.

ਪ੍ਰਸ਼ਨ: ਕਈ ਇਤਿਹਾਸਕ ਗੁਰਦੁਆਰਿਆਂ `ਚ ਭੰਗ ਦੀ ਮਿੱਠੀ ਸਰਦਾਈ ਨੂੰ ਸੁਖ ਨਿਧਾਨ ਆਖ ਕੇ ਦੇਗ ਵਾਂਗੂ ਵਰਤਾਇਆ ਜਾਂਦਾ ਹੈ। ਗੁਰਮਤਿ ਅਨੁਸਾਰ ਕੀ ਇਹ ਜਾਇਜ ਹੈ?

ਉੱਤਰ: ਗੁਰਮਤਿ ਦਾ ਆਧਾਰ ਕੇਵਲ `ਤੇ ਕੇਵਲ ਗੁਰੂ ਗਰੰਥ ਸਾਹਿਬ ਹੀ ਹਨ। ਇਸ ਲਈ ਸਿੱਖ ਦੀ ਆਤਮਕ ਜੀਵਨ ਦਾ ਗੁਰਬਾਣੀ ਵਿੱਚ ਦਰਸਾਈ ਜੀਵਨ – ਜਾਚ ਨੂੰ ਅਪਣਾਇਆਂ ਹੀ ਪ੍ਰਫੁਲਤ ਹੋ ਸਕਦਾ ਹੈ। ਸਾਨੂੰ ਕਿਸੇ ਵੀ ਅਜਿਹੀ ਗੱਲ ਨੂੰ ਕਥਿਤ ਰਸਮ ਆਦਿ ਨੂੰ ਨਹੀਂ ਮੰਣਨਾ ਚਾਹੀਦਾ ਜੇਹੜੀ ਗੁਰੂ ਗਰੰਥ ਸਾਹਿਬ ਦੇ ਆਸ਼ੇ ਦੇ ਅਨੁਕੂਲ ਨਹੀਂ ਹੈ। ਸਾਡੀ ਇਹ ਅਗਿਆਨਤਾ ਜਾਂ ਅਣਗਹਿਲੀ ਆਦਿ ਦਾ ਹੀ ਸਿੱਟਾ ਹੈ ਕਿ ਅਸੀਂ ਬਹੁਤ ਕੁੱਝ ਉਹ ਕਰ/ਮੰਨ ਰਹੇ ਹਾਂ ਜਿਸ ਦਾ ਗੁਰਮਤਿ ਦੇ ਸਿਧਾਂਤਾਂ ਨਾਲ ਕੋਈ ਸਬੰਧ ਨਹੀਂ ਹੈ। ਸਾਡੀ ਇਸ ਅਗਿਆਨਤਾ ਆਦਿ ਦੇ ਕਾਰਨਾਂ ਵਿੱਚ ਇੱਕ ਇਹ ਹੈ ਕਿ ਅਸੀਂ ਗੁਰੂ ਗਰੰਥ ਸਾਹਿਬ `ਤੇ ਵਿਸਵਾਸ਼ ਕਰਨ ਦੀ ਬਜਾਇ ਇਤਿਹਾਸ, ਇਤਿਹਾਸਕ ਸਥਾਨਾਂ ਅਤੇ ਸਿੱਖੀ ਦਾ ਮਖੌਟਾ ਪਾ ਕੇ ਸਿੱਖੀ ਦਾ ਮੂੰਹ –ਮੁਹਾਂਦਰਾਂ ਵਿਗਾੜਨ ਦੀ ਕੁਚੇਸ਼ਟਾ ਕਰ ਰਹੇ ਵਿਅਕਤੀਆਂ ਉਤੇ ਵਧੇਰੇ ਵਿਸਵਾਸ਼ ਕਰੀ ਬੈਠੇ ਹਾਂ। ਇਸ ਸਥਿਤੀ ਵਿੱਚ ਸਾਡਾ ਗੁਰੂ ਗਰੰਥ ਸਾਹਿਬ ਨੂੰ ਗੁਰੂ ਕਹਿਣਾ ਜਾਂ ਮੱਥਾ ਟੇਕਣਾ ਅਰਥਹੀਣ ਹੀ ਆਖਿਆ ਜਾ ਸਕਦਾ ਹੈ।

‘ਸੁਖ ਨਿਧਾਨ’ ਦਾ ਅਰਥ ਹੈ ਸੁਖਾਂ ਦਾ ਖ਼ਜ਼ਾਨਾ। ਗੁਰਮਤਿ ਵਿੱਚ ‘ਸੁਖ ਨਿਧਾਨ’ ਕੇਵਲ ਪ੍ਰਭੂ/ਨਾਮ ਨੂੰ ਹੀ ਆਖਿਆ/ਸਮਝਿਆ ਗਿਆ ਹੈ: (ੳ) ਸੁਖ ਨਿਧਾਨੁ ਪ੍ਰਭੁ ਏਕੁ ਹੈ ਅਬਿਨਾਸੀ ਸੁਣਿਆ॥ (ਪੰਨਾ 319) ਅਰਥ: ਇੱਕ ਪਰਮਾਤਮਾ ਹੀ ਸੁਖਾਂ ਦਾ ਖ਼ਜ਼ਾਨਾ ਹੈ ਜੋ (ਪਰਮਾਤਮਾ) ਅਬਿਨਾਸ਼ੀ ਸੁਣੀਦਾ ਹੈ।

