.

ਆਪ ਸਹੈ ਵੈ ਨੰਗ ਅਰ ਭੁੱਖ। ਦੇਖ ਸਕੈ ਨਹਿ ਸਿੰਘਨ ਦੁੱਖ।

ਭਾਈ ਤਾਰੂ ਸਿੰਘ ਅਤੇ ਕੇਸ

ਪ੍ਰੋ: ਸਰਬਜੀਤ ਸਿੰਘ ਧੂੰਦਾ

9855598851

ਜਦੋਂ 1747 ਈ: ਦੇ ਘਲੂਘਾਰੇ ਤੋਂ ਬਾਅਦ 1762 ਈ: ਵਿੱਚ ਵੱਡਾ ਘਲੂਘਾਰਾ ਵਾਪਰਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਸਹੀਦ ਹੋਏ ਤਾਂ ਅਬਦਾਲੀ ਨੇ ਸੋਚਿਆ ਕਿ ਮੈ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ ਹੈ ਇਸ ਭਾਵਨਾ ਨਾਲ ਇਹ ਚੜਾਈ ਕਰਕੇ ਆਇਆ ਸੀ ਪਰ ਕੁੱਝ ਚਿਰ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਸਰਦਾਰ ਚੜਤ ਸਿੰਘ ਨਾਲ ਅਬਦਾਲੀ ਦੀ ਟੱਕਰ ਹੋਈ ਜਿਸ ਵਿੱਚ ਗੁਰੂ ਕੇ ਸਿੱਖਾਂ ਨੇ ਅਬਦਾਲੀ ਦੇ ਅਜਿਹੇ ਦੰਦ ਖੱਟੇ ਕੀਤੇ ਅਬਦਾਲੀ ਹਾਰ ਖਾ ਕਿ ਵਾਪਸ ਚਲਾ ਗਿਆ। ਦੂਜੇ ਪਾਸੇ ਯਕਰੀਆ ਖਾਨ ਨੇ ਸਿੱਖਾਂ ਨੂੰ ਮੁਕਾਉਣ ਵਿੱਚ ਆਪਣਾ ਸਾਰਾ ਜ਼ੋਰ ਲਾ ਕਿ ਵੇਖ ਲਿਆ ਤਾਂ ਅਖੀਰ ਆਪਣਿਆਂ ਨਿਕਟਵਰਤੀਆਂ ਕੋਲੋ ਪੁਛਦਾ ਹੈ ਕੀ ਸਿੱਖ ਅਜੇ ਵੀ ਬਾਕੀ ਹਨ, ਜੇ ਬਾਕੀ ਹਨ ਤਾਂ ਉਹ ਰਹਿੰਦੇ ਕਿਥੇ ਹਨ, ਉਹ੍ਹਨਾਂ ਕਿਹਾ ਜੰਗਲਾਂ ਵਿੱਚ ਯਕਰੀਆ ਖਾਨ ਪੁੱਛਦਾ ਹੈ ਫਿਰ ਰੋਟੀ ਕਿਥੋਂ ਖਾਦੇ ਹਨ ਤਾਂ ਸਰਕਾਰੀ ਮੁਕਬਰ ਹਰਿ ਭਗਤ ਨਿੰਰਜਨੀਆਂ ਕਮੀਨਗੀ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਕਹਿੰਦਾ ਹੈ ਖਾਨ ਬਹਾਦਰ ਕੁੱਝ ਸਿੱਖ ਅਜੇ ਵੀ ਘਰਾਂ ਵਿੱਚ ਰਹਿੰਦੇ ਹਨ ਜਿਹੜੇ ਸਾਰੀ ਦਿਹਾੜੀ ਖੇਤਾਂ ਵਿੱਚ ਕੰਮ ਕਰਦੇ ਹਨ ਤੇ ਆਪਣੇ ਘਰੋ ਪ੍ਰਸਾਦਾ ਤਿਆਰ ਕਰਕੇ ਸਿੰਘਾਂ ਨੂੰ ਛਕਾ ਕੇ ਆਉਦੇ ਹਨ ਐਸੇ ਐਸੇ ਸਿੱਖ ਜਗਤ ਵਿੱਚ ਮੌਜੂਦ ਹਨ, ਆਪ ਨੰਗੇ ਭੁਖੇ ਰਹਿ ਕੇ ਵੀ ਸਿੰਘਾਂ ਦਾ ਦੁਖ ਵੇਖ ਨਹੀ ਸਕਦੇ ਕਈ ਸਿੱਖ ਵਾਣ ਵੱਟ ਕੇ ਗੁਜਾਰਾ ਕਰਦੇ ਹਨ ਅਤੇ ਵਾਣ ਵੇਚ ਕੇ ਜੋ ਪੈਸਾ ਮਿਲਦਾ ਹੈ ਉਸ ਪੈਸੇ ਨਾਲ ਮਰਜੀਵੜੇ ਸਿੱਘਾਂ ਲਈ ਕਪੜੇ ਅਤੇ ਲੰਗਰ ਪ੍ਰਸ਼ਾਦਾ ਭੇਜਦੇ ਹਨ। ਇਹ ਆਪਣੇ ਧਰਮ ਨਾਲ ਬਹੁਤ ਪਿਆਰ ਕਰਦੇ ਹਨ। ਇਹ ਉਹ ਤਰੀਫ ਹੈ ਜਿਹੜੀ ਹਰ ਭਗਤ ਨਿੰਰਜਨੀਏ ਵਰਗਾ ਕਪਟੀ ਯਕਰੀਏ ਖਾਨ ਦੇ ਕੋਲ ਕਰ ਰਿਹਾ। ਇਸ ਸਾਰੀ ਵਾਰਤ ਨੂੰ ਸ਼੍ਰ; ਰਤਨ ਸਿੰਘ ਜੀ ਭੰਗੂ ਤਵਾਰੀਖ ਗੁਰੂ ਖਾਲਸਾ ਵਿੱਚ ਲਿਖਦੇ ਹਨ

