ਰਤੀ ਬਿਲਕੁਲ
ਅਵੇਸਲਾ ਹੋ ਕੇ ਦੁਬਿਧਾ ਵਿੱਚ ਫਸ ਖੁਆਰ ਹੋ ਰਿਹਾ ਹੈ।
ਮਨਮੁਖ ਅੰਧੁਲੇ ਗਿਆਨ ਵਿਹੂਣੇ ਦੂਜੈ
ਭਾਇ ਖੁਆਈ॥ (ਪੰਨਾ ੫੬੯) ਇਸ ਕਮਜ਼ੋਰੀ ਦਾ ਲਾਭ
ਉਠਾਉਂਦੇ ਹੋਏ ਸਿੱਖ ਧਰਮ ਦੇ ਵਿਰੋਧੀ (ਹਿੰਦੂਤਵੀ ਸਾਰੇ ਸੰਗਠਨ, ਲਗਪਗ ਸਾਰੇ ਡੇਰੇਦਾਰ, ਜੋ ਅਕਸਰ
ਸ਼ਖਸੀ ਪੂਜਾ ਦੇ ਹਮਾਇਤੀ ਹੋਣ ਕਰਕੇ ਬ੍ਰਾਹਮਣਵਾਦੀ ਹਨ, ਈਸਾਈ ਪ੍ਰਚਾਰਕ ਅਤੇ ਖ਼ੁਫੀਆ ਏਜੰਸੀਆਂ)
ਗਾਹੇ-ਵਗਾਹੇ ਯੋਜਨਾਂਬੱਧ ਢੰਗ ਨਾਲ ਇਸ ਉੱਪਰ ਤਾਬੜਤੋੜ ਹਮਲੇ ਕਰ ਰਹੇ ਹਨ। ਅਕਸਰ ਦੇਖਿਆ ਗਿਆ ਹੈ
ਕਿ ਇਹ ਹਮਲੇ ਅਮੂਮਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ ਜੀ ਪੀ ਸੀ) ਵਲੋਂ ਜਾਂ ਹੋਰ
ਸਿਰਕਰਦਾ ਸਿੱਖ ਜਥੇਬੰਦੀਆਂ ਵਲੋਂ ਕਿਸੇ ਸਾਰਥਿਕ, ਵਾਜਬ ਤੇ ਨਿਗਰ ਜਵਾਬ ਦੀ ਅਣਹੋਂਦ ਕਾਰਨ ਵਧਦੇ
ਹੀ ਜਾ ਰਹੇ ਹਨ। ਅਗਰ ਆਮ ਸਿੱਖ ਮਾਨਸਿਕ ਤੌਰ ਤੇ ਧਾਰਮਿਕ ਪੱਖੋਂ ਜਾਗਰੂਕ ਹੋਣ ਤਾਂ ਸਿੱਖ
ਜਥੇਬੰਦੀਆਂ ਉੱਪਰ ਬਣਦਾ ਦਬਾਅ ਪਾ ਕੇ ਉਹਨਾਂ ਨੂੰ ਹਰਕਤ ਵਿੱਚ ਲਿਆਉਣ ਲਈ ਮਜਬੂਰ ਕੀਤਾ ਜਾ ਸਕਦਾ
ਹੈ ਪਰ ਇਸ ਮਾਮਲੇ ਵਿੱਚ ਤਾਂ ਸਾਰੀਆਂ ਧਿਰਾਂ ਹੀ ਧਾਰਮਿਕ ਫਰਜ਼ ਨਿਭਾਉਣ ਤੋਂ ਕੰਨੀਂ ਕਤਰਾ ਰਹੀਆਂ
ਹਨ। ਨਤੀਜੇ ਵਜੋਂ ਸਾਧ ਲਾਣੇ ਦੀ ਤਾਕਤ ਦਿਨ-ਬ-ਦਿਨ ਵਧਦੀ ਜਾ ਰਹੀ ਹੈ ਜਿਸ ਦੀ ਪਿੱਠ ਉੱਪਰ ਹਰ
ਵੇਲੇ ਸਰਕਾਰ ਦਾ ਹੱਥ ਹੁੰਦਾ ਹੈ।
ਇਹ ਵਰਨਣਯੋਗ ਹੈ ਕਿ ਜਦੋਂ ਤੋਂ ਬਾਦਲ ਪ੍ਰੀਵਾਰ ਦੀ ਗਿਰਫਤ ਐਸ ਜੀ ਪੀ ਸੀ
