.

ਅਰਥ ਨਿਖਾਰ-

ਸਾਸੁ ਕੀ ਦੁਖੀ, ਸਸੁਰ ਕੀ ਪਿਆਰੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫ਼ਾਊਂਡਰ ਸਿੱਖ ਮਿਸ਼ਨਰੀ ਲਹਿਰ ਸੰਨ 1956

“ਸਾਸੁ ਕੀ ਦੁਖੀ, ਸਸੁਰ ਕੀ ਪਿਆਰੀ, ਜੇਠ ਕੇ ਨਾਮਿ ਡਰਉ ਰੇ” ਕਬੀਰ ਜੀ ਦੇ ਸ਼ਬਦ ਦੇ ਮੂਲ ਅਰਥਾਂ ਨੂੰ ਸਮਝਣ ਲਈ ਧਿਆਣ ਦੇਣ ਦੀ ਲੋੜ ਹੈ ਕਿ ਇਸ ਸ਼ਬਦ `ਚ ਜੋ ਸਾਸ, ਸਸੁਰ ਆਦਿ ਰਿਸ਼ਤਿਆਂ ਦੇ ਨਾਮ ਹਨ, ਉਨ੍ਹਾਂ ਦੀ ਸੀਮਾ ਸੰਸਾਰਕ ਨਹੀਂ। ਇਥੇ ਇਨ੍ਹਾਂ ਰਿਸ਼ਤਿਆਂ ਦਾ ਕੇਵਲ ਪ੍ਰਭਾਵ ਦੇ ਕੇ ਸਮਝਾਇਆ ਹੈ ਕਿ ਬੱਚੀ ਜਦੋਂ ਆਪਣੇ ਪੇਕਾ ਪ੍ਰਵਾਰ ਤੋਂ ਬਦਲ ਕੇ ਸੋਹਰਾ ਪ੍ਰਵਾਰ `ਚ ਜਾਂਦੀ ਹੈ ਤਾਂ ਉਥੇ ਜੇਕਰ ਗੁਰਮੁਖ ਪ੍ਰਵਾਰ ਹੋਵੇ ਤਾਂ ਉਸਦੇ ਜੀਵਨ ਦੀ ਸੰਭਾਲ ਹੋ ਜਾਂਦੀ ਹੈ? ਇਸਦੇ ਉਲਟ ਜੇਕਰ ਸੋਹਰਾ ਪ੍ਰਵਾਰ ਮਨਮੁਖਾਂ ਦਾ ਹੀ ਟੋਲਾ ਹੋਵੇ ਤਾਂ ਉਸ ਬੱਚੀ ਦੇ ਜੀਵਨ `ਤੇ ਕੀ ਪ੍ਰਭਾਵ ਪੈਂਦਾ ਹੈ? ਇਥੇ ਲਗਭਗ ਇਹੀ ਮਨੁਮਖਾਂ ਵਾਲੀ ਤਸਵੀਰ ਸੌਹਰਾ ਪ੍ਰਵਾਰ ਰਾਹੀਂ ਪ੍ਰਗਟ ਕੀਤੀ ਹੈ ਤੇ ਪੇਕਾ ਘਰ ‘ਮਾਤਗਰਭ’ ਨੂੰ ਕਿਹਾ ਹੈ। ਇਸ ਲਈ ਜੇਕਰ ਇਥੇ ਅਸੀਂ ਸੰਸਾਰਿਕ ਤੱਲ `ਤੇ ਰਿਸ਼ਤਿਆਂ ਦਾ ਨਾਪ-ਤੋਲ ਕਰਣ ਲਗ ਪਏ ਤਾਂ ਯਕੀਨਣ ਸ਼ਬਦ ਦੇ ਅਸਲ ਅਰਥਾਂ ਤੋਂ ਖੁੰਜ ਕੇ ਕੁਰਾਹੇ ਪੈ ਜਾਵਾਂਗੇ। ਇਸ ਦੇ ਨਾਲ ਹੀ, ਸ਼ਬਦ ਤੋਂ ਮਿਲਣ ਵਾਲੀ ਜੀਵਨ ਸੇਧ ਤੋਂ ਵੀ ਵਾਂਝੇ ਰਹਿ ਜਾਵਾਂਗੇ। ਇਥੇ ਇਹ ਰਿਸ਼ਤੇ ਕੇਵਲ ਉਦਾਹਣ ਮਾਤ੍ਰ ਹਨ ਜਿੱਥੇ “ਲਿਵ ਛੁੜਕੀ ਲਗੀ ਤ੍ਰਿਸਨਾ” ਦੇ ਆਧਾਰ `ਤੇ ਪੇਕਾ ਮਾਤਗਰਭ ਅਤੇ ਸੋਹਰਾ ਪ੍ਰਵਾਰ, ਜਨਮ ਲੈਣ ਬਾਅਦ ਸੰਸਾਰ `ਚ ‘ਲਾਗੂ ਹੋਣ ਵਾਲੀ ਤ੍ਰਿਸ਼ਨਾ’ ਦੀ ਖੇਡ ਹੈ।

ਗੁਰਬਾਣੀ `ਚ ਬਹੁਤ ਸ਼ਬਦ ਹਨ ਜਿਨ੍ਹਾਂ `ਚ ਸੰਸਾਰਿਕ ਰਿਸ਼ਤਿਆਂ ਦੇ ਨਾਮ ਲੈ ਕੇ ਮਨੁੱਖ ਨੂੰ ਪ੍ਰਭੂ ਮਿਲਾਪ ਵੱਲ ਮੋੜਿਆ ਹੈ। ਹੋਰ ਤਾਂ ਹੋਰ, ਸੰਸਾਰਿਕ ਮਾਤਾ-ਪਿਤਾ ਬਦਲੇ ਮਨੁੱਖ ਦਾ ਅਸਲ ਮਾਤਾ-ਪਿਤਾ, ਭ੍ਰਾਤਾ, ਬੰਧਪ ਆਦਿ ਸਭਕੁਝ ਪ੍ਰਭੂ ਨੂੰ ਹੀ ਦਸਿਆ ਹੈ। ਜਿਵੇਂ “ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ॥ ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ॥ ਤੂੰ ਮੇਰਾ ਰਾਖਾ ਸਭਨੀ ਥਾਈ, ਤਾ ਭਉ ਕੇਹਾ ਕਾੜਾ ਜੀੳ” (ਪੰ: ੧੦੩) ਜਾਂ “ਤੂ ਮੇਰਾ ਪਿਤਾ, ਤੂਹੈ ਮੇਰਾ ਮਾਤਾ॥ ਤੂ ਮੇਰੇ ਜੀਅ ਪ੍ਰਾਨ ਸੁਖਦਾਤਾ॥ ਤੂ ਮੇਰਾ ਠਾਕੁਰੁ, ਹਉ ਦਾਸੁ ਤੇਰਾ॥ ਤੁਝ ਬਿਨੁ ਅਵਰੁ ਨਹੀ ਕੋ ਮੇਰਾ” (ਪੰ: ੧੧੪੪) ਹੋਰ “ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ॥ ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ” (ਪੰ: ੧੧੦੧)। ਇਸ ਤਰ੍ਹਾਂ ਗੁਰਬਾਣੀ `ਚ ਹੋਰ ਵੀ ਕਈ ਢੰਗਾਂ ਨਾਲ ਸੰਸਾਰਿਕ ਰਿਸ਼ਤਿਆਂ ਨੂੰ ਆਧਾਰ ਬਣਾ ਕੇ ਪ੍ਰਕਰਨਾਂ ਅਨੁਸਾਰ ਸੰਬੰਧਤ ਵਿਸ਼ੇ ਹਨ।

ਇਸਦੇ ਬਾਵਜੂਦ, ਆਸਾ ਰਾਗ ਵਿਚਲੇ ਕਬੀਰ ਸਾਹਿਬ ਦੇ ਵਿਚਾਰ-ਅਧੀਨ ਸ਼ਬਦ ਬਾਰੇ ਇਹ ਵਿਸ਼ਾ ਵਿਸ਼ੇਸ਼ ਹੈ। ਵਿਸ਼ੇਸ਼ ਇਸ ਲਈ ਵੀ ਹੈ ਕਿਉਂਕਿ ਸਾਡੇ ਬਹੁਤੇ ਰਾਗੀ ਸੱਜਨ ਇਸ ਸ਼ਬਦ ਨੂੰ ਸਾਜ਼ਾਂ ਰਾਹੀਂ ਪੜ੍ਹਦੇ ਤਾਂ ਜ਼ਰੂਰ ਹਨ, ਪਰ ਬਹੁਤੀ ਵਾਰੀ ਖੁਦ ਉਨ੍ਹਾਂ ਨੂੰ ਹੀ ਨਹੀਂ ਪਤਾ ਹੁੰਦਾ ਕਿ ਸ਼ਬਦ ਦੇ ਅਸਲ ਅਰਥ ਹੈਣ ਕੀ? ਇਸ ਤੋਂ ਇਲਾਵਾ ਇਸ ਸ਼ਬਦ ਦੇ ਅਰਥਾਂ ਬਾਰੇ ਬਹੁਤੀਆਂ ਸੰਗਤਾਂ ਵਿਚਾਲੇ ਵੀ ਕਾਫ਼ੀ ਅਗਿਆਨਤਾ ਦੇਖੀ ਗਈ ਹੈ। ਸ਼ੱਕ ਨਹੀਂ, ਪੰਥ ਦੀ ਚਲਦੀ ਫ਼ਿਰਦੀ ਯੂਨਵਿਰਸਿਟੀ, ਪ੍ਰੋ: ਸਾਹਿਬ ਸਿੰਘ ਜੀ ਨੇ ਇਸਦੇ ਨਿਖਰਵੇਂ ਅਰਥ ਦਿੱਤੇ ਹਨ। ਫ਼ਿਰ ਵੀ ਇਸ ਬਾਰੇ ਸੰਗਤਾਂ ਵਿਚਕਾਰ ਹੋ ਰਹੀ ਗੱਲ-ਬਾਤ ਸੁਣੋ ਤਾਂ ਮਹਿਸੂਸ ਹੁੰਦਾ ਹੈ ਕਿ ਇਸਦੇ ਮੂਲ ਅਰਥਾਂ ਬਾਰੇ ਅਜੇ ਕਾਫ਼ੀ ਨਿਖਾਰ ਦੀ ਲੋੜ ਹੈ। ਅੱਜ ਤਾਂ, ਸੰਗਤਾਂ ਵਿਚਾਲੇ ਉਂਝ ਵੀ ਗੁਰਬਾਣੀ ਸੋਝੀ-ਜੀਵਨ ਦੀ ਵੱਡੀ ਘਾਟ ਹੈ; ਦੂਜਾ, ਅੱਜੋਕਾ ਸਿੱਖੀ ਦਾ ਪ੍ਰਚਾਰ ਪ੍ਰਬੰਧ ਵੀ ਬਹੁਤਾ ਕਰਕੇ ਯੋਗ ਪ੍ਰਬੰਧਕਾਂ-ਪ੍ਰਚਾਰਕਾਂ ਦੇ ਹਥਾਂ `ਚ ਨਹੀਂ। ਇਹੀ ਨਹੀਂ ਸਾਡੇ ਬਹੁਤੇ ਕਥਾਵਾਚਕ, ਜਿਨ੍ਹਾਂ ਦੀ ਲੋੜ ਹੀ ਗੁਰਬਾਣੀ ਅਰਥਾਂ ਨੂੰ ਖੋਲ ਕੇ ਸਮਝਾਉਣ ਲਈ ਹੈ, ਉਹ ਵੀ ਵੱਕਤ-ਟਪਾਊ ਤੇ ਭੇਟਾਵਾਂ ਦੇ ਪੁਜਾਰੀ ਹੀ ਸਾਬਤ ਹੋ ਰਹੇ ਹਨ, ਗੁਰਮੱਤ ਪ੍ਰਚਾਰ ਨਾਲ ਉਨ੍ਹਾਂ ਦਾ ਵੀ ਕੁੱਝ ਲੈਣਾ ਦੇਣਾ ਨਹੀਂ ਰਹਿ ਗਿਆ। ਇਸੇ ਦਾ ਨਤੀਜਾ, ਕਈ ਵਾਰੀ ਸੰਗਤਾਂ ਵਲੋਂ ਇਥੋਂ ਤੀਕ ਵੀ ਸੁਨਣ `ਚ ਆਇਆ ਹੈ ਕਿ ਕਬੀਰ ਜੀ ਨੇ ਇਸ ਸ਼ਬਦ `ਚ ਰਿਸ਼ਤਿਆਂ ਦੀ ਤਸਵੀਰ ਠੀਕ ਪੇਸ਼ ਨਹੀਂ ਕੀਤੀ। ਬਲਕਿ ਕੁੱਝ ਤਾਂ ਇਸ ਤੋਂ ਵੀ ਦੋ ਕਦਮ ਅੱਗੇ ਕਹਿੰਦੇ ਸੁਨੇ ਹਨ, ਜੋ ਗੁਰਬਾਣੀ ਦੀ ਬੇਅਦਬੀ ਤੁੱਲ ਸ਼ਬਦਾਵਲੀ ਹੀ ਕਹੀ ਜਾ ਸਕਦੀ ਹੈ। ਇਸ ਲਈ ਇਸ ਸ਼ਬਦ ਦੇ ਅਰਥਾਂ ਦਾ ਯੋਗ ਨਿਖਾਰ ਬਹੁਤ ਜ਼ਰੂਰੀ ਹੈ, ਸ਼ਬਦ ਇਸ ਪ੍ਰਕਾਰ ਹੈ:-

