.

ਹਿੰਦੋਸਤਾਨੀ ਤਾਲਿਬਾਨ

ਰਾਮ ਸਿੰਘ, ਗ੍ਰੇਵਜ਼ੈਂਡ

“ਹਿੰਦੀ, ਹਿੰਦੂ, ਹਿੰਦੋਸਤਾਨ” ਦਾ ਕੀ ਮਤਲਬ ਹੈ? ਮਤਲਬ ਭਾਵੇਂ ਇਸ ਦਾ ਬੜਾ ਸਿੱਧਾ ਸਾਦਾ ਲਗਦਾ ਹੈ, ਪਰ ਇਹ ਬੜੀ ਡੂੰਘੀ ਯੋਜਨਾ ਦੀ ਉਪਜ ਹੈ। ਜਿੱਥੇ ਕਿ ਅਫਗਾਨੀ ਤਾਲਿਬਾਨ ਵੱਧ ਤੋਂ ਵੱਧ ਜੋਸ਼ ਤੇ ਬਹੁਤ ਘੱਟ ਹੋਸ਼ ਨਾਲ ਹਰ ਤਰਾਂ ਦੀ ਕਾਰਵਾਈ ਕਰਦੇ ਹਨ ਉੱਥੇ ਇਹ ਹਿੰਦੋਸਤਾਨੀ ਤਾਲਿਬਾਨ ਵੱਧ ਤੋਂ ਵੱਧ ਹੋਸ਼ ਤੇ ਥੋੜੇ ਜੋਸ਼ ਤੋਂ ਸ਼ੁਰੂ ਕਰਕੇ ਵਰਾਟ ਰੂਪ ਜੋਸ਼ ਵਿੱਚ ਆ ਕੇ ਕਾਰਵਾਈ ਨੂੰ ਇੰਜਾਮ ਦਿੰਦੇ ਹਨ। ਹਾਂ ਪਰ ਇਨ੍ਹਾਂ ਦੋਹਾਂ ਤਰਾਂ ਦੇ ਤਾਲਿਬਾਨ ਦਾ ਇੱਕ ਗੁਣ ਸਾਂਝਾ ਹੈ, ਜੋ ਕੱਟੜਪੁਣਾ ਹੈ। ਪਰ ਹਿੰਦੋਸਤਾਨੀ ਤਾਲਿਬਾਨ ਇਹ ਗੁਣ ਕਾਰਵਾਈ ਦਾ ਇੰਜਾਮ ਦੇਣ ਤੋਂ ਪਹਿਲਾਂ ਘੱਟ ਹੀ ਜ਼ਾਹਰ ਹੋਣ ਦਿੰਦੇ ਹਨ। ਅਫਗਾਨੀ ਤਾਲਿਬਾਨ ਬਾਰੇ ਤਾਂ ਅੱਜਕਲ ਸਾਰੀ ਦੁਨੀਆਂ ਜਾਣਦੀ ਹੈ। ਸੋ ਸਿਰਫ ਹਿੰਦੋਸਤਾਨੀ ਤਾਲਿਬਾਨ ਬਾਰੇ ਹੀ ਗੱਲ ਕਰਨੀ ਹੈ।

ਹਿੰਦੋਸਤਾਨੀ ਤਾਲਿਬਾਨ ਦੇ ਬਹੁਤ ਕਰ ਕੇ ਮਿਥਿਹਾਸਕ ਅਵਤਾਰ ਤੇ ਦੇਵੀ ਦੇਵਤੇ ਹੋਏ ਹਨ ਜਿਨ੍ਹਾਂ ਦੀ ਉਨ੍ਹਾਂ ਵਿੱਚ ਕਈ ਕਮੀਆਂ ਹੋਣ ਦੇ ਬਾਵਜੂਦ ਭੀ ਆਪ ਹੀ ਪੂਜਾ ਨਹੀਂ ਕਰਦੇ ਹੋਰਨਾਂ ਤੋਂ ਭੀ ਮੱਲੋ ਮੱਲੀ ਪੂਜਾ ਕਰਵਾਉਣੀ ਚਾਹੁੰਦੇ ਹਨ। ਇਨ੍ਹਾਂ ਦੇ ਮਿਥਿਹਾਸਕ ਅਵਤਾਰ, ਦੇਵੀ ਦੇਵਤਿਆਂ ਦੀ ਅਸਲੀਅਤ ਨੂੰ ਜਾਨਣ ਲਈ ਇਨ੍ਹਾਂ ਦੇ 19ਵੀਂ ਸਦੀ ਦੇ ਅੰਤ ਤੇ 20ਵੀਂ ਸਦੀ ਦੇ ਪਹਿਲੇ ਅੱਧ ਵਿੱਚ ਹੋਏ ਦੋ ਸਿਰ ਕੱਢ ਆਗੂਆਂ ਦੀ ਅਸਲੀਅਤ ਨੂੰ ਜਾਨਣਾ ਲਾਹੇ ਵੰਦ ਹੋਵੇਗਾ। ਪਹਿਲੇ ਸਵਾਮੀ ਦਇਆਨੰਦ ਸਰਸਵਤੀ ਤੇ ਦੂਸਰੇ ਮਹਾਤਮਾ ਗਾਂਧੀ। ਕੀ ਸੱਚ ਹੀ ਸ੍ਰੀ ਦਇਆਨੰਦ ਜੀ ਸਵਾਮੀ ਸਰਸਵਤੀ ਪਦਵੀ ਤੇ ਮਿਸਟਰ ਗਾਂਧੀ ਮਹਾਤਮਾ ਪਦਵੀ ਦੇ ਪਾਤਰ ਸਨ? ਗਿਆਨੀ ਦਿੱਤ ਸਿੰਘ ਜੀ ਨਾਲ ਸਵਾਮੀ ਦਇਆ ਨੰਦ ਦਾ ਸੰਬਾਦ ਹੋਇਆ ਜਿਸਨੂੰ ਗਿਆਨੀ “ਸਾਧੂ ਦਯਾ ਨੰਦ ਤੇ ਮੇਰਾ ਸੰਬਾਦ” ਲਿਖਦੇ ਹਨ। ਗਿਆਨੀ ਜੀ ਨੇ ਤਿੰਨ ਵਾਰ ਸਵਾਮੀ ਜੀ ਨੂੰ ਸੰਬਾਦ ਵਿੱਚ ਹਰਾਇਆ ਅਤੇ ਅੰਤ ਵਿੱਚ ਇਸ ਸਿੱਟੇ ਤੇ ਪੁਜੇ ਕਿ “ਮੈਂ ਉਨ੍ਹਾਂ ਨੂੰ ਧਰਮਾਤਮਾ ਧਰਮ ਧੁਜਾ ਦੀ ਸ਼੍ਰੇਣੀ ਵਿੱਚ ਕਦੇ ਨਹੀਂ ਗਿਣ ਸਕਦਾ ਜਿਹੜੇ ਜਗਤ ਵਿੱਚ ਖਾਸ ਉਪਦੇਸ਼ ਲੈ ਕੇ ਆਉਂਦੇ ਹਨ ਤੇ ਨਾ ਹੀ ਛੇ ਸ਼ਾਸਤ੍ਰਾਂ ਦੇ ਪ੍ਰਸਿੱਧ ਕਰਤਾ, ਜਾ ਮਨੂੰ ਤੇ ਬਸ਼ਿਸ਼ਟ ਜਾ ਵਰਤਮਾਨ ਦੇ ਪੰਡਤ ਜੋਤੀ ਸਰੂਪ ਅਤੇ ਪੰਡਤ ਨਿਸਚਲ ਦਾਸ ਜੈਸੇ ਵਿਦਵਾਨਾਂ ਦੇ ਕਿਤੇ ਨੇੜੇ ਤੇੜੇ ਹੋਣ ਦਾ ਗਿਣ ਸਕਦਾ ਹਾਂ। ਉਹ ਆਪਣੀ ਬਾਤ ਪਰ ਪਰਪੱਕ ਭੀ ਨਾ ਸੀ ਰਹਿੰਦੇ ਅਤੇ ਅਪਣੀ ਪੁਸਤਕ ਸੱਤਯਾਰਥ ਪ੍ਰਕਾਸ਼ ਨੂੰ ਹਰ ਵੇਲੇ ਬਦਲਦੇ ਰਹਿੰਦੇ ਸਨ। ਪੰਜਾਬ ਵਿੱਚ ਉਨ੍ਹਾਂ ਦੀ ਕਾਮਯਾਬੀ ਦਾ ਕਾਰਨ ਗਿਆਨੀ ਜੀ ਕਹਿੰਦੇ ਹਨ ਕਿ “ਉਸ ਵੇਲੇ ਦੇ ਪੰਡਤ ਵੇਦ ਅਤੇ ਬਯਾਕਰ ਘੱਟ ਜਾਨਦੇ ਸੀ ਜਿਸ ਤੇ ਪੰਜਾਬ ਵਿੱਚ ਉਨ੍ਹਾਂ ਨੇ ਕਾਮਯਾਬੀ ਹਾਸਲ ਕਰ ਲਈ। ਜਿਸਦਾ ਕੇਵਲ ਇਹ ਸਬੂਤ ਹੈ ਕਿ ਦੱਖਨ ਅਤੇ ਬੰਗਾਲ ਵਿੱਚ ਉਨ੍ਹਾਂ ਨੂੰ ਕੋਈ ਨਹੀਂ ਜਾਨਦਾ।” ਇਹ ਹੀ ਨਹੀਂ ਉਹ ਕਪਟੀ ਤੇ ਨਿੰਦਕ ਭੀ ਸੀ ਜੋ ਉਸਦੀ ਲਿਖਤ ਸੱਤਯਾਰਥ ਪ੍ਰਕਾਸ਼ ਤੋਂ ਜ਼ਾਹਰ ਹੁੰਦਾ ਹੈ।