ਤੇ ਹੋਈ ਹੈ ਇਹ ਬਿਲਕੁਲ ਨਾਮਨਿਹਾਦ ਬਣ ਕੇ ਰਹਿ ਗਈ ਹੈ। ਕਾਰਨ ਸਭ ਜਾਣਦੇ ਹਨ ਕਿ ਬਾਦਲ ਦਲ ਬੀਜੇਪੀ
ਦੀ ਭਾਈਵਾਲੀ ਨੇ ਅਕਾਲ ਤਖਤ ਸਹਿਬ ਤੋਂ ਧੁਰ ਹੇਠਾਂ ਤਿੱਕਰ ਆਰ ਐਸ ਐਸ ਦਾ ਏਜੰਡਾ ਲਾਗੂ ਕੀਤਾ ਹੋਇਆ
ਹੈ। ਇਸ ਤਰਾਂ ਸਿੱਖੀ ਦੀ ਜੜ੍ਹੀਂ ਤੇਲ ਦਿਤਾ ਜਾ ਰਿਹਾ ਹੈ। ਇਸ ਮੰਤਵ ਲਈ ਸਭ ਤੋਂ ਵਧ ਜ਼ੋਰ ਅਖੌਤੀ
ਦਸਮ ਗ੍ਰੰਥ ਨੂੰ ਪ੍ਰਚਾਰਨ ਉੱਪਰ, ਉਹ ਵੀ ਸਿੱਖ ਪੁਜਰੀ ਸ਼੍ਰੇਣੀ ਜਾਂ ਅਖੌਤੀ ਸਿੱਖ ਪ੍ਰਚਾਰਕਾਂ
ਰਾਹੀਂ ਅਤੇ ਹਰ ਤਰਾਂ ਦੇ ਮੀਡੀਏ ਵਿੱਚ ਸਿੱਖ ਵਿਰੋਧੀ ਤੱਤਾਂ ਦੀ ਘੁਸਪੈਠ ਕਰਾ ਕੇ ਕੀਤਾ ਜਾ ਰਿਹਾ
ਹੈ। ਹਾਲਾਂ ਕਿ ਕਟੜ ਹਿੰਦੂ ਜਮਾਤ ਆਰ ਐਸ ਐਸ ਨੇ ਸ਼ਰੇਆਮ ਐਲਾਨ ਕੀਤਾ ਹੋਇਆ ਹੈ ਕਿ ਉਹ (ਅਖੱੌਤੀ)
ਦਸਮ ਗ੍ਰੰਥ ਦਾ ਪ੍ਰਕਾਸ਼ ਹਰ ਸਿੱਖ ਗੁਰਦੁਆਰੇ ਵਿੱਚ ਕਰਾ ਕੇ ਦਮ ਲੈਣਗੇ ਜਦ ਕਿ ਦਸਮ ਨਾਨਕ ਪਿਤਾ ਦਾ
ਹੁਕਮ ਹੈ ਸਭ ਸਿੱਖਨ ਕੋ ਹੁਕਮ
ਹੈ ਗੁਰੂ ਮਾਨਿਓ ਗ੍ਰੰਥ (ਆਦਿ ਗੁਰੂ ਗ੍ਰੰਥ ਸਹਿਬ)।
ਪਰ ਏਨੀ ਸਾਫ ਤੇ ਸਪਸ਼ਟ ਵੰਗਾਰ ਦੇ ਬਾਵਜੂਦ ਸਾਡੇ ਬਹੁਤੇ
ਸਿੱਖਾਂ ਦੇ ਕੰਨਾਂ ਉੱਪਰ ਜੂੰ ਨਹੀਂ ਸਰਕ ਰਹੀ ਅਤੇ ਉਹ ਐਸੇ ਗੰਭੀਰ ਮਾਮਲੇ ਪ੍ਰਤੀ ਭੀ ਅਵੇਸਲੇ ਹੀ
ਹਨ।
ਬਹੁਤੇ ਸਿੱਖ ਅਗਿਆਨਤਾ ਤੇ ਧਾਰਮਿਕ ਪੱਖੋਂ ਅਨਪੜ੍ਹਤਾ ਕਾਰਨ ਵਹੀਰਾਂ ਘੱਤੀ
ਵੇਹਲੜ ਸਾਧਾਂ (ਗੁਰਮਤਿ ਅਸੂਲ ਤਾਂ
ਘਾਲਿ ਖਾਇ ਕਿਛੁ ਹਥਹੁ ਦੇਇ - ਪੰਨਾ
