.

ਆਉ, ਸਿਧਾਂਤ-ਪੂਜ ਬਣੀਏਂ, ਬੰਦਾ-ਪੂਜ ਨਹੀਂ!

ਜਿਹੜੀ ਵੀ ਕੌਮ, ਜਿਹੜੀ ਵੀ ਜਥੇਬੰਦੀ, ਜਿਹੜਾ ਵੀ ਇਨਸਾਨ ਸਿਧਾਂਤ ਪੂਜ (ਸਿਧਾਂਤਾਂ ਨਾਲ ਜੁੜਣ ਵਾਲਾ) ਹੁੰਦਾ ਹੈ, ਉਹ ਕਦੇ ਸੱਚ ਦੀ ਰਾਹ ਤੋਂ ਨਹੀਂ ਭਟਕਦਾ। ਪਰ ਅਫਸੋਸ ਕਿ 99% ਮਾਮਲਿਆਂ ਵਿੱਚ ਕੌਮਾ, ਸੰਸਥਾਵਾਂ, ਇਨਸਾਨ ‘ਸਿਧਾਂਤ-ਪੂਜ’ ਦੀ ਥਾਂ ‘ਬੰਦਾ-ਪੂਜ’ ਹੋ ਕੇ ਸੱਚ ਤੋਂ ਭਟਕ ਜਾਂਦੇ ਹਨ। ਹੋਰਾਂ ਵੱਲ ਨਾ ਜਾਂਦੇ ਹੋਏ, ਸਿੱਖ ਕੌਮ ਦੀ ਇਸ ਪਖੋਂ ਸਵੈ- ਪੜਚੋਲ ਕਰਦੇ ਹਾਂ ਤਾਂ ਕਿ ਨੁਕਤਾ ਵਧੇਰੇ ਸਪਸ਼ਟ ਹੋ ਸਕੇ।

ਨਾਨਕ ਪਾਤਸ਼ਾਹ (ਅਤੇ ਹੋਰ ਨਾਨਕ ਜਾਮਿਆਂ ਨੇ) ਸਾਨੂੰ ‘ਗੁਰੂ ਗ੍ਰੰਥ ਸਾਹਿਬ ਜੀ’ ਦੇ ਰੂਪ ਵਿੱਚ ‘ਸਿਧਾਂਤ’ ਬਖਸ਼ਿਆ। ਪਰ ਕੌਮ ਸਿਧਾਂਤ-ਪੂਜ (ਸਿਧਾਂਤਕ ਪੱਖੋਂ ਦ੍ਰਿੜ ਹੋਣਾ) ਦੀ ਥਾਂ ਬੰਦਾ-ਪੂਜ ਬਣ ਕੇ ਨਾਨਕ ਜਾਮਿਆਂ ਦੇ ਸ਼ਰੀਰ ਨਾਲ ਜੁੜ ਗਈ। ਤਾਂ ਹੀ ਉਹਨਾਂ ਨਾਲ ਜੋੜ ਕੇ ਪ੍ਰਚਲਿਤ ਕੀਤੀਆਂ ‘ਗੁਰਮਤਿ ਵਿਰੋਧੀ’ ਸਾਖੀਆਂ ਨੂੰ ਵੀ ਮਾਨਤਾ ਮਿਲਦੀ ਗਈ। ਕੌਮ ਇੱਕ ਸਾਹਿਬ ਦੇ ‘ਸਿਧਾਂਤ’ ਨਾਲ ਜੁੜਣ ਦੀ ਥਾਂ ਥੜਾ ਸਾਹਿਬ, ਦਾਤਣ ਸਾਹਿਨ, ਰੀਠਾ ਸਾਹਿਬ, ਪੀੜਾ ਸਾਹਿਬ ਆਦਿ ਅਨਗਿਨਤ ਸਾਹਿਬਾਂ ਨਾਲ ਜੁੜ ਗਈ। ‘ਗੁਰੂ ਗ੍ਰੰਥ ਸਾਹਿਬ ਜੀ’ ਤੋਂ ਵੀ ਸਿਧਾਂਤਕ ਸੇਧ ਲੈਣ ਦੀ ਥਾਂ ਉਸ ਨੂੰ ਮੂਰਤੀ (ਸ਼ਰੀਰ, ਬੰਦੇ) ਵਾਂਗੂ ਪੂਜਣ ਲੱਗ ਪਈ। ਨਤੀਜਾ ਕੌਮ ਦੀ ਹਾਲਾਤ ਆਪ ਜੀ ਜਿਹੇ ਸੂਝਵਾਣ ਅਤੇ ਜਾਗਰੂਕ ਸਿੱਖਾਂ ਤੋਂ ਛੁਪੀ ਨਹੀਂ ਹੈ। ਜੇ ਕੌਮ ‘ਸਿਧਾਂਤ-ਪੂਜ’ ਰਹਿੰਦੀ ਤਾਂ ਕਦੇ ਵੀ ਇਨ੍ਹੀਂ ਗਿਰਾਵਟ (ਰਸਾਤਲ) ਵਾਲੀ ਹਾਲਤ ਵਿੱਚ ਨਾ ਪਹੁੰਚਦੀ।

