ਭੂਤਾਂ ਵਾਲਾ ਬਾਬਾ
ਬਾਬਾ ਭੂਤਾਂ ਵਾਲਾ ਚੰਗਾ ਮਸ਼ਹੂਰ ਹੋਇਆ। ਕਈ ਲੋਕ ਉਸ ਦੇ ਮਗਰ ਹੋ ਤੁਰੇ। ਕਈ
ਭੂਤਾਂ ਕਢਾਉਂਣ ਵਾਲੇ ਕਈ ਭਜਾਉਂਣ ਵਾਲੇ। ਗੱਲ ਅਖ਼ਬਾਰਾਂ ਦੀ ਸੁਰਖੀਆਂ ਜਾਂ ਚੁਸਕੀਆਂ ਬਣ ਗਈ। ਕੁੱਝ
ਉਸ ਦੇ ਹੱਕ ਵਿੱਚ ਕੁੱਝ ਵਿਰੋਧ ਵਿਚ।
ਵਿਚੋਂ ਕੁੱਝ ‘ਕਮਲੇ’ ਉਠ ਖੜੇ ਹੋਏ। ਭੂਤਾਂ ਵਾਲੇ ਬਾਬਾ ਬੜਾ ਪ੍ਰੇਸ਼ਾਨ। ਉਸ
ਇੱਕ ਲੀਡਰ ਨੂੰ ਸੱਦਿਆ। ਕਹਿਣ ਲੱਗਾ ਕਿ ਦੱਸ ਮੇਰਾ ਕਸੂਰ ਕੀ ਏ। ਉਹ ਅਗੋਂ ਕਹਿਣ ਲਗਾ ਕਿ ਤੇਰਾ
ਕਸੂਰ ਕਿ ਤੂੰ ਲੋਕਾਂ ਨੂੰ ਗੁੰਮਰਾਹ ਕੇ ਲੁੱਟਦਾ। ਅਸੀਂ ਇਹ ਲੁੱਟ ਨਹੀ ਹੋਣ ਦੇਣੀ। ਇਹ ਧੋਖਾ ਹੈ
ਫਰੇਬ ਹੈ ਝੂਠ ਹੈ।
ਬਾਬਾ ਭੁਤਾਂ ਵਾਲਾ ਖਿੜ ਖਿੜਾ ਕੇ ਹੱਸਿਆ ਅਤੇ ਲੀਡਰ ਨੂੰ ਥੋੜੇ ਚਿਰ ਲਈ
ਅਪਣੇ ਕੋਲ ਹੀ ਠਹਿਰਨ ਲਈ ਬੇਨਤੀ ਕਰਨ ਲਗਿਆ।
ਘੰਟੇ ਕੁ ਬਾਅਦ ਲੀਡਰ ਦੇ ਬੈਠਿਆਂ ਹੀ ਇੱਕ ਜੋੜਾ ਆਇਆ। ਔਰਤ ਜਵਾਨ, ਕਰੀਬਨ
ਤੀਹਾਂ ਕੁ ਦੀ ਅਤੇ ਪਤੀ ਉਸ ਦਾ 32-34 ਦਾ ਹੋਵੇਗਾ। ਉਹ ਭੂਤਾਂ ਵਾਲੇ ਦੇ ਪੁਰਾਣੇ ‘ਗਾਹਕ’ ਸਨ। ਆ
ਕੇ ਬਾਬੇ ਦੇ ਪੈਰਾਂ ਵਿੱਚ ਬੈਠ ਗਏ।
ਹਾਂ ਬਈ! ਬਾਬੇ ਦੇ ਬੋਲਾਂ ਵਿੱਚ ਬੜਾ ਖਰਵਾਪਨ ਸੀ ਪਰ ਉਨਾ ਹੀ ਜਿਆਦਾ
ਕੂਲਾਪਨ ਜੋੜੇ ਦੀ ਅਵਾਜ ਵਿੱਚ ਸੀ।
ਬਾਬਾ ਜੀ ‘ਕਸਰ’ ਹਾਲੇ ਗਈ ਨਹੀ। ਹਾਲੇ ਵੀ ਅਵਲੀਆਂ ਟਵਲੀਆਂ ਮਾਰਦੀ ਹੈ।
ਰਾਤੀਂ ਸੁੱਤੀ ਸੁੱਤੀ ਉਠ ਕੇ ਰੋਣ ਲੱਗ ਪਈ ਕਹਿੰਦੀ ਮੈਨੂੰ ਕਾਲੀ ਦਿੱਸਦੀ ਹੈ। ਸਾਰੀ ਰਾਤ ਇੰਝ ਹੀ
ਗੁਜਰ ਗਈ ਕ੍ਰਿਪਾ ਕਰੋ।
‘ਇਹਦੀ ਮਾਂ ਦੀ………ਐਸੀ ਤੈਸੀ। ਤੇ ਬਾਬੇ ਨੇ ਚੰਗਾ ਸੋਹਣਾ ਕੀਤਾ ਜੂੜਾ ਭਾਈ
ਦੀ ਪਤਨੀ ਦਾ ਖਿਲਾਰ ਦਿੱਤਾ। ਵਾਲਾਂ ਤੋਂ ਫੜਕੇ ਇੰਝ ਧਾਭੜਨ ਲੱਗਿਆ ਜਿਵੇਂ ਪਿੰਡਾਂ ਦੇ ਸ਼ਰਾਬੀ
ਪਤੀ, ਪਤਨੀ ਦੀ ਧੌੜੀ ਲਾਹੁੰਦੇ ਹਨ। ਲੀਡਰ ਦੇ ਦੇਖਦਿਆਂ ਦੇਖਦਿਆਂ ਹੀ ਚੀਖ ਚਿਹਾੜਾ ਪੈ ਗਿਆ। ਬੜੀ
ਸੁਹਣੀ ਬਣ ਫਬ ਕੇ ਆਈ ਪਤਨੀ, ਪਤੀ ਦੇ ਸਾਹਵੇਂ ਹੀ ਬਾਬੇ ਨੇ ਇੰਝ ਕਰ ਦਿੱਤੀ ਜਿਵੇਂ ਵਾਹਣ `ਚ ਇੱਲ
ਕੁੱਟੀ ਹੁੰਦੀ ਹੈ।