(ਅ) ਮਨ ਕਿਉ ਬੈਰਾਗੁ ਕਰਹਿਗਾ ਸਤਿਗੁਰੁ ਮੇਰਾ ਪੂਰਾ॥ ਮਨਸਾ ਕਾ ਦਾਤਾ ਸਭ ਸੁਖ ਨਿਧਾਨੁ ਅੰਮ੍ਰਿਤ ਸਰਿ ਸਦ ਹੀ ਭਰਪੂਰਾ॥ (ਪੰਨਾ 375) ਅਰਥ: ਹੇ ਮੇਰੇ ਮਨ! ਤੂੰ ਕਿਉਂ ਘਾਬਰਦਾ ਹੈਂ? (ਯਕੀਨ ਰੱਖ, ਤੇਰੇ ਸਿਰ ਉਤੇ ਉਹ) ਪਿਆਰਾ ਸਤਿਗੁਰੂ (ਰਾਖਾ) ਹੈ ਜੋ ਮਨ ਦੀਆਂ ਲੋੜਾਂ ਪੂਰੀਆਂ ਕਰਨ ਵਾਲਾ ਹੈ ਜੋ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ ਅਤੇ ਜਿਸ ਅੰਮ੍ਰਿਤ ਦੇ ਸਰੋਵਰ-ਗੁਰੂ ਵਿੱਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਨਕਾ-ਨਕ ਭਰਿਆ ਹੋਇਆ ਹੈ।

(ੲ) ਸੁਖ ਨਿਧਾਨੁ ਮਿਲਿਆ ਦੂਖ ਹਰਿਆ ਕ੍ਰਿਪਾ ਕਰਿ ਪ੍ਰਭਿ ਰਾਖਿਆ॥ (ਪੰਨਾ 925) ਅਰਥ: (ਹੇ ਭਾਈ! ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ) ਸੁਖਾਂ ਦਾ ਖ਼ਜ਼ਾਨਾ ਹਰਿ-ਨਾਮ ਮਿਲ ਜਾਂਦਾ ਹੈ। ਪ੍ਰਭੂ ਨੇ ਕਿਰਪਾ ਕਰ ਕੇ ਜਿਸ ਮਨੁੱਖ ਦੀ (ਦੁੱਖ ਆਦਿਕਾਂ ਤੋਂ) ਰੱਖਿਆ ਕੀਤੀ, ਉਸ ਦੇ ਸਾਰੇ ਦੁੱਖ ਨਿਵਿਰਤ ਹੋ ਗਏ।

ਅਕਾਲ ਪੁਰਖ ਨਾਲ ਅਭੇਦ ਹੋਏ ਪ੍ਰਾਣੀਆਂ ਲਈ ਵੀ ਇਹ ਸ਼ਬਦ ਗੁਰੂ ਗਰੰਥ ਸਾਹਿਬ ਵਿੱਚ ਵਰਤਿਆ ਗਿਆ ਹੈ: ਜਿਸ ਤੇ ਉਪਜੇ ਤਿਸੁ ਮਾਹਿ ਸਮਾਏ॥ ਓਇ ਸੁਖ ਨਿਧਾਨ ਉਨਹੂ ਬਨਿ ਆਏ॥ (ਪੰਨਾ 282) ਅਰਥ: ਜਿਸ ਪ੍ਰਭੂ ਤੋਂ ਉਹ ਸੇਵਕ ਪੈਦਾ ਹੋਏ ਹਨ, ਉਸੇ ਵਿੱਚ ਲੀਨ ਰਹਿੰਦੇ ਹਨ, ਉਹ ਸੁਖਾਂ ਦਾ ਖ਼ਜ਼ਾਨਾ ਹੋ ਜਾਂਦੇ ਹਨ ਤੇ ਇਹ ਦਰਜਾ ਫੱਬਦਾ ਭੀ ਉਹਨਾਂ ਨੂੰ ਹੀ ਹੈ।