ਪੰਥਕ ਜਥੇਬੰਦੀਆਂ ਕਹਿਲਾਉਂਦੀਆਂ ਸੰਸਥਾਵਾਂ ਵੀ ਬੰਦਾ-ਪੂਜ ਹੋਣ ਦਾ ਇਤਿਹਾਸਕ ਉਦਾਹਰਣ ਹਨ। ਸਭ ਤੋਂ ਪਹਿਲਾ ਗੱਲ ਕਰਦੇ ਹਾਂ ‘ਨਿਰੰਕਾਰੀ ਲਹਿਰ’ ਦੀ। ਬਾਬਾ ਦਿਆਲ ਜੀ ਨੇ ਨਿਰੰਕਾਰੀ ਲਹਿਰ ਸ਼ੁਰੂ ਕਰਕੇ ਸਿਧਾਂਤਕ ਪੱਖੋਂ ਸੁਧਾਰ ਲਈ ਕੁੱਝ ਕੰਮ ਕੀਤਾ। ਪਰ ਥੋੜੇ ਸਮੇਂ ਬਾਅਦ ਹੀ ਇਹ ਲਹਿਰ ਸਿਧਾਂਤ-ਪੂਜ ਦੀ ਥਾਂ ਬੰਦਾ ਪੂਜ ਬਣ ਕੇ ਸੱਚ ਦੇ ਰਾਹ ਤੋਂ ਭਟਕ ਗਈ ਅਤੇ ਬਾਬਾ ਦਿਆਲ ਤੇ ਹੋਰ ਆਗੂਆਂ ਨੂੰ ਸਤਿਗੁਰੂ ਦਿਆਲ ਜੀ ਮਹਾਰਾਜ ਆਦਿ ਸਿਧਾਂਤ ਵਿਰੋਧੀ ਲਕਬਾਂ ਨਾਲ ਪੁਕਾਰਣ ਲਗ ਪਈ। ਦਮਦਮੀ ਟਕਮਾਲ, ਅਖੰਡ ਕੀਰਤਨੀ ਜੱਥਾ, ਨਾਨਕਸਰੀਏ ਆਦਿ ਸੰਪਰਦਾਈ ਸੰਸਥਾਵਾਂ ਵੀ ਬੰਦਾ ਪੂਜ ਹੋਣ ਦੇ ਜੀਵੰਤ ਉਦਾਹਰਨ ਹਨ। ਇਹਨਾਂ ਦੇ ਆਗੂਆਂ ਨੇ ਭਾਂਵੇ ਕਿੰਨ੍ਹਾ ਵੀ ਗੁਰਮਤਿ ਤੋਂ ਉਲਟ ਪ੍ਰਚਾਰ ਕਿਉਂ ਨਾ ਕੀਤਾ ਹੋਵੇ, ਇਹ ਉਹਨਾਂ ਦੀ ਪੂਜਾ ਕਰਨ ਦੀ ਹੱਦ ਤੱਕ ਜਾਂਦੀਆਂ ਹਨ। ਜੇ ‘ਸਿਧਾਂਤ ਪੂਜ’ ਹੁੰਦੇ ਤਾਂ ਉਹਨਾਂ ਦੀ ਗਲਤੀਆਂ ਨੂੰ ਪਛਾਣਦੇ। ਪਰ ਐਸਾ ਨਹੀਂ ਹੋਇਆ, ਤਾਂ ਹੀ ਗੁਰਮਤਿ ਦੀ ਥਾਂ ਬੰਦੇ ਨਾਲ ਜੁੜ ਗਏ। ਅੱਜ ਦੇ ਸਮੇਂ ਵਿੱਚ ਅਕਾਲੀ ਦਲ, ਸ਼੍ਰੋਮਣੀ ਕਮੇਟੀ ਦੀ ‘ਬੰਦਾ-ਪੂਜ’ ਵਾਲੀ ਸਥਿਤੀ ਨੂੰ ਵੀ ਹਰ ਜਾਗਰੂਕ ਸਿੱਖ ਚੰਗੀ ਤਰਾਂ ਸਮਝਦਾ ਹੈ। ਭਾਈ ਗੁਰਦਾਸ ਜੀ ਨੇ ਐਸੇ ਬੰਦਿਆਂ ਬਾਰੇ ਹੀ ਸ਼ਾਇਦ ਕਿਹਾ ਹੈ:

ਸਤਿਗੁਰ ਸਾਹਿਬ ਛਾਂਡਿ ਕੈ, ਮਨਮੁਖ ਹੋਇ ਬੰਦੇ ਦਾ ਬੰਦਾ॥

‘ਬੰਦਾ ਪੂਜ’ ਹੋਣ ਦਾ ਸਭ ਤੋਂ ਵੱਡਾ ਲੱਛਣ ਇਹ ਹੈ ਕਿ ਬੰਦਾ ਪੂਜ ਸੰਸਥਾਵਾਂ, ਵਿਅਕਤੀ ਅਪਣੇ ਆਗੂ (ਜਿਸੇ ਦੇ ਉਹ ਪੈਰੋਕਾਰ ਹੁੰਦੇ ਹਨ) ਦੀਆਂ ਗਲਤੀਆਂ, ਕਮਜ਼ੋਰੀਆਂ ਨੂੰ ਵੀ ਅਨਦੇਖਾ ਕਰਦੇ ਰਹਿੰਦੇ ਹਨ। ਜੇ ਹੋਰ ਕੋਈ ਉਹਨਾਂ ਦੇ ਆਗੂਆਂ ਦੀਆਂ ਗਲਤੀਆਂ ਜਾਂ ਕਮਜ਼ੋਰੀਆਂ ਨੂੰ ਪ੍ਰਕਟ ਕਰਦਾ ਹੈ ਤਾਂ ਉਸ ਵਿਰੁਧ ਡਾਂਗਾਂ ਅਤੇ ਕਲਮਾਂ ਚੁੱਕ ਲੈਂਦੇ ਹਨ।

ਗੁਰਮਤਿ ਸਿਧਾਂਤਾਂ ਉਪਰ ਦ੍ਰਿੜ ਮਨੁੱਖ ਇਹ ਗੁਰਵਾਕ ਹਮੇਸ਼ਾ ਧਿਆਨ ਵਿੱਚ ਰੱਖਦਾ ਹੈ:

ਭੂਲਣ ਅੰਦਰਿ ਸਭੁ ਕੋ, ਅਭੁਲੁ ਗੁਰੂ ਕਰਤਾਰ॥ (ਅੰਕ 61)

