.

ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੁਣ ਮਹਾਂਕਾਲ ਅਤੇ ਉਸ ਦਾ ਅਵਤਾਰ ਸਰਬਲੋਹ ਦੇਵਤਾ ਵੀ ਸਿੱਖਾਂ ਦੇ ਗੁਰੂ ਮੰਨੇ ਜਾਣਗੇ?

ਦੇਵ ਪੂਜਾ ਤੇ ਅਸ਼ਲੀਲ ਰਚਨਾਵਾਂ ਨਾਲ ਭਰਪੂਰ ਕਥਿਤ ਦਸਮ ਗ੍ਰੰਥ ਦਾ ਇਸ਼ਟ ਬਿਨਾ ਸ਼ੱਕ ਸ਼ਿਵ ਜੀ ਦਾ ਇੱਕ ਭਿਆਨਕ ਰੂਪ ਦੇਵਤਾ ‘ਮਹਾਂਕਾਲ` ਹੈ। ਇਹੀ ਕਾਰਨ ਹੈ ਕਿ ਇਸ ਗ੍ਰੰਥ ਦੇ ਲੇਖਾਰੀ ‘ਮਹਾਂਕਾਲ ਰਖਵਾਰ ਹਮਾਰੋ` ਅਤੇ ‘ਆਦਿ ਅੰਤ ਏਕੈ ਅਵਤਾਰਾ। ਸੋਈ ਗੁਰੂ ਸਮਝੀਅਹੁ ਹਮਾਰਾ` ਕਹਿ ਕੇ ਉਸ ਨੂੰ ਆਪਣਾ ਗੁਰੂ ਤੇ ਹਰ ਥਾਂ ਦਾ ਰਖਵਾਲਾ ਐਲਾਨਦੇ ਹਨ। ਅਕਾਲ ਪੁਰਖ ਨਿਰੰਕਾਰ ਦੀ ਉਪਾਸ਼ਕ ਸਿੱਖ ਕੌਮ ਦੀ ਇਹ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਉਹ ਆਪਣੇ ਬਜ਼ੁਰਗਾਂ ਵਲੋਂ ਪੰਥਕ ਏਕੇ ਦੀ ਮਜ਼ਬੂਰੀ ਵੱਸ ਲਏ ਗ਼ਲਤ ਫੈਸਲੇ ਨੂੰ ਪੰਥਕ ਵਿਧਾਨ ਅਧੀਨ ਤੇ ਭੁਲੇਖੇ ਕਾਰਨ ਉਪਰੋਕਤ ਕਿਸਮ ਦੀ ਪੰਕਤੀਆਂ ਨੂੰ ਗੁਰੂ-ਕ੍ਰਿਤ ਮੰਨ ਕੇ ਨਿਤਨੇਮ ਨਾਲ ਪਾਠ ਰੂਪ ਵਿੱਚ ਦੁਹਰਾਈ ਜਾ ਰਹੀ ਹੈ।