ਦੂਸਰੇ ਮਹਾਤਮਾ ਗਾਂਧੀ ਹਨ। ਉਨ੍ਹਾਂ ਬਾਰੇ, ਤਜਰਬੇ ਦੇ ਅਧਾਰ ਤੇ ਡਾ. ਅੰਬੇਦਕਰ ਜੀ ਲਿਖਦੇ ਹਨ, (1) “ਜੇਕਰ ਅਜਿਹੇ ਆਦਮੀ ਨੂੰ, ਜਿਸ ਦੇ ਬਗਲ ਵਿੱਚ ਛੁਰੀ ਹੋਵੇ ਪਰ ਮੂੰਹ ਵਿੱਚ ਰਾਮ ਰਾਮ ਹੋਵੇ, ਮਹਾਤਮਾ ਕਿਹਾ ਜਾ ਸਕਦਾ ਹੈ ਤਾਂ ਮੋਹਨ ਦਾਸ ਕਰਮ ਚੰਦ ਗਾਂਧੀ ਸੱਚ ਮੁੱਚ ਇੱਕ ਮਹਾਤਮਾ ਹੈ।” (2) “ਗਾਂਧੀ ਯੁਗ ਭਾਰਤ ਦਾ ਕਲਯੁਗ ਹੈ।” (3) “ਗਾਂਧੀ ਜੀ ਅਛੂਤਾਂ ਦੇ ਸੱਭ ਤੋਂ ਵੱਡੇ ਅਤੇ ਭੈੜੇ ਦੁਸ਼ਮਣ ਹਨ।” (4) “ਗਾਂਧੀ ਤਾਂ ਕਪਟੀ ਹੈ।” ਗਾਂਧੀ ਜੀ ਬਾਰੇ ਇੱਕ ਹੋਰ ਮਿਸਾਲ ਬੜੀ ਢੁਕਵੀਂ ਹੈ। ਗਾਂਧੀ ਦਾ ਅਛੂਤਾਂ ਨੂੰ ਸਿੱਖ ਧਰਮ ਵਿੱਚ ਸ਼ਾਮਲ ਨਾ ਹੋਣ ਦੇਣ ਦਾ ਕਪਟ ਦੇਖੋ। ਉਸਨੇ ਇੱਕ ਚਿੱਠੀ ਮਾਸਟਰ ਤਾਰਾ ਸਿੰਘ ਨੂੰ ਲਿਖੀ ਸੀ ਕਿ “ਮੈਂ ਭਾਰਤੀ ਹਾਂ, ਮੈਂ ਇਸ ਜਾ ਉਸ ਧਾਰਮਿਕ ਫਿਰਕੇ ਦੀ ਗੱਲ ਨਹੀਂ ਕਰਦਾ”। ਇਸ ਉੱਤੇ ਭਰੋਸਾ ਕਰਕੇ ਮਾਸਟਰ ਤਾਰਾ ਸਿੰਘ ਨੇ ਮਾਸਟਰ ਸੁਜਾਨ ਸਿੰਘ (ਸਰਬ ਭਾਰਤੀ ਸਿੱਖ ਮਿਸ਼ਨ ਦੇ ਜਨਰਲ ਸੱਕਤਰ) ਨੂੰ ਗਾਂਧੀ ਕੋਲ ਭੇਜਿਆ। ਇਸ ਮਿਲਣੀ ਦੇ ਮੰਤਵ ਨੂੰ ਜਾਣਦਿਆਂ ਗਾਂਧੀ ਨੇ ਸੁਜਾਨ ਸਿੰਘ ਨੂੰ ਸਿਰਫ ਪੰਜ ਮਿੰਟ ਦਿੱਤੇ। ਉਨ੍ਹਾਂ ਵਿਚਕਾਰ ਇਸ ਤਰਾਂ ਗੱਲਬਾਤ ਹੋਈ:

ਸੁਜਾਨ ਸਿੰਘ: - ਤੁਹਾਨੂੰ ਅਛੂਤਾਂ ਦੇ ਸਿੱਖ ਬਣਨ ਵਿੱਚ ਕੋਈ ਇਤਰਾਜ਼ ਹੈ?

ਮਹਾਤਮਾ ਗਾਂਧੀ: - ਕੀ ਸਿੱਖ ਹਿੰਦੂ ਹੁੰਦੇ ਹਨ?

ਸੁਜਾਨ ਸਿੰਘ: - ਨਹੀਂ।

ਮਹਾਤਮਾ ਗਾਂਧੀ: - ਜੇ ਸਿੱਖ ਹਿੰਦੂ ਨਹੀਂ ਤਾਂ ਮੁਸਲਮਾਨ ਅਤੇ ਸਿੱਖ ਵਿੱਚ ਕੀ ਫਰਕ ਹੈ? ਜਦੋਂ ਅਛੂਤ ਹਿੰਦੂ ਨਹੀਂ ਰਹਿਣਾ ਚਾਹੁੰਦੇ ਤਾਂ ਉਹ ਸਿੱਖ ਭਲਾ ਕਿਉ ਬਣਨ? ਉਨ੍ਹਾਂ ਨੂੰ ਮੁਸਲਮਾਨ ਕਿਉ ਨਹੀਂ ਬਣਨਾ ਚਾਹੀਦਾ?

ਤਦ ਸੁਜਾਨ ਸਿੰਘ ਨੇ ਮਾ. ਤਾਰਾ ਸਿੰਘ ਨੂੰ ਲਿਖੀ ਚਿੱਠੀ ਵਲ ਧਿਆਨ ਦੁਆ ਕੇ ਕਿਹਾ ਕਿ ਕੋਈ ਸਿੱਖ ਹੋਵੇ, ਹਿੰਦੂ ਹੋਵੇ, ਮੁਸਲਮਾਨ ਹੋਵੇ ਤੁਹਾਨੂੰ ਇਸ ਨਾਲ ਕੀ ਫਰਕ ਪੈਂਦਾ, ਕਿਉਂਕਿ ਤੁਸੀਂ ਆਪਣੇ ਆਪ ਨੂੰ ਭਾਰਤੀ ਕਹਿੰਦੇ ਹੋ।

ਮਹਾਤਮਾ ਗਾਂਧੀ: - (ਥੋੜਾ ਖਿਝ ਕੇ) ਸਰਦਾਰ ਸਾਹਿਬ, ਮੇਰੇ ਕੋਲ ਹੋਰ ਵਕਤ ਨਹੀਂ।

ਸੁਜਾਨ ਸਿੰਘ: - ਤੁਸੀਂ ਪਖੰਡੀ ਹੋ। (ਪੰ. 216 ਇਤਿਹਾਸ ਵਿੱਚ ਸਿੱਖ – ਡਾ. ਸੰਗਤ ਸਿੰਘ)

ਇਸਦਾ ਭਾਵ ਕਿ ਗਾਂਧੀ ਸਿੱਖਾਂ ਦੀ ਵੱਖਰੀ ਹੋਂਦ ਨੂੰ ਝੱਲ ਨਹੀਂ ਸੀ ਸਕਦਾ।

ਪੱਤਰਕਾਰ ਵਿਸ਼ਾਲ ਜੀ ਪੰਜਾਬ ਟਾਈਮਜ਼ 25. 1. 2006 ਦੇ ਅੰਕ ਵਿੱਚ ‘ਰਾਸ਼ਟਰ ਪਿਤਾ’ ਦੇ ਨਿਕਾਬ ਪਿੱਛੇ ਲੁਕਿਆ ਕੂੜ ਕਪਟੀ ਚਿਹਰਾ। ਸਿਰਲੇਖ ਥੱਲੇ ਲਿਖਦੇ ਹਨ, “ਉਹ ਝੂਠ ਦਾ ਸਹਾਰਾ ਲੈਂਦਾ ਸੀ, ਸਰੀਰ ਤੇ ਦਿਲ ਦਾ ਕਮਜ਼ੋਰ ਅਤੇ ਮਾਨਸਿਕ ਤੌਰ ਤੇ ਬਿਮਾਰ ਵਿਅਕਤੀ ਸੀ। ਲੜਕੀਆਂ ਪ੍ਰਤੀ ਉਸਦੀ ਬਿਰਤੀ ਚਮਤਕਾਰੀ ਸੀ। ਕਹਿਣੀ ਤੇ ਕਰਨੀ ਦਾ ਕੱਚਾ, ਦੇਸ਼ ਤੋਂ ਮਰ ਮਿਟਣ, ਬਹਾਦੁਰ, ਅਣਖੀਲੇ ਦੇਸ਼ਭਗਤਾਂ ਦਾ ਨਿੰਦਕ ਰਿਹਾ। ਜੁਝਾਰੂਆਂ ਨੂੰ ਕਾਇਰ ਆਖਦਾ ਸੀ। ਜਿਨ੍ਹਾਂ ਸ਼ਹੀਦਾਂ ਕਰਕੇ ਅਸੀਂ ਅੱਜ ਅਜ਼ਾਦ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ ਉਹ ਉਨ੍ਹਾਂ ਦੀ ਸੋਚ ਦਾ ਵਿਰੋਧੀ ਸੀ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਉਹ ਦੇਸ਼ ਭਗਤ ਨਹੀਂ ਅੰਗਰੇਜ਼ ਭਗਤ ਸੀ। ਕੂੜ, ਕਪਟ, ਪਾਖੰਡਾਂ ਅਤੇ ਘਾਟਾਂ ਕਮਜ਼ੋਰੀਆਂ ਨਾਲ ਲੋਤ-ਪੋਤ ਸੀ। ‘ਮਜਬੂਰੀ ਦਾ ਦੂਜਾ ਨਾਂ ਮਹਾਤਮਾ ਗਾਂਧੀ’, ‘ਕਮਜ਼ੋਰੀ ਤੇਰਾ ਨਾਂ ਗਾਂਧੀ’, ਇਹ ਕਹਾਵਤਾਂ ਕੁੱਝ ਤੱਥਾਂ, ਮਸਲਿਆਂ ਦੇ ਅਧਾਰ ਤੇ ਹੀ ਬਣੀਆਂ ਹਨ ਅਤੇ ਦੁਹਰਾਈਆਂ ਜਾਂਦੀਆਂ ਹਨ।”

