ਗੁਰੂ ਗ੍ਰੰਥ ਤੇ ਗੁਰੂ ਪੰਥ
੧੭੦੮ ਤੋਂ ਅੱਜ ੨੦੦੯ ਤਿੱਕਰ ਲਗਪਗ
ਤਿੰਨ ਸੌ ਇੱਕ ਸਾਲ ਹੋਣ ਜਾ ਰਹੇ ਹਨ ਜਿਸ ਵੇਲੇ ਕਲਗੀਧਰ, ਨੀਲੇ ਦੇ ਸ਼ਾਹ ਸਵਾਰ, ਚਿੱਟਿਆਂ
ਬਾਜਾਂਵਾਲੇ, ਸਰਬੋਤਮ ਜਰਨੈਲ, ਸਾਹਿਤ ਪ੍ਰੇਮੀ, ਖੰਡੇ ਬਾਟੇ ਦੀ ਪਹੁਲ ਤਿਆਰ ਕਰਕੇ ਖ਼ਾਲਸੇ ਨੂੰ
ਪ੍ਰਗਟ ਕਰਨ ਵਾਲੇ, ਸੰਤ-ਸਿਪਾਹੀ ਬਾਬੇ ਦੇ ਪੋਤੇ, ਸ਼ਹੀਦ ਮਾਤਾ ਪਿਤਾ ਦੇ ਸਪੁਤਰ, ਸ਼ਹੀਦ ਸਪੁਤਰਾਂ
ਦੇ ਪਿਤਾ ਜਾਣੀ ਸਰਬੰਸਦਾਨੀਂ, ਸਾਹਿਬੇ ਕਮਾਲ ਗੁਰੂ ਨਾਨਕ ਦੀ ਦਸਮੀਂ ਜੋਤਗੁਰੂ ਗੋਬਿੰਦ ਸਿੰਘ ਜੀ
ਨੇ ਪੋਥੀ ਸਹਿਬ (ਗ੍ਰੰਥ ਸਹਿਬ) ਦੇ ਸਨਮੁੱਖ ਅੰਤਰਧਿਆਨ ਹੋ ਕੇ ਅਰਦਾਸ ਕਰਨ ੳਪ੍ਰੰਤ ਸੀਸ ਨਿਵਾਇਆ
ਅਤੇ ਸਭ ਸਿੱਖਾਂ ਨੂੰ ਅੱਗੋਂ ਹਮੇਸ਼ਾਂ ਲਈ ਸਰੀਰਿਕ ਗੁਰਿਆਈ ਦੀ ਥਾਂਹ ਆਦਿ ਗੁਰੂ ਗ੍ਰੰਥ ਸਹਿਬ ਜੀ
ਨੂੰ ਗੁਰਿਆਈ ਦੀ ਬਖਸ਼ਿਸ਼ ਕਰਕੇ ਸਦੀਵੀ ਅਗਵਾਈ ਸ਼ਬਦ ਗੁਰੂ ਤੋਂ ਲੈਣ ਦੀ ਹਦਾਇਤ ਕੀਤੀ।
ਜਿਸ (ਗੁਰੂ ਗ੍ਰੰਥ ਸਹਿਬ) ਵਿੱਚ ਪ੍ਰਮਾਤਮਾਂ ਅਤੇ ਮਨੁੱਖਤਾ ਨੂੰ ਵੰਡਣ ਵਾਲੇ ਫਲਸਫੇ ਦਾ,
ਬੁੱਤ/ਮੂਰਤੀ ਅਤੇ ਸ਼ਰੀਰਿਕ ਪੂਜਾ ਦਾ ਸਪਸ਼ਟਤਾ ਨਾਲ ਖੰਡਨ ਕੀਤਾ ਗਿਆ ਹੈ, ਤਾਂ ਕਿ ਮਾਨਵਤਾ ਇੱਕ
ਪ੍ਰਭੂ ਨਾਲ ਜੁੜ ਕੇ ਏਕਤਾ ਵਿੱਚ ਪਰੋਈ ਜਾ ਸਕੇ। ਪਰ ਸਾਡਾ ਇਹ ਦੁਖਾਂਤ ਹੈ ਕਿ ਅਸੀਂ ਇੱਕ
ਅਕਾਲ-ਪੁਰਖ ਦੇ ਪੁਤਰ ਅਤੇ ਇੱਕ ਗੁਰੂ ਦੇ ਸਿੱਖ ਹੋਣ ਦੇ ਬਾਵਯੂਦ ਜਾਤ-ਪਾਤੀ ਫਿਰਕਿਆਂ (ਭਾਪੇ,
