.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

‘-ਮੋੜੀਂ ਬਾਬਾ ਕੱਛ ਵਾਲਿਆ ਤੋਂ ਅਕਾਲੀ ਦਲ ਤਿਲਕਿਆ ਸੜਕਾਂ `ਤੇ ਅੱਗ ਤੁਰੀ ਜਾਂਦੀ ਐ’

ਅਣਖ਼ ਤੈ ਗ਼ੈਰਤ ਰੂਪੀ ਖਾਲਸੇ ਦੀ ਘਾੜਤ ਘਾੜਣ ਲਈ ਦੋ ਸੌ ਤੀਹ ਸਾਲ ਦਾ ਲੰਬਾ ਸਮਾਂ ਲੱਗਿਆ। ੧੬੯੯ ਈਸਵੀ ਦੀ ਵਿਸਾਖੀ ਵਾਲੇ ਦਿਨ ‘ਸਚਿਆਰ ਮਨੁੱਖ’ ਨੂੰ ਖਾਲਸੇ ਦਾ ਨਾਂ ਦੇ ਕੇ ਦੁਨੀਆਂ ਵਿੱਚ ਪ੍ਰਗਟ ਕਰ ਦਿੱਤਾ। ਸ਼ਹੀਦੀਆਂ ਦਾ ਨਿਰੰਤਰ ਪਰਵਾਹ ਚੱਲਿਆ। ਗੁਰੂ ਸਾਹਿਬ ਜੀ ਦਾ ਪਰਵਾਰ ਵਿਛੜਿਆ ਚਾਰੇ ਸਾਹਿਬਜ਼ਾਦੇ ਸ਼ਹੀਦ ਹੋਏ, ਜਾਨ ਨਾਲੋਂ ਪਿਆਰੇ ਸਿੱਖਾਂ ਨੇ ਆਪਣੀਆਂ ਜਾਨਾਂ ਦੀ ਕੁਰਬਾਨੀ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਨੇ ੧੭੦੮ ਈਸਵੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਜਰਨੈਲ ਥਾਪ ਕੇ ਪੰਜਾਬ ਵਲ ਨੂੰ ਤੋਰਿਆ। ਸੰਮਤ ੧੭੨੭ ਨੂੰ ਜਨਮੇ ਇਸ ਅਦੁੱਤੀ ਸੂਰਮੇ ਨੇ ਦੋ ਸਾਲ ਦੇ ਅੰਦਰ ਅੰਦਰ ਹੀ ਇੱਕ ਹਾੜ ਸੰਮਤ ੧੭੬੭ ਨੂੰ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਤੇ ਖਾਲਸਾ ਰਾਜ ਦਾ ਝੰਡਾ ਝੁਲਾ ਦਿੱਤਾ। ਸਿੱਖ ਰਾਜ ਦਾ ਪਹਿਲਾ ਸਿੱਕਾ ਚਾਲੂ ਕੀਤਾ ਗਿਆ, ਉਸ ਤੇ ਇਹ ਫਾਰਸੀ ਸ਼ਬਦ ਉੱਕਰੇ ਹੋਏ ਸਨ—
ਸਿੱਕਾ ਜ਼ਦ ਬਰ ਹਰ ਦੁਆਲਮ, ਤੇਗਿ ਨਾਨਕ ਵਾਹਬ ਅਸਤ।
ਫ਼ਤਹ ਗੁਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲਿ ਸੱਚਾ ਸਾਹਬ ਅਸਤ।
ਏਸੇ ਤਰ੍ਹਾਂ ਸਰਕਾਰੀ ਮੋਹਰ ਵਿੱਚ ਇਹ ਸ਼ਬਦ ਸਨ---
ਦੇਗੋ ਤੇਗੋ ਫਤਹ ਵ ਨੁਸਰਤ ਬੇਦਰੰਗ
ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ।
ਖਾਲਸਾ ਰਾਜ ਦਾ ਮਹਾਨ ਉਸਰੱਈਆ ਯੋਧਾ ਪਰਵਾਰ ਸਮੇਤ ਸੰਨ ੧੭੧੬ ਈਸਵੀ ਨੂੰ ਸ਼ਹਾਦਤ ਦਾ ਜਾਮ ਪੀ ਕੇ ਇੱਕ ਨਿਵੇਕਲੀ ਪੈੜ ਕਾਇਮ ਕਰ ਗਿਆ।