ਕੁੱਟ-ਕੱਟ ਖਾ ਕੇ ਪਤਨੀ ਵਿਚਲੀਆਂ `ਚੁੜੇਲਾਂ’ ਬੋਲ ਪਈਆਂ ਕਿ ਅਸੀਂ ਅੱਜ
ਛੱਡਦੀਆਂ ਹਾਂ ਪਰ ਸਾਡੀ ਸ਼ਰਤ ਹੈ ਕਿ ਸਾਡਾ ਘਰ ਛੱਡ ਦਿੱਤਾ ਜਾਏ। ਅਸੀਂ ਪੁਰਾਣੀਆਂ ਰਹਿ ਰਹੀਆਂ ਹਾਂ
ਇਥੇ ਸਾਡਾ ਕਬਜਾ ਹੈ। ਜੇ ਘਰ ਨਾ ਛੱਡਿਆ ਗਿਆ ਤਾਂ ਇੱਕ ਹਫਤੇ ਦੇ ਅੰਦਰ ਅੰਦਰ ਅਸੀਂ ਕਿਸੇ ਘਰ ਦਾ
ਜੀਅ ਲੈ ਜਾਵਾਂਗੀਆਂ।
ਭੂਤਾਂ ਵਾਲੇ ਨੇ ਦੱਸਿਆ ਕਿ ਤੁਹਾਡੇ ਘਰ ਵਿੱਚ ਕੋਈ ਰਹਿੰਦੀ ਹੈ ਛੇਤੀ ਘਰ
ਬਦਲ ਲਿਆ ਜਾਵੇ ਨਹੀ ਤਾਂ ਇਹ ਠੀਕ ਨਹੀ ਹੋਵੇਗੀ। ਜੋੜੇ ਨੇ ਲਫਾਫਾ ਬਾਬੇ ਦੇ ਗੋਡਿਆਂ ਹੇਠ ਰੱਖਿਆ
ਅਤੇ ਮੱਥਾ ਟੇਕਦੇ ਤੁਰ ਗਏ।
ਜੋੜੇ ਨੂੰ ਤੋਰਕੇ ਬਾਬਾ ਲੀਡਰ ਨੂੰ ਮੁਖਾਤਬ ਹੋਇਆ।
ਲਓੁ ਦੱਸੋ ਮੇਰਾ ਕੀ ਕਸੂਰ। ਆਇਆਂ ਨੂੰ ਨਾ ਮੈ ਚਾਹ ਪਿਆਈ ਨਾ ਪਾਣੀ। ਛਿੱਤਰ
ਫੇਰਿਆ ਰੱਜ ਕੇ, ਗਾਹਲਾਂ ਕੱਢੀਆਂ ਗੱਜ ਕੇ। ਛਿੱਤਰ ਖਾ ਕੇ, ਗਾਹਲਾਂ ਖਾ ਕੇ, ਮੱਥਾ ਟੇਕਕੇ ਅਤੇ
ਲਫਾਫਾ ਦੇ ਕੇ ਗਏ ਨੇ। ਫਿਰ ਮੈ ਇਨ੍ਹਾ ਨੂੰ ਸੱਦਣ ਨਹੀ ਗਿਆ। ਇਹ ਆਪੇ ਆਏ ਨੇ। ਐਡਵਰਟਾਈਜ ਕੋਈ ਮੈ
ਨਹੀਂ ਕੀਤੀ। ਦਰਅਸਲ ਕਹਾਣੀ ਇਹ ਹੈ ਕਿ ਇਸ ਬੀਬੀ ਨੂੰ ਕੋਈ ਭੂਤਾਂ ਚੁੜੇਲਾਂ ਨਹੀ ਇਹ ਸਾਂਝਾ ਅਤੇ
ਪੁਰਾਣਾ ਘਰ ਬਦਲ ਕੇ ਨਵਾਂ ਅਤੇ ਅੱਡ ਲੈਣਾ ਚਾਹੁੰਦੀ ਸੀ ਪਤੀ ਮੰਨਦਾ ਨਹੀ ਹੋਣਾ ਤੇ ਹੁਣ ਪਤੀ ਜੀ
ਇਥੋਂ ਸਿੱਧਾ ਘਰ ਦੇਖਣ ਜਾਣਗੇ। ਕਈ ਕੇਸ ਮੇਰੇ ਕੋਲੇ ਇੰਝ ਵੀ ਆਉਂਦੇ ਨੇ ਕਿ ਜਿਹੜੇ ਪਤੀ, ਘਰੇ
ਪਤਨੀ ਨੂੰ ਨਹੀ ਕੁੱਟ ਸਕਦੇ ਹੁੰਦੇ ਉਹ 100 ਡਾਲਰ ਦੇ ਕੇ ਮੇਰੇ ਕੋਲੋਂ ਅਪਣਾ ਝੱਸ ਪੂਰਾ ਕਰਵਾ ਕੇ
ਖੁਸ਼ ਹੋ ਜਾਂਦੇ ਹਨ। ਪਰ ਮੈ ਸੱਦਣ ਕਿਸੇ ਨੂੰ ਜਾਂਦਾ ਨਹੀਂ ਫਿਰ ਤੁਸੀਂ ਲੋਕ ਮੇਰੇ ਮਗਰ ਕਿਉਂ ਪਏ
ਹੋ।
ਬਾਬਾ ਫੋਜਾ ਸਿੰਘ ਨੇ ਜਦ ਇਹ ਕਹਾਣੀ ਸੁਣੀ ਤਾਂ ਉਸ ਨੂੰ ਜਾਪਿਆ ਕਿ ਭੂਤਾਂ
ਦੀਆਂ ਦੁਕਾਨਾ ਇਸ ਕਰਕੇ ਨਹੀਂ ਚਲ ਰਹੀਆਂ ਕਿ ਭੂਤਾਂ ਵਾਲੇ ਵਾਕਿਆ ਹੀ ਕੋਈ ਭੂਤਾਂ ਦੇ ‘ਡਾਕਟਰ’
ਹੁੰਦੇ ਹਨ ਬਲਕਿ ਲੋਕਾਂ ਦੀ ਹੀ ਮਾਨਸਿਕਤਾ ਨੂੰ ਘੁਣ ਲੱਗ ਚੁੱਕਾ ਹੋਇਆ ਹੈ।