ਖਤਰੀ, ਅਰੋੜੇ, ਰਵਦਾਸੀਏ, ਮਝ੍ਹਬੀ, ਜੱਟ, ਮੈਹਤੋਂ, ਲੁਬਾਣੇ ਭਾਵ ਵਣਜਾਰੇ ਤੇ ਸਿਕਲੀਗਰ, ਕੰਬੋਅ
ਇਤਆਦਿ) ਅਤੇ ਅਨੇਕਾਂ ਧੜਿਆਂ (ਜਥਿਆਂ, ਟਕਸਾਲਾਂ, ਸੰਪਰਦਾਵਾਂ, ਸਾਧ ਤੇ ਸੰਤਾਂ ਦੇ ਅਨੇਕਾਂ
ਡੇਰਿਆਂ, ਮੱਠਾਂ ਅਤੇ ਅਨੇਕਾਂ ਅਖੌਤੀ ਪੰਥਕ ਜਥੇਬੰਦੀਆਂ) ਵਿੱਚ ਵੰਡੇ ਹੋਏ ਹਾਂ। ਇਸ ਤਰਾਂ ਕਰਕੇ
ਕੀ ਅਸੀਂ ਗੁਰੁ ਜੀ ਦਾ ਕਹਿਣਾ (ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ - ਮ: ੫ ਪੰਨਾ
611 ) ਮੰਨ ਰਹੇ ਹਾਂ? ਜਾਂ ਗੁਰੂ (ਗ੍ਰੰਥ) ਜੀ ਨੂੰ ਬਣਦਾ ਸਤਿਕਾਰ ਦੇ ਰਹੇ ਹਾਂ? ਐ ਗੁਰੂ ਕੇ
ਸਿੱਖੋ ਆਪਣੇ ਧੁਰ ਅੰਦਰ ਝਾਤੀ ਮਾਰੋ ਅਤੇ ਪੜਚੋਲ ਕਰੋ ਕਿ ਸਾਡਾ ਸਬੰਧਿਤ ਫਿਰਕਾ, ਧੜਾ ਵਗੈਰਾ ਗੁਰੂ
ਪਾਤਸ਼ਾਹ ਦੇ ਉੱਪਰ ਦੱਸੇ ਹੋਏ ਉਪਦੇਸ਼ ਨੂੰ ਨਕਾਰ ਤਾਂ ਨਹੀਂ ਰਿਹਾ? ਜਾਂ ਇਸ ਦੀ ਉਲੰਘਣਾਂ ਤਾਂ ਨਹੀਂ
ਕਰ ਰਿਹਾ? ਅਗਰ ਐਸਾ ਹੈ (ਅਸਲੀਅਤ ਤਾਂ ਏਹੀ ਹੈ) ਤਾਂ ਹਿੰਮਤ ਕਰਕੇ ਦਫਨਾ ਦਿਓ ਐਸੀ ਫੁਟ ਪਾਊ ਸੋਚ
ਨੂੰ ਔਰ ਕਰ ਦਿਓ ਚਕਨਾਂਚੂਰ ਇਸ ਤਰਾਂ ਦੇ ਫਿਰਕਿਆਂ ਔਰ ਧੜਿਆਂ ਨੂੰ ਜੋ ਸਾਨੂੰ ਗੁਰੂ ਗਾਡੀ ਰਾਹ
ਤੋਂ ਦੂਰ ਲਿਜਾ ਰਹੇ ਹਨ ਅਤੇ ਅਕਾਲ-ਪੁਰਖ (ਹਮਾਰਾ ਧੜਾ ਹਰਿ ਰਹਿਆ ਸਮਾਈ
- ਮ: ੪ ਪੰਨਾ ੩੬੬) ਦੇ ਧੜੇ ਜਾਣੀ ਗੁਰੂ ਵਲੋਂ ਸਾਜੇ ਸਿੱਖ ਪੰਥ ਨਾਲ ਜੁੜ ਕੇ ਗੁਰੂ ਦੀਆਂ
