.

ਸ਼ਬਦ ਵਿਚਾਰ - ਫਾਟੇ ਨਾਕਨ ਟੂਟੇ ਕਾਧਨ ….

ਰਾਗੁ ਗੂਜਰੀ ਭਗਤਾ ਕੀ ਬਾਣੀ (ਪੰਨਾ ੫੨੪)

ੴਸਤਿਗੁਰ ਪ੍ਰਸਾਦਿ॥

ਸ੍ਰੀ ਕਬੀਰ ਜੀਉ ਕਾ ਚਉਪਦਾ ਘਰੁ ੨ ਦੂਜਾ॥

ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈ ਹੈ॥ ਊਠਤ ਬੈਠਤ ਠੇਗਾ ਪਰਿਹੈ ਤਬ ਕਤ ਮੂਡ ਲੁਕਈ ਹੈ॥ ੧॥ ਹਰਿ ਬਿਨੁ ਬੈਲ ਬਿਰਾਨੇ ਹੁਈ ਹੈ॥ ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈ ਹੈ॥ ੧॥ ਰਹਾਉ॥ ਸਾਰੋ ਦਿਨੁ ਡੋਲਤ ਬਨ ਮਹੀਆ ਅਜਹੁ ਨ ਪੇਟ ਅਘਈ ਹੈ॥ ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੋ ਪਈ ਹੈ॥ ੨॥ ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ ਅਨਿਕ ਜੋਨਿ ਭਰਮਈ ਹੈ॥ ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ ਇਹੁ ਅਉਸਰੁ ਕਤ ਪਈ ਹੈ॥ ੩॥ ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈ ਹੈ॥ ਕਹਤ ਕਬੀਰ ਰਾਮ ਨਾਮ ਬਿਨੁ ਮੂੰਡ ਧੁਨੇ ਪਛੁਤਈ ਹੈ॥ ੪॥ ੧॥

