ਅਗਿਆਨਤਾ ਅਤੇ ਅੰਨ੍ਹੀਂ ਸ਼ਰਧਾ
ਅੱਜ ਹਰ ਵਿਅਕਤੀ ਜੋ ਸਿੱਖ
ਪ੍ਰੀਵਾਰ ਨਾਲ ਸਬੰਧਿਤ ਹੈ ਆਖਦਾ ਹੈ ਕਿ ਮੇਰੀ ਗੁਰੁ ਗ੍ਰੰਥ ਸਹਿਬ ਜੀ ਵਿੱਚ ਅਤੁੱਟ ਸ਼ਰਧਾ ਹੈ। ਇਸ
ਗ੍ਰੰਥ ਨੂੰ ਮੱਥਾ ਟੇਕਣ ਦਾ ਭਾਵ ਹੈ ਕਿ ਮੈਂ ਇਸ ਅੱਗੇ ਸੀਸ ਝੁਕਾਉਂਦਾ ਹੋਇਆ ਪੁਰਾਣੀ ਮਲੀਨ ਮਤਿ
ਤਿਆਗ ਕੇ ਅੱਗੋਂ ਲਈ ਮੈਂ ਇਸ ਪਵਿਤ੍ਰ ਗ੍ਰੰਥ ਵਿੱਚ ਦਰਜ਼ ਸਿੱਖਿਆ ਉੱਤੇ ਚਲਾਂਗਾ। ਆਓ ਆਪਣੀ
ਰੋਜ਼ਮਰ੍ਹਾ ਦੀ ਜ਼ਿੰਦਗੀ ਵਲ ਝਾਤੀ ਮਾਰੀਏ ਅਤੇ ਵੇਖੀਏ ਕਿ ਅਸੀਂ ਕਿੰਨਾਂ ਕੁ ਗੁਰੂ ਜੀ ਦੇ ਦਿਖਾਏ
ਰਸਤੇ ਉੱਪਰ ਚਲਦੇ ਹਾਂ ਅਤੇ ਕਿੰਨਾਂ ਸਤਿਕਾਰ ਕਰਦੇ ਹਾਂ? ਦਸਮ ਪਿਤਾ ਨੇ ਸਾਨੂੰ ਬਿਪਰਨ ਕੀ ਰੀਤ
(ਅਣਧਰਮੀ ਕਰਮ ਕਾਂਡ) ਤੋਂ ਸਖਤੀ ਨਾਲ ਵਰਜਿਆ ਸੀ ਪਰ ਅਸੀਂ ਏਨੇ ਢੀਠ ਹਾਂ ਕਿ ਬ੍ਰਾਹਮਣ ਵਲੋਂ ਕੀਤੇ
ਜਾ ਰਹੇ ਹਰ ਕਰਮ ਕਾਂਡ ਨੂੰ ਵਡੇ ਸਿੱਖ ਲੀਡਰ (ਸਿਅਸੀ ਤੇ ਧਾਰਮਿਕ) ਤੋਂ ਲੈ ਕੇ ਸਾਧਾਰਨ ਸਿੱਖ
ਤਾਈਂ, ਵਿਰਲਿਆਂ ਨੂੰ ਛਡ ਕੇ, ਹਰ ਕੋਈ ਮੱਥੇ ਟਿੱਕੇ ਲੁਔਣ ਦਾ ਸ਼ੌਕੀ ਬਣਿਆ ਫਿਰਦਾ ਹੈ, ਗੁੱਟ ਤੇ
ਲਾਲ ਧਾਗਾ ਬੰਨਣ ਵਿੱਚ ਸ਼ਾਨ (ਬੇਸਮਝੀ ਚ) ਸਮਝੀ ਫਿਰਦਾ ਹੈ, ਕੇਸਾਂ ਦੀ ਬੇਅਦਬੀ ਕਰਨੀ ਤਾਂ