ਕਾਫੀੇ ਚਿਰ ਦੀ ਗੱਲ ਹੈ ਕਿ ਇੱਕ ਵਾਰ ਬਾਬਾ ਫੋਜਾ ਸਿੰਘ ਇੱਕ ਗੁਰਦੁਆਰਾ
ਸਾਹਿਬ ਗਿਆ ਉਥੇ ਪ੍ਰਚਾਰਕ ਜੀ ਇੱਕ ਸਾਖੀ ਬੜੇ ‘ਵਜੂਦ` ਵਿੱਚ ਆਏ ਸੁਣਾ ਰਹੇ ਸਨ। ਸਾਖੀ ਸੀ ਗੁਰੂ
ਨਾਨਕ ਪਾਤਸ਼ਾਹ ਜੀ ਦੀ ਨੂਰਸ਼ਾਹ ਕੋਲੇ ਜਾਣ ਦੀ। ਸਾਖੀ ਮੁਤਾਬਕ ਭਾਈ ਮਰਦਾਨਾ ਜੀ ਜਦ ਨੂਰਸ਼ਾਹ ਕੋਲੇ
ਗਏ ਤਾਂ ਉਸ ਭਾਈ ਸਾਹਬ ਜੀ ਨੂੰ ਅਪਣੇ ਮੰਤ੍ਰਾ ਨਾਲ ਭੇਡੂ ਬਣਾ ਕੇ ਮੰਜੇ ਦੇ ਪਾਵੇ ਨਾਲ ਬੰਨ ਲਿਆ।
ਗੁਰੂ ਪਾਤਸ਼ਾਹ ‘ਬਾਲੇ` ਨੂੰ ਕਹਿੰਦੇ ਹਨ ਕਿ ਭਾਈ ਬਾਲਾ ਜੀ! ਚਲੋ ਮਰਦਾਨੇ ਨੂੰ ਚਲ ਕੇ ਛੁਡਾਈਏ,
ਨੂਰਸ਼ਾਹ ਉਸ ਨੂੰ ਭੇਡੂ ਬਣਾਈ ਬੈਠੀ ਹੈ। ਤੇ ਉਸ ਤੋਂ ਅਗੇ ਕਿ ਗੁਰੂ ਨਾਨਕ ਸਾਹਬ ਨੇ ਭਾਈ ਮਰਦਾਨਾ
ਜੀ ਨੂੰ ਭੇਡੂ ਬਣੇ ਨੂੰ ਨੂਰਸ਼ਾਹ ਕੋਲੋਂ ਛੁਡਵਾਇਆ ਅਤੇ ਨੂਰਸ਼ਾਹ ਦੀ ਮੁਕਤੀ ਕੀਤੀ।
ਬਾਬਾ ਫੋਜਾ ਸਿੰਘ ਉਸ ਸਾਖੀ ਬਾਰੇ ਬੜਾ ਦੁਬਿਧਾ ਵਿੱਚ ਪਿਆ ਉਸ ਨੂੰ ਭਾਈ
ਮਰਦਾਨਾ ਜੀ ਵਰਗੇ ਮਹਾਂਪੁਰਖ ਦਾ ‘ਬਾਲੇ` ਵਲੋਂ ਭੇਡੂ ਬਣਾਇਆ ਜਾਣਾ ਹਜਮ ਨਹੀ ਸੀ ਹੁੰਦਾ। ਤੇ ਆਖਰ
ਇੱਕ ਵਾਪਰੀ ਘਟਨਾ ਨਾਲ ਬਾਬੇ ਦੀ ਇਹ ਧਾਰਨਾ ਪੱਕੀ ਹੋ ਗਈ ਕਿ ਭੇਡੂ ਕੌਣ ਬਣਦੇ ਹਨ। ਵੈਨਕੋਵਰ ਦੀ
ਗੱਲ ਹੈ ਕਿ ਬਾਬਾ ਜਿਸਦੇ ਕਿਰਾਏਦਾਰ ਰਹਿੰਦਾ ਸੀ ਉਹ ਚੰਗਾ ਪਰਵਾਰ ਸੀ। ਭਾਈ ਦੇ ਤਿੰਨ ਨਿਆਣੇ ਸਨ
ਉਸ ਦੀ ਸੁਆਣੀ ਬੜੇ ਮਿੱਠ ਸੁਭਾਅ ਦੀ ਸੀ। ਜੋੜੀ ਬੜੇ ਪਿਆਰ ਨਾਲ ਰਹਿੰਦੀ ਸੀ। ਭਾਈ ਆਪ ਜਿਆਦਾ ਟਰੱਕ
ਤੇ ਹੋਣ ਕਾਰਨ ਬਾਬਾ ਵੇਲੇ ਕੁਵੇਲੇ ਉਨ੍ਹਾਂ ਦੇ ਯਾਰਡ ਦਾ ਘਾਹ ਪੱਠਾ ਵੱਡ ਕੱਟ ਕੇ ਪਰਿਵਾਰ ਦੀ ਮਦਦ
ਕਰ ਦਿਆ ਕਰਦਾ ਸੀ ਅਤੇ ਉਹ ਵੀ ਬਾਬੇ ਨੂੰ ਪਰਿਵਾਰ ਵਾਂਗ ਹੀ ਸਮਝਣ ਲਗ ਪਏ ਅਤੇ ਚਾਹ ਪਕੌੜਿਆ ਤੇ ਆਮ
ਹੀ ਉਹ ਬਾਬੇ ਨੂੰ ਉਪਰ ਸੱਦ ਲੈਂਦੇ।
ਅਚਾਨਕ ਉਸ ਪਰਿਵਾਰ ਵਿੱਚ ਇੱਕ ‘ਨੂਰਸ਼ਾਹ` ਆਣ ਸ਼ਾਮਲ ਹੋਈ। ਬਾਬੇ ਨੂੰ ਦੱਸਿਆ
ਗਿਆ ਕਿ ਰਿਸ਼ਤੇਦਾਰੀ ਵਿਚੋਂ ਉਹ ਉਸ ਦੀ ਪਤਨੀ ਦੀ ਭੈਣ ਹੈ ਪੰਜਾਬੋ ਆਈ ਹੈ ਅਤੇ ਉਹ ਹੁਣ ਉਨ੍ਹਾ