ਖੁਸ਼ੀਆਂ ਮਾਣੋ ਅਤੇ ਮਨੁੱਖਤਾ ਦੀ ਸੇਵਾ ਵਿੱਚ ਜੁਟ ਜਾਓ।
ਗੁਰੂ ਦਸਮ ਪਾਤਸ਼ਾਹ ਜੀ ਨੇ ਤਾਂ ਹੁਕਮ ਕੀਤਾ ਸੀ ਕਿ ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਅਤੇ ਦੀਦਾਰ
ਫ਼ਾਲਸੇ ਕਾ। ਪਰ ਸਿੱਖਾਂ ਦੀ ਬਹੁ ਗਿਣਤੀ ਅੱਜ ਏਨੀਂ ਅਵਾਜ਼ਾਰ ਹੋ ਚੁੱਕੀ ਹੈ ਕਿ ਉਹ ਆਪਣੇ ਸ਼ਬਦ-ਗੁਰੂ
ਦੀ ਸਿੱਖਿਆ ਤੋਂ ਬਿਲਕੁਲ ਉਲਟ ਵਿਚਰਦੀ ਹੋਈ ਹਰ ਉਹ ਵੰਨਸੁਵੰਨੀ ਪੂਜਾ ਕਰ ਰਹੀ ਹੈ, ਜਿਸ ਦਾ
ਗੁਰਮਤਿ ਅਨੁਸਾਰ ਧਰਮ ਨਾਲ ਕੋਈ ਵਾਸਤਾ ਹੀ ਨਹੀਂ। ਦਸਮ ਨਾਨਕ ਪਿਤਾ ਤਾਂ ਸਿੱਖ ਨੂੰ ਇਹ ਸੇਧ ਦੇ
ਰਹੇ ਹਨ:
ਪਰ ਆਮ ਸਿੱਖਾਂ ਤੋਂ ਇਲਾਵਾ ਗਾਤਰੇਧਾਰੀ ਸਿੱਖ ਭੀ ਅਣਧਰਮੀਆਂ ਦੀ ਦੇਖਾ ਦੇਖੀ ਹਰ ਥਾਂਹ (ਦੇਖਾ
ਦੇਖੀ ਸਭ ਕਰੇ ਮਨਮੁਖਿ ਬੂਝ ਨਾ ਪਾਇ - ਮ: ੩ ਪੰ: ੨੮) ਪੈਸੇ ਚੜ੍ਹਾ ਚੜ੍ਹਾ ਕੇ ਮੱਥੇ ਟੇਕੀ ਜਾ
ਰਹੇ ਹਨ, ਚਾਦਰਾਂ ਚੜ੍ਹਾਈ ਜਾ ਰਹੇ ਹਨ, ਗੁਗੇ ਪੂਜੀ ਜਾ ਰਹੇ ਹਨ, ਬਾਲਕ ਨਾਥ, ਹਰ ਤਰਾਂ ਦੀ
ਦੇਵੀ-ਦੇਵਤੇ ਦੇ ਮੰਦਰ, ਹਰ ਤਰਾਂ ਦੇ ਤੀਰਥ, ਵਡਭਾਗ ਸਿੰਹੁ ਦੇ ਡੇਰੇ ਵਰਗੇ ਪਖੰਡੀ ਥਾਂਹ ਗਲ ਕੀ
ਜਿਸ ਵੀ ਕ੍ਰਿਆ-ਕਰਮ ਤੋਂ ਗੁਰੂ ਸਹਿਬਾਂ ਮਨ੍ਹਾਂ ਕੀਤਾ ਸੀ ਓਧਰ ਨੂੰ ਹੀ ਮੁਹਾਰਾਂ ਘੱਤੀ, ਬਿਨ ਅਕਲ
ਨੂੰ ਹੱਥ ਮਾਰਿਆਂ ਅਤੇ ਗੁਰੂ ਡਰ ਭੈਅ ਦੇ, ਤੁਰੇ ਜਾ ਰਹੇ ਹਨ। ਸਿੱਖਾਂ ਦੇ ਇਸ ਰੁਝਾਨ ਕਰਕੇ ਪੰਜਾਬ
