.

ਧਰਮ ਤੇ ਸਿਆਸਤ

ਸਿੱਖ ਧਰਮ ਵਿੱਚ ਇੱਕ ਗਲ ਆਮ ਪ੍ਰਚਲਤ ਹੈ ਕਿ ਸਿੱਖਾਂ ਦਾ ਧਰਮ ਤੇ ਰਾਜਨੀਤੀ ਇਕੱਠੀ ਹੈ। ਹਾਲਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸਦਾ ਕੋਈ ਪ੍ਰਮਾਣ ਨਹੀਂ ਮਿਲਦਾ, ਨਾਲ ਇਹ ਗਲ ਵੀ ਆਮ ਕਹੀ ਜਾਂਦੀ ਹੈ ਕਿ ਧਰਮ ਰਾਜਨੀਤੀ ਤੋਂ ਉਪਰ ਹੈ ਪਰ ਜੇ ਇਸ ਪ੍ਰਚਲਤ ਕਹਾਵਤ ਨੂੰ ਮਨ ਵੀ ਲੱਈਏ ਤਦ ਵੀ ਬਹੁਤ ਗੱਲਾਂ ਹਨ ਜਿਨ੍ਹਾ ਨੂੰ ਸਮਝਣਾ ਅਜ ਦੇ ਮਹੋਲ ਵਿੱਚ ਹੋਰ ਵੀ ਜਰੂਰੀ ਹੈ ਕਿ ਧਰਮ ਤੇ ਰਾਜਨੀਤੀ ਦਰਜਾ ਬ ਦਰਜਾ ਕਿੱਥੇ ਖੜੇ ਹਨ। ਅਸੀ ਇਹ ਵੀ ਚੰਗੀ ਤਰ੍ਹਾਂ ਨਾਲ ਜਾਣਦੇ ਹਾਂ ਕਿ ਸ੍ਰੀ ਅਕਾਲ ਤਖਤ ਰਾਜਨੀਤੀ ਦਾ ਪ੍ਰਤੀਕ ਹੈ ਤੇ ਸ੍ਰੀ ਦਰਬਾਰ ਸਾਹਬ ਧਰਮ ਦਾ ਪ੍ਰਤੀਕ ਹੈ, ਤੇ ਤਖਤਾਂ ਦੇ ਥਾਪੇ ਹੋਏ ਤੇ ਇੱਕ ਆਪ ਬਣਿਆ ਹੋਇਆ ਜਥੇਦਾਰ ਧਰਮ ਦਾ ਪੂਰਾ ਦੁਰਉਪਯੋਗ ਕਰਦੇ ਹਨ। “ਧਰਮ ਨਾਲੋਂ ਧੜਾ ਪਿਆਰਾ” ਮੁਹਾਵਰਾ ਏਥੇ ਪੂਰੀ ਤਰ੍ਹਾਂ ਨਾਲ ਢੁਕਦਾ ਹੈ ਕੋਈ ਕਿਨਾ ਵੀ ਵਧੀਆ ਸਿੱਖ ਹੋਵੇ ਵਧੀਆ ਕਿਰਦਾਰ ਹੋਵੇ ਜਿਸਦੀ ਸੋਚ ਇਹਨਾ ਨਾਲ ਮੇਲ ਨਹੀਂ ਖਾਂਦੀ ਜੋ ਇਹਨਾ ਦਾ ਜੀ ਹਜੂਰੀਆ ਨਹੀਂ ਬਣਨਾ ਚਾਹੁੰਦਾ ਬਸ ਸ਼ੇਕ ਦਿਓ ਪੰਥ ਵਿੱਚੋਂ, ਜਦੋਂ ਕਿ ਗੁਰੂ ਸਾਹਿਬਾਂ ਵੇਲੇ ਇਹ ਕੁੱਝ ਬਿਲਕੁਲ ਨਹੀਂ ਸੀ ਹੁੰਦਾ, ਤੇ ਕੋਈ ਕਿਨਾ ਵੀ ਘਟੀਆ ਕਿਰਦਾਰ ਵਾਲਾ ਹੋਵੇ ਉਸ ਦੀਆਂ ਕਿਨੀਆਂ ਵੀ ਸ਼ਕਾਇਤਾਂ ਇਹਨਾਂ ਪਾਸ ਪਹੁੰਚੀਆਂ ਹੋਣ ਬਸ ਸ਼ਰਤ ਇਹ ਹੈ ਕਿ ਓਹ ਇਹਨਾ ਦਾ ਚਹੇਤਾ ਹੋਣਾ ਚਾਹੀਦਾ ਹੈ ਉਸ ਦੀਆਂ ਇੰਕੁਆਰੀਆ ਕਰਨ ਵਿੱਚ ਹੀ ਸਮਾ ਲੰਘਾ ਦਿੰਦੇ ਹਨ ਤੇ ਸ਼ਕਾਇਤ ਕਰਤਾ ਚੁਪ ਕਰਕੇ ਘਰ ਬਹਿ ਜਾਂਦਾ ਹੈ।

