.

ਸਰੀਰਾਂ ਵਾਲੀ ਖੇਡ ਤੇ ਦੁਖ-ਸੁਖ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫ਼ਾਊਂਡਰ ਸਿੱਖ ਮਿਸ਼ਨਰੀ ਲਹਿਰ ਸੰਨ 1956

“ਆਵਨ ਜਾਨਾ ਤਿਹ ਮਿਟੈ” - ਦੇਖਣ ਦੀ ਗੱਲ ਇਹ ਹੈ ਕਿ ਗੁਰਬਾਣੀ ਅਨੁਸਾਰ ਜੀਵ ਦਾ ਆਉਣਾ ਤੇ ਜਾਣਾ ਹੈ ਕੀ? ਦਰਅਸਲ ਕੇਵਲ ਤੇ ਕੇਵਲ ਆਪਣੇ ਸਰੀਰ ਤੋਂ ਹੀ ਮੰਨ ਲੈਣਾ ਕਿ ਸਾਡੇ ਸਰੀਰ ਦਾ ਜਨਮ ਹੋ ਜਾਣਾ ਤੇ ਇਸ ਦਾ ਬਿਨਸਣਾ ਹੀ ਜਨਮ ਲੈਣਾ ਤੇ ਮਰ ਜਾਣਾ ਹੈ। ਬਸ ਇਹੀ ਹੈ ਸਾਡਾ ਸੰਸਾਰ `ਚ ਆਉਣਾ ਤੇ ਜਾਣਾ, ਸੰਸਾਰਿਕ ਬੋਲੀ `ਚ ਤਾਂ ਇਹ ਸੱਚ ਹੈ ਪਰ ਗੁਰਮਤਿ ਅਨੁਸਾਰ ਇਹ ਸੱਚ ਨਹੀਂ। ਦਰਅਸਲ ਇਹੀ ਹੈ ਉਹ ਨੁੱਕਤਾ, ਜਿਥੇ ਪੁਜ ਕੇ ਅਸੀਂ ਧੋਖਾ ਖਾ ਰਹੇ ਹਾਂ। ਗੁਰਮਤਿ ਅਨੁਸਾਰ ਇੱਕ ਹੈ ਪ੍ਰਾਣੀ ਦੀ ਆਤਮਕ ਮੌਤ ਤੇ ਦੂਜਾ ਹੈ ਇਸ ਦਾ ਆਤਮਕ ਜੀਵਨ, ਇਹ ਦੋਵੇਂ ਪੱਖ ਮਨੁੱਖ ਦੇ ਜੀਊਂਦੇ ਜਾਗਦੇ ਸਰੀਰ ਨਾਲ ਸੰਬੰਧਤ ਹਨ। ਇਸ ਤਰ੍ਹਾਂ ਆਤਮਕ ਮੰਡਲ `ਚ, ਸਾਡੀ ਇਹ ਜਨਮ-ਮਰਣ ਦੀ ਸੀਮਾ ਨਹੀਂ। ਇਹ ਸਰੀਰ ਕੇਵਲ ਵਸੀਲਾ ਤੇ ਸਾਧਨ ਹੈ ਪ੍ਰਭੂ ਮਿਲਾਪ ਦਾ। ਜੀਵਨ ਰੂਪੀ ਰਾਤ ਨੂੰ ਕੱਟਣ ਲਈ ਧਰਮਸਾਲ ਹੈ, ਰੈਣ ਬਸੇਰਾ ਹੈ, ਪ੍ਰਭੂ ਨਾਲ ਸਦੀਵੀ ਮਿਲਾਪ ਲਈ ਇਹ ਸਾਡਾ ਪੇਕਾ ਘਰ ਹੈ ਜਿੱਥੇ ਰਹਿਣਾ ਨਹੀਂ। “ਭਿੰਨੀ ਰੈਣਿ ਜਿਨਾੑ ਮਨਿ ਚਾਉ” (ਪੰ: ੪੬੫) ਅਨੁਸਾਰ ਮਨੁੱਖ ਜਦੋਂ ਮਨੁੱਖਾ ਜਨਮ ਦਾ ਲਾਭ ਲੈ ਕੇ ਜੀਉਂਦੇ ਜੀਅ ਪ੍ਰਭੂ `ਚ ਅਭੇਦ ਹੋ ਜਾਂਦਾ ਹੈ ਤਾਂ, ਸਰੀਰ ਤਿਆਗਣ ਬਾਅਦ ਵੀ ਸਰੀਰਾਂ ਦੇ ਬੰਧਣ `ਚ ਨਹੀਂ ਪੈਂਦਾ, ਜਨਮ-ਮਰਣ `ਚ ਨਹੀਂ ਆਉਂਦਾ, ਅਸਲੇ ਪ੍ਰਭੂ `ਚ ਅਭੇਦ ਹੋ ਜਾਂਦਾ ਹੈ। ਦੂਜੇ ਪਾਸੇ, “ਗਰਬਿ ਗਹੇਲੀ ਮਹਲੁ ਨ ਪਾਵੈ॥ ਫਿਰਿ ਪਛੁਤਾਵੈ, ਜਬ ਰੈਣਿ ਬਿਹਾਵੈ” (ਪੰ: ੭੩੭)। ਇਸ ਲਈ “ਆਵਤ ਹੁਕਮਿ, ਬਿਨਾਸ ਹੁਕਮਿ, ਆਗਿਆ ਭਿੰਨ ਨ ਕੋਇ॥ ਆਵਨ ਜਾਨਾ ਤਿਹ ਮਿਟੈ, ਨਾਨਕ ਜਿਹ ਮਨਿ ਸੋਇ” (ਪੰ: ੨੫੧) ਇਥੇ ਮਨੁੱਖਾ ਸਰੀਰ ਦੇ ਨਾਲ ਨਾਲ, ‘ਆਵਨ ਜਾਨਾ’ ਵਾਲੀ ਸ਼ਬਦਾਵਲੀ `ਚ ਦੂਜੀਆਂ ਜੂਨੀਆਂ `ਚ ਪ੍ਰਾਪਤ ਹੋਣ ਵਾਲੇ ਸਰੀਰਾਂ ਦੀ ਗੱਲ ਵੀ ਸ਼ਾਮਿਲ ਹੈ।

ਸਰੀਰ ਬਣਦਾ ਵੀ ਪ੍ਰਭੂ ਦੇ ਹੁਕਮ `ਚ ਹੈ ਤੇ ਬਿਨਸਦਾ ਵੀ ਉਸੇ ਦੇ ਹੁਕਮ `ਚ ਹੈ। ਗੁਰਬਾਣੀ ਅਨੁਸਾਰ, ਜ਼ਰੂਰੀ ਨਹੀਂ ਕਿ ਪ੍ਰਭੂ ਵਲੋਂ ਪ੍ਰਾਪਤ ਇਸ ਮਨੁੱਖਾ ਸਰੀਰ ਦੇ ਮੁੱਕਣ ਤੋਂ ਬਾਅਦ, ਸਾਡਾ ਆਉਣਾ ਜਾਣਾ ਵੀ ਮੁੱਕ ਜਾਏ, ਜਾਂ ਸਰੀਰਾਂ ਵਾਲੇ ਬੰਧਨ ਤੋਂ ਆਜ਼ਾਦ ਹੋ ਜਾਵੀਏ। ਕਿਉਂਕਿ ਇਥੇ “ਆਵਨ ਜਾਨਾ ਤਿਹ ਮਿਟੈ” `ਚ “ਤਿਹ ਮਿਟੈ” ਵਾਲੀ ਸ਼ਰਤ ਵੀ ਹੈ, ਬਿਨਾ ਸ਼ਰਤ ਨਹੀਂ। ਇਹ ਸ਼ਰਤ, ਜੀਊਂਦੇ ਜੀਅ ਇਸ ਸਰੀਰ ਲਈ ਵੀ ਹੈ ਤੇ ਸਰੀਰ ਤਿਆਗਣ ਬਾਅਦ ਲਈ ਵੀ। ਉਪ੍ਰੰਤ ਇਸ ਬਾਰ ਬਾਰ ਦੇ ‘ਆਉਣ ਜਾਣ’ ਤੋਂ ਬਚਣ ਲਈ ਜ਼ਰੂਰੀ ਹੈ “ਨਾਨਕ ਜਿਹ ਮਨਿ ਸੋਇ” (ਪੰ: ੨੫੧) ਇਸ ਤੋਂ ਬਿਨਾ ਨਹੀਂ। ਭਾਵ ਕੇਵਲ ਉਹਨਾਂ ਦੇ ਜੀਵਨ ਹੀ ਸਫ਼ਲ ਹੁੰਦੇ ਹਨ ਜਿਹੜੇ ਇਸ ਮਨੁੱਖਾ ਜਨਮ ਦਾ ਲਾਭ ਲੈ ਕੇ ਪ੍ਰਭੂ ਰੰਗ `ਚ ਰੰਗੇ ਜਾਂਦੇ ਹਨ। ਇਸਦੇ ਉਲਟ ਗੁਰਬਾਣੀ ਦੀ ਇਹ ਸ਼ਬਦਾਵਲੀ ਵੀ ਬੜਾ ਧਿਆਨ ਮੰਗਦੀ ਹੈ ‘ਬਿਰਥਾ ਜਨਮੁ ਗਵਾਇ“ਰਤਨ ਜਨਮੁ ਖੋਇਓ” “ਮਨਮੁਖ ਜਨਮੁ ਗਇਆ ਹੈ ਬਿਰਥਾ, ਅੰਤਿ ਗਇਆ ਪਛੁਤਾਵਣਿਆ” (ਪੰ: ੧੨੭) ਇਹ ਸਾਰੀ ਸ਼ਬਦਾਵਲੀ ਉਸ ਸਮੇਂ ਨਾਲ ਸੰਬੰਧਤ ਹੈ ਜਦੋਂ ਕਿ ਇਹ ਸਰੀਰ ਬਿਨਸ ਚੁੱਕਾ ਹੈ, ਜੀਉਂਦੇ ਸਰੀਰ ਨਾਲ ਸੰਬੰਧਤ ਨਹੀਂ। ਅਸਫ਼ਲ ਜੀਵਨ ਦਾ ਹੀ ਅਗਲਾ ਪੜਾਅ ਹੈ “ਬਿਰਥਾ ਜਨਮੁ ਗਵਾਇਆ, ਮਰਿ ਜੰਮਹਿ ਵਾਰੋ ਵਾਰ” ਜਾਂ “ਇਹੁ ਅਉਸਰੁ ਕਤ ਪਈ ਹੈ” (ਪੰ: ੫੨੪) ਭਾਵ ਇਸ ਤਰ੍ਹਾਂ ਇਸ ਮਨੁੱਖਾ ਜਨਮ ਨੂੰ ਬਿਰਥਾ ਕਰਣ ਤੋਂ ਬਾਅਦ ਕੇਵਲ ਕਰਤਾਰ ਹੀ ਜਾਣਦਾ ਹੈ ਕਿ ਇਹ ਅਵਸਰ ਭਾਵ ਮਨੁੱਖਾ ਸਰੀਰ ਫ਼ਿਰ ਕਦੋਂ ਤੇ ਕਿੰਨੀਆਂ ਜੂਨੀਆਂ ਬਾਅਦ ਮਿਲੇ।