ਭਾਵ, ਇੱਕ ਅਕਾਲ ਪੁਰਖ ਤੋਂ ਸਿਵਾ ਹਰ ਕੋਈ ਭੁਲਣਹਾਰ, ਗਲਤੀਆਂ ਤੇ ਕਮਜ਼ੋਰੀਆਂ ਦਾ ਪੁਤਲਾ ਹੈ। ਐਸਾ ਮਨੁੱਖ ਅੰਨਾ ਹੋ ਕੇ ਕਿਸੇ ਬੰਦੇ ਦੇ ਮਗਰ ਨਹੀਂ ਲਗਦਾ ਬਲਕਿ ਉਸ ਵਲੋਂ ਕੀਤੇ ਸਿਧਾਂਤਕ ਕੰਮਾਂ ਦਾ ਸਮਰਥਨ (ਗੁਰਮੱਤਿ ਸਮਰਥਨ) ਕਰਦਾ ਹੈ। ਐਸਾ ਮਨੁੱਖ ਕਿਸੇ ਦਾ ਵੀ ‘ਅੰਨ੍ਹਾ-ਸ਼ਰਧਾਲੂ’, ‘ਅੰਨ੍ਹਾ-ਸਮਰਥਕ’ ਨਹੀਂ ਹੋ ਸਕਦਾ। ਜਿਹੜਾ ਵੀ ਮਨੁੱਖ ਅੰਨ੍ਹਾਂ-ਸਮਰਥਕ, ਅੰਨ੍ਹਾਂ ਸ਼ਰਧਾਲੂ ਬਣ ਗਿਆ, ਸਮਝੋ ਉਹ ‘ਬੰਦਾ ਪੂਜ’ ਹੋ ਗਿਆ। ‘ਬੰਦਾ ਪੂਜ’ ਮਨੁੱਖ ਕੱਝ ਵੀ ਹੋ ਸਕਦਾ ਹੈ, ਪਰ ਗੁਰਸਿੱਖ, ਗੁਰਮੁਖ ਨਹੀਂ ਹੋ ਸਕਦਾ। ‘ਦਾਦੂ ਦੀ ਕਬਰ’ ਵਾਲਾ ਕੌਤਕ ਵੀ ਇਹੀ ਸਿਖਿਆ ਦਿੰਦਾ ਹੈ।

ਗੁਰਮੁੱਖ ਦਾ ਇੱਕ ਹੋਰ ਵੱਡਾ ਗੁਣ ਹੈ ਕਿ ਉਹ ਅਪਣੀ ਅਲੋਚਣਾ ਜਾ ਨਿੰਦਾ ਨੂੰ ‘ਹਾਂ-ਪੱਖੀ’ ਲੈਂਦਾ ਹੈ, ਨਾ ਕਿ ਉਸ ਤੋਂ ਬੌਖਲਾ ਜਾਂਦਾ ਹੈ। ਉਹ ਇਸ ਗੁਰਵ ਨੂੰ ਹਮੇਸ਼ਾ ਚੇਤੇ ਰਖਦਾ ਹੈ:

ਨਿੰਦਉ ਨਿੰਦਉ ੋਕਉ ਲੋਗੁ ਨਿੰਦਉ,

ਨਿੰਦਾ ਜਨ ਕਉ ਖਰੀ ਪਿਆਰੀ, ਨਿੰਦਾ ਬਾਪੁ ਨਿੰਦਾ ਮਹਤਾਰੀ॥ (ਅੰਕ 339)

ਭੁੱਲ ਕਰਨਾ ਜਾਂ ਭੁੱਲ ਹੋ ਜਾਣਾ ਇਨ੍ਹਾਂ ਗਲਤ ਨਹੀਂ ਹੈ, ਪਰ ਉਸ ਭੁੱਲ ਨੂੰ ਨਾ ਮੰਨਣਾ ਜਾਂ ਉਸ ਭੁੱਲ ਬਾਰੇ ਧਿਆਨ ਦਿਵਾਉਣ ਵਾਲੇ ਨੂੰ ‘ਦੁਸ਼ਮਣ’ ਥਾਪ ਲੈਣਾ ਗਲਤ ਹੈ, ਅਫਸੋਸ ਇਹੀ ਸੋਚ ਕਈ ਵਿਦਵਾਨਾਂ `ਤੇ ਵੀ ਭਾਰੂ ਹੈ। ਅਪਣੀ ਆਲੋਚਣਾ ਸਹਿਣ ਨਾ ਕਰ ਸਕਣ ਵਾਲਾ ਮਨੁੱਖ ‘ਸਿਧਾਂਤਕ’ ਨਹੀਂ ਹੁੰਦਾ, ਗੁਰਮੁਖ ਨਹੀਂ ਹੁੰਦਾ। ਗੁਰਮੁਖ ਦਾ ਤਾਂ ਲੱਛਣ ਹੀ ਇਹ ਹੈ ਕਿ ਉਹ ਅਪਣੀ ਆਲੋਚਣਾ, ਨਿੰਦਾ ਬਹੁਤ ਠਰੰਮੇ ਨਾਲ, ਸਹਿਜ ਨਾਲ ਸੁਣਦਾ ਹੈ। ਜੇ ਅਪਣੀ ਗਲਤੀ ਹੋਵੇ ਤਾਂ ਧੰਨਵਾਨ ਸਹਿਤ ਸੁਧਾਰ ਕਰ ਲੈਂਦਾ ਹੈ। ਜੇ ਗਲਤੀ ਨਾ ਹੋਵੇ ਤਾਂ ‘ਦਲੀਲ’ ਨਾਲ ਸਪਸ਼ਟੀਕਰਨ ਦਿੰਦਾ ਹੈ। ਪਰ ‘ਅੱਗ ਬਬੂਲਾ’ ਕਦੀ ਨਹੀਂ ਹੁੰਦਾ ਜਾਂ ਆਲੋਚਕ ਨਾਲ ‘ਦੁਸ਼ਮਣੀ’ ਨਹੀ ਪਾਲ ਲੈਂਦਾ। ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਉਹਨਾਂ ਕਮੀਆਂ ਨੂੰ ਦੂਰ ਕੀਤਾ ਜਾਵੇ ਜੋ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਰੁਕਾਵਟ ਪੈਦਾ ਕਰਦੀਆਂ ਹਨ ਤਾਂ ਕਿ ਹੋਰ ਦ੍ਰਿੜਤਾ ਨਾਲ ‘ਤੱਤ ਗੁਰਮਤਿ’ ਦੀ ਰਾਹ ਤੇ ਤੁਰਿਆ ਜਾ ਸਕੇ। ਪਰ ਅਪਣੀ ਗਲਤੀਆਂ, ਕਮੀਆਂ ਦੀ) ਆਲੋਚਣਾ ਕਰਨ ਵਾਲੇ ਨੂੰ ਦੁਸ਼ਮਣ ਜਾਂ ਵਿਰੋਧੀ ਥਾਪ ਲੈਣ ਨਾਲ ਉਸ ਵਿੱਚ ਕਮੀਆਂ ਦੂਰ ਨਹੀਂ ਹੋ ਸਕਦੀਆਂ। ਕਿਸੇ ਵੀ ਬੰਦੇ ਦੇ ਅੰਨ੍ਹੇ ਭਗਤ ਇਹਨਾਂ ਕਮੀਆਂ, ਕਮਜ਼ੋਰੀਆਂ ਨੂੰ ਵੇਖ ਨਹੀਂ ਸਕਦੇ। ਅੰਨ੍ਹਾਪਨ ਹਰ ਥਾਂ ਗਲਤ ਹੁੰਦਾ ਹੈ।

ਹਰ ਮਿਆਰੀ ਸੰਸਥਾ ਜਾਂ ਰਸਾਲੇ ਦਾ ਇੱਕ ਵੱਡਾ ਗੁਣ ਹੁੰਦਾ ਹੈ ਕਿ ਉਹ ਅਪਣੀ ਤਾਰੀਫ ਦੀ ਥਾਂ ਆਲੋਚਣਾ ਨੂੰ ਤਰਜ਼ੀਹ ਦਿੰਦੇ ਹਨ। ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉਵਰਗੇ ਗੁਰਮਤਿ ਸਿਧਾਂਤਾਂ ਦੇ ਪ੍ਰਚਾਰ ਦਾ ਦਾਅਵਾ ਕਰਨ ਵਾਲੇ ਪਰਚਿਆਂ ਅਤੇ ਰਸਾਲਿਆਂ ਲਈ ਤਾਂ ਇਹ ਨੀਤੀ ਹੋਰ ਵੀ ਜ਼ਰੂਰੀ ਬਣ ਜਾਂਦੀ ਹੈ। ਪਰ ਗੁਰਬਾਣੀ ਤਾਂ ਸਮਝਾਉਂਦੀ ਹੈ ਕਿ:

ਆਪਸ ਕਉ ਜੋ ਭਲਾ ਕਹਾਵੈ, ਤਿਸਹਿ ਭਲਾਈ ਨਿਕਟ ਨਾ ਆਵੈ॥ (ਅੰਕ 278)

ਹੋ ਸਕਦਾ ਹੈ ਕਿ ਆਪ ਜੀ ਦੇ ਮਨ ਵਿੱਚ ਇਹ ਗੱਲ ਆ ਜਾਵੇ ਕਿ ਅਸੀਂ ਇਸ ਕਰਕੇ ‘ਬੰਦਾ ਪੂਜ’ ਦੀ ਆਲੋਚਣਾ ਦੀ ਗੱਲ ਕਰਦੇ ਹਾਂ ਕਿ ਕਈਆਂ ਨਾਲ ਬਹੁਤ ਲੋਗ ਜੁੜੇ ਹੁੰਦੇ ਹਨ। ਪਰ ਇਹ ਕੋਈ ਬਹੁਤ ਵੱਡੀ ਉਪਲੱਬਧੀ ਨਹੀਂ ਹੈ। ਗੱਲ ਗਿਣਤੀ ਨਹੀਂ, ਸਿਧਾਂਤ ਦੀ ਹੈ। ਜੇ ਸਿਰਫ ਗਿਣਤੀ ਦੀ ਗੱਲ ਹੋਵੇ ਤਾਂ ਨਿਰੰਕਾਰੀ, ਨਾਮਧਾਰੀ, ਰਾਧਾਸੁਆਸੀ ਆਦਿ ਡੇਰਦਾਰਾਂ ਪਿਛੇ ‘ਬੰਦਾ-ਪੂਜ’ ਲੋਕਾਂ ਦੀਆਂ ਡਾਰਾਂ ਝੱਲੀਆਂ ਹੋਈਆਂ ਫਿਰਦੀਆਂ ਹਨ।

ਦਾਸ ਫੇਰ ਸਪਸ਼ਟ ਕਰ ਦੇਵੇ ਕਿ ਉਹਨਾਂ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਪੰਥਕ ਕੰਮਾਂ ਵਿੱਚ ਦਾਸ ਪੂਰੀ ਤਰਾਂ ਉਹਨਾਂ ਦਾ ਸਮਰਥਨ ਕਰਦਾ ਹੈ ਜੋ ਗੁਰਮਤਿ ਸਿਧਾਂਤ ਦੇ ਆਧਾਰ ਤੇ ਕੀਤੇ ਜਾਂਦੇ ਹਨ, ਪਰ ਉਹਨਾਂ ਦੀਆਂ ਗਲਤੀਆਂ ਦੀ ਆਲੋਚਣਾ ਕਰਨਾ ਵੀ ਦਾਸ ਅਪਣਾ ਫਰਜ਼ ਸਮਝਦਾ ਹੈ। ਦਾਸ ਦਾ ਹਰ ਇੱਕ ਪੰਥਦਰਦੀ ਸੰਸਥਾ ਤੇ ਵਿਅਕਤੀ ਨੂੰ ਉੱਥੇ ਪੂਰਾ ਸਮਰਥਨ ਹੈ, ਜਿੱਥੇ ਤੱਕ ਉਹ ਗੁਰਮਤਿ ਨਾਲ ਖੜਿਆ ਹੈ, ਪਰ ਗੁਰਮਤਿ ਵਿਰੁਧ ਗੱਲਾਂ ਦੀ ਆਲੋਚਣਾ ਨਾ ਕਰਨਾ ਦਾਸ ‘ਨਾਨਕ ਨਾਲ ਕੋਤਾਹੀ’ ਸਮਝਦਾ ਹੈ।