ਇਨ੍ਹਾਂ ਉਪਰੋਕਤ ਦੋਹਾਂ ਵਿਅਕਤੀਆਂ ਸੰਬੰਧੀ ਜੋ ਤੱਥ ਸਾਮ੍ਹਣੇ ਆਏ ਹਨ ਉਨ੍ਹਾਂ ਤੋਂ ਭਲੀ ਪ੍ਰਕਾਰ ਸਿੱਧ ਹੋ ਜਾਂਦਾ ਹੈ ਕਿ ਜੇ ਪੜ੍ਹੇ ਲਿਖੇ ਜੁਗ ਵਿੱਚ ਇਸ ਤਰਾਂ ਦੇ ਨਿੰਦਕ, ਕਪਟੀ, ਝੂਠੇ ਅਤੇ ਪੈਰ ਪੈਰ ਤੇ ਅਪਣੇ ਬਚਨਾਂ ਤੋਂ ਮੁਕਰਨ ਵਾਲੇ ਮਹਾਂ ਰਿਸ਼ੀ, ਧਰਮਾਤਮਾ ਅਤੇ ਮਹਾਤਮਾ ਬਣਾਏ ਜਾ ਸਕਦੇ ਹਨ, ਤਦ ਪਿਛਲੇ ਅਨਪੜ੍ਹਤਾ ਦੇ ਯੁਗ ਵਿੱਚ ਇਤਿਹਾਸਿਕ ਤਾਂ ਇੱਕ ਪਾਸੇ ਮਿਥਿਹਾਸਿਕ ਵਿਅਕਤੀ ਕਈ ਤਰਾਂ ਦੀਆਂ ਖਾਮੀਆਂ ਤੇ ਕਮਜ਼ੋਰੀਆਂ ਹੋਣ ਦੇ ਬਾਵਜੂਦ ਭੀ ਅਵਤਾਰ ਤੇ ਦੇਵੀ ਦੇਵਤੇ ਬਣਾਏ ਜਾ ਸਕਦੇ ਹਨ ਅਤੇ ਪ੍ਰਮਾਤਮਾਂ ਦੇ ਰੂਪ ਵਿੱਚ ਪੂਜੇ ਹੀ ਨਹੀਂ ਜਾ ਸਕਦੇ, ਉਨ੍ਹਾਂ ਵਿੱਚ ਯਕੀਨ ਨਾ ਰੱਖਣ ਵਾਲੇ ਹੋਰ ਲੋਕਾਂ ਨੂੰ ਉਨ੍ਹਾਂ ਨੂੰ ਮੰਨਣ ਤੇ ਪੂਜਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਇਹ ਹੀ ਤਾਂ ਹਿੰਦੋਸਤਾਨੀ ਤਾਲਿਬਾਨ (ਜਨ ਸਿੰਘ, ਆਰ. ਐਸ. ਅੇਸ, ਬਜਰੰਗ ਦਲ, ਸ਼ਿਵ ਸੈਨਾ ਆਦਿ) ਦਾ ਮੁਖ ਉਦੇਸ਼ ਹੈ ਕਿ ਹਰ ਹਿੰਦੋਸਤਾਨੀ, ਭਾਵੇਂ ਉਹ ਸਿੱਖ, ਈਸਾਈ, ਮੁਸਲਮਾਨ, ਬੋਧੀ, ਜੈਨੀ ਆਦਿ ਕੋਈ ਭੀ ਹੋਵੇ, ਇਨ੍ਹਾਂ ਅਵਤਾਰਾਂ, ਦੇਵੀ ਦੇਵਤਿਆਂ ਦੀ ਪੂਜਾ ਪ੍ਰਤਿਸ਼ਟਾ ਕਰੇ ਤੇ ਵਰਨ ਆਸ਼ਰਮ (ਜਾਤ ਵੰਡ) ਵਿੱਚ ਵਿਸ਼ਵਾਸ ਰੱਖੇ। ਜੇ ਨਹੀਂ, ਤਾਂ ਕੀ?

ਤਾਂ ਫਿਰ, (1) ਜਿਵੇਂ ਗੁਪਤ ਰਾਜ ਸਮੇਂ ਬੋਧੀਆਂ ਦੀ ਤਾਕਤ ਨੂੰ ਕਮਜ਼ੋਰ ਕਰਨ ਲਈ ਸਿਮ੍ਰਤੀਆਂ, ਪੁਰਾਣਾਂ ਅਤੇ ਹੋਰ ਗ੍ਰੰਥਾਂ ਵਿੱਚ ਬ੍ਰਾਹਮਣਵਾਦੀਆਂ ਨੇ ਮਹਾਤਮਾ ਬੁੱਧ ਤੇ ਬੋਧੀਆਂ ਵਿਰੁਧ ਘਿਰਣਾ ਦੀ ਮੁਹਿੰਮ ਸ਼ੁਰੂ ਕਰ ਦਿੱਤੀ, ਜਿਵੇਂ ਕਿ ਜੇ ਮੰਘੇਰ ਵਿੱਚ ਕਿਸੇ ਦੀ ਮੌਤ ਹੋਵੇ ਤਾਂ ਉਹ ਸਿੱਧਾ ਨਰਕ ਨੂੰ ਜਾਂਦਾ ਹੈ, ਕਿਉਂਕਿ ਮਹਾਤਮਾ ਬੁੱਧ ਜੀ ਨੇ ਮੰਘੇਰ ਵਿੱਚ ਸਰੀਰ ਤਿਆਗਿਆ ਸੀ। (2) ਜਿਵੇਂ ਪੰਜਵੀਂ ਸਦੀ ਵਿੱਚ ਬ੍ਰਾਹਮਣੀ ਰਾਜੇ ਸਾਸੰਕ ਨੇ ਪਾਟਲੀ ਪੁੱਤਰ ਵਿੱਚ ਮਹਾਤਮਾ ਬੁੱਧ ਦੇ ਚਰਨ-ਚਿੰਨ੍ਹ ਮਿਟਾ ਦਿੱਤੇ, ਬੁੱਧ ਜੀ ਦਾ ਉਪਾਸ਼ਨਾ ਵਾਲਾ ਬੋਧੀ ਬ੍ਰਿਸ਼ ਸਾੜ ਦਿਤਾ ਅਤੇ ਕਈ ਮੱਠ ਤਬਾਹ ਕਰ ਦਿੱਤੇ ਅਤੇ ਬੋਧੀਆਂ ਦੀ ਮਾਰ ਧਾੜ ਕਰਕੇ ਉਨ੍ਹਾਂ ਨੂੰ ਦੇਸ਼ ਛੱਡਣ ਤੇ ਮਜਬੂਰ ਕੀਤਾ ਅਤੇ (3) ਫਿਰ ਜੋ ਆਦਿ ਸੰਕਰ ਅਚਾਰੀਆ ਨੇ ਅੱਠਵੀਂ ਸਦੀ ਦੇ ਪਿਛਲੇ ਤੇ ਨੌਵੀਂ ਸਦੀ ਦੇ ਸ਼ੁਰੂ ਵਿੱਚ ਲੰਡੀ ਬੁੱਚੀ ਇਕੱਠੇ ਕਰਕੇ ਬੋਧੀਆਂ ਅਤੇ ਉਨ੍ਹਾਂ ਦੇ ਮਠਾਂ ਤੇ ਧਾਵੇ ਬੋਲ ਕੇ ਉਨ੍ਹਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੀ ਨਹੀਂ ਕੀਤਾ, ਬੋਧੀਆਂ ਨੂੰ ਦੇਸ਼ ਛੱਡਣ ਅਤੇ ਧਰਮ ਬਦਲ ਕੇ ਮੁਸਲਮਾਨ ਬਣਨ ਤੇ ਮਜਬੂਰ ਕਰ ਦਿੱਤਾ। ਇਹ ਉਸ ਬੁੱਧ ਧਰਮ ਨਾਲ ਕੀਤਾ ਗਿਆ ਜਿਸਨੇ ਲੋਕਾਂ ਨੂੰ ਵਰਨ ਵੰਡ ਦੇ ਕੋਹੜ ਤੋਂ ਛੁਟਕਾਰਾ ਦਵਾਇਆ ਸੀ। ਪਰ ਵਰਨ ਵੰਡ ਤੇ ਅਧਾਰਤ ਜਾਤ ਪਾਤ ਤਾਂ ਇਨ੍ਹਾਂ ਹਿੰਦੋਸਤਾਨੀ ਤਾਲਿਬਾਨ ਦੀ ਰੀੜ ਦੀ ਹੱਡੀ ਹੈ। ਇਹ ਹੀ ਨਹੀਂ ਨੀਰਦ ਸੀ. ਚੌਧਰੀ ਅਨੁਸਾਰ, “ਸਾਰੇ ਹਿੰਦੂ ਪ੍ਰਪੱਕ ਤੌਰ ਤੇ ਸਾਮਰਾਜਵਾਦੀ ਹਨ ਅਤੇ ਪੁਰਾਤਨ ਹਿੰਦੂਆਂ ਦੀ ਸੱਭ ਤੋਂ ਵੱਧ ਬਲਵਾਨ ਲਾਲਸਾ ਦੂਜਿਆਂ ਨੂੰ ਜਿੱਤਣ ਅਤੇ ਉਨ੍ਹਾਂ ਉੱਤੇ ਪ੍ਰਬਲ ਹੋਣ ਦੀ ਸੀ ਅਤੇ ਹੁਣ ਭੀ ਅਜਿਹਾ ਹੀ ਰਵੱਈਆ ਅਜੋਕੀ ਹਿੰਦੂ ਹਾਕਮ ਸ਼੍ਰੇਣੀ ਦਾ ਹੈ।” (ਪੰਨਾ 201, ਇਤਿਹਾਸ ਵਿੱਚ ਸਿੱਖ-ਡਾ. ਸੰਗਤ ਸਿੰਘ)