ਵਿੱਚ ਅਤੇ ਹੋਰ ਜਿੱਥੇ ਕਿਤੇ ਵੀ ਸਿੱਖਾਂ ਦੀ ਘਣੀ ਅਬਾਦੀ ਹੈ ਓਥੇ ਦੇਹਧਾਰੀ, ਪੁੱਛਾਂਧਾਰੀ,
ਟੂਣੇਧਾਰੀ, ਨਜ਼ੂਮੀ-ਜੋਤਿਸ਼ੀ, ਧਾਗੇ ਤਬੀਤਾਂ ਦੇਣ ਵਾਲੇ ਅਨੇਕਾਂ ਸਾਧ-ਸੰਤ ਡੇਰੇ ਇਤਆਦਿ ਆਪਣਾ ਧੰਦਾ
ਚਲੌਣ ਵਿੱਚ ਸਫਲ ਹੋ ਰਹੇ ਹਨ। ਕੀ ਅਸੀਂ ਇਸ ਤਰਾਂ ਦੇ ਲੁਟੇਰੇ ਅਤੇ ਧੋਖੇਬਾਜਾਂ ਨੂੰ ਕਾਂਮਯਾਬ
ਕਰਕੇ ਆਪਣੀ ਗਿਣਤੀ ਅਸੰਖ ਮੂਰਖਾਂ ਅਤੇ ਅੰਧਘੋਰਾਂ (ਅਸੰਖ ਮੂਰਖ ਅੰਧ ਘੋਰ – ਜਪੁ ਜੀ- ਪੰਨਾ ੪)
ਭਾਵ ਮਹਾਂਮੂਰਖਾਂ ਵਿੱਚ ਤਾਂ ਨਹੀਂ ਕਰਵਾ ਰਹੇ? ਗੁਰੂ ਨੇ ਤਾਂ ਐਸੇ ਕਰਮ ਕਾਂਡਾਂ, ਭਰਮ ਭੁਲੇਖਿਆਂ
ਵਿੱਚੋਂ ਸਾਨੂੰ ਗੁਰਬਾਣੀ ਰੂਪੀ ਗਿਆਨ ਰਾਹੀਂ ਕਢਣ ਦਾ ਲੰਬਾ ਉਪਰਾਲਾ ਅੱਜ ਤੋਂ ਪੰਜ ਸਦੀਆਂ ਤੋਂ ਵਧ
ਸਮਾਂ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਸੀ। ਪਰ ਅਫਸੋਸ ਅੱਜ ਅਸੀਂ ਗੁਰੂ ਕਾਲ ਤੋਂ ਪਹਿਲਾਂ ਵਾਲੀ
ਸਥਿਤੀ ਤੋਂ ਭੀ ਨਿਘਾਰ ਵਾਲੀ ਹਾਲਤ ਵਿੱਚ ਪਹੁੰਚ ਗਏ ਹਾਂ। ਕੀ ਏਹੀ ਹੈ ਸਾਡੀ ਗੁਰੂ ਗ੍ਰੰਥ ਪ੍ਰਤੀ
ਸ਼ਰਧਾ? ਜਿਸ ਨੂੰ ਅਸੀਂ ਹਰ ਰੋਜ਼ ਨਹੀਂ ਤਾਂ ਹਫਤੇ ਬਾਅਦ ਜ਼ਰੂਰ ਮੱਥਾ ਟੇਕਦੇ ਹਾਂ ਪੈਸੇ ਚੜ੍ਹੌਦੇ
ਹਾਂ ਸੁਖਣਾਂ (ਗੁਰਮਤਿ ਅਸੂਲਾਂ ਦੇ ਉਲਟ) ਸੁਖਦੇ ਹਾਂ। ਅਸੀਂ ਇਹ ਸਭ ਕੁੱਝ ਵੀ ਰਸਮੀਂ ਤੌਰ ਤੇ ਹੀ
ਕਰੀਂ ਜਾ ਰਹੇ ਹਾਂ ਜਿਵੇਂ ਸਾਡਾ ਗੁਰੂ ਨਾਲ ਕੋਈ ਸਰੋਕਾਰ ਹੀ ਨਾਂਹ ਹੋਵੇ! ਐ ਗੁਰੂ ਕੇ ਸਿੱਖੋ,