ਕਿਸੇ ਤਰ੍ਹਾਂ ਦੇ ਨਸ਼ੇ ਨੂੰ ਵੀ ‘ਸੁਖ ਨਿਧਾਨ’ ਨਹੀਂ ਆਖਿਆ ਗਿਆ ਹੈ। ਹਾਂ, ਦੁੱਖ ਨਿਧਾਨ ਜ਼ਰੂਰ ਆਖਿਆ ਹੈ। ਇਤਿਹਾਸ ਦੀਆਂ ਪੁਸਤਕਾਂ ਵਿੱਚ ਸਾਡੇ ਕਥਿਤ ਆਪਣੇ ਹੀ ਲੇਖਕਾਂ ਨੇ ਜਿਸ ਤਰ੍ਹਾਂ ਨਾਲ ਗੁਰਮਤਿ ਵਿੱਚ ਖੋਟ ਰਲਾਇਆ ਹੋਇਆ ਹੈ, ਉਸ ਦੀ ਇੱਥੇ ਇੱਕ ਉਦਾਹਰਣ ਹੀ ਪੇਸ਼ ਕੀਤੀ ਜਾ ਰਹੀ ਹੈ, “ਗੁਰੂ ਜੀ ਨੇ ਸਬ {ਸਭ} ਸੰਗਤ ਕੋ ਅੰਮ੍ਰਿਤ ਛਕਾ ਕਰ ਸਸਤ੍ਰ ਪਕੜਾ ਕਰ ਸਿੰਘ ਸਜਾ ਕਰ ਵਿਦਾ ਕਰਾ, ਤਾਂ ਸਿੱਖਾਂ ਨੂੰ ਕਹਿਆ ਜੋ ਤੁਸੀਂ ਕੁਛ ਅਮਲ ਛਕਿਆ ਕਰੋ, ਤਾਂ ਸਿੱਖ ਅਮਲ ਖਾਨੇ ਲੱਗੇ, ਤਾਂ ਕਿਤਨੀਆਂ ਦੀਆਂ ਬ੍ਰਿੱਤੀਆਂ ਠਹਿਰ ਗਈਆਂ।” ਭਾਈ ਕਾਨ੍ਹ ਸਿੰਘ ਇਸ ਲਿਖਤ ਉਤੇ ਟਿਪਣੀ ਕਰਦਿਆਂ ਲਿਖਦੇ ਹਨ, “ਵ੍ਰਿਤੀ ਠਹਿਰਾਉਣ ਦਾ ਕੇਹਾ ਸੁੰਦਰ ਉਪਾਉ ਦਸਿਆ ਹੈ! ਸਿੱਖਾਂ ਦੀ ਵ੍ਰਿਤੀ, ਸੇਵਾ, ਗੁਰੁਬਾਣੀ ਦਾ ਅਭਆਸ, ਪਰੋਪਕਾਰ, ਸਸਤ੍ਰ ਅਤੇ ਸ਼ਾਸਤ੍ਰ ਦੇ ਅਭਿਆਸ ਨਾਲ ਠਹਿਰਦੀ ਹੈ ਨਾ ਕਿ ਨਸ਼ੇ ਵਿੱਚ ਗੜੂੰਦ ਹੋ ਕੇ ਉੱਲੂ ਬਣਨ ਨਾਲ। (ਗੁਰੁਮਤ ਮਾਰਤੰਡ) ਇਹੋ ਜੇਹੇ ਲੇਖਕਾਂ ਦੀਆਂ ਗੁਰਮਤਿ ਵਿਰੋਧੀ ਲਿਖਤਾਂ ਨੂੰ ਗੁਰਮਤਿ ਮੰਨ ਲੈਣ ਕਾਰਨ ਹੀ ਸਾਡੇ ਇਤਿਹਾਸਕ ਗੁਰਦਰਆਰਿਆਂ ਵਿੱਚ ਵੀ ਗੁਰਮਤਿ ਦਾ ਘੋਰ ਖੰਡਨ ਕਰਨ ਵਾਲੀਆਂ ਕਈ ਰਹੁ ਰੀਤਾਂ ਪ੍ਰਚਲਤ ਹੋ ਗਈਆਂ ਹਨ। ਜ਼ੁੰਮੇਵਾਰ ਸੱਜਣਾਂ ਨੂੰ ਗੁਰਮਤਿ ਸਿਧਾਂਤਾਂ ਉਤੇ ਪਹਿਰਾ ਦੇਂਦਆਂ ਹੋਇਆਂ, ਗੁਰਮਤਿ ਦਾ ਘੋਰ ਖੰਡਨ ਕਰਨ ਵਾਲੀਆਂ ਕਥਿਤ ਰਸਮਾਂ ਆਦਿ ਨੂੰ ਬੰਦ ਕਰਕੇ ਆਪਣੇ ਫ਼ਰਜ਼ ਦੀ ਪਾਲਣਾ ਕਰਨੀ ਚਾਹੀਦੀ ਹੈ।

