.

ਔਖੇ ਸਵਾਲ

ਗੁਰਦੇਵ ਸਿੰਘ ਸੱਧੇਵਾਲੀਆ

ਬਾਬਾ ਫੋਜਾ ਸਿੰਘ ਇੱਕ ਗੁਰਦੁਆਰਾ ਸਾਹਿਬ ਗਿਆ। ਮੱਥਾ ਟੇਕਿਆ। ਰਾਗੀ ਸਿੰਘ ਕੀਰਤਨ ਕਰ ਰਹੇ ਸਨ। ਚੰਗੀ ਸੋਹਣੀ ਅਵਾਜ ਸੀ, ਬੜਾ ਰੰਗ ਬੰਨ ਰਹੇ ਸਨ ਗੁਰੂ ਕੀ ਬਾਣੀ ਗਾਇਨ ਕਰਨ ਦਾ। ਜਦ ਉਹ ਕੀਰਤਨ ਕਰਕੇ ਬਾਹਰ ਆਏ ਤਾਂ ਬਾਬਾ ਸ਼ਾਬਾਸ਼ ਦੇਣ ਮਗਰੇ ਆ ਗਿਆ।
ਆਮ ਜਿਹੀ ਗੱਲ ਬਾਤ ਤੋਂ ਬਾਅਦ ਬਾਬਾ ਪੁੱਛਣ ਲੱਗਾ ਕਿ ਦਿੱਲੀ ਤੋਂ ਵੀਜਾ ਲੈਣ ਲੱਗਿਆਂ ਕਾਫੀ ਪ੍ਰੇਸ਼ਾਨੀ ਆਉਂਦੀ ਹੋਵੇਗੀ। ਰਾਗੀ ਸਿੰਘ ਨੇ ਦੱਸਿਆ ਕਿ ਨਹੀ! ਅਸੀਂ ਹੁਣ ਦੂਜੀ ਵਾਰ ਆਏ ਹਾਂ ਕੁੱਝ ਬਾਹਲਾ ਨਹੀ ਪੁੱਛਿਆ ਪਰ ਪਹਿਲੀ ਵਾਰ ਉਨ੍ਹੀ ਸਾਨੂੰ ਚੰਗਾ ਗੇੜ ਵਿੱਚ ਪਾਇਆ।
ਬਾਬਾ ਫੋਜਾ ਸਿੰਘ ਦੀ ਉਤਸੁਕਤਾ ਵਧ ਗਈ ਉਸ ਗੱਲ ਨੂੰ ਵਿਸਥਾਰ ਨਾਲ ਪੁੱਛਣ ਦੇ ਇਰਾਦੇ ਨਾਲ ਕਿਹਾ ਕਿ ਕਾਹਦਾ ਗੇੜ?
ਉਹ ਕਹਿਣ ਲੱਗਾ ਕਿ ਇੰਟਰਵਿਊ ਵੇਲੇ ਉਨ੍ਹੀ ਬੜੇ ‘ਪੁੱਠੇ ਸਿੱਧੇ’ ਅਤੇ ਔਖੇ ਸਵਾਲ ਸਾਨੂੰ ਪੁੱਛੇ।
‘ਪੁੱਠੇ ਸਿੱਧੇ’ ਅਤੇ ਔਖੇ ਸਵਾਲਾਂ ਬਾਰੇ ਬਾਬੇ ਨੇ ਜਦ ਪੁੱਛਿਆ ਤਾਂ ਬਾਬਾ ਜਵਾਬ ਸੁਣਕੇ ਹੈਰਾਨ ਰਹਿ ਗਿਆ!
ਸਵਾਲ ਸਨ ਕਿ, ਗੁਰੂ ਗਰੰਥ ਸਾਹਿਬ ਜੀ ਦੇ ਕਿੰਨੇ ਪੰਨੇ ਹਨ? ਗੁਰੂ ਗਰੰਥ ਸਾਹਿਬ ਦੀ ਪਹਿਲੀ ਬਾਣੀ ਕਿਹੜੀ ਹੈ? ਇਸ ਦੀਆਂ ਕਿੰਨੀਆਂ ਪਉੜੀਆਂ ਹਨ? ਕਿੰਨੇ ਸਲੋਕ ਹਨ? ਦੱਸ ਗੁਰੂਆਂ ਦੇ ਨਾਮ ਕੀ ਹਨ? ਗੁਰੁ ਨਾਨਕ ਸਾਹਿਬ ਜੀ ਦੇ ਮਾਤਾ ਪਿਤਾ ਦਾ ਨਾਮ ਕੀ ਸੀ? ਪੰਜਵੇ ਗੁਰੂ ਕਿਹੜੇ ਸਨ? ਆਦਿ।
ਰਾਗੀ ਸਿੰਘ ਨੇ ਹੋਰ ਹੈਰਾਨੀ ਵਾਲੀ ਗੱਲ ਇਹ ਦੱਸੀ ਕਿ ਜਦ ਉਹ ਜਪੁਜੀ ਸਾਹਿਬ ਦੇ ਸਲੋਕਾਂ ਬਾਰੇ ਪੁੱਛਦੇ ਹਨ ਤਾਂ ਬੜੀ ਪ੍ਰੇਸ਼ਾਨੀ ਹੁੰਦੀ ਹੈ ਕਿਉਂਕਿ ਸਲੋਕ ਇੱਕ ਹੈ ਪਰ ਸਾਨੂੰ ਉਥੇ ਦੋ ਕਹਿਣੇ ਪੈਂਦੇ ਹਨ!