“ਸਾਸੁ ਕੀ ਦੁਖੀ, ਸਸੁਰ ਕੀ ਪਿਆਰੀ, ਜੇਠ ਕੇ ਨਾਮਿ ਡਰਉ ਰੇ॥ ਸਖੀ ਸਹੇਲੀ, ਨਨਦ ਗਹੇਲੀ, ਦੇਵਰ ਕੈ ਬਿਰਹਿ ਜਰਉ ਰੇ॥ ੧॥ ਮੇਰੀ ਮਤਿ ਬਉਰੀ, ਮੈ ਰਾਮੁ ਬਿਸਾਰਿਓ, ਕਿਨ ਬਿਧਿ ਰਹਨਿ ਰਹਉ ਰੇ॥ ਸੇਜੈ ਰਮਤੁ ਨੈਨ ਨਹੀ ਪੇਖਉ, ਇਹੁ ਦੁਖੁ ਕਾ ਸਉ ਕਹਉ ਰੇ॥ ੧॥ ਰਹਾਉ॥ ਬਾਪੁ ਸਾਵਕਾ ਕਰੈ ਲਰਾਈ, ਮਾਇਆ ਸਦ ਮਤਵਾਰੀ॥ ਬਡੇ ਭਾਈ ਕੈ ਜਬ ਸੰਗਿ ਹੋਤੀ, ਤਬ ਹਉ ਨਾਹ ਪਿਆਰੀ॥ ੨॥ ਕਹਤ ਕਬੀਰ ਪੰਚ ਕੋ ਝਗਰਾ, ਝਗਰਤ ਜਨਮੁ ਗਵਾਇਆ॥ ਝੂਠੀ ਮਾਇਆ ਸਭੁ ਜਗੁ ਬਾਧਿਆ, ਮੈ ਰਾਮ ਰਮਤ ਸੁਖੁ ਪਾਇਆ”॥ ੩॥ (ਪੰ: ੪੮੨)

ਬੱਚੀ ਦਾ ਸੋਹਰਾ ਤੇ ਪੇਕਾ ਘਰ- ਸੰਬੰਧਤ ਸ਼ਬਦ `ਚ ਬੱਚੀ ਦੇ ਸੋਹਰਾ ਤੇ ਪੇਕਾ ਘਰ, ਦੋਵਾਂ ਦਾ ਮਿਲਵਾਂ ਜ਼ਿਕਰ ਹੈ; ਜਿਵੇਂ “ਸਾਸੁ, ਸਸੁਰ, ਜੇਠ, ਦੇਵਰ, ਨਨਦ; ਬੱਚੀ ਦੇ ਸੋਹਰਾ ਪ੍ਰਵਾਰ ਨਾਲ ਸੰਬੰਧਤ ਰਿਸ਼ਤੇ ਹਨ। ਉਪ੍ਰੰਤ ਬਾਪ ਤੇ ਵਡਾ ਭਾਈ; ਪੇਕਾ ਘਰ ਨਾਲ ਸੰਬੰਧਤ। ਗੁਰਬਾਣੀ `ਚ ਹੀ “ਪੇਈਅੜੈ ਸਹੁ ਸੇਵਿ ਤੂੰ, ਸਾਹੁਰੜੈ ਸੁਖਿ ਵਸੁ॥ ਗੁਰ ਮਿਲਿ ਚਜੁ ਅਚਾਰੁ ਸਿਖੁ, ਤੁਧੁ ਕਦੇ ਨ ਲਗੈ ਦੁਖੁ॥   ॥ ਸਭਨਾ ਸਾਹੁਰੈ ਵੰਞਣਾ ਸਭਿ ਮੁਕਲਾਵਣਹਾਰ॥ ਨਾਨਕ ਧੰਨੁ ਸੋਹਾਗਣੀ ਜਿਨ ਸਹ ਨਾਲਿ ਪਿਆਰੁ” (ਪੰ: ੫੦) ਅਥਵਾ “ਪੇਈਅੜੈ ਦਿਨ ਚਾਰਿ ਹੈ ਹਰਿ ਹਰਿ ਲਿਖਿ ਪਾਇਆ॥ ਸੋਭਾਵੰਤੀ ਨਾਰਿ ਹੈ ਗੁਰਮੁਖਿ ਗੁਣ ਗਾਇਆ॥ ਪੇਵਕੜੈ ਗੁਣ ਸੰਮਲੈ ਸਾਹੁਰੈ ਵਾਸੁ ਪਾਇਆ॥ ਗੁਰਮੁਖਿ ਸਹਜਿ ਸਮਾਣੀਆ ਹਰਿ ਹਰਿ ਮਨਿ ਭਾਇਆ॥   ॥ ਸਸੁਰੈ ਪੇਈਐ ਪਿਰੁ ਵਸੈ ਕਹੁ ਕਿਤੁ ਬਿਧਿ ਪਾਈਐ॥ ਆਪਿ ਨਿਰੰਜਨੁ ਅਲਖੁ ਹੈ, ਆਪੇ ਮੇਲਾਈਐ” (ਪੰ: ੧੬੨) ਆਦਿ। ਭਾਵ ਓਪਰੀ ਨਜ਼ਰੇ, ਗੁਰਬਾਣੀ ਸ਼ਬਦਾਵਲੀ ਤੋਂ ਜਾਣਕਾਰ ਵੀ ਇਹੀ ਸਮਝਦਾ ਹੈ ਜਿਵੇਂ ਗੁਰਬਾਣੀ `ਚ ਅਜਿਹੇ ਅਨੇਕਾਂ ਫ਼ੁਰਮਾਨ ਹਨ ਜਿੱਥੇ ਸੰਸਾਰ ਨੂੰ ਜੀਵ ਇਸਤ੍ਰੀ ਦਾ ਪੇਕਾ ਘਰ ਤੇ ਸਰੀਰ ਤਿਆਗਣ ਬਾਅਦ ਪ੍ਰਭੂ ਮਿਲਾਪ (ਸਫ਼ਲ ਜੀਵਨ) ਤੋਂ ਬਾਅਦ ਵਾਪਿਸ ਜਨਮ ਮਰਣ ਦੇ ਗੇੜ `ਚ ਨਾ ਆਉਣ ਨੂੰ, ਸੋਹਰਾ ਘਰ (ਸਦੀਵੀ ਵਾਸਾ) ਕਿਹਾ ਹੈ, ਸ਼ਾਇਦ ਇਥੇ ਵੀ ਉਸੇ ਤਰ੍ਹਾਂ ਹਨ। ਜਦਕਿ ਇਥੇ “ਸਾਸੁ ਕੀ ਦੁਖੀ, ਸਸੁਰ ਕੀ ਪਿਆਰੀ’ ਵਾਲੇ ਸ਼ਬਦ `ਚ ‘ਸੋਹਰਾ ਤੇ ਪੇਕਾ ਘਰ’ ਵਾਲੀ ਸ਼ਬਦਾਵਲੀ, ਗੁਰਬਾਣੀ ਵਿਚਲੇ ਉਨ੍ਹਾਂ ਅਰਥਾਂ ਵਾਲੀ ਨਹੀਂ, ਨਿਵੇਕਲੀ ਹੈ।

ਇਸ ਸ਼ਬਦਾਵਲੀ ਦੇ ਮੂਲ ਅਰਥਾਂ ਦਾ ਸੰਬੰਧ ਹੈ ਜੀਵ ਦੀ ਗਰਭ ਅਵਸਥਾ ਤੇ ਇਹੀ ਹੈ ਇਸਦਾ ਪੇਕਾ ਘਰ, ਉਪ੍ਰੰਤ ਸੰਸਾਰ `ਚ ਰਹਿਕੇ ਪ੍ਰਭੂ ਤੋਂ ਟੁੱਟਾ, ਕੁਰਾਹੇ ਪਿਆ ਜੀਵਨ। ਅੰਤ ਕੁਰਾਹੇ ਪਏ ਜੀਵਨ ਲਈ “ਮੈ ਰਾਮ ਰਮਤ ਸੁਖੁ ਪਾਇਆ” ਭਾਵ ਸਫ਼ਲ ਅਵਸਥਾ ਦੀ ਪ੍ਰਾਪਤੀ ਦਾ ਢੰਗ। ਇਸ ਲਈ, ਸ਼ਬਦ ਦੇ ਮੂਲ ਅਰਥਾਂ ਨੂੰ ਸਮਝਣ ਲਈ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਗੁਰਬਾਣੀ `ਚ (੧) ਜੀਵ ਦੀ ਗਰਭ ਅਵਸਥਾ ਬਾਰੇ ਕੀ ਫ਼ੈਸਲਾ ਹੈ? (੨) ਜੀਵ ਦੇ ਪ੍ਰਭੂ ਮਿਲਾਪ ਦਾ ਆਧਾਰ ਕੀ ਹੈ? (੩) ਗੁਰਬਾਣੀ `ਚ ਮਨੁੱਖ ਨੂੰ ਜਦੋਂ ਜੀਵ ਇਸਤ੍ਰੀ ਕਿਹਾ ਹੈ ਤਾਂ ਕਿਸ ਸੰਦਰਭ `ਚ? (੪) ਪ੍ਰਭੂ ਨੂੰ ਪਤੀ ਦੇ ਦਰਜੇ ਨਾਲ ਉਜਾਗਰ ਕਰਣ ਲਈ, ਗੁਰਬਾਣੀ `ਚ ਕਿਹੜੀ-ਕਿਹੜੀ ਸ਼ਬਦਾਵਲੀ ਆਈ ਹੈ?