ਭੰਗ ਨੂੰ ‘ਸੁਖ ਨਿਧਾਨ’ ਕਹਿਣ ਵਾਲੇ ਸੱਜਣਾਂ ਦੇ ਸਬੰਧ ਵਿੱਚ ਭਾਈ ਕਾਨ੍ਹ ਸਿੰਘ ਲਿਖਦੇ ਹਨ, “ਤਾਂਤ੍ਰਿਕਾਂ ਦੇ ਫੰਦੇ ਵਿੱਚ ਫਸੇ ਅਸਾਡੇ ਭੰਗੜ ਭਾਈਆਂ ਨੂੰ ਲੱਜਾ ਕਰਨੀ ਚਾਹੀਏ, ਜੋ ਮਤਿ – ਭੰਗ – ਕਰਤਾ ਭੰਗ ਨੂੰ ‘ਸੁਖ ਨਿਧਾਨ’ ਪਦਵੀ ਦੇਂਦੇ ਹਨ ਅਤੇ ਭੰਗ ਦੀ ਮਿੱਠੀ ਸਰਦਾਈ ਨੂੰ ‘ਸ਼ਹੀਦੀ ਦੇਗ’ ਆਖਣੋ ਸੰਕੋਚ ਨਹੀਂ ਕਰਦੇ, ਅਰ {ਸ਼ਹੀਦੀ ਦੇਗ} ਅਰਦਾਸ ਕਰਕੇ ਭੰਗ ਦਾ ਭੋਗ ਗੁਰੂ ਨੂੰ ਕਲਪਨਾ ਮਾਤ੍ਰ ਲਵਾਉਂਦੇ ਹਨ।

ਕਈ ਗੁਰਦੁਆਰਿਆਂ ਵਿੱਚ ਭੰਗ ਨਾਲ ਭਰਿਆ ਬਰਤਨ ਗੁਰੂ ਗ੍ਰੰਥ ਸਾਹਿਬ ਅਗੇ, ਜਾਂ ਮੰਦਿਰ ਅੰਦਰ ਰਖ ਕੇ ਘੰਟਾ ਨਗਾਰਾ ਆਦਿ ਵਜਾਉਂਦੇ ਅਤੇ ਸਮਝਦੇ ਹਨ ਕਿ ਸਤਿਗੁਰੂ ਨੂੰ ਭੋਗ ਲਗ ਗਿਆ ਹੈ। ਅਨੇਕ ਸਥਾਨਾਂ ਵਿੱਚ ਅੰਨ ਦੇ ਲੰਗਰ ਨਾਲ ਭੰਗ ਦਾ ਭੀ ਸਦਾਵ੍ਰਤ ਚਲਦਾ ਹੈ।” (ਗੁਰੁਮਤ ਮਾਰਤੰਡ)

ਜੇਕਰ ਕੋਈ ਸਿੱਖ ਅਖਵਾਉਣ ਵਾਲਾ ਪ੍ਰਾਣੀ ਗੁਰੂ ਗਰੰਥ ਸਾਹਿਬ ਵਿਚੋਂ ਇਹ ਸ਼ਬਦ ਪੜ੍ਹਕੇ ਵਾਹਿਗੁਰੂ ਦੇ ਨਾਮ ਨੂੰ ਸੁਖ ਨਿਧਾਨ ਆਖਣ/ਸਮਝਣ ਦੀ ਥਾਂ ਕਿਸੇ ਭੰਗ ਆਦਿ ਨੂੰ ਸੁਖ ਨਿਧਾਨ ਆਖਦਾ/ਸਮਝਦਾ ਹੈ ਤਾਂ ਇਹ ਮਨਮੁੱਖਤਾ ਦਾ ਹੀ ਪ੍ਰਤੀਕ ਸਮਝਣਾ ਚਾਹੀਦਾ ਹੈ ਗੁਰਮੁੱਖਤਾ ਦਾ ਨਹੀਂ। ਕੁੱਝ ਅਜਿਹੇ ਹੀ ਵਿਅਕਤੀਆਂ ਨੂੰ ਦੁੱਖ ਨਿਧਾਨ (ਭੰਗ) ਨੂੰ ਸੁਖ ਨਿਧਾਨ ਸਮਝ ਕੇ ਆਪ ਛੱਕ ਕੇ ਦੂਜਿਆਂ ਨੂੰ ਵੀ ਛਕਾਉਣ ਦੀ ਸੇਵਾ ਨਿਭਾਉਣ ਵਾਲੇ ਨੂੰ ਦੇਖ ਕੇ, ਇੱਕ ਪੰਥ ਦਰਦੀ ਨੇ ਆਪਣੇ ਹਿਰਦੇ ਦੀ ਵੇਦਨਾ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ, “ਉਨ੍ਹਾਂ ਭੰਗੜਾਂ ਅਤੇ ਅਫ਼ੀਮੀਆਂ ਨੇ ਚੜ੍ਹਦੀ ਕਲਾ ਵਾਲੇ ਪੁਸ਼ਾਕੇ, ਨਗਾਰੇ, ਘੋੜੇ, ਬਰਛੇ, ਸਿਰਾਂ `ਤੇ ਚੱਕਰ ਆਦਿ ਸਜਾ ਕੇ ਪੁਰਾਤਨ ਖ਼ਾਲਸਈ ਸ਼ਾਨ ਵਾਲੇ ਬਾਣੇ ਨੂੰ ਕਲੰਕਤ ਕੀਤਾ ਹੋਇਆ ਹੈ। ਖ਼ਾਲਸਈ ਸ਼ਾਨ ਕਾਇਮ ਰੱਖਣ ਲਈ ਬਾਣੇ ਦੇ ਨਾਲ ਗੁਰੂ ਗਰੰਥ ਸਾਹਿਬ ਜੀ ਦੇ ਹੁਕਮਾਂ ਅਨੁਸਾਰ ਆਪਣਾ ਜੀਵਨ ਬਣਾਈ ਰੱਖਣ ਵਾਲੀ ਜ਼ਰੂਰੀ ਸ਼ਰਤ ਨੂੰ ਬੇਲੋੜਾ ਮੰਨ ਲੈਣਾ ਪੰਥਕ ਬਦਕਿਸਮਤੀ ਹੈ। ਪੁਰਾਤਨ ਗੁਰਸਿੱਖੀ –ਸ਼ਾਨ ਦੇ ਪ੍ਰਤੀਕ ਚੜ੍ਹਦੀ ਕਲਾ ਵਾਲੇ ਬਾਣਿਆਂ ਦੇ ਧਾਰਨੀ ਜਿਹੜੇ ਲੋਕ, ਗੁਰੂ ਦੇ ਹੁਕਮ ਦੇ ਵਿਰੁੱਧ ਵਿਹਾਰ ਕਰਦੇ ਹਨ, ਉਹ ਸਿੱਖੀ ਦੇ ਚਮਕਦੇ ਚੰਦ ਵਿੱਚ ਕੋਝਾ ਦਾਗ਼ ਹਨ।”