ਚੌਪਈ ਹਰਭਗਤ ਨਿੰਰਜਨੀਏ ਯੋ ਭਾਖੀ। ਸਚ ਬਾਤ ਇਨ ਭਾਈ ਆਖੀ।

ਐਸੇ ਐਸੇ ਸਿੰਘ ਜਗ ਮਾਂਹੀ। ਸ਼ਿੰਘ ਛਕਾਇ ਪੀਐ ਨਿਜ ਖਾਂਹੀ।

ਆਪ ਸਹੈ ਵੈ ਨੰਗ ਅਰ ਭੁੱਖ। ਦੇਖ ਸਕੈ ਨਹਿ ਸਿੰਘਨ ਦੁੱਖ।

ਆਪ ਗੁਜਾਰੈ ਅਗਨੀ ਨਾਲ। ਸਿੰਘਨ ਘਲੈਂ ਪੁਸ਼ਾਕ ਸਿਵਾਲ।

ਕਈ ਪੀਸਨਾ ਪੀਸ ਕਮਾਵੈ। ਵੈ ਭੀ ਸਿੰਘਨ ਪਾਸ ਪੁਚਾਵੈਂ।

ਬਾਣ ਬੱਟ ਕਈ ਕਰੈਂ ਮਜੂਰੀ। ਭੇਜੇ ਸਿੰਘਨ ਪਾਸ ਜਰੂਰੀ।

ਦੂਰ ਜਾਇ ਜੋ ਚਾਕਰੀ ਕਰਹੀਂ। ਆਇ ਸਿੰਘਨ ਕੇ ਆਗੈ ਧਰਿਹੀਂ।

ਸਿੰਘ ਜੋਓੁ ਪਰਦੇਸ ਸਿਧਾਰੇ। ਭੇਜੇ ਸਿੰਘਨ ਓਇ ਗੁਰੁ ਪਿਯਾਰੇ।

ਦੋਹਰਾ ਹਮ ਸਿੰਘਨ ਕਾਰਨ ਗੁਰ ਸਿਰ ਲਾਏ। ਪੁਤ ਪੋਤਰੇ ਪੁਨ ਆਪ ਕੁਹਾਏ।

ਪੰਥ ਬਧਾਵਨ ਖਾਤਰ ਤਾਂਈ। ਇਮ ਆਪਨੀ ਗੁਰ ਕੁਲ ਗਵਾਈ।

ਇਸ ਤ੍ਰਰਾਂ ਨਿੰਰਜਨੀਏ ਨੇ ਮਾਝੇ ਪਿੰਡ ਦੇ ਮਹਾਨ ਗੁਰਸਿੱਖ ਭਾਈ ਤਾਰੂ ਸਿੰਘ ਦੀ ਯਕਰੀਆ ਖਾਨ ਕੋਲ ਚੁਗਲੀ ਲਾਈ।