ਇਸ ਕਰਕੇ ਇੱਕ ਹੋਰ ਭੀ ਵੱਧ ਯਥਾਰਥੀ ਤੇ ਪ੍ਰਗਤੀਸ਼ੀਲ ਧਰਮ ਜੋ ਵਰਨ ਵੰਡ, ਛੂਤ ਛਾਤ, ਵਹਿਮਾਂ ਭਰਮਾਂ ਤੋਂ ਰਹਿਤ, ਕਿਰਤੀਆਂ ਤੇ ਸ਼ੂਦਰ ਸ਼੍ਰੇਣੀ ਨੂੰ ਗਲੇ ਲਾਉਣ ਵਾਲਾ, ਅਵਤਾਰਾਂ, ਦੇਵੀ ਦੇਵਤਿਆਂ ਦੀ ਥਾਂ ਇਕੋ ਇੱਕ ਪ੍ਰਮਾਤਮਾਂ ਤੇ ਵਿਸ਼ਵਾਸ ਰੱਖਣ ਵਾਲਾ ਧਰਮ, ਜੋ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਨਵੇਕਲੇ ਸਿਧਾਂਤ ਦੀ ਉਪਜ ਹੈ, ਇਨ੍ਹਾਂ ਭਾਰਤੀ ਤਾਲਿਬਾਨ ਦੀ ਹਿੱਕ ਵਿੱਚ ਕੰਡੇ ਵਾਂਗ ਚੁੱਭਣ ਲੱਗਾ। ਸੋ ਇਸ ਨੂੰ ਜੜੋਂ ਪੁੱਟਣ ਦੇ ਤਰੀਕੇ ਸ਼ੁਰੂ ਕਰ ਦਿੱਤੇ। ਹੱਥ ਤਾਕਤ ਨਾ ਹੁੰਦਿਆਂ ਭੀ ਕਈ ਵਾਰ ਕਾਫੀ ਨੁਕਸਾਨ ਕਰਵਾਇਆ। ਜਿਵੇਂ ਚੰਦੂ ਆਦਿ ਰਾਹੀਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ, ਪਹਾੜੀ ਰਾਜਿਆਂ ਦੀਆਂ ਝੂਠੀਆਂ ਕਸਮਾਂ ਤੇ ਮੁਗਲ ਹਾਕਮਾਂ ਨਾਲ ਮਿਲਕੇ ਗੁਰੂ ਸਾਹਿਬ ਤੇ ਹਮਲੇ, ਗੰਗੂ, ਸੁਚਾ ਨੰਦ, ਜਸਪਤ ਰਾਏ, ਲਖਪਤ ਰਾਏ ਆਦਿ। ਅਸਲੀ ਨੁਕਸਾਨ ਨਾ ਹੁੰਦਾ ਵੇਖ ਕੇ ਸਿਧਾਂਤ ਨੂੰ ਵਿਗਾੜਨ ਦਾ ਕਾਰਜ ਅਰੰਭਿਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਗੁਰੂ ਸਾਹਿਬਾਨ ਵਲੋਂ ਆਪ ਸੰਪਾਦਿਤ ਕੀਤਾ ਗਿਆ ਸੀ, ਉਸ ਨੂੰ ਤਾਂ ਵਿਗਾੜ ਨਾ ਸਕੇ। ਪਰ ਇਤਿਹਾਸ ਨੂੰ ਵਿਗਾੜਨ ਦੇ ਨਾਲ ਨਾਲ ਦਸਵੇਂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਥੋੜੀ ਬਹੁਤ ਬਾਣੀ ਜੋ ਗੁਰਸਿਖ ਪੜ੍ਹਦੇ ਸਨ ਤੇ ਬਚਿੱਤਰ ਨਾਟਿਕ ਵਿਚੋਂ ਸੀ, ਗੁਰੂ ਸਾਹਿਬ ਦੇ ਜੋਤੀ ਜੋਤਿ ਸਮਾਉਣ ਤੋਂ ਕਈ ਸਾਲ ਬਾਅਦ ਕਈ ਕਵੀਆਂ ਦੀਆਂ ਕਵਿਤਾਵਾਂ ਵਿੱਚ ਮਿਲਾ ਕੇ ਇੱਕ ਗ੍ਰੰਥ ਬਣਾ ਦਿੱਤਾ, ਜਿਸਦਾ ਨਾਂ ਦਸਮ ਗ੍ਰੰਥ ਰੱਖ ਦਿੱਤਾ ਅਤੇ ਭਾਈ ਮਨੀ ਸਿੰਘ ਦੇ ਨਾਂ ਲਾ ਦਿੱਤਾ ਕਿ ਭਾਈ ਸਾਹਿਬ ਨੇ ਸੰਪਾਦਿਤ ਕੀਤਾ ਹੈ। ਇਹ ਸਭ ਕੁਛ ਉਸ ਸਮੇਂ ਕੀਤਾ ਗਿਆ ਜਦ ਸਿੰਘ ਅਪਣੀ ਹੋਂਦ ਨੂੰ ਬਚਾਉਣ ਲਈ ਜੰਗਲਾਂ, ਪਹਾੜਾਂ ਤੇ ਰੇਗਿਸਤਾਨਾਂ ਵਿੱਚ ਦਿਨ ਕਟੀ ਕਰ ਰਹੇ ਸਨ। ਉਸ ਸਮੇਂ ਇਹ ਤਾਲਿਬਾਨ ਸਿੱਖੀ ਰੂਪ ਧਾਰ ਕੇ ਸਿੱਖ ਧਰਮ ਸਥਾਨਾਂ ਵਿੱਚ ਘੁਸ ਬੈਠੇ। ਇਥੋਂ ਬਿਪਰ ਵਾਦੀ ਰਸਮਾਂ ਸਿੱਖੀ ਵਿੱਚ ਘਸੋੜਨ ਤੇ ਸਿਧਾਂਤ ਨੂੰ ਵਿਗਾੜਨ ਦਾ ਕਾਰਜ ਕਰਨਾ ਹੋਰ ਭੀ ਸੁਖਾਲਾ ਹੋ ਗਿਆ। ਫਿਰ ਭੀ ਬਹੁਤ ਨੁਕਸਾਨ ਨਾ ਹੋਇਆਂ ਕਿਉਂਕਿ ਬਾਹਰ ਰਹਿੰਦੇ ਸਿੱਖ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਸੇਧ ਲੈਂਦੇ ਸਨ, ਜਿਸ ਸਦਕਾ ਅਪਣਾ ਰਾਜ ਭੀ ਕਾਇਮ ਕਰ ਲਿਆ। ਪਰ ਰਾਜ ਇਨ੍ਹਾਂ ਤਾਲਿਬਾਨ ਨੇ ਕਿੱਦਾਂ ਖਤਮ ਕੀਤਾ, ਸਭ ਜਾਣਦੇ ਹਨ। ਫਿਰ ਬਦੇਸ਼ੀ ਰਾਜ ਦੀ ਸ਼ਹਿ ਦੇ ਨਾਲ ਸਿੱਖੀ ਵਿੱਚ ਦੇਹਧਾਰੀ ਗੁਰੂ ਸ਼ੁਰੂ ਕਰਵਾ ਦਿੱਤੇ, ਜਿਸ ਨਾਲ ਸਿੱਖੀ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਪਰ ਫਿਰ ਭੀ ਗੁਰੂ ਸਾਹਿਬਾਨ ਦੇ ਸਿਧਾਂਤ ਤੇ ਪਹਿਰਾ ਦੇਣ ਵਾਲੀ ਥੋੜੀ ਗਿਣਤੀ ਨੇ ਕੋਈ ਪਰਵਾਹ ਨਾ ਕੀਤੀ। ਸਿੰਘ ਸਭਾ ਲਹਿਰ ਰਾਹੀਂ ਸਿੱਖੀ ਦੇ ਬੋਲ ਬਾਲੇ ਕਰ ਵਿਖਾਏ।

ਪਰ ਇਨ੍ਹਾਂ ਹੁਸ਼ਿਆਰ ਤਾਲਿਬਾਨ ਨੇ ਜਿਨ੍ਹਾਂ ਨੇ ਪਹਿਲਿਆਂ ਸਮਿਆਂ ਵਿੱਚ ਜਦੋਂ ਇਨ੍ਹਾਂ ਦੇ ਹੱਥ ਤਾਕਤ ਆਈ ਸੀ, ਭਾਵ ਉੱਪਰ ਲਿਖੇ ਵਾਂਗ ਗੁਪਤ ਵੰਸ ਅਤੇ ਰਾਜਾ ਸਾਸੰਕ ਦੇ ਰਾਜ ਕਾਲ ਦੌਰਾਨ ਬੋਧੀਆਂ ਤੇ ਕਹਿਰ ਢਾਏ ਸਨ, ਉਹੀ ਕੁਛ ਸਿੱਖ ਧਰਮ ਨਾਲ ਕਰਨ ਲਈ ਬਹੁਤ ਪਹਿਲਾਂ ਵਿਉਂਤ ਬਣਾ ਲਈ ਸੀ ਕਿ ਅਜ਼ਾਦੀ ਤੋਂ ਬਾਅਧ ਦਾ ਸਮਾਂ ਬਿਲਕੁਲ ਠੀਕ ਰਹੇਗਾ। ਸੋ ਚਲਾਕ ਬ੍ਰਾਹਮਣ ਪੰਡਤ ਨਹਿਰੂ ਨੇ ਬੜੀ ਹੁਸ਼ਿਆਰੀ ਨਾਲ ਇਹ ਭੂਮਿਕਾ ਨਿਭਾਈ। ਨਾ ਦੂਰ ਅੰਦੇਸ਼ ਅਤੇ ਸਭ ਤੇ ਵਿਸ਼ਵਾਸ਼ ਕਰਨ ਵਾਲੇ ਸਿੱਖ ਲੀਡਰਾਂ ਨੂੰ ਨਹਿਰੂ ਨੇ ਲਾਰਿਆਂ ਦੇ ਰੂਪ ਵਿੱਚ ਚੋਗਾ ਪਾ ਕੇ ਅਜ਼ਾਦੀ ਤੋਂ ਬਾਅਦ ਹਿੰਦੋਸਤਾਨ ਦਾ ਅੰਗ ਬਣੇ ਰਹਿਣ ਲਈ ਮਨਾ ਲਿਆ। ਇਸ ਪਿੱਛੇ ਕੀ ਡੂੰਘੀ ਚਾਲ ਸੀ, ਮਿਸਟਰ ਜਨਾਹ ਤਾਂ ਸਮਝ ਗਿਆਂ, ਪਰ ਸਿੱਖ ਆਗੂ ਮਿਸਟਰ ਜਨਾਹ ਦੇ ਕਹਿਣ ਤੇ ਭੀ ਨਾ ਸਮਝ ਸਕੇ। ਸੋ ਹਿੰਦੋਸਤਾਨੀ ਤਾਲਿਬਾਨ ਦੀ ਹੋਸ਼ ਦੁਆਰਾ ਘੜੀ ਨੀਤੀ ਵਰਤਣੀ ਸ਼ੁਰੂ ਹੋ ਗਈ। ਅਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਘੋਸ਼ਿਤ ਕਰ ਦਿੱਤਾ। ਸਿੱਖਾਂ ਲਈ ਲਾਰਿਆਂ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਹੁਣ ਸਮਾਂ ਬਦਲ ਗਿਆ ਹੈ। ਇਹ ਇਸ ਲਈ ਕਿ ਜਿਹੜਾ ਕੰਮ ਬਦੇਸ਼ੀ ਰਾਜ ਸਮੇਂ ਅਪਣੇ ਹੱਥ ਤਾਕਤ ਨਾ ਹੋਣ ਕਰਕੇ ਨਾ ਸੀ ਹੋ ਸਕਿਆ, ਹੁਣ ਆਸਾਨੀ ਨਾਲ ਹੋ ਸਕੇਗਾ। ਗ੍ਰਹਿ ਮੰਤਰੀ ਸ੍ਰੀ ਕਾਟਜੂ ਨੇ ਤਾਂ ਇਥੋਂ ਤਕ ਕਹਿ ਦਿੱਤਾ ਸੀ, “ਸਿੱਖਾਂ ਦਾ ਭਵਿੱਖ ਹੁਣ ਮੰਗ ਕਰਦਾ ਹੈ ਅਤੇ ਸਿਖ ਭਲਾਈ ਵੀ ਇਸੇ ਵਿੱਚ ਹੈ ਕਿ ਉਹ ਹੁਣ ਆਪਣੀ ਨਿਆਰੀ ਹੋਂਦ ਨੂੰ ਛੱਡ ਕੇ ਹਿੰਦੂ ਧਰਮ ਦੀ ਸਰਬ-ਪੱਖੀ ਜਮਹੂਰੀਅਤ ਵਿੱਚ ਸ਼ਾਮਲ ਹੋ ਜਾਣ।” (ਪੰਨਾ 48, ਤਬੈ ਰੋਸ ਜਾਗਯੋ ਲਿਖਤ ਡਾ. ਸੁਖਪ੍ਰੀਤ ਸਿੰਘ ਉਦੋਕੇ)। ਹਿੰਦੋਸਤਾਨੀ ਵਿਧਾਨ ਵਿੱਚ ਭੀ ਮੱਲੋ ਮੱਲੀ ਲਿਖ ਦਿੱਤਾ ਕਿ ਸਿੱਖ ਹਿੰਦੂ ਹਨ। ਕਿਸੇ ਵੇਲੇ ਅੰਗਰੇਜ ਸਰਕਾਰ ਦੀ ਖੁਫਿਆ ਏਜੰਸੀ ਦੇ ਖਾਸ ਮੈਂਬਰ ਮਿਸਟਰ ਡੀ. ਪੈਟਰੀ ਨੇ ਭੀ ਲਿਖਿਆ ਸੀ ਕਿ “ਹਿੰਦੂ ਵਰਤਾਰਾ ਸਦਾ ਹੀ ਸਿੱਖ ਧਰਮ ਦੀ ਹੇਠੀ ਕਰਨ ਵਾਲਾ ਰਿਹਾ ਹੈ ਅਤੇ ਇਨ੍ਹਾਂ ਦਾ ਕੰਮ ਸਿੱਖਾਂ ਦੇ ਬੱਚਿਆਂ ਨੂੰ ਅਮ੍ਰਿਤ ਛਕਣ ਤੋਂ ਰੋਕਣ ਅਤੇ ਸਿਖੀ ਵਲ ਕੰਡ ਕਰਨ ਦੀ ਪ੍ਰੇਰਨਾ ਦਿੰਦਾ ਰਿਹਾ ਹੈ।”

ਹੁਣ ਸਿੱਖ ਸਿਧਾਂਤ ਅਤੇ ਇਤਿਹਾਸ ਨੂੰ ਵਿਗਾੜਨ ਦਾ ਕੰਮ ਜਸਟਿਸ ਰਾਨਾਡੇ ਅਤੇ ਸਵਾਮੀ ਵਿਵੇਕਾਨੰਦ ਦੀ ਸੋਚ ਜਿਸਨੂੰ ਰਬਿੰਦਰ ਨਾਥ ਟੈਗੋਰ (ਭਾਵੇਂ ਉਹ ਇਤਿਹਾਸਕ ਵਿਸ਼ੇ ਤੋਂ ਬਿਲਕੁਲ ਕੋਰਾ ਸੀ) ਨੇ ਭੀ ਠੀਕ ਸਮਝਿਆ, ਅਨੁਸਾਰ ਸ਼ੁਰੂ ਕੀਤਾ ਗਿਆ। ਸਕੂਲੀ ਸਲੇਬਸ ਵਿੱਚ ਭੀ ਸਿਖ ਗੁਰੂ ਸਾਹਿਬਾਨ, ਸਿੱਖ ਸਿਧਾਂਤ ਤੇ ਇਤਿਹਾਸ ਨੂੰ ਤ੍ਰੋੜ ਮ੍ਰੋੜ ਕੇ ਪੇਸ਼ ਕੀਤਾ ਜਾਣ ਲੱਗਾ। ਦੇਹਧਾਰੀ ਗੁਰੂ ਡੰਮ ਨੂੰ ਖਾਸ ਉਤਸ਼ਾਹ ਦਿੱਤਾ ਗਿਆ। ਨਿਰੰਕਾਰੀਆਂ ਰਾਹੀਂ ਜੋ 1978 ਦੀ ਵੈਸਾਖੀ ਤੇ ਕਰਵਾਇਆ ਗਿਆ, ਕੋਈ ਲੁਕੀ ਛੁਪੀ ਗੱਲ ਨਹੀਂ। “ਸ੍ਰੋਮਣੀ ਕਮੇਟੀ ਤੇ ਧਰਮ ਪ੍ਰਚਾਰ ਕਮੇਟੀ ਵਿੱਚ ਨਾਸਤਕਾਂ ਤੋਂ ਇਲਾਵਾਂ ਹਿੰਦੂਤਵ ਦੇ ਹਾਮੀ ਭਰੇ ਪਏ ਹਨ, ਤਾਕਿ ਸੱਖ ਧਰਮ ਤੇ ਸਿੱਖ ਇਤਿਹਾਸ ਜਿਹੜਾ ਕਿ ਤੱਤ ਖਾਲਸਾ ਸਪਿਰਟ ਤੋਂ ਲਿਖਿਆ ਗਿਆ ਹੈ, ਨੂੰ ਸਿੱਖ ਕੌਮ ਅੱਗੇ ਸਿੱਧੇ ਤੌਰ ਤੇ ਨਾ ਆਉਣ ਦਿੱਤਾ ਜਾਵੇ।” (ਪੰ. XVII ਇਤਿਹਾਸ ਵਿੱਚ ਸਿੱਖ-ਡਾ. ਸੰਗਤ ਸਿੰਘ)। 1984 ਵਿੱਚ ਦਰਬਾਰ ਸਾਹਿਬ ਤੇ ਹਮਲਾ ਭਾਵੇਂ ਬੀਬੀ ਇੰਦਰਾ ਗਾਂਧੀ (ਜਿਸਨੂੰ ਦੁਰਗਾ ਦੇਵੀ ਤੱਕ ਕਿਹਾ ਗਿਆ) ਵਲੋਂ ਕਰਵਾਇਆ ਗਿਆ, ਪਰ ਕੱਟੜ ਹਿੰਦੂਤਵ ਸੋਚ ਵਾਲੇ ਮਿਸਟਰ ਐਡਵਾਨੀ ਅਤੇ ਪਾਰਟੀ ਆਪ ਮੰਨਦੇ ਹਨ ਕਿ ਉਨ੍ਹਾਂ ਦੇ ਕਹੇ ਤੇ ਇਹ ਹਮਲਾ ਕੀਤਾ ਗਿਆ, ਉਹ ਤਾਂ ਸਗੋਂ ਛੇ ਮਹੀਨ ਪਹਿਲਾਂ ਇਹ ਕਦਮ ਚੁੱਕ ਹੋਣਾ ਚਾਹੁੰਦੇ ਸਨ। ਹਮਲੇ ਤੋਂ ਪਹਿਲਾਂ ਬਿਨਾਂ ਹਮਲਾ ਕੀਤੇ ਇਨ੍ਹਾਂ ਨੇ ਸਿੱਖੀ ਵਿੱਚ ਘੁਸ ਬੈਠਿਆਂ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮੇਸ਼ ਜੀ ਵਲੋਂ ਬਣਾਏ ਕਈ ਕਿਲ੍ਹੇ ਢੁਆ ਕੇ ਉਨ੍ਹਾਂ ਦੀ ਥਾਂ ਸੰਗੇ ਮਰ ਮਰ ਦੇ ਗੁਰਦੁਆਰੇ ਬਣਵਾ ਦਿੱਤੇ। ਇਸੇ ਤਰਾਂ ਚਮਕੌਰ ਦੀ ਗੜ੍ਹੀ, ਸਰਹਿੰਦ ਵਿਖੇ ਠੰਡਾ ਬੁਰਜ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੀ ਕੰਧ ਢੁਆਏ। ਕੀ ਡੂੰਘੀ ਚਾਲ ਹੈ ਇਹ! ਬੀਬੀ ਇੰਦਰਾ ਦੇ ਕਤਲ ਤੋਂ ਬਾਅਦ ਸਿੱਖਾਂ ਦੀ ਨਸਲ-ਕੁਸ਼ੀ ਵਾਲਾ ਕਤਲਿਆਮ ਹਿੰਦੂਤਵ ਸੋਚ ਦੇ ਧਾਰਨੀ ਤਾਲਿਬਾਨ ਟਾਈਟਲਰ ਤੇ ਸੱਜਨ ਕੁਮਾਰ ਆਦਿ ਦੀ ਸ੍ਰਕਾਰੀ ਸ਼ਹਿ ਨਾਲ ਕਰਵਾਇਆ ਗਿਆ।