ਸਿੱਖ ਰਹਿਤ ਮਰਯਾਦਾ ਵਿੱਚ ਗੁਰਮਤਿ ਦੀ ਰਹਿਣੀ ਦਾ ਵਰਣਨ ਕਰਦਿਆਂ ਹੋਇਆਂ ਨਸ਼ਿਆਂ ਦੇ ਸਬੰਧ ਵਿੱਚ ਇਉਂ ਲਿਖਿਆ ਹੋਇਆ ਹੈ: “ਸਿੱਖ ਭੰਗ, ਅਫ਼ੀਮ, ਸ਼ਰਾਬ, ਤਮਾਕੂ ਆਦਿ ਨਸ਼ੇ ਨਾ ਵਰਤੇ। ਅਮਲ ਪ੍ਰਸ਼ਾਦੇ ਦਾ ਹੀ ਰੱਖੇ। “

ਇਸ ਸਪਸ਼ਟ ਹਿਦਾਇਤ ਦੇ ਬਾਵਜੂਦ ਵੀ “ਕਈ ਕੌਮ ਦੇ ਵੈਰੀ ਇਹ ਆਖਦੇ ਸ਼ਰਮਾਂਉਂਦੇ ਨਹੀਂ ਕਿ ਰੱਤੀ ਅਫ਼ੀਮ ਅਤੇ ਮਾਸਾ ਸੁਖਾ ਖਾਣ ਪੀਣ ਦੀ ਗੁਰੂ ਸਾਹਿਬ ਨੇ ਸਿੱਖਾਂ ਨੂੰ ਆਗਯਾ ਦਿੱਤੀ ਹੋਈ ਹੈ।” (ਗੁਰੁਮਤ ਮਾਰਤੰਡ)

ਸਾਡੇ ਕਈ ਇਤਿਹਾਸਕ ਗੁਰਦੁਆਰਿਆਂ ਵਿੱਚ ਇਸ ‘ਦੁਖ ਨਿਧਾਨ’ ਨੂੰ ਕੇਵਲ ਸੁਖ ਨਿਧਾਨ ਆਖ ਕੇ ਇਸ ਨੂੰ ਵਰਤਾਇਆ ਹੀ ਨਹੀਂ ਜਾਂਦਾ ਬਲਕਿ ਇਸ ਗੁਰਮਤਿ ਵਿਰੋਧੀ ਕਰਮ ਨੂੰ ਦਸਮੇਸ਼ ਪਾਤਸ਼ਾਹ ਦੇ ਪਾਵਨ ਨਾਮ ਨਾਲ ਜੋੜਿਆ ਜਾਂਦਾ ਹੈ। ਆਮ ਸ਼ਰਧਾਲੂ ਇਹ ਸੁਣਦਿਆਂ ਹੀ ਇਸ ‘ਦੁੱਖ ਨਿਧਾਨ’ ਨੂੰ ਸੁਖ ਨਿਧਾਨ ਸਮਝ ਕੇ ਛੱਕਣ ਲਗਿਆਂ ਫਿਰ ਦੇਰੀ ਨਹੀਂ ਲਾਉਂਦਾ। ਇੱਕ ਵਿਦਵਾਨ ਸੱਜਣ ਆਪਣੀ ਅੱਖੀਂ ਦੇਖੇ ਦ੍ਰਿਸ਼ ਨੂੰ ਇਉਂ ਬਿਆਨ ਕਰਦੇ ਹਨ, “ਹਜ਼ੂਰ ਸਾਹਿਬ ਦੇ ਦਰਸਨਾਂ ਦਾ ਸੁਭਾਗ ਪ੍ਰਾਪਤ ਹੋਇਆ। ਉੱਥੇ ਮੁੱਖ ਸਥਾਨ ਦੇ ਲਾਗੇ ਹੀ ਸੰਗਮਰਮਰ ਦੇ ਇੱਕ ਸੁੰਦਰ ਕਮਰੇ ਉਤੇ ਮੋਟੇ ਅੱਖਰਾਂ ਵਿੱਚ ‘ਸੁਖ ਨਿਧਾਨ ਦੇਗ’ ਉਕਰਿਆ ਹੋਇਆ ਹੈ ਅਤੇ ਇਸ ਦੇ ਵਰਤਾਉਣ ਦਾ ਸਮਾਂ ਵੀ ਦਰਜ ਹੈ। ਇਥੇ ਹੀ ਦੇਗ ਤਿਆਰ ਕਰਕੇ ਚਾਹਵਾਨ ਸੰਗਤਾਂ ਨੂੰ ਛਕਾਈ ਜਾਂਦੀ ਹੈ।”