“ਗਰਭ ਅਗਨਿ ਮਹਿ ਆਪਨ ਸਿਮਰਨੁ ਦੇ” - ਵਿਚਾਰ ਅਧੀਨ “ਸਾਸੁ ਕੀ ਦੁਖੀ, ਸਸੁਰ ਕੀ ਪਿਆਰੀ” ਵਾਲੇ ਸ਼ਬਦ `ਚ “ਬਡੇ ਭਾਈ ਕੈ ਜਬ ਸੰਗਿ ਹੋਤੀ, ਤਬ ਹਉ ਨਾਹ ਪਿਆਰੀ” ਵਾਲੀ ਪੰਕਤੀ ਵਿਸ਼ੇਸ਼ ਧਿਆਨ ਮੰਗਦੀ ਹੈ। ਇਸਦੇ ਅਰਥ ਹਨ, ‘ਜਦੋਂ ਮੈਂ ਮਾਤਾ ਦੇ ਗਰਭ `ਚ ਸੀ ਤਾਂ ਉਸ ਵੇਲੇ ਮੇਰਾ ਵੱਡਾ ਭਰਾ (ਪ੍ਰਭੂ ਗਿਆਨ) ਵੀ ਮੇਰੇ ਨਾਲ ਸੀ। ਭਾਵ ਉਸ ਵੇਲੇ ਮੇਰੀ ਸਾਂਝ ਪ੍ਰਭੂ ਗਿਆਨ (ਸਿਮਰਨ) ਨਾਲ ਬਣੀ ਹੋਈ ਸੀ ਤੇ ਉਹੀ ਮੇਰਾ ਸਹਾਇਕ ਸੀ। ਇਸੇ ਕਾਰਨ, ਉਦੋਂ ਮੈਂ ਆਪਣੇ ਪ੍ਰਭੂ ਪਤੀ ਨੂੰ ਪਿਆਰੀ ਲੱਗਦੀ ਸਾਂ ਭਾਵ ਇਸੇ ਲਈ ਉਦੋਂ ਮੈਨੂੰ ‘ਗਰਭ ਅਗਣ’ ਵਾਲਾ ਸੇਕ ਵੀ ਨਹੀਂ ਸੀ ਪੋਹ ਸਕਦਾ’। ਇਸ ਰੱਬੀ ਸੱਚਾਈ ਦੀ ਗਵਾਹੀ ਗੁਰਬਾਣੀ `ਚ ਕਈ ਥਾਵੇਂ ਆਈ ਹੈ ਜਿਵੇਂ “ਗਰਭ ਅਗਨਿ ਮਹਿ ਜਿਨਹਿ ਉਬਾਰਿਆ॥ ਰਕਤ ਕਿਰਮ ਮਹਿ ਨਹੀ ਸੰਘਾਰਿਆ॥ ਅਪਨਾ ਸਿਮਰਨੁ ਦੇ ਪ੍ਰਤਿਪਾਲਿਆ, ਓਹੁ ਸਗਲ ਘਟਾ ਕਾ ਮਾਲਕਾ” (ਪੰ: ੧੦੮੪) ਜਾਂ “ਮਾਤ ਗਰਭ ਮਹਿ ਆਪਨ ਸਿਮਰਨੁ ਦੇ, ਤਹ ਤੁਮ ਰਾਖਨਹਾਰੇ” (ਪੰ: ੬੧੩)। ਇਸਦੇ ਬਾਵਜੂਦ, ਅੱਜ ਸਾਡੇ ਵਿਚਕਾਰ ਹੀ ਕੁੱਝ ਅਜਿਹੇ ਵਿਦਵਾਨ ਵੀ ਉਭਰ ਰਹੇ ਹਨ ਜੋ ਇਸ ਗੱਲ ਤੇ ਕਿਉਂ-ਕਿੰਤੂ ਕਰਦੇ ਹਨ ਕਿ ਗਰਭ ਸਮੇਂ ਜੀਵ ਸਿਮਰਨ ਕਿਵੇਂ ਕਰ ਸਕਦਾ ਹੈ ਜਾਂ ਗਰਭ ਸਮੇਂ ਜੀਵ ਨੂੰ ਕਹਿੜੀ ਸੁਰਤ ਹੁੰਦੀ ਹੈ ਜੋ ਪ੍ਰਭੂ ਚਰਨਾਂ ਨਾਲ ਜੁੜਿਆ ਰਹੇ ਤੇ ਸਿਮਰਨ ਕਰੇ? ਦਰਅਸਲ ਗੁਰਬਾਣੀ ਆਧਾਰ `ਤੇ ਉਨ੍ਹਾਂ ਦੀ ਇਹ ਕਿਉਂ, ਕਿੰਤੂ; ਯੋਗ ਨਹੀਂ।

“ਬਿੰਦੁ ਤੇ ਜਿਨਿ ਪਿੰਡੁ ਕੀਆ” -ਅਜਿਹੇ ਸਤਿਕਾਰਯੋਗ ਸੱਜਨਾਂ ਨੂੰ ਸਮਝਣ ਦੀ ਲੋੜ ਹੈ ਕਿ ਸਿਮਰਨ ਦਾ ਸੰਬੰਧ ਸਾਡੇ ਉਸ ‘ਜੀਉ’ ‘ਜੀਅ’ ਤੇ ‘ਹੰਸੁ’ ਨਾਲ ਜਿਸ ਬਾਰੇ ਫ਼ੁਰਮਾਨ ਹਨ “ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ” (ਪੰ: ੯੨੨) “ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ” (ਪੰ: ੪੮੮) “ਉਡਿਆ ਹੰਸੁ ਦਸਾਏ ਰਾਹ” (ਪੰ: ੧੩੭) “ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ” (ਪੰ: ੭੯੪) ਆਦਿ। ਇਹ ‘ਜੀਉ’ ਹੀ ਤਾਂ ਸਾਡਾ ਜੀਵਨ ਹੈ ਜਿਸ ਤੋਂ ਬਿਨਾ ਸਾਡੇ ਸਰੀਰ ਦੀ ਬਣਤਰ ਹੀ ਅੱਗੇ ਨਹੀਂ ਟੁਰ ਸਕਦੀ। ਵਰਨਾ “ਰਕਤੁ ਬਿੰਦੁ ਕਾ ਇਹੁ ਤਨੋ” (ਪੰ: ੧੬੩) ਅਤੇ “ਬਿੰਦੁ ਤੇ ਜਿਨਿ ਪਿੰਡੁ ਕੀਆ, ਅਗਨਿ ਕੁੰਡ ਰਹਾਇਆ” (ਪੰ: ੪੮੧) ਵਾਲੀ ਇਹ ਪ੍ਰਭੂ ਦੀ ਹੀ ਖੇਡ ਹੈ ਜਿਸ ਲਈ ਗੁਰਦੇਵ ਇਥੋਂ ਤੀਕ ਫ਼ੁਰਮਾਉਂਦੇ ਹਨ “ਰਮਈਆ ਕੇ ਗੁਨ ਚੇਤਿ ਪਰਾਨੀ॥ ਕਵਨ ਮੂਲ ਤੇ ਕਵਨ ਦ੍ਰਿਸਟਾਨੀ॥ ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ॥ ਗਰਭ ਅਗਨਿ ਮਹਿ ਜਿਨਹਿ ਉਬਾਰਿਆ” (ਪੰ: ੨੬੬)। ਇਸ ਤਰ੍ਹਾਂ ਉਸ ‘ਜੀਉ’ ਤੋਂ ਬਿਨਾ ਤਾਂ ਇਸ ਤਨ ਦਾ ਵਜੂਦ ਹੀ ਬਾਕੀ ਨਹੀਂ ਰਹਿ ਜਾਂਦਾ। ਇਹ ਉਹੀ ‘ਜੀਉ’ ਹੈ ਜਿਸਦਾ ਵਜੂਦ ਸਾਡੇ ਸਰੀਰ `ਚ ਮਾਤਾ ਦੇ ਗਰਭ ਤੋਂ ਸ਼ੁਰੂ ਹੋ ਕੇ ਸਾਡੀ ਸਰੀਰਕ ਮੌਤ ਤੀਕ ਕਾਇਮ ਤੇ ਇਕੋ ਜਿਹਾ ਰਹਿੰਦਾ ਹੈ, ਫ਼ਰਕ ਪੈਂਦਾ ਹੈ ਤਾਂ ਸਾਡੀ ਆਤਮਕ ਅਵਸਥਾ ਤੇ ਸੰਸਾਰਕ ਉਮਰ `ਚ।

ਇਸੇ ‘ਹੰਸ’, ‘ਜੀਅ’, ਜੀਉ ਕਾਰਨ ਹੀ ਸਾਡੇ ਸਰੀਰ `ਚ ਜ਼ਿੰਦਗੀ ਦੀ ਰੋਹ ਚਲਦੀ ਹੈ ਵਰਨਾ “ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥ ਮਾਟੀ ਮਾਟੀ ਹੋਈ ਏਕ” (ਪੰ: ੮੮੫) ਅਥਵਾ “ਅਹਿ ਤਨੁ ਢੇਰੀ ਥੀਸੀ” ਵਾਲੀ ਗੱਲ ਹੀ ਬਾਕੀ ਰਹਿ ਜਾਂਦੀ ਹੈ। ਇਸ ਲਈ ਇਹ ਵਿਸ਼ਾ ਵਿਸ਼ੇਸ਼ ਧਿਆਨ ਮੰਗਦਾ ਹੈ ਕਿ ਜਦੋਂ ਇਹੀ ‘ਜੀਉ’ ਆਤਮਕ ਤੌਰ `ਤੇ ਪ੍ਰਭੂ ਨਾਲ ਜੁੜਿਆ ਹੁੰਦਾ ਹੈ ਤਾਂ ਉਥੇ ਸਰੀਰ ਭਾਵੇਂ ਮਾਤ ਗਰਭ `ਚ ਇੱਕ ਮਾਸ ਦਾ ਲੋਥੜਾ ਭਾਵ ਆਪਣੇ ਆਰੰਭ ਕਾਲ `ਚ ਹੋਵੇ, ਛੋਟਾ-ਵੱਡਾ ਜਾਂ ਕਿਸੇ ਵੀ ਸੰਸਾਰਕ ਉਮਰ ਦਾ ਹੋਵੇ, ਇਸ `ਚ ਫ਼ਰਕ ਨਹੀਂ ਪੈਂਦਾ। ਇਤਿਹਾਸ ਗੁਆਹ ਹੈ ਕਿ ਇਹੀ ਜੀਵ ਜਦੋਂ ਪ੍ਰਭੂ ਨਾਲ ਜੁੜੀ ਹੋਈ ਆਪਣੀ ਉਚੀ ਆਤਮਕ ਅਵਸਥਾ `ਚ ਹੋਵੇ ਤਾਂ ‘ਆਰੇ ਦੇ ਦੰਦੇ’, ‘ਉਬਲਦੀਆਂ ਦੇਗ਼ਾਂ’, ਚਰਖੜੀਆਂ, ਬੰਦ-ਬੰਦ ਦਾ ਕਟਿਆ ਜਾਣਾ ਬਲਕਿ ਮਾਸੂਮ ਉਮਰ `ਚ ਵੀ ਉਨ੍ਹਾਂ ਸਾਹਮਣੇ ਉਨ੍ਹਾਂ ਨੂੰ ਚਿਨੰਣ ਲਈ ਦੀਵਾਰਾਂ ਉਸਾਰੀਆਂ ਜਾ ਰਹੀਆਂ ਹੋਣ ਤਾਂ ਵੀ, ਇਸ ਮਨ ਨੂੰ ਡੁਲਾਅ ਨਹੀਂ ਸਕਦੀਆਂ ਤੇ ਇਸੇ ਤਰ੍ਹਾਂ ਹੋਰ ਬੇਅੰਤ ਤਸੀਹੇ ਭਰਪੂਰ ਸ਼ਹੀਦੀਆਂ। ਕਾਰਨ ਹੁੰਦਾ ਹੈ ‘ਜੀਉ’ ਦੀ ਪ੍ਰਭੂ ਨਾਲ ਇਕ-ਮਿਕ ਹੋਈ ਆਤਮਕ ਅਵਸਥਾ। ਠੀਕ ਇਸੇ ਤਰ੍ਹਾਂ, ਜਦੋਂ ਇਸੇ ‘ਜੀਉ’ ਦੇ ਸਰੀਰ ਦਾ ਆਰੰਭ ਮਾਤਾ ਦੇ ਗਰਭ `ਚ ਹੁੰਦਾ ਹੈ ਤਾਂ ਉਸ ਸਮੇਂ ਵੀ ਪ੍ਰਭੂ ਦੇ ਨਿਯਮ ਤੇ ਉਸ ਪ੍ਰਭੂ ਰਾਹੀਂ ਆਪ ਬਹੁੜੀ ਕਰਣ ਕਰਕੇ, ਸਾਡੀ ਸੁਰਤ, ਕਰਤੇ ਨਾਲ ਜੁੜੀ ਹੁੰਦੀ ਹੈ।