ਤਾਂ ਤੇ ਪ੍ਰਾਪਤ ਜਨਮ ਨੂੰ ਬਿਰਥਾ ਗੁਆਉਣ ਤੋਂ ਬਾਅਦ ਜੇ ਫ਼ਿਰ ਪਤਾ ਹੀ ਨਹੀਂ ਕਦੋਂ ਪ੍ਰਭੂ ਦੀ ਰਜ਼ਾ `ਚ ਮਨੁੱਖਾ ਸਰੀਰ ਪ੍ਰਾਪਤ ਹੋਵੇ; ਉਪ੍ਰੰਤ ਉਸ ਫ਼ਿਰ ਤੋਂ ਪ੍ਰਾਪਤ ਮਨੁੱਖਾ ਜਨਮ (ਸਰੀਰ) ਲਈ ਵੀ ਸ਼ਰਤ ਉਹੀ ਹੈ “ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ” ਕਿਉਂਕਿ ਉਥੇ ਵੀ “ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ” (ਪੰ: ੯੨੦)। ਮਤਲਬ ਜੇਕਰ ਫ਼ਿਰ ਤੋਂ ਮਿਲੇ ਮਨੁੱਖਾ ਜਨਮ ਦਾ ਲਾਭ ਲੈ ਕੇ “ਫਿਰਿ ਮੁਕਤਿ ਪਾਏ ਲਾਗਿ ਚਰਣੀ, ਸਤਿਗੁਰੂ ਸਬਦੁ ਸੁਣਾਏ” ਵਾਲੀ ਗੱਲ ਬਣ ਸਕੇ ਤਾਂ; ਜੀਵਨ-ਮੁਕਤ ਅਵਸਥਾ ਨੂੰ ਪ੍ਰਾਪਤ ਕੀਤਾ ਜਾ ਸਕੇ ਤਾਂ; ਜੇ ਕਰ ਉਸ ਜਨਮ `ਚ ਵੀ ਆਤਮਕ ਪੱਖੋਂ ਪ੍ਰਭੂ ਨਾਲ ਇੱਕ ਮਿਕ ਹੋ ਸਕੇ ਤਾਂ; ਨਹੀਂ ਤਾਂ ਫ਼ਿਰ ਤੋਂ ਜਨਮਾਂ ਵਾਲਾ ਗੇੜ੍ਹ ਹੀ ਹੋਵੇਗਾ। ਉਪ੍ਰੰਤ, ਪ੍ਰਾਪਤ ਮਨੁੱਖਾ ਜਨਮ ਗੁਆ ਲੇਣ ਤੋਂ ਬਾਅਦ, ਇਹ ਵੀ ਜ਼ਰੂਰੀ ਨਹੀਂ ਕਿ ਪ੍ਰਭੂ ਦੇ ਨਿਆਂ `ਚ ਫ਼ਿਰ ਤੋਂ ਸਰੀਰ ਮਨੁੱਖ ਮਿਲੇ ਜਾਂ ਪਹਿਲਾਂ ਹੋਰ ਕਿਤਣੀਆਂ ਦੂਜੀਆਂ ਜੂਨੀਆਂ `ਚ ਭਟਕਣਾ ਪਵੇ। ਕਿਉਂਕਿ ਜੀਵਨ ਨੂੰ ਸਫ਼ਲ ਕਰਣ ਲਈ ਤਾਂ ਕੇਵਲ ਮਨੁੱਖਾ ਸਰੀਰ ਹੀ ਵਸੀਲਾ, ਮੌਕਾ, ਸਮਾਂ ਤੇ ਰੁੱਤ ਅਥਵਾ ਅਵਸਰ ਹੈ, ਹੋਰ ਕੋਈ ਵੀ ਦੂਸਰੀ ਜੂਨੀ ਨਹੀਂ।

“ਬਹੁਰਿ ਨ ਮਰਨਾ ਹੋਇ” - ਸ਼ੱਕ ਨਹੀਂ, ਗੁਰਬਾਣੀ `ਚ ਇਕੋ ਮਨੁੱਖਾ ਜਨਮ ਦੌਰਾਨ ਵੀ ਬੇਅੰਤ ਜੂਨੀਆਂ ਭੁਗਤਾਉਣ ਦਾ ਜ਼ਿਕਰ ਬਹੁਤ ਵਾਰੀ ਆਇਆ ਹੈ। ਇਸਦੇ ਨਾਲ ਹੀ ਪ੍ਰਾਪਤ ਮਨੁੱਖਾ ਜਨਮ ਨੂੰ ਨਿਹਫਲ ਭਾਵ ਬਿਰਥਾ ਗੁਆਉਣ ਤੋਂ ਬਾਅਦ ਵੀ ਬੇਅੰਤ ਜੂਨੀਆਂ ਭੁਗਤਾਉਣ ਵਾਲੀ ਗੱਲ ਸਪਸ਼ਟ ਹੈ। ਇਹ ਗੱਲ ਵੱਖਰੀ ਹੈ ਕਿ ਇਹ ਜੂਨੀਆਂ ਦਾ ਭੁਗਤਾਉਣਾ ਬ੍ਰਾਹਮਣੀ, ਗਰੁੜ ਪੁਰਾਨ ਵਾਲੀ ਜਾਂ ਕਿਸੇ ਵੀ ਅਨਮਤੀ ਵਿਚਾਰਧਾਰਾ ਅਨੁਸਾਰ ਨਹੀਂ। ਗੁਰਬਾਣੀ ਅਨੁਸਾਰ ਤਾਂ ਜੂਨੀਆਂ ਵਾਲੇ ਗੇੜ੍ਹ ਚੋਂ ਨਿਕਲਣ ਲਈ ਰਸਤਾ ਵੀ ਪੱਧਰਾ ਹੈ ਤੇ ਉਹ ਹੈ “ਏਕਾਦਸੀ ਏਕ ਦਿਸ ਧਾਵੈ॥ ਤਉ ਜੋਨੀ ਸੰਕਟ ਬਹੁਰਿ ਨ ਆਵੈ” (ਪੰ: ੩੪੪) ਕਬੀਰ ਜੀ ਇਸੇ ਰੱਬੀ ਸਚਾਈ ਨੂੰ ਇਸ ਤਰ੍ਹਾਂ ਬਿਆਨਦੇ ਹਨ,” ਕਬੀਰ ਮਰਤਾ ਮਰਤਾ ਜਗੁ ਮੂਆ, ਮਰਿ ਭੀ ਨ ਜਾਨਿਆ ਕੋਇ॥ ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ” (ਪੰ: ੧੩੬੫)। ਦਰਅਸਲ ਇਸ “ਬਹੁਰਿ ਨ ਮਰਨਾ ਹੋਇ” ਵਾਲੇ ਮਕਸਦ ਅਥਵਾ ਆਤਮਕ ਜੀਵਨ ਦੀ ਪ੍ਰਾਪਤੀ ਲਈ ਹੀ ਤਾਂ ਪ੍ਰਭੂ ਨੇ ਸਾਨੂੰ ਮਨੁੱਖਾ ਜਨਮ (ਜੂਨੀ) ਬਖਸ਼ਿਆ ਹੁੰਦਾ ਹੈ। ਫ਼ੁਰਮਾਨ ਹੈ “ਮਿਟੇ ਕਲੇਸ ਤ੍ਰਿਸਨ ਸਭ ਬੂਝੀ, ਪਾਰਬ੍ਰਹਮੁ ਮਨਿ ਧਿਆਇਆ॥ ਸਾਧਸੰਗਿ ਜਨਮ ਮਰਨ ਨਿਵਾਰੇ, ਬਹੁਰਿ ਨ ਕਤਹੂ ਧਾਇਆ” (ਪੰ: ੧੨੬੮) ਬਹੁਰ ਦਾ ਮਤਲਬ ਹੀ ਸਰੀਰ ਨੂੰ ਤਿਆਗਣ ਬਾਅਦ ਹੈ। ਇਹੀ ਵਿਸ਼ਾ ਇਥੋਂ ਹੋਰ ਸਪਸ਼ਟ ਹੋ ਜਾਂਦਾ ਹੈ “ਜਾ ਕਉ ਆਏ ਸੋਈ ਬਿਹਾਝਹੁ, ਹਰਿ ਗੁਰ ਤੇ ਮਨਹਿ ਬਸੇਰਾ॥ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ, ਬਹੁਰਿ ਨ ਹੋਇਗੋ ਫੇਰਾ” (ਪ: ੧੩)। “ਬਹੁਰਿ ਨ ਹੋਇਗੋ ਫੇਰਾ” ਤਾਂ ਉੱਕਾ ਹੀ ਸਰੀਰ ਤਿਆਗਣ ਬਾਅਦ ਦੀ ਗੱਲ ਹੈ ਨਾ ਕਿ ਇਸ ਸਰੀਰ `ਚ ਹੁੰਦਿਆਂ ਪਰ ਸ਼ਰਤ ਵੀ ਹੈ, ਅਤੇ ਇਹ ਸ਼ਰਤ ਹੈ “ਜਾ ਕਉ ਆਏ ਸੋਈ ਬਿਹਾਝਹੁ, ਹਰਿ ਗੁਰ ਤੇ ਮਨਹਿ ਬਸੇਰਾ” ਜਾਂ ਪਾਰਬ੍ਰਹਮੁ ਮਨਿ ਧਿਆਇਆ”। ਸਪਸ਼ਟ ਹੈ ਜੇਕਰ ਮਨੁੱਖਾ ਜਨਮ ਹਾਸਿਲ ਕਰਕੇ ਵੀ “ਨਿਜ ਘਰਿ ਮਹਲੁ” ਨਾ ਪਾਇਆ ਤਾਂ “ਬਹੁਰ ਫ਼ੇਰੇ” ਵਾਲੀ ਹਾਲਤ ਨੂੰ ਨਹੀਂ ਟਾਲਿਆ ਜਾ ਸਕੇਗਾ।