ਇਹ ਇੱਕ ਦੁਖਦਾਈ ਪਹਿਲੂ ਹੈ ਕਿ ਭੰਗ ਨੂੰ ਸੁਖ ਨਿਧਾਨ ਦਾ ਨਾਉਂ ਦੇਣ ਵਾਲੇ ਆਪਣੀ ਇਸ ਕਮਜ਼ੋਰੀ ਨੂੰ ਸਵੀਕਾਰ ਕਰਨ ਦੀ ਬਜਾਇ ਇਸ ਨੂੰ ਇਹ ਕਹਿ ਕੇ ਸਹੀ ਕਰਾਰ ਦੇਂਦੇ ਹਨ ਕਿ ਇਹ ਰੀਤ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਹੀ ਚੱਲਦੀ ਆ ਰਹੀ ਹੈ। ਇਹੋ ਜੇਹੇ ਵਿਅਕਤੀਆਂ ਨੂੰ ਖ਼ਾਲਸਾ ਪੰਥ ਦੇ ਹਿਤੈਸ਼ੀ ਨਹੀਂ ਆਖਿਆ/ਸਮਝਿਆ ਜਾ ਸਕਦਾ। ਧੰਨ ਹੈ ਖ਼ਾਲਸਾ ਪੰਥ ਜੇਹੜਾ ਇਹੋ ਜੇਹੇ ਪ੍ਰਾਣੀਆਂ ਨੂੰ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਕਹਿੰਦਾ ਹੈ। ਜੇਕਰ ਭੰਗ ਦਾ ਸੇਵਨ ਆਪ ਹੀ ਨਹੀਂ ਸਗੋਂ ਸੰਗਤਾਂ ਨੂੰ ਵੀ ਪ੍ਰਸ਼ਾਦ ਰੂਪ ਵਿੱਚ ਵਰਤਾਉਣ ਦੀ ਸੇਵਾ ਨਿਭਾਉਂਦਿਆਂ, ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਨਾਮ ਨਾਲ ਜੋੜਨ ਵਾਲੇ ਗੁਰੂ ਕੀ ਲਾਡਲੀ ਫ਼ੌਜ ਹਨ ਤਾਂ ਗੁਰੂ ਕੀ ਵਿਗੜੀ ਹੋਈ ਫ਼ੋਜ ਦਾ ਕਿਹੋ ਜੇਹਾ ਰੂਪ ਹੋਵੇਗਾ?

ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ (ਖ਼ਾਸ ਤੌਰ `ਤੇ ਮਿਸਲਾਂ ਦੇ ਸਮੇਂ ਤੋਂ) ਕਮਜ਼ੋਰੀ ਵੱਸ ਜੇਕਰ ਕੁੱਝ ਸਿੰਘ ਨਸ਼ੇ ਆਦਿ ਦਾ ਸੇਵਨ ਕਰਨ ਲੱਗ ਪਏ ਹੋਣ ਤਾਂ ਵੀ ਇਸ ਨੂੰ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਮੰਨਿਆ ਜਾ ਸਕਦਾ। ਇਸ ਤੋਂ ਇਹ ਸਿੱਧ ਨਹੀਂ ਕੀਤਾ ਜਾ ਸਕਦਾ ਕਿ ਸਿੱਖੀ ਵਿੱਚ ਇਸ ਦੀ ਵਰਤੋਂ ਜਾਇਜ਼ ਹੈ। ਸਾਡੇ ਜੀਵਨ ਦਾ ਆਧਾਰ ਗੁਰੂ ਗਰੰਥ ਸਾਹਿਬ ਹਨ ਨਾ ਕਿ ਗੁਰੂ ਸਾਹਿਬ ਦੇ ਆਸ਼ੇ ਤੋਂ ਲਾਂਭੇ ਹੋਇਆ ਕੋਈ ਸਿੱਖ ਜਾਂ ਸੰਸਥਾ। ਗੁਰਦੁਆਰਾ ਸਾਹਿਬ ਵਿਖੇ ਦਰਬਾਰ ਹਾਲ ਵਿੱਚ ਕੜ੍ਹਾਹ ਪ੍ਰਸ਼ਾਦ ਅਤੇ ਲੰਗਰ ਵਿੱਚ ਪ੍ਰਸ਼ਾਦਾ ਹੀ ਵਰਤਾਉਣ ਦੀ ਪਰੰਪਰਾ ਹੈ। ਜੇਕਰ ਸਾਡੇ ਕੁੱਝ ਇਤਿਹਾਸਕ ਸਥਾਨਾਂ `ਤੇ ਭੰਗ ਨੂੰ ਦੇਗ ਆਦਿ ਕਹਿ ਕੇ ਵਰਤਾਇਆ ਜਾਂਦਾ ਹੈ ਤਾਂ ਇਸ ਨੂੰ ਗੁਰਮਤਿ ਦੀ ਰਹੁ ਰੀਤ ਨਹੀਂ ਆਖਿਆ ਜਾ ਸਕਦਾ।