ਸੰਖੇਪ ਵਿੱਚ ਰਹਿੰਦਿਆਂ ਅੰਤ ਵਿੱਚ ਨਿਮਨ ਲਿਖਤ ਇਨ੍ਹਾਂ ਕੱਟੜ ਪੰਥੀ ਭਾਰਤੀ ਤਾਲਿਬਾਨ ਦੀ ਸੋਚਣੀ ਤੇ ਕਰਤੱਵ ਨੂੰ ਚੰਗੀ ਤਰਾਂ ਨੰਗਾ ਕਰਦੀ ਹੈ। ਕੁੱਝ ਸਾਲ ਪਹਿਲਾਂ ਇਨ੍ਹਾਂ ਵਲੋਂ 32 ਮੱਦਾਂ ਵਾਲਾ ਇੱਕ ਗੁਪਤ ਪੱਤਰ ਅਪਣੇ ਕਾਰਕੁੰਨਾਂ ਨੂੰ ਭੇਜਿਆ ਸੀ। ਉਸ ਵਿੱਚ ਬੜੇ ਘਨਾਉਣੇ ਢੰਗ ਵਰਤਕੇ ਘੱਟ ਗਿਣਤੀਆਂ ਸਿੱਖ, ਦਲਿਤਾਂ, ਮੁਸਲਮਾਨ ਆਦਿ ਨੂੰ ਖਤਮ ਕਰਨ ਲਈ ਹੁਕਮ ਕੀਤੇ ਗਏ ਹਨ। ਜਿਵੇਂ ਇਨ੍ਹਾਂ ਸ਼੍ਰੇਣਿਆਂ ਦੇ ਨਵ ਜਨਮੇਂ ਬੱਚਿਆਂ ਨੂੰ ਅਪਾਹਿਜ ਬਣਾਉਣ ਦੇ ਟੀਕੇ ਲਗਾਉਣਾ, ਮਿਆਦ ਮੁੱਕੀਆਂ ਦਵਾਈਆਂ ਦੇਣਾ, ਨੌਜਵਾਨਾਂ ਨੂੰ ਜਾਇਜ਼, ਨਾਜਾਇਜ਼ ਸ਼ਰਾਬ, ਨਸ਼ੀਲੇ ਪਦਾਰਥ, ਜੂਆ ਲਾਟਰੀ ਆਦਿ ਦੇ ਆਦੀ ਬਣਾਉਣਾ ਤੇ ਗੰਦਾ ਸਾਹਿਤ ਵੰਡਣਾ, ਅਪਣੇ ਇਤਿਹਾਸ ਨੂੰ ਮੁੜ ਅਪਣੇ ਹੱਕ ਵਿੱਚ ਲਿਖਣਾ ਤੇ ਹੋਰਨਾਂ ਦੇ ਇਤਿਹਾਸ ਨੂੰ ਬਿਲਕੁਲ ਗਲਤ ਲਿਖਣਾ ਅਤੇ ਹੋਰ ਬਹੁਤ ਕੁਛ। (ਪੰ. 582- ਤਬੈ ਰੋਸ ਜਾਗਯੋ – ਡਾ ਸੁਖਪ੍ਰੀਤ ਸਿੰਘ ਉਦੋਕੇ)। ਇਸ ਤੋਂ ਪਹਿਲਾਂ ਨਵੰਬਰ 1982 ਵਿੱਚ ਇੱਕ ਛੇ ਸਫਿਆਂ ਦਾ ਪਰਚਾ ਇਨ੍ਹਾਂ ਤਾਲਿਬਾਨ ਬਨਾਮ ਭਾਈ ਮਤੀ ਦਾਸ ਸਮਾਰਕ ਸੰਮਤੀ ਰਜਿਸਟਰਡ ਦਿੱਲੀ ਵਲੋਂ ਭਾਈ ਮਤੀ ਦਾਸ, ਭਾਈ ਦਇਆਲ ਦਾਸ, ਭਾਈ ਸਤੀ ਦਾਸ ਅਤੇ ਮਹਾਰਾਜਾ ਗੁਰਬਖਸ਼ ਸਿੰਘ (ਬੰਦਾ ਬਹਾਦੁਰ) ਵੈਰਾਗੀ ਸਭ ਨੂੰ ਹਿੰਦੂ ਜ਼ਾਹਰ ਕਰਦਾ ਵੰਡਿਆ ਗਿਆ ਅਤੇ ਉਸ ਵਿੱਚ ਹੋਰ ਬਹੁਤ ਕੁਛ ਸਿਖੀ ਤੇ ਗੁਰੂ ਸਾਹਿਬਾਨ ਵਿਰੁਧ ਲਿਖਿਆ ਗਿਆ। ਭਾਰਤ ਦੇ ਸਿਰ ਕੱਢ ਦਲਿਤ ਲੇਖਕ ਅਤੇ ਰੌਸ਼ਨ ਦਿਮਾਗ ਆਗੂ ਸ੍ਰੀ ਐਸ. ਐਲ ਸਾਗਰ ਜੀ ਦਲਿਤ ਵੀਰਾਂ ਨੂੰ ਬਿਪਰਵਾਦ ਤੋਂ ਬਚਣ ਵਾਸਤੇ ਕਈ ਸੁਝਾ ਦਿੱਤੇ ਹਨ ਜੋ ਲੋਕਾਂ ਨੂੰ ਵਹਿਮਾਂ, ਭਰਮਾਂ ਤੇ ਕਰਮ ਕਾਂਡ ਦੀ ਦਲਦਲ ਵਿੱਚ ਫਸਾਉਂਦੇ ਹਨ ਤੇ ਖਾਸ ਕਰਕੇ ਦਲਿਤਾਂ ਨੂੰ ਇਹ ਸਮਝਾਉਂਦੇ ਹਨ ਕਿ “ਦਲਿਤਾਂ ਉਪਰ ਅਤਿਆਚਾਰ ਮੁਸਲਮਾਨਾਂ, ਸਿੱਖਾਂ ਅਤੇ ਈਸਾਈਆਂ ਨੇ ਨਹੀਂ ਕੀਤੇ ਸਗੋਂ ਸਵਰਨ ਹਿੰਦੂਆਂ ਨੇ ਹੀ ਕੀਤੇ ਹਨ। ਦਲਿਤਾਂ ਨੂੰ ਸਿੱਖਾਂ ਆਦਿ ਨਾਲ ਵਧੀਆ ਸੰਬੰਧ ਕਇਮ ਕਰਨੇ ਚਾਹੀਦੇ ਹਨ।” (ਹਿੰਦੂ ਮਾਨਸਿਕਤਾ) ਇਸ ‘ਹਿੰਦੂ ਮਾਨਸਿਕਤਾ’ ਪੁਸਤਕ ਵਿੱਚ ਸਾਗਰ ਜੀ ਇਨ੍ਹਾਂ ਕੱਟੜ ਪੰਥੀ ਆਰ. ਐਸ. ਐਸ (ਤਾਲਿਬਾਨ) ਬਾਰੇ ਬੜੇ ਪਤੇ ਦੀਆਂ ਗੱਲਾਂ ਲਿਖਦੇ ਹਨ, ਜਿਨਾਂ ਵਿਚੋਂ ਸਿਰਫ ਇੱਕ ਹੀ ਕਾਫੀ ਹੈ “ਹਿੰਦੀ ਗਊ ਹੱਤਿਆ ਦਾ ਵਿਰੋਧ ਕਰਦਾ ਹੈ ਅਤੇ ਗਊ ਹੱਤਿਆ ਨੂੰ ਨਿਖੱਧ ਕਰਮ ਦੱਸ ਕੇ ਉਸ ਦੀ ਵਕਾਲਤ ਕਰਦਾ ਹੈ। ਪਰੰਤੂ ਅਸਲ ਵਿੱਚ ਉਹ ਸਭ ਤੋਂ ਵੱਡਾ ਗਊ ਹਤਿਆਰਾ ਅਤੇ ਗਊ ਮਾਸ ਅਤੇ ਚਰਬੀ ਦਾ ਸਭ ਤੋਂ ਵੱਡਾ ਉਪਭੋਗਤਾ ਹੈ। ਦੇਸ ਵਿੱਚ ਗਊ ਚਰਬੀ ਦਾ ਵਿਵਾਦ ਚੱਲਿਆ ਤੇ ਪ੍ਰੀਖਣ ਤੋਂ ਬਾਅਦ ਵਨਸਪਤੀ ਘਿਉ ਵਿੱਚ ਚਰਬੀ ਮਿਲੀ। ਜਿਸ ਲਈ ਦਿਲੀ ਦਾ ਮਾਰਵਾੜੀ ਬਾਣੀਆ ਸੀ ਜੋ ਆਰ. ਐਸ. ਐਸ. ਦਾ ਮੈSਬਰ ਕੱਟੜ ਹਿੰਦੂ ਅਤੇ ਗਊ ਮਾਤਾ ਦਾ ਪੁਜਾਰੀ ਸੀ (ਪੰ. 12) ਇਸ ਕਰਕੇ ਹੀ ਇਸੇ ਪੁਸਤਕ ਦੇ ਪੰਨਾਂ 3 ਤੇ ਲਿਖਦੇ ਹਨ ਕਿ “ਦਲਿਤ ਅਤੇ ਘੱਟ ਗਿਣਤੀ ਲੋਕ ਹਿੰਦੂ ਨਹੀਂ ਹਨ ਅਤੇ ਨਾ ਹਿੰਦੂ ਕਹਾਉਣਾ ਪਸੰਦ ਕਰਦੇ ਹਨ”। ਠੀਕ ਹੀ ਹੋਰਨਾਂ ਨੂੰ ਅਪਣੇ ਆਪ ਨੂੰ ਹਿੰਦੂ ਕਹਾਉਣਾ ਚਾਹੀਦਾ ਹੀ ਨਹੀਂ ਕਿਉਂਕਿ ਨਿਰਾਧ ਚੌਧਰੀ ਅਨੁਸਾਰ, “ਦੇਸ਼ ਵਿੱਚ ਵਰਤਮਾਨ ਬੇਚੈਨੀ, ਫਿਰਕੂ ਦੰਗਿਆਂ ਅਤੇ ਮੰਦ ਭਾਵਨਾ ਦਾ ਮੂਲ ਕਾਰਨ ਹਿੰਦੂ ਦਾ ਦੇਸ਼ ਦੀਆਂ ਬਾਕੀ ਜਾਤੀਆਂ ਪ੍ਰਤਿ ਬਦਲਾ ਲਊ ਆਕ੍ਰਮਣਕਾਰੀ ਵਤੀਰਾ ਹੈ, ਜਿਹੜਾ ਕਿ ਉਹਨਾਂ ਨੇ ਲੰਮੇ ਸਮੇਂ ਦੀ ਗੁਲਾਮੀ ਤੋਂ ਬਾਅਦ ਸਹਿਜੇ ਹੀ ਰਾਜ ਸੱਤਾ ਮਿਲਣ ਸਦਕਾ ਅਪਣਾ ਲਿਆ ਹੈ”। ਖਾਸ ਕਰਕੇ ਸਿੱਖ ਤਾਂ ਹਿੰਦੂ ਹਨ ਹੀ ਨਹੀਂ, ਕਿਉਂਕਿ “ਜੇਕਰ ਗੁਰੂ ਜੀ ਹਿੰਦੂ ਰਹਿਣਾ ਪਸੰਦ ਕਰਦੇ ਤਾਂ ਉਹ ‘ਹਿੰਦੂ ਤੁਰਕ ਤੇ ਰਹੈ ਨਿਆਰਾ’, ਹਿੰਦੂ ਅਤੇ ਮੁਸਲਮਾਨ ਤੋਂ ਵੱਖਰਾ ਕਰਨ ਵਾਲਾ ਉਪਦੇਸ਼ ਆਪਣੇ ਸਿੱਖਾ ਨੂੰ ਨਾ ਦਿੰਦੇ (ਪੰ. 35 – ਸਰਵੋਤਮ ਧਰਮ ਖਾਲਸਾ ਪੰਥ – ਸ੍ਰੀ ਸਵਾਮੀ ਰਾਮ ਤੀਰਥ ਜੀ ਦੰਡੀ ਸੰਨਿਆਸੀ)