ਮਹਾਂਮਾਰੀ ਬੀਮਾਰੀ ਵਾਂਗ ਫੈਲ ਚੁੱਕੀ ਹੈ। ਸਾਬਤ ਸੂਰਤ ਰੂਪ ਵਿੱਚ ਕੋਈ ਵਿਰਲਾ ਸਿੱਖ ਹੀ ਦਿਸਦਾ
ਹੈ। ਏਥੇ ਹੀ ਬਸ ਨਹੀਂ ਗਾਤਰੇ ਪੌਣ ਵਾਲੇ (ਖਾਲਸੇ ਲਫਜ਼ ਨਾਂਹ ਵਰਤਣ ਲਈ ਖਿਮਾਂ ਕਰਨਾਂ) ਹਰ ਥਾਂਹ
ਜਿਵੇਂ ਮੰਦਰ, ਮਜਾਰ, ਮੜ੍ਹੀ-ਮਸਾਂਣ, ਜਠੇਰੇ … … …. ਇਤਆਦਿ ਅਨੇਕਾਂ ਥਾਂਵ੍ਹਾਂ ਤੇ ਮੱਥੇ ਟੇਕਦੇ
ਨਜ਼ਰ ਆ ਰਹੇ ਹਨ ਭਾਵ ਅਸੀਂ ਕਰਮ ਕਾਂਡਾਂ ਵਿੱਚ ਗ਼ਲਤਾਂਨ ਹੋ ਚੁੱਕੇ ਹਾਂ।
ਗੁਰੂ ਸਹਿਬ ਨੇ ਤਾਂ ਸਾਨੂੰ ਦੇਹ ਨੂੰ ਛੱਡ ਕੇ ਸ਼ਬਦ ਰੂਪੀ ਗਿਆਂਨ ਗੁਰੂ ਦੇ ਲੜ ਲਾਇਆ ਸੀ ਪਰ ਅਸੀਂ
ਹਰ ਐਰੇ ਗੈਰੇ ਦੇਹਧਾਰੀ ਦੇ ਪੈਰਾਂ ਤੇ ਢੈਹ ਪੈਂਦੇ ਹਾਂ ਜੋ ਸਾਨੂੰ ਦੋ ਚਾਰ ਚੋਪੜੀਆਂ ਚੋਪੜੀਆਂ
ਗਲਾਂ ਸੁਣਾ ਦੇਵੇ ਅਸੀਂ ਆਪਣਾ ਸਭ ਕੁੱਝ ਉਸ ਉੱਪਰ ਨਿਸ਼ਾਵਰ ਕਰਨ ਲਈ ਤਿਅਰ ਹੋ ਜਾਂਦੇ ਹਾਂ ਨਤੀਜੇ
ਵਜੋਂ ਉਹ ਸਾਡਿਆਂ ਘਰਾਂ ਵਿੱਚ ਧੁਰ ਅੰਦਰ ਜਾ ਵੜਦਾ ਹੈ ਭਾਵ ਸਾਡੀ ਇਜ਼ਤ ਔਰ ਦੌਲਤ ਲੁੱਟਣ ਦਾ ਆਪਣਾ
ਹੱਕ ਸਮਝ ਬੈਠਦਾ ਹੈ। ਅਸੀਂ ਏਨੇ ਬੇਅਣਖੇ ਅਤੇ ਬੇਦੀਨੇ ਹੋ ਗਏ ਹਾਂ ਕਿ ਪੁੱਛੋ ਕੁੱਝ ਨਾਂਹ।
ਅਖਬਾਰਾਂ ਵਿੱਚ ਆ ਰਹੀਆਂ ਅਖੌਤੀ ਸਾਧਾਂ ਸੰਤਾਂ ਮਹਾਂਪੁਰਖਾਂ ਦੇ ਡੇਰਿਆਂ ਵਿੱਚ ਹੋ ਰਹੇ
ਬਲਾਤਕਾਰਾਂ ਦੀਆਂ ਖਬਰਾਂ ਪੜ੍ਹ ਸੁਣ ਕੇ ਵੀ ਸਾਡੀ ਇਹਨਾਂ ਨਮਿੱਤ ਅੰਨ੍ਹੀ ਭਾਵ ਗਿਆਨ ਵਿਹੂਣੀ ਸ਼ਰਧਾ