ਮਹਾਂਕਾਲ ਦੇ ਅਵਤਾਰ ‘ਸਰਬਲੋਹ` ਦੇਵਤੇ ਦੀ ਉਸਤਤ ਕਰਨ ਵਾਲੇ ‘ਸਰਬਲੋਹ ਗ੍ਰੰਥ` ਨੂੰ ਵੀ ਹੁਣ ਕਥਿਤ ਦਸਮ ਗ੍ਰੰਥ ਵਾਂਗ ਅਕਾਲੀ ਨਿਹੰਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਦਸਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸਿੱਖਾਂ ਦਾ ਗੁਰੂ ਸਥਾਪਤ ਕਰਨ ਲਈ ‘sarbloh.info’ ਨਾਮਕ ਵਿਬਸਾਈਟ ਰਾਹੀਂ ਇੱਕ ਬਹੁਤ ਹੀ ਖ਼ਤਰਨਾਕ ਚਾਲ ਚੱਲੀ ਗਈ ਹੈ। ਤਿੰਨਾਂ ਗ੍ਰੰਥਾਂ ਦੇ ਨਾਮ ਬਦਲ ਕੇ ਇੱਕੋ ਪੱਧਰ ਦੇ ਗੁਰੂ ਬਣਾ ਦਿੱਤਾ ਗਿਆ ਹੈ। ਜਿਵੇਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਥਾਂ ‘ਆਦਿ ਗੁਰੂ ਦਰਬਾਰ` ਦਸਮ ਗ੍ਰੰਥ ਦੀ ਥਾਂ ‘ਦਸਮ ਗੁਰੂ ਦਰਬਾਰ` ਅਤੇ ਸਰਬਲੋਹ ਗ੍ਰੰਥ ਦੀ ਥਾਂ ‘ਸਰਬਲੋਹ ਗੁਰੂ ਦਰਬਾਰ`। ਪਹਿਲਾਂ ਤਾਂ ਰੋ ਰਹੇ ਸਾਂ ਕਿ ਭਾਈ ਮਨੀ ਸਿੰਘ ਜੀ ਦੇ ਨਾਮ ਦੀ ਦੁਰਵਰਤੋਂ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਸਮ ਗ੍ਰੰਥ ਦੀ ਬੀੜ ਸਮਿਲਤ ਕਰ ਦਿੱਤੀ ਗਈ ਹੈ, ਜੋ ਸ੍ਰੀ ਗੁਰੂ ਗਰੰਥ ਸਾਹਿਬ ਜੀ ਹੋਂਦ ਮਿਟਾਉਣ ਵਾਲਾ ਕੋਝਾ ਤੇ ਮਾਰੂ ਹਮਲਾ ਹੈ। ਪਰ ਇਸ ਵਿਬਸਾਈਟ ਰਾਹੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਹੀ ਮਿਟਾ ਦਿੱਤਾ ਗਿਆ ਹੈ। ਹੁਣ ਇਸ ਨੂੰ ਕਿਹੜਾ ਹਮਲਾ ਕਿਹਾ ਜਾਏ। ਪ੍ਰਚਾਰਿਆ ਜਾ ਰਿਹਾ ਹੈ ਕਿ ਅੰਗਰੇਜ਼ਾਂ ਦੇ ਰਾਜ ਤੋਂ ਪਹਿਲਾਂ ਸਨਾਤਨ ਸਿੱਖਇਜ਼ਮ ਦੇ ਇਹ ਤਿੰਨੇ ਹੀ ਧਰਮ ਗ੍ਰੰਥ ਮੰਨੇ ਜਾਂਦੇ ਸਨ। ਜੇ ਦਸਮ ਗ੍ਰੰਥ ਤੇ ਸਰਬਲੋਹ ਸਿੱਖਾਂ ਦੇ ਗੁਰੂ ਸਰੂਪ ਧਰਮ ਗ੍ਰੰਥ ਸਨ ਤਾਂ ਸਪਸ਼ਟ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਮਹਾਂਕਾਲ ਅਤੇ ਉਸ ਦਾ ਅਵਤਾਰ ਸਰਬਲੋਹ ਦੇਵਤਾ ਵੀ ਸਿੱਖਾਂ ਦੇ ਗੁਰੂ ਮੰਨੇ ਜਾਣਗੇ।

ਸਰਬਲੋਹ ਵਿਬਸਾਈਟ ਉਪਰ ਸਨਾਤਨ ਸਿੱਖੀ ਦੀ ਜੋ ਤਸਵੀਰ ਚਿਤਰੀ ਹੈ ਉਸ ਵਿੱਚ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸ਼ਿਵਜੀ ਪਾਰਬਤੀ ਤੇ ਸਰਬਲੋਹ ਆਦਿਕ ਦੇਵਤਿਆਂ ਦੇ ਚਰਨਾਂ ਵਿੱਚ ਗਨੇਸ਼ ਅਤੇ ਦੇਵੀ ਦਾ ਅਸ਼ੀਰਵਾਦ ਲੈਂਦੇ ਦਿਖਾਲਿਆ ਗਿਆ ਹੈ। ਇਸ ਤਸਵੀਰ ਦਾ ਇੱਕੋ ਇੱਕ ਮਕਸਦ ਹੈ ਕਿ ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੇ ਸਰੂਪ ਬਾਕੀ ਗੁਰੂ ਸਾਹਿਬਾਨ ਦਸਮ ਗ੍ਰੰਥ ਅਤੇ ਸਰਬਲੋਹ ਗ੍ਰੰਥਾਂ ਵਿਚਲੇ ਦੇਵੀ ਦੇਵਤਿਆਂ ਦੇ ਪੂਜਾਰੀ ਸਨ ਅਤੇ ਸਿੱਖ ਵੀ ਇਨ੍ਹਾਂ ਨੂੰ ਮੰਨਦੇ ਆ ਰਹੇ ਹਨ।