ਧਿਆਨ ਰਹੇ, “ਤਉ ਜੋਨੀ ਸੰਕਟ ਬਹੁਰਿ ਨ ਆਵੈ” “ਬਹੁਰਿ ਨ ਕਤਹੂ ਧਾਇਆ” “ਬਹੁਰਿ ਨ ਹੋਇਗੋ ਫੇਰਾ” ਤੇ ਅਜੇਹੇ ਬੇਅੰਤ ਗੁਰਬਾਣੀ ਪ੍ਰਮਾਣਾਂ `ਚ, ਇਸ ਸਰੀਰ ਨੂੰ ਤਿਆਗਣ ਤੋਂ ਬਾਅਦ ਦੀ ਗੱਲ ਹੈ, ਇਸ ਸਰੀਰ `ਚ ਹੁੰਦਿਆਂ ਦੀ ਨਹੀਂ। ਫ਼ਿਰ ਉਥੇ ਵੀ ਹਰੇਕ ਵਾਰੀ ਇਕੋ ਹੀ ਸ਼ਰਤ ਹੈ ‘ਇਸ ਮਨੁੱਖਾ ਜਨਮ ਦੀ ਗੁਰਬਾਣੀ-ਗੁਰੂ ਦੀ ਸਿਖਿਆ ਅਨੁਸਾਰ ਸੰਭਾਲ ਤੇ ਵਰਤੋਂ ਕਰਣੀ। ਇਸ ਤਰ੍ਹਾਂ ਜਦੋਂ ਗੁਰਬਾਣੀ `ਚੋਂ ਜੀਉਂਦੇ ਜੀਅ ‘ਜਨਮ-ਮਰਨ’ ਵਾਲਾ ਵਿਸ਼ਾ ਸਾਡੀ ਸਮਝ `ਚ ਆ ਜਾਵੇਗਾ ਤਾਂ ਇਸ ਤੋਂ ਇਹ ਵੀ ਸਮਝ ਆ ਜਾਵੇਗੀ ਕਿ ਗੁਰਬਾਣੀ `ਚ ਜਿਸ ਨੂੰ ਬਾਰ ਬਾਰ ਅਸਫ਼ਲ ਜਨਮ ਕਿਹਾ ਹੈ, ਉਹ ਹੈ ਕੀ? ਗੁਰਬਾਣੀ `ਚ ਜਿਸ ਅਸਫ਼ਲ ਜਨਮ ਲਈ “ਮੂਰਖ ਸਚੁ ਨ ਜਾਣਨੀੑ ਮਨਮੁਖੀ ਜਨਮੁ ਗਵਾਇਆ॥ ਵਿਚਿ ਦੁਨੀਆ ਕਾਹੇ ਆਇਆ” (ਪੰ: ੪੬੭) “ਬਿਰਥਾ ਜਨਮੁ ਗਵਾਇ” “ਮਨਮੁਖ ਜਨਮੁ ਗਇਆ ਹੈ ਬਿਰਥਾ, ਅੰਤਿ ਗਇਆ ਪਛੁਤਾਵਣਿਆ” (ਪੰ: ੧੨੭) ਜਾਂ “ਬਿਰਥਾ ਜਨਮੁ ਗਵਾਵਹੇ” (ਪੰ: ੪੪੦), “ਬਿਰਥਾ ਜਨਮੁ ਗਵਾਇਆ, ਮਰਿ ਜੰਮਹਿ ਵਾਰੋ ਵਾਰ” (ਪੰ: ੬੯) ਆਦਿ ਸ਼ਬਦਾਵਲੀ ਕਿਸ ਮਨੁੱਖਾ ਜੀਵਨ ਲਈ ਹੈ? ਇਹ ਸਾਰੀ ਸ਼ਬਦਾਵਲੀ ਹੈ ਸਰੀਰ ਤਿਆਗਣ ਬਾਅਦ ਮੁੜ ਜਨਮ-ਮਰਣ ਦੇ ਗੇੜ੍ਹ `ਚ ਪੈਣ ਵਾਲੇ ਅਸਫ਼ਲ ਮਨੁੱਖ ਲਈ।

ਦੂਜਾ ਹੈ ‘ਸਫ਼ਲ ਜਨਮ’ ਜਾਂ ‘ਆਤਮਕ ਜੀਵਨ ਦੀ ਪ੍ਰਾਪਤੀ’ ਜਿਸ ਲਈ ਕਬੀਰ ਸਾਹਿਬ ਫ਼ੁਰਮਾਅ ਰਹੇ ਹਨ “ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੈ ਮਨਿ ਆਨੰਦੁ॥ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ” (ਪੰ: ੧੩੬੫) ਭਾਵ ਮੋਹ-ਮਾਇਆ ਤੇ ਵਿਕਾਰਾਂ ਵਲੋਂ ਜੀਉਂਦੇ ਜੀਅ ਸਰੀਰ ਨੂੰ ਮਾਰ ਕੇ ਹੀ, ਆਤਮਕ ਮੰਡਲ `ਚ ਜਾਗ੍ਰਿਤ ਹੋਇਆ ਜਾ ਸਕਦਾ ਹੈ, ਉਂਝ ਨਹੀਂ। ਬੇਸ਼ਕ ਕਬੀਰ ਜੀ ਦੇ ਇਹ ਦੋਵੇਂ ਸਲੋਕ ਸੰਗਤਾਂ ਦੇ ਮੂੰਹ ਚੜ੍ਹੇ ਤੇ ਪ੍ਰਚਲਤ ਹਨ, ਫ਼ਿਰ ਵੀ ਧਿਆਨ ਇਸ ਗੱਲ ਦਾ ਕਰਣਾ ਹੈ ਕਿ ਇਹਨਾ `ਚ ਸਰੀਰਕ ਮੌਤ ਦਾ ਕੇਵਲ ਹਵਾਲਾ ਆਇਆ ਹੈ ਜਦਕਿ ਉਸ ਅਸਲ ਮੌਤ ਤੇ ਅਸਲ ਜ਼ਿੰਦਗੀ ਦੀ ਗੱਲ ਕੀਤੀ ਹੈ ਜਿਹੜੀ ਗੱਲ ਸੰਪੂਰਣ ਗੁਰਬਾਣੀ `ਚ ਸਮਝਾਈ ਗਈ ਹੈ ਤੇ ਜਿਸ ਦੀ ਪ੍ਰਾਪਤੀ ਲਈ ਮਨੁੱਖਾ ਜਨਮ ਹੈ।

ਸਰੀਰ ਤੇ ਸੁਭਾਅ- ਕੈਸੀ ਹੈਰਾਣਕੁਣ ਖੇਡ ਹੈ ਕਰਤਾਰ ਦੀ, ਪ੍ਰਭੂ ਦੀ ਅਨੰਤ ਰਚਨਾ `ਚ ਅਰਬਾਂ-ਖਰਬਾਂ ਜੂਨੀਆਂ ਤੇ ਉਹਨਾਂ ਦੇ ਸਰੀਰ। ਫ਼ੁਰਮਾਨ ਹੈ “ਏਕੋ ਪਵਣੁ, ਮਾਟੀ ਸਭ ਏਕਾ, ਸਭ ਏਕਾ ਜੋਤਿ ਸਬਾਈਆ॥ ਸਭ ਇਕਾ ਜੋਤਿ ਵਰਤੈ, ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ” (ਪ: ੯੬) ਹੋਰ “ਏਕਲ ਮਾਟੀ ਕੁੰਜਰ ਚੀਟੀ, ਭਾਜਨ ਹੈਂ ਬਹੁ ਨਾਨਾ ਰੇ॥ ਅਸਥਾਵਰ ਜੰਗਮ ਕੀਟ ਪਤੰਗਮ, ਘਟਿ ਘਟਿ ਰਾਮੁ ਸਮਾਨਾ ਰੇ (ਪੰ: ੯੮੮)। ਭਾਵ ਜੂਨੀ ਮਨੁੱਖ ਦੀ ਹੋਵੇ ਜਾਂ ਕੋਈ ਵੀ, ਸਾਰੀਆਂ ਜੂਨੀਆਂ `ਚ ਸਰੀਰ ਇਕੋ ਹੀ ਮਿੱਟੀ-ਹਵਾ ਆਦਿ ਤੱਤਾਂ ਤੋਂ ਬਣੇ ਹੋਏ ਹਨ। ਉਪ੍ਰੰਤ ਸਾਰੀਆਂ ਜੂਨੀਆਂ ਤੇ ਸਰੀਰਾਂ ਅੰਦਰ “ਸਭ ਇਕਾ ਜੋਤਿ ਵਰਤੈ” ਅਥਵਾ “ਘਟਿ ਘਟਿ ਰਾਮੁ ਸਮਾਨਾ ਰੇ” ; ਭਾਵ ਸਭ ਅੰਦਰ ਜੀਵਨ-ਸੱਤਾ ਅਥਵਾ ਜੋਤ ਵੀ ਇਕੋ ਹੀ ਪ੍ਰਭੂ ਦੀ ਵਰਤ ਰਹੀ ਹੈ। ਇਸ ਸਾਰੇ ਦੇ ਬਾਵਜੂਦ (ਮਨੁੱਖਾ ਜੂਨੀ ਨੂੰ ਛੱਡ ਕੇ) ਛੋਟੇ ਤੋਂ ਛੋਟੇ ਕਿਟਾਣੂ ਤੋਂ ਲੈ ਕੇ ਵੱਡੇ ਤੋਂ ਵੱਡੇ ਸਰੀਰ ਤੀਕ “ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ” (ਪ: ੯੬) ਨਾ ਤਾਂ ਕਿਸੇ ਇੱਕ ਜੂਨੀ ਦਾ ਦੂਜੀ ਜੂਨੀ ਨਾਲ ਸੁਭਾਅ ਰਲਦਾ ਹੈ ਨਾ ਸਰੀਰ ਤੇ ਨਾ ਰਹਿਣੀ।