ਚੌਪਈ ਹਰਭਗਤ ਨਿੰਜਨੀਏ ਯੋ ਫਿਰ ਕਹੀ। ਪੂਲੋ ਪਿੰਡ ਇੱਕ ਮਾਝੇ ਅਹੀ।

ਤਾਰੂ ਸਿੰਘ ਤਹਿਂ ਖੇਤੀ ਕਰੈ। ਸਾਥ ਪਿੰਡ ਵਹਿ ਪੈਸੇ ਭਰੈ।

ਦੇਹ ਹਾਕਮ ਕੱਛ ਥੋੜਾ ਖਾਵੈ। ਬਚੈ ਸਿੰਘਨ ਕੇ ਪਾਸ ਪੁਚਾਵੈ।

ਹੈ ਉਸ ਤੇ ਇੱਕ ਭੈਣ ਅਰ ਮਾਈ। ਪੀਸ ਕੂਟ ਵੈ ਕਰੈ ਕਮਾਈ।

ਆਪ ਖਾਇ ਵਹਿ ਰੂਖੀ ਮਿੱਸੀ। ਮੋਟਾ ਪਹਿਰ ਆਪ ਰਹਿ ਲਿੱਸੀ।

ਜੋਊ ਬਚੇ ਸੋ ਸਿੰਘਨ ਦੇਵੈ। ੳਇ ਬਿਨ ਸਿੰਘਨ ਔਰ ਨਾ ਸੇਵੈ।

ਬਾਂਗ ਸਲਾਤ ਸੁਨ ਮੂੰਦੇ ਕਾਨ। ਰੋਟ ਸੀਰਨੀ ਪੀਰ ਨਾ ਖਾਨ।

ਸ਼ਬਦ ਚੌਕੀ ਗੁਰ ਆਪਣੇ ਕੀ ਕਰੇ। ਸੋ ਮਰਨੈ ਤੇ ਨੈਕ ਨ ਡਰੈ।

ਗੰਗਾ ਜਮਨਾ ਨਿਕਟ ਨਾ ਜਾਵੈ। ਆਪਨੇ ਗੁਰ ਕੀ ਛਪੜੀ ਨਾਵ੍ਹੈ।

ਜਗਨਨਾਥ ਕੋ ਟੁੰਡਾ ਆਖੈ। ਰਾਮ ਕ੍ਰਿਸਨ ਕੋ ਜਾਪ ਨਾ ਭਾਖੈ।

ਦੋਹਰਾ ਰਾਤ ਤੁਰੈ ਦਿਨ ਬਹਿ ਰਹੈ ਤੁਰਕਨ ਆਂਖ ਬਚਾਇ।

ਸਿਰ ਪਰ ਪੰਡ ਉਠਾਇਕੈ ਸਿੰਘਨ ਪੈ ਪਹੁੰਚਾਇ।

ਹਰਭਗਤ ਨਿੰਰਜਨੀਆ ਕਹਿੰਦਾ ਹੈ ਖਾਨ ਜੀ ਮਾਝੇ ਦੀ ਧਰਤੀ ਤੇ ਇੱਕ ਪੂਹਲਾ ਪਿੰਡ ਹੈ ਜਿਸ ਪਿੰਡ ਵਿੱਚ ਇੱਕ ਸਿੱਖ ਰਹਿੰਦਾ ਹੈ ਜਿਸ ਨਾਮ ਹੈ ਤਾਰੂ ਸਿੰਘ, ਉਸ ਦੇ ਘਰ ਉਸਦੀ ਦੀ ਬਜੁਰਗ ਮਾਤਾ ਅਤੇ ਇੱਕ ਭੈਣ ਰਹਿੰਦੀ ਹੈ ਜੋ ਵਿਧਵਾ ਹੈ, ਜਿਸ ਦਾ ਨਾਮ ਤਾਰੋ ਹੈ, ਖਾਨ ਜੀ ਇਹ ਪਰਵਾਰ ਏਨਾ ਮਿਹਨਤੀ ਹੈ ਕਿ ਇਹਨਾਂ ਦੀ ਇਮਾਨਦਾਰੀ ਅਤੇ ਸੱਚੀ ਸੁਚੀ ਮਿਹਨਤ ਦੀ ਇਲਾਕੇ ਵਿੱਚ ਮਿਸਾਲ ਦਿੱਤੀ ਜਾਦੀ ਹੈ, ਖਾਨ ਜੀ ਮੈ ਆਪ ਅੱਖੀਂ ਵੇਖਿਆ ਇਹ ਸਿੱਖ ਆਪ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਦਾ ਹੈ, ਅਤੇ ਇਸ ਦੀ ਮਾਤਾ ਅਤੇ ਭੈਣ ਘਰ ਵਿੱਚ ਆਪਣੇ ਹੱਥੀਂ ਕਣਕ ਪੀਹਕੇ ਆਟਾ ਤਿਆਰ ਕਰਕੇ ਪ੍ਰਸ਼ਾਦਾ ਬਣਾਉਦੇ ਹਨ, ਤੇ ਭਾਈ ਤਾਰੂ ਸਿੰਘ ਤਿਆਰ ਹੋਇਆ ਪ੍ਰਸ਼ਾਦਾ ਆਪਣੇ ਪਿਆਰੇ ਗੁਰਸਿੱਖ ਭਰਾਵਾਂ ਨੂੰ ਜੰਗਲ ਵਿੱਚ ਛੱਕਾਕੇ ਆਉਦਾ ਹੈ ਜਿਹ੍ਹੜੇ ਸਿੱਖ ਇਹ੍ਹਨਾਂ ਦੇ ਕਹਿਣ ਮੁਤਾਬਿਕ ਅਜਾਦੀ ਦੀ ਲੜਾਈ ਲੜ ਰਹੇ ਹਨ, ਇਹ੍ਹਨਾਂ ਦਾ ਆਪਣੇ ਗੁਰਸਿੱਖ ਭਰਾਵਾਂ ਨਾਲ ਏਨ੍ਹਾਂ ਪਿਆਰ ਹੈ ਆਪ ਰੁੱਖੀ ਮਿੱਸੀ ਖਾਕੇ ਸਿੱਖਾਂ ਦੀ ਸੇਵਾ ਕਰਦੇ ਹਨ ਇਹ ਸਿੱਖਾਂ ਨੂੰ ਆਪਣੀ ਜਾਨ ਤੋ ਵੀ ਵੱਧ ਪਿਆਰ ਕਰਦੇ ਹਨ।