“ਨਰਕ ਉਦਰਿ ਭ੍ਰਮੰਤ ਜਲਤੋ, ਜਮਹਿ ਕੀਨੀ ਸਾਰ” -ਜਿਸ ਸਮੇਂ ਸਾਡੇ ਇਸ ਹੱਡ-ਮਾਸ ਵਾਲੇ ਸਰੀਰ ਦੀ ਬਨਾਵਟ, ਮਾਤਾ ਦੇ ਤਰਲ ਰੱਜ ਤੋਂ ਤਿਆਰ ਹੋ ਰਹੀ ਹੁੰਦੀ ਹੈ ਤਾਂ ਉਸ ਅਗਨੀ ਦਾ ਸੇਕ ਵੀ ਸਾਨੂੰ ਨਹੀਂ ਪੋਹ ਸਕਦਾ। ਅਜੋਕੀਆਂ ਡਾਕਟਰੀ ਕਾਢਾਂ ਅਨੁਸਾਰ ਵੀ ਉਸ ਸਮੇਂ ਉਸ ਤਰਲ ਦਾ ਦਰਜਾ ਹਰਾਰਤ ਇਤਨਾ ਵੱਧ (higher degree Centigrade) ਹੁੰਦਾ ਹੈ, ਜੇ ਕਰ ਉਸ `ਚ ਨੰਗੀ ਉਂਗਲੀ ਵੀ ਪਾ ਦਿੱਤੀ ਜਾਵੇ ਤਾਂ ਉਹ ਵੀ ਸੜ ਜਾਵੇ। ਕਰਤੇ ਦਾ ਕਮਾਲ, ਇੱਕ ਪਾਸੇ ਮਾਤਾ ਨੂੰ ਉਸ ਸੇਕ ਤੋਂ ਬਚਾਉਣ ਲਈ ਪ੍ਰਭੂ ਨੇ ਥੈਲੀ ਬਖ਼ਸ਼ੀ ਹੁੰਦੀ ਹੈ। ਦੂਜੇ ਪਾਸੇ ਨਰਕ ਉਦਰਿ ਭ੍ਰਮੰਤ ਜਲਤੋ, ਜਮਹਿ ਕੀਨੀ ਸਾਰ” (ਪੰ: ੧੨੨੯) ਭਾਵ ਉਸ ਗਰਭ ਵਾਲੇ ਨਰਕ ਕੁੰਡ `ਚ ਵੀ, ਪ੍ਰਭੂ ਹੀ ਸਾਡੀ ਸਾਰ ਲੈ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਬਿੰਦੁ ਤੇ ਜਿਨਿ ਪਿੰਡੁ ਕੀਆ, ਅਗਨਿ ਕੁੰਡ ਰਹਾਇਆ” (ਪੰ: ੪੮੧) ਜਾਂ ਜੈਸੀ ਅਗਨਿ ਉਦਰ ਮਹਿ” (ਪੰ: ੯੨੧) ਅਨੁਸਾਰ “ਮਾਤ ਗਰਭ ਦੁਖ ਸਾਗਰੋ ਪਿਆਰੇ, ਤਹ ਅਪਣਾ ਨਾਮੁ ਜਪਾਇਆ” (ਪੰ: ੬੪੦) ਉਸ ਅਗਨ ਕੁੰਡ `ਚ ਵੀ ਪ੍ਰਭੂ ਨੇ ਆਪ ਹੀ “ਅਪਣਾ ਨਾਮੁ ਜਪਾਇਆ” ਵਾਲੀ ਖੇਡ ਵਰਤੀ ਹੁੰਦੀ ਹੈ। ਉਸ ਸਮੇਂ ਮਾਤ ਗਰਭ ਮਹਿ ਤੁਮ ਹੀ ਪਾਲਾ” (ਪੰ: ੧੩੨) ਤੇ ਪ੍ਰਤਿਪਾਲਿ ਮਾਤਾ ਉਦਰਿ ਰਾਖੈ ਲਗਨਿ ਦੇਤ ਨ ਸੇਕ” (ਪੰ: ੧੦੦੭) ਪ੍ਰਭੂ ਆਪ ਜਿਵੇਂ ਮਾਤਾ ਦੀ ਰਖਿਆ ਲਈ ਥੈਲੀ ਬਖ਼ਸ਼ਦਾ ਹੈ ਉਸੇ ਤਰ੍ਹਾਂ ਉਸ ਨਰਕ ਕੁੰਡ `ਚ ਜੀਵ ਦੀ ਆਤਮਕ ਅਵਸਥਾ ਨੂੰ ਬਲਵਾਨ ਕਰਕੇ, ਉਸਦੀ ਰਖਿਆ ਵੀ ਆਪ ਹੀ ਕਰ ਰਿਹਾ ਹੁੰਦਾ ਹੈ। ਫ਼ਰਕ ਹੁੰਦਾ ਹੈ ਤਾਂ ਇੰਨਾ, ਕਿ ਇਸ ਆਤਮਕ ਉੱਚਤਾ ਦੀ ਪ੍ਰਪਤੀ ਲਈ ਹੀ ਸਾਨੂੰ ਮਨੁੱਖਾ ਜਨਮ ਮਿਲਦਾ ਹੈ। ਉਪ੍ਰੰਤ ਇਸ ਆਤਮਕ ਉੱਚਤਾ ਦੀ ਪ੍ਰਾਪਤੀ ਲਈ ਸਾਧਸੰਗਤ ਤੇ ਗੁਰਬਾਣੀ ਆਗਿਆ `ਚ ਚਲਣ ਵਾਲੇ ਉੱਦਮ ਦੀ ਲੋੜ ਹੁੰਦੀ ਹੈ। ਨਹੀਂ ਤਾਂ ਇਹੀ ਮਨੁੱਖ ਮੋਹ-ਮਾਇਆ-ਵਿਕਾਰਾਂ `ਚ ਖੱਚਤ ਰਹਿ ਕੇ ਜਨਮ ਨੂੰ ਜ਼ਾਇਆ ਕਰਕੇ ਚਲਾ ਜਾਂਦਾ ਤੇ ਮੁੜ ਜਨਮਾਂ ਦੇ ਗੇੜ੍ਹ `ਚ ਪਾ ਦਿੱਤਾ ਜਾਂਦਾ ਹੈ। ਜਦਕਿ ਕੇਵਲ ਇਨਾਸਾਨ ਨੂੰ ਹੀ ਨਹੀਂ, ਹਰੇਕ ਜੀਵ ਨੂੰ ਮਾਤ ਗਰਭ ਸਮੇਂ “ਅਪਣਾ ਨਾਮੁ ਜਪਾਇਆ” ਵਾਲੀ ਬਹੁੜੀ ਪ੍ਰਭੂ ਆਪ ਕਰਦਾ ਹੈ। ਕਬੀਰ ਸਾਹਿਬ ਵੀ ਸੰਬੰਧਤ ਸ਼ਬਦ `ਚ ਬਡੇ ਭਾਈ ਕੈ ਜਬ ਸੰਗਿ ਹੋਤੀ, ਤਬ ਹਉ ਨਾਹ ਪਿਆਰੀ” ਵਾਲੀ ਗੱਲ ਕਹਿਕੇ ਇਸੇ ਵਿਸ਼ੇ ਨੂੰ ਪ੍ਰਗਟ ਕਰ ਰਹੇ ਹਨ। ਫ਼ੁਰਮਾਅ ਰਹੇ ਹਨ, ਉਥੇ ਗਰਭ (ਪੇਕਾ ਘਰ) ਦੌਰਾਨ, ਪ੍ਰਭੂ-ਸੋਝੀ ਵਾਲਾ ਗਿਆਨ ਹੀ ਜੀਵ ਲਈ ਵੱਡਾ ਭਰਾ ਤੇ ਸਹਾਇਕ ਹੁੰਦਾ ਹੈ। ਇਥੇ ਰੱਬੀ ਸੋਝੀ ਲਈ ਵੱਡੇ ਭਰਾ ਵਾਲਾ ਪ੍ਰਤੀਕ ਵਰਤਿਆ ਹੈ।

“ਬਾਪੁ ਸਾਵਕਾ ਕਰੈ ਲਰਾਈ” -ਇਸੇ ਤਰ੍ਹਾਂ ਜਦੋਂ ਕਬੀਰ ਜੀ ‘ਪ੍ਰਭੂ ਗਿਆਨ’ ਲਈ ਵੱਡੇ ਭਰਾ ਵਾਲਾ ਪ੍ਰਤੀਕ ਵਰਤ ਰਹੇ ਹਨ ਤਾਂ ਜੀਵ ਦੇ ਨਾਲ ਹੀ ਪੈਦਾ ਹੋਏ ਸਰੀਰ ਨੂੰ ‘ਬਾਪ ਸਾਵਕਾ’ ਕਹਿ ਰਹੇ ਹਨ। ਭਾਵ ਉਹ ਸਰੀਰ ਜੋ ਸੰਸਾਰ `ਚ ਆਉਣ ਸਮੇਂ ਨਾਲ ਹੀ ਆਇਆ। ਉਪ੍ਰੰਤ ਇਸ ਬਾਪ ਨੇ ਜਨਮ ਲੈਂਦੇ ਸਾਰ, ਜੀਵ ਨਾਲ ਲੜਣਾ ਸ਼ੁਰੂ ਕਰ ਦਿੱਤਾ। ਇਹ ਲੜਾਈ ਕੀ ਹੈ? ਜੀਵ ਦੀ ਲਿਵ ਜੋ ਗਰਭ ਸਮੇਂ ਪ੍ਰਭੂ ਨਾਲ ਜੁੜੀ ਹੋਈ ਸੀ, ਉਸ ਨੂੰ ਪ੍ਰਭੂ ਨਾਲੋ ਤੋੜ ਕੇ, ਸੰਸਾਰ ਦੀ ਮੋਹ-ਮਾਇਆ, ਆਸ਼ਾ-ਤ੍ਰਿਸ਼ਨਾ ਵਲ ਧੱਕਣਾ ਸ਼ੁਰੂ ਕਰ ਦਿੱਤਾ। ਗੁਰਬਾਣੀ `ਚ ਜੀਵ ਦੀ ਜਨਮ ਦੇ ਨਾਲ ਹੀ ਆਰੰਭ ਹੋ ਚੁੱਕੀ ਇਸੇ ਉਲਟੀ ਦੌੜ ਨੂੰ “ਬਾਹਰਿ ਕਾਢਿ ਬਿਖੁ ਪਸਰੀਆ ਪਿਆਰੇ ਮਾਇਆ ਮੋਹੁ ਵਧਾਇਆ” (ਪੰ: ੬੪੦), ਜਾਂ “ਲਿਵ ਛੁੜਕੀ ਲਗੀ ਤ੍ਰਿਸਨਾ, ਮਾਇਆ ਅਮਰੁ ਵਰਤਾਇਆ” (ਪੰ: ੯੨੧) ਜਾਂ “ਦਸ ਮਾਸ ਮਾਤਾ ਉਦਰਿ ਰਾਖਿਆ, ਬਹੁਰਿ ਲਾਗੀ ਮਾਇਆ” (ਪੰ: ੪੮੧) ਅਦਿਕ ਪ੍ਰਮਾਣਾ ਨਾਲ ਸਮਝਾਇਆ ਹੈ। ਇਸੇ ਨੂੰ ਇਥੇ “ਬਾਪੁ ਸਾਵਕਾ ਕਰੈ ਲਰਾਈ” ਕਿਹਾ ਹੈ।