ਕਈ ਵਾਰੀ ਤਾਂ ਰਹਿਣੀਆਂ `ਚ ਹੀ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈ, ਜਿਵੇਂ ਬਾਂਸ ਤੇ ਚੰਦਨ `ਚ; ਚੀਲ ਤੇ ਸਿੰਮਲ ਦੇ ਪੇੜ `ਚ, ਬਗੁਲੇ ਤੇ ਹੰਸ ਦੀ ਰਹਿਣੀ `ਚ। ਕਉਆ ਵਿਸ਼ਟਾ `ਤੇ ਜਾਂਦਾ ਹੈ, ਕੋਇਲ ਅੰਬਾਂ `ਤੇ। ਹੋਰ ਵੀ ਹੈਰਾਣਕੁਨ ਹੈ ਜਦੋਂ ਹਰੇਕ ਜੂਨੀ ਦਾ ਸੁਭਾਅ ਵੀ ਦੂਜੀ ਜੂਨੀ ਨਾਲ ਨਹੀਂ ਬਦਲਾਇਆ ਜਾ ਸਕਦਾ। ਇੱਕ ਜੂਨੀ ਵਿਚਲਾ ਸੁਭਾਅ ਜਾਂ ਰਹਿਣੀ ਜੋ ਪ੍ਰਭੂ ਨੇ ਨੀਯਤ ਕੀਤੀ ਹੈ, ਨਸਲ-ਦਰ-ਨਸਲ ਉਹੀ ਚਲੇਗੀ, ਜਦਤੀਕ ਕਿ ਉਹ ਨਸਲ ਕਾਇਮ ਹੈ, ਬਦਲੇਗੀ ਨਹੀਂ। ਗੁਲਾਬ ਕਦੇ ਮੋਤੀਆ ਨਹੀਂ ਬਣੇਗਾ ਤੇ ਮੋਤੀਆ ਕਦੇ ਚਮੇਲੀ। ਹਾਂ ਦੋ ਨਸਲਾਂ ਨੂੰ ਮਿਲਾ ਕੇ ਨਵੀਂ ਨਸਲ ਤਾਂ ਬਣ ਸਕਦੀ ਹੈ ਜਿਵੇਂ ਖੱਚਰ, ਕੀਨੂੰ ਆਦਿ ਪਰ ਉਹ ਨਵੀਂ ਨਸਲ ਆਪਣੀ ਨਸਲ ਨੂੰ ਅੱਗੇ ਨਹੀਂ ਵਧਾ ਸਕਦੀ। ਕਿਟਾਣੂ ਤੋਂ ਲੈ ਕੇ ਪਸ਼ੂ, ਪੰਛੀ, ਪੌਦਾ, ਫਲ, ਸਬਜ਼ੀ, ਅਨਾਜ, ਖਨਿਜ, ਬਨਸਪਤੀ, ਜਿਸ ਨੂੰ ਵੀ ਕਿਸੇ ਜੂਨੀ `ਚ ਕਰਤਾਰ ਨੇ ਜੋ ਸੁਭਾਅ ਦਿੱਤਾ, ਮਨੁੱਖ ਚਾਹੇ ਕਿਤਨਾ ਸਿਆਣਾ ਹੋ ਜਾਵੇ, ਕਿਸੇ ਦੇ ਸੁਭਾਅ ਜਾਂ ਰਹਿਣੀ ਨੂੰ ਨਹੀਂ ਬਦਲ ਸਕਦਾ। ਸ਼ੇਰ ਦਾ ਸੁਭਾਅ ਸਦਾ ਜ਼ਾਲਮਾਨਾ ਰਵੇਗਾ ਤੇ ਗਿਦੜ ਦਾ ਡਰਪੋਕ। ਭੰਵਰੇ ਚਾਹੇ ਕਿਤਨੇ ਮਰਦੇ ਰਹਿਣ ਪਰ ਕੰਵਲ ਫੁਲ `ਤੇ ਬੈਠ ਕੇ ਉਸ `ਚ ਬੰਦ ਹੋਣਗੇ ਹੀ। ਗੁੜ ਨਾਲ ਚਿਪਕਣ ਕਰਕੇ ਮਰ ਚੁੱਕੀਆਂ ਮੱਖੀਆਂ ਨੂੰ ਤੱਕ ਕੇ ਵੀ ਦੂਜੀਆਂ ਗੁੜ ਨਾਲ ਚਿਪਕਣੋਂ ਨਹੀਂ ਹਟਦੀਆਂ। ਪਤੰਗੇ ਦੀਵੇ ਦੀ ਲੋਅ `ਤੇ ਸੜਦੇ ਤੇ ਕੁਰਬਾਣ ਵੀ ਹੁੰਦੇ ਜਾ ਰਹੇ ਹੁੰਦੇ ਹਨ ਫ਼ਿਰ ਵੀ ਉਸ ਲੋਅ ਵੱਲ ਵਧਣੋ ਨਹੀਂ ਟਲਦੇ। ਮਖੀ ਚੰਦਨ ਨੂੰ ਤਾਂ ਛੱਡ ਦੇਵੇਗੀ ਪਰ ਗੰਦਗੀ `ਤੇ ਬੈਠਣੋ ਨਹੀਂ ਰੁਕੇਗੀ। ਉਪ੍ਰੰਤ ਸ਼ਹਿਦ ਦੀ ਵੀ ਮਖੀ ਹੀ ਹੈ, ਜੋ ਵਿਸ਼ਟਾ ਦੇ ਨੇੜੇ ਨਹੀਂ ਜਾਂਦੀ, ਫੁਲਾਂ `ਤੇ ਹੀ ਬੈਠੇਗੀ ਤੇ ਜੀਵਨ ਭਰ ਸ਼ਹਿਦ ਤਿਆਰ ਕਰਦੀ ਰਵੇਗੀ। ਛਿਪਕਲੀ ਨੇ ਮੱਛਰਾਂ-ਮਖੀਆਂ ਆਦਿ ਦਾ ਹੀ ਭੋਜਣ ਕਰਣਾ ਹੈ ਕਿਉਂਕਿ ਕਰਤੇ ਨੇ ਉਸਦਾ ਇਹੀ ਜੀਵਨ ਘੜਿਆ ਹੈ ਤੇ ਬਾਜ਼ ਨੇ ਕਦੇ ਆਪਣੇ ਸ਼ਿਕਾਰ ਨੂੰ ਸਿਧਾ ਨਹੀਂ ਬਲਕਿ ਤੜਫ਼ਾ-ਤੜਫ਼ਾ ਕੇ ਹੀ ਮਾਰਣਾ ਹੁੰਦਾ ਹੈ; ਇਸੇ ਤਰ੍ਹਾਂ ਸਮੂਹ ਜੂਨੀਆਂ। ਗਹਿਰਾਈ ਤੋਂ ਸਮਝਿਆ ਜਾਵੇ ਤਾਂ, ਜੂਨੀਆਂ ਵਾਲੇ ਵਿਸ਼ੇ ਨੂੰ ਗੁਰਦੇਵ ਨੇ, ਗੁਰਬਾਣੀ `ਚ ਬਹੁਤ ਬਾਰੀਕੀ ਨਾਲ ਲਿਆ ਤੇ ਸਪਸ਼ਟ ਕੀਤਾ ਹੈ। ਦਰਅਸਲ ਇਹ ਸਭ ਜੂਨੀਆਂ ਮਨੁੱਖਾ ਜਨਮ ਦੀ ਅਸਫ਼ਲਤਾ ਤੇ ਉਸ ਰਾਹੀਂ ਕੀਤੇ ਚੰਗੇ-ਮਾੜੇ ਕਰਮਾ ਨੂੰ ਭੋਗਣ ਦਾ ਹੀ ਵਸੀਲਾ ਹਨ।

“ਨਾਨਕ ਦੁਖੀਆ ਸਭੁ ਸੰਸਾਰੁ” - ਮਨੁੱਖਾ ਜਨਮ ਸਮੇਂ, ਪ੍ਰਭੂ ਨੂੰ ਵਿਸਾਰ ਕੇ ਤੇ ਅਸਲੇ ਤੋਂ ਅੱਡ ਹੋ ਕੇ ਕੀਤੇ ਕਰਮਾਂ-ਸੰਸਕਾਰਾਂ ਅਨੁਸਾਰ ਹੀ, ਪ੍ਰਭੂ ਦੇ ਸੱਚੇ ਨਿਆਂ `ਚ ਜੀਵ ਨੂੰ ਭਿੰਨ-ਭਿੰਨ ਜੂਨੀਆਂ ਭੋਗਣੀਆਂ ਪੈਂਦੀਆਂ ਹਨ। ਇਸਦੇ ਲਈ ਸਰੀਰ ਚਾਹੇ ਮਨੁੱਖ ਦਾ ਮਿਲੇ ਜਾਂ ਕਿਸੇ ਵੀ ਜੂਨੀ ਦਾ ਕਿਉਂਕਿ ਸਰੀਰ ਤਾਂ ਕੇਵਲ ਇੱਕ ਸਾਧਨ ਅਥਵਾ ਵਸੀਲਾ ਹੀ ਹੁੰਦਾ ਹੈ ਦੁਖਾਂ-ਸੁਖਾਂ ਨੂੰ ਭੋਗਣ ਲਈ। ਇਸ ਤਰ੍ਹਾਂ ਮਨੁੱਖਾ ਸਰੀਰ ਸਮੇਤ ਚਾਹੇ ਕੋਈ ਵੀ ਜੂਨ ਪ੍ਰਭੂ ਵਲੋਂ ਪ੍ਰਾਪਤ ਹੋਵੇ ਦੁਖਾਂ-ਸੁਖਾਂ ਵਾਲੀ ਖੇਡ ਸਭ `ਚ ਇਕੋ ਜਹੀ ਹੈ। ਜਿੰਨਾਂ ਚਿਰ ਉਸ ਸਰੀਰ ਲਈ ਪ੍ਰਭੂ ਵਲੋਂ ਨੀਯਤ ਸੁਆਸਾਂ ਵਾਲੀ ਪੂੰਜੀ ਹੀ ਨਾ ਮੁੱਕੇ, ਉਹ ਜੂਨ ਭੁਗਤਾਉਣੀ ਹੀ ਪਵੇਗੀ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, ਸੰਸਾਰ ਪੱਧਰ `ਤੇ ਨੀਰੀਖਣ ਤਾਂ ਬਹੁਤ ਵੱਡੀ ਗੱਲ ਹੈ, ਹਸਪਤਾਲਾਂ `ਚ ਓਪਰੀ ਨਜ਼ਰੇ ਹੀ ਬੇਅੰਤ ਲੋਕ ਮਿਲ ਜਾਣਗੇ, ਜੋ ਤਰਲੇ ਕੱਢ ਰਹੇ ਹੁੰਦੇ ਹਨ, ਐ ਪ੍ਰਭੂ! ਤੂੰ ਅਜਿਹੇ ਦੁਖ ਨਾਲੋਂ ਤਾਂ ਮੈਨੂੰ ਮੌਤ ਦੇ ਦੇ; ਪਰ ਮੌਤ ਫ਼ਿਰ ਵੀ ਨਹੀਂ ਮਿਲਦੀ, ਹਰ-ਹਾਲ ਤੜਪਣਾ ਹੀ ਪੈ ਰਿਹਾ ਹੁੰਦਾ ਹੈ ਜਦ ਤੀਕ ਕਿ ਸੁਆਸ ਬਾਕੀ ਹਨ। ਇਹ ਤਾਂ ਕੇਵਲ ਤੜਪਦੇ ਤੇ ਆਪ ਆਪਣੇ ਲਈ ਮੌਤ ਮੰਗ ਰਹੇ ਮਨੁੱਖਾ ਦੀ ਗੱਲ ਹੈ ਉਪ੍ਰੰਤ, ਗੁਰਬਾਣੀ ਅਨੁਸਾਰ ਤਾਂ ਮਨੁੱਖਾ ਸਰੀਰ ਪਾ ਕੇ ਵੀ “ਨਾਨਕ ਦੁਖੀਆ ਸਭੁ ਸੰਸਾਰੁ” (ਪੰ: ੯੫੪) ਦੀ ਗੱਲ ਸਪਸ਼ਟ ਹੈ ਕਿ ਵਿਰਲੇ ਪ੍ਰਭੂ ਪਿਆਰਿਆਂ ਨੂੰ ਹੀ ਛੱਡ ਕੇ, ਹਰੇਕ ਇਨਸਾਨ ਵੀ, ਅਮੀਰ ਹੋਵੇ ਜਾਂ ਗ਼ਰੀਬ, ਬਾਦਸ਼ਾਹ ਹੋਵੇ ਜਾਂ ਰੰਕ ਅਨੇਕਾਂ ਪ੍ਰੇਸ਼ਾਣੀਆਂ `ਚ ਘਿਰਿਆ ਹੀ ਜ਼ਿੰਦਗੀ ਦੇ ਸੁਆਸ ਪੂਰੇ ਕਰਦਾ ਹੈ।

ਕਿਉਂਕਿ “ਮੰਨੇ ਨਾਉ, ਸੋਈ ਜਿਣਿ ਜਾਇ” (ਉਹੀ ਪੰ: ੯੫੪) ਅਨੁਸਾਰ ਮਾਨਸਿਕ ਟਿਕਾਅ ਤੇ ਸ਼ਾਂਤੀ ਵਿਰਲਿਆਂ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਹੜੇ ਗੁਰਬਾਣੀ-ਗੁਰੂ ਦੀ ਸਿਖਿਆ `ਚ ਜੀਵਨ ਦੀ ਕਮਾਈ ਕਰਦੇ ਹਨ, ਜਿਨ੍ਹਾਂ ਦੀ ਆਤਮਕ ਅਵਸਥਾ ਬਹੁਤ ਉੱਚੀ ਹੁੰਦੀ ਹੈ। ਸਪਸ਼ਟ ਹੈ ਜੇਕਰ ਸਭ ਤੋਂ ਉੱਤਮ ਜੂਨੀ ਭਾਵ ਮਨੁੱਖਾ ਸਰੀਰ ਪਾ ਕੇ ਵੀ ਸਾਡਾ ਇਹ ਹਾਲ ਹੈ ਤਾਂ ਦੂਜੀਆਂ ਬੇਅੰਤ ਜੂਨੀਆਂ ਦੀ ਹਾਲਤ ਤਾਂ ਸਾਡੇ ਸਾਹਮਣੇ ਹੀ ਹੈ। ਉਹ ਸਭ ਕੀ ਹਨ? ਉਹ ਵੀ ਤਾਂ ਪ੍ਰਾਪਤ ਮਨੁੱਖਾ ਜਨਮ ਸਮੇਂ ਕੀਤੇ ਕਰਮਾਂ ਤੇ ਉਹਨਾਂ ਤੋਂ ਬਣੇ ਸੰਸਕਾਰਾਂ ਦਾ ਹੀ ਨਤੀਜਾ ਹਨ।

