ਗੁਰਬਾਣੀ ਜੇ ਚਾਨਣ ਹੈ ਤਾਂ ਮੈ ਹਨੇਰੇ ਵਿੱਚ ਕਿਉਂ? ਗੁਰਬਾਣੀ ਜੇ ਸੱਚ ਹੈ
ਤਾਂ ਉਸ ਨੂੰ ਮੰਨਣ ਵਾਲੇ ਦੀ ਜਿੰਦਗੀ ਵਿੱਚ ਝੂਠ ਕਿਉਂ? ਗੁਰਬਾਣੀ ਜੇ ਰਾਹ ਦੱਸਦੀ ਹੈ ਤਾਂ ਮੈ
ਠੋਕਰਾਂ ਕਿਉਂ ਖਾ ਰਿਹਾ ਹਾਂ? ਗੁਰਬਾਣੀ ਜੇ ਸੀਤਲਤਾ ਦਿੰਦੀ ਹੈ ਤਾਂ ਮੇਰੀ ਜਿੰਦਗੀ ਵਿੱਚ ਤਪਸ਼
ਕਿਉਂ? ਗੁਰਬਾਣੀ ਜੇ ਪਿਉ ਦਾਦੇ ਦਾ ਖਜਾਨਾ ਹੈ ਤਾਂ ਮੈ ਭੁੱਖਾ ਕਿਉਂ?
ਬੜੀ ਪਿਆਰੀ ਸਾਖੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨੂੰ
ਲਾਲ ਦੇ ਕੇ ਸ਼ਹਿਰ ਭੇਜਿਆ। ਕੋਈ ਉਸ ਦੀ ਕੀਮਤ ਚਾਰ ਮੂਲੀਆਂ ਜਾਂ ਪਾਈਆ ਜਲੇਬੀਆਂ ਪਾ ਰਿਹਾ ਹੈ ਪਰ
ਸਾਲਸਰਾਇ ਜੌਹਰੀ ਉਸ ਦੀ ਕੇਵਲ ਦਰਸ਼ਨ ਭੇਟਾ ਹੀ ਉਸ ਸਮੇ ਦੀ ਬਹੁਤ ਵੱਡੀ ਰਕਮ 101 ਰੁ; ਪਾ ਰਿਹਾ
ਹੈ। ਲਾਲ ਤਾਂ ਨਹੀ ਬਦਲਿਆ ਪਰ ਬਦਲਵੀਂ ਅੱਖ ਨੇ ਪਛਾਣ ਲਿਆ ਕਿ ਇਹ ਗੀਟਾ ਪੱਥਰ ਨਹੀ ਜਿਸ ਦੀ ਕੀਮਤ
ਗਾਜਰਾਂ ਮੂਲੀਆਂ ਹੋ ਸਕਦੀ ਹੈ।
ਲਾਲ ਜ੍ਹੇਬ ਵਿੱਚ ਹੈ ਪਰ ਵਪਾਰੀ ਗਾਜਰਾਂ ਜਲੇਬੀਆਂ ਦੀਆਂ ਦੁਕਾਨਾ ਤੇ ਜਾ
ਕੇ ਪੁੱਛਦੇ ਫਿਰ ਰਹੇ ਹਨ ਇਸ ਦੀ ਕੀਮਤ। ਸਿੱਖ ਨਾਲ ਕੀ ਹੋਇਆ। ਗੁਰਬਾਣੀ ਕੋਲ ਹੈ, ਖਜਾਨਾ ਕੋਲ ਹੈ
ਪਰ ਤੁਰਿਆ ਫਿਰ ਰਿਹਾ ਹੈ ਗਾਜਰਾਂ ਵੇਚਦੇ ਫਿਰਦੇ ਨਕਲੀ ਗੁਰੂਆਂ ਕੋਲੇ। ਭਾਈ ਮਰਦਾਨਾ ਜੀ ਦਾ ਲਾਲ
ਦੇਖਣ ਵਾਲੇ ਨੂੰ ਤਾਂ ਪਤਾ ਨਹੀ ਸੀ ਕਿ ਇਹ ਲਾਲ ਕੀਮਤੀ ਹੈ ਪਰ ਜਦ ਸਿੱਖ ਨਕਲੀ ਗੁਰੂਆਂ ਜਾਂ