ਨਹੀਂ ਲੜਖੜਾ ਰਹੀ - ਕੀ ਕਾਰਨ ਹੈ? ਸੋਚਣਾ ਬਣਦਾ ਹੈ। ਪਰ ਅਫਸੋਸ ਬਹੁਤ ਸਾਰੇ ਸਿੱਖ ਕਹਾਉਣ ਵਾਲੇ
(ਕਈ ਸਿੱਖ ਦਿਖ ਵਾਲੇ ਭੀ) ਸ਼ਬਦ ਗੁਰੂ ਨਾਲੋਂ ਜ਼ਿਅਦਾ ਸ਼ਰਧਾ ਅਖੌਤੀ ਸਾਧਾਂ ਸੰਤਾਂ ਉੱਤੇ ਰੱਖਦੇ ਹਨ
ਜਦ ਕਿ ਗੁਰੂ ਸਹਿਬ ਸਾਨੂੰ ਸਮਝਾਉਂਦੇ ਹਨ ਕਿ: ਅਵਰੁ ਦੂਜਾ ਕਿਉ ਸੇਵੀਐ
ਜੰਮੈ ਤੈ ਮਰਿ ਜਾਇ। (ਮ: ੩ ਪੰਨਾ ੫0੯) ਭਾਵ ਜੋ ਮਰ ਖਪਣ ਵਾਲਾ ਹੈ ਉਸ ਪਿਛੇ ਕਿਉਂ
ਲੱਗੀਏ। ਇਹਨਾਂ ਸਾਡੇ ਗਿਆਨ ਵਿਹੂਣੇ ਵੀਰਾਂ ਨੇ ਅਕਲ ਨੂੰ ਤਾਲਾ ਲਾਇਆ ਹੋਇਆ ਹੈ ਕਿ ਏਨੇ ਪ੍ਰਤੱਖ
ਪ੍ਰਮਾਣਾਂ ਦੇ ਬਾਵਯੂਦ ਅਖੌਤੀ ਸਾਧੜਿਆਂ ਨੂੰ ਹਰ ਤਰਾਂ ਦੀ ਐਸ਼ੋ- ਇਸ਼ਰਤ ਨਾਲ ਨਿਵਾਜ਼ ਰਹੇ ਹਨ ਜਦ ਕਿ
ਗੁਰੂ ਸਹਿਬ ਤਾਂ ਆਖ ਰਹੇ ਹਨ: ਅਕਲੀ ਪੜ੍ਹਿ ਕੈ ਬੁਝੀਐ ਅਕਲੀ ਕੀਚੈ
ਦਾਨੁ। ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ। (ਮ: ੧ ਪੰਨਾ ੧੨੪੫)। ਅਖਬਾਰੀ ਖਬਰਾਂ
ਮੁਤਾਬਿਕ ਕੁੱਝ ਬਦਨਾਮ ਸਾਧਾਂ ਨੂੰ ਜਾਗਰਿਤ ਸਿੱਖਾਂ ਨੇ ਕਨੇਡਾ, ਅਮਰੀਕਾ, ਵਲੈਤ, ਦੁਬਈ ਅਤੇ
ਅਸਟਰੇਲੀਆ ਵਗੈਰਾ ਮੁਲਕਾਂ ਵਿੱਚ ਵਿਰੋਧ ਕਰਕੇ ਕਈ ਜਗ੍ਹਾ ਤੋਂ ਸਿਰ ਉੱਤੇ ਪੈਰ ਰੱਖ ਕੇ ਦ੍ਹੌੜਨ ਲਈ