੧੨੪੫ ਦਾ ਹੈ) ਦੇ ਡੇਰਿਆਂ ਵਲ ਮੂੰਹ ਚੁੱਕੀ ਜਾ
ਰਹੇ ਹਨ ਜਿਹੜੇ (ਅਖੌਤੀ) ਦਸਮ ਗ੍ਰੰਥ ਦੇ ਹੱਕ ਵਿੱਚ ਹਨ ਜਾਣੀ ਹਿੰਦੂ ਏਜੰਡਾ ਲਾਗੂ ਕਰਨ ਲਈ
ਤੱਤਪਰ। ਜਿਸ (ਕਈ ਵੀਰਾਂ ਇਸ ਨੂੰ ਕੰਜਰ ਕਵਿਤਾ ਦਾ ਨਾਮ ਦਿੱਤਾ ਹੋਇਆ ਹੈ - ਜੋ ਹੈ ਠੀਕ) ਵਿੱਚ
ਨਸ਼ਿਆਂ ਦੀ ਵਰਤੋਂ ਦੁਆਰਾ ਕਾਮਕ ਤ੍ਰਿਪਤੀ ਵਾਸਤੇ ਮਰਦ-ਔਰਤ-ਮਰਦ ਕਿਸੇ ਨਾਲ ਵੀ ਕਿਸੇ ਵੀ ਤ੍ਰੀਕੇ
ਨਾਲ ਕਾਂਮ ਕ੍ਰੀੜਾ ਕਰਨ ਦੀ ਵਕਾਲਤ ਕੀਤੀ ਹੋਈ ਹੈ ਅਤੇ ਚੋਰੀ, ਠਗੀ, ਦਗਾ, ਫਰੇਬ, ਕੇਸਾਂ ਦੀ
ਬੇ-ਅਦਬੀ ਕਰਨ ਦੇ ਤਰੀਕੇ……ਆਦਿ ਦਰਜ਼ ਹਨ। ਸ਼ਾਇਦ ਇਸੇ ਕਰਕੇ ਸਾਧ ਲਾਣਾਂ ਇਸ ਦੀ ਹਮਾਇਤ ਕਰ ਰਿਹਾ ਹੈ
ਕਿਉਂ ਕਿ ਇਸ ਵਿਚਲੀ ਕਾਂਮ ਉਕਸਾਊ ਇਬਾਰਤ ਉਹਨਾਂ ਦੇ ਕਾਫੀ ਰਾਸ ਆਉਂਦੀ ਹੈ। ਨਤੀਜੇ ਵਜੋਂ ਹਰ ਆਏ
ਦਿਨ ਸਾਧ ਡੇਰਿਆਂ ਵਿੱਚ ਹੋ ਰਹੇ ਬਲਾਤਕਾਰ ਇਸ ਦੀ ਗਵਾਹੀ ਭਰਦੇ ਹਨ। ਆਪਣੇ ਸ਼ਰਧਾਲੂਆਂ ਨੂੰ
ਗੁਰਮਰਿਯਾਦਾ ਤੋਂ ਤੋੜਨ ਲਈ ਲਗਪਗ ਸਾਰੇ ਡੇਰਿਆਂ ਦੀ ਆਪਣੀ ਆਪਣੀ ਮਰਿਯਾਦਾ ਹੈ ਭਾਵ ਗੁਰਮਰਿਯਾਦਾ
ਤੋਂ ਵਖਰੀ ਜੋ ਪੂਰੇ ਪੰਥ ਵਾਸਤੇ ਗੁਰੂ ਸਹਿਬਾਂ ਆਦਿ ਗੁਰੂ ਗ੍ਰੰਥ ਵਿੱਚ ਥਾਂਹ ਪੁਰ ਥਾਂਹ ਅਗਵਾਈ
ਕਰਨ ਲਈ ਅੰਕਤ ਕੀਤੀ ਹੋਈ ਹੈ। ਜਿਸ ਵਿੱਚ ਕਿਸੇ ਵੀ ਤਰਾਂ ਦੇ ਭੇਖ-ਪਖੰਡ, ਥਿੱਤ-ਵਾਰ, ਭਰਮ,
ਜੰਤਰ-ਮੰਤਰ, ਗਿਣਤੀ-ਮਿਣਤੀ, ਮੱਸਿਆ, ਸੰਗਰਾਂਦ, ਪੂਰਨਮਾਸੀ, ਵਰ-ਸਰਾਪ, ਸਗਨ-ਅਪਸਗਨ ਆਦਿ ਹੋਰ ਕਿਈ