ਉਥੇ ਵੀ ਮਨੁੱਖਾ ਜਨਮ ਸਮੇਂ ਕੀਤੇ ਕਰਮਾਂ-ਸੰਸਕਾਰਾਂ ਅਨੁਸਾਰ ਮਿਲੇ ਹੋਏ ਅਉਖੇ ਜਾਂ ਸਉਖੇ ਬਿਤਾਏ ਜਾ ਰਹੇ ਸਾਡੇ ਹੀ ਜੀਵਨ ਹਨ। ਮਿਸਾਲ ਵਜੌ, ਕਿਸੇ ਨੂੰ ਜੂਨੀ ਮਿਲੀ ਹੈ ਕੁੱਤੇ ਦੀ, ਫ਼ਿਰ ਇੱਕ ਕੁੱਤਾ ਤਾਂ ਵੱਡੇ ਰਈਸ ਕੋਲ ਪੱਲ ਰਿਹਾ ਹੈ। ਜਹਾਜ਼ਾਂ ਦੀਆਂ ਸੈਰਾਂ ਕਰਦਾ ਹੈ, ਉਸਦੀ ਖ਼ੁਰਾਕ, ਡਾਕਟਰੀ, ਇਲਾਜ ਵੱਲ ਪੂਰਾ ਧਿਆਨ ਹੋ ਰਿਹਾ ਹੈ। ਦੂਜਾ ਵੀ ਕੁੱਤਾ ਹੈ ਜੋ ਸੜਕ ਕੰਡੇ ਪਿਆ ਚਿਚੜਾਂ-ਖੁਜਲੀ ਤੇ ਬਿਮਾਰੀਆਂ ਦਾ ਮਾਰਿਆ ਤੜਫ਼ ਰਿਹਾ ਹੈ। ਆਪਣੀ ਪਿਆਸ ਬੁਝਾਉਣ ਲਈ ਉਠ ਕੇ ਇਧਰ ਉਧਰ ਜਾਣ ਜੋਗਾ ਨਹੀਂ। ਉਪ੍ਰੰਤ ਜੇ ਜਾ ਸਕਦਾ ਹੈ ਤਾਂ ਵੀ ਜੇ ਇਧਰ-ਓਧਰ ਪਾਣੀ ਨਾ ਮਿਲੇ ਤਾਂ ਕਿਸ ਬੋਲੀ `ਚ ਕਿਸੇ ਨੂੰ ਕਹੇਗਾ ਕਿ ਉਸਨੂੰ ਪਿਆਸ ਲਗੀ ਹੈ ਤਾਕਿ ਉਸ ਲਈ ਕੋਈ ਪਾਣੀ ਦਾ ਪ੍ਰਬੰਧ ਕਰ ਦੇਵੇ। ਇਹ ਉਤਮਤਾ ਕੇਵਲ ਮਨੁੱਖਾ ਜੂਨ `ਚ ਹੀ ਹੈ ਨਹੀਂ ਤਾਂ “ਹਉ ਵਿਚਿ ਪਾਪ ਪੁੰਨ ਵੀਚਾਰੁ॥ ਹਉ ਵਿਚਿ ਨਰਕਿ ਸੁਰਗਿ ਅਵਤਾਰੁ” (ਪੰ: ੪੬੬) ਹੁਉਮੈ ਅਧੀਨ ਕੀਤੇ ਹਰੇਕ ਚੰਗੇ ਭਾਵੇਂ ਮਾੜੇ, ਸਮੂਹ ਕਰਮਾਂ ਦਾ ਨਿਆਂ ਭੋਗਣ ਲਈ ਤਾਂ ਜਨਮ ਮਰਣ ਦਾ ਗੇੜ ਹੀ ਹੈ, ਫ਼ਰਕ ਹੈ ਤਾਂ ਅਉਖੇ-ਸਉਖੇ ਜਾਂ ਚੰਗੀ-ਮਾੜੀ ਜੂਨ ਦੇ ਪ੍ਰਾਪਤ ਹੋਣ ਦਾ ਇਹੀ ਹੈ ਗੁਰਮਤਿ ਅਨੁਸਾਰ ‘ਸੁਰਗ-ਨਰਕ’।

ਉਪ੍ਰੰਤ ਜਿਥੋਂ ਤੀਕ ਸਰੀਰਕ ਰੋਗਾਂ ਤੇ ਦੁਖ-ਸੁਖ ਦੀ ਗੱਲ ਹੈ ਜੂਨੀ ਕੋਈ ਵੀ ਹੋਵੇ, ਇਹ ਗੱਲਾਂ ਸਾਂਝੀਆਂ ਤੇ ਹਰੇਕ ਜੂਨੀ `ਚ ਹਨ, ਕੇਵਲ ਮਨੁੱਖਾ ਜੂਨ `ਚ ਹੀ ਨਹੀਂ ਜਿਵੇਂ “ਮੀਨ ਨਿਵਾਸ ਉਪਜੈ ਜਲ ਹੀ ਤੇ, ਸੁਖ ਦੁਖ ਪੁਰਬਿ ਕਮਾਈ” (ਪੰ: ੧੨੭੩)। ਹੋਰ ਲਵੋ, ਫ਼ਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸੰਸਾਰ ਪੱਧਰ `ਤੇ ਖਰਬਾਂ ਦੀਆਂ ਦਵਾਈਆਂ ਵਰਤੀਆਂ ਜਾਂਦੀਆਂ ਹਨ ਕਿਉਂਕਿ ਸਾਡੇ ਸਰੀਰਾਂ ਦੀ ਨਿਆਂਈ, ਬਿਮਾਰੀਆਂ ਉਹਨਾਂ ਨੂੰ ਵੀ ਲਗਦੀਆਂ ਹਨ। ਜੂਨੀ ਕੋਈ ਹੋਵੇ, ਸਿਰ ਦਰਦ, ਪੇਟ ਦਰਦ, ਪੇਟ ਖਰਾਬ, ਬੁਖਾਰ, ਚੋਟਾਂ-ਜ਼ਖਮ-ਦੁਰਘਟਨਾਵਾਂ, ਸਰੀਰਾਂ ਦੇ ਵਾਧੇ-ਘਾਟੇ, ਪਸ਼ੂ-ਪੰਛੀਆ `ਚ ਵੀ ਦੇਖ ਸਕਦੇ ਹਾਂ। ਫ਼ੁਰਮਾਨ ਹੈ “ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ॥ ਇਕਨੀੑ ਦੁਧੁ ਸਮਾਈਐ ਇਕਿ ਚੁਲੈੑ ਰਹਨਿੑ ਚੜੇ॥ ਇਕਿ ਨਿਹਾਲੀ ਪੈ ਸਵਨਿੑ ਇਕਿ ਉਪਰਿ ਰਹਨਿ ਖੜੇ” (ਪੰ: ੪੭੫) ਉਪ੍ਰੰਤ “ਤਿਨਾੑ ਸਵਾਰੇ ਨਾਨਕਾ ਜਿਨੑ ਕਉ ਨਦਰਿ ਕਰੇ” ਕਿਉਂਕਿ ਸਵਾਰੇ ਜਾਂ ਵਿਗਾੜੇ, ਸਫ਼ਲ ਜਾਂ ਅਸਫ਼ਲ, ਗੁਰਮੁਖ ਜਾਂ ਮਨਮੁਖ ਵਾਲੀ ਪ੍ਰਾਪਤੀ ਕੇਵਲ ਮਨੁੱਖਾ ਜਨਮ `ਤੇ ਹੀ ਲਾਗੂ ਹੁੰਦੀ ਹੈ ਕਿਸੇ ਹੋਰ ਜੂਨੀ `ਤੇ ਨਹੀਂ। ਹੋਰ ਦੇਖੋ “ਕੁਮਾੑਰੈ ਏਕ ਜੁ ਮਾਟੀ ਗੂੰਧੀ ਬਹੁ ਬਿਧਿ ਬਾਨੀ ਲਾਈ॥ ਕਾਹੂ ਮਹਿ ਮੋਤੀ ਮੁਕਤਾਹਲ, ਕਾਹੂ ਬਿਆਧਿ ਲਗਾਈ” (ਪੰ: ੪੭੯) ਅਤੇ ਇਹ ਰੱਬੀ ਨਿਯਮ ਹਰੇਕ ਜੂਨੀ `ਤੇ ਲਾਗੂ ਹੁੰਦਾ ਹੈ।