ਇਹ ਸਾਰਾ ਪਰਵਾਰ ਨਾ ਨਮਾਜ ਪੜਦੇ ਹਨ ਨਾ ਸੁਣਦੇ ਹਨ ਅਤੇ ਨਾ ਕਿਸੇ ਪੀਰ ਦੇ ਰੋਟ ਸੀਰਨੀ ਨਹੀ ਚੜਾਉਦੇ, ਆਪਣੇ ਗੁਰੂ ਦੀ ਬਾਣੀ ਪੜਦੇ ਹਨ ਮੌਤ ਤੋ ਬਿਲਕੁਲ ਨਹੀ ਡਰਦੇ ਕਿਸੇ ਗੰਗਾ ਜਮੁਨਾ ਤੇ ਕੋਈ ਵਿਸਵਾਸ ਨਹੀ ਰੱਖਦੇ ਜਿਹ੍ਹੜੇ ਜੰਗਨਨਾਥ ਦੇ ਲੋਕੀ ਪੈਰੀਂ ਪੈਂਦੇ ਹਨ, ਇਹ ਸਾਰਾ ਪਰਵਾਰ ਉਸ ਜੰਗਨਨਾਥ ਨੂੰ ਟੁੰਡਾ ਆਖਦਾ ਹੈ। ਕਿਸੇ ਰਾਮ ਕ੍ਰਿਸਨ ਦਾ ਜਾਪ ਨਹੀ ਕਰਦੇ। ਤੂਸੀ ਉਪਰ ਪੜ ਆਏ ਹੋ ਕੇ ਦੁਸਮਣ ਸਾਡਿਆਂ ਬਜੁਰਗਾਂ ਦੀ ਕਿਵੇਂ ਤਰੀਫ ਕਰਦਾ ਹੈ ਅਸਲ ਤਰੀਫ ਹੁੰਦੀ ਹੀ ਉਹ ਹੈ ਜੋ ਵਿਰੋਧੀ ਕਰੇ ਆਪਣਿਆਂ ਦੀਆਂ ਤਾਂ ਚਾਪਲੂਸੀਆਂ ਫੋਕੀਆਂ ਵਡਿਆਈਆਂ ਤਾਂ ਸਾਰੇ ਕਰ ਲੈਦੇ ਹਨ। ਤੁਸੀ ਵੇਖਿਆ ਹੈ ਕਿ ਕਿਵੇਂ ਹਰ ਭਗਤ ਨਿੰਰਜਨੀਆ ਯਕਰੀਆ ਖਾਨ ਦੇ ਸਾਹਮ੍ਹਣੇ ਸਿੱਖਾਂ ਦੇ ਆਪਸੀ ਪਿਆਰ ਦੀ ਅਸਲੀਅਤ ਦੱਸ ਰਿਹਾ ਹੈ। ਸਵਾਲ ਹੈ, ਆਪ ਦੁਖ ਜਰ ਕੇ ਵੀ ਦੂਸਰੇ ਦਾ ਦੁਖ ਵੰਡਾਉਣ ਵਾਲਾ ਸਿੱਖ ਅੱਜ ਕਿਥੇ ਹੈ? ਅੱਜ ਤਾਂ ਇਕੋ ਮਾਂ ਦੀ ਕੁਖ ਤੋਂ ਜਨਮ ਲੈਣ ਵਾਲੇ ਹੀ ਇੱਕ ਦੂਸਰੇ ਦੇ ਖੂਨ ਦੇ ਪਿਅਸੇ ਬਣੇ ਹਨ, ਕਾਰਨ ਇੱਕੋ ਹੈ ਪੁਰਾਤਨ ਸਿੱਖ ਗੁਰੂਬਾਣੀ ਅਨੁਸਾਰ ਹੋ ਕੇ ਜਿੰਦਗੀ ਜਿਊਦੇ ਸਨ, ਤੇ ਅਸੀ ਗੁਰਬਾਣੀ ਕੇਵਲ ਪੜਨ ਤੱਕ ਸੀਮਤ ਹਾਂ ਪਹਿਲੀ ਗੱਲ ਉਹ ਵੀ ਆਪ ਪੜਣ ਲਈ ਤਿਆਰ ਨਹੀ ਸਗੋਂ ਠੇਕਿਆਂ ਤੇ ਪਾਠ ਕਰਵਾਉਣਾ ਸੁਰੂ ਕਰ ਦਿੱਤਾ ਹੈ, ਅਤੇ ਨਾਂ ਹੀ ਆਪਣਾ ਜੀਵਨ ਗੁਰਬਾਣੀ ਅਨੁਸਾਰ ਬਣਾਉਣ ਲਈ ਤਿਆਰ ਹਾਂ। ਅਜੋਕਾ ਸਿੱਖ ਤੁਹਾਨੂੰ ਹਨੂੰਮਾਨ ਚਲੀਸੇ ਦਾ ਪਾਠ ਕਰਦਾ ਨਜਰੀਂ ਪਵੇਗਾ ਜਾਂ ਮਨੋਕਲਪਿਤ ਭਗਵਾਨਾਂ ਅੱਗੇ ਅਰਦਾਸਾ ਕਰਦਾ ਦਿਸੇਗਾ ਜਾਂ ਕਿਸੇ ਪੀਰ ਦੇ ਰੋਟ ਸੀਰਨੀ ਖੀਰਾਂ ਚੂਰਮਾਂ ਚੜਾਉਦਾ ਮਿਲੇਗਾ ਹੁਣ ਤਾਂ ਰੱਬ ਹੀ ਰਾਖਾ ਇਹ੍ਹਨਾਂ ਸਿੱਖਾਂ ਦਾ। ਖੈਰ ਆਪਣੇ ਵਿਸ਼ੇ ਵੱਲ ਆਈਏ ਹਰ ਭਗਤ ਨਿੰਰਜੀਏ ਕੋਲੋ ਸੁਣਣ ਤੋਂ ਬਾਅਦ ਭਾਈ ਤਾਰੂ ਸਿੰਘ ਨੂੰ ਆਪਣੇ ਦਰਬਾਰ ਵਿੱਚ ਬੁਲਾਉਣ ਲਈ ਸਿਪਾਹੀ ਭੇਜੇ, ਭਾਈ ਜੀ ਨੂੰ ਖਾਨ ਵਲੋਂ ਲਾਲਚ ਅਤੇ ਡਰਾਵੇ ਦਿੱਤੇ ਗਏ ਪਰ ਗੁਰੂ ਦੇ ਸਿਧਾਂਤ ਤੇ ਪਹਿਰਾ ਦੇਣ ਵਾਲੇ ਭਾਈ ਜੀ ਘਬਰਾਏ ਨਹੀ।