ਬੇਨਤੀ ਹੈ ਹੋਸ਼ ਵਿੱਚ ਆਓ, ਗੁਰੂ ਜੀ ਨੇ ਤਾਂ ਸਾਨੂੰ ਇੱਕ (ਗੁਰੂ ਗ੍ਰੰਥ- ਦੇਹ ਰਹਿਤ ਗਿਆਨ ਦੇ
ਭੰਡਾਰ) ਦੇ ਲੜ ਲਾਇਆ ਸੀ ਜੋ ਸਿੱਖਿਆ ਭੀ ਇੱਕ ਅਕਾਲ ਦੀ ਪੂਜਾ ਕਰਨ ਲਈ ਦਿੰਦਾ ਹੈ
(ਸਾਹਿਬੁ ਮੇਰਾ ਏਕੋ ਹੈ। ਏਕੋ ਹੈ ਭਾਈ ਏਕੋ ਹੈ। - ਮ: ੧ ਪੰਨਾ ੩੫੦)
ਭਾਵ ਸਿਰਫ ਤੇ ਸਿਰਫ ਇੱਕ ਰੱਬ (ਜੋ ਜੰਮਣ ਮਰਨ ਤੋਂ ਰਹਿਤ ਹੈ)। ਪਰ ਗੁਰੂ ਦੇ ਕਹੌਣ ਵਾਲਿਓ ਸਿੱਖੋ
ਤੁਸੀਂ ਕੀ ਕਰ ਰਹੇ ਹੋ! ਆਪਣਾ ਚੀਨੋਂ ਅਤੇ ਪਛਾਣ ਕਰੋ ਕਿ ਗੁਰੂ ਤੁਹਾਡੀ ਪ੍ਰਤੀਤ ਕਿਉਂ ਨਹੀਂ ਕਰ
ਰਿਹਾ! ਤੁਸੀਂ ਗੁਰੂ ਦਾ ਪੱਲਾ ਛਡ ਕੇ ਜ਼ਰੂਰ ਕਿਤੇ ਹੋਦਰੇ ਭਟਕ ਰਹੇ ਹੋ।
ਯਾਦ ਕਰੋ ਗੁਰਬਾਣੀ ਸਾਨੂੰ ਸਿੱਖਿਆ ਦੇ ਰਹੀ ਹੈ ਕਿ, ਗਾਵੀਐ ਸੁਣੀਐ ਮਨਿ ਰਖੀਐ ਭਾਉ – ਜਪੁ ਜੀ, ਇਸ
ਤਰਾਂ ਗੁਰਬਾਣੀ ਨੂੰ ਜਿੱਥੇ ਗਾਉਣ ਅਤੇ ਸੁਣਨ ਦੀ ਪ੍ਰੇਰਨਾ ਹੈ ਓਥੇ ਮਨ ਵਿੱਚ ਪਿਆਰ ਭਾਵਨਾ ਨਾਲ
ਵਸੌਣ ਦੀ ਸੇਧ ਭੀ ਹੈ ਭਾਵ ਉਸ ਅਨੁਸਾਰ ਜੀਵਨ ਬਤੀਤ ਕਰਨ ਦਾ ਸੰਦੇਸ। ਦਰਅਸਲ ਗੁਰਬਾਣੀ ਦੇ ਇਹਨਾਂ
ਮੁੱਦਿਆਂ ਵਿੱਚੋਂ ਅਗਰ ਇੱਕ ਪੱਖ ਭੀ ਅਣਡਿਠ ਕੀਤਾ ਜਾਏ ਤਾਂ ਕੋਈ ਫਾਇਦਾ ਹੋਣ ਦੀ ਸੰਭਾਵਨਾ ਨਹੀਂ
ਰਹਿੰਦੀ। ਤੁਸੀਂ ਜਿੰਨੀ ਮਰਜ਼ੀ ਗੁਰਬਾਣੀ ਪੜ੍ਹ ਲਵੋ, ਯਾਦ ਕਰ ਲਵੋ ਜਾਂ ਜਿੰਨਾਂ ਮਰਜ਼ੀ ਸੁਰ ਤਾਲ