ਨੋਟ:-ਗੁਰਬਾਣੀ ਦੀ ਵਿਚਾਰ ਕਰਨ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਜਰੂਰੀ ਹੈ ਕਿ ਮੁਖ ਸਿਧਾਂਤਾਂ ਤੋਂ ਪ੍ਰੀਭਾਸ਼ਾ ਤੋਂ ਬਿਨਾ ਕਿਸੇ ਵੀ ਸ਼ਬਦ ਦੀ ਵਿਚਾਰ ਅਧੂਰੀ ਰਹਿ ਜਾਵੇਗੀ। ਦੂਜਾ ਗੁਰਮਤਿ ਸਮਝਾਉਣ ਲਈ ਪਸ਼ੂਆਂ ਤੇ ਮਿਥਿਹਾਸ ਦੀਆਂ ਜੋ ਉਦਾਹਰਣਾ ਦਿਤੀਆਂ ਹਨ ਉਹ ਸਿਧਾਂਤ ਨਹੀਂ ਹੋ ਸਕਦੀਆਂ। ਮੁਹਾਵਰੇ ਵੀ ਵਰਤੇ ਗਏ ਹਨ, ਵਿਅੰਗ ਵੀ ਕਸੇ ਗਏ ਹਨ। ਹੁਣ ਗੁਰਮਤ ਜਾਨਣ ਲਈ ਗੁਰੂ ਸਾਹਿਬ ਜੀ ਦੇ ਮੁਖ ਸਿਧਾਂਤਾਂ ਤੋਂ ਜਾਣੂ ਹੋਣਾ ਜਰੂਰੀ ਹੈ। ਕਈ ਐਸੇ ਸ਼ਬਦ ਹਨ ਜਿਨਾ ਦੇ ਅਖਰੀ ਅਰਥ ਨਹੀਂ ਹੋ ਸਕਦੇ ਉਹਨਾ ਦੇ ਭਾਵ ਅਰਥ ਕਰਨੇ ਪੈਣਗੇ। ਪ੍ਰਚਲਿਤ ਵਿਦਵਾਨਾਂ ਦੇ ਕੀਤੇ ਟੀਕੇ ਬੜੀ ਮਿਹਨਤ ਨਾਲ ਲਿਖੇ ਗਏ ਹਨ। ਉਸ ਵਕਤ ਦੇ ਸਾਧਨਾਂ ਅਤੇ ਖੋਜ ਦੇ ਮੁਤਾਬਕ ਇਹ ਟੀਕੇ ਸਾਡੀ ਬਹੁਤ ਮਦਦ ਕਰਦੇ ਹਨ। ਪ੍ਰੋ: ਸਾਹਿਬ ਸਿੰਘ ਜੀ ਦਾ ਟੀਕਾ ਸਭ ਤੋਂ ਪੰਥ ਵਿੱਚ ਵਧੇਰੀ ਮਾਨਤਾ ਵਾਲਾ ਮੰਨਿਆਂ ਜਾਂਦਾ ਹੈ। ਪ੍ਰੋ: ਸਾਹਿਬ ਸਿੰਘ ਜੀ ਨੇ ਦਰਪਣ ਲਿਖਦੇ ਵਕਤ ਕਈ ਗਲਾਂ ਟੂਕ ਮਾਤਰ ਹੀ ਕੀਤੀਆਂ ਹਨ ਐਸੀਆਂ ਕਈ ਗਲਾਂ ਅਜੇ ਹੋਰ ਵਿਆਖਿਆ ਦੀ ਮੰਗ ਕਰਦੀਆਂ ਹਨ ਜੋ ਦਰਪਣ ਦਾ ਪਾਠ ਕਰੀਏ ਤਾਂ ਰਾਹ ਤਾਂ ਦਰਪਣ ਵਿੱਚੋਂ ਹੀ ਲਭ ਜਾਂਦਾ ਹੈ, ਉਸ ਦੇ ਸਹਾਰੇ ਅਤੇ ਗੁਰਬਾਣੀ ਦੇ ਸਿਧਾਂਤ ਨੂੰ ਇੱਕ ਸੂਤਰ ਵਿੱਚ ਰਖਕੇ ਐਸੇ ਸ਼ਬਦਾਂ ਦੇ ਭਾਵ ਅਰਥ ਸਮਝੇ ਜਾ ਸਕਦੇ ਹਨ। ਆਉ ਸ਼ਬਦ ਦੀ ਵਿਚਾਰ ਕਰੀਏ:-