ਤਰਾਂ ਦੇ ਕਰਮ ਕਾਂਡ ਨੂੰ ਕੋਈ ਥਾਂਹ ਨਹੀਂ ਜਦ ਕਿ ਡੇਰੇਦਾਰ ਇਹ ਸਭ ਕੁੱਝ ਆਪਣੇ ਸ਼ਰਧਾਲੂਆਂ ਵਿੱਚ
ਸ਼ਰਧਾ ਦੇ ਨਾਮ ਉੱਪਰ ਮਨਘੜਤ ਸਾਖੀਆਂ ਸੁਣਾ ਕੇ ਠੋਸ ਤੇ ਫੈਲਾਅ ਰਹੇ ਹਨ।
ਦੂਸਰਾ ਤਰੀਕਾ ਹੈ ਗੁਰਮਤਿ ਵਿਰੋਧੀ ਲੇਖ ਅਤੇ ਵੀਡੀਓ ਇੰਟ੍ਰਨੈਟ ਤੇ ਪਾ ਕੇ।
ਬਹੁਤੇ ਸਿੱਖ ਗੁਰਮਤਿ ਤੋਂ ਅਣਜਾਣ ਜਾਂ ਅਵੇਸਲੇ ਹੋਣ ਕਰਕੇ ਇਹ ਸਹਿਜੇ ਹੀ ਗੁਰਮਤਿ ਵਿਰੋਧੀ ਲੇਖਾਂ
ਦੇ ਝਾਂਸੇ ਵਿੱਚ ਆ ਜਾਂਦੇ ਹਨ ਨਤੀਜੇ ਵਜੋਂ ਕਰਮ ਕਾਂਡਾਂ ਵਿੱਚ ਫਸ ਕੇ ਗੁਰੂਬਾਣੀ ਨਾਲੋਂ ਸਹਿਜੇ
ਸਹਿਜੇ ਦੂਰ ਹੋਈ ਜਾਂਦੇ ਹਨ। ਇਸ ਕਰਕੇ ਹਰ ਵੀਰ ਭੈਣ ਨੂੰ ਆਪ ਖ਼ੁਦ ਉਦਮ ਕਰਕੇ ਸਿੱਖ ਵਿਰਸਾ, ਸਿੱਖ
ਫੁਲਵਾੜੀ, ਇੰਡੀਆ ਅਵੇਅਰਨੈਸ ਵਰਗੇ ਰਸਾਲੇ, ਜੋ ਗੁਰਮਤਿ ਦੀ ਠੀਕ ਵਿਆਖਿਆ ਪ੍ਰਚਾਰਦੇ ਹਨ, ਪੜਨੇ
ਚਾਹੀਦੇ ਹਨ ਜਾਂ ਸਿੱਖ ਮਾਰਗ, ਸਿੰਘ ਸਭਾ ਕਨੇਡਾ ਵਰਗੇ ਗੁਰਮਤਿ ਨੂੰ ਸਮਰਪਿਤ ਸਾਈਟ ਪੜਨੇ ਵਾਚਣੇ
ਚਾਹੀਦੇ ਹਨ। ਜਿਹਨਾਂ ਵੀਰਾਂ ਭੈਣਾਂ ਨੂੰ ਗੁਰਮਤਿ ਦੀ ਸੋਝੀ ਹੈ ਉਹਨਾਂ ਨੂੰ ਕ੍ਰਿਪਾ ਕਰਕੇ ਕੁੱਝ
ਨਾ ਕੁੱਝ ਜ਼ਰੂਰ ਲਿਖਣਾ ਚਾਹੀਦਾ ਹੈ ਅਤੇ ਇਸ ਨੂੰ ਦੂਜਿਆਂ ਨਾਲ ਮਿਲ ਬੈਠ ਕੇ ਗੁਰਮਤਿ ਵਿਚਾਰ ਕਰਨੀ
ਚਾਹੀਦੀ ਹੈ। ਇਸ ਤਰਾਂ ਵਿਚਾਰ ਕਰਨ ਨਾਲ ਗੁਰਮਤਿ ਨੂੰ ਸਮਝਣਾ ਆਸਾਨ ਬਣ ਜਾਦਾ ਹੈ ਅਤੇ ਗਿਆਨ ਵਿੱਚ
ਦੁਪਾਸੀ ਵਾਧਾ ਹੁੰਦਾ ਹੈ। ਫਿਰ ਤੁਸੀਂ ਕਿਸੇ ਦੇ ਲਿਖੇ ਹੋਏ ਲੇਖ ਨੂੰ ਪੜ੍ਹ ਜਾਂ ਸੁਣ ਕੇ ਵਰਗ਼ਲਾਏ