“ਇਸੁ ਜਗ ਮਹਿ ਪੁਰਖੁ ਏਕੁ ਹੈ” -ਗੁਰਬਾਣੀ `ਚ ਜਿਉਂ ਜਿਉਂ ਦਰਸ਼ਨ ਕਰੋ, ਸਪਸ਼ਟ ਹੁੰਦੇ ਦੇਰ ਨਹੀਂ ਲਗਦੀ ਕਿ ਸੰਪੂਰਣ ਗੁਰਬਾਣੀ `ਚ ਬਹੁਤਾ ਕਰਕੇ ਪ੍ਰਭੂ ਮਿਲਾਪ ਲਈ ਇਸਤ੍ਰੀ-ਪੁਰਖ ਦੇ ਮਿਲਾਪ ਦੀਆਂ ਹੀ ਮਿਸਾਲਾਂ ਵਰਤੀਆਂ ਹਨ। “ਇਸੁ ਜਗ ਮਹਿ ਪੁਰਖੁ ਏਕੁ ਹੈ, ਹੋਰ ਸਗਲੀ ਨਾਰਿ ਸਬਾਈ” (ਪੰ: ੫੯੧) ਅਨੁਸਾਰ ਪ੍ਰਭੂ ਨੂੰ ਇਕੋ ਇੱਕ ‘ਪਤੀ’ ਤੇ ਮਨੁੱਖ ਨੂੰ ਜੀਵ ਇਸਤ੍ਰੀ ਕਿਹਾ ਹੈ। ਇਸ ਤਰ੍ਹਾਂ ਸੰਪੂਰਣ ਗੁਰਬਾਣੀ `ਚ ਸਰੀਰ ਕਰਕੇ ਭਾਵੇਂ ਕੋਈ ਇਸਤ੍ਰੀ ਹੈ ਜਾਂ ਮਰਦ, ਪ੍ਰਭੂ ਦੀ ਮਹਾਨ ਹਸਤੀ ਸਾਹਮਣੇ, ਅਸੀਂ ਸਾਰੀਆਂ ਹੀ ਜੀਵ ਇਸਤ੍ਰੀਆਂ ਹਾਂ। ਇਸ ਤਰ੍ਹਾਂ ਇਸ ਜੀਵ ਇਸਤ੍ਰੀ ਦੇ ਇਕੋ ਇੱਕ ਪਤੀ ਪ੍ਰਮੇਸ਼ਵਰ ਲਈ ਬੇਅੰਤ ਵਾਰੀ “ਸਹ, ਸੁਹ, ਕੰਤ, ਨਾਹ, ਖਸਮ, ਪਿਰੁ, ਭਤਾਰੁ” ਆਦਿ ਸ਼ਬਦਾਵਲੀ ਆਈ ਹੈ। ਮਿਸਾਲ ਵਜੋਂ “ਸਹੁ ਮੇਰਾ ਏਕੁ ਦੂਜਾ ਨਹੀ ਕੋਈ॥ ਨਦਰਿ ਕਰੇ ਮੇਲਾਵਾ ਹੋਈ” (ਪੰ: ੩੫੭) ਜਾਂ “ਬਿਨੁ ਪਿਰ ਧਨ ਸੀਗਾਰੀਐ, ਜੋਬਨੁ ਬਾਦਿ ਖੁਆਰੁ॥ ਨਾ ਮਾਣੇ ਸੁਖਿ ਸੇਜੜੀ, ਬਿਨੁ ਪਿਰ ਬਾਦਿ ਸੀਗਾਰੁ॥ ਦੂਖੁ ਘਣੋ ਦੋਹਾਗਣੀ, ਨਾ ਘਰਿ ਸੇਜ ਭਤਾਰੁ” (ਪੰ: ੫੮) ਪੁਨਾ “ਜੇ ਧਨ ਖਸਮੈ ਚਲੈ ਰਜਾਈ॥ ਦਰਿ ਘਰਿ ਸੋਭਾ ਮਹਲਿ ਬੁਲਾਈ” (ਪੰ: ੮੫) ਅਤੇ ਇਸੇ ਤਰ੍ਹਾਂ ਗੁਰਬਾਣੀ `ਚ ਬੇਅੰਤ ਪ੍ਰਮਾਣ।

ਇਤਨਾ ਹੀ ਨਹੀਂ, ਉਸ ਪ੍ਰਭੂ ਪਤੀ ਦੇ ਮਿਲਾਪ ਲਈ, ਜੀਵ ਇਸਤ੍ਰੀ ਲਈ ਮਿਸਾਲਾਂ ਵੀ ਸੰਸਾਰ ਤੱਲ ਦੀਆਂ ਹੀ ਵਰਤੀਆਂ ਹਨ ਜਿਵੇਂ ਧਨ ਸੋਹਾਗਣਿ ਨਾਰਿ, ਜਿਨਿ ਪਿਰੁ ਜਾਣਿਆ ਜੀਉ॥ ਨਾਮ ਬਿਨਾ ਕੂੜਿਆਰਿ, ਕੂੜੁ ਕਮਾਣਿਆ ਜੀਉ॥ ਹਰਿ ਭਗਤਿ ਸੁਹਾਵੀ ਸਾਚੇ ਭਾਵੀ, ਭਾਇ ਭਗਤਿ ਪ੍ਰਭ ਰਾਤੀ॥ ਪਿਰੁ ਰਲੀਆਲਾ, ਜੋਬਨਿ ਬਾਲਾ ਤਿਸੁ ਰਾਵੇ ਰੰਗਿ ਰਾਤੀ॥ ਗੁਰ ਸਬਦਿ ਵਿਗਾਸੀ ਸਹੁ ਰਾਵਾਸੀ, ਫਲੁ ਪਾਇਆ ਗੁਣਕਾਰੀ॥ ਨਾਨਕ ਸਾਚੁ ਮਿਲੈ ਵਡਿਆਈ, ਪਿਰ ਘਰਿ ਸੋਹੈ ਨਾਰੀ” (ਪੰ: ੬੮੯)। ਤਾਂ ਤੇ ਸਾ ਧਨ ਰੰਡ ਨ ਬੈਸਈ ਜੇ ਸਤਿਗੁਰ ਮਾਹਿ ਸਮਾਇ॥ ਪਿਰੁ ਰੀਸਾਲੂ ਨਉਤਨੋ ਸਾਚਉ ਮਰੈ ਨ ਜਾਇ” (ਪੰ: ੫੪) ਇਸੇ ਤਰ੍ਹਾਂ ਕਬੀਰ ਸਾਹਿਬ ਦੇ ਸੰਬੰਧਤ ਸ਼ਬਦ `ਚ ਵੀ “ਮੇਰੀ ਮਤਿ ਬਉਰੀ, ਮੈ ਰਾਮੁ ਬਿਸਾਰਿਓ, ਕਿਨ ਬਿਧਿ ਰਹਨਿ ਰਹਉ ਰੇ” ਜਾਂ ਸੇਜੈ ਰਮਤੁ ਨੈਨ ਨਹੀ ਪੇਖਉ, ਇਹੁ ਦੁਖੁ ਕਾ ਸਉ ਕਹਉ ਰੇ” ਅਤੇ “ਬਡੇ ਭਾਈ ਕੈ ਜਬ ਸੰਗਿ ਹੋਤੀ, ਤਬ ਹਉ ਨਾਹ ਪਿਆਰੀ” ਵਾਲੀ ਸ਼ਬਦਾਵਲੀ ਇਸੇ ਸੰਦਰਭ `ਚ ਆਈ ਹੈ।

“ਏਕਾ ਸੇਜ ਵਿਛੀ ਧਨ ਕੰਤਾ” - ਗੁਰਬਾਣੀ `ਚ ਪਤੀ ਪ੍ਰਮੇਸ਼ਵਰ ਨੂੰ ਪਾਉਣ ਅਥਵਾ ਉਸ ਦੇ ਮਿਲਾਪ ਲਈ ‘ਏਕਾ ਸੇਜ’ ਦਾ ਵਿਸ਼ਾ ਭਰਵਾਂ ਧਿਆਨ ਮੰਗਦਾ ਹੈ ਜਿਵੇਂ “ਬਿਨੁ ਪਿਰ, ਧਨ ਸੀਗਾਰੀਐ, ਜੋਬਨੁ ਬਾਦਿ ਖੁਆਰੁ॥ ਨਾ ਮਾਣੇ ਸੁਖਿ ਸੇਜੜੀ, ਬਿਨੁ ਪਿਰ ਬਾਦਿ ਸੀਗਾਰੁ” (ਪੰ: ੫੪)। ਧਿਆਣ ਦੇਣ ਦੀ ਗੱਲ ਹੈ ਕਿ ਇਥੇ ਸੇਜ ਵਾਲੀ ਸ਼ਬਦਾਵਲੀ ਵੀ ਸੰਸਾਰਕ ਹੀ ਹੈ ਪਰ ਇਸਦੇ ਅਰਥ ਸੰਸਾਰਕ ਨਹੀਂ ਹਨ। ਇਥੇ ਸੇਜ ਦੇ ਅਰਥ ਹਨ ਜੀਵ ਇਸਤ੍ਰੀ ਦਾ ‘ਹਿਰਦਾ ਘਰ’ ਅਥਵਾ ਸਰੀਰ ਜਿਸ `ਚ ਪ੍ਰਭੂ ਵੀ ਵੱਸ ਰਿਹਾ ਹੈ ਤੇ ਮੋਹ ਮਾਇਆ `ਚ ਖੱਚਤ ਇਹ ‘ਜੀਵ’ ਵੀ। ਇਸ ਤਰ੍ਹਾਂ ਇਹ ਮਾਇਆ ਹੀ ਰੁਕਾਵਟ ਹੈ ਅੰਦਰ ਵਸ ਰਹੇ ‘ਜੀਉ’ ਤੇ ਪ੍ਰਭੂ ਪਤੀ ਦੇ ਆਪਸੀ ਮਿਲਾਪ ਦਾ ਨਾ ਹੋਣਾ। ਸ਼ਕ ਨਹੀਂ, ਪ੍ਰਭੂ ਪਤੀ ਤਾਂ ਸਾਡੇ ਅੰਦਰ, ਸਾਡੇ ਪ੍ਰਾਣਾ ਦਾ ਆਧਾਰ ਹੈ ਫ਼ਿਰ ਵੀ ਸਾਡੀ ਬਾਹਰ ਦੀ ਮੋਹ-ਮਾਇਆ ਤੇ ਵਿਕਾਰਾਂ ਵਾਲੇ ਪਾਸੇ ਦੀ ਦੌੜ, ਸਾਡਾ ਪ੍ਰਭੂ ਨਾਲ ਮਿਲਾਪ ਨਹੀਂ ਹੋਣ ਦੇਂਦੀ, ਬਲਕਿ ਸਾਨੂੰ ਪ੍ਰਭੂ ਬਾਰੇ ਸੋਝੀ ਤੀਕ ਨਹੀਂ ਹੋਣ ਦੇਂਦੀ। ਇਸੇ ਤਰ੍ਹਾਂ, ਜਿਵੇਂ ਸੰਸਾਰ ਤੱਲ `ਤੇ ਸੁਹਾਗਣ ਲਈ ਸ਼ਿੰਗਾਰ ਦੀ ਗੱਲ ਮੰਨੀ ਗਈ ਹੈ, ਇਥੇ ਪਤੀ ਪ੍ਰਮੇਸ਼ਵਰ ਨੂੰ ਪਾਉਣ ਲਈ ਵੀ ਸ਼ਿੰਗਾਰ ਦੀ ਲੋੜ ਹੈ। ਇਹ ਗੱਲ ਵਖਰੀ ਹੈ ਕਿ ਇਥੇ ਸ਼ਿੰਗਾਰ ਵੀ ਸੰਸਾਰ ਤੱਲ ਦੇ ਨਹੀਂ ਹਨ। ਇਥੇ ਸ਼ਿੰਗਾਰ ਹਨ, ਹਊਮੈ ਆਦਿ ਅਵਗੁਣਾ ਦਾ ਤਿਆਗ ਤੇ ਜੀਵਨ ਨੂੰ ਇਲਾਹੀ ਗੁਣਾਂ ਨਾਲ ਰੰਙਣਾ। ਇਸ ਦੇ ਉਲਟ, ਜੇਕਰ ਇਕੋ ਇੱਕ ਪ੍ਰਭੂ ਪ੍ਰਮਾਤਮਾ ਨੂੰ ਵਿਸਾਰ ਕੇ ਅਨੇਕਾਂ ਇਸ਼ਟ ਤੇ ਉਨ੍ਹਾਂ ਦੇ ਆਧਾਰ `ਤੇ ਬੇਅੰਤ ਧਾਰਮਿਕ ਕਰਮਕਾਂਡ (ਸ਼ਿੰਗਾਰ) ਵੀ ਕਰ ਲਏ ਜਾਣ। ਇਸੇ ਤਰ੍ਹਾਂ ਜੇਕਰ ‘ਇਕੋ ਇੱਕ ਪ੍ਰਭੂ-ਪ੍ਰਮੇਸ਼ਵਰ ਦੇ ਨਾਮ ਤੇ ਹੀ, ਸੰਸਾਰਿਕ ਮੋਹ-ਮਾਇਆ-ਵਿਕਾਰਾਂ-ਮੰਗਾਂ `ਚ ਖਚਤ ਰਹਿ ਕੇ ਬੇਅੰਤ ਧਾਰਮਿਕ ਉਪਰਾਲੇ-ਆਡੰਬਰ ਕਰ ਲਏ ਜਾਣ, ਤਾਂ ਵੀ “ਸਭੇ ਕੰਤ ਮਹੇਲੀਆ, ਸਗਲੀਆ ਕਰਹਿ ਸੀਗਾਰੁ॥ ਗਣਤ ਗਣਾਵਣਿ ਆਈਆ, ਸੂਹਾ ਵੇਸੁ ਵਿਕਾਰੁ॥ ਪਾਖੰਡਿ ਪ੍ਰੇਮੁ ਨ ਪਾਈਐ, ਖੋਟਾ ਪਾਜੁ ਖੁਆਰੁ” (ਪੰ: ੫੪) ਉਹ ਜੀਵ ਇਸਤ੍ਰੀਆਂ ਵੀ ਪ੍ਰਭੂ ਮਿਲਾਪ ਵਾਲਾ ਸੁੱਖ ਨਹੀਂ ਮਾਣ ਸਕਦੀਆਂ ਜਿਵੇਂ “ਹਉਮੈ ਖੋਇ ਕਰੇ ਸੀਗਾਰੁ॥ ਤਉ ਕਾਮਣਿ ਸੇਜੈ ਰਵੈ ਭਤਾਰੁ॥   ॥ ਤਉ ਨਾਨਕ ਕੰਤੈ ਮਨਿ ਭਾਵੈ॥ ਛੋਡਿ ਵਡਾਈ, ਅਪਣੇ ਖਸਮ ਸਮਾਵੈ” (ਪੰ: ੩੫੭)। ਕਿਉਂਕਿ ਪ੍ਰਭੂ ਮਿਲਾਪ ਤਾਂ ਆਪਹੁਦਰਾਪਣ, ਹੂੜਮੱਤਾਂ, ਦੁਰਮੱਤਾਂ, ਮਨਮੱਤਾਂ, ਅਨਮੱਤਾਂ ਦੇ ਤਿਆਗ ਤੋਂ ਬਿਨਾ ਸੰਭਵ ਹੀ ਨਹੀਂ। ਇਹ ਕੇਵਲ ਪ੍ਰਭੂ ਦਂੀ ਰਜ਼ਾ `ਚ ਚਲ ਕੇ ਹੀ ਉਸ ਦੀ ਖੁਸ਼ੀ ਅਥਵਾ ਬਖ਼ਸ਼ਿਸ਼ ਨੂੰ ਹਾਸਿਲ ਕੀਤਾ ਜਾ ਸਕਦਾ ਹੈ।