ਭਾਵ ਅਰਥ:-ਜਿਵੇਂ ਮੰਗ ਕੇ ਵੇਗਾਰ ਤੇ ਲਿਆਂਦਾ ਬਲਦ ਰੱਜ ਕੇ ਵਰਤਿਆ ਜਾਂਦਾ ਹੈ, ਲਾਭ ਲਿਆ ਜਾਂਦਾ ਹੈ, (ਅੱਜ ਦੇ ਜਮਾਨੇ ਵਿੱਚ ਕਿਸੇ ਦਾ ਮੋਟਰਸਾਇਕਲ ਜਾਂ ਗੱਡੀ ਜਾਂ ਕੋਈ ਹੋਰ ਚੀਜ ਜੋ ਮੰਗ ਕੇ ਲਿਆਂਦੀ ਹੈ ਉਸ ਦੀ ਵੱਧ ਤੋਂ ਵੱਧ ਲਾਭ ਲੈਣ ਦੀ ਮਨਸ਼ਾ ਨਾਲ ਵਰਤੋਂ ਕੀਤੀ ਜਾਂਦੀ ਹੈ ਪਰ ਆਪਣੀ ਚੀਜ ਵਾਂਗੂੰ ਸੰਭਾਲ ਨਹੀਂ ਹੁੰਦੀ ਇਥੋਂ ਤੱਕ ਕਿ ਗੱਡੀ ਮੋਟਰ ਸਾਇਕਲ ਵਾਪਸ ਕਰਨ ਲਗਿਆਂ ਧਿਆਨ ਰੱਖਿਆ ਜਾਂਦਾ ਹੈ ਕਿ ਤੇਲ ਸਾਡਾ ਪਵਾਇਆ ਹੋਇਆ ਅਗਲੇ ਦੇ ਘਰ ਨਾ ਚਲੇ ਜਾਏ) ਪਰ ਉਸ ਨੂੰ ਪੱਠੇ ਖਾਣ ਨੂੰ ਨਹੀਂ ਮਿਲਦੇ ਕਿਉਂਕਿ ਉਸ ਦਾ ਪ੍ਰਯੋਗ ਵੱਧ ਤੋਂ ਵੱਧ ਕਰਨ ਦੀ ਸੋਚ ਨੇ ਉਸ ਨੂੰ ਢਿਡ ਭਰਨ ਦਾ ਵਕਤ ਹੀ ਨਹੀਂ ਦੇਣਾ। ਰੱਬ ਤੋਂ ਬਿਨਾਂ ਭਾਵ ਰੱਬੀ ਗੁਣਾਂ ਦੀ ਸਾਂਝ ਨਾ ਕਰਨ ਕਰਕੇ ਬਿਗਾਨੇ ਬੈਲ ਵਰਗਾ ਹੋ ਜਾਵੇਂਗਾ, ਪਰਾਏ ਵਸ ਪੈ ਜਾਵੇਂਗਾ। ਪਰਾਏ ਵਸ ਪਏ ਬਲਦ ਦਾ ਪਾਟਾ ਨੱਕ, ਕੰਧਾ (ਧੌਣ) ਟੁਟਾ ਹੋਇਆ, ਜਿਆਦਾ ਭਾਰ ਚੁਕਣ ਕਰਕੇ ਧੌਣ ਦਾ ਮਾਸ ਪਾਟ ਜਾਂਦਾ ਤੇ ਸੁਜ ਜਾਂਦੀ ਹੈ। ਸੁਕੇ ਕੱਖਾਂ (ਭੋ) ਨਾਲ ਪੇਟ ਦੀ ਭੁਖ ਮਿਟਾਉਣੀ ਪਏਗੀ। ਰੱਬ ਜੀ ਦੇ ਗੁਣਾਂ ਨਾਲੋਂ ਸਾਂਝ ਟੁਟ ਜਾਵੇ ਤਾਂ ਮਨੁੱਖ ਜਿਉਂਦੇ ਜੀ ਵਿਕਾਰਾਂ ਦੇ ਵਸ ਪੈ ਜਾਂਦਾ ਹੈ ਜੋ ਇਸ ਨੂੰ ਪਰਾਏ ਬਲਦ ਦੀ ਤਰ੍ਹਾਂ ਵਾਹੁੰਦੇ ਹਨ। ਦੁਖੀ ਜਿਆਦਾ ਕਰਦੇ ਹਨ ਤੇ ਮਿਲਦਾ ਉਸ ਵਿੱਚੋਂ ਕੁੱਝ ਵੀ ਨਹੀਂ ਭਾਵ ਲਾਭ ਹੋਣ ਦੀ ਥਾਂ ਖੁਆਰੀ ਪੱਲੇ ਪੈਂਦੀ ਹੈ ਬਲਦ ਦੇ ਭੋ ਖਾਣ ਵਾਂਗੂੰ। ਰਹਾਉ।

ਨੀਵੀਂ ਜ਼ਾਤਿ ਦਾ ਕੌਣ ਹੈ:-

ਪਸੂ ਮਾਣਸ ਚੰਮਿ ਪਲੇਟੇ ਅੰਦਰਹੁ ਕਾਲਿਆ॥ - (ਪੰਨਾ ੧੨੮੪)

ਖਸਮੁ ਵਿਸਾਰਹਿ ਤੇ ਕਮਜਾਤਿ॥

ਨਾਨਕ ਨਾਵੈ ਬਾਝੁ ਸਨਾਤਿ॥ ੪॥ ੩॥ ………………. (ਪੰਨਾ ੧੦)