ਨਹੀਂ ਜਾਵੋਗੇ। ਜਾਣੀ ਸਹੀ ਧਰਮ ਦੀ ਜਾਣਕਾਰੀ (ਜੋ ਆਦਿ ਗੁਰੂ ਗ੍ਰੰਥ ਵਿੱਚ ਦਰਜ਼ ਹੈ) ਬਾਰੇ ਸੋਝੀ
ਰੱਖਣ ਵਾਲੇ ਨੂੰ ਕੋਈ ਲੋਟੂ ਸਾਧ ਜਾਂ ਸ਼ੈਤਾਂਨ ਬੁਧੀ ਵਾਲਾ ਅਣਧਰਮੀ, ਜਿਸ ਨੂੰ ਆਪਣੀ ਪੜ੍ਹਾਈ ਅਤੇ
ਚਤੁਰਾਈ ਪੁਰ ਮਾਣ ਹੋਵੇ, ਤੁਹਾਨੂੰ ਗੁਰਮਤਿ ਤੋਂ ਕੁਰਾਹੇ ਨਹੀਂ ਪਾ ਸਕੇਗਾ।
ਅੱਜ ਕਲ ਬਹੁਤ ਲੇਖ (ਸ਼ਾਇਦ ਲਾਲਚ ਵਸ!) ਕਈ ਸਾਈਟਾਂ ਤੇ ਪਾਏ ਹੋਏ ਹਨ
ਜਿਹਨਾਂ ਦਾ ਮੰਤਵ ਪੜ੍ਹਨ ਵਾਲੇ ਨੂੰ ਬੁਧੂ ਬਣਾ ਕੇ ਗੁਰੂ ਸਹਿਬਾਂ ਦੇ ਅਸੂਲਾਂ (ਗੁਰਬਾਣੀ) ਨਾਲੋਂ
ਤੋੜ ਕੇ ਹੋਰ ਕਿਸੇ ਦੀ ਝੋਲ੍ਹੀ ਪਾਉਣਾਂ ਜਾਂ ਵਰਗਲਾ ਕੇ ਕਿਸੇ ਦੇ ਖਿਲਾਫ ਭੜਕਾਉਣਾ ਹੁੰਦਾ ਹੈ ਜਿਸ
ਨਾਲ ਭਾਈਚਾਰਕ ਸਾਂਝ ਵਿੱਚ ਉਥਲ-ਪੁਥਲ ਹੋਵੇ। ਗੁਰਮਤਿ ਫੁਰਮਾਣ ਹੈ:
ਪੜ੍ਹਿਆ ਮੂਰਖ ਆਖਿਐ ਜਿਸ ਲਬੁ ਲੋਭੁ
ਅਹੰਕਾਰਾ॥ (ਪੰਨਾ ੧੪0)
।
ਇਸ ਤਰਾਂ ਦੇ ਵਿਅਕਤੀ ਭਾਵੇਂ ਆਪਣੇ ਆਪ ਨੂੰ ਵਿੱਦਵਾਨ
ਸਮਝਣ ਪਰ ਹੁੰਦੇ ਹਨ ਸਮਾਜ ਦੇ ਦੁਸ਼ਮਣ ਅਤੇ ਰੱਬ ਤੋਂ ਬਾਗੀ ਜਾਂ ਰੱਬ ਦੀ ਰਜ਼ਾ ਨੂੰ ਨਾਂਹ ਮੰਨਣ
ਵਾਲੇ ਜਿਹਨਾਂ ਦਾ ਸੰਵਰਦਾ ਕੁੱਝ ਨਹੀਂ ਹਾਂ ਇੱਕ ਦਿਨ ਠੇਡੇ ਜ਼ਰੂਰ ਖਾਂਦੇ ਹਨ। ਕੀ ਅਮਨ ਨੂੰ
ਬਦਅਮਨੀਂ ਵਿੱਚ ਬਦਲਨਾ, ਰਾਹ ਜਾਂਦੇ ਨੂੰ ਕੁਰਾਹੇ ਪਾਉਣਾ ਕੋਈ ਵਿੱਦਵਤਾ ਹੈ? ਜਿੰਦਗੀ ਵਿੱਚ
ਇੰਨਸਾਨੀਂ ਵਿੱਦਵਤਾ ਸਫਲਤਾ ਦਾ ਵਸੀਲਾ ਤਾਂਹੀਉਂ ਬਣ ਸਕਦੀ ਹੈ ਜੇ ਉਹ ਰੱਬ ਦੀ ਰਜ਼ਾ ਵਿੱਚ ਰਹਿ ਕੇ