ਸ਼ਹੀਦੀਆਂ ਦਾ ਖ਼ੌਲ਼ਦਾ ਹੋਇਆ ਇੱਕ ਵਹਿਣ ਵਗਿਆ, ਦਰਬਾਰ ਸਾਹਿਬ ਦੀ ਸੇਵਾ ਕਰ ਰਹੇ ਭਾਈ ਮਨੀ ਸਿੰਘ ਜੀ ਨੇ ਆਪਣਾ ਬੰਦ ਬੰਦ ਕਟਵਾ ਕੇ ਸੰਮਤ ੧੭੯੪ ਨੂੰ ਸ਼ਹੀਦੀ ਪ੍ਰਾਪਤ ਕੀਤੀ। ਜਦੋਂ ਕੇਸਾਂ ਦੀ ਗੱਲ ਆਉਂਦੀ ਹੈ ਤਾਂ ਭਾਈ ਤਾਰੂ ਸਿੰਘ ਦੀ ਸ਼ਹਾਦਤ ਅੱਖਾਂ ਦੇ ਸਾਹਮਣੇ ਲਹੂ ਵਿੱਚ ਗੜੁਚ ਹੋਈ ਖੋਪਰੀ ਦਿਸਦੀ ਹੈ। ਕਵੀ ਉਤਮ ਸਿੰਘ ‘ਮੌਜੀ’ ਜੀ ਦੀਆਂ ਸਤਰਾਂ ਸਾਹਮਣੇ ਆ ਖੜੀਆਂ ਹੁੰਦੀ ਹਨ।
ਲੱਖਾਂ ਹੋਣੀਆਂ ਨੂੰ ਜਿਹੜਾ ਖਾਣ ਵਾਲਾ, ਉਸ ਸਿੱਖ ਦੀ ਸਿੱਖੀ ਨੂੰ ਖਾ ਗਈ ਕੈਂਚੀ।
ਜਬਰ ਜ਼ੁਲਮ ਅੱਗੇ ਜਿਹੜਾ ਝੁਕਿਆ ਨਹੀਂ, ਉਸ ਸਿਰ ਨੂੰ ਅੱਜ ਝੁਕਾਅ ਗਈ ਕੈਂਚੀ।
ਕੱਟਣ ਲੱਗਿਆਂ ਸਿੱਖੀ ਦੇ ਲੱਛਿਆਂ ਨੂੰ, ਕਹਿੰਦੇ ਨਾਈ ਦੀ ਵੀ ਸ਼ਰਮਾ ਗਈ ਕੈਂਚੀ।
ਇਸ ਸੋਹਣੇ ਸਿੱਖੀ ਸਰੂਪ ਤਾਂਈਂ, ਰੁੰਡ-ਮੁੰਡ ਹੈ ਕਿਵੇਂ ਬਣਾ ਗਈ ਕੈਂਚੀ।
ਭਾਈ ਤਾਰੂ ਸਿੰਘ ਨੇ ਕੇਸ ਨਹੀਂ ਲਹਿਣ ਦਿੱਤੇ, ਭਾਵੇਂ ਜ਼ਾਲਮਾਂ ਖੋਪਰੀ ਲਾਹ ਛੱਡੀ।
‘ਮੌਜੀ’ ਪਿਤਾ ਦਸਮੇਸ਼ ਦੀ ਓਟ ਲੈ ਕੇ, ਦੇਖੋ ਸਿੱਖ ਨੇ ਸੱਖੀ ਪੁਗਾਅ ਛੱਡੀ।

ਭਾਈ ਸੁਬੇਗ ਸਿੰਘ ਜੀ ਭਾਈ ਸ਼ਾਹਬਾਜ਼ ਸਿੰਘ ਦੀ ਕੁਰਬਾਨੀ ਦੀ ਚਰਖੜੀ ਘੁੰਮਦੀ ਸਾਰਿਆਂ ਨੂੰ ਅਰਦਾਸ ਵਿੱਚ ਦਿਖਾਈ ਦੇਂਦੀ ਹੈ। ਇਸ ਲਹੂ ਭਿੱਜੇ ਇਤਿਹਾਸ ਦੀ ਦਾਸਤਾਂ ਬਹੁਤ ਲੰਬੀ ਹੈ। ਮੁਲਕ ਦੀ ਅਜ਼ਾਦੀ ਦਾ ਘੋਲ਼ ਘੁਲ਼ਦਿਆਂ ਕਾਹਨੂੰਵਾਨ ਦੇ ਛੰਭ ਵਿੱਚ ਜੂਨ ੧੭੪੬ ਈਸਵੀ ਨੂੰ ਛੋਟਾ ਘੱਲੂਘਾਰਾ ਹੋਇਆ। ਹਜ਼ਾਰਾਂ ਦੀ ਗਿਣਤੀ ਵਿੱਚ ਅਣਖ਼ੀ ਪੁਰਖਿਆਂ ਨੇ ਛੰਭ ਦੇ ਖੋਭਿਆਂ ਵਿੱਚ ਮੌਤ ਨਾਲ ਹਠਖੇਲੀਆਂ ਕੀਤੀਆਂ। ਸਿੰਘਾਂ ਦੇ ਹਮਲਿਆਂ ਤੋਂ ਤੰਗ ਆਇਆ ਨਾਦਰ ਸ਼ਾਹ, ਜ਼ਕਰੀਆ ਖ਼ਾਂ ਨੂੰ ਪੁੱਛਦਾ ਹੈ, “ਜ਼ਕਰੀਆਂ ਮੈਨੂੰ ਏਨਾ ਕੁ ਦੱਸਦੇ ਕਿ ਇਹਨਾਂ ਅਕਾਲੀਆਂ ਦੇ ਘਰ ਕਿੱਥੇ ਨੇ”। ਲਾਹੌਰ ਦਾ ਜ਼ਾਲਮ ਹਾਕਮ ਗਵਰਨਰ ਜ਼ਕਰੀਆ ਖ਼ਾਂ ਠੰਡਾ ਜੇਹਾ ਹੌਕਾ ਲੈ ਕੇ ਲੰਬਾ ਸਾਹ ਖਿੱਚਦਿਆ ਹੋਇਆ ਬੋਲਿਆ, “ਜਹਾਂ ਪਨਾਹ ਬਾਦਸ਼ਾਹ ਸਲਾਮਤ ਇਹਨਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਤੇ ਸੰਘਣੇ ਜੰਗਲ਼ਾਂ ਵਿੱਚ ਹਨ।” ਪੰਥ ਦੇ ਪ੍ਰਸਿੱਧ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਨੇ ਕੈਸਾ ਸੁੰਦਰ ਲਿਖਿਆ ਹੈ-
ਫਿੱਡਾ ਜੈਸਾ ਟੱਟੂਆ, ਔ ਜੁਲੜੂ ਸਾ ਕਾਠੀ ਪਾਏ,
ਰੱਸੜੂ ਲਗਾਮ ਤੇ ਰੱਸੜੂ ਰਕਾਬ ਜੂ।
ਪਾਟਿਆ ਸਾ ਕੱਛੜੂ, ਨੀਲੜੂ ਸਾ ਚਾਦਰੂ ਹੈ,
ਢੁੱਚੂ ਜੈਸਾ ਪੱਗੜੂ ਬਣਾਇਆਂ ਸਿਰਤਾਜ ਜੂ।
ਟੁੱਟਿਆ ਜੈਸਾ ਤੇਗੜੂ ਤੇ ਲੀਰੜੂ ਮਿਆਨ ਜਾ ਕੇ,
ਗਠ ਸਠ ਗਾਤਰਾ ਬਣਾਇਆ ਸਭ ਸਾਜ ਜੂ।
ਨਾਮ ਤੋ ਅਕਾਲੜੂ, ਸੋ ਫਿਰੇ ਬੁਰੇ ਹਾਲੜੂ ਸੋ,
ਲੂਟ ਕੂਟ ਖਾਵਣੇ ਕੋ ਡਾਢੇ ਉਸਤਾਜ ਜੂ।
ਲਾਹੌਰ ਦੇ ਸੂਬੇਦਾਰ ਵਲੋਂ, ਘੋੜਿਆਂ ਦੀ ਕਾਠੀਆਂ ਤੇ ਰਹਿਣ ਵਾਲੇ ਅਕਾਲੀਆਂ ਦਾ ਜਦੋਂ ਵਢ੍ਹਾਂਗਾ ਸ਼ੁਰੂ ਹੋਇਆ ਤਾਂ ਘੋੜਿਆਂ ਦੀਆਂ ਕਾਠੀਆਂ `ਤੇ ਹੀ ਅਠਰਾਵੀਂ ਸਦੀ ਅਕਾਲੀ ਬੋਲੀਆਂ ਪਾਉਣ ਲੱਗ ਪਏ, “ਮੰਨੂ ਹੈ ਅਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਮੰਨੂੰ ਸਾਨੂੰ ਵੱਢਦਾ ਅਸੀਂ ਦੂਣੇ ਚੌਣੇ ਹੋਏ”। ਸਰਕਾਰਾਂ ਦੀਆਂ ਰੰਬੀਆਂ ਹਾਰ ਗਈਆਂ ਸਿਰੜੀ ਸਿੰਘਾਂ ਦੇ ਅੱਗੇ ਆਰਿਆਂ ਦੇ ਦੰਦੇ ਖੁੰਢੇ ਹੋ ਗਏ ਪਰ ਸ਼ਹਾਦਤਾਂ ਦਾ ਜਾਮ ਪੀਣ ਵਾਲਿਆਂ ਦਾ ਹੜ੍ਹ ਆ ਗਿਆ।