(ਸ਼ਬਦ ਦਾ ਪਹਿਲਾ ਬੰਦ) ਜਿਵੇਂ ਬਲਦ ਦੇ ਚਾਰ ਪੈਰ ਵੀ ਹਨ ਦੋ ਸਿੰਗ ਵੀ ਹਨ ਜੁਬਾਨ ਦਾ ਗੁੰਗਾ ਹੈ ਭਾਵ ਆਪਣਾ ਦੁਖ ਬਿਆਨ ਨਹੀਂ ਕਰ ਸਕਦਾ ਇਸੇ ਤਰ੍ਹਾਂ ਜਦੋਂ ਪਰਾਏ ਵਸ ਬਲਦ ਵਾਂਗ ਹੋ ਜਾਵੇਂਗਾ ਫਿਰ ਰੱਬੀ ਗੁਣ ਕਿਵੇਂ ਗਾਏਂਗਾ ਕਿਉਂਕਿ ਵਿਕਾਰ ਬੁਰਾਈਆਂ ਤੈਨੂੰ ਆਪਣੇ ਜੂਲੇ ਥਲਿਉਂ ਨਿਕਲਣ ਹੀ ਨਹੀਂ ਦੇਣਗੀਆਂ। ਉਠਦਿਆਂ ਬੈਠਦਿਆਂ ਮਾਰ ਪਏਗੀ ਇਸ ਮਾਰ ਤੋਂ ਬਚਣ ਲਈ ਸਿਰ ਲੁਕਾਉਣ ਨੂੰ ਥਾਂ ਨਹੀਂ ਮਿਲੇਗੀ। ਇਹ ਹਾਲਤ ਇਸੇ ਸਰੀਰ ਵਿੱਚ ਰਹਿੰਦਿਆਂ ਹੀ ਹੋ ਜਾਏਗੀ ਜੇ ਰੱਬੀ ਗੁਣਾਂ ਦੀ ਸਾਂਝ ਨਾ ਕੀਤੀ ਜਾਏ। ੧।

ਗੁਰ ਮੰਤ੍ਰ ਹੀਣਸ੍ਯ੍ਯ ਜੋ ਪ੍ਰਾਣਂੀ ਧ੍ਰਿਗੰਤ ਜਨਮ ਭ੍ਰਸਟਣਹ॥

ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ॥ ੩੩॥ …………… (ਪੰਨਾ ੧੩੫੬)

ਜਿਹੜਾ ਬੰਦਾ ਸਤਿਗੁਰੂ ਦੇ ਉਪਦੇਸ਼ ਤੋਂ ਸਖਣਾ ਹੈ, ਉਸ ਭੈੜੀ ਬੁਧਿ ਵਾਲੇ ਦਾ ਜੀਵਨ ਫਿਟਕਾਰ ਯੋਗ ਹੈ। ਉਹ ਮੂਰਖ ਕੁੱਤੇ ਸੂਰ ਖੋਤੇ ਕਾਂ ਸੱਪ ਦੇ ਬਰਾਬਰ ਜਾਣੋ॥ ੩੩॥ ਭਾਵ:- ਜਿਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਨਹੀਂ ਤੁਰਦਾ, ਉਹ ਵਿਕਾਰਾਂ ਦੇ ਢਹੇ ਚੜ੍ਹਿਆ ਰਹਿੰਦਾ ਹੈ ਅਤੇ ਚੁਫੇਰਿਓਂ ਉਸ ਨੂੰ ਫਿਟਕਾਰਾਂ ਹੀ ਪੈਂਦੀਆਂ ਹਨ।

ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ॥

ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ॥ ੧॥ …………. (ਪੰਨਾ ੧੫੫)