ਮਜ਼ਬੂਰ ਕੀਤਾ ਹੈ। ਏਸੇ ਕਰਕੇ ਇਹਨਾਂ ਸਾਧ ਜੋਕਾਂ ਵਲੋਂ ਹੁਣ ਆਪਣੇ ਏਜੰਟਾਂ ਰਾਹੀਂ ਹੋਰਨਾਂ ਮੁਲਕਾਂ
ਜਿਵੇਂ ਇਟਲੀ ਵਗੈਰਾ ਵਿੱਚ ਅਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਹਨ। ਏਹਨਾਂ ਮੁਲਕਾਂ ਦੇ ਗੁਰੂ ਕੇ
ਸਿੱਖਾਂ ਨੂੰ ਚੌਕੰਨੇ ਹੋਣ ਦੀ ਜ਼ਰੂਰਤ ਹੈ ਤਾਂਕਿ ਸਾਡੇ ਸਿੱਖ ਵੀਰ ਤੇ ਭੈਣਾਂ ਕਿਸੇ ਵੀ ਪੱਖੋਂ ਠਗੇ
ਨਾਂਹ ਜਾਣ। ਕੁੱਝ ਬੇਸਮਝ (ਧਰਮਿਕ ਗਿਆਨ ਪੱਖੋਂ) ਪਰ ਚਲਾਕ (ਕਮਾਈ ਤੇ ਸ਼ੋਹਰਤ ਲਈ) ਵੀਰਾਂ ਨੇ
ਇਹਨਾਂ ਅਖੌਤੀ ਸੰਤਾਂ ਮਹਾਂਪੁਰਖਾਂ ਦੀਆਂ ਬਰਸੀਆਂ ਮਨੌਣ ਦਾ ਢਕਵੰਜ ਰਚਾ ਕੇ ਆਮ ਸਿੱਖ ਸੰਗਤਾਂ ਨੂੰ
ਲੁਟਣ ਦਾ ਨਵਾਂ ਤਰੀਕਾ ਲਭ ਲਿਆ ਹੈ। ਸਾਵਧਾਨ!
ਸਾਡੇ ਗੁਰੂ ਜੀ ਨੇ ਜੋ ਜੀਵਨ ਜਾਚ ਸਾਨੂੰ ਸਿਖਾਈ ਹੈ ਉਸ ਦਾ ਆਧਾਰ ਹੈ: ਕਿਰਤ ਕਰੋ, ਨਾਂਮ ਜਪੋ ਅਤੇ
ਵੰਡ ਕੇ ਛਕੋ। ਪਰ ਇਹ ਵੇਹਲੜ ਸੰਤ ਲਾਣਾ ਸਾਡੀ ਅਗਿਆਨਤਾ ਕਾਰਨ ਸਾਡੇ ਸਿਰਾਂ ਉੱਤੇ ਐਸ਼ ਕਰ ਰਿਹਾ
ਹੈ। ਪਿੱਛੇ ਪੰਜਾਬ ਵਿੱਚ ਇਹ ਇੰਪੋਰਟਿਡ ਵਾਤਾਅਨੁਕੂਲ ਕਾਰਾਂ ਵਿੱਚ ਘੁੰਮਦੇ ਹਨ ਅਤੇ ਵਾਤਾਅਨੁਕੂਲ
ਭੋਰਿਆਂ ਵਿੱਚ ਸਾਡੀਆਂ ਭੈਣਾਂ ਧੀਆਂ ਨਾਲ ਬਲਾਤਕਾਰ ਕਰਦੇ ਹੋਏ ਸ਼੍ਹਾਹਾਨਾਂ ਜ਼ਿੰਦਗੀ ਬਤੀਤ ਕਰਦੇ
