.

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਮਨੁੱਖ ਤੋਂ ਦੇਵਤੇ

ਪ੍ਰਿੰਸੀਪਲ ਸਤਬੀਰ ਸਿੰਘ ਜੀ ਹੁਰਾਂ ਇੱਕ ਜਗ੍ਹਾ ਲਿਖਿਆ ਹੈ ਕਿ ਕਰਤਾਰ ਪੁਰ ਵਿੱਖੇ ਇੱਕ ਸਾਧੂ ਪੰਡਤਾਂ ਦੀ ਢਾਣੀ ਆਈ। ਦੁਪਹਿਰ ਦਾ ਪ੍ਰਸ਼ਾਦਾ ਛੱਕ ਕੇ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ, “ਭਈ ਚੱਲੋ ਏੱਥੋਂ ਚੱਲੀਏ ਇਸ ਬਾਬੇ ਨੇ ਤੇ ਏੱਥੇ ਪੁਸ਼ੂ ਪਾਲ਼ੇ ਹੋਏ ਹਨ”। ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਆਪਣਾ ਫੈਸਲਾ ਸੁਣਾ ਦਿੱਤਾ। ਗੁਰੂ ਸਾਹਿਬ ਜੀ ਨੇ ਉਹਨਾਂ ਦਾ ਕੌੜਾ ਬਚਨ ਸੁਣਿਆ ਤੇ ਕਿਹਾ, “ਕਿ ਭਈ ਜੇ ਤੁਸਾਂ ਜਾਣਾ ਹੀ ਤਾਂ ਦੋ ਕੁ ਦਿਨ ਹੋਰ ਅਟਕ ਜਾਉ, ਦੂਰੋਂ ਆਏ ਜੇ ਤੁਹਾਡਾ ਥੱਕੇਵਾਂ ਆਦਿ ਉਤੱਰ ਜਾਏਗਾ ਫਿਰ ਅਗਾਂਹ ਚੱਲੇ ਜਾਣਾ”। ਗੁਰੂ ਜੀ ਦੀ ਗੱਲ ਮੰਨ ਕੇ ਉਹ ਦੋ ਦਿਨ ਹੋਰ ਰੁੱਕ ਗਏ। ਦੋ ਦਿਨਾਂ ਪਿੱਛੋਂ ਜਾਣ ਲੱਗੇ ਤਾਂ ਉਹਨਾਂ ਪੰਡਤਾਂ ਨੇ ਕਿਹਾ ਕਿ, “ਬਾਬਾ! ਅਸੀਂ ਆਪਣੀ ਗੱਲ ਵਿੱਚ ਥੋੜਾ ਸੁਧਾਰ ਕਰਨਾ ਚਾਹੁੰਦੇ ਹਾਂ, ਤੁਸੀਂ ਪੁਸ਼ੂ ਨਹੀਂ ਮਨੁੱਖ ਪਾਲ਼ੇ ਹੋਏ ਹਨ, ਪਰ ਅਸੀਂ ਰਹਿਣਾ ਨਹੀਂ ਹੁਣੇ ਹੀ ਚੱਲੇ ਹਾਂ”। ਗੁਰੂ ਸਾਹਿਬ ਜੀ ਨੇ ਕਿਹਾ, ਕਿ “ਭਲੇ ਪੁਰਸ਼ੋ ਤੁਆਨੂੰ ਧੱਕੇ ਨਾਲ `ਤੇ ਨਹੀਂ ਰੱਖਿਆ ਜਾ ਸਕਦਾ ਪਰ ਦੋ ਕੁ ਦਿਨ ਹੋਰ ਅਟਕ ਜਾਂਦੇ ਤੇ ਚੰਗਾ ਸੀ ਬਾਕੀ ਤੁਹਡੀ ਮਰਜ਼ੀ ਐ”। ਖ਼ੈਰ ਦੋ ਕੁ ਦਿਨਾਂ ਉਪਰੰਤ ਫਿਰ ਉਹੀ ਕੱਟਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਕਿ “ਬਾਬਾ! ਅਸੀਂ ਚੱਲੇ ਆਂ ਪਰ ਪਹਿਲੀਆਂ ਗੱਲ ਵਿੱਚ ਅਸੀਂ ਕੁੱਝ ਹੋਰ ਸੁਧਾਰ ਕਰਦੇ ਹਾਂ, ਅਸੀਂ ਹੁਣ ਇਹ ਸਮਝਿਆ ਹੈ ਕਿ ਤੁਸੀਂ ਦੇਵਤਿਆਂ ਦੀ ਪਾਲਣਾ ਕਰ ਰਹੇ ਹੋ, ਪਰ ਅਸੀਂ ਚੱਲੇ ਜਾਣਾ ਹੈ ਰਹਿਣਾ ਕੋਈ ਨਹੀਂ”। ਗੁਰੂ ਸਾਹਿਬ ਜੀ ਨੇ ਸਹਿਜ ਅਵਸਥਾ ਵਿੱਚ ਕਹਿਆ, ਕਿ “ਸਾਧੂ ਪੁਰਸ਼ੋ! ਤੁਆਨੂੰ ਕੰਮ ਤੇ ਹੈ ਕੋਈ ਨਹੀਂ, ਉਂਝ ਵੀ ਤਾਂ ਤੁਸੀ ਰਾਹਾਂ ਦੀ ਖ਼ਾਕ ਹੀ ਛਾਨਣੀ ਹੈ ਜੇ ਚੰਗਾ ਸਮਝੋ ਤਾਂ ਹੋਰ ਦੋ ਦਿਨ ਅਟਕ ਜਾਓ ਅਰਾਮ ਹੋ ਜਾਏਗਾ”। ਦੋ ਚਾਰ ਦਿਨ ਲੰਘੇ, ਅੰਤਮ ਵਿਦਾਇਗੀ ਲੈਣ ਲੱਗੇ ਤਾਂ ਸਾਰੇ ਇੱਕ ਜ਼ਬਾਨ ਹੋ ਕੇ ਕਹਿਣ ਲੱਗੇ ਕਿ “ਬਾਬਾ ਜੀ ਸਾਨੂੰ ਮੁਆਫ਼ ਕਰ ਦਿਓ ਅਸੀਂ ਸਾਰੀਆਂ ਆਪਣੀਆਂ ਗੱਲਾਂ ਵਾਪਸ ਲੈਂਦੇ ਹਾਂ ਸੱਚ ਇਹ ਹੈ ਕਿ ਤੁਸੀ ਤਾਂ ਏੱਥੇ ਕਈ ਪਰਮਾਤਮਾ ਪਾਲ਼ੇ ਹੋਏ ਹਨ”।