ਫ਼ੁਰਮਾਣ ਹਨ “ਧਨ ਪਿਰਹਿ ਮੇਲਾ ਹੋਇ ਸੁਆਮੀ, ਆਪਿ ਪ੍ਰਭੁ ਕਿਰਪਾ ਕਰੇ॥ ਸੇਜਾ ਸੁਹਾਵੀ ਸੰਗਿ ਪਿਰ ਕੈ, ਸਾਤ ਸਰ ਅੰਮ੍ਰਿਤ ਭਰੇ (ਪੰ: ੪੩੫) ਇਸੇ ਤਰ੍ਹਾਂ “ਧਨ ਪਿਰ ਏਕੈ ਸੰਗਿ ਬਸੇਰਾ॥ ਸੇਜ ਏਕ ਪੈ ਮਿਲਨੁ ਦੁਹੇਰਾ॥   ॥ ਧੰਨਿ ਸੁਹਾਗਨਿ ਜੋ ਪੀਅ ਭਾਵੈ॥ ਕਹਿ ਕਬੀਰ ਫਿਰਿ ਜਨਮਿ ਨ ਆਵੈ (ਪੰ: ੪੮੩) ਅਥਵਾ “ਏਕਾ ਸੇਜ ਵਿਛੀ ਧਨ ਕੰਤਾ॥ ਧਨ ਸੂਤੀ ਪਿਰੁ ਸਦ ਜਾਗੰਤਾ॥ ਪੀਓ ਮਦਰੋ ਧਨ ਮਤਵੰਤਾ॥ ਧਨ ਜਾਗੈ ਜੇ ਪਿਰੁ ਬੋਲੰਤਾ” (ਪੰ: ੭੩੭) ਇਸੇ ਤਰ੍ਹਾਂ ਹੱਥਲੇ ਸ਼ਬਦ `ਚ ਵੀ “ਸੇਜੈ ਰਮਤੁ ਨੈਨ ਨਹੀ ਪੇਖਉ” ਉਸੇ ਵਿਛੋੜੇ ਵਾਲੀ ਅਵਸਥਾ ਦਾ ਹੀ ਜ਼ਿਕਰ ਹੈ ਤੇ ਕਾਰਨ ਹੈ “ਮੇਰੀ ਮਤਿ ਬਉਰੀ, ਮੈ ਰਾਮੁ ਬਿਸਾਰਿਓ, ਕਿਨ ਬਿਧਿ ਰਹਨਿ ਰਹਉ ਰੇ”। ਇਸੇ ਤਰ੍ਹਾਂ ਕਾਰਨ ਦੇ ਨਾਲ ਨਾਲ ਇਸਦਾ ਹੱਲ ਵੀ ਸਪਸ਼ਟ ਕੀਤਾ ਹੈ “ਝੂਠੀ ਮਾਇਆ ਸਭੁ ਜਗੁ ਬਾਧਿਆ, ਮੈ ਰਾਮ ਰਮਤ ਸੁਖੁ ਪਾਇਆ।

“ਸਖੀ ਸਹੇਲੀ, ਨਨਦ ਗਹੇਲੀ” -ਇਥੇ ਸੋਹਰਾ ਪ੍ਰਵਾਰ ਦੇ ਰਿਸ਼ਤਿਆਂ ਦੇ ਅਰਥ ਵੀ ਵਿਸ਼ੇਸ਼ ਹਨ ਜਿਵੇਂ: ਸਾਸੁ-ਮਾਇਆ, ਜਿਵੇਂ ਜਨਮ ਲੈਂਦੇ ਸਾਰ “ਲਿਵ ਛੁੜਕੀ ਲਗੀ ਤ੍ਰਿਸਨਾ, ਮਾਇਆ ਅਮਰੁ ਵਰਤਾਇਆ”। “ਸਾਸੁ ਕੀ ਦੁਖੀ” ਭਾਵ ਜੋ ਜਨਮ ਲੈਂਦੇ ਸਾਰ ਜੀਵ ਨੂੰ ਪ੍ਰਭੂ ਨਾਲੋਂ ਤੋੜ ਕੇ ਆਪਣੇ ਜਾਲ `ਚ ਫ਼ਸਾ ਲੈਂਦੀ ਹੈ, ਇਸੇ ਤੋਂ ਪ੍ਰਭੂ ਨਾਲ ਟੁੱਟਾ ਜੀਵ ਦੁਖੀ ਹੁੰਦਾ ਹੈ। ਸਸੁਰ-ਸਰੀਰ। ਸਸੁਰ ਕੀ ਪਿਆਰੀ-ਸਰੀਰ ਜੋ ਜਨਮ ਲੈਂਦੇ ਹੀ ਜੀਵ ਨੂੰ ਆਪਣੇ ਮੋਹ ਜਾਲ `ਚ ਫ਼ਸਾ ਲੈਂਦਾ ਤੇ ਪ੍ਰਭੂ ਨਾਲੋਂ ਦੂਰੀ ਦਾ ਕਾਰਨ ਬਣਦਾ ਹੈ। ਜੇਠ-ਇਸ ਸਰੀਰ ਦਾ ਅੰਤ, ਮੌਤ। ਜੇਠ ਕੇ ਨਾਮਿ ਡਰਉ ਰੇ- ਮੋਹ ਮਾਇਆ `ਚ ਫ਼ਸਿਆ ਸਰੀਰ ਆਪਣੀ ਮੌਤ ਦੇ ਨਾਮ ਤੋਂ ਹੀ ਡਰਿਆ-ਸਹਿਮਿਆ ਰਹਿੰਦਾ ਹੈ, ਮਨੁੱਖ ਸਾਰੀ ਉਮਰ ਆਪਣੇ ਸਰੀਰ ਨੂੰ ਬਚਾਉਣ ਦੀ ਚਿੰਤਾ `ਚ ਹੀ ਪਿਆ ਰਹਿੰਦਾ ਹੈ, ਮਰਨਾ ਨਹੀਂ ਚਾਹੁੰਦਾ, ਪਰ ਬਚਦਾ ਫ਼ਿਰ ਵੀ ਨਹੀਂ, ਦੁਨੀਆਦਾਰ। ਸਖੀ ਸਹੇਲੀ-ਸਤਸੰਗੀ। ਨਨਦ-ਗਿਆਨ ਤੇ ਕਰਮ ਇੰਦਰੇ। ਗਹੇਲੀ-ਪਕੜਣਾ, ਗਿਆਨ ਤੇ ਕਰਮ ਇੰਦਰੇ ਜੋ ਪ੍ਰਭੂ ਮਿਲਾਪ ਦਾ ਸਾਧਨ ਬਨਣੇ ਤੇ ਸਤਿਸੰਗ ਵੱਲ ਜਾਣੇ ਚਾਹੀਦੇ ਸਨ, ਉਲਟਾ ਪ੍ਰਭੂ ਮਾਰਗ ਤੋਂ ਰੋਕ ਕੇ (ਗਹੇਲੀ) ਮੋਹ ਮਾਇਆ ਵੱਲ ਧੱਕਣ ਦਾ ਕਾਰਨ ਬਣ ਜਾਂਦੇ ਹਨ। ਦੇਵਰ-ਅਗਿਆਣਤਾ ਭਾਵ ਜੋ ਜੀਵ ਤੋਂ ਛੋਟਾ ਹੋਣ ਕਰਕੇ ਜਿਸਦਾ ਫ਼ਰਜ਼ ਜੀਵ ਤੋਂ ਸੂਝ ਲੈਣਾ ਸੀ, ਉਲਟਾ ਜੀਵਨ ਨੂੰ ਵਿਗਾੜਣ ਦਾ ਕਾਰਨ ਬਣ ਜਾਂਦਾ ਹੈ। ——ਸਪਸ਼ਟ ਹੈ ਇਸ ਵੇਰਵੇ ਤੋਂ ਬਾਅਦ ਸ਼ਬਦ ਦੇ ਮੂਲ ਅਰਥਾਂ ਨੂੰ ਸਮਝਣ `ਚ ਦਿੱਕਤ ਨਹੀਂ ਆਵੇਗੀ। ਸ਼ਬਦ ਦੇ ਅਰਥ ਹਨ:-