ਹਨ। ਮੀਡੀਏ ਦੀ ਤੇਜ਼ ਨਜ਼ਰ ਕਾਰਨ ਜਿਸ ਦਾ ਹੌਲੀ ਹੌਲੀ ਪਰਦਾ ਫਾਸ਼ ਹੋ ਰਿਹਾ ਹੈ। ਅਸੀਂ ਸਾਰੇ ਜਾਣਦੇ
ਹਾਂ ਕਿ ਸ਼ਾਡੇ ਬਜ਼ੁਰਗ ਅਣਧਰਮੀਆਂ ਦੀਆਂ ਧੀਆਂ ਭੈਣਾਂ ਜ਼ਾਲਮਾਂ ਹੱਥੋਂ ਛੁਡਾ ਕੇ ਉਹਨਾਂ ਦੇ ਘਰੀਂ
ਪਹੁੰਚਾਉਂਦੇ ਰਹੇ ਹਨ ਪਰ ਅੱਜ ਅਸੀਂ ਅਗਿਆਨਤਾ ਅਤੇ ਅ੍ਹੰਨੀ ਸ਼ਰਧਾ ਵਸ ਆਪਣੀਆਂ ਧੀਆਂ ਭੈਣਾਂ ਖੁਦ
ਇਹਨਾਂ ਵਹਿਸ਼ੀ ਦਰਿੰਦਿਆਂ ਦੇ ਹਵਾਲੇ ਕਰ ਰਹੇ ਹਾਂ। ਕੀ ਅਸੀਂ ਏਨੇ ਗ਼ੈਰਤ ਵਿਹੂਣੇ ਅਤੇ ਅਕਲ ਦੇ
ਅੰਨ੍ਹੇ ਹੋ ਗਏ ਹਾਂ? ਹੋਸ਼ ਵਿੱਚ ਆਓ ਅਤੇ ਇਹਨਾਂ ਸਭ ਬਨਾਰਸ ਕੇ ਠਗਾਂ ਜਿਹਨਾਂ ਦੇ, ਮਨਿ ਹੋਰੁ
ਮੁਖਿ ਹੋਰੁ (ਫਰੀਦ ਜੀ ਪੰਨਾ ੪੮੮), ਹੈ ਦਾ ਬਾਈਕਾਟ ਕਰਕੇ ਆਪਣੇ ਸ਼ਬਦ ਗੁਰੂ ਪ੍ਰਤੀ ਇਮਾਨਦਾਰੀ ਅਤੇ
ਸੁਹਿਰਦਤਾ ਜਿਤਾਓ।
ਗੁਰੂ ਦੇ ਸਿੱਖ ਹੋਣ ਨਾਤੇ ਜੇ ਅਸੀਂ ਗੁਰੂ ਜੀ ਦੇ ਹੁਕਮਾਂ ਨੂੰ ਵਿਸਾਰ ਕੇ ਕਿਸੇ ਅਣਧਰਮ ਜਗ੍ਹਾ
ਨੂੰ ਆਪਣਾ ਇਸ਼ਟ ਮੰਨਦੇ ਹਾਂ ਭਾਵ ਮੱਥਾ ਟੇਕਦੇ ਹਾਂ ਤਾਂ ਅਸੀਂ ਸਰਾਸਰ ਗੁਰੂ ਤੋਂ ਬੇਮੁੱਖ ਤਾਂ ਹਾਂ
ਹੀ ਨਾਲ ਹੀ ਆਪਣੀ ਕੌਮ ਨੂੰ ਕਲੰਕਿਤ ਅਤੇ ਆਪਣੇ ਆਪ ਦਾ ਮੌਜੂ ਉਡਾ ਰਹੇ ਹੁੰਦੇ ਹਾਂ। ਜਿਹੜੇ
ਗੁਰਸਿੱਖ ਵੀਰ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਦੇ ਅਤੇ ਸੁਣਦੇ ਹਨ ਉਹ ਜਾਣਦੇ ਹਨ ਕਿ ਗੁਰਬਾਣੀ