ਨਾਲ ਕੀਰਤਨ ਕਰ ਜਾਂ ਸੁਣ ਲਵੋ ਅਗਰ ਤੁਹਾਨੂੰ ਉਸ ਦੀ ਸਮਝ ਹੀ ਨਹੀਂ ਆਈ ਤਾਂ ਤੁਸੀਂ ਆਪ ਹੀ ਸੋਚੋ
ਉਸ ਦਾ ਕੀ ਲਾਭ। ਉਦਾਹਣ ਵਜੋਂ ਡਾਕਟਰੀ, ਇੰਜਨੀਅਰੀ, ਕਿਸੇ ਤਰਾਂ ਦੀ ਕਾਰੀਗਰੀ ਜਾਂ ਕੋਈ ਹੋਰ ਪੇਸ਼ੇ
ਨੂੰ ਪੜ੍ਹਨ ਵਾਲਾ ਸਿਰਫ ਕਿਤਾਬਾਂ ਪੜ੍ਹਨ ਨਾਲ ਡਾਕਟਰ, ਇੰਜਨੀਅਰ, ਕਾਰੀਗਰ, ਜਿਮੀਦਾਰ ਜਾਂ ਪੇਸ਼ੇ
ਵਜੋਂ ਕੁੱਝ ਹੋਰ ਨਹੀਂ ਬਣ ਸਕਦਾ ਜਿੰਨੀ ਦੇਰ ਉਹ ਉਸ ਖੇਤਰ ਵਿੱਚ ਖ਼ੁਦ ਅਮਲੀ ਤੌਰ ਉੱਪਰ ਕੰਮ ਕਰਨ
ਦਾ ਤਜ਼ਰਬਾ ਹਾਸਿਲ ਨਹੀਂ ਕਰ ਲੈਂਦਾ। ਬਿਲਕੁਲ ਏਸੇ ਤਰਾਂ ਗੁਰੂ ਕਾ ਸਿੱਖ ਭੀ ਜਿੰਨੀ ਦੇਰ ਗੁਰਬਾਣੀ
ਨੂੰ ਆਪਣੇ ਨਿਜੀ ਜੀਵਨ ਵਿੱਚ (ਅਮਲ ਪੱਖੋਂ) ਨਹੀਂ ਅਪਣੌਂਦਾ ਓਨੀਂ ਦੇਰ ਉਹ ਗੁਰਮੁਖ ਭਾਵ ਸਚਿਆਰ
ਨਹੀਂ ਬਣ ਸਕਦਾ। ਗੁਰੂ ਸਹਿਬ ਸਾਨੂੰ ਸਚਿਆਰ ਬਣਨ ਦਾ ਰਸਤਾ ਸਹਿਜੇ ਹੀ ਦਸਦੇ ਹਨ – (ਕਿਵ ਸਚਿਆਰਾ
ਹੋਈਐ ਕਿਵ ਕੂੜੈ ਤੁਟੈ ਪਾਲਿ। ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ। - ਜਪੁ ਜੀ) ਭਾਵ ਕੁਦਰਤ ਦਾ
ਨਿਯਮ ਹੈ ਕਿ ਹਰ ਜੀਵ ਅਤੇ ਪਰਮਾਤਮਾ ਵਿਚਕਾਰ ਕੂੜ (ਵਿਕਾਰਾਂ ਦਾ) ਰੂਪੀ ਪਰਦਾ ਹੈ ਜੋ ਸਾਨੂੰ ਰੱਬ
ਤੋਂ ਬੇਮੁੱਖ ਕਰੀ ਰਖਦਾ ਹੈ ਜਿਸ ਕਾਰਨ ਅਸੀਂ ਆਪਣੇ ਮਨ ਪਿੱਛੇ ਲਗ ਕੇ ਓਸ ਦੇ ਹੁਕਮ, ਮਾੜਾ ਜਾਂ
ਚੰਗਾ, ਨੂੰ ਰੱਬ ਦੀ ਰਜ਼ਾ (ਮਰਜ਼ੀ) ਕਰਕੇ ਨਹੀਂ ਮੰਨਦੇ ਇਸ ਵਾਸਤੇ ਸਚਿਆਰ ਬਣਨ ਤੋਂ ਖੁੰਝ ਜਾਂਦੇ