ਸੰਨ ੧੭੬੧ ਈਸਵੀ ਨੂੰ ਅਹਿਮਦਸ਼ਾਹ ਅਬਦਾਲੀ ਪਾਨੀਪਤ ਦੇ ਮੈਦਾਨ ਵਿਚ, ਮਰਹੱਟਿਆਂ ਦੀ ਸ਼ਕਤੀ ਨੂੰ ਨੇਸਤੋਬੂਦ ਕਰਦਾ ਹੋਇਆ, ਜਦੋਂ ਲੁੱਟ ਦਾ ਮਾਲ ਤੇ ਭਾਰਤੀ ਬੱਚੇ ਬੱਚੀਆਂ ਨੂੰ ਬੰਨ੍ਹ ਕੇ ਆਪਣੇ ਨਾਲ ਲਿਜਾ ਜਾ ਰਿਹਾ ਸੀ ਤਾਂ ਰਸਤੇ ਵਿਚੋਂ ਅਠਾਰਵੀਂ ਸਦੀ ਦੇ ਮਰਜੀਵੜੇ ਅਕਾਲੀਆਂ ਨੇ ਜਿੱਥੇ ਉਸ ਦੀ ਲੁੱਟ ਦਾ ਮਾਲ ਹੌਲਾ ਕੀਤਾ ਓੱਥੇ ਬਹੁਤ ਸਾਰੇ ਬੱਚੇ ਬੱਚੀਆਂ ਨੂੰ ਵੀ ਉਸ ਦੀ ਕੈਦ ਵਿਚੋਂ ਮੁਕਤ ਕਰਵਾ ਕੇ ਉਹਨਾਂ ਨੂੰ ਘਰੋ ਘਰੀ ਪਾਹੁੰਚਾਉਣ ਦਾ ਯਤਨ ਕੀਤਾ। ਲਾਹੌਰ ਦੇ ਸੂਬੇਦਾਰ ਪਾਸ ਅਬਦਾਲੀ ਪਿੱਟ ਉੱਠਿਆ ਤੇ ਕਹਿੰਦਾ, “ਯਾਰੋ ਲੱਖਾਂ ਦੀ ਗਿਣਤੀ ਵਿੱਚ ਮਰਹੱਟੇ ਮੇਰੇ ਸਾਹਮਣੇ ਕੁਸਕੇ ਨਹੀਂ, ਪਰ ਮੁੱਠੀ ਭਰ ਘੋੜਿਆਂ ਦੀਆਂ ਕਾਠੀਆਂ `ਤੇ ਰਹਿਣ ਵਾਲਿਆਂ ਨੇ ਮੇਰਾ ਨੱਕ ਵਿੱਚ ਦਮ ਕਰ ਦਿੱਤਾ”। ਲਾਹੌਰ ਦੇ ਸੂਬੇਦਾਰ ਨੇ ਕਿਹਾ, “ਜਹਾਂ ਪਨਾਂਹ ਇਹਨਾਂ ਨੇ ਆਪਣੇ ਗੁਰੂ ਕੋਲੋਂ ਆਬੇ-ਹਯਾਤ ਲਿਆ ਹੋਇਆ ਹੈ ਇਸ ਲਈ ਇੱਕ ਮਰਦਾ ਚਾਰ ਜੰਮਦੇ ਨੇ ਹੁਣ ਸਾਡੇ ਵੱਸਦਾ ਰੋਗ ਨਹੀਂ ਹੈ, ਤੁਸੀਂ ਹੀ ਕੋਈ ਚਾਰਾ ਕਰੋ”। ਗਿਆਨੀ ਗਿਆਨ ਸਿੰਘ ਦੇ ਬੋਲ ਤਾਂ ਅੱਜ ਵੀ ਮੁਰਦਿਆਂ ਵਿੱਚ ਜਾਨ ਪਾਉਣ ਵਾਲੇ ਨੇ—
ਮੁਰਸ਼ਦ ਇਨ ਕਾ ਵਲੀ ਭਇਓ ਹੈ, ਇਨ ਕੋ ਆਬੇ ਹਯਾਤ ਦਯੋ ਹੈ।
ਗ਼ਜ਼ਬ ਅਸਰ ਤਿਸ ਕਾ ਹਮ ਦੇਖਾ ਬੁਜ਼ਦਿੱਲ ਹੋਵਤ ਸ਼ੇਰ ਬਸੇਖਾ।
ਕਾਣ ਨਾ ਕਾਹੂੰ ਕੀ ਇਹ ਰਾਖਤ, ਸ਼ਹਿਨਸ਼ਾਹ ਖ਼ੁਦ ਹੀ ਕੋ ਭਾਖਤ।
ਔਰ ਸਭਨ ਕੋ ਜੀਵ ਚੁਰਾਸੀ ਮਾਨਤ ਆਪਨ ਤਾਹਿਂ ਅਬਿਨਾਸੀ।
ਅੱਗ-ਬਗੋਲਾ ਤੇ ਦੰਦੀਆਂ ਕਰਚੀਦਾ ਹੋਏ ਅਬਦਾਲੀ ਨੇ ਫੂੰਕਾਰਾ ਮਾਰਿਆ ਤੇ “ਕਹਿੰਦਾ ਅਗਲਾ ਹਮਲਾ ਮੇਰਾ ਇਹਨਾਂ ਅਕਾਲੀਆਂ ਵਾਸਤੇ ਹੀ ਹੋਏਗਾ ਤੇ ਇਹਨਾਂ ਦੀ ਵੱਧਦੀ ਹੋਈ ਤਾਕਤ ਨੂੰ ਸਦਾ ਲਈ ਪੰਜਾਬ ਵਿਚੋਂ ਖ਼ਤਮ ਕਰ ਦਿਆਂਗਾ”। ਇੰਜ ਹੀ ਹੋਇਆ ੫ ਫਰਵਰੀ, ੧੭੬੨ ਈਸਵੀ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਬਹੁਤ ਵੱਡਾ ਹਮਲਾ ਕੀਤਾ। ਤੀਹ ਹਜ਼ਾਰ ਦੇ ਲੱਗ-ਪਗ ਇਕੋ ਦਿਨ ਦੇ ਵਿੱਚ ਹੀ ਸਿੰਘ ਸਿੰਘਣੀਆਂ ਨੇ ਸ਼ਹਾਦਤ ਦਾ ਜਾਮ ਪੀਤਾ।