(ਸ਼ਬਦ ਦਾ ਦੂਜਾ ਬੰਦ) ਸਾਰਾ ਦਿਨ ਜੰਗਲ (ਉਜਾੜ) ਵਿੱਚ ਭਟਕਦਾ ਫਿਰੇਂਗਾ ਪਰ ਪੇਟ ਕਦੀ ਰੱਜੇਗਾ ਨਹੀਂ, ਜਦੋਂ ਭਗਤ ਸਾਹਿਬਾਨ ਦਾ ਕਿਹਾ ਹੋਇਆ ਤੂੰ ਨਹੀਂ ਮੰਨਦਾ ਤਾਂ ਇਹ ਫਿਰ ਤੂੰ ਅਪਣਾ ਕੀਤਾ ਭੁਗਤਣਾ ਹੀ ਪਏਗਾ। ਭਾਵ ਰੱਬੀ ਗੁਣ ਗੁਰਬਾਣੀ ਵਾਲਾ ਉਪਦੇਸ਼ ਤੂੰ ਹੁਣ ਨਹੀ ਸੁਣਦਾ ਤਾਂ ਇਨਸਾਨੀਅਤ ਮਰ ਜਾਏਗੀ ਪਸੂ ਸੁਭਾਅ ਆ ਜਾਏਗਾ ਫਿਰ ਭਟਕਦਾ ਫਿਰੀਂ ਜਿਥੇ ਮਰਜੀ ਤੇਰੀ ਤ੍ਰਿਸ਼ਨਾ ਕਦੇ ਖਤਮ ਨਹੀਂ ਹੋਏਗੀ। ੨।

ਸਹਸ ਖਟੇ ਲਖ ਕਉ ਉਠਿ ਧਾਵੈ॥ ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ॥

ਅਨਿਕ ਭੋਗ ਬਿਖਿਆ ਕੇ ਕਰੈ॥ ਨਹ ਤ੍ਰਿਪਤਾਵੈ ਖਪਿ ਖਪਿ ਮਰੈ॥

ਬਿਨਾ ਸੰਤੋਖ ਨਹੀ ਕੋਊ ਰਾਜੈ॥ ਸੁਪਨ ਮਨੋਰਥ ਬ੍ਰਿਥੇ ਸਭ ਕਾਜੈ॥ ………………. . (ਪੰਨਾ ੨੭੮)

(ਸ਼ਬਦ ਦਾ ਤੀਜਾ ਬੰਦ) ਹੁਣ ਭੈੜੇ ਹਾਲਾਤ ਭਾਵ ਦੁਖ ਸੁਖ ਵਾਲੀ ਡਾਵਾਂਡੋਲ ਹਾਲਤ ਵਿੱਚ ਦਿਨ ਗੁਜ਼ਾਰੀ ਜਾ ਰਿਹਾ ਹੈਂ ਰਤਨ ਜਨਮ ਭਾਵ ਇਨਸਾਨੀਅਤ ਤੋਂ ਖੁੰਝ ਕੇ ਅਨੇਕਾਂ ਅਉਗਣ ਜੀਵਨ ਵਿੱਚ ਆ ਜਾਣਗੇ ਜੋ ਪਸ਼ੂਆਂ ਨਾਲ ਮੇਲ ਖਾਂਦੇ ਹਨ। ਇਹ ਗਵਾਚਾ ਸਮਾਂ ਫਿਰ ਕਦੋਂ ਹਥ ਆਵੇਗਾ ਜਦੋਂ ਇਨਸਾਨੀ ਸੁਭਾਅ ਦੀ ਸੂਝ ਆ ਸਕੇਗੀ। ੩।

ਜੂਨਾਂ ਵਿੱਚ ਭਟਕਣਾ ਜੋ ਮਨੁੱਖਾ ਦੇਹੀ ਵਿੱਚ ਰਹਿੰਦਿਆਂ ਹੀ ਭੋਗੀਆਂ ਕਿਉਂਕਿ ਜਿਹੋ ਜਿਹਾ ਸੁਭਾਅ ਹੈ ਸਤਿਗੁਰੂ ਜੀ ਉਹੋ ਜਿਹੀ ਜੂਨ ਨਾਲ ਹੀ ਉਪਮਾ ਦਿਤੀ ਹੈ। ਮਨੁੱਖ ਵਾਲੇ ਗੁਣ ਹੋਣ ਤਾਂ ਮਨੁੱਖ ਹੈ ਨਹੀ ਤਾਂ ਮਨੁੱਖ ਨਹੀਂ ਹੈ ਪਸ਼ੁ ਹੀ ਮੰਨਿਆਂ ਜਾ ਸਕਦਾ ਹੈ ਕਿਉਂਕਿ ਚਮ ਹਡ ਜਾਂ ਕਿਸੇ ਲਿਬਾਸ ਦਾ ਨਾਂ ਮਨੁੱਖ ਨਹੀਂ ਹੈ।

ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ॥

ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ॥ ੧॥ …………………. (ਪੰਨਾ ੪੮੬)

ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ॥

ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ॥

ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ॥ ੧॥ …………. (ਪੰਨਾ ੧੫)

ਕਰਤੂਤਿ ਪਸੂ ਕੀ ਮਾਨਸ ਜਾਤਿ॥

ਲੋਕ ਪਚਾਰਾ ਕਰੈ ਦਿਨੁ ਰਾਤਿ॥ ……………………… (ਪੰਨਾ ੨੬੭)

(ਸ਼ਬਦ ਦਾ ਚੌਥਾ ਬੰਦ) ਬੈਲ ਦੇ ਪਰਾਏ ਵਸ ਪੈਣ ਵਾਂਗ ਜਦੋਂ ਮਨੁੱਖ ਵਿਕਾਰਾਂ ਦੇ ਵਸ ਪੈ ਜਾਂਦਾ ਹੈ ਤਾਂ ਜੀਵਨ ਦੀ ਭਟਕਣਾ ਵਧਦੀ ਹੈ। ਜਿਵੇਂ ਤੇਲੀ ਦਾ ਬਲਦ ਕੋਹਲੂ ਦੁਆਲੇ ਬਹੁਤ ਗੇੜੇ ਕਢਦਾ ਹੈ ਪੈਂਡਾ ਬਹੁਤਾ ਕਰਦਾ ਹੈ ਪਰ ਰਹਿੰਦਾ ਉਥੇ ਦਾ ਉਥੇ ਹੀ ਹੈ। ਬਾਂਦਰ ਛੋਲਿਆਂ ਦੀ ਮੁੱਠ ਦੇ ਲਾਲਚ ਵਿੱਚ ਫਸ ਕੇ ਪਰਾਏ ਵਸ ਪੈ ਜਾਂਦਾ ਤੇ ਫਿਰ ਸਾਰੀ ਉਮਰ ਗਰ ਗਰ ਨਚਦਾ ਰਹਿੰਦਾ ਹੈ ਐਨ ਇਸੇ ਤਰਾਂ ਮਨੁੱਖ ਪਰਾਏ ਵਸ ਪਿਆ ਹੋਇਆ ਸਾਰੀ ਜ਼ਿੰਦਗੀ ਭਟਕਦਿਆਂ ਹੀ ਕਢ ਦਿੰਦਾ ਹੈ। ਕਬੀਰ ਆਖਦਾ ਹੈ ਰੱਬੀ ਸਿਫਤ ਸਲਾਹ ਤੋਂ ਬਿਨਾਂ ਆਖਰ ਸਿਰ ਮਾਰ ਮਾਰ ਕੇ ਪਛੁਤਾਏਂਗਾ। ੪।

ਪਹਿਲਾਂ ਤਾਂ ਸਾਨੂੰ ਜਨਮ ਮਰਨ ਸਮਝ ਲੈਣਾ ਚਾਹੀਦਾ ਹੈ ਕਿ ਗੁਰਬਾਣੀ ਵਿੱਚ ਜਨਮ ਮਰਨ ਸਰੀਰਕ ਹੀ ਨਹੀਂ ਜ਼ਮੀਰ ਦਾ ਮਰਨਾ ਵੀ ਦਰਸਾਇਆ ਹੈ ਸਰੀਰ ਦੇ ਮਰਨੇ ਤੋਂ ਕੋਈ ਨਾ ਬਚਿਆ ਹੈ ਤੇ ਨਾ ਬਚ ਸਕਦਾ ਹੈ ਪਰ ਜ਼ਮੀਰ ਦੇ ਮਰਨੇ ਤੋਂ ਬਚਿਆ ਜਾ ਸਕਦਾ ਹੈ ਬਚਿਆ ਜਾ ਸਕਦਾ ਹੈ ਜੇ ਗੁਰੂ ਦੇ ਆਖੇ ਲਗ ਕੇ ਤੁਰਿਆ ਜਾ ਸਕੇ।