ਪਰ ਇਨ੍ਹਾਂ ਭਾਰਤੀ ਤਾਲਿਬਾਨ ਨੇ ਜਿਸ ਤਰਾਂ ਕਿਸੇ ਸਮੇਂ ਬੁੱਧ ਧਰਮ ਨੂੰ ਤਰਾਂ ਤਰਾਂ ਦੇ ਹਰਬੇ ਵਰਤ ਕੇ ਹਰ ਪੱਖੋਂ ਨਿੱਸਲ ਕਰਕੇ ਅਪਣੇ ਵਿੱਚ ਜਜ਼ਬ ਕਰ ਲਿਆ ਐਨ ਉਸ ਹੀ ਤਰਾਂ ਸਿੱਖੀ ਨੂੰ ਖਾਸ ਕਰਕੇ ਅਤੇ ਹੋਰ ਸਭ ਘਟ ਗਿਣਤੀਆਂ ਨੂੰ ਅਪਣੇ ਵਿੱਚ ਜਜ਼ਬ ਕਰਨ ਦੇ ਘਟੀਆ ਤੋਂ ਘਟੀਆ ਅਤੇ ਘਨਾਉਣੇ ਢੰਗ ਵਰਤ ਰਹੇ ਹਨ। ਵੰਨਗੀ ਵਜੋਂ ਦੇਖੋ “ਤਬੈ ਰੋਸ ਜਾਗਯੋ” -ਡਾ. ਸੁਖਪ੍ਰੀਤ ਸਿੰਘ ਉਦੋਕੇ ਪੰਨਾਂ 448 ਅਤੇ 449 ਦੇ ਵਿਚਕਾਰ ਦਿੱਤੀਆਂ ਫੋਟੋ ਤੇ ਇਸ਼ਤਿਹਾਰ “ਅਗਰ ਇਸ ਦੇਸ਼ ਮੇਂ ਰਹਿਣਾ ਹੋਗਾ, ਹਿੰਦੂ ਹਿੱਤ ਮੇਂ ਕਹਿਣਾ ਹੋਗਾ” ਜ਼ਿਲਾ ਪ੍ਰਮੁੱਖ ਹਰੀਸ਼ ਸ਼ਰਮਾ (ਹਿੰਦੂ ਸੁਰੱਖਿਆ ਸਮਿਤੀ) “ਪਿਛਲਝਾਤ ਇਹ ਦਰਸਾੳਂਦੀ ਹੈ ਕਿ ਹਿੰਦੂ ਮੱਤ ਲਈ ਬੁਧ ਧਰਮ ਨੂੰ ਖਤਮ ਕਰਨ ਦੇ ਕੋਈ ਲਾਹਵੰਦ ਸਿੱਟੇ ਨਹੀਂ ਨਿਕਲੇ। ਖਰਚ ਅਤੇ ਲਾਭ ਦਾ ਅਨੁਪਾਤ ਘਾਟੇਵੰਦੀ ਰਿਹਾ ਹੈ। ਪਰ ਹਿੰਦੂਆਂ ਨੇ ਇਤਿਹਾਸ ਤੋਂ ਇੱਕ ਗੱਲ ਸਿੱਖੀ ਹੈ ਕਿ ਉਹ ਕੁੱਝ ਭੀ ਨਹੀਂ ਸਿੱਖ ਸਕਦੇ।” ( ‘ਇਤਿਹਾਸ ਵਿੱਚ ਸਿੱਖ’ - ਡਾ ਸੰਗਤ ਸਿੰਘ – ਪੰਨ 11) ਡਾਕਟਦ ਸਾਹਿਬ ਦੀ ਇਹ ਗੱਲ ਬਿਲਕੁਲ ਠੀਕ ਹੈ ਕਿਉਂਕਿ ਹੁਣ ਇਹ ਤਾਲਿਬਾਨ ਉਸ ਮਹਾਨ ਧਰਮ (ਸਿੱਖ ਧਰਮ) ਨੂੰ ਖਤਮ ਕਰਨਾ ਚਾਹੁੰਦੇ ਹਨ ਜਿਸ ਨੇ ਅਪਣੇ ਸ਼ੁਰੂ ਤੋਂ ਪੈਰ ਪੈਰ ਤੇ ਇਨ੍ਹਾਂ ਦੀ ਰਾਖੀ ਕਰ ਕਰਕੇ ਆਖਰ ਵੱਧ ਤੋਂ ਵੱਧ ਖੂਨ ਡੋਲ੍ਹ ਕੇ ਇਨ੍ਹਾਂ ਅਕ੍ਰਿਤ ਘਣਾਂ ਦੇ ਹੱਥ ਅਜ਼ਾਦੀ ਦੀ ਦੇਵੀ ਬਿਨਾਂ ਸੋਚ ਸਮਝੇ ਸੌਂਪ ਦਿੱਤੀ। ਡਾਕਟਰ ਉਦੋਕੇ ਦੀ ਇਹ ਕਿਤਾਬ “ਤਬੈ ਰੋਸ ਜਾਗਯੋ” ਸਿੱਖਾਂ ਨੂੰ ਖਾਸ ਕਰਕੇ ਅਤੇ ਸਭ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ, ਜੋ ਭਾਰਤੀ ਤਾਲਿਬਾਨ ਦੇ ਅਤਿਵਾਦ ਦੇ ਨੰਗੇ ਨਾਚ ਨੂੰ ਚੰਗੀ ਤਰਾਂ ਨੰਗਾ ਕਰਦੀ ਹੈ।