ਕੋਲੇ ਹੀ ਰਹੇਗੀ। ਕੁੜੀ ਵਲ ਦੇਖ ਬਾਬੇ ਦਾ ਮੱਥਾ ਠਣਕਿਆ ਪਰ ਕਹਿਣਾ ਚਾਹੁੰਦਾ ਹੋਇਆ ਵੀ ਬਾਬਾ ਚੁੱਪ
ਕਰ ਰਿਹਾ। ਕੁੜੀ ਦੀ ਜੁਬਾਨ ਘੱਟ ਪਰ ਅੱਖਾਂ ਜਿਆਦਾ ਗੱਲਾਂ ਕਰਦੀਆਂ ਸਨ। ਥੋੜੇ ਚਿਰ ਬਾਅਦ ਘਰ ਵਿੱਚ
ਤਬਦੀਲੀ ਆਉਂਣੀ ਸ਼ੁਰੂ ਹੋ ਗਈ। ਉਪਰੋਂ ਬੰਦਿਆਂ ਦੀ ਬਜਾਇ ‘ਭੂਤ-ਪ੍ਰੇਤਾਂ` ਦੀਆਂ ਅਵਾਜਾਂ ਆਉਂਣੀਆਂ
ਸ਼ੁਰੂ ਹੋ ਗਈਆਂ। ਕੰਮ ਵਿੱਚ ਹੀ ਮਸਤ ਰਹਿਣ ਵਾਲਾ ਘਰ ਦਾ ਮਾਲਕ ਹੁਣ ਜਿਆਦਾ ਘਰੇ ਹੀ ‘ਝੂਠੇ
ਮੁਕਾਬਲਿਆਂ` ਵਾਂਗ ਠੂੰਹ-ਠਾਹ ਕਰਨ ਪਿਆ। ਬਾਬੇ ਦਾ ਵੀ ਉਪਰ ਆਉਂਣਾ ਜਾਣਾ ਘਟ ਗਿਆ ਅਤੇ ਉਪਰ ਵਾਲੇ
ਵਾਲਿਆਂ ਵੀ ਬਾਬੇ ਨੂੰ ਸੱਦਣਾ ਘਟਾ ਦਿੱਤਾ।
ਥੋੜੇ ਮਹੀਨਿਆ ਬਾਅਦ ਅੱਧੀ ਰਾਤ ਬਾਬੇ ਦੇ ਬੇਸਮਿੰਟ ਦਾ ਦਰਵਾਜਾ ਖੜਕਿਆ।
ਦਰਵਾਜੇ ਅੱਗੇ ਰੋਣਹਾਕੀ ਭਾਈ ਦੀ ਪਤਨੀ ਖੜੀ ਸੀ। ਬੜੇ ਚਿਰਾਂ ਦੀ ਢੱਕੀ ਰਿਝ ਰਹੀ ਉਬਲ ਪਈ ਸੀ ਤੇ
ਪਤਨੀ ਫਿਸ ਪਈ ਕਿ ਉਸ ਦਾ ਘਰਵਾਲਾ…
ਨਿੱਤ ਦੇ ਕਲੇਸ਼ ਤੋਂ ਤੰਗ ਆ ਕੇ ਪਤੀ ਜੀ ਹੁਰੀਂ ਕੁੜੀ ਨੂੰ ਲੈ ਕੇ ਨਿਆਣੇ
ਪਤਨੀ ਛੱਡ ਪੱਕੇ ਹੀ ਚਲੇ ਗਏ। ਬਾਬੇ ਫੋਜਾ ਸਿੰਘ ਨੇ ਔਖਿਆਂ-ਸੌਖਿਆਂ ਭਾਈ ਨੂੰ ਜਦ ਲੱਭਾ ਤਾਂ ਉਹ
ਇੱਕ ਬੇਸਮਿੰਟ ਵਿੱਚ ‘ਭੇਡੂ` ਬਣਿਆ ‘ਨੂਰਸ਼ਾਹ` ਦੇ ਪਾਵੇ ਨਾਲ ਬੱਧਾ ਮਿਆਂਕ ਰਿਹਾ ਸੀ। ਬਾਬੇ ਨੇ
ਬਥੇਰਾ ਜੋਰ ਲਾਇਆ ਕਿ ਵੱਡੇ ਹੋ ਰਹੇ ਬੱਚਿਆਂ ਦੀ ਹੀ ਸ਼ਰਮ ਕਰ! ਪਰ ਉਸ ਸਿਵਾਏ ਮਿਆਂਕਣ ਤੋਂ ਕੋਈ
ਜਵਾਬ ਨਾ ਦਿੱਤਾ। ਬੱਚੇ, ਪਤਨੀ, ਸਮਾਜ, ਸ਼ਰਮ-ਹਯਾ ਉਸ ਲਈ ਸਭ ਬੇਮਾਇਨਾ ਹੋ ਗਈਆਂ ਸਨ ਉਹ ਕੇਵਲ ਤੇ
ਕੇਵਲ ‘ਨੂਰਸ਼ਾਹ` ਦਾ ‘ਭੇਡੂ` ਬਣੇ ਰਹਿਣ ਵਿੱਚ ਹੀ ਅਪਣੀ ‘ਮੁਕਤੀ` ਸਮਝਦਾ ਸੀ।
ਬਾਬਾ ਸੋਚ ਰਿਹਾ ਸੀ ਕਿ ਪਤਾ ਨਹੀ ਕਿੰਨੇ ਲੋਕ ਨੇ ਜੋ ਨਿੱਤ ਅਜਿਹੀਆਂ
ਨੂਰਸ਼ਾਹਾਂ ਦੇ ਹੱਥੋਂ ਘਰ ਪਰਿਵਾਰ ਛਡ ਕੇ ਭੇਡੂ ਬਣੇ ਮਿਆਂਕਦੇ ਫਿਰਦੇ ਹਨ ਪਰ ਜਿਸ ਮਹਾਂਪੁਰਖ ਦੀ
ਗੱਲ ਕਥਾਵਾਚਕ ਸੁਣਾ ਰਿਹਾ ਸੀ ਉਸ ਮਹਾਂਪੁਰਖ ਦਾ ਤਾਂ ਨਾਂ ਸੁਣ ਕੇ ਹੀ ਸਿਰ ਝੁਕ ਜਾਂਦਾ ਹੈ। ਜਿਸ