ਜਦ ਬਾਬੇ ਪੁੱਛਿਆ ਕਿ ਦੋ ਸਲੋਕ ਕਹਿਣ ਦੀ ਕੀ ਮਜਬੂਰੀ ਹੈ ਤਾਂ ਉਹ ਕਹਿਣ ਲੱਗਾ ਕਿ ਦਰਅਸਲ ਸਾਨੂੰ ਵੀਜੇ ਤੋਂ ਨਾਂਹ ਹੋਏ ਇੱਕ ਜਥੇ ਨੇ ਦੱਸਿਆ ਸੀ ਕਿ ਸਾਨੂੰ ਇਥੋਂ ਹੀ ਫੇਹਲ ਕਰ ਦਿੱਤਾ ਗਿਆ ਸੀ।
ਬਾਬਾ ਫੋਜਾ ਸਿੰਘ ਸੋਚ ਰਿਹਾ ਸੀ ਕਿ ਅਜਿਹੇ ਪ੍ਰਚਾਰਕਾਂ ਦੇ ਹੁੰਦਿਆਂ ਵਾਕਿਆ ਹੀ ਇਸ ਕੌਮ ਨੂੰ ‘ਤਰੱਕੀ’ ਤੋਂ ਕੋਈ ਨਹੀ ਰੋਕ ਸਕਦਾ ਜੀਹਨਾ ਨੂੰ ਸਿੱਖ ਧਰਮ ਬਾਰੇ ਬੱਚਿਆਂ ਨੂੰ ਪਤਾ ਹੋਣ ਵਾਲੇ ਸਵਾਲ ਵੀ ‘ਪੁੱਠੇ ਸਿੱਧੇ’ ਅਤੇ ਔਖੇ ਜਾਪ ਰਹੇ ਸਨ। ਅਤੇ ਜੀਹਨਾ ਨੂੰ ਜਪੁਜੀ ਦੇ ਦੋ ਸਲੋਕ ਕਹਿਣੇ ਸਚਾਈ ਨਹੀ ਬਲਕਿ ਮਜਬੂਰੀ ਲੱਗ ਰਹੀ ਸੀ। ਗੁਰੂ ਰਹਿਮਤ ਕਰੇ ਇਸ ਕੌਮ ਉਪਰ!
ਕਮਲਿਆਂ ਵਿੱਚ ਕਮਲਾ
ਬਾਬਾ ਫੋਜਾ ਸਿੰਘ ਕਿਸੇ ਦੇ ਘਰ ਗਿਆ ਤਾਂ ਅਖ਼ਬਾਰ ਵਿਚਲੀ ਕਿਸੇ ਖ਼ਬਰ ਤੋਂ ਕਹਾਣੀਆਂ ਭੂਤਾਂ-ਪ੍ਰੇਤਾਂ ਦੀਆਂ ਚਲ ਪਈਆਂ। ਸਾਰੇ ਇੱਕ ਪਾਸੇ ਬਾਬਾ ਫੋਜਾ ਸਿੰਘ ਇੱਕ ਪਾਸੇ। ਇੱਕ ਦੀ ਕਾਹਣੀ ਮੁੱਕਦੀ ਦੂਜੇ ਦੀ ਸ਼ੁਰੂ ਹੋ ਜਾਂਦੀ। ਪਿੰਡਾ ਵਿਚੋਂ ਬੱਚਪਨ ਤੋਂ ਸੁਣੀਆਂ ਹੋਈਆ ਕਹਾਣੀਆਂ ਦੀ ‘ਅਨਮੋਲ ਪੂੰਜੀ’ ਹਰੇਕ ਕੋਲੇ ਹੀ ਸੀ। ਕਿਹੜੇ ਪਿੱਪਲ ਤੇ ਰਹਿੰਦੀ ਚੁੜੇਲ ਕੀਹਨੂੰ ਚਿੰਬੜੀ ਤੇ ਆਖਰ ਜਾਨ ਲੈ ਕੇ ਹਟੀ। ਕਈਆਂ ਨੂੰ ਭੂਤਾਂ ਗੰਨੇ ਚੂਪਦੀਆਂ ਦਿਸੀਆਂ ਸਨ ਕਿਸੇ ਨੂੰ ਛੱਲੀਆਂ ਭੁੰਨ ਕੇ ਚਬਦੀਆਂ ਅਤੇ ਕਈਆਂ ਨੂੰ ਸਿਖਰ ਦੁਪਹਿਰੇ ਪੀਘਾਂ ਝੂਟਦੀਆਂ। ਬਾਬੇ ਬਥੇਰਾ ਮੱਥਾ ਮਾਰਿਆ ਪਰ ਸਦੀਆਂ ਤੋਂ ਵੜੀਆਂ ਸਿਰਾਂ ਵਿੱਚ ਕਹਾਣੀਆਂ ਕਾਹਨੂੰ ਨਿਕਲਦੀਆਂ।
ੳਨ੍ਹਾਂ ਦੀ ਗੱਲਬਾਤ ਤੋਂ ਬਾਬਾ ਫੌਜਾ ਸਿੰਘ ਨੂੰ ਇੱਕ ਕਹਾਣੀ ਯਾਦ ਆਈ। ਕਹਿੰਦੇ ਇੱਕ ਰਾਜਾ ਸੀ ਉਹ ਅਪਣੀ ਪਰਜਾ ਤੋਂ ਕਾਫੀ ਪ੍ਰੇਸ਼ਾਨ ਸੀ। ਕੋਈ ਨਾ ਕੋਈ ਪੰਗਾ ਖੜਾ ਹੀ ਰੱਖਦਾ। ਰਾਜੇ ਨੇ ਵਜੀਰ ਦੀ ਸਲਾਹ ਲਈ। ਵਜੀਰ ਨੇ ਸਲਾਹ ਦਿਤੀ ਕਿ ਰਾਜਾ ਸਾਹਬ ਮੇਰੇ ਕੋਲੇ ਇੱਕ ਦਵਾਈ ਹੈ ਕਿਉਂ ਨਾ ਪਿਆ ਕੇ ਸਾਰੇ ਪਾਗਲ ਕਰ ਛਡੀਏ ਪਾਗਲਾਂ ਤੇ ਰਾਜ ਕਰਨਾ ਕਿਹੜਾ ਔਖਾ।