ਭਾਈ ਕਾਹਨ ਸਿੰਘ ਜੀ ਮਹਾਨਕੋਸ਼ ਵਿੱਚ ਲਿਖਦੇ ਹਨ ਕਿ “ਪੰਡਿਤ ਤਾਰਾ ਸਿੰਘ ਜੀ ਦੀ ਖੋਜ ਅਨੁਸਾਰ ਸਰਬਲੋਹ ਗ੍ਰੰਥ ਭਾਈ ਸੁਖਾ ਸਿੰਘ ਦੀ ਰਚਨਾ ਹੈ, ਜੋ ਪਟਨੇ ਸਾਹਿਬ ਦਾ ਗ੍ਰੰਥੀ ਸੀ। ਉਸ ਨੇ ਪ੍ਰਗਟ ਕੀਤਾ ਕਿ ਮੈਨੂੰ ਇਹ ਗ੍ਰੰਥ ਜਗੰਨਾਥ ਦੀ ਝਾੜੀ ਵਿੱਚ ਰਹਿਣ ਵਾਲੇ ਇੱਕ ਅਵਧੂਤ ਉਦਾਸੀ ਤੋਂ ਮਿਲਿਆ ਹੈ, ਜੋ ਕਲਗੀਧਰ ਦੀ ਰਚਨਾ ਹੈ.

ਅਸੀਂ ਭੀ ਸਰਬਲੋਹ ਨੂੰ ਦਸ਼ਮੇਸ਼ ਦੀ ਰਚਨਾ ਮੰਨਣ ਲਈ ਤਿਆਰ ਨਹੀਂ, ਕਿਉਂਕਿ ਇਸ ਵਿੱਚ ਰੂਪਦੀਪ ਭਾSw ਪਿੰਗਲ ਦਾ ਜਿਕਰ ਆਇਆ ਹੈ। ਰੂਪਦੀਪ ਦੀ ਰਚਨਾ ਸੰਮਤ ੧੭੭੬ ਵਿੱਚ ਹੋਈ ਹੈ ਅਤੇ ਕਲਗੀਧਰ ਸੰਮਤ ੧੭੬੫ ਵਿੱਚ ਜੋਤੀ-ਜੋਤਿ ਸਮਾਏ ਹਨ। ਜੇ ਇਹ ਗ੍ਰੰਥ ਅੰਮ੍ਰਿਤ ਸੰਸਕਾਰ ਤੋਂ ਪਹਿਲਾਂ ਦਾ ਹੈ, ਤਦ ਖਾਲਸੇ ਦਾ ਪ੍ਰਸੰਗ ਅਤੇ ਗ੍ਰੰਥ ਪੰਥ ਨੂੰ ਗੁਰੁਤਾ ਦਾ ਜ਼ਿਕਰ ਕਿਸ ਤਰਾਂ ਆ ਸਕਦਾ ਹੈ? ਜੇ ਅੰਮ੍ਰਿਤ ਸੰਸਕਾਰ ਤੋਂ ਪਿਛੋਂ ਦੀ ਰਚਨਾ ਹੈ, ਤਦ ਦਾਸ ਗੋਬਿੰਦ, ਸ਼ਾਹ ਗੋਬਿੰਦ ਆਦਿਕ ਨਾਮ ਕਿਵੇਂ?

ਗੁਰੂ ਪੰਥ ਦਾ ਦਾਸ:

ਜਗਤਾਰ ਸਿੰਘ ਜਾਚਕ. ਨਿਊਯਾਰਕ, ਮੁਬਾਈਲ ੫੧੬ ੭੬੧ ੧੮੫੩

ਮਿਤੀ 21 ਜੂਨ 2009




.