ਦਰ-ਅਸਲ ਗੱਲ ਏਹੋ ਹੀ ਸੀ, ਜੋ ਉਹਨਾਂ ਕਈ ਦਿਨਾਂ ਉਪਰੰਤ ਅਨੁਭਵ ਕੀਤੀ। ਕਰਤਾਰ ਪੁਰ ਕਰਤਾਰੀ ਹੀ ਤਿਆਰ ਕੀਤੇ ਜਾ ਰਹੇ ਸਨ। ਜੇ ਉਪਰੀ ਨਜ਼ਰ ਨਾਲ ਦੇਖਿਆ ਜਾਏ ਤਾਂ ਕਿਰਤ ਕਰਦੇ, ਲੱਕੜਾਂ ਪਾੜਦੇ, ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋਏ, ਜਿਸ ਨੂੰ ਕਿਰਸਾਨ ਆਮ ਹੀ ਕਹਿ ਦੇਂਦਾ ਹੈ ਕਿ ਮੈਂ ਪੁਸ਼ੂ ਜੂਨ ਭੋਗ ਰਿਹਾ ਹਾਂ। ਲੰਗਰਾਂ ਦੇ ਭਾਂਡੇ ਮਾਂਜਦੇ ਦੇਖੇ ਤਾਂ ਉਹਨਾਂ ਵਿਹਲੜ ਵੈਸ਼ਨੋ ਸਾਧਾਂ ਦੀ ਟੋਲੀ ਨੂੰ ਪਸ਼ੂਆਂ ਵਰਗੇ ਮਨੁੱਖ ਲੱਗੇ। ਜਦ ਉਹਨਾਂ ਦੂਸਰੀ ਵਾਰੀ ਨੀਝ ਲਾ ਕੇ ਦੇਖਿਆ ਤਾਂ ਕਰਤਾਰ ਪੁਰ ਦੇ ਵਾਸੀ ਆਪਸੀ ਭਾਈਚਾਰੇ ਦੀਆਂ ਤੰਤਾਂ ਵਿੱਚ ਜੁੜੇ ਹੋਏ ਦਿਸੇ ਤੇ ਅਜੇਹੇ ਪਰਸਪਰ ਪਿਆਰ ਨੂੰ ਦੇਖ ਕੇ ਉਹਨਾਂ ਨੂੰ ਇਹ ਕਹਿਣ ਲਈ ਮਜ਼ਬੂਰ ਹੋਣ ਪਿਆ, “ਕਿ ਬਾਬਾ ਜੀ ਤੁਸੀਂ ਮਨੁੱਖਤਾ ਦੀ ਕਦਰਾਂ ਕੀਮਤਾਂ ਵਾਲੀ ਪਨੀਰੀ ਤਿਆਰ ਕਰ ਰਹੇ ਹੋ”। ਤੀਸਰੀ ਵਾਰੀ ਜਦੋਂ ਉਹਨਾਂ ਨੇ ਧਰਮਸਾਲ ਵਿੱਚ ਸ਼ਬਦ ਦੀਆਂ ਵਿਚਾਰਾਂ ਨਾਲ ਸਾਂਝ ਪਾਉਂਦਿਆ ਹੋਇਆ ਦੇਖਿਆ ਤਾਂ ਉਹਨਾਂ ਨੂੰ ਇਹ ਸਮਝ ਆ ਗਈ ਕਿ ਏੱਥੇ ਤਾਂ ਦੈਵੀ ਗੁਣਾਂ ਦੀ ਨਿਤਾ ਪ੍ਰਤੀ ਪੜ੍ਹਾਈ ਦਾ ਪਾਠ ਪੜ੍ਹਾਇਆ ਜਾ ਰਿਹਾ ਹੈ। ਅਸਮਾਨ ਵਾਲੇ ਦੇਵਤੇ ਪਤਾ ਨਹੀਂ ਕਿਸੇ ਨੇ ਦੇਖੇ ਹੈਣ ਜਾਂ ਨਹੀਂ ਪਰ ਕਰਤਾਰਪੁਰ ਦੀ ਧਰਤੀ `ਤੇ ਧਰਮਸਾਲ ਵਿੱਚ ਬੈਠਿਆਂ ਦੇਵਤਿਆਂ ਦੇ ਜ਼ਰੂਰ ਦੀਦਾਰ ਹੁੰਦੇ ਹਨ। ਸਾਰੇ ਦਿਨ ਦੀ ਕਾਰ ਵਿਹਾਰ ਰੱਬੀ ਹੁਕਮ ਵਿੱਚ ਨਿਬਹੁੰਦਿਆਂ ਦੇਖਿਆ ਕਿ ਹਰ ਵੇਲੇ ਰੱਬੀ ਹੁਕਮ ਵਿੱਚ ਇਹ ਚੱਲ ਰਹੇ ਤਾਂ ਫਿਰ ਅਸਲ ਵਿੱਚ ਇਹ ਹੀ ਦੈਵੀ ਗੁਣਾਂ ਵਾਲੇ ਪਰਮਾਤਮਾ ਦੇਵਤੇ ਹਨ।

ਮਨੁੱਖੀ ਸਰੀਰ ਦੀ ਬਣਤਰ ਦੇ ਹਿਸਾਬ ਨਾਲ ਇੱਕ ਬਾਹਰਲਾ ਹਿੱਸਾ ਹੈ ਤੇ ਦੂਸਰਾ ਅੰਦਰਲਾ ਤਲ਼ ਹੈ। ਬਾਹਰਲਾ ਤਲ਼ ਤਾਂ ਹਰੇਕ ਨੂੰ ਦਿਸਦਾ ਹੈ ਪਰ ਕਿਸੇ ਦੇ ਅੰਦਰ ਕੀ ਚੱਲ ਰਿਹਾ ਹੈ ਇਹ ਕਿਸੇ ਨੂੰ ਵੀ ਕੁੱਝ ਪਤਾ ਨਹੀਂ ਹੈ। ਕਈ ਦਫ਼ਾ ਮਨੁੱਖ ਬਾਹਰੋਂ ਖੂਬਸੂਰਤ ਲੱਗਣ ਲਈ ਕਈ ਪਰਕਾਰ ਦੇ ਪਾਪੜ ਵੇਲਦਾ ਹੈ ਪਰ ਅੰਦਰਲੀ ਖੁਬਸੂਰਤੀ ਵਲ ਕੋਈ ਧਿਆਨ ਨਹੀਂ ਦੇਂਦਾ। ਗੁਰੂ ਅਰਜਨ ਪਾਤਸ਼ਾਹ ਜੀ ਨੇ ਇੱਕ ਖ਼ਿਆਲ ਦਿੱਤਾ ਹੈ ਕਿ ਮਨੁੱਖੀ ਸਰੀਰ ਦੀ ਬਾਹਰਲੀ ਦਿੱਖ ਨਾਲ ਕੀਮਤੀ ਤੋਂ ਕੀਮਤੀ ਸੁਗੰਧੀ ਵਾਲੀ ਵਸਤੂ ਲਗਾ ਦਿਓ ਉਹ ਵੀ ਦੁਰਗੰਧੀ ਵਾਲੀ ਹੀ ਹੋ ਨਿਬੜਦੀ ਹੈ—