ਮਨੁੱਖਤਾ ਨੂੰ ਪਿਆਰ ਅਤੇ ਰੱਬ ਦੀ ਸਿਫਤ ਸਲਾਹ ਕਰੇ ਨਹੀਂ ਤਾਂ ਸਭ ਵਿਅਰਥ ਹੈ।
ਇਹ ਭੀ ਵਿਚਾਰਨ ਯੋਗ ਹੈ ਕਿ ਸਿਰਫ ਗੁਰਬਾਣੀ ਪੜ੍ਹਨ ਨਾਲ ਕੋਈ ਗੁਣੀ ਗਿਆਨੀਂ
ਜਾਂ ਸਿਆਣਾ ਨਹੀਂ ਬਣ ਜਾਂਦਾ। ਜੇ ਇਸ ਤਰਾਂ ਹੁੰਦਾ ਤਾਂ ਕਿੰਨੇ ਪਾਠੀ ਜੋ ਲੜੀਵਾਰ ਅਖੰਡ ਪਾਠਾਂ,
ਸਾਧਰਨ ਪਾਠਾਂ, ਅਖੌਤੀ ਸੰਪਟ ਪਾਠਾਂ ਅਤੇ ਹੋਰ ਪਤਾ ਨਹੀਂ ਕਿੰਨੇ ਤਰਾਂ ਦੇ ਪਾਠਾਂ (ਜੋ ਹੈ ਸਭ
ਬ੍ਰਾਹਮਣਵਾਦ ਹੈ) ਦੀਆਂ ਰੌਲ੍ਹਾਂ ਕਿੰਨੇ ਕਿੰਨੇ ਸਾਲਾਂ ਤੋਂ ਲਗਾ ਰਹੇ ਹਨ ਪਰ ਉਹਨਾਂ ਦੇ ਪੱਲੇ ਕੀ
ਹੈ? ਕੱਖ ਵੀ ਨਹੀਂ ਅਸੀਂ ਸਾਰੇ ਜਾਣਦੇ ਹਾਂ। ਜਿੰਨੀ ਦੇਰ ਤੁਹਾਨੂੰ ਪੜ੍ਹਿਆ ਹੋਇਆ ਸਮਝ ਹੀ ਨਹੀਂ
ਆਉਂਦਾ ਉਸਦਾ ਕੋਈ ਫਾਇਦਾ ਨਹੀਂ।
ਨਾ ਕੋ ਪੜਿਆ ਪੰਡਿਤੁ ਬੀਨਾ ਨਾ ਕੋ
ਮੂਰਖੁ ਮੰਦਾ॥ (ਪੰਨਾ ੩੫੯) ਗੁਰਬਾਣੀ ਨੂੰ ਇਕਾਗਰ
ਚਿੱਤ ਹੋ ਕੇ ਵਿਚਾਰ ਕੇ ਪੜ੍ਹਨਾਂ ਅਤੇ ਸਮਝਣਾ (ਇਸ ਵਾਸਤੇ ਸਰਲ ਪੰਜਾਬੀ ਵਿੱਚ ਗੁਰਬਾਣੀ ਦਰਪਣ
ਪ੍ਰੋ: ਸਹਿਬ ਸਿੰਘ ਰਚਿਤ ਬਹੁਤ ਹੀ ਲਾਭਕਾਰੀ ਹੈ) ਚਾਹੀਦਾ ਹੈ ਤਾਂ ਕਿ ਆਪਣੇ ਰੋਜ਼ਾਨਾ ਜਿਊਣ ਦੇ
ਢੰਗ ਨੂੰ ਗੁਰਮਤਿ ਵਿੱਚ ਦਰਸਾਈ ਹੋਈ ਸਾਦ ਮੁਰਾਦੀ ਜੀਵਨ ਜਾਚ ਅਨੁਸਾਰ ਢਾਲ੍ਹਿਆ ਜਾ ਸਕੇ।
ਨਾਨਕ ਸਤਿਗੁਰਿ ਭੇਟੀਐ ਪੂਰੀ ਹੋਵੈ
ਜੁਗਤਿ। ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥ (ਪੰਨਾ ੫੨੨)
ਨਿਰਭੈ ਸਿੰਘ
|
. |