ਹਾਂ। ਸਾਡਾ ਸਭ ਤੋਂ ਪਹਿਲਾ ਫਰਜ਼ ਸਚਿਆਰ ਬਣਨ ਦਾ ਹੈ। ਹਰ ਦੁੱਖ ਸੁੱਖ ਵਿੱਚ ਪ੍ਰਮਾਤਮਾਂ ਨਾਲ ਜੁੜੇ
ਰਹਿਣਾ ਅਤੇ ਉਸਨੂੰ ਰੱਬ ਦਾ ਮਿੱਠਾ ਭਾਣਾ ਕਰਕੇ ਮੰਨਣ ਦਾ ਜਿਸ ਦਿਨ ਸਾਨੂੰ ਬਲ ਆ ਗਿਆ ਸਮਝੋ ਅਸੀਂ
ਸਚਿਆਰ (ਗੁਰਮੁਖ) ਜੀਵਨ ਦੀ ਸ਼ੁਰੂਆਤ ਕਰ ਲਈ।
ਐਸੇ ਹੀ ਸਚਿਆਰਾਂ ਦੇ ਕਾਫਲੇ ਨੂੰ ਗੁਰੂ ਸਹਿਬ ਨੇ ਨਿਰਮਲ ਤੇ ਨਿਆਰਾ ਅਖਿਆ ਸੀ ਜੋ ਗੁਰੂ ਦਸਮੇਸ਼
ਪਿਤਾ ਦੀ ਵੰਗਾਰ ਉੱਪਰ ਸਿਰ ਤਲੀ ਤੇ ਧਰ ਪੂਰਾ ਉਤਰਿਆ ਅਤੇ ਖ਼ਾਲਸਾ ਪਦ ਪ੍ਰਾਪਤ ਕਰ ਸਹਿਬਾਂ ਵਲੋਂ
ਖ਼ਾਲਸਾ ਮੇਰੋ ਰੂਪ ਦੀ ਉਪਾਧੀ ਨਾਲ ਨਿਵਾਜਿਆ ਗਿਆ।
ਜੋਤੀ ਜੋਤ ਸਮੌਣ ਤੋਂ ਕੁੱਝ ਦੇਰ ਪਹਿਲਾਂ ਗੁਰਸਿੱਖਾਂ ਦੇ ਪ੍ਰਸ਼ਨ ਦਾ ਉੱਤਰ ਦਿੰਦਿਆਂ ਸਹਿਬਾਂ
ਫੁਰਮਾਇਆ ਸੀ ਆਤਮਾਂ ਗ੍ਰ੍ਰੰਥ ਵਿੱਚ ਭਾਵ ਗੁਰੂ ਜੀ ਦੀ ਸਿੱਖਿਆ ਜਾਂ ਸੇਧ ਲੈਣ ਵਾਸਤੇ ਸ਼ਬਦ ਦੀ
ਵਿਚਾਰ ਕਰਨੀ ਹੈ ਅਤੇ ਸਰੀਰ ਪੰਥ ਵਿੱਚ ਦਾ ਮਤਲਵ ਜੋ ਵੀ ਪੰਥਕ ਮਸਲਾ ਵਿਚਾਰ ਗੋਚਰੇ ਹੋਵੇ ਜਾਂ ਹਲ
ਲਭਣਾ ਹੋਵੇ ਤਾਂ ਗੁਰੂ ਗ੍ਰੰਥ ਸਹਿਬ ਜੀ ਦੀ ਹਜ਼ੂਰੀ ਵਿੱਚ ਅਤੇ ਸ਼ਬਦ (ਗੁਰਬਾਣੀ) ਦੀ ਰੌਸ਼ਨੀਂ
(ਅਗਵਾਈ) ਵਿੱਚ ਗੁਰਸਿੱਖ ਇੱਕਠ ਵਿੱਚ ਵਿਚਾਰਾਂ ਕਰ ਕੇ ਲਿਆ ਜਾਏ।
ਇਸ ਖਿਅਲ ਨੂੰ ਭਾਈ ਪ੍ਰਹਿਲਾਦ ਸਿੰਘ ਜੀ ਨੇ ਬਾਖੂਬੀ ਏਸ ਤਰਾਂ ਬਿਆਨ ਕੀਤਾ ਸੀ:
ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ। ਸਭ ਸਿਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।
ਗੁਰੂ ਪੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ। ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮਹਿ ਲੇ।
ਪਰ ਇਸੇ ਦੋਹਰੇ ਨੂੰ ਭਾਈ ਸੰਤੋਖ ਸਿੰਘ ਨੇ ਪੰਥ ਦੀ ਜਗ੍ਹਾ ਗ੍ਰੰਥ ਸ਼ਬਦ ਦੀ ਵਰਤੋਂ ਕਰਕੇ ਲਿਖ
ਦਿੱਤਾ ਜਿਸ ਨੂੰ ਅਣਗਹਿਲੀ ਕਾਰਨ (ਜਾਂ ਕਿਸੇ ਹੋਰ ਗੁਝ੍ਹੇ ਕਾਰਨ ਕਰਕੇ) ਅਰਦਾਸ ਉਪ੍ਰੰਤ ਪੜ੍ਹਨ ਲਈ
ਅਪਣਾ ਲਿਆ ਗਿਆ। ਜਿਸ ਦੇ ਸਿੱਟੇ ਬਹੁਤ ਹੀ ਮਾਰੂ ਸਾਬਤ ਹੋ ਰਹੇ ਹਨ। ਜਾਣੀ ਸਿੱਖਾਂ ਵਿੱਚ ਗੁਰੂ
ਗ੍ਰੰਥ ਸਹਿਬ ਨੂੰ ਦੇਹ ਮੰਨ ਕੇ ਪੂਜਿਆ ਜਾਣ ਲੱਗਿਆ (ਜਦ ਕਿ ਸਿੱਖ ਸਿਧਾਂਤ ਮੁਤਾਬਿਕ ਪੂਜਾ ਸਿਰਫ
ਤੇ ਸਿਰਫ ਇੱਕ ਅਕਾਲ ਪੁਰਖ ਦੀ ਕਰਨ ਦਾ ਅਸੂਲ ਹੈ) ਜਿਸ ਦਾ ਨਤੀਜਾ ਇਹ ਨਿਕਲਿਆ ਕਿ ਆਮ ਸਿੱਖ
ਗੁਰਮਤਿ ਦੇ ਸਿਧਾਂਤ ਨਾਲੋਂ ਟੁਟ ਕੇ ਸਿਰਫ ਮੱਥਾ ਟੇਕਣ, ਪ੍ਰਕਰਮਾਂ ਕਰਨ ਤੇ ਰੁਮਾਲਾ ਚੁੱਕ ਕੇ
ਦਰਸ਼ਨ ਕਰਨ ਤਾਈਂ ਸੀਮਤ ਹੋ ਗਿਆ ਜਾਣੀ ਇੱਕ ਤਰਾਂ ਦਾ ਬੁਤ ਪੂਜਕ ਬਣ ਗਿਆ। ਅਫਸੋਸ ਅਤਿ ਅਫਸੋਸ।
ਅਕਾਲ-ਪੁਰਖ ਰਹਿਮਤ ਕਰਨ ਗੁਰੂ ਕੇ ਸਿੱਖਾਂ ਨੂੰ ਗੁਰੂ ਜੀ ਦੀ ਮਤਿ ਅਨੁਸਾਰ ਜੀਵਨ ਜਿਉਣ ਦੀ ਸੋਝੀ ਆ
ਜਾਵੇ।
ਗੁਰੂ ਗ੍ਰੰਥ ਤੇ ਪੰਥ ਦੀ ਚੜ੍ਹ ਦੀ ਕਲਾ ਦਾ ਚਾਹਵਾਨ।
ਨਿਰਭੈ ਸਿੰਘ