ਕਰਪੂਰ ਪੁਹਪ ਸੁਗੰਧਾ, ਪਰਸ ਮਾਨੁਖ੍ਯ੍ਯ ਦੇਹੰ ਮਲੀਣੰ॥

ਮਜਾ ਰੁਧਿਰ ਦ੍ਰੁਗੰਧਾ ਨਾਨਕ, ਅਥਿ ਗਰਬੇਣ ਅਗ੍ਯ੍ਯਾਨਣੋ॥ 1॥

ਸਲੋਕ ਮਹਲਾ ੫ ਪੰਨਾ ੧੩੬੦-

ਅਰਥ--ਮੁਸ਼ਕ-ਕਪੂਰ, ਫੁੱਲ ਅਤੇ ਹੋਰ ਸੁਗੰਧੀਆਂ ਮਨੁੱਖ ਦੇ ਸਰੀਰ ਨੂੰ ਛੁਹ ਕੇ ਮੈਲੀਆਂ ਹੋ ਜਾਂਦੀਆਂ ਹਨ। (ਮਨੁੱਖ ਦੇ ਸਰੀਰ ਵਿਚ) ਮਿੱਝ ਲਹੂ ਅਤੇ ਹੋਰ ਦੁਰਗੰਧੀਆਂ ਹਨ; ਫਿਰ ਭੀ, ਹੇ ਨਾਨਕ! ਅਗਿਆਨੀ ਮਨੁੱਖ (ਇਸ ਸਰੀਰ ਦਾ) ਮਾਣ ਕਰਦਾ ਹੈ।

ਭਾਵੇਂ ਇਹ ਸਾਰੀਆਂ ਸੁਗੰਧੀਆਂ ਸਰੀਰ ਦੇ ਨਾਲ ਲੱਗ ਕੇ ੳਹ ਵੀ ਮੈਲ਼ੀਆਂ ਹੋ ਜਾਂਦੀਆਂ ਹਨ ਪਰ ਇਸ ਦੇ ਅੰਦਰਲੀ ਚੇਤੰਤਾ ਵਿੱਚ ਸ਼ੁਭ ਗੁਣਾਂ ਦੀ ਸੁਗੰਧੀ ਆ ਜਾਏ ਤਾਂ ਉਹ ਸਾਰਿਆਂ ਨੂੰ ਮਹਿਕ ਦੇਂਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਵਿਚਾਰਧਾਰਾ ਦੁਆਰਾ ਮਨੁੱਖ ਦੀ ਅੰਦਰਲ਼ੀ ਚੇਤੰਤਾ ਵਿੱਚ ਪਈ ਹੋਈ ਮਲੀਨਤਾ ਨੂੰ ਧੋਹ ਕੇ, ਤੇ ਦੈਵੀ ਗੁਣਾਂ ਨਾਲ ਭਰ ਕੇ ਜ਼ਮੀਨੀ ਤਲ਼ ਦੇ ਦੇਵਤੇ ਬਣਾਇਆ ਹੈ। ਆਸਾ ਕੀ ਵਾਰ ਵਿੱਚ ਨਿਤਾ ਪ੍ਰਤੀ ਪੜ੍ਹਨ ਵਾਲੇ ਸਲੋਕ ਵਿੱਚ ਮਨੁੱਖ ਤੋਂ ਦੇਵਤਾ ਬਣਨ ਦੀ ਸਥਿੱਤੀ ਰੱਖੀ ਗਈ ਹੈ ਜੇਹਾ ਕਿ---

ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥

ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥

ਸਲੋਕ ਮ: ੧ ਪੰਨਾ ੪੬੨

ਅਰਥ : —ਮੈਂ ਆਪਣੇ ਗੁਰੂ ਤੋਂ (ਇਕ) ਦਿਨ ਵਿੱਚ ਸੌ ਵਾਰੀ ਸਦਕੇ ਹੁੰਦਾ ਹਾਂ, ਜਿਸ (ਗੁਰੂ) ਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ ਤੇ ਬਣਾਉਂਦਿਆਂ (ਰਤਾ) ਚਿਰ ਨਾਹ ਲੱਗਾ।

ਇਸ ਸਲੋਕ ਵਿੱਚ ਤਿੰਨਾਂ ਗੱਲਾਂ ਦੀ ਵਿਚਾਰ ਦਿੱਤੀ ਗਈ ਹੈ। ਪਹਿਲੀ ਗੱਲ ਇਹ ਕਿ ਅਸੀਂ ਮਨੁੱਖ ਹਾਂ, ਦੂਜਾ ਦੇਵਤੇ ਬਣਨਾ ਹੈ ਤੇ ਤੀਜਾ ਇਸ ਕੰਮ ਵਿੱਚ ਸਾਡੀ ਸਹਾਇਤਾ ਗੁਰੂ ਹੀ ਕਰ ਸਕਦਾ ਹੈ। ਮਹਾਨ ਕੋਸ਼ ਵਿੱਚ ਮਨੁੱਖ, ਮਾਣਸ ਜਾਂ ਮਾਨਸ ਦੇ ਅਰਥ ਇਸ ਪਰਕਾਰ ਹਨ—ਮਨਰੋਥ, ਸੰਕਲਪ, ਜਿਸ ਦਾ ਮਨ ਨਾਲ ਸਬੰਧ ਹੈ, ਮਨ, ਦਿੱਲ, ਕਾਮਵਾਸ਼ਨਾ, ਇੱਛਾਵਾਨ, ਮਾਇਆ ਦਾ ਸੇਵਕ। ਤੇ ਦੇਵਤੇ ਦਾ ਅਰਥ ਲਿਖਿਆ ਹੈ ਉੱਤਮ-ਪੁਰਖ, ਪਵਿੱਤਰ ਪਦਾਰਥ ਤੇ ਦੇਵ ਦਾ ਅਰਥ ਪਾਰਬ੍ਰਹਮ, ਕਰਤਾਰ ਵੀ ਲਿਖਿਆ ਹੋਇਆ ਮਿਲਦਾ ਹੈ।