ਅਣਧਰਮ ਦੇ ਕਿਸੇ ਵੀ ਇਸ਼ਟ ਨੂੰ ਜਾਂ ਕਰਮ ਕਾਂਡ, ਰਸਮ ਰਿਵਾਜ ਨੂੰ ਮਾਣਤਾ ਨਹੀਂ ਦਿੰਦੀ ਗੁਰਬਾਣੀ
ਫੁਰਮਾਣ ਹਨ: ਸਾਹਿਬ ਮੇਰਾ ਏਕੋ ਹੈ। ਏਕੋ ਹੈ ਭਾਈ ਏਕੋ ਹੈ। (ਮ: ੧
ਪੰਨਾ ੩੫੦) ਸੋ ਇੱਕ ਤੇ ਸਿਰਫ ਇੱਕ ਗੁਰੂ (ਗੁਰੂ ਗ੍ਰੰਥ ਸਹਿਬ ਜੀ) ਦਾ ਪੱਲਾ ਫੜਨਾ ਹੀ
ਭਾਵ ਗੁਰਬਾਣੀ ਦੇ ਦੱਸੇ ਹੋਏ ਮਾਰਗ ਉੱਪਰ ਚਲਣਾ ਹੀ ਹਰ ਸਿੱਖ ਮਾਈ ਭਾਈ ਨੂੰ ਸ਼ੋਭਦਾ ਹੈ।
ਐ ਮੇਰੇ ਸਮੂਹ ਭੈਣੋਂ ਅਤੇ ਵੀਰੋ ਤੁਸੀਂ ਚੰਗੀ ਤਰਾਂ ਜਾਣਦੇ ਹੋ ਕਿ ਗੁਰੂ ਨਾਨਕ ਬਾਬੇ ਨੇ ਜਦ
ਪੰਡਿਤ ਦਾ ਜਨੇਊ ਪੌਣ ਤੋਂ ਭਰੀ ਸਭਾ ਵਿੱਚ ਇਨਕਾਰ ਕਰ ਦਿੱਤਾ ਸੀ ਤਾਂ ਬਿੱਪਰ ਤਿਲਮਲਾ ਉੱਠਿਆ ਸੀ
ਅਤੇ ਉਸ ਨੇ ਉਸੇ ਦਿਨ ਤੋਂ ਤਹੱਈਆ ਕਰ ਲਿਆ ਸੀ ਕਿ ਨਾਨਕ ਦੇ ਵਿਚਾਰ ਦੀ ਜੜ੍ਹ ਨਹੀਂ ਲਗਣ ਦੇਣੀ।
ਇਸੇ ਕਰਕੇ ਬਿੱਪਰ ਸ਼ੁਰੂ ਤੋਂ ਹੀ ਸਿੱਖ ਜੀਵਨ ਜਾਚ ਦਾ ਕਟੜ ਵੈਰੀ ਤੁਰਿਆ ਆ ਰਿਹਾ ਹੈ। ਮੌਜੂਦਾ
ਸਮੇਂ ਵਿੱਚ ਇਸਨੇ ਅਪਣੇ ਕਾਫੀ ਹੱਥ ਠੋਕੇ ਗੁੱਝੀ ਹਮਾਇਤ ਰਾਹੀਂ ਤਿਆਰ ਕਰ ਰੱਖੇ ਹਨ ਉਹ ਭੀ ਸਿੱਖੀ
ਭੇਖ ਵਿੱਚ। ਜੋ ਸੰਤਾਂ ਦੀਆਂ ਧਾੜਾਂ ਦੇ ਰੂਪ ਵਿੱਚ ਬਾਣੀ ਨੂੰ ਤੋੜ ਮਰੋੜ ਕੇ ਧਾਰਨਾਂ ਰਾਹੀਂ ਅਤੇ