ਖਾਨ ਨੇ ਭਾਈ ਜੀ ਨੂੰ ਲਾਲਚ ਡਰਾਵੇ ਕਈ ਪ੍ਰਕਾਰ ਦੀਆਂ ਧਮਕੀਆਂ ਦਿੱਤੀਆਂ ਪਰ ਭਾਈ ਤਾਰੂ ਸਿੰਘ ਤੇ ਇਹ੍ਹਨਾਂ ਦਾ ਕੋਈ ਵੀ ਅਸਰ ਨਹੀ ਹੋਇਆ, ਅਖੀਰ ਹਰ ਭਗਤ ਨਿੰਰਜਨੀਏ ਨੇ ਕਿਹਾ ਖਾਨ ਜੀ ਇਹ੍ਹਨਾਂ ਨੂੰ ਮੌਤ ਦੀ ਕੋਈ ਪਰਵਾਹ ਨਹੀ ਇਹ ਆਪਣੀ ਜਾਨ ਤੋ ਵੱਧ ਕੇਸਾਂ ਨਾਲ ਪਿਆਰ ਕਰਦੇ ਹਨ। ਜੇ ਇਹਨਾਂ ਦੇ ਕੇਸ ਕੱਟੇ ਜਾਣ ਤਾਂ ਇਹ ਜਿਊਦੇ ਹੀ ਮਰਿਆਂ ਬਰਾਬਰ ਹੋ ਜਾਦੇ ਹਨ, ਇਸ ਤ੍ਰਰਾਂ ਭਾਈ ਜੀ ਦੇ ਕੇਸ ਕਤਲ ਕਰਨ ਦਾ ਹੁਕਮ ਦਿੱਤਾ ਗਿਆ ਭਾਈ ਜੀ ਨੇ ਆਪਣੇ ਕੇਸ ਨਹੀ ਕੱਟਵਾਏ ਭਾਵੇਂ ਖੋਪਰ ਲਵਾਉਣਾ ਪਰਵਾਨ ਕਰ ਲਿਆ। ਸਾਡੇ ਪ੍ਰਚਾਰਕ ਢਾਢੀ ਕਵੀਸ਼ਰ ਧਾਰਮਿਕ ਸਟੇਜਾਂ ਤੇ ਅਕਸਰ ਕਹਿੰਦੇ ਹਨ, ਕਿ ਭਾਈ ਜੀ ਦੇ ਕੇਸ ਜਦੋਂ ਮੋਚੀ ਕੱਟਣ ਲੱਗਾ ਤਾਂ ਭਾਈ ਜੀ ਦੇ ਕੇਸ ਲੋਹੇ ਦੀਆਂ ਤਾਰਾਂ ਬਣ ਗਏ ਇਹੋ ਜਿਹੀਆਂ ਕਰਾਮਾਤੀ ਸਾਖੀਆਂ ਸੁਣਾਕੇ ਸੰਗਤਾਂ ਨੂੰ ਗੁੰਮਰਾਹ ਕਰਦੇ ਹਨ, ਸਿੱਖ ਧਰਮ ਵਿੱਚ ਇਹੋ ਜਿਹੀਆਂ ਕਰਾਮਾਤਾਂ ਨੂੰ ਕੋਈ ਥਾਂ ਨਹੀ। ਅਸਲ ਗੱਲ ਤਾਂ ਇਹ ਹੈ ਕਿ ਭਾਈ ਜੀ ਦੇ ਕੇਸ ਤਾਂ ਲੋਹੇ ਦੀਆਂ ਤਾਰਾਂ ਨਹੀ ਬਣੇ, ਪਰ ਭਾਈ ਜੀ ਦਾ ਸਿਦਕ ਹਿੰਮਤ ਹੌਸਲਾ ਲੋਹੇ ਵਰਗਾ ਪੱਕਾ ਜਰੂਰ ਸੀ ਜਿਸ ਕਰਕੇ ਉਹ ਧਰਮ ਤੋਂ ਨਹੀ ਡੋਲੇ, ਉਹ੍ਹਨਾ ਮੌਤ ਪਰਵਾਨ ਕਰ ਲਈ ਪਰ ਕੇਸ ਨਹੀ ਕੱਟਵਾਏ। ਅੱਜ ਸਾਰਾ ਸਿੱਖ ਜਗਤ ਉਹ੍ਹਨਾਂ ਦੀ ਕਮਾਈ ਦਾ ਧਿਆਨ ਧਰਕੇ ਅਕਾਲ ਪੁਰਖ ਨੂੰ ਯਾਦ ਕਰਦਾ ਹੈ। (ਕਾਸ਼ ਕਿਤੇ ਅਸੀ ਵੀ ਇਹੋ ਜਿਹੀ ਕਮਾਈ ਕਰ ਸਕੀਏ)