ਗੁਰੂ ਨਾਨਕ ਪਾਤਸ਼ਾਹ ਤੋਂ ਅਪਣਾ ਘਰ ਪਰਵਾਰ, ਸੁਖ ਅਰਾਮ ਸਭ ਕੁੱਝ ਨਿਸ਼ਵਾਰ ਕਰ ਦਿਤਾ ਅਤੇ ਜੰਗਲਾਂ
ਪਹਾੜਾ ਦੇ ਔਖੇ ਰਸਤੇ ਸਾਰੀ ਉਪਰ ਗੁਰੂ ਦੇ ਚਰਨਾ ਵਿੱਚ ਕੱਟ ਦਿਤੀ। ਹੁਣ ਕੌਣ ਸਮਝਾਵੇ ਕਿ ਭੇਡੂ
ਕੌਣ ਬਣਦੇ ਹਨ ਗੁਰੂ ਤੋਂ ਉਖੜੇ ਜਾਂ ਗੁਰੂ ਤੋਂ ਸਦਕੇ ਜਾਣ ਵਾਲੇ।
‘ਜੱਟ’ – `ਚਮਾਰ’
ਬਾਬਾ ਫੋਜਾ ਸਿੰਘ ਦਾ ਬੜਾ ਪਿਆਰਾ ਮਿੱਤਰ ਹੈ। ਅੰਮ੍ਰਤਿਧਾਰੀ ਸਿੰਘ,
ਗੁਰਬਾਣੀ ਦਾ ਨਿੱਤਨੇਮੀ, ਰਹਿਤ-ਬਹਿਤ ਵਿੱਚ ਪੱਕਾ। ਉਹ ਕਈ ਚਿਰ ਬਾਬੇ ਨੂੰ ਮਿਲਦਾ ਰਿਹਾ। ਉਸਦੀ
ਸਖਸ਼ੀਅਤ ਬੜੀ ਪਿਆਰ ਵਾਲੀ ਤੇ ਸੁਭਾ ਮਿੱਠਾ।
ਬਾਬੇ ਨੂੰ ਨਾ ਲੋੜ ਸੀ ਤੇ ਨਾ ਬਾਬੇ ਕਦੇ ਲੋੜ ਮਹਿਸੂਸ ਹੀ ਕੀਤਾ ਕਦੇ ਕਿ
ਉਹ ਅੰਮ੍ਰਤਿਧਾਰੀ ਗੁਰਸਿੱਖ ਨੂੰ ਪੁੱਛੇ ਕਿ ਉਸ ਦੀ ਜਾਤ ਕਿਹੜੀ ਹੈ। ਜਦ ਵਿਆਨਾ ਵਿਚਲਾ ਰੌਲਾ ਪਿਆ
ਤਾਂ ਇਸ ਚਰਚਾ ਵਿਚੋਂ ਜਾਤ-ਪਾਤੀ ਪ੍ਰਣਾਲੀ ਦਾ ਵੀ ਕਾਫੀ ਚਰਚਾ ਰਿਹਾ। ਉਹ ਇੱਕ ਦਿਨ ਬੈਠਾ ਬਾਬੇ
ਫੌਜਾ ਸਿੰਘ ਨਾਲ ਚਾਹ ਪੀ ਰਿਹਾ ਸੀ ਗੱਲ ਚਲਦਿਆਂ ਅਖੌਤੀ ਚਮਾਰ ਜਾਂ ਜੱਟਾਂ ਦੀ ਚਲ ਪਈ।
ਸਿੰਘ ਨੇ ਦੱਸਿਆ ਕਿ ਬੜੀ ਪੁਰਾਣੀ ਗੱਲ ਹੈ ਕਿ ਉਹ ਇੱਕ ਵਾਰ ਅਪਣੇ ਪਿੰਡ
ਨੂੰ ਜਾ ਰਿਹਾ ਸੀ ਗਾਤਰਾ ਮੇਰਾ ਉਪਰ ਦੀ ਪਾਇਆ ਹੋਇਆ ਸੀ, ਕਿ ਲਾਗਲੇ ਪਿੰਡ ਦੀ ਇੱਕ ਮਾਈ ਬਾਹਰ ਹੱਲ
ਵਾਹੁੰਦੇ ਕਾਮਿਆਂ ਲਈ ਰੋਟੀਆਂ ਲੈ ਕੇ ਖੇਤ ਨੂੰ ਜਾ ਰਹੀ ਸੀ ਕਿ ਉਸ ਦਮ ਕੱਢਣ ਲਈ ਰੋਟੀਆਂ ਚਾਹ ਅਤੇ
ਪਾਣੀ ਵਾਲਾ ਘੜਾ ਹੇਠਾਂ ਰੱਖ ਲਿਆ। ਹੇਠਾਂ ਰੱਖ ਤਾਂ ਬੈਠੀ ਪਰ ਉਤਾਂਹ ਨਾ ਚੁੱਕ ਹੋਵੇ। ਸਿੰਘ ਕਹਿਣ
ਲੱਗਾ ਕਿ ਮੈ ਜਾ ਕੇ ਹੱਥ ਪਵਾ ਕੇ ਮਾਈ ਨੂੰ ਤੁਰਦੀ ਕਰ ਦਿੱਤਾ। ਮੈ ਵੀ ਉਸੇ ਪਾਸੇ ਵਲ ਜਾ ਰਿਹਾ ਸੀ
ਉਹ ਗੱਲੀਂ ਲੱਗ ਗਈ ਕਿ ਉਹ ਕਿਹੜੇ ਪਿੰਡ ਅਤੇ ਕੀਹਨਾ ਦਾ ਮੁੰਡਾ ਹੈ। ਉਸ ਪਿੰਡ ਦੱਸਿਆ। ਪਿੰਡ ਤੋਂ
ਬਾਅਦ ਮਾਈ ਨੇ ਟੱਬਰ ਬਾਰੇ ਪੁੱਛਿਆ। ਉਹ ਪੈੜ ਕੱਢਦੀ ਕੱਢਦੀ ਜਦ ‘ਧੁਰ’ ਤੱਕ ਪਹੁੰਚ ਗਈ ਤਾਂ ਉਸ ਸਭ
ਕੁੱਝ ਸਿਰ ਤੋਂ ਚਲਾ ਕੇ ਮਾਰਿਆ ਤੇ ਗਾਲੀਂ ਡਹਿ ਪਈ।