ਸੋਨੇ ਦੀ ਚਿੜੀ ਦੇ ਵੱਖ ਵੱਖ ਹਮਲਾਵਰਾਂ ਨੇ ਸਮੇਂ ਸਮੇਂ ਇਹਦੇ ਖੰਭ ਖੋੲ੍ਹੇ, ਧੀਆਂ, ਭੈਣਾਂ ਤੇ ਨੌਜਵਾਨ ਬੱਚਿਆਂ ਨੂੰ ਗ਼ਜ਼ਨਵੀ ਦੇ ਬਜ਼ਾਰਾਂ ਵਿੱਚ ਨਿਲਾਮ ਕੀਤਾ ਜਾਂਦਾ ਰਿਹਾ। ਪਿਆਰਾ ਸਿੰਘ ‘ਪਦਮ’ ਦੇ ਅਨੁਸਾਰ ਲੱਖਾਂ ਦੇ ਹਿਸਾਬ ਨਾਲ ਮਾਲ ਅਸਬਾਬ ਨੂੰ ਭਾਰਤ ਵਿਚੋਂ ਲਿਜਾਂਦੇ ਰਹੇ। ਪਰ ਇਸ ਭਿਆਨਕ ਦੌਰ ਵਿੱਚ ਸਿੰਘ ਦੇ ਕਿਰਦਾਰ ਦੀ ਮੂੰਹ ਬੋਲਦੀ ਤਸਵੀਰ ਹਰ ਭਾਰਤੀ ਦੀ ਜ਼ਬਾਨ `ਤੇ ਸੀ “ਮੋੜੀ ਬਾਬਾ ਕੱਛ ਵਾਲਿਆ ਰਨ ਗਈ ਬਸਰੇ ਨੂੰ”। ਭਾਵ ਬਾਬਾ ਜੀ ਤੁਸੀਂ ਹੀ ਸਾਡੀਆਂ ਧੀਆਂ ਭੈਣਾਂ ਨੂੰ ਜ਼ਾਲਮਾਂ ਹਾਕਮਾਂ ਪਾਸੋਂ ਬਚਾ ਸਕਦੇ ਹੋ ਤੇ ਇਹਨਾਂ ਦੀ ਇੱਜ਼ਤ ਦੇ ਰਾਖੇ ਹੋ। ਜ਼ਾਲਮ ਹਾਕਮਾਂ ਨੂੰ ਨਕੇਲ ਪਾਈ ਖੈਬਰ ਦੇ ਦਰੇ ਸਦਾ ਲਈ ਮਹਾਂਰਾਜਾ ਰਣਜੀਤ ਸਿੰਘ ਦੀ ਫ਼ੌਜ ਨੇ ਬੰਦ ਕਰ ਦਿੱਤੇ।
ਮਹਾਂਰਾਜਾ ਰਣਜੀਤ ਸਿੰਘ ਨੇ ਇੱਕ ਬੀਬੀ ਨੂੰ ਨੱਚਦਿਆਂ ਦੇਖਿਆ, ਸੂਰਬੀਰ ਅਕਾਲੀ ਫੂਲਾ ਸਿੰਘ ਦਾ ਖ਼ੂਨ ਉਬਲ਼ਿਆਂ, ਅੱਖਾਂ ਵਿਚੋਂ ਅੱਗ ਬਰਸੀ ਤੇ ਉਹਨੇ ਕਿਹਾ, “ਰਣਜੀਤ ਸਿੰਘਾ! ਬੀਬੀਆਂ ਦੇ ਮੁਜਰੇ ਦੇਖਣ ਨੂੰ ਸਿੱਖ ਸਿਧਾਂਤ ਇਹਦੀ ਆਗਿਆ ਨਹੀਂਓਂ ਦੇਂਦਾ”। ਮਹਾਂਰਾਜੇ ਨੂੰ ਗਲਤੀ ਦਾ ਅਹਿਸਾਸ ਹੋਇਆ ਤੇ ਕੋਰੜੇ ਖਾਣ ਲਈ ਆਪਣੇ ਆਪ ਨੂੰ ਪੇਸ਼ ਕਰ ਦਿੱਤਾ। ਭਾਵੇਂ ਉਸ ਨੂੰ ਮੁਆਫ਼ ਕਰ ਦਿੱਤਾ। ਅੱਜ ਕਿਥੋਂ ਲਭੀਏ ਅਜੇਹੇ ਸਿਰ-ਲੱਥ ਅਕਾਲੀ ਦੇ ਕਿਰਦਾਰ ਨੂੰ। ਅੱਜ ਅਰਧ ਲਿਬਾਸ ਵਿੱਚ ਹੋ ਰਹੇ ਬੱਚੀਆਂ ਦੇ ਨਾਚ ਨੂੰ ਬੀਬੀਆਂ ਦਾੜੀਆਂ ਵਾਲੇ ਬੇ-ਹਯਾਈ ਨਾਲ ਦੇਖਦੇ ਹੋਏ ਭੋਰਾ ਸ਼ਰਮ ਮਹਿਸੂਸ ਨਹੀਂ ਕਰਦੇ, ਕਿਉਂਕਿ ਉਹ ਕਿਹੜੀਆਂ ਸਾਡੀਆਂ ਆਪਣੀਆਂ ਧੀਆਂ ਨੇ। ਹੁਣ ਤੇ ਅਸੀਂ ਉਹ ਅਕਾਲੀ ਹੀ ਰਹਿ ਗਏ ਹਾਂ, ਕੇਵਲ ਉਸ ਦੀ ਧੋਣ `ਤੇ ਹੀ ਗੋਡਾ ਦੇਣ ਲਈ ਜੋ ਸੱਚ ਬੱੋਲੇਗਾ ਸੱਚ ਲਿਖੇਗਾ। ਅਜੇਹੇ ਸੂਰਬੀਰ ਯੋਧੇ ਪੁਰਖਿਆਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਦੇਖੀਆਂ ਜਾ ਸਕਦੀਆਂ ਹਨ।