ਅਸੀ ਅਰਦਾਸ ਵਿੱਚ ਹਰ ਰੋਜ ਕੇਸਾਂ ਦੇ ਦਾਨ ਦੀ ਮੰਗ ਕਰਦੇ ਹਾਂ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਖੰਡੇ ਦੀ ਪਾਹੁਲ ਲੈਣ ਵਾਲੇ ਗੁਰਸਿੱਖ ਨੂੰ ਤਾਂ ਪੰਜ ਕਕਾਰਾਂ ਦੇ ਧਾਰਨੀ ਹੋਣ ਦੀ ਹਦਾਇਤ ਹੈ ਫਿਰ ਅਰਦਾਸ ਵਿੱਚ ਕੇਵਲ ਕੇਸਾਂ ਦੀ ਹੀ ਮੰਗ ਕਿਉ? ਪੂਰੇ ਤਵਾਰੀਖ ਅੰਦਰ ਕਿਤੇ ਵੀ ਇਹ ਲਿਖਿਆ ਨਹੀ ਮਿਲਦਾ ਕਿ ਦੁਸ਼ਮਣ ਨੇ ਕਿਹਾ ਹੋਵੇ ਕਿ ਸਿੱਖ ਦੇ ਤਨ ਨਾਲੋਂ ਕੜਾ ਕੰਘਾ ਕ੍ਰਿਪਾਨ ਜਾਂ ਕਛਿਹਰਾ ਜੁਦਾ ਕਰ ਦੇਵੋ ਇਹ ਸਿੱਖੀ ਚੋਂ ਖਾਰਜ ਹੋ ਜਾਵੇਗਾ। (ਲਗਦੀ ਵਾਹ ਸਿੱਖ ਨੇ ਆਪਣੇ ਤਨ ਨਾਲੋ ਕਕਾਰ ਵੱਖ ਨਹੀ ਹੋਣ ਦੇਣੇ ਪਰ ਕਿਸੇ ਕਾਰਨ ਕਰਕੇ ਕੇਸਾਂ ਤੋਂ ਇਲਾਵਾ ਬਾਕੀ ਚਾਰ ਕਕਾਰ ਜੇ ਕਿਤੇ ਵੱਖ ਹੋ ਵੀ ਜਾਦੇ ਹਨ ਤਾਂ ਭਰਮ ਨਹੀ ਕਰਨਾ ਕਕਾਰ ਫਿਰ ਪਾ ਲੈਣੇ ਹਨ, ਕਈ ਸ਼ਾਡੇ ਵੀਰ ਕੰਘਾ ਧਰਤੀ ਤੇ ਡਿਗਣ ਕਰਕੇ ਹੀ ਖੰਡੇ ਦੀ ਪਾਹੁਲ ਦੁਬਾਰਾ ਲੈਣ ਤੁਰ ਪੈਦੇ ਹਨ, ਜੋ ਗਲਤ ਹੈ ਇਹ ਸਭ ਸਾਡੀ ਅਗਿਆਨਤਾ ਕਰਕੇ ਹੋ ਰਿਹਾ ਹੈ। ਅੰਮ੍ਰਿਤਧਾਰੀ ਹੋਣ ਦਾ ਅਰਥ ਗੁਰੂ ਅਨੁਸਾਰੀ ਹੋਕੇ ਜੀਵਨ ਜਿਊਣਾਂ। ਖੈਰ ਜਦੋ ਵੀ ਸਿੱਖ ਨੂੰ ਸਿੱਖੀ ਤੋ ਪਾਸੇ ਕਰਨ ਦੀ ਗੱਲ ਹੋਈ ਤਾਂ ਦੁਸਮਣਾਂ ਨੇ ਇਸ ਦਿਆਂ ਕੇਸਾਂ ਤੇ ਹੀ ਵਾਰ ਕੀਤਾ। ਹੁਣ ਸਵਾਲ ਪੈਦਾ ਹੁੰਦਾ ਹੈ ਕਕਾਰ ਤਾਂ ਪੰਜ ਹਨ, ਫਿਰ ਕੇਵਲ ਕੇਸ ਕਤਲ ਕਰਨ ਨਾਲ ਹੀ ਸਿੱਖੀ ਚੋ ਖਾਰਜ ਕਿਉ ਮੰਨਿਆ ਜਾਦਾ ਸੀ? ਕਿਉਕਿ ਬਾਕੀ ਚਾਰ ਕਕਾਰ ਅਸੀ ਦੁਨੀਆਂ ਤੋ ਪ੍ਰਾਪਤ ਕੀਤੇ ਜਿਵੇ ਕੰਘਾ ਕਿਸੇ ਲੱਕੜ ਦਾ ਬਣਿਆ ਹੈ, ਕ੍ਰਿਪਾਨ ਤੇ ਕੜਾ ਲੋਹੇ ਦੇ ਬਣੇ ਹਨ, ਕਛਿਹਰਾ ਕਿਸੇ ਕਾਰਖਾਨੇ ਵਿੱਚ ਤਿਆਰ ਹੋਏ ਕਪੜੇ ਦਾ ਬਣਿਆ ਹੈ। ਪਰ ਕੇਸ ਉਹ ਦਾਤ ਹਨ ਜੋ ਰੱਬ ਜੀ ਨੇ ਮੇਰੇ ਸਰੀਰ ਨੂੰ ਤਿਆਰ ਕਰਨ ਵਖਤ ਨਾਲ ਹੀ ਦੇ ਦਿੱਤੇ ਹਨ। ਇਸ ਲਈ ਜਦੋਂ ਵੀ ਇਹ ਦਾਤ ਸਿੱਖ ਦੇ ਤਨ ਨਾਲੋ ਅਲੱਗ ਕੀਤੀ ਜਾਵੇਗੀ ਇਹ ਸਿੱਖੀ ਚੋ ਖਾਰਜ ਸਮਝਿਆ ਜਾਵੇਗਾ। ਇਸ ਲਈ ਹਰ ਰੋਜ ਸਿੱਖ ਗੁਰੂ ਜੀ ਅੱਗੇ ਅਰਦਾਸ ਕਰਦੇ ਸਮੇ ਉਹ੍ਹਨਾਂ ਸਿੱਖਾਂ ਦੀ ਕਮਾਈ ਦਾ ਧਿਆਨ ਧਰਦਾ ਹੈ ਜਿੰਨ੍ਹਾਂ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਹੈ। ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਅਰਦਾਸ ਕਰਨ ਵਖਤ ਆਪਣੇ ਪੁੱਤਰ ਧੀਆਂ ਅਤੇ ਆਪਣੇ ਕੇਸ ਕੱਟਣ ਵਾਲੇ ਵੀ ਕੇਸ ਦਾਨ ਮੰਗ ਰਹੇ ਹੁੰਦੇ ਹਨ। ਕਾਸ਼ ਕਿਤੇ ਮੇਰੇ ਭੁੱਲੇ ਭੱਟਕੇ ਵੀਰਾਂ ਭੈਣਾਂ ਨੂੰ ਅਰਦਾਸ ਦੇ ਇਹ੍ਹਨਾਂ ਲਫਜਾਂ ਦੀ ਸਮਝ ਪੈ ਸਕੇ ਅਤੇ ਆਪਣੇ ਸਿੱਖੀ ਘਰ ਵਿੱਚ ਵਾਪਸ ਆ ਸਕਣ।