ਤੇਰਾ ਬੇੜਾ ਗਰਕ ਕੁੱਤਿਆ ਚਮਾਰਾ! ਸਤਿਆਨਾਸ ਹੋਵੇ ਤੇਰਾ! ਸਵੇਰ ਦੇ ਲੱਗਿਆਂ
ਤੇਰੇ ਬਾਪੂਆਂ ਨੂੰ ਮੈ ਕੀ ਦਿਆਂਗੀ ਖਾਂਣ ਨੂੰ! ਉਸ ਦਾ ਇਸ਼ਾਰਾ ਅਪਣੇ ਜਵਾਨ ਪੁੱਤਰ ਅਤੇ ਪਤੀ ਵਲ ਸੀ
ਜਿਹੜੇ ਖੇਤਾਂ ਵਿੱਚ ਹੱਲ ਵਾਹ ਰਹੇ ਸਨ। ਮਾਈ ਨੂੰ ਜਾਪਿਆ ਕਿ ਮੇਰਾ ਸਭ ਕੁੱਝ ਇਸ `ਚਮਾਰ’ ਨੇ ਹੱਥ
ਲਾ ਕੇ ਭਿੱਟ ਦਿੱਤਾ ਹੈ ਹੁਣ ਇਸ ਵਿਚੋਂ ਕੁੱਝ ਵੀ ਖਾ ਕੇ ਮੇਰੇ ਪਤੀ ਅਤੇ ਪੁੱਤਰ ਦਾ ਜਨਮ ਭ੍ਰਿਸ਼ਟ
ਹੋ ਜਾਏਗਾ। ਉਹ ਮੂੰਹੋਂ ਝੱਗ ਸੁੱਟਦੀ ਦੁਬਾਰਾ ਪਿੰਡ ਵਲ ਦੌੜ ਪਈ ਤੇ ਮੈ ਅਪਣਾ ਗਾਤਰਾ ਸਾਂਭਦਾ
ਉਥੋਂ ਸ਼ੂਟਾਂ ਵਟ ਗਿਆ।
ਬਾਬਾ ਫੋਜਾ ਸਿੰਘ ਨੇ ਜਦ ਉਸ ਦੀ ਕਹਾਣੀ ਸੁਣੀ ਤਾਂ ਬਾਬੇ ਸਿੰਘ ਨੂੰ ਜੱਫੀ
ਪਾ ਲਈ। ‘ਵਾਹ ਓਏ ਗੁਰੂ ਕਿਆ ਸਿੰਘਾ! ਧੰਨ ਹੈ ਤੂੰ ਜਿਸ ਇਨੀ ਬੇਇੱਜਤੀ ਕਰਾ ਕੇ ਵੀ ਅਪਣੇ ਗੁਰੂ
ਨੂੰ ਨਹੀ ਛੱਡਿਆ। ਚਲ ਇਸੇ ਖੁਸ਼ੀ ਵਿੱਚ ਇੱਕਠੇ ਲੰਚ ਕਰਦੇ ਆਂ। ਤੂੰ `ਚਮਾਰ’ ਤੇ ਮੈ ‘ਜੱਟ’ ਚਲ
ਇੱਕਠੇ ਖਾਨੇ ਆਂ ਸ਼ਾਇਦ ਅਸੀਂ ‘ਭਿੱਟ’ ਕੇ ਹੀ ਇੱਕ ਹੋ ਸਕੀਏ ਤੇ ਡੇਰਿਆਂ ਦੀਆਂ ਗੱਦੀਆਂ ਦਾ ਫਾਹਾ
ਵੱਢਿਆ ਜਾ ਸਕੇ ਜਿਹੜੇ ਸਾਡੀ ਅਗਿਆਨਤਾ ਕਰਕੇ ਸਾਡੇ ਸਿਰਾਂ ਉਪਰ ਗਿਰਝਾਂ ਵਾਂਗ ਮੰਡਲਾ ਰਹੇ ਹਨ।
ਚੋਰਾਂ ਨੂੰ ਮੋਰ. . ?
ਤਾਜੀ ਕਹਾਣੀ ਹੈ ਕਿ ਇੱਕ ਡੇਰੇ ਵਿੱਚ ਬਾਬਿਆਂ ਦਾ ਇੱਕ ਬਾਹਰੋਂ ਗਿਆ ਨਵਾ
ਸ਼ਰਧਾਲੂ 7 ਲੱਖ ਦੀ ਗੱਡੀ ਬਾਬਿਆਂ ਲਈ ਲੈ ਕੇ ਗਿਆ। ਉਸ ਦੀ ਸ਼ਰਧਾ ਤੇ ਬਾਬੇ ਨਿਹਾਲੋ ਨਿਹਾਲ। ਵੀ.
ਆਈ. ਪੀ. ਅਟੈਚ ਵਾਸ਼ਰੂਮ ਕਮਰਾ, ਬੈਠੇ ਨੂੰ ਤੁੜਕੇ ਵਾਲੀਆਂ ਦਾਲਾਂ ਅਤੇ ਰੈਤਾ ਕਮਰੇ ਵਿੱਚ ਹੀ ਆਉਣ
ਲਗਾ।
ਸ਼ਰਧਾਲੂ ਝੁੱਕ ਝੁੱਕ ਬਾਬਿਆਂ ਅਗੇ ਲਗਾ ਝੁੱਕਣ, ਅੱਖਾਂ ਮੀਚ ਮੀਚ ਬੱਚਨ
ਸੁਣਨ ਲੱਗਾ। ਬਾਬੇ ਨਿਹਾਲੋ-ਨਿਹਾਲ, ਗਦ ਗਦ ਹੋਏ ਫਿਰਨ ਬਾਬੇ ਸ਼ਰਧਾਲੂ ਉਪਰ ਅਤੇ ਨਿਸ਼ਾਵਰ ਹੋਇਆ
ਫਿਰੇ ਸ਼ਰਧਾਲੂ ਬਾਬਿਆਂ ਤੇ।
ਇੰਝ ਕੁੱਝ ਕੁ ਚਿਰ ਚਲਦਾ ਰਿਹਾ ਅਤੇ ਸ਼ਰਧਾਲੂ ਵਾਪਸ ਮੁੜ ਗਿਆ ਕਿ ਕਨੇਡਾ