ਡੇਰਿਆਂ ਦੀਆਂ ਗਾਜਰਾਂ ਕੋਲੇ ਜਾਂਦਾ ਹੈ ਤਾਂ ਉਹ ਮਨ ਵਿੱਚ ਤਾਂ ਜਰੂਰ ਹੱਸਦੇ ਹਨ ਇਹ ਕਿਹੋ ਜਿਹਾ
ਮੁਰਖ ਵਪਾਰੀ ਹੈ ਜਿਹੜਾ ਲਾਲ ਨੂੰ ਗਾਜਰਾਂ ਨਾਲ ਵਟਾਉਂਣਾ ਚਾਹੁੰਦਾ ਹੈ। ਜਿਸ ਨੂੰ ਪਤਾ ਹੀ ਨਹੀ ਕਿ
ਉਹ ਕਿੰਨਾ ਅਮੀਰ ਹੈ।
ਗੁਰਬਾਣੀ ਦੇ ਬੜੇ ਅਮੁੱਲੇ ਪਾਵਨ ਵਾਕ ਹਨ,
ਗੁਰੂ ਕਾ ਸਿੱਖ ਸੁਪਨੇ ਵਿੱਚ ਭਿਖਾਰੀ ਹੋਇਆ ਕਦੇ ਕਿਸੇ
ਡੇਰੇ ਤੋਂ ਮਨੋਕਾਮਨਾਵਾਂ ਦੀ ਭਿੱਖਿਆ ਮੰਗ ਰਿਹਾ ਹੈ, ਕਦੇ ਕਿਸੇ ਨਕਲੀ ਗੁਰੂ ਦੀ ਭੀੜ ਬਣ ਰਿਹਾ
ਹੈ, ਕਦੇ ਕਿਸੇ ਅਜਮੇਰੀ, ਅਮਰ, ਪੰਡਤ ਜੋਤਸ਼ੀ ਦੇ ਦਰਵਾਜੇ ਖੜਕਾ ਰਿਹਾ ਪ੍ਰੇਸ਼ਾਨ ਹੋਇਆ ਭਟਕ ਰਿਹਾ
ਹੈ। ਹੁਣ ਕੌਣ ਜਗਾਵੇ, ਕੌਣ ਹਲੂਣੇ, ਕੌਣ ਮੋਢਿਓ ਫੜ ਕੇ ਝੰਜੋੜੇ ਕਿ ਜਾਗ ਗੁਰੂ ਕੇ ਸਿੱਖ। ਜਾਗ ਤੇ
ਦੇਖ ਤੂੰ ਭਿਖਾਰੀ ਨਹੀ ਰਾਜਾ ਹੈਂ। ਗੁਰੂ ਦੇ ਗਿਆਨ ਦੇ ਬਲਦੇ ਲਟ ਲਟ ਚਾਨਣ ਵਿੱਚ ਆ ਕੇ ਕੀ ਤੂੰ
ਭਰਮਾਂ ਪਖੰਡਾਂ ਵਹਿਮਾ ਨੂੰ ਤਾਰ ਤਾਰ ਕਰ ਨਹੀ ਸੀ ਦਿੱਤਾ? ਤੂੰ ਤਾਂ ਸ਼ੇਰ ਦੇ ਰਾਹ ਕੱਟਣ ਤੇ ਕਦੇ
ਅਪਣਾ ਰਸਤਾ ਨਹੀ ਸੀ ਬਦਲਿਆ ਹੁਣ ਤੂੰ ਬਿੱਲੀ ਦੇ ਰਾਹ ਕੱਟਣ ਤੇ ਰਸਤੇ ਕੱਟਦਾ ਫਿਰ ਰਿਹਾ ਹੈ? ਕਿਸੇ
ਬੇਗਮਾ ਦੇ ਡੋਲਿਆਂ, ਰਾਜ ਦੇ ਲਾਲਚਾਂ ਤੇਰਾ ਈਮਾਨ ਨਹੀ ਸੀ ਡੁਲਾਇਆ ਪਰ ਹੁਣ ਕਿਸੇ ਪ੍ਰਧਾਨਗੀ ਲਈ
ਤੂੰ ਅਪਣਾ ਸਭ ਕੁੱਝ ਦਾਅ ਤੇ ਲਾਈ ਫਿਰ ਰਿਹਾ ਹੈਂ?