ਜਿੰਨ੍ਹਾ ਗੁਰਸਿੱਖਾਂ ਆਪ ਭੁੱਖੇ ਰਹਿਕੇ ਕਈ ਪ੍ਰਕਾਰ ਦੀਆਂ ਮੁਸੀਬਤਾਂ ਝੱਲਕੇ ਸਿੱਖੀ ਧਰਮ ਨਿਭਾਇਆ ਪਰ ਅਸੂਲਾਂ ਨਾਲ ਸਮਝਾਉਤਾ ਨਹੀ ਕੀਤਾ ਅਸੀ ਉਹ੍ਹਨਾਂ ਦੀ ਨੇਕ ਕਮਾਈ ਨੂੰ ਕਿਵੇਂ ਭੁਲਦੇ ਜਾ ਰਹੇ ਹਾਂ? ਅੱਜ ਦਾ ਸਿੱਖ ਅਖਵਾਉਣ ਵਾਲਾ ਖੁਦ ਨਾਈ ਦੀ ਦੁਕਾਨ ਤੇ ਜਾ ਕੇ ਆਪ ਆਪਣੇ ਕੇਸ ਕਤਲ ਕਰਵਾ ਰਿਹਾ ਹੈ। ਇਥੋਂ ਤੱਕ ਆਪਣੀ ਧੀ ਨੂੰ ਵੀ ਨਾਈਆਂ (ਬਿਉਟੀ ਪਾਰਲਰ) ਵਾਲੇ ਕੋਰਸ ਕਰਵਾ ਰਿਹਾ ਹੈ ਕਹਿਣ ਤੋਂ ਭਾਵ ਮੌਡਰਨ ਨਾਈ ਬਣਾ ਰਿਹਾ ਹੈ। ਅੱਜ ਦੇ ਕਈ ਸਿੱਖ ਪਰਾਵਾਰਾਂ ਦੀਆਂ ਲੜਕੀਆਂ ਅਨੰਦ ਕਾਰਜ ਕਰਵਾਉਣ ਸਮੇ ਆਪ ਆਪਣਿਆਂ ਮਾਪਿਆਂ ਨੂੰ ਕਹਿੰਦੀਆਂ ਹਨ, ਕਿ ਅਸੀ ਵਿਆਹ ਉਸ ਲੜਕੇ ਨਾਲ ਕਰਵਾਉਣਾ ਹੈ, ਜਿਸ ਨੇ ਕੇਸ ਕੱਟਵਾਏ ਹੋਣ ਜੋ ਦਸਤਾਰ ਨਾਂ ਸਜਾਉਦਾ ਹੋਵੇ ਮੈ ਸਮਝਦਾਂ ਹਾਂ ਉਹ੍ਹਨਾਂ ਲੜਕੀਆਂ ਦਾ ਕਸੂਰ ਘੱਟ ਹੈ, ਉਹ੍ਹਨਾਂ ਦੇ ਮਾਤਾ ਪਿਤਾ ਦਾ ਕਸੂਰ ਜਿਆਦਾ ਹੈ, ਜਿੰਨ੍ਹਾਂ ਨੇ ਆਪਣਿਆਂ ਬੱਚਿਆਂ ਨੂੰ ਕੇਸਾਂ ਅਤੇ ਦਸਤਾਰ ਦੀ ਮਹਾਨਤਾ ਤੋਂ ਜਾਣੂ ਨਹੀ ਕਰਵਾਇਆ। ਆਪਣਿਆਂ ਬੱਚਿਆਂ ਨੂੰ ਬਚਪਨ ਤੋਂ ਹੀ ਗੁਰਬਾਣੀ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਈਏ ਤਾਂ ਕਿ ਸੁੰਦਰ ਸਮਾਜ ਦੀ ਸਿਰਜਣਾਂ ਕੀਤੀ ਜਾ ਸਕੇ। ਤਾਂ ਕਿ ਅਸੀ ਵੀ ਉਹ੍ਹਨਾਂ ਪੁਰਾਤਨ ਸਿੱਖਾਂ ਵਰਗੇ ਬਣ ਸਕੀਏ ਜੋ ਇੱਕ ਦੂਸਰੇ ਦੇ ਦੁੱਖਾਂ ਦੇ ਭਾਈਵਾਲ ਬਣਦੇ ਸਨ।

ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ ॥

ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ ॥੧॥




.