ਇੱਕ ਬੱਚਾ ਅਬੋਧ ਹੈ ਜਿਉS ਹੀ ਉਸ ਨੂੰ ਸਕੂਲ ਦੀ ਚਾਰ ਦਿਵਾਰੀ ਵਿੱਚ ਜਮਾਂ ਕਰਾ ਕੇ ਆਉਂਦੇ ਹਾਂ ਉਸ ਦੇ ਦਿਮਾਗ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਜਿਵੇਂ ਉਹ ਆਪਣੇ ਅਧਿਆਪਕ ਦੇ ਕਹੇ ਵਿੱਚ ਚੱਲਦਾ ਹੈ ਤਿਵੇਂ ਤਿਵੇਂ ਉਹ ਗਿਆਨ ਦੀਆਂ ਮੰਜ਼ਿਲਾਂ ਨੂੰ ਤਹਿ ਕਰਦਾ ਜਾਂਦਾ ਹੈ। ਇੱਕ ਵਿਦਿਆਰਥੀ ਮੈਡੀਕਲ ਦੀ ਲਾਈਨ ਨੂੰ ਤਰਜੀਹ ਦੇਂਦਾ ਹੈ ਤਾਂ ਉਹ ਡਾਕਟਰ ਹੋ ਨਿਬੜਦਾ ਹੈ। ਸ਼ਰਤ ਇਹ ਕਿ ਉਹ ਬੱਚਾ ਆਪਣੇ ਦਿਮਾਗ਼ ਨੂੰ ਤਾਲਾ ਨਾ ਮਾਰ ਲਏ। ਜੇ ਉਹ ਆਪਣੇ ਦਿਮਾਗ ਨੂੰ ਤਾਲਾ ਮਾਰ ਬੈਠਾ ਤਾਂ ਉਹ ਕਦੇ ਵੀ ਅਗਾਂਹ ਤਰੱਕੀ ਨਹੀਂ ਕਰ ਸਕਦਾ। ਸੰਸਾਰ ਦੀ ਪੜ੍ਹਾਈ ਦੇ ਨਾਲ ਨਾਲ ਸਕੂਲ ਵਿੱਚ ਗਾਹੇ-ਬ-ਗਾਹੇ ਸਦਾਚਾਰਕ ਨਿਯਮਾਵਲੀ ਵੀ ਪੜ੍ਹਾਈ ਜਾਂਦੀ ਹੈ। ਇਹ ਸਦਾਚਾਰਕ ਪੜ੍ਹਾਈ ਦੈਵੀ ਗੁਣਾਂ ਨੂੰ ਜਨਮ ਦੇਂਦੀ ਹੈ। ਨਿਰੇ ਗਿਆਨ ਦੇ ਤਲ਼ `ਤੇ ਬੈਠਾ ਹੋਇਆ ਹਊਮੇ ਦੇ ਬਾਗਾਂ ਦੀ ਸੈਰ ਕਰਦਾ ਰਹਿੰਦਾ ਹੈ। ਜੇ ਗਿਆਨ ਦੇ ਨਾਲ ਮਨੁੱਖਤਾ ਦੇ ਭਲੇ ਲਈ ਕੁੱਝ ਕਰਨ ਦੀ ਭਾਵਨਾ ਹੈ ਤਾਂ ਉਹ ਦੇਵਤਿਆਂ ਦੀ ਦੁਨੀਆਂ ਵਲ ਨੂੰ ਤੁਰ ਪੈਂਦਾ ਹੈ। ਗੁਰਬਾਣੀ ਵਿੱਚ ਮਨੁੱਖੀ ਜੂਨ ਤੋਂ ਏਸੇ ਜਨਮ ਵਿੱਚ ਦੇਵਤਾ ਬਣਾਉਂਦਿਆਂ ਹੋਇਆਂ ਦੇ ਦੋ ਪ੍ਰਮਾਣ ਹੋਰ ਵੀ ਹਨ—

ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ॥

ਮਾਨਸ ਤੇ ਦੇਵਤੇ ਭਏ ਸਚੀ ਭਗਤਿ ਜਿਸੁ ਦੇਇ॥

ਹਉਮੈ ਮਾਰਿ ਮਿਲਾਇਅਨੁ ਗੁਰ ਕੈ ਸਬਦਿ ਸੁਚੇਇ॥

ਸਲੋਕ ਮ: ੩ ਪੰਨਾ ੮੫੦

--ਅਰਥ : —ਹੇ ਭਾਈ ! ਗੁਰੂ ਦੀ ਦੱਸੀ ਕਾਰ ਕੀਤਿਆਂ ਪਰਮਾਤਮਾ ਮਿਲ ਪੈਂਦਾ ਹੈ (ਪਰ ਮਿਲਦਾ ਉਸ ਨੂੰ ਹੈ) ਜਿਸ ਉਤੇ (ਪਰਮਾਤਮਾ) ਮਿਹਰ ਕਰਦਾ ਹੈ। (ਗੁਰੂ ਦੀ ਦੱਸੀ ਕਾਰ ਕੀਤਿਆਂ) ਮਨੁੱਖਾਂ ਤੋਂ ਦੇਵਤੇ ਬਣ ਜਾਂਦੇ ਹਨ (ਪਰ ਉਹ ਮਨੁੱਖ ਦੇਵਤਾ ਬਣਦਾ ਹੈ) ਜਿਸ ਨੂੰ ਪ੍ਰਭੂ ਸਦਾ ਕਾਇਮ ਰਹਿਣ ਵਾਲੀ ਭਗਤੀ (ਦੀ ਦਾਤਿ) ਦੇਂਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਜਿਹੜੇ ਮਨੁੱਖ ਪਵਿੱਤਰ ਜੀਵਨ ਵਾਲੇ ਬਣ ਗਏ, ਪਰਮਾਤਮਾ ਨੇ (ਉਹਨਾਂ ਦੇ ਅੰਦਰੋਂ) ਹਉਮੈ ਮੁਕਾ ਕੇ (ਉਹਨਾਂ ਨੂੰ ਆਪਣੇ ਨਾਲ) ਮਿਲਾ ਲਿਆ।

ਗਿਆਨ ਆਉਣ ਦੇ ਨਾਲ ਖੁਸ਼ਕ ਹਉੇਮੇ ਵੀ ਆ ਜਾਂਦੀ ਹੈ ਇਸ ਦੇ ਬਚਾ ਲਈ ਫਿਰ ਗੁਰ ਸ਼ਬਦ ਦੀ ਦੈਵੀ ਸ਼ਕਤੀ ਸਾਨੂੰ ਇਸ ਧਰਤੀ ਤੇ ਹੀ ਦੇਵਤੇ ਦਾ ਰੂਪ ਪਰਦਾਨ ਕਰਦੀ ਹੈ। ਏਸੇ ਤਰ੍ਹਾਂ ਦਾ ਹੀ ਇੱਕ ਹੋਰ ਵਾਕ ਹੈ--

ਗੁਰ ਸੇਵਾ ਤੇ ਹਰਿ ਪਾਈਐ, ਜਾ ਕਉ ਨਦਰਿ ਕਰੇਇ॥

ਮਾਣਸ ਤੇ ਦੇਵਤੇ ਭਏ, ਧਿਆਇਆ ਨਾਮੁ ਹਰੇ॥

ਹਉਮੈ ਮਾਰਿ ਮਿਲਾਇਅਨੁ, ਗੁਰ ਕੈ ਸਬਦਿ ਤਰੇ॥

ਸਲੋਕ ਮ: ੩ ਪੰਨਾ ੯੦

ਅਰਥ--ਪ੍ਰਭੂ ਜਿਸ (ਜੀਵ) ਤੇ ਮਿਹਰ ਦੀ ਨਜ਼ਰ ਕਰਦਾ ਹੈ, ਉਹ (ਜੀਵ) ਸਤਿਗੁਰੂ ਦੀ ਦੱਸੀ ਕਾਰ ਕਰ ਕੇ ਪ੍ਰਭੂ ਨੂੰ ਮਿਲ ਪੈਂਦਾ ਹੈ। ਹਰੀ ਨਾਮ ਦਾ ਸਿਮਰਨ ਕਰ ਕੇ ਜੀਵ ਮਨੁੱਖ (-ਸੁਭਾਵ) ਤੋਂ ਦੇਵਤਾ ਬਣ ਜਾਂਦੇ ਹਨ। ਜਿਨ੍ਹਾਂ ਦੀ ਹਉਮੈ ਦੂਰ ਕਰ ਕੇ ਉਸ ਪ੍ਰਭੂ ਨੇ ਆਪਣੇ ਨਾਲ ਮਿਲਾਇਆ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਵਿਕਾਰਾਂ ਤੋਂ ਬਚ ਜਾਂਦੇ ਹਨ।