ਗੁਰੂ ਜਗਾਉਂਦਾ ਹੈ ਵਾਰ ਵਾਰ ਜਗਾਉਂਦਾ ਹੈ ਤਾਂ ਕਿ ਤੇਰਾ ਸੁਪਨਾ ਟੁੱਟੇ
ਅਤੇ ਤੂੰ ਭਿਖਾਰੀ ਤੋਂ ਮੁੜ ਰਾਜ ਵਾਲੇ ਸਿੰਘਾਸਨ ਤੇ ਆ ਸਕੇਂ।
ਕੀ ਗੁਰੂ ਨੇ ਰਾਜੇ ਮੈਨੂੰ ਬਣਾਇਆ ਨਹੀ? ਗੁਰੂ ਨੇ ਦੱਸਿਆ ਨਹੀ ਕਿਵੇਂ ਮਟਕ
ਨਾਲ ਜਿਉਂਣਾ ਹੈ, ਕਿਵੇਂ ਸਵੈਮਾਨ ਦੀ ਜਿੰਦਗੀ ਨਾਲ ਜਾਣ ਪਹਿਚਾਣ ਕਰਨੀ ਹੈ। ਰਾਜੇ ਦਾ ਮੱਤਲਬ ਇਹ
ਤਾਂ ਨਹੀ ਕਿ ਜਿਸ ਕੋਲ ਦੁਨੀਆਂ ਦੇ ਕਿਸੇ ਹਿੱਸੇ ਦਾ ਰਾਜ ਆ ਗਿਆ ਉਹ ਰਾਜਾ ਹੋ ਗਿਆ। ਜੇ ਇੰਝ
ਹੁੰਦਾ ਤਾਂ ਬਾਦਲ ਵਰਗੇ ਰਾਜੇ ਨਾ ਹੁੰਦੇ? ਬੁਸ਼ ਵਰਗੇ ਨੂੰ ਜੁੱਤੀਆਂ ਕਿਉਂ ਪੈਂਦੀਆਂ? ।
ਖਾਲਸੇ ਦਾ ਇਤਿਹਾਸ ਦੁਨੀਆਂ ਨੂੰ ਕੀ ਹੈਰਾਨ ਨਹੀ ਕਰ ਦਿੰਦਾ ਕਿ ਹੇਠਾਂ
ਟੁਟੀ ਜਿਹੀ ਟਾਇਰ, ਮੋਢੇ ਤੇ ਫਟੀ ਕੰਬਲੀ, ਤੇੜ ਕੇਵਲ ਕਛਹਿਰਾ, ਖਾਣ ਲਈ ਮੁੱਠ ਛੋਲਿਆਂ ਦੀ ਪਰ
ਕਹਿੰਦੇ ਅਸੀਂ ਬਾਦਸ਼ਾਹ ਹਾਂ ਹਿੰਦੋਸਤਾਨ ਦੇ। ਅਬਦਾਲੀ ਸੁਨੇਹਾ ਭੇਜਦਾ ਹੈ ਕਿ ਚਲੋ ਮਿਲ ਕੇ ਰਾਜ ਕਰ
ਲੈਨੇ ਆਂ ਪੰਜਾਬ ਤੁਹਾਡਾ ਕਾਬਲ ਮੇਰਾ ਥੋੜਾ ਬਾਹਲਾ ਮੈਨੂੰ ਵੀ ਦਈ ਜਾਇਓ। ਅਗੋਂ ਜਵਾਬ ਹੈ ਤੂੰ ਕੌਣ
ਹੁੰਨਾ ਸਾਨੂੰ ਰਾਜ ਦੇਣ ਵਾਲਾ ਅਸੀਂ ਰਾਜ ਲਵਾਂਗੇ ਅਪਣੀ ਹਿੱਕ ਦੇ ਜੋਰ ਨਾਲ। ਸਾਨੂੰ ਗੁਰੂ ਬਾਜਾਂ
ਵਾਲੇ ਨੇ ਰਾਜੇ ਬਣਾਇਆ ਹੈ ਤੁੰ ਤੁਰਦਾ ਲੱਗ।