ਮਨੁੱਖਾ ਜੂਨ ਬਨਾਮ ਦੂਜੀਆਂ ਜੂਨੀਆਂ- ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ ਨੰ: ੩੭੩-੭੪ `ਤੇ ਪੰਜਵੇਂ ਪਾਤਸ਼ਾਹ ਦੀ ਰਚਨਾ ਹੈ “ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ” -ਇਸ ਸ਼ਬਦ `ਚ ਗੁਰਦੇਵ ਮਨੁੱਖ ਨੂੰ ਸਮਝਾਉਂਦੇ ਹਨ, ਐ ਜੀਵ ਇਸਤ੍ਰੀ ਦੇਖ! ਪ੍ਰਭੂ ਨੇ ਬਖਸ਼ਿਸ਼ ਕਰਕੇ ਜੋ ਤੈਨੂੰ ਮਨੁੱਖਾ ਜੂਨ ਬਖਸ਼ੀ ਹੈ ਇਥੇ ਤੈਨੂੰ ਉਸਨੇ ਉਹ ਸਭਕੁਝ ਬਖਸ਼ਿਆ ਹੈ ਜੋ ਦੂਜੀਆਂ ਜੂਨਾਂ `ਚ ਤੇਰੇ ਪਾਸ ਨਹੀਂ। ਗੁਰਦੇਵ ਭਿੰਨ ਭਿੰਨ ਮਿਸਾਲਾਂ ਦੇ ਕੇ ਸਮਝਾਉਂਦੇ ਹਨ, ਪ੍ਰਭੂ ਨੇ ਤੈਨੂੰ ਸਾਰੀਆਂ ਜੂਨਾ ਤੋਂ ਉੱਤਮ ਜੂਨੀ, ਭਾਵ ਮਨੁੱਖ ਜੂਨੀ ਬਖਸ਼ੀ ਹੈ ਜਿਸ ਕਰਕੇ ਇਸ ਜੂਨੀ `ਚ “ਜੋ ਸਰੀਰ ਤੈਨੂੰ ਮਿਲਿਆ ਹੈ, ਹੋਰ ਸਾਰੀਆਂ ਜੂਨੀਆਂ ਦੇ ਮੁਕਾਬਲੇ ਸੋਹਣਾ, ਸੁੰਦਰ, ਸਿਆਣਾ ਤੇ ਚਤੁਰ ਵੀ ਹੈ। (ਇਹ ਕੇਵਲ ਮਨੁੱਖਾ ਸਰੀਰ ਤੇ ਇਸ ਵਿਚਲਾ ਦਿਮਾਗ਼ ਹੀ ਹੈ ਜੋ Multy purpose ਤੇ Multi use ਹੈ)। ਐ ਜੀਵ ਇਸਤ੍ਰੀ! ਤੇਰੇ ਕੋਲ ਤਾਂ ਬੜੀ ਸੁੱਚੀ ਰਸੋਈ ਹੈ। ਭਾਵ ਮਨੁੱਖਾ ਸਰੀਰ ਕਾਰਨ ਹੀ ਤਾਂ ਤੂੰ ਆਪਣੀ ਰਸੋਈ ਨੂੰ ਸੁੱਚੀ-ਸੁਅਛ ਰਖ ਸਕਦੀ ਹੈਂ। ਇਸ ਰਸੋਈ `ਚ ਤੂੰ ਭਾਂਤ ਭਾਂਤ ਦੇ ਲੋੜੀਂਦੇ, ਸੁਆਦਲੇ ਵਿਅੰਜਣ ਤਿਆਰ ਕਰਦੀ ਹੈਂ। ਬਾਕੀ ਜੂਨੀਆਂ `ਚ ਤਾਂ ਜੋ ਗੰਦ ਮੰਦ ਮਿਲ ਜਾਵੇ, ਉੇਸ ਨਾਲ ਹੀ ਢਿੱਡ ਦੀ ਅੱਗ ਬੁਝਾਉਣੀ ਹੁੰਦੀ ਹੈ। ਇਹ ਤੇਰਾ ਹੀ ਸਰੀਰ ਹੈ ਜਿੱਥੇ ਤੂੰ ਇਸ਼ਨਾਨ ਤੇ ਹੋਰ ਧਰਮ ਕਰਮ ਵੀ ਕਰ ਸਕਦੀ ਹੈਂ। ਜਦਕਿ ਦੂਜੀਆਂ ਜੂਨੀਆਂ ਨਾ ਆਪਣੇ ਸਰੀਰ ਦੀ ਸਫ਼ਾਈ ਸੰਭਾਲ ਕਰ ਸਕਦੀਆਂ ਹਨ ਤੇ ਨਾ ਤੇਰੀ ਤਰ੍ਹਾਂ ਧਰਮ ਕਰਮ। ਤੂੰ ਮੂੰਹੋਂ ਬੜੀ ਗਿਆਣਵਾਨ, ਪੜ੍ਹੀ-ਲਿਖੀ ਤੇ ਸਿਆਣੀ ਬਣ ਕੇ ਆਪਣਾ ਆਪ ਦੂਜਿਆਂ ਨੂੰ ਜਤਾਉਂਦੀ ਹੈਂ, ਮਨੁੱਖਾ ਜੂਨ ਹੋਣ ਕਰਕੇ ਹੀ, ਤੂੰ ਹਰੇਕ ਦੂਜੇ ਮਨੁੱਖ ਨੂੰ ਵੀ ਆਪਣੇ ਤੋਂ ਨੀਵਾਂ, ਟਿੱਚ ਤੇ ਹੇਚ ਸਾਬਤ ਕਰਦੀ ਹੈਂ। ਜਦਕਿ ਤੇਰੇ ਤੋਂ ਇਲਾਵਾ ਹੋਰ ਸਭ ਜੂਨੀਆਂ ਕੋਲ ਅਜਿਹੀ ਬੋਲੀ ਵਾਲੀ ਦਾਤ ਵੀ ਨਹੀਂ। ਉਥੇ ਤਾਂ ਹਰੇਕ ਕੋਲ ਬੋਲੀ ਵੀ ਆਪਣੀ-ਅਪਣੀ ਤੇ ਸੀਮਤ ਹੈ। ਉਹੀ ਬੋਲੀ ਜੋ ਕਿਸੇ ਵੀ ਜੂਨ `ਚ ਕਿਸੇ ਨੂੰ ਪ੍ਰਭੂ ਨੇ ਬਖਸ਼ੀ ਹੈ।

ਐ ਜੀਵ ਇਸਤ੍ਰੀ! ਹੋਰ ਦੇਖ, ਤੂੰ ਸੋਹਣੇ (ਭਾਂਤ-ਸੁਭਾਂਤੇ ਤੇ ਇੱਕ ਦੂਜੇ ਤੋਂ ਵਧ ਕੇ) ਕਪੜੇ-ਪਹਿਰਾਵੇ ਪਹਿਣਦੀ ਹੈਂ ਜਦਕਿ ਬਾਕੀ ਜੂਨੀਆਂ ਨੰਗੀਆਂ ਰਹਿਕੇ ਹੀ ਜ਼ਿੰਦਗੀ ਬਿਤਾਉਲ ਲਈ ਮਜਬੂਰ ਹੁੰਦੀਆਂ ਹਨ। ਮਨੁੱਖ ਜੂਨੀ ਹੋਣ ਕਾਰਨ ਤੂੰ, ਪ੍ਰਭੂ ਵਲੋਂ ਕੁਦਰਤ `ਚ ਪ੍ਰਾਪਤ ਸੰਸਾਰ ਤੱਲ ਦੇ ਅਸੀਮਤ ਸੁਖ-ਆਰਾਮ ਦੇ ਸਾਧਨ ਮਾਣਦੀ ਹੈਂ ਜਦਕਿ ਉਸੇ ਕੁਦਰਤ `ਚ ਸਭ ਪਿਆ ਹੋਣ ਦੇ ਬਾਵਜੂਦ, ਹੋਰ ਇੱਕ ਵੀ ਜੂਨੀ ਉਹਨਾਂ ਦਾ ਲਾਭ ਨਹੀਂ ਲੈ ਸਕਦੀ। ਇਹ ਵੀ ਮਨੁੱਖਾ ਜੂਨ ਹੀ ਹੈ ਜਦੋਂ ਤੂੰ ਜਗ `ਚ ਆਪਣੀ ਵਡਿਆਈ-ਸ਼ੋਭਾ ਖੱਟਣ ਲਈ ਇਤਰ-ਚੰਦਨ ਆਦਿ ਅਨੇਕਾਂ ਸੁਗੰਧੀਆਂ-ਸਾਧਨ ਵਰਤਦੀ ਤੇ ਇੱਕ ਦੂਜੇ ਤੋਂ ਅੱਗੇ ਲੰਙਦੀ ਹੈਂ। ਐ ਜੀਵ ਇਸਤ੍ਰੀ! ਤੇਰੇ ਪਾਸ ਸੋਨਾ, ਚਾਂਦੀ, ਧਨ-ਪਦਾਰਥ ਹਨ। ਇਹ ਸਭ ਕੁਦਰਤ `ਚ ਮੌਜੂਦ ਹੁੰਦੇ ਹੋਏ ਵੀ, ਹੋਰ ਕੋਈ ਜੂਨ ਨਾ ਉਹਨਾਂ ਦਾ ਲਾਭ ਲੈ ਸਕਦੀ ਹੈ ਤੇ ਨਾ ਆਨੰਦ ਮਾਨ ਸਕਦੀ ਹੈ। ਇਸ ਤਰ੍ਹਾਂ ਦੂਜੀਆਂ ਜੂਨੀਆਂ ਦੇ ਮੁਕਾਬਲੇ, ਪ੍ਰਭੂ ਬਖਸ਼ੀਆਂ ਦਾਤਾਂ ਪੱਖੌ ਦੂਜੀਆਂ ਜੂਨੀਆਂ ਦੀ ਸਰਦਾਰ ਤੇ ਆਗੂ ਹੋ ਕੇ ਵੀ, ਤੇਰੇ ਸੁਭਾਅ ਅੰਦਰ ਜੋ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਅਵਗੁਣ ਤੇ ਵਿਕਾਰ ਭਰੇ ਹਨ। ਇਸੇ ਤੋਂ ਤੈਨੂੰ ਜੀਵਨ ਦਾ ਆਨੰਦ ਤੇ ਟਿਕਾਅ ਪ੍ਰਾਪਤ ਨਹੀਂ ਹੁੰਦਾ, ਮਿਲਦੀ ਹੈ ਤ੍ਰਿਸ਼ਨਾ, ਭੁਖ, ਅਸ਼ਾਂਤੀ ਤੇ ਭਟਕਣਾ ਆਦਿ। ਜਦਕਿ ਤੇਰੇ ਮੁਕਾਬਲੇ ਇਹ ਟਿਕਾਅ ਦੂਜੀਆਂ ਜੂਨੀਆਂ ਕੋਲ ਵੱਧ ਹੈ।

ਕਾਰਨ ਇਕੋ ਹੈ, ਮਨੁੱਖਾ ਜਨਮ ਲੈ ਕੇ ਵੀ ਜੋ ਇਸ ਜੂਨ ਦਾ ਮਕਸਦ ਸੀ, ਗੁਰੂ-ਗੁਰਬਾਣੀ ਦੀ ਸਿਖਿਆ ਤੇ ਸਾਧਸੰਗਤ ਰਾਹੀਂ ਪਿਛਲੇ ਕਰਮਾਂ-ਸੰਸਕਾਰਾਂ ਦਾ ਨਾਸ ਕਰਕੇ ਪ੍ਰਭੂ ਪਤੀ `ਚ ਅਭੇਦ ਹੋ ਜਾਣਾ। ਜੀਊਂਦੇ ਜੀਅ ਵਿਕਾਰਾਂ ਤੋਂ ਮੁਕਤ ਹੋ ਕੇ, ਪ੍ਰਭੂ ਰਜ਼ਾਅ `ਚ ਟਿਕਾਅ ਤੇ ਸ਼ਾਂਤੀ ਵਾਲਾ ਜੀਵਨ ਬਤੀਤ ਕਰਣਾ। ਇਸ ਤਰ੍ਹਾਂ ਉਸ ਮਨੁੱਖੀ ਸੁਭਾਅ `ਚ ਜੀਊਣਾ ਜੋ ਇਸ ਮਨੁੱਖਾ ਜਨਮ ਦੀ ਪ੍ਰਾਪਤੀ ਸੀ ਪਰ ਉਸ ਪਾਸੇ ਤਾਂ ਤੂੰ ਟੁਰੀ ਹੀ ਨਹੀਂ। ਇਸਦਾ ਇਕੋ ਤਰੀਕਾ ਸੀ “ਜਾ ਕਉ ਦ੍ਰਿਸਟਿ ਮਇਆ ਹਰਿ ਰਾਇ॥ ਸਾ ਬੰਦੀ ਤੇ ਲਈ ਛਡਾਇ॥ ਸਾਧਸੰਗਿ ਮਿਲਿ ਹਰਿ ਰਸੁ ਪਾਇਆ॥ ਕਹੁ ਨਾਨਕ ਸਫਲ ਓਹ ਕਾਇਆ” ਤੇ ਇਸੇ ਤੋਂ ਹੋਣਾ ਸੀ “ਸਭਿ ਰੂਪ, ਸਭਿ ਸੁਖ ਬਨੇ ਸੁਹਾਗਨਿ॥ ਅਤਿ ਸੁੰਦਰਿ ਬਿਚਖਨਿ ਤੂੰ” (ਉਹੀਪੰ: ੩੭੩) ਪਰ ਵਿਕਾਰੀ ਸੁਭਾਅ ਹੋਣ ਕਰਕੇ ਹੀ ਤੂੰ ਇਸ ਜੀਵਨ ਦੀ ਉੱਚਤਾ ਤੇ ਪ੍ਰਭੂ ਰਸ ਤੋਂ ਵਾਂਝੀ ਰਹਿ ਗਈ।