ਸਿੱਖ ਸਿਧਾਂਤ ਨੂੰ ਖੋਰਾ ਲੱਗਿਆ, ਦਰਬਾਰ ਸਹਿਬ ਦੀ ਹਦੂਦ ਵਿੱਚ ਮੂਰਤੀਆਂ ਆ ਗਈਆਂ। ਗੁਰਸਿੱਖੀ ਦੇ ਅਹਿਸਾਸ ਵਾਲੇ ਸਿੱਖਾਂ ਨੇ ਮੂਰਤੀਆਂ ਚੁਕਾ ਕੇ ਹੀ ਸਾਹ ਲਿਆ। ਹੰਕਾਰੀ ਪੁਜਾਰੀਆਂ ਨੇ ਹੁਕਮ ਨਾਮੇ ਜਾਰੀ ਕੀਤੇ ਕਿ ਮੂਰਤੀਆਂ ਚਕਾਉਣ ਵਾਲੇ ਤਾਂ ਸਿੱਖ ਹੀ ਨਹੀਂ ਹਨ। ਮਹੰਤਾਂ ਦੀਆਂ ਬਦ-ਫੈਲੀਆਂ ਵਾਲੀਆਂ ਕਾਲ਼ੀਆਂ ਕਰਤੂਤਾਂ ਤੇ ਮਨ ਮਾਨੀਆਂ ਜੱਗ ਜ਼ਾਹਰ ਹੋਈਆਂ ਤਾਂ ਅਣਖੀ ਸਿੰਘਾਂ ਨੇ ਗੁਰਦੁਆਰਾ ਸੁਧਾਰ ਲਹਿਰ ਚਲਾ ਦਿੱਤੀ। ਨਾਨਕਾਣਾ ਸਾਹਿਬ ਦਾ ਸਾਕਾ ਸਾਰਿਆਂ ਨੂੰ ਮੂੰਹ ਜ਼ਬਾਨੀ ਯਾਦ ਹੈ। ਜਿਉਂਦਿਆਂ ਸਿੰਘਾਂ ਨੂੰ ਜੰਡਾਂ ਨਾਲ ਬੰਨ੍ਹ ਕੇ, ਉੱਪਰ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ, ਦਿਨ ਦੀਵੀਂ ਤੜਫਦੇ ਹੋਏ ਜਿਉਂਦੇ ਅਕਾਲੀ ਦੇਖਦਿਆਂ ਦੇਖਦਿਆ ਰਾਖ ਦੀ ਢੇਰੀ ਹੋ ਗਏ। ਮੱਘਦੀ ਆਵੀ ਵਿੱਚ ਜਿਉਂਦੇ ਪਰਵਾਨੇ ਨੂੰ ਝੋਕ ਦਿੱਤਾ ਗਿਆ, ਦੇਖਦਿਆਂ ਦੇਖਦਿਆਂ ਹੀ ਉਹ ਲਾਲ ਸੁਰਖ ਲਾਟਾਂ ਵਰਗਾ ਹੀ ਹੋ ਗਿਆ।
ਸ਼ਾਤ ਮਈ ਰਹਿ ਕੇ ਬੀ ਟੀ ਦੀਆਂ ਡਾਂਗਾਂ ਖਾਂਦਿਆਂ ਅੰਗਰੇਜ਼ੀ ਅਫਸਰਾਂ ਨੂੰ ਤ੍ਰੇਲ਼ੀਆਂ ਲਿਆ ਦਿੱਤੀਆਂ। ਆਪਣਿਆਂ ਦੰਦਾਂ ਨਾਲ ਉਂਗਲ਼ਾਂ ਟੁੱਕਦਿਆਂ ਸ਼ਰਮ ਦੇ ਮਾਰਿਆ ਹਾਕਮਾ ਨੇ ਅਕਾਲੀਆਂ ਅੱਗੇ ਗੋਡੇ ਟੇਕ ਦਿੱਤੇ। ਗੁਰਦੁਆਰਿਆਂ ਨੂੰ ਅਜ਼ਾਦ ਕਰਾਉਣ ਲਈ ਅਕਾਲੀਆਂ ਨੇ ਹੱਡ ਤੁੜਵਾਏ, ਮੌਰ ਭੰਨਾਏਂ, ਜਾਇਦਾਦਾਂ ਕੁਰਕ ਕਰਵਾਈਆਂ, ਜੇਲ੍ਹਾਂ ਵਿੱਚ ਗੋਰੀ ਸਰਕਾਰ ਦਾ ਵੈਹਸ਼ੀ ਜ਼ੁਲਮ ਦੇਸੀ ਭਰਾਵਾਂ ਦੇ ਹੱਥੋਂ ਆਪਣਿਆਂ ਸਰੀਰਾਂ `ਤੇ ਹੰਢਾਇਆ। ਦੇਸ਼ ਦੀ ਅਜ਼ਾਦੀ ਲਈ ਅਕਾਲੀਆਂ ਨੇ ਕਾਲੇ ਪਾਣੀਆਂ ਨੂੰ ਸਲਾਮ ਕੀਤਾ, ਫਾਂਸੀ ਦਿਆਂ ਰੱਸਿਆਂ ਨੂੰ ਚੁੰਮਿਆਂ ਤੇ ਮੌਤ ਨਾਲ ਗਲਵੱਕੜੀ ਪਾਈ ਤੇ ਦੇਸ਼ ਅਜ਼ਾਦ ਕਰਾ ਕੇ ਹੀ ਸਾਹ ਲਿਆ। ਪ੍ਰਸਿੱਧ ਕਵੀ ਹਰੀ ਸਿੰਘ ‘ਦਿਲਬਰ’ ਦੀਆਂ ਸਤਰਾਂ ਬਹੁਤ ਭਾਵ ਪੂਰਤ ਹਨ—
ਮੈਨੂੰ ਜ਼ਿੰਦਗੀ ਮਿਲੀ ਕੁਰਬਾਨੀਆਂ ਦੀ ਲਿਖੀ ਖ਼ੂਨ ਨਾਲ ਗਈ ਤਕਦੀਰ ਮੇਰੀ।
ਇਕ ਇੱਕ ਅੰਗ ਵਿੱਚ ਭਗਤੀ ਦੀ ਕਲਾ ਗੁੰਦੀ ਸਾਥਣ ਰਹੀ ਸਦਾ ਸ਼ਮਸ਼ੀਰ ਮੇਰੀ।
ਮੈਂ ਲਾਈਆਂ ਠੋਕਰਾਂ ਦੌਲਤਾਂ ਬਖਸ਼ਿਸ਼ਾਂ ਨੂੰ ਮੇਰੇ ਸਾਹਮਣੇ ਰੰਬੀਆਂ ਹਾਰ ਗਈਆਂ।
ਮੇਰੇ ਖੰਭ ਨਾ ਕਿਸੇ ਤੋਂ ਗਏ ਖੋਹੇ ਭਾਵੇਂ ਬਿਜਲੀਆਂ ਆਹਲਣੇ ਸਾੜ ਗਈਆਂ।
ਮੁਲਕ ਅਜ਼ਾਦ ਹੋਣ `ਤੇ ਦੇਸੀ ਹਾਕਮਾਂ ਨੇ ਪੰਜਾਬ ਨਾਲ ਬੇ-ਵਫ਼ਾਈਆਂ ਦੇ ਸਬੂਤ ਦੇਣੇ ਸ਼ੁਰੂ ਕਰ ਦਿੱਤੇ। ਪੰਜਾਬ ਆਪਣੇ ਹੱਕਾਂ ਲਈ ਫਿਰ ਜੂਝਿਆ, ਅਕਾਲੀਆਂ ਨੇ ਮੋਰਚੇ ਲਾਏ ਲੋਕਾਂ ਨੇ ਅਕਾਲੀਆਂ ਦੀ ਇੱਕ ਅਵਾਜ਼ ਤੇ ਜੇਹਲਾਂ ਭਰ ਦਿੱਤੀਆਂ।
ਜਦੋਂ ਅਕਾਲੀਆਂ ਦੇ ਕਿਰਦਾਰ ਦੀ ਗੱਲ ਆਉਂਦੀ ਹੈ ਤਾਂ ਓਦੋਂ ਮਾਸਟਰ ਤਾਰਾ ਸਿੰਘ ਦੇ ਜੀਵਨ ਦੀ ਘਟਨਾ ਸਾਹਮਣੇ ਆ ਜਾਂਦੀ ਹੈ। ਇੱਕ ਅੰਗਰੇਜ਼ ਬੀਬੀ ਆਪਣਾ ਅਨੁਭਵ ਦੱਸਦੀ ਹੈ ਕਿ “ਮੈਂ ਤੇ ਮਾਸਟਰ ਤਾਰਾ ਸਿੰਘ ਬੰਬਈ ਤੋਂ ਇਕੋ ਡੱਬੇ ਵਿੱਚ ਇਕੱਠਿਆਂ ਸਫਰ ਕੀਤਾ। ਮੈਂ ਸੁਣਿਆ ਹੈ ਕੋਈ ਲਛਮਣ ਜਤੀ ਹੋਇਆ ਹੈ ਪਰ ਮੈਨੂੰ ਉਹਦੇ ਬਾਰੇ ਪੂਰਾ ਪਤਾ ਨਹੀਂ ਕਿ ਉਹ ਹੋਇਆ ਵੀ ਹੈ ਕਿ ਨਹੀਂ, ਪਰ ਅੱਜ ਇੱਕ ਉਸ ਕਲਗੀਧਰ ਦੇ ਪੁੱਤਰ ਨੂੰ ਮੈਂ ਦੇਖਿਆ ਹੈ ਜਿਸ ਨੇ ਬੰਬਈ ਤੋਂ ਲੈ ਕੇ ਪੰਜਾਬ ਤਕ ਮੈਨੂੰ ਚੋਰ ਅੱਖ ਨਾਲ ਵੀ ਨਹੀਂ ਦੇਖਿਆ”। ਅੱਜ ਅਕਾਲੀ ਦਲ ਸਿੱਖੀ ਸਿਧਾਂਤ ਤੋਂ ਤਿਲਕ ਗਿਆ ਸਭ ਦੇ ਸਾਹਮਣੇ ਹੈ। ਕਿੱਥੇ ਇਹ ਮੁਹਾਵਰੇ ਜੋ ਸਾਡੀ ਮਹਾਨਤਾ ਵਿੱਚ ਬਣੇ ਹੋਏ ਸਨ ਕਿ “ਮੋੜੀ ਬਾਬਾ ਕੱਛ ਵਾਲਿਆ ਰੰਨ ਗਈ ਬਸਰੇ ਨੂੰ” ਤੇ ਅੱਜ ਐਮ. ਪੀ ਦੀ ਟਿਕਟ ਲਈ ਕੋਈ ਰਾਗੀ, ਢਾਡੀ, ਕਥਾਵਾਚਕ, ਪਰਚਾਰਕ ਅਕਾਲੀਆਂ ਨੂੰ ਫੁੱਟੀ ਅੱਖ ਨਾਲ ਵੀ ਨਹੀ ਭਾਇਆ ਤੇ ਟਿਕਟ ਦਿੱਤੀ ਉਸ ਨਾਮ ਧਰੀਕ ਪ੍ਰਧਾਨ ਦਰਵੇਸ਼ ਗਾਇਕ ਨੂੰ ਜੋ ਧੀਆਂ ਪ੍ਰਤੀ ਇਹ ਸੋਚ ਰੱਖਦਾ ਹੋਵੇ— “ਓਹ ਦੇਖੋ! ਓਹ ਦੇਖੋ! ਸੜਕਾਂ ਤੇ ਅੱਗ ਤੁਰੀ ਜਾਂਦੀ ਹੈ” ਸਾਡਿਆਂ ਪਿੰਡਾਂ ਵਿੱਚ ਪਿੰਡ ਦੀ ਕੋਈ ਧੀ ਭੈਣ ਸਫ਼ਰ ਕਰਦਿਆਂ ਮਿਲ ਜਾਂਦੀ ਸੀ ਤਾਂ ਲੋਕ ਉਸ ਨੂੰ ਟਿਕਟ ਨਹੀਂ ਲੈਣ ਦੇਂਦੇ ਸਨ ਕਿ ਇਹ ਮੇਰੇ ਪਿੰਡ ਦੀ ਧੀ ਭੈਣ ਹੈ। ਪਰ ਅੱਜ ਅਕਾਲੀ ਸਿੱਖ ਸਿਧਾਂਤ ਤੋਂ ਤਿਲਕੇ ਨੇ ਤੇ ਅਟਕੇ ਉਸ ਗਾਇਕ ਤੇ ਜੋ ਕਿਸੇ ਦੀ ਧੀ ਭੈਣ ਨੂੰ ਦੇਖ ਕੇ ਕ੍ਹਿਲ ਕ੍ਹਿਲ਼ ਕੇ ਗਾ ਰਿਹਾ ਹੋਵੇ ਸਾਡਾ ਦਿੱਲ ਟੋਟੇ ਟੋਟੇ ਹੋ ਗਿਆ ਹੈ ਕੀ ਕਰੀਏ ਕੀ ਕਰੀਏ, ਹੁਣ ਇਹਦਾ ਹੱਲ ਤੇ ਇਕੋ ਹੀ ਹੈ ਕਿ ਖੂਹ ਵਿੱਚ ਛਾਲ ਮਾਰੋ ਹੋਰ ਹੁਣ ਕੀ ਕਰਨਾ ਜੇ। ਕਹਿੰਦੇ ਨੇ ਜੀ ਇਹ ਸਾਡਾ ਸਭਿਆਚਾਰ ਹੈ। ਸਿੰਘਾ ਤੇਰਾ ਸਭਿਆਚਾਰ ਚਮਕੌਰ ਦੀ ਜ੍ਹੂਹ, ਸਰਹੰਦ ਦੀ ਦੀਵਾਰ ਤੇ ਕੇਸਗੜ੍ਹ ਦਾ ਈ। ਇਹ ਲੱਚਰ ਗਾਇਕੀ ਵਾਲਾ ਸਾਡਾ ਸਭਿਆਚਾਰ ਨਹੀਂ ਏਂ। ਸਿੱਖ ਰਹਿਤ ਮਰਯਾਦਾ ਪੰਨਾ ਨੰਬਰ ੨੦ `ਤੇ ਲਿਖਿਆ ਹੈ ਕਿ ਤਿਲਕ, ਜੰਞੂ, ਤੁਲਸੀ ਮਾਲਾ, ਗੋਰ, ਮੱਠ, ਮੜ੍ਹੀ, ਮੂਰਤੀ ਪੂਜਾ ਆਦਿ ਭਰਮ ਰੂਪ ਕਰਮਾਂ ਉੱਤੇ ਨਿਸਚਾ ਨਹੀਂ ਕਰਨਾ। ਗੁਰ-ਅਸਥਾਂਨ ਤੋਂ ਬਿਨਾ ਕਿਸੇ ਅਨ-ਧਰਮ ਦੇ ਤੀਰਥ ਜਾਂ ਧਾਮ ਨੂੰ ਆਪਣਾ ਅਸਥਾਨ ਨਹੀਂ ਮੰਨਣਾ। ਇੰਜ ਲੱਗਦਾ ਹੈ ਅਜ ਅਕਾਲੀ ਦਲ ਆਪਣੇ ਅਸਲੀ ਸਿੱਖੀ ਸਿਧਾਂਤ ਤੋਂ ਥਿੜਕ ਗਿਆ ਹੈ। ਨਹੀਂ ਤੇ ਮੌਲ਼ੀਆਂ ਦੇ ਧਾਗੇ ਹੱਥ ਦਿਆਂ ਦੇ ਗੁੱਟਾਂ `ਤੇ ਬੰਨ੍ਹ ਕੇ ਤੇ ਮੱਥਿਆਂ `ਤੇ ਤਿਲਕ ਨਾ ਲਗਾਉਂਦਾ ਫਿਰਦਾ। ਹੇ ਅਕਾਲੀ ਦਲਾ ਤੇਰਾ ਰੱਬ ਰਾਖਾ ਈ!
.