ਜੰਗਲ ਵਿਚੋਂ ਇੱਕ ਸਿੰਘ ਨਿਕਲਦਾ ਹੈ ਦਰਿਆ ਵਿੱਚ ਇਸ਼ਨਾਨ ਕਰਦਾ ਹੈ ਪੱਲਿਓਂ
ਮੁੱਠ ਛੋਲਿਆਂ ਦੀ ਖ੍ਹੋਲਦਾ ਹੈ ਪਰ ਖਾਣ ਤੋਂ ਪਹਿਲਾਂ ਜੈਕਾਰਾ ਛੱਡਦਾ ਹੈ। ਲੁੱਕ ਕੇ ਵੇਖ ਰਿਹਾ
ਮੋਮਨ ਖਾਂ ਅਪਣੇ ਸਹਾਇਕ ਨੂੰ ਪੁੱਛਦਾ ਹੈ ਕਿ ਖਾਣ ਲਗੇ ਇਸ ਜੈਕਾਰਾ ਕਿਉਂ ਬੁਲਾਇਆ। ਸਹਾਇਕ ਦੱਸਦਾ
ਹੈ ਕਿ ਇਹ ਇਸ ਦਾ ਸੁਨੇਹਾ ਹੈ ਕਿ ਲਾਗੇ ਬੰਨੇ ਜੇ ਕੋਈ ਮੇਰਾ ਭਰਾ ਭੁੱਖਾ ਲੁੱਕਿਆ ਬੈਠਾ ਹੈ ਤਾਂ
ਆਵੇ ਅਸੀਂ ਵੰਡ ਕੇ ਛਕਾਂਗੇ? ਦਸੋ ਕੌਣ ਹੈ ਉਸ ਵਰਗਾ ਰਾਜਾ?
ਉਹ ਰਾਜਾ ਸਿੱਖ ਕਿਧਰ ਗਿਆ? ਲੱਭੋ ਉਸ ਰਾਜੇ ਸਿੱਖ ਨੂੰ। ਜਗਾਓ ਉਸ ਰਾਜੇ
ਸਿੱਖ ਨੂੰ ਜਿਹੜਾ ਸੁੱਤਾ ਪਿਆ ਭਿਖਾਰੀ ਬਣਕੇ ਥਾਂ ਥਾਂ ਡੇਰਿਆਂ, ਨਕਲੀ ਗੁਰੂਆਂ ਅਤੇ ਅਖੌਤੀ
ਬ੍ਰਹਮਗਿਆਂਨੀਆਂ ਤੋਂ ਭੀਖ ਮੰਗਦਾ ਫਿਰ ਰਿਹਾ ਹੈ। ਜਿਹੜਾ ਮਾਸਟਰਾਂ, ਅਜਮੇਰੀਆਂ, ਪੀਰਾਂ ਪੰਡਤਾਂ
ਦੇ ਦਰਾਂ ਤੇ ਭਟਕ ਕੇ ਅਪਣੇ ਗੁਰੂ ਉਪਰ ਹੀ ਸਵਾਲੀਆ ਚਿੰਨ ਲਾ ਰਿਹਾ ਹੈ। ਇਹ ਕਿਵੇ ਹੋ ਗਿਆ ਕਿ
ਬਾਦਸ਼ਾਹ ਗੁਰੂ ਦੇ ਪੁੱਤਰ ਭਿਖਾਰੀਆਂ ਅਤੇ ਜੇਬ੍ਹ ਕੱਤਰਿਆਂ ਤੋਂ ਮੁਰਾਦਾਂ ਮੰਗਦੇ ਫਿਰਦੇ ਦਰ ਦਰ
ਭਟਕ ਰਹੇ ਹਨ। ਉਠੇ ਕੋਈ ਸੂਰਮਾ ਜੋ ਮੇਰੀ ਕੌਮ ਦੀ ਨੀਂਦ ਨੂੰ ਤੋੜੇ ਅਤੇ ਉਸ ਨੂੰ ਅਪਣੀ ਬਾਦਸ਼ਾਹੀ
ਦਾ ਅਹਿਸਾਸ ਕਰਾਵੇ ਤੇ ਦਸੇ ਕਿ,