ਇਹਨਾ ਦਾ ਫਰਜ਼ ਤੇ ਐਹ ਸੀ ਕਿ ਇਹ ਸਿੱਖਾਂ ਨੂੰ ਰਾਜਨੀਤਕ ਸੇਧ ਦਿੰਦੇ, ਅਕਾਲ ਤਖਤ ਦਾ ਮੁਖੀ ਸਿਆਸਤਦਾਨ ਸਿੱਖਾਂ ਨੂੰ ਅਵਾਜ ਮਾਰ ਕੇ ਕਹਿੰਦਾ ਕਿ ਸਾਡਾ ਨਿਸ਼ਾਨਾ ਹਲੇਮੀ ਸਿੱਖ ਰਾਜ ਦਾ ਹੈ ਮੈਂ ਤੁਹਾਂਨੂੰ ਆਦੇਸ਼ ਦਿੰਦਾ ਹਾਂ ਕਿ ਤੁਸੀ ਸਿੱਖ ਰਾਜ ਦੀ ਪ੍ਰਾਪਤੀ ਲਈ ਹਰ ਸੰਭਵ ਯਤਨ ਅਰੰਭੋ ਤੇ ਉਸਦੀ ੳਸਾਰੂ (progress) ਰਿਪੋਰਟ ਹਰ ਮਹੀਨੇ ਮੈਨੂੰ ਦਿਓ ਤਾਕਿ ਕੋਮ ਦਾ ਭਵਿਖ ਸੁਧਰ ਸਕੇ ਪਰ ਅਫਸੋਸ ਇਹ ਜਥੇਦਾਰ ਮਾਇਆ ਪਿਛੇ ਭੱਜੇ ਫਿਰਦੇ ਹਨ। ਤੇ ਰਾਜਨੀਤਕ ਲੋਕ ਇਹ ਕਿਹ ਕੇ ਪੱਲਾ ਛਡਾਉਣ ਦਾ ਯਤਨ ਕਰਦੇ ਹਨ ਕੀ ਅਸੀਂ ਇਸ ਵਿੱਚ ਦਖਲ ਨਹੀਂ ਦੇਣਾ, ਜਦਕਿ ਇਹਨਾ ਰਾਜਨੀਤਕਾਂ ਤੋਂ ਪੁਛਿਆਂ ਬਗੈਰ ਇਹ ਜਥੇਦਾਰ ਸਾਹ ਵੀ ਨਹੀਂ ਲੈਂਦੇ। ਧਰਮ ਦਾ ਡਰਾਵਾ ਦੇਣ ਦਾ ਇਹਨਾ ਨੂੰ ਕੋਈ ਹਕ ਨਹੀਂ ਹੋਣਾ ਚਾਹੀਦਾ। ਇਹ ਸਿਆਸੀ ਲੋਕਾਂ ਦੇ ਹਥ ਠੋਕੇ ਬਣਕੇ ਵਰੋਧੀਆਂ ਨੂੰ ਧਰਮ ਦਾ ਡਰਾਵਾ ਦਿੰਦੇ ਹਨ ਤੇ ਲੋਕਾਂ ਨੂੰ ਖੁਆਰ ਕਰਦੇ ਹਨ ਜਾਂ ਵਿਦੇਸ਼ਾਂ ਵਿੱਚੋਂ ਮਾਇਆ ਇਕੱਠੀ ਕਰਦੇ ਤੇ ਜਹਾਜ਼ਾਂ ਦੇ ਝੂਟੇ ਲੈਂਦੇ ਹਨ। ਕੋਮ ਨੂੰ ਕੋਈ ਉਸਾਰੂ ਸੇਧ ਦੇਣਾ ਆਪਣਾ ਫਰਜ਼ ਨਹੀਂ ਸਮਝਦੇ ਬਸ ਜਹਾਜ਼ਾਂ ਦੇ ਝੂਟੇ ਲੈਣਾ ਹੀ ਇਹਨਾ ਦਾ ਜੀਵਨ ਮਨੋਰਥ ਬਣ ਜਾਂਦਾ ਹੈ। ਕੀ ਏਥੇ ਸਿੱਖਾਂ ਦੀ ਦਸ਼ਾ ਸੁਧਰ ਗਈ ਹੈ ਜੋ ਬਾਹਰਲੇ ਸਿੱਖਾਂ ਨੂੰ ਉਪਦੇਸ਼ ਦੇਣ ਤੁਰੇ ਰਹਿਂਦੇ ਹਨ? ਤੇ ਇਹ ਕਮਾਈ ਇਹਨਾ ਦੀ ਆਪਣੀ ਬਣ ਜਾਂਦੀ ਹੈ, ਅਤੇ ਕੋਮ ਦਾ ਉਸ ਮਾਇਆ ਤੇ ਕੋਈ ਹੱਕ ਨਹੀਂ ਹੁੰਦਾ ਜਿਸ ਕੋਮ ਨੇ ਇਹਨਾ ਨੂੰ ਵਿਦੇਸ਼ੀ ਦੋਰਿਆ ਦੇ ਯੋਗ ਬਣਾਇਆ ਹੁੰਦਾ ਹੈ। ਕਸੂਰ ਓਹਨਾਂ ਸਿੱਖਾਂ ਦਾ ਵੀ ਹੈ ਜਿਨ੍ਹਾ ਨੇ ਐਵੇਂ ਹੀ ਇਹਨਾ ਨੂੰ ਗੁਰੂ ਬਰਾਬਰ ਦਰਜਾ ਦੇ ਰਖਿਆ ਹੈ। ਵੈਸੇ ਇੱਕ ਜਥੇਦਾਰ ਹੈ ਜੋ ਇਹਨਾਂ ਸਭ ਚੀਜਾਂ ਤੋ ਬਚਿਆ ਹੋਇਆ ਹੈ। ਅਗਰ ਧਰਮ ਦਾ ਕੁੰਡਾ ਸਿਆਸਤ ਤੇ ਹੈ ਤੇ ਫਿਰ ਅਸੂਲਨ ਸ੍ਰੀ ਦਰਬਾਰ ਸਾਹਬ ਦਾ ਮੁਖ ਸੇਵਾਦਾਰ ਇਹਨਾ ਸਾਰਿਆਂ ਤੋਂ ਇੱਕ ਦਰਜਾ ਉਪਰ ਹੋਣਾ ਚਾਹੀਦਾ ਹੈ।