ਆਖਾ ਜੀਵਾ ਵਿਸਰੈ ਮਰਿ ਜਾਉ॥

ਆਖਣਿ ਅਉਖਾ ਸਾਚਾ ਨਾਉ॥ ……………… (ਪੰਨਾ ੯)

ਤੇਰੀ ਸਿਫਤ ਸਲਾਹ ਆਖਦਾ ਹਾਂ ਤਾਂ ਜਿਉਂਦਾ ਹਾਂ ਤੇਰੀ ਸਿਫਤ ਸਲਾਹ ਵਿਸਰਦੀ ਹੈ ਤਾਂ ਮੇਰੀ ਮੌਤ ਹੋ ਜਾਂਦੀ ਹੈ। ਹੁਣ ਦੇਖੋ ਰਬ ਵਿਸਰਨ ਨਾਲ ਸਰੀਰਕ ਤੌਰ ਤੇ ਕੋਈ ਨਹੀਂ ਮਰਦਾ ਸਿਰਫ ਜ਼ਮੀਰ ਮਰਦੀ ਹੈ ਇਨਸਾਨੀ ਗੁਣ ਬਿਨਸਦੇ ਹਨ ਪਸ਼ੂਪੁਣਾ ਵਧਦਾ ਹੈ।

ਸਤਿਗੁਰੂ ਚਰਨ ਜਿਨ ਪਰਸਿਆ ਸੇ ਪਸੁ ਪਰੇਤ ਸੁਰਿ ਨਰ ਭਇਅ॥ ੨॥ ੬॥ ………… (ਪੰਨਾ ੧੩੯੯)

ਹੁਣ ਪਸ਼ੂ ਤੇ ਗੁਰੂ ਦੇ ਚਰਨੀ ਕਦੀ ਵੀ ਨਹੀ ਲਗੇ ਇਹ ਕਿਹੜੇ ਪਸ਼ੂ ਸੀ ਜਿਹੜੇ ਦੇਵਤੇ ਬਣ ਗਏ। ਉਹੀ ਪਸ਼ੂ ਸੁਭਾਅ ਵਾਲੇ ਜਿਨਾਂ ਨੇ ਗੁਰੂ ਭੁਲਾਇਆ ਹੋਇਆ ਸੀ ਇਨਸਾਨੀ ਗੁਣਾ ਦੀ ਥਾਂ ਪਸ਼ੂਪੁਣਾ ਅਪਣਾਇਆ ਸੀ ਉਹ ਗੁਰੂ ਸਿਧਾਂਤ ਨਾਲ ਫਿਰ ਜਦੋਂ ਜੁੜੇ ਤਾਂ ਦੇਵਤੇ ਬਣ ਜਦੋਂ ਗੁਰੂ ਦਿਤੇ ਗੁਣ ਅਪਣਾ ਲਏ। ਹੁਣ ਇਹਨਾਂ ਅਗਲੀਆਂ ਤੁਕਾਂ ਦੇ ਅਰਥ ਅੱਖਰੀ ਵੀ ਨਹੀਂ ਹੋ ਸਕਦੇ ਤੇ ਸਾਡੇ ਉਪਰੋਕਤ ਸ਼ਬਦ ਵਾਲੇ ਭੁਲੇਖੇ ਨੂੰ ਦੂਰ ਹੋਣ ਵਿੱਚ ਵੀ ਦੇਰੀ ਨਹੀਂ ਲਗਦੀ।

ਫੀਲੁ ਰਬਾਬੀ ਬਲਦੁ ਪਖਾਵਜ ਕਊਆ ਤਾਲ ਬਜਾਵੈ॥

ਪਹਿਰਿ ਚੋਲਨਾ ਗਦਹਾ ਨਾਚੈ ਭੈਸਾ ਭਗਤਿ ਕਰਾਵੈ॥ ੧॥ ……………. . (ਪੰਨਾ ੪੭੭)