ਅਸਲ ਗੱਲ ਇਹ ਹੈ ਕਿ ਜੋ ਵੀ ਲਹਿਰ, ਸੰਸਥਾ ‘ਸਿਧਾਂਤ-ਪੂਜ’ ਦੀ ਥਾਂ ‘ਬੰਦਾ-ਪੂਜ’ ਬਣ ਜਾਂਦੀ ਹੈ, ਉਹ ਸੱਚ ਦੇ ਰਾਹ ਤੋਂ ਭਟਕ ਜਾਂਦੀ ਹੈ, ਉਸਦਾ ਸਿਧਾਂਤਕ ਵਿਕਾਸ ਰੁੱਕ ਜਾਂਦਾ ਹੈ। ਸਿੱਖ ਕੌਮ ਇਸ ਦਾ ਜੀਵੰਤ ਉਦਾਹਰਣ ਹੈ। ਇਸ ਕਰਕੇ ਸਮੇਂ ਨਾਲ ਹਰ ਲਹਿਰ ਜਾਂ ਸੰਸਥਾ ਵਿੱਚ ਆ ਰਹੀਆਂ ਕਮਜ਼ੋਰਿਆਂ ਦੀ ਸਵੈ-ਪੜਚੋਲ ਬਹੁਤ ਜ਼ਰੂਰੀ ਹੈ। ਇਸ ਲਈ ਜ਼ਰੂਰੀ ਹੈ ਕਿ ਆਲੋਚਣਾ ਦਾ ਖਿੜੇ-ਮੱਥੇ ਸਵਾਗਤ ਕੀਤਾ ਜਾਵੇ। ਪਰ ਅਫਸੋਸ ਜ਼ਿਆਦਾਤਰ ਲਹਿਰਾਂ, ਸੰਸਥਾਵਾਂ ਵਿੱਚ ਇਸ ਪਹੁੰਚ ਦੀ ਵੱਡੀ ਘਾਟ ਹੁੰਦੀ ਹੈ। ਤਾਂ ਹੀ ਉਹ ਸਿਧਾਂਤ ਤੋਂ ਥਿੜਕ ਕੇ ‘ਬੰਦਾ-ਪੂਜ’ ਬਣ ਜਾਂਦੀਆਂ ਹਨ।

ਆਸ ਹੈ, ਜੇ ਆਪ ਜੀ ਨੂੰ ਦਾਸ ਦੇ ਵਿਚਾਰ ਦਲੀਲ ਅਨੁਸਾਰੀ ਲਗੇ ਹੋਣ ਤਾਂ ਆਪ ਅਪਣੀ ਸੋਚ ਵਿੱਚ ਲੋੜੀਂਦਾ ਬਦਲਾਅ ਕਰ ਲਵੋਗੇ। ਜੇ ਦਾਸ ਦੇ ਵਿਚਾਰ ਰਾਹੀ ਕਿਸੇ ਦੇ ਮਨ ਨੂੰ ਤਕਲੀਫ ਜਾਂ ਠੇਸ ਪਹੁੰਚੀ ਹੋਵੇ ਤਾਂ ਦਾਸ ਬਿਨਾ ਸ਼ਰਤ ਮਾਫੀ ਮੰਗਦਾ ਹੈ, ਕਿਉਂਕਿ ਦਾਸ ਦਾ ਮੰਤਵ ਸਿਰਫ ਸੁਧਾਰ ਮਾਤਰ ਹੈ ਕਿਸੇ ਦੇ ਮਨ ਨੂੰ ਠੇਸ ਪਹੁੰਚਾਣਾ ਦਾਸ ਲਈ ਸਭ ਤੋਂ ਵੱਡਾ ਕੁਕਰਮ ਹੈ।

ਰਵਿੰਦਰ ਸਿੰਘ ‘ਪਿੰਜੋਰ’




.