ਇਹਨਾਂ ਤਿੰਨਾਂ ਵਾਕਾਂ ਵਿੱਚ ਇੱਕ ਗੱਲ ਸਪੱਸ਼ਟ ਹੈ ਕਿ ਜਦੋਂ ਮਨੁੱਖ ਦੇ ਮਨ ਵਿੱਚ ਵਿਕਾਰੀ ਬਿਰਤੀ ਦੇ ਘੋੜੇ ਦੁੜੰਗੇ ਲਾ ਰਹੇ ਹੋਣ ਓਦੋਂ ਮੁੜ ਮੁੜ ਏਸੇ ਜੀਵਨ ਵਿੱਚ ਹੀ ਇਹ ਖ਼ੁਦਾ ਦਾ ਬੇਟਾ ਇਨਸਾਨੀ ਜਾਮੇ ਵਿੱਚ ਇੱਕ ਜੂਨ ਹੀ ਭੋਗ ਰਿਹਾ ਹੁਦਾ ਹੈ। ਇਸ ਨੂੰ ਗੁਰੂ ਵਾਕ ਰਾਂਹੀ ਹੋਰ ਵਧੇਰੇ ਸਮਝਿਆ ਜਾ ਸਕਦਾ ਹੈ---

ਸਤਿਗੁਰ ਕੀ ਸੇਵ ਨ ਕੀਤੀਆ ਸਬਦਿ ਨ ਲਗੋ ਭਾਉ॥

ਹਉਮੈ ਰੋਗੁ ਕਮਾਵਣਾ ਅਤਿ ਦੀਰਘੁ ਬਹੁ ਸੁਆਉ॥

ਮਨ ਹਠਿ ਕਰਮ ਕਮਾਵਣੇ ਫਿਰਿ ਫਿਰਿ ਜੋਨੀ ਪਾਇ॥

ਸਲੋਕ ਮ: ੩ ਪੰਨਾ ੮੫੦

ਅਰਥ: —ਹੇ ਭਾਈ ! ਜਿਸ ਮਨੁੱਖ ਨੇ ਗੁਰੂ ਦੀ ਦੱਸੀ ਸੇਵਾ-ਕਮਾਈ ਨਾਹ ਕੀਤੀ, ਜਿਸ ਦਾ ਪਿਆਰ (ਗੁਰੂ ਦੇ) ਸ਼ਬਦ ਵਿੱਚ ਨਾਹ ਬਣਿਆ (ਆਪਣੇ ਹੀ ਮਨ ਦਾ ਮੁਰੀਦ ਰਹਿ ਕੇ ਉਸ ਨੇ) ਅਨੇਕਾਂ ਚਸਕਿਆਂ ਵਲ ਪ੍ਰੇਰਨ ਵਾਲਾ ਬਹੁਤ ਲੰਮਾ ਹਉਮੈ ਦਾ ਰੋਗ ਹੀ ਖੱਟਿਆ; ਆਪਣੇ ਮਨ ਦੇ ਹਠ ਦੇ ਆਸਰੇ (ਹੋਰ ਹੋਰ) ਕਰਮ ਕਰਦੇ ਰਹਿਣ ਕਰਕੇ ਉਹ ਮਨੁੱਖ ਮੁੜ ਮੁੜ ਜੂਨਾਂ (ਦੇ ਗੇੜ) ਵਿੱਚ ਪੈਂਦਾ ਹੈ।

ਹੁਣ ਇਸ ਸਲੋਕ ਵਿੱਚ ਮਨ ਦੇ ਹੱਠ ਗੱਲ ਕੀਤੀ ਗਈ ਹੈ ਜੋ ਮਨ ਦਾ ਮੁਰੀਦ ਹੋ ਕੇ ਦੁਨੀਆਂ ਦੇ ਚਸਕਿਆਂ ਵਿੱਚ ਫਸ ਗਿਆ ਹੈ ਤੇ ਅਜੇਹੀ ਅਵਸਥਾ ਵਾਲੇ ਨੂੰ ਹੀ ਕਿਹਾ ਕਿ ਤੂੰ ਹੁਣ ਜੂਨ ਭੋਗ ਰਿਹਾ ਏਂ। ਏਸੇ ਸਲੋਕ ਦੀਆਂ ਅਗਲੀਆਂ ਤੁਕਾਂ ਵਿੱਚ ਇਸ ਦੇ ਬਚਾਅ ਦੀ ਅਵਸਥਾ ਵੀ ਰੱਖੀ ਗਈ ਹੈ ਜੋ ਦੇਵਤੇ ਦੀ ਪੁਸ਼ਟੀ ਕਰਦੀ ਹੈ ਭਾਵ ਵਿਕਾਰਾਂ ਤੋਂ ਰਹਿਤ ਵਾਲੀ ਜ਼ਿੰਦਗੀ—

“ਗੁਰਮੁਖਿ ਜਨਮੁ ਸਫਲੁ ਹੈ ਜਿਸ ਨੋ ਆਪੇ ਲਏ ਮਿਲਾਇ॥

ਨਾਨਕ ਨਦਰੀ ਨਦਰਿ ਕਰੇ ਤਾ ਨਾਮ ਧਨੁ ਪਲੈ ਪਾਇ”॥

ਗੁਰਬਾਣੀ ਹਰੇਕ ਨੂੰ ਹੱਕ ਪਰਦਾਨ ਕਰਦੀ ਹੈ ਕਿ ਉਹ ਆਪਣੀ ਸੁਰ ਦਾ ਅਲਾਪ ਕਰੇ ਪਰ ਇਹ ਨਹੀਂ ਕਿ ਦੂਜਿਆਂ ਦੀਆਂ ਸੁਰਾਂ ਨੂੰ ਬੇ-ਸੁਰਾ ਕਰੇ। ਮਨੁੱਖ ਤੋਂ ਦੇਵਤਾ ਬਣਨ ਲਈ ਦੋ ਸ਼ਬਦਾਂ ਵਿੱਚ ਗੱਲ ਕਰਨੀ ਹੋਵੇ ਤਾਂ ਇਹ ਜ਼ਰੂਰੀ ਹੈ ਕਿ ਉਹ ਧਰਮ, ਏਕਤਾ ਤੇ ਅਸਲੀ ਸਚਾਈ, ਹੱਕ ਹਲਾਲ ਦੀ ਕਮਾਈ, ਅਤੇ ਪਾਖੰਡ, ਦਿਖਾਵਾ, ਡਿੰਭ, ਵਹਿਮ, ਫ਼ੁਟ, ਊਚ-ਨੀਚ, ਝੂਠ, ਧਰੋਹ, ਮਕਰ, ਮਿਲਾਵਟੀ ਸੱਚ ਦੇ ਫ਼ਰਕ ਨੂੰ ਸਮਝੇ।