ਗੁਰੂ ਨਾਨਕ ਸਾਹਿਬ ਗਰੀਬ ਕਿਰਤੀ ਭਾਈ ਲਾਲੋ ਦੇ ਘਰ ਪੜਾਅ ਕਰਦੇ ਸਨ ਤੇ ਸਾਰਾ ਸਮਾ ਕਰਤੇ ਦੀ ਕੀਰਤ ਵਿੱਚ ਗੁਜਰਦਾ ਸੀ। ਪਰ ਇਹਨਾਂ ਦਾ ਪੜਾਅ ਸਿਰਫ ਮਲਕ ਭਾਗੋਆਂ, ਅਮੀਰਾਂ ਦੇ ਘਰ ਹੁੰਦਾ ਹੈ ਜਿਥੇ ਸੁਕੇ ਮੇਵੇ, ਵਧੀਆ ਪਕਵਾਨ ਤੇ ਹਰ ਕਿਸਮ ਦਾ ਫਰੂਟ ਖਾਣ ਨੂੰ ਮਿਲਦਾ ਹੈ। ਜਿਸ ਦੇ ਘਰ ਇਹ ਠਿਹਰਦੇ ਹਨ ਓਹ ਚਾਰ ਗਿਠ ਉੱਚਾ ਉਠ ਜਾਂਦਾ ਹੈ ਕਿਊਂ ਕਿ ਉਸ ਦੀ ਯਾਰੀ ਵਡਿਆਂ ਨਾਲ ਜੁ ਪੈ ਚੁਕੀ ਹੁੰਦੀ ਹੈ। ਅਫਸੋਸ ਓਹਨਾਂ ਸਿੱਖਾਂ ਤੇ ਹੈ ਜਿਹੜੇ ਇਹਨਾਂ ਨੂੰ ਸੋਨੇ ਦੀਆਂ ਚੈਨੀਆਂ, ਮੁੰਦਰੀਆਂ ਤੇ ਹੀਰਿਆਂ ਜੜੇ ਖੰਡੇ ਦੇ ਕੇ ਇਹਨਾਂ ਦੀ ਆਕੜ ਵਿੱਚ ਹੋਰ ਇਜਾਫਾ ਕਰਦੇ ਹਨ। ਓਹਨਾਂ ਨੇ ਵੀ ਕਦੇ ਉਸ ਨਿਮਾਣੇ, ਨਿਤਾਣੇ ਤੇ ਗਰੀਬ ਸਿੱਖ ਵਲ ਨਿਗਾਹ ਨਹੀਂ ਮਾਰੀ ਜਿਸ ਪਾਸ ਆਪਣੇ ਲਈ ਦਸਤਾਰ ਲੈਣ ਜੋਗੀ ਮਾਇਆ ਨਹੀਂ, ਜਿਸਦੇ ਬੱਚੇ ਗਰਮੀਆ ਸਰਦੀਆਂ ਨੰਗੇ ਪੈਰੀ ਤੁਰੇ ਫਿਰਦੇ ਹਨ, ਤਨ ਢੱਕਣ ਲਈ ਪੂਰੇ ਕਪੜੇ ਨਸੀਬ ਨਹੀਂ ਹੁੰਦੇ, ਕਿਨੇ ਹੀ ਬੇਦੋਸੇ ਸਿੱਖ ਵਕੀਲਾਂ ਦੀ ਫੀਸ ਦੇਣ ਖੁਣੋ ਆਪਣੇ ਕੇਸਾਂ ਦੀ ਪੈਰਵਾਈ ਨਾ ਕਰ ਸਕਣ ਕਰਕੇ ਜੇਲ਼੍ਹਾਂ ਵਿੱਚ ਸੜ ਰਹੇ ਹਨ, ਪਿੱਛੇ ਓਹਨਾਂ ਦੇ ਘਰ ਰੋਟੀ ਵੀ ਪਕਦੀ ਹੈ ਕਿ ਨਹੀਂ, ਕੁੱਝ ਮਹਿੰਗੀਆਂ ਦਵਾਈਆਂ ਤੇ ਇਲਾਜ ਖੁਣੋ ਦੁਨੀਆਂ ਤੋਂ ਤੁਰੇ ਜਾ ਰਹੇ ਹਨ। ਸਿੱਖੋ ਹੁਣ ਵੀ ਸਭਲ ਜਾਵੋ, ਗੁਰੂ ਆਸ਼ੈ ਮੁਤਾਬਕ “ਗਰੀਬ ਦਾ ਮੂੰਹ ਗੁਰੂ ਦੀ ਗੋਲਕ” ਦੇ ਸਿਧਾਂਤ ਨੂੰ ਸਮਝ ਤੇ ਮਨ ਲਵੋ। ਸਿੱਖਾਂ ਨੂੰ ਚਾਹੀਦਾ ਹੈ ਕਿ ਇਹ ਨਗਰ ਕੀਰਤਨ, ਇਹ ਜਾਗ੍ਰਤੀ ਮਾਰਚ, ਇਹ ਕੀਰਤਨ ਦਰਬਾਰ, ਗੁਰਦਵਾਰਿਆਂ ਤੇ ਸੋਨਾਂ ਤੇ ਮਹਿੰਗਾ ਪਥੱਰ ਲਾਉਣਾ ਬੰਦ ਕਰਨ ਅਤੇ ਹਸਪਤਾਲ, ਸਕੂਲ, ਕਾਲਜ਼ ਤੇ ਤਕਨੀਕੀ ਅਦਾਰੇ ਖੋਲਣ ਜਿਥੇ ਸਿੱਖਾਂ ਲਈ ਮੁਫਤ ਜਾਂ ਬਹੁਤ ਘਟ ਖਰਚੇ ਤੇ ਇਹ ਸਾਰੀਆਂ ਸਹੂਲਤਾਂ ਮਿਲਦੀਆਂ ਹੋਣ, ਫਿਰ ਸਾਨੂੰ ਕਿਸੇ ਨੂੰ ਇਹ ਕਹਿਣ ਦੀ ਲੋੜ ਨਹੀਂ ਰਹੇਗੀ, ਸਿੱਖੋ ਅਖੋਤੀ ਸਾਧਾਂ ਦਾ, ਡੇਰਿਆਂ ਦਾ ਖ੍ਹੈੜਾ ਛੱਡੋ, ਕਿਸੇ ਨੂੰ ਨਹੀਂ ਕਹਿਣਾ ਪਵੇਗਾ ਸਿੱਖ ਬਣੋ ਇਹ ਸਭ ਆਪਣੇ ਆਪ ਹੋਏਗਾ, ਫਿਰ ਰਾਜਨੀਤਕ ਲੋਕ ਧਰਮ ਤੇ ਰਾਜ ਨਹੀਂ ਕਰਨਗੇ ਬਲਕਿ ਰਾਜ ਵਿੱਚ ਧਰਮ ਵਰਤ ਰਿਹਾ ਹੋਵੇਗਾ॥

ਗੁਰਦੇਵ ਸਿੰਘ ਬਟਾਲਵੀ

9417270965




.