‘ਨੇਕ ਸਲਾਹ’ ਰਾਜੇ ਦੇ ਵੀ ਪਸੰਦ ਆਈ। ਵਜੀਰ ਵਾਲਾ ਫਾਰਮੂਲਾ ਵਰਤਦਿਆਂ ਸਾਰਿਆਂ ਨੂੰ ਪਾਗਲ ਕਰਨ ਵਾਲੀ ਦਵਾ ਪਿਆ ਦਿਤੀ ਗਈ ਪਰ ਹੁਣ ਮੁਸ਼ਕਲ ਅਗੇ ਨਾਲੋਂ ਵੀ ਵੱਡੀ ਖੜੀ ਹੋ ਗਈ। ਸਾਰੇ ਲੋਕ ਪਾਗਲ ਪਰ ਉਨ੍ਹੀ ਰਾਜੇ ਤੇ ਵਜੀਰ ਨੂੰ ਪਾਗਲ ਸਮਝ ਕੇ ਪਾਗਲ ਉਏ, ਪਾਗਲ ਉਏ, ਦਾ ਰੌਲਾ ਸ਼ੁਰੂ ਕਰ ਦਿਤਾ। ਬਹੁ ਗਿਣਤੀ ਹੁਣ ਪਾਗਲਾਂ ਦੀ ਸੀ ਰਾਜੇ ਤੇ ਵਜੀਰ ਨੂੰ ਜਾਪਣ ਲੱਗਾ ਕਿ ਸੱਚਮੁਚ ਅਸੀਂ ਹੀ ਪਾਗਲ ਹਾਂ। ਹੁਣ ਉਹ ਖੁਦ ‘ਸਿਆਣੀ ਪਰਜਾ’ ਤੋਂ ਅੱਖ ਨੀਵੀ ਕਰਨ ਲੱਗੇ। ਇਸੇ ਪ੍ਰੇਸ਼ਾਨੀ ਵਿੱਚ ਕੋਈ ਸਿਆਣਾ ਆਣ ਨਿਕਲਿਆ। ਉਨ੍ਹੇ ਰਾਜੇ ਅਤੇ ਵਜੀਰ ਦੀ ਮੁਸ਼ਕਲ ਨੂੰ ਸੁਣਿਆ ਅਤੇ ਸਲਾਹ ਦੇਣ ਲਗਾ ਕਿ ਹੁਣ ਇੱਕੋ ਹੀ ਰਾਹ ਹੈ ਕਿ ਬਜਾਇ ਤੁਸੀਂ ਪ੍ਰੇਸ਼ਾਨੀ ਵਿੱਚ ਆਉ ਮੇਰੀ ਮੰਨੋ ਥੋੜੀ-ਥੋੜੀ ਦਵਾ ਤੁਸੀਂ ਵੀ ਪੀ ਲਓ ਤਾਂ ਕਿ ਤੁਹਾਨੂੰ ਜਿਆਦਾ ਪਾਗਲਪਨ ਮਹਿਸੂਸ ਨਾ ਹੋਵੇ। ਸਿਆਣੇ ਦੀ ਮੰਨ ਹੁਣ ਰਾਜਾ ਅਤੇ ਵਜੀਰ ਵੀ ‘ਸਿਆਣਿਆਂ’ ਵਿੱਚ ਪੈਰ ਰੱਖਣ ਲੱਗ ਪਏ ਅਤੇ ਵਧੀਆ ਰਾਜ ਕਰ ਰਹੇ ਸਨ ਕਿਉਂਕਿ ਸਾਰੇ ਇੱਕੋ ਜਿਹੇ ਸਨ।
ਬਾਬਾ ਫੌਜਾ ਸਿੰਘ ਨੂੰ ਜਾਪਿਆ ਕਿ ਥੋੜਾ ਜਿਹਾ ਮੈਨੂੰ ਵੀ ‘ਸਿਆਣਾ’ ਬਣਨਾ ਪਵੇਗਾ ਤੇ ਬਾਬਾ ਨਾ ਚੁਹੰਦਾ ਵੀ ਥੋੜਾ ਜਿਹਾ ਸਿਆਣਾ ਹੋ ਕੇ ‘ਭੂਤਾਂ-ਚੁੜੇਲਾਂ’ ਦੇ ਚੁੰਗਲ ਵਿਚੋਂ ਬੜੇ ਅਰਾਮ ਨਾਲ ਨਿਕਲ ਆਇਆ ਜਿਹੜੇ ਸੱਚਮੁਚ ਉਸ ਨੂੰ ਚਿੰਬੜਨ ਨੂੰ ਫਿਰਦੇ ਸਨ।
 

ਨਜੂਮੀ

ਕੱਲ੍ਹ ਮੈ ਤੇ ਮੇਰਾ ਦੋਸਤ ਇੱਕ ਮੰਦਰ ਵਿੱਚ ਚਲੇ ਗਏ। ਅੱਗੇ ਅੰਨ੍ਹਾ ਆਦਮੀ ਬੈਠਾ ਸੀ। ਮੇਰੇ ਮਿੱਤਰ ਨੇ ਕਿਹਾ, ਵੇਖੋ! ਇਹ ਸਾਡੇ ਦੇਸ਼ ਦਾ ਸਭ ਤੋਂ ਵੱਡਾ ਸਿਆਣਾ ਹੈ।
ਮੈ ਅਪਣੇ ਮਿੱਤਰ ਨੂੰ ਉਥੇ ਛੱਡ ਕੇ ਆਪ ਉਸ ਅੰਨ੍ਹੇ ਪਾਸ ਚਲਾ ਗਿਆ ਤੇ ਦੁਆ ਸਲਾਮ ਕਰਕੇ ਉਸ ਨਾਲ ਗੱਲਾਂ ਕਰਨ ਲੱਗਾ। ਗੱਲਾਂ ਕਰਦਿਆਂ ਕਰਦਿਆਂ ਮੈ ਉਸ ਨੂੰ ਆਖਿਆ, ਮੈਨੂੰ ਖਿਮਾ ਕਰਨਾ ਇੱਕ ਸਵਾਲ ਮੈ ਤੁਹਾਤੋਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਕਦ ਤੋਂ ਅੰਨ੍ਹੇ ਹੋ?
ਉਸ ਨੇ ਕਿਹਾ ਜਨਮ ਤੋਂ ਹੀ।
ਮੈ ਕਿਹਾ ਤੁਸੀਂ ਕਿਸ ਮਜ੍ਹਬ ਨੂੰ ਮੰਨਣ ਵਾਲੇ ਹੋ?