ਵਿੱਚ ਉਸਦਾ ਬਹੁਤ ਵੱਡਾ ਬਿੱਜਨੈਸ ਹੈ ਮੈ ਦੇਖ ਭਾਲ ਕਰ ਆਵਾਂ। ਉਹ ਜਾਣ ਲਗਾ ਵੈਰਾਗੀ ਹੋਇਆ ਫਿਰੇ
ਕਿ ਉਸ ਦਾ ਬਾਬਿਆਂ ਦੇ ਚਰਨਾ ਵਿਚੋਂ ਜਾਣ ਨੂੰ ਦਿੱਲ ਨਹੀ ਕਰਦਾ। ਬਾਬਿਆਂ ਦਿਲਾਸਾ ਦਿਤਾ ਅਤੇ ਫਿਰ
ਆ ਜਾਣ ਦਾ ਕਹਿ ਕੇ ਸਿਰੋਪੇ ਵਜੋਂ ਲੋਈ ਦੇ ਕੇ ਬਾਬਿਆਂ ਦੀ ਗੱਡੀ ਸ਼ਰਧਾਲੂ ਨੂੰ ਤੋਰਨ ਗਈ।
ਕੁਝ ਚਿਰ ਬਾਅਦ ਸ਼ਰਧਾਲੂ ਫਿਰ ਮੁੜ ਆਇਆ ਕਿ ਮੇਰਾ ਦਿਲ ਨਹੀ ਹੁਣ ਲਗਦਾ
ਬਾਬਿਆਂ ਦੇ ਚਰਨਾ ਬਿਨਾ। ਨਾਲ ਹੀ ਉਸ ਇੱਕ ਬਾਬਿਆਂ ਨੂੰ ਖੁਸ਼ ਕਰ ਦੇਣ ਵਾਲੀ ਖ਼ਬਰ ਦਿੱਤੀ ਕਿ ਬਾਬਾ
ਜੀ! ਮੇਰਾ ਕਾਰੋਬਾਰ ਬਹੁਤ ਹੈ ਮੈਨੂੰ 30 ਬੰਦੇ ਕਨੇਡਾ ਵਿੱਚ ਕਾਮੇ ਚਾਹੀਦੇ ਹਨ ਜੀਹਨਾ ਦਾ ਜਾਣ
ਅਤੇ ਵੀਜਾ ਬਗੈਰਾ ਦੇ ਪ੍ਰਬੰਧ ਦਾ ਕੇਵਲ ਤਿੰਨ ਕੁ ਲੱਖ ਖਰਚਾ ਆਵੇਗਾ ਜਿਹੜਾ ਜਾਣ ਵਾਲਿਆਂ ਨੂੰ
ਦੇਣਾ ਪਵੇਗਾ ਬਾਕੀ ਜਿੰਮੇਵਾਰੀ ਸਾਰੀ ਮੇਰੀ ਹੈ। ਕੇਵਲ ਤਿੰਨ ਲੱਖ? ਉਹ ਵੀ ਕਨੇਡਾ ਦਾ? ਬਾਬੇ ਜਿਸ
ਨੂੰ ਦੱਸਣ ਮੂੰਹ ਅੱਡਿਆ ਜਾਵੇ!
ਅਗਲੇ ਭਲਕ ਬਾਬਿਆਂ ਦੇ ਸ਼ਰਧਾਲੂਆਂ ਦੀਆਂ ਲੱਗ ਲਾਇਨਾ ਗਈਆਂ। ਬਾਬਿਆਂ ਅਪਣੇ
ਚੁਣ ਕੇ ਖਾਸ ਸ਼ਰਧਾਲੂ ਦਿੱਤੇ ਜਿਹੜੇ ਬਾਹਲੀ ਭਾਵਨਾ ਵਾਲੇ ਸਨ। 90 ਲੱਖ ਰੁਪਏ ਦੇ ਨਾਲ ਜਦ ਬਾਬਿਆਂ
ਦੇ ਸੇਵਕਾਂ ਪਾਸਪੋਰਟ ਵੀ ਦੇ ਦਿੱਤੇ ਤਾਂ ਸ਼ਰਧਾਲੂ ਦਿੱਲੀ ਵਿਖੇ ਵੀਜੇ ਲਵਾਉਂਣ ਦੇ ਬਹਾਨੇ ਡੇਰਿਓਂ
ਖਿਸਕ ਗਿਆ। ਹੋਰ ਹੈਰਾਨੀ ਦੀ ਗੱਲ ਕਿ ਉਸ ਬਾਬਿਆਂ ਨੂੰ ਕਿਹਾ ਕਿ ਗੱਡੀ ਦੀ ਪਲੇਟ ਵਕਤੀ ਹੈ ਮੈ
ਦਿੱਲੀਓਂ ਇਸ ਦੀ ਲਾਇਸੈਸ ਪਲੇਟ ਅਤੇ ਇੰਨਸੋਰੰਸ ਬਗੈਰਾ ਵੀ ਕਰਾਉਂਦਾ ਆਵਾਂਗਾ ਅਤੇ ਨਾਲੇ ਮੇਰੇ ਜਾਣ
ਦਾ ਸਾਧਨ ਬਣ ਜਾਵੇਗਾ। ਉਹ ਬਾਬਿਆਂ ਨੂੰ ਚੜ੍ਹਾਈ ਹੋਈ ਗੱਡੀ ਵੀ ਅਤੇ 90 ਲੱਖ ਰੁਪਇਆ ਵੀ ਲੈ ਕੇ
ਚਲਦਾ ਬਣਿਆ ਬਾਬੇ ਹਾਲੇ ਤੱਕ ਸ਼ਾਰਧਾਲੂ ਦਾ ਰਾਹ ਵੇਖ ਰਹੇ ਹਨ। ਬਾਬਾ ਫੋਜਾ ਸਿੰਘ ਕਹਿਣਾ ਤਾਂ
ਚਾਹੁੰਦਾ ਸੀ ਕਿ `ਚੋਰਾਂ ਨੂੰ ਪੈ ਗਏ ਮੋਰ!’ ਪਰ ਉਹ ‘ਨਿੰਦਿਆ’ ਤੋਂ ਡਰਦਾ ਕਹਿ ਵੀ ਨਹੀ ਸੀ ਸਕਦਾ।
ਮਰਨ ਤੋਂ ਬਾਅਦ!
ਘਰ ਵਿੱਚ ਕਿਸੇ ਮਰੇ ਦੇ ‘ਫੁੱਲ` ਪੰਜਾਬ ਵਿੱਚ ਜਾ ਕੇ ਤਾਰਨ ਦੀ ਗੱਲ ਚਲ
ਰਹੀ ਸੀ। ਗੱਲ ਖਿਸਕਦੀ ਕੀਰਤਪੁਰ ਵਿਖੇ ਭਾਈਆਂ ਵਲੋਂ ਬ੍ਰਹਾਮਣ ਦੀ ਤਰਜ ਤੇ ਵੇਚੇ ਜਾਂਦੇ ਭਾਡਿਆਂ
ਤੋਂ ਹੁੰਦੀ ਹੋਈ ਹਰਦੁਆਰ ਵਲ ਦੀ ਹੋ ਕੇ ਗੋਵਿੰਦਵਾਲ ਸਾਹਬ ਵਿਚਦੀ ਲੰਘਦੀ ਫਿਰ ਕੀਰਤਪੁਰ ਵਿਖੇ ਆ
ਕੇ ਉਥੋਂ ਲੰਘਦੇ ਪਰ ਸੁੱਕ ਰਹੇ ਅਤੇ ਗੰਦੇ ਹੋ ਰਹੇ ਪਾਣੀ ਉਪਰ ਆ ਕੇ ਰੁੱਕ ਗਈ।
ਕੋਲੇ ਬੈਠਾ ਮੁੱਛ-ਫੁੱਟ ਪੋਤਾ ਸਾਰੀ ਗੱਲ ਸੁਣ ਰਿਹਾ ਸੀ ਉਹ ਦਾਦੀ ਨੂੰ
ਕਹਿਣ ਲੱਗਾ, ‘ਦਾਦੀ ਮਾਂ! ਉਥੇ ਇੰਨੇ ਥੋੜੇ ਪਾਣੀ ਵਿੱਚ ਜੋ ਜਾਣਾ ਨਾਲੇ ਪੈਸੇ ਖਰਚਣੇ ਨੇ ਜਦ ਜੇ
ਤੂੰ ਪਹਿਲਾਂ ਮਰ ਗਈ ਅਸੀਂ ਤੈਨੂੰ ਨਿਆਗਰਾਫਾਲ ਨਾ ਸੁੱਟ ਆਈਏ`?
ਦਾਦੀ ਮਾਂ ਦੀਆਂ ਭਵਾਂ ਚੜ੍ਹ ਗਈਆਂ। ਉਸ ਨੂੰ ਜਾਪਿਆ ਜਿਵੇਂ ਇਸ ਮੈਨੂੰ
ਜਿਉਂਦੀ ਨੂੰ ਸੁੱਟ ਦਿਤਾ ਹੋਵੇ। ਉਹ ਕਹਿਣ ਲਗੀ ਤੁਸੀਂ ਪੜੇ ਲਿਖੇ ਬਹੁਤ ਸਿਆਣੇ ਹੋ ਗਏ ਓ। ਨਾ, ਮੈ
ਤੈਨੂੰ ਪੁੱਛਦੀ ਆ ਬਈ ਇਥੇ ਗੋਰਿਆਂ ਵਿੱਚ ਤੂੰ ਮੈਨੂੰ ਸੁਟ ਦਏਂਗਾ ਪਰ ਜੇ ਮੈਨੂੰ ਕਿਸੇ ਚੀਜ ਦੀ
ਲੋੜ ਪੈ ਗਈ ਤਾਂ ਅੰਗਰੇਜੀ ਤੇਰੀ ਮਾਂ ਬੋਲਣ ਆਵੇਗੀ? ਵੱਡਾ ਸਿਆਣਾ!
ਦਾਦੀ ਮਾਂ ਭਰੀ ਪੀਤੀ ਇਹ ਕਹਿੰਦੀ ਉਪਰ ਚੜ੍ਹ ਗਈ ਕਿ ਸਾਨੂੰ ਪਤੈ ਤੁਸੀਂ
ਸਾਡੀ ਮਿੱਟੀ ਇੰਝ ਹੀ ਰੋਲਣੀ। ਉਹ ਅਗਲੀ ਸਵੇਰ ਜਦ ਹੇਠਾਂ ਉੱਤਰੀ ਤਾਂ ਉਸ ਸਭ ਤੋਂ ਪਹਿਲਾਂ ਮੁੰਡੇ
ਦੇ ਦਾਦੇ ਵਲ ਇਸ਼ਾਰਾ ਕਰਦਿਆਂ ਇਹ ‘ਖੁਸ਼ਖ਼ਬਰੀ` ਸੁਣਾਈ ਕਿ ਸੁਣੋ! ਅਸੀਂ ਆਪਦਾ ਪ੍ਰਬੰਧ ਕਰ ਲਿਆ ਹੈ!
ਮੁੰਡੇ ਸਮੇਤ ਸਾਰਾ ਟੱਬਰ ਹੈਰਾਨ ਕਿ ਸਵੇਰੇ ਸਵੇਰੇ ਇਹ ਕਿਹੜਾ ਪ੍ਰਬੰਧ ਹੋ
ਗਿਆ ਬਈ।
ਦਾਦੀ ਮਾਂ ਨੇ ਵਿਸਥਾਰ ਵਿੱਚ ਜਾਂਦਿਆ ਕਿਹਾ ਕਿ ਅਸੀਂ ਦੋਵਾਂ ਜੀਆਂ ਨੇ
ਸਲਾਹ ਕਰ ਲਈ ਹੈ ਕਿ ਜਿਹੜਾ ਪਹਿਲਾਂ ਮਰ ਜਾਏ ਉਸ ਦੀਆਂ ਅਸਥੀਆਂ ਦੂਜਾ ਜਣਾ ਕੀਰਤਪੁਰ ਸਾਹਬ ਤਾਰ ਕੇ
ਆਏਗਾ!
ਪੋਤਾ ਫਿਰ ਫੱਟ ਬੋਲ ਪਿਆ ਕਿ ਦਾਦੀ ਮਾਂ! ਜਿਹੜਾ ਬਾਕੀ ਦੁਜਾ ਰਹਿ ਗਿਆ?
ਦਾਦੀ ਮਸੇ ਅਪਣਾ ਮਸਲਾ ਹੱਲ ਕਰਕੇ ਆਈ ਸੀ ਪੋਤੇ ਦੇ ਛੋਟੇ ਜਿਹੇ ਸਵਾਲ ਨਾਲ ਫਿਰ ਸੋਚੀਂ ਪੈ ਗਈ!
ਗੁਰਦੇਵ ਸਿੰਘ ਸੱਧੇਵਾਲੀਆ