ਸਰੀਰਾਂ ਵਾਲੀ ਖੇਡ-ਦਰਅਸਲ ਗੁਰਬਾਣੀ ਦਾ ਇਹ ਵਿਸ਼ਾ ਵੀ ਬੜਾ ਸੁਆਦਲਾ ਤੇ ਸਮਝਣ ਵਾਲਾ ਹੈ। ਪ੍ਰਭੂ ਰਚਨਾ `ਚ “ਤੁਧੁ ਵੇਕੀ ਜਗਤੁ ਉਪਾਇਆ” (ਪੰ: ੪੬੯) ਪ੍ਰਭੂ ਨੇ ਅਨੰਤ ਕਿਸਮ ਦੀ ਜੀਵ ਰਚਨਾ ਕਰ ਰਖੀ ਹੈ। ਇਸ ਜੀਵ ਰਚਨਾ `ਚ ਕੇਵਲ ਤੇ ਕੇਵਲ ਮਨੁੱਖ ਹੀ ਹੈ ਜਿਸਦੇ ਜੀਵਨ ਦੇ ਦੋ ਰੁਖ ਹਨ; “ਗੁਰਮੁਖਿ ਲਾਧਾ ਮਨਮੁਖਿ ਗਵਾਇਆ” ਅਨੁਸਾਰ ਗੁਰਮੁਖ ਭਾਵ ਜਿਹੜੇ ਮਨੱਖਾ ਜਨਮ ਦੇ ਮਕਸਦ `ਚ ਸਫ਼ਲ ਹੁੰਦੇ ਹਨ। ਦੂਜੇ ਮਨਮੁਖ, ਜੋ ਮਨੁੱਖਾ ਜਨਮ ਲੈ ਕੇ ਵੀ ਇਸ ਨੂੰ ਵਿਅਰਥ ਗੁਆ ਜਾਂਦੇ ਹਨ। ਇਸ ਤਰ੍ਹਾਂ ਸਫ਼ਲ ਤੇ ਅਸਫਲ-ਦੋ ਵਿਰੋਧੀ ਪੱਖਾਂ `ਤੇ ਮਨੁੱਖਾ ਜੀਵਨ ਚਲ ਰਹੇ ਹਨ। ਸਫਲ ਜੀਵਨ, ਮੁੜ ਜਨਮ ਮਰਣ `ਚ ਨਹੀਂ ਆਉਂਦੇ। ਦੂਜੇ “ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ” (ਬਾਣੀ ਜਪੁ) ਭਾਵ ਹਉਮੈ ਅਧੀਨ ਕੀਤੇ ਚੰਗੇ ਭਾਵੇਂ ਮਾੜੇ ਕਰਮ, ਅਸਫ਼ਲ ਜੀਵਨ ਵੱਲ ਹੀ ਧੱਕੇ ਜਾ ਰਹੇ ਹੁੰਦੇ ਹਨ। ਇਸ ਤਰ੍ਹਾਂ ਬਾਕੀ ਜਿਤਣੀਆਂ ਵੀ ਜੂਨੀਆਂ ਹਨ, ਪੂਰਾਂ ਦੇ ਪੂਰ ਮਨੁੱਖਾ ਜਨਮ ਸਮੇਂ ਕੀਤੇ ਕਰਮਾਂ-ਸੰਸਕਾਰਾਂ ਨੂੰ ਭੋਗਣ ਲਈ ਹੀ ਹੁੰਦੀਆਂ ਹਨ। ਇਹੀ ਕਾਰਨ ਹੈ ਕਿ ਪ੍ਰਭੂ ਦੇ ਨਿਆਂ `ਚ ਹੀ, ਜੀਵ ਦੇ ਕਰਮਾਂ-ਸੰਸਕਾਰਾਂ ਅਨੁਸਾਰ ਇੱਕ ਤੋਂ ਬਾਅਦ ਦੂਜੀਆਂ ਜੂਨੀਆਂ ਮਿਲਦੀਆਂ ਤੇ ਭੋਗਣੀਆਂ ਪੈਂਦੀਆਂ ਹਨ ਇਸ ਵਿਸ਼ੇ `ਤੇ ਗੁਰਬਾਣੀ `ਚ ਇੱਕ ਹੋਰ ਸੁਆਦਲਾ ਵਰਨਣ ਵੀ ਹੈ। ਉਹ ਇਹ ਕਿ ਕਈ ਵਾਰੀ ਮਨੁੱਖਾ ਜਨਮ ਤੋਂ ਬਾਅਦ, ਮਨੁੱਖਾ ਜਨਮ ਵੀ ਪ੍ਰਭੂ ਦੇ ਸੱਚੇ ਨਿਆਂ `ਚ ਹੀ ਮਿਲਿਆ ਹੁੰਦਾ ਹੈ ਪਰ ਕਰਮਾਂ ਦੀ ਸਜ਼ਾ ਭੋਗਣ ਲਈ। ਫ਼ੁਰਮਾਣ ਹੈ “ਇਹੁ ਜਗੁ ਸਚੈ ਕੀ ਹੈ ਕੋਠੜੀ, ਸਚੇ ਕਾ ਵਿਚਿ ਵਾਸੁ॥ ਇਕਨਾੑ ਹੁਕਮਿ ਸਮਾਇ ਲਏ ਇਕਨਾੑ ਹੁਕਮੇ ਕਰੇ ਵਿਣਾਸੁ॥ ਇਕਨਾੑ ਭਾਣੈ ਕਢਿ ਲਏ ਇਕਨਾੑ ਮਾਇਆ ਵਿਚਿ ਨਿਵਾਸੁ॥ ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ॥ ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ” (ਪੰ: ੪੬੩)। ਇਸੇ ਲਈ ਗੁਰਦੇਵ ਨੇ ਬਾਣੀ ਰਾਹੀਂ ਪੱਕਾ ਕੀਤਾ ਕਿ “ਸਿਮਰਿ ਸਿਮਰਿ ਸਿਮਰਿ ਸੁਖ ਪਾਵਹੁ” ਅਨੁਸਾਰ ਜੇਕਰ ਕਿਸੇ ਦਾ ਜੀਵਨ ਸਫ਼ਲਤਾ ਵੱਲ ਵੱਧ ਰਿਹਾ ਹੈ ਤਾਂ ਉਸਦਾ ਫ਼ਰਜ਼ ਹੈ ਕਿ ਉਸ ਸੁਆਦਲੇ ਜੀਵਨ ਲਈ “ਆਪਿ ਜਪਹੁ ਅਵਰਹ ਨਾਮੁ ਜਪਾਵਹੁ” (ਪੰ: ੨੯੦) ਵਾਲੇ ਰਸਤੇ `ਤੇ ਚਲੇ ਪਰ ਕਿਸੇ ਉਪਰ ਕਿਉਂ-ਕਿੰਤੂ ਨਾ ਕਰੇ ਕਿ ਅਮੁੱਕਾ ਇਨਸਾਨ, ਜੀਵਨ ਦੀ ਸੰਭਾਲ ਕਿਉਂ ਨਹੀਂ ਕਰ ਰਿਹਾ।

ਮਨੁੱਖਾ ਜੂਨੀ `ਚ ਵੀ ਸਮੂਹ ਜੂਨੀਆਂ? - ਦਿੱਤੇ ਵੇਰਵੇ ਤੋਂ ਰਤਾ ਲਾਂਭੇ ਹੋ ਕੇ ਮਨੁੱਖ ਵੱਲ ਦੇਖੀਏ ਤਾਂ ਇਥੇ ਕੁੱਝ ਹੋਰ ਹੀ ਨਕਸ਼ਾ ਮਿਲੇਗਾ, ਬਾਕੀ ਜੂਨੀਆਂ ਤੋਂ ਬਿਲਕੁਲ ਉਲਟਾ। ਕਿਸੇ ਵੀ ਜੂਨੀ ਨੂੰ ਘੜ੍ਹਣ ਜਾਂ ਕਾਇਮ ਕਰਣ ਤੋਂ ਬਾਅਦ ਪ੍ਰਭੂ ਨੂੰ ਦੇਖਣ ਦੀ ਲੋੜ ਨਹੀਂ ਕਿ ਕਿਸੇ ਜੂਨ `ਚ ਜੀਵ ਕਿਵੇਂ ਜਨਮ ਬਤੀਤ ਕਰ ਰਿਹਾ ਹੈ ਭਾਵ ਪ੍ਰਭੂ ਨੇ ਜੋ ਉਸਦੀ ਰਹਿਣੀ ਤੇ ਸੁਭਾਅ ਘੜ੍ਹਿਆ ਉਹ ਉਸੇ `ਚ ਜੀਵਨ ਬਤੀਤ ਕਰਦਾ ਹੈ। ਗੁਰਬਾਣੀ `ਚ ਬੇਅੰਤ ਪ੍ਰਮਾਣ ਹਨ, ਕਿ ਇਹ ਕੇਵਲ ਮਨੁੱਖ ਹੀ ਹੈ ਜਿੱਥੇ “ਕਰਤੂਤਿ ਪਸੂ ਕੀ ਮਾਨਸ ਜਾਤਿ” (ਪੰ: ੨੬੭) ਅਨੁਸਾਰ ਦੇਖਣ ਨੂੰ ਜਨਮ ਕਰਕੇ ਤਾਂ ਮਨੁੱਖ ਹੈ, ਫ਼ਿਰ ਵੀ ਰਹਿਣੀ-ਸੁਭਾਅ ਬੈਲ, ਹਾਥੀ, ਭੈਂਸੇ, ਗਧੇ, ਬੰਦਰ, ਮੱਖੀ, ਸੱਪ, ਬਗੁਲੇ, ਘੀਸ, ਕਛੁਏ, ਬਿਛੂ, ਕਉਏ, ਮਧੁਮਖੀ, ਭੰਵਰੇ, ਮਗਰਮੱਛ, ਮੱਛਲੀ ਆਦਿ ਵਾਲਾ ਹੈ। ਨਿੱਤ ਦੇਖਦੇ ਵੀ ਹਾਂ ਕਿ ਹਰੇਕ ਬੱਚਾ ਆਪਣੇ ਵੱਖਰੇ ਸੁਭਾਅ ਤੇ ਸੰਸਕਾਰ ਲੈ ਕੇ ਹੀ ਪੈਦਾ ਹੁੰਦਾ ਹੈ ਇਹੀ ਕਾਰਨ ਹੈ, ਕੁੱਝ ਜੰਮਦੇ ਬੱਚਿਆਂ ਦਾ ਜੇ ਨਿਰੀਖਣ ਕਰ ਲਿਆ ਜਾਵੇ ਤਾਂ ਜਿੰਨੇ ਵੀ ਬੱਚੇ ਪੈਦਾ ਹੁੰਦੇ ਹਨ, ਸੁਭਾਅ ਸਾਰਿਆਂ ਦੇ ਵੱਖ ਵੱਖ ਹੀ ਹੁੰਦੇ ਹਨ। ਅਜਿਹੇ ਪੈਦਾਇਸ਼ੀ ਸੁਭਾਅ ਤਾਂ ਬਹੁਤੀ ਵਾਰੀ ਜੀਵਨ ਭਰ ਹੀ ਨਾਲ ਚਲਦੇ ਹਨ ਜਦਤੀਕ ਅਕਾਲਪੁਰਖ ਦੀ ਬਖਸ਼ਿਸ਼ ਨਾਲ, ਸਾਧਸੰਗਤ ਦੀ ਪ੍ਰਾਪਤੀ ਤੇ ਰਗੜ ਕਾਰਨ ਬਦਲ ਹੀ ਨਾ ਜਾਣ।