ਅੰਤ ਵਿੱਚ ਸਿੱਖੀ ਨੂੰ ਹਿੰਦੂਤਵ ਵਿੱਚ ਜਜ਼ਬ ਕਰਨ ਦੇ ਜੋ ਇਹ ਹਰਬੇ ਵਰਤ ਰਹੇ ਹਨ ਇੱਕ ਖਾਸ ਦਾ ਜਿਕਰ ਜਰੂਰੀ ਹੈ। ਜਗਤ ਗੁਰੂ ਸ੍ਰੀ ਗੁਰੂ ਗੰਥ ਸਾਹਿਬ ਜੀ ਜੀਵਨ ਦਾ ਅਸਲੀ ਉੱਦੇਸ਼ ਤੇ ਉਸ ਉਦੇਸ਼ ਦੀ ਪ੍ਰਾਪਤੀ ਲਈ ਅਸਲੀ ਤੇ ਵਡਮੁੱਲੀ ਸਿੱਖਿਆ ਪ੍ਰਦਾਨ ਕਰਦੇ ਹਨ। ਇਨ੍ਹਾਂ ਤਾਲਿਬਾਨ ਰਾਹੀਂ ਕਲਪਤ ਅਵਤਾਰਾਂ, ਦੇਵੀ ਦੇਵਤਿਆਂ ਅਤੇ ਉਨ੍ਹਾਂ ਦੀ ਪੂਜਾ ਸੰਬੰਧੀ ਕਰਮ ਕਾਂਡ ਭਰੀਆਂ ਵਿਅਰਥ ਰਸਮਾਂ ਆਦਿ ਨੂੰ ਚੰਗੀ ਤਰਾਂ ਨੰਗਾ ਕਰਦੇ ਹਨ ਅਤੇ ਸਿੱਖਾਂ ਨੂੰ ਇਸ ਦਲਦਲ ਵਿੱਚ ਫਸਣ ਦੀ ਥਾਂ ਇੱਕ ਪ੍ਰਮਾਤਮਾ ਦੀ ਪੂਜਾ ਦਾ ਉਪਦੇਸ਼ ਕਰਦੇ ਹਨ। ਪਰ ਇਹ ਤਾਲਿਬਾਨ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਥਾਂ ਦਸਮ ਗ੍ਰੰਥ ਨਾਲ ਜੋੜ ਕੇ ਇਨ੍ਹਾਂ ਵਾਂਗ ਹੀ ਕਰਮ ਕਾਂਡ ਅਤੇ ਦਸਮ ਗ੍ਰੰਥ ਵਿੱਚ ਦਰਸਾਏ ਅਵਤਾਰਵਾਦ ਦੀ ਦਲਦਲ ਵਿੱਚ ਫਸਾ ਕੇ ਅਸਲੀ ਗਾਡੀ ਰਾਹ ਤੋਂ ਉਤਾਰਨਾ ਚਾਹੁੰਦੇ ਹਨ। ਇਨ੍ਹਾਂ ਦੇ ਇਸ ਕਾਰਜ ਵਿੱਚ ਅੱਜ ਸਾਧ ਡੇਰੇ ਇਨ੍ਹਾਂ ਦਾ ਸਾਥ ਦੇ ਰਹੇ ਹਨ ਅਤੇ ਸਿੱਖਾਂ ਨੂੰ ਜੌ “ਸਿੱਖੀ ਸਿੱਖਿਆ ਗੁਰਿ ਵੀਚਾਰ” ਅਨੁਸਾਰ ਸਿੱਖੀ ਦੀ ਮੁਢਲੀ ਸ਼ਰਤ ਹੈ। ਗੁਰਬਾਣੀ ਤੋਂ ਦੂਰ ਕਰਨ ਲਈ ਕੀਰਤਨ ਦੀ ਥਾਂ ਚਿਮਟਿਆਂ ਢੋਲਕੀਆਂ ਨਾਲ ਅਪਣੇ “ਮਨ ਘੜੇ ਗੀਤਾਂ ਦਾ ਕੀਰਤਨ” ਕਰਕੇ ਅਤੇ ਗੁਰਬਾਣੀ ਨੂੰ ਸੁਣੀ ਅਤੇ ਵਿਚਾਰ ਕਰਨ ਤੋਂ ਬਿਨਾਂ ਇਕੋ ਥਾਂ ਤੇ ਹੀ ਇਕੋਤਰ ਸੌ ਅਖੰਡ ਪਾਠ ਮੂੰਹਾਂ ਤੇ ਠਾਠੇ ਬੰਨ ਕੇ ਕਈ ਤਰਾਂ ਦੀਆਂ ਬਿਧੀਆਂ ਦੇ ਪਾਠਾਂ ਦੀਆਂ ਲੜੀਆਂ ਚਲਾ ਰਹੇ ਹਨ ਜਿਨ੍ਹਾਂ ਨੂੰ ਕੋਈ ਸੁਣਦਾ ਨਹੀਂ ਤੇ ਵਿਚਾਰ ਫਿਰ ਕੀ ਕਰਨਾ ਹੈ?

ਇਹ ਤਾਲਿਬਾਨ ਭਾਵੇਂ ਕੋਈ ਪਾਰਟੀ ਹੋਵੇ ਹਿੰਦੂ ਤਵ ਨੂੰ ਮੋਹਰੇ ਰੱਖਦੇ ਹਨ। ਅਤੇ ਕੋਈ ਭੀ ਇਨ੍ਹਾਂ ਦੀ ਕਿਸੇ ਗਲਤ ਨੀਤੀ ਬਾਰੇ ਮੂੰਹ ਖੋਲੇ ਉਸ ਨੂੰ ਵੱਧ ਤੋਂ ਵੱਧ ਸਜ਼ਾ ਭੁਗਤਣ ਲਈ ਧਮਕੀਆਂ ਤੱਕ ਦਿੰਦੇ ਹਨ। ਇਹ ਹੀ ਕਾਰਨ ਹੈ ਕਿ ਬਹੁਤ ਘੱਟ ਲੋਕ ਇਨ੍ਹਾਂ ਦੇ ਗਲਤ ਕੰਮਾਂ, ਬੇਇਨਸਾਫੀਆਂ ਆਦਿ ਵਿਰੁਧ ਬੋਲਣ ਦਾ ਹੀਆ ਕਰਦੇ ਹਨ। ਤਾਜ਼ੀ ਮਿਸਾਲ ਹੀ ਲਈ ਜਾਵੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਥ ਪ੍ਰਸਿੱਧ ਟੀਕਾ ਕਾਰ ਦੀ ਦੋਹਤੀ ਡਾਕਟਰ ਹਰਸ਼ਿੰਦਰ ਕੌਰ ਨੇ ਜਨੇਵਾ ਵਿਖੇ ਪੰਜਾਬੀ ਵਿੱਚ (ਅੰਗ੍ਰੇਜੀ ਅਨੁਵਾਦ ਸਹਿਤ) ਇਸਤਰੀਆਂ ਅਤੇ ਭਰੂਨ ਹੱਤਿਆ ਸੰਬੰਧੀ ਪਰਚਾ ਪੜਿਆ ਜਿਸ ਵਿੱਚ ਯੂਨੈਸਕੋ, ਭਾਰਤ ਤੇ ਪੰਜਾਬ ਸ੍ਰਕਾਰਾਂ ਵਲੋਂ ਦਿੱਤੇ ਅੰਕੜਿਆਂ ਦੇ ਅਧਾਰ ਤੇ ਜਦ ਇਹ ਕਿਹਾ ਕਿ ਯੂਨੈਸਕੋ ਵਲੋਂ ਭਰੂਨ ਹੱਤਿਆਂ ਸੰਬੰਧੀ ਦਿੱਤੀ ਸਹਾਇਤਾ ਪੰਜਾਬ ਦੇ ਪਿੰਡਾਂ ਵਿੱਚ ਨਹੀ ‘ਪਹੁੰਚਦੀ ਤਾਂ ਭਾਰਤ ਸ੍ਰਕਾਰ ਵਲੋਂ ਪ੍ਰਤਿਨਿਧ ਬੀਬੀ ਸ੍ਰੀਵਾਸਤਵਾ ਨੇ ਬੀਬੀ ਹਰਸ਼ਿੰਦਰ ਕੌਰ ਨੂੰ ਧਮਕੀ ਦਿੱਤੀ ਕਿ ਤੂੰ ਭਾਰਤ ਸ੍ਰਕਾਰ ਦੇ ਵਿਰੁਧ ਕਿਉਂ ਬੋਲੀ ਹੈਂ, ਵਾਪਸ ਦਿੱਲੀ ਹਵਾਈ ਅੱਡੇ ਤੇ ਉਤਰ ਕੇ ਦਿਖਾਲੀਂ। ਜਦ ਇਨ੍ਹਾਂ ਤਾਲਿਬਾਨ ਦੀ ਇੱਕ ਬੀਬੀ ਧਭ ਦੇਸਾਂ ਦੀ ਸਾਂਝੀ ਸੰਸਥਾ ਯੂਨੈਸਕੋ ਵਿੱਚ ਇਹ ਕੁਛ ਕਹਿਣ ਦੀ ਜੁਰਅਤ ਕਰ ਸਕਦੀ ਹੈ ਤਾਂ ਦੇਸ ਵਿੱਚ ਇਹ ਕੀ ਨਹੀਂ ਕਰ ਸਕਦੇ ਤੇ ਕਰ ਭੀ ਰਹੇ ਹਨ। ਇਹ ਹਨ ਹਿੰਦੋਸਤਾਨੀ ਤਾਲਿਬਾਨ।

ਪਰ ਇਨ੍ਹਾਂ ਤਾਲਿਬਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਵੇਂ ਇਨ੍ਹਾਂ ਨੇ ਬੁਧ ਧਰਮ ਨੂੰ ਦੇਸ ਨਿਕਾਲਾ ਦੇ ਕੇ ਹਜ਼ਾਰ ਸਾਲ ਦੀ ਗੁਲਾਮੀ ਭੰਢਾਈ ਹੈ, ਸਿੱਖ ਧਰਮ ਲਈ ਐਸੀ ਸੋਚਣੀ ਹੋਰ ਭੀ ਖਤਰਨਾਕ ਹੋਵੇਗੀ। ਅਤੇ ਇਨ੍ਹਾਂ ਨੂੰ ਇਹ ਭੀ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖ ਧਰਮ ਸਦੀਵੀ ਜਾਗਤ ਜੋਤ ਪ੍ਰਮਾਤਮਾ ਵਲੋਂ ਪ੍ਰਗਟ ਕੀਤਾ ਗਿਆ ਹੈ ਜਿਸਨੂੰ ਖਤਮ ਕਰਨ ਵਿੱਚ ਹਰ ਸ੍ਰਕਾਰ ਅਪਣਾ ਟਿੱਲ ਲਾ ਕੇ ਭੀ ਅਸਫਲ ਰਹੀ ਹੈ ਅਤੇ ਸਿੱਖੀ ਵੱਧ ਤੋਂ ਵੱਧ ਨੁਕਸਾਨ ਕਰਵਾ ਕੇ ਵੀ ਚੜ੍ਹਦੀ ਕਲਾ ਵਿੱਚ ਵਿਚਰਦੀ ਰਹੀ ਹੈ ਤੇ ਵਿਚਰਦੀ ਰਹੇਗੀ, ਸਗੋਂ ਖੁਆਰ ਹੋਕੇ ਸਭ ਨੂੰ ਸਿੱਖੀ ਦੀ ਸ਼ਰਨ ਵਿੱਚ ਆਉਣਾ ਹੀ ਪਵੇਗਾ।




.