ਸਾਡੀ ਆਪਣੀ ਕੰਮਜ਼ੋਰੀ ਹੈ ਕਿ ਅਸੀਂ ਆਪਣਾ ਸੁਭਾਅ ਤਾਂ ਬਦਲਣ ਲਈ ਤਿਆਰ ਨਹੀਂ ਹਾਂ। ਇਸ ਲਈ ਅਸੀਂ ਮਨੁੱਖ ਦਿਸਦੇ ਹੋਏ ਵੀ ਸੁਭਾਅ ਕਰਕੇ ਵੱਖ ਵੱਖ ਜੂਨਾਂ ਦੀ ਨੁਮਾਇੰਦਗੀ ਕਰਦੇ ਦਿਸ ਰਹੇ ਹਾਂ। ਆਮ ਕਰਕੇ ਅਸੀਂ ਕੁੱਤੇ, ਸੱਪ, ਸ਼ੇਰ, ਬਲਦ, ਬਾਂਦਰ, ਲੂੰਬੜੀ ਇਤਿਆਦਕ ਦੀਆਂ ਜੂਨਾਂ ਨੂੰ ਮਨੁੱਖ ਨਾਲੋਂ ਘਟੀਆ ਸਮਝ ਰਹੇ ਹਾਂ। ਪਰ ਗੁਰਬਾਣੀ ਤਾਂ ਇਹ ਗੱਲ ਦੱਸ ਰਹੀ ਹੈ ਐ ਮਨੁੱਖ ਭਾਵੇਂ ਤੇਰੇ ਪਾਸ ਮਨੁੱਖੀ ਸਰੀਰ ਹੈ ਪਰ ਤੂੰ ਆਪਣੇ ਮਨ ਦੀ ਮਲੀਨ ਸੋਚ ਕਰਕੇ ਦੈਵੀ ਗੁਣਾਂ ਵਾਲਾ ਦੇਵਤਾ ਨਹੀਂ ਬਣ ਸਕਿਆ। ਜੇ ਆਸਾ ਦੀ ਵਾਰ ਨੂੰ ਪੜ੍ਹਦੇ ਹਾਂ ਮਾਨਸਕ ਤੌਰ `ਤੇ ਕਈ ਪਰਕਾਰ ਦੀਆਂ ਗ਼ੁਲਾਮੀਆਂ ਭੋਗ ਰਹੇ ਹਾਂ। ਕਦੇ ਇਸ ਨੂੰ ਸੜੇ ਹੋਏ ਤਿਲ਼ਾਂ ਦੇ ਬੂਟੇ ਕਿਹਾ ਹੈ ਤੇ ਕਦੇ ਅੰਧਾ ਕਹਿ ਕੇ ਜਨਮ ਨੂੰ ਵਿਅਰਥ ਵਿੱਚ ਗਵਾਉਣ ਵਾਲਾ ਕਿਹਾ ਹੈ—

“ਮਨਿ ਅੰਧੈ ਜਨਮੁ ਗਵਾਇਆ”॥

ਕੁਦਰਤ ਵਲੋਂ ਦਿੱਤੀ ਹੋਈ ਜ਼ਿੰਦਗੀ ਦੀਆਂ ਕਦਰਾਂ ਨੂੰ ਘੱਟੇ ਕੌਡੀਆਂ ਵਿੱਚ ਰੋਲਣ ਵਾਲੇ ਨੂੰ ਗੁਰੂ ਨਾਨਕ ਸਾਹਿਬ ਜੀ ਅਹਿਸਾਸ ਕਰਾਉਂਦੇ ਹਨ—

“ਮੂਰਖ ਸਚੁ ਨ ਜਾਣਨੀੑ ਮਨਮੁਖੀ ਜਨਮੁ ਗਵਾਇਆ॥ ਵਿਚਿ ਦੁਨੀਆ ਕਾਹੇ ਆਇਆ”॥

ਮਾਨਸਕ ਕੰਮਜ਼ੋਰੀਆਂ ਵਿੱਚ ਭਰੇ ਹੋਏ ਮਨੱਖ ਨੂੰ ਕਿਹਾ ਹੈ, ਕੀ “ਤੂੰ ਕਦੀ ਆਪਣੀ ਆਤਮਾ ਦੇ ਤਲ਼ `ਤੇ ਸੋਚਣ ਦਾ ਯਤਨ ਕੀਤਾ ਈ” ? ਐਸੀਆਂ ਇਲਤਾਂ ਨਾ ਕਰ ਕੇ ਤੈਨੂੰ ਆਪਣੀ ਆਤਮਾ `ਤੇ ਹੀ ਸ਼ਰਮਸਾਰ ਹੋਣਾ ਪਏ— “ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ”॥

ਪਰਮਾਤਮਾ ਦਾ ਨਿਵਾਸ ਜ਼ਰੇ ਜ਼ਰੇ ਵਿੱਚ ਹੈ ਇਸ ਲਈ ਫਿਰ ਰੱਬ ਜੀ ਵੀ ਸਾਡੇ ਅੰਦਰ ਹੀ ਬੈਠਾ ਹੋਇਆ ਹੈ। ਤਾਂ ਫਿਰ ਪਰਮਾਤਮਾ ਦੀ ਦਰਗਾਹ ਸਾਡੇ ਹਿਰਦੇ ਵਿੱਚ ਬਣੀ ਹੋਈ ਹੈ, ਸ਼ੁਭ ਗੁਣਾਂ ਦੇ ਰੂਪ ਵਿਚ। - ਜਦੋਂ ਸਮਾਜ ਵਿੱਚ ਮਨੁੱਖ ਪਾਸੋਂ ਕੋਈ ਅਗੁਣ ਹੋ ਜਾਂਦਾ ਹੈ ਤਾਂ ਜਿੱਥੇ ਉਸ ਨੂੰ ਭਾਈਚਾਰੇ ਵਿੱਚ ਸ਼ਰਮਸਾਰ ਹੋਣਾ ਪੈਂਦਾ ਹੈ ਓੱਥੇ ਆਤਮਾ ਦੇ ਤਲ਼ `ਤੇ ਵੀ ਸ਼ਰਮਸਾਰ ਹੋਣਾ ਪੈਂਦਾ ਹੈ। ‘ਦਰਗਹ ਗਇਆ’ ਦਾ ਭਾਵ ਅਰਥ ਸਾਡੀ ਅੰਦਰਲੀ ਚੇਤੰਤਾ ਵਿਚਲੇ ਰੱਬੀ ਗੁਣਾਂ ਨਾਲ ਆਪਣੇ ਕੀਤੇ ਕਰਮ ਨੂੰ ਜਾਚਣਾ, ਝਾਤੀ ਮਾਰਨੀ। ਪੰਜਾਬੀ ਵਿੱਚ ਤਾਂ ਮੁਹਾਵਰਾ ਹੀ ਬਣ ਗਿਆ ਹੈ ਆਪਣੀ ਜ਼ਮੀਰ ਦੀ ਅਵਾਜ਼ ਸੁਣ ਕੇ ਵੋਟ ਪਾਇਆ ਜੇ। ਏਦੀ ਤੇ ਯਰ ਜ਼ਮੀਰ ਹੀ ਮਰ ਗਈ ਐ ਆਮ ਹੀ ਸੁਣਿਆਂ ਜਾਂਦਾ ਹੈ--

ਫਿਰ ਇਸ ਜੀਵਨ ਵਿੱਚ ਦੇਵਤਾ ਬਣਨ ਦਾ ਲਕਸ਼ ਹੈ ਪ੍ਰੇਮਾ ਭਗਤੀ ਤੇ ਨਿੰਮ੍ਰਤਾ ਵਾਲੀ ਸਦਾਚਾਰਕ ਨਿਯਮਾਵਲੀ ਜੋ ਏਸੇ ਜੀਵਨ ਵਿੱਚ ਮੁਕਤੀ ਦਿਵਾਉਂਦੀ ਹੈ ਜੇਹਾ ਕਿ---

“ਭਾਉ ਭਗਤਿ ਕਰਿ ਨੀਚੁ ਸਦਾਏ॥ ਤਉ ਨਾਨਕ ਮੋਖੰਤਰੁ ਪਾਏ”॥

ਗੁਰੂ ਨਾਨਕ ਸਾਹਿਬ ਜੀ ਧਾਰਮਕ ਪੁਜਾਰੀ ਦੀ ਅਸਲੀ ਤਸਵੀਰ ਮਨੁੱਖਤਾ ਦੇ ਸਾਹਮਣੇ ਰੱਖ ਕੇ ਉਸ ਨੂੰ ਦੱਸਦੇ ਨੇ ਦੇਖ ਮਿੱਤਰਾ! “ਹੈਂ ਤੂੰ ਧਰਮੀ ਇਨਸਾਨ ਪਰ ਤੇਰੀਆਂ ਚਾਲਾਂ ਧਰਮੀਆਂ ਵਾਲੀਆਂ ਨਹੀਂ, ਕੀ ਤੂੰ ਕਦੇ ਦੈਵੀ ਗੁਣਾਂ ਵਾਲਾ ਮਨੁੱਖ ਬਣਨ ਦਾ ਯਤਨ ਕਰੇਂਗਾ?

“ਸੁਣਿ ਵੇਖਹੁ ਲੋਕਾ ਏਹੁ ਵਿਡਾਣੁ॥ ਮਨਿ ਅੰਧਾ ਨਾਉ ਸੁਜਾਣੁ”॥

ਧਰਮ ਦੇ ਪੂਰੇ ਲਿਬਾਸ ਵਿੱਚ ਸੱਜੇ ਧਰਮੀ ਦੀ ਅੰਦਰਲੀ ਕਰੂਰਤਾ ਸਬੰਧੀ ਬੜਾ ਪਿਆਰਾ ਵਾਕ ਹੈ ਜੋ ਸਾਨੂੰ ਸਾਰਿਆਂ ਨੂੰ ਸੁਚੇਤ ਕਰਦਾ ਹੈ---

“ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ॥

ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ॥

ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ॥

ਛੋਡੀਲੇ ਪਾਖੰਡਾ॥ ਨਾਮਿ ਲਇਐ ਜਾਹਿ ਤਰੰਦਾ”॥

ਪਰਮਾਤਮਾ ਦੇ ਸਦੀਵ ਕਾਲ ਰੱਬੀ ਗੁਣ ਜਿਸ ਵਿੱਚ ਆ ਜਾਣ ਅਸਲ ਵਿੱਚ ਉਹ ਦੇਵਤਾ ਹੈ ਤੇ ਜਿਸ ਦਾ ਸਰੂਪ ਇਹਨਾਂ ਤੁਕਾਂ ਵਿੱਚ ਹੈ—

ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ॥

ਜੇ ਅਜੇਹੀ ਅਵਸਥਾ ਨਹੀਂ ਆ ਸਕੀ ਤਾਂ ਧਰਮੀ ਦਿਸਦਾ ਹੋਇਆ ਹੱਥਲੇ ਜੀਵਨ ਦੇ ਵਿੱਚ ਹੀ ਜਮਪੁਰ ਦਾ ਵਾਸੀ ਹੈ--- “ਨਾਨਕ ਹੰਸਾ ਆਦਮੀ ਬਧੇ ਜਮਪੁਰਿ ਜਾਹਿ”॥

ਇਸ ਲੇਖ ਦੇ ਅਰੰਭ ਵਿੱਚ ਆਸਾ ਕੀ ਵਾਰ ਵਿਚੋਂ ਹੀ ਲਏ ਹੋਏ ਸਲੋਕ ਦਾ ਵਿਸ਼ਾ-ਵਸਤੂ ਤਿੰਨ ਵਿਚਾਰਾਂ ਨੂੰ ਜਨਮ ਦੇਂਦਾ ਹੈ। ਗੁਰੂ ਦੀ ਲੋੜ, ਮਨੁੱਖੀ ਆਦਤਾਂ ਵਿੱਚ ਸੁਧਾਰ ਜੋ ਚੰਗਾ ਮਨੁੱਖ ਭਾਵ ਦੇਵਤਾ ਬਣਨ ਦਾ ਸਾਕਾਰ ਰੂਪ ਹੁੰਦਾ ਹੈ। ਗੁਰੂ ਸਮਰੱਥ ਹੈ ਜੋ ਸਾਡੀਆਂ ਏਸੇ ਜੀਵਨ ਵਿੱਚ ਚਲਦਿਆਂ ਸਿਰ ਵਿਚਲੀਆਂ ਬੁਰਾਈਆਂ ਨੂੰ ਮਾਰ ਦੇਂਦਾ ਹੈ, ਭਾਵ ਭੈੜੀ ਮਤ ਨੂੰ ਦੂਰ ਕਰ ਦੇਂਦਾ ਹੈ। ਤੇ ਭੈੜੀ ਮਤ ਦੇ ਬਾਹਰ ਹੋ ਜਾਣ ਨਾਲ ਫਿਰ ਕੁਦਰਤੀ ਸ਼ੁਭ ਗੁਣਾਂ ਦੇ ਖ਼ਜ਼ਾਨਿਆਂ ਨਾਲ ਲੱਦ ਹੋ ਜਾਈਦਾ ਹੈ। ਜੇਹਾ ਕਿ---

ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ॥

ਸਹਿ ਤੁਠੈ ਨਉਨਿਧਿ ਪਾਈਆ॥

ਜਿਹੜਾ ਮੂੰਹ ਸ਼ੁਭ ਬਚਨਾਂ ਦੀ ਵਰਤੋਂ ਨਹੀਂ ਕਰਦਾ ਉਸ ਦੇ ਮੂੰਹ `ਤੇ ਥੁੱਕਾਂ ਪੈਂਦੀਆਂ ਹਨ ਭਾਵ ਫਿਟਕਾਰਾਂ ਹੀ ਮਿਲਦੀਆਂ ਹਨ----

ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ॥

ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ॥

‘ਮੁਖਿ ਨਾਮ ਨਾ ਊਚਰਹਿ’ ਤੇ ‘ਮੁਖਿ ਥੁਕਾ’ ਚੰਗੀ ਬੋਲੀ ਦੀ ਵਰਤੋਂ ਨਾ ਕਰਨੀ ਤੇ ਫਿਟਕਾਰਾਂ ਪੈਣੀਆਂ ਦਾ ਭਾਵ ਅਰਥ ਹੀ ਲਿਆ ਜਾਏਗਾ। ਜੋ ਮਨੁੱਖ ਤੇ ਦੇਵਤੇ ਦੇ ਅੰਤਰ ਦਾ ਪਤਾ ਲੱਗਦਾ ਹੈ।

ਏਸੇ ਭਾਵ ਨੂੰ ਗੁਰੂ ਸਾਹਿਬ ਜੀ ਅਗਲ਼ੀ ਪਾਉੜੀ ਵਿੱਚ ਇੰਝ ਫਰਮਾਉਂਦੇ ਹਨ---

ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ॥

ਮੂਰਖੈ ਨਾਲਿ ਨ ਲੁਝੀਐ॥

ਮਨੁੱਖ ਤੇ ਦੇਵਤੇ ਦੇ ਅੰਤਰ ਨੂੰ ਮਨੁੱਖੀ ਜੂਨ ਵਿੱਚ ਹੀ ਸਮਝਾਇਆ ਗਿਆ ਹੈ। ਮਨੁੱਖ, ਮਨੁੱਖਾਂ ਨੂੰ ਖ਼ੁਸ਼ ਕਰਨ ਦੇ ਯਤਨ ਵਿੱਚ ਲੱਗਾ ਹੋਇਆ ਹੈ। ਇਸ ਲਈ ਇਸ ਦਾ ਬਾਹਰੀ ਸਰੂਪ ਹੋਰ ਹੈ ਤੇ ਅੰਦਰ ਇਸ ਦੇ ਕੁੱਝ ਹੋਰ ਚੱਲ ਰਿਹਾ ਹੈ ਜੇਹਾ ਕਿ---

ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ॥ ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ॥ ਜਿਨੑ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ॥ ਤਿਨੑ ਨੇਹੁ ਲਗਾ ਰਬ ਸੇਤੀ ਦੇਖਨੑੇ ਵੀਚਾਰਿ॥

ਜਿਸ ਦਾ ਰੱਬ ਨਾਲ ਪਿਆਰ ਹੋ ਜਾਂਦਾ ਹੈ ਉਹ ਹੀ ਦੇਵਤੇ ਦੇ ਰਾਹ `ਤੇ ਤੁਰ ਪੈਂਦਾ ਹੈ।

ਮਨੁੱਖ ਨੂੰ ਬਾਰ ਬਾਰ ਸਮਝਾਇਆ ਗਿਆ ਹੈ, ਕਿ ਤੂੰ ਆਪਣੇ ਕੀਤੇ ਦਾ ਫਲ਼ ਆਪ ਹੀ ਭੋਗਣਾ ਹੈ ਫਿਰ ਮੰਦੇ ਕਰਮ ਕਿਉਂ ਕਰ ਰਿਹਾ ਏਂ---ਆਉਣ ਵਾਲੇ ਜੀਵਨ ਸੰਬੰਧੀ ਸੁਚੇਤ ਕਿਉਂ ਨਹੀਂ ਹੁੰਦਾ—

ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ॥

ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ॥

‘ਸੇਵਕ’ ਜਾਂ ‘ਦੇਵਤਾ’ ਉਸ ਨੂੰ ਕਿਹਾ ਜਾ ਸਕਦਾ ਹੈ ਜੋ ਮਾਲਕ ਦਾ ਰੂਪ ਹੋ ਜਾਂਦਾ ਹੈ।

“ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ”॥

ਜੋ ਮਾਲਕ ਪਰਮਾਤਮਾ ਦੇ ਸਦਾ ਰਹਿਣ ਵਾਲੇ ਗੁਣ ਹਨ ਉਹਨਾਂ ਨੂੰ ਜੀਵਨ ਵਿੱਚ ਅਪਨਾਇਆਂ ਮਾਲਕ ਦਾ ਰੂਪ ਹੋ ਸਕੀਦਾ ਹੈ। ਜਿਸ ਵਿੱਚ ਇਮਾਨਦਾਰੀ, ਹੱਕ-ਹਲਾਲ ਦੀ ਕਮਾਈ, ਮਿਲਵਰਤਣ ਦੀ ਤੰਦਾਂ, ਮਨੁੱਖੀ ਭਾਈਚਾਰੇ ਦੀ ਕਦਰ, ਕਿਸੇ ਨੂੰ ਸੁੱਖ ਦੇਣ ਦੀ ਭਾਵਨਾ ‘ਦੇਵਤੇ’ ਦਾ ਸਾਕਾਰ ਰੂਪ ਹੈ।

ਗੁਰ-ਗਿਆਨ ਨੂੰ ਸਮਝ ਕੇ ਜੀਵਨ ਵਿੱਚ ਅਪਨਾਉਣ ਨੂੰ ਮਿਹਰ ਦੀ ਨਦਰ ਕਿਹਾ ਹੈ। ਜੇਹਾ ਕਿ---ਤਿਨਾੑ ਸਵਾਰੇ ਨਾਨਕਾ ਜਿਨੑ ਕਉ ਨਦਰਿ ਕਰੇ॥

ਹੇ ਨਾਨਕ ! ਜਿਨ੍ਹਾਂ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ, ਉਨ੍ਹਾਂ ਨੂੰ ਸੰਵਾਰਦਾ ਹੈ (ਭਾਵ, ਉਹਨਾਂ ਦਾ ਜੀਵਨ ਸੁਧਾਰਦਾ ਹੈ)

ਆਪਣੇ ਗੁਰੂ ਤੋਂ ਹਰ ਵੇਲੇ ਸਦਕੇ ਜਾਣਾ ਚਾਹੀਦਾ ਹੈ ਭਾਵ ਹਰ ਵੇਲੇ ਉਸ ਦੀ ਸਿੱਖਿਆ ਨੂੰ ਸਮਝਣਾ ਚਾਹੀਦਾ ਹੈ ਤਾਂ ਕਿ ਅਸੀਂ ਮਨ ਦੀਆਂ ਮਲੀਨ ਸੋਚਾਂ ਤੋਂ ਉੱਪਰ ਉੱਠਦਿਆਂ ਦੈਵੀ ਗੁਣਾਂ ਦੀ ਵਰਤੋਂ ਕਰਕੇ ਏਸੇ ਜੀਵਨ ਵਿੱਚ ਹੀ ਦੇਵਤੇ ਬਣ ਸਕੀਏ। ਤੇ ਏਸੇ ਨੂੰ ਮਿਲਾਵਟ ਤੋਂ ਰਹਿਤ ਵਾਲਾ ‘ਖਾਲਸਾ’ ਕਿਹਾ ਹੈ।
.