ਉਸ ਨੇ ਕਿਹਾ ਮੈ ਇੱਕ ਨਜੂਮੀ ਹਾਂ।
ਫਿਰ ਉਸ ਨੇ ਛਾਤੀ ਤੇ ਹੱਥ ਮਾਰਿਦਆਂ ਬੜੀ ਸ਼ਾਨ ਨਾਲ ਕਹਿਣਾ ਸ਼ੁਰੂ ਕੀਤਾ,
“ਮੈ ਅਸਮਾਨ ਦੇ ਤਮਾਮ ਸੂਰਜ, ਚੰਦ ਤੇ ਸਿਤਾਰਿਆਂ ਦੀ ਚਾਲ ਨੂੰ ਦੇਖਦਾ ਰਹਿੰਦਾ ਹਾਂ। ਮੈ…
ਖ਼ਲੀਲ ਜਿਬਰਾਨ ਦੀ ਕਹਾਣੀ ਪੜ ਕੇ ਬਾਬਾ ਫੋਜਾ ਸਿੰਘ ਨੂੰ ਇੱਕ ਵੈਨਕੋਵਰ ਦੀ ਬੜੀ ਦਿਲਚਸਪ ਕਹਾਣੀ ਯਾਦ ਆ ਗਈ। ਸਰੀ ਵਾਲੇ ਗੁਰਦੁਆਰੇ ਇੱਕ ਸੂਰਮਾ ਯਾਨੀ ਅੰਨ੍ਹਾ ਰਾਗੀ ਆਇਆ। ਉਹ ਵੀ ਸ਼ਾਇਦ ਉਪਰ ਲਿਖੇ ਨਜੂਮੀ ਵਾਂਗ ਸੂਰਜ ਤਾਰਿਆਂ ਦੀ ਚਾਲ ‘ਦੇਖਦਾ’ ਰਹਿੰਦਾ ਸੀ ਕਿ ਉਸ ਦੇ ਚੁੰਗਲ ਵਿੱਚ ਲੋਕ ਆਮ ਹੀ ਫਸਣ ਲੱਗ ਪਏ। ਉਸਦੀ ਸਿਤਾਰਿਆਂ ਦੀ ਚਾਲ ਦੇਖ ਸਕਣ ਦੀ ‘ਸ਼ਕਤੀ’ ਉਸ ਵੇਲੇ ਜਾਹਰ ਹੋਈ ਜਦ ਉਸ ਇੱਕ ਬੀਬੀ ਦੇ ਨੋਟਾਂ ਨੂੰ ਚੱਕ ਕੁੱਝ ਜਿਆਦਾ ਹੀ ਵੱਡਾ ਮਾਰ ਲਿਆ। ਬੀਬੀ ਦਾ ਜਦ ਕੋਈ ਕਾਰਜ ਨਾ ਸੌਰਿਆ ਜਿਹੜਾ ਸੌਰਨਾ ਵੀ ਨਹੀ ਸੀ ਤਾਂ ਬੀਬੀ ਨੇ ਪੈਸੇ ਵਾਪਸ ਮੰਗ ਲਏ। ਬੱਅਸ! ਇਥੋਂ ਹੀ ਰੌਲਾ ਪੈ ਗਿਆ ਜਾਂ ਐਵੇਂ ਹੀ ਰੌਲਾ ਪੈ ਗਿਆ। ਪਰ ਫੋਜਾ ਸਿੰਘ ਬੜਾ ਪ੍ਰੇਸ਼ਾਨ ਸੀ ਕਿ ਹੱਦ ਹੋਗੀ! ਸੁਜਾਖਿਆ ਨੂੰ ਅੰਨ੍ਹੇ ਲੁੱਟੀ ਜਾਂਦੇ। ਘੋਰ ਕੱਲਯੁਗ ਕੋਈ ਸਿੰਗਾ ਵਾਲਾ ਥੋੜੋਂ, ਅੱਖਾਂ ਵਾਲੇ ਨੂੰ ਅੰਨ੍ਹਾ ਲੁਟ ਲਏ, ਇਸ ਤੋਂ ਵੱਡਾ ਘੋਰ ਕੱਲਯੁਗ ਕਿਹੜਾ ਹੋਊ?
ਵੈਸੇ ਬਾਬਾ ਫੋਜਾ ਸਿੰਘ ਨੂੰ ਟਰੰਟੋ ਵਿੱਚ ਫਿਰਦੇ ‘ਘੋਰ ਕੱਲਯੁਗ’ ਦਾ ਵੀ ਪਤਾ ਜਿਥੋਂ ਦੇ ਕਈ ਗੁਰਦੁਆਰਿਆਂ ਵਿੱਚ ਕਿਸੇ ਭਾਈ ਦਾ ‘ਜਲ’ ਦਾ ਧੰਦਾ ਚਲਦਾ, ਕਿਸੇ ਦੀਆਂ ਲਾਚੀਆਂ ਵਿੱਕ ਰਹੀਆਂ, ਕਿਸੇ ਦੀ ਤਾਂਬੇ ਵਾਲੀ ਗੜਵੀ ਦਾ ਪਾਣੀ ਅਤੇ ਕਿਸੇ ਦਾ ‘ਕਰਕੇ’ ਦਿੱਤਾ ਸਬਦ। ਬਾਬੇ ਫੋਜਾ ਸਿੰਘ ਨੂੰ ਜਾਪਦਾ ਹੈ ਕਿ ਇਹ ਅੰਨ੍ਹੇ ਨਜੂਮੀ ਸੁਜਾਖਿਆਂ ਨੂੰ ਉਨਾਂ ਚਿਰ ਲੁੱਟਦੇ ਹੀ ਰਹਿਣਗੇ ਜਦ ਤਾਂਈ ਅੱਖਾਂ ਵਾਲੇ ਅੱਖਾਂ ਖ੍ਹੋਲ ਕੇ ਨਹੀ ਚਲਣਗੇ।

ਭਿਖਾਰੀ

ਪੰਜਾਬ ਦੀ ਗੱਲ ਹੈ ਬਾਬਾ ਫੋਜਾ ਸਿੰਘ ਨੇ ਹਵੇਲੀ ਬਣਾਉਂਣੀ ਅਰੰਭੀ ਤਾਂ ਤੁਰਿਆ ਫਿਰਦਾ ਇੱਕ ਮੰਗਤਾ ਘਰ ਦੇ ਦਰਵਾਜੇ ਅੱਗੇ ਆਣ ਖੜਾ ਹੋਇਆ। ਉਹ ਹਵੇਲੀ ਦੀਆਂ ਕੰਧਾਂ ਨੂੰ ਹੀ ਅਸੀਸਾ ਦੇਈ ਜਾਏ। ਸਦੀਆਂ ਤੱਕ ਕਾਇਮ ਰਹਿਣ ਵਾਲੀ ਹਵੇਲੀ, ਪਿੰਡ ਦੀ ਸਭ ਤੋਂ ਵੱਡੀ ਤੇ ਉੱਚੀ ਹਵੇਲੀ, ਬਾਦਸ਼ਾਹਾਂ ਦੀ ਹਵੇਲੀ, ਰਾਜਿਆਂ ਮਹਾਂਰਾਜਿਆਂ ਦੀ ਹਵੇਲੀ ਤੇ ਪਤਾ ਨਹੀ ਕੀ ਕੀ ਖਿਤਾਬ ਉਸ ਬਣਨ ਜਾ ਰਹੀ ਹਵੇਲੀ ਨੂੰ ਦੇ ਮਾਰੇ ਤੇ ਆਖਰ ਉਹ ਅਪਣੀ ਅਸਲ ਗੱਲ ਵਲ ਆਉਂਦਿਆਂ ਅਪਣੀ ਵੱਡੀ ਭਿੱਖ ਦੀ ਗੱਲ ਕਰਨ ਲੱਗਿਆ।
ਸਰਦਾਰੋ! ਬਾਦਸ਼ਾਹੋ! ਰਾਜਿਉ! ਗਰੀਬ ਨੂੰ ਖੈਰ ਪਾਉ! ਬਹੁਤ ਪੁੰਨ ਲੱਗੇਗਾ, ਜੱਸ ਹੋਵੇਗਾ, ਦੁਨੀਆਂ ਤੁਹਾਡੀ ਕੀਰਤੀ ਗਾਵੇਗੀ, ਮੇਰੀਆਂ ਅਸੀਸਾਂ ਤੁਹਾਡੀ ਸੋਭਾ ਨੂੰ ਚਾਰ ਚੰਨ ਲਾਉਂਣਗੀਆਂ।
ਬਾਬੇ ਫੋਜਾ ਸਿੰਘ ਉਪਰ ਭਿਖਾਰੀ ਦੀ ਹਵਾ ਨੇ ਅਸਰ ਨਾ ਕੀਤਾ ਉਹ ਟੱਸ ਤੋਂ ਮੱਸ ਨਾ ਹੋਇਆ। ਉਸ ਟਾਲ ਦਿੱਤਾ। ਬਾਬਾ ਕਹਿਣ ਲੱਗਾ ਕਿ ਦੇਖ ਭਾਈ! ਚਾਹ ਪਾਣੀ ਛੱਕ, ਪ੍ਰਸਾਦਾ ਤਿਆਰ ਹੈ ਉਹ ਛੱਕ ਜਿਹੜੀ ਮੁੱਢਲੀ ਲੋੜ ਹੈ ਪਰ ਭਿਖਿਆ ਮੰਗਣੀ ਵੀ ਤੇ ਦੇਣੀ ਵੀ ‘ਪਾਪ’ ਹੈ!