ਸਨਾਤਨੀ ਔਰ ਮਨਘੜਤ ਸਾਖੀਆਂ ਰਾਹੀਂ ਸਾਨੂੰ ਕੁਰਾਹੇ ਪੌਣ ਵਿੱਚ, ਸਾਡੀ ਅਣਗਹਿਲੀ ਅਤੇ ਅਗਿਆਨਤਾ
ਕਾਰਨ, ਸਹਿਜੇ ਹੀ ਸਫਲ ਹੋ ਰਹੇ ਹਨ। ਹੁਣ ਇਹਨਾਂ ਸਨਾਤਨੀ ਸਾਧ ਲਾਣੇ ਨੇ ਆਪਸ ਵਿੱਚ ਹੱਥ ਮਿਲਾ ਕੇ
ਆਪਣਾ ਵਖਰਾ ਸਮਾਜ ਹੀ ਹੋਂਦ ਵਿੱਚ ਲੈ ਆਂਦਾ ਹੈ ਜਿਸ ਨੂੰ ਸਰਕਾਰੀ ਸ਼ੈਹ ਅਤੇ ਹਮਾਇਤ ਹਾਸਿਲ ਹੈ।
ਜਿਸ ਦੀਆਂ ਅਨੇਕਾਂ ਹੀ ਮਿਸਾਲਾਂ ਹਨ ਜਿਵੇਂ ਨਰਿੰਕਾਰੀਏ, ਰਾਧਾਸਵਾਮੀ, ਸਿਰਸਾ ਵਾਲਾ, ਭਨਿਆਰੇ
ਵਾਲਾ, ਅਸੂਤੋਸ਼, ਪਿਹੋਵੇ ਵਾਲਾ, ਢਡਰੀਆਂ ਵਾਲਾ, ………ਹਾਲ ਹੀ ਵਿੱਚ ਸੁਰਖੀਆਂ ਵਿੱਚ ਅਇਆ ਸਹੋੜਾ
ਮਸਤੂਆਣੇ ਵਾਲਾ ਹੈ, ਜਿਸ ਨੇ ਦਰਬਾਰ ਸਹਿਬ ਦੀ ਹੂ-ਬ-ਹੂ ਨਮੂਨੇ ਵਾਲੀ ਇਮਾਰਤ ਤਿਆਰ ਕਰਕੇ ਬਦਨਾਮੀ
ਖੱਟੀ ਹੈ। ਬਿੱਪਰ ਦੀ ਦਿਲੀ ਮਣਸ਼ਾ ਸਿੱਖ ਕੌਮ ਦਾ ਖੁਰਾਖੋਜ ਮਿਟੌਣਾ ਹੈ ਅਤੇ ਇਹ ਟੀਚਾ ਪ੍ਰਾਪਿਤ
ਕਰਨ ਲਈ ਉਹ ਇਹਨਾਂ ਚੋਲ੍ਹੇ ਵਾਲਿਆਂ ਦੀ ਬਾਖੂਬੀ ਵਰਤੋਂ ਕਰ ਰਿਹਾ ਹੈ। ਸੋ ਸਿੱਖ ਵੀਰੋ ਖਬਰਦਾਰ ਤੇ
ਹੋਸ਼ਿਆਰ!
ਆਪਣੀ ਅਗਿਆਨਤਾ ਨੂੰ ਦੂਰ ਕਰਕੇ ਗਿਆਨ ਹਾਸਿਲ ਕਰੋ ਅਤੇ ਅੰਨ੍ਹੀ ਸ਼ਰਧਾ ਤੋਂ ਖਹਿੜਾ ਛੁਡਾ ਕੇ ਗੁਰੂ
ਗ੍ਰੰਥ ਸਹਿਬ ਵਿੱਚ ਦਿੱਤੀ ਹੋਈ ਜੀਵਨ ਜਾਚ ਅਪਣਾ ਕੇ ਭਵਿੱਖ ਉਜਲਾ ਕਰੋ। ਰੱਬ ਰਾਖਾ।
ਨਿਰਭੈ ਸਿੰਘ