ਮੇਰੀ ਮੱਤ ਮਾਰੀ ਗਈ ਹੈ, ਕਿਉਂਕਿ ਮੈਂ (ਸੰਸਾਰ `ਚ ਆਕੇ) ਪ੍ਰਭੂ ਨੂੰ ਭੁਲਾ ਦਿੱਤਾ ਹੈ। ਇਸ ਲਈ ਹੁਣ ਇਸ ਹਾਲਤ `ਚ ਮੈਂ (ਪ੍ਰਭੂ ਤੋਂ ਵਿਛੋੜੇ ਵਾਲੀ ਆਪਣੀ ਇਸ ਜ਼ਿੰਦਗੀ) ਨੂੰ ਕਿਵੇਂ ਬਤੀਤ ਕਰਾਂ? (ਅਜੀਬ ਮਾਜਰਾ ਹੈ) ਇਸ ਬਾਰੇ ਦਸਾਂ ਵੀ ਕਿਸਨੂੰ? ਕਿਉਂਕਿ ਮੇਰਾ ਪ੍ਰਭੂ ਪਤੀ ਤਾਂ ਮੇਰੀ ਹਿਰਦੇ ਸੇਜ `ਤੇ ਬਿਰਾਜਮਾਨ ਹੈ (ਪਰ ਅਗਿਆਣਤਾ `ਚ ਅੰਧੀ ਤੇ ਹਊਮੈ ਆਦਿ ਵਿਕਾਰਾਂ `ਚ ਖੱਚਤ ਹੋਣ ਕਰਕੇ) ਉਸਨੂੰ ਅੱਖਾਂ ਨਾਲ ਦੇਖ ਵੀ ਨਹੀਂ ਸਕਦੀ (ਦਰ ਅਸਲ, ਪ੍ਰਭੂ ਨੂੰ ਪਹਿਚਾਨਣ ਵਾਲੀਆਂ ਗਿਆਨ ਦੀਆਂ ਅੱਖਾਂ ਤਾਂ ਮੈਂ ਗੁਆ ਹੀ ਚੁੱਕੀ ਹਾਂ)। ੧। ਰਹਾਉ।

ਮਾਇਆ (ਸਸ) ਹੱਥੋਂ ਮੈਂ ਦੁੱਖੀ ਹਾਂ, ਫਿਰ ਭੀ (ਮੋਹ ਮਾਇਆ `ਚ ਖੱਚਤ ਹੋਣ ਕਾਰਨ ਨਾਸ਼ਵਾਣ) ਸਰੀਰ ਨਾਲ ਮੇਰਾ ਮੋਹ ਵੱਧ ਹੈ। ਇਸੇ ਲਈ ਮੈਨੂੰ ਮੌਤ (ਜੇਠ) ਦੇ ਨਾਮ ਤੋਂ ਹੀ ਡਰ ਲਗਦਾ ਹੈ, ਮਰਨ ਨੂੰ ਜੀਅ ਨਹੀਂ ਕਰਦਾ। ਜਿਹੜੇ ਗਿਆਨ ਤੇ ਕਰਮ ਇੰਦਰੇ ਸਤਿਸੰਗ (ਸਖੀ ਸਹੇਲੀ) `ਚ ਲਿਜਾਣ ਲਈ ਸਨ, ਅਗਿਆਣਤਾ ਕਾਰਨ ਉਨ੍ਹਾਂ ਦੀ ਹੀ ਕੁਵਰਤੋਂ, ਮੈਨੂੰ ਪ੍ਰਭੂ ਮਾਰਗ `ਤੇ ਜਾਣ ਤੋਂ ਰੋਕ (ਗਹੇਲੀ) ਰਹੀ ਹੈ। ਅਗਿਆਣਤਾ (ਦੇਵਰ) ਜਿਸਨੇ ਮੇਰੇ ਤੋਂ ਛੋਟਾ ਹੋਣ ਕਾਰਨ ਮੇਰੇ ਤੋਂ ਮੱਤ ਲੈਣੀ ਸੀ, ਉਲਟਾ ਉਸੇ (ਅਗਿਆਣਤਾ) ਤੋਂ ਮੈਂਨੂੰ ਡਰ ਲਗਦਾ ਹੈ, ਇਸ ਲਈ ਕਿ ਇਹੀ ਮੇਰੇ ਜੀਵਨ ਨੂੰ ਬਿਰਥਾ ਕਰ ਰਹੀ ਹੈ। ੧।

ਮੇਰੇ ਨਾਲ ਜੰਮਿਆ, ਮੇਰਾ ਸਰੀਰ (ਬਾਪ) ਵੀ ਸਦਾ ਮੇਰੇ ਨਾਲ ਲੜਾਈ ਕਰਦਾ ਹੈ (ਮੈਨੂੰ ਸਦਾ ਸੰਸਾਰਕ ਰਸਾਂ-ਕਸਾਂ ਵੱਲ ਹੀ ਧਕਦਾ ਹੈ ਤੇ ਮੈਨੂੰ ਪ੍ਰਭੂ ਪ੍ਰਾਪਤੀ ਵਾਲੀ ਲੋੜ ਵਲ ਨਹੀਂ ਵਧਣ ਦੇਂਦਾ)। ਮੋਹ-ਮਾਇਆ ਦੀਆਂ ਖਿੱਚਾਂ ਨੇ ਮੈਨੂੰ ਪਾਗ਼ਲ ਕਰ ਰੱਖਿਆ ਹੈ। ਜਦੋਂ ਮੈਂ (ਮਾਂ ਦੇ ਗਰਭ `ਚ ਸੀ) ਉਦੋਂ ਤਾਂ ਮੈਂ ਅਪਣੇ ਵੱਡੇ ਵੀਰ (ਪ੍ਰਭੂ ਗਿਆਨ) ਦੇ ਨਾਲ ਸਾਂ ਤੇ ਸਿਮਰਨ ਕਰਦੀ ਸਾਂ। ਇਸੇ ਲਈ ਉਦੋਂ ਮੈਂ ਆਪਣੇ) ਪ੍ਰਭੂ ਪਤੀ ਨੂੰ ਪਿਆਰੀ ਲਗਦੀ ਸਾਂ। ੨।

ਕਬੀਰ ਜੀ ਕਹਿੰਦੇ ਹਨ ਬੱਸ ਇਸੇ ਤਰ੍ਹਾਂ ਲੋਕਾਈ ਨੂੰ (ਜੀਵਨ ਭਰ) ਪੰਜ ਕਾਮਾਦਿਕਾਂ ਨਾਲ ਵਾਸਤਾ ਪਿਆ ਰਹਿੰਦਾ ਹੈ ਤੇ ਉਨ੍ਹਾਂ ਦੀ ਸਾਰੀ ਉਮਰ ਇਨ੍ਹਾਂ ਨਾਲ ਖਹਿੰਦਿਆਂ ਹੀ ਅਜ਼ਾਈਂ ਜਾਂਦੀ ਹੈ; ਸਾਰਾ ਸੰਸਾਰ ਇਸ ਠਗਣੀ ਮਾਇਆ ਨਾਲ ਹੀ ਬੱਝਾ ਪਿਆ ਹੈ ਪਰ ਮੈਂ ਪ੍ਰਭੂ ਨੂੰ ਸਿਮਰ ਕੇ ਜੀਵਨ ਦਾ ਸੱਚਾ ਸੁਖ (ਟਿਕਾਅ) ਹਾਸਿਲ ਕਰ ਲਿਆ ਹੈ। ੩।

ਖੁਬੀ ਇਹ, ਗੁਰੂਨਾਨਕ ਪਾਤਸ਼ਾਹ ਨੇ ਵੀ ਕਬੀਰ ਸਾਹਿਬ ਦੇ ਇਸ ਸ਼ਬਦ ਨੂੰ ਨਿਖਾਰਣ ਵਾਲੀ ਲੋੜ ਨੂੰ ਮਹਿਸੂਸ ਕੀਤਾ ਤੇ ਆਪ ਨੇ ਇੱਕ ਸ਼ਬਦ `ਚ ਇਸ ਨੂੰ ਹੋਰ ਖੋਲਿਆ ਤਾ ਕਿ ਜਗਿਆਸੂ, ਕਬੀਰ ਜੀ ਰਾਹੀਂ ਇਸ ਸ਼ਬਦ `ਚ ਆਈ, ਉੱਤਮ ਜੀਵਨ ਸੇਧ ਦਾ ਪੂਰਾ-ਪੂਰਾ ਲਾਭ ਲੈ ਸਕਣ। ਸ਼ਬਦ ਹੈ: ਆਸਾ ਮਹਲਾ ੧॥ ਕਾਚੀ ਗਾਗਰਿ ਦੇਹ ਦੁਹੇਲੀ, ਉਪਜੈ ਬਿਨਸੈ ਦੁਖੁ ਪਾਈ॥ ਇਹੁ ਜਗੁ ਸਾਗਰੁ ਦੁਤਰੁ ਕਿਉ ਤਰੀਐ, ਬਿਨੁ ਹਰਿ ਗੁਰ, ਪਾਰਿ ਨ ਪਾਈ॥ ੧॥ ਤੁਝ ਬਿਨੁ ਅਵਰੁ ਨ ਕੋਈ ਮੇਰੇ ਪਿਆਰੇ, ਤੁਝ ਬਿਨੁ ਅਵਰੁ ਨ ਕੋਇ ਹਰੇ॥ ਸਰਬੀ ਰੰਗੀ ਰੂਪੀ ਤੂੰਹੈ, ਤਿਸੁ ਬਖਸੇ ਜਿਸੁ ਨਦਰਿ ਕਰੇ॥ ੧॥ ਰਹਾਉ॥ ਸਾਸੁ ਬੁਰੀ ਘਰਿ ਵਾਸੁ ਨ ਦੇਵੈ, ਪਿਰ ਸਿਉ ਮਿਲਣ ਨ ਦੇਇ ਬੁਰੀ॥ ਸਖੀ ਸਾਜਨੀ ਕੇ ਹਉ ਚਰਨ ਸਰੇਵਉ, ਹਰਿ ਗੁਰ ਕਿਰਪਾ ਤੇ ਨਦਰਿ ਧਰੀ॥ ੨॥ ਆਪੁ ਬੀਚਾਰਿ ਮਾਰਿ ਮਨੁ ਦੇਖਿਆ, ਤੁਮ ਸਾ ਮੀਤੁ ਨ ਅਵਰੁ ਕੋਈ॥ ਜਿਉ ਤੂੰ ਰਾਖਹਿ ਤਿਵ ਹੀ ਰਹਣਾ, ਦੁਖੁ ਸੁਖੁ ਦੇਵਹਿ ਕਰਹਿ ਸੋਈ॥ ੩॥ ਆਸਾ ਮਨਸਾ ਦੋਊ ਬਿਨਾਸਤ, ਤ੍ਰਿਹੁ ਗੁਣ ਆਸ ਨਿਰਾਸ ਭਈ॥ ਤੁਰੀਆਵਸਥਾ ਗੁਰਮੁਖਿ ਪਾਈਐ, ਸੰਤ ਸਭਾ ਕੀ ਓਟ ਲਹੀ॥ ੪॥ ਗਿਆਨ ਧਿਆਨ ਸਗਲੇ ਸਭਿ ਜਪ ਤਪ, ਜਿਸੁ ਹਰਿ ਹਿਰਦੈ ਅਲਖ ਅਭੇਦਾ॥ ਨਾਨਕ ਰਾਮ ਨਾਮਿ ਮਨੁ ਰਾਤਾ, ਗੁਰਮਤਿ ਪਾਏ ਸਹਜ ਸੇਵਾ॥ ੫॥ ੨੨॥ (ਪੰ: ੩੫੫-੩੫੬)