ਜੇਕਰ ਸਾਡੇ ਕੁੱਝ ਇਤਿਹਾਸਕ ਸਥਾਨਾਂ `ਤੇ ਭੰਗ ਨੂੰ ਸੁਖ ਨਿਧਾਨ ਆਖਿਆ ਜਾ ਰਿਹਾ ਹੈ ਤਾਂ ਇਹ ਇਸ ਗੱਲ ਦਾ ਹੀ ਪ੍ਰਤੀਕ ਸਮਝਣਾ ਚਾਹੀਦਾ ਹੈ ਕਿ ਸਾਡੇ ਇਹਨਾਂ ਪਵਿੱਤ੍ਰ ਗੁਰਧਾਮਾਂ ਨੂੰ ਸੇਵਾ ਸੰਭਾਲ ਕਰਨ ਵਾਲੇ ਪ੍ਰਾਣੀਆਂ ਨੇ ਗੁਰਮਤਿ ਦੇ ਨਹੀਂ ਸਗੋਂ ਮਨਮੱਤ ਪ੍ਰਚਾਰਨ ਦੇ ਕੇਂਦਰਾਂ ਵਿੱਚ ਤਬਦੀਲ ਕਰ ਦਿੱਤਾ ਹੈ। ਇਸ ਪਰਿਸਥਿਤੀ ਵਿੱਚ ਸਿੱਖ ਨੇ ਪ੍ਰੇਰਣਾ ਇਹੋ ਜੇਹੇ ਸਥਾਨਾਂ ਦਾ ਪ੍ਰਬੰਧ ਆਦਿ ਸੰਭਾਲਣ ਵਾਲੇ/ਵਾਲਿਆਂ ਤੋਂ ਨਹੀਂ, ਗੁਰੂ ਗਰੰਥ ਸਾਹਿਬ ਕੋਲੋਂ ਲੈਣੀ ਹੈ। ਸਾਡੇ ਪ੍ਰੇਰਣਾ ਸਰੋਤ ਗੁਰੂ ਗਰੰਥ ਸਾਹਿਬ ਹਨ ਨਾ ਕਿ ਇਹਨਾਂ ਗੁਰ ਸਥਾਨਾਂ `ਤੇ ਪ੍ਰਚਲਤ ਰਹੁ ਰੀਤ। ਇਹਨਾਂ ਸਥਾਨਾਂ ਦੀ ਮਹਿਮਾਂ/ਮਹੱਤਾ ਗੁਰੂ ਚਰਨਾਂ ਦੀ ਛੁਹ ਮਾਣਨ ਸਦਕਾ ਹੈ ਨਾ ਕਿ ਗੁਰੂ ਦੀ ਮਹਿਮਾ ਇਹਨਾਂ ਕਰਕੇ ਹੈ। ਇਸ ਲਈ ਸਤਿਗੁਰੂ ਦੀ ਬਾਣੀ/ਸਿਖਿਆ ਆਦਿ ਨਾਲੋਂ ਇਹਨਾਂ ਦੀ ਮਹਿਮਾਂ ਵਧੇਰੇ ਨਹੀਂ ਹੋ ਸਕਦੀ।

ਇਸੇ ਤਰ੍ਹਾਂ ਜੇਕਰ ਕੋਈ ਸੰਸਥਾ ਕਿਤਨੀ ਵੀ ਪੁਰਾਣੀ ਕਿਉਂ ਨਾ ਹੋਵੇ, ਜੇਕਰ ਉਸ ਦੇ ਮੈਂਬਰ ਗੁਰਮਤਿ ਤੋਂ ਵਿਰੁੱਧ ਕੋਈ ਕਰਮ ਕਰਨ ਵਾਲੇ ਹਨ/ਸਨ ਤਾਂ ਵੀ ਅਸੀਂ ਸੇਧ ਉਹਨਾਂ ਦੇ ਗੁਰਮਤਿ ਵਿਰੋਧੀ ਕਰਮ ਤੋਂ ਨਹੀਂ ਲੈਣੀ ਹੈ, ਗੁਰੂ ਗਰੰਥ ਸਾਹਿਬ ਤੋਂ ਹੀ ਲੈਣੀ ਹੈ। ਸਤਿਗੁਰੂ ਜੀ ਨੇ ਸਾਨੂੰ ਗੁਰੂ ਗਰੰਥ ਸਾਹਿਬ ਦੇ ਲੜ ਹੀ ਲਾਇਆ ਹੈ ਨਾ ਕਿ ਕਿਸੇ ਵੀ ਅਜਿਹੀ ਸੰਸਥਾ ਦੇ, ਜੇਹੜੀ ਗੁਰੂ ਸਾਹਿਬ ਦੀ/ਦੀਆਂ ਸਿਖਿਆਵਾਂ ਦੀ ਵਿਪਰੀਤ ਹੋਣ।