ਦੂਜਾ, ਮਨੁੱਖ ਜੂਨੀ `ਚ ਹੀ, ਮਨੁੱਖ ਦੀਆਂ ਉਹ ਵੀ ਜੂਨੀਆਂ ਹੀ ਹੁੰਦੀਆਂ ਹਨ ਜਿਹੜੀਆਂ ਭਾਂਤ ਭਾਂਤ ਦੇ ਵਾਤਾਵਰਣ `ਚ ਰਹਿ ਕੇ ਮਨੁੱਖ ਹਰ ਸਮੇਂ ਭੋਗ ਰਿਹਾ ਹੁੰਦਾ ਹੈ। ਇਹੀ ਕਾਰਨ ਹੈ ਕਿ ਕੇਵਲ, ਮਨੁੱਖ ਨੂੰ ਹੀ ਮਨੁੱਖ ਬਨਾਉਣ ਲਈ, ਸ਼ਬਦਗੁਰੂ ਦਾ ਪ੍ਰਗਟਾਵਾ ਤੇ ਅਖਰ ਸਰੂਪ “ਗੁਰੂ ਗ੍ਰੰਥ ਸਾਹਿਬ ਜੀ” ਦੇ ਪ੍ਰਕਾਸ਼ ਦੀ ਲੋੜ ਪਈ। “ਗੁਰਮੁਖ ਗਾਡੀ ਰਾਹੁ ਚਲੰਦਾ” (ਭਾ: ਗੁ: ੪੦/੧੧) ਅਨੁਸਾਰ “ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ॥ ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ” (ਪੰ: ੪੦੮) ਚਲਾਈ ਪਰਪਿਾਟੀ ਮੁਤਾਬਕ, ਧੁਰੋਂ ਥਾਪੇ ਸ਼ਬਦਾ-ਅਵਤਾਰ ਗੁਰੂ ਨਾਨਕ ਪਾਤਸ਼ਾਹ ਨੇ ੨੩੯ ਵਰ੍ਹੇ ਲਗਾਏ ਤੇ ਇਸ ਕਾਰਜ ਲਈ ਦਸ ਜਾਮੇ ਧਾਰਣ ਕੀਤੇ। “ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ॥ ਬਾਝਹੁ ਗੁਰੂ ਗੁਬਾਰ ਹੈ, ਹੈਹੈ ਕਰਦੀ ਸੁਣੀ ਲੁਕਾਈ॥ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ॥ ਚੜ੍ਹਿਆ ਸੋਧਨ ਧਰਤ ਲੁਕਾਈ” (ਭਾ: ਗੁ: ੧/੨੪) ਭਾਵ, ਕੇਵਲ ਤੇ ਕੇਵਲ ਮਨੁੱਖ ਨੂੰ ਹੀ ਮਨੁੱਖ ਬਨਾਉਣ ਦੀ ਲੋੜ ਪਈ, ਹੋਰ ਕਿਸੇ ਵੀ ਜੂਨੀ ਲਈ ਕਰਤੇ ਨੂੰ ਅਜਿਹੀ ਲੋੜ ਨਹੀਂ। ਗੁਰਦੇਵ ਨੇ ਇਸਦੇ ਲਈ ਅਨੇਕਾਂ ਘਾਲਣਾ ਘਾਲੀਆਂ, ਗੁਮਰਾਹ ਹੋ ਚੁੱਕੇ ਮਨੁੱਖ ਹਥੋਂ ਬੇਅੰਤ ਤਸੀਹੇ ਝਲੇ, ਕੁਰਬਾਣੀਆਂ ਇੱਤੀਆਂ ਪਰ ਕਦਮ ਪਿਛੇ ਨਹੀਂ ਹਟਾਇਆ।

ਸ਼ੱਕ ਨਹੀਂ, ਗੁਰਦੇਵ ਦੀ ਇਸੇ ਘਾਲ ਦਾ ਨਤੀਜਾ ਸੀ, ਜੋ ਇਤਨੇ ਵੱਧ ਜੀਉੜੇ ਸੱਚੇ ਸੁੱਚੇ ਮਨੁੱਖ, ਗੁਰਮੁਖ ਪਦਵੀ ਨੂੰ ਪ੍ਰਾਪਤ ਹੋਏ ਤੇ ਹੁੰਦੇ ਵੀ ਰਹਿਣਗੇ। ਪਰ ਦੂਜੇ ਪਾਸੇ, ਆਪਣੇ ਮਨ ਦੇ ਗ਼ੁਲਾਮ ਪੂਰਾਂ ਦੇ ਪੂਰ ਵੀ ਮਨੁੱਖ ਹੀ ਹਨ “ਜੋ ਨ ਸੁਨਹਿ ਜਸੁ ਪਰਮਾਨੰਦਾ॥ ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ” (ਪੰ: ੧੮੮) ਹੋ ਕੇ ਜੀਉਂਦੇ ਜੀਅ ਵੀ ਭਿੰਨ ਭਿੰਨ ਜੂਨਾਂ ਭੁਗਤਾਉਂਦੇ ਹਨ ਤੇ ਸਰੀਰ ਤਿਆਗਣ ਬਾਅਦ ਵੀ ਪ੍ਰਭੂ ਦੇ ਨਿਆਂ `ਚ ਇੱਕ ਤੋਂ ਬਾਅਦ ਦੂਜੀ ਜੂਨੀ ਦੇ ਕਸ਼ਟ ਸਹਾਰਦੇ ਹਨ। ਗੁਰਬਾਣੀ `ਚ ਸੈਂਕੜੇ ਪ੍ਰਮਾਣ ਹਨ ਜੋ ਸਾਬਤ ਕਰਦੇ ਹਨ ਕਿ ਕਿਵੇਂ ਮਨੁੱਖ, ਮਨੁੱਖਾ ਸਰੀਰ `ਚ ਹੁੰਦਾ ਹੋਇਆ ਵੀ ਨੀਵੀਆਂ ਤੇ ਅਤਿ ਨੀਵੀਆਂ ਜੂਨਾਂ ਵਾਲੇ ਸੁਭਾਅ `ਚ ਹੀ ਜੀਅ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਗੁਰਬਾਣੀ `ਚ ਅਜਿਹੇ ਵੀ ਬਹੁਤ ਪ੍ਰਮਾਣ ਹਨ ਜੋ ਸਾਬਤ ਕਰਦੇ ਹਨ ਕਿ ਜਦੋਂ ਅਜਿਹੇ ਮਨੁੱਖ ਕੋਲ ਪ੍ਰਭੂ ਵਲੋਂ ਬਖਸ਼ੀ ਇਸ ਸਰੀਰ ਲਈ ਸਆਸਾਂ ਵਾਲੀ ਪੂੰਜੀ ਪੁਗ ਜਾਂਦੀ ਹੈ ਤਾਂ ਉਸਨੂੰ ਫ਼ਿਰ ਤੋਂ ਭਿੰਨ-ਭਿੰਨ ਜੂਨੀਆਂ ਭੋਗਣੀਆਂ ਪੈਂਦੀਆਂ ਹਨ।

“ਨਾਗੋ ਆਇਓ ਨਾਗ ਸਿਧਾਸੀ” - ਵਿਰਲਿਆਂ ਅਤੇ ਗੁਰੂ ਹਸਤੀਆਂ ਨੂੰ ਛੱਡ ਕੇ ਗੁਰਬਾਣੀ ਦਾ ਫ਼ੈਸਲਾ ਹੈ ਕਿ ਮਨੁੱਖ ਪਹਿਲਾਂ ਵੀ ਭਿੰਨ ਭਿੰਨ ਜੂਨਾਂ `ਚ ਭਟਕ ਰਿਹਾ ਸੀ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਇਸਨੂੰ ਮਨੁੱਖਾ ਜਨਮ ਮਿਲਿਆ, ਤਾਂ ਵੀ ਇਸਨੇ ਉਸ ਨੂੰ ਸਫ਼ਲ ਨਹੀਂ ਕੀਤਾ। ਉਪ੍ਰੰਤ ਜੇ ਕਰ ਹੁਣ ਪ੍ਰਭੂ ਨੇ ਕਰਮ ਕਰਕੇ ਮਨੁੱਖਾ ਜਨਮ ਬਖ਼ਸ਼ਿਆ ਤਾਂ ਫ਼ਿਰ ਤੋਂ ਖਾਲੀ ਹੱਥ (ਨੰਗਾ) ਹੀ ਗਿਆ। ਇਸੇ ਨੂੰ ਗੁਰਬਾਣੀ ਦੀ ਸ਼ਬਦਾਵਲੀ `ਚ “ਨਾਗ ਸਿਧਾਸੀ” ਅਥਵਾ “ਨਾਗੋ ਆਇਓ ਨਾਗ ਸਿਧਾਸੀ” ਜਾਂ “ਭਾਈ ਰੇ ਭਗਤਿਹੀਣੁ ਕਾਹੇ ਜਗਿ ਆਇਆ॥ ਪੂਰੇ ਗੁਰ ਕੀ ਸੇਵ ਨ ਕੀਨੀ, ਬਿਰਥਾ ਜਨਮੁ ਗਵਾਇਆ” (ਪੰ: ੩੨) ਭਾਵ ਇਸ ਜਨਮ ਨੂੰ ਵੀ ਜ਼ਾਇਆ ਕਰਕੇ ਮੁੜ ਜੂਨਾਂ `ਚ ਪੈ ਗਿਆ ਉਪ੍ਰੰਤ “ਫਿਰਿ ਇਆ ਅਉਸਰੁ ਚਰੈ ਨ ਹਾਥਾ” (ਪੰ: ੨੫੮) ਪਤਾ ਨਹੀਂ, ਫ਼ਿਰ ਇਹ ਅਵਸਰ ਕਦੋਂ ਮਿਲੇ। ਇਸੇ ਵਿਸ਼ੇ `ਤੇ ਕੁੱਝ ਹੋਰ ਪ੍ਰਮਾਣ “ਨਾਮ ਹੀਣ ਗਏ ਮੂੜ ਨੰਗਾ॥ ਪਚਿ ਪਚਿ ਮੁਏ ਬਿਖੁ ਦੇਖਿ ਪਤੰਗਾ॥ ੩॥ ਆਪੇ ਥਾਪੇ ਥਾਪਿ ਉਥਾਪੇ॥ ਨਾਨਕ ਨਾਮੁ ਦੇਵੈ ਹਰਿ ਆਪੇ” (ਪੰ: ੩੬੭) ਹੋਰ ਲਵੋ “ਕਰਮ ਧਰਮ ਜੁਗਤਿ ਬਹੁ ਕਰਤਾ ਕਰਣੈਹਾਰੁ ਨ ਜਾਨੈ॥ ਉਪਦੇਸੁ ਕਰੈ ਆਪਿ ਨ ਕਮਾਵੈ ਤਤੁ ਸਬਦੁ ਨ ਪਛਾਨੈ॥ ਨਾਂਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਕੁ ਛਾਨੈ” (ਪੰ: ੩੮੦) ਇਸੇ ਤਰ੍ਹਾਂ ਗੁਰਬਾਣੀ ਇਸ ਬਾਰੇ ਬਹੁਤ ਪ੍ਰਮਾਣ ਮਿਲ ਜਾਣਗੇ। ਵੈਸੇ ਇਹ ਪੂਰਾ ਵਿਸ਼ਾ ਅਸੀਂ ਕੁੱਝ ਸਮੇਂ ਬਾਅਦ ਲਿਖੇ ਜਾ ਰਹੇ ਗੁਰਮਤਿ ਪਾਠ “ਨਾਂਗਾ ਆਇਆ ਨਾਂਗੋ ਜਾਸੀ” `ਚ ਲੈ ਰਹੇ ਹਾਂ। #81s08.02s08#

Including this Self Learning Gurmat Lesson No 81

ਸਰੀਰਾਂ ਵਾਲੀ ਖੇਡ ਤੇ ਦੁਖ-ਸੁਖ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.org
.