ਭਿਖਾਰੀ ਆਕੜ ਗਿਆ ਤੇ ਬੁੜ ਬੁੜ ਜਿਹੀ ਕਰਦਾ ਬਿਨਾ ਕੁੱਝ ਖਾਧੇ ਪੀਤੇ ਅਗਲੇ ਦਰਵਾਜੇ ਚਲਾ ਗਿਆ। ਬਾਬੇ ਫੋਜਾ ਸਿੰਘ ਦੀ ਪਤਨੀ ਗੁਆਢੀਆਂ ਵਲੋਂ ਆ ਰਹੀ ਭਿਖਾਰੀ ਦੀ ‘ਕਮੈਂਟਰੀ’ ਸੁਣ ਰਹੀ ਸੀ!
“ਭਾਈ ਆਹ ਤੁਹਾਡੇ ਗੁਆਢੀਂ ਤਾਂ ਬੜੇ ਕਮੀਨੇ ਨੇ। ਇਡੀ ਵੱਡੀ ਹਵੇਲੀ ਪਰ ਵਿੱਚ ਕੱਖ ਨਹੀ! ਬਹੁਤ ਹੰਕਾਰੀ ਨੇ ਇਹ ਤਾਂ! ਇਸ ਦੀ ਕੰਧ ਤਾਂ ਆਢ-ਗੁਆਂਢ ਉਪਰ ਵੀ ਡਿੱਗ ਕੇ ਨੁਕਸਾਨ ਕਰ ਸਕਦੀ ਹੈ। ਅਜਿਹੇ ਲੋਕ ਪਿੰਡ ਲਈ ਬਹੁਤ ਨੁਕਸਾਨ ਦੇਹ ਹੁੰਦੇ ਹਨ। ਘੋਰ ਕੱਲਯੁਗ ਹੈ! ਦਰ ਤੇ ਆਏ ਭਿਖਾਰੀ ਜਿਹੜਾ ਖਾਲੀ ਮੋੜੇ ਉਹ ਨਰਕਾਂ ਨੂੰ ਜਾਂਦਾ ਤੇ ਉਸ ਦੀਆਂ ਹਵੇਲੀਆਂ ਕਦੇ ਕਾਇਮ ਨਹੀ ਰਹਿੰਦੀਆਂ”। ਹਾਂਅ!
ਬਾਬੇ ਦੀ ਪਤਨੀ ਸੁਣ ਕੇ ਹੱਸ ਪਈ! ਉਹ ਹੈਰਾਨ ਸੀ ਕਿ ਇਹ ਕੁੱਝ ਦੇਰ ਪਹਿਲਾਂ ਵਾਲਾ ਹੀ ਭਿਖਾਰੀ ਹੈ…? ਉਸ ਬਾਬੇ ਨੂੰ ਦਸਿਆ। ਬਾਬਾ ਕਹਿਣ ਲੱਗਾ ਭਲੀਏ ਭਿਖਾਰੀ ਦਾ ਕੋਈ ਦੀਨ-ਈਮਾਨ ਨਹੀ ਹੁੰਦਾ, ਉਸ ਦਾ ਕੋਈ ਮਿੱਤਰ-ਦੁਸ਼ਮਣ ਨਹੀ ਹੁੰਦਾ, ਉਹ ਕਿਸੇ ਵੀ ਇੱਕ ਦਾ ਨਹੀ ਹੁੰਦਾ, ਉਹ ਭਟਕਦਾ ਅਤੇ ਲੀਡਰਾਂ ਵਾਂਗ ਦਲ ਬਦਲੂ ਲੰਡਰ ਕਿਸਮ ਦਾ ਭਿਖਾਰੀ ਹੁੰਦਾ ਹੈ। ਉਸ ਦਾ ਮੱਤਲਬ ਕੇਵਲ ਤੇ ਕੇਵਲ ਭਿਖਿਆ ਨਾਲ ਹੁੰਦਾ ਨਾ ਕਿ ਬੰਦੇ ਦੇ ਚੰਗੇ ਮੰਦੇ ਹੋਣ ਨਾਲ ਸੋ ਅਜਿਹੇ ‘ਵਿਚਾਰਿਆਂ’ ਦਾ ਕੋਈ ਗੁੱਸਾ ਨਹੀ ਕਰਨਾ ਬਣਦਾ।

ਬੋਹੜ ਵਾਲਾ ਪ੍ਰੇਤ

ਰੇਕ ਵੀਰਵਾਰ ਦੀ ਤਰ੍ਹਾਂ ਅੱਜ ਵੀ ਮੂੰਹ ਹਨੇਰੇ ਹੋਏ ਚੁੱਪਾਂ ਦੇ ਘਰ ਕੁਕਹਾਮ ਜਿਹਾ ਮੱਚ ਗਿਆ। ਦਰਅਸਲ ਉਨ੍ਹਾਂ ਦੀ ਜਵਾਨ ਕੁੜੀ ਵਿੱਚ ਹਰੇਕ ਵੀਰਵਾਰ ਕੋਈ ਪ੍ਰੇਤ-ਆਤਮਾ ਅਉਂਦੀ ਸੀ ਜਿਸ ਕਾਰਨ ਕੁੜੀ ਬਹੁੜੀਆਂ ਪਾ ਉੱਠਦੀ, ਵਾਲ ਖਲਾਰ ਲੈਂਦੀ, ਇੱਟੇ-ਰੋੜੇ ਚਲਾਉਂਣ ਲੱਗ ਜਾਂਦੀ, ਜੋ ਮੂੰਹ ਆਉਂਦਾ ਬਕੜਵਾਹ ਮਾਰਨ ਲੱਗ ਜਾਂਦੀ ਤੇ ਆਖਰ ਚੀਖਾਂ ਮਾਰਦੀ ਬਾਹਰ ਵਲ ਦੌੜ ਪੈਂਦੀ। ਪਿੰਡੋਂ ਬਾਹਰ ਸ਼ਾਮਲਾਟ ਜਗ੍ਹਾ ਤੇ ਇੱਕ ਬੜਾ ਵੱਡਾ ਬੋਹੜ ਸੀ ਜਿਥੋਂ ਬਾਰੇ ਪਹਿਲਾਂ ਵੀ ਅਫਵਾਹ ਸੀ ਕਿ ਉਥੇ ਕੋਈ `ਚੀਜ’ ਰਹਿੰਦੀ ਹੈ ਜਿਹੜੀ ਕਈਆਂ ਤੁਰੀ-ਫਿਰਦੀ ਦੇਖੀ। ਕੁੜੀ ਵੀ ਉਧਰ ਨੂੰ ਹੀ ਚੀਖਾਂ ਮਾਰਦੀ ਦੌੜਦੀ। ਉਹ ਜਦ ਉਧਰ ਜਾਂਦੀ ਤਾਂ ਬੋਹੜ ਵਿਚੋਂ ਚੰਗਿਆੜੇ ਨਿਕਲਕੇ ਅਸਮਾਨ ਨੂੰ ਚੜਨ ਲੱਗਦੇ। ਸਾਰਾ ਪਿੰਡ ਦਹਿਲ ਜਾਂਦਾ। ਜਦ ਕੋਈ 7-8 ਮਹੀਨੇ ਪਹਿਲਾਂ ਕੁੜੀ ਨੂੰ ਪਹਿਲੀ ਵਾਰ ਪ੍ਰੇਤ ਦਾ ਦੌਰਾ ਪਿਆ ਅਤੇ ਉਹ ਬਾਹਰ ਵਲ ਦੌੜੀ ਤਾਂ ਕੁੜੀ ਦੇ ਭਰਾ ਅਤੇ ਪਿਓ ਵੀ ਕੁੜੀ ਮਗਰ ਦੌੜੇ, ਕੁੜੀ ਤਾਂ ਹਨੇਰੇ ਵਿੱਚ ਅਲੋਪ ਹੋ ਗਈ ਪਰ ਬੋਹੜ ਵਿਚੋਂ ਉਪਰ ਵਲ ਨੂੰ ਨਿਕਲਦੇ ਚੰਗਿਆੜੇ ਦੇਖ ਕੇ ਕਿਸੇ ਦਾ ਹੌਸਲਾ ਨਾ ਪਿਆ ਕਿ ਕੁੜੀ ਦਾ ਪਿੱਛਾ ਕੀਤਾ ਜਾਏ।
ਕੁੜੀ ਦੀ ਮਾਂ ਅਤੇ ਸਾਰਾ ਟੱਬਰ ਇਹ ਸੋਚ ਕੇ ਕੁੜੀ ਦੇ ਸੋਗ ਵਿੱਚ ਡੁੱਬ ਗਿਆ ਕਿ ਕੁੜੀ ਪ੍ਰੇਤ ਨੇ ਨਹੀ ਛੱਡਣੀ। ਪਿੰਡ ਵਾਲੇ ਅਤੇ ਟੱਬਰ ਅੱਧੀ ਕੁ ਰਾਤ ਤੱਕ ਹਾਲੇ ਕੁੜੀ ਦਾ ਮਾਤਮ ਹੀ ਮਨਾ ਰਹੇ ਸਨ ਕਿ ਕੁੜੀ ਪੱਥਰ ਦੀ ਪੱਥਰ ਬਣੀ ਉਵੇਂ ਵਾਲ ਖਿਲਰੇ ਵਾਪਸ ਘਰ ਆ ਗਈ। ਪਹਿਲਾਂ ਤਾਂ ਘਰ ਵਾਲੇ ਕੁੜੀ ਦੇਖ ਦਹਿਲ ਗਏ ਕਿ ਸ਼ਾਇਦ ਪ੍ਰੇਤ ਹੀ ਕੁੜੀ ਦਾ ਰੂਪ ਧਾਰਨ ਕਰਕੇ ਆ ਗਿਆ ਹੈ ਪਰ ਜਦ ਕੁੜੀ ਦੀ ਮਾਂ ਨੇ ਲਾਗੇ ਜਾ ਕੇ ਕੁੜੀ ਨੂੰ ਗਲਵਕੜੀ ਵਿੱਚ ਲੈਣ ਬਹਾਨੇ ਯਕੀਨ ਕਰ ਲਿਆ ਕਿ ਇਹ ਪ੍ਰੇਤ ਨਹੀ ਬਲਕਿ ਸਾਡੀ ਹੀ ਕੁੜੀ ਹੈ ਤਾਂ ਸਾਰੇ ਪਰਿਵਾਰ ਨੂੰ ਸੁਖ ਦਾ ਸਾਹ ਆਇਆ ਅਤੇ ਮਾਂ ਨੇ ਸ਼ੁੱਕਰ ਕੀਤਾ ਕਿ ਪ੍ਰੇਤਾਂ ਮੇਰੀ ਧੀ ਛੱਡ ਦਿੱਤੀ।
ਇੰਝ ਇਹ ਵਰਤਾਰਾ ਹਰੇਕ ਵੀਰਵਾਰ ਸ਼ੁਰੂ ਹੋ ਗਿਆ। ਪਰਿਵਾਰ ਨੇ ਕਈ ਸਿਆਣੇ, ਪੀਰ, ਪੰਡਤ, ਭੁਤਾਂ ਵਾਲੇ ਲਿਆਦੇਂ ਪਰ ਪ੍ਰੇਤ ਕਿਸੇ ਦੇ ਕਾਬੂ ਨਾ ਆਇਆ ਸਗੋਂ ਕੁੜੀ ਨੇ ਇੱਕ ਸੰਗਲਾਂ ਵਾਲੇ ਨਾਥ ਨੂੰ ਉਸੇ ਦੇ ਸੰਗਲਾਂ ਨਾਲ ਢਾਹ ਲਿਆ ਅਤੇ ਨਾਥ ਸੰਗਲ ਅਪਣੇ ਛੱਡ ਬਹੁੜੀਆਂ ਪਾਉਂਦਾ ਐਸਾ ਦੌੜਿਆ ਮੁੜ ਉਸ ਪਿੰਡ ਵਲ ਮੂੰਹ ਨਹੀ ਕੀਤਾ।
ਛੋਟਾ ਜਿਹਾ ਪਿੰਡ ਸੀ। ਇੱਕ ਘਰ ਦਾ ਰੋਣ-ਧੋਣ ਅਤੇ ਚੀਖ-ਚਿਹਾੜਾ ਕਰੀਬਨ ਸਭ ਨੂੰ ਸੁਣ ਜਾਂਦਾ ਸੀ ਜਿਥੇ-ਜਿਥੇ ਵੀ ਕਿਸੇ ਸਿਆਣੇ ਦਾ ਕਿਸੇ ਨੂੰ ਪਤਾ ਸੀ ਸਭ ਨੇ ਦਸ ਪਾਈ ਅਤੇ ਨਾਲ ਵੀ ਗਏ ਪਰ ਪ੍ਰੇਤ ਬੜਾ ਜਬਰਦਸਤ ਜਾਪ ਰਿਹਾ ਸੀ ਜਿਹੜਾ ਕਿਸੇ ਵੀ ਖੱਬੀਖਾਨ ਦੇ ਹੱਥ ਨਹੀ ਸੀ ਆ ਰਿਹਾ।
ਤੇ ਆਖਰ ਪ੍ਰੇਤ ਇੱਕ ਦਿਨ ਕਾਬੂ ਆ ਹੀ ਗਿਆ। ਕੁੜੀ ਦੇ ਮਾਮੇ ਦਾ ਮੁੰਡਾ, ਬਘੇਲ ਸਿੰਘ ਫੌਜ ਵਿਚੋਂ ਛੁੱਟੀ ਕੱਟਣ ਆਇਆ ਅਪਣੀ ਭੂਆ ਨੂੰ ਮਿਲਣ ਆ ਗਿਆ। ਉਸ ਦੀ ਵਹੁਟੀ ਵੀ ਉਸ ਦੇ ਨਾਲ ਸੀ। ਰਸਮੀ ਹਾਲ-ਹਵਾਲ ਤੋਂ ਬਾਅਦ ਭੂਆ ਕੁੜੀ ਦਾ ਰੋਣਾ ਲੈ ਕੇ ਬੈਠ ਗਈ ਉਸ ਸਾਰੀ ਕਾਹਾਣੀ ਬਘੇਲ ਸਿੰਘ ਨੂੰ ਦਸੀ ਕਿ ਕੁੜੀ ਨੂੰ ਪ੍ਰੇਤ ਲੈ ਕੇ ਬਹੇਗਾ। ਬੜੇ ਸਿਆਣੇ ਬਿਠਾਏ ਨੇ ਸਭ ਸਿਰ ਫੇਰ ਗਏ ਹਨ। ਬੋਹੜ ਵਲ ਮੂੰਹ ਕਰੀਏ ਤਾਂ ਅੱਗਾਂ ਵ੍ਹਰਦੀਆਂ ਹਨ, ਟਾਹਣ ਟੁੱਟਦੇ ਹਨ, ਅਵਾਜਾਂ ਆਉਂਦਆਂ ਹਨ ਖੋਰੇ ਕੀ ਬਦਰੂਹਾਂ ਆਣ ਬੈਠੀਆਂ ਹਨ। ਪਤਾ ਨਹੀ ਮੇਰੀ ਧੀ ਤੋਂ ਕੀ ਪਾਪ ਕਰਮ ਹੋ ਗਿਆ ਮੈਂ ਤਾਂ ਕਈ ਸੁੱਖਾਂ ਸੁੱਖੀਆਂ ਵੀਆਂ ਆ, ਹਾਇ ਮੇਰੀ ਧੀ! ਤੇ ਭੂਆਂ ਵੈਣ ਜਿਹੇ ਪਾਉਂਣ ਲਗ ਪਈ।
ਬਘੇਲ ਸਿੰਘ ਵੀ ਸੁਣ ਕੇ ਚਿੰਚਤ ਹੋ ਗਿਆ ਪਰ ਉਹ ਬੋਲਿਆ ਕੁੱਝ ਨਾ। ਛੇਤੀ ਮੁੜਨਾ ਸੀ ਪਰ ਉਹ ਰੁੱਕ ਗਿਆ। ਵੀਰਵਾਰ ਹਾਲੇ ਅਗਲੇ ਦਿਨ ਸੀ। ਅਗਲੇ ਦਿਨ ਸ਼ਾਮ ਜਿਹੀ ਪੈਦੇ ਹੀ ਕੁੜੀ ਦੇ ਤੌਰ ਬਦਲਨੇ ਸ਼ੁਰੂ ਹੋ ਗਏ। ਉਹੀ ਚੀਖ ਚਿਹਾੜਾ ਤੇ ਆਖਰ ਕੁੜੀ ਬਾਹਰ ਵਲ ਦੌੜ ਪਈ। ਬਘੇਲ ਸਿੰਘ ਵੀ ਮਗਰ ਹੋ ਪਿਆ। ਉਸ ਦੀ ਵਹੁਟੀ ਅਤੇ ਭੂਆ ਨੇ ਰੋਕਿਆ ਪਰ ਸਾਢੇ ਛੇ ਫੁੱਟ ਜਵਾਨ ਬਘੇਲ ਸਿੰਘ ਨੇ ਪ੍ਰੇਤ ਨਾਲ ਦੋ ਹੱਥ ਕਰਨ ਦਾ ਫੈਸਲਾ ਕਰ ਲਿਆ।
ਕੁੜੀ ਹਨੇਰੇ ਵਿੱਚ ਗੁੰਮ ਗਈ। ਬੋਹੜ ਵਿਚੋਂ ਚੰਗਿਆੜੇ ਨਿਕਲਨੇ ਸ਼ੁਰੂ ਹੋ ਗਏ। ਬਘੇਲ ਸਿੰਘ ਡਰਿਆ ਨਾ ਤੇ ਉਹ ਚੁਪੀਤਾ ਹੀ ਕੁੜੀ ਦੀ ਪੈੜ ਦੱਬੀ ਗਿਆ। ਬਘੇਲ ਸਿੰਘ ਦੂਰ ਤੱਕ ਚੁਫੇਰੇ ਫੈਲੇ ਹੋਏ ਬੋਹੜ ਤੋਂ ਹਾਲੇ ਥੋੜੀ ਦੂਰ ਹੀ ਸੀ ਕਿ ਉਸ ਨੂੰ ਕੋਈ ਹਿੱਲਜੁਲ ਜਿਹੀ ਮਹਿਸੂਸ ਹੋਈ। ਉਸ ਪੈਰ ਰੋਕ ਕੇ ਹਿੱਲਜੁਲ ਉਪਰ ਟਿੱਕਟਿਕੀ ਲਾ ਲਈ। ਉਹ ਥੋੜਾ ਹੋਰ ਅਗਾਂਹ ਹੋਇਆ ਤਾਂ ਦੋ ਪ੍ਰਛਾਵੇਂ ਨੇੜੇ ਹੁੰਦੇ ਪ੍ਰਤੀਤ ਹੋਏ। ਜਦ ਉਸ ਨੂੰ ਜਾਪਿਆ ਕਿ ਹੁਣ ਉਹ ਬਹੁਤ ਕਰੀਬ ਹੈ ਤਾਂ ਉਸ ਲਲਕਾਰਾ ਮਾਰਿਆ ਕਿ ਜਾਈਂ ਨਾ ਮੈ ਆਇਆ। ਉਸ ਦੇ ਆਖਣ ਦੀ ਦੇਰ ਸੀ ਕਿ ‘ਪ੍ਰੇਤ’ ਜਿਧਰ ਮੂੰਹ ਆਇਆ ਦੌੜ ਪਿਆ। ਬਘੇਲ ਸਿੰਘ ਸਾਢੇ ਛੇ ਫੁੱਟਾ ਗੱਭਰੂ ਸੀ ਉਸ ਕਿਥੇ ਦੌੜਨ ਦੇਣਾ ਸੀ ‘ਪ੍ਰੇਤ’ ਨੂੰ। ਉਹਨੇ ਕੀਲੇ ਕੁ ਤੇ ਜਾ ਕੇ ‘ਪ੍ਰੇਤ’ ਢਾਹ ਲਿਆ। ਉਸ ਚੰਗਾਂ ਹੂਰਾ ਫੇਰ ਕੇ ‘ਪ੍ਰੇਤ’ ਦੀ ਸ਼ਕਲ ਵਿਗਾੜ ਦਿੱਤੀ ਪਰ ਕੁੱਝ ਸੋਚ ਕੇ ਉਸ ਨੂੰ ਛੱਡ ਕੇ ਦੌੜ ਜਾਣ ਲਈ ਕਿਹਾ। ਕੁੜੀ ਉਦੋਂ ਤੱਕ ਘਰੇ ਪਹੁੰਚ ਚੁੱਕੀ ਸੀ। ਉਹ ਬਘੇਲ ਸਿੰਘ ਵਲ ਦੇਖ ਥਰ-ਥਰ ਕੰਬ ਰਹੀ ਸੀ। ਉਸਨੂੰ ਜਾਪਿਆ ਪ੍ਰੇਤ ਅਸਲ ਵਿੱਚ ਹੁਣ ਉਸ ਉਪਰ ਆਉਂਣ ਵਾਲਾ ਹੈ ਪਰ ਬਘੇਲ ਸਿੰਘ ਨੇ ਕੁੜੀ ਨੂੰ ਕੁੱਝ ਨਾ ਕਿਹਾ।
ਅਗਲੇ ਦਿਨ ਤੁਰਨ ਲੱਗਿਆਂ ਬਘੇਲ ਸਿੰਘ ਨੇ ਇਕੱਲੀ ਭੂਆ ਨੂੰ ਸਾਰੀ ਕਹਾਣੀ ਦੱਸ ਦਿਤੀ ਤੇ ਮਹੀਨੇ ਕੁ ਵਿੱਚ ਹੀ ਕੁੜੀ ਦਾ ਵਿਆਹ ਕਰ ਦਿਤਾ ਗਿਆ। ਹੁਣ ਵੀ ਉਹੀ ਬੋਹੜ ਸੀ ਕਿਸੇ ਪ੍ਰੇਤ ਨੇ ਕਦੇ ਉਥੋਂ ਚੰਗਿਆੜੇ ਨਹੀ ਸਨ ਵਰ੍ਹਾਏ। ਪਿੰਡ ਵਾਲੇ ਹਾਲੇ ਤੱਕ ਹੈਰਾਨ ਸਨ ਕਿ ਬਘੇਲ ਸਿੰਘ ਨੇ ਪ੍ਰੇਤ ਦੌੜਾਏ ਕਿੰਝ ਜਿਹੜੇ ਵੱਡੇ-ਵੱਡੇ ਸਿਆਣਿਆਂ ਤੋਂ ਕਾਬੂ ਨਹੀ ਸਨ ਆਏ। ਕਈ ਚਿਰ ਬਾਅਦ ਕੁੜੀ ਨੇ ਬਘੇਲ ਸਿੰਘ ਦੀ ਵਹੁਟੀ ਨੂੰ ਸਾਰੀ ਕਹਾਣੀ ਦੱਸ ਦਿਤੀ ਸੀ ਕਿ ਹਰੇਕ ਵੀਰਵਾਰ ਲੰਬੜਾ ਦੇ ਗਿੰਦੇ ਨਾਲ ਮਿਲਣ ਦੀ ਸਕੀਮ ਕਿਵੇਂ ਬਣੀ ਸੀ ਤੇ ਕਿਵੇਂ ਉਹ ਕਬੂਤਰਾਂ ਦੀਆਂ ਲੱਤਾਂ ਨਾਲ ਰੂੰਅ ਬੰਨ-ਬੰਨ ਅੱਗ ਦੇ ਚਿੰਗਾੜੇ ਉਤਾਂਹ ਨੁੰ ਉਡਾਉਂਦਾ ਅਤੇ ਅਵਾਜਾਂ ਬਦਲ ਬਦਲ ਚੀਖਾਂ ਮਾਰਦਾ ਸੀ ਤੇ ਇੰਝ ਪ੍ਰੇਤ ਦੇ ਨਾਂ ਹੇਠ ਉਨ੍ਹਾ ਨੂੰ ਹਫਤੇ ਬਾਅਦ ਮਿਲਣ ਦੀ ਖੁਲ ਮਿਲ ਜਾਂਦੀ ਸੀ ਅਤੇ ਘੰਟੇ ਕੁ ਬਾਅਦ ਉਹ ਘਰੇ ਆ ਜਾਂਦੀ ਸੀ।




.