ਗੁਰਮਤਿ ਵਿੱਚ ਹਰੇਕ ਤਰ੍ਹਾਂ ਦੇ ਨਸ਼ੇ ਦਾ ਤਿਆਗ ਕਰਨ ਦੀ ਤਾਕੀਦ ਹੈ। ਇਸ ਲਈ ਰਹਿਤਨਾਮਿਆਂ ਵਿੱਚ ਇਹ ਸ਼ਬਦ ਬੜੇ ਹੀ ਭਾਵ ਪੂਰਤ ਹਨ ਕਿ ਸਿੱਖ ਨੂੰ ਅਮਲ ਕੇਵਲ ਪਰਸ਼ਾਦੇ ਦਾ ਹੀ ਹੋਣਾ ਚਾਹੀਦਾ ਹੈ।

ਅੰਤ ਵਿੱਚ ਅਸੀਂ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵਲੋਂ ਦੁਖੀ ਹਿਰਦੇ ਨਾਲ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਨੂੰ ਕੀਤੀ ਅਪੀਲ ਵਲ ਪਾਠਕਾਂ ਦਾ ਧਿਆਨ ਦਿਵਾ ਰਹੇ ਹਾਂ, “ਗੁਰਦੁਆਰਿਆਂ ਵਿਚੋਂ ਭੰਗ ਦੇ ਡੰਡੇ – ਕੂੰਡੇ ਹਟਾ ਕੇ ਸਾਵਧਾਨ ਹੋਵੋ! ਨਾਮ, ਗੁਰਬਾਣੀ ਤੇ ਕੀਰਤਨ ਦਾ ਅਖੰਡ ਪ੍ਰਵਾਹ ਚਲਾਉ ਤੇ ਕੌਮ ਨੂੰ ਸੱਚੀ ਸਿੱਖੀ ਦੇ ਮਾਰਗ ‘ਪਰ ਤੋਰੋ’॥”

ਸੋ, ਸੁਖ ਨਿਧਾਨ ਕੇਵਲ `ਤੇ ਕੇਵਲ ਵਾਹਿਗੁਰੂ ਜੀ ਦਾ ਨਾਮ ਹੀ ਹੈ, ਹੋਰ ਕਿਸੇ ਸ਼ੈ ਨੂੰ ਸੁਖ ਨਿਧਾਨ ਨਹੀਂ ਆਖਿਆ/ਮੰਨਿਆ ਗਿਆ। ਕਿਸੇ ਭੰਗ ਆਦਿ ਪ੍ਰੇਮੀ/ਪ੍ਰੇਮੀਆਂ ਵਲੋਂ ਭੰਗ ਨੂੰ ਸੁਖ ਨਿਧਾਨ ਕਹਿਣ ਨਾਲ ਇਹ ਸੁਖ ਨਿਧਾਨ ਨਹੀਂ ਹੋ ਸਕਦੀ। ਜੇਕਰ ਭੰਗ ਪੀਣ ਨਾਲ ਹੀ ਸੁਖਾਂ ਦੀ ਪ੍ਰਾਪਤੀ ਹੈ ਤਾਂ ਫਿਰ ਗੁਰੂ ਗਰੰਥ ਸਾਹਿਬ ਅਨੁਸਾਰ ਜੀਵਨ – ਜਾਚ ਬਣਾਉਣ ਦੀ ਕੀ ਲੋੜ ਹੈ, ਫਿਰ ਤਾਂ ਬੱਸ ਭੰਗ ਦਾ ਸੇਵਨ ਕਰ ਲਿਆ ਅਤੇ ਜੀਵਨ ਸਫਲ ਕਰ ਲਿਆ। ਪਰੰਤੂ ਨਹੀਂ, ਇਹ ਗੁਰੂ ਦਾ ਮੱਤ ਨਹੀਂ ਹੈ, ਮਨਮਤ ਹੈ। ਮਨਮਤ ਦਾ ਅਤੇ ਗੁਰੂ ਦੀ ਮਤ ਦਾ ਆਪਸ ਵਿੱਚ ਕਿਸੇ ਤਰ੍ਹਾਂ ਦਾ ਜੋੜ ਨਹੀਂ ਹੈ। ਅਸੀਂ ਗੁਰਮਤੀਏ ਬਣਨਾ ਹੈ ਨਾ ਕਿ ਮਨਮਤੀਏ।

ਜਸਬੀਰ ਸਿੰਘ ਵੈਨਕੂਵਰ
.