ਅਰਥ ਹਨ: ਵਿਕਾਰਾਂ `ਚ ਖੱਚਤ ਰਹਿਣ ਕਰਕੇ ਇਹ ਸਰੀਰ ਦੁੱਖਾਂ ਦਾ ਘਰ ਬਣਿਆ ਪਿਆ ਹੈ। ਵਿਕਾਰਾਂ ਦੇ ਦਬਾਅ `ਚੋਂ ਨਹੀਂ ਨਿਕਲਦਾ ਇਸ ਲਈ ਕੱਚੇ ਘੜੇ ਦੀ ਨਿਆਈਂ ਬਾਰ ਬਾਰ ਜੰਮਦਾ-ਮਰਦਾ ਜੂਨੀਆਂ ਦੇ ਦੁਖ ਸਹਾਰਦਾ ਰਹਿੰਦਾ ਹੈ। ਇਸ ਤਰ੍ਹਾਂ ਇੱਕ ਪਾਸੇ ਤਾਂ ਕੱਚੇ ਘੜੇ ਵਰਗਾ ਇਹ ਸਰੀਰ ਹੈ, ਦੂਜੇ ਪਾਸੇ ਇਹ ਸੰਸਾਰ ਵੀ ਇੱਕ ਮੋਹ-ਮਾਇਆ ਤੇ ਵਿਕਾਰਾਂ ਦਾ ਸਮੁੰਦਰ ਹੈ ਜਿਸ ਨੂੰ ਪਾਰ ਕਰਣਾ ਬੜਾ ਔਖਾ ਹੈ, ਇਸ ਨੂੰ ਪ੍ਰਭੂ ਦੀ ਬਖਸ਼ਿਸ਼ ਤੇ ਗੁਰੂ ਗਿਆਨ ਬਿਨਾ ਪਾਰ ਨਹੀਂ ਕੀਤਾ ਜਾ ਸਕਦਾ। ੧।

ਹੇ ਮੇਰੇ ਪਿਆਰੇ ਪ੍ਰਭੂ! ਮੈਨੂੰ ਤੇਰੇ ਤੋਂ ਬਿਨਾ ਹੋਰ ਕੋਈ ਆਸਰਾ ਨਹੀਂ, ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਨਹੀਂ। ਸੰਸਾਰ ਦੇ ਸਾਰੇ ਰੰਗਾਂ ਤੇ ਰੂਪਾਂ `ਚ ਤੂੰ ਹੀ ਵਿਆਪਕ ਹੈਂ ਇਸ ਲਈ ਜਿਸ ਜੀਵ `ਤੇ ਤੂੰ ਮੇਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਬਖ਼ਸ਼ ਲੈਂਦਾ ਹੈ। ੧। ਰਹਾਉ।

ਪ੍ਰਭੂ-ਪਤੀ ਤਾਂ ਮੇਰੇ ਹਿਰਦੇ-ਘਰ `ਚ ਹੀ ਵੱਸਦਾ ਹੈ, ਪਰ ਭੈੜੀ ਮਾਇਆ (ਸੱਸ) ਮੈਨੂੰ ਟਿਕਣ ਹੀ ਨਹੀਂ ਦੇਂਦੀ ਭਾਵ ਮੇਰੇ ਮਨ ਨੂੰ ਸਦਾ ਮੋਹ-ਮਾਇਆ-ਵਿਕਾਰਾਂ ਪਿੱਛੇ ਦੁੜਾਈ ਫਿਰਦੀ ਹੈ; ਇਹ ਚੰਦਰੀ (ਬੁਰੀ) ਪਤੀ ਪ੍ਰਮੇਸ਼ਵਰ ਨਾਲ ਮੇਰਾ ਮਿਲਾਪ ਹੀ ਨਹੀਂ ਹੋਣ ਦੇਂਦੀ। ਇਸ ਲਈ ਇਸ ਤੋਂ ਬਚਣ ਲਈ ਮੈਂ ਸਤਸੰਗੀ ਸਹੇਲੀਆਂ ਦੇ ਚਰਨਾਂ `ਚ ਜਾਂਦੀ ਹਾਂ ਤਾਕਿ ਸਤਿਸੰਗ `ਚ ਗੁਰੂ ਦੀ ਕਿਰਪਾ ਨਾਲ ਮੇਰੇ `ਤੇ ਵੀ ਪਤੀ-ਪ੍ਰਮੇਸ਼ਵਰ ਦੀ ਮੇਹਰ ਵਾਲੀ ਨਜ਼ਰ ਹੋ ਜਾਵੇ। ੨।

ਗੁਰੂ-ਗੁਰਬਣੀ ਦੀ ਕਿਰਪਾ ਨਾਲ, ਜਦੋਂ ਮੈਂ ਆਪਣੇ ਮਨ ਦੀ ਉਛਲ-ਕੂਦ ਨੂੰ ਮਾਰਿਆ ਤਾਂ ਮੈਨੂੰ ਸਮਝ ਆ ਗਈ ਕਿ ਹੇ ਪ੍ਰਭੂ! ਤੇਰੇ ਵਰਗਾ ਤਾਂ ਮਿੱਤ੍ਰ ਹੀ ਹੋਰ ਕੋਈ ਨਹੀਂ ਤੇ ਸਾਨੂੰ ਜੀਵਾਂ ਨੂੰ ਜਿਸ ਹਾਲਤ `ਚ ਤੂੰ ਰੱਖਦਾ ਹੈਂ, ਉਸੇ ਹਾਲਤ `ਚ ਹੀ ਸਾਨੂੰ ਰਹਿਣਾ ਚਾਹੀਦਾ ਹੈ। ਜੀਵਾਂ ਨੂੰ ਦੁਖ ਤੇ ਸੁਖ ਦੇਣ ਵਾਲਾ ਵੀ ਤੂੰ ਹੀ ਹੈਂ (ਭਾਵ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਜੀਵਾਂ ਨੂੰ ਦੁਖ-ਸੁਖ ਵੀ ਤੇਰੇ ਹੀ ਸੱਚੇ ਨਿਆਂ `ਚ ਹੁੰਦੇ ਹਨ) ਤਾਂ ਤੇ ਹੁੰਦਾ ਉਹੀ ਹੈ ਜੋ ਤੂੰ ਕਰਦਾ ਹੈਂ। ੩।

ਗੁਰੂ ਦੀ ਸ਼ਰਨ ਪਿਆਂ ਹੀ ਆਸ਼ਾਵਾਂ-ਤ੍ਰਿਸ਼ਨਾਵਾਂ ਮਿੱਟਦੀਆਂ ਹਨ। ਧਰਮ, ਅਰਥ, ਕਾਮ ਵਾਲੀ ਤ੍ਰਿਗੁਣੀ ਮਾਇਆ ਤੋਂ ਪੈਦਾ ਹੋਈਆਂ ਕਾਮਨਾਵਾਂ-ਭਟਕਣਾ-ਚਿੰਤਾਂਵਾਂ ਤੋਂ ਮਨੁੱਖ ਸੁਰਖਰੂ ਹੋ ਜਾਂਦਾ ਹੈ। ਇਸ ਤਰ੍ਹਾਂ ਜਦੋਂ ਸਤਸੰਗ ਦਾ ਆਸਰਾ ਲੈ ਕੇ ਗੁਰੂ ਦੇ ਦੱਸੇ ਰਾਹ `ਤੇ ਤੁਰੀਏ, ਤਦੋਂ ਹੀ ਉਹ ਆਤਮਕ ਅਵਸਥਾ ਬਣ ਸਕਦੀ ਹੈ ਜਿੱਥੇ ਮਾਇਆ ਪੋਹ ਹੀ ਨ ਸਕੇ। ੪।

ਜਿਸ ਮਨੁੱਖ ਦੇ ਹਿਰਦੇ `ਚ ਅਲੱਖ-ਅਭੇਵ ਪ੍ਰਮਾਤਮਾ ਦਾ ਵਾਸਾ ਹੋ ਜਾਏ, ਉਸ ਨੂੰ ਮਾਨੋ ਸਾਰੇ ਜਪ-ਤਪ, ਗਿਆਨ-ਧਿਆਨ ਵਾਲੇ ਫਲ ਆਪਣੇ ਆਪ ਹੀ ਪ੍ਰਾਪਤ ਹੋ ਜਾਂਦੇ ਹਨ। ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਗੁਰੂ ਦੀ ਮੱਤ `ਤੇ ਟੁਰਿਆਂ ਹੀ ਮਨ ਪ੍ਰਭੂ ਦੇ ਰੰਗ `ਚ ਰੰਗਿਆ ਜਾਂਦਾ ਹੈ ਤੇ ਜੀਵਨ ਸਹਿਜ ਅਵਸਥਾ (ਟਿਕਾਅ) `ਚ ਆ ਜਾਂਦਾ ਹੈ। ੫।

ਦੇਖਣ ਦੀ ਗੱਲ ਹੈ ਕਿ ਕਬੀਰ ਜੀ ਨੇ ਮਾਇਆ ਵਿਹੜੇ ਤੱਬਾਹ ਹੋ ਰਹੇ ਮਨੁੱਖਾ ਜਨਮ ਦੀ ਜਿਸ ਤਸਵੀਰ ਨੂੰ ਸੌਹਰੇ ਪ੍ਰਵਾਰ ਦਾ ਵੱਡਾ ਰੂਪ ਦੇ ਕੇ ਪੇਸ਼ ਕੀਤਾ, ਉਹ ਆਮ ਜਗਿਆਸੂ ਲਈ ਰਮਜ਼ ਸੀ। ਫ਼ਿਰ ਜਦੋਂ ਇਸ ਸਾਰੇ ਦਾ ਹੱਲ ਪੇਸ਼ ਕੀਤਾ ਤਾਂ ਉਸ ਨੂੰ ਵੀ ਕੇਵਲ ਅਧੀ ਪੰਕਤੀ “ਮੈ ਰਾਮ ਰਮਤ ਸੁਖੁ ਪਾਇਆ” `ਚ ਦੇ ਕੇ ਮੁਕਾਅ ਦਿੱਤਾ, ਜਿਥੋਂ ਗੱਲ ਪੂਰੀ ਤਰ੍ਹਾਂ ਖੁੱਲ ਨਾ ਸਕੀ। ਦੂਜੇ ਪਾਸੇ, ਗੁਰੂ ਨਾਨਕ ਪਾਤਸ਼ਾਹ ਨੇ ਕਬੀਰ ਜੀ ਰਾਹੀਂ ਬਿਆਨੀਆਂ ਦੋਨਾਂ ਗੱਲਾਂ ਨੂੰ ਬੜੇ ਸੌਖੇ ਤਰੀਕੇ ਤੇ ਵਿਸਤਾਰ `ਚ ਪੇਸ਼ ਕਰ ਦਿੱਤਾ। ਕਮਾਲ ਇਹ, ਗੁਰਦੇਵ ਨੇ ਵੀ ਰਿਸ਼ਤਾ ਤਾਂ ਸਸ ਵਾਲਾ ਹੀ ਵਰਤਿਆ ਪਰ ਮੋਹ ਮਾਇਆ ਵਾਲੀ ਪੱਕੜ `ਚੋ ਨਿਕਲਣ ਵੱਲ ਵਧੇਰੇ ਜ਼ੋਰ ਦਿੱਤਾ। ਇਸੇ ਤਰ੍ਹਾਂ ਕਬੀਰ ਜੀ ਨੇ ‘ਸਖੀ ਸਹੇਲੀ’ ਕਿਸਨੂੰ ਕਿਹਾ ਹੈ ਪਾਤਸ਼ਾਹ ਨੇ ਆਪਣੇ ਸ਼ਬਦ ਦੇ ਦੂਜੇ ਬੰਦ `ਚ “ਸਖੀ ਸਾਜਨੀ ਕੇ ਹਉ ਚਰਨ ਸਰੇਵਉ, ਹਰਿ ਗੁਰ ਕਿਰਪਾ ਤੇ ਨਦਰਿ ਧਰੀ” ਕਹਿਕੇ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ। ਇਸ ਸ਼ਬਦ ਤੋਂ ਇਹ ਵੀ ਸਾਫ਼ ਹੋ ਜਾਂਦਾ ਹੈ ਕਿ ਕਬੀਰ ਸਾਹਿਬ ਦੀ ਬਾਣੀ ਗੁਰੂ ਨਾਨਕ ਪਾਤਸ਼ਾਹ ਕੋਲ ਸੀ ਤੇ ਭਗਤਾਂ ਦੀ ਬਾਣੀ ਗੁਰਦੇਵ ਨੇ ਆਪ ਇਕਤ੍ਰ ਕੀਤੀ ਸੀ। #172s09.2s09#

Including this Self Learning Gurmat Lesson No 172

ਅਰਥ ਨਿਖਾਰ-ਸਾਸੁ ਕੀ ਦੁਖੀ, ਸਸੁਰ ਕੀ ਪਿਆਰੀ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org
.