ਮਨ ਦਾ ਹਾਥੀ ਵਾਲਾ ਸੁਭਾਉ ਰਬਾਬੀ ਬਣ ਗਿਆ ਹੈ, ਬਲਦ ਵਾਲਾ ਸੁਭਾਉ ਜੋੜੀ ਵਜਾਣ ਵਾਲਾ ਹੋ ਗਿਆ ਹੈ ਅਤੇ ਕਾਂ ਵਾਲਾ ਸੁਭਾਉ ਤਾਲ ਵਜਾ ਰਿਹਾ ਹੈ। ਖੋਤੇ ਵਾਲਾ ਸੁਭਾਉ ਪ੍ਰੇਮ ਰੂਪੀ ਚੋਲਾ ਪਾ ਕੇ ਨੱਚ ਰਿਹਾ ਹੈ, ਅਤੇ ਭੈਂਸਾ ਭਾਵ, ਭੈਂਸੇ ਵਾਲਾ ਸੁਭਾਉ ਭਗਤੀ ਕਰਦਾ ਹੈ॥ ੧॥

ਨੋਟ:- ਬਲਦ ਦਾ ਆਮ ਤੌਰ ਤੇ ‘ਆਲਸ’ ਦਾ ਸੁਭਾਉ ਪ੍ਰਸਿਧ ਹੈ। ਫੀਲ ਦਾ, ਗਦਹੇ ਅਤੇ ਭੈਂਸੇ ਵਾਸਤੇ ਬਾਣੀ ਵਿੱਚ ਹੇਠ ਲਿਖੇ ਪ੍ਰਮਾਣ ਹਨ:- (੧) "ਕਊਆ ਕਾਗ ਕਉ ਅੰਮ੍ਰਿਤ ਰਸੁ ਪਾਈਐ, ਤ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ॥ " (੨) "ਹਰੀ ਅੰਗੂਰੀ ਗਦਹਾ ਚਰੈ॥ " (੩) "ਮਾਤਾ ਭੈਸਾ ਅਮੁਹਾ ਜਾਇ॥ ਕੁਦਿ ਕੁਦਿ ਚਰੈ ਰਸਾਤਲਿ ਪਾਇ॥ " (੪) "ਹਰਿ ਹੈ ਖਾਂਡ ਰੇਤੁ ਮਹਿ ਬਿਖਰਿਓ, ਹਾਥੀ ਚੁਨੀ ਨ ਜਾਇ॥ "ਇਹਨਾਂ ਪ੍ਰਮਾਣਾਂ ਦੀ ਸਹਾਇਤਾ ਨਾਲ ਉਪਰ ਆਈਆਂ ਤ੍ਰਿਗਦ ਜੂਨੀਆਂ ਤੋਂ ਮਨ ਦੇ ‘ਅਹੰਕਾਰ’, ‘ਅਤਿ ਚਤੁਰਾਈ’, ‘ਕਾਮ’ ਅਤੇ ‘ਅਮੋੜਪੁਨਾ’ ਇਹ ਚਾਰੇ ਸੁਭਾਉ ਲੈਣੇ ਹਨ।

ਭਾਵ:- ਸੁਭਾਉ ਬਦਲਣ ਤੋਂ ਪਹਿਲਾਂ ਮਨ ਅਹੰਕਾਰ, ਆਲਸ, ਚਤੁਰਾਈ, ਕਾਮ ਅਤੇ ਅਮੋੜਪੁਨਾ; ਇਹਨਾਂ ਵਿਕਾਰਾਂ ਦੇ ਅਧੀਨ ਰਹਿੰਦਾ ਸੀ। ਪਰ, ਜਦੋਂ ਅੰਦਰ ਰਸ ਆਇਆ ਹੈ, ਤਾਂ ਪ੍ਰੇਮ ਵਿੱਚ ਭਿਜ ਕੇ ਮਨ ਇਸ ਨਵੇਂ ਵਿਆਹ ਵਿੱਚ ਉੱਦਮ ਕਰ ਕੇ ਸਹਾਈ ਬਣਦਾ ਹੈ॥ ੧॥

ਪ੍ਰੋ: ਸੁਖਵਿੰਦਰ ਸਿੰਘ ਦਦੇਹਰ

੯੮੫੫੫, ੯੮੮੫੫




.